ਯਹੋਵਾਹ ਤੁਹਾਡੇ ਲੇਖੇ ਨੂੰ ਪ੍ਰਵਾਨਣਯੋਗ ਪਾਏ
“ਹੇ ਮੇਰੇ ਪਰਮੇਸ਼ੁਰ, ਮੈਨੂੰ ਏਸ ਲਈ . . . ਚੇਤੇ ਕਰ . . . ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ।”—ਨਹਮਯਾਹ 13:22, 31.
1. ਯਹੋਵਾਹ ਨੂੰ ਇਕ ਵਧੀਆ ਲੇਖਾ ਦੇਣ ਦੇ ਲਈ ਕਿਹੜੀ ਗੱਲ ਪਰਮੇਸ਼ੁਰ ਨੂੰ ਸਮਰਪਿਤ ਲੋਕਾਂ ਦੀ ਮਦਦ ਕਰਦੀ ਹੈ?
ਯਹੋਵਾਹ ਦੇ ਸੇਵਕਾਂ ਦੇ ਕੋਅਸ ਲ ਉਸ ਨੂੰ ਇਕ ਵਧੀਆ ਲੇਖਾ ਦੇਣ ਦੇ ਲਈ ਸਾਰੀ ਲੋੜੀਂਦੀ ਮਦਦ ਮੌਜੂਦ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਪਾਰਥਿਵ ਸੰਗਠਨ ਦੇ ਭਾਗ ਵਜੋਂ, ਉਨ੍ਹਾਂ ਦਾ ਉਸ ਦੇ ਨਾਲ ਇਕ ਨਜ਼ਦੀਕੀ ਸੰਬੰਧ ਹੈ। ਉਸ ਨੇ ਉਨ੍ਹਾਂ ਨੂੰ ਆਪਣੇ ਮਕਸਦ ਪ੍ਰਗਟ ਕੀਤੇ ਹਨ, ਅਤੇ ਉਸ ਨੇ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਮਦਦ ਅਤੇ ਅਧਿਆਤਮਿਕ ਅੰਤਰਦ੍ਰਿਸ਼ਟੀ ਦਿੱਤੀ ਹੈ। (ਜ਼ਬੂਰ 51:11; 119:105; 1 ਕੁਰਿੰਥੀਆਂ 2:10-13) ਇਨ੍ਹਾਂ ਖ਼ਾਸ ਪਰਿਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਯਹੋਵਾਹ ਪ੍ਰੇਮਮਈ ਤਰੀਕੇ ਨਾਲ ਆਪਣੇ ਪਾਰਥਿਵ ਸੇਵਕਾਂ ਤੋਂ ਮੰਗ ਕਰਦਾ ਹੈ ਕਿ ਉਹ ਜੋ ਕੁਝ ਹਨ ਅਤੇ ਜੋ ਕੁਝ ਉਹ ਉਸ ਦੀ ਤਾਕਤ ਵਿਚ ਅਤੇ ਉਸ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਸੰਪੰਨ ਕਰਦੇ ਹਨ, ਦੋਹਾਂ ਦਾ ਉਸ ਨੂੰ ਲੇਖਾ ਦੇਣ।
2. (ੳ) ਨਹਮਯਾਹ ਨੇ ਕਿਨ੍ਹਾਂ ਤਰੀਕਿਆਂ ਵਿਚ ਪਰਮੇਸ਼ੁਰ ਨੂੰ ਆਪਣਾ ਇਕ ਚੰਗਾ ਲੇਖਾ ਦਿੱਤਾ? (ਅ) ਨਹਮਯਾਹ ਨੇ ਆਪਣੇ ਨਾਂ ਦੀ ਬਾਈਬਲ ਪੋਥੀ ਨੂੰ ਕਿਹੜੀ ਫ਼ਰਿਆਦ ਦੇ ਨਾਲ ਸਮਾਪਤ ਕੀਤੀ?
2 ਇਕ ਆਦਮੀ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਇਕ ਚੰਗਾ ਲੇਖਾ ਦਿੱਤਾ, ਫਾਰਸੀ ਪਾਤਸ਼ਾਹ ਅਰਤਹਸ਼ਸ਼ਤਾ (ਲੌਂਗੀਮੇਨਸ) ਦਾ ਸਾਕੀ, ਨਹਮਯਾਹ ਸੀ। (ਨਹਮਯਾਹ 2:1) ਨਹਮਯਾਹ ਯਹੂਦੀਆਂ ਦਾ ਹਾਕਮ ਬਣਿਆ ਅਤੇ ਉਸ ਨੇ ਵੈਰੀਆਂ ਅਤੇ ਖ਼ਤਰਿਆਂ ਦੇ ਬਾਵਜੂਦ ਯਰੂਸ਼ਲਮ ਦੀ ਦੀਵਾਰ ਨੂੰ ਮੁੜ ਉਸਾਰਿਆ। ਸੱਚੀ ਉਪਾਸਨਾ ਦੇ ਲਈ ਜੋਸ਼ ਰੱਖਦੇ ਹੋਏ, ਉਸ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਅਮਲ ਵਿਚ ਲਿਆਂਦਾ ਅਤੇ ਦੱਬੇ ਹੋਇਆਂ ਦੇ ਲਈ ਚਿੰਤਾ ਪ੍ਰਗਟ ਕੀਤੀ। (ਨਹਮਯਾਹ 5:14-19) ਨਹਮਯਾਹ ਨੇ ਲੇਵੀਆਂ ਨੂੰ ਨਿਯਮਿਤ ਤੌਰ ਤੇ ਖ਼ੁਦ ਨੂੰ ਸ਼ੁੱਧ ਕਰਨ, ਫ਼ਾਟਕਾਂ ਦੀ ਰਾਖੀ ਕਰਨ, ਅਤੇ ਸਬਤ ਦੇ ਦਿਨ ਨੂੰ ਪਵਿੱਤਰ ਕਰਨ ਦੇ ਲਈ ਜ਼ੋਰ ਦਿੱਤਾ। ਇਸ ਲਈ ਉਹ ਪ੍ਰਾਰਥਨਾ ਕਰ ਸਕਿਆ: “ਹੇ ਮੇਰੇ ਪਰਮੇਸ਼ੁਰ, ਮੈਨੂੰ ਏਸ ਲਈ ਵੀ ਚੇਤੇ ਕਰ ਅਤੇ ਆਪਣੀ ਬਹੁਤੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ।” ਨਾਲ ਹੀ, ਨਹਮਯਾਹ ਨੇ ਆਪਣੀ ਈਸ਼ਵਰੀ ਰੂਪ ਵਿਚ ਪ੍ਰੇਰਿਤ ਪੋਥੀ ਨੂੰ ਉਚਿਤ ਰੂਪ ਵਿਚ ਇਸ ਫ਼ਰਿਆਦ ਨਾਲ ਸਮਾਪਤ ਕੀਤਾ: “ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ।”—ਨਹਮਯਾਹ 13:22, 31.
3. (ੳ) ਤੁਸੀਂ ਭਲਿਆਈ ਕਰਨ ਵਾਲੇ ਇਕ ਵਿਅਕਤੀ ਨੂੰ ਕਿਵੇਂ ਵਰਣਿਤ ਕਰੋਗੇ? (ਅ) ਨਹਮਯਾਹ ਦੇ ਜੀਵਨ-ਮਾਰਗ ਉੱਤੇ ਵਿਚਾਰ ਕਰਨਾ, ਸ਼ਾਇਦ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣ ਦੇ ਲਈ ਪ੍ਰੇਰਿਤ ਕਰੇ?
3 ਭਲਿਆਈ ਕਰਨ ਵਾਲਾ ਵਿਅਕਤੀ ਨੇਕ ਹੁੰਦਾ ਹੈ ਅਤੇ ਦੂਜਿਆਂ ਨੂੰ ਲਾਭ ਪਹੁੰਚਾਉਣ ਵਾਲੇ ਖਰੇ ਕੰਮ ਕਰਦਾ ਹੈ। ਨਹਮਯਾਹ ਅਜਿਹਾ ਹੀ ਇਕ ਆਦਮੀ ਸੀ। ਉਸ ਵਿਚ ਪਰਮੇਸ਼ੁਰ ਦਾ ਇਕ ਸਤਿਕਾਰਪੂਰਣ ਭੈ ਅਤੇ ਸੱਚੀ ਉਪਾਸਨਾ ਦੇ ਲਈ ਵੱਡਾ ਜੋਸ਼ ਸੀ। ਇਸ ਦੇ ਇਲਾਵਾ, ਉਹ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਵਿਸ਼ੇਸ਼-ਸਨਮਾਨਾਂ ਦੇ ਲਈ ਸ਼ੁਕਰਗੁਜ਼ਾਰ ਸੀ ਅਤੇ ਉਸ ਨੇ ਯਹੋਵਾਹ ਨੂੰ ਆਪਣਾ ਇਕ ਵਧੀਆ ਲੇਖਾ ਦਿੱਤਾ। ਉਸ ਦੇ ਜੀਵਨ-ਮਾਰਗ ਉੱਤੇ ਵਿਚਾਰ ਕਰਨਾ, ਸ਼ਾਇਦ ਸਾਨੂੰ ਆਪਣੇ ਆਪ ਤੋਂ ਇਹ ਪੁੱਛਣ ਦੇ ਲਈ ਪ੍ਰੇਰਿਤ ਕਰੇ, ‘ਮੈਂ ਆਪਣੇ ਪਰਮੇਸ਼ੁਰ-ਦਿੱਤ ਵਿਸ਼ੇਸ਼-ਸਨਮਾਨਾਂ ਅਤੇ ਜ਼ਿੰਮੇਵਾਰੀਆਂ ਨੂੰ ਕਿਵੇਂ ਵਿਚਾਰਦਾ ਹਾਂ? ਮੈਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਆਪਣਾ ਕਿਸ ਤਰ੍ਹਾਂ ਦਾ ਲੇਖਾ ਦੇ ਰਿਹਾ ਹਾਂ?’
ਗਿਆਨ ਸਾਨੂੰ ਜਵਾਬਦੇਹ ਬਣਾਉਂਦਾ ਹੈ
4. ਯਿਸੂ ਨੇ ਆਪਣੇ ਅਨੁਯਾਈਆਂ ਨੂੰ ਕਿਹੜੀ ਕਾਰਜ-ਨਿਯੁਕਤੀ ਦਿੱਤੀ, ਅਤੇ ਉਨ੍ਹਾਂ ਵਿਅਕਤੀਆਂ ਨੇ ਕੀ ਕੀਤਾ ਜੋ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਸਨ?
4 ਯਿਸੂ ਨੇ ਆਪਣੇ ਅਨੁਯਾਈਆਂ ਨੂੰ ਇਹ ਕਾਰਜ-ਨਿਯੁਕਤੀ ਦਿੱਤੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਸਿੱਖਿਆ ਦੇਣ ਦੇ ਦੁਆਰਾ ਚੇਲੇ ਬਣਾਏ ਜਾਣੇ ਸਨ। ਜੋ ਇਸ ਤਰ੍ਹਾਂ ਸਿੱਖਿਆ ਪ੍ਰਾਪਤ ਕਰਦੇ ਅਤੇ ਜੋ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਸਨ, ਉਹ ਬਪਤਿਸਮਾ ਲੈਂਦੇ, ਜਿਵੇਂ ਕਿ ਯਿਸੂ ਨੇ ਲਿਆ ਸੀ। (ਰਸੂਲਾਂ ਦੇ ਕਰਤੱਬ 13:48, ਨਿ ਵ; ਮਰਕੁਸ 1:9-11) ਉਸ ਵੱਲੋਂ ਹੁਕਮ ਕੀਤੀਆਂ ਗਈਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਲਈ ਉਨ੍ਹਾਂ ਦੀ ਇੱਛਾ ਦਿਲੋਂ ਉਤਪੰਨ ਹੁੰਦੀ। ਉਹ ਪਰਮੇਸ਼ੁਰ ਦੇ ਬਚਨ ਦੇ ਯਥਾਰਥ ਗਿਆਨ ਨੂੰ ਲੈਣ ਅਤੇ ਲਾਗੂ ਕਰਨ ਦੇ ਦੁਆਰਾ ਸਮਰਪਣ ਦੇ ਮਕਾਮ ਤਕ ਪਹੁੰਚ ਜਾਂਦੇ।—ਯੂਹੰਨਾ 17:3.
5, 6. ਸਾਨੂੰ ਯਾਕੂਬ 4:17 ਨੂੰ ਕਿਵੇਂ ਸਮਝਣਾ ਚਾਹੀਦਾ ਹੈ? ਇਸ ਦੇ ਪ੍ਰਯੋਗ ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਓ।
5 ਜਿੰਨਾ ਡੂੰਘਾ ਸਾਡਾ ਸ਼ਾਸਤਰ ਸੰਬੰਧੀ ਗਿਆਨ ਹੋਵੇਗਾ, ਉੱਨੀ ਹੀ ਬਿਹਤਰ ਸਾਡੀ ਨਿਹਚਾ ਦੇ ਲਈ ਬੁਨਿਆਦ ਹੋਵੇਗੀ। ਨਾਲ ਹੀ, ਪਰਮੇਸ਼ੁਰ ਦੇ ਪ੍ਰਤੀ ਸਾਡੀ ਜਵਾਬਦੇਹੀ ਹੋਰ ਵੱਧ ਜਾਂਦੀ ਹੈ। ਯਾਕੂਬ 4:17 ਕਹਿੰਦਾ ਹੈ: “ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ।” ਇਹ ਕਥਨ ਸਪੱਸ਼ਟ ਤੌਰ ਤੇ ਉਸ ਦਾ ਨਿਸ਼ਕਰਸ਼ ਹੈ ਜੋ ਹੁਣੇ ਹੀ ਚੇਲੇ ਯਾਕੂਬ ਨੇ ਪਰਮੇਸ਼ੁਰ ਦੇ ਉੱਤੇ ਪੂਰੀ ਤਰ੍ਹਾਂ ਨਾਲ ਨਿਰਭਰ ਹੋਣ ਦੀ ਬਜਾਇ ਡੀਂਗ ਮਾਰਨ ਦੇ ਬਾਰੇ ਕਿਹਾ ਸੀ। ਜੇਕਰ ਇਕ ਵਿਅਕਤੀ ਜਾਣਦਾ ਹੈ ਕਿ ਉਹ ਯਹੋਵਾਹ ਦੀ ਮਦਦ ਦੇ ਬਿਨਾਂ ਕੁਝ ਵੀ ਸਥਾਈ ਕੰਮ ਸਿਰੇ ਚਾੜ੍ਹ ਨਹੀਂ ਸਕਦਾ ਹੈ ਪਰੰਤੂ ਇਸ ਅਨੁਸਾਰ ਕੰਮ ਨਹੀਂ ਕਰਦਾ ਹੈ, ਤਾਂ ਇਹ ਇਕ ਪਾਪ ਹੈ। ਲੇਕਨ ਯਾਕੂਬ ਦੇ ਸ਼ਬਦ ਉਕਾਈਆਂ ਨੂੰ ਵੀ ਲਾਗੂ ਹੋ ਸਕਦੇ ਹਨ। ਮਿਸਾਲ ਲਈ, ਯਿਸੂ ਦੇ ਭੇਡ ਅਤੇ ਬੱਕਰੀ ਦੇ ਦ੍ਰਿਸ਼ਟਾਂਤ ਵਿਚ, ਬੱਕਰੀਆਂ ਨੂੰ ਭੈੜੀਆਂ ਕਰਤੂਤਾਂ ਲਈ ਨਹੀਂ, ਬਲਕਿ ਮਸੀਹ ਦੇ ਭਰਾਵਾਂ ਦੀ ਮਦਦ ਨਾ ਕਰਨ ਦੇ ਲਈ ਸਜ਼ਾ ਸੁਣਾਈ ਜਾਂਦੀ ਹੈ।—ਮੱਤੀ 25:41-46.
6 ਇਕ ਆਦਮੀ ਜਿਸ ਨਾਲ ਯਹੋਵਾਹ ਦੇ ਗਵਾਹ ਬਾਈਬਲ ਅਧਿਐਨ ਸੰਚਾਲਿਤ ਕਰ ਰਹੇ ਸਨ, ਘੱਟ ਹੀ ਅਧਿਆਤਮਿਕ ਪ੍ਰਗਤੀ ਕਰ ਰਿਹਾ ਸੀ, ਜ਼ਾਹਰਾ ਤੌਰ ਤੇ ਕਿਉਂਕਿ ਉਸ ਨੇ ਤਮਾਖੂਨੋਸ਼ੀ ਨਹੀਂ ਛੱਡੀ, ਹਾਲਾਂਕਿ ਉਹ ਜਾਣਦਾ ਸੀ ਕਿ ਉਸ ਨੂੰ ਛੱਡਣੀ ਚਾਹੀਦੀ ਹੈ। ਇਕ ਬਜ਼ੁਰਗ ਨੇ ਉਸ ਨੂੰ ਯਾਕੂਬ 4:17 ਪੜ੍ਹਨ ਲਈ ਆਖਿਆ। ਇਸ ਸ਼ਾਸਤਰਵਚਨ ਦੇ ਅਰਥ ਉੱਤੇ ਟਿੱਪਣੀ ਕਰਨ ਮਗਰੋਂ, ਬਜ਼ੁਰਗ ਨੇ ਕਿਹਾ: “ਭਾਵੇਂ ਤੁਸੀਂ ਬਪਤਿਸਮਾ-ਪ੍ਰਾਪਤ ਨਹੀਂ ਹੋ, ਤੁਸੀਂ ਜਵਾਬਦੇਹ ਹੋ ਅਤੇ ਆਪਣੇ ਨਿਰਣੇ ਦੇ ਲਈ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋ।” ਖ਼ੁਸ਼ੀ ਦੀ ਗੱਲ ਹੈ ਕਿ ਉਸ ਆਦਮੀ ਨੇ ਪ੍ਰਤਿਕ੍ਰਿਆ ਦਿਖਾਈ, ਤਮਾਖੂਨੋਸ਼ੀ ਛੱਡ ਦਿੱਤੀ, ਅਤੇ ਛੇਤੀ ਹੀ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮੇ ਦੇ ਯੋਗ ਬਣਿਆ।
ਆਪਣੀ ਸੇਵਕਾਈ ਦੇ ਲਈ ਜਵਾਬਦੇਹ
7. “ਪਰਮੇਸ਼ੁਰ ਦੇ ਗਿਆਨ” ਦੇ ਲਈ ਆਪਣੀ ਕ੍ਰਿਤੱਗਤਾ ਪ੍ਰਦਰਸ਼ਿਤ ਕਰਨ ਦਾ ਕਿਹੜਾ ਇਕ ਤਰੀਕਾ ਹੈ?
7 ਆਪਣੇ ਸ੍ਰਿਸ਼ਟੀਕਰਤਾ ਨੂੰ ਪ੍ਰਸੰਨ ਕਰਨਾ ਹੀ ਸਾਡੀ ਸੁਹਿਰਦ ਇੱਛਾ ਹੋਣੀ ਚਾਹੀਦੀ ਹੈ। “ਪਰਮੇਸ਼ੁਰ ਦੇ ਗਿਆਨ” ਦੇ ਲਈ ਆਪਣੀ ਕ੍ਰਿਤੱਗਤਾ ਪ੍ਰਦਰਸ਼ਿਤ ਕਰਨ ਦਾ ਇਕ ਤਰੀਕਾ ਹੈ ਉਸ ਦੇ ਪੁੱਤਰ, ਯਿਸੂ ਮਸੀਹ ਦੇ ਚੇਲੇ ਬਣਾਉਣ ਦੀ ਕਾਰਜ-ਨਿਯੁਕਤੀ ਨੂੰ ਪੂਰਾ ਕਰਨਾ। ਇਹ ਪਰਮੇਸ਼ੁਰ ਦੇ ਲਈ ਅਤੇ ਆਪਣੇ ਗੁਆਂਢੀ ਦੇ ਲਈ ਪ੍ਰੇਮ ਦਿਖਾਉਣ ਦਾ ਵੀ ਇਕ ਤਰੀਕਾ ਹੈ। (ਕਹਾਉਤਾਂ 2:1-5; ਮੱਤੀ 22:35-40) ਜੀ ਹਾਂ, ਪਰਮੇਸ਼ੁਰ ਦੇ ਬਾਰੇ ਸਾਡਾ ਗਿਆਨ ਸਾਨੂੰ ਉਸ ਦੇ ਪ੍ਰਤੀ ਜਵਾਬਦੇਹ ਬਣਾ ਦਿੰਦਾ ਹੈ, ਅਤੇ ਸਾਨੂੰ ਆਪਣੇ ਸੰਗੀ ਮਾਨਵ ਨੂੰ ਸੰਭਾਵੀ ਚੇਲਿਆਂ ਦੇ ਤੌਰ ਤੇ ਵਿਚਾਰਨ ਦੀ ਲੋੜ ਹੈ।
8. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਪੌਲੁਸ ਆਪਣੀ ਸੇਵਕਾਈ ਦੇ ਲਈ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਮਹਿਸੂਸ ਕਰਦਾ ਸੀ?
8 ਰਸੂਲ ਪੌਲੁਸ ਜਾਣਦਾ ਸੀ ਕਿ ਖ਼ੁਸ਼ ਖ਼ਬਰੀ ਨੂੰ ਪੂਰੇ ਦਿਲ ਨਾਲ ਪ੍ਰਵਾਨ ਕਰਨਾ ਅਤੇ ਇਸ ਦੀ ਪਾਲਣਾ ਕਰਨੀ ਮੁਕਤੀ ਵਿਚ ਪਰਿਣਿਤ ਹੁੰਦਾ ਹੈ, ਜਦ ਕਿ ਇਸ ਨੂੰ ਠੁਕਰਾਉਣਾ ਵਿਨਾਸ਼ ਲਿਆ ਸਕਦਾ ਹੈ। (2 ਥੱਸਲੁਨੀਕੀਆਂ 1:6-8) ਇਸ ਲਈ ਉਹ ਆਪਣੀ ਸੇਵਕਾਈ ਦੇ ਲਈ ਯਹੋਵਾਹ ਦੇ ਪ੍ਰਤੀ ਜਵਾਬਦੇਹ ਮਹਿਸੂਸ ਕਰਦਾ ਸੀ। ਅਸਲ ਵਿਚ, ਪੌਲੁਸ ਅਤੇ ਉਸ ਦੇ ਸਾਥੀ ਆਪਣੀ ਸੇਵਕਾਈ ਦੀ ਇੰਨੀ ਕਦਰ ਕਰਦੇ ਸਨ ਕਿ ਉਨ੍ਹਾਂ ਨੇ ਲੋਕਾਂ ਨੂੰ ਇਹ ਭਰਮ ਦੇਣ ਤੋਂ ਵੀ ਧਿਆਨਪੂਰਵਕ ਪਰਹੇਜ਼ ਕੀਤਾ ਕਿ ਉਹ ਇਸ ਤੋਂ ਮਾਲੀ ਮੁਨਾਫ਼ਾ ਬਣਾ ਰਹੇ ਸਨ। ਇਸ ਦੇ ਇਲਾਵਾ, ਪੌਲੁਸ ਦੇ ਦਿਲ ਨੇ ਉਸ ਨੂੰ ਇਹ ਕਹਿਣ ਲਈ ਮਜਬੂਰ ਕੀਤਾ: “ਭਾਵੇਂ ਮੈਂ ਖੁਸ਼ ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!”—1 ਕੁਰਿੰਥੀਆਂ 9:11-16.
9. ਸਾਰੇ ਮਸੀਹੀਆਂ ਨੇ ਕਿਹੜਾ ਇਕ ਮਹੱਤਵਪੂਰਣ ਕਰਜ਼ ਉਤਾਰਨਾ ਹੈ?
9 ਕਿਉਂਕਿ ਅਸੀਂ ਯਹੋਵਾਹ ਦੇ ਸਮਰਪਿਤ ਸੇਵਕ ਹਾਂ, ‘ਖੁਸ਼ ਖਬਰੀ ਸੁਣਾਉਣਾ ਸਾਡੇ ਲਈ ਅਵੱਸ ਹੈ।’ ਰਾਜ ਸੰਦੇਸ਼ ਪ੍ਰਚਾਰ ਕਰਨਾ ਸਾਡੀ ਕਾਰਜ-ਨਿਯੁਕਤੀ ਹੈ। ਅਸੀਂ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕੀਤਾ। (ਤੁਲਨਾ ਕਰੋ ਲੂਕਾ 9:23, 24.) ਇਸ ਦੇ ਇਲਾਵਾ, ਅਸੀਂ ਇਕ ਕਰਜ਼ ਉਤਾਰਨਾ ਹੈ। ਪੌਲੁਸ ਨੇ ਕਿਹਾ: “ਮੈਂ ਯੂਨਾਨੀਆਂ ਅਤੇ ਓਪਰਿਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ। ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ।” (ਰੋਮੀਆਂ 1:14, 15) ਪੌਲੁਸ ਇਕ ਕਰਜ਼ਦਾਰ ਸੀ ਕਿਉਂਕਿ ਉਹ ਜਾਣਦਾ ਸੀ ਕਿ ਪ੍ਰਚਾਰ ਕਰਨਾ ਉਸ ਦਾ ਫ਼ਰਜ਼ ਹੈ ਤਾਂ ਜੋ ਲੋਕੀ ਖ਼ੁਸ਼ ਖ਼ਬਰੀ ਸੁਣ ਸਕਣ ਅਤੇ ਬਚਾਏ ਜਾ ਸਕਣ। (1 ਤਿਮੋਥਿਉਸ 1:12-16; 2:3, 4) ਇਸ ਲਈ ਉਸ ਨੇ ਆਪਣੀ ਕਾਰਜ-ਨਿਯੁਕਤੀ ਪੂਰੀ ਕਰਨ ਅਤੇ ਸੰਗੀ ਮਾਨਵ ਦੇ ਪ੍ਰਤੀ ਆਪਣਾ ਕਰਜ਼ ਉਤਾਰਨ ਦੇ ਲਈ ਸਖ਼ਤ ਮਿਹਨਤ ਕੀਤੀ। ਮਸੀਹੀ ਹੋਣ ਦੇ ਨਾਤੇ, ਅਸੀਂ ਵੀ ਇਕ ਅਜਿਹਾ ਕਰਜ਼ ਉਤਾਰਨਾ ਹੈ। ਰਾਜ ਪ੍ਰਚਾਰ ਕਾਰਜ ਪਰਮੇਸ਼ੁਰ ਦੇ ਲਈ, ਉਸ ਦੇ ਪੁੱਤਰ ਦੇ ਲਈ, ਅਤੇ ਆਪਣੇ ਗੁਆਂਢੀਆਂ ਦੇ ਲਈ ਪ੍ਰੇਮ ਪ੍ਰਦਰਸ਼ਿਤ ਕਰਨ ਦਾ ਵੀ ਇਕ ਮੁੱਖ ਤਰੀਕਾ ਹੈ।—ਲੂਕਾ 10:25-28.
10. ਕਈਆਂ ਨੇ ਕੀ ਕਰਨ ਦੇ ਦੁਆਰਾ ਆਪਣੀ ਸੇਵਕਾਈ ਨੂੰ ਵਧਾਇਆ ਹੈ?
10 ਪਰਮੇਸ਼ੁਰ ਨੂੰ ਇਕ ਪ੍ਰਵਾਨਣਯੋਗ ਲੇਖਾ ਦੇਣ ਦਾ ਇਕ ਤਰੀਕਾ ਆਪਣੀ ਸੇਵਕਾਈ ਨੂੰ ਵਧਾਉਣ ਦੇ ਲਈ ਆਪਣੀਆਂ ਕਾਬਲੀਅਤਾਂ ਨੂੰ ਇਸਤੇਮਾਲ ਕਰਨਾ ਹੈ। ਮਿਸਾਲ ਲਈ: ਹਾਲ ਹੀ ਦੇ ਸਾਲਾਂ ਵਿਚ ਬਰਤਾਨੀਆ ਵਿਚ ਅਨੇਕ ਕੌਮੀ ਸਮੂਹਾਂ ਦੇ ਲੋਕਾਂ ਦਾ ਅੰਤਰਪ੍ਰਵਾਹ ਹੋਇਆ ਹੈ। ਅਜਿਹੇ ਲੋਕਾਂ ਤਕ ਖ਼ੁਸ਼ ਖ਼ਬਰੀ ਦੇ ਨਾਲ ਪਹੁੰਚਣ ਦੇ ਲਈ, 800 ਤੋਂ ਵੱਧ ਪਾਇਨੀਅਰ (ਪੂਰਣ-ਕਾਲੀ ਰਾਜ ਪ੍ਰਚਾਰਕ) ਅਤੇ ਸੈਂਕੜੇ ਦੂਜੇ ਗਵਾਹ ਵਿਭਿੰਨ ਭਾਸ਼ਾਵਾਂ ਸਿੱਖ ਰਹੇ ਹਨ। ਇਸ ਦੇ ਸਿੱਟੇ ਵਜੋਂ ਸੇਵਕਾਈ ਨੂੰ ਇਕ ਵਧੀਆ ਉਤੇਜਨਾ ਹਾਸਲ ਹੋਈ ਹੈ। ਇਕ ਚੀਨੀ ਕਲਾਸ ਸਿਖਾ ਰਹੀ ਪਾਇਨੀਅਰ ਨੇ ਕਿਹਾ: “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਦੂਜੇ ਗਵਾਹਾਂ ਨੂੰ ਕਦੇ ਆਪਣੀ ਭਾਸ਼ਾ ਸਿਖਾਵਾਂਗੀ, ਤਾਂ ਜੋ ਉਹ ਇਸ ਤਰੀਕੇ ਵਿਚ ਦੂਜਿਆਂ ਦੇ ਨਾਲ ਸੱਚਾਈ ਨੂੰ ਸਾਂਝਿਆਂ ਕਰਨ। ਇਹ ਕਿੰਨਾ ਹੀ ਸੰਤੋਖਜਨਕ ਹੈ!” ਕੀ ਤੁਸੀਂ ਇਕ ਸਮਾਨ ਤਰੀਕੇ ਵਿਚ ਆਪਣੀ ਸੇਵਕਾਈ ਵਧਾ ਸਕਦੇ ਹੋ?
11. ਕੀ ਨਤੀਜਾ ਹੋਇਆ ਜਦੋਂ ਇਕ ਮਸੀਹੀ ਨੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੱਤੀ?
11 ਸੰਭਵ ਤੌਰ ਤੇ, ਸਾਡੇ ਵਿੱਚੋਂ ਹਰ ਇਕ ਵਿਅਕਤੀ ਇਕ ਡੁੱਬ ਰਹੇ ਆਦਮੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਇਸੇ ਤਰ੍ਹਾਂ ਯਹੋਵਾਹ ਦੇ ਸੇਵਕ ਵੀ ਹਰ ਮੌਕੇ ਤੇ ਗਵਾਹੀ ਦੇਣ ਦੇ ਲਈ ਆਪਣੀਆਂ ਕਾਬਲੀਅਤਾਂ ਨੂੰ ਇਸਤੇਮਾਲ ਕਰਨ ਦੇ ਲਈ ਉਤਸੁਕ ਹਨ। ਹਾਲ ਹੀ ਵਿਚ ਇਕ ਗਵਾਹ ਨੇ ਬੱਸ ਵਿਚ ਇਕ ਔਰਤ ਦੇ ਨਾਲ ਬੈਠ ਕੇ ਉਸ ਦੇ ਨਾਲ ਸ਼ਾਸਤਰ ਬਾਰੇ ਗੱਲਬਾਤ ਕੀਤੀ। ਦੱਸੀਆਂ ਗਈਆਂ ਗੱਲਾਂ ਤੋਂ ਰੁਮਾਂਚਿਤ ਹੋ ਕੇ ਉਸ ਔਰਤ ਨੇ ਅਨੇਕ ਸਵਾਲ ਪੁੱਛੇ। ਜਦੋਂ ਉਹ ਗਵਾਹ ਬੱਸ ਤੋਂ ਉਤਰਨ ਹੀ ਵਾਲੀ ਸੀ, ਤਾਂ ਉਸ ਔਰਤ ਨੇ ਉਸ ਨੂੰ ਇਸ ਦੀ ਬਜਾਇ ਉਸ ਦੇ ਘਰ ਆਉਣ ਲਈ ਤਰਲੇ ਕੀਤੇ, ਕਿਉਂ ਜੋ ਉਸ ਕੋਲ ਅਜੇ ਵੀ ਬਹੁਤ ਸਾਰੇ ਸਵਾਲ ਸਨ। ਗਵਾਹ ਸਹਿਮਤ ਹੋਈ। ਨਤੀਜਾ? ਇਕ ਬਾਈਬਲ ਅਧਿਐਨ ਆਰੰਭ ਕੀਤਾ ਗਿਆ, ਅਤੇ ਛੇ ਮਹੀਨੇ ਮਗਰੋਂ ਉਹ ਔਰਤ ਇਕ ਬਪਤਿਸਮਾ-ਰਹਿਤ ਰਾਜ ਪ੍ਰਕਾਸ਼ਕ ਬਣ ਗਈ। ਛੇਤੀ ਹੀ ਉਹ ਆਪਣੇ ਖ਼ੁਦ ਦੇ ਛੇ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰ ਰਹੀ ਸੀ। ਰਾਜ ਸੇਵਾ ਵਿਚ ਆਪਣੀਆਂ ਕਾਬਲੀਅਤਾਂ ਨੂੰ ਇਸਤੇਮਾਲ ਕਰਨ ਦੇ ਲਈ ਕਿੰਨਾ ਹੀ ਰੁਮਾਂਚਕ ਪ੍ਰਤਿਫਲ!
12. ਖੇਤਰ ਸੇਵਾ ਵਿਚ ਸੇਵਕਾਂ ਵਜੋਂ, ਸਾਡੀਆਂ ਕਾਬਲੀਅਤਾਂ ਦੀ ਕਿਵੇਂ ਚੰਗੀ ਵਰਤੋਂ ਕੀਤੀ ਜਾ ਸਕਦੀ ਹੈ?
12 ਸੇਵਕਾਂ ਵਜੋਂ ਸਾਡੀਆਂ ਕਾਬਲੀਅਤਾਂ, 192-ਸਫ਼ਾ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਰਗੇ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰਨ ਦੇ ਦੁਆਰਾ ਖੇਤਰ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਵਿਚ ਲਿਆਈਆਂ ਜਾ ਸਕਦੀਆਂ ਹਨ। ਅਪ੍ਰੈਲ 1996 ਤਕ, ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਲਿਖਣ ਸਮਿਤੀ ਨੇ 140 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਗਿਆਨ ਪੁਸਤਕ ਦੇ ਪ੍ਰਕਾਸ਼ਨ ਨੂੰ ਪ੍ਰਵਾਨ ਕੀਤਾ ਸੀ, ਅਤੇ ਉਸ ਸਮੇਂ ਤਕ ਇਸ ਦੀਆਂ 3,05,00,000 ਕਾਪੀਆਂ 111 ਭਾਸ਼ਾਵਾਂ ਵਿਚ ਪਹਿਲਾਂ ਤੋਂ ਹੀ ਛੱਪ ਚੁੱਕੀਆਂ ਸਨ। ਇਹ ਪੁਸਤਕ ਇਸ ਉਦੇਸ਼ ਨਾਲ ਲਿਖੀ ਗਈ ਸੀ ਕਿ ਬਾਈਬਲ ਛਾਤਰਾਂ ਨੂੰ ਪਰਮੇਸ਼ੁਰ ਦੇ ਬਚਨ ਅਤੇ ਮਕਸਦਾਂ ਦੇ ਬਾਰੇ ਇੰਨਾ ਸਿੱਖਣ ਵਿਚ ਮਦਦ ਕਰੇ ਕਿ ਉਹ ਯਹੋਵਾਹ ਨੂੰ ਸਮਰਪਿਤ ਹੋਣ ਅਤੇ ਬਪਤਿਸਮਾ ਲੈਣ। ਕਿਉਂ ਜੋ ਰਾਜ ਪ੍ਰਕਾਸ਼ਕ ਇੱਕੋ ਹੀ ਛਾਤਰ ਦੇ ਨਾਲ ਕਈ ਸਾਲਾਂ ਤਕ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਨਹੀਂ ਕਰਨਗੇ, ਉਹ ਹੋਰ ਲੋਕਾਂ ਦੇ ਨਾਲ ਅਧਿਐਨ ਸੰਚਾਲਿਤ ਕਰ ਸਕਦੇ ਹਨ ਜਾਂ ਘਰ-ਘਰ ਦੇ ਕਾਰਜ ਵਿਚ ਅਤੇ ਸੇਵਕਾਈ ਦੇ ਦੂਜੇ ਤਰੀਕਿਆਂ ਵਿਚ ਆਪਣੇ ਭਾਗ ਨੂੰ ਵਧਾ ਸਕਦੇ ਹਨ। (ਰਸੂਲਾਂ ਦੇ ਕਰਤੱਬ 5:42; 20:20, 21) ਪਰਮੇਸ਼ੁਰ ਦੇ ਪ੍ਰਤੀ ਆਪਣੀ ਜਵਾਬਦੇਹੀ ਬਾਰੇ ਸਚੇਤ ਹੁੰਦੇ ਹੋਏ, ਉਹ ਈਸ਼ਵਰੀ ਚੇਤਾਵਨੀਆਂ ਦੇ ਵੱਲ ਧਿਆਨ ਖਿੱਚਦੇ ਹਨ। (ਹਿਜ਼ਕੀਏਲ 33:7-9) ਲੇਕਨ ਉਨ੍ਹਾਂ ਦੀ ਮੁੱਖ ਰੁਚੀ ਯਹੋਵਾਹ ਨੂੰ ਸਨਮਾਨਿਤ ਕਰਨਾ ਅਤੇ ਇਸ ਦੁਸ਼ਟ ਰੀਤੀ-ਵਿਵਸਥਾ ਲਈ ਅਜੇ ਬਚੇ ਹੋਏ ਥੋੜ੍ਹੇ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਦੇ ਬਾਰੇ ਸਿੱਖਣ ਵਿਚ ਮਦਦ ਕਰਨਾ ਹੈ।
ਪਰਿਵਾਰਾਂ ਦੇ ਤੌਰ ਤੇ ਇਕ ਵਧੀਆ ਲੇਖਾ ਦੇਣਾ
13. ਧਰਮੀ ਪਰਿਵਾਰਾਂ ਨੂੰ ਇਕ ਨਿਯਮਿਤ ਪਰਿਵਾਰਕ ਬਾਈਬਲ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
13 ਸੱਚੀ ਮਸੀਹੀਅਤ ਨੂੰ ਅਪਣਾਉਣ ਵਾਲਾ ਹਰੇਕ ਵਿਅਕਤੀ ਅਤੇ ਪਰਿਵਾਰ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਹੈ ਅਤੇ ਇਸ ਲਈ ਉਸ ਨੂੰ ‘ਸਿਆਣਪੁਣੇ ਦੀ ਵੱਲ ਅਗਾਹਾਂ ਵਧਣਾ’ ਅਤੇ “ਨਿਹਚਾ ਵਿੱਚ ਤਕੜੇ” ਬਣਨਾ ਚਾਹੀਦਾ ਹੈ। (ਇਬਰਾਨੀਆਂ 6:1-3; 1 ਪਤਰਸ 5:8, 9) ਉਦਾਹਰਣ ਲਈ, ਜਿਨ੍ਹਾਂ ਨੇ ਗਿਆਨ ਪੁਸਤਕ ਦਾ ਅਧਿਐਨ ਕੀਤਾ ਹੈ ਅਤੇ ਬਪਤਿਸਮਾ ਲਿਆ ਹੈ, ਉਨ੍ਹਾਂ ਨੂੰ ਆਪਣੇ ਸ਼ਾਸਤਰ ਸੰਬੰਧੀ ਗਿਆਨ ਨੂੰ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਨਾਲ ਹੀ ਬਾਈਬਲ ਅਤੇ ਦੂਜੇ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਦੇ ਦੁਆਰਾ ਪੂਰਾ ਕਰਨ ਦੀ ਲੋੜ ਹੈ। ਧਰਮੀ ਪਰਿਵਾਰਾਂ ਨੂੰ ਇਕ ਨਿਯਮਿਤ ਪਰਿਵਾਰਕ ਅਧਿਐਨ ਵੀ ਕਰਨਾ ਚਾਹੀਦਾ ਹੈ, ਕਿਉਂਕਿ ਇਹ ‘ਜਾਗਦੇ ਰਹਿਣ, ਨਿਹਚਾ ਵਿੱਚ ਦ੍ਰਿੜ੍ਹ ਰਹਿਣ, ਪੁਰਖਾਰਥ ਕਰਨ, ਤਕੜੇ ਹੋਣ’ ਦਾ ਇਕ ਮਹੱਤਵਪੂਰਣ ਤਰੀਕਾ ਹੈ। (1 ਕੁਰਿੰਥੀਆਂ 16:13) ਜੇਕਰ ਤੁਸੀਂ ਇਕ ਘਰਾਣੇ ਦੇ ਸਿਰ ਹੋ, ਤਾਂ ਤੁਸੀਂ ਇਹ ਨਿਸ਼ਚਿਤ ਕਰਨ ਦੇ ਲਈ ਪਰਮੇਸ਼ੁਰ ਦੇ ਪ੍ਰਤੀ ਖ਼ਾਸ ਤੌਰ ਤੇ ਜਵਾਬਦੇਹ ਹੋ ਕਿ ਤੁਹਾਡੇ ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਚੰਗਾ ਭੋਜਨ ਮਿਲ ਰਿਹਾ ਹੈ। ਠੀਕ ਜਿਵੇਂ ਪੌਸ਼ਟਿਕ ਭੌਤਿਕ ਭੋਜਨ ਕੁਦਰਤੀ ਸਿਹਤ ਨੂੰ ਯੋਗਦਾਨ ਦਿੰਦਾ ਹੈ, ਉਵੇਂ ਹੀ ਭਰਪੂਰ ਅਤੇ ਨਿਯਮਿਤ ਅਧਿਆਤਮਿਕ ਭੋਜਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਅਤੇ ਤੁਹਾਡੇ ਪਰਿਵਾਰ ਨੇ “ਨਿਹਚਾ ਵਿੱਚ ਪੱਕੇ” ਬਣੇ ਰਹਿਣਾ ਹੈ।—ਤੀਤੁਸ 1:13.
14. ਇਕ ਸੁਸਿੱਖਿਅਤ ਇਸਰਾਏਲੀ ਕੁੜੀ ਦੁਆਰਾ ਦਿੱਤੀ ਗਈ ਗਵਾਹੀ ਤੋਂ ਕੀ ਪਰਿਣਿਤ ਹੋਇਆ?
14 ਜੇਕਰ ਤੁਹਾਡੇ ਘਰਾਣੇ ਵਿਚ ਬੱਚੇ ਹਨ, ਤਾਂ ਉਨ੍ਹਾਂ ਨੂੰ ਠੋਸ ਅਧਿਆਤਮਿਕ ਹਿਦਾਇਤ ਦੇਣ ਦੇ ਲਈ ਪਰਮੇਸ਼ੁਰ ਤੁਹਾਡੇ ਲੇਖੇ ਨੂੰ ਪ੍ਰਵਾਨਣਯੋਗ ਪਾਏਗਾ। ਅਜਿਹੀ ਸਿੱਖਿਆ ਉਨ੍ਹਾਂ ਨੂੰ ਲਾਭ ਪਹੁੰਚਾਵੇਗੀ, ਠੀਕ ਜਿਵੇਂ ਇਸ ਨੇ ਇਕ ਨਿੱਕੀ ਇਸਰਾਏਲੀ ਕੁੜੀ ਨੂੰ ਲਾਭ ਪਹੁੰਚਾਇਆ ਸੀ, ਜੋ ਪਰਮੇਸ਼ੁਰ ਦੇ ਨਬੀ ਅਲੀਸ਼ਾ ਦੇ ਦਿਨਾਂ ਵਿਚ ਅਰਾਮੀਆਂ ਦੁਆਰਾ ਬੰਦੀ ਬਣਾਈ ਗਈ ਸੀ। ਉਹ ਇਕ ਕੋੜ੍ਹੀ ਅਰਾਮੀ ਸੈਨਾਪਤੀ, ਨਅਮਾਨ ਦੀ ਪਤਨੀ ਦੀ ਨੌਕਰਾਨੀ ਬਣੀ। ਹਾਲਾਂਕਿ ਉਹ ਕੁੜੀ ਅਜੇ ਉਮਰ ਵਿਚ ਛੋਟੀ ਸੀ, ਉਸ ਨੇ ਆਪਣੀ ਮਾਲਕਣ ਨੂੰ ਆਖਿਆ: “ਜੇ ਕਿਤੇ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ ਤਾਂ ਉਹ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆਂ ਕਰ ਦਿੰਦਾ।” ਉਸ ਦੀ ਗਵਾਹੀ ਦੇ ਕਾਰਨ, ਨਅਮਾਨ ਇਸਰਾਏਲ ਗਿਆ, ਯਰਦਨ ਦਰਿਆ ਵਿਚ ਸੱਤ ਵਾਰੀ ਨਹਾਉਣ ਦੇ ਅਲੀਸ਼ਾ ਦੇ ਨਿਰਦੇਸ਼ਨ ਦੀ ਆਖ਼ਰਕਾਰ ਪਾਲਣਾ ਕੀਤੀ, ਅਤੇ ਕੋੜ੍ਹ ਤੋਂ ਸ਼ੁੱਧ ਕੀਤਾ ਗਿਆ। ਇਸ ਦੇ ਇਲਾਵਾ, ਨਅਮਾਨ ਯਹੋਵਾਹ ਦਾ ਇਕ ਉਪਾਸਕ ਬਣ ਗਿਆ। ਇਸ ਗੱਲ ਤੋਂ ਉਹ ਨਿੱਕੀ ਕੁੜੀ ਕਿੰਨੀ ਰੁਮਾਂਚਿਤ ਹੋਈ ਹੋਣੀ!—2 ਰਾਜਿਆਂ 5:1-3, 13-19.
15. ਮਾਪਿਆਂ ਲਈ ਆਪਣੇ ਬੱਚਿਆਂ ਨੂੰ ਵਧੀਆ ਅਧਿਆਤਮਿਕ ਸਿਖਲਾਈ ਦੇਣੀ ਕਿਉਂ ਮਹੱਤਵਪੂਰਣ ਹੈ? ਦ੍ਰਿਸ਼ਟਾਂਤ ਦੇ ਕੇ ਸਮਝਾਓ।
15 ਸ਼ਤਾਨ ਦੀ ਸ਼ਕਤੀ ਵਿਚ ਪਏ ਹੋਏ ਇਸ ਨੈਤਿਕ ਤੌਰ ਤੇ ਕੰਗਾਲ ਸੰਸਾਰ ਵਿਚ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬੱਚਿਆਂ ਨੂੰ ਵੱਡਾ ਕਰਨਾ ਆਸਾਨ ਨਹੀਂ ਹੈ। (1 ਯੂਹੰਨਾ 5:19) ਲੇਕਨ, ਤਿਮੋਥਿਉਸ ਦੇ ਬਾਲ ਅਵਸਥਾ ਤੋਂ ਹੀ ਉਸ ਦੀ ਨਾਨੀ ਲੋਇਸ ਅਤੇ ਉਸ ਦੀ ਮਾਤਾ, ਯੂਨੀਕਾ ਨੇ ਉਸ ਨੂੰ ਸਫ਼ਲਤਾਪੂਰਵਕ ਸ਼ਾਸਤਰ ਦੀ ਸਿੱਖਿਆ ਦਿੱਤੀ। (2 ਤਿਮੋਥਿਉਸ 1:5; 3:14, 15) ਆਪਣੇ ਬੱਚਿਆਂ ਦੇ ਨਾਲ ਬਾਈਬਲ ਦਾ ਅਧਿਐਨ ਕਰਨਾ, ਉਨ੍ਹਾਂ ਨੂੰ ਨਿਯਮਿਤ ਤੌਰ ਤੇ ਮਸੀਹੀ ਸਭਾਵਾਂ ਤੇ ਲੈ ਜਾਣਾ, ਅਤੇ ਆਖ਼ਰਕਾਰ ਉਨ੍ਹਾਂ ਨੂੰ ਸੇਵਕਾਈ ਵਿਚ ਆਪਣੇ ਨਾਲ ਸ਼ਾਮਲ ਕਰਨਾ, ਸਭ ਦੇ ਸਭ ਉਸ ਸਿਖਲਾਈ ਪੱਧਤੀ ਦਾ ਭਾਗ ਹਨ ਜਿਸ ਲਈ ਤੁਸੀਂ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ। ਵੇਲਜ਼ ਵਿਚ ਇਕ ਮਸੀਹੀ, ਜੋ ਹੁਣ 85 ਕੁ ਸਾਲਾਂ ਦੀ ਹੈ, ਯਾਦ ਕਰਦੀ ਹੈ ਕਿ 1920 ਦੇ ਦਹਾਕੇ ਦੇ ਮੁੱਢ ਵਿਚ, ਉਸ ਦੇ ਪਿਤਾ ਜੀ ਉਸ ਨੂੰ ਆਪਣੇ ਨਾਲ ਲੈ ਜਾਂਦੇ ਸਨ ਜਦੋਂ ਉਹ ਅਗਲੀ ਘਾਟੀ ਵਿਚ ਗ੍ਰਾਮਵਾਸੀਆਂ ਨੂੰ ਬਾਈਬਲ ਟ੍ਰੈਕਟ ਵੰਡਣ ਦੇ ਲਈ ਪਹਾੜ ਦੇ ਉੱਤੋਂ 10 ਕਿਲੋਮੀਟਰ (20 ਕਿਲੋਮੀਟਰ ਦੀ ਇਕ ਮੁਕੰਮਲ ਯਾਤਰਾ) ਚੱਲ ਕੇ ਜਾਂਦੇ ਸਨ। “ਉਨ੍ਹਾਂ ਪੈਦਲ ਸਫ਼ਰਾਂ ਦੇ ਦੌਰਾਨ ਹੀ ਮੇਰੇ ਪਿਤਾ ਜੀ ਨੇ ਸੱਚਾਈ ਨੂੰ ਮੇਰੇ ਦਿਲ ਵਿਚ ਬਿਠਾਇਆ,” ਉਹ ਕ੍ਰਿਤੱਗਤਾ ਨਾਲ ਕਹਿੰਦੀ ਹੈ।
ਬਜ਼ੁਰਗ ਲੇਖਾ ਦਿੰਦੇ ਹਨ—ਕਿਵੇਂ?
16, 17. (ੳ) ਪ੍ਰਾਚੀਨ ਇਸਰਾਏਲ ਵਿਚ ਅਧਿਆਤਮਿਕ ਤੌਰ ਤੇ ਪ੍ਰੌੜ੍ਹ ਬਜ਼ੁਰਗ ਕਿਹੜੇ ਵਿਸ਼ੇਸ਼-ਸਨਮਾਨਾਂ ਦਾ ਆਨੰਦ ਮਾਣਦੇ ਸਨ? (ਅ) ਪ੍ਰਾਚੀਨ ਇਸਰਾਏਲ ਵਿਚ ਸਥਿਤੀ ਦੀ ਤੁਲਨਾ ਵਿਚ, ਅੱਜ ਮਸੀਹੀ ਬਜ਼ੁਰਗਾਂ ਤੋਂ ਅਧਿਕ ਮੰਗ ਕਿਉਂ ਕੀਤੀ ਜਾਂਦੀ ਹੈ?
16 “ਧੌਲਾ ਸਿਰ ਸਜਾਵਟ ਦਾ ਮੁਕਟ ਹੈ, [ਜਦੋਂ] ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ,” ਬੁੱਧੀਮਾਨ ਪੁਰਸ਼ ਸੁਲੇਮਾਨ ਨੇ ਕਿਹਾ। (ਕਹਾਉਤਾਂ 16:31) ਪਰੰਤੂ ਕੇਵਲ ਸਰੀਰਕ ਉਮਰ ਹੀ ਇਕ ਆਦਮੀ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਕਲੀਸਿਯਾ ਵਿਚ ਜ਼ਿੰਮੇਵਾਰੀ ਦੇ ਲਈ ਲੈਸ ਨਹੀਂ ਕਰਦੀ ਹੈ। ਪ੍ਰਾਚੀਨ ਇਸਰਾਏਲ ਵਿਚ ਅਧਿਆਤਮਿਕ ਤੌਰ ਤੇ ਪ੍ਰੌੜ੍ਹ ਬਜ਼ੁਰਗ ਨਿਆਉਂ ਕਰਨ ਅਤੇ ਸ਼ਾਂਤੀ, ਚੰਗੀ ਵਿਵਸਥਾ, ਅਤੇ ਅਧਿਆਤਮਿਕ ਸਿਹਤ ਨੂੰ ਕਾਇਮ ਰੱਖਣ ਦੇ ਲਈ ਨਿਆਈਆਂ ਅਤੇ ਅਧਿਕਾਰੀਆਂ ਵਜੋਂ ਸੇਵਾ ਕਰਦੇ ਸਨ। (ਬਿਵਸਥਾ ਸਾਰ 16:18-20) ਹਾਲਾਂਕਿ ਮਸੀਹੀ ਕਲੀਸਿਯਾ ਦੇ ਬਾਰੇ ਵੀ ਇਹੋ ਗੱਲ ਸੱਚ ਹੈ, ਬਜ਼ੁਰਗਾਂ ਤੋਂ ਅਧਿਕ ਮੰਗ ਕੀਤੀ ਜਾਂਦੀ ਹੈ ਜਿਉਂ-ਜਿਉਂ ਇਹ ਰੀਤੀ-ਵਿਵਸਥਾ ਦਾ ਅੰਤ ਨਿਕਟ ਆਉਂਦਾ ਜਾਂਦਾ ਹੈ। ਕਿਉਂ?
17 ਇਸਰਾਏਲੀ ‘ਚੁਣੀ ਹੋਈ ਪਰਜਾ’ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਪ੍ਰਾਚੀਨ ਮਿਸਰ ਵਿੱਚੋਂ ਛੁਡਾਇਆ ਸੀ। ਕਿਉਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਵਿਚੋਲੇ, ਮੂਸਾ ਦੁਆਰਾ ਬਿਵਸਥਾ ਹਾਸਲ ਹੋਈ ਸੀ, ਉਨ੍ਹਾਂ ਦੀ ਸੰਤਾਨ ਇਕ ਸਮਰਪਿਤ ਕੌਮ ਵਿਚ ਪੈਦਾ ਹੋਈ ਸੀ ਅਤੇ ਯਹੋਵਾਹ ਦੇ ਹੁਕਮਾਂ ਤੋਂ ਜਾਣੂ ਸੀ। (ਬਿਵਸਥਾ ਸਾਰ 7:6, 11) ਲੇਕਨ, ਅੱਜ ਕੋਈ ਵੀ ਵਿਅਕਤੀ ਅਜਿਹੀ ਇਕ ਸਮਰਪਿਤ ਕੌਮ ਵਿਚ ਪੈਦਾ ਨਹੀਂ ਹੁੰਦਾ ਹੈ, ਅਤੇ ਮੁਕਾਬਲਤਨ ਘੱਟ ਹੀ ਲੋਕ ਅਜਿਹੇ ਧਰਮੀ ਪਰਿਵਾਰਾਂ ਵਿਚ ਵੱਡੇ ਹੁੰਦੇ ਹਨ ਜੋ ਸ਼ਾਸਤਰ ਸੰਬੰਧੀ ਸੱਚਾਈ ਦੇ ਨਾਲ ਪਰਿਚਿਤ ਹੁੰਦੇ ਹਨ। ਸ਼ਾਸਤਰ ਸੰਬੰਧੀ ਸਿਧਾਂਤਾਂ ਦੇ ਅਨੁਸਾਰ ਕਿਵੇਂ ਜੀਉਣਾ ਚਾਹੀਦਾ ਹੈ, ਇਸ ਬਾਰੇ ਖ਼ਾਸ ਕਰਕੇ ਸ਼ਾਇਦ ਉਨ੍ਹਾਂ ਨੂੰ ਹਿਦਾਇਤ ਦੀ ਲੋੜ ਹੋਵੇ ਜਿਨ੍ਹਾਂ ਨੇ ਹਾਲ ਹੀ ਵਿਚ ‘ਸਚਿਆਈ ਉੱਤੇ ਚੱਲਣਾ’ ਸ਼ੁਰੂ ਕੀਤਾ ਹੈ। (3 ਯੂਹੰਨਾ 4) ਇਸ ਲਈ, ਵਫ਼ਾਦਾਰ ਬਜ਼ੁਰਗਾਂ ਦੇ ਮੋਢਿਆਂ ਉੱਤੇ ਕਿੰਨੀ ਹੀ ਜ਼ਿੰਮੇਵਾਰੀ ਹੈ ਜਿਉਂ-ਜਿਉਂ ਉਹ ‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖਦੇ’ ਹਨ ਅਤੇ ਯਹੋਵਾਹ ਦੇ ਲੋਕਾਂ ਦੀ ਸਹਾਇਤਾ ਕਰਦੇ ਹਨ!—2 ਤਿਮੋਥਿਉਸ 1:13, 14.
18. ਕਲੀਸਿਯਾ ਦੇ ਬਜ਼ੁਰਗਾਂ ਨੂੰ ਕਿਸ ਪ੍ਰਕਾਰ ਦੀ ਸਹਾਇਤਾ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ, ਅਤੇ ਕਿਉਂ?
18 ਇਕ ਛੋਟਾ ਬੱਚਾ ਜੋ ਚੱਲਣਾ ਸਿੱਖ ਰਿਹਾ ਹੈ, ਸ਼ਾਇਦ ਲੜਖੜਾਏ ਅਤੇ ਡਿਗ ਪਵੇ। ਉਹ ਅਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਮਾਪਿਆਂ ਦੀ ਮਦਦ ਅਤੇ ਮੁੜ ਨਿਸ਼ਚਾ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਯਹੋਵਾਹ ਨੂੰ ਇਕ ਸਮਰਪਿਤ ਵਿਅਕਤੀ ਅਧਿਆਤਮਿਕ ਤੌਰ ਤੇ ਲੜਖੜਾ ਸਕਦਾ ਹੈ ਜਾਂ ਡਿਗ ਸਕਦਾ ਹੈ। ਰਸੂਲ ਪੌਲੁਸ ਨੂੰ ਵੀ ਉਹ ਕਰਨ ਲਈ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਜਾਂ ਚੰਗਾ ਸੀ, ਸੰਘਰਸ਼ ਕਰਨ ਦੀ ਲੋੜ ਪਈ। (ਰੋਮੀਆਂ 7:21-25) ਪਰਮੇਸ਼ੁਰ ਦੇ ਝੁੰਡ ਦੇ ਚਰਵਾਹਿਆਂ ਨੂੰ ਉਨ੍ਹਾਂ ਮਸੀਹੀਆਂ ਨੂੰ ਪ੍ਰੇਮਮਈ ਸਹਾਇਤਾ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਗ਼ਲਤੀ ਕੀਤੀ ਹੈ ਪਰੰਤੂ ਸੱਚ-ਮੁੱਚ ਪਸ਼ਚਾਤਾਪੀ ਹਨ। ਜਦੋਂ ਬਜ਼ੁਰਗਾਂ ਨੇ ਇਕ ਸਮਰਪਿਤ ਔਰਤ ਨਾਲ ਮੁਲਾਕਾਤ ਕੀਤੀ ਜਿਸ ਨੇ ਇਕ ਗੰਭੀਰ ਗ਼ਲਤੀ ਕੀਤੀ ਸੀ, ਤਾਂ ਉਸ ਨੇ ਆਪਣੇ ਸਮਰਪਿਤ ਪਤੀ ਦੀ ਮੌਜੂਦਗੀ ਵਿਚ ਕਿਹਾ: “ਮੈਂ ਜਾਣਦੀ ਹਾਂ ਕਿ ਤੁਸੀਂ ਮੈਨੂੰ ਛੇਕ ਦਿਓਗੇ!” ਪਰੰਤੂ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ ਜਦੋਂ ਉਸ ਨੂੰ ਦੱਸਿਆ ਗਿਆ ਕਿ ਬਜ਼ੁਰਗ ਜਾਣਨਾ ਚਾਹੁੰਦੇ ਸਨ ਕਿ ਉਸ ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਮੁੜ ਬਹਾਲ ਕਰਨ ਦੇ ਲਈ ਕਿਹੜੀ ਮਦਦ ਦੀ ਲੋੜ ਸੀ। ਇਸ ਗੱਲ ਤੋਂ ਸਚੇਤ ਕਿ ਉਨ੍ਹਾਂ ਨੇ ਲੇਖਾ ਦੇਣਾ ਹੈ, ਬਜ਼ੁਰਗ ਇਕ ਪਸ਼ਚਾਤਾਪੀ ਸੰਗੀ ਵਿਸ਼ਵਾਸੀ ਦੀ ਮਦਦ ਕਰਨ ਲਈ ਖ਼ੁਸ਼ ਸਨ।—ਇਬਰਾਨੀਆਂ 13:17.
ਇਕ ਵਧੀਆ ਲੇਖਾ ਦਿੰਦੇ ਰਹੋ
19. ਅਸੀਂ ਕਿਵੇਂ ਪਰਮੇਸ਼ੁਰ ਨੂੰ ਆਪਣਾ ਇਕ ਵਧੀਆ ਲੇਖਾ ਦਿੰਦੇ ਰਹਿ ਸਕਦੇ ਹਾਂ?
19 ਕਲੀਸਿਯਾ ਬਜ਼ੁਰਗਾਂ ਨੂੰ ਅਤੇ ਪਰਮੇਸ਼ੁਰ ਦੇ ਬਾਕੀ ਸਾਰੇ ਸੇਵਕਾਂ ਨੂੰ ਯਹੋਵਾਹ ਨੂੰ ਆਪਣਾ ਇਕ ਵਧੀਆ ਲੇਖਾ ਦਿੰਦੇ ਰਹਿਣ ਦੀ ਲੋੜ ਹੈ। ਇਹ ਸੰਭਵ ਹੈ ਜੇਕਰ ਅਸੀਂ ਪਰਮੇਸ਼ੁਰ ਦੇ ਬਚਨ ਦਾ ਪਾਲਣ ਕਰਦੇ ਹਾਂ ਅਤੇ ਉਸ ਦੀ ਇੱਛਾ ਪੂਰੀ ਕਰਦੇ ਹਾਂ। (ਕਹਾਉਤਾਂ 3:5, 6; ਰੋਮੀਆਂ 12:1, 2, 9) ਅਸੀਂ ਖ਼ਾਸ ਕਰਕੇ ਉਨ੍ਹਾਂ ਨਾਲ ਭਲਿਆਈ ਕਰਨਾ ਚਾਹੁੰਦੇ ਹਾਂ ਜੋ ਸਾਡੇ ਸੰਗੀ ਨਿਹਚਾਵਾਨ ਹਨ। (ਗਲਾਤੀਆਂ 6:10) ਪਰੰਤੂ, ਪੱਕੀ ਫ਼ਸਲ ਅਜੇ ਵੀ ਬਹੁਤ ਹੈ ਅਤੇ ਵਾਢੇ ਹਾਲੇ ਵੀ ਘੱਟ ਹਨ। (ਮੱਤੀ 9:37, 38) ਸੋ ਆਓ ਅਸੀਂ ਉੱਦਮ ਨਾਲ ਰਾਜ ਸੰਦੇਸ਼ ਦਾ ਐਲਾਨ ਕਰਨ ਦੇ ਦੁਆਰਾ ਦੂਜਿਆਂ ਨਾਲ ਭਲਿਆਈ ਕਰੀਏ। ਯਹੋਵਾਹ ਸਾਡੇ ਲੇਖੇ ਨੂੰ ਪ੍ਰਵਾਨਣਯੋਗ ਪਾਏਗਾ ਜੇਕਰ ਅਸੀਂ ਆਪਣੇ ਸਮਰਪਣ ਨੂੰ ਪੂਰਾ ਕਰਦੇ ਹਾਂ, ਉਸ ਦੀ ਇੱਛਾ ਪੂਰੀ ਕਰਦੇ ਹਾਂ, ਅਤੇ ਵਫ਼ਾਦਾਰੀ ਨਾਲ ਖ਼ੁਸ਼ ਖ਼ਬਰੀ ਦੀ ਘੋਸ਼ਣਾ ਕਰਦੇ ਹਾਂ।
20. ਨਹਮਯਾਹ ਦੇ ਜੀਵਨ-ਮਾਰਗ ਉੱਤੇ ਵਿਚਾਰ ਕਰਨ ਤੋਂ ਅਸੀਂ ਕੀ ਸਿੱਖਦੇ ਹਾਂ?
20 ਇਸ ਲਈ, ਆਓ ਅਸੀਂ ਪ੍ਰਭੂ ਦੇ ਕੰਮ ਵਿਚ ਸਦਾ ਵਧਦੇ ਜਾਈਏ। (1 ਕੁਰਿੰਥੀਆਂ 15:58) ਅਤੇ ਅਸੀਂ ਨਹਮਯਾਹ ਬਾਰੇ ਵਿਚਾਰ ਕਰ ਕੇ ਚੰਗਾ ਕਰਦੇ ਹਾਂ, ਜਿਸ ਨੇ ਯਰੂਸ਼ਲਮ ਦੀ ਦੀਵਾਰ ਨੂੰ ਮੁੜ ਉਸਾਰਿਆ, ਪਰਮੇਸ਼ੁਰ ਦੀ ਬਿਵਸਥਾ ਨੂੰ ਅਮਲ ਵਿਚ ਲਿਆਂਦਾ, ਅਤੇ ਜੋਸ਼ ਨਾਲ ਸੱਚੀ ਉਪਾਸਨਾ ਨੂੰ ਅੱਗੇ ਵਧਾਇਆ। ਉਸ ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਪਰਮੇਸ਼ੁਰ ਉਸ ਦੀ ਕੀਤੀ ਹੋਈ ਭਲਿਆਈ ਦੇ ਲਈ ਉਸ ਨੂੰ ਚੇਤੇ ਕਰੇ। ਇੰਜ ਹੋਵੇ ਕਿ ਤੁਸੀਂ ਵੀ ਯਹੋਵਾਹ ਨੂੰ ਇੰਨੇ ਹੀ ਸਮਰਪਿਤ ਹੋਵੋ, ਅਤੇ ਉਹ ਤੁਹਾਡੇ ਲੇਖੇ ਨੂੰ ਪ੍ਰਵਾਨਣਯੋਗ ਪਾਏ। (w96 9/15)
ਤੁਹਾਡੇ ਜਵਾਬ ਕੀ ਹਨ?
◻ ਨਹਮਯਾਹ ਦੁਆਰਾ ਕਿਹੜੀ ਮਿਸਾਲ ਕਾਇਮ ਕੀਤੀ ਗਈ?
◻ ਗਿਆਨ ਸਾਨੂੰ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਕਿਉਂ ਬਣਾਉਂਦਾ ਹੈ?
◻ ਅਸੀਂ ਆਪਣੀ ਸੇਵਕਾਈ ਵਿਚ ਯਹੋਵਾਹ ਨੂੰ ਇਕ ਪ੍ਰਵਾਨਣਯੋਗ ਲੇਖਾ ਕਿਵੇਂ ਦੇ ਸਕਦੇ ਹਾਂ?
◻ ਪਰਮੇਸ਼ੁਰ ਨੂੰ ਇਕ ਵਧੀਆ ਲੇਖਾ ਦੇਣ ਦੇ ਲਈ ਪਰਿਵਾਰ ਕੀ ਕਰ ਸਕਦੇ ਹਨ?
◻ ਮਸੀਹੀ ਬਜ਼ੁਰਗ ਕਿਵੇਂ ਲੇਖਾ ਦਿੰਦੇ ਹਨ?
[ਸਫ਼ੇ 28 ਉੱਤੇ ਤਸਵੀਰਾਂ]
ਪੌਲੁਸ ਦੇ ਸਮਾਨ, ਅਸੀਂ ਵੀ ਰਾਜ ਘੋਸ਼ਕਾਂ ਵਜੋਂ ਪਰਮੇਸ਼ੁਰ ਨੂੰ ਇਕ ਵਧੀਆ ਲੇਖਾ ਦੇ ਸਕਦੇ ਹਾਂ
[ਸਫ਼ੇ 29 ਉੱਤੇ ਤਸਵੀਰ]
ਨਅਮਾਨ ਦੇ ਘਰ ਵਿਚ ਨਿੱਕੀ ਇਸਰਾਏਲੀ ਕੁੜੀ ਵਾਂਗ, ਕੀ ਤੁਹਾਡੇ ਬੱਚੇ ਨਿਹਚਾ ਵਿਚ ਦ੍ਰਿੜ੍ਹ ਹਨ?