ਚੌਥਾ ਅਧਿਆਇ
ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰੋ
“ਸਾਰਿਆਂ ਦਾ ਆਦਰ ਕਰੋ।”—1 ਪਤਰਸ 2:17.
1, 2. (ੳ) ਅਧਿਕਾਰ ਰੱਖਣ ਵਾਲਿਆਂ ਪ੍ਰਤੀ ਲੋਕਾਂ ਦਾ ਕੀ ਰਵੱਈਆ ਹੈ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਵਿਚਾਰ ਕਰਾਂਗੇ?
ਇਕ ਮਾਂ ਆਪਣੇ ਮੁੰਡੇ ਨੂੰ ਕੋਈ ਕੰਮ ਕਰਨ ਲਈ ਕਹਿੰਦੀ ਹੈ, ਪਰ ਉਹ ਨੱਕ-ਬੁੱਲ੍ਹ ਵੱਟਦਾ ਹੈ। ਉਸ ਨੂੰ ਪਤਾ ਹੈ ਕਿ ਉਸ ਨੂੰ ਆਪਣੀ ਮੰਮੀ ਦੀ ਗੱਲ ਮੰਨਣੀ ਚਾਹੀਦੀ ਹੈ, ਪਰ ਉਹ ਮੰਨਣ ਨੂੰ ਤਿਆਰ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮੰਮੀ ਦੀ ਪਰਵਾਹ ਨਹੀਂ ਕਰਦਾ। ਅੱਜ ਜ਼ਿਆਦਾਤਰ ਲੋਕਾਂ ਦਾ ਰਵੱਈਆ ਇਸ ਮੁੰਡੇ ਵਰਗਾ ਹੈ।
2 ਆਮ ਤੌਰ ਤੇ ਲੋਕ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਨਹੀਂ ਕਰਦੇ। ਤੁਹਾਡੇ ਬਾਰੇ ਕੀ? ਸ਼ਾਇਦ ਤੁਹਾਨੂੰ ਵੀ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਆਸਾਨ ਨਾ ਲੱਗੇ। ਪਰ ਬਾਈਬਲ ਕਹਿੰਦੀ ਹੈ ਕਿ ਸਾਨੂੰ ਆਦਰ ਕਰਨਾ ਚਾਹੀਦਾ ਹੈ। (ਕਹਾਉਤਾਂ 24:21) ਜੇ ਅਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਤਾਂ ਸਾਡੇ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਆਓ ਆਪਾਂ ਇਸ ਸੰਬੰਧੀ ਕੁਝ ਸਵਾਲਾਂ ʼਤੇ ਗੌਰ ਕਰੀਏ: ਜਿਨ੍ਹਾਂ ਕੋਲ ਸਾਡੇ ਤੋਂ ਜ਼ਿਆਦਾ ਅਧਿਕਾਰ ਹੈ, ਉਨ੍ਹਾਂ ਦਾ ਆਦਰ ਕਰਨਾ ਇੰਨਾ ਮੁਸ਼ਕਲ ਕਿਉਂ ਹੈ? ਯਹੋਵਾਹ ਸਾਨੂੰ ਆਦਰ ਕਰਨ ਲਈ ਕਿਉਂ ਕਹਿੰਦਾ ਹੈ ਅਤੇ ਕਿਹੜੀ ਗੱਲ ਇਸ ਮਾਮਲੇ ਵਿਚ ਸਾਡੀ ਮਦਦ ਕਰੇਗੀ? ਅਸੀਂ ਕਿੱਦਾਂ ਉਨ੍ਹਾਂ ਦਾ ਆਦਰ ਕਰ ਸਕਦੇ ਹਾਂ?
ਆਦਰ ਕਰਨਾ ਮੁਸ਼ਕਲ ਕਿਉਂ?
3, 4. ਪਾਪ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਸ ਕਰਕੇ ਸਾਡੇ ਅੰਦਰ ਹੋਰ ਕਿਹੜੇ ਔਗੁਣ ਹਨ ਅਤੇ ਇਨ੍ਹਾਂ ਦਾ ਕੀ ਨਤੀਜਾ ਨਿਕਲਦਾ ਹੈ?
3 ਆਓ ਆਪਾਂ ਇਸ ਸੰਬੰਧੀ ਦੋ ਕਾਰਨਾਂ ਉੱਤੇ ਵਿਚਾਰ ਕਰੀਏ। ਪਹਿਲਾ, ਅਸੀਂ ਪਾਪੀ ਹਾਂ। ਦੂਜਾ, ਜਿਨ੍ਹਾਂ ਕੋਲ ਅਧਿਕਾਰ ਹੈ ਉਹ ਵੀ ਪਾਪੀ ਹਨ। ਅਸੀਂ ਪਾਪੀ ਬਣੇ ਕਿਵੇਂ? ਬਹੁਤ ਸਮਾਂ ਪਹਿਲਾਂ ਜਦ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ, ਉਸ ਵੇਲੇ ਪਾਪ ਨੇ ਜਨਮ ਲਿਆ ਸੀ। ਇਸੇ ਕਰਕੇ ਬਗਾਵਤ ਕਰਨਾ ਸਾਡਾ ਸੁਭਾਅ ਹੈ।—ਉਤਪਤ 2:15-17; 3:1-7; ਜ਼ਬੂਰਾਂ ਦੀ ਪੋਥੀ 51:5; ਰੋਮੀਆਂ 5:12.
4 ਪਾਪੀ ਹੋਣ ਕਰਕੇ ਜ਼ਿਆਦਾਤਰ ਲੋਕਾਂ ਵਿਚ ਘਮੰਡ ਹੁੰਦਾ ਹੈ। ਇਸ ਲਈ ਦੁਨੀਆਂ ਵਿਚ ਬਹੁਤ ਥੋੜ੍ਹੇ ਲੋਕ ਹਲੀਮ ਹਨ। ਕਈ ਸਾਲ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਵੀ ਸਾਡੇ ਅੰਦਰ ਘਮੰਡ ਪੈਦਾ ਹੋ ਸਕਦਾ ਹੈ। ਉਦਾਹਰਣ ਲਈ, ਕੋਰਹ ਨਾਂ ਦਾ ਇਕ ਭਗਤ ਮੁਸ਼ਕਲਾਂ ਵਿਚ ਵੀ ਯਹੋਵਾਹ ਦੇ ਲੋਕਾਂ ਦੇ ਨਾਲ-ਨਾਲ ਰਿਹਾ ਸੀ। ਪਰ ਫਿਰ ਵੀ ਉਸ ਦੇ ਮਨ ਵਿਚ ਹੋਰ ਅਧਿਕਾਰ ਪਾਉਣ ਦੀ ਲਾਲਸਾ ਪੈਦਾ ਹੋ ਗਈ। ਇਸ ਕਰਕੇ ਉਸ ਨੇ ਆਪਣੇ ਸਮੇਂ ਦੇ ਸਭ ਤੋਂ ਹਲੀਮ ਬੰਦੇ ਮੂਸਾ ਦੇ ਖ਼ਿਲਾਫ਼ ਖੁੱਲ੍ਹੇ-ਆਮ ਬਗਾਵਤ ਕੀਤੀ। (ਗਿਣਤੀ 12:3; 16:1-3) ਹੁਣ ਜ਼ਰਾ ਰਾਜਾ ਉਜ਼ੀਯਾਹ ਦੀ ਮਿਸਾਲ ਲਓ। ਉਹ ਇੰਨੇ ਘਮੰਡ ਵਿਚ ਆ ਗਿਆ ਕਿ ਉਸ ਨੇ ਯਹੋਵਾਹ ਦੇ ਮੰਦਰ ਵਿਚ ਜਾਣ ਅਤੇ ਧੂਪ ਧੁਖਾਉਣ ਦੀ ਜੁਰਅਤ ਕੀਤੀ। ਯਹੋਵਾਹ ਨੇ ਧੂਪ ਧੁਖਾਉਣ ਦਾ ਅਧਿਕਾਰ ਸਿਰਫ਼ ਪੁਜਾਰੀਆਂ ਨੂੰ ਦਿੱਤਾ ਸੀ। (2 ਇਤਹਾਸ 26:16-21) ਇਨ੍ਹਾਂ ਦੋਵਾਂ ਨੂੰ ਆਪਣੀ ਗੁਸਤਾਖ਼ੀ ਦੇ ਗੰਭੀਰ ਨਤੀਜੇ ਭੁਗਤਣੇ ਪਏ। ਪਰ ਇਨ੍ਹਾਂ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ। ਸਾਨੂੰ ਆਪਣੇ ਅੰਦਰੋਂ ਘਮੰਡ ਨੂੰ ਕੱਢਣ ਦੀ ਲੋੜ ਹੈ, ਨਹੀਂ ਤਾਂ ਸਾਡੇ ਵਾਸਤੇ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨਾ ਮੁਸ਼ਕਲ ਹੋਵੇਗਾ।
5. ਪਾਪੀ ਇਨਸਾਨਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਿਵੇਂ ਕੀਤਾ ਹੈ?
5 ਦੂਜੇ ਪਾਸੇ, ਅਧਿਕਾਰ ਰੱਖਣ ਵਾਲਿਆਂ ਨੇ ਇੰਨੇ ਗ਼ਲਤ ਕੰਮ ਕੀਤੇ ਹਨ ਕਿ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਕੋਈ ਆਦਰ ਨਹੀਂ ਰਿਹਾ। ਬਹੁਤ ਸਾਰਿਆਂ ਨੇ ਲੋਕਾਂ ਉੱਤੇ ਜ਼ੁਲਮ ਢਾਹੇ ਹਨ। ਇਤਿਹਾਸ ਇੱਦਾਂ ਦੇ ਲੋਕਾਂ ਦੀਆਂ ਮਿਸਾਲਾਂ ਨਾਲ ਭਰਿਆ ਹੋਇਆ ਹੈ। (ਉਪਦੇਸ਼ਕ ਦੀ ਪੋਥੀ 8:9 ਪੜ੍ਹੋ।) ਮਿਸਾਲ ਲਈ, ਜਦੋਂ ਯਹੋਵਾਹ ਨੇ ਸ਼ਾਊਲ ਨੂੰ ਰਾਜਾ ਬਣਾਇਆ ਸੀ ਉਸ ਵੇਲੇ ਉਹ ਬਹੁਤ ਹਲੀਮ ਹੁੰਦਾ ਸੀ। ਪਰ ਫਿਰ ਹੌਲੀ-ਹੌਲੀ ਉਸ ਦੇ ਦਿਲ ਵਿਚ ਘਮੰਡ ਅਤੇ ਈਰਖਾ ਪੈਦਾ ਹੋ ਗਈ ਅਤੇ ਉਸ ਨੇ ਪਰਮੇਸ਼ੁਰ ਦੇ ਵਫ਼ਾਦਾਰ ਭਗਤ ਦਾਊਦ ਨੂੰ ਸਤਾਇਆ। (1 ਸਮੂਏਲ 9:20, 21; 10:20-22; 18:7-11) ਬਾਅਦ ਵਿਚ ਦਾਊਦ ਇਜ਼ਰਾਈਲ ਦਾ ਰਾਜਾ ਬਣਿਆ। ਇਜ਼ਰਾਈਲ ਦਾ ਹੋਰ ਕੋਈ ਵੀ ਰਾਜਾ ਉਸ ਵਰਗਾ ਨਹੀਂ ਸੀ। ਪਰ ਉਸ ਨੇ ਵੀ ਆਪਣੇ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਉਠਾਇਆ ਸੀ। ਉਸ ਨੇ ਊਰਿੱਯਾਹ ਹਿੱਤੀ ਦੀ ਘਰਵਾਲੀ ਨਾਲ ਕੁਕਰਮ ਕੀਤਾ ਅਤੇ ਊਰਿੱਯਾਹ ਨੂੰ ਲੜਾਈ ਵਿਚ ਮਰਵਾ ਦਿੱਤਾ। (2 ਸਮੂਏਲ 11:1-17) ਇਨ੍ਹਾਂ ਮਿਸਾਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਾਪੀ ਇਨਸਾਨਾਂ ਲਈ ਆਪਣੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤਣਾ ਬਹੁਤ ਮੁਸ਼ਕਲ ਹੁੰਦਾ ਹੈ। ਜੋ ਲੋਕ ਯਹੋਵਾਹ ਦਾ ਆਦਰ ਨਹੀਂ ਕਰਦੇ, ਉਹ ਆਪਣੇ ਅਧਿਕਾਰ ਦਾ ਹੋਰ ਵੀ ਗ਼ਲਤ ਇਸਤੇਮਾਲ ਕਰਦੇ ਹਨ। ਕੁਝ ਕੈਥੋਲਿਕ ਪੋਪਾਂ ਦੇ ਜ਼ੁਲਮਾਂ ਬਾਰੇ ਗੱਲ ਕਰਦਿਆਂ ਇਕ ਬਰਤਾਨਵੀ ਸਿਆਸਤਦਾਨ ਨੇ ਕਿਹਾ ਸੀ ਕਿ “ਤਾਕਤ ਦੇ ਨਸ਼ੇ ਵਿਚ ਚੂਰ ਇਨਸਾਨ ਸ਼ਰਾਫ਼ਤ ਭੁੱਲ ਜਾਂਦਾ ਹੈ।” ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਫਿਰ ਸਵਾਲ ਉੱਠਦਾ ਹੈ: ਅਸੀਂ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਿਉਂ ਕਰੀਏ?
ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਿਉਂ ਕਰੀਏ?
6, 7. (ੳ) ਯਹੋਵਾਹ ਲਈ ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਕਿਉਂ? (ਅ) ਅਧੀਨਗੀ ਬਾਰੇ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
6 ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨ ਦਾ ਸਭ ਤੋਂ ਵਧੀਆ ਕਾਰਨ ਹੈ ਯਹੋਵਾਹ ਲਈ, ਹੋਰ ਲੋਕਾਂ ਲਈ ਅਤੇ ਆਪਣੇ ਲਈ ਪਿਆਰ। ਅਸੀਂ ਸਭ ਤੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰਦੇ ਹਾਂ, ਇਸ ਕਰਕੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (ਕਹਾਉਤਾਂ 27:11; ਮਰਕੁਸ 12:29, 30 ਪੜ੍ਹੋ।) ਅਸੀਂ ਜਾਣਦੇ ਹਾਂ ਕਿ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। ਉਸ ਵੇਲੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਗਿਆ ਸੀ। ਉਦੋਂ ਤੋਂ ਜ਼ਿਆਦਾਤਰ ਲੋਕਾਂ ਨੇ ਸ਼ੈਤਾਨ ਦਾ ਸਾਥ ਦਿੱਤਾ ਹੈ ਅਤੇ ਯਹੋਵਾਹ ਦੇ ਰਾਜ ਨੂੰ ਠੁਕਰਾਇਆ ਹੈ। ਪਰ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਸੀਂ ਯਹੋਵਾਹ ਵੱਲ ਹਾਂ। ਜਦੋਂ ਅਸੀਂ ਪ੍ਰਕਾਸ਼ ਦੀ ਕਿਤਾਬ 4:11 ਦੇ ਸ਼ਬਦ ਪੜ੍ਹਦੇ ਹਾਂ, ਤਾਂ ਸਾਡਾ ਦਿਲ ਵੀ ਯਹੋਵਾਹ ਦੀ ਵਡਿਆਈ ਕਰਨ ਨੂੰ ਕਰਦਾ ਹੈ। ਸਾਡੇ ਲਈ ਇਹ ਗੱਲ ਬਿਲਕੁਲ ਸਾਫ਼ ਹੈ ਕਿ ਕੇਵਲ ਯਹੋਵਾਹ ਕੋਲ ਹੀ ਦੁਨੀਆਂ ਉੱਤੇ ਰਾਜ ਕਰਨ ਦਾ ਹੱਕ ਹੈ। ਅਸੀਂ ਉਸ ਦੇ ਰਾਜ ਦੇ ਅਧੀਨ ਹਾਂ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ।
7 ਯਹੋਵਾਹ ਦਾ ਆਦਰ ਕਰਨ ਦਾ ਮਤਲਬ ਹੈ ਕਿ ਅਸੀਂ ਸਿਰਫ਼ ਉਦੋਂ ਹੀ ਉਸ ਦੇ ਹੁਕਮ ਨਾ ਮੰਨੀਏ ਜਦੋਂ ਸਾਡੇ ਲਈ ਮੰਨਣੇ ਆਸਾਨ ਹੁੰਦੇ ਹਨ, ਬਲਕਿ ਉਦੋਂ ਵੀ ਮੰਨੀਏ ਜਦੋਂ ਸਾਡੇ ਲਈ ਮੰਨਣੇ ਔਖੇ ਹੁੰਦੇ ਹਨ। ਅਜਿਹੇ ਮੌਕਿਆਂ ਤੇ ਸਾਨੂੰ ਅਧੀਨਗੀ ਤੋਂ ਕੰਮ ਲੈਣ ਦੀ ਲੋੜ ਹੈ। ਯਾਦ ਕਰੋ ਕਿ ਜਦੋਂ ਯਿਸੂ ਲਈ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨੀ ਬਹੁਤ ਹੀ ਔਖੀ ਸੀ, ਉਸ ਵੇਲੇ ਵੀ ਉਹ ਪਿੱਛੇ ਨਹੀਂ ਹਟਿਆ। ਉਸ ਨੇ ਆਪਣੇ ਪਿਤਾ ਨੂੰ ਕਿਹਾ ਸੀ: “ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।”—ਲੂਕਾ 22:42.
8. (ੳ) ਅੱਜ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ ਅਤੇ ਉਸ ਦੇ ਚੁਣੇ ਹੋਏ ਲੋਕਾਂ ਖ਼ਿਲਾਫ਼ ਬਗਾਵਤ ਦਾ ਯਹੋਵਾਹ ʼਤੇ ਕੀ ਅਸਰ ਪੈਂਦਾ ਹੈ? (ਅ) ਸਲਾਹ ਅਤੇ ਤਾੜਨਾ ਨੂੰ ਸਵੀਕਾਰ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (“ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ” ਡੱਬੀ ਦੇਖੋ।)
8 ਅੱਜ ਯਹੋਵਾਹ ਸਾਡੇ ਨਾਲ ਆਪ ਗੱਲ ਨਹੀਂ ਕਰਦਾ, ਸਗੋਂ ਆਪਣੇ ਬਚਨ ਅਤੇ ਧਰਤੀ ਉੱਤੇ ਕੁਝ ਚੁਣੇ ਹੋਏ ਲੋਕਾਂ ਦੇ ਜ਼ਰੀਏ ਨਿਰਦੇਸ਼ਨ ਦਿੰਦਾ ਹੈ। ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਸਾਡੇ ʼਤੇ ਅਧਿਕਾਰ ਦਿੱਤਾ ਹੈ। ਇਨ੍ਹਾਂ ਚੁਣੇ ਹੋਏ ਲੋਕਾਂ ਦਾ ਆਦਰ ਕਰ ਕੇ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ। ਜੇ ਅਸੀਂ ਇਨ੍ਹਾਂ ਵਿਅਕਤੀਆਂ ਵੱਲੋਂ ਬਾਈਬਲ ਵਿੱਚੋਂ ਦਿੱਤੀ ਸਲਾਹ ਅਤੇ ਤਾੜਨਾ ਨੂੰ ਸਵੀਕਾਰ ਨਹੀਂ ਕਰਦੇ, ਤਾਂ ਯਹੋਵਾਹ ਸਾਡੇ ਨਾਲ ਨਾਰਾਜ਼ ਹੋ ਜਾਵੇਗਾ। ਜਦੋਂ ਇਜ਼ਰਾਈਲੀਆਂ ਨੇ ਮੂਸਾ ਦੇ ਖ਼ਿਲਾਫ਼ ਬਗਾਵਤ ਕੀਤੀ ਸੀ, ਤਾਂ ਯਹੋਵਾਹ ਨੂੰ ਲੱਗਿਆ ਕਿ ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ ਸੀ।—ਗਿਣਤੀ 14:26, 27.
9. ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰ ਕੇ ਅਸੀਂ ਦੂਸਰਿਆਂ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੰਦੇ ਹਾਂ? ਉਦਾਹਰਣ ਦੇ ਕੇ ਸਮਝਾਓ।
9 ਹੋਰ ਲੋਕਾਂ ਲਈ ਪਿਆਰ ਕਰਕੇ ਵੀ ਅਸੀਂ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਦੇ ਹਾਂ। ਇਸ ਦਾ ਕੀ ਮਤਲਬ ਹੈ? ਇਸ ਗੱਲ ਨੂੰ ਸਮਝਣ ਲਈ ਆਪਾਂ ਇਕ ਉਦਾਹਰਣ ਲੈਂਦੇ ਹਾਂ। ਮੰਨ ਲਓ ਕਿ ਤੁਸੀਂ ਫ਼ੌਜ ਵਿਚ ਹੋ। ਲੜਾਈ ਵਿਚ ਜਿੱਤ ਅਤੇ ਹਰ ਫ਼ੌਜੀ ਦੀ ਜਾਨ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਸਾਰੇ ਫ਼ੌਜੀ ਦੂਜਿਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਅਤੇ ਆਪਣੇ ਸੀਨੀਅਰ ਅਫ਼ਸਰਾਂ ਦਾ ਹੁਕਮ ਮੰਨਣ। ਜੇ ਤੁਸੀਂ ਬਗਾਵਤ ਕਰੋਗੇ, ਤਾਂ ਬਾਕੀ ਦੇ ਫ਼ੌਜੀ ਖ਼ਤਰੇ ਵਿਚ ਪੈ ਜਾਣਗੇ। ਮੰਨਿਆ ਕਿ ਇਨਸਾਨੀ ਫ਼ੌਜਾਂ ਨੇ ਦੁਨੀਆਂ ਉੱਤੇ ਕਹਿਰ ਢਾਹਿਆ ਹੋਇਆ ਹੈ, ਪਰ ਯਹੋਵਾਹ ਦੀਆਂ ਫ਼ੌਜਾਂ ਤਾਂ ਸਿਰਫ਼ ਚੰਗੇ ਕੰਮ ਕਰਦੀਆਂ ਹਨ। ਬਾਈਬਲ ਵਿਚ ਯਹੋਵਾਹ ਨੂੰ ਬਹੁਤ ਵਾਰ ‘ਸੈਨਾਂ ਦਾ ਯਹੋਵਾਹ’ ਕਿਹਾ ਗਿਆ ਹੈ। (1 ਸਮੂਏਲ 1:3) ਯਹੋਵਾਹ ਕੋਲ ਸ਼ਕਤੀਸ਼ਾਲੀ ਦੂਤਾਂ ਦੀ ਬਹੁਤ ਵੱਡੀ ਫ਼ੌਜ ਹੈ। ਉਸ ਨੇ ਧਰਤੀ ਉੱਤੇ ਆਪਣੇ ਭਗਤਾਂ ਦੀ ਤੁਲਨਾ ਵੀ ਫ਼ੌਜ ਨਾਲ ਕੀਤੀ ਹੈ। (ਹਿਜ਼ਕੀਏਲ 37:1-10) ਜੇ ਅਸੀਂ ਉਨ੍ਹਾਂ ਦੇ ਖ਼ਿਲਾਫ਼ ਬਗਾਵਤ ਕਰਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਨੇ ਸਾਡੇ ਉੱਤੇ ਅਧਿਕਾਰ ਦਿੱਤਾ ਹੈ, ਤਾਂ ਕੀ ਅਸੀਂ ਯਹੋਵਾਹ ਦੇ ਹੋਰ ਭਗਤਾਂ ਨੂੰ ਖ਼ਤਰੇ ਵਿਚ ਨਹੀਂ ਪਾਉਂਦੇ? ਜਦੋਂ ਕੋਈ ਭਰਾ ਮੰਡਲੀ ਦੇ ਬਜ਼ੁਰਗਾਂ ਖ਼ਿਲਾਫ਼ ਜਾਂਦਾ ਹੈ, ਤਾਂ ਇਸ ਦਾ ਅਸਰ ਮੰਡਲੀ ਦੇ ਦੂਸਰੇ ਭੈਣਾਂ-ਭਰਾਵਾਂ ʼਤੇ ਵੀ ਪੈ ਸਕਦਾ ਹੈ। (1 ਕੁਰਿੰਥੀਆਂ 12:14, 25, 26) ਜਦੋਂ ਘਰ ਵਿਚ ਇਕ ਬੱਚਾ ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਹੋ ਜਾਂਦਾ ਹੈ, ਤਾਂ ਪੂਰੇ ਪਰਿਵਾਰ ਨੂੰ ਦੁੱਖ ਸਹਿਣਾ ਪੈਂਦਾ ਹੈ। ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰ ਕੇ ਅਸੀਂ ਦੂਸਰਿਆਂ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ।
10, 11. ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰ ਕੇ ਸਾਨੂੰ ਕੀ ਫ਼ਾਇਦੇ ਹੋਣਗੇ?
10 ਅਸੀਂ ਅਧਿਕਾਰ ਰੱਖਣ ਵਾਲਿਆਂ ਦਾ ਆਦਰ ਇਸ ਕਰਕੇ ਵੀ ਕਰਦੇ ਹਾਂ ਕਿਉਂਕਿ ਇਸ ਵਿਚ ਸਾਡਾ ਹੀ ਭਲਾ ਹੈ। ਯਹੋਵਾਹ ਨੇ ਸਾਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਆਦਰ ਕਰਨ ਦੇ ਕੀ ਫ਼ਾਇਦੇ ਹਨ। ਮਿਸਾਲ ਲਈ, ਉਹ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਕਹਿਣਾ ਮੰਨਣ ਲਈ ਕਹਿੰਦਾ ਹੈ ਤਾਂਕਿ ਬੱਚੇ ਲੰਬੀ ਤੇ ਖ਼ੁਸ਼ੀ ਭਰੀ ਜ਼ਿੰਦਗੀ ਜੀਣ। (ਬਿਵਸਥਾ ਸਾਰ 5:16; ਅਫ਼ਸੀਆਂ 6:2, 3) ਉਹ ਸਾਨੂੰ ਮੰਡਲੀ ਦੇ ਬਜ਼ੁਰਗਾਂ ਦਾ ਆਦਰ ਕਰਨ ਲਈ ਕਹਿੰਦਾ ਹੈ ਤਾਂਕਿ ਅਸੀਂ ਸੱਚਾਈ ਵਿਚ ਕਮਜ਼ੋਰ ਨਾ ਪੈ ਜਾਈਏ। (ਇਬਰਾਨੀਆਂ 13:7, 17) ਉਹ ਸਾਨੂੰ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨ ਲਈ ਕਹਿੰਦਾ ਹੈ ਤਾਂਕਿ ਸਾਨੂੰ ਨੁਕਸਾਨ ਨਾ ਉਠਾਉਣਾ ਪਵੇ।—ਰੋਮੀਆਂ 13:4.
11 ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨ ਦਾ ਕਾਰਨ ਪਤਾ ਹੋਣ ਕਰਕੇ ਸਾਡੇ ਲਈ ਉਨ੍ਹਾਂ ਦਾ ਆਦਰ ਕਰਨਾ ਆਸਾਨ ਹੋਵੇਗਾ। ਇਸ ਲਈ ਆਓ ਆਪਾਂ ਇਸ ਗੱਲ ʼਤੇ ਵਿਚਾਰ ਕਰੀਏ ਕਿ ਅਸੀਂ ਪਰਿਵਾਰ ਅਤੇ ਮੰਡਲੀ ਵਿਚ ਅਧਿਕਾਰ ਰੱਖਣ ਵਾਲਿਆਂ ਦਾ ਅਤੇ ਸਰਕਾਰੀ ਅਧਿਕਾਰੀਆਂ ਦਾ ਕਿਵੇਂ ਆਦਰ ਕਰ ਸਕਦੇ ਹਾਂ।
ਪਰਿਵਾਰ ਵਿਚ ਆਦਰ
12. ਯਹੋਵਾਹ ਨੇ ਪਤੀ ਅਤੇ ਪਿਤਾ ਨੂੰ ਪਰਿਵਾਰ ਵਿਚ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਕਿੱਦਾਂ ਪੂਰਾ ਕਰ ਸਕਦਾ ਹੈ?
12 ਯਹੋਵਾਹ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਪਰਿਵਾਰ ਵਿਚ ਹਰ ਮੈਂਬਰ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹਨ ਤਾਂਕਿ ਘਰ ਵਿਚ ਸ਼ਾਂਤੀ ਰਹੇ। (1 ਕੁਰਿੰਥੀਆਂ 14:33) ਉਸ ਨੇ ਪਤੀ ਨੂੰ ਪਰਿਵਾਰ ਦਾ ਸਿਰ ਬਣਾਇਆ ਹੈ। ਪਤੀ ਦਾ ਸਿਰ ਯਿਸੂ ਮਸੀਹ ਹੈ। ਪਤੀ ਇਸ ਗੱਲ ʼਤੇ ਵਿਚਾਰ ਕਰਦਾ ਹੈ ਕਿ ਯਿਸੂ ਮਸੀਹ ਮੰਡਲੀ ਦੀ ਕਿਵੇਂ ਦੇਖ-ਭਾਲ ਕਰਦਾ ਹੈ। ਫਿਰ ਉਹ ਯਿਸੂ ਦੀ ਰੀਸ ਕਰਦਿਆਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ। (ਅਫ਼ਸੀਆਂ 5:23) ਪਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਨਹੀਂ, ਸਗੋਂ ਉਨ੍ਹਾਂ ਨੂੰ ਪੂਰਿਆਂ ਕਰਦਾ ਹੈ। ਨਾ ਹੀ ਉਹ ਪਰਿਵਾਰ ਉੱਤੇ ਚੌਧਰ ਝਾੜਦਾ ਹੈ, ਸਗੋਂ ਸਾਰਿਆਂ ਨਾਲ ਪਿਆਰ ਤੇ ਸਮਝਦਾਰੀ ਨਾਲ ਪੇਸ਼ ਆਉਂਦਾ ਹੈ। ਉਹ ਇਹ ਗੱਲ ਯਾਦ ਰੱਖਦਾ ਹੈ ਕਿ ਉਸ ਦੇ ਅਧਿਕਾਰ ਦੀ ਇਕ ਹੱਦ ਹੈ ਅਤੇ ਯਹੋਵਾਹ ਦਾ ਅਧਿਕਾਰ ਉਸ ਤੋਂ ਜ਼ਿਆਦਾ ਹੈ।
ਯਿਸੂ ਦੀ ਰੀਸ ਕਰਦਿਆਂ ਪਿਤਾ ਚੰਗੀ ਤਰ੍ਹਾਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ
13. ਪਤਨੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਕਿਵੇਂ ਨਿਭਾ ਸਕਦੀ ਹੈ?
13 ਪਤਨੀ ਆਪਣੇ ਪਤੀ ਦੀ ਸਾਥਣ ਹੈ। ਉਸ ਨੂੰ ਵੀ ਪਰਿਵਾਰ ਵਿਚ ਅਧਿਕਾਰ ਦਿੱਤਾ ਗਿਆ ਹੈ ਕਿਉਂਕਿ ਬਾਈਬਲ ਵਿਚ “ਮਾਂ ਦੀ ਤਾਲੀਮ” ਦੀ ਗੱਲ ਕੀਤੀ ਗਈ ਹੈ। (ਕਹਾਉਤਾਂ 1:8) ਪਰ ਉਸ ਨੇ ਆਪਣੇ ਪਤੀ ਦੇ ਅਧੀਨ ਰਹਿਣਾ ਹੈ। ਪਤਨੀ ਕਈ ਤਰੀਕਿਆਂ ਨਾਲ ਆਪਣੇ ਪਤੀ ਦੇ ਅਧਿਕਾਰ ਪ੍ਰਤੀ ਆਪਣੀ ਅਧੀਨਗੀ ਦਿਖਾ ਸਕਦੀ ਹੈ। ਉਹ ਆਪਣੇ ਪਤੀ ਦੀ ਪਰਿਵਾਰ ਦੇ ਸਿਰ ਦੇ ਤੌਰ ਤੇ ਜ਼ਿੰਮੇਵਾਰੀ ਨਿਭਾਉਣ ਵਿਚ ਮਦਦ ਕਰ ਸਕਦੀ ਹੈ। ਉਹ ਉਸ ਦੀ ਬੇਇੱਜ਼ਤੀ ਨਹੀਂ ਕਰੇਗੀ, ਨਾ ਹੀ ਉਸ ਨੂੰ ਆਪਣੇ ਇਸ਼ਾਰਿਆਂ ʼਤੇ ਨਚਾਏਗੀ ਅਤੇ ਨਾ ਹੀ ਆਪਣੀ ਚੌਧਰ ਜਮਾਏਗੀ। ਇਸ ਦੀ ਬਜਾਇ, ਉਹ ਜ਼ਿੰਦਗੀ ਦੇ ਹਰ ਮੋੜ ਤੇ ਉਸ ਦਾ ਸਾਥ ਦੇਵੇਗੀ। ਜੇ ਉਸ ਨੂੰ ਆਪਣੇ ਪਤੀ ਦਾ ਕੋਈ ਫ਼ੈਸਲਾ ਪਸੰਦ ਨਹੀਂ ਆਉਂਦਾ, ਤਾਂ ਉਹ ਆਦਰ ਨਾਲ ਆਪਣੇ ਵਿਚਾਰ ਦੱਸ ਸਕਦੀ ਹੈ। ਪਰ ਪਤੀ ਜੋ ਵੀ ਫ਼ੈਸਲਾ ਕਰਦਾ ਹੈ, ਉਹ ਪਤਨੀ ਨੂੰ ਮੰਨਣਾ ਚਾਹੀਦਾ ਹੈ। ਜੇ ਉਸ ਦਾ ਪਤੀ ਯਹੋਵਾਹ ਨੂੰ ਨਹੀਂ ਮੰਨਦਾ, ਤਾਂ ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਪਰ ਜੇ ਉਹ ਅਧੀਨਗੀ ਨਾਲ ਪੇਸ਼ ਆਉਂਦੀ ਹੈ, ਤਾਂ ਉਸ ਦੇ ਪਤੀ ʼਤੇ ਇਸ ਦਾ ਚੰਗਾ ਅਸਰ ਪੈ ਸਕਦਾ ਹੈ ਤੇ ਉਹ ਵੀ ਸ਼ਾਇਦ ਯਹੋਵਾਹ ਬਾਰੇ ਜਾਣਨ ਲਈ ਪ੍ਰੇਰਿਤ ਹੋਵੇ।—1 ਪਤਰਸ 3:1 ਪੜ੍ਹੋ।
14. ਬੱਚੇ ਆਪਣੇ ਮਾਂ-ਬਾਪ ਨੂੰ ਅਤੇ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਨ?
14 ਬੱਚੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨ ਕੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ। ਇਸ ਨਾਲ ਮਾਂ-ਬਾਪ ਦਾ ਵੀ ਆਦਰ-ਮਾਣ ਹੁੰਦਾ ਹੈ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ। (ਕਹਾਉਤਾਂ 10:1) ਜਿਸ ਬੱਚੇ ਦੀ ਸਿਰਫ਼ ਮਾਂ ਜਾਂ ਪਿਉ ਹੀ ਹੈ, ਉਸ ਨੂੰ ਵੀ ਆਗਿਆਕਾਰ ਬਣਨਾ ਚਾਹੀਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸ ਦੇ ਮਾਂ ਜਾਂ ਪਿਉ ਨੂੰ ਉਸ ਦੇ ਸਹਾਰੇ ਅਤੇ ਮਦਦ ਦੀ ਜ਼ਿਆਦਾ ਲੋੜ ਹੈ। ਜਦੋਂ ਪਰਿਵਾਰ ਦਾ ਹਰ ਮੈਂਬਰ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ, ਤਾਂ ਪਰਿਵਾਰ ਵਿਚ ਖ਼ੁਸ਼ੀ ਅਤੇ ਸ਼ਾਂਤੀ ਰਹਿੰਦੀ ਹੈ। ਇਸ ਨਾਲ ਯਹੋਵਾਹ ਪਰਮੇਸ਼ੁਰ ਦੀ ਵੀ ਮਹਿਮਾ ਹੁੰਦੀ ਹੈ।—ਅਫ਼ਸੀਆਂ 3:14, 15.
ਮੰਡਲੀ ਦੇ ਬਜ਼ੁਰਗਾਂ ਦੀ ਇੱਜ਼ਤ ਕਰੋ
15. (ੳ) ਅਸੀਂ ਮੰਡਲੀ ਵਿਚ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ? (ਅ) ਬਜ਼ੁਰਗਾਂ ਦੀ ਆਗਿਆਕਾਰੀ ਕਰਨ ਵਿਚ ਕਿਹੜੇ ਅਸੂਲ ਸਾਡੀ ਮਦਦ ਕਰ ਸਕਦੇ ਹਨ? (“ਜਿਹੜੇ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ” ਡੱਬੀ ਦੇਖੋ।)
15 ਯਹੋਵਾਹ ਨੇ ਆਪਣੇ ਪੁੱਤਰ ਨੂੰ ਮੰਡਲੀ ਦਾ ਰਾਜਾ ਬਣਾਇਆ ਹੈ। (ਕੁਲੁੱਸੀਆਂ 1:13) ਅੱਗੋਂ ਯਿਸੂ ਮਸੀਹ ਨੇ ਧਰਤੀ ਉੱਤੇ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਦਾ ਗਿਆਨ ਦੇਣ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਨਿਯੁਕਤ ਕੀਤਾ ਹੈ। (ਮੱਤੀ 24:45-47) ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਸੇਵਾ ਕਰਦੀ ਹੈ। ਪਹਿਲੀ ਸਦੀ ਦੀਆਂ ਮੰਡਲੀਆਂ ਵਾਂਗ ਅੱਜ ਵੀ ਮੰਡਲੀ ਦੇ ਬਜ਼ੁਰਗਾਂ ਨੂੰ ਪ੍ਰਬੰਧਕ ਸਭਾ ਤੋਂ ਹਿਦਾਇਤਾਂ ਅਤੇ ਸਲਾਹਾਂ ਮਿਲਦੀਆਂ ਹਨ। ਪ੍ਰਬੰਧਕ ਸਭਾ ਬਜ਼ੁਰਗਾਂ ਨੂੰ ਚਿੱਠੀਆਂ ਤੇ ਰਸਾਲਿਆਂ ਰਾਹੀਂ ਜਾਂ ਫਿਰ ਆਪਣੇ ਕੁਝ ਚੁਣੇ ਹੋਏ ਬੰਦਿਆਂ ਜਿਵੇਂ ਕਿ ਸਫ਼ਰੀ ਨਿਗਾਹਬਾਨਾਂ ਰਾਹੀਂ ਸਲਾਹਾਂ ਤੇ ਹਿਦਾਇਤਾਂ ਦਿੰਦੀ ਹੈ। ਜਦੋਂ ਅਸੀਂ ਬਜ਼ੁਰਗਾਂ ਦੇ ਅਧੀਨ ਰਹਿੰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ।—1 ਥੱਸਲੁਨੀਕੀਆਂ 5:12; ਇਬਰਾਨੀਆਂ 13:17 ਪੜ੍ਹੋ।
16. ਯਹੋਵਾਹ ਬਜ਼ੁਰਗਾਂ ਨੂੰ ਕਿਵੇਂ ਨਿਯੁਕਤ ਕਰਦਾ ਹੈ?
16 ਬਜ਼ੁਰਗ ਅਤੇ ਸਹਾਇਕ ਸੇਵਕ ਮੁਕੰਮਲ ਨਹੀਂ ਹਨ। ਉਨ੍ਹਾਂ ਵਿਚ ਵੀ ਖ਼ਾਮੀਆਂ ਹਨ। ਪਰ ਬਜ਼ੁਰਗ ਮੰਡਲੀ ਲਈ “ਦਾਨ” ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਯਹੋਵਾਹ ਨੇ ਨਿਯੁਕਤ ਕੀਤਾ ਹੈ। (ਅਫ਼ਸੀਆਂ 4:8; ਰਸੂਲਾਂ ਦੇ ਕੰਮ 20:28) ਯਹੋਵਾਹ ਬਜ਼ੁਰਗਾਂ ਨੂੰ ਕਿਵੇਂ ਨਿਯੁਕਤ ਕਰਦਾ ਹੈ? ਉਸ ਨੇ ਆਪਣੇ ਬਚਨ ਵਿਚ ਦੱਸਿਆ ਹੈ ਕਿ ਬਜ਼ੁਰਗ ਬਣਨ ਲਈ ਭਰਾਵਾਂ ਨੂੰ ਕਿਹੜੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ। (1 ਤਿਮੋਥਿਉਸ 3:1-7, 12; ਤੀਤੁਸ 1:5-9) ਇਸ ਦੇ ਨਾਲ-ਨਾਲ, ਜਦੋਂ ਬਜ਼ੁਰਗ ਇਹ ਜਾਣਨ ਲਈ ਚਰਚਾ ਕਰਦੇ ਹਨ ਕਿ ਕੋਈ ਭਰਾ ਬਾਈਬਲ ਵਿਚ ਦੱਸੀਆਂ ਮੰਗਾਂ ਉੱਤੇ ਪੂਰਾ ਉਤਰਦਾ ਹੈ ਜਾਂ ਨਹੀਂ, ਉਸ ਵੇਲੇ ਉਹ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਵੀ ਕਰਦੇ ਹਨ।
17. ਮੰਡਲੀ ਵਿਚ ਕੁਝ ਕੰਮ ਕਰਦਿਆਂ ਭੈਣਾਂ ਨੂੰ ਸਿਰ ਢੱਕਣ ਦੀ ਲੋੜ ਕਿਉਂ ਹੈ?
17 ਕਈ ਵਾਰ ਪ੍ਰਚਾਰ ਸੇਵਾ ਲਈ ਮੀਟਿੰਗ ਅਤੇ ਹੋਰ ਕੰਮ ਕਰਨ ਲਈ ਬਜ਼ੁਰਗ ਅਤੇ ਸਹਾਇਕ ਸੇਵਕ ਹਾਜ਼ਰ ਨਹੀਂ ਹੋ ਪਾਉਂਦੇ। ਅਜਿਹੇ ਮੌਕਿਆਂ ਤੇ ਕੋਈ ਵੀ ਬਪਤਿਸਮਾ-ਪ੍ਰਾਪਤ ਭਰਾ ਇਹ ਕੰਮ ਕਰ ਸਕਦਾ ਹੈ। ਪਰ ਜੇ ਕੋਈ ਭਰਾ ਨਹੀਂ ਹੈ, ਤਾਂ ਕੋਈ ਕਾਬਲ ਭੈਣ ਵੀ ਇਹ ਕੰਮ ਕਰ ਸਕਦੀ ਹੈ। ਪਰ ਅਜਿਹੇ ਕੰਮ ਕਰਨ ਵੇਲੇ ਉਸ ਨੂੰ ਆਪਣਾ ਸਿਰ ਢਕਣਾ ਪਵੇਗਾ।a (1 ਕੁਰਿੰਥੀਆਂ 11:3-10) ਆਪਣਾ ਸਿਰ ਢੱਕ ਕੇ ਉਹ ਯਹੋਵਾਹ ਵੱਲੋਂ ਪਰਿਵਾਰ ਅਤੇ ਮੰਡਲੀ ਵਿਚ ਕੀਤੇ ਸਰਦਾਰੀ ਦੇ ਪ੍ਰਬੰਧ ਲਈ ਕਦਰ ਦਿਖਾਏਗੀ।
ਸਰਕਾਰੀ ਅਧਿਕਾਰੀਆਂ ਦੀ ਇੱਜ਼ਤ ਕਰੋ
18, 19. (ੳ) ਰੋਮੀਆਂ 13:1-7 ਵਿਚ ਦੱਸੇ ਅਸੂਲ ਸਮਝਾਓ। (ਅ) ਅਸੀਂ ਸਰਕਾਰੀ ਅਧਿਕਾਰੀਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ?
18 ਸੱਚੇ ਮਸੀਹੀ ਰੋਮੀਆਂ 13:1-7 (ਪੜ੍ਹੋ।) ਵਿਚ ਦੱਸੇ ਅਸੂਲਾਂ ਉੱਤੇ ਪੂਰੀ ਈਮਾਨਦਾਰੀ ਨਾਲ ਚੱਲਦੇ ਹਨ। ਯਹੋਵਾਹ ਨੇ ਸਰਕਾਰਾਂ ਨੂੰ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਸਰਕਾਰਾਂ ਲੋਕਾਂ ਲਈ ਕਈ ਅਹਿਮ ਕੰਮ ਕਰਦੀਆਂ ਹਨ ਜਿਵੇਂ ਕਿ ਸ਼ਾਂਤੀ ਤੇ ਸੁਰੱਖਿਆ ਕਾਇਮ ਰੱਖਦੀਆਂ ਹਨ ਅਤੇ ਕਈ ਸਹੂਲਤਾਂ ਦਿੰਦੀਆਂ ਹਨ। ਅਸੀਂ ਇਨ੍ਹਾਂ ਸਰਕਾਰਾਂ ਦੇ ਕਾਨੂੰਨਾਂ ʼਤੇ ਚੱਲ ਕੇ ਇਨ੍ਹਾਂ ਦਾ ਆਦਰ ਕਰਦੇ ਹਾਂ। ਸਾਨੂੰ ਆਪਣੇ ਪਰਿਵਾਰ, ਕਾਰੋਬਾਰ ਤੇ ਜ਼ਮੀਨ-ਜਾਇਦਾਦ ਉੱਤੇ ਲਾਗੂ ਹੁੰਦੇ ਸਾਰੇ ਕਾਨੂੰਨ ਮੰਨਣੇ ਚਾਹੀਦੇ ਹਨ। ਉਦਾਹਰਣ ਲਈ, ਸਾਨੂੰ ਪੂਰੀ ਈਮਾਨਦਾਰੀ ਨਾਲ ਟੈਕਸ ਦੇਣਾ ਚਾਹੀਦਾ ਹੈ ਅਤੇ ਕੋਈ ਸਰਕਾਰੀ ਫਾਰਮ ਭਰਨ ਲੱਗਿਆਂ ਸਹੀ ਤੇ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ। ਪਰ ਜੇ ਸਰਕਾਰ ਸਾਨੂੰ ਪਰਮੇਸ਼ੁਰ ਦੇ ਹੁਕਮਾਂ ਦੇ ਖ਼ਿਲਾਫ਼ ਜਾਣ ਨੂੰ ਕਹਿੰਦੀ ਹੈ, ਤਾਂ ਅਸੀਂ ਸਰਕਾਰ ਦੀ ਗੱਲ ਨਹੀਂ ਮੰਨਾਂਗੇ। ਇਸ ਦੀ ਬਜਾਇ, ਅਸੀਂ ਪਹਿਲੀ ਸਦੀ ਦੇ ਚੇਲਿਆਂ ਵਾਂਗ ਕਹਾਂਗੇ ਕਿ “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।”—ਰਸੂਲਾਂ ਦੇ ਕੰਮ 5:28, 29; “ਮੈਨੂੰ ਕਿਸ ਦੇ ਹੁਕਮ ਮੰਨਣੇ ਚਾਹੀਦੇ ਹਨ?” ਨਾਮਕ ਡੱਬੀ ਦੇਖੋ।
19 ਸਾਨੂੰ ਸਰਕਾਰੀ ਅਧਿਕਾਰੀਆਂ ਨਾਲ ਸਲੀਕੇ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। ਕਈ ਵਾਰ ਸਾਨੂੰ ਸਰਕਾਰੀ ਅਧਿਕਾਰੀਆਂ ਨਾਲ ਕੋਈ ਕੰਮ ਪੈ ਸਕਦਾ ਹੈ। ਪੌਲੁਸ ਰਸੂਲ ਦਾ ਰਾਜਾ ਹੇਰੋਦੇਸ ਅਗ੍ਰਿੱਪਾ ਅਤੇ ਹਾਕਮ ਫ਼ੇਸਤੁਸ ਨਾਲ ਵਾਹ ਪਿਆ ਸੀ। ਉਨ੍ਹਾਂ ਵਿਚ ਕਈ ਖ਼ਾਮੀਆਂ ਸਨ, ਪਰ ਫਿਰ ਵੀ ਪੌਲੁਸ ਨੇ ਉਨ੍ਹਾਂ ਨਾਲ ਆਦਰ ਨਾਲ ਗੱਲ ਕੀਤੀ ਸੀ। (ਰਸੂਲਾਂ ਦੇ ਕੰਮ 26:2, 25) ਅਸੀਂ ਵੀ ਪੌਲੁਸ ਦੀ ਰੀਸ ਕਰਦੇ ਹੋਏ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਾਂਗੇ, ਚਾਹੇ ਉਹ ਵੱਡਾ ਮੰਤਰੀ ਹੋਵੇ ਜਾਂ ਪੁਲਸ ਵਾਲਾ। ਨੌਜਵਾਨ ਮਸੀਹੀਆਂ ਨੂੰ ਸਕੂਲ ਵਿਚ ਆਪਣੇ ਟੀਚਰਾਂ ਅਤੇ ਹੋਰ ਕੰਮ ਕਰਨ ਵਾਲਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਸੀਂ ਸਿਰਫ਼ ਉਨ੍ਹਾਂ ਦਾ ਹੀ ਆਦਰ ਨਹੀਂ ਕਰਦੇ ਜੋ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਕਰਦੇ ਹਨ। ਅਸੀਂ ਉਨ੍ਹਾਂ ਦਾ ਵੀ ਆਦਰ ਕਰਦੇ ਹਾਂ ਜੋ ਸਾਡਾ ਵਿਰੋਧ ਕਰਦੇ ਹਨ। ਉਨ੍ਹਾਂ ਨੂੰ ਸਾਡੇ ਬੋਲਚਾਲ ਤੋਂ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦਾ ਕਿੰਨਾ ਆਦਰ ਕਰਦੇ ਹਾਂ।—ਰੋਮੀਆਂ 12:17, 18 ਪੜ੍ਹੋ; 1 ਪਤਰਸ 3:15.
20, 21. ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
20 ਪਤਰਸ ਰਸੂਲ ਨੇ ਲਿਖਿਆ ਸੀ: “ਸਾਰਿਆਂ ਦਾ ਆਦਰ ਕਰੋ।” (1 ਪਤਰਸ 2:17) ਇਸ ਲਈ ਆਓ ਆਪਾਂ ਸਾਰਿਆਂ ਦਾ ਆਦਰ ਕਰੀਏ। ਜਦ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਦਿਲੋਂ ਉਨ੍ਹਾਂ ਦਾ ਆਦਰ ਕਰਦੇ ਹਾਂ, ਤਾਂ ਉਨ੍ਹਾਂ ਉੱਤੇ ਇਸ ਦਾ ਚੰਗਾ ਅਸਰ ਪਵੇਗਾ। ਯਾਦ ਰੱਖੋ ਅੱਜ ਬਹੁਤ ਘੱਟ ਲੋਕ ਦੂਜਿਆਂ ਦਾ ਆਦਰ ਕਰਦੇ ਹਨ। ਦੂਜਿਆਂ ਦਾ ਆਦਰ ਕਰ ਕੇ ਅਸੀਂ ਯਿਸੂ ਦੇ ਇਸ ਹੁਕਮ ਨੂੰ ਮੰਨਦੇ ਹਾਂ: “ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿਚ ਹੈ ਵਡਿਆਈ ਕਰਨ।”—ਮੱਤੀ 5:16.
21 ਹਨੇਰੇ ਵਿਚ ਭਟਕ ਰਹੇ ਨੇਕਦਿਲ ਲੋਕਾਂ ਉੱਤੇ ਸਾਡੀ ਚੰਗੀ ਮਿਸਾਲ ਦਾ ਕੀ ਅਸਰ ਪੈ ਸਕਦਾ ਹੈ? ਸਾਨੂੰ ਸਾਰਿਆਂ ਦਾ ਆਦਰ ਕਰਦਿਆਂ ਦੇਖ ਕੇ ਸ਼ਾਇਦ ਉਹ ਵੀ ਪਰਮੇਸ਼ੁਰ ਦੇ ਗਿਆਨ ਦੇ ਚਾਨਣ ਵੱਲ ਖਿੱਚੇ ਚਲੇ ਆਉਣ। ਇਹ ਕਿੰਨੀ ਵਧੀਆ ਗੱਲ ਹੈ! ਪਰ ਜੇ ਲੋਕ ਸੱਚਾਈ ਵਿਚ ਨਹੀਂ ਵੀ ਆਉਂਦੇ, ਤਾਂ ਵੀ ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਦੂਜਿਆਂ ਦਾ ਆਦਰ ਕਰ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ ਅਤੇ ਉਸ ਨਾਲ ਸਾਡਾ ਰਿਸ਼ਤਾ ਬਣਿਆ ਰਹੇਗਾ। ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ?
a ਦਿੱਤੀ ਗਈ ਵਧੇਰੇ ਜਾਣਕਾਰੀ “ਭੈਣਾਂ ਕਦੋਂ ਅਤੇ ਕਿਉਂ ਸਿਰ ਢਕਣ?” ਇਸ ਅਸੂਲ ਉੱਤੇ ਚੱਲਣ ਸੰਬੰਧੀ ਵਧੀਆ ਸੁਝਾਅ ਦਿੱਤੇ ਗਏ ਹਨ।