ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 6/1 ਸਫ਼ੇ 25-30
  • ਬਰਕਤਾਂ ਜਾਂ ਸਰਾਪ—ਅੱਜ ਸਾਡੇ ਲਈ ਉਦਾਹਰਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਰਕਤਾਂ ਜਾਂ ਸਰਾਪ—ਅੱਜ ਸਾਡੇ ਲਈ ਉਦਾਹਰਣ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੂਰਤੀ-ਪੂਜਾ ਦੇ ਵਿਰੁੱਧ ਚੇਤਾਵਨੀ
  • ਵਿਭਚਾਰ ਦੇ ਵਿਰੁੱਧ ਚੇਤਾਵਨੀ
  • ਬਾਗ਼ੀ ਸ਼ਿਕਾਇਤਾਂ ਦੇ ਵਿਰੁੱਧ ਚੇਤਾਵਨੀ
  • ਬੁੜਬੁੜਾਉਣ ਦੇ ਵਿਰੁੱਧ ਚੇਤਾਵਨੀ
  • ਸਿੱਖੋ, ਅਤੇ ਬਰਕਤਾਂ ਦਾ ਆਨੰਦ ਮਾਣੋ
  • ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਬੁੜ-ਬੁੜ ਕਰਨ ਤੋਂ ਬਚੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਬਰਕਤਾਂ ਜਾਂ ਸਰਾਪ—ਇਕ ਚੋਣ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਵਫ਼ਾਦਾਰੀ ਨਾਲ ਪਰਮੇਸ਼ੁਰੀ ਅਧਿਕਾਰ ਦੇ ਅਧੀਨ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 6/1 ਸਫ਼ੇ 25-30

ਬਰਕਤਾਂ ਜਾਂ ਸਰਾਪ—ਅੱਜ ਸਾਡੇ ਲਈ ਉਦਾਹਰਣ

“ਇਹ ਸਭ ਜੋ ਉਹਨਾਂ ਦੇ ਨਾਲ ਵਾਪਰਿਆ। ਇਹ ਸਭ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਦੇ ਲਈ ਲਿਖਿਆ ਗਿਆ ਸੀ। ਕਿਉਂਕਿ ਅਸੀਂ ਇਹੋ ਜਿਹੇ ਜੁਗਾਂ ਦੇ ਅੰਤਮ ਸਮੇਂ ਵਿਚ ਰਹਿ ਰਹੇ ਹਾਂ।”—1 ਕੁਰਿੰਥੀਆਂ 10:11, ਪਵਿੱਤਰ ਬਾਈਬਲ ਨਵਾਂ ਅਨੁਵਾਦ।

1. ਠੀਕ ਜਿਵੇਂ ਇਕ ਵਿਅਕਤੀ ਇਕ ਔਜ਼ਾਰ ਦੀ ਜਾਂਚ ਕਰਦਾ ਹੈ, ਸਾਨੂੰ ਵੀ ਕਿਹੜੀ ਜਾਂਚ ਕਰਨੀ ਚਾਹੀਦੀ ਹੈ?

ਪੇਂਟ ਦੀ ਲੇਪ ਹੇਠ ਅਣਡਿੱਠਾ, ਜ਼ੰਗਾਲ ਇਕ ਲੋਹੇ ਦੇ ਔਜ਼ਾਰ ਨੂੰ ਖੋਰਨਾ ਸ਼ੁਰੂ ਕਰ ਸਕਦਾ ਹੈ। ਜ਼ੰਗਾਲ ਸ਼ਾਇਦ ਕੁਝ ਸਮਾਂ ਬੀਤਣ ਮਗਰੋਂ ਹੀ ਸਤਹ ਉੱਤੇ ਨਜ਼ਰ ਆਵੇ। ਇਸੇ ਤਰ੍ਹਾਂ, ਇਕ ਵਿਅਕਤੀ ਦੇ ਦਿਲ ਦੇ ਰਵੱਈਏ ਅਤੇ ਕਾਮਨਾਵਾਂ ਸ਼ਾਇਦ ਗੰਭੀਰ ਨਤੀਜਿਆਂ ਵਿਚ ਪਰਿਣਿਤ ਹੋਣ ਤੋਂ ਜਾਂ ਇੱਥੋਂ ਤਕ ਕਿ ਦੂਜਿਆਂ ਨੂੰ ਨਜ਼ਰ ਆਉਣ ਤੋਂ ਕਾਫ਼ੀ ਸਮਾਂ ਅਗਾਹਾਂ ਤੋਂ ਹੀ ਵਿਗੜਨ ਸ਼ੁਰੂ ਹੋ ਜਾਣ। ਜਿਵੇਂ ਕਿ ਅਸੀਂ ਬੁੱਧੀਮਤਾ ਨਾਲ ਇਕ ਔਜ਼ਾਰ ਦੀ ਇਹ ਦੇਖਣ ਲਈ ਜਾਂਚ ਕਰਾਂਗੇ ਕਿ ਕਿਤੇ ਇਸ ਨੂੰ ਜ਼ੰਗਾਲ ਤਾਂ ਨਹੀਂ ਲੱਗ ਰਿਹਾ ਹੈ, ਉਸੇ ਤਰ੍ਹਾਂ ਸਾਡੇ ਦਿਲਾਂ ਦੀ ਨਜ਼ਦੀਕੀ ਜਾਂਚ ਅਤੇ ਵੇਲੇ ਸਿਰ ਦੇਖ-ਭਾਲ ਸਾਡੀ ਮਸੀਹੀ ਖਰਿਆਈ ਦੀ ਰੱਖਿਆ ਕਰ ਸਕਦੀ ਹੈ। ਦੂਸਰੇ ਸ਼ਬਦਾਂ ਵਿਚ, ਅਸੀਂ ਪਰਮੇਸ਼ੁਰ ਦੀਆਂ ਬਰਕਤਾਂ ਹਾਸਲ ਕਰ ਸਕਦੇ ਹਾਂ ਅਤੇ ਈਸ਼ਵਰੀ ਸਰਾਪਾਂ ਤੋਂ ਬਚ ਸਕਦੇ ਹਾਂ। ਕਈ ਵਿਅਕਤੀ ਸ਼ਾਇਦ ਸੋਚਣ ਕਿ ਪ੍ਰਾਚੀਨ ਇਸਰਾਏਲ ਉੱਤੇ ਘੋਸ਼ਿਤ ਕੀਤੀਆਂ ਗਈਆਂ ਬਰਕਤਾਂ ਅਤੇ ਸਰਾਪ ਉਨ੍ਹਾਂ ਲਈ ਘੱਟ ਹੀ ਅਰਥ ਰੱਖਦੇ ਹਨ ਜੋ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦਾ ਸਾਮ੍ਹਣਾ ਕਰ ਰਹੇ ਹਨ। (ਯਹੋਸ਼ੁਆ 8:34, 35; ਮੱਤੀ 13:49, 50; 24:3) ਪਰੰਤੂ, ਇੰਜ ਨਹੀਂ ਹੈ। ਅਸੀਂ ਇਸਰਾਏਲ ਨਾਲ ਸੰਬੰਧਿਤ ਚੇਤਾਵਨੀ-ਸੂਚਕ ਉਦਾਹਰਣਾਂ ਤੋਂ, ਜੋ 1 ਕੁਰਿੰਥੀਆਂ ਅਧਿਆਇ 10 ਵਿਚ ਬਿਆਨ ਕੀਤੇ ਗਏ ਹਨ, ਵੱਡਾ ਲਾਭ ਹਾਸਲ ਕਰ ਸਕਦੇ ਹਾਂ।

2. ਪਹਿਲਾ ਕੁਰਿੰਥੀਆਂ 10:5, 6 ਉਜਾੜ ਵਿਚ ਇਸਰਾਏਲ ਦਿਆਂ ਅਨੁਭਵਾਂ ਦੇ ਬਾਰੇ ਕੀ ਕਹਿੰਦਾ ਹੈ?

2 ਰਸੂਲ ਪੌਲੁਸ, ਮੂਸਾ ਦੇ ਅਧੀਨ ਇਸਰਾਏਲੀਆਂ ਦੀ ਤੁਲਨਾ ਮਸੀਹ ਦੇ ਅਧੀਨ ਮਸੀਹੀਆਂ ਦੇ ਨਾਲ ਕਰਦਾ ਹੈ। (1 ਕੁਰਿੰਥੀਆਂ 10:1-4) ਹਾਲਾਂਕਿ ਇਸਰਾਏਲ ਦੀ ਪਰਜਾ ਜੇਕਰ ਚਾਹੁੰਦੀ ਤਾਂ ਵਾਅਦਾ ਕੀਤੇ ਹੋਏ ਦੇਸ਼ ਵਿਚ ਪ੍ਰਵੇਸ਼ ਕਰ ਸਕਦੀ ਸੀ, “ਪਰਮੇਸ਼ੁਰ ਓਹਨਾਂ ਵਿੱਚੋਂ ਬਾਹਲਿਆਂ ਨਾਲ ਪਰਸੰਨ ਨਹੀਂ ਸੀ ਸੋ ਓਹ ਉਜਾੜ ਵਿੱਚ ਢਹਿ ਪਏ।” ਇਸ ਲਈ ਪੌਲੁਸ ਨੇ ਸੰਗੀ ਮਸੀਹੀਆਂ ਨੂੰ ਆਖਿਆ: “ਅਤੇ ਏਹ ਗੱਲਾਂ ਸਾਡੇ ਲਈ ਨਸੀਹਤ [“ਉਦਾਹਰਣ,” “ਨਿ ਵ”] ਬਣੀਆਂ ਭਈ ਅਸੀਂ ਮਾੜੀਆਂ ਗੱਲਾਂ ਦੀਆਂ ਕਾਮਨਾਂ ਨਾ ਕਰੀਏ ਜਿਵੇਂ ਓਹਨਾਂ ਨੇ ਕਾਮਨਾਂ ਕੀਤੀਆਂ ਸਨ।” (ਟੇਢੇ ਟਾਈਪ ਸਾਡੇ।) (1 ਕੁਰਿੰਥੀਆਂ 10:5, 6) ਕਾਮਨਾਵਾਂ ਦਾ ਪਾਲਣ-ਪੋਸਣ ਦਿਲ ਵਿਚ ਹੁੰਦਾ ਹੈ, ਇਸ ਲਈ ਸਾਨੂੰ ਪੌਲੁਸ ਵੱਲੋਂ ਦਿੱਤੇ ਗਏ ਚੇਤਾਵਨੀ-ਸੂਚਕ ਉਦਾਹਰਣਾਂ ਉੱਤੇ ਗੌਰ ਕਰਨ ਦੀ ਲੋੜ ਹੈ।

ਮੂਰਤੀ-ਪੂਜਾ ਦੇ ਵਿਰੁੱਧ ਚੇਤਾਵਨੀ

3. ਇਸਰਾਏਲੀਆਂ ਨੇ ਸੋਨੇ ਦੇ ਵੱਛੇ ਦੇ ਸੰਬੰਧ ਵਿਚ ਕਿਵੇਂ ਪਾਪ ਕੀਤਾ?

3 ਪੌਲੁਸ ਦੀ ਪਹਿਲੀ ਚੇਤਾਵਨੀ ਹੈ: “ਅਤੇ ਨਾ ਤੁਸੀਂ ਮੂਰਤੀ ਪੂਜਕ ਹੋਵੋ ਜਿਵੇਂ ਓਹਨਾਂ ਵਿੱਚੋਂ ਕਈਕੁ ਹੋਏ ਸਨ। ਜਿਸ ਪਰਕਾਰ ਲਿਖਿਆ ਹੋਇਆ ਹੈ ਜੋ ਓਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।” (ਟੇਢੇ ਟਾਈਪ ਸਾਡੇ।) (1 ਕੁਰਿੰਥੀਆਂ 10:7) ਇਹ ਚੇਤਾਵਨੀ-ਸੂਚਕ ਉਦਾਹਰਣ ਇਸਰਾਏਲੀਆਂ ਵੱਲੋਂ ਮਿਸਰ ਦੇ ਤੌਰ-ਤਰੀਕਿਆਂ ਵੱਲ ਵਾਪਸ ਮੁੜ ਕੇ ਇਕ ਮੂਰਤੀ-ਪੂਜਕ ਸੋਨੇ ਦਾ ਵੱਛਾ ਬਣਾਉਣ ਦਾ ਹੈ। (ਕੂਚ, ਅਧਿਆਇ 32) ਚੇਲੇ ਇਸਤੀਫ਼ਾਨ ਨੇ ਬੁਨਿਆਦੀ ਸਮੱਸਿਆ ਦਾ ਸੰਕੇਤ ਕੀਤਾ: “ਸਾਡੇ ਪਿਉ ਦਾਦਿਆਂ ਨੇ ਉਹ [ਮੂਸਾ, ਪਰਮੇਸ਼ੁਰ ਦੇ ਪ੍ਰਤਿਨਿਧ] ਦੇ ਅਧੀਨ ਹੋਣਾ ਨਾ ਚਾਹਿਆ ਸਗੋਂ ਉਹ ਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫਿਰਿਆ। ਅਤੇ ਉਨ੍ਹਾਂ ਹਾਰੂਨ ਨੂੰ ਆਖਿਆ ਭਈ ਸਾਡੇ ਲਈ ਠਾਕਰ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸਾਨੂੰ ਪਤਾ ਨਹੀਂ ਭਈ ਉਹ ਨੂੰ ਕੀ ਹੋਇਆ। ਉਨ੍ਹੀਂ ਦਿਨੀਂ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ।” (ਰਸੂਲਾਂ ਦੇ ਕਰਤੱਬ 7:39-41) ਧਿਆਨ ਦਿਓ ਕਿ ਮਨ­ਮਤੀਏ ਇਸਰਾਏਲੀਆਂ ਨੇ ‘ਆਪਣੇ ਦਿਲ’ ਵਿਚ ਗ਼ਲਤ ਕਾਮਨਾਵਾਂ ਰੱਖੀਆਂ ਜੋ ਮੂਰਤੀ-ਪੂਜਾ ਵੱਲ ਲੈ ਗਈਆਂ। “ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜ੍ਹਾਇਆ।” ਇਸ ਤੋਂ ਇਲਾਵਾ, ਉਨ੍ਹਾਂ ਨੇ “ਆਪਣੇ ਹੱਥਾਂ ਦੇ ਕੰਮ ਉੱਤੇ ਖੁਸ਼ੀ ਮਨਾਈ।” ਉੱਥੇ ਸੰਗੀਤ, ਨਾਚ-ਗਾਣਾ, ਖਾਣਾ, ਅਤੇ ਪੀਣਾ ਸੀ। ਸਪੱਸ਼ਟ ਤੌਰ ਤੇ, ਮੂਰਤੀ-ਪੂਜਾ ਲਲਚਾਊ ਅਤੇ ਮਨ-ਪਰਚਾਊ ਸੀ।

4, 5. ਸਾਨੂੰ ਕਿਹੜੇ ਮੂਰਤੀ-ਪੂਜਕ ਅਭਿਆਸਾਂ ਤੋਂ ਬਚਣ ਦੀ ਲੋੜ ਹੈ?

4 ਪ੍ਰਤਿਰੂਪੀ ਮਿਸਰ—ਸ਼ਤਾਨ ਦਾ ਸੰਸਾਰ—ਅਸਲੀ ਤੌਰ ਤੇ ਮਨੋਰੰਜਨ ਦੀ ਪੂਜਾ ਕਰਦਾ ਹੈ। (1 ਯੂਹੰਨਾ 5:19; ਪਰਕਾਸ਼ ਦੀ ਪੋਥੀ 11:8) ਇਹ ਅਭਿਨੇਤਾਵਾਂ, ਗਾਇਕਾਂ, ਅਤੇ ਖੇਡਾਂ ਦੇ ਸਿਤਾਰਿਆਂ ਦੇ ਨਾਲ-ਨਾਲ, ਉਨ੍ਹਾਂ ਦੇ ਨਾਚ, ਉਨ੍ਹਾਂ ਦੇ ਸੰਗੀਤ, ਉਨ੍ਹਾਂ ਦੇ ਮਨਪਰਚਾਵੇ ਅਤੇ ਮੌਜ-ਮਸਤੀ ਬਾਰੇ ਧਾਰਣਾਵਾਂ ਨੂੰ ਵੀ ਪੂਜਦਾ ਹੈ। ਅਨੇਕ ਵਿਅਕਤੀ ਜੋ ਹਾਲੇ ਵੀ ਯਹੋਵਾਹ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਹਨ, ਮਨੋਰੰਜਨ ਵਿਚ ਪੂਰੀ ਤਰ੍ਹਾਂ ਨਾਲ ਰੁੱਝਣ ਦੇ ਪਰਤਾਵੇ ਵਿਚ ਪੈ ਗਏ ਹਨ। ਜਦੋਂ ਇਕ ਮਸੀਹੀ ਨੂੰ ਕੁਕਰਮ ਲਈ ਤਾੜਨ ਦੀ ਲੋੜ ਪੈ ਜਾਂਦੀ ਹੈ, ਉਦੋਂ ਉਸ ਦੀ ਕਮਜ਼ੋਰ ਹੋਈ ਅਧਿਆਤਮਿਕ ਸਥਿਤੀ ਦੀ ਜੜ੍ਹ ਅਕਸਰ ਸ਼ਰਾਬ ਦਾ ਸੇਵਨ, ਨਾਚ, ਅਤੇ ਅਜਿਹੇ ਕਿਸੇ ਤਰੀਕੇ ਵਿਚ ਮੌਜ-ਮਸਤੀ ਕਰਨੀ ਹੁੰਦੀ ਹੈ ਜੋ ਸ਼ਾਇਦ ਮੂਰਤੀ-ਪੂਜਾ ਦੀਆਂ ਹੱਦਾਂ ਨੂੰ ਛੋਹੇ। (ਕੂਚ 32:5, 6, 17, 18) ਕੁਝ ਮਨੋਰੰਜਨ ਸੁਅਸਥਕਾਰੀ ਅਤੇ ਆਨੰਦਮਈ ਹੁੰਦੇ ਹਨ। ਪਰੰਤੂ, ਅੱਜ ਅਧਿਕਤਰ ਸੰਸਾਰਕ ਸੰਗੀਤ, ਨਾਚ, ਫ਼ਿਲਮਾਂ, ਅਤੇ ਵਿਡਿਓ ਭ੍ਰਿਸ਼ਟ ਸਰੀਰਕ ਕਾਮਨਾਵਾਂ ਦੀ ਸੰਤੁਸ਼ਟੀ ਲਈ ਹੁੰਦੇ ਹਨ।

5 ਸੱਚੇ ਮਸੀਹੀ ਮੂਰਤੀਆਂ ਦੀ ਪੂਜਾ ਦੇ ਸ਼ਿਕਾਰ ਨਹੀਂ ਹੁੰਦੇ ਹਨ। (2 ਕੁਰਿੰਥੀਆਂ 6:16; 1 ਯੂਹੰਨਾ 5:21) ਸਾਡੇ ਵਿੱਚੋਂ ਵੀ ਹਰੇਕ ਵਿਅਕਤੀ ਇੰਨਾ ਹੀ ਸਾਵਧਾਨ ਰਹੇ ਕਿ ਉਹ ਮੂਰਤੀ-ਪੂਜਕ ਮਨੋਰੰਜਨ ਦਾ ਆਦੀ ਨਾ ਬਣ ਜਾਵੇ ਅਤੇ ਸੰਸਾਰਕ ਤਰੀਕੇ ਤੋਂ ਮੌਜ-ਮਸਤੀ ਕਰਨ ਵਿਚ ਰੁੱਝਣ ਦਿਆਂ ਹਾਨੀਕਾਰਕ ਅਸਰਾਂ ਦਾ ਦੁੱਖ ਭੋਗਣ ਦਾ ਖ਼ਤਰਾ ਨਾ ਮੁੱਲ ਲਵੇ। ਜੇਕਰ ਅਸੀਂ ਖ਼ੁਦ ਨੂੰ ਸੰਸਾਰਕ ਪ੍ਰਭਾਵਾਂ ਦੇ ਅਧੀਨ ਕਰਦੇ ਹਾਂ, ਤਾਂ ਨੁਕਸਾਨਦੇਹ ਕਾਮਨਾਵਾਂ ਅਤੇ ਰਵੱਈਏ ਲਗਭਗ ਅਪ੍ਰਤੱਖ ਰੂਪ ਵਿਚ ਮਨ ਅਤੇ ਦਿਲ ਵਿਚ ਡੇਰਾ ਲਾ ਸਕਦੇ ਹਨ। ਨਾ ਸੁਧਾਰੇ ਜਾਣ ਤੇ, ਇਹ ਆਖ਼ਰਕਾਰ ਸ਼ਤਾਨ ਦੀ ਵਿਵਸਥਾ ਦੇ “ਉਜਾੜ ਵਿੱਚ ਢਹਿ” ਜਾਣ ਵਿਚ ਪਰਿਣਿਤ ਹੋ ਸਕਦੇ ਹਨ।

6. ਸਾਨੂੰ ਸ਼ਾਇਦ ਮਨੋਰੰਜਨ ਦੇ ਸੰਬੰਧ ਵਿਚ ਕਿਹੜਾ ਸਕਾਰਾਤਮਕ ਕਦਮ ਚੁੱਕਣ ਦੀ ਲੋੜ ਹੋਵੇ?

6 ਸੋਨੇ ਦੇ ਵੱਛੇ ਦੀ ਵਾਰਦਾਤ ਦੇ ਸਮੇਂ ਮੂਸਾ ਦੇ ਸਮਾਨ, “ਮਾਤਬਰ ਅਤੇ ਬੁੱਧਵਾਨ ਨੌਕਰ” ਵੀ ਅਸਲੋਂ ਕਹਿ ਰਿਹਾ ਹੈ: “ਜਿਹੜਾ ਯਹੋਵਾਹ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ।” ਸਕਾਰਾਤਮਕ ਕਦਮ ਚੁੱਕਣ ਦੁਆਰਾ ਇਹ ਦਿਖਾਉਣਾ ਕਿ ਅਸੀਂ ਸੱਚੀ ਉਪਾਸਨਾ ਦੇ ਲਈ ਦ੍ਰਿੜ੍ਹ ਸਥਿਤੀ ਅਪਣਾਉਂਦੇ ਹਾਂ, ਜਾਨ-ਬਚਾਊ ਹੋ ਸਕਦਾ ਹੈ। ਮੂਸਾ ਦੇ ਲੇਵੀ ਗੋਤ ਨੇ ਭ੍ਰਿਸ਼ਟ ਕਰਨ ਵਾਲੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਤੁਰੰਤ ਕਾਰਵਾਈ ਕੀਤੀ। (ਮੱਤੀ 24:45-47; ਕੂਚ 32:26-28) ਇਸੇ ਲਈ, ਫਿਰ, ਮਨੋਰੰਜਨ, ਸੰਗੀਤ, ਵਿਡਿਓ, ਇਤਿਆਦਿ ਵਿਚ ਆਪਣੀ ਚੋਣ ਦੀ ਧਿਆਨਪੂਰਵਕ ਜਾਂਚ ਕਰੋ। ਜੇਕਰ ਇਹ ਕਿਸੇ ਵੀ ਤਰੀਕੇ ਤੋਂ ਭ੍ਰਿਸ਼ਟ ਹੈ, ਤਾਂ ਯਹੋਵਾਹ ਦੇ ਲਈ ਆਪਣੀ ਸਥਿਤੀ ਅਪਣਾਓ। ਪਰਮੇਸ਼ੁਰ ਦੇ ਉੱਤੇ ਪ੍ਰਾਰਥਨਾਪੂਰਣ ਢੰਗ ਨਾਲ ਨਿਰਭਰ ਹੁੰਦੇ ਹੋਏ, ਆਪਣੀ ਮਨੋਰੰਜਨ ਅਤੇ ਸੰਗੀਤ ਦੀ ਚੋਣ ਵਿਚ ਤਬਦੀਲੀ ਲਿਆਓ, ਅਤੇ ਅਧਿਆਤਮਿਕ ਤੌਰ ਤੇ ਹਾਨੀਕਾਰਕ ਸਾਮੱਗਰੀ ਨੂੰ ਨਾਸ਼ ਕਰ ਦਿਓ, ਠੀਕ ਜਿਵੇਂ ਮੂਸਾ ਨੇ ਸੋਨੇ ਦੇ ਵੱਛੇ ਨੂੰ ਨਾਸ਼ ਕੀਤਾ ਸੀ।—ਕੂਚ 32:20; ਬਿਵਸਥਾ ਸਾਰ 9:21.

7. ਅਸੀਂ ਲਾਖਣਿਕ ਦਿਲ ਦੀ ਕਿਵੇਂ ਰੱਖਿਆ ਕਰ ਸਕਦੇ ਹਾਂ?

7 ਅਸੀਂ ਕਿਵੇਂ ਦਿਲ ਦੇ ਖੋਰਨ ਦਾ ਵਿਰੋਧ ਕਰ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਦਾ ਉੱਦਮੀ ਢੰਗ ਨਾਲ ਅਧਿਐਨ ਕਰਨ ਅਤੇ ਇਸ ਦੀ ਸੱਚਾਈ ਨੂੰ ਆਪਣੇ ਮਨਾਂ ਅਤੇ ਦਿਲਾਂ ਵਿਚ ਬੈਠ ਲੈਣ ਦੇ ਦੁਆਰਾ। (ਰੋਮੀਆਂ 12:1, 2) ਨਿਰਸੰਦੇਹ, ਸਾਨੂੰ ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ ਚਾਹੀਦਾ ਹੈ। (ਇਬਰਾਨੀਆਂ 10:24, 25) ਉਦਾਸੀਨਤਾ ਨਾਲ ਸਭਾਵਾਂ ਵਿਚ ਹਾਜ਼ਰ ਹੋਣ ਦੀ ਤੁਲਨਾ ਜ਼ੰਗਾਲੇ ਹਿੱਸੇ ਉੱਤੇ ਪੇਂਟ ਫੇਰਨ ਨਾਲ ਕੀਤੀ ਜਾ ਸਕਦੀ ਹੈ। ਇਹ ਸ਼ਾਇਦ ਸਾਨੂੰ ਕੁਝ ਦੇਰ ਲਈ ਖ਼ੁਸ਼ ਰੱਖੇ, ਪਰੰਤੂ ਇਹ ਬੁਨਿਆਦੀ ਸਮੱਸਿਆ ਨੂੰ ਨਹੀਂ ਸੁਲਝਾਉਂਦਾ। ਇਸ ਦੀ ਬਜਾਇ, ਅਗਾਊਂ ਤਿਆਰੀ, ਮਨਨ, ਅਤੇ ਸਭਾਵਾਂ ਵਿਚ ਸਰਗਰਮ ਭਾਗ ਲੈਣ ਦੇ ਦੁਆਰਾ, ਅਸੀਂ ਆਕ੍ਰਮਣਸ਼ੀਲ ਢੰਗ ਨਾਲ ਉਨ੍ਹਾਂ ਖੋਰਨਸ਼ੀਲ ਤੱਤਾਂ ਨੂੰ ਹਟਾ ਸਕਦੇ ਹਾਂ ਜੋ ਸ਼ਾਇਦ ਸਾਡੇ ਲਾਖਣਿਕ ਦਿਲ ਦੀ ਤਹਿ ਵਿਚ ਅਟਕੇ ਹੋਣ। ਇਹ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਅਨੁਸਰਣ ਕਰਨ ਲਈ ਮਦਦ ਕਰੇਗਾ ਅਤੇ ਸਾਨੂੰ ਨਿਹਚਾ ਦੀਆਂ ਪਰੀਖਿਆਵਾਂ ਨੂੰ ਸਹਿਣ ਕਰਨ ਅਤੇ ‘ਹਰ ਲਿਹਾਜ਼ ਵਿਚ ਸਵਸਥ ਹੋਣ’ ਲਈ ਮਜ਼ਬੂਤ ਕਰੇਗਾ।—ਯਾਕੂਬ 1:3, 4, ਨਿ ਵ; ਕਹਾਉਤਾਂ 15:28.

ਵਿਭਚਾਰ ਦੇ ਵਿਰੁੱਧ ਚੇਤਾਵਨੀ

8-10. (ੳ) ਪਹਿਲਾ ਕੁਰਿੰਥੀਆਂ 10:8 ਵਿਚ ਕਿਹੜੇ ਚੇਤਾਵਨੀ-ਸੂਚਕ ਉਦਾਹਰਣ ਦਾ ਜ਼ਿਕਰ ਕੀਤਾ ਗਿਆ ਹੈ? (ਅ) ਮੱਤੀ 5:27, 28 ਵਿਚ ਪਾਏ ਜਾਣ ਵਾਲੇ ਯਿਸੂ ਦੇ ਸ਼ਬਦਾਂ ਨੂੰ ਲਾਭਕਾਰੀ ਢੰਗ ਨਾਲ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

8 ਪੌਲੁਸ ਦੇ ਅਗਲੇ ਉਦਾਹਰਣ ਵਿਚ, ਸਾਨੂੰ ਸਲਾਹ ਦਿੱਤੀ ਜਾਂਦੀ ਹੈ: “ਅਤੇ ਨਾ ਅਸੀਂ ਹਰਾਮਕਾਰੀ ਕਰੀਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਕੀਤੀ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਜਣਿਆਂ ਦੇ ਸੱਥਰ ਲੱਥੇ।”a (1 ਕੁਰਿੰਥੀਆਂ 10:8) ਰਸੂਲ ਉਸ ਸਮੇਂ ਦਾ ਜ਼ਿਕਰ ਕਰ ਰਿਹਾ ਸੀ ਜਦੋਂ ਇਸਰਾਏਲੀਆਂ ਨੇ ਝੂਠੇ ਦੇਵਤਿਆਂ ਅੱਗੇ ਮੱਥਾ ਟੇਕਿਆ ਅਤੇ “ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ” ਕੀਤਾ ਸੀ। (ਗਿਣਤੀ 25:1-9) ਲਿੰਗੀ ਅਨੈਤਿਕਤਾ ਜਾਨ-ਲੇਵਾ ਹੈ! ਅਨੈਤਿਕ ਵਿਚਾਰਾਂ ਅਤੇ ਕਾਮਨਾਵਾਂ ਨੂੰ ਖੁੱਲ੍ਹ ਦੇਣੀ, ਦਿਲ ਨੂੰ “ਜ਼ੰਗਾਲ ਲੱਗਣ” ਦੇਣ ਦੇ ਸਮਾਨ ਹੈ। ਯਿਸੂ ਨੇ ਆਖਿਆ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:27, 28.

9 ਨੂਹ ਦੇ ਦਿਨ ਵਿਚ ਜਲ-ਪਰਲੋ ਤੋਂ ਅਗਾਹਾਂ ਅਵੱਗਿਆਕਾਰ ਦੂਤਾਂ ਦੀ ਭ੍ਰਿਸ਼ਟ ਸੋਚਣੀ ਦਾ ਸਿੱਟਾ, ‘ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਣ’ ਦਿਆਂ ਨਤੀਜਿਆਂ ਦਾ ਸਬੂਤ ਦਿੰਦਾ ਹੈ। (ਉਤਪਤ 6:1, 2) ਨਾਲ ਹੀ, ਚੇਤੇ ਕਰੋ ਕਿ ਰਾਜਾ ਦਾਊਦ ਦੇ ਜੀਵਨ ਦੀ ਇਕ ਸਭ ਤੋਂ ਦੁਖਦਾਈ ਘਟਨਾ, ਉਸ ਵੱਲੋਂ ਇਕ ਤੀਵੀਂ ਦੀ ਤਰਫ਼ ਅਨੁਚਿਤ ਢੰਗ ਨਾਲ ਦੇਖਦੇ ਰਹਿਣ ਦੇ ਕਾਰਨ ਭੜਕੀ ਸੀ। (2 ਸਮੂਏਲ 11:1-4) ਇਸ ਦੇ ਉਲਟ, ਧਰਮੀ ਵਿਆਹੁਤਾ ਮਨੁੱਖ ਅੱਯੂਬ ਨੇ ‘ਆਪਣੀਆਂ ਅੱਖਾਂ ਨਾਲ ਨੇਮ ਕੀਤਾ ਕਿ ਉਹ ਕੁਆਰੀ ਉੱਤੇ ਅੱਖ ਨਹੀਂ ਮਟਕਾਵੇਗਾ,’ ਅਤੇ ਇਸ ਤਰ੍ਹਾਂ ਅਨੈਤਿਕਤਾ ਤੋਂ ਬਚਿਆ ਰਿਹਾ ਅਤੇ ਖਰਿਆਈ ਰੱਖਣ ਵਾਲਾ ਇਕ ਵਿਅਕਤੀ ਸਾਬਤ ਹੋਇਆ। (ਅੱਯੂਬ 31:1-3, 6-11) ਅੱਖਾਂ ਦੀ ਤੁਲਨਾ ਦਿਲ ਦੀਆਂ ਖਿੜਕੀਆਂ ਦੇ ਨਾਲ ਕੀਤੀ ਜਾ ਸਕਦੀ ਹੈ। ਅਤੇ ਇਕ ਭ੍ਰਿਸ਼ਟ ਦਿਲ ਵਿੱਚੋਂ ਹੀ ਅਨੇਕ ਦੁਸ਼ਟ ਗੱਲਾਂ ਨਿਕਲਦੀਆਂ ਹਨ।—ਮਰਕੁਸ 7:20-23.

10 ਜੇਕਰ ਅਸੀਂ ਯਿਸੂ ਦੇ ਸ਼ਬਦਾਂ ਨੂੰ ਲਾਗੂ ਕਰੀਏ, ਤਾਂ ਅਸੀਂ ਅਸ਼ਲੀਲ ਸਾਮੱਗਰੀ ਨੂੰ ਵੇਖਣ ਦੇ ਦੁਆਰਾ ਜਾਂ ਇਕ ਸੰਗੀ ਮਸੀਹੀ, ਸਹਿਕਰਮੀ, ਜਾਂ ਕਿਸੇ ਹੋਰ ਦੇ ਬਾਰੇ ਅਨੈਤਿਕ ਵਿਚਾਰ ਰੱਖਣ ਦੇ ਦੁਆਰਾ ਗ਼ਲਤ ਵਿਚਾਰਾਂ ਨੂੰ ਖੁੱਲ੍ਹ ਨਹੀਂ ਦਿਆਂਗੇ। ਕੇਵਲ ਖੋਰਨ ਨੂੰ ਉੱਤੋਂ ਹਟਾਉਣ ਦੇ ਦੁਆਰਾ ਲੋਹੇ ਤੋਂ ਜ਼ੰਗਾਲ ਖ਼ਤਮ ਨਹੀਂ ਹੋ ਜਾਂਦੀ ਹੈ। ਇਸ ਲਈ, ਅਨੈਤਿਕ ਵਿਚਾਰਾਂ ਅਤੇ ਰੁਝਾਨਾਂ ਨੂੰ ਸਰਸਰੀ ਤੌਰ ਤੇ ਹੀ ਨਾ ਹਟਾਓ, ਜਿਵੇਂ ਕਿ ਇਹ ਘੱਟ ਮਹੱਤਵ ਦੀਆਂ ਹਨ। ਆਪਣੇ ਆਪ ਨੂੰ ਅਨੈਤਿਕ ਰੁਝਾਨਾਂ ਤੋਂ ਛੁਟਕਾਰਾ ਦੁਆਉਣ ਦੇ ਲਈ ਜ਼ਬਰਦਸਤ ਕਦਮ ਚੁੱਕੋ। (ਤੁਲਨਾ ਕਰੋ ਮੱਤੀ 5:29, 30.) ਪੌਲੁਸ ਸੰਗੀ ਵਿਸ਼ਵਾਸੀਆਂ ਨੂੰ ਤਾਕੀਦ ਕਰਦਾ ਹੈ: “ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ। ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ . . . ਪੈਂਦਾ ਹੈ।” ਜੀ ਹਾਂ, ਲਿੰਗੀ ਅਨੈਤਿਕਤਾ ਵਰਗੀਆਂ ਗੱਲਾਂ ਦੇ ਕਾਰਨ, “ਪਰਮੇਸ਼ੁਰ ਦਾ ਕ੍ਰੋਧ,” ਉਸ ਦੇ ਸਰਾਪ ਦੇ ਪ੍ਰਗਟਾਉ ਵਜੋਂ “ਪੈਂਦਾ ਹੈ।” ਇਸ ਲਈ ਸਾਨੂੰ ਇਨ੍ਹਾਂ ਮਾਮਲਿਆਂ ਵਿਚ ਆਪਣੇ ਸਰੀਰ ਦਿਆਂ ਅੰਗਾਂ ਨੂੰ ‘ਮਾਰ ਸੁੱਟਣ’ ਦੀ ਲੋੜ ਹੈ।—ਕੁਲੁੱਸੀਆਂ 3:5, 6.

ਬਾਗ਼ੀ ਸ਼ਿਕਾਇਤਾਂ ਦੇ ਵਿਰੁੱਧ ਚੇਤਾਵਨੀ

11, 12. (ੳ) ਪਹਿਲਾ ਕੁਰਿੰਥੀਆਂ 10:9 ਵਿਚ ਕਿਹੜੀ ਚੇਤਾਵਨੀ ਦਿੱਤੀ ਜਾਂਦੀ ਹੈ, ਅਤੇ ਕਿਹੜੀ ਵਾਰਦਾਤ ਦਾ ਜ਼ਿਕਰ ਹੋ ਰਿਹਾ ਸੀ? (ਅ) ਸਾਡੇ ਉੱਤੇ ਪੌਲੁਸ ਦੀ ਚੇਤਾਵਨੀ ਦਾ ਕਿਵੇਂ ਅਸਰ ਪੈਣਾ ਚਾਹੀਦਾ ਹੈ?

11 ਇਸ ਮਗਰੋਂ ਪੌਲੁਸ ਚੇਤਾਵਨੀ ਦਿੰਦਾ ਹੈ: “ਅਤੇ ਨਾ ਅਸੀਂ ਪ੍ਰਭੁ ਨੂੰ ਪਰਤਾਈਏ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ।” (1 ਕੁਰਿੰਥੀਆਂ 10:9) ਅਦੋਮ ਦੇਸ਼ ਦੇ ਸਰਹੱਦ ਦੇ ਨੇੜੇ ਉਜਾੜ ਵਿਚ ਯਾਤਰਾ ਕਰਦੇ ਸਮੇਂ, ਇਸਰਾਏਲੀ ਲੋਕ “ਯਹੋਵਾਹ ਦੇ ਵਿਰੁੱਧ ਅਤੇ ਮੂਸਾ ਦੇ ਵਿਰੁੱਧ [ਬੋਲੇ] ਭਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹਾਂ ਲੈ ਆਏ ਤਾਂ ਜੋ ਅਸੀਂ ਉਜਾੜ ਵਿੱਚ ਮਰੀਏ? ਏੱਥੇ ਨਾ ਰੋਟੀ ਹੈ, ਨਾ ਪਾਣੀ ਹੈ। ਸਾਡੀਆਂ ਜਾਨਾਂ ਏਸ ਨਿਕੰਮੀ ਰੋਟੀ,” ਅਥਵਾ ਚਮਤਕਾਰੀ ਢੰਗ ਨਾਲ ਪ੍ਰਦਾਨ ਕੀਤੇ ਗਏ ਮੰਨ, “ਤੋਂ ਅੱਕ ਗਈਆਂ ਹਨ।” (ਗਿਣਤੀ 21:4, 5) ਜ਼ਰਾ ਸੋਚੋ! ਉਹ ਇਸਰਾਏਲੀ ਲੋਕ ‘ਯਹੋਵਾਹ ਦੇ ਵਿਰੁੱਧ ਬੋਲੀ ਗਏ’!

12 ਆਪਣੀਆਂ ਸ਼ਿਕਾਇਤਾਂ ਦੇ ਦੁਆਰਾ, ਇਸਰਾਏਲੀ ਲੋਕ ਯਹੋਵਾਹ ਦੇ ਸਬਰ ਨੂੰ ਪਰਖ ਰਹੇ ਸਨ। ਸਜ਼ਾ ਜ਼ਰੂਰ ਦਿੱਤੀ ਗਈ, ਕਿਉਂ ਜੋ ਯਹੋਵਾਹ ਨੇ ਉਨ੍ਹਾਂ ਵਿਚਕਾਰ ਜ਼ਹਿਰੀਲੇ ਸੱਪਾਂ ਨੂੰ ਭੇਜਿਆ, ਅਤੇ ਅਨੇਕ ਲੋਕ ਸੱਪ ਦੇ ਡੱਸਣ ਤੋਂ ਮਰ ਗਏ। ਲੋਕਾਂ ਵੱਲੋਂ ਤੋਬਾ ਕਰਨ ਅਤੇ ਮੂਸਾ ਵੱਲੋਂ ਉਨ੍ਹਾਂ ਨਿਮਿੱਤ ਬੇਨਤੀ ਕਰਨ ਦੇ ਮਗਰੋਂ, ਉਹ ਆਫ਼ਤ ਰੋਕੀ ਗਈ। (ਗਿਣਤੀ 21:6-9) ਨਿਸ਼ਚੇ ਹੀ ਇਸ ਵਾਰਦਾਤ ਨੂੰ ਸਾਡੇ ਲਈ ਇਕ ਚੇਤਾਵਨੀ ਵਜੋਂ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ, ਖ਼ਾਸ ਕਰਕੇ ਪਰਮੇਸ਼ੁਰ ਅਤੇ ਉਸ ਦੇ ਦੈਵ-ਸ਼ਾਸਕੀ ਪ੍ਰਬੰਧਾਂ ਦੇ ਵਿਰੁੱਧ, ਇਕ ਬਾਗ਼ੀ, ਸ਼ਿਕਾਇਤੀ ਪ੍ਰਵਿਰਤੀ ਨਾ ਦਿਖਾਈਏ।

ਬੁੜਬੁੜਾਉਣ ਦੇ ਵਿਰੁੱਧ ਚੇਤਾਵਨੀ

13. ਪਹਿਲਾ ਕੁਰਿੰਥੀਆਂ 10:10 ਕਿਸ ਚੀਜ਼ ਦੇ ਵਿਰੁੱਧ ਚੇਤਾਵਨੀ ਦਿੰਦਾ ਹੈ, ਅਤੇ ਪੌਲੁਸ ਕਿਹੜੀ ਬਗਾਵਤ ਬਾਰੇ ਸੋਚ ਰਿਹਾ ਸੀ?

13 ਉਜਾੜ ਵਿਚ ਇਸਰਾਏਲੀਆਂ ਦੇ ਨਾਲ ਸੰਬੰਧਿਤ ਆਪਣੇ ਆਖ਼ਰੀ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਪੌਲੁਸ ਲਿਖਦਾ ਹੈ: “ਅਤੇ ਨਾ ਤੁਸੀਂ ਬੁੜ ਬੁੜ ਕਰੋ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਬੁੜ ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ।” (1 ਕੁਰਿੰਥੀਆਂ 10:10) ਬਗਾਵਤ ਭੜਕ ਉੱਠਿਆ ਜਦੋਂ ਕੋਰਹ, ਦਾਥਾਨ, ਅਬੀਰਾਮ, ਅਤੇ ਉਨ੍ਹਾਂ ਦਿਆਂ ਸਾਥੀਆਂ ਨੇ ਦੈਵ-ਸ਼ਾਸਕੀ ਤਰੀਕੇ ਦੇ ਉਲਟ ਕੰਮ ਕੀਤਾ ਅਤੇ ਮੂਸਾ ਤੇ ਹਾਰੂਨ ਦੇ ਇਖ਼ਤਿਆਰ ਨੂੰ ਚੁਣੌਤੀ ਦਿੱਤੀ। (ਗਿਣਤੀ 16:1-3) ਬਾਗ਼ੀਆਂ ਦੇ ਵਿਨਾਸ਼ ਮਗਰੋਂ, ਇਸਰਾਏਲੀਆਂ ਨੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ। ਇਹ ਇਸ ਲਈ ਸੀ ਕਿਉਂਕਿ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਬਾਗ਼ੀਆਂ ਦਾ ਵਿਨਾਸ਼ ਨਾਵਾਜਬ ਸੀ। ਗਿਣਤੀ 16:41 ਬਿਆਨ ਕਰਦੀ ਹੈ: “ਅਗਲੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਏਹ ਆਖ ਕੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਉਣ ਲੱਗੀ ਕਿ ਤੁਸਾਂ ਯਹੋਵਾਹ ਦੀ ਪਰਜਾ ਨੂੰ ਮਾਰ ਸੁੱਟਿਆ!” ਜਿਸ ਤਰੀਕੇ ਨਾਲ ਉਸ ਮੌਕੇ ਤੇ ਨਿਆਉਂ ਦੀ ਪੂਰਤੀ ਹੋਈ, ਉਸ ਵਿਚ ਨੁਕਸ ਕੱਢਣ ਦੇ ਸਿੱਟੇ ਵਜੋਂ, 14,700 ਇਸਰਾਏਲੀ ਇਕ ਈਸ਼ਵਰੀ ਢੰਗ ਨਾਲ ਭੇਜੀ ਗਈ ਬਵਾ ਦੁਆਰਾ ਮਾਰੇ ਗਏ।—ਗਿਣਤੀ 16:49.

14, 15. (ੳ) ਕਲੀਸਿਯਾ ਵਿਚ ਚੋਰੀ ਆ ਵੜਨ ਵਾਲੇ ‘ਸ਼ਤਾਨੀ ਮਨੁੱਖਾਂ’ ਦਿਆਂ ਪਾਪਾਂ ਵਿੱਚੋਂ ਇਕ ਪਾਪ ਕੀ ਸੀ? (ਅ) ਕੋਰਹ ਨਾਲ ਸੰਬੰਧਿਤ ਵਾਰਦਾਤ ਤੋਂ ਕੀ ਸਿੱਖਿਆ ਜਾ ਸਕਦਾ ਹੈ?

14 ਪਹਿਲੀ ਸਦੀ ਸਾ.ਯੁ. ਵਿਚ, ਮਸੀਹੀ ਕਲੀਸਿਯਾ ਵਿਚ ਚੋਰੀ ਆ ਵੜਨ ਵਾਲੇ “ਸ਼ਤਾਨੀ ਮਨੁੱਖ” ਝੂਠੇ ਸਿੱਖਿਅਕ ਹੋਣ ਦੇ ਨਾਲ-ਨਾਲ ਬੁੜਬੁੜਾਉਣ ਵਾਲੇ ਵੀ ਸਾਬਤ ਹੋਏ। ਇਹ ਮਨੁੱਖ “ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ” ਸਨ, ਉਹ ਮਸਹ ਕੀਤੇ ਗਏ ਮਨੁੱਖ ਜਿਨ੍ਹਾਂ ਨੂੰ ਉਸ ਵੇਲੇ ਕਲੀਸਿਯਾ ਦੀ ਅਧਿਆਤਮਿਕ ਨਿਗਰਾਨੀ ਸੌਂਪੀ ਗਈ ਸੀ। ਉਨ੍ਹਾਂ ਸ਼ਤਾਨੀ ਧਰਮ-ਤਿਆਗੀਆਂ ਦੇ ਬਾਰੇ ਚੇਲੇ ਯਹੂਦਾਹ ਨੇ ਇਹ ਵੀ ਕਿਹਾ: “ਏਹ ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਦੇ ਹਨ।” (ਯਹੂਦਾਹ 3, 4, 8, 16) ਅੱਜ, ਕੁਝ ਵਿਅਕਤੀ ਬੁੜਬੁੜਾਉਣ ਵਾਲੇ ਬਣ ਜਾਂਦੇ ਹਨ ਕਿਉਂਕਿ ਉਹ ਆਪਣੇ ਦਿਲ ਵਿਚ ਇਕ ਅਧਿਆਤਮਿਕ ਤੌਰ ਤੇ ਖੋਰਨਸ਼ੀਲ ਰਵੱਈਏ ਨੂੰ ਵਿਕਸਿਤ ਹੋਣ ਦਿੰਦੇ ਹਨ। ਅਕਸਰ ਉਹ ਕਲੀਸਿਯਾ ਵਿਚ ਨਿਗਰਾਨੀ ਦੇ ਪਦਾਂ ਨੂੰ ਸੰਭਾਲਣ ਵਾਲਿਆਂ ਦੀਆਂ ਅਪੂਰਣਤਾਵਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਬੁੜਬੁੜਾਉਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦਾ ਬੁੜਬੁੜਾਉਣਾ ਅਤੇ ਸ਼ਿਕਾਇਤ ਕਰਨਾ ਸ਼ਾਇਦ ‘ਮਾਤਬਰ ਨੌਕਰ’ ਦਿਆਂ ਪ੍ਰਕਾਸ਼ਨਾਂ ਦੀ ਆਲੋਚਨਾ ਕਰਨ ਦੀ ਹੱਦ ਤਕ ਵੀ ਪਹੁੰਚ ਜਾਵੇ।

15 ਇਕ ਸ਼ਾਸਤਰ ਸੰਬੰਧੀ ਵਿਸ਼ੇ ਬਾਰੇ ਸੁਹਿਰਦ ਸਵਾਲ ਪੁੱਛਣੇ ਉਚਿਤ ਹਨ। ਪਰੰਤੂ ਉਦੋਂ ਕੀ ਜੇਕਰ ਸਾਡੇ ਵਿਚ ਇਕ ਨਕਾਰਾਤਮਕ ਰਵੱਈਆ ਵਿਕਸਿਤ ਹੋ ਜਾਂਦਾ ਹੈ ਜੋ ਨਜ਼ਦੀਕੀ ਮਿੱਤਰਾਂ ਦੇ ਦਾਇਰੇ ਵਿਚ ਆਲੋਚਕ ਚਰਚਿਆਂ ਦੁਆਰਾ ਪ੍ਰਗਟ ਹੁੰਦਾ ਹੈ? ਸਾਡਾ ਆਪਣੇ ਆਪ ਤੋਂ ਇਹ ਪੁੱਛਣਾ ਵਧੀਆ ਹੋਵੇਗਾ, ‘ਇਸ ਦਾ ਸੰਭਾਵੀ ਸਿੱਟਾ ਕੀ ਹੋਵੇਗਾ? ਕੀ ਬੁੜਬੁੜਾਉਣਾ ਛੱਡ ਕੇ ਬੁੱਧੀ ਲਈ ਨਿਮਰਤਾ ਨਾਲ ਪ੍ਰਾਰਥਨਾ ਕਰਨਾ ਕਿਤੇ ਹੀ ਜ਼ਿਆਦਾ ਬਿਹਤਰ ਨਹੀਂ ਹੋਵੇਗਾ?’ (ਯਾਕੂਬ 1:5-8; ਯਹੂਦਾਹ 17-21) ਕੋਰਹ ਅਤੇ ਉਸ ਦੇ ਸਮਰਥਕ, ਜਿਨ੍ਹਾਂ ਨੇ ਮੂਸਾ ਅਤੇ ਹਾਰੂਨ ਦੇ ਇਖ਼ਤਿਆਰ ਦੇ ਵਿਰੁੱਧ ਬਗਾਵਤ ਕੀਤੀ ਸੀ, ਸ਼ਾਇਦ ਆਪਣੇ ਦ੍ਰਿਸ਼ਟੀਕੋਣ ਦੇ ਵਾਜਬ ਹੋਣ ਬਾਰੇ ਇੰਨੇ ਨਿਸ਼ਚਿਤ ਸਨ ਕਿ ਉਨ੍ਹਾਂ ਨੇ ਆਪਣੇ ਮਨੋਰਥਾਂ ਨੂੰ ਨਹੀਂ ਪਰਖਿਆ। ਫਿਰ ਵੀ, ਉਹ ਬਿਲਕੁਲ ਗ਼ਲਤ ਸਨ। ਉਹ ਇਸਰਾਏਲੀ ਵੀ ਗ਼ਲਤ ਸਨ ਜਿਨ੍ਹਾਂ ਨੇ ਕੋਰਹ ਅਤੇ ਹੋਰ ਬਾਗ਼ੀਆਂ ਦੇ ਵਿਨਾਸ਼ ਦੇ ਬਾਰੇ ਬੁੜਬੁੜਾਇਆ ਸੀ। ਇਹ ਕਿੰਨੀ ਹੀ ਬੁੱਧੀਮਤਾ ਹੋਵੇਗੀ ਕਿ ਅਸੀਂ ਇਨ੍ਹਾਂ ਉਦਾਹਰਣਾਂ ਤੋਂ ਪ੍ਰੇਰਿਤ ਹੋ ਕੇ ਖ਼ੁਦ ਦੇ ਮਨੋਰਥਾਂ ਨੂੰ ਪਰਖੀਏ, ਬੁੜਬੁੜਾਉਣ ਜਾਂ ਸ਼ਿਕਾਇਤ ਕਰਨ ਦੇ ਕੰਮ ਨੂੰ ਦੂਰ ਕਰੀਏ, ਅਤੇ ਖ਼ੁਦ ਨੂੰ ਯਹੋਵਾਹ ਵੱਲੋਂ ਸ਼ੁੱਧ ਹੋਣ ਦੇਈਏ!—ਜ਼ਬੂਰ 17:1-3.

ਸਿੱਖੋ, ਅਤੇ ਬਰਕਤਾਂ ਦਾ ਆਨੰਦ ਮਾਣੋ

16. ਪਹਿਲਾ ਕੁਰਿੰਥੀਆਂ 10:11, 12 ਵਿਚ ਦਿੱਤੇ ਗਏ ਉਪਦੇਸ਼ ਦਾ ਸਾਰ ਕੀ ਹੈ?

16 ਈਸ਼ਵਰੀ ਪ੍ਰੇਰਣਾ ਹੇਠ, ਪੌਲੁਸ ਨੇ ਇਸ ਉਪਦੇਸ਼ ਦੇ ਨਾਲ ਚੇਤਾਵਨੀ-ਸੂਚਕ ਸੰਦੇਸ਼ਾਂ ਦੀ ਸੂਚੀ ਸਮਾਪਤ ਕੀਤੀ: “ਇਹ ਸਭ ਜੋ ਉਹਨਾਂ ਦੇ ਨਾਲ ਵਾਪਰਿਆ। ਇਹ ਸਭ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਦੇ ਲਈ ਲਿਖਿਆ ਗਿਆ ਸੀ। ਕਿਉਂਕਿ ਅਸੀਂ ਇਹੋ ਜਿਹੇ ਜੁਗਾਂ ਦੇ ਅੰਤਮ ਸਮੇਂ ਵਿਚ ਰਹਿ ਰਹੇ ਹਾਂ। ਇਸ ਲਈ ਜੋ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ; ਉਹ ਸਾਵਧਾਨ ਰਹੇ ਕਿ ਕਿਤੇ ਡਿਗ ਨਾ ਪਵੇ।” (1 ਕੁਰਿੰਥੀਆਂ 10:11, 12, ਨਵਾਂ ਅਨੁਵਾਦ) ਮਸੀਹੀ ਕਲੀਸਿਯਾ ਵਿਚ ਅਸੀਂ ਆਪਣੀ ਸਥਿਤੀ ਨੂੰ ਆਮ ਗੱਲ ਨਾ ਸਮਝੀਏ।

17. ਸਾਨੂੰ ਕੀ ਕਰਨਾ ਚਾਹੀਦਾ ਹੈ, ਜੇਕਰ ਅਸੀਂ ਆਪਣੇ ਦਿਲ ਵਿਚ ਇਕ ਅਨੁਚਿਤ ਮਨੋਰਥ ਭਾਂਪ ਲੈਂਦੇ ਹਾਂ?

17 ਜਿਵੇਂ ਲੋਹਾ ਜ਼ੰਗਾਲ ਲੱਗਣ ਦਾ ਝੁਕਾਉ ਰੱਖਦਾ ਹੈ, ਉਵੇਂ ਹੀ ਅਸੀਂ ਪਾਪੀ ਆਦਮ ਦੀ ਸੰਤਾਨ ਨੇ ਬੁਰਾਈ ਵੱਲ ਝੁਕਾਉ ਨੂੰ ਵਿਰਸੇ ਵਿਚ ਹਾਸਲ ਕੀਤਾ ਹੈ। (ਉਤਪਤ 8:21; ਰੋਮੀਆਂ 5:12) ਇਸ ਲਈ, ਸਾਨੂੰ ਨਿਰਉਤਸ਼ਾਹਿਤ ਨਹੀਂ ਹੋਣਾ ਚਾਹੀਦਾ ਹੈ ਜੇਕਰ ਅਸੀਂ ਆਪਣੇ ਦਿਲ ਵਿਚ ਇਕ ਅਨੁਚਿਤ ਮਨੋਰਥ ਭਾਂਪ ਲੈਂਦੇ ਹਾਂ। ਇਸ ਦੀ ਬਜਾਇ, ਆਓ ਅਸੀਂ ਨਿਰਣਾਇਕ ਕਦਮ ਚੁੱਕੀਏ। ਜਦੋਂ ਲੋਹੇ ਨੂੰ ਸਿੱਲ੍ਹੀ ਹਵਾ ਵਿਚ ਜਾਂ ਇਕ ਖਾਰਕ ਵਾਤਾਵਰਣ ਵਿਚ ਖੁੱਲ੍ਹਾ ਛੱਡਿਆ ਜਾਂਦਾ ਹੈ, ਤਾਂ ਇਸ ਦੀ ਖੋਰਨ ਅਤਿ ਵੱਧ ਜਾਂਦੀ ਹੈ। ਸਾਨੂੰ ਸ਼ਤਾਨ ਦੇ ਸੰਸਾਰ ਦੀ ‘ਹਵਾ,’ ਜਿਸ ਵਿਚ ਇਸ ਦੇ ਘਿਣਾਉਣੇ ਮਨੋਰੰਜਨ, ਵਿਆਪਕ ਅਨੈਤਿਕਤਾ, ਅਤੇ ਮਨ ਦੇ ਨਕਾਰਾਤਮਕ ਰੁਝਾਨ ਸ਼ਾਮਲ ਹਨ, ਦੇ ਸਾਮ੍ਹਣੇ ਖ਼ੁਦ ਨੂੰ ਖੁੱਲ੍ਹਾ ਛੱਡਣ ਤੋਂ ਬਚੇ ਰਹਿਣ ਦੀ ਲੋੜ ਹੈ।—ਅਫ਼ਸੀਆਂ 2:1, 2.

18. ਯਹੋਵਾਹ ਨੇ ਮਨੁੱਖਜਾਤੀ ਦੇ ਗ਼ਲਤ ਰੁਝਾਨਾਂ ਦੇ ਸੰਬੰਧ ਵਿਚ ਕੀ ਕੀਤਾ ਹੈ?

18 ਯਹੋਵਾਹ ਨੇ ਸਾਡੇ ਲਈ ਇਕ ਜ਼ਰੀਆ ਪ੍ਰਦਾਨ ਕੀਤਾ ਹੈ ਜਿਸ ਦੁਆਰਾ ਅਸੀਂ ਵਿਰਸੇ ਵਿਚ ਹਾਸਲ ਕੀਤੇ ਹੋਏ ਗ਼ਲਤ ਰੁਝਾਨਾਂ ਦਾ ਵਿਰੋਧ ਕਰ ਸਕਦੇ ਹਾਂ। ਉਸ ਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਤਾਂ ਜੋ ਉਸ ਵਿਚ ਨਿਹਚਾ ਰੱਖਣ ਵਾਲੇ ਵਿਅਕਤੀ ਸਦੀਪਕ ਜੀਵਨ ਹਾਸਲ ਕਰ ਸਕਣ। (ਯੂਹੰਨਾ 3:16) ਜੇਕਰ ਅਸੀਂ ਯਿਸੂ ਦੀ ਪੈੜ ਉੱਤੇ ਤੁਰੀਏ ਅਤੇ ਇਕ ਮਸੀਹ-ਸਮਾਨ ਵਿਅਕਤਿੱਤਵ ਪ੍ਰਗਟ ਕਰੀਏ, ਤਾਂ ਅਸੀਂ ਦੂਸਰਿਆਂ ਦੇ ਲਈ ਇਕ ਬਰਕਤ ਹੋਵਾਂਗੇ। (1 ਪਤਰਸ 2:21) ਨਾਲੇ ਅਸੀਂ ਸਰਾਪ ਨਹੀਂ, ਬਲਕਿ ਈਸ਼ਵਰੀ ਬਰਕਤਾਂ ਹਾਸਲ ਕਰਾਂਗੇ।

19. ਅਸੀਂ ਸ਼ਾਸਤਰ ਸੰਬੰਧੀ ਉਦਾਹਰਣਾਂ ਉੱਤੇ ਵਿਚਾਰ ਕਰਨ ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ?

19 ਹਾਲਾਂਕਿ ਅਸੀਂ ਅੱਜ ਗ਼ਲਤੀ ਕਰਨ ਵੱਲ ਉੱਨੀ ਹੀ ਗੁੰਜਾਇਸ਼ ਰੱਖਦੇ ਹਾਂ ਜਿੰਨੀ ਕਿ ਪ੍ਰਾਚੀਨ ਇਸਰਾਏਲੀ ਰੱਖਦੇ ਸਨ, ਸਾਡੇ ਕੋਲ ਸਾਨੂੰ ਮਾਰਗ-ਦਰਸ਼ਿਤ ਕਰਨ ਲਈ ਪਰਮੇਸ਼ੁਰ ਦਾ ਪੂਰਣ ਲਿਖਤ ਬਚਨ ਹੈ। ਇਸ ਦੇ ਪੰਨਿਆਂ ਵਿੱਚੋਂ ਅਸੀਂ ਯਹੋਵਾਹ ਦੇ ਮਨੁੱਖਜਾਤੀ ਦੇ ਨਾਲ ਵਰਤਾਉ ਬਾਰੇ, ਅਤੇ ਨਾਲ ਹੀ ਉਸ ਦੇ ਗੁਣਾਂ ਬਾਰੇ ਸਿੱਖਦੇ ਹਾਂ ਜਿਨ੍ਹਾਂ ਦਾ ਉਦਾਹਰਣ ਯਿਸੂ ਵਿਚ ਦੇਖਿਆ ਜਾਂਦਾ ਹੈ, ਉਹ ਜੋ ‘ਪਰਮੇਸ਼ੁਰ ਦੇ ਤੇਜ ਦਾ ਪਿਰਤ ਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੈ।’ (ਇਬਰਾਨੀਆਂ 1:1-3; ਯੂਹੰਨਾ 14:9, 10) ਪ੍ਰਾਰਥਨਾ ਅਤੇ ਸ਼ਾਸਤਰ ਦੇ ਉੱਦਮੀ ਅਧਿਐਨ ਦੇ ਦੁਆਰਾ, ਅਸੀਂ “ਮਸੀਹ ਦੀ ਬੁੱਧੀ” ਹਾਸਲ ਕਰ ਸਕਦੇ ਹਾਂ। (1 ਕੁਰਿੰਥੀਆਂ 2:16) ਪਰਤਾਵਿਆਂ ਅਤੇ ਆਪਣੀ ਨਿਹਚਾ ਦੀਆਂ ਦੂਜੀਆਂ ਪਰੀਖਿਆਵਾਂ ਦਾ ਸਾਮ੍ਹਣਾ ਕਰਦੇ ਸਮੇਂ, ਅਸੀਂ ਪ੍ਰਾਚੀਨ ਸ਼ਾਸਤਰ ਸੰਬੰਧੀ ਉਦਾਹਰਣਾਂ ਅਤੇ ਖ਼ਾਸ ਤੌਰ ਤੇ ਯਿਸੂ ਮਸੀਹ ਦੇ ਸਰਬੋਤਮ ਉਦਾਹਰਣ ਉੱਤੇ ਵਿਚਾਰ ਕਰ ਕੇ ਲਾਭ ਹਾਸਲ ਕਰ ਸਕਦੇ ਹਾਂ। ਜੇਕਰ ਅਸੀਂ ਇੰਜ ਕਰਦੇ ਹਾਂ, ਤਾਂ ਸਾਨੂੰ ਈਸ਼ਵਰੀ ਸਰਾਪਾਂ ਦੀ ਪੂਰਤੀ ਦਾ ਅਨੁਭਵ ਨਹੀਂ ਕਰਨਾ ਪਵੇਗਾ। ਇਸ ਦੀ ਬਜਾਇ, ਅਸੀਂ ਅੱਜ ਯਹੋਵਾਹ ਦੀ ਕਿਰਪਾ ਅਤੇ ਸਦਾ ਦੇ ਲਈ ਉਸ ਦੀਆਂ ਬਰਕਤਾਂ ਦਾ ਆਨੰਦ ਮਾਣਾਂਗੇ। (w96 6/15)

[ਫੁਟਨੋਟ]

a ਜੁਲਾਈ 15, 1992, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 4 ਦੇਖੋ।

ਤੁਸੀਂ ਕਿਵੇਂ ਜਵਾਬ ਦਿਓਗੇ?

◻ ਅਸੀਂ ਪੌਲੁਸ ਦੀ ਮੂਰਤੀ-ਪੂਜਕ ਨਾ ਬਣਨ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

◻ ਵਿਭਚਾਰ ਦੇ ਵਿਰੁੱਧ ਰਸੂਲ ਦੀ ਚੇਤਾਵਨੀ ਉੱਤੇ ਧਿਆਨ ਦੇਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ?

◻ ਸਾਨੂੰ ਬੁੜਬੁੜਾਉਣ ਅਤੇ ਸ਼ਿਕਾਇਤ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?

◻ ਅਸੀਂ ਸਰਾਪ ਦੀ ਬਜਾਇ, ਈਸ਼ਵਰੀ ਬਰਕਤਾਂ ਨੂੰ ਕਿਵੇਂ ਹਾਸਲ ਕਰ ਸਕਦੇ ਹਾਂ?

[ਸਫ਼ੇ 26 ਉੱਤੇ ਤਸਵੀਰ]

ਜੇਕਰ ਅਸੀਂ ਈਸ਼ਵਰੀ ਬਰਕਤਾਂ ਚਾਹੁੰਦੇ ਹਾਂ, ਤਾਂ ਸਾਨੂੰ ਮੂਰਤੀ-ਪੂਜਾ ਤੋਂ ਬਚਣਾ ਚਾਹੀਦਾ ਹੈ

[ਸਫ਼ੇ 28 ਉੱਤੇ ਤਸਵੀਰ]

ਠੀਕ ਜਿਵੇਂ ਜ਼ੰਗਾਲ ਨੂੰ ਹਟਾਉਣ ਦੀ ਲੋੜ ਹੁੰਦੀ ਹੈ, ਆਓ ਅਸੀਂ ਆਪਣੇ ਦਿਲਾਂ ਵਿੱਚੋਂ ਅਨੁਚਿਤ ਕਾਮਨਾਵਾਂ ਨੂੰ ਹਟਾਉਣ ਲਈ ਸਕਾਰਾਤਮਕ ਕਦਮ ਚੁੱਕੀਏ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ