ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 1-4
“ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਹਾਂ”
(ਯਿਰਮਿਯਾਹ 1:6) ਤਾਂ ਮੈਂ ਆਖਿਆ, ਹਾਇ ਪ੍ਰਭੁ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।
ਯਿਰਮਿਯਾਹ ਵਾਂਗ ਜਾਗਦੇ ਰਹੋ
4 ਯਿਰਮਿਯਾਹ 25 ਕੁ ਸਾਲਾਂ ਦਾ ਹੋਣਾ ਜਦੋਂ ਯਹੋਵਾਹ ਤੋਂ ਉਸ ਨੂੰ ਪਹਿਰੇਦਾਰੀ ਕਰਨ ਦਾ ਕੰਮ ਮਿਲਿਆ। (ਯਿਰ. 1:1, 2) ਪਰ ਉਹ ਆਪਣੇ ਆਪ ਨੂੰ ਨਾਦਾਨ ਬੱਚੇ ਦੀ ਤਰ੍ਹਾਂ ਸਮਝਦਾ ਸੀ ਅਤੇ ਸੋਚਦਾ ਸੀ ਕਿ ਉਹ ਕੌਮ ਦੇ ਮੋਹਰੀ ਬੰਦਿਆਂ ਨਾਲ ਗੱਲ ਕਰਨ ਦੇ ਬਿਲਕੁਲ ਕਾਬਲ ਨਹੀਂ ਸੀ ਕਿਉਂਕਿ ਉਹ ਸਿਆਣੀ ਉਮਰ ਦੇ ਸਨ ਅਤੇ ਉਨ੍ਹਾਂ ਕੋਲ ਕਾਫ਼ੀ ਅਧਿਕਾਰ ਸੀ। (ਯਿਰ. 1:6) ਉਸ ਨੇ ਖ਼ਾਸਕਰ ਜਾਜਕਾਂ, ਝੂਠੇ ਨਬੀਆਂ ਅਤੇ ਰਾਜਿਆਂ ਦੀ ਸਖ਼ਤ ਨਿੰਦਿਆ ਕਰਨੀ ਸੀ ਤੇ ਉਨ੍ਹਾਂ ਨੂੰ ਡਰਾਉਣੀ ਸਜ਼ਾ ਸੁਣਾਉਣੀ ਸੀ, ਉਨ੍ਹਾਂ ਲੋਕਾਂ ਨੂੰ ਵੀ ਜੋ ‘ਆਪਣੇ ਹੀ ਰਾਹ’ ਤੁਰਦੇ ਸਨ ਅਤੇ ਪਰਮੇਸ਼ੁਰ ਤੋਂ ‘ਸਦਾ ਲਈ ਫਿਰ ਗਏ ਸਨ।’ (ਯਿਰ. 6:13; 8:5, 6) ਰਾਜਾ ਸੁਲੇਮਾਨ ਦੁਆਰਾ ਬਣਾਇਆ ਸ਼ਾਨਦਾਰ ਮੰਦਰ ਢਹਿ-ਢੇਰੀ ਹੋ ਜਾਣਾ ਸੀ ਜਿੱਥੇ ਲਗਭਗ ਚਾਰ ਸਦੀਆਂ ਤਾਈਂ ਸੱਚੀ ਭਗਤੀ ਕੀਤੀ ਜਾ ਰਹੀ ਸੀ। ਯਰੂਸ਼ਲਮ ਅਤੇ ਯਹੂਦਾਹ ਉਜਾੜ ਛੱਡਿਆ ਜਾਣਾ ਸੀ ਅਤੇ ਉਨ੍ਹਾਂ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਣਾ ਸੀ। ਇਸ ਤੋਂ ਸਪੱਸ਼ਟ ਹੈ ਕਿ ਯਿਰਮਿਯਾਹ ਨੂੰ ਮਿਲਿਆ ਸੁਨੇਹਾ ਸੁਣਾਉਣਾ ਬਹੁਤ ਜ਼ਰੂਰੀ ਸੀ।
(ਯਿਰਮਿਯਾਹ 1:7-10) ਯਹੋਵਾਹ ਨੇ ਮੈਨੂੰ ਆਖਿਆ, ਤੂੰ ਨਾ ਆਖ ਕਿ ਮੈਂ ਛੋਕਰਾ ਹਾਂ, ਤੂੰ ਤਾਂ ਸਾਰਿਆਂ ਕੋਲ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਂਗਾ। 8 ਓਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ। 9 ਤਾਂ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੋਹਿਆ, ਅਤੇ ਯਹੋਵਾਹ ਨੇ ਮੈਨੂੰ ਆਖਿਆ, ਵੇਖ, ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ, 10 ਵੇਖ, ਮੈਂ ਅੱਜ ਦੇ ਦਿਨ ਤੈਨੂੰ ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ ਥਾਪਿਆ ਹੈ, ਕਿ ਤੂੰ ਪੁੱਟੇਂ ਤੇ ਢਾਵੇਂ, ਨਾਸ ਕਰੇਂ ਤੇ ਡੇਗੇਂ, ਬਣਾਵੇਂ ਤੇ ਲਾਵੇਂ।
(ਯਿਰਮਿਯਾਹ 1:17-19) ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾਹ! ਓਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਓਹਨਾਂ ਨੂੰ ਆਖ, ਓਹਨਾਂ ਦੇ ਅੱਗੋਂ ਨਾ ਘਾਬਰ ਮਤੇ ਮੈਂ ਤੈਨੂੰ ਓਹਨਾਂ ਦੇ ਅੱਗੇ ਘਬਰਾ ਦਿਆਂ। 18 ਵੇਖ, ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ ਦੇ ਵਿਰੁੱਧ ਯਹੂਦਾਹ ਦੇ ਪਾਤਸ਼ਾਹਾਂ, ਉਹ ਦੇ ਸਰਦਾਰਾਂ, ਉਹ ਦੇ ਜਾਜਕਾਂ ਅਤੇ ਦੇਸ ਦੇ ਲੋਕਾਂ ਦੇ ਵਿਰੁੱਧ ਇੱਕ ਗੜ੍ਹ ਵਾਲਾ ਸ਼ਹਿਰ, ਲੋਹੇ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ। 19 ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।
ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ?
18 ਪਰਮੇਸ਼ੁਰ ਨੇ ਯਿਰਮਿਯਾਹ ਨਬੀ ਨੂੰ ਕਿਹਾ: “ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ।” (ਯਿਰਮਿਯਾਹ 1:8) ਯਹੋਵਾਹ ਅੱਜ ਸਾਨੂੰ ਸਤਾਹਟਾਂ ਤੋਂ ਕਿਵੇਂ ਬਚਾ ਸਕਦਾ ਹੈ? ਉਹ ਗਮਲੀਏਲ ਵਰਗੇ ਕਿਸੇ ਖੁੱਲ੍ਹੇ ਵਿਚਾਰਾਂ ਵਾਲੇ ਜੱਜ ਨੂੰ ਵਰਤ ਸਕਦਾ ਹੈ। ਜਾਂ ਸ਼ਾਇਦ ਉਹ ਕਿਸੇ ਭ੍ਰਿਸ਼ਟ ਜਾਂ ਵਿਰੋਧੀ ਅਧਿਕਾਰੀ ਦੀ ਥਾਂ ਕੋਈ ਸਮਝਦਾਰ ਅਧਿਕਾਰੀ ਨੂੰ ਲੈ ਆਵੇ। ਪਰ ਕਦੇ-ਕਦੇ ਯਹੋਵਾਹ ਆਪਣੇ ਲੋਕਾਂ ਤੇ ਸਤਾਹਟਾਂ ਆ ਲੈਣ ਦਿੰਦਾ ਹੈ। (2 ਤਿਮੋਥਿਉਸ 3:12) ਜੇ ਪਰਮੇਸ਼ੁਰ ਸਾਡੇ ਤੇ ਸਤਾਹਟਾਂ ਆਉਣ ਦਿੰਦਾ ਹੈ, ਤਾਂ ਉਹ ਸਾਨੂੰ ਇਨ੍ਹਾਂ ਨੂੰ ਸਹਿਣ ਦੀ ਤਾਕਤ ਵੀ ਦਿੰਦਾ ਹੈ। (1 ਕੁਰਿੰਥੀਆਂ 10:13) ਉਹ ਸਾਡੇ ਨਾਲ ਜੋ ਮਰਜ਼ੀ ਹੋਣ ਦੇਵੇ, ਪਰ ਸਾਨੂੰ ਯਕੀਨ ਹੈ ਕਿ ਅੰਤ ਵਿਚ ਕੀ ਨਤੀਜਾ ਨਿਕਲੇਗਾ। ਪਰਮੇਸ਼ੁਰ ਦੇ ਲੋਕਾਂ ਨਾਲ ਲੜਨ ਵਾਲੇ ਅਸਲ ਵਿਚ ਪਰਮੇਸ਼ੁਰ ਨਾਲ ਲੜ ਰਹੇ ਹਨ ਤੇ ਪਰਮੇਸ਼ੁਰ ਨਾਲ ਲੜਨ ਵਾਲੇ ਕਾਮਯਾਬ ਨਹੀਂ ਹੋਣਗੇ।
jr 88 ਪੈਰੇ 14-15
“ਮੈਂ ਥੱਕੇ ਹੋਏ ਦੀ ਜਾਨ ਨੂੰ ਤਰਿਪਤ ਕਰਾਂਗਾ”
ਕੀ ਤੁਸੀਂ ਥੱਕੀ ਹੋਈ ਜਾਨ ਨੂੰ ਤਰੋ-ਤਾਜ਼ਾ ਕਰੋਗੇ?
14 ਧਿਆਨ ਦੇਣ ਵਾਲੀ ਗੱਲ ਹੈ ਕਿ ਯਿਰਮਿਯਾਹ ਨੂੰ ਕਿਵੇਂ ਹੌਸਲਾ ਮਿਲਿਆ ਸੀ ਅਤੇ ਉਸ ਨੇ ਦੂਸਰਿਆਂ ਨੂੰ ਕਿਵੇਂ ਹੌਸਲਾ ਦਿੱਤਾ ਜਿਨ੍ਹਾਂ ਦੀ ‘ਜਾਨ ਥੱਕੀ ਹੋਈ’ ਸੀ। (ਯਿਰ. 31:25) ਯਿਰਮਿਯਾਹ ਨੂੰ ਯਹੋਵਾਹ ਨੇ ਹੌਸਲਾ ਦਿੱਤਾ ਸੀ। ਜ਼ਰਾ ਸੋਚੋ, ਤੁਹਾਡਾ ਹੌਸਲਾ ਕਿੰਨਾ ਵਧਣਾ ਸੀ ਜੇ ਯਹੋਵਾਹ ਤੁਹਾਨੂੰ ਇਹ ਕਹਿੰਦਾ, “ਵੇਖ, ਮੈਂ ਅੱਜ ਦੇ ਦਿਨ ਤੈਨੂੰ . . . ਇੱਕ ਗੜ੍ਹ ਵਾਲਾ ਸ਼ਹਿਰ, ਲੋਹੇ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ। ਓਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸੱਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ।” (ਯਿਰ. 1:18, 19) ਇਸੇ ਕਰਕੇ ਯਿਰਮਿਯਾਹ ਕਹਿ ਸਕਿਆ ਕਿ ਯਹੋਵਾਹ ਮੇਰਾ ‘ਬਲ ਅਤੇ ਮੇਰਾ ਗੜ੍ਹ, ਦੁੱਖ ਦੇ ਵੇਲੇ ਮੇਰੀ ਪਨਾਹ’ ਹੈ।—ਯਿਰ. 16:19.
15 ਧਿਆਨ ਦਿਓ ਕਿ ਯਹੋਵਾਹ ਨੇ ਯਿਰਮਿਯਾਹ ਨੂੰ ਦੱਸਿਆ: ‘ਮੈਂ ਤੇਰੇ ਸੰਗ ਜੋ ਹਾਂ।’ ਕੀ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਕਿਸੇ ਨੂੰ ਹੌਸਲੇ ਦੀ ਲੋੜ ਹੁੰਦੀ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਿਰਫ਼ ਇਹੀ ਪਤਾ ਹੋਣਾ ਹੀ ਕਾਫ਼ੀ ਨਹੀਂ ਕਿ ਸਾਡੇ ਕਿਸੇ ਮਸੀਹੀ ਭੈਣ, ਭਰਾ ਜਾਂ ਰਿਸ਼ਤੇਦਾਰ ਨੂੰ ਹੌਸਲੇ ਦੀ ਲੋੜ ਹੈ, ਪਰ ਇਸ ਲੋੜ ਨੂੰ ਪੂਰਾ ਕਰਨ ਲਈ ਸਾਨੂੰ ਕੁਝ ਕਰਨਾ ਵੀ ਪਵੇਗਾ। ਕਈ ਵਾਰੀ ਇਹੀ ਕਰਨਾ ਸਭ ਤੋਂ ਵਧੀਆ ਹੁੰਦਾ ਹੈ ਜੋ ਪਰਮੇਸ਼ੁਰ ਨੇ ਯਿਰਮਿਯਾਹ ਲਈ ਕੀਤਾ। ਮਤਲਬ ਆਪਣੇ ਦੁਖੀ ਦੋਸਤ ਦੇ ਨਾਲ ਹੋਣਾ। ਫਿਰ ਤੁਸੀਂ ਉਸ ਨੂੰ ਕੁਝ ਹੌਸਲੇ ਭਰੇ ਸ਼ਬਦ ਕਹਿ ਸਕਦੇ ਹੋ। ਬਹੁਤਾ ਕੁਝ ਕਹਿਣ ਦੀ ਬਜਾਇ ਤੁਸੀਂ ਉਸ ਨੂੰ ਥੋੜ੍ਹੇ ਹੀ ਸ਼ਬਦਾਂ ਨਾਲ ਹੌਸਲਾ ਅਤੇ ਦਿਲਾਸਾ ਦੇ ਸਕਦੇ ਹੋ। ਬਹੁਤੇ ਵੱਡੇ-ਵੱਡੇ ਸ਼ਬਦ ਵਰਤਣ ਦੀ ਲੋੜ ਨਹੀਂ। ਉਹ ਗੱਲਾਂ ਕਰੋ ਜਿਸ ਤੋਂ ਵਿਅਕਤੀ ਨੂੰ ਪਤਾ ਲੱਗੇ ਕਿ ਤੁਸੀਂ ਉਸ ਵਿਚ ਦਿਲਚਸਪੀ ਲੈਂਦੇ ਹੋ, ਉਸ ਦੀ ਪਰਵਾਹ ਕਰਦੇ ਹੋ ਅਤੇ ਉਸ ਨਾਲ ਪਿਆਰ ਕਰਦੇ ਹੋ। ਇੱਦਾਂ ਦੇ ਸ਼ਬਦਾਂ ਨਾਲ ਬਹੁਤ ਫ਼ਾਇਦਾ ਹੁੰਦਾ ਹੈ।—ਕਹਾਉਤਾਂ 25:11 ਪੜ੍ਹੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 2:13) ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, — ਓਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ।
(ਯਿਰਮਿਯਾਹ 2:18) ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਭਈ ਤੂੰ ਨੀਲ ਦਾ ਪਾਣੀ ਪੀਵੇਂ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਭਈ ਤੂੰ ਦਰਿਆ ਦਾ ਪਾਣੀ ਪੀਵੇਂ?
ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਿਰਮਿਯਾਹ 2:13, 18. ਬੇਵਫ਼ਾ ਇਸਰਾਏਲੀਆਂ ਨੇ ਦੋ ਬੁਰਾਈਆਂ ਕੀਤੀਆਂ ਸਨ। ਇਕ ਤਾਂ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਸੀ ਜੋ ਉਨ੍ਹਾਂ ਨੂੰ ਬਰਕਤਾਂ, ਅਗਵਾਈ ਤੇ ਸੁਰੱਖਿਆ ਦਿੰਦਾ ਸੀ। ਦੂਜੀ ਗ਼ਲਤੀ, ਉਨ੍ਹਾਂ ਨੇ ਮਿਸਰ ਤੇ ਅੱਸ਼ੂਰ ਦੀਆਂ ਫ਼ੌਜਾਂ ਨਾਲ ਗੱਠ-ਜੋੜ ਕਰ ਕੇ ਇਕ ਤਰ੍ਹਾਂ ਆਪਣੇ ਲਈ ਟੁੱਟੇ ਚੁਬੱਚੇ ਬਣਾਏ ਸਨ। ਸਾਡੇ ਸਮੇਂ ਵਿਚ ਇਨਸਾਨੀ ਫ਼ਲਸਫ਼ਿਆਂ, ਥਿਊਰੀਆਂ ਤੇ ਸਿਆਸਤ ਨੂੰ ਸੱਚੇ ਪਰਮੇਸ਼ੁਰ ਨਾਲੋਂ ਜ਼ਿਆਦਾ ਮਹੱਤਵ ਦੇਣਾ “ਟੁੱਟੇ ਹੋਏ ਚੁਬੱਚੇ” ਨੂੰ “ਜੀਉਂਦੇ ਪਾਣੀ ਦੇ ਸੋਤੇ” ਦੀ ਥਾਂ ਦੇਣ ਦੇ ਬਰਾਬਰ ਹੈ।
(ਯਿਰਮਿਯਾਹ 4:10) ਤਦ ਮੈਂ ਆਖਿਆ, ਹਾਇ, ਪ੍ਰਭੁ ਯਹੋਵਾਹ! ਤੈਂ ਸੱਚ ਮੁੱਚ ਏਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਏਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੀਕ ਅੱਪੜ ਪਈ ਹੈ!
ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਿਰਮਿਯਾਹ 4:10; 15:18—ਯਹੋਵਾਹ ਨੇ ਆਪਣੇ ਬੇਵਫ਼ਾ ਲੋਕਾਂ ਨੂੰ ਕਿਵੇਂ ਧੋਖਾ ਦਿੱਤਾ? ਯਿਰਮਿਯਾਹ ਦੇ ਜ਼ਮਾਨੇ ਵਿਚ ਨਬੀ “ਝੂਠੇ ਅਗੰਮ ਵਾਕ ਬੋਲਦੇ” ਸਨ। (ਯਿਰਮਿਯਾਹ 5:31; 20:6; 23:16, 17, 25-28, 32) ਯਹੋਵਾਹ ਨੇ ਉਨ੍ਹਾਂ ਨੂੰ ਝੂਠੇ ਸੰਦੇਸ਼ ਦੇਣ ਤੋਂ ਨਹੀਂ ਰੋਕਿਆ।
ਬਾਈਬਲ ਪੜ੍ਹਾਈ
(ਯਿਰਮਿਯਾਹ 4:1-10) ਹੇ ਇਸਰਾਏਲ, ਜੇ ਤੂੰ ਮੁੜੇਂ, ਯਹੋਵਾਹ ਦਾ ਵਾਕ, ਤਾਂ ਤੂੰ ਮੇਰੀ ਵੱਲ ਮੁੜੇਂਗਾ। ਜੇ ਤੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨੂੰ ਮੇਰੇ ਅੱਗੋਂ ਦੂਰ ਕਰੇਂ, ਜੇ ਤੂੰ ਅਵਾਰਾ ਨਾ ਫਿਰੇਂ, 2 ਜੇ ਤੂੰ ਜੀਉਂਦੇ ਯਹੋਵਾਹ ਦੀ ਸੌਂਹ ਖਾਵੇਂ, ਸਚਿਆਈ ਨਾਲ, ਨਿਆਉਂ ਨਾਲ ਅਤੇ ਧਰਮ ਨਾਲ, ਤਦ ਕੌਮਾਂ ਉਹ ਦੇ ਵਿੱਚ ਆਪ ਨੂੰ ਮੁਬਾਰਕ ਆਖਣਗੀਆਂ, ਅਤੇ ਉਹ ਨੂੰ ਉਸਤਤ ਦੇਣਗੀਆਂ। 3 ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਲਈ ਯਹੋਵਾਹ ਤਾਂ ਐਉਂ ਆਖਦਾ ਹੈ, — ਆਪਣੀ ਪਈ ਹੋਈ ਜਮੀਨ ਨੂੰ ਵਾਹੋ, ਅਤੇ ਕੰਡਿਆਂ ਵਿੱਚ ਨਾ ਬੀਜੋ। 4 ਯਹੋਵਾਹ ਲਈ ਆਪਣੀ ਸੁੰਨਤ ਕਰਾਓ, ਆਪਣੇ ਦਿਲ ਦੀ ਖੱਲੜੀ ਲਹਾਓ, ਹੇ ਯਹੂਦਾਹ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ! ਮਤੇ ਮੇਰਾ ਗੁੱਸਾ ਅੱਗ ਵਾਂਙੁ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ। 5 ਯਹੂਦਾਹ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ, ਅਤੇ ਆਖੋ ਭਈ ਦੇਸ ਵਿੱਚ ਤੁਰ੍ਹੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜਾਓ ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ! 6 ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵੱਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ! 7 ਇੱਕ ਬਬਰ ਸ਼ੇਰ ਆਪਣੇ ਝਾੜ ਵਿੱਚੋਂ ਨਿੱਕਲਿਆ ਹੈ, ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ, ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ। 8 ਏਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ, ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ। 9 ਉਸ ਦਿਨ ਐਉਂ ਹੋਵੇਗਾ, ਯਹੋਵਾਹ ਦਾ ਵਾਕ ਹੈ ਕਿ ਪਾਤਸ਼ਾਹ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ, ਅਤੇ ਜਾਜਕ ਡੈਂਬਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ। 10 ਤਦ ਮੈਂ ਆਖਿਆ, ਹਾਇ, ਪ੍ਰਭੁ ਯਹੋਵਾਹ! ਤੈਂ ਸੱਚ ਮੁੱਚ ਏਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਏਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੀਕ ਅੱਪੜ ਪਈ ਹੈ!
13-19 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 5-7
“ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ”
(ਯਿਰਮਿਯਾਹ 6:13-15) ਓਹਨਾਂ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੀਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਤੀਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ। 14 ਓਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਓਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ। 15 ਕੀ ਓਹ ਲੱਜਿਆਵਾਨ ਹੋਏ ਜਦ ਓਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਮੂਲੋਂ ਹੀ ਲੱਜਿਆਵਾਨ ਨਾ ਹੋਏ! ਓਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਏਸ ਲਈ ਓਹ ਡਿੱਗਿਆਂ ਹੋਇਆਂ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਓਹਨਾਂ ਦੀ ਖ਼ਬਰ ਲਵਾਂਗਾ। ਓਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ।
w88 4/1 11-12 ਪੈਰੇ 7-8
ਯਿਰਮਿਯਾਹ—ਨਬੀ ਜਿਸ ਨੂੰ ਲੋਕ ਪਸੰਦ ਨਹੀਂ ਕਰਦੇ ਸਨ
7 ਯਹੋਵਾਹ ਨੇ ਦੱਸਿਆ ਸੀ ਕਿ “ਉਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ।” (ਯਿਰਮਿਯਾਹ 1:19) ਪਰ ਯਹੂਦੀ ਅਤੇ ਉਨ੍ਹਾਂ ਦੇ ਰਾਜੇ ਇਸ ਨਬੀ ਨਾਲ ਕਿਉਂ ਲੜਨਾ ਚਾਹੁੰਦੇ ਸਨ? ਕਿਉਂਕਿ ਯਿਰਮਿਯਾਹ ਨੇ ਆਪਣੇ ਸੰਦੇਸ਼ ਰਾਹੀਂ ਉਨ੍ਹਾਂ ਦਾ ਪਰਦਾਫ਼ਾਸ਼ ਕੀਤਾ ਕਿ ਉਹ ਲਾਪਰਵਾਹ ਸਨ ਅਤੇ ਉਹ ਇਕ ਰੀਤ ਵਜੋਂ ਭਗਤੀ ਕਰ ਰਹੇ ਸਨ। ਯਿਰਮਿਯਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ: “ਮੈਂ ਕਿਹ ਨੂੰ ਬੋਲਾਂ ਅਤੇ ਕਿਹ ਨੂੰ ਜਤਾਵਾਂ, ਭਈ ਓਹ ਸੁਣਨ? ਵੇਖੋ, ਓਹਨਾਂ ਦੇ ਕੰਨ ਬੇਸੁੰਨਤੇ ਹਨ, ਓਹ ਧਿਆਨ ਨਹੀਂ ਦੇ ਸੱਕਦੇ, ਵੇਖੋ, ਯਹੋਵਾਹ ਦਾ ਬਚਨ ਓਹਨਾਂ ਲਈ ਇੱਕ ਨਿਆਦਰੀ ਹੈ, ਓਹ ਉਸ ਦੇ ਵਿੱਚੋਂ ਮਗਨ ਨਹੀਂ ਹਨ। ਓਹਨਾਂ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੀਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਤੀਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।”—ਯਿਰਮਿਯਾਹ 6:10, 13.
8 ਇਹ ਸੱਚ ਹੈ ਕਿ ਯਹੂਦੀ ਧਾਰਮਿਕ ਆਗੂ ਬਲ਼ੀਆਂ ਚੜ੍ਹਾਉਣ ਵਿਚ ਕੌਮ ਦੀ ਅਗਵਾਈ ਕਰ ਰਹੇ ਸਨ। ਉਹ ਸੱਚੀ ਭਗਤੀ ਨੂੰ ਦਰਸਾਉਣ ਵਾਲੇ ਕੰਮ ਤਾਂ ਕਰ ਰਹੇ ਸਨ, ਪਰ ਸੱਚੇ ਦਿਲੋਂ ਨਹੀਂ। ਉਨ੍ਹਾਂ ਲਈ ਚੰਗੇ ਚਾਲ-ਚਲਣ ਨਾਲੋਂ ਸਿਰਫ਼ ਰੀਤਾਂ ਪੂਰੀਆਂ ਕਰਨੀਆਂ ਜ਼ਿਆਦਾ ਜ਼ਰੂਰੀ ਸਨ। ਨਾਲੇ ਯਹੂਦੀ ਧਾਰਮਿਕ ਆਗੂ ਕੌਮ ਨੂੰ ਝੂਠੀ ਸੁਰੱਖਿਆ ਦਾ ਯਕੀਨ ਦਿਵਾ ਰਹੇ ਸਨ। ਉਹ ਕਹਿੰਦੇ ਸਨ, “ਸ਼ਾਂਤੀ, ਸ਼ਾਂਤੀ!” ਜਦੋਂ ਕਿ ਸ਼ਾਂਤੀ ਹੈ ਨਹੀਂ ਸੀ। (ਯਿਰਮਿਯਾਹ 6:14; 8:11) ਹਾਂ, ਉਹ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾ ਰਹੇ ਸਨ ਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਸ਼ਾਂਤੀ ਭਰਿਆ ਸੀ। ਉਹ ਇਹ ਸੋਚਦੇ ਸਨ ਕਿ ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਹ ਯਹੋਵਾਹ ਦੇ ਚੁਣੇ ਹੋਏ ਲੋਕ ਸਨ ਜਿਨ੍ਹਾਂ ਕੋਲ ਪਵਿੱਤਰ ਸ਼ਹਿਰ ਅਤੇ ਮੰਦਰ ਸੀ। ਪਰ ਕੀ ਯਹੋਵਾਹ ਵੀ ਇਸੇ ਤਰ੍ਹਾਂ ਸੋਚਦਾ ਸੀ?
(ਯਿਰਮਿਯਾਹ 7:1-7) ਇਹ ਉਹ ਬਚਨ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ। 2 ਤੂੰ ਯਹੋਵਾਹ ਦੇ ਭਵਨ ਦੇ ਫਾਟਕ ਵਿੱਚ ਖਲੋ ਕੇ ਉੱਥੇ ਏਸ ਗੱਲ ਲਈ ਪੁਕਾਰ ਅਤੇ ਆਖ ਕਿ ਹੇ ਯਹੂਦਾਹ ਦੇ ਸਾਰਿਓ, ਯਹੋਵਾਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਨ੍ਹਾਂ ਫਾਟਕਾਂ ਥਾਣੀਂ ਯਹੋਵਾਹ ਨੂੰ ਮੱਥਾ ਟੇਕਣ ਲਈ ਵੜਦੇ ਹੋ। 3 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ, — ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ ਤਾਂ ਮੈਂ ਤੁਹਾਨੂੰ ਏਸ ਅਸਥਾਨ ਵਿੱਚ ਵੱਸਣ ਦਿਆਂਗਾ। 4 ਤੁਸੀਂ ਏਹਨਾਂ ਝੂਠੀਆਂ ਗੱਲਾਂ ਉੱਤੇ ਭਰੋਸਾ ਨਾ ਰੱਖੋ ਕਿ ਏਹ ਯਹੋਵਾਹ ਦੀ ਹੈਕਲ ਹੈ, ਏਹ ਯਹੋਵਾਹ ਦੀ ਹੈਕਲ ਹੈ, ਏਹ ਯਹੋਵਾਹ ਦੀ ਹੈਕਲ ਹੈ! 5 ਜੇ ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਪੱਕੀ ਤਰਾਂ ਨਾਲ ਠੀਕ ਕਰੋ ਅਤੇ ਜੇ ਤੁਸੀਂ ਪੱਕੀ ਤਰਾਂ ਨਾਲ ਮਨੁੱਖ ਅਰ ਉਸ ਦੇ ਗੁਆਂਢੀ ਵਿੱਚ ਇਨਸਾਫ਼ ਕਰੋ। 6 ਜੇ ਤੁਸੀਂ ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੁਖ ਨਾ ਦਿਓ ਅਤੇ ਏਸ ਅਸਥਾਨ ਵਿੱਚ ਬੇਦੋਸ਼ੇ ਦਾ ਲਹੂ ਨਾ ਵਹਾਓ, ਨਾ ਦੂਜੇ ਦਿਓਤਿਆਂ ਦੇ ਪਿੱਛੇ ਆਪਣੇ ਨੁਕਸਾਨ ਲਈ ਜਾਓ। 7 ਤਾਂ ਮੈਂ ਤੁਹਾਨੂੰ ਏਸ ਅਸਥਾਨ ਵਿੱਚ ਅਤੇ ਏਸ ਦੇਸ ਵਿੱਚ ਜਿਹੜਾ ਮੈਂ ਤੁਹਾਡੇ ਪਿਉ ਦਾਦਿਆਂ ਨੂੰ ਸਦਾ ਲਈ ਦਿੱਤਾ ਹੈ ਵੱਸਣ ਦਿਆਂਗਾ।
w88 4/1 12 ਪੈਰੇ 9-10
ਯਿਰਮਿਯਾਹ—ਨਬੀ ਜਿਸ ਨੂੰ ਲੋਕ ਪਸੰਦ ਨਹੀਂ ਕਰਦੇ ਸਨ
9 ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ ਕਿ ਉਹ ਮੰਦਰ ਦੇ ਗੇਟ ʼਤੇ ਸਾਰਿਆਂ ਦੇ ਸਾਮ੍ਹਣੇ ਖੜ੍ਹਾ ਹੋਵੇ ਅਤੇ ਉੱਥੇ ਆਉਣ ਵਾਲੇ ਸਾਰੇ ਭਗਤਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਵੇ। ਉਸ ਨੇ ਉਨ੍ਹਾਂ ਨੂੰ ਦੱਸਣਾ ਸੀ: “ਤੁਸੀਂ ਏਹਨਾਂ ਝੂਠੀਆਂ ਗੱਲਾਂ ਉੱਤੇ ਭਰੋਸਾ ਨਾ ਰੱਖੋ ਕਿ ਏਹ ਯਹੋਵਾਹ ਦੀ ਹੈਕਲ ਹੈ, ਏਹ ਯਹੋਵਾਹ ਦੀ ਹੈਕਲ ਹੈ, ਏਹ ਯਹੋਵਾਹ ਦੀ ਹੈਕਲ ਹੈ! . . . ਜਿਨ੍ਹਾਂ ਤੋਂ ਕੁਝ ਲਾਭ ਨਹੀਂ।” ਯਹੂਦੀ ਨਿਹਚਾ ਨਾਲ ਨਹੀਂ, ਸਗੋਂ ਦਿੱਸਣ ਵਾਲੀਆਂ ਚੀਜ਼ਾਂ ʼਤੇ ਭਰੋਸਾ ਰੱਖ ਕੇ ਜ਼ਿੰਦਗੀ ਜੀ ਰਹੇ ਸਨ। ਉਹ ਮੰਦਰ ʼਤੇ ਘਮੰਡ ਕਰਦੇ ਸਨ। ਉਹ ਯਹੋਵਾਹ ਦੀ ਚੇਤਾਵਨੀ ਨੂੰ ਭੁੱਲ ਚੁੱਕੇ ਸਨ: “ਅਕਾਸ਼ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, — ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ?” ਯਹੋਵਾਹ ਸਾਰੇ ਜਹਾਨ ਦਾ ਮਾਲਕ ਹੈ। ਉਹ ਕਿਸੇ ਮੰਦਰ ਤਕ ਹੀ ਸੀਮਿਤ ਨਹੀਂ, ਚਾਹੇ ਕੋਈ ਮੰਦਰ ਕਿੰਨਾ ਹੀ ਸ਼ਾਨਦਾਰ ਕਿਉਂ ਨਾ ਹੋਵੇ!—ਯਿਰਮਿਯਾਹ 7:1-8; ਯਸਾਯਾਹ 66:1.
10 ਯਿਰਮਿਯਾਹ ਨੇ ਆਪਣਾ ਚੁਭਵਾਂ ਸੰਦੇਸ਼ ਜਾਰੀ ਰੱਖਦੇ ਹੋਏ ਕਿਹਾ: “ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਜ਼ਨਾਹ ਕਰੋਗੇ, ਝੂਠੀ ਸੌਂਹ ਖਾਓਗੇ, ਬਾਹਰਲੇ ਧੂਪ ਧੁਖਾਓਗੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਓਗੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ? . . . ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਏਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?” ਯਹੂਦੀ ਸੋਚਦੇ ਸਨ ਕਿ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋਣ ਕਰਕੇ ਪਰਮੇਸ਼ੁਰ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਬਰਦਾਸ਼ਤ ਕਰਦਾ ਰਹੇਗਾ ਜਿੰਨਾ ਚਿਰ ਉਹ ਮੰਦਰ ਵਿਚ ਆਪਣੇ ਚੜ੍ਹਾਵੇ ਲਿਆਉਂਦੇ ਰਹਿਣਗੇ। ਪਰ ਜੇ ਉਹ ਯਹੋਵਾਹ ਨੂੰ ਇਕ ਅਜਿਹਾ ਪਿਤਾ ਸਮਝ ਰਹੇ ਸਨ ਜੋ ਆਪਣੇ ਇੱਕੋ-ਇਕ ਤੇ ਵਿਗੜੇ ਮੁੰਡੇ ਨੂੰ ਹੋਰ ਵਿਗਾੜੀ ਜਾਵੇਗਾ, ਤਾਂ ਉਹ ਕਿੰਨਾ ਗ਼ਲਤ ਸੋਚ ਰਹੇ ਸਨ।—ਯਿਰਮਿਯਾਹ 7:9,10; ਕੂਚ 19:5, 6.
(ਯਿਰਮਿਯਾਹ 7:8-15) ਵੇਖੋ, ਤੁਸੀਂ ਝੂਠੀਆਂ ਗੱਲਾਂ ਉੱਤੇ ਭਰੋਸਾ ਕਰਦੇ ਹੋ ਜਿਨ੍ਹਾਂ ਤੋਂ ਕੁਝ ਲਾਭ ਨਹੀਂ। 9 ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਜ਼ਨਾਹ ਕਰੋਗੇ, ਝੂਠੀ ਸੌਂਹ ਖਾਓਗੇ, ਬਆਲ ਲਈ ਧੂਪ ਧੁਖਾਓਗੇ ਅਤੇ ਦੂਜੇ ਦਿਓਤਿਆਂ ਦੇ ਪਿੱਛੇ ਜਾਓਗੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ? 10 ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਏਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸਾਂ ਛੁਟਕਾਰਾ ਪਾਇਆ ਹੈ, ਭਈ ਏਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ? 11 ਕੀ ਏਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਤੁਹਾਡੀ ਨਿਗਾਹ ਵਿੱਚ ਧਾੜਵੀਆਂ ਦੀ ਗੁਫਾ ਬਣ ਗਿਆ ਹੈ? ਵੇਖੋ, ਏਹ ਮੈਂ ਵੀ ਵੇਖਿਆ ਹੈ, ਯਹੋਵਾਹ ਦਾ ਵਾਕ ਹੈ। 12 ਪਰ ਹੁਣ ਤੁਸੀਂ ਉਸ ਅਸਥਾਨ ਨੂੰ ਜਾਓ ਜਿਹੜਾ ਸ਼ੀਲੋਹ ਵਿੱਚ ਹੈ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਨੂੰ ਵਸਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਬਦਲੇ ਕੀ ਕੀਤਾ! 13 ਹੁਣ ਏਸ ਲਈ ਕਿ ਤੁਸਾਂ ਏਹ ਸਾਰੇ ਕੰਮ ਕੀਤੇ, ਯਹੋਵਾਹ ਦਾ ਵਾਕ ਹੈ, ਅਤੇ ਜਦ ਮੈਂ ਤੁਹਾਡੇ ਨਾਲ ਮੂੰਹ ਅਨ੍ਹੇਰੇ ਬੋਲਦਾ ਰਿਹਾ, ਤੁਸਾਂ ਮੇਰੀ ਗੱਲ ਨਾ ਸੁਣੀ ਅਤੇ ਜਦ ਮੈਂ ਤੁਹਾਨੂੰ ਸੱਦਿਆ, ਤੁਸਾਂ ਉੱਤਰ ਨਾ ਦਿੱਤਾ। 14 ਤਦ ਮੈਂ ਏਸ ਘਰ ਨਾਲ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਜਿਹ ਦੇ ਉੱਤੇ ਤੁਹਾਡਾ ਭਰੋਸਾ ਹੈ, ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ ਦਾਦਿਆਂ ਨੂੰ ਦਿੱਤਾ ਉਹ ਕਰਾਂਗਾ ਜੋ ਮੈਂ ਸ਼ੀਲੋਹ ਵਿੱਚ ਕੀਤਾ। 15 ਮੈਂ ਤੁਹਾਨੂੰ ਆਪਣੇ ਅੱਗੋਂ ਕੱਢ ਦਿਆਂਗਾ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਇਫ਼ਰਾਈਮ ਦੀ ਸਾਰੀ ਅੰਸ ਨੂੰ ਕੱਢ ਦਿੱਤਾ ਹੈ।
jr 21 ਪੈਰਾ 12
“ਅੰਤ ਦੇ ਦਿਨਾਂ ਵਿਚ” ਸੇਵਾ ਕਰਨੀ
12 ਯਹੋਯਾਕੀਮ ਦੇ ਰਾਜ ਦੀ ਸ਼ੁਰੂਆਤ ʼਤੇ ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ ਕਿ ਉਹ ਮੰਦਰ ਨੂੰ ਜਾਵੇ ਤੇ ਯਹੂਦੀਆਂ ਦੇ ਬੁਰੇ ਕੰਮਾਂ ਕਰਕੇ ਉਨ੍ਹਾਂ ਦੀ ਨਿੰਦਿਆ ਕਰੇ। ਉਹ ਸੋਚਦੇ ਸਨ ਕਿ ਯਹੋਵਾਹ ਦੇ ਮੰਦਰ ਵਿਚ ਕੋਈ ਜਾਦੂਈ ਸ਼ਕਤੀ ਹੈ ਜੋ ਉਨ੍ਹਾਂ ਨੂੰ ਬਚਾ ਲਵੇਗੀ। ਪਰ ਜੇ ਉਹ ‘ਚੋਰੀ ਕਰਨਾ, ਖੂਨ ਕਰਨਾ, ਜ਼ਨਾਹ ਕਰਨਾ, ਝੂਠੀ ਸੌਂਹ ਖਾਣਾ, ਬਆਲ ਲਈ ਧੂਪ ਧੁਖਾਉਣਾ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਣਾ’ ਨਾ ਛੱਡਣਗੇ, ਤਾਂ ਯਹੋਵਾਹ ਵੀ ਆਪਣੇ ਮੰਦਰ ਨੂੰ ਛੱਡ ਦੇਵੇਗਾ। ਨਾਲੇ ਉਹ ਇਸ ਵਿਚ ਭਗਤੀ ਕਰਦੇ ਪਖੰਡੀਆਂ ਨੂੰ ਵੀ ਤਿਆਗ ਦੇਵੇਗਾ, ਜਿੱਦਾਂ ਉਸ ਨੇ ਮਹਾਂ ਪੁਜਾਰੀ ਏਲੀ ਦੇ ਦਿਨਾਂ ਵਿਚ ਸ਼ੀਲੋਹ ਵਿਚ ਤੰਬੂ ਨੂੰ ਤਿਆਗ ਦਿੱਤਾ ਸੀ। ਯਹੂਦਾਹ ਦਾ ‘ਇਹ ਦੇਸ ਉਜਾੜ ਬਣ ਜਾਵੇਗਾ।’ (ਯਿਰ. 7:1-15, 34; 26:1-6) ਸੋਚੋ ਕਿ ਯਿਰਮਿਯਾਹ ਨੂੰ ਇਹ ਸੰਦੇਸ਼ ਸੁਣਾਉਣ ਲਈ ਕਿੰਨੀ ਦਲੇਰੀ ਦੀ ਲੋੜ ਸੀ। ਉਸ ਨੇ ਇਹ ਸੰਦੇਸ਼ ਮੰਨੇ-ਪ੍ਰਮੰਨੇ ਲੋਕਾਂ ਨੂੰ ਸੁਣਾਉਣਾ ਸੀ। ਅੱਜ ਵੀ ਕਈ ਭੈਣਾਂ-ਭਰਾਵਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸੜਕ ʼਤੇ, ਅਮੀਰ ਜਾਂ ਵੱਡੇ ਲੋਕਾਂ ਨੂੰ ਗਵਾਹੀ ਦੇਣ ਲਈ ਹੋਰ ਦਲੇਰ ਬਣਨ ਦੀ ਲੋੜ ਹੈ। ਪਰ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਿਰਮਿਯਾਹ ਵਾਂਗ ਯਹੋਵਾਹ ਸਾਡੀ ਵੀ ਜ਼ਰੂਰ ਮਦਦ ਕਰੇਗਾ।—ਇਬ. 10:39; 13:6.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 6:16) ਯਹੋਵਾਹ ਐਉਂ ਫ਼ਰਮਾਉਂਦਾ ਹੈ, — ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਭਈ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ, ਪਰ ਓਹਨਾਂ ਆਖਿਆ, ਅਸੀਂ ਉਸ ਵਿੱਚ ਨਾ ਚੱਲਾਂਗੇ।
ਕੀ ਤੁਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲੋਗੇ?
11 ਕੀ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਪੂਰੀ ਤਰ੍ਹਾਂ ਚੱਲਦੇ ਹਾਂ? ਚੰਗਾ ਹੋਵੇਗਾ ਜੇਕਰ ਅਸੀਂ ਇਸ ਸੰਬੰਧੀ ਸੱਚੇ ਦਿਲੋਂ ਆਪਣੀ ਜਾਂਚ ਕਰੀਏ। ਇਸ ਤਰ੍ਹਾਂ ਕਰਨ ਵਿਚ ਇਹ ਆਇਤ ਸਾਡੀ ਮਦਦ ਕਰੇਗੀ: “ਯਹੋਵਾਹ ਐਉਂ ਫ਼ਰਮਾਉਂਦਾ ਹੈ,—ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਭਈ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ।” (ਯਿਰਮਿਯਾਹ 6:16) ਇਹ ਸ਼ਬਦ ਪੜ੍ਹ ਕੇ ਸ਼ਾਇਦ ਸਾਡੇ ਮਨ ਵਿਚ ਕਿਸੇ ਮੁਸਾਫ਼ਰ ਦਾ ਖ਼ਿਆਲ ਆਵੇ ਜੋ ਚੁਰਾਹੇ ਤੇ ਰੁਕ ਕੇ ਰਸਤਾ ਪੁੱਛਦਾ ਹੈ। ਬਾਗ਼ੀ ਇਸਰਾਏਲੀਆਂ ਨੂੰ ਵੀ ਰੂਹਾਨੀ ਤੌਰ ਤੇ ਇਸੇ ਤਰ੍ਹਾਂ ਕਰਨ ਦੀ ਲੋੜ ਸੀ। ਉਨ੍ਹਾਂ ਨੂੰ ‘ਪੁਰਾਣੇ ਰਸਤੇ’ ਲੱਭਣ ਦੀ ਲੋੜ ਸੀ। “ਅੱਛਾ ਰਾਹ” ਉਹ ਸੀ ਜਿਸ ਉੱਤੇ ਉਨ੍ਹਾਂ ਦੇ ਪਿਓ-ਦਾਦੇ ਯਾਨੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਚੱਲੇ ਸਨ। ਪਰ ਦੁੱਖ ਦੀ ਗੱਲ ਹੈ ਕਿ ਇਸਰਾਏਲੀਆਂ ਨੇ ਯਹੋਵਾਹ ਦੀ ਸਲਾਹ ਵੱਲ ਕੋਈ ਧਿਆਨ ਨਾ ਦਿੱਤਾ। ਆਇਤ ਅੱਗੇ ਕਹਿੰਦੀ ਹੈ: “ਪਰ ਓਹਨਾਂ ਆਖਿਆ, ਅਸੀਂ ਉਸ ਵਿੱਚ ਨਾ ਚੱਲਾਂਗੇ।” ਇਸ ਦੇ ਉਲਟ ਅੱਜ ਯਹੋਵਾਹ ਦੇ ਲੋਕ ਇਸ ਸਲਾਹ ਪ੍ਰਤੀ ਬਿਲਕੁਲ ਵੱਖਰਾ ਰਵੱਈਆ ਦਿਖਾਉਂਦੇ ਹਨ।
(ਯਿਰਮਿਯਾਹ 6:22, 23) ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖੋ, ਲੋਕ ਉੱਤਰ ਦੇਸ ਵੱਲੋਂ ਲਗੇ ਆਉਂਦੇ ਹਨ, ਅਤੇ ਇੱਕ ਵੱਡੀ ਕੌਮ ਧਰਤੀ ਦੀਆਂ ਹੱਦਾਂ ਤੋਂ ਜਾਗ ਉੱਠੀ ਹੈ। 23 ਓਹ ਧਣੁਖ ਅਤੇ ਬਰਛਾ ਫੜਦੇ ਹਨ, ਓਹ ਜ਼ਾਲਮ ਅਤੇ ਬੇਰਹਮ ਹਨ, ਓਹਨਾਂ ਦੀ ਅਵਾਜ਼ ਸਮੁੰਦਰ ਵਾਂਙੁ ਗੱਜਦੀ ਹੈ, ਓਹ ਘੋੜਿਆਂ ਉੱਤੇ ਚੜ੍ਹਦੇ ਹਨ, ਓਹ ਜੰਗੀ ਮਨੁੱਖਾਂ ਵਾਂਙੁ ਪਾਲਾਂ ਬੰਨ੍ਹਦੇ ਹਨ, ਹੇ ਸੀਯੋਨ ਦੀਏ ਧੀਏ, ਤੇਰੇ ਵਿਰੁੱਧ!
w88 4/1 13 ਪੈਰਾ 15
ਯਿਰਮਿਯਾਹ—ਨਬੀ ਜਿਸ ਨੂੰ ਲੋਕ ਪਸੰਦ ਨਹੀਂ ਕਰਦੇ ਸਨ
ਯਹੂਦਾਹ ਨੂੰ ਕੀਮਤ ਚੁਕਾਉਣੀ ਪਈ
15 ਲਗਭਗ 632 ਈਸਵੀ ਪੂਰਵ ਤਕ ਕਸਦੀਆਂ ਤੇ ਮਾਦੀਆਂ ਨੇ ਅੱਸ਼ੂਰ ਨੂੰ ਹਰਾ ਦਿੱਤਾ ਸੀ ਅਤੇ ਯਹੂਦਾਹ ਦੇ ਦੱਖਣ ਵਿਚ ਪੈਂਦੇ ਮਿਸਰ ਦੀ ਤਾਕਤ ਘੱਟ ਗਈ ਸੀ। ਯਹੂਦਾਹ ਨੂੰ ਹਮਲੇ ਦਾ ਅਸਲੀ ਖ਼ਤਰਾ ਉੱਤਰ ਦਿਸ਼ਾ ਵੱਲੋਂ ਹੋਣਾ ਸੀ। ਇਸ ਲਈ ਯਿਰਮਿਯਾਹ ਨੂੰ ਯਹੂਦੀਆਂ ਨੂੰ ਇਹ ਬੁਰੀ ਖ਼ਬਰ ਦੇਣੀ ਪਈ: “ਵੇਖੋ, ਲੋਕ ਉੱਤਰ ਦੇਸ ਵੱਲੋਂ ਲਗੇ ਆਉਂਦੇ ਹਨ, . . . ਓਹ ਜ਼ਾਲਮ ਅਤੇ ਬੇਰਹਮ ਹਨ, . . . ਓਹ ਜੰਗੀ ਮਨੁੱਖਾਂ ਵਾਂਙੁ ਪਾਲਾਂ ਬੰਨ੍ਹਦੇ ਹਨ, ਹੇ ਸੀਯੋਨ ਦੀਏ ਧੀਏ, ਤੇਰੇ ਵਿਰੁੱਧ!” ਬਾਬਲ ਆਉਣ ਵਾਲੀ ਅਗਲੀ ਵਿਸ਼ਵ ਸ਼ਕਤੀ ਸੀ। ਬੇਵਫ਼ਾ ਯਹੂਦੀਆਂ ਨੂੰ ਸਜ਼ਾ ਦੇਣ ਲਈ ਪਰਮੇਸ਼ੁਰ ਨੇ ਇਸ ਨੂੰ ਵਰਤਣਾ ਸੀ।—ਯਿਰਮਿਯਾਹ 6:22, 23; 25:8, 9.
ਬਾਈਬਲ ਪੜ੍ਹਾਈ
(ਯਿਰਮਿਯਾਹ 5:26–6:5) ਮੇਰੀ ਪਰਜਾ ਵਿੱਚ ਤਾਂ ਦੁਸ਼ਟ ਪਾਏ ਗਏ, ਓਹ ਫਾਂਧੀਆਂ ਵਾਂਙੁ ਘਾਤ ਵਿੱਚ ਬੈਠਦੇ ਹਨ, ਓਹ ਫਾਹੀ ਲਾਉਂਦੇ ਹਨ, ਅਤੇ ਮਨੁੱਖਾਂ ਨੂੰ ਫੜਦੇ ਹਨ। 27 ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੋਇਆ ਹੁੰਦਾ ਹੈ, ਤਿਵੇਂ ਓਹਨਾਂ ਦੇ ਘਰ ਮਕਰ ਨਾਲ ਭਰੇ ਹੋਏ ਹਨ, ਏਸੇ ਲਈ ਓਹ ਵੱਡੇ ਅਤੇ ਧਨੀ ਹੋ ਗਏ ਹਨ। 28 ਓਹ ਮੋਟੇ ਹੋ ਗਏ ਅਤੇ ਫਿੱਟ ਗਏ, ਨਾਲੇ ਓਹ ਬੁਰੀਆਂ ਗੱਲਾਂ ਵਿੱਚ ਵਧ ਗਏ, ਓਹ ਇਨਸਾਫ਼ ਵੀ ਨਹੀਂ ਕਰਦੇ, ਨਾ ਹੀ ਯਤੀਮਾਂ ਦਾ, ਭਈ ਓਹ ਸਫਲ ਹੋਣ, ਓਹ ਕੰਗਾਲਾਂ ਦਾ ਇਨਸਾਫ਼ ਨਾਲ ਨਿਆਉਂ ਨਹੀਂ ਕਰਦੇ। 29 ਕੀ ਮੈਂ ਏਹਨਾਂ ਗੱਲਾਂ ਦੀ ਸਜ਼ਾ ਨਾ ਦਿਆਂਗਾ? ਯਹੋਵਾਹ ਦਾ ਵਾਕ ਹੈ, ਕੀ ਮੈਂ ਆਪ ਹੀ ਵੱਟਾ ਨਾ ਲਵਾਂਗਾ, ਅਜੇਹੀ ਕੌਮ ਤੋਂ ਜਿਵੇਂ ਇਹ ਹੈ? 30 ਇੱਕ ਅਚਰਜ ਅਤੇ ਭਿਆਣਕ ਗੱਲ ਦੇਸ ਵਿੱਚ ਹੋਈ ਹੈ, 31 ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਓਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਅਤੇ ਮੇਰੀ ਪਰਜਾ ਇਉਂ ਹੀ ਪਸੰਦ ਕਰਦੀ ਹੈ! ਪਰ ਜਦ ਓੜਕ ਹੋਵੇਗਾ ਤਾਂ ਤੁਸੀਂ ਕੀ ਕਰੋਗੇ?
6 ਹੇ ਬਿਨਯਾਮੀਨੀਓ, ਆਪਣੇ ਬਚਾਉ ਲਈ ਯਰੂਸ਼ਲਮ ਦੇ ਵਿੱਚੋਂ ਨੱਠੋ, ਤਿਕਊ ਵਿੱਚ ਤੁਰ੍ਹੀ ਫੂਕੋ, ਬੈਤ-ਹੱਕਰਮ ਵਿੱਚ ਇੱਕ ਨਿਸ਼ਾਨ ਖੜਾ ਕਰੋ, ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ। 2 ਮੈਂ ਸੀਯੋਨ ਦੀ ਧੀ ਨੂੰ ਜਿਹੜੀ ਸੋਹਣੀ ਅਤੇ ਨਾਜ਼ਕ ਹੈ ਮਾਰ ਸੁੱਟਾਂਗਾ। 3 ਆਜੜੀ ਆਪਣੇ ਇੱਜੜਾਂ ਸਣੇ ਉਸ ਦੇ ਕੋਲ ਆਉਣਗੇ, ਓਹ ਉਸ ਦੇ ਵਿਰੁੱਧ ਆਲੇ ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ ਆਪਣੇ ਥਾਂ ਵਿੱਚ ਚਰਾਵੇਗਾ। 4 ਉਹ ਦੇ ਵਿਰੁੱਧ ਲੜਾਈ ਛੇੜੋ, ਉੱਠੋ! ਅਸੀਂ ਦੁਪਹਿਰ ਵੇਲੇ ਚੜ੍ਹਾਈ ਕਰੀਏ! ਹਾਇ ਸਾਨੂੰ! ਦਿਨ ਜੋ ਢਲਦਾ ਜਾਂਦਾ ਹੈ, ਅਤੇ ਸ਼ਾਮਾਂ ਦੇ ਪੜਛਾਵੇਂ ਵਧਦੇ ਜਾਂਦੇ ਹਨ। 5 ਉੱਠੋ! ਅਸੀਂ ਰਾਤ ਨੂੰ ਚੜ੍ਹਾਈ ਕਰੀਏ, ਅਤੇ ਉਹ ਦੇ ਮਹਿਲਾਂ ਨੂੰ ਢਾਹ ਸੁੱਟੀਏ!
20-26 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | (ਯਿਰਮਿਯਾਹ 8–11)
“ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ”
(ਯਿਰਮਿਯਾਹ 10:2-5) ਯਹੋਵਾਹ ਐਉਂ ਫ਼ਰਮਾਉਂਦਾ ਹੈ, — ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦਿਆਂ ਨਿਸ਼ਾਨਾਂ ਤੋਂ ਘਾਬਰੋ, ਕਿਉਂ ਜੋ ਕੌਮਾਂ ਓਹਨਾਂ ਤੋਂ ਘਾਬਰਦੀਆਂ ਹਨ। 3 ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਏਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ। 4 ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸੱਕੇ। 5 ਓਹ ਖਜੂਰ ਵਾਂਙੁ ਸਖ਼ਤ ਹਨ, ਓਹ ਬੋਲ ਨਹੀਂ ਸੱਕਦੇ, ਓਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਓਹ ਤੁਰ ਨਹੀਂ ਸੱਕਦੇ! ਓਹਨਾਂ ਤੋਂ ਨਾ ਡਰੋ, ਕਿਉਂ ਜੋ ਓਹ ਬੁਰਿਆਈ ਨਹੀਂ ਕਰ ਸੱਕਦੇ, ਨਾ ਹੀ ਓਹ ਭਲਿਆਈ ਕਰ ਸੱਕਦੇ ਹਨ।
(ਯਿਰਮਿਯਾਹ 10:14, 15) ਹਰੇਕ ਆਦਮੀ ਬੇਦਰਦ ਹੋ ਗਿਆ ਹੈ ਅਤੇ ਗਿਆਨਵਾਨ ਨਹੀਂ, ਹਰੇਕ ਸਰਾਫ਼ ਆਪਣੀ ਘੜਤ ਤੋਂ ਲੱਜਿਆਵਾਨ ਹੈ, ਕਿਉਂ ਜੋ ਉਹ ਦੀ ਢਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ। 15 ਓਹ ਵਿਅਰਥ ਹਨ, ਓਹ ਧੋਖੇ ਦਾ ਕੰਮ ਹਨ, ਓਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ।
it-1 555
ਖੀਰਾ
ਥੰਮ੍ਹ, ਖੰਭੇ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵੀ ਜਾਨਵਰਾਂ ਨੂੰ ਖੇਤਾਂ ਵਿੱਚੋਂ ਭਜਾਉਣ ਲਈ ਟਿਕਾਈਆਂ ਜਾਂਦੀਆਂ ਸਨ ਤੇ ‘ਕੌਮਾਂ ਦੇ ਬੁੱਤ ਡਰਨਿਆਂ ਵਰਗੇ ਹਨ, ਜਿਹੜੀ ਕਕੜੀਆਂ ਯਾਨੀ ਖੀਰੇ ਦੇ ਖੇਤਾਂ ਅੰਦਰ ਹੁੰਦੇ ਹਨ।’ ਯਿਰਮਿਯਾਹ ਨਬੀ ਨੇ ਮੂਰਤੀ-ਪੂਜਕ ਕੌਮਾਂ ਵੱਲੋਂ ਬਣਾਏ ਗਏ ਬੁੱਤਾਂ ਦੀ ਤੁਲਨਾ ਇਨ੍ਹਾਂ ਡਰਨਿਆਂ ਨਾਲ ਕੀਤੀ।—ਯਿਰ 10:5, ERV.
(ਯਿਰਮਿਯਾਹ 10:6, 7) ਹੇ ਯਹੋਵਾਹ, ਤੇਰੇ ਜੇਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ। 7 ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਇਹ ਤੈਨੂੰ ਜੋਗ ਹੈ। ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰਾ ਜੇਹਾ ਕੋਈ ਨਹੀਂ।
(ਯਿਰਮਿਯਾਹ 10:10-13) ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪ ਕਾਲ ਦਾ ਪਾਤਸ਼ਾਹ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸੱਕਦੀਆਂ। 11 ਤੁਸੀਂ ਓਹਨਾਂ ਨੂੰ ਏਸ ਤਰਾਂ ਦੱਸੋ, ਓਹ ਦਿਓਤੇ ਜਿਨ੍ਹਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਓਹ ਧਰਤੀ ਤੋਂ ਅਤੇ ਅਕਾਸ਼ ਦੇ ਹੋਠੋਂ ਮਿਟ ਜਾਣਗੇ। 12 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਹੈ, ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ। 13 ਜਦ ਉਹ ਆਪਣੀ ਅਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣੇ ਖ਼ਜ਼ਾਨਿਆਂ ਵਿੱਚੋਂ ਹਵਾ ਬਾਹਰ ਕੱਢਦਾ ਹੈ।
ਅੱਜ ਪਰਮੇਸ਼ੁਰ ਦੀ ਵਡਿਆਈ ਕੌਣ ਕਰ ਰਹੇ ਹਨ?
10 ਜਦ ਅਸੀਂ ਉੱਪਰ ਆਕਾਸ਼ ਵੱਲ ਜਾਂ ਇੱਥੇ ਧਰਤੀ ਉੱਤੇ ਨਜ਼ਰ ਫੇਰਦੇ ਹਾਂ, ਤਾਂ ਸਾਨੂੰ ਬਹੁਤ ਸਬੂਤ ਮਿਲਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਹੈ। (ਯਿਰਮਿਯਾਹ 10:12) ਸਾਨੂੰ ਉਨ੍ਹਾਂ ਸਵਰਗੀ ਪ੍ਰਾਣੀਆਂ ਨਾਲ ਸਹਿਮਤ ਹੋਣਾ ਚਾਹੀਦਾ ਹੈ ਜੋ ਕਹਿੰਦੇ ਹਨ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ।” (ਪਰਕਾਸ਼ ਦੀ ਪੋਥੀ 4:11) ਭਾਵੇਂ ਵਿਗਿਆਨੀ ਜੀਉਂਦੀਆਂ ਚੀਜ਼ਾਂ ਦੇਖ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਹਨ, ਫਿਰ ਵੀ ਕਈ ਜਣੇ ਆਪਣੀਆਂ “ਦਿਲ ਦੀਆਂ ਅੱਖਾਂ” ਨਾਲ ਸਬੂਤ ਨਹੀਂ ਦੇਖਦੇ। (ਅਫ਼ਸੀਆਂ 1:18) ਜ਼ਰਾ ਸੋਚੋ: ਕੁਦਰਤ ਦੀ ਸੁੰਦਰਤਾ ਅਤੇ ਡੀਜ਼ਾਈਨ ਦੀ ਤਾਰੀਫ਼ ਕਰਨੀ, ਪਰ ਰੱਬ ਨੂੰ ਨਹੀਂ ਮੰਨਣਾ ਉੱਨੀ ਹੀ ਬੇਵਕੂਫ਼ੀ ਦੀ ਗੱਲ ਹੈ ਜਿੰਨੀ ਕਿ ਕਿਸੇ ਸੋਹਣੀ ਤਸਵੀਰ ਦੀ ਤਾਰੀਫ਼ ਕਰਨੀ, ਪਰ ਇਹ ਨਹੀਂ ਮੰਨਣਾ ਕਿ ਕੋਈ ਚਿੱਤਰਕਾਰ ਸੀ ਜਿਸ ਨੇ ਕੋਰੇ ਕਾਗਜ਼ ਨੂੰ ਰੰਗਾਂ ਨਾਲ ਭਰ ਦਿੱਤਾ। ਤਾਂ ਫਿਰ, ਨਾਸਤਿਕਾਂ ਕੋਲ ਇਹ ਕਹਿਣ ਦਾ ਕੋਈ ਬਹਾਨਾ ਨਹੀਂ ਕਿ ਪਰਮੇਸ਼ੁਰ ਹੈ ਨਹੀਂ!
(ਯਿਰਮਿਯਾਹ 10:21-23) ਆਜੜੀ ਤਾਂ ਬੇਦਰਦ ਹਨ, ਓਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਏਸ ਲਈ ਓਹ ਸਫਲ ਨਾ ਹੋਏ, ਓਹਨਾਂ ਦੇ ਸਾਰੇ ਇੱਜੜ ਖੇਰੂੰ ਖੇਰੂੰ ਹੋ ਗਏ। 22 ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਓਹ ਗਿੱਦੜਾਂ ਦੇ ਘੁਰਨੇ ਬਣਨ। 23 ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।
ਕੀ ਤੁਸੀਂ ਰੱਬ ਤੋਂ ਨਿਰਾਸ਼ ਹੋ?
ਅੱਜ ਧਰਤੀ ʼਤੇ ਮਾੜੇ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਇਨਸਾਨਾਂ ਦੀ ਹਕੂਮਤ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਦੁਨੀਆਂ ਦੀਆਂ ਸਰਕਾਰਾਂ ਨਾ ਸਿਰਫ਼ ਸ਼ਾਂਤੀ, ਸੁਰੱਖਿਆ ਤੇ ਖ਼ੁਸ਼ੀ ਲਿਆਉਣ ਵਿਚ ਨਾਕਾਮ ਹੋਈਆਂ ਹਨ, ਸਗੋਂ ਧਰਤੀ ਨੂੰ ਵੀ ਤਬਾਹੀ ਦੇ ਕੰਢੇ ʼਤੇ ਲਿਆ ਖੜ੍ਹਾ ਕੀਤਾ ਹੈ। ਇਸ ਤੋਂ ਬਾਈਬਲ ਦੀ ਇਹ ਗੱਲ ਸੱਚ ਸਾਬਤ ਹੁੰਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਮੇਸ਼ਾ ਦੀ ਸ਼ਾਂਤੀ, ਖ਼ੁਸ਼ੀ ਅਤੇ ਇਨਸਾਨਾਂ ਲਈ ਖ਼ੁਸ਼ਹਾਲੀ ਲਿਆਉਣ ਦੀ ਗਾਰੰਟੀ ਦਿੰਦਾ ਹੈ ਕਿਉਂਕਿ ਪਰਮੇਸ਼ੁਰ ਦਾ ਇਹੀ ਮਕਸਦ ਹੈ।—ਯਸਾਯਾਹ 45:18.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 9:24) ਪਰ ਜਿਹੜਾ ਮਾਣ ਕਰਦਾ ਹੈ ਉਹ ਏਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਨ੍ਹਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ।
ਯਹੋਵਾਹ ਦੇ ਨੇੜੇ ਰਹੋ
16 ਮਾਣ ਕਰਨਾ ਚੰਗਾ ਹੁੰਦਾ ਹੈ, ਪਰ ਘਮੰਡ ਕਰਨਾ ਨਹੀਂ। ਅਸੀਂ ਇਸ ਗੱਲ ʼਤੇ ਮਾਣ ਕਰਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। (ਯਿਰ. 9:24) ਇਸ ਕਰਕੇ ਅਸੀਂ ਹਮੇਸ਼ਾ ਸਹੀ ਫ਼ੈਸਲੇ ਕਰਨ ਅਤੇ ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਅਸੀਂ ਆਪਣੇ ਉੱਤੇ ਘਮੰਡ ਕਰਨ ਲੱਗ ਪਈਏ, ਤਾਂ ਅਸੀਂ ਸੋਚਣ ਲੱਗ ਪਵਾਂਗੇ ਕਿ ਅਸੀਂ ਯਹੋਵਾਹ ਤੋਂ ਜ਼ਿਆਦਾ ਜਾਣਦੇ ਹਾਂ। ਇਸ ਕਰਕੇ ਅਸੀਂ ਉਸ ਤੋਂ ਦੂਰ ਹੋ ਸਕਦੇ ਹਾਂ।—ਜ਼ਬੂ. 138:6; ਰੋਮੀ. 12:3.
(ਯਿਰਮਿਯਾਹ 11:10) ਓਹ ਆਪਣੇ ਪਹਿਲੇ ਪਿਉ ਦਾਦਿਆਂ ਦੀਆਂ ਬੁਰਿਆਈਆਂ ਵੱਲ ਫਿਰ ਗਏ ਹਨ ਜਿਨ੍ਹਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ। ਓਹ ਦੂਜੇ ਦਿਓਤਿਆਂ ਦੇ ਪਿੱਛੇ ਚੱਲੇ ਗਏ ਹਨ ਅਤੇ ਓਹਨਾਂ ਦੀ ਪੂਜਾ ਕਰਨ ਲੱਗ ਗਏ। ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨੇਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆ ਸੀ।
ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
3:11-22; 11:10-12, 17—ਯਿਰਮਿਯਾਹ ਨੇ ਆਪਣੇ ਐਲਾਨਾਂ ਵਿਚ ਦਸ-ਗੋਤੀ ਉੱਤਰੀ ਰਾਜ ਨੂੰ ਕਿਉਂ ਸ਼ਾਮਲ ਕੀਤਾ ਜਦ ਕਿ ਉਸ ਦੀ ਰਾਜਧਾਨੀ ਸਾਮਰਿਯਾ ਪਹਿਲਾਂ ਹੀ 740 ਈ. ਪੂ. ਵਿਚ ਅੱਸ਼ੂਰੀਆਂ ਦੇ ਕਬਜ਼ੇ ਵਿਚ ਆ ਚੁੱਕੀ ਸੀ? ਕਿਉਂਕਿ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੇ ਯਹੋਵਾਹ ਸਿਰਫ਼ ਯਹੂਦਾਹ ਨਾਲ ਹੀ ਨਹੀਂ, ਸਗੋਂ ਸਾਰੇ ਇਸਰਾਏਲ ਨਾਲ ਨਾਰਾਜ਼ ਸੀ। (ਹਿਜ਼ਕੀਏਲ 9:9, 10) ਇਸ ਤੋਂ ਇਲਾਵਾ, ਉੱਤਰੀ ਰਾਜ ਦੇ ਪਤਨ ਤੋਂ ਬਾਅਦ, ਯਹੋਵਾਹ ਉੱਤਰੀ ਰਾਜ ਦੇ ਲੋਕਾਂ ਨੂੰ ਭੁੱਲਿਆ ਨਹੀਂ, ਸਗੋਂ ਦੁਬਾਰਾ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵਾਪਸ ਲਿਆਉਣ ਦੇ ਆਪਣੇ ਸੰਦੇਸ਼ਾਂ ਵਿਚ ਸ਼ਾਮਲ ਕਰਦਾ ਰਿਹਾ।
ਬਾਈਬਲ ਪੜ੍ਹਾਈ
(ਯਿਰਮਿਯਾਹ 11:6-16) ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਏਹਨਾਂ ਸਾਰੀਆਂ ਗੱਲਾਂ ਦੀ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਚੌਕਾਂ ਵਿੱਚ ਡੌਂਡੀ ਪਿੱਟਵਾ ਕਿ ਤੁਸੀਂ ਏਸ ਨੇਮ ਦੀਆਂ ਗੱਲਾਂ ਸੁਣੋ ਅਤੇ ਤੁਸੀਂ ਓਹਨਾਂ ਨੂੰ ਪੂਰਾ ਕਰੋ। 7 ਕਿਉਂ ਜੋ ਮੈਂ ਤੁਹਾਡੇ ਪਿਉ ਦਾਦਿਆਂ ਨੂੰ ਜਦ ਮੈਂ ਓਹਨਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਅੱਜ ਦੇ ਦਿਨ ਤੀਕ ਤਗੀਦ ਨਾਲ ਚਿਤਾਰਦਾ ਰਿਹਾ ਅਤੇ ਤੜਕੇ ਉੱਠ ਕੇ ਓਹਨਾਂ ਨੂੰ ਚਿਤਾਰਦਾ ਰਿਹਾ ਕਿ ਮੇਰੀ ਸੁਣੋ! 8 ਪਰ ਓਹਨਾਂ ਨੇ ਨਾ ਸੁਣਿਆ, ਨਾ ਕੰਨ ਲਾਇਆ। ਹਰੇਕ ਆਪਣੇ ਬੁਰੇ ਦਿਲ ਦੀ ਅੜੀ ਵਿੱਚ ਚੱਲਦਾ ਰਿਹਾ। ਏਸੇ ਲਈ ਮੈਂ ਏਸ ਨੇਮ ਦੀਆਂ ਸਾਰੀਆਂ ਗੱਲਾਂ ਓਹਨਾਂ ਉੱਤੇ ਲਿਆਂਦੀਆਂ ਜਿਨ੍ਹਾਂ ਦਾ ਮੈਂ ਓਹਨਾਂ ਨੂੰ ਪੂਰਾ ਕਰਨ ਲਈ ਹੁਕਮ ਦਿੱਤਾ ਸੀ ਪਰ ਓਹਨਾਂ ਨੇ ਉਨ੍ਹਾਂ ਨੂੰ ਪੂਰਾ ਨਾ ਕੀਤਾ। 9 ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚ ਇੱਕ ਮਤਾ ਪਕਾਇਆ ਜਾਂਦਾ ਹੈ। 10 ਓਹ ਆਪਣੇ ਪਹਿਲੇ ਪਿਉ ਦਾਦਿਆਂ ਦੀਆਂ ਬੁਰਿਆਈਆਂ ਵੱਲ ਫਿਰ ਗਏ ਹਨ ਜਿਨ੍ਹਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ। ਓਹ ਦੂਜੇ ਦਿਓਤਿਆਂ ਦੇ ਪਿੱਛੇ ਚੱਲੇ ਗਏ ਹਨ ਅਤੇ ਓਹਨਾਂ ਦੀ ਪੂਜਾ ਕਰਨ ਲੱਗ ਗਏ। ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨੇਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆ ਸੀ। 11 ਏਸੇ ਲਈ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖੋ, ਮੈਂ ਓਹਨਾਂ ਉੱਤੇ ਬਦੀ ਲਿਆ ਰਿਹਾ ਹਾਂ ਜਿਸ ਤੋਂ ਓਹ ਨਿੱਕਲ ਨਾ ਸੱਕਣਗੇ। ਭਾਵੇਂ ਓਹ ਮੇਰੀ ਵੱਲ ਚਿੱਲਾਉਣ, ਮੈਂ ਓਹਨਾਂ ਦੀ ਨਾ ਸੁਣਾਂਗਾ। 12 ਤਦ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਜਾਣਗੇ ਅਤੇ ਦੂਜੇ ਦਿਓਤਿਆਂ ਲਈ ਚਿੱਲਾਉਣਗੇ ਜਿਨ੍ਹਾਂ ਲਈ ਓਹ ਧੂਪ ਧੁਖਾਉਂਦੇ ਰਹੇ ਹਨ, ਪਰ ਓਹ ਓਹਨਾਂ ਨੂੰ ਮੂਲੋਂ ਓਹਨਾਂ ਦੀ ਬਿਪਤਾ ਦੇ ਸਮੇਂ ਬਚਾ ਨਾ ਸੱਕਣਗੇ। 13 ਕਿਉਂ ਜੋ ਹੇ ਯਹੂਦਾਹ, ਤੇਰੇ ਦਿਓਤੇ ਤੇਰੇ ਸ਼ਹਿਰਾਂ ਦੀ ਗਿਣਤੀ ਜਿੰਨੇ ਹਨ ਅਤੇ ਜਿੰਨੇ ਯਰੂਸ਼ਲਮ ਦੇ ਚੌਂਕ ਹਨ ਤੁਸੀਂ ਉੱਨੀਆਂ ਗਿਣਤੀ ਵਿੱਚ ਜਗਵੇਦੀਆਂ ਸ਼ਰਮ ਲਈ ਬਣਾ ਲਈਆਂ ਹਨ ਭਈ ਤੁਸੀਂ ਬਆਲ ਲਈ ਜਗਵੇਦੀਆਂ ਉੱਤੇ ਧੂਪ ਧੁਖਾਓ। 14 ਤੂੰ ਏਸ ਪਰਜਾ ਲਈ ਪ੍ਰਾਰਥਨਾ ਨਾ ਕਰ, ਨਾ ਓਹਨਾਂ ਲਈ ਤਰਲਾ ਨਾ ਪ੍ਰਾਰਥਨਾ ਚੁੱਕ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਓਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ। 15 ਮੇਰੇ ਘਰ ਵਿੱਚ ਮੇਰੀ ਪ੍ਰੀਤਮਾ ਦਾ ਕੀ ਕੰਮ ਜਦ ਉਸ ਬਹੁਤਿਆਂ ਨਾਲ ਕੁਕਰਮ ਕੀਤਾ ਅਤੇ ਪਵਿੱਤਰ ਮਾਸ ਤੈਥੋਂ ਜਾਂਦਾ ਰਿਹਾ? ਜਦ ਤੂੰ ਬਦੀ ਕਰਦੀ ਹੈਂ ਤਾਂ ਤੂੰ ਬਾਗ ਬਾਗ ਹੁੰਦੀ ਹੈਂ। 16 ਯਹੋਵਾਹ ਨੇ ਤੇਰੇ ਨਾਉਂ ਨੂੰ ਇਉਂ ਬੁਲਾਇਆ, “ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ” ਪਰ ਵੱਡੇ ਰੌਲੇ ਦੇ ਸ਼ੋਰ ਨਾਲ ਉਸ ਉਹ ਨੂੰ ਅੱਗ ਲਾ ਦਿੱਤੀ ਅਤੇ ਉਹ ਦੀਆਂ ਟਹਿਣੀਆਂ ਤੋੜੀਆਂ ਗਈਆਂ।
27 ਮਾਰਚ–2 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 12-16
“ਇਜ਼ਰਾਈਲੀ ਯਹੋਵਾਹ ਨੂੰ ਭੁੱਲ ਗਏ”
(ਯਿਰਮਿਯਾਹ 13:1-5) ਯਹੋਵਾਹ ਨੇ ਮੈਨੂੰ ਐਉਂ ਆਖਿਆ ਕਿ ਜਾਹ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਨੂੰ ਪਾਣੀ ਵਿੱਚ ਨਾ ਭੇਵੀਂ। 2 ਸੋ ਮੈਂ ਯਹੋਵਾਹ ਦੇ ਬਚਨ ਦੇ ਅਨੁਸਾਰ ਇੱਕ ਕਮਰ ਕੱਸਾ ਮੁੱਲ ਲਿਆ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲਿਆ। 3 ਤਾਂ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ। 4 ਜਿਹੜਾ ਕਮਰ ਕੱਸਾ ਤੈਂ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹ ਨੂੰ ਲੈ, ਅਤੇ ਫਰਾਤ ਨੂੰ ਜਾਹ ਅਤੇ ਉੱਥੇ ਉਹ ਨੂੰ ਇੱਕ ਚਟਾਨ ਦੀ ਤੇੜ ਵਿੱਚ ਲੁਕਾ ਦੇਹ। 5 ਸੋ ਮੈਂ ਗਿਆ ਅਤੇ ਉਹ ਫਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ।
jr 51 ਪੈਰਾ 17
ਧੋਖੇਬਾਜ਼ ਦਿਲ ਤੋਂ ਬਚੋ
17 ਯਿਰਮਿਯਾਹ ਦੀ ਜ਼ਿੰਮੇਵਾਰੀ ਵਿੱਚ ਸ਼ਾਮਲ ਸੀ ਕਿ ਉਹ ਪਰਮੇਸ਼ੁਰ ਦੀਆਂ ਹਿਦਾਇਤਾਂ ਅਨੁਸਾਰ ਚੱਲੇ। ਜੇ ਤੁਸੀਂ ਯਿਰਮਿਯਾਹ ਦੀ ਜਗ੍ਹਾ ਹੁੰਦੇ, ਤਾਂ ਕੀ ਤੁਸੀਂ ਇੱਦਾਂ ਦੀਆਂ ਹਿਦਾਇਤਾਂ ਮੰਨਦੇ? ਇਕ ਵਾਰ ਯਹੋਵਾਹ ਨੇ ਯਿਰਮਿਯਾਹ ਨੂੰ ਕਤਾਨ ਦਾ ਕਮਰ ਕੱਸਾ ਲੈ ਕੇ ਪਾਉਣ ਲਈ ਕਿਹਾ। ਫਿਰ ਪਰਮੇਸ਼ੁਰ ਨੇ ਉਸ ਨੂੰ ਫਰਾਤ ਤਕ ਸਫ਼ਰ ਕਰਨ ਦਾ ਹੁਕਮ ਦਿੱਤਾ। ਜੇ ਤੁਸੀਂ ਨਕਸ਼ੇ ਵਿਚ ਦੇਖੋ, ਤਾਂ ਇਹ 500 ਕਿਲੋਮੀਟਰ (300 ਮੀਲ) ਲੰਬਾ ਸਫ਼ਰ ਸੀ। ਉੱਥੇ ਪਹੁੰਚ ਕੇ ਯਿਰਮਿਯਾਹ ਨੇ ਕਮਰ ਕੱਸੇ ਨੂੰ ਚਟਾਨ ਦੀ ਤਰੇੜ ਵਿਚ ਲੁਕੋ ਕੇ ਵਾਪਸ ਯਰੂਸ਼ਲਮ ਆਉਣਾ ਸੀ। ਬਾਅਦ ਵਿਚ ਪਰਮੇਸ਼ੁਰ ਨੇ ਉਸ ਨੂੰ ਕਮਰ ਕੱਸਾ ਵਾਪਸ ਲਿਆਉਣ ਲਈ ਕਿਹਾ। (ਯਿਰਮਿਯਾਹ 13:1-9 ਪੜ੍ਹੋ।) ਯਿਰਮਿਯਾਹ ਨੇ ਕੁੱਲ ਮਿਲਾ ਕੇ 1,900 ਕਿਲੋਮੀਟਰ (1,200 ਮੀਲ) ਦਾ ਸਫ਼ਰ ਤੈਅ ਕੀਤਾ ਹੋਣਾ। ਬਾਈਬਲ ਦੇ ਆਲੋਚਕ ਇਸ ਗੱਲ ʼਤੇ ਯਕੀਨ ਨਹੀਂ ਕਰਦੇ ਕਿ ਉਸ ਨੇ ਮਹੀਨਿਆਂ-ਬੱਧੀ ਚੱਲ ਕੇ ਇੰਨਾ ਲੰਬਾ ਸਫ਼ਰ ਤੈਅ ਕੀਤਾ ਹੋਣਾ। (ਅਜ਼ਰਾ 7:9) ਪਰ ਪਰਮੇਸ਼ੁਰ ਨੇ ਯਿਰਮਿਯਾਹ ਨੂੰ ਇਹ ਸਭ ਕਰਨ ਲਈ ਕਿਹਾ ਸੀ ਅਤੇ ਉਸ ਨੇ ਇੱਦਾਂ ਹੀ ਕੀਤਾ।
(ਯਿਰਮਿਯਾਹ 13:6, 7) ਤਾਂ ਐਉਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਉੱਠ ਕੇ ਫਰਾਤ ਨੂੰ ਜਾਹ ਅਤੇ ਉਸ ਕਮਰ ਕੱਸੇ ਨੂੰ ਉੱਥੋਂ ਲੈ ਲੈ ਜਿਹ ਦੇ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ। 7 ਤਾਂ ਮੈਂ ਫਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਅਰ ਉਸ ਕਮਰ ਕੱਸੇ ਨੂੰ ਉਸ ਥਾਓਂ ਲਿਆ ਜਿੱਥੇ ਮੈਂ ਉਹ ਨੂੰ ਲੁਕਾਇਆ ਸੀ ਅਤੇ ਵੇਖੋ, ਉਹ ਵਿਗੜ ਗਿਆ ਸੀ, ਉਹ ਕਿਸੇ ਕੰਮ ਦਾ ਨਾ ਰਿਹਾ।
jr 52 ਪੈਰਾ 18
ਧੋਖੇਬਾਜ਼ ਦਿਲ ਤੋਂ ਬਚੋ
18 ਕਲਪਨਾ ਕਰੋ ਕਿ ਨਬੀ ਯਹੂਦੀਆ ਦੇ ਪਹਾੜਾਂ ʼਤੇ ਚੜ੍ਹਦਾ ਹੋਇਆ ਤੇ ਫਿਰ ਰੇਗਿਸਤਾਨ ਵਿੱਚੋਂ ਦੀ ਹੁੰਦਾ ਹੋਇਆ ਫ਼ਰਾਤ ਵੱਲ ਜਾ ਰਿਹਾ ਹੈ। ਇਹ ਸਭ ਕੁਝ ਉਸ ਨੇ ਸਿਰਫ਼ ਕਤਾਨ ਦਾ ਕਮਰ ਕੱਸਾ ਲੁਕਾਉਣ ਲਈ ਕੀਤਾ। ਉਹ ਲੰਬੇ ਸਮੇਂ ਲਈ ਆਪਣੇ ਘਰ ਨਹੀਂ ਸੀ ਜਿਸ ਕਰਕੇ ਉਸ ਦੇ ਗੁਆਂਢੀਆਂ ਦੇ ਮਨਾਂ ਵਿਚ ਜ਼ਰੂਰ ਸਵਾਲ ਖੜ੍ਹੇ ਹੋਏ ਹੋਣੇ। ਜਦੋਂ ਉਹ ਵਾਪਸ ਆਇਆ, ਤਾਂ ਉਸ ਕੋਲ ਕਤਾਨ ਦਾ ਕਮਰ ਕੱਸਾ ਨਹੀਂ ਸੀ। ਫਿਰ ਪਰਮੇਸ਼ੁਰ ਨੇ ਉਸ ਨੂੰ ਦੁਬਾਰਾ ਲੰਬਾ ਸਫ਼ਰ ਤੈਅ ਕਰ ਕੇ ਕਤਾਨ ਦਾ ਕਮਰ ਕੱਸਾ ਵਾਪਸ ਲਿਆਉਣ ਲਈ ਕਿਹਾ, ਜੋ ਹੁਣ ਖ਼ਰਾਬ ਹੋ ਚੁੱਕਾ ਸੀ ਅਤੇ ‘ਉਹ ਕਿਸੇ ਕੰਮ ਦਾ ਨਹੀਂ ਰਿਹਾ’ ਸੀ। ਉਹ ਸ਼ਾਇਦ ਸੋਚ ਸਕਦਾ ਸੀ: ‘ਬਸ ਬਹੁਤ ਹੋ ਗਿਆ। ਇਹ ਸਭ ਕਰਨ ਦਾ ਕੀ ਫ਼ਾਇਦਾ।’ ਪਰ ਯਹੋਵਾਹ ਦੁਆਰਾ ਢਾਲਿਆ ਗਿਆ ਹੋਣ ਕਰਕੇ ਉਸ ਨੇ ਇਸ ਤਰ੍ਹਾਂ ਦਾ ਰਵੱਈਆ ਨਹੀਂ ਦਿਖਾਇਆ। ਸ਼ਿਕਾਇਤੀ ਰਵੱਈਆ ਦਿਖਾਉਣ ਦੀ ਬਜਾਇ, ਉਸ ਨੇ ਉਸੇ ਤਰ੍ਹਾਂ ਕੀਤਾ ਜਿੱਦਾਂ ਕਿਹਾ ਗਿਆ ਸੀ।
(ਯਿਰਮਿਯਾਹ 13:8-11) ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 9 ਯਹੋਵਾਹ ਐਉਂ ਫਰਮਾਉਂਦਾ ਹੈ ਕਿ ਮੈਂ ਇਉਂ ਹੀ ਯਹੂਦਾਹ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦਿਆਂਗਾ। 10 ਏਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦਿਓਤਿਆਂ ਦੇ ਪਿੱਛੇ ਚੱਲਦੀ, ਓਹਨਾਂ ਦੀ ਪੂਜਾ ਕਰਦੀ ਅਤੇ ਓਹਨਾਂ ਨੂੰ ਮੱਥਾ ਟੇਕਦੀ ਹੈ, ਉਹ ਏਸ ਕਮਰ ਕੱਸੇ ਵਾਂਙੁ ਹੈ ਜਿਹੜਾ ਕਿਸੇ ਕੰਮ ਦਾ ਨਹੀਂ। 11 ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਤਿਵੇਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬੱਝੇ ਰਹਿਣ, ਯਹੋਵਾਹ ਦਾ ਵਾਕ ਹੈ, ਭਈ ਓਹ ਮੇਰੇ ਲਈ ਪਰਜਾ, ਨਾਮ, ਉਸਤਤ ਅਤੇ ਸੁਹੱਪਣ ਹੋਣ ਪਰ ਓਹਨਾਂ ਨੇ ਨਾ ਸੁਣਿਆ।
jr 52 ਪੈਰੇ 19-20
ਧੋਖੇਬਾਜ਼ ਦਿਲ ਤੋਂ ਬਚੋ
19 ਦੂਜੇ ਸਫ਼ਰ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਸਭ ਕੁਝ ਸਮਝਾਇਆ। ਯਿਰਮਿਯਾਹ ਦੇ ਕੰਮਾਂ ਨੇ ਉਸ ਨੂੰ ਇਕ ਪ੍ਰਭਾਵਸ਼ਾਲੀ ਸੰਦੇਸ਼ ਦੇਣ ਲਈ ਤਿਆਰ ਕੀਤਾ: “ਏਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦਿਓਤਿਆਂ ਦੇ ਪਿੱਛੇ ਚੱਲਦੀ, ਓਹਨਾਂ ਦੀ ਪੂਜਾ ਕਰਦੀ ਅਤੇ ਓਹਨਾਂ ਨੂੰ ਮੱਥਾ ਟੇਕਦੀ ਹੈ, ਉਹ ਏਸ ਕਮਰ ਕੱਸੇ ਵਾਂਙੁ ਹੈ ਜਿਹੜਾ ਕਿਸੇ ਕੰਮ ਦਾ ਨਹੀਂ।” (ਯਿਰ. 13:10) ਯਹੋਵਾਹ ਨੇ ਆਪਣੇ ਲੋਕਾਂ ਨੂੰ ਸਿਖਾਉਣ ਲਈ ਕਿੰਨਾ ਹੀ ਵਧੀਆ ਤਰੀਕਾ ਵਰਤਿਆ! ਸ਼ਾਇਦ ਯਿਰਮਿਯਾਹ ਨੂੰ ਲੱਗਿਆ ਹੋਵੇ ਕਿ ਉਸ ਨੇ ਜੋ ਕੀਤਾ, ਉਸ ਦਾ ਕੋਈ ਫ਼ਾਇਦਾ ਨਹੀਂ ਸੀ। ਪਰ ਇਸ ਕਰਕੇ ਯਹੋਵਾਹ ਲੋਕਾਂ ਦੇ ਦਿਲਾਂ ਤਕ ਪਹੁੰਚ ਸਕਿਆ।—ਯਿਰ. 13:11.
20 ਅੱਜ ਪਰਮੇਸ਼ੁਰ ਮਸੀਹੀਆਂ ਨੂੰ ਸਿਖਾਉਣ ਲਈ ਸੈਂਕੜੇ ਮੀਲ ਚੱਲਣ ਲਈ ਨਹੀਂ ਕਹਿੰਦਾ। ਪਰ ਤੁਸੀਂ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਹੋ, ਸ਼ਾਇਦ ਉਸ ਕਰਕੇ ਤੁਹਾਡੇ ਗੁਆਂਢੀ ਜਾਂ ਸਾਥੀ ਹੈਰਾਨ ਹੋਣ ਜਾਂ ਤੁਹਾਡੀ ਨੁਕਤਾਚੀਨੀ ਕਰਨ। ਇਸ ਵਿਚ ਤੁਹਾਡਾ ਪਹਿਰਾਵਾ, ਹਾਰ-ਸ਼ਿੰਗਾਰ, ਪੜ੍ਹਾਈ ਅਤੇ ਕੰਮ ਸੰਬੰਧੀ ਕੀਤੇ ਫ਼ੈਸਲੇ, ਜਾਂ ਸ਼ਰਾਬ ਦੀ ਵਰਤੋਂ ਪ੍ਰਤੀ ਤੁਹਾਡਾ ਨਜ਼ਰੀਆ ਹੋ ਸਕਦਾ ਹੈ। ਕੀ ਤੁਸੀਂ ਯਿਰਮਿਯਾਹ ਵਾਂਗ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਣ ਦਾ ਪੱਕਾ ਇਰਾਦਾ ਕੀਤਾ ਹੈ? ਪਰਮੇਸ਼ੁਰ ਦੀ ਸੇਧ ਅਨੁਸਾਰ ਢਲ਼ਿਆ ਦਿਲ ਹੋਣ ਕਰਕੇ ਤੁਹਾਡੇ ਫ਼ੈਸਲਿਆਂ ਤੋਂ ਲੋਕਾਂ ਨੂੰ ਚੰਗੀ ਗਵਾਹੀ ਮਿਲ ਸਕਦੀ ਹੈ। ਜੇ ਤੁਸੀਂ ਯਹੋਵਾਹ ਦੇ ਬਚਨ ਦੀ ਸੇਧ ਅਨੁਸਾਰ ਚੱਲੋਗੇ ਅਤੇ ਵਫ਼ਾਦਾਰ ਨੌਕਰ ਦੀਆਂ ਦਿੱਤੀਆਂ ਹਿਦਾਇਤਾਂ ਮੰਨੋਗੇ, ਤਾਂ ਇਸ ਨਾਲ ਤੁਹਾਡਾ ਹਮੇਸ਼ਾ ਭਲਾ ਹੋਵੇਗਾ। ਆਪਣੇ ਧੋਖੇਬਾਜ਼ ਦਿਲ ਦੀ ਮੰਨਣ ਦੀ ਬਜਾਇ ਤੁਸੀਂ ਯਿਰਮਿਯਾਹ ਵਰਗੇ ਬਣ ਸਕਦੇ ਹੋ। ਇਸ ਕਰਕੇ ਯਹੋਵਾਹ ਵੱਲੋਂ ਢਾਲ਼ੇ ਜਾਣ ਦਾ ਪੱਕਾ ਇਰਾਦਾ ਕਰੋ ਤਾਂ ਜੋ ਉਹ ਤੁਹਾਨੂੰ ਹਮੇਸ਼ਾ ਆਦਰ ਦੇ ਕੰਮ ਲਈ ਵਰਤਿਆ ਜਾਣ ਵਾਲਾ ਭਾਂਡਾ ਬਣਾਵੇ।
it-1 1121 ਪੈਰਾ 2
ਲੱਕ
ਯਹੋਵਾਹ ਨੇ ਇਜ਼ਰਾਈਲ ਅਤੇ ਯਹੂਦਾਹ ਦੇ ਘਰਾਣਿਆਂ ਨੂੰ ਆਪਣੇ ਲੱਕ ਦੁਆਲੇ ਬੱਝੇ ਹੋਏ ਕਮਰ ਕੱਸੇ ਦੀ ਤਰ੍ਹਾਂ ਕਿਹਾ। ਇਸ ਨੂੰ ਪਰਮੇਸ਼ੁਰ ਨੇ ਆਪਣੇ ਬਹੁਤ ਕੋਲ ਰੱਖਿਆ ਹੈ ਤਾਂਕਿ ਇਹ ਉਸ ਲਈ ਉਸਤਤ ਅਤੇ ਸੁਹੱਪਣ ਦਾ ਕਾਰਨ ਹੋਵੇ। (ਯਿਰ 13:11) ਯਿਸੂ ਮਸੀਹ ਦੇ ਰਾਜ ਕਰਨ ਦੇ ਤਰੀਕੇ ਨੂੰ ਦਰਸਾਉਂਦੇ ਹੋਏ ਕਿਹਾ ਗਿਆ ਹੈ ਕਿ ਧਾਰਮਿਕਤਾ ਉਸ ਦੀ ਕਮਰ ਦਾ ਪਟਕਾ ਅਤੇ ਵਫ਼ਾਦਾਰੀ ਉਸ ਦੇ ਲੱਕ ਦੀ ਪੇਟੀ ਹੋਵੇਗੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਆਪਣੀ ਸਾਰੀ ਤਾਕਤ ਦੀ ਵਰਤੋਂ ਹਮੇਸ਼ਾ ਧਾਰਮਿਕਤਾ ਅਤੇ ਵਫ਼ਾਦਾਰੀ ਨਾਲ ਕਰੇਗਾ। ਜਿਸ ਤਰ੍ਹਾਂ ਪੇਟੀ ਸਹਾਰੇ ਦਾ ਕੰਮ ਕਰਦੀ ਹੈ, ਉਸੇ ਤਰ੍ਹਾਂ ਧਾਰਮਿਕਤਾ ਦਾ ਗੁਣ ਯਹੋਵਾਹ ਦੇ ਚੁਣੇ ਹੋਏ ਨਿਆਂਕਾਰ ਵਜੋਂ ਕੰਮ ਕਰਨ ਵਿਚ ਯਿਸੂ ਦੀ ਮਦਦ ਕਰੇਗੀ।—ਯਸਾ 11:1, 5.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਿਰਮਿਯਾਹ 12:1, 2) ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਵਿਖੇ ਤੇਰੇ ਨਾਲ ਬੋਲਾਂਗਾ, — ਦੁਸ਼ਟਾਂ ਦਾ ਰਾਹ ਕਿਉਂ ਸਫਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ? 2 ਤੈਂ ਓਹਨਾਂ ਨੂੰ ਲਾਇਆ ਤਾਂ ਓਹਨਾਂ ਨੇ ਜੜ੍ਹ ਵੀ ਫੜ ਲਈ, ਓਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਓਹਨਾਂ ਦੇ ਮੂੰਹ ਦੇ ਨੇੜੇ ਅਤੇ ਓਹਨਾਂ ਦੇ ਦਿਲ ਤੋਂ ਦੂਰ ਹੈਂ।
(ਯਿਰਮਿਯਾਹ 12:14) ਯਹੋਵਾਹ ਐਉਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੋਹੰਦੇ ਹਨ ਜਿਹਦਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਓਹਨਾਂ ਨੂੰ ਓਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੂਦਾਹ ਦਾ ਘਰਾਣੇ ਨੂੰ ਓਹਨਾਂ ਵਿੱਚੋਂ ਪੁੱਟ ਸੁੱਟਾਂਗਾ।
jr 118 ਪੈਰਾ 11
ਕੀ ਤੁਸੀਂ ਰੋਜ਼ ਪੁੱਛਦੇ ਹੋ, “ਯਹੋਵਾਹ ਕਿੱਥੇ ਹੈ?”
11 ਜਦੋਂ ਉਸ ਨੇ ਦੁਸ਼ਟ ਲੋਕਾਂ ਨੂੰ ਸਫ਼ਲ ਹੁੰਦੇ ਦੇਖਿਆ, ਤਾਂ ਉਸ ਦੇ ਮਨ ਵਿਚ ਇਕ ਸਵਾਲ ਉੱਠਿਆ ਜੋ ਉਸ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ। (ਯਿਰਮਿਯਾਹ 12:1, 3 ਪੜ੍ਹੋ।) ਯਿਰਮਿਯਾਹ ਯਹੋਵਾਹ ਦੀ ਧਾਰਮਿਕਤਾ ʼਤੇ ਸ਼ੱਕ ਨਹੀਂ ਕਰ ਰਿਹਾ ਸੀ, ਪਰ ਉਹ ਆਪਣੀ “ਬਹਿਸ” ਦਾ ਜਵਾਬ ਮੰਗ ਕਰ ਰਿਹਾ ਸੀ। ਉਸ ਦੇ ਬੇਝਿਜਕ ਗੱਲ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਸੀ, ਜਿਸ ਤਰ੍ਹਾਂ ਇਕ ਬੱਚੇ ਦਾ ਆਪਣੇ ਪਿਆਰੇ ਪਿਤਾ ਨਾਲ ਹੁੰਦਾ ਹੈ। ਪਰ ਯਿਰਮਿਯਾਹ ਇਹ ਨਹੀਂ ਸਮਝ ਸਕਿਆ ਕਿ ਬਹੁਤ ਸਾਰੇ ਯਹੂਦੀ ਦੁਸ਼ਟ ਹੋਣ ਦੇ ਬਾਵਜੂਦ ਵੀ ਕਿਉਂ ਵਧ-ਫੁੱਲ ਰਹੇ ਸਨ। ਕੀ ਯਿਰਮਿਯਾਹ ਨੂੰ ਇਸ ਸਵਾਲ ਦਾ ਜਵਾਬ ਮਿਲਿਆ? ਯਹੋਵਾਹ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਦੁਸ਼ਟਾਂ ਨੂੰ ਉਖਾੜ ਸੁੱਟੇਗਾ। (ਯਿਰ. 12:14) ਜਦੋਂ ਯਿਰਮਿਯਾਹ ਨੇ ਪ੍ਰਾਰਥਨਾ ਵਿਚ ਜ਼ਿਕਰ ਕੀਤੇ ਮਸਲਿਆਂ ਦਾ ਹੱਲ ਹੁੰਦਿਆਂ ਦੇਖਿਆ, ਤਾਂ ਉਸ ਦਾ ਯਹੋਵਾਹ ਦੇ ਨਿਆਂ ʼਤੇ ਭਰੋਸਾ ਹੋਰ ਵੀ ਵਧਿਆ ਹੋਣਾ। ਨਤੀਜੇ ਵਜੋਂ, ਉਹ ਪਰਮੇਸ਼ੁਰ ਨੂੰ ਹੋਰ ਵੀ ਜ਼ਿਆਦਾ ਪ੍ਰਾਰਥਨਾ ਕਰਨ ਲੱਗਾ ਹੋਣਾ ਅਤੇ ਖੁੱਲ੍ਹ ਕੇ ਗੱਲ ਕਰਦਾ ਹੋਣਾ।
(ਯਿਰਮਿਯਾਹ 15:17) ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੈਂ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ।
ਯਿਰਮਿਯਾਹ ਵਾਂਗ ਹਿੰਮਤੀ ਬਣੋ
ਆਓ ਆਪਾਂ ਆਪਣੀ ਸੰਗਤ ਬਾਰੇ ਸਾਵਧਾਨ ਰਹੀਏ
16 ਯਿਰਮਿਯਾਹ ਨੇ ਸਾਨੂੰ ਇਕ ਹੋਰ ਚੀਜ਼ ਬਾਰੇ ਵੀ ਦੱਸਿਆ ਜਿਸ ਕਰਕੇ ਉਹ ਹਿੰਮਤੀ ਬਣ ਸਕਿਆ ਸੀ। ਉਸ ਨੇ ਕਿਹਾ: “ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇਕੱਲਾ ਬੈਠਾ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੈਂ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ।” (ਯਿਰਮਿਯਾਹ 15:17) ਯਿਰਮਿਯਾਹ ਨੇ ਬੁਰੀ ਸੰਗਤ ਰੱਖਣ ਦੀ ਬਜਾਇ ਇਕੱਲਾ ਬੈਠਣਾ ਪਸੰਦ ਕੀਤਾ। ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਸਾਨੂੰ ਪੌਲੁਸ ਰਸੂਲ ਦੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਸਾਡੀਆਂ ਕਈ ਸਾਲਾਂ ਦੀਆਂ ਚੰਗੀਆਂ ਆਦਤਾਂ ਵੀ ਵਿਗੜ ਸਕਦੀਆਂ ਹਨ।—1 ਕੁਰਿੰਥੀਆਂ 15:33.
ਬਾਈਬਲ ਪੜ੍ਹਾਈ
(ਯਿਰਮਿਯਾਹ 13:15-27) ਸੁਣੋ ਅਤੇ ਕੰਨ ਲਾਓ, ਹੰਕਾਰ ਨਾ ਕਰੋ, ਕਿਉਂ ਜੋ ਯਹੋਵਾਹ ਬੋਲਿਆ ਹੈ। 16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦੇਓ, ਏਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਏਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਹਾੜਾਂ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ। 17 ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਨ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ। 18 ਪਾਤਸ਼ਾਹ ਅਤੇ ਰਾਣੀ ਨੂੰ ਆਖ, ਹੋਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ। 19 ਦੱਖਣ ਦੇ ਸ਼ਹਿਰ ਬੰਦ ਹੋ ਗਏ, ਓਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਯਹੂਦਾਹ ਅਸੀਰ ਹੋ ਗਿਆ, ਸਾਰੇ ਦੇ ਸਾਰੇ ਅਸੀਰ ਹੋ ਗਏ। 20 ਆਪਣੀਆਂ ਅੱਖਾਂ ਚੁੱਕ, ਤੇ ਉੱਤਰ ਵੱਲੋਂ ਆਉਣ ਵਾਲਿਆਂ ਨੂੰ ਵੇਖ! ਉਹ ਇੱਜੜ ਕਿੱਥੇ ਹੈ ਜਿਹੜਾ ਤੈਨੂੰ ਦਿੱਤਾ ਗਿਆ ਸੀ? ਹਾਂ, ਤੇਰਾ ਸੋਹਣਾ ਇੱਜੜ? 21 ਤੂੰ ਕੀ ਆਖੇਂਗੀ ਜਦ ਉਹ ਤੇਰੇ ਉੱਤੇ ਆਗੂ ਹੋਣ ਲਈ, ਓਹਨਾਂ ਨੂੰ ਠਹਿਰਾਵੇ ਜਿਨ੍ਹਾਂ ਨੂੰ ਤੈਂ ਆਪ ਸਿਖਾਇਆ, ਭਈ ਓਹ ਤੇਰੇ ਯਾਰ ਹੋਣ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਤੀਵੀਂ ਨੂੰ ਜਣਨ ਦੀਆਂ ਲੱਗਦੀਆਂ ਹਨ? 22 ਜੇ ਤੂੰ ਆਪਣੇ ਦਿਲ ਵਿੱਚ ਆਖੇਂ, ਏਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ? ਏਹ ਤੇਰੀ ਬਦੀ ਦੇ ਵਾਫਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ। 23 ਭਲਾ, ਹਬਸ਼ੀ ਆਪਣੀ ਖੱਲ ਨੂੰ, ਯਾ ਚਿੱਤਾ ਆਪਣੇ ਦਾਗਾਂ ਨੂੰ ਬਦਲ ਸੱਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸੱਕਦਾ ਹੈਂ, ਜਿਹ ਨੇ ਬੁਰਿਆਈ ਸਿੱਖੀ ਹੋਈ ਹੈ! 24 ਮੈਂ ਓਹਨਾਂ ਨੂੰ ਭੋਹ ਵਾਂਙੁ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ। 25 ਏਹ ਤੇਰਾ ਗੁਣਾ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੈਂ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ। 26 ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ। 27 ਤੇਰਾ ਜ਼ਨਾਹ, ਤੇਰਾ ਹਿਣਕਣਾ, ਤੇਰੇ ਗੁੰਡੇ ਵਿਭਚਾਰ, ਪੈਲੀਆਂ ਵਿੱਚ, ਟਿੱਬਿਆਂ ਉੱਤੇ, ਏਹ ਤੇਰੇ ਘਿਣਾਉਣੇ ਕੰਮ ਮੈਂ ਵੇਖੇ। ਹੇ ਯਰੂਸ਼ਲਮ, ਹਾਇ ਤੇਰੇ ਉੱਤੇ! ਤੂੰ ਪਾਕ ਸਾਫ਼ ਨਾ ਹੋਵੇਂਗਾ! ਕਿੰਨਾ ਸਮਾਂ ਅਜੇ ਹੋਰ ਹੈ?