ਨੌਜਵਾਨੋ—ਪਰਮੇਸ਼ੁਰ ਦਾ ਬਚਨ ਪੜ੍ਹੋ!
1 ਜਵਾਨੀ ਦੇ ਦਿਨ ਬਹੁਤ ਸਾਰੀਆਂ ਚੁਣੌਤੀਆਂ ਨਾਲ ਭਰੇ ਹੁੰਦੇ ਹਨ ਤੇ ਨੌਜਵਾਨਾਂ ਨੂੰ ਕਈ ਅਹਿਮ ਫ਼ੈਸਲੇ ਕਰਨੇ ਹੁੰਦੇ ਹਨ। ਤੁਹਾਡੇ ਵਰਗੇ ਬਹੁਤ ਸਾਰੇ ਮਸੀਹੀ ਨੌਜਵਾਨਾਂ ਉੱਤੇ ਰੋਜ਼-ਰੋਜ਼ ਦਬਾਅ ਪਾਇਆ ਜਾਂਦਾ ਹੈ ਕਿ ਉਹ ਅਨੈਤਿਕ ਕੰਮ ਕਰ ਕੇ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਦੀ ਉਲੰਘਣਾ ਕਰਨ। ਪੜ੍ਹਾਈ, ਨੌਕਰੀ ਅਤੇ ਵਿਆਹ ਸੰਬੰਧੀ ਫ਼ੈਸਲੇ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਅਧਿਆਤਮਿਕ ਟੀਚੇ ਰੱਖ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਕਰ ਕੇ ਹੀ ਤੁਸੀਂ ਦੂਸਰੇ ਫ਼ੈਸਲੇ ਸੋਚ-ਸਮਝ ਕੇ ਕਰ ਸਕੋਗੇ ਜਿਨ੍ਹਾਂ ਤੋਂ ਤੁਹਾਨੂੰ ਜ਼ਿੰਦਗੀ ਭਰ ਲਈ ਫ਼ਾਇਦਾ ਹੋਵੇਗਾ। ਨਿਸ਼ਚਿਤ ਅਧਿਆਤਮਿਕ ਟੀਚੇ ਰੱਖ ਕੇ ਤੁਸੀਂ ਸਮਝਦਾਰੀ ਨਾਲ ਚੱਲੋਗੇ ਅਤੇ ਤੁਹਾਨੂੰ ਕਾਮਯਾਬੀ ਮਿਲੇਗੀ। ਪਰਮੇਸ਼ੁਰ ਦੇ ਬਚਨ ਨੂੰ ਬਾਕਾਇਦਾ ਪੜ੍ਹਨ ਅਤੇ ਇਸ ਉੱਤੇ ਮਨਨ ਕਰਨ ਨਾਲ ਤੁਹਾਨੂੰ ਇਸ ਵਿਚ ਦਿੱਤੀ ਸਲਾਹ ਅਨੁਸਾਰ ਆਪਣੀ ਜ਼ਿੰਦਗੀ ਜੀਣ ਦੀ ਪ੍ਰੇਰਣਾ ਮਿਲੇਗੀ ਅਤੇ ਤੁਸੀਂ ਸਹੀ ਕੰਮਾਂ ਵਿਚ ਕਾਮਯਾਬ ਹੋਵੋਗੇ।—ਯਹੋ. 1:8; ਜ਼ਬੂ. 1:2, 3.
2 ਇਸ ਤੋਂ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਸ਼ਤਾਨ ਦੀ ਦੁਨੀਆਂ ਵਿਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਗ਼ਲਤ ਕੰਮ ਕਰਨ ਲਈ ਸਾਨੂੰ ਭਰਮਾਉਂਦੀਆਂ ਹਨ। (1 ਯੂਹੰ. 2:15, 16) ਤੁਸੀਂ ਸ਼ਾਇਦ ਆਪਣੇ ਨਾਲ ਪੜ੍ਹਨ ਵਾਲਿਆਂ ਬਾਰੇ ਜਾਂ ਦੂਸਰੇ ਹਮਉਮਰ ਨੌਜਵਾਨਾਂ ਬਾਰੇ ਜਾਣਦੇ ਹੋਵੋਗੇ ਜੋ ਆਪਣੇ ਦੋਸਤਾਂ ਦੇ ਦਬਾਅ ਥੱਲੇ ਆ ਕੇ ਗ਼ਲਤ ਕੰਮ ਕਰ ਬੈਠੇ ਅਤੇ ਇਸ ਦੇ ਨਤੀਜੇ ਭੁਗਤੇ। ਬਾਈਬਲ ਦੀ ਸਿੱਖਿਆ ਉੱਤੇ ਚੱਲਣ ਨਾਲ ਤੁਹਾਨੂੰ ਗ਼ਲਤ ਕੰਮ ਕਰਨ ਤੋਂ ਇਨਕਾਰ ਕਰਨ ਲਈ ਨੈਤਿਕ ਅਤੇ ਅਧਿਆਤਮਿਕ ਤਾਕਤ ਮਿਲੇਗੀ। ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਸ਼ਤਾਨ ਦੇ ਨਜ਼ਰ ਨਾ ਆਉਣ ਵਾਲੇ ਫੰਦਿਆਂ ਤੋਂ ਬਚਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। (2 ਕੁਰਿੰ. 2:11; ਇਬ. 5:14) ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣ ਨਾਲ ਤੁਹਾਨੂੰ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇਗੀ।—ਜ਼ਬੂ. 119:1, 9, 11.
3 ਪਰਮੇਸ਼ੁਰ ਦੇ ਬਚਨ ਦੇ ਕਦੀ ਨਾ ਬਦਲਣ ਵਾਲੇ ਅਸੂਲ ਇਨਸਾਨੀ ਸਮਝ ਤੋਂ ਕਿਤੇ ਬਿਹਤਰ ਹਨ। (ਜ਼ਬੂ. 119:98-100) ਬਾਈਬਲ ਦੇ ਅਸੂਲਾਂ ਨੂੰ ਜਾਣਨ ਅਤੇ ਯਹੋਵਾਹ ਦੇ ਜ਼ਾਹਰ ਮਕਸਦਾਂ ਉੱਤੇ ਮਨਨ ਕਰਨ ਦੇ ਨਾਲ-ਨਾਲ ਦਿਲੋਂ ਪ੍ਰਾਰਥਨਾ ਕਰ ਕੇ ਤੁਹਾਨੂੰ ਬਾਈਬਲ ਦੇ ਸਰਬ ਬੁੱਧੀਮਾਨ ਲੇਖਕ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਜੋੜਨ ਵਿਚ ਮਦਦ ਮਿਲੇਗੀ। ਉਹ ਵਾਅਦਾ ਕਰਦਾ ਹੈ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।”—ਜ਼ਬੂ. 32:8.
4 ਇਸ ਨੂੰ ਪੜ੍ਹਨ ਲਈ ਸਮਾਂ ਕੱਢੋ: ਇਕ ਮਸੀਹੀ ਨੌਜਵਾਨ ਨੇ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ ਅਤੇ ਉਸ ਨੇ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹ ਲਈ। ਉਸ ਨੂੰ ਇਸ ਦਾ ਕੀ ਫ਼ਾਇਦਾ ਹੋਇਆ? ਉਹ ਦੱਸਦੀ ਹੈ: “ਮੈਂ ਯਹੋਵਾਹ ਦੇ ਬਾਰੇ ਬਹੁਤ ਕੁਝ ਸਿੱਖਿਆ। ਇਹ ਸਾਰੀਆਂ ਗੱਲਾਂ ਸਿੱਖਣ ਨਾਲ ਯਹੋਵਾਹ ਪ੍ਰਤੀ ਮੇਰਾ ਪਿਆਰ ਹੋਰ ਡੂੰਘਾ ਹੋ ਗਿਆ ਅਤੇ ਇਸ ਤੋਂ ਮੈਨੂੰ ਪ੍ਰੇਰਣਾ ਮਿਲੀ ਕਿ ਮੈਂ ਪੂਰੀ ਜ਼ਿੰਦਗੀ ਪਰਮੇਸ਼ੁਰ ਦਾ ਡਰ ਆਪਣੇ ਦਿਲ ਵਿਚ ਰੱਖਾਂ।” (ਯਾਕੂ. 4:8) ਕੀ ਤੁਸੀਂ ਪੂਰੀ ਬਾਈਬਲ ਪੜ੍ਹ ਲਈ ਹੈ? ਜੇ ਨਹੀਂ, ਤਾਂ ਕਿਉਂ ਨਾ ਤੁਸੀਂ ਇਸ ਨੂੰ ਆਪਣਾ ਟੀਚਾ ਬਣਾਓ? ਯਹੋਵਾਹ ਜ਼ਰੂਰ ਤੁਹਾਡੇ ਜਤਨਾਂ ਤੇ ਬਰਕਤ ਪਾਵੇਗਾ ਅਤੇ ਤੁਹਾਨੂੰ ਅਧਿਆਤਮਿਕ ਤੌਰ ਤੇ ਮਾਲਾਮਾਲ ਕਰੇਗਾ।