ਬਜ਼ੁਰਗ ਜੋਸ਼ ਨਾਲ ਪਰਮੇਸ਼ੁਰ ਦੇ ਝੁੰਡ ਦੀ ਚਰਵਾਹੀ ਕਰਦੇ ਹਨ
1 ਯਹੋਵਾਹ ਨੇ ਆਪਣੇ ਪੁੱਤਰ ਰਾਹੀਂ ਮਨੁੱਖਾਂ ਦੇ ਰੂਪ ਵਿਚ “ਦਾਨ” ਦੇ ਕੇ ਕਿੰਨਾ ਪ੍ਰੇਮ ਭਰਿਆ ਪ੍ਰਬੰਧ ਕੀਤਾ ਹੈ! (ਅਫ਼. 4:8, 11, 12) ਉਨ੍ਹਾਂ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਝੁੰਡ ਦੀ ਪੂਰੇ ਜੋਸ਼ ਨਾਲ ਚਰਵਾਹੀ ਕਰਨੀ ਵੀ ਸ਼ਾਮਲ ਹੈ। (1 ਪਤ. 5:2, 3) ਅਸੀਂ ਸਾਰੇ ਹੀ ਇਸ ਮਹੱਤਵਪੂਰਣ ਪ੍ਰਬੰਧ ਤੋਂ ਫ਼ਾਇਦਾ ਉਠਾਉਂਦੇ ਹਾਂ। ਭਾਵੇਂ ਕੋਈ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੈ, ਕੋਈ ਵਿਅਕਤੀ ਨਵਾਂ-ਨਵਾਂ ਕਲੀਸਿਯਾ ਵਿਚ ਆਇਆ ਹੈ, ਕਿਸੇ ਵਿਚ ਕੁਝ ਕਮਜ਼ੋਰੀਆਂ ਹਨ ਜਾਂ ਕੋਈ ਗੁਮਰਾਹ ਹੋ ਗਿਆ ਹੈ, ਇਹ ਮਨੁੱਖ ਸਾਰਿਆਂ ਦੀ ਅਧਿਆਤਮਿਕ ਭਲਾਈ ਵਿਚ ਨਿੱਜੀ ਦਿਲਚਸਪੀ ਲੈਂਦੇ ਹਨ।—ਫ਼ਿਲਿ. 2:4; 1 ਥੱਸ. 5:12-14.
2 ਜਦੋਂ ਪਰੇਸ਼ਾਨ ਕਰਨ ਵਾਲੀਆਂ ਦੁਨਿਆਵੀ ਘਟਨਾਵਾਂ ਸਾਨੂੰ ਕਾਫ਼ੀ ਡਰਾ ਦਿੰਦੀਆਂ ਹਨ, ਤਾਂ ਇਹ ਚਰਵਾਹੇ ‘ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹੇ ਤੇ ਵਾਛੜ ਤੋਂ ਓਟ’ ਸਾਬਤ ਹੁੰਦੇ ਹਨ। ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਬੋਝ ਥੱਲੇ ਦੱਬੇ ਹੁੰਦੇ ਹਾਂ ਅਤੇ ਦਿਲਾਸੇ ਦੀ ਲੋੜ ਮਹਿਸੂਸ ਕਰਦੇ ਹਾਂ, ਤਾਂ ਉਹ ਸਾਨੂੰ ਹੌਸਲਾ ਦਿੰਦੇ ਹਨ। ਉਹ ਸਾਡੇ ਲਈ ‘ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ’ ਜਾਂ ‘ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ’ ਹੁੰਦੇ ਹਨ।—ਯਸਾ. 32:2.
3 ਗ਼ੈਰ-ਸਰਗਰਮ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰਨਾ: ਬਜ਼ੁਰਗ ਉਨ੍ਹਾਂ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰਨ ਦਾ ਖ਼ਾਸ ਜਤਨ ਕਰਦੇ ਹਨ ਜਿਹੜੇ ਸਭਾਵਾਂ ਵਿਚ ਬਾਕਾਇਦਾ ਨਹੀਂ ਆਉਂਦੇ ਜਾਂ ਗ਼ੈਰ-ਸਰਗਰਮ ਹੋ ਗਏ ਹਨ। ਉਹ ਉਨ੍ਹਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਫਿਰ ਤੋਂ ਕਲੀਸਿਯਾ ਨਾਲ ਸੰਗਤੀ ਕਰਨ ਲੱਗ ਪੈਣ। ਜਦੋਂ ਪ੍ਰੇਮਮਈ ਬਜ਼ੁਰਗਾਂ ਨੇ ਅਜਿਹੇ ਪ੍ਰਕਾਸ਼ਕਾਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕੀਤੀ, ਤਾਂ ਬਹੁਤ ਸਾਰੇ ਪ੍ਰਕਾਸ਼ਕ ਕਲੀਸਿਯਾ ਸਭਾਵਾਂ ਵਿਚ ਬਾਕਾਇਦਾ ਆਉਣ ਲੱਗ ਪਏ ਅਤੇ ਉਨ੍ਹਾਂ ਨੇ ਇਸ ਹੱਦ ਤਕ ਅਧਿਆਤਮਿਕ ਤੌਰ ਤੇ ਤਰੱਕੀ ਕੀਤੀ ਹੈ ਕਿ ਉਹ ਫਿਰ ਤੋਂ ਖੇਤਰ ਸੇਵਕਾਈ ਵਿਚ ਹਿੱਸਾ ਲੈ ਰਹੇ ਹਨ। ਅਜਿਹੇ ਸਾਰੇ ਜਤਨਾਂ ਕਰਕੇ ਬਜ਼ੁਰਗ ਯਹੋਵਾਹ ਦੀ ਪਿਆਰ ਭਰੀ ਦੇਖ-ਭਾਲ ਅਤੇ ਯਿਸੂ ਦੀ ਅਗਵਾਈ ਦੀ ਨਕਲ ਕਰਦੇ ਹਨ। ਆਪਣੇ ਰਾਹ ਤੋਂ ਭਟਕੀ ਜਾਂ ਗੁਆਚੀ ਭੇਡ ਲਈ ਚਿੰਤਾ ਦਿਖਾਉਣ ਵਿਚ ਯਿਸੂ ਨੇ ਵਧੀਆ ਮਿਸਾਲ ਕਾਇਮ ਕੀਤੀ ਸੀ।—ਮੱਤੀ 18:12-14; ਯੂਹੰ. 10:16, 27-29.
4 ਮਸੀਹ ਦੇ ਅਧੀਨ ਇਹ ਚਰਵਾਹੇ ਅਜਿਹੇ ਲੱਛਣਾਂ ਪ੍ਰਤੀ ਸੁਚੇਤ ਰਹਿੰਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੌਣ ਅਧਿਆਤਮਿਕ ਤੌਰ ਤੇ ਲੜਖੜਾ ਰਿਹਾ ਹੈ। ਜਿਹੜੇ ਵੀ ਭੈਣ-ਭਰਾ ਨਿਰਾਸ਼ ਦਿਸਦੇ ਹਨ, ਸਭਾਵਾਂ ਵਿਚ ਬਾਕਾਇਦਾ ਨਹੀਂ ਆਉਂਦੇ ਜਾਂ ਖੇਤਰ ਸੇਵਕਾਈ ਵਿਚ ਠੰਢੇ ਪੈ ਗਏ ਹਨ, ਉਨ੍ਹਾਂ ਨੂੰ ਸ਼ਾਇਦ ਅਧਿਆਤਮਿਕ ਮਦਦ ਦੀ ਲੋੜ ਹੈ। ਬਜ਼ੁਰਗ ਕਿਸੇ ਵੀ ਅਜਿਹੇ ਪ੍ਰਕਾਸ਼ਕ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਜੋ ਦੁਨਿਆਵੀ ਢੰਗ ਨਾਲ ਕੱਪੜੇ ਪਾਉਣ ਅਤੇ ਸ਼ਿੰਗਾਰ ਕਰਨ ਦਾ ਝੁਕਾਅ ਰੱਖਣ ਲੱਗ ਪੈਂਦੇ ਹਨ ਜਾਂ ਜਿਹੜੇ ਕਲੀਸਿਯਾ ਦੀ ਨੁਕਤਾਚੀਨੀ ਕਰਨ ਲੱਗ ਪੈਂਦੇ ਹਨ। ਪਰਵਾਹ ਕਰਨ ਵਾਲੇ ਨਿਗਾਹਬਾਨ ਪੂਰੇ ਜੋਸ਼ ਅਤੇ ਪਿਆਰ ਨਾਲ ਅਜਿਹੇ ਵਿਅਕਤੀਆਂ ਲਈ “ਆਪਣੀ ਜਾਨ ਭੀ ਦੇਣ ਨੂੰ ਤਿਆਰ” ਰਹਿੰਦੇ ਹਨ ਤਾਂਕਿ ਉਹ ਯਹੋਵਾਹ ਲਈ ਉਨ੍ਹਾਂ ਦੇ ਪਿਆਰ ਨੂੰ ਮੁੜ ਜਗਾ ਸਕਣ।—1 ਥੱਸ. 2:8.
5 ਬੀਤੇ ਸਮੇਂ ਵਿਚ ਕੁਝ ਸਮਰਪਿਤ ਮਸੀਹੀਆਂ ਨੇ ਬੀਮਾਰੀ ਕਰਕੇ, ਆਰਥਿਕ ਪਰੇਸ਼ਾਨੀਆਂ ਕਰਕੇ ਜਾਂ ਪਰਿਵਾਰ ਦੇ ਦਬਾਵਾਂ ਹੇਠ ਆ ਕੇ ਕਲੀਸਿਯਾ ਸਭਾਵਾਂ ਵਿਚ ਆਉਣਾ ਛੱਡ ਦਿੱਤਾ ਜਿਸ ਕਰਕੇ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਏ। ਉਨ੍ਹਾਂ ਨੂੰ ਝਿੜਕਣ ਦੀ ਬਜਾਇ, ਬਜ਼ੁਰਗ ਪਿਆਰ ਨਾਲ ਉਨ੍ਹਾਂ ਨੂੰ ਭਰੋਸਾ ਦਿੰਦੇ ਹਨ ਕਿ ਯਹੋਵਾਹ ਆਪਣੀਆਂ ਸਾਰੀਆਂ ਭੇਡਾਂ ਦੀ ਚਿੰਤਾ ਕਰਦਾ ਹੈ ਅਤੇ ਉਹ ਮੁਸ਼ਕਲ ਸਮਿਆਂ ਵਿਚ ਉਨ੍ਹਾਂ ਨੂੰ ਸੰਭਾਲਦਾ ਹੈ। (ਜ਼ਬੂ. 55:22; 1 ਪਤ. 5:7) ਝੁੰਡ ਦੇ ਚੁਕੰਨੇ ਚਰਵਾਹੇ ਉਨ੍ਹਾਂ ਨੂੰ ਦਿਲਾਸਾ ਅਤੇ ਤਾਜ਼ਗੀ ਦੇਣ ਲਈ ਉਨ੍ਹਾਂ ਨੂੰ ਸਮਝਾ ਸਕਦੇ ਹਨ ਕਿ ਜੇ ਉਹ ‘ਪਰਮੇਸ਼ੁਰ ਦੇ ਨੇੜੇ ਜਾਣ ਤਾਂ ਪਰਮੇਸ਼ੁਰ ਉਨ੍ਹਾਂ ਦੇ ਨੇੜੇ ਆਵੇਗਾ।’—ਯਾਕੂ. 4:8; ਜ਼ਬੂ. 23:3, 4.
6 ਬੀਮਾਰਾਂ ਲਈ ਪਿਆਰ ਦਿਖਾਉਣਾ: ਪ੍ਰੇਮਮਈ ਚਰਵਾਹੇ ਉਨ੍ਹਾਂ ਦੀ ਵੀ ਚਿੰਤਾ ਕਰਦੇ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਅਣਗੌਲਿਆਂ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਕਲੀਸਿਯਾਵਾਂ ਵਿਚ ਕੁਝ ਅਜਿਹੇ ਪ੍ਰਕਾਸ਼ਕ ਹਨ ਜੋ ਬੁੱਢੇ ਹਨ, ਨਰਸਿੰਗ ਹੋਮ ਵਿਚ ਹਨ ਜਾਂ ਬੀਮਾਰ ਹਨ। ਉਨ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਸਮਝ ਸਕਦੇ ਹਾਂ ਕਿ ਉਹ ਕਿਉਂ ਰਾਜ ਦੇ ਸੰਦੇਸ਼ ਦੀ ਘੋਸ਼ਣਾ ਕਰਨ ਵਿਚ ਘੱਟ ਹਿੱਸਾ ਲੈਂਦੇ ਹਨ। ਸ਼ਾਇਦ ਉਨ੍ਹਾਂ ਨੂੰ ਗਵਾਹੀ ਦੇਣ ਦਾ ਮੌਕਾ ਸਿਰਫ਼ ਉਦੋਂ ਹੀ ਮਿਲੇ ਜਦੋਂ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਜਾਂ ਜਦੋਂ ਉਹ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨਾਲ ਅਤੇ ਦੂਜੇ ਮਰੀਜ਼ਾਂ ਨਾਲ ਗੱਲ ਕਰਦੇ ਹਨ। ਪਰ ਉਹ ਜਿੰਨਾ ਵੀ ਕਰ ਪਾਉਂਦੇ ਹਨ, ਵਿਸ਼ਵ-ਵਿਆਪੀ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੇ ਇਸ ਸਹਿਯੋਗ ਨੂੰ ਬਹੁਮੁੱਲਾ ਸਮਝਿਆ ਜਾਂਦਾ ਹੈ। (ਮੱਤੀ 25:15) ਭਾਵੇਂ ਉਹ ਸਿਰਫ਼ 15 ਮਿੰਟ ਹੀ ਗਵਾਹੀ ਦਿੰਦੇ ਹਨ, ਪਰ ਉਨ੍ਹਾਂ ਨੂੰ ਇਸ ਦੀ ਰਿਪੋਰਟ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਨਿਯਮਿਤ ਰਾਜ ਪ੍ਰਕਾਸ਼ਕ ਗਿਣੇ ਜਾਣਗੇ।
7 ਮਨੁੱਖਾਂ ਦੇ ਰੂਪ ਵਿਚ ਦਿੱਤੇ “ਦਾਨ” ਖ਼ਾਸ ਕਰਕੇ ਸਾਲ ਦੇ ਇਸ ਸਮੇਂ ਦੌਰਾਨ, ਯਾਨੀ ਸਮਾਰਕ ਮਹੀਨਿਆਂ ਦੌਰਾਨ ਆਪਣੇ ਭਰਾਵਾਂ ਦੀਆਂ ਅਧਿਆਤਮਿਕ ਲੋੜਾਂ ਪ੍ਰਤੀ ਸੁਚੇਤ ਰਹਿੰਦੇ ਹਨ। ਬਜ਼ੁਰਗਾਂ ਕੋਲ ਉਨ੍ਹਾਂ ਸਾਰੇ ਪ੍ਰਕਾਸ਼ਕਾਂ ਦੀ ਮਦਦ ਕਰਨ ਦਾ ਇਹ ਕਿੰਨਾ ਢੁਕਵਾਂ ਸਮਾਂ ਹੈ ਜਿਹੜੇ ਗੁਮਰਾਹ ਹੋ ਚੁੱਕੇ ਹਨ! ਬਜ਼ੁਰਗ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਕਿ ਉਹ ਦੁਬਾਰਾ ਕਲੀਸਿਯਾ ਨਾਲ ਸੰਗਤੀ ਕਰਨ ਤਾਂਕਿ ਉਨ੍ਹਾਂ ਨੂੰ ਫਿਰ ਤੋਂ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਮਿਲੇ। ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਇਨ੍ਹਾਂ “ਨਿਹਚਾਵਾਨਾਂ” ਨੂੰ ਕਲੀਸਿਯਾ ਸਭਾਵਾਂ ਵਿਚ ਆ ਕੇ ਅਤੇ ਸੇਵਕਾਈ ਵਿਚ ਹਿੱਸਾ ਲੈ ਕੇ ਰਿਹਾਈ-ਕੀਮਤ ਬਲੀਦਾਨ ਵਿਚ ਆਪਣੀ ਨਿਹਚਾ ਦਾ ਮੁੜ ਪ੍ਰਗਟਾਵਾ ਕਰਦੇ ਦੇਖਦੇ ਹਾਂ।—ਗਲਾ. 6:10; ਲੂਕਾ 15:4-7; ਯੂਹੰ. 10:11, 14.