ਜਦੋਂ ਕਸ਼ਟ ਹੋਰ ਨਾ ਹੋਵੇਗਾ
ਕਸ਼ਟ ਮਾਨਵ ਪਰਿਵਾਰ ਲਈ ਪਰਮੇਸ਼ੁਰ ਦੇ ਮੁਢਲੇ ਮਕਸਦ ਦਾ ਹਿੱਸਾ ਨਹੀਂ ਸੀ। ਉਸ ਨੇ ਨਾ ਹੀ ਉਸ ਨੂੰ ਵਿਓਂਤਿਆ, ਅਤੇ ਉਹ ਨਾ ਹੀ ਉਸ ਨੂੰ ਚਾਹੁੰਦਾ ਹੈ। ‘ਜੇਕਰ ਇਹ ਸੱਚ ਹੈ,’ ਤੁਸੀਂ ਸ਼ਾਇਦ ਪੁੱਛੋ, ‘ਤਾਂ ਇਹ ਕਿਵੇਂ ਸ਼ੁਰੂ ਹੋਇਆ, ਅਤੇ ਪਰਮੇਸ਼ੁਰ ਨੇ ਇਸ ਨੂੰ ਹੁਣ ਤਕ ਜਾਰੀ ਰਹਿਣ ਦੀ ਇਜਾਜ਼ਤ ਕਿਉਂ ਦਿੱਤੀ ਹੈ?’—ਤੁਲਨਾ ਕਰੋ ਯਾਕੂਬ 1:13.
ਇਸ ਦਾ ਜਵਾਬ ਮਾਨਵ ਇਤਿਹਾਸ ਦੇ ਸਭ ਤੋਂ ਪੂਰਬਲੇ ਰਿਕਾਰਡ, ਬਾਈਬਲ, ਖ਼ਾਸ ਕਰਕੇ ਉਤਪਤ ਦੀ ਪੋਥੀ ਵਿਚ ਪਾਇਆ ਜਾਂਦਾ ਹੈ। ਇਹ ਕਹਿੰਦੀ ਹੈ ਕਿ ਸਾਡੇ ਪ੍ਰਥਮ ਮਾਂ-ਬਾਪ, ਆਦਮ ਅਤੇ ਹੱਵਾਹ, ਪਰਮੇਸ਼ੁਰ ਦੇ ਵਿਰੁੱਧ ਬਗਾਵਤ ਵਿਚ ਸ਼ਤਾਨ ਅਰਥਾਤ ਇਬਲੀਸ ਦੇ ਮਗਰ ਲੱਗੇ। ਉਨ੍ਹਾਂ ਦੀਆਂ ਕਾਰਵਾਈਆਂ ਨੇ ਮੂਲ ਵਾਦ-ਵਿਸ਼ੇ ਖੜ੍ਹੇ ਕੀਤੇ ਜਿਨ੍ਹਾਂ ਨੇ ਵਿਸ਼ਵ-ਵਿਆਪੀ ਕਾਨੂੰਨ ਅਤੇ ਵਿਵਸਥਾ ਦੀ ਅਸਲੀ ਬੁਨਿਆਦ ਉੱਤੇ ਹਮਲਾ ਕੀਤਾ। ਜਦੋਂ ਉਨ੍ਹਾਂ ਨੇ ਆਪਣੇ ਆਪ ਲਈ ਫ਼ੈਸਲਾ ਕਰਨ ਦਾ ਹੱਕ ਜਤਾਇਆ ਕਿ ਕੀ ਚੰਗਾ ਅਤੇ ਕੀ ਬੁਰਾ ਸੀ, ਤਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਸਰਬਸੱਤਾ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਉਸ ਦੇ ਸ਼ਾਸਨ ਕਰਨ ਅਤੇ “ਭਲੇ ਬੁਰੇ” ਦਾ ਇੱਕੋ ਇਕ ਨਿਆਂਕਾਰ ਹੋਣ ਦੇ ਹੱਕ ਬਾਰੇ ਸਵਾਲ ਪੈਦਾ ਕੀਤਾ।—ਉਤਪਤ 2:15-17; 3:1-5.
ਆਪਣੀ ਇੱਛਾ ਨੂੰ ਤੁਰੰਤ ਹੀ ਲਾਗੂ ਕਿਉਂ ਨਹੀਂ ਕੀਤਾ?
‘ਤਾਂ ਫਿਰ, ਪਰਮੇਸ਼ੁਰ ਨੇ ਆਪਣੀ ਇੱਛਾ ਨੂੰ ਤੁਰੰਤ ਹੀ ਲਾਗੂ ਕਿਉਂ ਨਹੀਂ ਕੀਤਾ?’ ਤੁਸੀਂ ਸ਼ਾਇਦ ਪੁੱਛੋ। ਅਨੇਕ ਲੋਕਾਂ ਨੂੰ ਇਹ ਗੱਲ ਬਹੁਤ ਸਾਧਾਰਣ ਜਾਪਦੀ ਹੈ। ‘ਪਰਮੇਸ਼ੁਰ ਕੋਲ ਸ਼ਕਤੀ ਸੀ। ਉਹ ਨੂੰ ਉਨ੍ਹਾਂ ਬਾਗ਼ੀਆਂ ਨੂੰ ਨਸ਼ਟ ਕਰਨ ਲਈ ਵਰਤਣੀ ਚਾਹੀਦੀ ਸੀ,’ ਉਹ ਕਹਿੰਦੇ ਹਨ। (ਜ਼ਬੂਰ 147:5) ਪਰੰਤੂ ਆਪਣੇ ਆਪ ਨੂੰ ਇਹ ਪੁੱਛੋ, ‘ਕੀ ਮੈਂ ਉਨ੍ਹਾਂ ਸਾਰਿਆਂ ਦੀ ਨਿਝੱਕਤਾ ਨਾਲ ਪ੍ਰਸ਼ੰਸਾ ਕਰਦਾ ਹਾਂ ਜੋ ਆਪਣੀ ਇੱਛਾ ਲਾਗੂ ਕਰਨ ਲਈ ਉੱਚ ਸ਼ਕਤੀ ਵਰਤਦੇ ਹਨ? ਕੀ ਮੈਂ ਸੁਭਾਵਕ ਤੌਰ ਤੇ ਘਿਰਣਾ ਦੀ ਭਾਵਨਾ ਨਹੀਂ ਮਹਿਸੂਸ ਕਰਦਾ ਹਾਂ ਜਦੋਂ ਇਕ ਡਿਕਟੇਟਰ ਆਪਣੇ ਦੁਸ਼ਮਣਾਂ ਨੂੰ ਮਿਟਾਉਣ ਲਈ ਮਾਰਖ਼ੋਰੇ ਜੱਥਿਆਂ ਨੂੰ ਵਰਤਦਾ ਹੈ?’ ਅਧਿਕਤਰ ਤਰਕਸੰਗਤ ਲੋਕ ਅਜਿਹੀ ਚੀਜ਼ ਤੋਂ ਕਤਰਾਉਂਦੇ ਹਨ।
‘ਆਹਾ,’ ਤੁਸੀਂ ਕਹਿੰਦੇ ਹੋ, ‘ਪਰ ਜੇ ਪਰਮੇਸ਼ੁਰ ਉਸ ਸ਼ਕਤੀ ਨੂੰ ਵਰਤਦਾ, ਕੋਈ ਵੀ ਉਸ ਦੀਆਂ ਕਾਰਵਾਈਆਂ ਬਾਰੇ ਸਵਾਲ ਨਹੀਂ ਪੁੱਛਦਾ।’ ਕੀ ਤੁਸੀਂ ਨਿਸ਼ਚਿਤ ਹੋ? ਕੀ ਇਹ ਸੱਚ ਨਹੀਂ ਹੈ ਕਿ ਲੋਕ ਪਰਮੇਸ਼ੁਰ ਦੀ ਸ਼ਕਤੀ ਦੇ ਪ੍ਰਯੋਗ ਬਾਰੇ ਸਵਾਲ ਪੁੱਛਦੇ ਹਨ? ਉਹ ਸਵਾਲ ਪੁੱਛਦੇ ਹਨ ਕਿ ਉਸ ਨੇ ਸਮੇਂ-ਸਮੇਂ ਤੇ ਇਹ ਕਿਉਂ ਨਹੀਂ ਵਰਤੀ, ਜਿਵੇਂ ਕਿ ਉਸ ਵੱਲੋਂ ਦੁਸ਼ਟਤਾ ਦੀ ਬਰਦਾਸ਼ਤ ਦੇ ਸਮੇਂ। ਅਤੇ ਉਹ ਸਵਾਲ ਪੁੱਛਦੇ ਹਨ ਕਿ ਦੂਜੇ ਸਮਿਆਂ ਤੇ ਉਸ ਨੇ ਇਹ ਕਿਉਂ ਵਰਤੀ ਹੈ। ਪਰਮੇਸ਼ੁਰ ਵੱਲੋਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਸ਼ਕਤੀ ਪ੍ਰਯੋਗ ਕਰਨ ਦੇ ਸੰਬੰਧ ਵਿਚ ਵਫ਼ਾਦਾਰ ਅਬਰਾਹਾਮ ਕੋਲ ਵੀ ਇਕ ਉਲਝਣ ਸੀ। ਉਸ ਘਟਨਾ ਨੂੰ ਯਾਦ ਕਰੋ ਜਦੋਂ ਪਰਮੇਸ਼ੁਰ ਨੇ ਸਦੂਮ ਨੂੰ ਨਸ਼ਟ ਕਰਨ ਦਾ ਫ਼ੈਸਲਾ ਕੀਤਾ ਸੀ। ਅਬਰਾਹਾਮ ਗ਼ਲਤਫ਼ਹਿਮੀ ਤੋਂ ਡਰਦਾ ਸੀ ਕਿ ਬੁਰੇ ਲੋਕਾਂ ਦੇ ਨਾਲ-ਨਾਲ ਚੰਗੇ ਲੋਕ ਵੀ ਮਰਨਗੇ। ਉਸ ਨੇ ਪੁਕਾਰਿਆ: “ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ।” (ਉਤਪਤ 18:25) ਅਬਰਾਹਾਮ ਵਾਂਗ ਉਚਿਤ-ਮਨ ਲੋਕਾਂ ਨੂੰ ਵੀ ਯਕੀਨ ਚਾਹੀਦਾ ਹੈ ਕਿ ਨਿਰਪੇਖ ਸ਼ਕਤੀ ਦੀ ਕੁਵਰਤੋਂ ਨਹੀਂ ਕੀਤੀ ਜਾਵੇਗੀ।
ਨਿਰਸੰਦੇਹ, ਪਰਮੇਸ਼ੁਰ ਆਦਮ, ਹੱਵਾਹ, ਅਤੇ ਸ਼ਤਾਨ ਨੂੰ ਫੌਰਨ ਨਸ਼ਟ ਕਰ ਸਕਦਾ ਸੀ। ਪਰੰਤੂ ਜ਼ਰਾ ਸੋਚੋ ਕਿ ਇਹ ਦੂਜਿਆਂ ਦੂਤਾਂ ਜਾਂ ਭਾਵੀ ਰਚਨਾਵਾਂ ਉੱਤੇ ਕਿਵੇਂ ਅਸਰ ਪਾ ਸਕਦਾ ਸੀ, ਜੋ ਸ਼ਾਇਦ ਬਾਅਦ ਵਿਚ ਉਸ ਦੀਆਂ ਕਾਰਵਾਈਆਂ ਨਾਲ ਬਾਖ਼ਬਰ ਹੁੰਦੇ। ਕੀ ਇਹ ਉਨ੍ਹਾਂ ਕੋਲ ਪਰਮੇਸ਼ੁਰ ਦੇ ਸ਼ਾਸਨ ਦੀ ਸੱਚਾਈ ਬਾਰੇ ਸ਼ਾਇਦ ਚਿੰਤਾਜਨਕ ਸਵਾਲ ਨਾ ਛੱਡਦਾ? ਕੀ ਇਹ ਪਰਮੇਸ਼ੁਰ ਨੂੰ ਉਸ ਦੋਸ਼ ਦੇ ਖ਼ਤਰੇ ਵਿਚ ਨਾ ਪਾਉਂਦਾ ਕਿ ਉਹ, ਅਸਲ ਵਿਚ, ਕਿਸੇ ਪ੍ਰਕਾਰ ਦਾ ਤਾਨਾਸ਼ਾਹੀ ਜ਼ਾਲਮ ਹੈ, ਜਿਵੇਂ ਨੀਤਸ਼ੇ ਨੇ ਉਸ ਨੂੰ ਵਰਣਨ ਕੀਤਾ, ਅਜਿਹਾ ਇਕ ਪਰਮੇਸ਼ੁਰ ਜੋ ਕਿਸੇ ਵਿਰੋਧ ਕਰਨ ਵਾਲੇ ਵਿਅਕਤੀ ਨੂੰ ਬੇਰਹਿਮੀ ਨਾਲ ਮਿਟਾ ਦਿੰਦਾ ਹੈ?
ਲੋਕਾਂ ਨੂੰ ਸਹੀ ਕੰਮ ਕਰਨ ਲਈ ਕਿਉਂ ਨਾ ਮਜਬੂਰ ਕਰੋ?
‘ਕੀ ਪਰਮੇਸ਼ੁਰ ਲੋਕਾਂ ਨੂੰ ਸਹੀ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਹੈ?’ ਕੁਝ ਲੋਕ ਸ਼ਾਇਦ ਪੁੱਛਣ। ਖ਼ੈਰ, ਇਸ ਗੱਲ ਉੱਤੇ ਵੀ ਵਿਚਾਰ ਕਰੋ। ਪੂਰੇ ਇਤਿਹਾਸ ਦੇ ਦੌਰਾਨ, ਸਰਕਾਰਾਂ ਨੇ ਲੋਕਾਂ ਨੂੰ ਆਪਣੇ ਸੋਚਣ ਦੇ ਢੰਗ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਸਰਕਾਰਾਂ ਜਾਂ ਵਿਅਕਤੀਗਤ ਸ਼ਾਸਕਾਂ ਨੇ ਵਿਭਿੰਨ ਪ੍ਰਕਾਰ ਦੇ ਮਤ-ਸ਼ੁੱਧੀ ਦੇ ਅਭਿਆਸ ਕੀਤੇ ਹਨ, ਸ਼ਾਇਦ ਨਸ਼ੀਲੀਆਂ-ਦਵਾਈਆਂ ਜਾਂ ਸਰਜਰੀ ਦੀ ਵਰਤੋਂ ਕਰ ਕੇ, ਜੋ ਉਨ੍ਹਾਂ ਦੇ ਸ਼ਿਕਾਰਾਂ ਦੀ ਸੁਤੰਤਰ ਇੱਛਾ ਦੇ ਅਦਭੁਤ ਤੋਹਫ਼ੇ ਨੂੰ ਲੁੱਟ ਲੈਂਦਾ ਹੈ। ਕੀ ਅਸੀਂ ਆਜ਼ਾਦ ਨੈਤਿਕ ਕਾਰਜਕਰਤਾ ਹੋਣ ਦੀ ਕਦਰ ਨਹੀਂ ਪਾਉਂਦੇ, ਭਾਵੇਂ ਕਿ ਉਹ ਤੋਹਫ਼ਾ ਕੁਵਰਤੋਂ ਦੀ ਸੰਭਾਵਨਾ ਰੱਖਦਾ ਹੈ? ਕੀ ਅਸੀਂ ਕਿਸੇ ਵੀ ਸਰਕਾਰ ਜਾਂ ਸ਼ਾਸਕ ਦੇ ਉਸ ਨੂੰ ਖੋਹਣ ਦਿਆਂ ਜਤਨਾਂ ਨੂੰ ਅਣਡਿੱਠ ਕਰਦੇ ਹਾਂ?
ਤਾਂ ਫਿਰ, ਕਾਨੂੰਨ ਨੂੰ ਲਾਗੂ ਕਰਨ ਵਿਚ ਪਰਮੇਸ਼ੁਰ ਦੀ ਸ਼ਕਤੀ ਦਾ ਤਤਕਾਲੀ ਪ੍ਰਯੋਗ ਕਰਨ ਤੋਂ ਇਲਾਵਾ, ਹੋਰ ਕਿਹੜਾ ਚਾਰਾ ਉਪਲਬਧ ਸੀ? ਯਹੋਵਾਹ ਪਰਮੇਸ਼ੁਰ ਨੇ ਨਿਰਧਾਰਿਤ ਕੀਤਾ ਕਿ ਉਸ ਦੇ ਨਿਯਮਾਂ ਨੂੰ ਠੁਕਰਾਉਣ ਵਾਲਿਆਂ ਨੂੰ ਉਸ ਦੇ ਸ਼ਾਸਨ ਤੋਂ ਸੁਤੰਤਰਤਾ ਦੀ ਇਕ ਅਸਥਾਈ ਅਵਧੀ ਦੀ ਇਜਾਜ਼ਤ ਦੇ ਕੇ, ਬਗਾਵਤ ਸਭ ਤੋਂ ਬਿਹਤਰ ਤਰੀਕੇ ਵਿਚ ਸੁਲਝਾਈ ਜਾ ਸਕੇਗੀ। ਇਹ ਆਦਮ ਅਤੇ ਹੱਵਾਹ ਤੋਂ ਉਤਪੰਨ ਹੋਏ ਮਾਨਵ ਪਰਿਵਾਰ ਨੂੰ ਇਕ ਸੀਮਿਤ ਸਮੇਂ ਦੀ ਇਜਾਜ਼ਤ ਦਿੰਦਾ ਜਿਸ ਵਿਚ ਉਹ ਪਰਮੇਸ਼ੁਰ ਦੇ ਨਿਯਮ ਦੇ ਅਧੀਨ ਹੋਣ ਤੋਂ ਬਿਨਾਂ ਆਪਣੇ ਆਪ ਉੱਤੇ ਰਾਜ ਕਰ ਸਕਣ। ਉਸ ਨੇ ਇਹ ਕਿਉਂ ਕੀਤਾ? ਕਿਉਂਕਿ ਉਹ ਜਾਣਦਾ ਸੀ, ਕਿ ਅੰਤ ਵਿਚ, ਨਿਰਵਿਵਾਦ ਸਬੂਤ ਸਥਾਪਿਤ ਹੋ ਜਾਵੇਗਾ ਜੋ ਸਾਬਤ ਕਰੇਗਾ ਕਿ ਉਸ ਦੇ ਸ਼ਾਸਨ ਕਰਨ ਦਾ ਤਰੀਕਾ ਹਮੇਸ਼ਾ ਸਹੀ ਅਤੇ ਨਿਆਂਪੂਰਣ ਹੁੰਦਾ ਹੈ, ਉਦੋਂ ਵੀ ਜਦੋਂ ਉਹ ਆਪਣੀ ਇੱਛਾ ਨੂੰ ਲਾਗੂ ਕਰਨ ਵਿਚ ਆਪਣੀ ਅਸੀਮ ਸ਼ਕਤੀ ਨੂੰ ਵਰਤਦਾ ਹੈ, ਅਤੇ ਕਿ ਉਸ ਦੇ ਵਿਰੁੱਧ ਕੋਈ ਵੀ ਬਗਾਵਤ, ਕਿਸੇ ਨਾ ਕਿਸੇ ਸਮੇਂ, ਬਿਪਤਾ ਵਿਚ ਪਰਿਣਿਤ ਹੋਵੇਗੀ।—ਬਿਵਸਥਾ ਸਾਰ 32:4; ਅੱਯੂਬ 34:10-12; ਯਿਰਮਿਯਾਹ 10:23.
ਸਾਰੇ ਨਿਰਦੋਸ਼ ਸ਼ਿਕਾਰਾਂ ਬਾਰੇ ਕੀ?
‘ਇਸ ਅਰਸੇ ਵਿਚ, ਉਨ੍ਹਾਂ ਸਾਰੇ ਨਿਰਦੋਸ਼ ਸ਼ਿਕਾਰਾਂ ਬਾਰੇ ਕੀ?’ ਤੁਸੀਂ ਸ਼ਾਇਦ ਪੁੱਛੋ। ‘ਕੀ ਕਿਸੇ ਨਿਯਮ ਦੇ ਨੁਕਤੇ ਨੂੰ ਹੀ ਸਾਬਤ ਕਰਨਾ ਉਨ੍ਹਾਂ ਦੀ ਪੀੜਾ ਦੇ ਯੋਗ ਹੈ?’ ਖ਼ੈਰ, ਪਰਮੇਸ਼ੁਰ ਨੇ ਕੇਵਲ ਕਿਸੇ ਨਿਯਮ ਦੇ ਅਸਪੱਸ਼ਟ ਨੁਕਤੇ ਨੂੰ ਹੀ ਸਾਬਤ ਕਰਨ ਲਈ ਦੁਸ਼ਟਤਾ ਨੂੰ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੇ ਉਲਟ, ਇਹ ਉਸ ਮੂਲ ਸੱਚਾਈ ਨੂੰ ਸਦਾ ਦੇ ਲਈ ਸਥਾਪਿਤ ਕਰਨ ਲਈ ਹੈ ਕਿ ਇਕੱਲਾ ਉਹੀ ਸਰਬਸੱਤਾਵਾਨ ਹੈ ਅਤੇ ਕਿ ਉਸ ਦੀ ਸਾਰੀ ਸ੍ਰਿਸ਼ਟੀ ਦੀ ਨਿਰੰਤਰ ਸ਼ਾਂਤੀ ਅਤੇ ਖ਼ੁਸ਼ੀ ਲਈ ਉਹ ਦੇ ਨਿਯਮਾਂ ਦੇ ਪ੍ਰਤੀ ਆਗਿਆਕਾਰਤਾ ਆਵੱਸ਼ਕ ਹੈ।
ਯਾਦ ਰੱਖਣ ਵਾਲੀ ਇਕ ਮਹੱਤਵਪੂਰਣ ਗੱਲ ਇਹ ਹੈ ਕਿ ਪਰਮੇਸ਼ੁਰ ਜਾਣਦਾ ਹੈ ਕਿ ਉਹ ਕਿਸੇ ਵੀ ਨੁਕਸਾਨ ਨੂੰ ਮੁਕੰਮਲ ਤੌਰ ਤੇ ਮਿਟਾ ਸਕਦਾ ਹੈ ਜੋ ਇਹ ਮਾਨਵ ਪਰਿਵਾਰ ਤੇ ਸ਼ਾਇਦ ਲਿਆਵੇ। ਉਹ ਜਾਣਦਾ ਹੈ ਕਿ ਅਖ਼ੀਰ ਵਿਚ, ਦਰਦ ਅਤੇ ਕਸ਼ਟ ਦੀ ਅਸਥਾਈ ਅਵਧੀ ਦਾ ਇਕ ਲਾਭਕਾਰੀ ਸਿੱਟਾ ਹੋਵੇਗਾ। ਉਸ ਮਾਂ ਦੇ ਬਾਰੇ ਸੋਚੋ ਜੋ ਆਪਣੇ ਬੱਚੇ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਦੀ ਹੈ ਜਦ ਕਿ ਕਿਸੇ ਰੋਗ ਦੇ ਵਿਰੁੱਧ ਬਚਾਉ ਪ੍ਰਦਾਨ ਕਰਨ ਲਈ, ਜੋ ਵਰਨਾ ਬੱਚੇ ਨੂੰ ਮਾਰ ਦੇਵੇ, ਡਾਕਟਰ ਟੀਕਾ ਲਾਉਣ ਦੀ ਚੋਟ ਮਾਰਦਾ ਹੈ। ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਸ ਦਾ ਬੱਚਾ ਦਰਦ ਮਹਿਸੂਸ ਕਰੇ। ਕੋਈ ਵੀ ਡਾਕਟਰ ਆਪਣੇ ਮਰੀਜ਼ ਨੂੰ ਤਕਲੀਫ ਨਹੀਂ ਦੇਣੀ ਚਾਹੁੰਦਾ। ਉਸੇ ਸਮੇਂ, ਬੱਚਾ ਦਰਦ ਦੇ ਕਾਰਨ ਨੂੰ ਨਹੀਂ ਸਮਝਦਾ ਹੈ, ਲੇਕਿਨ ਬਾਅਦ ਵਿਚ ਉਹ ਸਮਝੇਗਾ ਕਿ ਕਿਉਂ ਇਸ ਨੂੰ ਇਜਾਜ਼ਤ ਦਿੱਤੀ ਗਈ ਸੀ।
ਕਸ਼ਟ ਸਹਿਣ ਵਾਲਿਆਂ ਲਈ ਅਸਲੀ ਦਿਲਾਸਾ?
ਕੁਝ ਲੋਕ ਸ਼ਾਇਦ ਮਹਿਸੂਸ ਕਰਨ ਕਿ ਇਨ੍ਹਾਂ ਗੱਲਾਂ ਨੂੰ ਕੇਵਲ ਜਾਣਨਾ ਹੀ, ਕਸ਼ਟ ਸਹਿਣ ਵਾਲਿਆਂ ਲਈ ਥੋੜ੍ਹਾ ਹੀ ਦਿਲਾਸਾ ਹੈ। ਹਾਂਜ਼ ਕੁੰਗ ਬਿਆਨ ਕਰਦਾ ਹੈ ਕਿ ਕਸ਼ਟ ਦੀ ਮੌਜੂਦਗੀ ਦੀ ਇਕ ਤਰਕਸੰਗਤ ਵਿਆਖਿਆ “ਕਸ਼ਟ ਸਹਿਣ ਵਾਲੇ ਲਈ ਤਕਰੀਬਨ ਉੱਨੀ ਹੀ ਸਹਾਇਕ ਹੁੰਦੀ ਹੈ ਜਿੰਨੀ ਕਿ ਭੁੱਖੇ ਆਦਮੀ ਨੂੰ ਅਨਾਜ ਦਾ ਰਸਾਇਣ-ਵਿਗਿਆਨ ਹੁੰਦਾ ਹੈ।” ਉਹ ਪੁੱਛਦਾ ਹੈ: “ਕੀ ਸਮੁੱਚਾ ਚਤੁਰ ਤਰਕ ਮਾਨਵ ਨੂੰ ਜ਼ਿੰਦਾ ਦਿਲ ਬਣਾ ਸਕਦਾ ਹੈ, ਜੋ ਕਸ਼ਟ ਦੁਆਰਾ ਕਰੀਬ ਕਰੀਬ ਕੁਚਲਿਆ ਹੀ ਹੋਇਆ ਹੈ?” ਖ਼ੈਰ, ਉਨ੍ਹਾਂ ਮਨੁੱਖਾਂ ਦੇ ਸਾਰੇ “ਚਤੁਰ ਤਰਕ” ਜੋ ਪਰਮੇਸ਼ੁਰ ਦੇ ਬਚਨ, ਬਾਈਬਲ ਨੂੰ ਅਣਡਿੱਠ ਕਰਦੇ ਹਨ, ਨੇ ਕਸ਼ਟ ਸਹਿਣ ਵਾਲਿਆਂ ਨੂੰ ਹੌਂਸਲਾ ਨਹੀਂ ਦਿੱਤਾ ਹੈ। ਇਹ ਸੁਝਾਅ ਦੇ ਕੇ ਕਿ ਪਰਮੇਸ਼ੁਰ ਇਰਾਦਾ ਰੱਖਦਾ ਸੀ ਕਿ ਮਾਨਵ ਕਸ਼ਟ ਸਹਿਣ ਅਤੇ ਕਿ ਧਰਤੀ ਹੰਝੂਆਂ ਦੀ ਵਾਦੀ ਵਜੋਂ ਜਾਂ ਉਨ੍ਹਾਂ ਦੇ ਲਈ ਇਕ ਅਜ਼ਮਾਇਸ਼ੀ ਜਗ੍ਹਾ ਵਜੋਂ ਵਿਓਂਤੀ ਗਈ ਸੀ ਜੋ ਆਖ਼ਰਕਾਰ ਸਵਰਗ ਵਿਚ ਜੀਵਨ ਹਾਸਲ ਕਰਨਗੇ, ਅਜਿਹੇ ਮਾਨਵੀ ਤਰਕ ਨੇ ਕੇਵਲ ਸਮੱਸਿਆ ਨੂੰ ਵਧਾਇਆ ਹੀ ਹੈ। ਕਿੰਨੇ ਕੁਫ਼ਰ ਦੀ ਗੱਲ!
ਫਿਰ ਵੀ, ਬਾਈਬਲ ਖ਼ੁਦ ਅਸਲੀ ਦਿਲਾਸਾ ਦਿੰਦੀ ਹੈ। ਇਹ ਨਾ ਕੇਵਲ ਕਸ਼ਟਾਂ ਦੀ ਮੌਜੂਦਗੀ ਲਈ ਇਕ ਅਨੁਕੂਲ ਵਿਆਖਿਆ ਦਿੰਦੀ ਹੈ ਪਰੰਤੂ ਪਰਮੇਸ਼ੁਰ ਦੇ ਪੱਕੇ ਵਾਅਦੇ ਵਿਚ ਭਰੋਸਾ ਵਧਾਉਂਦੀ ਹੈ ਕਿ ਉਹ ਉਸ ਸਾਰੇ ਨੁਕਸਾਨ ਨੂੰ ਮਿਟਾਵੇਗਾ ਜੋ ਕਸ਼ਟਾਂ ਦੀ ਇਸ ਅਸਥਾਈ ਇਜਾਜ਼ਤ ਨੇ ਪੈਦਾ ਕੀਤਾ ਹੈ।
‘ਸਾਰੀਆਂ ਚੀਜ਼ਾਂ ਦਾ ਸੁਧਾਰ’
ਬਹੁਤ ਜਲਦੀ ਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ ਨੂੰ ਉਸ ਅਵਸਥਾ ਵਿਚ ਮੁੜ ਬਹਾਲ ਕਰੇਗਾ, ਜਿਸ ਵਿਚ ਉਹ ਆਪਣੀਆਂ ਪਹਿਲੀਆਂ ਮਾਨਵ ਸ੍ਰਿਸ਼ਟੀਆਂ ਦੀ ਬਗਾਵਤ ਕਰਨ ਤੋਂ ਪਹਿਲਾਂ ਇਰਾਦਾ ਰੱਖਦਾ ਸੀ। ਮਾਨਵ ਦੇ ਸੁਤੰਤਰ ਸ਼ਾਸਨ ਦਾ ਉਸ ਦਾ ਨਿਯੁਕਤ ਸਮਾਂ ਲਗਭਗ ਖ਼ਤਮ ਹੋਣ ਵਾਲਾ ਹੈ। ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਉਹ ‘ਯਿਸੂ ਹੀ ਨੂੰ, ਘੱਲੇਗਾ ਜੋ ਉਹ ਸੁਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।’—ਰਸੂਲਾਂ ਦੇ ਕਰਤੱਬ 3:20, 21.
ਯਿਸੂ ਮਸੀਹ ਕੀ ਕਰੇਗਾ? ਉਹ ਧਰਤੀ ਤੋਂ ਪਰਮੇਸ਼ੁਰ ਦੇ ਸਾਰਿਆਂ ਦੁਸ਼ਮਣਾਂ ਨੂੰ ਖ਼ਤਮ ਕਰੇਗਾ। (2 ਥੱਸਲੁਨੀਕੀਆਂ 1:6-10) ਇਹ ਕੋਈ ਸਰਸਰੀ ਸਜ਼ਾ ਹੀ ਨਹੀਂ ਹੋਵੇਗੀ, ਜਿਵੇਂ ਕਿ ਮਾਨਵ ਡਿਕਟੇਟਰਾਂ ਦੁਆਰਾ ਦਿੱਤੀ ਜਾਂਦੀ ਹੈ। ਢੇਰ ਸਾਰਾ ਸਬੂਤ, ਜੋ ਮਾਨਵ ਦੇ ਕੁਸ਼ਾਸਨ ਦੇ ਉਥਲ-ਪੁਥਲ ਨਤੀਜਿਆਂ ਨੂੰ ਸਾਬਤ ਕਰਦਾ ਹੈ, ਇਹ ਦਿਖਾਵੇਗਾ ਕਿ ਆਪਣੀ ਇੱਛਾ ਨੂੰ ਲਾਗੂ ਕਰਨ ਲਈ ਪਰਮੇਸ਼ੁਰ ਜਲਦੀ ਹੀ ਆਪਣੀ ਅਸੀਮ ਸ਼ਕਤੀ ਨੂੰ ਵਰਤਣ ਵਿਚ ਪੂਰੀ ਤਰ੍ਹਾਂ ਜਾਇਜ਼ ਹੈ। (ਪਰਕਾਸ਼ ਦੀ ਪੋਥੀ 11:17, 18) ਆਰੰਭ ਵਿਚ ਇਸ ਦਾ ਅਰਥ “ਕਸ਼ਟ” ਹੋਵੇਗਾ ਅਜਿਹਾ ਜੋ ਧਰਤੀ ਨੇ ਪਹਿਲਾਂ ਕਦੇ ਵੀ ਨਹੀਂ ਅਨੁਭਵ ਕੀਤਾ, ਨੂਹ ਦੇ ਦਿਨਾਂ ਦੇ ਹੜ੍ਹ ਸਮਾਨ ਪਰ ਉਸ ਤੋਂ ਕਿਤੇ ਹੀ ਵਡੇਰਾ। (ਮੱਤੀ 24:21, 29-31, 36-39) ਉਹ ਜੋ ‘ਵੱਡੇ ਕਸ਼ਟ’ ਵਿੱਚੋਂ ਬਚ ਜਾਂਦੇ ਹਨ “ਸੁਖ ਦੇ ਦਿਨ” ਅਨੁਭਵ ਕਰਨਗੇ ਜਦੋਂ ਉਹ ਪਰਮੇਸ਼ੁਰ ਦੇ ਸਾਰੇ ਵਾਅਦਿਆਂ ਦੀ ਪੂਰਤੀ ਦੇਖਣਗੇ, ਜੋ “[ਉਸ ਦੇ] ਪਵਿੱਤ੍ਰ ਨਬੀਆਂ ਦੀ ਜਬਾਨੀ” ਦਿੱਤੇ ਗਏ ਸਨ। (ਰਸੂਲਾਂ ਦੇ ਕਰਤੱਬ 3:19; ਪਰਕਾਸ਼ ਦੀ ਪੋਥੀ 7:14-17) ਪਰਮੇਸ਼ੁਰ ਨੇ ਕੀ ਵਾਅਦਾ ਕੀਤਾ ਹੈ?
ਖ਼ੈਰ, ਪਰਮੇਸ਼ੁਰ ਦੇ ਪ੍ਰਾਚੀਨ ਨਬੀ ਕਹਿੰਦੇ ਹਨ ਕਿ ਯੁੱਧ ਅਤੇ ਖ਼ੂਨ-ਖ਼ਰਾਬੇ ਦੁਆਰਾ ਪੈਦਾ ਹੋਏ ਕਸ਼ਟਾਂ ਦਾ ਅੰਤ ਹੋਵੇਗਾ। ਉਦਾਹਰਣ ਲਈ, ਜ਼ਬੂਰ 46:9 ਸਾਨੂੰ ਦੱਸਦਾ ਹੈ: “ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।” ਹੁਣ ਹੋਰ ਕੋਈ ਨਿਰਦੋਸ਼ ਸ਼ਿਕਾਰ ਅਤੇ ਦੁਖਾਂਤਕ ਸ਼ਰਨਾਰਥੀ ਨਾ ਹੋਣਗੇ, ਉਹ ਜੋ ਬਲਾਤਕਾਰ ਕੀਤੇ, ਅਪਾਹਜ ਕੀਤੇ, ਅਤੇ ਕਰੂਰ ਯੁੱਧਾਂ ਵਿਚ ਮਾਰੇ ਜਾਂਦੇ ਹਨ! ਨਬੀ ਯਸਾਯਾਹ ਕਹਿੰਦਾ ਹੈ: “ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.
ਨਬੀ ਅਪਰਾਧ ਅਤੇ ਅਨਿਆਉਂ ਦੁਆਰਾ ਪੈਦਾ ਹੁੰਦੇ ਕਸ਼ਟ ਦੇ ਅੰਤ ਬਾਰੇ ਵੀ ਪੂਰਵ-ਸੂਚਨਾ ਦਿੰਦੇ ਹਨ। ਕਹਾਉਤਾਂ 2:21, 22 ਵਾਅਦਾ ਕਰਦਾ ਹੈ ਕਿ “ਸਚਿਆਰ ਹੀ ਧਰਤੀ ਉੱਤੇ ਵਸੱਣਗੇ” ਅਤੇ ਉਹ ਜੋ ਦਰਦ ਅਤੇ ਕਸ਼ਟ ਪੈਦਾ ਕਰਦੇ ਹਨ “ਉਸ ਵਿੱਚੋਂ ਪੁੱਟੇ ਜਾਣਗੇ।” ਇਸ ਤੋਂ ਅੱਗੇ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ” ਨਹੀਂ ਕਰੇਗਾ। (ਉਪਦੇਸ਼ਕ ਦੀ ਪੋਥੀ 8:9) ਸਾਰੇ ਦੁਸ਼ਟ ਲੋਕ ਸਦਾ ਦੇ ਲਈ ਹਟਾਏ ਜਾਣਗੇ। (ਜ਼ਬੂਰ 37:10, 38) ਹਰ ਕੋਈ ਸ਼ਾਂਤੀ ਅਤੇ ਸੁਰੱਖਿਆ ਵਿਚ, ਕਸ਼ਟਾਂ ਤੋਂ ਆਜ਼ਾਦ ਜੀ ਸਕੇਗਾ।—ਮੀਕਾਹ 4:4.
ਇਸ ਦੇ ਇਲਾਵਾ, ਨਬੀ ਇਹ ਵੀ ਵਾਅਦਾ ਕਰਦੇ ਹਨ ਕਿ ਸਰੀਰਕ ਅਤੇ ਭਾਵਾਤਮਕ ਬੀਮਾਰੀਆਂ ਦੁਆਰਾ ਪੈਦਾ ਹੋਏ ਕਸ਼ਟਾਂ ਦਾ ਅੰਤ ਵੀ ਹੋਵੇਗਾ। (ਯਸਾਯਾਹ 33:24) ਯਸਾਯਾਹ ਵਾਅਦਾ ਕਰਦਾ ਹੈ ਕਿ ਅੰਨ੍ਹੇ, ਬੋਲੇ, ਅਪਾਹਜੀ, ਅਤੇ ਉਹ ਸਾਰੇ ਜੋ ਬੀਮਾਰੀ ਅਤੇ ਰੋਗ ਨਾਲ ਪੀੜਿਤ ਹਨ, ਚੰਗੇ ਕੀਤੇ ਜਾਣਗੇ। (ਯਸਾਯਾਹ 35:5, 6) ਪਰਮੇਸ਼ੁਰ ਮੌਤ ਦੇ ਪ੍ਰਭਾਵਾਂ ਨੂੰ ਵੀ ਪਲਟਾਵੇਗਾ। ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ “ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ‘ਨਵੇਂ ਅਕਾਸ਼ ਅਤੇ ਨਵੇਂ ਧਰਤੀ’ ਦੇ ਆਪਣੇ ਦਰਸ਼ਣ ਵਿਚ ਰਸੂਲ ਯੂਹੰਨਾ ਨੂੰ ਦੱਸਿਆ ਗਿਆ ਸੀ ਕਿ “ਪਰਮੇਸ਼ੁਰ ਆਪ . . . ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” (ਪਰਕਾਸ਼ ਦੀ ਪੋਥੀ 21:1-4) ਇਸ ਦੀ ਕਲਪਨਾ ਕਰੋ! ਕੋਈ ਦਰਦ ਨਹੀਂ, ਕੋਈ ਹੰਝੂ ਨਹੀਂ, ਕੋਈ ਸੋਗ ਨਹੀਂ, ਕੋਈ ਮੌਤ ਨਹੀਂ—ਹੁਣ ਕਸ਼ਟ ਫਿਰ ਕਦੀ ਵੀ ਨਹੀਂ ਹੋਵੇਗਾ!
ਇਸ ਦੁਸ਼ਟਤਾ ਦੀ ਅਸਥਾਈ ਬਰਦਾਸ਼ਤ ਦੇ ਦੌਰਾਨ ਜੋ ਵੀ ਦੁਖਾਂਤ ਵਾਪਰੇ ਹਨ ਉਹ ਸਾਰੇ ਹੀ ਸੁਧਾਰੇ ਜਾਣਗੇ। ਇੱਥੋਂ ਤਕ ਕਿ ਮਾਨਵ ਦਰਦ ਅਤੇ ਕਸ਼ਟ ਦੀਆਂ ਯਾਦਾਂ—ਜਿਨ੍ਹਾਂ ਦਾ ਪਰਮੇਸ਼ੁਰ ਨੇ ਕਦੇ ਵੀ ਇਰਾਦਾ ਨਹੀਂ ਰੱਖਿਆ—ਨੂੰ ਪੂਰੀ ਤਰ੍ਹਾਂ ਮਿਟਾਇਆ ਜਾਵੇਗਾ। “ਪਹਿਲੇ ਦੁਖ ਭੁਲਾਏ ਗਏ . . . ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ,” ਯਸਾਯਾਹ ਨੇ ਭਵਿੱਖਬਾਣੀ ਕੀਤੀ। (ਯਸਾਯਾਹ 65:16, 17) ਪਰਾਦੀਸ ਧਰਤੀ ਉੱਤੇ ਕੁੱਲ ਸ਼ਾਂਤੀ ਅਤੇ ਖ਼ੁਸ਼ੀ ਵਿਚ ਇਕ ਸੰਪੂਰਣ ਮਾਨਵ ਪਰਿਵਾਰ ਲਈ ਪਰਮੇਸ਼ੁਰ ਦਾ ਮੁਢਲਾ ਮਕਸਦ ਮੁਕੰਮਲ ਤੌਰ ਤੇ ਪੂਰਤੀ ਹਾਸਲ ਕਰੇਗਾ। (ਯਸਾਯਾਹ 45:18) ਉਸ ਦੀ ਸਰਬਸੱਤਾ ਵਿਚ ਭਰੋਸਾ ਸੰਪੂਰਣ ਹੋਵੇਗਾ। ਇਸ ਸਮੇਂ ਵਿਚ ਜੀਉਣਾ ਇਕ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ ਜਦੋਂ ਪਰਮੇਸ਼ੁਰ ਸਾਰੇ ਮਾਨਵ ਕਸ਼ਟ ਨੂੰ ਖ਼ਤਮ ਕਰੇਗਾ, ਉਹ ਸਮਾਂ ਜਦੋਂ ਉਹ ਦਿਖਾਉਂਦਾ ਹੈ ਕਿ ਉਹ ਕਿਸੇ ਪ੍ਰਕਾਰ ਦਾ “ਨਿਰੰਕੁਸ਼ ਸ਼ਾਸਕ, ਢੌਂਗੀ, ਠੱਗੀ, ਜਲਾਦ,” ਨਹੀਂ ਹੈ, ਜਿਵੇਂ ਨੀਤਸ਼ੇ ਨੇ ਦੋਸ਼ ਲਗਾਇਆ, ਪਰੰਤੂ ਕਿ ਉਹ ਆਪਣੀ ਨਿਰਪੇਖ ਸ਼ਕਤੀ ਦੇ ਪ੍ਰਯੋਗ ਵਿਚ ਹਮੇਸ਼ਾ ਪ੍ਰੇਮਪੂਰਣ, ਬੁੱਧੀਮਾਨ, ਅਤੇ ਨਿਆਂਪੂਰਣ ਹੈ!
[ਸਫ਼ੇ 5 ਉੱਤੇ ਤਸਵੀਰ]
ਕੁਝ ਸ਼ਾਸਕਾਂ ਨੇ ਮਤ-ਸ਼ੁੱਧੀ ਦਾ ਅਭਿਆਸ ਕੀਤਾ ਹੈ, ਜੋ ਉਨ੍ਹਾਂ ਦੇ ਸ਼ਿਕਾਰਾਂ ਦੀ ਸੁਤੰਤਰ ਇੱਛਾ ਨੂੰ ਲੁੱਟ ਲੈਂਦਾ ਹੈ
[ਕ੍ਰੈਡਿਟ ਲਾਈਨ]
UPI/Bettmann
[ਸਫ਼ੇ 7 ਉੱਤੇ ਤਸਵੀਰ]
ਜਦੋਂ ਕਸ਼ਟ ਹੋਰ ਨਾ ਹੋਵੇਗਾ, ਸਾਰੇ ਲੋਕ ਜੀਵਨ ਦਾ ਪੂਰਾ ਆਨੰਦ ਮਾਣਨਗੇ