ਸੰਭਾਲ ਕੇ ਰੱਖੋ
ਪ੍ਰਚਾਰ ਕਰਦੇ ਸਮੇਂ ਹਿੰਮਤ ਅਤੇ ਸਮਝ ਤੋਂ ਕੰਮ ਲਓ
1 ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਰਹੋ: ਜਦ ਅਸੀਂ ਪ੍ਰਚਾਰ ਦਾ ਕੰਮ ਕਰਦੇ ਹਾਂ, ਉਦੋਂ ਪੂਰੇ ਜਹਾਨ ਦਾ ਪਾਤਸ਼ਾਹ ਯਹੋਵਾਹ ਅਤੇ ਕਲੀਸਿਯਾ ਦਾ ਮੁਖੀ ਤੇ ਰਾਜਾ ਯਿਸੂ ਮਸੀਹ ਸਾਡੇ ਨਾਲ ਹੁੰਦੇ ਹਨ। ਇਸ ਤੋਂ ਇਲਾਵਾ, ਇਸ ਕੰਮ ਵਿਚ ਸਾਡੀ ਮਦਦ ਕਰਨ ਲਈ ਬਾਈਬਲ ਵਿਚ ਕਈ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਨਾਲੇ ਯਿਸੂ ਆਪਣੇ ‘ਬੁੱਧਵਾਨ ਨੌਕਰ’ ਦੁਆਰਾ ਵੀ ਸਾਨੂੰ ਜ਼ਰੂਰੀ ਸੇਧ ਦਿੰਦਾ ਹੈ।—2 ਤਿਮੋ. 3:17; ਮੱਤੀ 24:45-47; 28:20.
2 “ਸੰਸਾਰ ਦਾ ਰੰਗ ਢੰਗ” ਲਗਾਤਾਰ ਬਦਲ ਰਿਹਾ ਹੈ। ਇਸ ਕਰਕੇ ਅੱਜ ਕਈ ਥਾਵਾਂ ਤੇ ਲੋਕ ਸਾਡੇ ਕੰਮ ਦਾ ਵਿਰੋਧ ਕਰਦੇ ਹਨ, ਖ਼ਾਸਕਰ ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਦੇ ਹਾਂ। (1 ਕੁਰਿੰ. 7:31) ਪਹਿਲੀ ਸਦੀ ਵਿਚ ਵੀ ਹਾਲਾਤਾਂ ਦੇ ਬਦਲਣ ਕਰਕੇ ਚੇਲਿਆਂ ਨੂੰ ਪ੍ਰਚਾਰ ਕਰਨ ਦੇ ਢੰਗ ਬਦਲਣੇ ਪਏ ਸਨ। (ਲੂਕਾ 22:35, 36) ਇਹ ਠੀਕ ਹੈ ਕਿ ਪ੍ਰਚਾਰ ਕਰਦਿਆਂ ਸਾਨੂੰ ਹਮੇਸ਼ਾ ਖ਼ਤਰਿਆਂ ਤੋਂ ਚੁਕੰਨੇ ਰਹਿਣਾ ਚਾਹੀਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਡਰ ਕੇ ਘਰ ਬੈਠ ਜਾਈਏ। ਇਸ ਦੀ ਬਜਾਇ, ਅਸੀਂ ਹਿੰਮਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਾਂਗੇ।—ਫ਼ਿਲਿ. 1:28.
3 ਸਾਲ 2003 ਵਿਚ ਚਿੱਠੀਆਂ ਰਾਹੀਂ ਅਤੇ ਸੇਵਾ ਸਭਾ ਦੇ ਪ੍ਰੋਗ੍ਰਾਮਾਂ ਦੁਆਰਾ ਭਰਾਵਾਂ ਨੂੰ ਚੰਗੀਆਂ ਸਲਾਹਾਂ ਦਿੱਤੀਆਂ ਗਈਆਂ ਸਨ ਕਿ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਚਾਰ ਦਾ ਕੰਮ ਕਿਵੇਂ ਕਰਨਾ ਚਾਹੀਦਾ ਹੈ। ਹੁਣ ਇਨ੍ਹਾਂ ਸਲਾਹਾਂ ਨੂੰ ਦੁਹਰਾਉਣ ਅਤੇ ਕੁਝ ਹੋਰ ਜ਼ਰੂਰੀ ਜਾਣਕਾਰੀ ਦੇਣ ਦਾ ਸਮਾਂ ਆ ਗਿਆ ਹੈ। ਇਹ ਦੇਖਣ ਵਿਚ ਆਇਆ ਹੈ ਕਿ ਕਈ ਕਲੀਸਿਯਾਵਾਂ ਇਨ੍ਹਾਂ ਸਲਾਹਾਂ ਨੂੰ ਲਾਗੂ ਨਹੀਂ ਕਰ ਰਹੀਆਂ ਹਨ। ਪਰ ਹੁਣ ਵਧਦੇ ਵਿਰੋਧ ਨੂੰ ਧਿਆਨ ਵਿਚ ਰੱਖਦਿਆਂ ਸਾਡਾ ਇਨ੍ਹਾਂ ਸਲਾਹਾਂ ਤੇ ਅਮਲ ਕਰਨਾ ਜ਼ਰੂਰੀ ਹੋ ਗਿਆ ਹੈ। ਭਾਰਤ ਵਿਚ ਹਰ ਥਾਂ ਭੈਣਾਂ-ਭਰਾਵਾਂ ਨੂੰ ਇੱਕੋ ਜਿਹੀਆਂ ਮੁਸ਼ਕਲਾਂ ਨਹੀਂ ਆ ਰਹੀਆਂ ਤੇ ਨਾ ਹੀ ਉਨ੍ਹਾਂ ਦਾ ਹਰ ਜਗ੍ਹਾ ਤਿੱਖਾ ਵਿਰੋਧ ਹੋ ਰਿਹਾ ਹੈ। ਇਸ ਕਰਕੇ ਬਜ਼ੁਰਗਾਂ ਅਤੇ ਪਬਲੀਸ਼ਰਾਂ ਨੂੰ ਸਥਾਨਕ ਹਾਲਾਤਾਂ ਦੇ ਮੁਤਾਬਕ ਇਨ੍ਹਾਂ ਸਲਾਹਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਮੁਸ਼ਕਲਾਂ ਖੜ੍ਹੀਆਂ ਹੋਣ ਤੇ ਇਨ੍ਹਾਂ ਨਾਲ ਨਜਿੱਠਣਾ ਚੰਗੀ ਗੱਲ ਹੈ, ਪਰ ਸਾਡੀ ਇਹੋ ਕੋਸ਼ਿਸ਼ ਰਹੇਗੀ ਕਿ ਸਮੱਸਿਆਵਾਂ ਉੱਠਣ ਹੀ ਨਾ। ਇਸ ਲਈ ਸਾਨੂੰ ਇਸ ਲੇਖ ਵਿਚ ਦਿੱਤੀਆਂ ਨਸੀਹਤਾਂ ਨੂੰ ਮੰਨਣਾ ਚਾਹੀਦਾ ਹੈ ਭਾਵੇਂ ਸਾਨੂੰ ਇਸ ਵੇਲੇ ਪ੍ਰਚਾਰ ਵਿਚ ਕੋਈ ਮੁਸ਼ਕਲ ਨਹੀਂ ਆ ਰਹੀ।
4 ਇਸ ਲੇਖ ਵਿਚ ਦਿੱਤੀਆਂ ਵਧੀਆ ਸਲਾਹਾਂ ਤੋਂ ਇਲਾਵਾ ਬਾਅਦ ਵਿਚ ਬ੍ਰਾਂਚ ਆਫ਼ਿਸ ਤੋਂ ਤੁਹਾਨੂੰ ਕੁਝ ਕਾਨੂੰਨੀ ਜਾਣਕਾਰੀ ਵੀ ਮਿਲੇਗੀ। ਇਸ ਵਿਚ ਦੱਸਿਆ ਜਾਵੇਗਾ ਕਿ ਸਾਡੇ ਕਿਹੜੇ ਕੁਝ ਕਾਨੂੰਨੀ ਅਧਿਕਾਰ ਹਨ ਅਤੇ ਪ੍ਰਚਾਰ ਦੌਰਾਨ ਗਿਰਫ਼ਤਾਰ ਕੀਤੇ ਜਾਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਤੁਹਾਡੇ ਲਈ ਅਤੇ ਕਲੀਸਿਯਾ ਦੇ ਬਜ਼ੁਰਗਾਂ ਲਈ ਮਦਦਗਾਰ ਸਾਬਤ ਹੋਵੇਗੀ ਜੋ ਤੁਹਾਡੀ ਮਦਦ ਕਰਨ ਲਈ ਤਿਆਰ ਰਹਿਣਗੇ।
5 ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਵਫ਼ਾਦਾਰ ਰਹਿਣ ਦੀ ਲੋੜ ਹੈ। (2 ਤਿਮੋ. 3:12) ਅਸੀਂ ਤੁਹਾਨੂੰ ਪੂਰਾ ਭਰੋਸਾ ਦਿੰਦੇ ਹਾਂ ਕਿ ਬ੍ਰਾਂਚ ਆਫ਼ਿਸ ਹਮੇਸ਼ਾ ਤੁਹਾਡੇ ਨਾਲ ਹੈ। ਹੁਣ ਤਕ ਕਈ ਭੈਣ-ਭਰਾ ਭੜਕੀ ਭੀੜ ਦਾ ਸਾਮ੍ਹਣਾ ਕਰ ਚੁੱਕੇ ਹਨ ਤੇ ਕਈ ਪਬਲੀਸ਼ਰਾਂ ਨੂੰ “ਮਜਲਿਸਾਂ” ਯਾਨੀ ਅਦਾਲਤਾਂ ਵਿਚ ਘੜੀਸਿਆ ਗਿਆ ਜਾਂ ਪੁਲਸ ਸਟੇਸ਼ਨ ਵੀ ਲਿਜਾਇਆ ਗਿਆ ਹੈ। ਜੇ ਤੁਸੀਂ ਵੀ ਅਜਿਹੀ ਸਥਿਤੀ ਦਾ ਸਾਮ੍ਹਣਾ ਕਰਦੇ ਹੋ, ਤਾਂ ਮੱਤੀ 10:17-20 ਵਿਚ ਦਿੱਤੀ ਸਲਾਹ ਯਾਦ ਰੱਖੋ। ਇਸ ਸਥਿਤੀ ਵਿਚ ਬ੍ਰਾਂਚ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਚੱਲਣ ਦੇ ਨਾਲ-ਨਾਲ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਫ਼ੋਨ ਰਾਹੀਂ ਬ੍ਰਾਂਚ ਆਫ਼ਿਸ ਨੂੰ ਖ਼ਬਰ ਦੇਣ। ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੀ ਸੰਸਥਾ ਰਾਹੀਂ ਸਾਡੀ ਹਰ ਸੰਭਵ ਮਦਦ ਕਰੇਗਾ।—ਯਸਾ. 54:17; ਫ਼ਿਲਿ 1:7, 27-29.
6 ਵਿਰੋਧ ਦਾ ਕਾਰਨ: ਮੁੱਖ ਕਾਰਨ ਪਰਕਾਸ਼ ਦੀ ਪੋਥੀ 12:12, 17 ਵਿਚ ਦਿੱਤਾ ਗਿਆ ਹੈ। ਇਹ ਆਇਤਾਂ ਦੱਸਦੀਆਂ ਹਨ ਕਿ ਸ਼ਤਾਨ ਸਾਡੇ ਉੱਤੇ ਆਪਣਾ ਗੁੱਸਾ ਕੱਢ ਰਿਹਾ ਹੈ। ਇਨ੍ਹਾਂ ‘ਅੰਤ ਦੇ ਦਿਨਾਂ’ ਵਿਚ ਉਸ ਨੇ ਵੱਖ-ਵੱਖ ਸਮਿਆਂ ਅਤੇ ਥਾਵਾਂ ਤੇ ਲੋਕਾਂ ਨੂੰ ਸਾਡੇ ਵਿਰੁੱਧ ਭੜਕਾਇਆ ਹੈ। (2 ਤਿਮੋ. 3:3) ਉਹ ਲੋਕਾਂ ਨੂੰ ਯਹੋਵਾਹ ਦੇ ਸੇਵਕ ਬਣਨ ਤੋਂ ਰੋਕਣਾ ਚਾਹੁੰਦਾ ਹੈ। ਸ਼ਤਾਨ ਸਾਨੂੰ ਡਰਾਉਣਾ ਚਾਹੁੰਦਾ ਹੈ ਤਾਂਕਿ ਅਸੀਂ ਨਿਰਾਸ਼ ਹੋ ਕੇ ਪ੍ਰਚਾਰ ਕਰਨਾ ਛੱਡ ਦੇਈਏ। ਪਰ ਉਹ ਬੀਤੇ ਸਮਿਆਂ ਵਿਚ ਕਾਮਯਾਬ ਨਹੀਂ ਹੋਇਆ ਤੇ ਨਾ ਹੀ ਅਸੀਂ ਹੁਣ ਉਸ ਨੂੰ ਕਾਮਯਾਬ ਹੋਣ ਦਿਆਂਗੇ। ਯੀਅਰ ਬੁੱਕ ਅਤੇ ਪ੍ਰੋਕਲੇਮਰਜ਼ ਕਿਤਾਬ ਵਿਚ ਦਿੱਤੇ ਤਜਰਬਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਈ ਦੇਸ਼ਾਂ ਵਿਚ ਸਾਡੇ ਭੈਣ-ਭਰਾਵਾਂ ਦਾ ਵਿਰੋਧ ਹੋਇਆ ਅਤੇ ਉਨ੍ਹਾਂ ਨੇ ਹਮੇਸ਼ਾ ਯਹੋਵਾਹ ਦੀ ਤਾਕਤ ਨਾਲ ਵਿਰੋਧ ਦਾ ਡੱਟ ਕੇ ਸਾਮ੍ਹਣਾ ਕੀਤਾ। ਉਨ੍ਹਾਂ ਨੇ ਯਹੋਵਾਹ ਦੀ ਗਵਾਹੀ ਦੇਣੀ ਨਹੀਂ ਛੱਡੀ, ਸਗੋਂ ਹਿੰਮਤ ਨਾਲ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ਨੂੰ ਸੁਣਾਉਂਦੇ ਰਹੇ।—ਰਸੂ. 5:42.
7 ਕਈ ਵਾਰ ਲੋਕ ਸਾਡਾ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੇ ਧਰਮ ਦਾ ਅਪਮਾਨ ਕਰ ਰਹੇ ਹਾਂ। (ਰਸੂ. 19:23-29) ਲੋਕ ਅਕਸਰ ਸਾਡੇ ਤੇ ਝੂਠਾ ਇਲਜ਼ਾਮ ਲਗਾਉਂਦੇ ਹਨ ਕਿ ਅਸੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਦਾ ਧਰਮ ਬਦਲਦੇ ਹਾਂ। ਜਾਂ ਉਹ ਕਹਿੰਦੇ ਹਨ ਕਿ ਅਸੀਂ ਬਾਈਬਲ ਵਿੱਚੋਂ ਦਲੀਲਾਂ ਦੇ ਕੇ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੀ ਨਿੰਦਿਆ ਕਰਦੇ ਹਾਂ ਜਾਂ ਦੇਵੀ-ਦੇਵਤਿਆਂ ਦੀ ਬੇਇੱਜ਼ਤੀ ਕਰ ਕੇ ਲੋਕਾਂ ਵਿਚ ਫੁੱਟ ਪਾਉਂਦੇ ਹਾਂ। ਉਨ੍ਹਾਂ ਦਾ ਇਹ ਦੋਸ਼ ਝੂਠਾ ਹੈ ਕਿਉਂਕਿ ਅਸੀਂ ਲੋਕਾਂ ਨੂੰ ਸਿਰਫ਼ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਅਸੀਂ ਉਨ੍ਹਾਂ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕਰਦੇ। ਇਹ ਤਾਂ ਉਨ੍ਹਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਖ਼ੁਸ਼ ਖ਼ਬਰੀ ਨੂੰ ਸੁਣ ਕੇ ਕੁਝ ਕਰਨਾ ਚਾਹੁੰਦੇ ਹਨ ਜਾਂ ਨਹੀਂ। ਆਪਣੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੋਚ-ਸਮਝ ਕੇ ਗੱਲ ਕਰੀਏ ਤੇ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾਈਏ।—ਰਸੂ. 17:22-28; ਰੋਮੀ. 14:12; ਕੁਲੁ. 4:6.
8 ਪ੍ਰਚਾਰ ਕਰਨ ਵੇਲੇ ਇਨ੍ਹਾਂ ਸਿਧਾਂਤਾਂ ਨੂੰ ਚੇਤੇ ਰੱਖੋ: ਦਲੇਰ ਬਣੋ। ਯਹੋਵਾਹ ਦੇ ਗਵਾਹ ਨਾ ਤਾਂ ਇਨਸਾਨਾਂ ਤੋਂ ਡਰਦੇ ਹਨ ਤੇ ਨਾ ਹੀ ਇਨਸਾਨਾਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। (ਕਹਾ. 29:25; ਅਫ਼. 6:6; w93 7/1 ਸਫ਼ਾ 23) ਰਸੂਲਾਂ ਵਾਂਗ ਅਸੀਂ ਵਿਰੋਧੀਆਂ ਦੇ ਡਰੋਂ ਪ੍ਰਚਾਰ ਕਰਨਾ ਨਹੀਂ ਛੱਡਦੇ ਕਿਉਂਕਿ ਇਹ ਕੰਮ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ।—ਰਸੂ. 5:29.
9 ਚੌਕਸ ਰਹੋ। ਯਿਸੂ ਅਤੇ ਹੋਰ ਵਫ਼ਾਦਾਰ ਭਗਤਾਂ ਨੇ ਹਾਲਾਤ ਦੇ ਮੁਤਾਬਕ ਸਤਾਹਟਾਂ ਨਾਲ ਵੱਖੋ-ਵੱਖਰੇ ਤਰੀਕਿਆਂ ਨਾਲ ਨਜਿੱਠਿਆ ਸੀ। ਪਰ ਉਨ੍ਹਾਂ ਨੇ ਕਦੇ ਵੀ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਪਾਈ। ਜਦੋਂ ਉਨ੍ਹਾਂ ਨੇ ਖ਼ਤਰਨਾਕ ਸਥਿਤੀਆਂ ਦਾ ਸਾਮ੍ਹਣਾ ਕੀਤਾ, ਤਾਂ ਉਨ੍ਹਾਂ ਨੇ ਦਲੇਰੀ ਦਿਖਾਉਣ ਦੇ ਨਾਲ-ਨਾਲ ਸਮਝ ਤੋਂ ਵੀ ਕੰਮ ਲਿਆ। (ਮੱਤੀ 10:16, 23) ਉਨ੍ਹਾਂ ਦਾ ਟੀਚਾ ਸੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣਾ ਅਤੇ ਯਹੋਵਾਹ ਦੇ ਵਫ਼ਾਦਾਰ ਰਹਿਣਾ। ਅੱਜ ਅਸੀਂ ਉਨ੍ਹਾਂ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ ਕਿ ਸਾਨੂੰ ਮੁਸ਼ਕਲਾਂ ਅਤੇ ਸਤਾਹਟਾਂ ਦਾ ਕਿਵੇਂ ਸਾਮ੍ਹਣਾ ਕਰਨਾ ਚਾਹੀਦਾ ਹੈ।—w-PJ 03 10/1 ਸਫ਼ਾ 14 ਪੈਰਾ 4 ਦੇਖੋ।
10 ਇੱਟ ਦਾ ਜਵਾਬ ਪੱਥਰ ਨਾਲ ਨਾ ਦਿਓ। ਯਿਸੂ ਅਤੇ ਰਸੂਲਾਂ ਤੋਂ ਅਸੀਂ ਇਕ ਹੋਰ ਜ਼ਰੂਰੀ ਗੱਲ ਇਹ ਸਿੱਖਦੇ ਹਾਂ ਕਿ ਸਾਨੂੰ ਕਦੇ ਵੀ ਵਿਰੋਧੀਆਂ ਤੋਂ ਬਦਲਾ ਨਹੀਂ ਲੈਣਾ ਚਾਹੀਦਾ। ਅਸੀਂ ਬਾਈਬਲ ਵਿਚ ਕਿਧਰੇ ਨਹੀਂ ਪੜ੍ਹਦੇ ਕਿ ਉਨ੍ਹਾਂ ਨੇ ਵਿਰੋਧੀਆਂ ਦੇ ਖ਼ਿਲਾਫ਼ ਲੜਨ ਲਈ ਮਤਾ ਪਕਾਇਆ ਸੀ ਜਾਂ ਅੰਦੋਲਨ ਚਲਾਇਆ ਸੀ। ਸਾਨੂੰ ਰੋਮੀਆਂ 12:17-21 ਵਿਚ ਦਰਜ ਪੌਲੁਸ ਰਸੂਲ ਦੀ ਸਲਾਹ ਉੱਤੇ ਪਕਿਆਈ ਨਾਲ ਚੱਲਣਾ ਚਾਹੀਦਾ ਹੈ।—ਕਹਾ. 20:22.
11 ਸਮੱਸਿਆਵਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਬਾਈਬਲ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਕਦੇ-ਕਦੇ ਖ਼ਤਰੇ ਦੀ ਥਾਂ ਤੋਂ ਭੱਜ ਜਾਣਾ ਬੁਜ਼ਦਿਲੀ ਨਹੀਂ, ਸਗੋਂ ਅਕਲਮੰਦੀ ਦੀ ਗੱਲ ਹੈ। ਮਿਸਾਲ ਲਈ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਣ ਤੋਂ ਪਹਿਲਾਂ ਕਿਹਾ ਸੀ: “ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਦ ਦੂਏ ਨੂੰ ਭੱਜ ਜਾਓ।” (ਮੱਤੀ 10:23) ਜੀ ਹਾਂ, ਯਿਸੂ ਦੇ ਚੇਲਿਆਂ ਨੇ ਵਿਰੋਧੀਆਂ ਦੇ ਹੱਥੋਂ ਬਚ ਨਿਕਲਣ ਦੀ ਪੂਰੀ ਕੋਸ਼ਿਸ਼ ਕਰਨੀ ਸੀ। ਉਨ੍ਹਾਂ ਨੇ ਲੜਨਾ ਨਹੀਂ ਸੀ ਤੇ ਨਾ ਹੀ ਜਬਰੀ ਦੂਸਰਿਆਂ ਦਾ ਧਰਮ ਬਦਲਣਾ ਸੀ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਸੀ। (ਮੱਤੀ 10:11-14; ਰਸੂ. 10:34-37) ਸੋ ਲੋਹਾ-ਲਾਖਾ ਹੋਣ ਦੀ ਬਜਾਇ, ਮਸੀਹੀਆਂ ਨੇ ਮਾਮਲਾ ਵਿਗੜਨ ਤੋਂ ਪਹਿਲਾਂ ਹੀ ਉੱਥੋਂ ਨਿਕਲ ਜਾਣਾ ਸੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਸਾਮ੍ਹਣੇ ਆਪਣੇ ਅੰਤਹਕਰਣ ਨੂੰ ਸਾਫ਼ ਰੱਖਿਆ।—2 ਕੁਰਿੰ. 4:1, 2; w-PJ 02 4/15 ਸਫ਼ਾ 32 ਦੇਖੋ।
12 ਲੋਕਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਯਿਸੂ ਨੇ ਚੇਲਿਆਂ ਨੂੰ ਦੱਸਿਆ ਸੀ ਕਿ ਸਾਰੇ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਨਗੇ। ਉਸ ਨੇ ਕਿਹਾ ਕਿ ਉਹ ਨਗਰਾਂ ਜਾਂ ਪਿੰਡਾਂ ਵਿਚ ਜਾ ਕੇ “ਲਾਇਕ” ਲੋਕਾਂ ਨੂੰ ਲੱਭਣ। ਇਸ ਦਾ ਮਤਲਬ ਹੈ ਕਿ ਸਭ ਲੋਕ ਯਿਸੂ ਦੇ ਚੇਲੇ ਬਣਨ ਦੇ ਲਾਇਕ ਸਾਬਤ ਨਹੀਂ ਹੋਣਗੇ। ਚੇਲਿਆਂ ਨੇ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਸੀ ਜੋ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ? “ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ ਤਾਂ ਤੁਸੀਂ ਉਸ ਘਰ ਅਥਵਾ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।”—ਮੱਤੀ 10:11, 14; w88 7/15 ਸਫ਼ਾ 11 ਪੈਰਾ 9 ਦੇਖੋ।
13 ਸਮਝ ਤੋਂ ਕੰਮ ਲਓ। ਪ੍ਰਚਾਰ ਕਰਦੇ ਸਮੇਂ ਸਮੱਸਿਆਵਾਂ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕਰੋ। ਬਾਈਬਲ ਕਹਿੰਦੀ ਹੈ: “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾ. 14:15) ਬਾਈਬਲ ਇਹ ਸਲਾਹ ਵੀ ਦਿੰਦੀ ਹੈ: “ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” (ਕਹਾ. 17:14) ਵੇਖ-ਭਾਲ ਕੇ ਚੱਲਣ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਥਾਵਾਂ ਤੇ ਨਹੀਂ ਜਾਵਾਂਗੇ ਜਿੱਥੇ ਮੁਸ਼ਕਲ ਪੈਦਾ ਹੋਣ ਦਾ ਖਦਸ਼ਾ ਹੋਵੇ। ਜੇ ਕਿਸੇ ਇਲਾਕੇ ਵਿਚ ਇਕੱਲੇ ਕੰਮ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ, ਉੱਥੇ ਕਿਸੇ ਪਬਲੀਸ਼ਰ ਨੂੰ ਆਪਣੇ ਨਾਲ ਲੈ ਕੇ ਜਾਓ। ਅਪਾਰਟਮੈਂਟ ਬਿਲਡਿੰਗਾਂ ਵਿਚ ਪ੍ਰਚਾਰ ਕਰਦੇ ਸਮੇਂ ਚੰਗਾ ਹੋਵੇਗਾ ਕਿ ਇੱਕੋ ਮੰਜ਼ਲ ਤੇ ਕਈ ਪਬਲੀਸ਼ਰ ਇਕੱਠੇ ਕੰਮ ਕਰਨ ਜਿਨ੍ਹਾਂ ਵਿਚ ਭਰਾ ਵੀ ਹੋਣੇ ਚਾਹੀਦੇ ਹਨ। ਜੇ ਕੋਈ ਸਾਨੂੰ ਘਰ ਜਾਂ ਅਪਾਰਟਮੈਂਟ ਵਿਚ ਆਉਣ ਲਈ ਕਹਿੰਦਾ ਹੈ, ਤਾਂ ਸਾਨੂੰ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਸ ਦਾ ਸੱਦਾ ਸਵੀਕਾਰ ਕਰੀਏ ਜਾਂ ਨਾ।
14 ਸਲਾਹ ਜੋ ਬਜ਼ੁਰਗ ਹੁਣ ਤੋਂ ਹੀ ਲਾਗੂ ਕਰਨਗੇ: ਸੇਵਾ ਕਮੇਟੀ ਦੀ ਅਗਵਾਈ ਹੇਠ ਬਜ਼ੁਰਗ ਆਪਣੀ ਕਲੀਸਿਯਾ ਦੇ ਪੂਰੇ ਇਲਾਕੇ ਨੂੰ ਧਿਆਨ ਨਾਲ ਪਰਖਣਗੇ। ਉਹ ਉਨ੍ਹਾਂ ਇਲਾਕਿਆਂ ਵੱਲ ਖ਼ਾਸ ਧਿਆਨ ਦੇਣਗੇ ਜਿੱਥੇ ਧਾਰਮਿਕ ਕੱਟੜਪੰਥੀ ਰਹਿੰਦੇ ਹਨ। ਅਕਸਰ ਇੱਦਾਂ ਦੇ ਲੋਕ ਇਕ-ਦੂਜੇ ਦੇ ਨੇੜੇ-ਤੇੜੇ ਰਹਿੰਦੇ ਹਨ। ਨਕਸ਼ੇ ਉੱਤੇ ਕੱਟੜਪੰਥੀਆਂ ਦੇ ਘਰਾਂ ਦਾ ਨੰਬਰ ਲਿਖ ਲੈਣਾ ਚਾਹੀਦਾ ਹੈ। ਫਿਰ ਪ੍ਰਚਾਰ ਕਰਦੇ ਵੇਲੇ ਇਨ੍ਹਾਂ ਇਲਾਕਿਆਂ ਅਤੇ ਘਰਾਂ ਨੂੰ ਛੱਡ ਦੇਣਾ ਚਾਹੀਦਾ ਹੈ। ਕਲੀਸਿਯਾ ਹੋਰ ਥਾਵਾਂ ਤੇ ਪ੍ਰਚਾਰ ਕਰ ਸਕਦੀ ਹੈ ਜਿੱਥੇ ਲੋਕ ਉਨ੍ਹਾਂ ਦੀ ਗੱਲ ਸੁਣਨਗੇ।
15 ਦੇਖੋ ਕਿ ਇਸ ਵੇਲੇ ਵੱਖ-ਵੱਖ ਗਰੁੱਪ ਪ੍ਰਚਾਰ ਵਿਚ ਜਾਣ ਤੋਂ ਪਹਿਲਾਂ ਕਿੱਥੇ ਇਕੱਠੇ ਹੁੰਦੇ ਹਨ। ਜੇ ਭਰਾਵਾਂ ਦੇ ਘਰ ਉਨ੍ਹਾਂ ਇਲਾਕਿਆਂ ਵਿਚ ਹਨ ਜਿੱਥੇ ਲੋਕ ਸਾਡੇ ਪ੍ਰਚਾਰ ਦਾ ਵਿਰੋਧ ਕਰਦੇ ਹਨ, ਤਾਂ ਇਨ੍ਹਾਂ ਭਰਾਵਾਂ ਦੇ ਘਰਾਂ ਵਿਚ ਪ੍ਰਚਾਰ ਲਈ ਨਹੀਂ ਮਿਲਣਾ ਚਾਹੀਦਾ। ਇਹ ਵੀ ਧਿਆਨ ਰੱਖੋ ਕਿ ਬਹੁਤ ਸਾਰੇ ਭੈਣ-ਭਰਾ ਇੱਕੋ ਇਲਾਕੇ ਵਿਚ ਇਕੱਠੇ ਨਾ ਜਾਣ। ਪ੍ਰਚਾਰ ਕਰਦੇ ਵੇਲੇ ਵੀ ਸਾਵਧਾਨੀ ਵਰਤੋ। ਉੱਚੀ-ਉੱਚੀ ਗੱਲਾਂ ਕਰਨ ਜਾਂ ਪ੍ਰਚਾਰ ਖ਼ਤਮ ਕਰ ਕੇ ਇੱਕੋ ਥਾਂ ਤੇ ਇਕੱਠੇ ਹੋਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਅਸੀਂ ਲੋਕਾਂ ਦੀਆਂ ਨਜ਼ਰਾਂ ਵਿਚ ਆ ਜਾਵਾਂਗੇ।
16 ਇਹੋ ਗੱਲ ਨਵੰਬਰ 1998 ਦੀ ਸਾਡੀ ਰਾਜ ਸੇਵਕਾਈ ਦੇ ਪੰਜਵੇਂ ਸਫ਼ੇ ਤੇ ਦੱਸੀ ਗਈ ਸੀ: ਚੰਗੇ ਇੰਤਜ਼ਾਮ ਕਰ ਕੇ ਸਾਨੂੰ ਖੇਤਰ ਵਿਚ ਵੱਡੇ-ਵੱਡੇ ਗਰੁੱਪਾਂ ਵਿਚ ਇਕੱਠੇ ਹੋਣ ਦੀ ਲੋੜ ਨਹੀਂ ਪਵੇਗੀ। ਵੱਡੇ ਗਰੁੱਪ ਛੇਤੀ ਲੋਕਾਂ ਦੀਆਂ ਨਜ਼ਰਾਂ ਵਿਚ ਆ ਜਾਂਦੇ ਹਨ। ਕੁਝ ਲੋਕ ਆਪਣੇ ਘਰਾਂ ਦੇ ਸਾਮ੍ਹਣੇ ਬਹੁਤ ਸਾਰੇ ਪਬਲੀਸ਼ਰਾਂ ਨੂੰ ਕਾਰਾਂ, ਮੋਟਰ ਸਾਈਕਲਾਂ, ਸਕੂਟਰਾਂ ਜਾਂ ਵੈਨਾਂ ਵਿਚ ਆਉਂਦਿਆਂ ਵੇਖ ਕੇ ਡਰ ਜਾਣਗੇ। ਅਸੀਂ ਇਹ ਪ੍ਰਭਾਵ ਨਹੀਂ ਪਾਉਣਾ ਚਾਹੁੰਦੇ ਕਿ ਅਸੀਂ ਰਿਹਾਇਸ਼ੀ ਇਲਾਕਿਆਂ ਉੱਤੇ “ਹਮਲਾ” ਕਰਨ ਜਾ ਰਹੇ ਹਾਂ। ਚੰਗਾ ਹੋਵੇਗਾ ਜੇਕਰ ਪ੍ਰਚਾਰ ਕਰਨ ਸੰਬੰਧੀ ਸਾਰੇ ਪ੍ਰਬੰਧ ਖੇਤਰ ਸੇਵਾ ਲਈ ਰੱਖੀ ਸਭਾ ਵਿਚ ਹੀ ਕੀਤੇ ਜਾਣ। ਜੇ ਇਕ ਇਲਾਕੇ ਵਿਚ ਥੋੜ੍ਹੇ ਪਬਲੀਸ਼ਰ ਜਾਣ, ਜਿਵੇਂ ਕਿ ਇੱਕੋ ਪਰਿਵਾਰ, ਤਾਂ ਉਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਨਹੀਂ ਹੋਵੇਗਾ ਅਤੇ ਪ੍ਰਚਾਰ ਕਰਦਿਆਂ ਪਾਰਟਨਰ ਜਾਂ ਇਲਾਕਾ ਬਦਲਣ ਦੀ ਘੱਟ ਜ਼ਰੂਰਤ ਪਵੇਗੀ।
17 ਬਜ਼ੁਰਗਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਜਿਸ ਇਲਾਕੇ ਵਿਚ ਵੱਖ-ਵੱਖ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਜਾਂ ਗਰੁੱਪ ਪ੍ਰਚਾਰ ਕਰਦੇ ਹਨ, ਉੱਥੇ ਵੀ ਸਭ ਕੰਮ “ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਇਸ ਤਰ੍ਹਾਂ ਭੈਣ-ਭਰਾ ਬਿਨਾਂ ਵਜ੍ਹਾ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਗੇ।
18 ਹਰੇਕ ਪਬਲੀਸ਼ਰ ਲਈ ਧਿਆਨ ਦੇਣ ਯੋਗ ਗੱਲਾਂ: ਮੌਜੂਦਾ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦਿਆਂ ਸਾਡੇ ਪ੍ਰਚਾਰ ਕਰਨ ਦੇ ਤਰੀਕਿਆਂ ਵਿਚ ਕੁਝ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ। ਸੋ ਸਾਨੂੰ ਸਾਰਿਆਂ ਨੂੰ ਹਲੀਮੀ ਨਾਲ ਨਵੇਂ ਇੰਤਜ਼ਾਮਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
19 ਕਿਸੇ ਅਜਨਬੀ ਨੂੰ ਕਿਤਾਬ, ਰਸਾਲਾ, ਟ੍ਰੈਕਟ ਆਦਿ ਦੇਣ ਤੋਂ ਪਹਿਲਾਂ ਪੱਕਾ ਕਰੋ ਕਿ ਉਹ ਸਾਡੀ ਗੱਲ ਸੁਣਨੀ ਅਤੇ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਜਾਂ ਨਹੀਂ। ਉਸ ਨੂੰ ਕਹੋ ਕਿ ਤੁਸੀਂ ਬਾਈਬਲ ਵਿੱਚੋਂ ਇਕ ਖ਼ੁਸ਼ੀ ਦੀ ਖ਼ਬਰ ਦੇਣ ਆਏ ਹੋ। ਜੇ ਉਹ ਆਰਾਮ ਨਾਲ ਸਾਡੀ ਗੱਲ ਸੁਣਦਾ ਹੈ, ਤਾਂ ਅਸੀਂ ਉਸ ਨੂੰ ਕੁਝ ਪੜ੍ਹਨ ਲਈ ਦੇ ਸਕਦੇ ਹਾਂ।
20 ਪ੍ਰਚਾਰ ਕਰਦੇ ਵਕਤ ਹਮੇਸ਼ਾ ਚੁਕੰਨੇ ਰਹੋ। ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਸੁਆਮੀ ਨੂੰ ਗੁੱਸਾ ਚੜ੍ਹ ਰਿਹਾ ਹੈ, ਤਾਂ ਸਮਝਦਾਰੀ ਨਾਲ ਗੱਲ ਮੁਕਾ ਕੇ ਉੱਥੋਂ ਚਲੇ ਜਾਓ। ਲੋੜ ਪਵੇ ਤਾਂ ਉਸ ਇਲਾਕੇ ਨੂੰ ਹੀ ਛੱਡ ਦਿਓ। ਜੇ ਦੋ ਜਣੇ ਇਕੱਠੇ ਕੰਮ ਕਰ ਰਹੇ ਹਨ, ਤਾਂ ਇਕ ਪਬਲੀਸ਼ਰ ਦੇ ਗੱਲ ਕਰਦੇ ਸਮੇਂ ਦੂਸਰੇ ਪਬਲੀਸ਼ਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਆਲੇ-ਦੁਆਲੇ ਕੀ ਹੋ ਰਿਹਾ ਹੈ। ਅਕਸਰ ਇੱਦਾਂ ਹੁੰਦਾ ਹੈ ਕਿ ਕੋਈ ਇਕ ਬੰਦਾ ਸਾਨੂੰ ਪ੍ਰਚਾਰ ਕਰਦਿਆਂ ਦੇਖ ਕੇ ਹੋਰਨਾਂ ਕੱਟੜਪੰਥੀਆਂ ਨੂੰ ਉੱਥੇ ਬੁਲਾ ਲੈਂਦਾ ਹੈ।
21 ਇੱਦਾਂ ਦੇ ਸ਼ਬਦ ਨਾ ਵਰਤੋ ਜਿਨ੍ਹਾਂ ਦਾ ਗ਼ਲਤ ਮਤਲਬ ਕੱਢਿਆ ਜਾ ਸਕੇ। ਮਿਸਾਲ ਲਈ, ਅਸੀਂ ਕਹਿ ਸਕਦੇ ਹਾਂ ਕਿ ਅਸੀਂ ਬਾਈਬਲ ਵਿੱਚੋਂ ਇਕ ਚੰਗੀ ਖ਼ਬਰ ‘ਦੱਸਣ’ ਆਏ ਹਾਂ। ਇਹ ਨਾ ਕਹੋ ਕਿ ਅਸੀਂ ਉਨ੍ਹਾਂ ਨੂੰ ‘ਕੁਝ ਦੇਣ’ ਆਏ ਹਾਂ, ਨਹੀਂ ਤਾਂ ਲੋਕ ਸਾਡੇ ਤੇ ਦੋਸ਼ ਲਾ ਸਕਦੇ ਹਨ ਕਿ ਅਸੀਂ ਲੋਕਾਂ ਨੂੰ ਪੈਸੇ ਵਗੈਰਾ ਦੇ ਕੇ ਧਰਮ ਬਦਲਣ ਲਈ ਭਰਮਾ ਰਹੇ ਹਾਂ। ਜੇ ਕੋਈ ਆਪਣੇ ਧਰਮ ਜਾਂ ਮੂਰਤੀ-ਪੂਜਾ ਬਾਰੇ ਸਾਡੀ ਰਾਇ ਪੁੱਛੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਮਾਮਲਿਆਂ ਵਿਚ ਅਸੀਂ ਆਪਣੀ ਰਾਇ ਦੂਸਰਿਆਂ ਤੇ ਨਹੀਂ ਥੋਪਣੀ ਚਾਹੁੰਦੇ। ਇਨ੍ਹਾਂ ਬਾਰੇ ਉਹ ਆਪ ਹੀ ਫ਼ੈਸਲਾ ਕਰ ਸਕਦੇ ਹਨ। ਅਸੀਂ ਤਾਂ ਸਿਰਫ਼ ਬਾਈਬਲ ਵਿੱਚੋਂ ਚੰਗੀਆਂ ਗੱਲਾਂ ਦੱਸਦੇ ਹਾਂ। ਇਹ ਲੋਕਾਂ ਤੇ ਨਿਰਭਰ ਕਰਦਾ ਹੈ ਕਿ ਉਹ ਸੁਣਨਾ ਚਾਹੁੰਦੇ ਹਨ ਜਾਂ ਨਹੀਂ।
22 ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੱਪੜਿਆਂ ਜਾਂ ਬੈਗ ਤੋਂ ਲੋਕ ਝੱਟ ਸਮਝ ਲੈਣ ਕਿ ਅਸੀਂ ਪ੍ਰਚਾਰ ਕਰਨ ਆਏ ਹਾਂ। ਸਾਡੇ ਕੱਪੜੇ ਸਾਫ਼-ਸੁਥਰੇ ਹੋਣੇ ਚਾਹੀਦੇ ਹਨ, ਪਰ ਸੱਜ-ਧੱਜ ਕੇ ਜਾਂ ਟਾਈ-ਟੁਈ ਲਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ। ਇਹ ਸ਼ਾਇਦ ਵਿਦੇਸ਼ ਵਿਚ ਢੁਕਵਾਂ ਹੋਵੇ, ਪਰ ਸਾਨੂੰ ਆਪਣੇ ਸਥਾਨਕ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਵੱਡਾ ਸਾਰਾ ਬੈਗ ਨਾਲ ਲੈ ਜਾਣ ਦੀ ਥਾਂ ਅਸੀਂ ਜੇਬ ਵਿਚ ਬਾਈਬਲ ਤੇ ਕੁਝ ਟ੍ਰੈਕਟ ਰੱਖ ਸਕਦੇ ਹਾਂ ਜਾਂ ਪਲਾਸਟਿਕ ਬੈਗ ਇਸਤੇਮਾਲ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਲੋਕਾਂ ਦਾ ਧਿਆਨ ਖਿੱਚਣ ਤੋਂ ਬਚਾਂਗੇ।
23 ਕਿਸੇ ਘਰ ਵਿਚ ਗੱਲ ਕਰਦੇ ਵੇਲੇ ਉੱਚੀ-ਉੱਚੀ ਬੋਲ ਕੇ ਆਲੇ-ਦੁਆਲੇ ਦੇ ਲੋਕਾਂ ਦਾ ਧਿਆਨ ਨਾ ਖਿੱਚੋ। ਇਹ ਦੇਖਿਆ ਗਿਆ ਹੈ ਕਿ ਉੱਚੀ ਗੱਲ ਕਰਨ ਨਾਲ ਅਕਸਰ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਇਹ ਸੰਭਾਵਨਾ ਵਧ ਜਾਂਦੀ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਸਾਡਾ ਪ੍ਰਚਾਰ ਕਰਨਾ ਚੰਗਾ ਨਹੀਂ ਲੱਗੇਗਾ ਤੇ ਉਹ ਮੁਸੀਬਤ ਖੜ੍ਹੀ ਕਰ ਸਕਦਾ ਹੈ।
24 ਕਿਸੇ ਦੇ ਬੁਲਾਉਣ ਤੇ ਛੇਤੀ ਉਸ ਦੇ ਘਰ ਅੰਦਰ ਨਾ ਜਾਓ। ਕਈ ਵਾਰ ਇੱਦਾਂ ਹੋਇਆ ਹੈ ਕਿ ਵਿਰੋਧੀਆਂ ਨੇ ਭਰਾਵਾਂ ਨੂੰ ਘਰ ਅੰਦਰ ਬੁਲਾ ਕੇ ਰੋਕੀ ਰੱਖਿਆ ਅਤੇ ਫ਼ੋਨ ਰਾਹੀਂ ਹੋਰਨਾਂ ਵਿਰੋਧੀਆਂ ਨੂੰ ਇਕੱਠਾ ਕਰ ਲਿਆ। ਜੇ ਤੁਸੀਂ ਕਿਸੇ ਦੇ ਘਰ ਬੈਠੇ ਹੋ ਅਤੇ ਦੇਖਦੇ ਹੋ ਕਿ ਉਹ ਕਿਸੇ ਨੂੰ ਫ਼ੋਨ ਕਰਦਾ ਹੈ ਜਾਂ ਆਪਣੇ ਘਰਦਿਆਂ ਨੂੰ ਫ਼ੋਨ ਕਰਨ ਲਈ ਕਹਿੰਦਾ ਹੈ, ਤਾਂ ਇਸ ਨੂੰ ਖ਼ਤਰੇ ਦੀ ਘੰਟੀ ਸਮਝੋ ਤੇ ਜਿੰਨਾ ਜਲਦੀ ਹੋ ਸਕੇ ਉੱਥੋਂ ਨਿਕਲ ਜਾਓ।
25 ਆਪਣਾ ਟੀਚਾ ਚੇਤੇ ਰੱਖੋ: ਸਾਡਾ ਮਕਸਦ “ਲਾਇਕ” ਲੋਕਾਂ ਨੂੰ ਲੱਭਣਾ ਹੈ ਜੋ ਸਾਡੀ ਗੱਲ ਸੁਣਨਗੇ। ਸਾਨੂੰ ਹੁਸ਼ਿਆਰੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂਕਿ ਸਾਡੇ ਪ੍ਰਚਾਰ ਕੰਮ ਦਾ ਵਿਰੋਧ ਕਰਨ ਵਾਲਿਆਂ ਦਾ ਧਿਆਨ ਸਾਡੇ ਵੱਲ ਨਾ ਆਵੇ।
26 ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਹੈ: ਇਨ੍ਹਾਂ ਸੁਝਾਵਾਂ ਮੁਤਾਬਕ ਪ੍ਰਚਾਰ ਦਾ ਕੰਮ ਕਰ ਕੇ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ। (ਯਸਾ. 54:17; ਫ਼ਿਲਿ. 4:13) ਬਦਲਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਬਦਲਣਾ ਅਕਲਮੰਦੀ ਹੈ। ਇਹ ਬਾਈਬਲ ਦੇ ਅਨੁਸਾਰ ਵੀ ਹੈ ਕਿਉਂਕਿ ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਸੇਵਕਾਈ ਵਿਚ ਚੁਕੰਨੇ ਰਹਿਣ ਦੀ ਸਲਾਹ ਦਿੱਤੀ ਸੀ। (ਮੱਤੀ 10:5-23) ਘਰ-ਘਰ ਜਾਂ ਹੋਰ ਕਿਧਰੇ ਪ੍ਰਚਾਰ ਕਰਦੇ ਸਮੇਂ ਸਮਝ ਤੋਂ ਕੰਮ ਲਓ ਅਤੇ ਚਾਰੇ ਪਾਸੇ ਧਿਆਨ ਰੱਖੋ। ਯਕੀਨ ਰੱਖੋ ਕਿ ਪਰਮੇਸ਼ੁਰ ਦੇ ਦੂਤ ਤੁਹਾਨੂੰ ਉਨ੍ਹਾਂ ਲੋਕਾਂ ਕੋਲ ਲੈ ਜਾਣਗੇ ਜੋ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਨ।—ਪਰ. 14:6.
27 ਆਉਣ ਵਾਲੇ ਮਹੀਨਿਆਂ ਵਿਚ ਸਾਡੀ ਰਾਜ ਸੇਵਕਾਈ ਵਿਚ ਹੋਰ ਲੇਖ ਛਾਪੇ ਜਾਣਗੇ ਜਿਨ੍ਹਾਂ ਵਿਚ ਤੁਹਾਨੂੰ ਹਿੰਮਤ ਤੇ ਸਮਝ ਨਾਲ ਪ੍ਰਚਾਰ ਕਰਨ ਸੰਬੰਧੀ ਹੋਰ ਜਾਣਕਾਰੀ ਦਿੱਤੀ ਜਾਵੇਗੀ। ਆਓ ਆਪਾਂ ਸੰਸਥਾ ਵੱਲੋਂ ਦਿੱਤੇ ਸੁਝਾਵਾਂ ਨੂੰ ਅਮਲ ਵਿਚ ਲਿਆਈਏ ਤੇ ਸਾਰੇ ਇੰਤਜ਼ਾਮਾਂ ਦਾ ਸਮਰਥਨ ਕਰੀਏ।
[ਸਫ਼ਾ 3 ਉੱਤੇ ਕੈਪਸ਼ਨ]
ਇਸ ਲੇਖ ਨੂੰ ਵਰਤਣ ਦੇ ਸੁਝਾਅ
ਇਸ ਲੇਖ ਨੂੰ ਧਿਆਨ ਨਾਲ ਪੜ੍ਹੋ ਤੇ ਇਸ ਬਾਰੇ ਸੋਚੋ। ਇਸ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰਨ ਲਈ ਹਮੇਸ਼ਾ ਤਿਆਰ ਰਹੋ। ਇਨ੍ਹਾਂ ਸਲਾਹਾਂ ਨੂੰ ਕਦੋਂ ਤੋਂ ਲਾਗੂ ਕਰਨਾ ਹੈ? ਹੁਣੇ, ਤੁਰੰਤ!