ਕੀ ਅਸੀਂ ਪਹਿਲਾਂ ਇਹ ਗੱਲ ਨਹੀਂ ਸੁਣੀ?
1 ਬਿਲਕੁਲ ਅਸੀਂ ਸੁਣੀ ਹੈ! ਯਹੋਵਾਹ ਨੇ ਆਪਣੇ ਲੋਕਾਂ ਦੇ ਫ਼ਾਇਦੇ ਲਈ ਆਪਣੇ ਬਚਨ ਵਿਚ ਬਹੁਤ ਸਾਰੀਆਂ ਗੱਲਾਂ ਨੂੰ ਵਾਰ-ਵਾਰ ਦੱਸਿਆ ਹੈ। ਯਿਸੂ ਨੇ ਵੀ ਅਕਸਰ ਰਾਜ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਆਪਣੀਆਂ ਸਿੱਖਿਆਵਾਂ ਨੂੰ ਦੁਹਰਾਇਆ ਸੀ। ਉਸ ਦੇ ਰਸੂਲਾਂ ਨੇ ਵੀ ਉਨ੍ਹਾਂ ਵਿਅਕਤੀਆਂ ਨੂੰ ਅਧਿਆਤਮਿਕ ਗੱਲਾਂ ਵਾਰ-ਵਾਰ ਦੱਸੀਆਂ ਜੋ ਸੱਚਾਈ ਵਿਚ ਪੱਕੀ ਤਰ੍ਹਾਂ ਜੜ੍ਹ ਫੜ ਚੁੱਕੇ ਸਨ।—ਰੋਮੀ. 15:15; 2 ਪਤ. 1:12, 13; 3:1, 2.
2 ਸਾਡੇ ਸਮੇਂ ਵਿਚ ਵੀ ਯਹੋਵਾਹ ਦੇ ਸੰਗਠਨ ਨੇ ਇੰਤਜ਼ਾਮ ਕੀਤਾ ਹੈ ਕਿ ਕਲੀਸਿਯਾ ਦੀਆਂ ਸਭਾਵਾਂ ਵਿਚ ਮਹੱਤਵਪੂਰਣ ਵਿਸ਼ਿਆਂ ਨੂੰ ਦੁਹਰਾਇਆ ਜਾਵੇ। ਕੁਝ ਪ੍ਰਕਾਸ਼ਨਾਂ ਦਾ ਵਾਰ-ਵਾਰ ਅਧਿਐਨ ਕੀਤਾ ਜਾਂਦਾ ਹੈ। ਜੀ ਹਾਂ, ਜੋ ਗੱਲਾਂ ਅਸੀਂ ਪਹਿਲਾਂ ਸੁਣ ਚੁੱਕੇ ਹਾਂ, ਉਨ੍ਹਾਂ ਗੱਲਾਂ ਨੂੰ ਦੁਬਾਰਾ ਸੁਣਨਾ ਬਹੁਤ ਜ਼ਰੂਰੀ ਹੈ!
3 ਵਾਰ-ਵਾਰ ਦੱਸਣ ਨਾਲ ਖ਼ਾਸ ਲੋੜ ਪੂਰੀ ਹੁੰਦੀ ਹੈ: ਯਹੋਵਾਹ ਦੀਆਂ ਯਾਦ-ਦਹਾਨੀਆਂ ਸਾਡੀ ਸਮਝ ਨੂੰ ਅਤੇ ਸਾਡੇ ਨਜ਼ਰੀਏ ਨੂੰ ਵਧਾਉਂਦੀਆਂ ਹਨ ਤੇ ਅਧਿਆਤਮਿਕਤਾ ਬਣਾਈ ਰੱਖਣ ਦੇ ਸਾਡੇ ਦ੍ਰਿੜ੍ਹ ਇਰਾਦੇ ਨੂੰ ਮਜ਼ਬੂਤ ਕਰਦੀਆਂ ਹਨ। (ਜ਼ਬੂ. 119:129) ਪਰਮੇਸ਼ੁਰ ਦੇ ਮਿਆਰਾਂ ਅਤੇ ਸਿਧਾਂਤਾਂ ਨੂੰ ਦੁਹਰਾਉਣਾ ਖ਼ੁਦ ਨੂੰ ਸ਼ੀਸ਼ੇ ਵਿਚ ਦੇਖਣ ਦੇ ਬਰਾਬਰ ਹੈ। ਇਹ ਸਾਨੂੰ ਆਪਣੀ ਜਾਂਚ ਕਰਨ ਵਿਚ ਮਦਦ ਕਰਦੀਆਂ ਹਨ ਅਤੇ ਅਜਿਹਾ ਇਨਸਾਨ ਬਣਨ ਤੋਂ ਰੋਕਦੀਆਂ ਹਨ ਜਿਹੜਾ ‘ਸੁਣ ਕੇ ਭੁੱਲ ਜਾਂਦਾ’ ਹੈ।—ਯਾਕੂ. 1:22-25.
4 ਜੇਕਰ ਅਸੀਂ ਬਾਈਬਲ ਸੱਚਾਈਆਂ ਨੂੰ ਚੇਤੇ ਨਹੀਂ ਰੱਖਦੇ, ਤਾਂ ਦੂਸਰੀਆਂ ਗੱਲਾਂ ਸਾਡੇ ਮਨਾਂ ਉੱਤੇ ਅਸਰ ਪਾਉਣਗੀਆਂ। ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਸਾਨੂੰ ਸ਼ਤਾਨ ਦੇ ਸੰਸਾਰ ਦੇ ਬੁਰੇ ਪ੍ਰਭਾਵਾਂ ਦਾ ਵਿਰੋਧ ਕਰਨ ਦੀ ਤਾਕਤ ਬਖ਼ਸ਼ਦੀਆਂ ਹਨ। (ਜ਼ਬੂ. 119:2, 3, 99, 133; ਫ਼ਿਲਿ. 3:1) ਪਰਮੇਸ਼ੁਰ ਦੇ ਮਕਸਦਾਂ ਦੀ ਪੂਰਤੀ ਬਾਰੇ ਸਾਨੂੰ ਜੋ ਬਾਕਾਇਦਾ ਯਾਦ-ਦਹਾਨੀਆਂ ਮਿਲਦੀਆਂ ਹਨ, ਉਹ ਸਾਨੂੰ ‘ਜਾਗਦੇ ਰਹਿਣ’ ਲਈ ਪ੍ਰੇਰਿਤ ਕਰਦੀਆਂ ਹਨ। (ਮਰ. 13:32-37) ਬਾਈਬਲ ਸੱਚਾਈਆਂ ਨੂੰ ਦੁਹਰਾਉਣ ਨਾਲ ਸਦੀਪਕ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਸਾਡੀ ਮਦਦ ਹੁੰਦੀ ਹੈ।—ਜ਼ਬੂ. 119:144.
5 ਅਸੀਂ ਇਨ੍ਹਾਂ ਤੋਂ ਕਿਵੇਂ ਫ਼ਾਇਦਾ ਹਾਸਲ ਕਰੀਏ: ਸਾਨੂੰ ‘ਪਰਮੇਸ਼ੁਰ ਦੀਆਂ ਸਾਖੀਆਂ ਵੱਲ ਆਪਣਾ ਦਿਲ ਮੋੜਨਾ’ ਚਾਹੀਦਾ ਹੈ। (ਜ਼ਬੂ. 119:36) ਜੇ ਕਲੀਸਿਯਾ ਸਭਾ ਵਿਚ ਇਕ ਜਾਣੇ-ਪਛਾਣੇ ਵਿਸ਼ੇ ਉੱਤੇ ਚਰਚਾ ਕੀਤੀ ਜਾਣੀ ਹੈ, ਤਾਂ ਸਾਨੂੰ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ, ਉਸ ਵਿਚ ਜ਼ਿਕਰ ਕੀਤੇ ਗਏ ਸ਼ਾਸਤਰਵਚਨ ਪੜ੍ਹਨੇ ਚਾਹੀਦੇ ਹਨ ਅਤੇ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਕੀਤੇ ਜਾਣ ਵਾਲੇ ਲਿਖਤੀ ਪੁਨਰ-ਵਿਚਾਰ ਦੀ ਤਿਆਰੀ ਕਰਨ ਦੀ ਕੋਈ ਲੋੜ ਨਹੀਂ ਹੈ। (ਲੂਕਾ 8:18) ਕਿਉਂਕਿ ਸਭਾਵਾਂ ਵਿਚ ਅਕਸਰ ਬੁਨਿਆਦੀ ਸੱਚਾਈਆਂ ਦੁਹਰਾਈਆਂ ਜਾਂਦੀਆਂ ਹਨ, ਇਸ ਕਰਕੇ ਸਾਨੂੰ ਕਦੇ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ।—ਇਬ. 5:11.
6 ਆਓ ਅਸੀਂ ਜ਼ਬੂਰਾਂ ਦੇ ਲਿਖਾਰੀ ਵਰਗਾ ਰਵੱਈਆ ਰੱਖੀਏ: “ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ, ਜਿਵੇਂ ਸਾਰੀ ਦੌਲਤ ਉੱਤੇ।” (ਜ਼ਬੂ. 119:14) ਜੀ ਹਾਂ, ਅਸੀਂ ਪਹਿਲਾਂ ਇਨ੍ਹਾਂ ਵਡਮੁੱਲੀਆਂ ਗੱਲਾਂ ਨੂੰ ਸੁਣਿਆ ਹੈ ਅਤੇ ਇਨ੍ਹਾਂ ਗੱਲਾਂ ਨੂੰ ਦੁਬਾਰਾ ਸੁਣਾਂਗੇ। ਕਿਉਂ? ਕਿਉਂਕਿ ਯਹੋਵਾਹ ਜਾਣਦਾ ਹੈ ਕਿ ਸਾਨੂੰ ਇਹ ਗੱਲਾਂ ਸੁਣਨ ਦੀ ਲੋੜ ਹੈ!