ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 47-51
“ਯਹੋਵਾਹ ਦਾ ਕਹਿਣਾ ਮੰਨ ਕੇ ਬਰਕਤਾਂ ਮਿਲਦੀਆਂ ਹਨ”
(ਯਸਾਯਾਹ 48:17) ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।
ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ
‘ਮੇਰੇ ਹੁਕਮਾਂ ਨੂੰ ਮੰਨੋ’
18 ਯਹੋਵਾਹ ਦੀ ਪਵਿੱਤਰ ਆਤਮਾ ਤੋਂ ਸ਼ਕਤੀ ਪਾ ਕੇ ਯਸਾਯਾਹ ਨਬੀ ਨੇ ਕਿਹਾ: “ਪ੍ਰਭੁ ਯਹੋਵਾਹ ਨੇ ਮੈਨੂੰ ਅਤੇ ਆਪਣੇ ਆਤਮਾ ਨੂੰ ਘੱਲਿਆ ਹੈ। ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:16ਅ, 17) ਇਹ ਪਿਆਰ-ਭਰੇ ਸ਼ਬਦ ਦਿਖਾਉਂਦੇ ਹਨ ਕਿ ਯਹੋਵਾਹ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ। ਇਨ੍ਹਾਂ ਸ਼ਬਦਾਂ ਤੋਂ ਇਸਰਾਏਲ ਦੀ ਕੌਮ ਨੂੰ ਭਰੋਸਾ ਮਿਲਣਾ ਚਾਹੀਦਾ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਾਬਲ ਤੋਂ ਛੁਡਾਉਣਾ ਸੀ ਕਿਉਂਕਿ ਉਹ ਉਨ੍ਹਾਂ ਦਾ ਛੁਡਾਉਣ ਵਾਲਾ ਸੀ। (ਯਸਾਯਾਹ 54:5) ਯਹੋਵਾਹ ਦਿੱਲੋਂ ਚਾਹੁੰਦਾ ਸੀ ਕਿ ਇਸਰਾਏਲੀ ਉਸ ਨਾਲ ਆਪਣੇ ਰਿਸ਼ਤੇ ਨੂੰ ਮੁੜ ਕੇ ਕਾਇਮ ਕਰਨ ਅਤੇ ਉਸ ਦੇ ਹੁਕਮਾਂ ਨੂੰ ਮੰਨਣ। ਸੱਚੀ ਉਪਾਸਨਾ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣ ਦੀ ਲੋੜ ਹੈ। ਇਸਰਾਏਲੀ ਉੱਨਾ ਚਿਰ ਸਹੀ ਰਸਤੇ ਤੇ ਚੱਲ ਨਹੀਂ ਸਕਦੇ ਸਨ ਜਿੰਨਾ ਚਿਰ ਉਨ੍ਹਾਂ ਨੂੰ ਉਹ ਰਾਹ ਸਿਖਾਇਆ ਨਹੀਂ ਜਾਂਦਾ ‘ਜਿਸ ਰਾਹ ਉਨ੍ਹਾਂ ਨੇ ਜਾਣਾ ਸੀ।’
(ਯਸਾਯਾਹ 48:18) ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।
ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ
19 ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਬਿਪਤਾ ਤੋਂ ਬਚਣ ਅਤੇ ਜ਼ਿੰਦਗੀ ਦਾ ਮਜ਼ਾ ਲੈਣ। ਇਸ ਲਈ ਉਸ ਨੇ ਸੋਹਣੇ ਢੰਗ ਨਾਲ ਕਿਹਾ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:18) ਸਰਬਸ਼ਕਤੀਮਾਨ ਸਿਰਜਣਹਾਰ ਵੱਲੋਂ ਇਹ ਕਿੰਨੀ ਸੋਹਣੀ ਬੇਨਤੀ ਸੀ! (ਬਿਵਸਥਾ ਸਾਰ 5:29; ਜ਼ਬੂਰ 81:13) ਗ਼ੁਲਾਮੀ ਵਿਚ ਜਾਣ ਦੀ ਬਜਾਇ, ਇਸਰਾਏਲੀ ਉਸ ਸ਼ਾਂਤੀ ਦਾ ਆਨੰਦ ਮਾਣ ਸਕਦੇ ਸਨ ਜੋ ਨਦੀ ਦੇ ਪਾਣੀ ਵਾਂਗ ਵਗਣੀ ਸੀ। (ਜ਼ਬੂਰ 119:165) ਉਨ੍ਹਾਂ ਦੇ ਧਰਮੀ ਕੰਮ ਸਮੁੰਦਰ ਦੀਆਂ ਲਹਿਰਾਂ ਵਾਂਗ ਬੇਸ਼ੁਮਾਰ ਹੋ ਸਕਦੇ ਸਨ। (ਆਮੋਸ 5:24) ਯਹੋਵਾਹ ਉਨ੍ਹਾਂ ਵਿਚ ਗਹਿਰੀ ਦਿਲਚਸਪੀ ਲੈ ਰਿਹਾ ਸੀ। ਇਸ ਲਈ ਉਸ ਨੇ ਇਸਰਾਏਲੀਆਂ ਦੀ ਬੇਨਤੀ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਦਿਖਾਇਆ ਕਿ ਉਨ੍ਹਾਂ ਨੂੰ ਕਿਸ ਰਾਹ ਉੱਤੇ ਚੱਲਣਾ ਚਾਹੀਦਾ ਸੀ। ਕਾਸ਼ ਉਹ ਯਹੋਵਾਹ ਦੀ ਸੁਣਦੇ!
(ਯਸਾਯਾਹ 48:19) ਤਾਂ ਤੇਰੀ ਅੰਸ ਰੇਤ ਜਿਹੀ, ਅਤੇ ਤੇਰਾ ਪਰਵਾਰ ਉਹ ਦੇ ਦਾਣਿਆਂ ਜਿਹਾ ਹੁੰਦਾ, ਉਹ ਦਾ ਨਾਉਂ ਮੇਰੇ ਹਜ਼ੂਰੋਂ ਨਾ ਛੇਕਿਆ ਜਾਂਦਾ, ਨਾ ਨਾਸ ਹੋ ਜਾਂਦਾ।
ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ
20 ਇਸਰਾਏਲੀਆਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਸਨ ਜੇ ਉਹ ਤੋਬਾ ਕਰਦੇ? ਯਹੋਵਾਹ ਨੇ ਕਿਹਾ: “ਤੇਰੀ ਅੰਸ ਰੇਤ ਜਿਹੀ, ਅਤੇ ਤੇਰਾ ਪਰਵਾਰ ਉਹ ਦੇ ਦਾਣਿਆਂ ਜਿਹਾ ਹੁੰਦਾ, ਉਹ ਦਾ ਨਾਉਂ ਮੇਰੇ ਹਜ਼ੂਰੋਂ ਨਾ ਛੇਕਿਆ ਜਾਂਦਾ, ਨਾ ਨਾਸ ਹੋ ਜਾਂਦਾ।” (ਯਸਾਯਾਹ 48:19) ਯਹੋਵਾਹ ਨੇ ਲੋਕਾਂ ਨੂੰ ਆਪਣਾ ਵਾਅਦਾ ਯਾਦ ਕਰਾਇਆ ਕਿ ਅਬਰਾਹਾਮ ਦੀ ਅੰਸ “ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਹੋਣੀ ਸੀ। (ਉਤਪਤ 22:17; 32:12) ਪਰ ਅਬਰਾਹਾਮ ਦੀ ਅੰਸ ਆਪਣੇ ਬਾਗ਼ੀ ਰਵੱਈਏ ਕਰਕੇ ਇਸ ਵਾਅਦੇ ਦੀ ਪੂਰਤੀ ਦੇਖਣ ਦੀ ਹੱਕਦਾਰ ਨਹੀਂ ਬਣੀ। ਦਰਅਸਲ ਉਹ ਲੋਕ ਇੰਨੇ ਵਿਗੜ ਗਏ ਸਨ ਕਿ ਯਹੋਵਾਹ ਦੀ ਬਿਵਸਥਾ ਅਨੁਸਾਰ ਉਸ ਕੌਮ ਦਾ ਨਾਂ ਮਿਟਾਇਆ ਜਾਣਾ ਚਾਹੀਦਾ ਸੀ। (ਬਿਵਸਥਾ ਸਾਰ 28:45) ਫਿਰ ਵੀ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਲੋਕ ਖ਼ਤਮ ਕੀਤੇ ਜਾਣ, ਅਤੇ ਇਸ ਲਈ ਉਸ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਨਹੀਂ ਤਿਆਗਿਆ ਸੀ।
21 ਇਨ੍ਹਾਂ ਆਇਤਾਂ ਦੇ ਪ੍ਰਭਾਵਸ਼ਾਲੀ ਸਿਧਾਂਤ ਅੱਜ ਵੀ ਯਹੋਵਾਹ ਦੇ ਸੇਵਕਾਂ ਉੱਤੇ ਲਾਗੂ ਹੁੰਦੇ ਹਨ। ਯਹੋਵਾਹ ਜੀਉਣ ਦਾ ਚਸ਼ਮਾ ਹੈ, ਅਤੇ ਉਹ ਸਭ ਤੋਂ ਬਿਹਤਰ ਜਾਣਦਾ ਹੈ ਕਿ ਸਾਨੂੰ ਆਪਣੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਬਿਤਾਉਣੀਆਂ ਚਾਹੀਦੀਆਂ ਹਨ। (ਜ਼ਬੂਰ 36:9) ਉਸ ਦੇ ਨਿਯਮ ਸਾਡੀਆਂ ਖ਼ੁਸ਼ੀਆਂ ਲੁੱਟਣ ਲਈ ਨਹੀਂ ਹਨ, ਪਰ ਸਾਡੇ ਲਾਭ ਲਈ ਹਨ। ਇਸ ਲਈ ਸੱਚੇ ਮਸੀਹੀ ਯਹੋਵਾਹ ਦੀ ਸਿੱਖਿਆ ਪਾਉਣੀ ਚਾਹੁੰਦੇ ਹਨ। (ਮੀਕਾਹ 4:2) ਉਸ ਦੀ ਸਲਾਹ ਸਾਡੀ ਰੂਹਾਨੀਅਤ ਅਤੇ ਉਸ ਨਾਲ ਸਾਡੇ ਰਿਸ਼ਤੇ ਦੀ ਰੱਖਿਆ ਕਰਦੀ ਹੈ। ਇਹ ਸਾਨੂੰ ਸ਼ਤਾਨ ਦੇ ਭੈੜੇ ਅਸਰ ਤੋਂ ਵੀ ਬਚਾਉਂਦੀ ਹੈ। ਜਦੋਂ ਅਸੀਂ ਪਰਮੇਸ਼ੁਰ ਦੇ ਨਿਯਮਾਂ ਦਾ ਕਾਰਨ ਸਮਝਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਨੂੰ ਸਾਡੇ ਭਲੇ ਲਈ ਸਿਖਾਉਂਦਾ ਹੈ। ਅਸੀਂ ਪਛਾਣਦੇ ਹਾਂ ਕਿ “ਉਹ ਦੇ ਹੁਕਮ ਔਖੇ ਨਹੀਂ ਹਨ,” ਅਤੇ ਅਸੀਂ ਖ਼ਤਮ ਨਹੀਂ ਕੀਤੇ ਜਾਵਾਂਗੇ।—1 ਯੂਹੰਨਾ 2:17; 5:3.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 49:6) ਹਾਂ, ਉਹ ਆਖਦਾ ਹੈ ਕਿ ਏਹ ਛੋਟੀ ਗੱਲ ਹੈ, ਕਿ ਤੂੰ ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ ਮੇਰਾ ਦਾਸ ਹੋਵੇਂ, ਸਗੋਂ ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਭਈ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
49:6—ਮਸੀਹਾ “ਕੌਮਾਂ ਲਈ ਜੋਤ” ਕਿਉਂ ਮੰਨਿਆਂ ਜਾਂਦਾ ਹੈ ਜਦ ਕਿ ਉਸ ਨੇ ਸਿਰਫ਼ ਇਸਰਾਏਲੀਆਂ ਨਾਲ ਹੀ ਖ਼ੁਸ਼ ਖ਼ਬਰੀ ਸਾਂਝੀ ਕੀਤੀ ਸੀ? ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਯਿਸੂ ਦੀ ਮੌਤ ਤੋਂ ਬਾਅਦ ਕੀ ਹੋਇਆ ਸੀ। ਬਾਈਬਲ ਯਸਾਯਾਹ 49:6 ਨੂੰ ਉਸ ਦੇ ਚੇਲਿਆਂ ਤੇ ਲਾਗੂ ਕਰਦੀ ਹੈ ਜਿਨ੍ਹਾਂ ਨੇ ਉਸ ਤੋਂ ਬਾਅਦ ਖ਼ੁਸ਼ ਖ਼ਬਰੀ ਦਾ ਸਾਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਸੀ। (ਰਸੂਲਾਂ ਦੇ ਕਰਤੱਬ 13:46, 47) ਅੱਜ ਯਹੋਵਾਹ ਦੇ ਹੋਰ ਬਹੁਤ ਸਾਰੇ ਭਗਤਾਂ ਦੀ ਮਦਦ ਨਾਲ ਮਸਹ ਕੀਤੇ ਹੋਏ ਮਸੀਹੀ “ਧਰਤੀ ਦੇ ਬੰਨੇ ਤੀਕੁਰ” ਸੱਚੇ ਗਿਆਨ ਦਾ ਚਾਨਣ ਫੈਲਾ ਰਹੇ ਹਨ।—ਮੱਤੀ 24:14; 28:19, 20.
(ਯਸਾਯਾਹ 50:1) ਯਹੋਵਾਹ ਇਉਂ ਆਖਦਾ ਹੈ, ਤੁਹਾਡੀ ਮਾਂ ਦੀ ਤਿਆਗ ਪੱਤ੍ਰੀ ਕਿੱਥੇ ਹੈ, ਜਿਹ ਦੇ ਨਾਲ ਮੈਂ ਉਹ ਨੂੰ ਛੱਡਿਆ? ਯਾ ਮੈਂ ਆਪਣੇ ਕਿਹੜੇ ਲੈਣਦਾਰ ਕੋਲ ਤੁਹਾਨੂੰ ਵੇਚ ਦਿੱਤਾ? ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ, ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ।
it-1 643 ਪੈਰੇ 4-5
ਤਲਾਕ
ਤਲਾਕ ਕਿਸ ਗੱਲ ਨੂੰ ਦਰਸਾਉਂਦਾ ਹੈ। ਬਾਈਬਲ ਵਿਚ ਵਿਆਹੁਤਾ ਰਿਸ਼ਤੇ ਬਾਰੇ ਦੱਸਿਆ ਗਿਆ ਹੈ। (ਯਸਾ 54:1, 5, 6; 62:1-6) ਇਸ ਤੋਂ ਇਲਾਵਾ ਬਾਈਬਲ ਵਿਚ ਤਲਾਕ ਜਾਂ ਪਤਨੀ ਨੂੰ ਦੂਰ ਭੇਜਣ ਬਾਰੇ ਵੀ ਜ਼ਿਕਰ ਆਉਂਦਾ ਹੈ।—ਯਿਰ 3:8.
ਯਹੂਦਾਹ ਦਾ ਰਾਜ ਖ਼ਤਮ ਹੋ ਗਿਆ ਅਤੇ ਯਰੂਸ਼ਲਮ ਨੂੰ 607 ਈ. ਪੂ. ਵਿਚ ਨਾਸ਼ ਕਰ ਦਿੱਤਾ ਗਿਆ ਅਤੇ ਇਸ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ। ਯਹੋਵਾਹ ਨੇ ਬਹੁਤ ਸਾਲ ਪਹਿਲਾਂ ਯਹੂਦੀਆਂ ਨੂੰ ਕਿਹਾ ਸੀ: ‘ਤੁਹਾਡੀ ਮਾਂ ਦੇ ਤਲਾਕ ਦੇ ਕਾਗਜ਼ ਕਿੱਥੇ ਹਨ? ਤੁਸੀਂ ਤਾਂ ਆਪਣੇ ਪਾਪਾਂ ਦੇ ਕਾਰਨ ਪਰਵਾਸ ਵਿਚ ਗਏ।’ (ਯਸਾ 50:1, CL) ਯਹੋਵਾਹ ਨੇ “ਮਾਂ” ਜਾਂ ਯਹੂਦਾਹ ਦੀ ਕੌਮ ਨੂੰ ਇਸ ਲਈ ਨਹੀਂ ਛੱਡਿਆ ਕਿ ਉਸ ਨੇ ਉਨ੍ਹਾਂ ਨਾਲੋਂ ਨੇਮ ਤੋੜ ਲਿਆ ਸੀ ਅਤੇ ਤਲਾਕ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ, ਸਗੋਂ ਇਸ ਲਈ ਕਿ ਯਹੂਦੀ ਕੌਮ ਨੇ ਯਹੋਵਾਹ ਦਾ ਕਾਨੂੰਨ ਤੋੜ ਕੇ ਗ਼ਲਤ ਕੰਮ ਕੀਤਾ ਸੀ। ਕੁਝ ਇਜ਼ਰਾਈਲੀਆਂ ਨੇ ਤੋਬਾ ਕੀਤੀ ਅਤੇ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਦਾ ਆਪਣੇ ਦੇਸ਼ ਵਿਚ ਯਹੋਵਾਹ ਨਾਲ ਪਹਿਲਾਂ ਵਾਂਗ ਪਤੀ ਵਰਗਾ ਰਿਸ਼ਤਾ ਬਣ ਜਾਵੇ। 70 ਸਾਲ ਦੀ ਗ਼ੁਲਾਮੀ ਤੋਂ ਬਾਅਦ 537 ਈ. ਪੂ. ਵਿਚ ਯਹੋਵਾਹ ਆਪਣੇ ਵਾਅਦੇ ਅਨੁਸਾਰ ਅਤੇ ਆਪਣੇ ਨਾਂ ਦੇ ਕਰਕੇ ਆਪਣੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਵਿਚ ਵਾਪਸ ਲੈ ਆਇਆ।—ਜ਼ਬੂਰ 137:1-9; MARRIAGE ਹੇਠਾਂ ਦੇਖੋ।
ਬਾਈਬਲ ਪੜ੍ਹਾਈ
(ਯਸਾਯਾਹ 51:12-23) ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ ਤੋਂ, ਜਿਹੜਾ ਘਾਹ ਵਾਂਙੁ ਹੋ ਜਾਵੇਗਾ? 13 ਤੈਂ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰਿਆ, ਜੋ ਅਕਾਸ਼ ਦਾ ਤਾਣਨ ਵਾਲਾ ਤੇ ਧਰਤੀ ਦੀ ਨੀਉਂ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਦ ਉਹ ਨਾਸ ਕਰਨ ਲਈ ਤਿਆਰ ਹੋਵੇ,— ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ? 14 ਝੁੱਕਿਆ ਹੋਇਆ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਗੋਰ ਵਿੱਚ ਨਾ ਜਾਵੇਗਾ, ਨਾ ਉਹ ਦੀ ਰੋਟੀ ਘਟੇਗੀ। 15 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਉਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ,— ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ! 16 ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਭਈ ਮੈਂ ਆਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਉਂ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ। 17 ਹੇ ਯਰੂਸ਼ਲਮ ਜਾਗ, ਜਾਗ! ਖੜਾ ਹੋ ਜਾਹ! ਤੂੰ ਜਿਹ ਨੇ ਯਹੋਵਾਹ ਦੇ ਹੱਥੋਂ ਉਹ ਦੇ ਗੁੱਸੇ ਦਾ ਜਾਮ ਪੀਤਾ, ਡਗਮਗਾਉਣ ਦੇ ਜਾਮ ਨੂੰ ਪੀ ਕੇ ਸੱਖਣਾ ਕੀਤਾ। 18 ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਉਹ ਜਣੀ, ਕੋਈ ਆਗੂ ਉਹ ਦੇ ਲਈ ਨਹੀਂ, ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਓਸ ਪਾਲਿਆ, ਕੋਈ ਨਹੀਂ ਜੋ ਉਹ ਦਾ ਹੱਥ ਫੜੇ। 19 ਏਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੇਰੇ ਲਈ ਹਾਂ ਕਰੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ? 20 ਤੇਰੇ ਪੁੱਤ੍ਰ ਬੇਹੋਸ਼ ਹੋ ਗਏ, ਓਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਲੇਟੇ ਪਏ ਹਨ, ਜਿਵੇਂ ਹਰਨ ਜਾਲ ਵਿੱਚ, ਓਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ। 21 ਏਸ ਲਈ ਤੂੰ ਜੋ ਦੁਖੀ ਹੈਂ ਏਹ ਸੁਣ, ਅਤੇ ਮਸਤ ਹੈਂ ਪਰ ਮਧ ਨਾਲ ਨਹੀਂ। 22 ਤੇਰਾ ਪ੍ਰਭੁ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਐਉਂ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਜਾਮ ਲਿਆ ਹੈ, ਮੇਰੇ ਗੁੱਸੇ ਦਾ ਕਟੋਰਾ, ਤੂੰ ਏਹ ਫੇਰ ਕਦੀ ਨਾ ਪੀਵੇਂਗੀ। 23 ਮੈਂ ਉਹ ਨੂੰ ਤੇਰੇ ਦੁਖ ਦੇਣ ਵਾਲਿਆਂ ਦੇ ਹੱਥ ਵਿੱਚ ਰੱਖਾਂਗਾ, ਜਿਨ੍ਹਾਂ ਨੇ ਤੇਰੀ ਜਾਨ ਨੂੰ ਆਖਿਆ ਸੀ, ਝੁਕ ਜਾਹ, ਭਈ ਅਸੀਂ ਲੰਘੀਏ! ਤਾਂ ਤੈਂ ਆਪਣੀ ਪਿੱਠ ਨੂੰ ਧਰਤੀ ਵਾਂਙੁ, ਅਤੇ ਓਹਨਾਂ ਦੇ ਲੰਘਣ ਲਈ ਗਲੀ ਵਾਂਙੁ ਬਣਾਇਆ।
13-19 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 52-57
“ਮਸੀਹ ਨੇ ਸਾਡੀ ਖ਼ਾਤਰ ਦੁੱਖ ਝੱਲੇ”
(ਯਸਾਯਾਹ 53:3-5) ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਙੁ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। 4 ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। 5 ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।
ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”
“ਤੁੱਛ” ਸਮਝਿਆ ਗਿਆ ਅਤੇ ‘ਉਸ ਦੀ ਕਦਰ ਨਹੀਂ ਕੀਤੀ’ ਗਈ
3 ਯਸਾਯਾਹ 53:3 ਪੜ੍ਹੋ। ਜ਼ਰਾ ਸੋਚੋ ਕਿ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਨੇ ਆਪਣੇ ਪਿਤਾ ਨਾਲ ਕੰਮ ਕਰਨਾ ਛੱਡ ਕੇ ਕਿੰਨੀ ਵੱਡੀ ਕੁਰਬਾਨੀ ਕੀਤੀ। ਉਸ ਨੇ ਧਰਤੀ ʼਤੇ ਆ ਕੇ ਇਨਸਾਨਾਂ ਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਆਪਣੀ ਜਾਨ ਵਾਰ ਦਿੱਤੀ। (ਫ਼ਿਲਿ. 2:5-8) ਮੂਸਾ ਦੀ ਬਿਵਸਥਾ ਅਨੁਸਾਰ ਲੋਕਾਂ ਨੂੰ ਮਾਫ਼ੀ ਲਈ ਹਰ ਸਾਲ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣੀਆਂ ਪੈਂਦੀਆਂ ਸਨ, ਪਰ ਯਿਸੂ ਦੀ ਇੱਕੋ ਕੁਰਬਾਨੀ ਸਦਕਾ ਇਨਸਾਨਾਂ ਨੂੰ ਪਾਪਾਂ ਦੀ ਮਾਫ਼ੀ ਮਿਲ ਸਕਦੀ ਸੀ। (ਇਬ. 10:1-4) ਤਾਂ ਫਿਰ ਕੀ ਮਸੀਹਾ ਦੀ ਉਡੀਕ ਕਰ ਰਹੇ ਯਹੂਦੀਆਂ ਨੂੰ ਯਿਸੂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਅਤੇ ਇੱਜ਼ਤ ਨਹੀਂ ਸੀ ਕਰਨੀ ਚਾਹੀਦੀ? (ਯੂਹੰ. 6:14) ਪਰ ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਯਹੂਦੀਆਂ ਨੇ ਯਿਸੂ ਨੂੰ “ਤੁੱਛ” ਸਮਝਿਆ ਅਤੇ “ਉਸ ਦੀ ਕਦਰ ਨਾ ਕੀਤੀ।” ਯੂਹੰਨਾ ਰਸੂਲ ਨੇ ਲਿਖਿਆ: “ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ।” (ਯੂਹੰ. 1:11) ਪਤਰਸ ਰਸੂਲ ਨੇ ਯਹੂਦੀਆਂ ਨੂੰ ਕਿਹਾ: “ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ ਜਿਹ ਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸ ਨੇ ਉਹ ਨੂੰ ਛੱਡ ਦੇਣ ਦੀ ਦਲੀਲ ਕੀਤੀ। ਪਰ ਤੁਸਾਂ ਉਸ ਪਵਿੱਤ੍ਰ ਅਰ ਧਰਮੀ ਤੋਂ ਇਨਕਾਰ ਕੀਤਾ।”—ਰਸੂ. 3:13, 14.
4 ਯਸਾਯਾਹ ਨੇ ਇਹ ਵੀ ਦੱਸਿਆ ਸੀ ਕਿ ਯਿਸੂ “ਸੋਗ [ਰੋਗਾਂ] ਦਾ ਜਾਣੂ” ਹੋਵੇਗਾ। ਆਪਣੀ ਸੇਵਕਾਈ ਦੌਰਾਨ ਯਿਸੂ ਕਦੇ-ਕਦੇ ਥੱਕ ਜਾਂਦਾ ਸੀ, ਪਰ ਕਦੇ ਬੀਮਾਰ ਨਹੀਂ ਹੋਇਆ। (ਯੂਹੰ. 4:6) ਫਿਰ ਵੀ ਜਿਨ੍ਹਾਂ ਲੋਕਾਂ ਨੂੰ ਯਿਸੂ ਪ੍ਰਚਾਰ ਕਰਦਾ ਹੁੰਦਾ ਸੀ, ਉਹ ਉਨ੍ਹਾਂ ਦੇ ਸੋਗ ਯਾਨੀ ਦੁੱਖ-ਦਰਦ ਸਮਝਦਾ ਸੀ। ਉਸ ਨੂੰ ਉਨ੍ਹਾਂ ʼਤੇ ਤਰਸ ਆਉਂਦਾ ਸੀ ਜਿਸ ਕਰਕੇ ਉਸ ਨੇ ਬਹੁਤਿਆਂ ਨੂੰ ਠੀਕ ਕੀਤਾ। (ਮਰ. 1:32-34) ਇਸ ਤਰ੍ਹਾਂ ਯਿਸੂ ਨੇ ਇਹ ਭਵਿੱਖਬਾਣੀ ਪੂਰੀ ਕੀਤੀ: “ਸੱਚ ਮੁੱਚ ਉਸ ਨੇ ਸਾਡੇ ਗ਼ਮ ਚੁੱਕ ਲਏ, ਅਤੇ ਸਾਡੇ ਦੁਖ ਉਠਾਏ।”—ਯਸਾ. 53:4ੳ; ਮੱਤੀ 8:16, 17.
ਮਾਨੋ “ਪਰਮੇਸ਼ੁਰ ਦਾ ਕੁੱਟਿਆ ਹੋਇਆ”
5 ਯਸਾਯਾਹ 53:4ਅ ਪੜ੍ਹੋ। ਯਿਸੂ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਇਹ ਸਮਝ ਨਹੀਂ ਪਾਏ ਕਿ ਯਿਸੂ ਨੇ ਦੁੱਖ ਕਿਉਂ ਝੱਲੇ ਅਤੇ ਮਰਿਆ। ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ ਜਿਵੇਂ ਉਸ ʼਤੇ ਪਰਮੇਸ਼ੁਰ ਨੇ ਦੁੱਖਾਂ ਦਾ ਕਹਿਰ ਢਾਹਿਆ ਹੋਵੇ। (ਮੱਤੀ 27:38-44) ਯਹੂਦੀਆਂ ਨੇ ਯਿਸੂ ʼਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ। (ਮਰ. 14:61-64; ਯੂਹੰ. 10:33) ਸਾਨੂੰ ਪਤਾ ਹੈ ਕਿ ਯਿਸੂ ਨਾ ਪਾਪੀ ਸੀ ਅਤੇ ਨਾ ਹੀ ਕਾਫ਼ਰ ਸੀ। ਯਿਸੂ ਆਪਣੇ ਪਿਤਾ ਨੂੰ ਬੇਹੱਦ ਪਿਆਰ ਕਰਦਾ ਸੀ। ਇਸ ਲਈ ਕਾਫ਼ਰ ਦੀ ਮੌਤ ਮਰਨ ਦਾ ਖ਼ਿਆਲ ਆਉਂਦਿਆਂ ਹੀ ਉਸ ਨੂੰ ਕਿੰਨਾ ਦੁੱਖ ਲੱਗਿਆ! ਇਸ ਕਰਕੇ ਯਹੋਵਾਹ ਦੇ ਇਸ ਦਾਸ ਦਾ ਦੁੱਖ ਹੋਰ ਵੀ ਵਧ ਗਿਆ ਹੋਵੇਗਾ। ਫਿਰ ਵੀ ਉਹ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਤਿਆਰ ਸੀ।—ਮੱਤੀ 26:39.
(ਯਸਾਯਾਹ 53:7, 8) ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ, ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ। 8 ਜ਼ੁਲਮ ਅਤੇ ਨਿਆਉਂ ਦੇ ਕਾਰਨ ਉਹ ਫੜਿਆ ਗਿਆ, ਉਸ ਦੀ ਪੀੜ੍ਹੀ ਵਿੱਚੋਂ ਕਿਸ ਸੋਚਿਆ ਕਿ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਜਿਹ ਨੂੰ ਮਾਰ ਪੈਣੀ ਸੀ, ਓਹ ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ?
ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”
‘ਲੇਲੇ ਵਾਂਙੁ ਕੱਟੇ ਜਾਣ ਲਈ ਲੈ ਜਾਇਆ ਗਿਆ’
10 ਯਸਾਯਾਹ 53:7, 8 ਪੜ੍ਹੋ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰ. 1:29) ਯਿਸੂ ਨੂੰ ਲੇਲਾ ਕਹਿੰਦੇ ਸਮੇਂ ਸ਼ਾਇਦ ਯੂਹੰਨਾ ਨੂੰ ਯਸਾਯਾਹ ਦੇ ਇਹ ਸ਼ਬਦ ਯਾਦ ਸਨ: ‘ਉਸ ਨੂੰ ਲੇਲੇ ਵਾਂਙੁ ਕੱਟੇ ਜਾਣ ਲਈ ਲੈ ਜਾਇਆ ਗਿਆ।’ (ਯਸਾ. 53:7) ਯਸਾਯਾਹ ਨੇ ਕਿਹਾ ਸੀ: “ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ।” (ਯਸਾ. 53:12) ਜਿਸ ਰਾਤ ਯਿਸੂ ਨੇ ਆਪਣੇ 11 ਵਫ਼ਾਦਾਰ ਚੇਲਿਆਂ ਨੂੰ ਆਪਣੀ ਮੌਤ ਦੀ ਯਾਦਗਾਰ ਮਨਾਉਣ ਲਈ ਕਿਹਾ ਸੀ, ਉਸ ਨੇ ਉਨ੍ਹਾਂ ਨੂੰ ਵਾਈਨ ਦਾ ਕੱਪ ਦਿੰਦਿਆਂ ਕਿਹਾ: “ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।”—ਮੱਤੀ 26:28.
(ਯਸਾਯਾਹ 53:11, 12) ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਓਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। 12 ਏਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਓਸ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਦੀ ਸਫ਼ਾਰਸ਼ ਕੀਤੀ।
ਯਹੋਵਾਹ ਦਾ ਦਾਸ “ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ”
ਦਾਸ ਨੇ ‘ਬਹੁਤਿਆਂ ਨੂੰ ਧਰਮੀ ਠਹਿਰਾਇਆ’
13 ਯਸਾਯਾਹ 53:11, 12 ਪੜ੍ਹੋ। ਆਪਣੇ ਚੁਣੇ ਹੋਏ ਦਾਸ ਬਾਰੇ ਯਹੋਵਾਹ ਨੇ ਕਿਹਾ: “ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ।” ਉਹ ਕਿਸ ਤਰ੍ਹਾਂ? 12ਵੀਂ ਆਇਤ ਦੇ ਅਖ਼ੀਰ ਵਿਚ ਇਸ ਸਵਾਲ ਦਾ ਜਵਾਬ ਮਿਲਦਾ ਹੈ ਜਿੱਥੇ ਲਿਖਿਆ ਹੈ: “[ਦਾਸ ਨੇ] ਅਪਰਾਧੀਆਂ ਦੀ ਸਫ਼ਾਰਸ਼ ਕੀਤੀ।” ਆਦਮ ਦੀ ਸਾਰੀ ਔਲਾਦ ਪਾਪ ਵਿਚ ਪੈਦਾ ਹੋਈ। ਇਸ ਲਈ ਉਹ ਸਾਰੇ ‘ਅਪਰਾਧੀ’ ਹਨ ਜਿਸ ਕਰਕੇ ਉਨ੍ਹਾਂ ਨੂੰ “ਪਾਪ ਦੀ ਮਜੂਰੀ” ਵਜੋਂ ਮੌਤ ਮਿਲਦੀ ਹੈ। (ਰੋਮੀ. 5:12; 6:23) ਯਹੋਵਾਹ ਦੀ ਮਿਹਰ ਪਾਉਣ ਲਈ ਪਾਪੀ ਇਨਸਾਨਾਂ ਦੀ ਉਸ ਨਾਲ ਸੁਲ੍ਹਾ ਹੋਣੀ ਜ਼ਰੂਰੀ ਹੈ। ਯਸਾਯਾਹ ਦੀ ਭਵਿੱਖਬਾਣੀ (ਅਧਿਆਇ 53) ਵਿਚ ਦੱਸਿਆ ਹੈ ਕਿ ਯਿਸੂ ਨੇ ਪਾਪੀ ਇਨਸਾਨਾਂ ਲਈ ਕਿਵੇਂ ਸਿਫ਼ਾਰਸ਼ ਕੀਤੀ। ਉੱਥੇ ਲਿਖਿਆ ਹੈ: “ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।”—ਯਸਾ. 53:5.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 54:1) ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ ਜਣੀ! ਖੁਲ੍ਹ ਕੇ ਜੈਕਾਰਾ ਗਜਾ ਤੇ ਚਿੱਲਾ, ਤੂੰ ਜਿਹ ਨੂੰ ਪੀੜਾਂ ਨਹੀਂ ਲੱਗੀਆਂ! ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ, ਯਹੋਵਾਹ ਆਖਦਾ ਹੈ।
ਇਕ “ਦ੍ਰਿਸ਼ਟਾਂਤ” ਦਾ ਸਾਡੇ ਲਈ ਮਹੱਤਵ
“ਅਜ਼ਾਦ” ਤੀਵੀਂ ਸਾਰਾਹ ਅਤੇ ਉਸ ਦਾ ਪੁੱਤਰ ਇਸਹਾਕ ਕਿਨ੍ਹਾਂ ਨੂੰ ਦਰਸਾਉਂਦੇ ਸਨ? ਪੌਲੁਸ ਨੇ ਦੱਸਿਆ ਕਿ “ਬਾਂਝ” ਤੀਵੀਂ ਸਾਰਾਹ ਪਰਮੇਸ਼ੁਰ ਦੀ ਪਤਨੀ ਭਾਵ ਉਸ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਸੀ। ਇਹ ਸਵਰਗੀ ਤੀਵੀਂ ਇਸ ਅਰਥ ਵਿਚ ਬਾਂਝ ਸੀ ਕਿ ਯਿਸੂ ਦੇ ਆਉਣ ਤੋਂ ਪਹਿਲਾਂ ਇਸ ਦੇ ਧਰਤੀ ਉੱਤੇ ਕੋਈ ਆਤਮਾ ਨਾਲ ਮਸਹ ਕੀਤੇ ਹੋਏ “ਬੱਚੇ” ਨਹੀਂ ਸਨ। (ਗਲਾਤੀਆਂ 4:27; ਯਸਾਯਾਹ 54:1-6) ਪਰ ਪੰਤੇਕੁਸਤ 33 ਈ. ਵਿਚ ਕੁਝ ਆਦਮੀਆਂ ਤੇ ਤੀਵੀਆਂ ਉੱਤੇ ਪਵਿੱਤਰ ਆਤਮਾ ਆਈ ਜਿਸ ਕਰਕੇ ਇਨ੍ਹਾਂ ਲੋਕਾਂ ਨੇ ਮਾਨੋ ਇਸ ਸਵਰਗੀ ਤੀਵੀਂ ਦੇ ਬੱਚਿਆਂ ਵਜੋਂ ਜਨਮ ਲਿਆ। ਯਹੋਵਾਹ ਦੇ ਸਵਰਗੀ ਸੰਗਠਨ ਦੁਆਰਾ ਪੈਦਾ ਕੀਤੇ ਇਨ੍ਹਾਂ ਬੱਚਿਆਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਦੇ ਤੌਰ ਤੇ ਗੋਦ ਲੈ ਲਿਆ ਗਿਆ ਤੇ ਉਹ ਨਵੇਂ ਨੇਮ ਅਨੁਸਾਰ ਯਿਸੂ ਮਸੀਹ ਨਾਲ ਰਾਜ ਦੇ ਵਾਰਸ ਬਣ ਗਏ। (ਰੋਮੀਆਂ 8:15-17) ਪੌਲੁਸ ਰਸੂਲ ਵੀ ਇਨ੍ਹਾਂ ਪੁੱਤਰਾਂ ਵਿੱਚੋਂ ਇਕ ਸੀ ਜਿਸ ਕਰਕੇ ਉਹ ਲਿਖ ਸਕਿਆ: “ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।”—ਗਲਾਤੀਆਂ 4:26.
(ਯਸਾਯਾਹ 57:15) “ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਉਂ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤ੍ਰ ਅਸਥਾਨ ਵਿੱਚ ਵੱਸਦਾ ਹਾਂ, ਉਹ ਦੇ ਨਾਲ ਵੀ ਜਿਹ ਦਾ ਆਤਮਾ ਕੁਚਲਿਆ ਤੇ ਅੱਝਾ ਹੈ, ਭਈ ਮੈਂ ਅੱਝਿਆਂ ਦੇ ਆਤਮਾ ਨੂੰ ਜਿਵਾਵਾਂ, ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ।”
ਆਪਣੇ ਅੰਦਰ ਨਿਮਰਤਾ ਪੈਦਾ ਕਰੋ
ਨਿਮਰਤਾ ਦੀ ਉੱਤਮ ਮਿਸਾਲ
3 ਯਹੋਵਾਹ ਅੱਤ ਮਹਾਨ ਹੈ, ਫਿਰ ਵੀ ਉਸ ਦੀਆਂ “ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਜਦ ਯਹੋਵਾਹ ਦੇਖਦਾ ਹੈ ਕਿ ਦੁੱਖਾਂ ਕਰਕੇ ਉਸ ਦੇ ਸੇਵਕਾਂ ਦਾ ਮਨ ਕੁਚਲਿਆ ਗਿਆ ਹੈ, ਤਾਂ ਉਹ ਕੀ ਕਰਦਾ ਹੈ? ਉਹ ਅਜਿਹੇ ਲੋਕਾਂ ਨਾਲ “ਵੱਸਦਾ” ਹੈ, ਯਾਨੀ ਉਹ ਆਪਣੀ ਪਵਿੱਤਰ ਆਤਮਾ ਰਾਹੀਂ ‘ਅੱਝਿਆਂ ਦੇ ਆਤਮਾ ਨੂੰ ਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਉਂਦਾ ਹੈ।’ (ਯਸਾਯਾਹ 57:15) ਇਸ ਤਰ੍ਹਾਂ ਉਸ ਦੇ ਸੇਵਕਾਂ ਨੂੰ ਫਿਰ ਤੋਂ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਨ ਦੀ ਤਾਕਤ ਮਿਲਦੀ ਹੈ। ਯਹੋਵਾਹ ਸੱਚ-ਮੁੱਚ ਕਿੰਨਾ ਨਿਮਰ ਪਰਮੇਸ਼ੁਰ ਹੈ!
ਬਾਈਬਲ ਪੜ੍ਹਾਈ
(ਯਸਾਯਾਹ 57:1-11) ਧਰਮੀ ਨਾਸ ਹੁੰਦਾ ਪਰ ਕੋਈ ਏਹ ਦਿਲ ਤੇ ਨਹੀਂ ਲਿਆਉਂਦਾ, ਸੰਤ ਜਨ ਲਏ ਜਾਂਦੇ ਪਰ ਕੋਈ ਸੋਚਦਾ ਨਹੀਂ ਭਈ ਧਰਮੀ ਬਿਪਤਾ ਦੇ ਅੱਗੋਂ ਲਿਆ ਜਾਂਦਾ ਹੈ। 2 ਉਹ ਸ਼ਾਂਤੀ ਵਿੱਚ ਜਾਂਦਾ, ਓਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ, ਜਿਹੜੇ ਸਿੱਧੇ ਚੱਲਦੇ ਹਨ। 3 ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤ੍ਰੋ, ਜ਼ਨਾਹਕਾਰ ਅਤੇ ਕੰਜਰੀ ਦੀ ਵੰਸ! 4 ਤੁਸੀਂ ਕਿਹ ਦੇ ਉੱਤੇ ਮਖੌਲ ਕਰਦੇ ਹੋ? ਕਿਹ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਭਲਾ, ਤੁਸੀਂ ਅਪਰਾਧ ਦੇ ਬੱਚੇ, ਛਲ ਦੀ ਵੰਸ ਨਹੀਂ? 5 ਤੁਸੀਂ ਜਿਹੜੇ ਬਲੂਤਾਂ ਵਿੱਚ, ਹਰ ਹਰੇ ਰੁੱਖ ਦੇ ਹੇਠ ਕਾਮ ਵਿੱਚ ਸੜਦੇ ਹੋ? ਜਿਹੜੇ ਵਾਦੀਆਂ ਵਿੱਚ ਪੱਥਰਾਂ ਦੀਆਂ ਖੋੜਾਂ ਹੇਠ ਬੱਚਿਆਂ ਦੇ ਵੱਢਣ ਵਾਲੇ ਹੋ! 6 ਵਾਦੀ ਦੇ ਪੱਧਰੇ ਪੱਥਰਾਂ ਵਿੱਚ ਤੇਰਾ ਹਿੱਸਾ ਹੈ, ਏਹ, ਏਹ ਤੇਰਾ ਗੁਣਾ ਹੈ! ਏਹਨਾਂ ਲਈ ਹੀ ਤੈਂ ਪੀਣ ਦੀ ਭੇਟ ਡੋਹਲੀ, ਤੈਂ ਮੈਦੇ ਦੀ ਭੇਟ ਚੜ੍ਹਾਈ, ਕੀ ਏਹਨਾਂ ਦੇ ਕਾਰਨ ਮੇਰਾ ਦਿਲ ਠੰਡਾ ਹੋ ਜਾਵੇਗਾ? 7 ਇੱਕ ਉੱਚੇ ਤੇ ਬੁਲੰਦ ਪਹਾੜ ਉੱਤੇ ਤੈਂ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ। 8 ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੈਂ ਆਪਣੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੈਂ ਓਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਓਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ! 9 ਤੂੰ ਤੇਲ ਲਾ ਕੇ ਮਲਕ ਦੇਵ ਕੋਲ ਗਈ, ਤੈਂ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੈਂ ਆਪਣੇ ਵਿਚੋਲੇ ਦੂਰ ਦੂਰ ਘੱਲੇ, ਤੈਂ ਆਪ ਨੂੰ ਪਤਾਲ ਤੀਕ ਅੱਝਾ ਕੀਤਾ! 10 ਤੂੰ ਆਪਣੇ ਸਫਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੈਂ ਨਾ ਆਖਿਆ, ਕੋਈ ਆਸ ਨਹੀਂ, ਤੇਰੀ ਜਾਨ ਵਿੱਚ ਜਾਨ ਆਈ, ਏਸ ਲਈ ਤੂੰ ਹੁੱਸੀ ਨਾ। 11 ਤੂੰ ਕਿਹ ਤੋਂ ਝਕੀ ਅਰ ਡਰੀ, ਭਈ ਤੂੰ ਝੂਠ ਬੋਲੀ ਅਤੇ ਮੈਨੂੰ ਚੇਤੇ ਨਾ ਕੀਤਾ, ਨਾ ਆਪਣੇ ਦਿਲ ਉੱਤੇ ਰੱਖਿਆ? ਕੀ ਮੈਂ ਚਰੋਕਣਾ ਚੁੱਪ ਨਹੀਂ ਰਿਹਾ? ਪਰ ਤੂੰ ਮੈਥੋਂ ਨਾ ਡਰੀ।
20-26 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 58-62
“ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਪਰਚਾਰ ਕਰੋ”
(ਯਸਾਯਾਹ 61:1, 2) ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ, 2 ਭਈ ਮੈਂ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ,
ਸੀਯੋਨ ਵਿਚ ਧਾਰਮਿਕਤਾ ਫੁੱਟੀ
‘ਮਨ ਭਾਉਂਦਾ ਵਰ੍ਹਾ’
4 ਯਸਾਯਾਹ ਨੇ ਲਿਖਿਆ: “ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ।” (ਯਸਾਯਾਹ 61:1) ਖ਼ੁਸ਼ ਖ਼ਬਰੀ ਦੱਸਣ ਦਾ ਕੰਮ ਕਿਸ ਨੂੰ ਸੌਂਪਿਆ ਗਿਆ ਸੀ? ਸ਼ਾਇਦ ਯਸਾਯਾਹ ਨੂੰ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਯਹੂਦੀਆਂ ਲਈ ਖ਼ੁਸ਼ ਖ਼ਬਰੀ ਲਿਖਣ ਲਈ ਪ੍ਰੇਰਿਆ ਸੀ ਜਿਨ੍ਹਾਂ ਨੇ ਬਾਬਲ ਵਿਚ ਗ਼ੁਲਾਮ ਹੋਣਾ ਸੀ। ਪਰ ਇਸ ਭਵਿੱਖਬਾਣੀ ਦੀ ਸਭ ਤੋਂ ਜ਼ਰੂਰੀ ਪੂਰਤੀ ਵਿਚ ਯਿਸੂ ਨੇ ਇਹ ਸ਼ਬਦ ਆਪਣੇ ਆਪ ਉੱਤੇ ਲਾਗੂ ਕੀਤੇ ਸਨ। (ਲੂਕਾ 4:16-21) ਜੀ ਹਾਂ, ਯਿਸੂ ਆਪਣੇ ਬਪਤਿਸਮੇ ਤੇ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ ਤਾਂਕਿ ਉਹ ਉਨ੍ਹਾਂ ਹਲੀਮ ਅਤੇ ਨਰਮ-ਦਿਲ ਲੋਕਾਂ ਨੂੰ ਖ਼ੁਸ਼ ਖ਼ਬਰੀ ਦੱਸ ਸਕੇ ਜੋ ਸੁਣਨਾ ਚਾਹੁੰਦੇ ਸਨ।—ਮੱਤੀ 3:16, 17.
(ਯਸਾਯਾਹ 61:3, 4) ਭਈ ਸੀਯੋਨ ਦੇ ਸੋਗੀਆਂ ਲਈ ਏਹ ਕਰਾਂ,— ਓਹਨਾਂ ਨੂੰ ਸੁਆਹ ਦੇ ਥਾਂ ਸਿਹਰਾ, ਸੋਗ ਦੇ ਥਾਂ ਖੁਸ਼ੀ ਦਾ ਤੇਲ, ਨਿਮ੍ਹੇ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂਗਾ, ਅਤੇ ਓਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਭਈ ਉਸ ਦੀ ਸਜਾਵਟ ਹੋਵੇ। 4 ਓਹ ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਓਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਓਹ ਬਰਬਾਦ ਸ਼ਹਿਰਾਂ ਨੂੰ, ਅਤੇ ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ ਨੂੰ ਮਰੰਮਤ ਕਰਨਗੇ।
ਸੀਯੋਨ ਵਿਚ ਧਾਰਮਿਕਤਾ ਫੁੱਟੀ
13 ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ ਪਰਮੇਸ਼ੁਰ ਨੇ ਅਜਿਹੇ ਹੋਰ “ਧਰਮ ਦੇ ਬਲੂਤ” ਲਾਏ ਹਨ। ਇਹ ਬਲੂਤ ਉਸ ਦੀ ਰੂਹਾਨੀ ਕੌਮ, ਯਾਨੀ “ਪਰਮੇਸ਼ੁਰ ਦੇ ਇਸਰਾਏਲ” ਵਿਚ ਦਲੇਰ ਮਸਹ ਕੀਤੇ ਹੋਏ ਮਸੀਹੀ ਹਨ। (ਗਲਾਤੀਆਂ 6:16) ਸਦੀਆਂ ਦੌਰਾਨ ਇਨ੍ਹਾਂ ‘ਬਲੂਤਾਂ’ ਦੀ ਕੁੱਲ ਗਿਣਤੀ 1,44,000 ਹੋਈ ਹੈ ਅਤੇ ਇਹ ਧਰਮੀ ਫਲ ਪੈਦਾ ਕਰ ਕੇ ਯਹੋਵਾਹ ਪਰਮੇਸ਼ੁਰ ਨੂੰ ਸਜਾਉਂਦੇ ਹਨ, ਮਤਲਬ ਕਿ ਉਸ ਦੀ ਵਡਿਆਈ ਕਰਦੇ ਹਨ। (ਪਰਕਾਸ਼ ਦੀ ਪੋਥੀ 14:3) ਇਨ੍ਹਾਂ ਸ਼ਾਨਦਾਰ ‘ਬਲੂਤਾਂ’ ਦੇ ਆਖ਼ਰੀ ਮੈਂਬਰ 1919 ਤੋਂ ਵਧੇ-ਫੁੱਲੇ ਹਨ ਜਦੋਂ ਯਹੋਵਾਹ ਨੇ ਆਪਣੇ ਇਸਰਾਏਲ ਦੇ ਬਕੀਏ ਨੂੰ ਉਸ ਦੀ ਸੇਵਾ ਕਰਨ ਲਈ ਫਿਰ ਤੋਂ ਤਾਕਤ ਬਖ਼ਸ਼ੀ ਸੀ। ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਹੁਤ ਸਾਰਾ ਰੂਹਾਨੀ ਪਾਣੀ ਦਿੱਤਾ ਹੈ ਅਤੇ ਇਸ ਤਰ੍ਹਾਂ ਧਰਮੀ ਤੇ ਫਲਦਾਰ ਦਰਖ਼ਤਾਂ ਦਾ ਬਣ ਪੈਦਾ ਕੀਤਾ ਹੈ।—ਯਸਾਯਾਹ 27:6.
14 ਇਨ੍ਹਾਂ ‘ਬਲੂਤਾਂ’ ਦੇ ਕੰਮ ਬਾਰੇ ਦੱਸਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਓਹ ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਓਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਓਹ ਬਰਬਾਦ ਸ਼ਹਿਰਾਂ ਨੂੰ, ਅਤੇ ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ ਨੂੰ ਮਰੰਮਤ ਕਰਨਗੇ।” (ਯਸਾਯਾਹ 61:4) ਫ਼ਾਰਸ ਦੇ ਰਾਜਾ ਖੋਰਸ ਦੇ ਫ਼ਰਮਾਨ ਅਨੁਸਾਰ ਬਾਬਲ ਤੋਂ ਮੁੜਨ ਵਾਲੇ ਵਫ਼ਾਦਾਰ ਯਹੂਦੀਆਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਦੁਬਾਰਾ ਬਣਾਇਆ, ਜੋ ਬਹੁਤ ਸਾਲਾਂ ਲਈ ਵਿਰਾਨ ਪਏ ਸਨ। ਸੰਨ 33 ਅਤੇ 1919 ਤੋਂ ਬਾਅਦ ਵੀ ਉਸਾਰੀ ਦੇ ਕੰਮ ਕੀਤੇ ਗਏ ਸਨ।
15 ਸੰਨ 33 ਵਿਚ ਯਿਸੂ ਦੇ ਚੇਲੇ ਉਸ ਦੀ ਗਿਰਫ਼ਤਾਰੀ, ਮੁਕੱਦਮੇ, ਅਤੇ ਮੌਤ ਕਾਰਨ ਬਹੁਤ ਉਦਾਸ ਸਨ। (ਮੱਤੀ 26:31) ਪਰ ਉਨ੍ਹਾਂ ਨੂੰ ਯਿਸੂ ਨੂੰ ਜੀ ਉੱਠੇ ਦੇਖ ਕੇ ਉਮੀਦ ਮਿਲੀ। ਅਤੇ ਜਦੋਂ ਉਨ੍ਹਾਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ, ਤਾਂ ਉਹ “ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁੱਝ ਗਏ ਸਨ। (ਰਸੂਲਾਂ ਦੇ ਕਰਤੱਬ 1:8) ਇਸ ਤਰ੍ਹਾਂ ਉਨ੍ਹਾਂ ਨੇ ਸੱਚੀ ਭਗਤੀ ਦੁਬਾਰਾ ਕਰਨੀ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ 1919 ਤੋਂ ਲੈ ਕੇ ਯਿਸੂ ਮਸੀਹ ਨੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਦੇ ਬਕੀਏ ਰਾਹੀਂ “ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ” ਦੀ ਮੁਰੰਮਤ ਕੀਤੀ। ਸਦੀਆਂ ਲਈ ਈਸਾਈ-ਜਗਤ ਦੇ ਪਾਦਰੀਆਂ ਨੇ ਯਹੋਵਾਹ ਦਾ ਗਿਆਨ ਦੇਣ ਦੀ ਬਜਾਇ ਬੰਦਿਆਂ ਦੀਆਂ ਬਣਾਈਆਂ ਗਈਆਂ ਰੀਤਾਂ ਅਤੇ ਉਹ ਸਿਧਾਂਤ ਸਿਖਾਏ ਹਨ ਜੋ ਬਾਈਬਲ ਦੇ ਖ਼ਿਲਾਫ਼ ਸਨ। ਮਸਹ ਕੀਤੇ ਹੋਏ ਮਸੀਹੀਆਂ ਨੇ ਆਪਣੀਆਂ ਕਲੀਸਿਯਾਵਾਂ ਵਿੱਚੋਂ ਝੂਠੇ ਧਰਮ ਨਾਲ ਸੰਬੰਧ ਰੱਖਣ ਵਾਲੀਆਂ ਰੀਤਾਂ ਨੂੰ ਛੱਡ ਦਿੱਤਾ ਤਾਂਕਿ ਸੱਚੀ ਭਗਤੀ ਅੱਗੇ ਵੱਧ ਸਕੇ। ਉਨ੍ਹਾਂ ਨੇ ਗਵਾਹੀ ਦੇਣ ਦਾ ਉਹ ਕੰਮ ਸ਼ੁਰੂ ਕੀਤਾ ਜੋ ਹੁਣ ਸਾਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ।—ਮਰਕੁਸ 13:10.
(ਯਸਾਯਾਹ 61:5, 6) ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ, 6 ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਾਦਾਰ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਓਹਨਾਂ ਦੇ ਮਾਲ ਮਤੇ ਉੱਤੇ ਅਭਮਾਨ ਕਰੋਗੇ।
“ਪਰਦੇਸੀ” ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ
5 ਦੂਜੇ ਪਾਸੇ, ਕੁਝ ਲੋਕਾਂ ਦੇ ਮਨਾਂ ਵਿਚ ਯਸਾਯਾਹ ਦੇ ਅਧਿਆਇ 61 ਵਿਚ ਦਿੱਤੀ ਭਵਿੱਖਬਾਣੀ ਦੇ ਮਤਲਬ ਬਾਰੇ ਸਵਾਲ ਖੜ੍ਹਾ ਹੋਵੇ ਜੋ ਮੰਡਲੀ ʼਤੇ ਲਾਗੂ ਹੁੰਦੀ ਹੈ। ਛੇਵੀਂ ਆਇਤ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜੋ ‘ਯਹੋਵਾਹ ਦੇ ਜਾਜਕਾਂ’ ਜਾਂ ਪੁਜਾਰੀਆਂ ਵਜੋਂ ਸੇਵਾ ਕਰਨਗੇ। ਪਰ ਪੰਜਵੀਂ ਆਇਤ ਵਿਚ ‘ਪਰਦੇਸੀਆਂ’ ਦਾ ਜ਼ਿਕਰ ਆਉਂਦਾ ਹੈ ਜੋ ਇਨ੍ਹਾਂ ‘ਜਾਜਕਾਂ’ ਨਾਲ ਮਿਲ ਕੇ ਕੰਮ ਕਰਨਗੇ। ਇਸ ਦਾ ਕੀ ਮਤਲਬ ਹੈ?
6 “ਯਹੋਵਾਹ ਦੇ ਜਾਜਕ” ਚੁਣੇ ਹੋਏ ਮਸੀਹੀ ਹਨ ਜਿਨ੍ਹਾਂ ਨੂੰ “ਪਹਿਲਾਂ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਂਦਾ ਹੈ” ਅਤੇ ਇਹ “ਪੁਜਾਰੀ ਬਣ ਕੇ ਪਰਮੇਸ਼ੁਰ ਅਤੇ ਮਸੀਹ ਦੀ ਸੇਵਾ ਕਰਨਗੇ ਅਤੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।” (ਪ੍ਰਕਾ. 20:6) ਇਸ ਤੋਂ ਇਲਾਵਾ, ਕਈ ਹੋਰ ਵਫ਼ਾਦਾਰ ਮਸੀਹੀ ਹਨ ਜਿਨ੍ਹਾਂ ਦੀ ਉਮੀਦ ਧਰਤੀ ʼਤੇ ਰਹਿਣ ਦੀ ਹੈ। ਭਾਵੇਂ ਇਹ ਮਸੀਹੀ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਸੇਵਾ ਕਰਦੇ ਹਨ, ਪਰ ਇਨ੍ਹਾਂ ਮਸੀਹੀਆਂ ਨੂੰ ਪਰਦੇਸੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ “ਪਰਮੇਸ਼ੁਰ ਦੇ ਇਜ਼ਰਾਈਲ” ਦਾ ਹਿੱਸਾ ਨਹੀਂ ਹਨ। ਇਹ ਮਸੀਹੀ ਖ਼ੁਸ਼ੀ-ਖ਼ੁਸ਼ੀ ‘ਯਹੋਵਾਹ ਦੇ ਜਾਜਕਾਂ’ ਦਾ ਸਾਥ ਦਿੰਦੇ ਹਨ ਤੇ ਉਨ੍ਹਾਂ ਦੇ ਅਧੀਨ “ਹਾਲੀ ਤੇ ਮਾਲੀ” ਵਜੋਂ ਕੰਮ ਕਰਦੇ ਹਨ। ਇਹ ਹਾਲੀ ਤੇ ਮਾਲੀ ਹੋਣ ਦੇ ਨਾਤੇ ਪਰਮੇਸ਼ੁਰ ਦੀ ਵਡਿਆਈ ਲਈ ਫਲ ਪੈਦਾ ਕਰਦੇ ਹਨ ਯਾਨੀ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੇ ਹਨ। ਅਸਲ ਵਿਚ ਚੁਣੇ ਹੋਏ ਮਸੀਹੀ ਅਤੇ “ਹੋਰ ਭੇਡਾਂ” ਉਨ੍ਹਾਂ ਲੋਕਾਂ ਦੀ ਪਿਆਰ ਨਾਲ ਮਦਦ ਕਰਦੇ ਹਨ ਜੋ ਹਮੇਸ਼ਾ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ।—ਯੂਹੰ. 10:16.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 60:17) “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।”
ਸ਼ਾਂਤੀ ਤੇ ਏਕਤਾ ਬਣਾਈ ਰੱਖੋ
14 ਸਾਡੇ ਸੰਗਠਨ ਵਿਚ ਤਬਦੀਲੀਆਂ ਹੋਣ ਕਰਕੇ ਇਹ ਵਧਿਆ-ਫੁੱਲਿਆ ਤੇ ਸ਼ਾਨਦਾਰ ਬਣਿਆ ਹੈ। ਮੰਡਲੀਆਂ ਦੇ ਬਹੁਤ ਸਾਰੇ ਸਿਆਣੇ ਭੈਣਾਂ-ਭਰਾਵਾਂ ਨੇ ਇਹ ਤਬਦੀਲੀਆਂ ਹੁੰਦੀਆਂ ਦੇਖੀਆਂ ਹਨ। ਉਨ੍ਹਾਂ ਨੂੰ ਯਾਦ ਹੈ ਜਦੋਂ ਮੰਡਲੀਆਂ ਵਿਚ ਬਜ਼ੁਰਗਾਂ ਦੇ ਸਮੂਹ ਦੀ ਜਗ੍ਹਾ ਸਿਰਫ਼ ਇੱਕੋ ਹੀ ਭਰਾ (ਮੰਡਲੀ ਦਾ ਸੇਵਕ) ਸਾਰੇ ਫ਼ੈਸਲੇ ਕਰਦਾ ਸੀ। ਦੇਸ਼ ਦੀ ਬ੍ਰਾਂਚ ਕਮੇਟੀ ਦੀ ਬਜਾਇ ਇਕ ਬ੍ਰਾਂਚ ਸੇਵਕ ਅਤੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੀ ਬਜਾਇ ਵਾਚ ਟਾਵਰ ਸੋਸਾਇਟੀ ਦਾ ਇਕ ਪ੍ਰਧਾਨ ਅਗਵਾਈ ਕਰਦਾ ਸੀ। ਮੰਡਲੀਆਂ, ਬ੍ਰਾਂਚ ਆਫ਼ਿਸਾਂ ਅਤੇ ਹੈੱਡ-ਕੁਆਰਟਰ ਵਿਚ ਸਾਰੇ ਫ਼ੈਸਲੇ ਇੱਕੋ ਹੀ ਭਰਾ ਕਰਦਾ ਸੀ ਭਾਵੇਂ ਦੂਸਰੇ ਜ਼ਿੰਮੇਵਾਰ ਭਰਾ ਵੀ ਉਸ ਨਾਲ ਕੰਮ ਕਰਦੇ ਸਨ। 1970 ਤੋਂ ਬਾਅਦ ਕੁਝ ਤਬਦੀਲੀਆਂ ਆਈਆਂ ਜਿਵੇਂ ਕਿ ਹੁਣ ਇਕ ਭਰਾ ਨਹੀਂ, ਬਲਕਿ ਬਜ਼ੁਰਗਾਂ ਦਾ ਸਮੂਹ ਮਿਲ ਕੇ ਫ਼ੈਸਲੇ ਲਵੇਗਾ।
15 ਇਨ੍ਹਾਂ ਤਬਦੀਲੀਆਂ ਦਾ ਸੰਗਠਨ ਨੂੰ ਕਿਉਂ ਫ਼ਾਇਦਾ ਹੋਇਆ ਹੈ? ਕਿਉਂਕਿ ਇਹ ਤਬਦੀਲੀਆਂ ਬਾਈਬਲ ਦੀ ਹੋਰ ਵਧੀਆ ਸਮਝ ਮਿਲਣ ਕਰਕੇ ਕੀਤੀਆਂ ਗਈਆਂ ਸਨ। ਜਦੋਂ ਇਕ ਭਰਾ ਦੀ ਬਜਾਇ ਸਾਰੇ ਬਜ਼ੁਰਗ ਮਿਲ ਕੇ ਫ਼ੈਸਲੇ ਕਰਦੇ ਹਨ, ਤਾਂ ਸੰਗਠਨ ਨੂੰ ਯਹੋਵਾਹ ਵੱਲੋਂ “ਤੋਹਫ਼ਿਆਂ ਵਜੋਂ” ਦਿੱਤੇ ਸਾਰੇ ਬਜ਼ੁਰਗਾਂ ਦੀਆਂ ਖੂਬੀਆਂ ਤੋਂ ਫ਼ਾਇਦਾ ਹੁੰਦਾ ਹੈ।—ਅਫ਼. 4:8; ਕਹਾ. 24:6.
16 ਹਾਲ ਹੀ ਦੇ ਸਮੇਂ ਦੌਰਾਨ ਸਾਡੇ ਪ੍ਰਕਾਸ਼ਨਾਂ ਵਿਚ ਹੋਈਆਂ ਕੁਝ ਤਬਦੀਲੀਆਂ ਬਾਰੇ ਸੋਚੋ। ਸਾਨੂੰ ਆਪਣੇ ਪ੍ਰਕਾਸ਼ਨ ਦੂਜਿਆਂ ਨੂੰ ਦੇ ਕੇ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਵਿਚ ਅੱਜ-ਕੱਲ੍ਹ ਦੀਆਂ ਸਮੱਸਿਆਵਾਂ ਨਾਲ ਸਿੱਝਣ ਬਾਰੇ ਵਧੀਆ ਸਲਾਹ ਦਿੱਤੀ ਜਾਂਦੀ ਹੈ। ਨਾਲੇ ਸੋਚੋ ਕਿ ਅਸੀਂ ਕਿਵੇਂ ਨਵੀਂ ਤਕਨਾਲੋਜੀ ਵਰਤ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹਾਂ। ਮਿਸਾਲ ਲਈ, jw.org ਵੈੱਬਸਾਈਟ ਰਾਹੀਂ ਹੋਰ ਵੀ ਜ਼ਿਆਦਾ ਲੋਕਾਂ ਨੂੰ ਮਦਦ ਮਿਲੀ ਹੈ। ਇਨ੍ਹਾਂ ਸਾਰੀਆਂ ਤਬਦੀਲੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਦਿਲੋਂ ਪਰਵਾਹ ਕਰਦਾ ਹੈ।
17 ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਭਾਵਾਂ ਵਿਚ ਤਬਦੀਲੀ ਹੋਣ ਕਰਕੇ ਸਾਡੇ ਕੋਲ ਪਰਿਵਾਰਕ ਸਟੱਡੀ ਕਰਨ ਤੇ ਆਪਣੀ ਸਟੱਡੀ ਕਰਨ ਲਈ ਜ਼ਿਆਦਾ ਸਮਾਂ ਹੁੰਦਾ ਹੈ। ਇਸ ਦੇ ਨਾਲ-ਨਾਲ ਅਸੀਂ ਅਸੈਂਬਲੀਆਂ ਤੇ ਵੱਡੇ ਸੰਮੇਲਨਾਂ ਵਿਚ ਹੋਈਆਂ ਤਬਦੀਲੀਆਂ ਦੀ ਕਦਰ ਕਰਦੇ ਹਾਂ। ਹਰ ਸਾਲ ਸੰਮੇਲਨ ਵਧੀਆ ਤੋਂ ਵਧੀਆ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਸਕੂਲਾਂ ਵਿਚ ਮਿਲਦੀ ਸਿਖਲਾਈ ਲਈ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਇਨ੍ਹਾਂ ਤਬਦੀਲੀਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਹੀ ਇਸ ਸੰਗਠਨ ਦੀ ਅਗਵਾਈ ਕਰ ਰਿਹਾ ਹੈ ਅਤੇ ਉਹ ਲਗਾਤਾਰ ਸਾਡੇ ਵਿਚ ਸ਼ਾਂਤੀ ਭਰਿਆ ਮਾਹੌਲ ਬਣਾ ਰਿਹਾ ਹੈ।
(ਯਸਾਯਾਹ 61:8, 9) ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਤੋਂ ਬੁਰਿਆਈ ਸਣੇ ਘਿਣ ਕਰਦਾ ਹਾਂ, ਮੈਂ ਓਹਨਾਂ ਨੂੰ ਸਚਿਆਈ ਨਾਲ ਓਹਨਾਂ ਦਾ ਵੱਟਾ ਦਿਆਂਗਾ, ਮੈਂ ਓਹਨਾਂ ਦੇ ਨਾਲ ਇੱਕ ਅਨੰਤ ਨੇਮ ਬੰਨ੍ਹਾਂਗਾ। 9 ਓਹਨਾਂ ਦੀ ਅੰਸ ਕੌਮਾਂ ਵਿੱਚ, ਅਤੇ ਓਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ, ਓਹਨਾਂ ਦੇ ਸਾਰੇ ਵੇਖਣ ਵਾਲੇ ਸਿਆਣਨਗੇ ਭਈ ਓਹ ਯਹੋਵਾਹ ਦੀ ਮੁਬਾਰਕ ਅੰਸ ਹੈ।
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
ਕੁਝ ਸਵਾਲਾਂ ਦੇ ਜਵਾਬ:
61:8, 9—“ਅਨੰਤ ਨੇਮ” ਕੀ ਹੈ ਅਤੇ “ਸੰਤਾਨ” ਕੌਣ ਹੈ? ਇਹ ਨਵਾਂ ਨੇਮ ਹੈ ਜੋ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਬੰਨ੍ਹਿਆ ਹੈ। “ਸੰਤਾਨ” ਲੱਖਾਂ ਹੀ ‘ਹੋਰ ਭੇਡਾਂ’ ਹਨ ਜੋ ਇਨ੍ਹਾਂ ਦਾ ਸੰਦੇਸ਼ ਸੁਣਦੀਆਂ ਹਨ।—ਯੂਹੰਨਾ 10:16.
ਬਾਈਬਲ ਪੜ੍ਹਾਈ
(ਯਸਾਯਾਹ 62:1-12) ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਹੀਂ ਕਰਾਂਗਾ, ਜਦ ਤੀਕ ਉਹ ਦਾ ਧਰਮ ਉਜਾਲੇ ਵਾਂਙੁ, ਅਤੇ ਉਹ ਦੀ ਮੁਕਤੀ ਬਲਦੇ ਦੀਵੇ ਵਾਂਙੁ ਨਾ ਨਿੱਕਲੇ। 2 ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜੇ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਉਂ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦਾ ਮੂੰਹ ਦੱਸੇਗਾ। 3 ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਅਮਾਮਾ ਹੋਵੇਂਗੀ। 4 ਤੂੰ ਫੇਰ “ਛੁੱਟੜ” ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ “ਖਰਾਬਾ” ਅਖਵਾਏਗੀ, ਪਰ ਤੂੰ ਏਹ ਸਦਾਏਂਗੀ, “ਮੇਰੀ ਭਾਉਣੀ ਉਹ ਦੇ ਵਿੱਚ ਹੈ”, ਅਤੇ ਤੇਰੀ ਧਰਤੀ, “ਸੁਹਾਗਣ”, ਯਹੋਵਾਹ ਦੀ ਭਾਉਣੀ ਜੋ ਤੇਰੇ ਵਿੱਚ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ। 5 ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ, ਤਿਵੇਂ ਤੇਰੇ ਬਣਾਉਣ ਵਾਲੇ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਲਾੜੀ ਉੱਤੇ ਰੀਝਦਾ ਹੈ, ਤਿਵੇਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਰੀਝੇਗਾ। 6 ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਓਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਦਾ ਜ਼ਿਕਰ ਕਰਦੇ ਹੋ ਅਰਾਮ ਨਾ ਕਰੋ! 7 ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੀਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ! 8 ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸੌਂਹ ਖਾਧੀ, ਭਈ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮੈ ਨਾ ਪੀਣਗੇ, ਜਿਹ ਦੇ ਲਈ ਤੈਂ ਮਿਹਨਤ ਕੀਤੀ ਹੈ, 9 ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤ੍ਰ ਅਸਥਾਨ ਦਿਆਂ ਵੇਹੜਿਆਂ ਵਿੱਚ ਪੀਣਗੇ। 10 ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਲੋਕਾਂ ਦਾ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਲੋਕਾਂ ਦੇ ਉੱਤੇ ਝੰਡਾ ਉੱਚਾ ਕਰੋ! 11 ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੀਕ ਏਹ ਸੁਣਾਇਆ ਭਈ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਲਗਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ। 12 ਓਹ ਉਨ੍ਹਾਂ ਨੂੰ “ਪਵਿੱਤ੍ਰ ਪਰਜਾ”, “ਯਹੋਵਾਹ ਦੇ ਛੁਡਾਏ ਹੋਏ” ਆਖਣਗੇ, ਅਤੇ ਤੂੰ “ਲੱਭੀ ਹੋਈ” ਅਰ “ਨਾ ਤਿਆਗੀ ਹੋਈ ਨਗਰੀ” ਸਦਾਵੇਂਗੀ।
27 ਫਰਵਰੀ–5 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 63-66
“ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੱਡੀ ਖ਼ੁਸ਼ੀ ਦਾ ਕਾਰਨ ਹੋਣਗੇ”
(ਯਸਾਯਾਹ 65:17) “ਵੇਖੋ ਤਾਂ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”
ip-2 383 ਪੈਰਾ 23
“ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ”
23 ਪਰਕਾਸ਼ ਦੀ ਪੋਥੀ ਵਿਚ ਯੂਹੰਨਾ ਰਸੂਲ ਦੇ ਉਸ ਦਰਸ਼ਣ ਬਾਰੇ ਦੱਸਿਆ ਗਿਆ ਹੈ ਜਿਸ ਵਿਚ ਉਸ ਨੇ ਯਹੋਵਾਹ ਦੇ ਆ ਰਹੇ ਦਿਨ ਵਿਚ ਇਸ ਦੁਨੀਆਂ ਨੂੰ ਖ਼ਤਮ ਕੀਤਾ ਜਾਂਦਾ ਦੇਖਿਆ। ਉਸ ਤੋਂ ਬਾਅਦ ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। (ਪਰਕਾਸ਼ ਦੀ ਪੋਥੀ 19:11–20:3) ਇਨ੍ਹਾਂ ਗੱਲਾਂ ਬਾਰੇ ਦੱਸਣ ਤੋਂ ਬਾਅਦ ਯੂਹੰਨਾ ਨੇ ਯਸਾਯਾਹ ਦੀ ਭਵਿੱਖਬਾਣੀ ਦੇ ਸ਼ਬਦ ਦੁਹਰਾ ਕੇ ਲਿਖਿਆ: “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ।” ਇਸ ਸ਼ਾਨਦਾਰ ਦਰਸ਼ਣ ਦੇ ਬਿਰਤਾਂਤ ਦੀਆਂ ਅਗਲੀਆਂ ਆਇਤਾਂ ਵਿਚ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦੋਂ ਯਹੋਵਾਹ ਪਰਮੇਸ਼ੁਰ ਇਸ ਧਰਤੀ ਦੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਸੁਧਾਰੇਗਾ। (ਪਰਕਾਸ਼ ਦੀ ਪੋਥੀ 21:1, 3-5) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਯਸਾਯਾਹ ਦੇ ਵਾਅਦੇ ਦੀ ਸ਼ਾਨਦਾਰ ਪੂਰਤੀ ਹੋਵੇਗੀ! ਸਵਰਗ ਦੀ ਨਵੀਂ ਹਕੂਮਤ ਅਧੀਨ ਇਕ ਨਵਾਂ ਸਮਾਜ ਹੋਵੇਗਾ ਜੋ ਰੂਹਾਨੀ ਅਤੇ ਅਸਲੀ ਤੌਰ ਤੇ ਫਿਰਦੌਸ ਵਰਗੀ ਧਰਤੀ ਦਾ ਆਨੰਦ ਮਾਣੇਗਾ। ਇਸ ਵਾਅਦੇ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ “ਪਹਿਲੀਆਂ ਚੀਜ਼ਾਂ [ਬਿਮਾਰੀ, ਦੁੱਖ, ਅਤੇ ਹਰ ਤਰ੍ਹਾਂ ਦੀਆਂ ਹੋਰ ਤਕਲੀਫ਼ਾਂ ਜਿਨ੍ਹਾਂ ਦਾ ਇਨਸਾਨ ਸਾਮ੍ਹਣਾ ਕਰਦੇ ਹਨ] ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” ਅਸੀਂ ਜੋ ਕੁਝ ਚੇਤੇ ਕਰਾਂਗੇ ਉਹ ਸਾਡੇ ਮਨਾਂ ਨੂੰ ਦੁਖੀ ਨਹੀਂ ਕਰੇਗਾ ਜਿਵੇਂ ਅੱਜ ਕਈਆਂ ਲੋਕਾਂ ਦੇ ਮਨ ਦੁਖੀ ਹਨ।
(ਯਸਾਯਾਹ 65:18, 19) ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। 19 ਮੈਂ ਯਰੂਸ਼ਲਮ ਤੋਂ ਅਨੰਦ ਹੋਵਾਂਗਾ, ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ, ਫੇਰ ਉਸ ਵਿੱਚ ਨਾ ਰੋਣ ਦੀ ਅਵਾਜ਼, ਨਾ ਦੁਹਾਈ ਦੀ ਆਵਾਜ਼ ਸੁਣਾਈ ਦੇਵੇਗੀ।
“ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ”
25 ਅੱਜ ਯਹੋਵਾਹ ਯਰੂਸ਼ਲਮ ਲਈ ਕਿਵੇਂ ‘ਅਨੰਦਤਾ ਉਤਪੰਨ ਕਰਦਾ’ ਹੈ? ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਨਵਾਂ ਆਕਾਸ਼ 1914 ਵਿਚ ਉਤਪੰਨ ਕੀਤਾ ਗਿਆ ਸੀ ਅਤੇ ਅਖ਼ੀਰ ਵਿਚ ਇਸ ਵਿਚ 1,44,000 ਸੰਗੀ ਰਾਜੇ ਹੋਣਗੇ ਜੋ ਸਵਰਗ ਤੋਂ ਹਕੂਮਤ ਕਰਨਗੇ। ਭਵਿੱਖਬਾਣੀ ਵਿਚ ਇਨ੍ਹਾਂ ਨੂੰ ‘ਨਵਾਂ ਯਰੂਸ਼ਲਮ’ ਸੱਦਿਆ ਜਾਂਦਾ ਹੈ। (ਪਰਕਾਸ਼ ਦੀ ਪੋਥੀ 21:2) ਪਰਮੇਸ਼ੁਰ ਨੇ ਇਸ ਨਵੇਂ ਯਰੂਸ਼ਲਮ ਬਾਰੇ ਕਿਹਾ: “ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ।” ਨਵੇਂ ਯਰੂਸ਼ਲਮ ਰਾਹੀਂ ਪਰਮੇਸ਼ੁਰ ਆਗਿਆਕਾਰ ਮਨੁੱਖਜਾਤੀ ਉੱਤੇ ਬਹੁਤ ਸਾਰੀਆਂ ਬਰਕਤਾਂ ਬਰਸਾਏਗਾ। ਉਸ ਸਮੇਂ ਰੋਣ ਜਾਂ ਦੁਹਾਈ ਦੀ ਆਵਾਜ਼ ਸੁਣੀ ਨਹੀਂ ਜਾਵੇਗੀ ਕਿਉਂਕਿ ਯਹੋਵਾਹ ਸਾਡੇ “ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂਰ 37:3, 4.
(ਯਸਾਯਾਹ 65:21-23) ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। 22 ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। 23 ਓਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਓਹ ਯਹੋਵਾਹ ਦੀ ਮੁਬਾਰਕ ਅੰਸ ਜੋ ਹੋਣਗੇ, ਨਾਲੇ ਓਹਨਾਂ ਦੀ ਸੰਤਾਨ ਓਹਨਾਂ ਸਣੇ।
ਹਜ਼ਾਰ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਸ਼ਾਂਤੀ!
‘ਓਹ ਘਰ ਬਣਾਉਣਗੇ ਅਤੇ ਅੰਗੂਰੀ ਬਾਗ ਲਾਉਣਗੇ’
4 ਕੌਣ ਨਹੀਂ ਚਾਹੁੰਦਾ ਕਿ ਉਸ ਦਾ ਆਪਣਾ ਇਕ ਘਰ ਹੋਵੇ ਜਿੱਥੇ ਉਹ ਆਪਣੇ ਪਰਿਵਾਰ ਨਾਲ ਸੁਖੀ ਵੱਸੇ? ਅੱਜ ਘਰ ਬਣਾਉਣਾ ਬਹੁਤ ਹੀ ਔਖਾ ਹੈ। ਲੋਕ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿਚ ਰਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਝੁੱਗੀਆਂ-ਝੌਂਪੜੀਆਂ ਤੇ ਗੰਦੀਆਂ ਬਸਤੀਆਂ ਵਿਚ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਉਨ੍ਹਾਂ ਲਈ ਆਪਣਾ ਘਰ ਹੋਣਾ ਇਕ ਸੁਪਨਾ ਹੀ ਹੈ।
5 ਪਰਮੇਸ਼ੁਰ ਦੇ ਰਾਜ ਵਿਚ ਹਰ ਇਨਸਾਨ ਦੀ ਆਪਣਾ ਘਰ ਹੋਣ ਦੀ ਤਮੰਨਾ ਪੂਰੀ ਕੀਤੀ ਜਾਵੇਗੀ ਕਿਉਂਕਿ ਯਸਾਯਾਹ ਨੇ ਇਹ ਭਵਿੱਖਬਾਣੀ ਕੀਤੀ ਸੀ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” (ਯਸਾ. 65:21) ਜੀ ਹਾਂ, ਉਸ ਵੇਲੇ ਸਾਰਿਆਂ ਕੋਲ ਆਪੋ-ਆਪਣਾ ਘਰ ਹੋਵੇਗਾ। ਇਹ ਠੀਕ ਹੈ ਕਿ ਅੱਜ ਵੀ ਕੁਝ ਲੋਕ ਆਪਣੇ ਘਰਾਂ ਵਿਚ ਰਹਿੰਦੇ ਹਨ, ਕਈ ਵੱਡੀਆਂ-ਵੱਡੀਆਂ ਕੋਠੀਆਂ ਤੇ ਬੰਗਲਿਆਂ ਵਿਚ ਰਹਿੰਦੇ ਹਨ। ਪਰ ਉਨ੍ਹਾਂ ਨੂੰ ਹਮੇਸ਼ਾ ਇਹ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਆਰਥਿਕ ਮੰਦੀ ਕਰ ਕੇ ਉਨ੍ਹਾਂ ਦਾ ਘਰ ਉਨ੍ਹਾਂ ਦੇ ਹੱਥੋਂ ਨਾ ਚਲਾ ਜਾਵੇ ਜਾਂ ਕੋਈ ਚੋਰ-ਲੁਟੇਰਾ ਉਨ੍ਹਾਂ ਦਾ ਘਰ ਨਾ ਲੁੱਟ ਲਵੇ। ਪਰ ਪਰਮੇਸ਼ੁਰ ਦੇ ਰਾਜ ਵਿਚ ਇਸ ਤਰ੍ਹਾਂ ਨਹੀਂ ਹੋਵੇਗਾ। ਮੀਕਾਹ ਨਬੀ ਨੇ ਕਿਹਾ ਸੀ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾ. 4:4.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 63:5) ਮੈਂ ਨਿਗਾਹ ਕੀਤੀ ਪਰ ਸਹਾਇਕ ਕੋਈ ਨਹੀਂ ਸੀ, ਮੈਂ ਦੰਗ ਰਹਿ ਗਿਆ ਪਰ ਸੰਭਾਲਣ ਵਾਲਾ ਕੋਈ ਨਹੀਂ ਸੀ। ਤਾਂ ਮੇਰੀ ਭੁਜਾ ਨੇ ਮੇਨੂੰ ਬਚਾਇਆ, ਅਤੇ ਮੇਰੇ ਗੁੱਸੇ ਨੇ ਮੈਨੂੰ ਸੰਭਾਲਿਆ।
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
63:5—ਯਹੋਵਾਹ ਦਾ ਗੁੱਸਾ ਉਸ ਨੂੰ ਕਿਵੇਂ ਸੰਭਾਲਦਾ ਹੈ? ਯਹੋਵਾਹ ਦਾ ਗੁੱਸਾ ਹਮੇਸ਼ਾ ਜਾਇਜ਼ ਹੁੰਦਾ ਹੈ ਅਤੇ ਉਹ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਦਾ ਹੈ। ਯਹੋਵਾਹ ਦਾ ਗੁੱਸਾ ਉਸ ਨੂੰ ਪਾਪੀਆਂ ਨੂੰ ਸਜ਼ਾ ਦੇਣ ਵਾਸਤੇ ਪ੍ਰੇਰਦਾ ਹੈ।
(ਯਸਾਯਾਹ 64:8) “ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।”
ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੋ!
ਯਹੋਵਾਹ ਆਪਣਾ ਅਧਿਕਾਰ ਇਕ ਘੁਮਿਆਰ ਵਾਂਗ ਵਰਤਦਾ ਹੈ
3 ਬਾਈਬਲ ਕਹਿੰਦੀ ਹੈ ਕਿ ਯਹੋਵਾਹ ਇਕ ਘੁਮਿਆਰ ਵਾਂਗ ਹੈ ਕਿਉਂਕਿ ਉਹ ਲੋਕਾਂ ਅਤੇ ਕੌਮਾਂ ਉੱਤੇ ਅਧਿਕਾਰ ਰੱਖਦਾ ਹੈ। ਯਸਾਯਾਹ 64:8 ਵਿਚ ਲਿਖਿਆ ਹੈ: “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।” ਇਕ ਘੁਮਿਆਰ ਨੂੰ ਮਿੱਟੀ ਉੱਤੇ ਪੂਰਾ ਅਧਿਕਾਰ ਹੁੰਦਾ ਹੈ ਕਿ ਉਹ ਉਸ ਨੂੰ ਕਿਸ ਤਰ੍ਹਾਂ ਦੀ ਸ਼ਕਲ ਦੇਵੇਗਾ। ਇਸ ਲਈ ਮਿੱਟੀ ਇਹ ਨਹੀਂ ਕਹਿ ਸਕਦੀ: ‘ਤੂੰ ਮੈਨੂੰ ਇੱਦਾਂ ਕਿਉਂ ਬਣਾਇਆ ਹੈ?’ ਇਸੇ ਤਰ੍ਹਾਂ ਇਨਸਾਨ ਦਾ ਪਰਮੇਸ਼ੁਰ ਨੂੰ ਦੱਸਣ ਦਾ ਕੋਈ ਹੱਕ ਨਹੀਂ ਕਿ ਉਹ ਉਸ ਨੂੰ ਕਿਵੇਂ ਢਾਲ਼ੇ।—ਯਿਰਮਿਯਾਹ 18:1-6 ਪੜ੍ਹੋ।
4 ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਉਸ ਤਰ੍ਹਾਂ ਢਾਲ਼ਿਆ ਜਿਵੇਂ ਇਕ ਘੁਮਿਆਰ ਮਿੱਟੀ ਨੂੰ ਢਾਲ਼ਦਾ ਹੈ। ਪਰ ਯਹੋਵਾਹ ਤੇ ਇਕ ਘੁਮਿਆਰ ਵਿਚ ਕੀ ਫ਼ਰਕ ਹੈ? ਇਕ ਘੁਮਿਆਰ ਆਪਣੀ ਮਰਜ਼ੀ ਨਾਲ ਕਿਸੇ ਵੀ ਤਰ੍ਹਾਂ ਦਾ ਭਾਂਡਾ ਬਣਾ ਸਕਦਾ ਹੈ। ਪਰ ਯਹੋਵਾਹ ਨੇ ਲੋਕਾਂ ਅਤੇ ਕੌਮਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਉਹ ਕੁਝ ਲੋਕਾਂ ਨੂੰ ਚੰਗੇ ਤੇ ਦੂਜਿਆਂ ਨੂੰ ਬੁਰੇ ਨਹੀਂ ਬਣਾਉਂਦਾ। ਨਾਲੇ ਉਹ ਆਪਣਾ ਅਧਿਕਾਰ ਵਰਤ ਕੇ ਕਿਸੇ ਨੂੰ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ ਇਨਸਾਨਾਂ ਨੂੰ ਖ਼ੁਦ ਫ਼ੈਸਲਾ ਕਰਨਾ ਪੈਂਦਾ ਹੈ ਕਿ ਉਹ ਆਪਣੇ ਕਰਤਾਰ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣਨਗੇ ਜਾਂ ਨਹੀਂ।—ਯਿਰਮਿਯਾਹ 18:7-10 ਪੜ੍ਹੋ।
5 ਯਹੋਵਾਹ ਉਦੋਂ ਆਪਣਾ ਅਧਿਕਾਰ ਕਿਵੇਂ ਵਰਤਦਾ ਹੈ ਜਦੋਂ ਆਕੜਬਾਜ਼ ਇਨਸਾਨ ਉਸ ਦੇ ਹੱਥਾਂ ਵਿਚ ਢਲ਼ਣ ਤੋਂ ਇਨਕਾਰ ਕਰਦੇ ਹਨ? ਜੇ ਘੁਮਿਆਰ ਲਈ ਮਿੱਟੀ ਤੋਂ ਇਕ ਤਰ੍ਹਾਂ ਦਾ ਭਾਂਡਾ ਬਣਾਉਣਾ ਮੁਸ਼ਕਲ ਹੁੰਦਾ ਹੈ, ਤਾਂ ਉਹ ਕੀ ਕਰਦਾ ਹੈ? ਉਹ ਜਾਂ ਤਾਂ ਮਿੱਟੀ ਤੋਂ ਕੋਈ ਹੋਰ ਭਾਂਡਾ ਬਣਾ ਲੈਂਦਾ ਹੈ ਜਾਂ ਉਸ ਨੂੰ ਸੁੱਟ ਦਿੰਦਾ ਹੈ! ਜਦ ਮਿੱਟੀ ਕਿਸੇ ਕੰਮ ਦੀ ਨਹੀਂ ਹੁੰਦੀ, ਤਾਂ ਆਮ ਕਰਕੇ ਕਸੂਰ ਘੁਮਿਆਰ ਦਾ ਹੁੰਦਾ ਹੈ। ਪਰ ਇਹ ਯਹੋਵਾਹ ਬਾਰੇ ਨਹੀਂ ਕਿਹਾ ਜਾ ਸਕਦਾ। (ਬਿਵ. 32:4) ਜਦ ਕੋਈ ਇਨਸਾਨ ਖ਼ੁਦ ਨੂੰ ਯਹੋਵਾਹ ਦੇ ਕਹਿਣੇ ਮੁਤਾਬਕ ਨਹੀਂ ਬਦਲਦਾ, ਤਾਂ ਕਸੂਰ ਹਮੇਸ਼ਾ ਉਸ ਇਨਸਾਨ ਦਾ ਹੁੰਦਾ ਹੈ। ਯਹੋਵਾਹ ਸਿਰਫ਼ ਉਨ੍ਹਾਂ ਲੋਕਾਂ ਨੂੰ ਢਾਲ਼ਦਾ ਹੈ ਜੋ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਵਾਂਗ ਢਲ਼ਣ ਲਈ ਤਿਆਰ ਹਨ। ਜਦ ਉਹ ਯਹੋਵਾਹ ਦਾ ਕਹਿਣਾ ਮੰਨਦੇ ਹਨ, ਤਾਂ ਉਹ ਉਸ ਦੇ ਕੰਮ ਆ ਸਕਦੇ ਹਨ। ਮਿਸਾਲ ਲਈ, ਚੁਣੇ ਹੋਏ ਮਸੀਹੀ “ਦਇਆ ਦੇ ਭਾਂਡਿਆਂ ਵਰਗੇ ਹਨ” ਜੋ “ਆਦਰ ਦੇ ਕੰਮ ਲਈ” ਬਣਾਏ ਗਏ ਹਨ। ਦੂਜੇ ਪਾਸੇ, ਜਿਹੜੇ ਲੋਕ ਜ਼ਿੱਦੀ ਬਣ ਕੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਉਹ “ਉਨ੍ਹਾਂ ਭਾਂਡਿਆਂ ਵਰਗੇ ਹਨ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਭੜਕੇਗਾ ਅਤੇ ਜਿਹੜੇ ਨਾਸ਼ ਹੋਣ ਦੇ ਲਾਇਕ ਹਨ।”—ਰੋਮੀ. 9:19-23.
ਬਾਈਬਲ ਪੜ੍ਹਾਈ
(ਯਸਾਯਾਹ 63:1-10) ਏਹ ਕੌਣ ਹੈ ਜੋ ਅਦੋਮ ਤੋਂ, ਲਾਲ ਬਸਤਰ ਪਾ ਕੇ ਬਾਸਰਾਹ ਤੋਂ ਲਗਾ ਆਉਂਦਾ ਹੈ? ਜੋ ਆਪਣੇ ਲਿਬਾਸ ਵਿੱਚ ਸ਼ਾਨਦਾਰ ਹੈ, ਅਤੇ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਹੈ? ਮੈਂ ਹਾਂ ਜੋ ਧਰਮ ਨਾਲ ਬੋਲਦਾ, ਜੋ ਬਚਾਉਣ ਲਈ ਸਮਰਥੀ ਹਾਂ। 2 ਤੇਰਾ ਲਿਬਾਸ ਕਿਉਂ ਲਾਲ ਹੈ, ਅਤੇ ਤੇਰਾ ਬਸਤਰ ਚੁਬੱਚੇ ਵਿੱਚ ਦਾਖ ਲਤਾੜਨ ਵਾਲੇ ਜਿਹਾ ਹੈ? 3 ਮੈਂ ਅਕੱਲੇ ਦਾਖ ਦੇ ਚੁਬੱਚੇ ਵਿੱਚ ਲਤਾੜਿਆ, ਅਤੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ। ਹਾਂ, ਮੈਂ ਆਪਣੇ ਕ੍ਰੋਧ ਵਿੱਚ ਓਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਓਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ! 4 ਬਦਲਾ ਲੈਣ ਦਾ ਦਿਨ ਮੇਰੇ ਦਿਲ ਵਿੱਚ ਜੋ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਵਰਹਾ ਆ ਗਿਆ ਹੈ। 5 ਮੈਂ ਨਿਗਾਹ ਕੀਤੀ ਪਰ ਸਹਾਇਕ ਕੋਈ ਨਹੀਂ ਸੀ, ਮੈਂ ਦੰਗ ਰਹਿ ਗਿਆ ਪਰ ਸੰਭਾਲਣ ਵਾਲਾ ਕੋਈ ਨਹੀਂ ਸੀ। ਤਾਂ ਮੇਰੀ ਭੁਜਾ ਨੇ ਮੇਨੂੰ ਬਚਾਇਆ, ਅਤੇ ਮੇਰੇ ਗੁੱਸੇ ਨੇ ਮੈਨੂੰ ਸੰਭਾਲਿਆ। 6 ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਚਿੱਥਿਆ, ਮੈਂ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਖੀਵੇ ਕੀਤਾ, ਅਤੇ ਓਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ। 7 ਮੈਂ ਯਹੋਵਾਹ ਦੀ ਦਯਾ ਦਾ ਵਰਨਣ ਕਰਾਂਗਾ, ਯਹੋਵਾਹ ਦੀ ਉਸਤਤ ਦਾ ਵੀ, ਉਸ ਸਾਰੇ ਦੇ ਅਨੁਸਾਰ ਜੋ ਯਹੋਵਾਹ ਨੇ ਸਾਨੂੰ ਬਖ਼ਸ਼ਿਆ, ਨਾਲੇ ਇਸਰਾਏਲ ਦੇ ਘਰਾਣੇ ਲਈ ਉਹ ਵੱਡੀ ਭਲਿਆਈ, ਜਿਹ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਓਹਨਾਂ ਨੂੰ ਬਖਸ਼ ਦਿੱਤਾ। 8 ਓਸ ਤਾਂ ਆਖਿਆ, ਏਹ ਸੱਚ ਮੁੱਚ ਮੇਰੀ ਪਰਜਾ ਹੈ, ਪੁੱਤ੍ਰ ਜੋ ਛਲ ਨਾ ਕਮਾਉਣਗੇ, ਸੋ ਉਹ ਓਹਨਾਂ ਦਾ ਬਚਾਉਣ ਵਾਲਾ ਹੋਇਆ। 9 ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੀ ਹਜ਼ੂਰੀ ਦੇ ਦੂਤ ਨੇ ਓਹਨਾਂ ਨੂੰ ਬਚਾਇਆ, ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ ਵਿੱਚ ਓਹਨਾਂ ਨੂੰ ਛੁਡਾਇਆ, ਉਹ ਓਹਨਾਂ ਨੂੰ ਸਾਰੇ ਪਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ। 10 ਪਰ ਓਹ ਆਕੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਗਰੰਜ ਕੀਤਾ, ਉਹ ਉਲਟਾ ਓਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਓਹਨਾਂ ਨਾਲ ਲੜਿਆ।