ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr16 ਦਸੰਬਰ ਸਫ਼ੇ 1-10
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2016
  • ਸਿਰਲੇਖ
  • 5-11 ਦਸੰਬਰ
  • 12-18 ਦਸੰਬਰ
  • 19-25 ਦਸੰਬਰ
  • 26 ਦਸੰਬਰ—1 ਜਨਵਰੀ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2016
mwbr16 ਦਸੰਬਰ ਸਫ਼ੇ 1-10

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

5-11 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 1-5

“ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ”

(ਯਸਾਯਾਹ 2:2, 3) ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। 3 ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।

ip-1 38-41 ਪੈਰੇ 6-11

ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ

6 ਯਸਾਯਾਹ ਦੀ ਭਵਿੱਖਬਾਣੀ ਕਦੋਂ ਪੂਰੀ ਹੋਵੇਗੀ? “ਆਖਰੀ ਦਿਨਾਂ ਦੇ ਵਿੱਚ।” ਬਾਈਬਲ ਦੇ ਯੂਨਾਨੀ ਹਿੱਸੇ ਨੇ ਪਹਿਲਾਂ ਹੀ ਉਹ ਨਿਸ਼ਾਨੀਆਂ ਦੱਸੀਆਂ ਸਨ ਜੋ ਇਸ ਸਮੇਂ ਦੀ ਪਛਾਣ ਕਰਾਉਣਗੀਆਂ। ਇਨ੍ਹਾਂ ਨਿਸ਼ਾਨੀਆਂ ਵਿਚ ਯੁੱਧ, ਭੁਚਾਲ, ਮਰੀਆਂ, ਕਾਲ, ਅਤੇ “ਭੈੜੇ ਸਮੇਂ” ਸ਼ਾਮਲ ਹਨ। (2 ਤਿਮੋਥਿਉਸ 3:1-5; ਲੂਕਾ 21:10, 11) ਅਜਿਹੀਆਂ ਭਵਿੱਖਬਾਣੀਆਂ ਦੀ ਪੂਰਤੀ ਸਾਨੂੰ ਬਹੁਤ ਸਾਰਾ ਸਬੂਤ ਦਿੰਦੀ ਹੈ ਕਿ ਅਸੀਂ ਇਸ ਦੁਨੀਆਂ ਦੇ “ਆਖਰੀ ਦਿਨਾਂ ਦੇ ਵਿੱਚ” ਜੀ ਰਹੇ ਹਾਂ। ਤਾਂ ਫਿਰ, ਅਸੀਂ ਉਹ ਗੱਲਾਂ ਪੂਰੀਆਂ ਹੋਣ ਦੀ ਉਮੀਦ ਰੱਖ ਸਕਦੇ ਹਾਂ ਜਿਸ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ।

ਉਪਾਸਨਾ ਲਈ ਇਕ ਪਰਬਤ

7 ਯਸਾਯਾਹ ਨੇ ਕੁਝ ਹੀ ਸ਼ਬਦਾਂ ਵਿਚ ਭਵਿੱਖ ਬਾਰੇ ਇਕ ਸਪੱਸ਼ਟ ਤਸਵੀਰ ਖਿੱਚੀ। ਅਸੀਂ ਇਕ ਉੱਚਾ ਪਰਬਤ ਦੇਖਦੇ ਹਾਂ, ਜਿਸ ਉੱਤੇ ਇਕ ਸ਼ਾਨਦਾਰ ਭਵਨ ਹੈ, ਯਾਨੀ ਯਹੋਵਾਹ ਦੀ ਹੈਕਲ। ਇਹ ਪਰਬਤ ਆਲੇ-ਦੁਆਲੇ ਦੇ ਪਹਾੜਾਂ ਅਤੇ ਪਹਾੜੀਆਂ ਤੋਂ ਬਹੁਤ ਉੱਚਾ ਹੈ। ਲੇਕਿਨ, ਇਸ ਦੀ ਉੱਚਾਈ ਨੂੰ ਦੇਖ ਕੇ ਅਸੀਂ ਘਬਰਾਉਂਦੇ ਨਹੀਂ ਅਤੇ ਨਾ ਹੀ ਹੌਸਲਾ ਹਾਰਦੇ ਹਾਂ। ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੇ ਭਵਨ ਵਾਲੇ ਪਰਬਤ ਉੱਤੇ ਚੜ੍ਹਨਾ ਚਾਹੁੰਦੇ ਹਨ; ਉਹ ਕੌਮਾਂ ਉਸ ਵੱਲ ਵਗਦੀਆਂ ਹਨ। ਆਪਣੇ ਮਨ ਵਿਚ ਇਸ ਦੀ ਕਲਪਨਾ ਕਰਨੀ ਸੌਖੀ ਹੈ, ਪਰ ਇਸ ਦਾ ਮਤਲਬ ਕੀ ਹੈ?

8 ਯਸਾਯਾਹ ਦੇ ਜ਼ਮਾਨੇ ਵਿਚ ਪਹਾੜਾਂ ਅਤੇ ਪਹਾੜੀਆਂ ਉੱਤੇ ਅਕਸਰ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। (ਬਿਵਸਥਾ ਸਾਰ 12:2; ਯਿਰਮਿਯਾਹ 3:6) ਪਰ, ਯਹੋਵਾਹ ਦਾ ਭਵਨ ਯਰੂਸ਼ਲਮ ਵਿਚ ਮੋਰੀਯਾਹ ਪਹਾੜ ਦੀ ਟੀਸੀ ਉੱਤੇ ਸੀ। ਸਾਲ ਵਿਚ ਤਿੰਨ ਵਾਰ ਵਫ਼ਾਦਾਰ ਇਸਰਾਏਲੀ ਯਰੂਸ਼ਲਮ ਨੂੰ ਜਾਂਦੇ ਸਨ ਅਤੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਮੋਰੀਯਾਹ ਪਹਾੜ ਉੱਤੇ ਚੜ੍ਹਦੇ ਸਨ। (ਬਿਵਸਥਾ ਸਾਰ 16:16) ਤਾਂ ਫਿਰ ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਕੌਮਾਂ ਦਾ ਵਗਣਾ ਇਹ ਦਰਸਾਉਂਦਾ ਹੈ ਕਿ ਕਈ ਲੋਕ ਸੱਚੀ ਉਪਾਸਨਾ ਲਈ ਇਕੱਠੇ ਹੋਣਗੇ।

9 ਲੇਕਿਨ, ਅੱਜ, ਪਰਮੇਸ਼ੁਰ ਦੇ ਲੋਕ ਕਿਸੇ ਅਸਲੀ ਪਹਾੜ ਉੱਤੇ ਇਕੱਠੇ ਨਹੀਂ ਹੁੰਦੇ, ਜਿੱਥੇ ਇੱਟ-ਪੱਥਰ ਨਾਲ ਬਣੀ ਕੋਈ ਹੈਕਲ ਹੋਵੇ। ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ 70 ਸਾ.ਯੁ. ਵਿਚ ਰੋਮੀ ਫ਼ੌਜਾਂ ਦੁਆਰਾ ਤਬਾਹ ਕੀਤੀ ਗਈ ਸੀ। ਇਸ ਤੋਂ ਇਲਾਵਾ, ਪੌਲੁਸ ਰਸੂਲ ਨੇ ਸਪੱਸ਼ਟ ਕੀਤਾ ਕਿ ਯਰੂਸ਼ਲਮ ਦੀ ਹੈਕਲ ਅਤੇ ਉਸ ਤੋਂ ਪਹਿਲਾਂ ਉਪਾਸਨਾ ਲਈ ਡੇਹਰਾ ਕਿਸੇ ਹੋਰ ਚੀਜ਼ ਨੂੰ ਦਰਸਾਉਂਦੇ ਸਨ। ਉਹ ਇਕ ਵੱਡੀ ਰੂਹਾਨੀ ਅਸਲੀਅਤ ਨੂੰ ਦਰਸਾਉਂਦੇ ਸਨ, ਯਾਨੀ ‘ਉਹ ਅਸਲ ਡੇਹਰਾ ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ।’ (ਇਬਰਾਨੀਆਂ 8:2) ਇਹ ਰੂਹਾਨੀ ਡੇਹਰਾ ਯਹੋਵਾਹ ਦੀ ਉਪਾਸਨਾ ਕਰਨ ਲਈ ਉਹ ਇੰਤਜ਼ਾਮ ਹੈ ਜੋ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਉੱਤੇ ਆਧਾਰਿਤ ਹੈ। (ਇਬਰਾਨੀਆਂ 9:2-10, 23) ਇਸੇ ਤਰ੍ਹਾਂ, ਯਸਾਯਾਹ 2:2 ਵਿਚ “ਯਹੋਵਾਹ ਦੇ ਭਵਨ ਦਾ ਪਰਬਤ” ਸਾਡੇ ਜ਼ਮਾਨੇ ਵਿਚ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਦਰਸਾਉਂਦਾ ਹੈ। ਸ਼ੁੱਧ ਉਪਾਸਨਾ ਕਰਨ ਵਾਲੇ ਲੋਕ ਹੁਣ ਕਿਸੇ ਖ਼ਾਸ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ ਪਰ ਉਹ ਆਪਣੀ ਉਪਾਸਨਾ ਵਿਚ ਇਕਮੁੱਠ ਰਹਿੰਦੇ ਹਨ।

ਸ਼ੁੱਧ ਉਪਾਸਨਾ ਨੂੰ ਉੱਚਾ ਕਰਨਾ

10 ਨਬੀ ਨੇ ਕਿਹਾ ਕਿ ਸ਼ੁੱਧ ਉਪਾਸਨਾ, ਯਾਨੀ “ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ” ਅਤੇ “ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ।” ਯਸਾਯਾਹ ਦੇ ਜ਼ਮਾਨੇ ਤੋਂ ਕਾਫ਼ੀ ਚਿਰ ਪਹਿਲਾਂ, ਰਾਜਾ ਦਾਊਦ ਨੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿਚ ਸੀਯੋਨ ਦੇ ਪਰਬਤ ਉੱਤੇ ਲਿਆਂਦਾ ਸੀ। ਇਹ ਪਰਬਤ ਸਮੁੰਦਰ ਦੇ ਤਲ ਤੋਂ 760 ਮੀਟਰ ਉੱਚਾ ਸੀ। ਸੰਦੂਕ ਉਦੋਂ ਤਕ ਇੱਥੇ ਰੱਖਿਆ ਗਿਆ ਜਦ ਤਕ ਉਹ ਮੋਰੀਯਾਹ ਪਹਾੜ ਉੱਤੇ ਬਣਾਈ ਗਈ ਹੈਕਲ ਵਿਚ ਲਿਆਂਦਾ ਗਿਆ। (2 ਸਮੂਏਲ 5:7; 6:14-19; 2 ਇਤਹਾਸ 3:1; 5:1-10) ਇਸ ਲਈ, ਯਸਾਯਾਹ ਦੇ ਜ਼ਮਾਨੇ ਤਕ ਪਵਿੱਤਰ ਸੰਦੂਕ ਪਹਿਲਾਂ ਹੀ ਹੈਕਲ ਵਿਚ ਉੱਚੀ ਥਾਂ ਤੇ ਰੱਖਿਆ ਗਿਆ ਸੀ ਅਤੇ ਇਸ ਤਰ੍ਹਾਂ ਇਹ ਆਲੇ-ਦੁਆਲੇ ਦੀਆਂ ਉਨ੍ਹਾਂ ਪਹਾੜੀਆਂ ਤੋਂ ਉੱਚੇ ਦਰਜੇ ਤੇ ਸੀ ਜੋ ਝੂਠੀ ਉਪਾਸਨਾ ਲਈ ਵਰਤੀਆਂ ਜਾਂਦੀਆਂ ਸਨ।

11 ਇਹ ਗੱਲ ਤਾਂ ਪਹਿਲਾਂ ਹੀ ਸੱਚ ਹੈ ਕਿ ਰੂਹਾਨੀ ਤੌਰ ਤੇ ਯਹੋਵਾਹ ਦੀ ਉਪਾਸਨਾ ਝੂਠੇ ਦੇਵਤਿਆਂ ਦੇ ਪੁਜਾਰੀਆਂ ਦੀਆਂ ਧਾਰਮਿਕ ਰੀਤਾਂ ਨਾਲੋਂ ਹਮੇਸ਼ਾ ਉੱਤਮ ਰਹੀ ਹੈ। ਪਰ, ਸਾਡੇ ਜ਼ਮਾਨੇ ਵਿਚ, ਯਹੋਵਾਹ ਨੇ ਆਪਣੀ ਉਪਾਸਨਾ ਆਕਾਸ਼ ਜਿੰਨੀ ਉੱਚੀ ਕੀਤੀ ਹੈ, ਮਤਲਬ ਕਿ ਹਰ ਪ੍ਰਕਾਰ ਦੀ ਅਸ਼ੁੱਧ ਉਪਾਸਨਾ ਤੋਂ ਉਤਾਂਹ ਕੀਤੀ ਹੈ—ਜੀ ਹਾਂ, “ਪਹਾੜੀਆਂ” ਅਤੇ “ਪਹਾੜਾਂ ਦੇ ਸਿਰੇ” ਤੋਂ ਬਹੁਤ ਉੱਚੀ। ਉਹ ਕਿਸ ਤਰ੍ਹਾਂ? ਆਮ ਤੌਰ ਤੇ ਉਨ੍ਹਾਂ ਲੋਕਾਂ ਨੂੰ ਇਕੱਠੇ ਕਰ ਕੇ ਜੋ “ਆਤਮਾ ਅਰ ਸਚਿਆਈ ਨਾਲ” ਉਸ ਦੀ ਉਪਾਸਨਾ ਕਰਨੀ ਚਾਹੁੰਦੇ ਹਨ।—ਯੂਹੰਨਾ 4:23.

ip-1 44-45 ਪੈਰੇ 20-21

ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ

20 ਯਹੋਵਾਹ ਆਪਣੇ ਲੋਕਾਂ ਨੂੰ ਗੁਆਚੀਆਂ ਭੇਡਾਂ ਵਾਂਗ ਨਹੀਂ ਘੁੰਮਣ-ਫਿਰਨ ਦਿੰਦਾ। ਬਾਈਬਲ ਅਤੇ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨਾਂ ਰਾਹੀਂ, ਉਹ ਉਨ੍ਹਾਂ ਨੂੰ ਆਪਣੀ “ਬਿਵਸਥਾ” ਅਤੇ ਆਪਣਾ “ਬਚਨ” ਦਿੰਦਾ ਹੈ ਤਾਂਕਿ ਉਹ ਉਸ ਦੇ ਰਾਹਾਂ ਬਾਰੇ ਸਿੱਖ ਸਕਣ। ਇਹ ਗਿਆਨ ਉਨ੍ਹਾਂ ਨੂੰ ‘ਉਸ ਦੇ ਮਾਰਗਾਂ ਵਿੱਚ ਚੱਲਣ’ ਦੀ ਮਦਦ ਦਿੰਦਾ ਹੈ। ਉਨ੍ਹਾਂ ਦੇ ਦਿਲ ਕਦਰ ਨਾਲ ਭਰੇ ਹੋਏ ਹਨ ਕਿ ਪਰਮੇਸ਼ਰ ਨੇ ਉਨ੍ਹਾਂ ਨੂੰ ਸੱਚਾ ਰਾਹ ਦਿਖਾਇਆ ਹੈ। ਉਹ ਇਕ ਦੂਜੇ ਨਾਲ ਯਹੋਵਾਹ ਦੇ ਰਾਹਾਂ ਬਾਰੇ ਗੱਲਾਂ ਕਰਦੇ ਹਨ। ਉਹ ਮਹਾਂ-ਸੰਮੇਲਨਾਂ, ਕਿੰਗਡਮ ਹਾਲਾਂ, ਅਤੇ ਘਰਾਂ ਵਿਚ ਇਕੱਠੇ ਹੁੰਦੇ ਹਨ, ਤਾਂਕਿ ਉਹ ਪਰਮੇਸ਼ੁਰ ਦੇ ਰਾਹ ਬਾਰੇ ਸੁਣ ਅਤੇ ਸਿੱਖ ਸਕਣ। (ਬਿਵਸਥਾ ਸਾਰ 31:12, 13) ਇਸ ਤਰ੍ਹਾਂ ਉਹ ਮੁਢਲੇ ਮਸੀਹੀਆਂ ਦੇ ਨਮੂਨੇ ਉੱਤੇ ਚੱਲਦੇ ਹਨ, ਜੋ ‘ਪ੍ਰੇਮ ਅਰ ਸ਼ੁਭ ਕਰਮ’ ਕਰਨ ਲਈ ਅਤੇ ਇਕ ਦੂਜੇ ਦਾ ਹੌਸਲਾ ਵਧਾਉਣ ਲਈ ਇਕੱਠੇ ਮਿਲਦੇ ਹੁੰਦੇ ਸਨ।—ਇਬਰਾਨੀਆਂ 10:24, 25.

21 ਉਹ ਹੋਰਨਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਉੱਚੀ ਉਪਾਸਨਾ ‘ਵੱਲ ਚੜ੍ਹਨ’ ਦਾ ਸੱਦਾ ਦਿੰਦੇ ਹਨ। ਇਹ ਯਿਸੂ ਦੇ ਹੁਕਮ ਨਾਲ ਕਿੰਨੀ ਚੰਗੀ ਤਰ੍ਹਾਂ ਮੇਲ ਖਾਂਦਾ ਹੈ ਜੋ ਉਸ ਨੇ ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਦਿੱਤਾ ਸੀ! ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਪਰਮੇਸ਼ੁਰ ਦੀ ਮਦਦ ਨਾਲ, ਯਹੋਵਾਹ ਦੇ ਆਗਿਆਕਾਰ ਗਵਾਹ ਸੰਸਾਰ ਭਰ ਵਿਚ ਜਾਂਦੇ ਹਨ। ਉਹ ਲੋਕਾਂ ਨੂੰ ਸਿੱਖਿਆ ਦੇ ਕੇ ਚੇਲੇ ਬਣਾਉਂਦੇ ਹਨ, ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦੇ ਹਨ।

(ਯਸਾਯਾਹ 2:4) ਉਹ ਕੌਮਾਂ ਵਿੱਚ ਨਿਆਉਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।

ip-1 46-47 ਪੈਰੇ 24-25

ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ

24 ਸਾਰੀਆਂ ਕੌਮਾਂ ਮਿਲ ਕੇ ਇਹ ਉੱਤਮ ਟੀਚਾ ਕਦੀ ਵੀ ਨਹੀਂ ਹਾਸਲ ਕਰ ਸਕਦੀਆਂ ਹਨ। ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਯਸਾਯਾਹ ਦੇ ਸ਼ਬਦ ਉਨ੍ਹਾਂ ਵਿਅਕਤੀਆਂ ਦੁਆਰਾ ਪੂਰੇ ਹੁੰਦੇ ਹਨ ਜੋ ਵੱਖਰੀਆਂ-ਵੱਖਰੀਆਂ ਕੌਮਾਂ ਵਿੱਚੋਂ ਹੋਣ ਦੇ ਬਾਵਜੂਦ ਵੀ ਸ਼ੁੱਧ ਉਪਾਸਨਾ ਵਿਚ ਇਕਮੁੱਠ ਹਨ। ਯਹੋਵਾਹ ਨੇ ਉਨ੍ਹਾਂ ਵਿਚਕਾਰ ‘ਸਲਾਹ ਕਰਾਈ’ ਹੈ। ਉਸ ਨੇ ਆਪਣੇ ਲੋਕਾਂ ਨੂੰ ਇਕ ਦੂਜੇ ਨਾਲ ਸ਼ਾਂਤੀ ਵਿਚ ਰਹਿਣਾ ਸਿਖਾਇਆ ਹੈ। ਸੱਚ-ਮੁੱਚ ਹੀ, ਇਸ ਫਸਾਦ ਭਰੇ ਸੰਸਾਰ ਵਿਚ, ਉਨ੍ਹਾਂ ਨੇ ਆਪਣੀਆਂ ‘ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਏ ਹਨ, ਅਤੇ ਆਪਣੇ ਬਰਛਿਆਂ ਨੂੰ ਦਾਤ।’ ਉਹ ਕਿਸ ਤਰ੍ਹਾਂ?

25 ਇਕ ਗੱਲ ਇਹ ਹੈ ਕਿ ਉਹ ਕੌਮਾਂ ਦੀਆਂ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ। ਯਿਸੂ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਪਹਿਲਾਂ, ਕੁਝ ਮਨੁੱਖ ਹਥਿਆਰਾਂ ਨਾਲ ਉਸ ਨੂੰ ਗਿਰਫ਼ਤਾਰ ਕਰਨ ਲਈ ਆਏ। ਜਦੋਂ ਪਤਰਸ ਨੇ ਆਪਣੇ ਸੁਆਮੀ ਦੀ ਰੱਖਿਆ ਕਰਨ ਲਈ ਤਲਵਾਰ ਖਿੱਚੀ, ਤਾਂ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਉਸ ਸਮੇਂ ਤੋਂ, ਯਿਸੂ ਦੇ ਚੇਲਿਆਂ ਨੇ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਏ ਹਨ। ਉਨ੍ਹਾਂ ਨੇ ਆਪਣੇ ਸੰਗੀ ਮਨੁੱਖਾਂ ਨੂੰ ਮਾਰਨ ਲਈ ਨਾ ਹੀ ਹਥਿਆਰ ਚੁੱਕੇ ਹਨ ਅਤੇ ਨਾ ਹੀ ਹੋਰ ਕਿਸੇ ਤਰੀਕੇ ਵਿਚ ਲੜਾਈਆਂ ਵਿਚ ਹਿੱਸਾ ਲਿਆ ਹੈ। ਉਹ ‘ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰਦੇ ਹਨ।’—ਇਬਰਾਨੀਆਂ 12:14.

ਹੀਰੇ-ਮੋਤੀਆਂ ਦੀ ਖੋਜ ਕਰੋ

(ਯਸਾਯਾਹ 1:8, 9) ਸੀਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਙੁ ਛੱਡੀ ਗਈ, ਕਕੜੀਆਂ ਦੇ ਖੇਤ ਦੀ ਕੁੱਲੀ ਵਾਂਙੁ, ਯਾ ਘੇਰੇ ਹੋਏ ਨਗਰ ਵਾਂਙੁ। 9 ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ ਖੂੰਧ ਨਾ ਛੱਡਦਾ, ਤਾਂ ਅਸੀਂ ਸਦੂਮ ਵਰਗੇ ਹੁੰਦੇ, ਅਮੂਰਾਹ ਜੇਹੇ ਹੋ ਜਾਂਦੇ।

w06 12/1 8 ਪੈਰਾ 5

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

ਕੁਝ ਸਵਾਲਾਂ ਦੇ ਜਵਾਬ:

1:8, 9—ਸੀਯੋਨ ਦੀ ਧੀ ਨੇ “ਅੰਗੂਰੀ ਬਾਗ ਦੇ ਛੱਪਰ ਵਾਂਙੁ ਛੱਡੀ ਗਈ, ਕਕੜੀਆਂ ਦੇ ਖੇਤ ਦੀ ਕੁੱਲੀ ਵਾਂਙੁ” ਕਿਵੇਂ ਬਣ ਜਾਣਾ ਸੀ? ਇਸ ਦਾ ਇਹ ਮਤਲਬ ਸੀ ਕਿ ਅੱਸ਼ੂਰ ਦੇ ਹਮਲੇ ਦੌਰਾਨ ਯਰੂਸ਼ਲਮ ਦੇ ਲੋਕਾਂ ਨੇ ਬੜੇ ਅਸੁਰੱਖਿਅਤ ਹੋ ਜਾਣਾ ਸੀ, ਜਿਵੇਂ ਅੰਗੂਰੀ ਬਾਗ਼ ਵਿਚ ਛੱਪਰ ਜਾਂ ਕੱਕੜੀਆਂ ਦੇ ਖੇਤ ਵਿਚ ਕੁੱਲੀ ਜਿਸ ਨੂੰ ਆਸਾਨੀ ਨਾਲ ਢਾਹਿਆ ਜਾ ਸਕਦਾ ਹੈ। ਪਰ ਯਹੋਵਾਹ ਨੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਸਦੂਮ ਤੇ ਅਮੂਰਾਹ ਵਾਂਗ ਤਬਾਹ ਨਹੀਂ ਹੋਣ ਦਿੱਤਾ।

(ਯਸਾਯਾਹ 1:18) ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।

w06 12/1 9 ਪੈਰਾ 1

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

1:18—ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ”? ਇਹ ਸ਼ਬਦ ਬਰਾਬਰ ਦੇ ਲੋਕਾਂ ਵਿਚਕਾਰ ਸਮਝੌਤਾ ਕਰਨ ਬਾਰੇ ਗੱਲ ਨਹੀਂ ਕਰ ਰਹੇ, ਬਲਕਿ ਇਨਸਾਫ਼ ਕਰਨ ਲਈ ਅਦਾਲਤੀ ਕਾਰਵਾਈ ਕਰਨ ਬਾਰੇ ਗੱਲ ਕਰ ਰਹੇ ਹਨ। ਇੱਥੇ ਯਹੋਵਾਹ ਇਸਰਾਏਲੀਆਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਅਤੇ ਨੈਤਿਕ ਤੇ ਰੂਹਾਨੀ ਤੌਰ ਤੇ ਸ਼ੁੱਧ ਹੋਣ ਲਈ ਕਹਿ ਰਿਹਾ ਸੀ।

it-2 761 ਪੈਰਾ 3

ਸੁਲ੍ਹਾ

ਸੁਲ੍ਹਾ ਕਰਨ ਲਈ ਜ਼ਰੂਰੀ ਕਦਮ। ਇਨਸਾਨਾਂ ਨੇ ਪਰਮੇਸ਼ੁਰ ਨੂੰ ਨਾਰਾਜ਼ ਕਰ ਕੇ ਉਸ ਦਾ ਕਾਨੂੰਨ ਤੋੜਿਆ ਹੈ ਅਤੇ ਤੋੜ ਰਹੇ ਹਨ। ਇਸ ਲਈ ਇਨਸਾਨਾਂ ਨੂੰ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦੀ ਲੋੜ ਹੈ ਨਾ ਕਿ ਪਰਮੇਸ਼ੁਰ ਨੂੰ ਇਨਸਾਨਾਂ ਨਾਲ। (ਜ਼ਬੂ 51:1-4) ਪਰਮੇਸ਼ੁਰ ਅਤੇ ਇਨਸਾਨ ਬਰਾਬਰ ਨਹੀਂ ਹਨ ਅਤੇ ਨਾ ਹੀ ਸਹੀ ਗੱਲਾਂ ਬਾਰੇ ਪਰਮੇਸ਼ੁਰ ਦੇ ਮਿਆਰਾਂ ਵਿਚ ਕਿਸੇ ਕਿਸਮ ਦੇ ਬਦਲਾਅ ਕੀਤੇ ਜਾ ਸਕਦੇ ਹਨ। (ਯਾਕੂ 1:17 ਵਿਚ ਨੁਕਤਾ ਦੇਖੋ; ਯਸਾ 55:6-11; ਮਲਾ 3:6) ਇਸ ਲਈ ਸੁਲ੍ਹਾ ਕਰਨ ਲਈ ਪਰਮੇਸ਼ੁਰ ਨੇ ਜੋ ਸ਼ਰਤਾਂ ਰੱਖੀਆਂ ਹਨ ਉਨ੍ਹਾਂ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ʼਤੇ ਸਵਾਲ ਕੀਤੇ ਜਾਂ ਉਨ੍ਹਾਂ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। (ਅੱਯੂ 40:1, 2, 6-8; ਯਸਾ 40:13, 14 ਵਿਚ ਨੁਕਤਾ ਦੇਖੋ) ਬਹੁਤ ਸਾਰੇ ਬਾਈਬਲ ਅਨੁਵਾਦਾਂ ਵਿਚ ਯਸਾਯਾਹ 1:18 ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: “ਆਓ, ਅਸੀਂ ਤਰਕ ਕਰੀਏ, ਪ੍ਰਭੂ ਆਖਦਾ ਹੈ” (KJ; AT; JP; RS), ਜਦਕਿ ਸਹੀ ਅਨੁਵਾਦ ਇਸ ਤਰ੍ਹਾਂ ਹੈ: “ਯਹੋਵਾਹ ਕਹਿੰਦਾ ਹੈ, ਆਓ ਆਪਾਂ ਆਪਸ ਵਿਚ ਮਸਲਾ ਸੁਲਝਾ ਲਈਏ।” ਜੋ ਦੀਵਾਰ ਖੜ੍ਹੀ ਹੋਈ ਹੈ ਉਸ ਲਈ ਪੂਰੇ ਤੌਰ ʼਤੇ ਇਨਸਾਨ ਜ਼ਿੰਮੇਵਾਰ ਹਨ ਨਾ ਕਿ ਪਰਮੇਸ਼ੁਰ।—ਹਿਜ਼ 18:25, 29-32 ਵਿਚ ਨੁਕਤਾ ਦੇਖੋ।

12-18 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 6-10

“ਮਸੀਹ ਨੇ ਭਵਿੱਖਬਾਣੀ ਪੂਰੀ ਕੀਤੀ”

(ਯਸਾਯਾਹ 9:1, 2) ਪਰ ਉਹ ਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ। 2 ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।

w11 8/15 10 ਪੈਰਾ 13

ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ

13 ਭਵਿੱਖਬਾਣੀ ਦੱਸਦੀ ਹੈ ਕਿ ਮਸੀਹਾ ਗਲੀਲ ਵਿਚ ਪ੍ਰਚਾਰ ਕਰੇਗਾ। ਯਸਾਯਾਹ ਨੇ “ਜ਼ਬੁਲੂਨ” ਅਤੇ “ਨਫ਼ਤਾਲੀ” ਤੇ “ਕੌਮਾਂ ਦੇ ਗਲੀਲ” ਥਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ। ਉਸ ਨੇ ਲਿਖਿਆ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾ. 9:1, 2) ਯਿਸੂ ਨੇ ਗਲੀਲ ਦੇ ਨਗਰ ਕਫ਼ਰਨਾਹੂਮ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਜ਼ਬੁਲੂਨ ਅਤੇ ਨਫ਼ਤਾਲੀ ਇਲਾਕਿਆਂ ਵਿਚ ਵੀ ਸਿੱਖਿਆ ਦਿੱਤੀ ਜਿੱਥੇ ਯਿਸੂ ਨੇ ਲੋਕਾਂ ਨੂੰ ਸੱਚਾਈਆਂ ਸਿੱਖਣ ਵਿਚ ਮਦਦ ਦਿੱਤੀ ਜੋ ਉਨ੍ਹਾਂ ਵਾਸਤੇ ਇਕ ਵੱਡੇ ਚਾਨਣ ਵਾਂਗ ਸਨ। (ਮੱਤੀ 4:12-16) ਯਿਸੂ ਨੇ ਗਲੀਲ ਵਿਚ ਪਹਾੜੀ ਉਪਦੇਸ਼ ਦਿੱਤਾ, ਰਸੂਲ ਚੁਣੇ, ਪਹਿਲਾ ਚਮਤਕਾਰ ਕੀਤਾ ਅਤੇ ਇੱਥੇ ਹੀ ਉਸ ਨੇ ਜੀ ਉੱਠਣ ਤੋਂ ਬਾਅਦ 500 ਤੋਂ ਜ਼ਿਆਦਾ ਚੇਲਿਆਂ ਨੂੰ ਦਰਸ਼ਣ ਦਿੱਤੇ। (ਮੱਤੀ 5:1–7:27; 28:16-20; ਮਰ. 3:13, 14; ਯੂਹੰ. 2:8-11; 1 ਕੁਰਿੰ. 15:6) ਸੋ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਨੇ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ʼਤੇ ਪ੍ਰਚਾਰ ਕੀਤਾ। ਯਿਸੂ ਨੇ ਇਸਰਾਏਲ ਦੀਆਂ ਹੋਰਨਾਂ ਥਾਵਾਂ ਤੇ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।

ip-1 124-126 ਪੈਰੇ 13-17

ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ

“ਤੁੱਛ ਕੀਤਾ” ਗਿਆ ਦੇਸ਼

13 ਯਸਾਯਾਹ ਨੇ ਹੁਣ ਅਬਰਾਹਾਮ ਦੀ ਅੰਸ ਨਾਲ ਵਾਪਰੀ ਇਕ ਸਭ ਤੋਂ ਭੈੜੀ ਘਟਨਾ ਬਾਰੇ ਗੱਲ ਕੀਤੀ: “ਉਹ ਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।” (ਯਸਾਯਾਹ 9:1) ਗਲੀਲ ਉੱਤਰੀ ਰਾਜ ਇਸਰਾਏਲ ਦਾ ਇਕ ਇਲਾਕਾ ਸੀ। ਯਸਾਯਾਹ ਦੀ ਭਵਿੱਖਬਾਣੀ ਵਿਚ ਇਸ ਇਲਾਕੇ ਵਿਚ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ਅਤੇ ‘ਸਮੁੰਦਰ ਦਾ ਰਾਹ’ ਸ਼ਾਮਲ ਸੀ। ਇਹ ਰਾਹ ਇਕ ਪੁਰਾਣੀ ਸੜਕ ਸੀ ਜੋ ਗਲੀਲ ਦੀ ਝੀਲ ਦੇ ਨਾਲ-ਨਾਲ ਚੱਲ ਕੇ ਭੂਮੱਧ ਸਾਗਰ ਤਕ ਲੈ ਜਾਂਦੀ ਸੀ। ਯਸਾਯਾਹ ਦੇ ਜ਼ਮਾਨੇ ਵਿਚ, ਇਸ ਇਲਾਕੇ ਨੂੰ ‘ਕੌਮਾਂ ਦਾ ਗਲੀਲ’ ਸੱਦਿਆ ਜਾਂਦਾ ਸੀ, ਸ਼ਾਇਦ ਇਸ ਲਈ ਕਿ ਉਸ ਦੇ ਕਈਆਂ ਨਗਰਾਂ ਵਿਚ ਇਸਰਾਏਲੀਆਂ ਦੀ ਬਜਾਇ ਪਰਾਈਆਂ ਕੌਮਾਂ ਦੇ ਲੋਕ ਵੱਸਦੇ ਸਨ। ਇਸ ਦੇਸ਼ ਨੂੰ ‘ਤੁੱਛ ਕਿਵੇਂ ਕੀਤਾ’ ਗਿਆ? ਗ਼ੈਰ-ਯਹੂਦੀ ਅੱਸ਼ੂਰੀ ਇਸ ਉੱਤੇ ਕਬਜ਼ਾ ਕਰ ਕੇ ਇਸਰਾਏਲੀ ਲੋਕਾਂ ਨੂੰ ਗ਼ੁਲਾਮੀ ਵਿਚ ਲੈ ਗਏ। ਫਿਰ ਉਨ੍ਹਾਂ ਨੇ ਪੂਰੇ ਇਲਾਕੇ ਵਿਚ ਹੋਰ ਧਰਮਾਂ ਦੇ ਲੋਕਾਂ ਨੂੰ ਲਿਆ ਕੇ ਵਸਾ ਦਿੱਤਾ, ਜੋ ਅਬਰਾਹਾਮ ਦੀ ਅੰਸ ਵਿੱਚੋਂ ਨਹੀਂ ਸਨ। ਇਸ ਤਰ੍ਹਾਂ ਦਸ-ਗੋਤੀ ਉੱਤਰੀ ਰਾਜ ਇਕ ਖ਼ਾਸ ਕੌਮ ਵਜੋਂ ਇਤਿਹਾਸ ਵਿੱਚੋਂ ਮਿਟ ਗਿਆ ਸੀ!—2 ਰਾਜਿਆਂ 17:5, 6, 18, 23, 24.

14 ਯਹੂਦਾਹ ਵੀ ਅੱਸ਼ੂਰੀ ਕੌਮ ਦੇ ਦਬਾਅ ਅਧੀਨ ਸੀ। ਕੀ ਯਹੂਦਾਹ ਵੀ ਸਦਾ ਲਈ “ਧੁੰਦ” ਵਿਚ ਪੈ ਗਿਆ ਜਿਵੇਂ ਕਿ ਜ਼ਬੁਲੂਨ ਅਤੇ ਨਫ਼ਤਾਲੀ ਦੁਆਰਾ ਦਰਸਾਇਆ ਗਿਆ ਦਸ-ਗੋਤੀ ਰਾਜ ਪੈ ਗਿਆ ਸੀ? ਨਹੀਂ। “ਆਖਰੀ ਸਮੇਂ” ਵਿਚ ਯਹੋਵਾਹ ਨੇ ਦੱਖਣੀ ਰਾਜ ਯਹੂਦਾਹ ਦੇ ਇਲਾਕੇ ਨੂੰ ਅਤੇ ਉਸ ਧਰਤੀ ਨੂੰ ਵੀ ਜੋ ਉੱਤਰੀ ਰਾਜ ਦੇ ਵੱਸ ਵਿਚ ਹੁੰਦੀ ਸੀ ਬਰਕਤਾਂ ਦਿੱਤੀਆਂ। ਉਹ ਕਿਵੇਂ?

15 ਧਰਤੀ ਉੱਤੇ ਯਿਸੂ ਦੀ ਸੇਵਕਾਈ ਬਾਰੇ ਆਪਣੇ ਪ੍ਰੇਰਿਤ ਬਿਰਤਾਂਤ ਵਿਚ ਮੱਤੀ ਰਸੂਲ ਨੇ ਇਸ ਸਵਾਲ ਦਾ ਜਵਾਬ ਦਿੱਤਾ। ਉਸ ਸੇਵਕਾਈ ਦੇ ਮੁਢਲੇ ਦਿਨਾਂ ਬਾਰੇ ਦੱਸਦੇ ਹੋਏ, ਮੱਤੀ ਨੇ ਕਿਹਾ ਕਿ ‘ਯਿਸੂ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਗਿਆ ਜਿਹੜਾ ਝੀਲ ਦੇ ਕੰਢੇ ਜ਼ਬੂਲੁਨ ਅਤੇ ਨਫ਼ਥਾਲੀ ਦੇ ਬੰਨਿਆਂ ਵਿੱਚ ਹੈ। ਭਈ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ ਕਿ ਜ਼ਬੂਲੁਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ, ਸਮੁੰਦਰ ਦੀ ਰਾਹ ਯਰਦਨੋਂ ਪਾਰ, ਪਰਾਈਆਂ ਕੌਮਾਂ ਦੀ ਗਲੀਲ—ਜਿਹੜੇ ਲੋਕ ਅਨ੍ਹੇਰੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ ਅਤੇ ਛਾਇਆ ਵਿੱਚ ਬੈਠੇ ਹੋਏ ਸਨ, ਉਨ੍ਹਾਂ ਲਈ ਚਾਨਣ ਪਰਕਾਸ਼ ਹੋਇਆ।’—ਮੱਤੀ 4:13-16.

16 ਜੀ ਹਾਂ, ਯਸਾਯਾਹ ਦੁਆਰਾ ਦੱਸਿਆ ਗਿਆ ‘ਆਖਰੀ ਸਮਾਂ’ ਧਰਤੀ ਉੱਤੇ ਮਸੀਹ ਦੀ ਸੇਵਕਾਈ ਦਾ ਸਮਾਂ ਸੀ। ਧਰਤੀ ਉੱਤੇ ਯਿਸੂ ਨੇ ਲਗਭਗ ਆਪਣਾ ਸਾਰਾ ਜੀਵਨ ਗਲੀਲ ਵਿਚ ਗੁਜ਼ਾਰਿਆ ਸੀ। ਗਲੀਲ ਦੇ ਬੰਨਿਆਂ ਵਿਚ ਉਸ ਨੇ ਆਪਣੀ ਸੇਵਕਾਈ ਸ਼ੁਰੂ ਕਰ ਕੇ ਐਲਾਨ ਕੀਤਾ ਸੀ ਕਿ “ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਗਲੀਲ ਵਿਚ ਉਸ ਨੇ ਆਪਣਾ ਮਸ਼ਹੂਰ ਪਹਾੜੀ ਉਪਦੇਸ਼ ਦਿੱਤਾ, ਆਪਣੇ ਰਸੂਲ ਚੁਣੇ, ਆਪਣਾ ਪਹਿਲਾ ਚਮਤਕਾਰ ਕੀਤਾ, ਅਤੇ ਜੀ ਉੱਠਣ ਤੋਂ ਬਾਅਦ ਕੁਝ 500 ਚੇਲਿਆਂ ਨੂੰ ਦਰਸ਼ਣ ਦਿੱਤਾ। (ਮੱਤੀ 5:1–7:27; 28:16-20; ਮਰਕੁਸ 3:13, 14; ਯੂਹੰਨਾ 2:8-11; 1 ਕੁਰਿੰਥੀਆਂ 15:6) ਇਸ ਤਰ੍ਹਾਂ ਯਿਸੂ ਨੇ ਯਸਾਯਾਹ ਦੀ ਭਵਿੱਖਬਾਣੀ ਪੂਰੀ ਕੀਤੀ ਅਤੇ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ਨੂੰ ਸਨਮਾਨ ਦਿੱਤਾ। ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੇ ਸਿਰਫ਼ ਗਲੀਲ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਸੀ। ਸਗੋਂ ਸਾਰੇ ਦੇਸ਼ ਵਿਚ ਪ੍ਰਚਾਰ ਕਰ ਕੇ ਯਿਸੂ ਨੇ ਯਹੂਦਾਹ ਸਮੇਤ ਇਸਰਾਏਲ ਦੀ ਸਾਰੀ ਕੌਮ ‘ਨੂੰ ਪਰਤਾਪਵਾਨ ਕੀਤਾ’ ਸੀ।

“ਵੱਡਾ ਚਾਨਣ”

17 ਪਰ, ਉਹ “ਵੱਡਾ ਚਾਨਣ” ਕੀ ਸੀ ਜੋ ਮੱਤੀ ਨੇ ਕਿਹਾ ਕਿ ਗਲੀਲ ਵਿਚ ਦੇਖਿਆ ਜਾਵੇਗਾ? ਇਹ ਹਵਾਲਾ ਵੀ ਯਸਾਯਾਹ ਦੀ ਭਵਿੱਖਬਾਣੀ ਤੋਂ ਲਿਆ ਗਿਆ ਸੀ। ਯਸਾਯਾਹ ਨੇ ਲਿਖਿਆ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾਯਾਹ 9:2) ਪਹਿਲੀ ਸਦੀ ਤਕ, ਸੱਚਾਈ ਦਾ ਚਾਨਣ ਅਧਰਮੀ ਅਤੇ ਝੂਠੀਆਂ ਗੱਲਾਂ ਨਾਲ ਲੁਕਾਇਆ ਗਿਆ ਸੀ। ਯਹੂਦੀ ਧਾਰਮਿਕ ਆਗੂਆਂ ਨੇ ਆਪਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਸੀ, ਜਿਸ ਦੇ ਕਾਰਨ ਉਨ੍ਹਾਂ ਨੇ “ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।” (ਮੱਤੀ 15:6) ਨਿਮਰ ਲੋਕ ‘ਅੰਨ੍ਹੇ ਆਗੂਆਂ’ ਦੇ ਪਿੱਛੇ ਲੱਗ ਕੇ ਦੁਖੀ ਅਤੇ ਗੁਮਰਾਹ ਹੋਏ ਸਨ। (ਮੱਤੀ 23:2-4, 16) ਜਦੋਂ ਮਸੀਹਾ ਵਜੋਂ ਯਿਸੂ ਆਇਆ, ਤਾਂ ਅਸਚਰਜ ਢੰਗ ਨਾਲ ਨਿਮਰ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਗਈਆਂ। (ਯੂਹੰਨਾ 1:9, 12) ਧਰਤੀ ਉੱਤੇ ਯਿਸੂ ਦਾ ਕੰਮ ਅਤੇ ਉਸ ਦੇ ਬਲੀਦਾਨ ਤੋਂ ਆਈਆਂ ਬਰਕਤਾਂ ਉਚਿਤ ਢੰਗ ਨਾਲ ਯਸਾਯਾਹ ਦੀ ਭਵਿੱਖਬਾਣੀ ਵਿਚ ‘ਵੱਡੇ ਚਾਨਣ’ ਵਜੋਂ ਬਿਆਨ ਕੀਤੀਆਂ ਗਈਆਂ।—ਯੂਹੰਨਾ 8:12.

(ਯਸਾਯਾਹ 9:6) ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, “ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ।”

w14 2/15 12 ਪੈਰਾ 18

ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!

18 ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਮਸੀਹ ਹੋਰਨਾਂ ਦਾ ਵੀ ਪਿਤਾ ਬਣੇਗਾ। ਕਿਵੇਂ? ਜਿਹੜੇ ਲੋਕ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰ. 3:16) ਇੱਦਾਂ ਮਸੀਹ ਉਨ੍ਹਾਂ ਦਾ “ਅਨਾਦੀ ਪਿਤਾ” ਬਣੇਗਾ।—ਯਸਾ. 9:6, 7.

w07 5/15 6

ਦੁੱਖਾਂ ਨਾਲ ਭਰੀ ਦੁਨੀਆਂ ਵਿਚ ਉਮੀਦ

ਪੱਕੀ ਉਮੀਦ ਲਾਉਣ ਦਾ ਕਾਰਨ

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਇਸ ਸਵਰਗੀ ਰਾਜ ਦਾ ਰਾਜਾ ਯਿਸੂ ਮਸੀਹ ਹੈ। ਇਸ ਰਾਜ ਦੇ ਜ਼ਰੀਏ ਪਰਮੇਸ਼ੁਰ ਦਿਖਾਵੇਗਾ ਕਿ ਉਸ ਨੂੰ ਧਰਤੀ ਤੇ ਰਾਜ ਕਰਨ ਦਾ ਪੂਰਾ-ਪੂਰਾ ਹੱਕ ਹੈ।—ਜ਼ਬੂਰਾਂ ਦੀ ਪੋਥੀ 2:7-12; ਦਾਨੀਏਲ 7:13, 14.

ਅੱਜ ਦੁਨੀਆਂ ਵਿਚ ਜੋ ਵੀ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪਰਮੇਸ਼ੁਰ ਕੁਝ ਕਰੇ। ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਜਲਦੀ ਹੀ ਕੁਝ ਕਰਨ ਵਾਲਾ ਹੈ! ਹੁਣ ਪਰਮੇਸ਼ੁਰ ਨੇ ਯਿਸੂ ਨੂੰ ਸਿੰਘਾਸਣ ਤੇ ਬਿਠਾ ਦਿੱਤਾ ਹੈ, ਇਸ ਲਈ ਯਿਸੂ ਮਸੀਹ ਕੋਲ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਾਬਤ ਕਰਨ ਅਤੇ ਉਸ ਦੇ ਨਾਂ ਤੇ ਲੱਗੇ ਦੋਸ਼ਾਂ ਨੂੰ ਮਿਟਾਉਣ ਦਾ ਅਧਿਕਾਰ ਹੈ। (ਮੱਤੀ 28:18) ਇਸ ਰਾਜ ਦਾ ਰਾਜਾ ਜਲਦੀ ਹੀ ਲੋਕਾਂ ਦੀਆਂ ਜ਼ਿੰਦਗੀਆਂ ਵਿੱਚੋਂ ਸਾਰੇ ਡਰ ਤੇ ਚਿੰਤਾਵਾਂ ਕੱਢ ਦੇਵੇਗਾ। ਬਾਈਬਲ ਵਿਚ ਦੱਸਿਆ ਹੈ ਕਿ ਯਿਸੂ ਮਸੀਹ ਸਾਡੇ ਡਰ ਦੂਰ ਕਰਨ ਲਈ ਕਿਉਂ ਕਾਬਲ ਰਾਜਾ ਹੈ। ਮਿਸਾਲ ਲਈ ਉਸ ਨੂੰ “ਅਦਭੁੱਤ ਸਲਾਹਕਾਰ,” “ਅਨੰਤ ਪਿਤਾ,” ਤੇ “ਸ਼ਾਂਤੀ ਦਾ ਰਾਜ ਕੁਮਾਰ” ਕਿਹਾ ਗਿਆ ਹੈ।—ਯਸਾਯਾਹ 9:6, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਜ਼ਰਾ “ਅਨੰਤ ਪਿਤਾ” ਸ਼ਬਦਾਂ ਤੇ ਗੌਰ ਕਰੋ। “ਅਨੰਤ ਪਿਤਾ” ਹੋਣ ਕਰਕੇ ਯਿਸੂ ਕੋਲ ਆਗਿਆਕਾਰੀ ਇਨਸਾਨਾਂ ਨੂੰ ਅਨੰਤ ਜ਼ਿੰਦਗੀ ਦੇਣ ਦੀ ਤਾਕਤ ਅਤੇ ਅਧਿਕਾਰ ਹੈ। ਪਿਤਾ ਹੋਣ ਦੇ ਨਾਤੇ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ਣੀ ਚਾਹੁੰਦਾ ਹੈ। ਸੋ ਇਨਸਾਨਾਂ ਨੂੰ ਆਖ਼ਰਕਾਰ ਪਾਪ ਤੇ ਨਾਮੁਕੰਮਲਤਾ ਤੋਂ ਛੁਟਕਾਰਾ ਮਿਲੇਗਾ ਜੋ ਉਨ੍ਹਾਂ ਨੂੰ ਪਹਿਲੇ ਮਨੁੱਖ ਆਦਮ ਤੋਂ ਮਿਲੇ ਸਨ। (ਮੱਤੀ 20:28; ਰੋਮੀਆਂ 5:12; 6:23) ਪਰਮੇਸ਼ੁਰ ਤੋਂ ਮਿਲੀ ਤਾਕਤ ਨੂੰ ਵਰਤਦੇ ਹੋਏ ਉਹ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਵੀ ਕਰੇਗਾ।—ਯੂਹੰਨਾ 11:25, 26.

ਜਦੋਂ ਯਿਸੂ ਧਰਤੀ ਤੇ ਸੀ, ਤਾਂ ਉਹ “ਅਦਭੁੱਤ ਸਲਾਹਕਾਰ” ਸਾਬਤ ਹੋਇਆ। ਪਰਮੇਸ਼ੁਰ ਦੇ ਬਚਨ ਅਤੇ ਇਨਸਾਨੀ ਸੁਭਾਅ ਦਾ ਡੂੰਘਾ ਗਿਆਨ ਹੋਣ ਕਰਕੇ ਯਿਸੂ ਜ਼ਿੰਦਗੀ ਦੇ ਮਸਲਿਆਂ ਨੂੰ ਹੱਲ ਕਰਨਾ ਜਾਣਦਾ ਸੀ। ਸਵਰਗ ਵਿਚ ਰਾਜਾ ਬਣਨ ਤੋਂ ਬਾਅਦ, ਯਿਸੂ ਮਸੀਹ ਯਹੋਵਾਹ ਦੇ ਸੰਗਠਨ ਵਿਚ “ਅਦਭੁੱਤ ਸਲਾਹਕਾਰ” ਵਜੋਂ ਕੰਮ ਕਰ ਰਿਹਾ ਹੈ ਤੇ ਇਨਸਾਨਾਂ ਨੂੰ ਉਸ ਰਾਹੀਂ ਪਰਮੇਸ਼ੁਰ ਦੇ ਸੰਦੇਸ਼ ਮਿਲਦੇ ਹਨ। ਯਿਸੂ ਮਸੀਹ ਹਮੇਸ਼ਾ ਸੋਚ-ਸਮਝ ਕੇ ਸਹੀ ਸਲਾਹ ਦਿੰਦਾ ਹੈ। ਉਸ ਦੀਆਂ ਸਲਾਹਾਂ ਬਾਈਬਲ ਵਿਚ ਦਰਜ ਹਨ। ਉਨ੍ਹਾਂ ਸਲਾਹਾਂ ਤੇ ਚੱਲ ਕੇ ਅਸੀਂ ਜ਼ਿੰਦਗੀਆਂ ਦੀਆਂ ਚਿੰਤਾਵਾਂ ਤੇ ਡਰ ਤੋਂ ਬਚੇ ਰਹਿ ਸਕਦੇ ਹਾਂ।

ਯਸਾਯਾਹ 9:6 ਵਿਚ ਯਿਸੂ ਨੂੰ “ਸ਼ਾਂਤੀ ਦਾ ਰਾਜ ਕੁਮਾਰ” ਵੀ ਕਿਹਾ ਗਿਆ ਹੈ। ਸ਼ਾਂਤੀ ਦਾ ਰਾਜ ਕੁਮਾਰ ਹੋਣ ਕਰਕੇ ਯਿਸੂ ਮਸੀਹ ਦੁਨੀਆਂ ਵਿੱਚੋਂ ਰਾਜਨੀਤਿਕ, ਸਮਾਜਕ ਅਤੇ ਆਰਥਿਕ ਨਾਬਰਾਬਰੀ ਨੂੰ ਖ਼ਤਮ ਕਰ ਦੇਵੇਗਾ। ਕਿਵੇਂ? ਸਾਰੀ ਮਨੁੱਖਜਾਤੀ ਨੂੰ ਆਪਣੇ ਸ਼ਾਂਤਮਈ ਰਾਜ ਦੇ ਅਧੀਨ ਲਿਆ ਕੇ।—ਦਾਨੀਏਲ 2:44.

ਉਸ ਦੇ ਰਾਜ ਵਿਚ ਧਰਤੀ ਤੇ ਹਮੇਸ਼ਾ ਸ਼ਾਂਤੀ ਰਹੇਗੀ। ਅਸੀਂ ਇਹ ਗੱਲ ਕਿੱਦਾਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ? ਇਸ ਦਾ ਕਾਰਨ ਯਸਾਯਾਹ 11:9 ਵਿਚ ਦਿੱਤਾ ਗਿਆ ਹੈ ਜਿਸ ਵਿਚ ਲਿਖਿਆ ਗਿਆ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਰੋਇਆ ਹੈ।” ਅਜਿਹਾ ਸਮਾਂ ਆਵੇਗਾ ਜਦੋਂ ਧਰਤੀ ਤੇ ਹਰ ਇਨਸਾਨ ਨੂੰ ਪਰਮੇਸ਼ੁਰ ਦਾ ਸਹੀ ਗਿਆਨ ਹੋਵੇਗਾ ਅਤੇ ਉਸ ਦਾ ਆਗਿਆਕਾਰ ਹੋਵੇਗਾ। ਕੀ ਇਸ ਗੱਲੋਂ ਤੁਹਾਨੂੰ ਖ਼ੁਸ਼ੀ ਨਹੀਂ ਹੁੰਦੀ? ਜੇ ਹੁੰਦੀ ਹੈ, ਤਾਂ ‘ਯਹੋਵਾਹ ਦਾ ਗਿਆਨ’ ਲੈਣ ਵਿਚ ਦੇਰੀ ਨਾ ਕਰੋ।

ਬਾਈਬਲ ਅੱਜ ਸਾਡੇ ਸਮੇਂ ਬਾਰੇ ਤੇ ਆਉਣ ਵਾਲੇ ਸ਼ਾਨਦਾਰ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦੀ ਹੈ। ਇਸ ਲਈ ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਮੁਫ਼ਤ ਬਾਈਬਲ ਦਾ ਅਧਿਐਨ ਕਰੋ। ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰ ਕੇ ਤੁਹਾਡਾ ਡਰ ਦੂਰ ਹੋਵੇਗਾ ਤੇ ਤੁਹਾਨੂੰ ਚੰਗੇ ਭਵਿੱਖ ਦੀ ਆਸ ਮਿਲੇਗੀ।

(ਯਸਾਯਾਹ 9:7) ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ। ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।

ip-1 132 ਪੈਰੇ 28-29

ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ

28 ਪਰਮੇਸ਼ੁਰ ਦੇ ਸਮੇਂ ਮੁਤਾਬਕ, ਮਸੀਹ ਧਰਤੀ ਉੱਤੇ ਸਦਾ ਲਈ ਸ਼ਾਂਤੀ ਸਥਾਪਿਤ ਕਰੇਗਾ ਜੋ ਸਾਰੇ ਵਿਸ਼ਵ ਵਿਚ ਹੋਵੇਗੀ। (ਰਸੂਲਾਂ ਦੇ ਕਰਤੱਬ 1:7) “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ।” (ਯਸਾਯਾਹ 9:7ੳ) ਸ਼ਾਂਤੀ ਦੇ ਰਾਜਕੁਮਾਰ ਵਜੋਂ ਆਪਣਾ ਇਖ਼ਤਿਆਰ ਇਸਤੇਮਾਲ ਕਰਦੇ ਹੋਏ, ਯਿਸੂ ਨਿਰਦਈ ਨਹੀਂ ਹੋਵੇਗਾ। ਉਸ ਦੀ ਪਰਜਾ ਦੀ ਆਜ਼ਾਦੀ ਖੋਹੀ ਨਹੀਂ ਜਾਵੇਗੀ ਅਤੇ ਉਨ੍ਹਾਂ ਨੂੰ ਮਜਬੂਰੀ ਨਾਲ ਆਗਿਆਕਾਰ ਨਹੀਂ ਬਣਾਇਆ ਜਾਵੇਗਾ। ਸਗੋਂ, ਜੋ ਕੁਝ ਵੀ ਉਹ ਕਰੇਗਾ ਉਹ “ਨਿਆਉਂ ਤੇ ਧਰਮ ਨਾਲ” ਪੂਰਾ ਹੋਵੇਗਾ। ਇਹ ਕਿੰਨਾ ਸੁਖ ਦਾ ਸਮਾਂ ਹੋਵੇਗਾ!

29 ਯਿਸੂ ਦੇ ਭਵਿੱਖ-ਸੂਚਕ ਨਾਂ ਦੇ ਮਤਲਬ ਨੂੰ ਧਿਆਨ ਵਿਚ ਰੱਖਦੇ ਹੋਏ, ਯਸਾਯਾਹ ਦੀ ਭਵਿੱਖਬਾਣੀ ਦੇ ਇਸ ਹਿੱਸੇ ਦੀ ਸਮਾਪਤੀ ਬਹੁਤ ਖ਼ੁਸ਼ੀ ਲਿਆਉਂਦੀ ਹੈ। ਉਸ ਨੇ ਲਿਖਿਆ: “ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” (ਯਸਾਯਾਹ 9:7ਅ) ਜੀ ਹਾਂ, ਯਹੋਵਾਹ ਅਣਖ ਜਾਂ ਜੋਸ਼ ਨਾਲ ਕੰਮ ਕਰਦਾ ਹੈ। ਉਹ ਸਭ ਕੁਝ ਚਿੱਤ ਲਾ ਕੇ ਕਰਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਆਪਣਾ ਹਰ ਵਾਅਦਾ ਪੂਰੀ ਤਰ੍ਹਾਂ ਨਿਭਾਏਗਾ। ਤਾਂ ਫਿਰ, ਜੇ ਕੋਈ ਵਿਅਕਤੀ ਸਦਾ ਦੀ ਸ਼ਾਂਤੀ ਦਾ ਆਨੰਦ ਮਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ। ਉਮੀਦ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਸ਼ਾਂਤੀ ਦੇ ਰਾਜਕੁਮਾਰ ਯਿਸੂ ਵਾਂਗ, ਪਰਮੇਸ਼ੁਰ ਦੇ ਸਾਰੇ ਸੇਵਕ ‘ਸ਼ੁਭ ਕਰਮਾਂ ਵਿੱਚ ਸਰਗਰਮ ਹੋਣਗੇ।’—ਤੀਤੁਸ 2:14.

ਹੀਰੇ-ਮੋਤੀਆਂ ਦੀ ਖੋਜ ਕਰੋ

(ਯਸਾਯਾਹ 7:3, 4) ਤਾਂ ਯਹੋਵਾਹ ਨੇ ਯਸਾਯਾਹ ਨੂੰ ਆਖਿਆ, ਤੂੰ ਅਰ ਤੇਰਾ ਪੁੱਤ੍ਰ ਸ਼ਆਰ ਯਾਸ਼ੂਬ ਉੱਪਰਲੇ ਤਲਾ ਦੇ ਸੂਏ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ। 4 ਅਤੇ ਤੂੰ ਉਹ ਨੂੰ ਆਖ, ਖਬਰਦਾਰ, ਚੁੱਪ ਰਹੁ, ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤ੍ਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਹੁੱਸ ਨਾ ਜਾਵੇ।

w06 12/1 9 ਪੈਰਾ 4

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

7:3, 4—ਦੁਸ਼ਟ ਰਾਜਾ ਆਹਾਜ਼ ਨੂੰ ਯਹੋਵਾਹ ਨੇ ਕਿਉਂ ਬਚਾਇਆ ਸੀ? ਸੀਰੀਆ ਤੇ ਇਸਰਾਏਲ ਦੇ ਰਾਜਿਆਂ ਨੇ ਮਿਲ ਕੇ ਯਹੂਦਾਹ ਦੇ ਰਾਜਾ ਆਹਾਜ਼ ਨੂੰ ਰਾਜ ਗੱਦੀ ਤੋਂ ਲਾਹੁਣ ਦੀ ਸਕੀਮ ਬਣਾਈ। ਉਹ ਉਸ ਦੀ ਜਗ੍ਹਾ ਤੇ ਟਾਬਲ ਦੇ ਪੁੱਤਰ ਜੋ ਉਨ੍ਹਾਂ ਦੇ ਹੱਥਾਂ ਵਿਚ ਕਠਪੁਤਲੀ ਸੀ ਤੇ ਦਾਊਦ ਦੇ ਘਰਾਣੇ ਵਿੱਚੋਂ ਨਹੀਂ ਸੀ, ਨੂੰ ਰਾਜ ਗੱਦੀ ਤੇ ਬਿਠਾਉਣਾ ਚਾਹੁੰਦੇ ਸੀ। ਅਸਲ ਵਿਚ ਇਸ ਸਕੀਮ ਪਿੱਛੇ ਸ਼ਤਾਨ ਦਾ ਹੱਥ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਦਾਊਦ ਨਾਲ ਬੰਨ੍ਹਿਆ ਪਰਮੇਸ਼ੁਰ ਦਾ ਨੇਮ ਪੂਰਾ ਨਾ ਹੋਵੇ। ਪਰ ਯਹੋਵਾਹ ਨੇ ਰਾਜਾ ਆਹਾਜ਼ ਨੂੰ ਬਚਾ ਕੇ ਦਾਊਦ ਦੇ ਘਰਾਣੇ ਨੂੰ ਬਚਾਇਆ ਜਿਸ ਦੀ ਪੀੜ੍ਹੀ ਵਿਚ ਅੱਗੇ ਜਾ ਕੇ ‘ਸ਼ਾਂਤੀ ਦੇ ਰਾਜ ਕੁਮਾਰ’ ਨੇ ਜਨਮ ਲੈਣਾ ਸੀ।—ਯਸਾਯਾਹ 9:6.

(ਯਸਾਯਾਹ 8:1-4) ਤਾਂ ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, “ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ”। 2 ਸੋ ਮੈਂ ਆਪਣੇ ਲਈ ਮਾਤਬਰ ਗਵਾਹ ਬਣਾਏ, ਅਰਥਾਤ ਊਰੀਯਾਹ ਜਾਜਕ ਅਤੇ ਯਬਰਕਯਾਹ ਦਾ ਪੁੱਤ੍ਰ ਜ਼ਕਰਯਾਹ। 3 ਤਾਂ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵੰਤੀ ਹੋਈ ਤੇ ਪੁੱਤ੍ਰ ਜਣੀ, ਤਾਂ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਉਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ। 4 ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ “ਮੇਰਾ ਪਿਤਾ” ਤੇ “ਮੇਰੀ ਮਾਤਾ” ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ।

it-1 1219

ਯਸਾਯਾਹ

ਜਦੋਂ ਯਸਾਯਾਹ ਯਹੂਦਾਹ ਵਿਚ ਨਬੀ ਵਜੋਂ ਸੇਵਾ ਕਰਦਾ ਸੀ ਉਦੋਂ ਲੋਕਾਂ ਦੀ ਨੈਤਿਕ ਹਾਲਤ ਬਹੁਤ ਵਿਗੜੀ ਹੋਈ ਸੀ, ਖ਼ਾਸ ਕਰਕੇ ਰਾਜਾ ਆਹਾਜ਼ ਦੇ ਦਿਨਾਂ ਵਿਚ। ਰਾਜੇ ਅਤੇ ਲੋਕ ਰੱਜ ਕੇ ਦੇਸ਼ ਵਿਦਰੋਹ ਵਿਚ ਭਾਗ ਲੈ ਰਹੇ ਸਨ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਲੋਕਾਂ ਦੇ ਦਿਲ ਅਤੇ ਦਿਮਾਗ਼ ਬੀਮਾਰੀ ਖਾਧੇ ਸਨ। ਉੱਥੋਂ ਦੇ ਹਾਕਮਾਂ ਨੂੰ ‘ਸਦੂਮ ਦੇ ਆਗੂਆਂ’ ਅਤੇ ਲੋਕਾਂ ਨੂੰ “ਅਮੂਰਾਹ ਦੇ ਲੋਕ” ਵਰਗੇ ਕਿਹਾ ਗਿਆ। (ਯਸਾ 1:2-10) ਯਸਾਯਾਹ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਹ ਯਹੋਵਾਹ ਦੀਆਂ ਗੱਲਾਂ ʼਤੇ ਕੰਨ ਨਹੀਂ ਲਾਉਣਗੇ। ਯਹੋਵਾਹ ਨੇ ਕਿਹਾ ਸੀ ਕਿ ਇਹ ਹਾਲਤ ਉੱਨਾ ਚਿਰ ਰਹੇਗੀ ਜਦੋਂ ਤਕ ਇਹ ਕੌਮ ਨਸ਼ਟ ਨਹੀਂ ਹੋ ਜਾਂਦੀ ਅਤੇ ਸਿਰਫ਼ “ਦਸਵਾਂ ਹਿੱਸਾ,” “ਪਵਿੱਤ੍ਰ ਵੰਸ” ਹੀ ਬਚਣਾ ਸੀ ਜੋ ਇਕ ਵੱਡੇ ਦਰਖ਼ਤ ਦੇ ਟੁੰਡ ਵਾਂਗ ਹੋਣਾ ਸੀ। ਯਸਾਯਾਹ ਨਬੀ ਦੀ ਭਵਿੱਖਬਾਣੀ ਤੋਂ ਇਨ੍ਹਾਂ ਥੋੜ੍ਹੇ ਜਿਹੇ ਨਿਹਚਾ ਰੱਖਣ ਵਾਲੇ ਲੋਕਾਂ ਨੂੰ ਦਿਲਾਸਾ ਅਤੇ ਹੌਸਲਾ ਮਿਲਿਆ ਹੋਣਾ ਭਾਵੇਂ ਕਿ ਬਾਕੀ ਸਾਰੇ ਲੋਕਾਂ ਨੇ ਧਿਆਨ ਦੇਣ ਤੋਂ ਇਨਕਾਰ ਕੀਤਾ ਸੀ।—ਯਸਾ 6:1-13.

ਭਾਵੇਂ ਕਿ ਯਸਾਯਾਹ ਦਾ ਮੁੱਖ ਧਿਆਨ ਯਹੂਦਾਹ ʼਤੇ ਸੀ, ਫਿਰ ਵੀ ਉਸ ਨੇ ਇਜ਼ਰਾਈਲ ਅਤੇ ਆਲੇ-ਦੁਆਲੇ ਦੀਆਂ ਹੋਰਨਾਂ ਕੌਮਾਂ ਬਾਰੀ ਵੀ ਭਵਿੱਖਬਾਣੀ ਕੀਤੀ ਕਿਉਂਕਿ ਯਹੂਦਾਹ ਦੀ ਹਾਲਤ ਅਤੇ ਇਤਿਹਾਸ ʼਤੇ ਇਨ੍ਹਾਂ ਦਾ ਵੀ ਅਸਰ ਪਾਇਆ ਸੀ। ਉਸ ਨੇ ਲੰਬੇ ਸਮੇਂ ਤਕ ਨਬੀ ਵਜੋਂ ਸੇਵਾ ਕੀਤੀ। ਉਸ ਨੇ 778 ਈਸਵੀ ਪੂਰਵ ਜਦੋਂ ਰਾਜਾ ਉਜ਼ੀਯਾਹ ਮਰਿਆ ਜਾਂ ਸੰਭਵ ਹੈ ਉਸ ਤੋਂ ਬਾਅਦ ਤੋਂ ਲੈ ਕੇ ਰਾਜਾ ਹਿਜ਼ਕੀਯਾਹ ਦੇ ਰਾਜ ਦੇ 14ਵੇਂ ਸਾਲ (723 ਈਸਵੀ ਪੂਰਵ) ਤੋਂ ਕੁਝ ਸਮਾਂ ਬਾਅਦ ਤਕ ਨਬੀ ਵਜੋਂ ਸੇਵਾ ਕੀਤੀ।—ਯਸਾ 36:1, 2; 37:37, 38.

ਯਸਾਯਾਹ ਦਾ ਪਰਿਵਾਰ। ਯਸਾਯਾਹ ਵਿਆਹਿਆ ਸੀ। ਉਸ ਦੀ ਪਤਨੀ ਨੂੰ “ਨਬੀਆ” ਕਿਹਾ ਜਾਂਦਾ ਹੈ। (ਯਸਾ 8:3) ਇਸ ਨਾਂ ਦਾ ਮਤਲਬ ਇਕ ਨਬੀ ਦੀ ਪਤਨੀ ਹੋਣ ਤੋਂ ਕੁਝ ਜ਼ਿਆਦਾ ਸੀ। ਨਿਆਈਆਂ ਦੇ ਸਮੇਂ ਦੀ ਦਬੋਰਾਹ ਅਤੇ ਰਾਜਾ ਯੋਸੀਯਾਹ ਦੇ ਸਮੇਂ ਦੀ ਹੁਲਦਾਹ ਵਾਂਗ ਉਸ ਨੂੰ ਵੀ ਯਹੋਵਾਹ ਵੱਲੋਂ ਨਬੀਆ ਵਜੋਂ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ ਸੀ।—ਨਿਆ 4:4; 2 ਰਾਜ 22:14.

ਬਾਈਬਲ ਯਸਾਯਾਹ ਦੇ ਦੋ ਪੁੱਤਰਾਂ ਦੇ ਨਾਂ ਦੱਸਦੀ ਹੈ ਜੋ ਇਜ਼ਰਾਈਲ ਵਿਚ ਉਸ ਲਈ ‘ਨਿਸ਼ਾਨ ਅਤੇ ਅਚੰਭਿਆਂ’ ਵਜੋਂ ਦਿੱਤੇ ਗਏ ਸਨ। (ਯਸਾ 8:18) ਰਾਜਾ ਆਹਾਜ਼ ਦੇ ਦਿਨਾਂ ਵਿਚ ਸ਼ਆਰ ਯਾਸ਼ੂਬ ਇੰਨਾ ਵੱਡਾ ਹੋ ਗਿਆ ਸੀ ਕਿ ਉਹ ਆਪਣੇ ਪਿਤਾ ਯਸਾਯਾਹ ਨਾਲ ਜਾ ਸਕਦਾ ਸੀ ਜਦੋਂ ਯਸਾਯਾਹ ਨੇ ਰਾਜੇ ਨੂੰ ਯਹੋਵਾਹ ਦਾ ਸੰਦੇਸ਼ ਸੁਣਾਇਆ ਸੀ। ਸ਼ਆਰ ਯਾਸ਼ੂਬ ਨਾਂ ਦਾ ਮਤਲਬ ਹੈ “ਸਿਰਫ਼ ਬਚੇ ਹੋਏ ਲੋਕ ਵਾਪਸ ਆਉਣਗੇ।” ਇਹ ਨਾਂ ਇਸ ਅਰਥ ਵਿਚ ਭਵਿੱਖਬਾਣੀ ਸੀ ਕਿ ਜਿੱਦਾਂ ਪੱਕੇ ਤੌਰ ʼਤੇ ਯਸਾਯਾਹ ਦੇ ਪੁੱਤਰ ਨੂੰ ਉਹ ਨਾਂ ਦਿੱਤਾ ਗਿਆ ਸੀ ਉੱਦਾਂ ਹੀ ਸਮੇਂ ਦੀ ਬੀਤਣ ਨਾਲ ਯਹੂਦਾਹ ਦੇ ਰਾਜ ਨੂੰ ਪਲਟਾਇਆ ਜਾਣਾ ਸੀ ਅਤੇ ਗ਼ੁਲਾਮੀ ਤੋਂ ਥੋੜ੍ਹਾ ਸਮਾਂ ਬਾਅਦ ਸਿਰਫ਼ ਕੁਝ ਬਚੇ ਹੋਏ ਲੋਕਾਂ ਨੇ ਹੀ ਵਾਪਸ ਆਉਣਾ ਸੀ। (ਯਸਾ 7:3; 10:20-23) ਇਹ ਕੁਝ ਬਚੇ ਹੋਏ ਲੋਕ 537 ਈਸਵੀ ਪੂਰਵ ਵਿਚ ਵਾਪਸ ਆਏ ਜਦੋਂ ਫ਼ਾਰਸ ਦੇ ਰਾਜਾ ਖੋਰਸ ਨੇ ਬਾਬਲ ਤੋਂ ਉਨ੍ਹਾਂ ਦੀ ਗ਼ੁਲਾਮੀ ਦੇ 70 ਸਾਲਾਂ ਬਾਅਦ ਆਜ਼ਾਦੀ ਦਾ ਫ਼ਰਮਾਨ ਜਾਰੀ ਕੀਤਾ ਸੀ।—2 ਇਤ 36:22, 23; ਅਜ਼ 1:1; 2:1, 2.

ਯਸਾਯਾਹ ਦੇ ਦੂਜੇ ਪੁੱਤਰ ਦਾ ਨਾਂ ਉਦੋਂ ਹੀ ਰੱਖ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਮਾਂ ਦੇ ਗਰਭ ਵਿਚ ਵੀ ਨਹੀਂ ਸੀ ਅਤੇ ਇਹ ਨਾਂ ਇਕ ਤਖ਼ਤੀ ʼਤੇ ਲਿਖਿਆ ਸੀ ਜਿਸ ਨੂੰ ਭਰੋਸੇਮੰਦ ਗਵਾਹਾਂ ਦੁਆਰਾ ਤਸਦੀਕ ਕੀਤਾ ਸੀ। ਇਸ ਸਾਰੀ ਗੱਲ-ਬਾਤ ਨੂੰ ਬੱਚੇ ਦੇ ਜਨਮ ਤੋਂ ਬਾਅਦ ਵੀ ਉਦੋਂ ਤਕ ਗੁਪਤ ਰੱਖਿਆ ਗਿਆ ਸੀ ਜਦੋਂ ਗਵਾਹ ਅੱਗੇ ਆ ਕੇ ਨਬੀ ਦੁਆਰਾ ਇਸ ਜਨਮ ਸੰਬੰਧੀ ਕੀਤੀ ਭਵਿੱਖਬਾਣੀ ਲਈ ਗਵਾਹੀ ਭਰ ਸਕਦੇ ਸਨ ਜਿਸ ਨਾਲ ਇਹ ਸਾਬਤ ਹੋਣਾ ਸੀ ਕਿ ਭਵਿੱਖਬਾਣੀ ਦੇ ਤੌਰ ਤੇ ਇਸ ਗੱਲ ਦੀ ਅਹਿਮੀਅਤ ਸੀ। ਪਰਮੇਸ਼ੁਰ ਦੇ ਹੁਕਮ ਮੁਤਾਬਕ ਮੁੰਡੇ ਦਾ ਨਾਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖਿਆਂ ਗਿਆ ਜਿਸ ਦਾ ਮਤਲਬ ਹੈ: “ਹੇ ਲੁੱਟੇ ਹੋਏ ਮਾਲ, ਕਾਹਲੀ ਕਰ! ਉਹ ਲੁੱਟਣ ਲਈ ਜਲਦੀ ਆਇਆ ਹੈ; ਜਾਂ ਮਾਲ ਲੁੱਟਣ ਲਈ ਕਾਹਲੀ ਕਰ ਰਿਹਾ ਹੈ, ਉਹ ਲੁੱਟਣ ਲਈ ਜਲਦੀ ਆਇਆ ਹੈ।” ਇਹ ਕਿਹਾ ਗਿਆ ਸੀ ਕਿ ਇਸ ਪੁੱਤਰ ਨੂੰ ਹਾਲੇ ਪਤਾ ਨਹੀਂ ਹੋਵੇਗਾ ਕਿ “ਮੇਰਾ ਪਿਤਾ” ਤੇ “ਮੇਰੀ ਮਾਤਾ” ਕਿਵੇਂ ਕਹਿਣਾ ਹੈ, ਉਸ ਤੋਂ ਪਹਿਲਾਂ ਯਹੂਦਾਹ ਖ਼ਿਲਾਫ਼ ਸੀਰੀਆ ਅਤੇ ਇਜ਼ਰਾਈਲ ਦੇ ਦਸ-ਗੋਤੀ ਰਾਜ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿੱਤਾ ਜਾਵੇਗਾ।—ਯਸਾ 8:1-4.

ਭਵਿੱਖਬਾਣੀ ਵਿਚ ਦਰਸਾਇਆ ਗਿਆ ਸੀ ਕਿ ਯਹੂਦਾਹ ਨੂੰ ਬਹੁਤ ਜਲਦ ਰਾਹਤ ਮਿਲੇਗੀ; ਇਹ ਰਾਹਤ ਉਦੋਂ ਮਿਲੀ ਸੀ ਜਦੋਂ ਅੱਸ਼ੂਰ ਨੇ ਸੀਰੀਆ ਦੇ ਰਾਜੇ ਰਸੀਨ ਅਤੇ ਇਜ਼ਰਾਈਲ ਦੇ ਰਾਜੇ ਪਕਹ ਦੁਆਰਾ ਯਹੂਦਾਹ ਦੇ ਖ਼ਿਲਾਫ਼ ਘੜੀ ਸਾਜ਼ਸ਼ ਦੇ ਵਿਰੁੱਧ ਦਖ਼ਲ ਦਿੱਤਾ ਸੀ। ਅੱਸ਼ੂਰੀਆਂ ਨੇ ਪਹਿਲਾਂ ਦੰਮਿਸਕ ʼਤੇ ਕਬਜ਼ਾ ਕੀਤਾ ਅਤੇ ਬਾਅਦ ਵਿਚ 740 ਈਸਵੀ ਪੂਰਵ ਵਿਚ ਇਜ਼ਰਾਈਲ ਦੇ ਰਾਜ ਨੂੰ ਲੁੱਟਿਆ ਅਤੇ ਨਾਸ਼ ਕੀਤਾ, ਇਸ ਤੋਂ ਮੁੰਡੇ ਦੇ ਨਾਂ ਦੇ ਮਤਲਬ ਦੀ ਭਵਿੱਖਬਾਣੀ ਪੂਰੀ ਹੋਈ। (2 ਰਾਜ 16:5-9; 17:1-6) ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਬਜਾਇ ਰਾਜਾ ਆਹਾਜ਼ ਨੇ ਸੀਰੀਆ ਅਤੇ ਇਜ਼ਰਾਈਲ ਤੋਂ ਪੈਂਦਾ ਹੋਏ ਡਰ ਤੋਂ ਬਚਣ ਲਈ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਦੇ ਕੇ ਸੁਰੱਖਿਆ ਭਾਲੀ। ਇਸੇ ਕਰਕੇ ਯਹੋਵਾਹ ਨੇ ਅੱਸ਼ੂਰ ਨੂੰ ਯਹੂਦਾਹ ਲਈ ਇਕ ਵੱਡਾ ਖ਼ਤਰਾ ਬਣਨ ਦਿੱਤਾ ਅਤੇ ਉਨ੍ਹਾਂ ਨੇ ਯਰੂਸ਼ਲਮ ਤਕ ਵੜ ਆਉਣਾ ਸੀ ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ।—ਯਸਾ 7:17-20.

ਯਸਾਯਾਹ ਨੇ ਕਾਫ਼ੀ ਵਾਰ ਯਹੋਵਾਹ ਵੱਲੋਂ ਦਿੱਤੇ “ਨਿਸ਼ਾਨਾ” ਬਾਰੇ ਗੱਲ ਕੀਤੀ। ਇਨ੍ਹਾਂ ਵਿਚ ਉਸ ਦੇ ਦੋ ਮੁੰਡੇ ਅਤੇ ਇਕ ਮਿਸਾਲ ਵਿਚ ਉਹ ਆਪ ਸੀ। ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਕਿ ਉਹ ਤਿੰਨ ਸਾਲ ਨੰਗੇ ਸਰੀਰ ਅਤੇ ਨੰਗੇ ਪੈਰੀਂ ਤੁਰੇ ਜੋ ਮਿਸਰ ਅਤੇ ਇਥੋਪੀਆ ਦੇ ਵਿਰੁੱਧ ਇਕ ਨਿਸ਼ਾਨ ਹੋਣਾ ਸੀ ਕਿ ਅੱਸ਼ੂਰ ਦਾ ਪਾਤਸ਼ਾਹ ਉਨ੍ਹਾਂ ਨੂੰ ਕੈਦੀ ਬਣਾ ਕੇ ਲੈ ਜਾਵੇਗਾ।—ਯਸਾ 20:1-6; 7:11, 14 ਵਿਚ ਨੁਕਤੇ ਦੇਖੋ; 19:20; 37:30; 38:7, 22; 55:13; 66:19.

ਦੇਸ਼ ਵਿੱਚੋਂ ਕੱਢੇ ਜਾਣ ਅਤੇ ਮੁੜ ਵਸਾਏ ਜਾਣ ਬਾਰੇ ਭਵਿੱਖਬਾਣੀਆਂ। ਯਸਾਯਾਹ ਨੂੰ ਇਹ ਵੀ ਮਾਣ ਬਖ਼ਸ਼ਿਆ ਗਿਆ ਕਿ ਉਹ ਪਹਿਲਾਂ ਹੀ ਦੱਸ ਦੇਵੇ ਕਿ ਅੱਸ਼ੂਰ ਯਹੂਦਾਹ ਦੇ ਰਾਜੇ ਨੂੰ ਗੱਦੀ ਤੋਂ ਨਹੀਂ ਲਾਵੇਗਾ ਅਤੇ ਨਾ ਹੀ ਯਰੂਸ਼ਲਮ ਦੀ ਤਬਾਹੀ ਕਰ ਪਾਵੇਗਾ, ਸਗੋਂ ਇਹ ਸਭ ਬਾਬਲ ਦੁਆਰਾ ਕੀਤਾ ਜਾਵੇਗਾ। (ਯਸਾ 39:6, 7) ਇਕ ਸਮੇਂ ʼਤੇ ਜਦੋਂ ਅੱਸ਼ੂਰ ਨੇ ਯਹੂਦਾਹ ʼਤੇ ਚੜ੍ਹਾਈ ਕੀਤੀ ਜਿਵੇਂ ਕਿ ਉਹ “ਗਰਦਨ ਤੀਕ” ਤਕ ਪਹੁੰਚ ਗਿਆ ਹੋਵੇ, ਤਾਂ ਯਸਾਯਾਹ ਨੇ ਰਾਜਾ ਹਿਜ਼ਕੀਯਾਹ ਲਈ ਤਸੱਲੀ ਦੇਣ ਵਾਲਾ ਸੁਨੇਹਾ ਦਿੱਤਾ ਕਿ ਅੱਸ਼ੂਰੀ ਫ਼ੌਜਾਂ ਸ਼ਹਿਰ ਦੇ ਫਾਟਕ ਅੰਦਰ ਦਾਖ਼ਲ ਨਹੀਂ ਹੋ ਸਕਣਗੀਆਂ। (ਯਸਾ 8:7, 8) ਯਹੋਵਾਹ ਨੇ ਆਪਣੇ ਬੋਲ ਮੁਤਾਬਕ ਆਪਣੇ ਇਕ ਦੂਤ ਨੂੰ 1,85,000 ਅੱਸ਼ੂਰੀ ਫ਼ੌਜੀਆਂ ਅਤੇ ਆਗੂਆਂ ਨੂੰ ਮਾਰਨ ਲਈ ਭੇਜਿਆ। ਇਸ ਨਾਲ ਯਰੂਸ਼ਲਮ ਨੂੰ ਛੁਟਕਾਰਾ ਮਿਲਿਆ।—2 ਇਤ 32:21.

ਬੇਸ਼ੱਕ ਯਸਾਯਾਹ ਨੂੰ ਇਸ ਗੱਲ ਤੋਂ ਖ਼ੁਸ਼ੀ ਮਿਲੀ ਕਿ ਉਸ ਨੂੰ ਯਹੋਵਾਹ ਤੋਂ ਇਹ ਸਨਮਾਨ ਬਖ਼ਸ਼ਿਆ ਗਿਆ ਸੀ ਕਿ ਉਹ ਉਸ ਦੇ ਪਿਆਰੇ ਸ਼ਹਿਰ ਯਰੂਸ਼ਲਮ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਦੱਸ ਅਤੇ ਲਿਖ ਸਕੇ। ਭਾਵੇਂ ਯਹੋਵਾਹ ਨੇ ਲੋਕਾਂ ਨੂੰ ਗ਼ੁਲਾਮੀ ਵਿਚ ਜਾਣ ਦਿੱਤਾ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ, ਪਰ ਉਸ ਨੇ ਬਾਬਲ ਦਾ ਨਿਆਂ ਵੀ ਕੀਤਾ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਈਰਖਾ ਕੀਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਲਈ ਬੰਦੀ ਬਣਾਉਣਾ ਚਾਹਿਆ। ਯਸਾਯਾਹ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਬਾਬਲ ਨੂੰ ਸਜ਼ਾ ਦੇਣ ਬਾਰੇ ਹਨ ਅਤੇ ਇਸ ਬਾਰੇ ਵੀ ਕਿ ਉਹ ਵਿਰਾਨ ਛੱਡਿਆ ਜਾਵੇਗਾ ਜਿੱਥੇ ਕਦੀ ਕੋਈ ਨਾ ਵੱਸੇਗਾ।—ਯਸਾ 45:1, 2; ਪਾਠ 13, 14, 46-48.

ip-1 111-112 ਪੈਰੇ 23-24

ਮੁਸੀਬਤਾਂ ਦੇ ਵੇਲੇ ਯਹੋਵਾਹ ਉੱਤੇ ਭਰੋਸਾ ਰੱਖੋ

ਸਪੱਸ਼ਟ ਭਵਿੱਖਬਾਣੀਆਂ

23 ਯਸਾਯਾਹ ਨੇ ਅੱਗੇ ਹੋ ਰਹੀਆਂ ਘਟਨਾਵਾਂ ਵੱਲ ਵਾਪਸ ਧਿਆਨ ਖਿੱਚਿਆ। ਸੀਰੀਆ ਅਤੇ ਇਸਰਾਏਲ ਦੁਆਰਾ ਯਰੂਸ਼ਲਮ ਦੀ ਘੇਰਾਬੰਦੀ ਦੇ ਸਮੇਂ ਯਸਾਯਾਹ ਨੇ ਦੱਸਿਆ: “ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, ‘ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ।’ ਸੋ ਮੈਂ ਆਪਣੇ ਲਈ ਮਾਤਬਰ ਗਵਾਹ ਬਣਾਏ, ਅਰਥਾਤ ਊਰੀਯਾਹ ਜਾਜਕ ਅਤੇ ਯਬਰਕਯਾਹ ਦਾ ਪੁੱਤ੍ਰ ਜ਼ਕਰਯਾਹ।” (ਯਸਾਯਾਹ 8:1, 2) ਇਸ ਨਾਂ, ਮਹੇਰ-ਸ਼ਲਾਲ-ਹਾਸ਼-ਬਜ਼ ਦਾ ਮਤਲਬ ਹੈ “ਹੇ ਲੁੱਟੇ ਹੋਏ ਮਾਲ, ਕਾਹਲੀ ਕਰ! ਉਹ ਲੁੱਟਣ ਲਈ ਜਲਦੀ ਆਇਆ ਹੈ।” ਯਸਾਯਾਹ ਨੇ ਸਮਾਜ ਵਿੱਚੋਂ ਦੋ ਇੱਜ਼ਤਦਾਰ ਬੰਦਿਆਂ ਨੂੰ ਚੁਣਿਆ। ਇਹ ਬਾਅਦ ਵਿਚ ਗਵਾਹੀ ਦੇ ਸਕਦੇ ਸਨ ਕਿ ਉਸ ਨੇ ਇਕ ਵੱਡੀ ਫੱਟੀ ਤੇ ਇਹ ਨਾਂ ਲਿਖਿਆ ਸੀ ਅਤੇ ਇਸ ਤਰ੍ਹਾਂ ਉਹ ਇਸ ਦੀ ਸੱਚਾਈ ਦਾ ਸਬੂਤ ਦੇ ਸਕਦੇ ਸਨ। ਫਿਰ ਵੀ, ਇਸ ਨਿਸ਼ਾਨ ਦੇ ਨਾਲ-ਨਾਲ ਇਕ ਹੋਰ ਨਿਸ਼ਾਨ ਵੀ ਦਿੱਤਾ ਗਿਆ ਸੀ।

24 ਯਸਾਯਾਹ ਨੇ ਕਿਹਾ: “ਤਾਂ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵੰਤੀ ਹੋਈ ਤੇ ਪੁੱਤ੍ਰ ਜਣੀ, ਤਾਂ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਉਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ। ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ “ਮੇਰਾ ਪਿਤਾ” ਤੇ “ਮੇਰੀ ਮਾਤਾ” ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ।” (ਯਸਾਯਾਹ 8:3, 4) ਵੱਡੀ ਫੱਟੀ ਅਤੇ ਨਵ-ਜੰਮਿਆ ਮੁੰਡਾ ਦੋਵੇਂ ਨਿਸ਼ਾਨ ਸਨ ਕਿ ਅੱਸ਼ੂਰ ਦੇਸ਼ ਨੇ ਜਲਦੀ ਹੀ ਯਹੂਦਾਹ ਉੱਤੇ ਅਤਿਆਚਾਰ ਕਰਨੇ ਸਨ, ਯਾਨੀ ਸੀਰੀਆ ਅਤੇ ਇਸਰਾਏਲ ਦੀ ਲੁੱਟਮਾਰ ਕਰਨੀ ਸੀ। ਇਹ ਕਿੰਨੀ ਜਲਦੀ ਹੋਇਆ? ਇਸ ਤੋਂ ਪਹਿਲਾਂ ਕਿ ਮੁੰਡਾ ਆਪਣੇ ਪਹਿਲੇ ਲਫ਼ਜ਼ “ਮਾਤਾ” ਜਾਂ “ਪਿਤਾ” ਕਹਿ ਸਕੇ। ਅਜਿਹੀ ਸਪੱਸ਼ਟ ਭਵਿੱਖਬਾਣੀ ਕਰਕੇ ਲੋਕਾਂ ਦਾ ਯਹੋਵਾਹ ਉੱਤੇ ਵਿਸ਼ਵਾਸ ਹੋਰ ਵੀ ਪੱਕਾ ਹੋਣਾ ਚਾਹੀਦਾ ਸੀ। ਜਾਂ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਯਸਾਯਾਹ ਅਤੇ ਉਸ ਦੇ ਪੁੱਤਰਾਂ ਦਾ ਮਖੌਲ ਉਡਾਇਆ ਹੋਵੇ। ਭਾਵੇਂ ਜੋ ਵੀ ਹੋਇਆ, ਯਸਾਯਾਹ ਦੇ ਸ਼ਬਦ ਪੂਰੇ ਹੋ ਕੇ ਰਹੇ।—2 ਰਾਜਿਆਂ 17:1-6.

19-25 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 11-16

“ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ”

(ਯਸਾਯਾਹ 11:3-5) ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ, ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ। 4 ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, ਉਹ ਧਰਤੀ ਨੂੰ ਆਪਣੇ ਮੂੰਹ ਦੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ। 5 ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।

ip-1 160-161 ਪੈਰੇ 9-11

ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ

ਧਰਮੀ ਅਤੇ ਦਿਆਲੂ ਨਿਆਂਕਾਰ

9 ਯਸਾਯਾਹ ਨੇ ਮਸੀਹਾ ਦੇ ਹੋਰ ਗੁਣਾਂ ਬਾਰੇ ਭਵਿੱਖਬਾਣੀ ਕੀਤੀ: “ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।” (ਯਸਾਯਾਹ 11:3ਅ) ਜੇਕਰ ਤੁਹਾਨੂੰ ਅਦਾਲਤ ਵਿਚ ਖੜ੍ਹੇ ਹੋਣਾ ਪਵੇ, ਤਾਂ ਕੀ ਤੁਸੀਂ ਅਜਿਹੇ ਨਿਆਂਕਾਰ ਲਈ ਧੰਨਵਾਦੀ ਨਹੀਂ ਹੋਵੋਗੇ? ਸਾਰੀ ਮਨੁੱਖਜਾਤੀ ਦੇ ਨਿਆਂਕਾਰ ਹੋਣ ਦੀ ਹੈਸੀਅਤ ਵਿਚ, ਮਸੀਹਾ ਅਦਾਲਤ ਵਿਚ ਚਲਾਕ ਤਰੀਕਿਆਂ, ਝੂਠੀਆਂ ਦਲੀਲਾਂ, ਸੁਣੀਆਂ-ਸੁਣਾਈਆਂ ਗੱਲਾਂ, ਜਾਂ ਪੈਸੇ ਦੇ ਦਿਖਾਵੇ ਵਰਗੀਆਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਧੋਖੇਬਾਜ਼ੀ ਪਛਾਣ ਸਕਦਾ ਹੈ ਅਤੇ ਬਾਹਰਲੇ ਰੂਪ ਨੂੰ ਹੀ ਨਹੀਂ ਦੇਖਦਾ, ਪਰ “ਮਨ ਦੀ ਗੁਪਤ ਇਨਸਾਨੀਅਤ” ਪਛਾਣਦਾ ਹੈ। (1 ਪਤਰਸ 3:4) ਯਿਸੂ ਦੀ ਉੱਤਮ ਮਿਸਾਲ ਉਨ੍ਹਾਂ ਲਈ ਇਕ ਨਮੂਨਾ ਹੈ ਜਿਨ੍ਹਾਂ ਨੂੰ ਮਸੀਹੀ ਕਲੀਸਿਯਾ ਵਿਚ ਨਿਆਉਂ ਕਰਨਾ ਪੈਂਦਾ ਹੈ।—1 ਕੁਰਿੰਥੀਆਂ 6:1-4.

10 ਮਸੀਹਾ ਦੇ ਉੱਤਮ ਗੁਣ ਉਸ ਦੇ ਨਿਆਂਕਾਰੀ ਫ਼ੈਸਲਿਆਂ ਉੱਤੇ ਕਿਵੇਂ ਅਸਰ ਪਾਉਣਗੇ? ਯਸਾਯਾਹ ਨੇ ਸਮਝਾਇਆ: “ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, ਉਹ ਧਰਤੀ ਨੂੰ ਆਪਣੇ ਮੂੰਹ ਦੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ। ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।”—ਯਸਾਯਾਹ 11:4, 5.

11 ਜਦੋਂ ਯਿਸੂ ਦੇ ਚੇਲਿਆਂ ਨੂੰ ਤਾੜਨਾ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਅਜਿਹੇ ਤਰੀਕੇ ਨਾਲ ਤਾੜਦਾ ਹੈ ਜਿਸ ਤੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ। ਇਹ ਮਸੀਹੀ ਬਜ਼ੁਰਗਾਂ ਲਈ ਇਕ ਵਧੀਆ ਮਿਸਾਲ ਹੈ। ਦੂਜੇ ਪਾਸੇ, ਜਿਹੜੇ ਬੁਰੇ ਕੰਮਾਂ ਵਿਚ ਲੱਗੇ ਰਹਿੰਦੇ ਹਨ ਉਹ ਸਖ਼ਤ ਸਜ਼ਾ ਦੀ ਉਮੀਦ ਰੱਖ ਸਕਦੇ ਹਨ। ਜਦੋਂ ਪਰਮੇਸ਼ੁਰ ਇਸ ਦੁਨੀਆਂ ਤੋਂ ਲੇਖਾ ਲਵੇਗਾ, ਤਾਂ ਮਸੀਹਾ ਆਪਣੀ ਰੋਹਬਦਾਰ ਆਵਾਜ਼ ਨਾਲ ‘ਧਰਤੀ ਨੂੰ ਮਾਰੇਗਾ,’ ਯਾਨੀ ਸਾਰੇ ਦੁਸ਼ਟ ਲੋਕਾਂ ਦੇ ਨਾਸ਼ ਦਾ ਹੁਕਮ ਦੇਵੇਗਾ। (ਜ਼ਬੂਰ 2:9. ਪਰਕਾਸ਼ ਦੀ ਪੋਥੀ 19:15 ਦੀ ਤੁਲਨਾ ਕਰੋ।) ਅੰਤ ਵਿਚ, ਮਨੁੱਖਜਾਤੀ ਦੀ ਸ਼ਾਂਤੀ ਵਿਗਾੜਨ ਲਈ ਕੋਈ ਦੁਸ਼ਟ ਲੋਕ ਨਹੀਂ ਰਹਿਣਗੇ। (ਜ਼ਬੂਰ 37:10, 11) ਯਿਸੂ ਕੋਲ ਇਹ ਕਰਨ ਦੀ ਸ਼ਕਤੀ ਹੈ ਕਿਉਂਕਿ ਉਸ ਦੀ ਕਮਰ ਅਤੇ ਉਸ ਦਾ ਲੱਕ ਧਰਮ ਅਤੇ ਵਫ਼ਾਦਾਰੀ ਨਾਲ ਬੰਨ੍ਹੇ ਹੋਏ ਹਨ।—ਜ਼ਬੂਰ 45:3-7.

(ਯਸਾਯਾਹ 11:6-8) ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। 7 ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। 8 ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।

w12 9/15 9-10 ਪੈਰੇ 8-9

ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ!

8 ਕੀ ਇਨਸਾਨਾਂ ਲਈ ਸਾਰੇ ਜਾਨਵਰਾਂ ਨੂੰ ਆਪਣੇ ਵੱਸ ਵਿਚ ਕਰਨਾ ਅਤੇ ਉਨ੍ਹਾਂ ਨਾਲ ਸ਼ਾਂਤੀ ਨਾਲ ਰਹਿਣਾ ਮੁਮਕਿਨ ਹੈ? ਬਹੁਤ ਸਾਰੇ ਲੋਕ ਆਪਣੇ ਕੁੱਤੇ-ਬਿੱਲੀਆਂ ਤੇ ਹੋਰ ਪਾਲਤੂ ਜਾਨਵਰਾਂ ਨਾਲ ਪਿਆਰ ਕਰਦੇ ਹਨ। ਪਰ ਜੰਗਲੀ ਜਾਨਵਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਕ ਰਿਪੋਰਟ ਦੱਸਦੀ ਹੈ: “ਜਿਹੜੇ ਵਿਗਿਆਨੀ ਜੰਗਲੀ ਜਾਨਵਰਾਂ ਨਾਲ ਰਹਿ ਕੇ ਉਨ੍ਹਾਂ ਬਾਰੇ ਅਧਿਐਨ ਕਰਦੇ ਹਨ, ਉਨ੍ਹਾਂ ਨੇ ਦੇਖਿਆ ਹੈ ਕਿ ਸਾਰੇ ਥਣਧਾਰੀ ਜੀਵਾਂ ਵਿਚ ਭਾਵਨਾਵਾਂ ਹੁੰਦੀਆਂ ਹਨ।” ਇਹ ਸੱਚ ਹੈ ਕਿ ਜਦੋਂ ਜਾਨਵਰਾਂ ਨੂੰ ਆਪਣੀ ਜਾਨ ਨੂੰ ਖ਼ਤਰਾ ਨਜ਼ਰ ਆਉਂਦਾ ਹੈ, ਤਾਂ ਉਹ ਡਰ ਜਾਂਦੇ ਹਨ ਜਾਂ ਗੁੱਸੇ ਵਿਚ ਆ ਜਾਂਦੇ ਹਨ। ਪਰ ਕੀ ਉਹ ਪਿਆਰ ਤੇ ਹੋਰ ਇਹੋ ਜਿਹੀਆਂ ਭਾਵਨਾਵਾਂ ਜ਼ਾਹਰ ਕਰ ਸਕਦੇ ਹਨ? ਇਹ ਰਿਪੋਰਟ ਅੱਗੇ ਦੱਸਦੀ ਹੈ: “ਥਣਧਾਰੀ ਜਾਨਵਰ ਜਿਸ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਦਿਲਾਂ ਵਿਚ ਕਿੰਨਾ ਪਿਆਰ ਹੈ।”

9 ਇਸ ਕਰਕੇ ਸਾਨੂੰ ਬਾਈਬਲ ਦੀ ਇਸ ਗੱਲ ਤੋਂ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਨਸਾਨਾਂ ਅਤੇ ਜਾਨਵਰਾਂ ਵਿਚ ਸ਼ਾਂਤੀ ਭਰਿਆ ਰਿਸ਼ਤਾ ਹੋਵੇਗਾ। (ਯਸਾਯਾਹ 11:6-9; 65:25 ਪੜ੍ਹੋ।) ਕਿਉਂ ਨਹੀਂ? ਯਾਦ ਕਰੋ ਕਿ ਜਦੋਂ ਨੂਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਤੋਂ ਬਾਅਦ ਕਿਸ਼ਤੀ ਤੋਂ ਬਾਹਰ ਆਇਆ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ: ‘ਤੁਹਾਡਾ ਡਰ ਅਰ ਤੁਹਾਡਾ ਭੈ ਧਰਤੀ ਦੇ ਹਰ ਜਾਨਵਰ ਉੱਤੇ ਹੋਵੇਗਾ।’ ਇਸ ਡਰ ਕਰ ਕੇ ਬਹੁਤ ਸਾਰੇ ਜਾਨਵਰ ਆਪਣੀ ਜਾਨ ਬਚਾਉਣ ਲਈ ਇਨਸਾਨਾਂ ਤੋਂ ਦੂਰ ਭੱਜ ਜਾਂਦੇ ਹਨ। (ਉਤ. 9:2, 3) ਪਰ ਯਹੋਵਾਹ ਜਾਨਵਰਾਂ ਦੇ ਦਿਲਾਂ ਵਿੱਚੋਂ ਇਹ ਡਰ ਥੋੜ੍ਹਾ ਜਿਹਾ ਕੱਢ ਸਕਦਾ ਹੈ ਤਾਂਕਿ ਇਨਸਾਨਾਂ ਤੇ ਜਾਨਵਰਾਂ ਵਿਚ ਉਹੀ ਰਿਸ਼ਤਾ ਦੁਬਾਰਾ ਕਾਇਮ ਹੋਵੇ ਜੋ ਸ਼ੁਰੂ ਵਿਚ ਸੀ। (ਹੋਸ਼ੇ. 2:18) ਵਾਹ, ਦੁਨੀਆਂ ਦੇ ਅੰਤ ਤੋਂ ਬਚਣ ਵਾਲੇ ਸਾਰੇ ਲੋਕਾਂ ਨੂੰ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਉਡੀਕ ਰਿਹਾ ਹੈ!

(ਯਸਾਯਾਹ 11:9) “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”

w16.06 8 ਪੈਰਾ 9

ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ

9 ਨਵੀਂ ਦੁਨੀਆਂ ਵਿਚ ਅਸੀਂ ਇਸ ਪਿਆਰ ਅਤੇ ਸ਼ਾਂਤੀ ਭਰੇ ਮਾਹੌਲ ਦਾ ਪੂਰੀ ਤਰ੍ਹਾਂ ਆਨੰਦ ਮਾਣ ਸਕਾਂਗੇ। ਇਸ ਦੇ ਨਾਲ-ਨਾਲ ਪਰਮੇਸ਼ੁਰ ਦੇ ਰਾਜ ਅਧੀਨ ਪੂਰੀ ਦੁਨੀਆਂ ਇਕ ਸੁੰਦਰ ਬਾਗ਼ ਵਰਗੀ ਬਣਾਈ ਜਾਵੇਗੀ। ਉਸ ਸਮੇਂ ਦੌਰਾਨ ਯਹੋਵਾਹ ਸਾਨੂੰ ਢਾਲ਼ਦਾ ਰਹੇਗਾ ਅਤੇ ਸਾਨੂੰ ਇੰਨੀ ਵਧੀਆ ਸਿੱਖਿਆ ਦੇਵੇਗਾ ਜਿਸ ਬਾਰੇ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। (ਯਸਾ. 11:9) ਇਸ ਤੋਂ ਇਲਾਵਾ, ਪਰਮੇਸ਼ੁਰ ਸਾਡੇ ਮਨਾਂ ਅਤੇ ਸਰੀਰਾਂ ਨੂੰ ਮੁਕੰਮਲ ਬਣਾ ਦੇਵੇਗਾ ਜਿਸ ਕਰਕੇ ਅਸੀਂ ਉਸ ਦੀ ਸਿੱਖਿਆ ਆਸਾਨੀ ਨਾਲ ਸਮਝ ਸਕਾਂਗੇ ਅਤੇ ਪਾਪ ਤੋਂ ਆਜ਼ਾਦ ਹੋਣ ਕਰਕੇ ਉਸ ਦੀ ਇੱਛਾ ਪੂਰੀ ਕਰ ਸਕਾਂਗੇ। ਸੋ ਆਓ ਆਪਾਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੇ ਰਹੀਏ ਅਤੇ ਦਿਖਾਈਏ ਕਿ ਅਸੀਂ ਉਸ ਵੱਲੋਂ ਦਿੱਤੀ ਤਾੜਨਾ ਨੂੰ ਉਸ ਦੇ ਪਿਆਰ ਦਾ ਸਬੂਤ ਸਮਝਦੇ ਹਾਂ।—ਕਹਾ. 3:11, 12.

w13 6/1 7

ਪੱਖਪਾਤ ਤੋਂ ਬਗੈਰ ਦੁਨੀਆਂ—ਕਦੋਂ?

ਪਰਮੇਸ਼ੁਰ ਦਾ ਰਾਜ ਪੱਖਪਾਤ ਨੂੰ ਖ਼ਤਮ ਕਰੇਗਾ

ਬਾਈਬਲ ਪੱਖਪਾਤ ਕਰਨ ਦੀਆਂ ਸਾਡੀਆਂ ਭਾਵਨਾਵਾਂ ਨੂੰ ਕੰਟ੍ਰੋਲ ਕਰਨ ਤੇ ਉਨ੍ਹਾਂ ਨੂੰ ਜੜ੍ਹੋਂ ਪੁੱਟਣ ਵਿਚ ਸਾਡੀ ਮਦਦ ਕਰ ਸਕਦੀ ਹੈ। ਪਰ ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਤੋਂ ਪਹਿਲਾਂ ਹੋਰ ਦੋ ਚੀਜ਼ਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਪਹਿਲੀ ਚੀਜ਼ ਹੈ ਪਾਪ ਤੇ ਇਨਸਾਨ ਦੀਆਂ ਕਮੀਆਂ-ਕਮਜ਼ੋਰੀਆਂ। ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਕੋਈ ਆਦਮੀ ਅਜੇਹਾ ਨਹੀਂ ਜੋ ਪਾਪ ਨਾ ਕਰੇ।” (1 ਰਾਜਿਆਂ 8:46) ਸੋ ਭਾਵੇਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਫਿਰ ਵੀ ਸਾਨੂੰ ਪੌਲੁਸ ਰਸੂਲ ਵਾਂਗ ਆਪਣੀਆਂ ਅੰਦਰਲੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪੈਂਦਾ ਹੈ। ਉਸ ਨੇ ਲਿਖਿਆ: “ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰੇ ਅੰਦਰ ਬੁਰਾਈ ਮੌਜੂਦ ਹੁੰਦੀ ਹੈ।” (ਰੋਮੀਆਂ 7:21) ਇਸ ਲਈ ਸਮੇਂ-ਸਮੇਂ ਤੇ ਸਾਡਾ ਮਨ “ਭੈੜੀ ਸੋਚ” ਵੱਲ ਨੂੰ ਮੁੜਦਾ ਹੈ ਜਿਸ ਕਰਕੇ ਅਸੀਂ ਪੱਖਪਾਤ ਕਰ ਸਕਦੇ ਹਾਂ।—ਮਰਕੁਸ 7:21.

ਦੂਜੀ ਚੀਜ਼ ਹੈ ਸ਼ੈਤਾਨ ਦਾ ਪ੍ਰਭਾਵ। ਬਾਈਬਲ ਉਸ ਨੂੰ “ਕਾਤਲ” ਕਹਿੰਦੀ ਹੈ ਅਤੇ ਦੱਸਦੀ ਹੈ ਕਿ ਉਹ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਯੂਹੰਨਾ 8:44; ਪ੍ਰਕਾਸ਼ ਦੀ ਕਿਤਾਬ 12:9) ਤਾਹੀਓਂ ਦੁਨੀਆਂ ਵਿਚ ਇੰਨਾ ਜ਼ਿਆਦਾ ਪੱਖਪਾਤ ਹੈ ਤੇ ਇਨਸਾਨਾਂ ਲਈ ਨਸਲੀ ਕਤਲੇਆਮ, ਧਰਮ ਦੇ ਨਾਂ ʼਤੇ ਭੇਦ-ਭਾਵ ਅਤੇ ਜਾਤ-ਪਾਤ ਵਗੈਰਾ ਨੂੰ ਖ਼ਤਮ ਕਰਨਾ ਨਾਮੁਮਕਿਨ ਲੱਗਦਾ ਹੈ।

ਇਸ ਲਈ ਪੱਖਪਾਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਤੋਂ ਪਹਿਲਾਂ ਪਾਪ, ਇਨਸਾਨੀ ਕਮੀਆਂ-ਕਮਜ਼ੋਰੀਆਂ ਅਤੇ ਸ਼ੈਤਾਨ ਦੇ ਪ੍ਰਭਾਵ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਰਾਜ ਇਹ ਕਰੇਗਾ।

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਨੂੰ ਇਨ੍ਹਾਂ ਸ਼ਬਦਾਂ ਨਾਲ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਪਰਮੇਸ਼ੁਰ ਦਾ ਰਾਜ ਸਾਰੀਆਂ ਬੁਰਾਈਆਂ, ਜਿਸ ਵਿਚ ਹਰ ਤਰ੍ਹਾਂ ਦਾ ਪੱਖਪਾਤ ਵੀ ਸ਼ਾਮਲ ਹੈ, ਨੂੰ ਖ਼ਤਮ ਕਰ ਦੇਵੇਗਾ।

ਜਦੋਂ ਪਰਮੇਸ਼ੁਰ ਦਾ ਰਾਜ ਆ ਕੇ ਸਾਰੀ ਧਰਤੀ ʼਤੇ ਕੰਟ੍ਰੋਲ ਕਰ ਲਵੇਗਾ, ਉਦੋਂ ਸ਼ੈਤਾਨ ਨੂੰ “ਬੰਨ੍ਹ ਦਿੱਤਾ” ਜਾਵੇਗਾ ਤਾਂਕਿ ਉਹ “ਕੌਮਾਂ ਨੂੰ ਗੁਮਰਾਹ ਨਾ ਕਰੇ।” (ਪ੍ਰਕਾਸ਼ ਦੀ ਕਿਤਾਬ 20:2, 3) ਫਿਰ “ਨਵੀਂ ਧਰਤੀ” ਯਾਨੀ ਨਵਾਂ ਸਮਾਜ ਹੋਵੇਗਾ ਜਿਸ ਵਿਚ “ਧਾਰਮਿਕਤਾ ਰਹੇਗੀ।”—2 ਪਤਰਸ 3:13.

ਜਿਹੜੇ ਲੋਕ ਉਸ ਧਰਮੀ ਸਮਾਜ ਵਿਚ ਰਹਿਣਗੇ ਉਨ੍ਹਾਂ ਨੂੰ ਪਾਪ ਤੋਂ ਆਜ਼ਾਦ ਕਰ ਕੇ ਮੁਕੰਮਲ ਬਣਾਇਆ ਜਾਵੇਗਾ। (ਰੋਮੀਆਂ 8:21) ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਹੋਣ ਕਰਕੇ “ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।” ਕਿਉਂ? “ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾਯਾਹ 11:9) ਉਸ ਸਮੇਂ ਸਾਰੇ ਲੋਕ ਯਹੋਵਾਹ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖਣਗੇ ਤੇ ਉਸ ਦੀ ਰੀਸ ਕਰਨਗੇ। ਵਾਕਈ, ਪੱਖਪਾਤ ਬਿਲਕੁਲ ਖ਼ਤਮ ਹੋ ਜਾਵੇਗਾ “ਕਿਉਂਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।”—ਰੋਮੀਆਂ 2:11.

ਹੀਰੇ-ਮੋਤੀਆਂ ਦੀ ਖੋਜ ਕਰੋ

(ਯਸਾਯਾਹ 11:1) ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।

(ਯਸਾਯਾਹ 11:10) ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ,—ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਅਸਥਾਨ ਪਰਤਾਪਵਾਨ ਹੋਵੇਗਾ।

w06 12/1 9 ਪੈਰਾ 6

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

11:1, 10—ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ “ਯੱਸੀ ਦੇ ਟੁੰਡ ਤੋਂ ਇੱਕ ਲਗਰ” ਅਤੇ “ਯੱਸੀ ਦੀ ਜੜ੍ਹ” ਵੀ ਹੈ? (ਰੋਮੀਆਂ 15:12) ਯਿਸੂ ਜਦ ਧਰਤੀ ਤੇ ਆਇਆ, ਤਾਂ ਉਹ “ਯੱਸੀ ਦੇ ਟੁੰਡ ਤੋਂ ਇਕ ਲਗਰ” ਹੀ ਸੀ। ਉਹ ਯੱਸੀ ਦੇ ਪੁੱਤਰ ਦਾਊਦ ਦੇ ਘਰਾਣੇ ਵਿੱਚੋਂ ਸੀ। (ਮੱਤੀ 1:1-6; ਲੂਕਾ 3:23-32) ਪਰ ਰਾਜ ਸੱਤਾ ਸੰਭਾਲਦਿਆਂ ਹੀ ਆਪਣੇ ਵੱਡੇ-ਵਡੇਰਿਆਂ ਨਾਲ ਉਸ ਦਾ ਰਿਸ਼ਤਾ ਬਦਲ ਗਿਆ। ਯਿਸੂ ਨੂੰ ਵਫ਼ਾਦਾਰ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਅਧਿਕਾਰ ਸੌਂਪਿਆ ਗਿਆ ਜਿਸ ਕਰਕੇ ਉਹ ਉਨ੍ਹਾਂ ਦਾ “ਅਨਾਦੀ ਪਿਤਾ” ਬਣ ਗਿਆ। (ਯਸਾਯਾਹ 9:6) ਇਸ ਤਰ੍ਹਾਂ ਯਿਸੂ ਯੱਸੀ ਤੇ ਆਪਣੇ ਹੋਰ ਵੱਡੇ-ਵਡੇਰਿਆਂ ਦੀ “ਜੜ੍ਹ” ਹੈ।

(ਯਸਾਯਾਹ 13:17) ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ।

w06 12/1 10 ਪੈਰਾ 10

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

ਕੁਝ ਸਵਾਲਾਂ ਦੇ ਜਵਾਬ:

13:17—ਮਾਦੀਆਂ ਨੇ ਕਿਵੇਂ ਚਾਂਦੀ ਨੂੰ ਵਿਅਰਥ ਜਾਣਿਆ ਅਤੇ ਸੋਨੇ ਵਿਚ ਕੋਈ ਦਿਲਚਸਪੀ ਨਹੀਂ ਲਈ? ਮਾਦੀ ਤੇ ਫ਼ਾਰਸੀ ਲੋਕਾਂ ਨੂੰ ਲੜਾਈ ਵਿਚ ਲੁੱਟੇ ਮਾਲ ਨਾਲੋਂ ਜਿੱਤ ਜ਼ਿਆਦਾ ਪਿਆਰੀ ਸੀ। ਇਸ ਗੱਲ ਦਾ ਸਬੂਤ ਅਸੀਂ ਖੋਰੁਸ ਦੀ ਮਿਸਾਲ ਤੋਂ ਦੇਖ ਸਕਦੇ ਹਾਂ। ਉਸ ਨੇ ਉਹ ਸਾਰੇ ਸੋਨੇ-ਚਾਂਦੀ ਦੇ ਭਾਂਡੇ, ਜੋ ਨਬੂਕਦਨੱਸਰ ਨੇ ਯਹੋਵਾਹ ਦੇ ਭਵਨ ਵਿੱਚੋਂ ਲੁੱਟੇ ਸਨ, ਗ਼ੁਲਾਮੀ ਤੋਂ ਆਜ਼ਾਦ ਹੋਏ ਯਹੂਦੀਆਂ ਨੂੰ ਵਾਪਸ ਦੇ ਦਿੱਤੇ।

26 ਦਸੰਬਰ—1 ਜਨਵਰੀ

ਰੱਬ ਦਾ ਬਚਨ ਖ਼ਜ਼ਾਨਾ ਹੈ

“ਤਾਕਤ ਦਾ ਗ਼ਲਤ ਇਸਤੇਮਾਲ ਕਰਨ ਨਾਲ ਅਧਿਕਾਰ ਖੋਹਿਆ ਜਾ ਸਕਦਾ ਹੈ”

(ਯਸਾਯਾਹ 22:15, 16) ਸੈਨਾਂ ਦਾ ਪ੍ਰਭੁ ਯਹੋਵਾਹ ਇਉਂ ਆਖਦਾ ਹੈ, ਆ, ਇਸ ਮੁਖ਼ਤਿਆਰ ਕੋਲ, ਸ਼ਬਨਾ ਕੋਲ, ਜਾਹ ਜਿਹੜਾ ਇਸ ਘਰ ਉੱਤੇ ਹੈ। 16 ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰੇ ਕੋਲ ਕੌਣ ਹੈ? ਕਿ ਤੈਂ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਘੜਦਾ ਹੈ!

ip-1 238 ਪੈਰੇ 16-17

ਬੇਵਫ਼ਾਈ ਤੋਂ ਸਬਕ

ਇਕ ਖ਼ੁਦਗਰਜ਼ ਮੁਖ਼ਤਿਆਰ

16 ਨਬੀ ਨੇ ਅੱਗੇ ਇਨ੍ਹਾਂ ਬੇਵਫ਼ਾ ਲੋਕਾਂ ਵੱਲੋਂ ਧਿਆਨ ਹਟਾ ਕੇ ਇਕ ਬੇਵਫ਼ਾ ਵਿਅਕਤੀ ਵੱਲ ਧਿਆਨ ਲਗਾਇਆ। ਉਸ ਨੇ ਲਿਖਿਆ: “ਸੈਨਾਂ ਦਾ ਪ੍ਰਭੁ ਯਹੋਵਾਹ ਇਉਂ ਆਖਦਾ ਹੈ, ਆ, ਇਸ ਮੁਖ਼ਤਿਆਰ ਕੋਲ, ਸ਼ਬਨਾ ਕੋਲ, ਜਾਹ ਜਿਹੜਾ ਇਸ ਘਰ ਉੱਤੇ ਹੈ। ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰੇ ਕੋਲ ਕੌਣ ਹੈ? ਕਿ ਤੈਂ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਘੜਦਾ ਹੈ!”—ਯਸਾਯਾਹ 22:15, 16.

17 ਸ਼ਬਨਾ ‘ਘਰ ਦਾ ਮੁਖ਼ਤਿਆਰ ਸੀ।’ ਇਹ ਘਰ ਸ਼ਾਇਦ ਰਾਜਾ ਹਿਜ਼ਕੀਯਾਹ ਦਾ ਸੀ। ਇਸ ਮੁਖ਼ਤਿਆਰੀ ਦੇ ਕਾਰਨ ਉਸ ਦੀ ਉੱਚੀ ਪਦਵੀ ਸੀ ਅਤੇ ਰਾਜੇ ਤੋਂ ਬਾਅਦ ਉਹ ਦੂਜੇ ਦਰਜੇ ਤੇ ਸੀ। ਇਸ ਲਈ ਉਸ ਦੀਆਂ ਕਾਫ਼ੀ ਜ਼ਿੰਮੇਵਾਰੀਆਂ ਸਨ। (1 ਕੁਰਿੰਥੀਆਂ 4:2) ਘੇਰਾਬੰਦੀ ਦੇ ਸਮੇਂ ਉਸ ਨੂੰ ਕੌਮ ਦੇ ਕੰਮਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਸੀ, ਪਰ ਇਸ ਦੀ ਬਜਾਇ ਉਸ ਨੇ ਆਪਣੀ ਹੀ ਵਡਿਆਈ ਚਾਹੀ। ਉਹ ਕਿਸੇ ਉੱਚੀ ਚਟਾਨ ਤੇ ਆਪਣੇ ਲਈ ਇਕ ਅਜਿਹੀ ਸ਼ਾਨਦਾਰ ਕਬਰ ਘੜਵਾ ਰਿਹਾ ਸੀ ਜੋ ਕਿ ਰਾਜਿਆਂ ਦੇ ਲਾਇਕ ਸੀ। ਯਹੋਵਾਹ ਨੇ ਇਹ ਦੇਖਿਆ ਅਤੇ ਇਸ ਬੇਵਫ਼ਾ ਮੁਖ਼ਤਿਆਰ ਨੂੰ ਚੇਤਾਵਨੀ ਦੇਣ ਲਈ ਯਸਾਯਾਹ ਨੂੰ ਪ੍ਰੇਰਿਤ ਕੀਤਾ: “ਵੇਖੋ, ਹੇ ਸੂਰਮੇ, ਯਹੋਵਾਹ ਤੈਨੂੰ ਵਗਾਹ ਕੇ ਸੁੱਟ ਦੇਵੇਗਾ! ਉਹ ਤੈਨੂੰ ਫੜ ਛੱਡੇਗਾ। ਉਹ ਜ਼ੋਰ ਨਾਲ ਘੁਮਾ ਘੁਮਾ ਕੇ ਤੈਨੂੰ ਖਿੱਦੋ ਵਾਂਙੁ ਮੋਕਲੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ, ਹੇ ਤੂੰ ਆਪਣੇ ਮਾਲਕ ਦੇ ਘਰ ਦੀ ਸ਼ਰਮ! ਮੈਂ ਤੈਨੂੰ ਤੇਰੇ ਹੁੱਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ।” (ਯਸਾਯਾਹ 22:17-19) ਸ਼ਬਨਾ ਨੇ ਸਿਰਫ਼ ਆਪਣੇ ਬਾਰੇ ਹੀ ਸੋਚਿਆ, ਇਸ ਲਈ ਯਰੂਸ਼ਲਮ ਵਿਚ ਉਸ ਦੀ ਕੋਈ ਆਮ ਕਬਰ ਵੀ ਨਹੀਂ ਹੋਵੇਗੀ। ਸਗੋਂ, ਇਕ ਗੇਂਦ ਵਾਂਗ, ਉਸ ਨੂੰ ਕਿਸੇ ਦੂਰ ਦੇਸ਼ ਵਿਚ ਮਰਨ ਲਈ ਵਗਾਹ ਕੇ ਸੁੱਟਿਆ ਜਾਵੇਗਾ। ਇਸ ਵਿਚ ਉਨ੍ਹਾਂ ਸਾਰਿਆਂ ਲਈ ਚੇਤਾਵਨੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜੇ ਉਹ ਇਸ ਅਧਿਕਾਰ ਦੀ ਕੁਵਰਤੋਂ ਕਰਨਗੇ, ਤਾਂ ਉਹ ਆਪਣਾ ਇਖ਼ਤਿਆਰ ਖੋਹ ਬੈਠਣਗੇ।

(ਯਸਾਯਾਹ 22:17-22) ਵੇਖੋ, ਹੇ ਸੂਰਮੇ, ਯਹੋਵਾਹ ਤੈਨੂੰ ਵਗਾਹ ਕੇ ਸੁੱਟ ਦੇਵੇਗਾ! ਉਹ ਤੈਨੂੰ ਫੜ ਛੱਡੇਗਾ। 18 ਉਹ ਜ਼ੋਰ ਨਾਲ ਘੁਮਾ ਘੁਮਾ ਕੇ ਤੈਨੂੰ ਖਿੱਦੋ ਵਾਂਙੁ ਮੋਕਲੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ, ਹੇ ਤੂੰ ਆਪਣੇ ਮਾਲਕ ਦੇ ਘਰ ਦੀ ਸ਼ਰਮ! 19 ਮੈਂ ਤੈਨੂੰ ਤੇਰੇ ਹੁੱਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ। 20 ਓਸ ਦਿਨ ਐਉਂ ਹੋਵੇਗਾ ਕਿ ਮੈਂ ਆਪਣੇ ਦਾਸ ਹਿਲਕੀਯਾਹ ਦੇ ਪੁੱਤ੍ਰ ਅਲਯਾਕੀਮ ਨੂੰ ਬੁਲਾਵਾਂਗਾ। 21 ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਨੂੰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ। 22 ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ ਤਾਂ ਉਹ ਖੋਲ੍ਹੇਗਾ ਅਰ ਕੋਈ ਬੰਦ ਨਾ ਕਰੇਗਾ ਅਤੇ ਉਹ ਬੰਦ ਕਰੇਗਾ ਅਰ ਕੋਈ ਖੋਲ੍ਹੇਗਾ ਨਾ।

ip-1 238-239 ਪੈਰੇ 17-18

ਬੇਵਫ਼ਾਈ ਤੋਂ ਸਬਕ

17 ਸ਼ਬਨਾ ‘ਘਰ ਦਾ ਮੁਖ਼ਤਿਆਰ ਸੀ।’ ਇਹ ਘਰ ਸ਼ਾਇਦ ਰਾਜਾ ਹਿਜ਼ਕੀਯਾਹ ਦਾ ਸੀ। ਇਸ ਮੁਖ਼ਤਿਆਰੀ ਦੇ ਕਾਰਨ ਉਸ ਦੀ ਉੱਚੀ ਪਦਵੀ ਸੀ ਅਤੇ ਰਾਜੇ ਤੋਂ ਬਾਅਦ ਉਹ ਦੂਜੇ ਦਰਜੇ ਤੇ ਸੀ। ਇਸ ਲਈ ਉਸ ਦੀਆਂ ਕਾਫ਼ੀ ਜ਼ਿੰਮੇਵਾਰੀਆਂ ਸਨ। (1 ਕੁਰਿੰਥੀਆਂ 4:2) ਘੇਰਾਬੰਦੀ ਦੇ ਸਮੇਂ ਉਸ ਨੂੰ ਕੌਮ ਦੇ ਕੰਮਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਸੀ, ਪਰ ਇਸ ਦੀ ਬਜਾਇ ਉਸ ਨੇ ਆਪਣੀ ਹੀ ਵਡਿਆਈ ਚਾਹੀ। ਉਹ ਕਿਸੇ ਉੱਚੀ ਚਟਾਨ ਤੇ ਆਪਣੇ ਲਈ ਇਕ ਅਜਿਹੀ ਸ਼ਾਨਦਾਰ ਕਬਰ ਘੜਵਾ ਰਿਹਾ ਸੀ ਜੋ ਕਿ ਰਾਜਿਆਂ ਦੇ ਲਾਇਕ ਸੀ। ਯਹੋਵਾਹ ਨੇ ਇਹ ਦੇਖਿਆ ਅਤੇ ਇਸ ਬੇਵਫ਼ਾ ਮੁਖ਼ਤਿਆਰ ਨੂੰ ਚੇਤਾਵਨੀ ਦੇਣ ਲਈ ਯਸਾਯਾਹ ਨੂੰ ਪ੍ਰੇਰਿਤ ਕੀਤਾ: “ਵੇਖੋ, ਹੇ ਸੂਰਮੇ, ਯਹੋਵਾਹ ਤੈਨੂੰ ਵਗਾਹ ਕੇ ਸੁੱਟ ਦੇਵੇਗਾ! ਉਹ ਤੈਨੂੰ ਫੜ ਛੱਡੇਗਾ। ਉਹ ਜ਼ੋਰ ਨਾਲ ਘੁਮਾ ਘੁਮਾ ਕੇ ਤੈਨੂੰ ਖਿੱਦੋ ਵਾਂਙੁ ਮੋਕਲੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ, ਹੇ ਤੂੰ ਆਪਣੇ ਮਾਲਕ ਦੇ ਘਰ ਦੀ ਸ਼ਰਮ! ਮੈਂ ਤੈਨੂੰ ਤੇਰੇ ਹੁੱਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ।” (ਯਸਾਯਾਹ 22:17-19) ਸ਼ਬਨਾ ਨੇ ਸਿਰਫ਼ ਆਪਣੇ ਬਾਰੇ ਹੀ ਸੋਚਿਆ, ਇਸ ਲਈ ਯਰੂਸ਼ਲਮ ਵਿਚ ਉਸ ਦੀ ਕੋਈ ਆਮ ਕਬਰ ਵੀ ਨਹੀਂ ਹੋਵੇਗੀ। ਸਗੋਂ, ਇਕ ਗੇਂਦ ਵਾਂਗ, ਉਸ ਨੂੰ ਕਿਸੇ ਦੂਰ ਦੇਸ਼ ਵਿਚ ਮਰਨ ਲਈ ਵਗਾਹ ਕੇ ਸੁੱਟਿਆ ਜਾਵੇਗਾ। ਇਸ ਵਿਚ ਉਨ੍ਹਾਂ ਸਾਰਿਆਂ ਲਈ ਚੇਤਾਵਨੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜੇ ਉਹ ਇਸ ਅਧਿਕਾਰ ਦੀ ਕੁਵਰਤੋਂ ਕਰਨਗੇ, ਤਾਂ ਉਹ ਆਪਣਾ ਇਖ਼ਤਿਆਰ ਖੋਹ ਬੈਠਣਗੇ।

18 ਪਰ, ਸ਼ਬਨਾ ਆਪਣੀ ਪਦਵੀ ਤੋਂ ਕਿਵੇਂ ਲਾਹਿਆ ਗਿਆ? ਯਸਾਯਾਹ ਰਾਹੀਂ ਯਹੋਵਾਹ ਨੇ ਸਮਝਾਇਆ: “ਓਸ ਦਿਨ ਐਉਂ ਹੋਵੇਗਾ ਕਿ ਮੈਂ ਆਪਣੇ ਦਾਸ ਹਿਲਕੀਯਾਹ ਦੇ ਪੁੱਤ੍ਰ ਅਲਯਾਕੀਮ ਨੂੰ ਬੁਲਾਵਾਂਗਾ। ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਨੂੰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ। ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ ਤਾਂ ਉਹ ਖੋਲ੍ਹੇਗਾ ਅਰ ਕੋਈ ਬੰਦ ਨਾ ਕਰੇਗਾ ਅਤੇ ਉਹ ਬੰਦ ਕਰੇਗਾ ਅਰ ਕੋਈ ਖੋਲ੍ਹੇਗਾ ਨਾ।” (ਯਸਾਯਾਹ 22:20-22) ਸ਼ਬਨਾ ਦੀ ਜਗ੍ਹਾ ਅਲਯਾਕੀਮ ਨੇ ਲੈ ਲਈ। ਉਸ ਨੂੰ ਮੁਖ਼ਤਿਆਰ ਦਾ ਚੋਗਾ ਅਤੇ ਦਾਊਦ ਦੇ ਘਰ ਦੀ ਕੁੰਜੀ ਦਿੱਤੀ ਗਈ। ਬਾਈਬਲ ਵਿਚ “ਕੁੰਜੀ” ਦਾ ਅਰਥ ਅਧਿਕਾਰ, ਹਕੂਮਤ, ਜਾਂ ਹੱਕ ਵੀ ਹੋ ਸਕਦਾ ਹੈ। (ਮੱਤੀ 16:19 ਦੀ ਤੁਲਨਾ ਕਰੋ।) ਪੁਰਾਣੇ ਜ਼ਮਾਨੇ ਵਿਚ, ਰਾਜੇ ਦੇ ਸਲਾਹਕਾਰ ਨੂੰ ਕੁੰਜੀਆਂ ਦਿੱਤੀਆਂ ਜਾਂਦੀਆਂ ਸਨ, ਸ਼ਾਇਦ ਸ਼ਾਹੀ ਕਮਰਿਆਂ ਦੀ ਨਿਗਰਾਨੀ ਕਰਨ ਵਾਸਤੇ। ਉਹੀ ਰਾਜੇ ਦੀ ਸੇਵਾ ਲਈ ਸੇਵਾਦਾਰ ਵੀ ਚੁਣਦਾ ਹੁੰਦਾ ਸੀ। (ਪਰਕਾਸ਼ ਦੀ ਪੋਥੀ 3:7, 8 ਦੀ ਤੁਲਨਾ ਕਰੋ।) ਇਸ ਲਈ, ਮੁਖ਼ਤਿਆਰ ਦੀ ਪਦਵੀ ਮਹੱਤਵਪੂਰਣ ਸੀ ਅਤੇ ਮੁਖ਼ਤਿਆਰੀ ਕਰਨ ਵਾਲੇ ਤੋਂ ਕਾਫ਼ੀ ਉਮੀਦ ਰੱਖੀ ਜਾਂਦੀ ਸੀ। (ਲੂਕਾ 12:48) ਸ਼ਬਨਾ ਭਾਵੇਂ ਕਾਬਲ ਸੀ, ਪਰ ਉਸ ਦੀ ਬੇਵਫ਼ਾਈ ਕਰਕੇ ਯਹੋਵਾਹ ਨੇ ਉਸ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਰੱਖਿਆ।

(ਯਸਾਯਾਹ 22:23-25) ਮੈਂ ਉਹ ਨੂੰ ਕੀਲੇ ਵਾਂਙੁ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ। 24 ਅਤੇ ਓਹ ਉਹ ਦੇ ਉੱਤੇ ਉਹ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਆਲ ਔਲਾਦ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈਕੇ ਸਾਰੀਆਂ ਗਾਗਰਾਂ ਤੀਕ। 25 ਓਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ ਅੱਡ ਹੋ ਜਾਵੇਗਾ ਕਿਉਂ ਜੋ ਯਹੋਵਾਹ ਇਉਂ ਬੋਲਿਆ ਹੈ।

w07 1/15 8 ਪੈਰਾ 6

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

ਸਾਡੇ ਲਈ ਸਬਕ:

36:2, 3, 22. ਭਾਵੇਂ ਸ਼ਬਨਾ ਨੂੰ ਮੁਖ਼ਤਿਆਰ ਦੇ ਅਹੁਦੇ ਤੋਂ ਲਾਹ ਕੇ ਇਹ ਅਹੁਦਾ ਕਿਸੇ ਹੋਰ ਨੂੰ ਦਿੱਤਾ ਗਿਆ ਸੀ, ਫਿਰ ਵੀ ਸ਼ਬਨਾ ਨੂੰ ਰਾਜੇ ਦੇ ਦਰਬਾਰ ਵਿਚ ਮੁਨੀਮ (ਸੈਕਟਰੀ) ਵਜੋਂ ਰੱਖਿਆ ਗਿਆ ਸੀ। (ਯਸਾਯਾਹ 22:15, 19) ਯਹੋਵਾਹ ਦੇ ਸੰਗਠਨ ਵਿਚ ਜੇ ਕਿਸੇ ਕਾਰਨ ਸਾਡੇ ਤੋਂ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਹਨ, ਤਾਂ ਵੀ ਸਾਨੂੰ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣਾ ਚਾਹੀਦਾ ਹੈ।

ip-1 240-241 ਪੈਰਾ 19-20

ਬੇਵਫ਼ਾਈ ਤੋਂ ਸਬਕ

ਦੋ ਕਿੱਲੇ ਕੌਣ ਸਨ?

19 ਅੰਤ ਵਿਚ, ਯਹੋਵਾਹ ਨੇ ਤਸਵੀਰੀ ਭਾਸ਼ਾ ਵਿਚ ਸ਼ਬਨਾ ਦੀ ਜਗ੍ਹਾ ਤੇ ਅਲਯਾਕੀਮ ਨੂੰ ਅਧਿਕਾਰ ਮਿਲਣ ਬਾਰੇ ਦੱਸਿਆ: “ਮੈਂ [ਅਲਯਾਕੀਮ] ਨੂੰ ਕੀਲੇ ਵਾਂਙੁ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ। ਅਤੇ ਓਹ ਉਹ ਦੇ ਉੱਤੇ ਉਹ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਆਲ ਔਲਾਦ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈਕੇ ਸਾਰੀਆਂ ਗਾਗਰਾਂ ਤੀਕ। ਓਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ [ਸ਼ਬਨਾ] ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ ਅੱਡ ਹੋ ਜਾਵੇਗਾ ਕਿਉਂ ਜੋ ਯਹੋਵਾਹ ਇਉਂ ਬੋਲਿਆ ਹੈ।”—ਯਸਾਯਾਹ 22:23-25.

20 ਇਨ੍ਹਾਂ ਆਇਤਾਂ ਵਿਚ ਪਹਿਲਾ ਕਿੱਲਾ ਅਲਯਾਕੀਮ ਸੀ। ਉਹ ਆਪਣੇ ਪਿਤਾ ਹਿਲਕੀਯਾਹ ਦੇ ਘਰਾਣੇ ਲਈ “ਇੱਕ ਤੇਜਵਾਨ ਸਿੰਘਾਸਣ ਹੋਵੇਗਾ।” ਅਲਯਾਕੀਮ ਨੇ ਸ਼ਬਨਾ ਵਾਂਗ ਆਪਣੇ ਪਿਤਾ ਦੇ ਘਰਾਣੇ ਉੱਤੇ ਬਦਨਾਮੀ ਨਹੀਂ ਲਿਆਂਦੀ। ਅਲਯਾਕੀਮ ਨੇ ਘਰਾਣੇ ਦੇ ਸਾਰੇ ਭਾਂਡਿਆਂ, ਯਾਨੀ ਰਾਜੇ ਦੇ ਹੋਰ ਸੇਵਾਦਾਰਾਂ ਨੂੰ ਪੂਰੀ ਸਹਾਇਤਾ ਦਿੱਤੀ। (2 ਤਿਮੋਥਿਉਸ 2:20, 21) ਦੂਜਾ ਕਿੱਲਾ, ਯਾਨੀ ਸ਼ਬਨਾ ਕਿੰਨਾ ਵੱਖਰਾ ਸੀ। ਭਾਵੇਂ ਉਸ ਦੀ ਜਗ੍ਹਾ ਪੱਕੀ ਲੱਗਦੀ ਸੀ ਪਰ ਉਹ ਉਖੇੜਿਆ ਗਿਆ। ਉਸ ਉੱਤੇ ਭਰੋਸਾ ਰੱਖਣ ਵਾਲੇ ਡਿੱਗ ਪਏ।

ਹੀਰੇ-ਮੋਤੀਆਂ ਦੀ ਖੋਜ ਕਰੋ

(ਯਸਾਯਾਹ 21:1) ਸਮੁੰਦਰ ਦੀ ਉਜਾੜ ਲਈ ਅਗੰਮ ਵਾਕ,—ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ ਹੈ।

w06 12/1 11 ਪੈਰਾ 2

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ

21:1—“ਸਮੁੰਦਰ ਦੀ ਉਜਾੜ” ਕਿਹੜਾ ਇਲਾਕਾ ਸੀ? ਬਾਬਲ ਭਾਵੇਂ ਸਮੁੰਦਰ ਦੇ ਲਾਗੇ ਨਹੀਂ ਸੀ, ਫਿਰ ਵੀ ਇਸ ਨੂੰ ਸਮੁੰਦਰ ਦੀ ਉਜਾੜ ਕਿਹਾ ਗਿਆ ਹੈ। ਫਰਾਤ ਦਰਿਆ ਅਤੇ ਟਾਈਗ੍ਰਿਸ ਦਰਿਆ ਕਰਕੇ ਇਸ ਇਲਾਕੇ ਵਿਚ ਹਰ ਸਾਲ ਹੜ੍ਹ ਆਇਆ ਕਰਦੇ ਸਨ, ਜਿਸ ਕਰਕੇ ਇਹ ਇਲਾਕਾ ਦਲਦਲੀ “ਸਮੁੰਦਰ” ਜਿਹਾ ਬਣ ਜਾਂਦਾ ਸੀ।

(ਯਸਾਯਾਹ 23:17, 18) ਸੱਤਰਾਂ ਵਰਿਹਾਂ ਦੇ ਅੰਤ ਵਿੱਚ ਐਉਂ ਹੋਵੇਗਾ ਕਿ ਯਹੋਵਾਹ ਸੂਰ ਦੀ ਖਬਰ ਲਵੇਗਾ ਅਤੇ ਉਹ ਆਪਣੀ ਖਰਚੀ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਨਾਲ ਕੰਜਰਪੁਣਾ ਕਰੇਗੀ। 18 ਉਹ ਦੀ ਖੱਟੀ ਅਰ ਉਹ ਦੀ ਖਰਚੀ ਯਹੋਵਾਹ ਲਈ ਸੰਕਲਪ ਕੀਤੀ ਜਾਵੇਗੀ। ਨਾ ਉਹ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਖੱਟੀ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗੀ ਭਈ ਓਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।

ip-1 253-254 ਪੈਰੇ 22-24

ਯਹੋਵਾਹ ਨੇ ਸੂਰ ਸ਼ਹਿਰ ਦਾ ਘਮੰਡ ਤੋੜਿਆ

22 ਯਸਾਯਾਹ ਨੇ ਅੱਗੇ ਦੱਸਿਆ: “ਸੱਤਰਾਂ ਵਰਿਹਾਂ ਦੇ ਅੰਤ ਵਿੱਚ ਸੂਰ ਲਈ ਕੰਜਰੀ ਦੇ ਗੀਤ ਵਾਂਙੁ ਹੋਵੇਗਾ,—ਬਰਬਤ ਲੈ, ਸ਼ਹਿਰ ਵਿੱਚ ਫਿਰ, ਹੇ ਵਿਸਰੀਏ ਕੰਜਰੀਏ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਭਈ ਤੂੰ ਚੇਤੇ ਆਵੇਂ। ਸੱਤਰਾਂ ਵਰਿਹਾਂ ਦੇ ਅੰਤ ਵਿੱਚ ਐਉਂ ਹੋਵੇਗਾ ਕਿ ਯਹੋਵਾਹ ਸੂਰ ਦੀ ਖਬਰ ਲਵੇਗਾ ਅਤੇ ਉਹ ਆਪਣੀ ਖਰਚੀ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਨਾਲ ਕੰਜਰਪੁਣਾ ਕਰੇਗੀ।”—ਯਸਾਯਾਹ 23:15ਅ-17.

23 ਸੰਨ 539 ਸਾ.ਯੁ.ਪੂ. ਵਿਚ ਬਾਬਲ ਦੇ ਡਿੱਗਣ ਤੋਂ ਬਾਅਦ, ਕਨਾਨ ਮਾਦੀ-ਫ਼ਾਰਸੀ ਸਾਮਰਾਜ ਦਾ ਸੂਬਾ ਬਣ ਗਿਆ। ਫ਼ਾਰਸੀ ਸ਼ਹਿਨਸ਼ਾਹ ਖੋਰਸ ਮਹਾਨ ਇਕ ਧੀਰਜਵਾਨ ਰਾਜਾ ਸੀ। ਉਸ ਦੇ ਨਵੇਂ ਰਾਜ ਅਧੀਨ ਸੂਰ ਨੇ ਆਪਣੇ ਪਹਿਲੇ ਕੰਮ ਨੂੰ ਦੁਬਾਰਾ ਸ਼ੁਰੂ ਕੀਤਾ ਅਤੇ ਸੰਸਾਰ ਦਾ ਵਪਾਰਕ ਕੇਂਦਰ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਇਸ ਤਰ੍ਹਾਂ ਸੀ ਜਿਵੇਂ ਇਕ ਭੁਲਾਈ ਗਈ ਕੰਜਰੀ ਆਪਣੇ ਪਹਿਲੇ ਗਾਹਕ ਖੋਹ ਬੈਠਣ ਤੇ ਨਵੇਂ ਗਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਸ਼ਹਿਰ ਵਿਚ ਜਾ ਕੇ ਬਰਬਤ ਵਜਾਉਂਦੀ ਅਤੇ ਆਪਣੇ ਗਾਣੇ ਗਾਉਂਦੀ ਹੈ। ਕੀ ਸੂਰ ਕਾਮਯਾਬ ਹੋਇਆ? ਜੀ ਹਾਂ, ਯਹੋਵਾਹ ਨੇ ਉਸ ਨੂੰ ਕਾਮਯਾਬੀ ਬਖ਼ਸ਼ੀ। ਅੰਤ ਵਿਚ, ਇਹ ਟਾਪੂ-ਸ਼ਹਿਰ ਇੰਨਾ ਕਾਮਯਾਬ ਹੋਇਆ ਕਿ ਛੇਵੀਂ ਸਦੀ ਸਾ.ਯੁ.ਪੂ. ਦੇ ਅੰਤ ਤੇ, ਨਬੀ ਜ਼ਕਰਯਾਹ ਨੇ ਕਿਹਾ: “ਸੂਰ ਨੇ ਆਪਣੇ ਲਈ ਗੜ੍ਹ ਬਣਾਇਆ, ਚਾਂਦੀ ਦੇ ਢੇਰ ਧੂੜ ਵਾਂਙੁ, ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਙੁ ਢੇਰਾਂ ਦੇ ਢੇਰ ਲਾ ਲਏ।”—ਜ਼ਕਰਯਾਹ 9:3.

‘ਉਹ ਦੀ ਖੱਟੀ ਯਹੋਵਾਹ ਲਈ ਪਵਿੱਤਰ ਕੀਤੀ ਜਾਵੇਗੀ’

24 ਭਵਿੱਖਬਾਣੀ ਦੇ ਅਗਲੇ ਸ਼ਬਦ ਕਿੰਨੇ ਅਨੋਖੇ ਹਨ! “ਉਹ ਦੀ ਖੱਟੀ ਅਰ ਉਹ ਦੀ ਖਰਚੀ ਯਹੋਵਾਹ ਲਈ ਸੰਕਲਪ [ਜਾਂ ਪਵਿੱਤਰ] ਕੀਤੀ ਜਾਵੇਗੀ। ਨਾ ਉਹ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਖੱਟੀ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗੀ ਭਈ ਓਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।” (ਯਸਾਯਾਹ 23:18) ਸੂਰ ਦੀ ਕਮਾਈ ਯਹੋਵਾਹ ਲਈ ਪਵਿੱਤਰ ਕਿਵੇਂ ਬਣੀ? ਯਹੋਵਾਹ ਆਪਣੀ ਇੱਛਾ ਪੂਰੀ ਕਰਨ ਦੇ ਅਨੁਸਾਰ ਕੰਮ ਕਰਦਾ ਹੈ ਤਾਂਕਿ ਉਸ ਦੇ ਲੋਕ ਰੱਜ ਕੇ ਖਾਣ ਅਤੇ ਬਸਤਰ ਪਹਿਨਣ। ਬਾਬਲੀ ਗ਼ੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ, ਸੂਰ ਦੇ ਲੋਕਾਂ ਨੇ ਹੈਕਲ ਨੂੰ ਦੁਬਾਰਾ ਉਸਾਰਨ ਲਈ ਇਸਰਾਏਲੀਆਂ ਨੂੰ ਦਿਆਰ ਦੀ ਲੱਕੜੀ ਦੇ ਕੇ ਉਨ੍ਹਾਂ ਦੀ ਮਦਦ ਕੀਤੀ। ਨਾਲੇ ਉਹ ਯਰੂਸ਼ਲਮ ਸ਼ਹਿਰ ਨਾਲ ਦੁਬਾਰਾ ਵਪਾਰ ਕਰਨ ਲੱਗ ਪਿਆ।—ਅਜ਼ਰਾ 3:7; ਨਹਮਯਾਹ 13:16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ