ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
2-8 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ । ਯਸਾਯਾਹ 24-28
“ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ”
(ਯਸਾਯਾਹ 25:4, 5) ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਙੁ ਹੈ। 5 ਸੁੱਕੇ ਥਾਂ ਦੀ ਗਰਮੀ ਵਾਂਙੁ ਤੂੰ ਪਰਦੇਸੀਆਂ ਦੇ ਰੌਲੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਤਿਵੇਂ ਡਰਾਉਣਿਆਂ ਦਾ ਭਜਨ ਧੀਮਾ ਹੋ ਜਾਵੇਗਾ।
ਯਹੋਵਾਹ ਦਾ ਚੁੱਕਿਆ ਹੋਇਆ ਹੱਥ
5 ਇਹ ਸੱਚ ਹੈ ਕਿ ਯਹੋਵਾਹ ਦੇ ਦੁਸ਼ਮਣ ਉਸ ਤੋਂ ਡਰਦੇ ਹਨ, ਪਰ ਯਹੋਵਾਹ ਆਪਣੇ ਮਸਕੀਨ ਅਤੇ ਨਿਮਰ ਸੇਵਕਾਂ ਲਈ ਪਨਾਹ ਹੈ। ਭਾਵੇਂ ਕਿ ਧਾਰਮਿਕ ਅਤੇ ਰਾਜਨੀਤਿਕ ਆਗੂ ਸੱਚੇ ਉਪਾਸਕਾਂ ਦੀ ਨਿਹਚਾ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਕਾਮਯਾਬ ਨਹੀਂ ਹੁੰਦੇ ਕਿਉਂਕਿ ਇਹ ਉਪਾਸਕ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹਨ। ਅੰਤ ਵਿਚ ਉਹ ਅਜਿਹੇ ਵਿਰੋਧੀਆਂ ਨੂੰ ਇਵੇਂ ਖ਼ਾਮੋਸ਼ ਕਰੇਗਾ, ਜਿਵੇਂ ਬੱਦਲ ਦੀ ਛਾਂ ਰੇਗਿਸਤਾਨ ਦੇ ਤਪਦੇ ਸੂਰਜ ਨੂੰ ਢੱਕ ਦਿੰਦੀ ਹੈ ਜਾਂ ਇਕ ਕੰਧ ਮੀਂਹ-ਹਨੇਰੀ ਦੇ ਜ਼ੋਰ ਨੂੰ ਰੋਕ ਦਿੰਦੀ ਹੈ।—ਯਸਾਯਾਹ 25:4, 5 ਪੜ੍ਹੋ।
(ਯਸਾਯਾਹ 25:6) “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।”
ਯਹੋਵਾਹ ਦੇ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ
4 ਜ਼ਿਆਦਾਤਰ ਪ੍ਰਕਾਸ਼ਨ ਸਾਰੇ ਯਹੋਵਾਹ ਦੇ ਗਵਾਹਾਂ ਲਈ ਤਿਆਰ ਕੀਤੇ ਜਾਂਦੇ ਹਨ। ਪਰ ਕੁਝ ਅਜਿਹੇ ਪ੍ਰਕਾਸ਼ਨਾਂ ਹਨ ਜੋ ਅਲੱਗ-ਅਲੱਗ ਉਮਰ ਅਤੇ ਵਰਗ ਦੇ ਗਵਾਹਾਂ ਲਈ ਤਿਆਰ ਕੀਤੇ ਜਾਂਦੇ ਹਨ। ਮਿਸਾਲ ਲਈ, ਕੁਝ ਪ੍ਰਕਾਸ਼ਨ ਨੌਜਵਾਨਾਂ ਦੀ ਮਦਦ ਲਈ ਅਤੇ ਕੁਝ ਮਾਪਿਆਂ ਦੀ ਮਦਦ ਲਈ। ਜ਼ਿਆਦਾਤਰ ਛਾਪੇ ਗਏ ਪ੍ਰਕਾਸ਼ਨ ਜਾਂ ਵੈੱਬਸਾਈਟ ਉੱਤੇ ਪਾਈ ਜਾਣਕਾਰੀ ਆਮ ਲੋਕਾਂ ਲਈ ਹੁੰਦੀ ਹੈ। ਇੰਨੀ ਮਾਤਰਾ ਵਿਚ ਮਿਲਦੀ ਜਾਣਕਾਰੀ ਤੋਂ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਆਪਣਾ ਇਹ ਵਾਅਦਾ ਪੂਰਾ ਕਰ ਰਿਹਾ ਹੈ ਕਿ ਉਹ “ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ।”—ਯਸਾ. 25:6.
ਯਹੋਵਾਹ ਦਾ ਚੁੱਕਿਆ ਹੋਇਆ ਹੱਥ
6 ਇਕ ਪਿਆਰੇ ਪਿਤਾ ਵਾਂਗ, ਯਹੋਵਾਹ ਆਪਣੇ ਬੱਚਿਆਂ ਦਾ ਰਖਵਾਲਾ ਹੀ ਨਹੀਂ, ਸਗੋਂ ਉਹ ਉਨ੍ਹਾਂ ਨੂੰ ਖੁਆਉਂਦਾ ਵੀ ਹੈ, ਖ਼ਾਸ ਕਰਕੇ ਰੂਹਾਨੀ ਤੌਰ ਤੇ। ਆਪਣੇ ਲੋਕਾਂ ਨੂੰ 1919 ਵਿਚ ਰੂਹਾਨੀ ਤੌਰ ਤੇ ਰਿਹਾ ਕਰਨ ਤੋਂ ਬਾਅਦ, ਉਸ ਨੇ ਉਨ੍ਹਾਂ ਸਾਮ੍ਹਣੇ ਜਿੱਤ ਦੀ ਦਾਅਵਤ ਰੱਖੀ, ਯਾਨੀ ਉਨ੍ਹਾਂ ਸਾਮ੍ਹਣੇ ਰੂਹਾਨੀ ਭੋਜਨ ਦਾ ਭੰਡਾਰ ਰੱਖਿਆ: “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।”—ਯਸਾਯਾਹ 25:6.
7 ਇਹ ਦਾਅਵਤ ਯਹੋਵਾਹ ਦੇ “ਪਹਾੜ” ਤੇ ਕੀਤੀ ਜਾ ਰਹੀ ਹੈ। ਇਹ ਪਹਾੜ ਕੀ ਹੈ? ਇਹ “ਯਹੋਵਾਹ ਦੇ ਭਵਨ ਦਾ ਪਰਬਤ” ਹੈ ਜਿਸ ਵੱਲ ਇਨ੍ਹਾਂ “ਆਖਰੀ ਦਿਨਾਂ ਦੇ ਵਿੱਚ” ਸਾਰੀਆਂ ਕੌਮਾਂ ਆ ਰਹੀਆਂ ਹਨ। ਇਹ ਯਹੋਵਾਹ ਦਾ “ਪਵਿੱਤ੍ਰ ਪਰਬਤ” ਹੈ ਜਿੱਥੇ ਉਸ ਦੇ ਵਫ਼ਾਦਾਰ ਉਪਾਸਕ ਨਾ ਤਾਂ ਕੋਈ ਨੁਕਸਾਨ ਕਰਦੇ ਹਨ ਅਤੇ ਨਾ ਹੀ ਕਿਸੇ ਚੀਜ਼ ਨੂੰ ਬਰਬਾਦ ਕਰਦੇ ਹਨ। (ਯਸਾਯਾਹ 2:2; 11:9) ਉਪਾਸਨਾ ਦੀ ਇਸ ਉੱਚੀ ਜਗ੍ਹਾ ਉੱਤੇ ਯਹੋਵਾਹ ਵਫ਼ਾਦਾਰ ਲੋਕਾਂ ਲਈ ਵੱਡੀ ਦਾਅਵਤ ਪੇਸ਼ ਕਰਦਾ ਹੈ। ਸਾਨੂੰ ਖੁੱਲ੍ਹੇ-ਹੱਥੀਂ ਮਿਲਣ ਵਾਲਾ ਇਹ ਰੂਹਾਨੀ ਭੋਜਨ ਉਨ੍ਹਾਂ ਅਸਲੀ ਚੀਜ਼ਾਂ ਨੂੰ ਦਰਸਾਉਂਦਾ ਹੈ ਜੋ ਪਰਮੇਸ਼ੁਰ ਦੇ ਰਾਜ ਵਿਚ ਸਾਨੂੰ ਮਿਲਣਗੀਆਂ। ਉਸ ਵੇਲੇ ਮਨੁੱਖਜਾਤੀ ਉੱਤੇ ਇਸ ਰਾਜ ਤੋਂ ਸਿਵਾਇ ਹੋਰ ਕੋਈ ਹਕੂਮਤ ਰਾਜ ਨਹੀਂ ਕਰੇਗੀ। ਉਸ ਸਮੇਂ ਕੋਈ ਭੁੱਖਾ ਨਹੀਂ ਹੋਵੇਗਾ ਕਿਉਂਕਿ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰ 72:8, 16.
(ਯਸਾਯਾਹ 25:7, 8) “ਅਤੇ ਇਸ ਪਹਾੜ ਤੇ ਉਸ ਪੜਦੇ ਨੂੰ ਝੱਫ ਲਵੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।”
ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾ
15 ਆਦਮ ਦੀ ਅਣਆਗਿਆਕਾਰੀ ਕਰਕੇ ਇਨਸਾਨ ਦੇ ਜਿੰਨੇ ਵੀ ਦੁਸ਼ਮਣ ਬਣੇ, ਉਨ੍ਹਾਂ ਸਾਰਿਆਂ ਤੋਂ ਆਗਿਆਕਾਰ ਇਨਸਾਨਾਂ ਨੂੰ ਹਜ਼ਾਰ ਸਾਲ ਦਾ ਰਾਜ ਖ਼ਤਮ ਹੋਣ ਤਕ ਆਜ਼ਾਦ ਕਰ ਦਿੱਤਾ ਗਿਆ ਹੋਵੇਗਾ। ਬਾਈਬਲ ਦੱਸਦੀ ਹੈ: “ਠੀਕ ਜਿਵੇਂ ਆਦਮ ਕਰਕੇ ਸਾਰੇ ਮਰਦੇ ਹਨ, ਉਸੇ ਤਰ੍ਹਾਂ ਮਸੀਹ ਕਰਕੇ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ। ਪਰ ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ ਮਸੀਹ ਨੂੰ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜਿਹੜੇ ਮਸੀਹ ਦੇ ਹਨ [ਯਾਨੀ ਉਸ ਨਾਲ ਰਾਜ ਕਰਨ ਵਾਲਿਆਂ ਨੂੰ]। ਅਖ਼ੀਰ ਵਿਚ, ਜਦੋਂ ਮਸੀਹ ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ, ਤਾਂ ਉਹ ਆਪਣੇ ਪਿਤਾ ਪਰਮੇਸ਼ੁਰ ਨੂੰ ਰਾਜ ਵਾਪਸ ਸੌਂਪ ਦੇਵੇਗਾ। ਕਿਉਂਕਿ ਉਹ ਰਾਜੇ ਵਜੋਂ ਉਦੋਂ ਤਕ ਰਾਜ ਕਰੇਗਾ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ। ਅਤੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰ. 15:22-26) ਜੀ ਹਾਂ, ਆਦਮ ਦੁਆਰਾ ਆਈ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਜਿਸ “ਪੜਦੇ” ਨੇ ਸਾਰੇ ਇਨਸਾਨਾਂ ਨੂੰ ਢੱਕਿਆ ਹੋਇਆ ਹੈ, ਉਸ “ਪੜਦੇ” ਨੂੰ ਹਮੇਸ਼ਾ ਲਈ ਹਟਾ ਦਿੱਤਾ ਜਾਵੇਗਾ।—ਯਸਾ. 25:7, 8.
ਯਹੋਵਾਹ ਦਾ ਚੁੱਕਿਆ ਹੋਇਆ ਹੱਥ
8 ਪਰਮੇਸ਼ੁਰ ਵੱਲੋਂ ਪੇਸ਼ ਕੀਤੀ ਗਈ ਰੂਹਾਨੀ ਦਾਅਵਤ ਸਵੀਕਾਰ ਕਰਨ ਵਾਲੇ ਲੋਕਾਂ ਦਾ ਭਵਿੱਖ ਸ਼ਾਨਦਾਰ ਹੋ ਸਕਦਾ ਹੈ। ਯਸਾਯਾਹ ਦੇ ਅਗਲੇ ਸ਼ਬਦਾਂ ਵੱਲ ਧਿਆਨ ਦਿਓ। ਉਸ ਨੇ ਪਾਪ ਅਤੇ ਮੌਤ ਦੀ ਤੁਲਨਾ “ਪੜਦੇ” ਜਾਂ “ਕੱਜਣ” ਨਾਲ ਕਰਦੇ ਹੋਏ ਕਿਹਾ: “[ਯਹੋਵਾਹ] ਇਸ ਪਹਾੜ ਤੇ ਉਸ ਪੜਦੇ ਨੂੰ ਝੱਫ ਲਵੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:7, 8ੳ.
9 ਜੀ ਹਾਂ, ਪਾਪ ਅਤੇ ਮੌਤ ਖ਼ਤਮ ਕੀਤੇ ਜਾਣਗੇ! (ਪਰਕਾਸ਼ ਦੀ ਪੋਥੀ 21:3, 4) ਇਸ ਤੋਂ ਇਲਾਵਾ, ਯਹੋਵਾਹ ਦੇ ਸੇਵਕਾਂ ਦੀ ਬਦਨਾਮੀ ਦੂਰ ਕੀਤੀ ਜਾਵੇਗੀ ਜੋ ਉਨ੍ਹਾਂ ਨੇ ਹਜ਼ਾਰਾਂ ਹੀ ਸਾਲਾਂ ਲਈ ਸਹੀ ਹੈ। ਉਹ “ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।” (ਯਸਾਯਾਹ 25:8ਅ) ਇਹ ਕਿਸ ਤਰ੍ਹਾਂ ਹੋਵੇਗਾ? ਯਹੋਵਾਹ ਉਸ ਬਦਨਾਮੀ ਦੀ ਜੜ੍ਹ ਨੂੰ ਪੁੱਟ ਸੁੱਟੇਗਾ, ਯਾਨੀ ਸ਼ਤਾਨ ਅਤੇ ਉਸ ਦੀ ਸੰਤਾਨ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਪਰਕਾਸ਼ ਦੀ ਪੋਥੀ 20:1-3) ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਰਮੇਸ਼ੁਰ ਦੇ ਲੋਕ ਪੁਕਾਰਨਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ—ਏਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।”—ਯਸਾਯਾਹ 25:9.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 26:15) “ਯਹੋਵਾਹ, ਤੈਂ ਕੌਮ ਨੂੰ ਵਧਾਇਆ, ਤੈਂ ਕੌਮ ਨੂੰ ਵਧਾਇਆ, ਤੈਂ ਜਲਾਲ ਪਾਇਆ, ਤੈਂ ਦੇਸ ਦੀਆਂ ਹੱਦਾਂ ਨੂੰ ਦੂਰ ਦੂਰ ਫੈਲਾਇਆ।”
ਸ਼ਾਂਤੀ ਤੇ ਏਕਤਾ ਬਣਾਈ ਰੱਖੋ
ਸ਼ਾਂਤੀ ਤੇ ਏਕਤਾ ਬਣਾਈ ਰੱਖਣ ਵਿਚ ਤੁਹਾਡਾ ਯੋਗਦਾਨ
18 ਯਹੋਵਾਹ ਨੇ ਸਾਨੂੰ ਸਨਮਾਨ ਦਿੱਤਾ ਹੈ ਕਿ ਅਸੀਂ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਚੇਲੇ ਬਣਾ ਕੇ ਦੁਨੀਆਂ ਭਰ ਵਿਚ ਆਪਸੀ ਸ਼ਾਂਤੀ ਤੇ ਏਕਤਾ ਬਣਾਈ ਰੱਖੀਏ। ਜਦੋਂ ਵੀ ਅਸੀਂ ਕਿਸੇ ਵਿਅਕਤੀ ਦੀ ਪਰਮੇਸ਼ੁਰ ਦਾ ਸੇਵਕ ਬਣਨ ਵਿਚ ਮਦਦ ਕਰਦੇ ਹਾਂ, ਤਾਂ ਅਸੀਂ ਸੰਗਠਨ ਨੂੰ ਵਧਾਉਣ ਵਿਚ ਮਦਦ ਕਰਦੇ ਹਾਂ।—ਯਸਾ. 26:15; 54:2.
(ਯਸਾਯਾਹ 26:20) “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।”
ਯਹੋਵਾਹ ਸਾਡੇ ਆਸਰੇ ਦੀ ਥਾਂ
ਯਹੋਵਾਹ ਹਮੇਸ਼ਾ ਸਾਡੇ ਲਈ “ਆਸਰੇ ਦੀ ਥਾਂ” ਰਹੇਗਾ
15 ਅੰਤ ਆਉਣ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਵਿਗੜਦੇ ਜਾਣਗੇ। (ਮੱਤੀ 24:7, 8) ਮਹਾਂਕਸ਼ਟ ਦੌਰਾਨ ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ। ਦੁਨੀਆਂ ਭਰ ਵਿਚ ਤਬਾਹੀ ਹੋਵੇਗੀ ਤੇ ਲੋਕ ਉਲਝਣ ਵਿਚ ਪੈ ਜਾਣਗੇ ਤੇ ਡਰੇ ਹੋਏ ਹੋਣਗੇ। (ਹਬ. 3:16, 17) ਡਰ ਦੇ ਮਾਰੇ ਉਹ “ਪਹਾੜਾਂ ਦੀਆਂ ਗੁਫਾਵਾਂ ਅਤੇ ਚਟਾਨਾਂ” ਵਿਚ ਲੁਕਣ ਦੀ ਕੋਸ਼ਿਸ਼ ਕਰਨਗੇ। (ਪ੍ਰਕਾ. 6:15-17) ਪਰ ਕੋਈ ਗੁਫਾ ਜਾਂ ਚਟਾਨ ਉਨ੍ਹਾਂ ਨੂੰ ਬਚਾ ਨਹੀਂ ਸਕੇਗੀ ਤੇ ਨਾ ਹੀ ਪਹਾੜ ਵਰਗੀਆਂ ਰਾਜਨੀਤਿਕ ਤੇ ਵਪਾਰਕ ਸੰਸਥਾਵਾਂ ਉਨ੍ਹਾਂ ਦੀ ਮਦਦ ਕਰ ਸਕਣਗੀਆਂ।
16 ਪਰ ਮਹਾਂਕਸ਼ਟ ਦੌਰਾਨ ਯਹੋਵਾਹ ਪਰਮੇਸ਼ੁਰ ਆਪਣੇ ਲੋਕਾਂ ਲਈ “ਆਸਰੇ ਦੀ ਥਾਂ” ਰਹੇਗਾ। ਹਬੱਕੂਕ ਨਬੀ ਵਾਂਗ ਅਸੀਂ ‘ਯਹੋਵਾਹ ਵਿੱਚ ਬਾਗ ਬਾਗ ਹੋਵਾਂਗੇ, ਅਸੀਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗੇ।’ (ਹਬ. 3:18) ਅਜੇ ਸਾਨੂੰ ਪਤਾ ਨਹੀਂ ਹੈ ਕਿ ਉਸ ਮੁਸ਼ਕਲ ਸਮੇਂ ਦੌਰਾਨ ਯਹੋਵਾਹ ਸਾਡੇ ਲਈ “ਆਸਰੇ ਦੀ ਥਾਂ” ਕਿਵੇਂ ਸਾਬਤ ਹੋਵੇਗਾ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ “ਵੱਡੀ ਭੀੜ” ਲਈ ਪ੍ਰਬੰਧ ਕਰੇਗਾ ਤੇ ਉਨ੍ਹਾਂ ਨੂੰ ਹਿਦਾਇਤਾਂ ਦੇਵੇਗਾ, ਜਿਵੇਂ ਉਸ ਨੇ ਮਿਸਰ ਛੱਡਣ ਵੇਲੇ ਇਜ਼ਰਾਈਲੀਆਂ ਲਈ ਪ੍ਰਬੰਧ ਕੀਤੇ ਸਨ। (ਪ੍ਰਕਾ. 7:9; ਕੂਚ 13:18 ਪੜ੍ਹੋ।) ਯਹੋਵਾਹ ਇਹ ਹਿਦਾਇਤਾਂ ਕਿਵੇਂ ਦੇਵੇਗਾ? ਸ਼ਾਇਦ ਮੰਡਲੀ ਰਾਹੀਂ। ਬਾਈਬਲ ਵਿਚ “ਕੋਠੜੀਆਂ” ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਵਿਚ ਯਹੋਵਾਹ ਦੇ ਲੋਕਾਂ ਨੂੰ ਸੁਰੱਖਿਆ ਮਿਲੇਗੀ। ਲੱਗਦਾ ਹੈ ਕਿ ਇਹ ਕੋਠੜੀਆਂ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਮੰਡਲੀਆਂ ਹਨ। (ਯਸਾਯਾਹ 26:20 ਪੜ੍ਹੋ।) ਕੀ ਤੁਸੀਂ ਮੀਟਿੰਗਾਂ ਦੀ ਕਦਰ ਕਰਦੇ ਹੋ? ਕੀ ਤੁਸੀਂ ਮੰਡਲੀ ਰਾਹੀਂ ਦਿੱਤੀ ਯਹੋਵਾਹ ਦੀ ਸਲਾਹ ਨੂੰ ਇਕਦਮ ਲਾਗੂ ਕਰਦੇ ਹੋ?—ਇਬ. 13:17.
ਬਾਈਬਲ ਪੜ੍ਹਾਈ
(ਯਸਾਯਾਹ 28:1-13) ਹਾਇ ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦੇ ਮੁਕਟ ਉੱਤੇ! ਅਤੇ ਉਸ ਦੇ ਸ਼ਾਨਦਾਰ ਸੁੱਹਪਣ ਦੇ ਕੁਮਲਾਏ ਹੋਏ ਫੁੱਲ ਉੱਤੇ, ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਦੂਣ ਦੇ ਸਿਰ ਉੱਤੇ ਹੈ! 2 ਵੇਖੋ, ਯਹੋਵਾਹ ਕੋਲ ਇੱਕ ਤਕੜਾ ਤੇ ਸਮਰਥੀ ਜਨ ਹੈ, ਗੜਿਆਂ ਦੀ ਅਨ੍ਹੇਰੀ ਵਾਂਙੁ, ਨਾਸ ਕਰਨ ਵਾਲੇ ਬੁੱਲੇ ਵਾਂਙੁ, ਹੜ੍ਹ ਪੈਂਦਿਆਂ ਡਾਢੇ ਪਾਣੀ ਦੀ ਅੰਨ੍ਹੇਰੀ ਵਾਂਙੁ, ਉਹ ਧਰਤੀ ਤੀਕ ਆਪਣੇ ਹੱਥ ਨਾਲ ਪਟਕ ਦੇਵੇਗਾ। 3 ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦਾ ਮੁਕਟ ਪੈਰਾਂ ਹੇਠ ਮਿੱਧਿਆ ਜਾਵੇਗਾ। 4 ਉਸ ਦੇ ਸ਼ਾਨਦਾਰ ਮੁਹੱਪਣ ਦਾ ਕੁਮਲਇਆ ਹੋਇਆ ਫੁੱਲ, ਜਿਹੜਾ ਉਸ ਫਲਦਾਰ ਦੂਣ ਦੇ ਸਿਰੇ ਉੱਤੇ ਹੈ, ਹਾੜ੍ਹੀ ਦੇ ਪਹਿਲੇ ਪੱਕੇ ਹਜੀਰ ਵਾਂਙੁ ਹੋਵੇਗਾ, ਜਿਹ ਨੂੰ ਕੋਈ ਵੇਖਦਿਆਂ ਹੀ, ਜਦ ਹੀ ਉਹ ਉਸ ਦੇ ਹੱਥ ਵਿੱਚ ਹੈ, ਹੜੱਪ ਲਵੇ। 5 ਓਸ ਦਿਨ ਸੈਨਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਕੀਏ ਲਈ ਸੁਹੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ, 6 ਅਤੇ ਜਿਹੜਾ ਨਿਆਉਂ ਉੱਤੇ ਬਹਿੰਦਾ ਹੈ, ਉਹ ਦੇ ਲਈ ਉਹ ਇਨਸਾਫ਼ ਦੀ ਰੂਹ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਓਹਨਾਂ ਲਈ ਬਹਾਦਰੀ ਹੋਵੇਗਾ। 7 ਏਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ,—ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਓਹ ਮਧ ਨਾਲ ਮਸਤਾਨੇ ਹਨ, ਓਹ ਸ਼ਰਾਬ ਨਾਲ ਡਗਮਗਾਉਂਦੇ ਹਨ, ਓਹ ਦਰਿਸ਼ਟੀ ਵਿੱਚ ਭੁਲੇਖਾ ਖਾਂਦੇ ਹਨ, ਅਦਾਲਤ ਵਿੱਚ ਓਹ ਠੋਕਰ ਖਾਂਦੇ ਹਨ! 8 ਸਾਰੀਆਂ ਮੇਜ਼ਾਂ ਤਾਂ ਕੈ ਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹਨ, ਕੋਈ ਥਾਂ ਸਾਫ ਨਹੀਂ!। 9 ਉਹ ਕਿਹ ਨੂੰ ਗਿਆਨ ਸਿਖਾਵੇਗਾ, ਅਤੇ ਕਿਹ ਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਓਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਯਾ ਜਿਹੜੇ ਦੁੱਧੀਆਂ ਤੋਂ ਅੱਡ ਕੀਤੇ ਗਏ? 10 ਬਿਧ ਤੇ ਬਿਧ, ਬਿਧ ਤੇ ਬਿਧ, ਸੂਤ੍ਰ ਤੇ ਸੂਤ੍ਰ, ਸੂਤ੍ਰ ਤੇ ਸੂਤ੍ਰ, ਥੋੜਾ ਐਥੇ, ਥੋੜਾ ਉੱਥੇ!। 11 ਉਹ ਤਾਂ ਥਥਲੇ ਬੁੱਲ੍ਹਾਂ ਅਤੇ ਓਪਰੀ ਜ਼ਬਾਨ ਦੇ ਰਾਹੀਂ ਇਸ ਪਰਜਾ ਨਾਲ ਬੋਲੇਗਾ, 12 ਜਿਨ੍ਹਾਂ ਨੂੰ ਓਸ ਆਖਿਆ, ਏਹ ਅਰਾਮ ਹੈ, ਹੁੱਸੇ ਹੋਏ ਨੂੰ ਅਰਾਮ ਦਿਓ, ਅਤੇ ਚੈਨ ਏਹ ਹੈ, ਪਰ ਓਹਨਾਂ ਨੇ ਸੁਣਨਾ ਨਾ ਚਾਹਿਆ। 13 ਸੋ ਯਹੋਵਾਹ ਦਾ ਬੋਲ ਓਹਨਾਂ ਲਈ ਏਹ ਹੋਵੇਗਾ, ਬਿਧ ਤੇ ਬਿਧ, ਬਿਧ ਤੇ ਬਿਧ, ਸੂਤ੍ਰ ਤੇ ਸੂਤ੍ਰ, ਸੂਤ੍ਰ ਤੇ ਸੂਤ੍ਰ, ਥੋੜਾ ਐਥੇ, ਥੋੜਾ ਉੱਥੇ, ਭਈ ਓਹ ਚੱਲੇ ਜਾਣ ਤੇ ਪਿਛਾਹਾਂ ਡਿੱਗ ਪੈਣ, ਅਤੇ ਤੋੜੇ ਜਾਣ ਤੇ ਫੱਸ ਕੇ ਫੜੇ ਜਾਣ।
9-15 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ । ਯਸਾਯਾਹ 29-33
“ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ”
(ਯਸਾਯਾਹ 32:1) “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।”
ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
13 ਘੋੜੇ ʼਤੇ ਸਵਾਰ ਰਾਜਾ ਯਿਸੂ ਮਸੀਹ ਪਰਮੇਸ਼ੁਰ ਦੀ ਧਾਰਮਿਕਤਾ ਦੀ ਖ਼ਾਤਰ ਵੀ ਲੜਾਈ ਕਰਨ ਲਈ ਨਿਕਲਦਾ ਹੈ। ਇੱਦਾਂ ਉਹ ਸਹੀ-ਗ਼ਲਤ ਬਾਰੇ ਯਹੋਵਾਹ ਦੇ ਅਸੂਲਾਂ ਨੂੰ ਸਹੀ ਸਾਬਤ ਕਰੇਗਾ। (ਰੋਮੀ. 3:21; ਬਿਵ. 32:4) ਰਾਜਾ ਯਿਸੂ ਮਸੀਹ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ।” (ਯਸਾ. 32:1) ਯਿਸੂ “ਨਵੇਂ ਆਕਾਸ਼ ਤੇ ਨਵੀਂ ਧਰਤੀ” ਬਾਰੇ ਪਰਮੇਸ਼ੁਰ ਦਾ ਵਾਅਦਾ ਜ਼ਰੂਰ ਪੂਰਾ ਕਰੇਗਾ ਜਿਨ੍ਹਾਂ ਵਿਚ “ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤ. 3:13) ਨਵੀਂ ਦੁਨੀਆਂ ਵਿਚ ਹਰੇਕ ਨੂੰ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲਣਾ ਪਵੇਗਾ।—ਯਸਾ. 11:1-5.
(ਯਸਾਯਾਹ 32:2) “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।”
ਰਾਜਾ ਅਤੇ ਉਸ ਦੇ ਸਰਦਾਰ
7 ਯਿਸੂ ਨੇ “ਜੁਗ ਦੇ ਅੰਤ” ਵਿਚ ਹੋਣ ਵਾਲੀਆਂ ਦੁਖਦਾਈ ਗੱਲਾਂ ਬਾਰੇ ਭਵਿੱਖਬਾਣੀ ਕੀਤੀ ਸੀ। ਉਸ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਖ਼ਬਰਦਾਰ ਕਿਤੇ ਘਬਰਾ ਨਾ ਜਾਣਾ।” (ਮੱਤੀ 24:3-8) ਯਿਸੂ ਦੇ ਚੇਲੇ ਅੱਜ ਦੁਨੀਆਂ ਦੀਆਂ ਖ਼ਤਰਨਾਕ ਹਾਲਤਾਂ ਦੇਖ ਕੇ ਕਿਉਂ ਨਹੀਂ ਘਬਰਾਉਂਦੇ? ਇਕ ਕਾਰਨ ਇਹ ਹੈ ਕਿ “ਸਰਦਾਰ” ਵਫ਼ਾਦਾਰੀ ਨਾਲ ਇੱਜੜ ਦੀ ਸੁਰੱਖਿਆ ਕਰਦੇ ਹਨ। ਇਹ ਸਰਦਾਰ ਮਸਹ ਕੀਤੇ ਹੋਇਆਂ ਵਿੱਚੋਂ ਜਾਂ ‘ਹੋਰ ਭੇਡਾਂ’ ਵਿੱਚੋਂ ਵੀ ਹੋ ਸਕਦੇ ਹਨ। (ਯੂਹੰਨਾ 10:16) ਕੁਲ-ਨਾਸ਼ ਵਰਗੀਆਂ ਵੱਡੀਆਂ-ਵੱਡੀਆਂ ਮੁਸੀਬਤਾਂ ਵਿਚ ਵੀ ਉਹ ਨਿਡਰਤਾ ਨਾਲ ਆਪਣਿਆਂ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ। ਇਸ ਦੁਨੀਆਂ ਵਿਚ ਜਿੱਥੇ ਰੂਹਾਨੀ ਚੀਜ਼ਾਂ ਦੀ ਥੁੜ ਹੈ, ਉਹ ਨਿਰਾਸ਼ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਹੌਸਲਾ ਦੇਣ ਵਾਲੀਆਂ ਸੱਚਾਈਆਂ ਨਾਲ ਤਾਜ਼ਗੀ ਦਿੰਦੇ ਹਨ।
8 ਪਿਛਲੇ 50 ਸਾਲਾਂ ਦੌਰਾਨ, “ਸਰਦਾਰ” ਸਾਫ਼-ਸਾਫ਼ ਪਛਾਣੇ ਗਏ ਹਨ। ਵੱਡੀ ਭੀੜ ਦੇ ‘ਸਰਦਾਰਾਂ’ ਨੂੰ “ਰਾਜਕੁਮਾਰ” ਵਰਗ ਦਾ ਹਿੱਸਾ ਬਣਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਤਾਂਕਿ ਵੱਡੀ ਬਿਪਤਾ ਤੋਂ ਬਾਅਦ ਉਨ੍ਹਾਂ ਵਿੱਚੋਂ ਕਾਬਲ ਬੰਦੇ “ਨਵੀਂ ਧਰਤੀ” ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਹੋਣਗੇ। (ਹਿਜ਼ਕੀਏਲ 44:2, 3; 2 ਪਤਰਸ 3:13) ਰਾਜ ਦੀ ਸੇਵਾ ਵਿਚ ਪਹਿਲ ਕਰਦੇ ਹੋਏ, ਉਹ ਉਪਾਸਨਾ ਵਿਚ ਇੱਜੜ ਨੂੰ ਸਹਾਇਤਾ, ਰੂਹਾਨੀ ਅਗਵਾਈ ਅਤੇ ਤਾਜ਼ਗੀ ਦੇ ਕੇ ਆਪਣੇ ਆਪ ਨੂੰ ‘ਵੱਡੀ ਚਟਾਨ ਦੇ ਸਾਯੇ ਜਿਹੇ’ ਸਾਬਤ ਕਰਦੇ ਹਨ।
(ਯਸਾਯਾਹ 32:3, 4) “ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ। ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਾਫ਼ ਬੋਲਣ ਲਈ ਤਿਆਰ ਰਹੇਗੀ।”
ਰਾਜਾ ਅਤੇ ਉਸ ਦੇ ਸਰਦਾਰ
ਅੱਖਾਂ, ਕੰਨਾਂ, ਅਤੇ ਦਿਲਾਂ ਨਾਲ ਧਿਆਨ ਦਿਓ
10 ਵੱਡੀ ਭੀੜ ਨੇ ਯਹੋਵਾਹ ਦੇ ਪ੍ਰਬੰਧਾਂ ਬਾਰੇ ਕਿਵੇਂ ਮਹਿਸੂਸ ਕੀਤਾ ਹੈ? ਭਵਿੱਖਬਾਣੀ ਨੇ ਅੱਗੇ ਦੱਸਿਆ: “ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆਂ, ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।” (ਯਸਾਯਾਹ 32:3) ਸਾਲਾਂ ਦੌਰਾਨ, ਯਹੋਵਾਹ ਦੀ ਸਿੱਖਿਆ ਲੈ ਕੇ ਉਸ ਦੇ ਪਿਆਰੇ ਸੇਵਕ ਰੂਹਾਨੀ ਤੌਰ ਤੇ ਸਿਆਣੇ ਬਣੇ ਹਨ। ਇਹ ਸਿੱਖਿਆ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਅਤੇ ਹੋਰ ਵੱਡੇ-ਛੋਟੇ ਸੰਮੇਲਨਾਂ ਵਿਚ ਮਿਲਦੀ ਹੈ। ਇਸ ਦੇ ਨਾਲ-ਨਾਲ ‘ਸਰਦਾਰਾਂ’ ਨੂੰ ਪਿਆਰ ਨਾਲ ਇੱਜੜ ਦੀ ਦੇਖ-ਭਾਲ ਕਰਨ ਬਾਰੇ ਖ਼ਾਸ ਸਿਖਲਾਈ ਮਿਲਦੀ ਹੈ। ਇਨ੍ਹਾਂ ਪ੍ਰਬੰਧਾਂ ਨੇ ਸਾਰੀ ਦੁਨੀਆਂ ਵਿਚ ਲੱਖਾਂ ਹੀ ਭੈਣਾਂ-ਭਰਾਵਾਂ ਦੇ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ। ਜਿੱਥੇ ਕਿਤੇ ਵੀ ਇਹ ਚਰਵਾਹੇ ਹੁੰਦੇ ਹਨ, ਉਹ ਸੱਚਾਈ ਦੇ ਬਚਨ ਦੀ ਸਮਝ ਵਿਚ ਆਈਆਂ ਤਬਦੀਲੀਆਂ ਨੂੰ ਸੁਣਨ ਲਈ ਆਪਣੇ ਕੰਨ ਖੁੱਲ੍ਹੇ ਰੱਖਦੇ ਹਨ। ਉਨ੍ਹਾਂ ਦੀਆਂ ਜ਼ਮੀਰਾਂ ਬਾਈਬਲ ਰਾਹੀਂ ਸਿੱਖਲਾਈਆਂ ਜਾਣ ਕਰਕੇ ਉਹ ਹਮੇਸ਼ਾ ਸੁਣਨ ਅਤੇ ਆਗਿਆ ਪਾਲਣ ਲਈ ਤਿਆਰ ਰਹਿੰਦੇ ਹਨ।—ਜ਼ਬੂਰ 25:10.
11 ਫਿਰ ਭਵਿੱਖਬਾਣੀ ਖ਼ਬਰਦਾਰ ਕਰਦੀ ਹੈ: “ਕਾਹਲਿਆਂ ਦਾ ਮਨ ਗਿਆਨ ਸਮਝੇਗਾ, ਅਤੇ ਥਥਲਿਆਂ ਦੀ ਜ਼ਬਾਨ ਸਾਫ਼ ਬੋਲਣ ਲਈ ਤਿਆਰ ਰਹੇਗੀ।” (ਯਸਾਯਾਹ 32:4) ਸਾਨੂੰ ਸਹੀ ਅਤੇ ਗ਼ਲਤ ਬਾਰੇ ਕਾਹਲੀ ਨਾਲ ਫ਼ੈਸਲੇ ਨਹੀਂ ਕਰਨੇ ਚਾਹੀਦੇ। ਬਾਈਬਲ ਕਹਿੰਦੀ ਹੈ: “ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।” (ਕਹਾਉਤਾਂ 29:20; ਉਪਦੇਸ਼ਕ ਦੀ ਪੋਥੀ 5:2) ਸਾਲ 1919 ਤੋਂ ਪਹਿਲਾਂ, ਯਹੋਵਾਹ ਦੇ ਲੋਕ ਵੀ ਝੂਠੇ ਧਰਮਾਂ ਦੀਆਂ ਕੁਝ ਗੱਲਾਂ ਮੰਨਦੇ ਸਨ। ਪਰ ਉਸ ਸਾਲ ਤੋਂ ਲੈ ਕੇ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਮਕਸਦਾਂ ਬਾਰੇ ਚੰਗੀ ਸਮਝ ਦਿੱਤੀ ਹੈ। ਯਹੋਵਾਹ ਨੇ ਜੋ ਸੱਚਾਈਆਂ ਪ੍ਰਗਟ ਕੀਤੀਆਂ ਹਨ, ਉਹ ਕਾਹਲੀ ਨਾਲ ਨਹੀਂ ਸਗੋਂ ਸਹੀ ਸਮੇਂ ਤੇ ਦੱਸੀਆਂ ਗਈਆਂ ਹਨ। ਯਹੋਵਾਹ ਦੇ ਲੋਕ ਹੁਣ ਥਥਲਾਉਣ ਦੀ ਬਜਾਇ ਪੱਕੇ ਵਿਸ਼ਵਾਸ ਨਾਲ ਗੱਲ ਕਰ ਰਹੇ ਹਨ।
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 30:21) “ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।”
ਤੁਸੀਂ ਜਿੱਥੇ ਕਿਤੇ ਵੀ ਹੋ, ਯਹੋਵਾਹ ਦੀ ਆਵਾਜ਼ ਸੁਣੋ
2 ਅੱਜ ਯਹੋਵਾਹ ਬਾਈਬਲ, ਆਪਣੀ ਪਵਿੱਤਰ ਸ਼ਕਤੀ ਤੇ ਮੰਡਲੀ ਦੇ ਜ਼ਰੀਏ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ। (ਰਸੂ. 9:31; 15:28; 2 ਤਿਮੋ. 3:16, 17) ਸਾਨੂੰ ਜੋ ਸੇਧ ਮਿਲਦੀ ਹੈ, ਉਹ ਬਿਲਕੁਲ ਸਪੱਸ਼ਟ ਹੈ। ਸਾਨੂੰ ਇੱਦਾਂ ਲੱਗਦਾ ਹੈ ਜਿਵੇਂ ਅਸੀਂ ਆਪਣੇ ਪਿੱਛਿਓਂ ਯਹੋਵਾਹ ਨੂੰ ਇਹ ਕਹਿੰਦਿਆਂ ਸੁਣਦੇ ਹਾਂ ਕਿ “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾ. 30:21) ਯਹੋਵਾਹ ਯਿਸੂ ਦੇ ਜ਼ਰੀਏ ਵੀ ਆਪਣੀ ਆਵਾਜ਼ ਸਾਡੇ ਤਕ ਪਹੁੰਚਾਉਂਦਾ ਹੈ ਜਿਸ ਨੂੰ ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਮੰਡਲੀ ਨੂੰ ਸੇਧ ਦੇਣ ਲਈ ਨਿਯੁਕਤ ਕੀਤਾ ਹੈ। (ਮੱਤੀ 24:45) ਸਾਨੂੰ ਜੋ ਵੀ ਸੇਧ ਮਿਲਦੀ ਹੈ, ਉਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਸ ਮੁਤਾਬਕ ਚੱਲਣ ਨਾਲ ਹੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਇਬ. 5:9.
(ਯਸਾਯਾਹ 33:22) “ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ।”
ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ
4 ਜਦੋਂ ਇਜ਼ਰਾਈਲੀ 1513 ਈਸਵੀ ਪੂਰਵ ਵਿਚ ਸੀਨਈ ਪਹਾੜ ਦੇ ਸਾਮ੍ਹਣੇ ਇਕੱਠੇ ਹੋਏ ਸਨ, ਉਦੋਂ ਮੂਸਾ ਰਾਹੀਂ ਕੀਤਾ ਗਿਆ ਇਕਰਾਰ ਲਾਗੂ ਹੋਇਆ ਸੀ। ਇਸ ਇਕਰਾਰ ਦੇ ਰਾਹੀਂ ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨੂੰ ਆਪਣੀ ਖ਼ਾਸ ਕੌਮ ਵਜੋਂ ਚੁਣਿਆ। ਯਹੋਵਾਹ ਉਨ੍ਹਾਂ ਦਾ ‘ਨਿਆਈ, ਬਿਧੀਆਂ ਦੇਣ ਵਾਲਾ ਤੇ ਪਾਤਸ਼ਾਹ’ ਬਣ ਗਿਆ। (ਯਸਾ. 33:22) ਇਜ਼ਰਾਈਲ ਕੌਮ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਧਰਮੀ ਅਸੂਲਾਂ ʼਤੇ ਚੱਲਣ ਜਾਂ ਨਾ ਚੱਲਣ ਦਾ ਕੀ ਨਤੀਜਾ ਨਿਕਲਦਾ ਹੈ। ਮੂਸਾ ਦੁਆਰਾ ਦਿੱਤਾ ਗਿਆ ਕਾਨੂੰਨ ਅਬਰਾਹਾਮ ਦੀ ਪੀੜ੍ਹੀ ਨੂੰ ਭ੍ਰਿਸ਼ਟ ਹੋਣ ਤੋਂ ਬਚਾਉਣ ਲਈ ਦਿੱਤਾ ਗਿਆ ਸੀ। ਇਸ ਲਈ ਇਜ਼ਰਾਈਲੀਆਂ ਨੂੰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਾਉਣ ਅਤੇ ਉਨ੍ਹਾਂ ਦੀ ਭਗਤੀ ਵਿਚ ਸ਼ਾਮਲ ਹੋਣ ਤੋਂ ਮਨ੍ਹਾ ਕੀਤਾ ਗਿਆ ਸੀ।—ਕੂਚ 20:4-6; 34:12-16.
ਬਾਈਬਲ ਪੜ੍ਹਾਈ
(ਯਸਾਯਾਹ 30:22-33) ਤਾਂ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਉੱਕਰੀਆਂ ਮੂਰਤਾਂ ਨੂੰ, ਅਤੇ ਸੋਨਾ ਚੜ੍ਹੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਭਰਿਸ਼ਟ ਕਰੋਗੇ, ਤੂੰ ਓਹਨਾਂ ਨੂੰ ਗੰਦੀਆਂ ਚੀਜ਼ਾਂ ਵਾਂਙੁ ਖਿਲਾਰ ਦੇਵੇਂਗਾ, ਤੂੰ ਓਹਨਾਂ ਨੂੰ ਆਖੇਂਗਾ, ਨਿੱਕਲ ਜਾਓ! 23 ਉਹ ਉਸ ਬੀ ਲਈ ਜਿਹੜਾ ਤੂੰ ਜਮੀਨ ਵਿੱਚ ਬੀਜੇਂਗਾ ਮੀਂਹ ਘੱਲੇਗਾ, ਨਾਲੇ ਜਮੀਨ ਦੀ ਪੈਦਾਵਾਰ ਤੋਂ ਰੋਟੀ ਵੀ, ਜਿਹੜੀ ਮੋਟੀ ਅਤੇ ਵਾਫ਼ਰ ਹੋਵੇਗੀ। ਓਸ ਦਿਨ ਤੇਰਾ ਵੱਗ ਮੋਕਲੀ ਜੂਹ ਵਿੱਚ ਚੁਗੇਗਾ। 24 ਬਲਦ ਅਤੇ ਜੁਆਨ ਗਧੇ, ਜਮੀਨ ਦੇ ਵਾਹੁਣ ਵਾਲੇ, ਸਲੂਣੇ ਪੱਠੇ ਖਾਣਗੇ, ਜਿਹੜੇ ਛੱਜ ਤੇ ਤੰਗੁਲੀ ਨਾਲ ਉਡਾਏ ਹੋਏ ਹੋਣਗੇ। 25 ਹਰੇਕ ਬੁਲੰਦ ਪਹਾੜ ਉੱਤੇ ਅਰ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ, ਵੱਡੇ ਵਢਾਂਗੇ ਦੇ ਦਿਨ ਜਦ ਬੁਰਜ ਡਿੱਗ ਪੈਣਗੇ। 26 ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਸੱਤਾਂ ਦਿਨਾਂ ਦੇ ਚਾਨਣ ਦੇ ਬਰੱਬਰ ਹੋਵੇਗਾ, ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ, ਅਤੇ ਆਪਣੀ ਲਾਈ ਹੋਈ ਸੱਟ ਦਾ ਘਾਉ ਚੰਗਾ ਕਰੇਗਾ। 27 ਵੇਖੋ, ਯਹੋਵਾਹ ਦਾ ਨਾਮ ਦੂਰੋਂ ਲਗਾ ਆਉਂਦਾ ਹੈ, ਕ੍ਰੋਧ ਨਾਲ ਭਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੁੰਏਂ ਨਾਲ। ਉਹ ਦੇ ਬੁੱਲ੍ਹ ਗਜ਼ਬ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਙੁ ਹੈ। 28 ਉਹ ਦਾ ਸਾਹ ਨਦੀ ਦੇ ਹੜ੍ਹ ਵਾਂਙੁ ਹੈ, ਜਿਹੜਾ ਗਲ ਤੀਕ ਪਹੁੰਚਦਾ ਹੈ, ਤਾਂ ਜੋ ਉਹ ਕੌਮਾਂ ਨੂੰ ਨੇਸਤੀ ਦੇ ਛੱਜ ਨਾਲ ਛੱਟੇ, ਅਤੇ ਕੁਰਾਹੇ ਪਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਹੋਵੇਗੀ। 29 ਤੁਹਾਡਾ ਗੀਤ ਹੋਵੇਗਾ, ਜਿਵੇਂ ਪਵਿੱਤ੍ਰ ਪਰਬ ਦੀ ਰਾਤ ਵਿੱਚ ਹੁੰਦਾ ਹੈ, ਅਤੇ ਦਿਲ ਦੀ ਅਨੰਦਤਾ, ਜਿਵੇਂ ਕੋਈ ਬੰਸਰੀ ਨਾਲ ਇਸਰਾਏਲ ਦੀ ਚਟਾਨ ਵੱਲ ਯਹੋਵਾਹ ਦੇ ਪਹਾੜ ਉੱਤੇ ਚੱਲਿਆ ਆਉਂਦਾ ਹੈ। 30 ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ, ਅਤੇ ਆਪਣੀ ਬਾਂਹ ਦਾ ਉਲਾਰ ਤੱਤੇ ਕ੍ਰੋਧ ਨਾਲ, ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ, ਨਾਲੇ ਮੁਹਲੇ ਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ। 31 ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਡੈਂਬਰ ਜਾਣਗੇ, ਜਦ ਉਹ ਆਪਣੇ ਡੰਡੇ ਨਾਲ ਮਾਰੇਗਾ। 32 ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਓਹਨਾਂ ਉੱਤੇ ਲਾਵੇਗਾ, ਡੱਫਾਂ ਨਾਲ ਅਤੇ ਬਰਬਤ ਨਾਲ ਹੋਵੇਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਓਹਨਾਂ ਨਾਲ ਲੜੇਗਾ। 33 ਪਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਹਾਂ, ਉਹ ਪਾਤਸ਼ਾਹ ਲਈ ਡੂੰਘਾ ਤੇ ਖੁਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਙੁ ਉਹ ਨੂੰ ਸੁਲਗਾਵੇਗਾ।
16-22 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ । ਯਸਾਯਾਹ 34–37
“ਹਿਜ਼ਕੀਯਾਹ ਨੂੰ ਨਿਹਚਾ ਦਾ ਫਲ ਮਿਲਿਆ”
(ਯਸਾਯਾਹ 36:1) “ਤਾਂ ਐਉਂ ਹੋਇਆ ਕਿ ਹਿਜ਼ਕੀਯਾਹ ਪਾਤਸ਼ਾਹ ਦੇ ਚੌਧਵੇਂ ਵਰਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ।”
(ਯਸਾਯਾਹ 36:4-10) ਤਾਂ ਰਬਸ਼ਾਕੇਹ ਨੇ ਓਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਐਉਂ ਫ਼ਰਮਾਉਂਦਾ ਹੈ, ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ? 5 ਮੈਂ ਕਹਿੰਦਾ ਹਾਂ ਕਿ ਇਹ ਮੂੰਹ ਦੀਆਂ ਹੀ ਗੱਲਾਂ ਹਨ, ਭਈ ਜੁੱਧ ਲਈ ਮੇਰੇ ਕੋਲ ਜੁਗਤ ਤੇ ਬਲ ਹੈ। ਹੁਣ ਤੈਨੂੰ ਕਿਹ ਦੇ ਉੱਤੇ ਭਰੋਸਾ ਹੈ ਜੋ ਤੂੰ ਮੈਥੋਂ ਬੇਮੁੱਖ ਹੋਇਆ ਹੈ? 6 ਵੇਖ, ਤੈਨੂੰ ਏਸ ਦਰੜੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਓਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਏਹੋ ਜੇਹਾ ਹੀ ਹੈ। 7 ਪਰ ਜੇ ਤੂੰ ਮੈਨੂੰ ਆਖੇਂ ਭਈ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ ਤਾਂ ਕੀ ਉਹ ਉਹੋ ਨਹੀਂ ਹੈ ਜਿਹ ਦੇ ਉੱਚੇ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਰ ਯਰੂਸ਼ਲਮ ਨੂੰ ਆਖਿਆ ਹੈ, ਤੁਸੀਂ ਏਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ? 8 ਸੋ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਦੇ ਨਾਲ ਸ਼ਰਤ ਲਾ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ। 9 ਫੇਰ ਤੂੰ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਨੌਕਰਾਂ ਵਿੱਚੋਂ ਇੱਕ ਕਪਤਾਨ ਦਾ ਭੀ ਮੂੰਹ ਫੇਰ ਸੱਕੇਂਗਾ? ਯਾ ਕੀ ਤੂੰ ਆਪਣੀ ਵੱਲੋਂ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ? 10 ਭਲਾ, ਮੈਂ ਯਹੋਵਾਹ ਤੋਂ ਬਾਹਰਾ ਹੋਕੇ ਏਸ ਦੇਸ ਉੱਤੇ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪੇ ਮੈਨੂੰ ਆਖਿਆ, ਏਸ ਦੇਸ ਉੱਤੇ ਚੜ੍ਹਾਈ ਕਰ ਕੇ ਏਸ ਨੂੰ ਨਾਸ ਕਰ ਦੇਹ!।
(ਯਸਾਯਾਹ 36:15) “ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਨਿਸੰਗ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੀ ਨਹੀਂ ਦਿੱਤਾ ਜਾਵੇਗਾ।”
(ਯਸਾਯਾਹ 36:18-20) ਖਬਰਦਾਰ ਕਿਤੇ ਹਿਜ਼ਕੀਯਾਹ ਏਹ ਆਖ ਕੇ ਤੁਹਾਨੂੰ ਨਾ ਭਰਮਾਵੇ ਕਿ ਯਹੋਵਾਹ ਸਾਨੂੰ ਛੁਡਾਵੇਗਾ! 19 ਭਲਾ, ਕੌਮਾਂ ਦੇ ਦਿਓਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਕਦੀ ਛੁਡਾਇਆ ਹੈ? ਹਮਾਥ ਅਰ ਅਰਪਾਦ ਦੇ ਦਿਓਤੇ ਕਿੱਥੇ ਹਨ? ਸਫਰਵਾਇਮ ਦੇ ਦਿਓਤੇ ਕਿੱਥੇ? ਕੀ ਓਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ? 20 ਦੇਸਾਂ ਦਿਆਂ ਸਾਰਿਆ ਦਿਓਤਿਆਂ ਵਿੱਚੋਂ ਓਹ ਕਿਹੜੇ ਹਨ ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਭਈ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇ?।
ਇਕ ਰਾਜੇ ਦੀ ਨਿਹਚਾ ਦਾ ਫਲ
7 ਸਨਹੇਰੀਬ ਨੇ ਰਬਸ਼ਾਕੇਹ (ਜੋ ਉਸ ਦਾ ਨਾਂ ਨਹੀਂ ਪਰ ਉਸ ਦੀ ਸੈਨਿਕ ਪਦਵੀ ਸੀ) ਦੇ ਨਾਲ ਦੋ ਹੋਰ ਉੱਚ-ਅਧਿਕਾਰੀਆਂ ਨੂੰ ਯਰੂਸ਼ਲਮ ਨੂੰ ਘੱਲਿਆ ਤਾਂਕਿ ਸ਼ਹਿਰ ਦੇ ਲੋਕ ਹਾਰ ਮੰਨ ਕੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦੇਣ। (2 ਰਾਜਿਆਂ 18:17) ਉਨ੍ਹਾਂ ਨੂੰ ਸ਼ਹਿਰ ਦੀ ਕੰਧ ਤੋਂ ਬਾਹਰ ਹਿਜ਼ਕੀਯਾਹ ਦੇ ਤਿੰਨ ਆਦਮੀ ਮਿਲਣ ਗਏ ਸਨ। ਇਹ ਆਦਮੀ ਮਹਿਲ ਦੀ ਨਿਗਰਾਨੀ ਕਰਨ ਵਾਲੇ ਅਲਯਾਕੀਮ, ਸ਼ਬਨਾ ਮੁਨੀਮ, ਅਤੇ ਆਸਾਫ਼ ਦਾ ਪੁੱਤਰ ਯੋਆਹ ਲਿਖਾਰੀ ਸਨ।—ਯਸਾਯਾਹ 36:2, 3.
8 ਰਬਸ਼ਾਕੇਹ ਦਾ ਮਕਸਦ ਬੱਸ ਇਹੀ ਸੀ ਕਿ ਯਰੂਸ਼ਲਮ ਬਿਨਾਂ ਲੜਾਈ ਕੀਤੇ ਹਾਰ ਮੰਨ ਲਵੇ। ਇਬਰਾਨੀ ਭਾਸ਼ਾ ਵਿਚ ਗੱਲ ਕਰਦੇ ਹੋਏ ਪਹਿਲਾਂ ਉਸ ਨੇ ਆਖਿਆ: “ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ? . . . ਤੈਨੂੰ ਕਿਹ ਦੇ ਉੱਤੇ ਭਰੋਸਾ ਹੈ ਜੋ ਤੂੰ ਮੈਥੋਂ ਬੇਮੁੱਖ ਹੋਇਆ ਹੈ?” (ਯਸਾਯਾਹ 36:4, 5) ਰਬਸ਼ਾਕੇਹ ਨੇ ਡਰੇ ਹੋਏ ਯਹੂਦੀਆਂ ਨੂੰ ਤਾਅਨੇ ਮਾਰ ਕੇ ਯਾਦ ਕਰਾਇਆ ਕਿ ਉਹ ਬਿਲਕੁਲ ਇਕੱਲੇ ਸਨ। ਉਨ੍ਹਾਂ ਦੀ ਮਦਦ ਕੌਣ ਕਰ ਸਕਦਾ ਸੀ? ਕੀ ਉਹ ਉਸ “ਦਰੜੇ ਹੋਏ ਕਾਨੇ,” ਮਤਲਬ ਮਿਸਰ ਤੋਂ ਮਦਦ ਦੀ ਆਸ ਰੱਖ ਸਕਦੇ ਸਨ? (ਯਸਾਯਾਹ 36:6) ਉਸ ਸਮੇਂ ਮਿਸਰ ਇਕ ਕੁਚਲੇ ਹੋਏ ਕਾਨੇ ਵਰਗਾ ਹੀ ਸੀ। ਭਾਵੇਂ ਮਿਸਰ ਪਹਿਲਾਂ ਇਕ ਵਿਸ਼ਵ ਸ਼ਕਤੀ ਸੀ, ਪਰ ਉਹ ਥੋੜ੍ਹੇ ਸਮੇਂ ਲਈ ਕੂਸ਼ ਦੇ ਅਧੀਨ ਹੋ ਗਿਆ ਸੀ ਅਤੇ ਮਿਸਰ ਦਾ ਫ਼ਿਰਊਨ, ਰਾਜਾ ਤਿਰਹਾਕਾਹ, ਮਿਸਰੀ ਨਹੀਂ ਸਗੋਂ ਕੂਸ਼ੀ ਸੀ। ਅਤੇ ਜਲਦੀ ਹੀ ਅੱਸ਼ੂਰ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਸੀ। (2 ਰਾਜਿਆਂ 19:8, 9) ਜਦ ਮਿਸਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸੀ, ਤਾਂ ਉਸ ਨੇ ਯਹੂਦਾਹ ਦੀ ਕੀ ਮਦਦ ਕਰਨੀ ਸੀ?
9 ਰਬਸ਼ਾਕੇਹ ਨੇ ਅੱਗੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਲਈ ਨਹੀਂ ਲੜੇਗਾ ਕਿਉਂਕਿ ਉਹ ਉਨ੍ਹਾਂ ਨਾਲ ਨਾਰਾਜ਼ ਸੀ: ‘ਜੇ ਤੂੰ ਮੈਨੂੰ ਆਖੇਂ ਭਈ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ ਤਾਂ ਕੀ ਉਹ ਉਹੋ ਨਹੀਂ ਹੈ ਜਿਹ ਦੇ ਉੱਚੇ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾਇਆ?’ (ਯਸਾਯਾਹ 36:7) ਪਰ ਦੇਸ਼ ਵਿੱਚੋਂ ਉੱਚੇ ਥਾਂ ਅਤੇ ਜਗਵੇਦੀਆਂ ਨੂੰ ਢਾਹ ਕੇ ਯਹੋਵਾਹ ਦੀ ਉਪਾਸਨਾ ਛੱਡਣ ਦੀ ਬਜਾਇ, ਯਹੂਦੀ ਤਾਂ ਯਹੋਵਾਹ ਵੱਲ ਵਾਪਸ ਮੁੜੇ ਸਨ!
10 ਫਿਰ ਰਬਸ਼ਾਕੇਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਅੱਸ਼ੂਰ ਦੀ ਫ਼ੌਜ ਉਨ੍ਹਾਂ ਦੀ ਫ਼ੌਜ ਨਾਲੋਂ ਕਿਤੇ ਵੱਡੀ ਸੀ। ਉਸ ਨੇ ਹੰਕਾਰ ਨਾਲ ਉਨ੍ਹਾਂ ਨੂੰ ਲਲਕਾਰਿਆ: “ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ।” (ਯਸਾਯਾਹ 36:8) ਯਹੂਦਾਹ ਦੀ ਫ਼ੌਜ ਚਾਹੇ ਛੋਟੀ ਸੀ ਜਾਂ ਵੱਡੀ, ਇਸ ਦਾ ਕੋਈ ਫ਼ਰਕ ਨਹੀਂ ਸੀ ਪੈਂਦਾ ਕਿਉਂਕਿ ਯਹੂਦਾਹ ਨੂੰ ਵੱਡੀ ਸੈਨਿਕ ਸ਼ਕਤੀ ਦੀ ਲੋੜ ਨਹੀਂ ਸੀ। ਕਹਾਉਤਾਂ 21:31 ਵਿਚ ਇਹ ਗੱਲ ਇਸ ਤਰ੍ਹਾਂ ਸਮਝਾਈ ਗਈ ਹੈ ਕਿ “ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।” ਫਿਰ ਰਬਸ਼ਾਕੇਹ ਨੇ ਦਾਅਵਾ ਕੀਤਾ ਕਿ ਯਹੋਵਾਹ ਦੀ ਬਰਕਤ ਯਹੂਦੀਆਂ ਉੱਤੇ ਨਹੀਂ ਬਲਕਿ ਅੱਸ਼ੂਰੀਆਂ ਉੱਤੇ ਸੀ। ਨਹੀਂ ਤਾਂ, ਉਸ ਨੇ ਕਿਹਾ ਕਿ ਅੱਸ਼ੂਰੀ ਯਹੂਦਾਹ ਦੇ ਦੇਸ਼ ਵਿਚ ਇੰਨੀ ਦੂਰ ਤਕ ਕਿਵੇਂ ਵੜ ਸਕਦੇ ਸਨ?—ਯਸਾਯਾਹ 36:9, 10.
11 ਹਿਜ਼ਕੀਯਾਹ ਦੇ ਆਦਮੀਆਂ ਨੂੰ ਚਿੰਤਾ ਸੀ ਕਿ ਰਬਸ਼ਾਕੇਹ ਦੀ ਦਲੀਲ ਦਾ ਉਨ੍ਹਾਂ ਬੰਦਿਆਂ ਉੱਤੇ ਬੁਰਾ ਅਸਰ ਪਵੇਗਾ ਜੋ ਸ਼ਹਿਰ ਦੀ ਕੰਧ ਉੱਤੇ ਉਸ ਨੂੰ ਸੁਣ ਸਕਦੇ ਸਨ। ਇਨ੍ਹਾਂ ਯਹੂਦੀ ਅਧਿਕਾਰੀਆਂ ਨੇ ਬੇਨਤੀ ਕੀਤੀ ਕਿ “ਆਪਣੇ ਦਾਸਾਂ ਨਾਲ ਅਰਾਮੀ ਬੋਲੀ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਰ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਕੰਧ ਉੱਤੇ ਹਨ ਯਹੂਦੀਆਂ ਦੀ ਬੋਲੀ ਵਿੱਚ ਸਾਡੇ ਨਾਲ ਗੱਲ ਨਾ ਕਰੋ।” (ਯਸਾਯਾਹ 36:11) ਪਰ ਰਬਸ਼ਾਕੇਹ ਅਰਾਮੀ ਭਾਸ਼ਾ ਵਿਚ ਨਹੀਂ ਬੋਲਣਾ ਚਾਹੁੰਦਾ ਸੀ। ਉਹ ਯਹੂਦੀਆਂ ਦੇ ਮਨਾਂ ਵਿਚ ਸ਼ੱਕ ਅਤੇ ਡਰ ਪੈਦਾ ਕਰਨਾ ਚਾਹੁੰਦਾ ਸੀ ਤਾਂਕਿ ਉਹ ਹਾਰ ਮੰਨ ਲੈਣ। ਇਸ ਤਰ੍ਹਾਂ ਯਰੂਸ਼ਲਮ ਨੂੰ ਲੜਨ ਤੋਂ ਬਗੈਰ ਹੀ ਜਿੱਤਿਆ ਜਾ ਸਕਦਾ ਸੀ! (ਯਸਾਯਾਹ 36:12) ਇਸ ਲਈ ਇਸ ਅੱਸ਼ੂਰੀ ਨੇ “ਯਹੂਦੀਆਂ ਦੀ ਬੋਲੀ” ਵਿਚ ਹੀ ਗੱਲ ਕੀਤੀ। ਉਸ ਨੇ ਯਰੂਸ਼ਲਮ ਦੇ ਵਾਸੀਆਂ ਨੂੰ ਚੇਤਾਵਨੀ ਦਿੱਤੀ: “ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸੱਕੇਗਾ।” ਇਸ ਤੋਂ ਬਾਅਦ, ਉਸ ਨੇ ਇਹ ਕਹਿ ਕੇ ਸੁਣਨ ਵਾਲਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਕਿ ਅੱਸ਼ੂਰੀ ਰਾਜ ਦੇ ਅਧੀਨ ਜ਼ਿੰਦਗੀ ਕਿੰਨੀ ਚੰਗੀ ਹੋ ਸਕਦੀ ਸੀ: “ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਰ ਹਰ ਕੋਈ ਆਪਣੇ ਹੀ ਹੰਜੀਰ ਦੇ ਰੁੱਖ ਤੋਂ ਖਾਵੇਗਾ ਅਰ ਹਰ ਕੋਈ ਆਪਣੇ ਹੀ ਚੁਬੱਚੇ ਦਾ ਪਾਣੀ ਪੀਵੇਗਾ। ਜਦ ਤਾਈਂ ਮੈਂ ਆ ਕੇ ਤੁਹਾਨੂੰ ਇੱਕ ਅਜੇਹੇ ਦੇਸ ਵਿੱਚ ਨਾ ਲੈ ਜਾਵਾਂ ਜਿਹੜਾ ਤੁਹਾਡੇ ਦੇਸ ਵਾਂਙੁ ਅਨਾਜ ਅਰ ਨਵੀਂ ਮੈ ਦਾ ਦੇਸ, ਰੋਟੀ ਅਰ ਅੰਗੂਰੀ ਬਾਗਾਂ ਦਾ ਦੇਸ ਹੈ।”—ਯਸਾਯਾਹ 36:13-17.
12 ਉਸ ਸਾਲ ਯਹੂਦੀ ਵਾਢੀ ਨਹੀਂ ਕਰ ਸਕਦੇ ਸਨ ਕਿਉਂਕਿ ਅੱਸ਼ੂਰ ਦੇ ਹਮਲੇ ਕਾਰਨ ਉਹ ਕੁਝ ਬੀਜ ਨਹੀਂ ਸਕੇ ਸਨ। ਕੰਧ ਉੱਤੇ ਸੁਣ ਰਹੇ ਬੰਦਿਆਂ ਨੂੰ ਰਸਦਾਰ ਅੰਗੂਰ ਖਾਣ ਅਤੇ ਠੰਢਾ ਪਾਣੀ ਪੀਣ ਦੀ ਗੱਲ ਬਹੁਤ ਚੰਗੀ ਲੱਗੀ ਹੋਵੇਗੀ। ਪਰ ਰਬਸ਼ਾਕੇਹ ਨੇ ਹੋਰ ਬਹੁਤ ਕੁਝ ਕਹਿ ਕੇ ਯਹੂਦੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।
13 ਰਬਸ਼ਾਕੇਹ ਨੇ ਆਪਣੀ ਦਲੀਲ ਪੇਸ਼ ਕਰਦੇ ਹੋਏ ਇਕ ਹੋਰ ਗੱਲ ਕੀਤੀ। ਉਸ ਨੇ ਯਹੂਦੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਹਿਜ਼ਕੀਯਾਹ ਦੀ ਗੱਲ ਨਾ ਮੰਨਣ ਜੇ ਉਹ ਕਹੇ ਕਿ “ਯਹੋਵਾਹ ਸਾਨੂੰ ਛੁਡਾਵੇਗਾ!” ਰਬਸ਼ਾਕੇਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਸਾਮਰਿਯਾ ਦੇ ਦੇਵਤੇ ਅੱਸ਼ੂਰੀਆਂ ਨੂੰ ਨਹੀਂ ਰੋਕ ਸਕੇ ਸਨ ਜਦੋਂ ਉਨ੍ਹਾਂ ਨੇ ਦਸ ਗੋਤਾਂ ਉੱਤੇ ਹਮਲਾ ਕੀਤਾ ਸੀ। ਹੋਰਨਾਂ ਕੌਮਾਂ ਦੇ ਦੇਵਤਿਆਂ ਬਾਰੇ ਕੀ ਜਿਨ੍ਹਾਂ ਉੱਤੇ ਅੱਸ਼ੂਰ ਨੇ ਹਮਲੇ ਕੀਤੇ ਸਨ? ਉਸ ਨੇ ਪੁੱਛਿਆ: “ਹਮਾਥ ਅਰ ਅਰਪਾਦ ਦੇ ਦਿਓਤੇ ਕਿੱਥੇ ਹਨ? ਸਫਰਵਾਇਮ ਦੇ ਦਿਓਤੇ ਕਿੱਥੇ? ਕੀ ਓਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?”—ਯਸਾਯਾਹ 36:18-20.
14 ਰਬਸ਼ਾਕੇਹ ਖ਼ੁਦ ਝੂਠੇ ਦੇਵਤਿਆਂ ਦੀ ਪੂਜਾ ਕਰਦਾ ਸੀ। ਉਹ ਇਹ ਗੱਲ ਨਹੀਂ ਸਮਝਦਾ ਸੀ ਕਿ ਯਹੋਵਾਹ ਨੂੰ ਛੱਡਣ ਵਾਲੇ ਸਾਮਰਿਯਾ ਅਤੇ ਯਰੂਸ਼ਲਮ ਵਿਚ ਬਹੁਤ ਵੱਡਾ ਫ਼ਰਕ ਸੀ। ਸਾਮਰਿਯਾ ਦੇ ਝੂਠੇ ਦੇਵਤਿਆਂ ਕੋਲ ਉਸ ਦਸ-ਗੋਤੀ ਰਾਜ ਨੂੰ ਬਚਾਉਣ ਲਈ ਕੋਈ ਸ਼ਕਤੀ ਨਹੀਂ ਸੀ। (2 ਰਾਜਿਆਂ 17:7, 17, 18) ਦੂਜੇ ਪਾਸੇ, ਹਿਜ਼ਕੀਯਾਹ ਦੇ ਅਧੀਨ ਯਰੂਸ਼ਲਮ ਦੇ ਵਾਸੀ ਝੂਠੇ ਦੇਵਤਿਆਂ ਨੂੰ ਛੱਡ ਕੇ ਯਹੋਵਾਹ ਦੀ ਸੇਵਾ ਦੁਬਾਰਾ ਕਰਨ ਲੱਗ ਪਏ ਸਨ। ਪਰ, ਯਹੂਦਾਹ ਦੇ ਤਿੰਨ ਆਦਮੀਆਂ ਨੇ ਰਬਸ਼ਾਕੇਹ ਨੂੰ ਇਹ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ “ਚੁੱਪ ਵੱਟ ਲਈ ਅਰ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ ਕਿਉਂ ਜੋ ਪਾਤਸ਼ਾਹ ਦਾ ਹੁਕਮ ਏਹ ਸੀ ਭਈ ਤੁਸੀਂ ਉਹ ਨੂੰ ਉੱਤਰ ਦੇਣਾ ਹੀ ਨਹੀਂ।” (ਯਸਾਯਾਹ 36:21) ਅਲਯਾਕੀਮ, ਸ਼ਬਨਾ, ਅਤੇ ਯੋਆਹ ਹਿਜ਼ਕੀਯਾਹ ਕੋਲ ਵਾਪਸ ਗਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੀ ਰਿਪੋਰਟ ਦਿੱਤੀ।—ਯਸਾਯਾਹ 36:22.
(ਯਸਾਯਾਹ 37:1, 2) ਤਾਂ ਐਉਂ ਹੋਇਆ ਕਿ ਜਦ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ। 2 ਅਤੇ ਅਲਯਾਕੀਮ ਨੂੰ ਜਿਹੜਾ ਮਹਿਲ ਉੱਤੇ ਸੀ ਅਰ ਸ਼ਬਨਾ ਮੁਨੀਮ ਨੂੰ ਅਰ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪੁਆ ਕੇ ਆਮੋਸ ਦੇ ਪੁੱਤ੍ਰ ਯਸਾਯਾਹ ਨਬੀ ਕੋਲ ਘੱਲਿਆ।
(ਯਸਾਯਾਹ 37:14-20) ਜਦ ਹਿਜ਼ਕੀਯਾਹ ਨੇ ਹਲਕਾਰਿਆਂ ਦੇ ਹੱਥੋਂ ਉਹ ਪੱਤ੍ਰ ਲੈ ਕੇ ਪੜ੍ਹਿਆ ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ। 15 ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਏਹ ਆਖ ਕੇ ਪ੍ਰਾਰਥਨਾ ਕੀਤੀ, 16 ਹੇ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ, ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੈਂ ਅਕਾਸ਼ ਅਤੇ ਧਰਤੀ ਨੂੰ ਬਣਾਇਆ। 17 ਹੇ ਯਹੋਵਾਹ, ਆਪਣਾ ਕੰਨ ਲਾ ਅਰ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਰ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ। 18 ਹੇ ਯਹੋਵਾਹ, ਸੱਚ ਮੁੱਚ ਅੱਸ਼ੂਰ ਦੇ ਪਾਤਸ਼ਾਹਾਂ ਨੇ ਸਾਰੀਆਂ ਕੌਮਾਂ ਨੂੰ ਅਤੇ ਓਹਨਾਂ ਦਿਆਂ ਦੇਸਾਂ ਨੂੰ ਨਾਸ ਕੀਤਾ ਹੈ। 19 ਅਤੇ ਓਹਨਾਂ ਨੇ ਉਨ੍ਹਾਂ ਦੇ ਦਿਓਤਿਆਂ ਨੂੰ ਅੱਗ ਵਿੱਚ ਪਾ ਦਿੱਤਾ ਕਿਉਂ ਜੋ ਓਹ ਦਿਓਤੇ ਵੀ ਨਹੀਂ ਸਨ ਪਰ ਆਦਮੀ ਦੀ ਦਸਤਕਾਰੀ, ਲੱਕੜੀ ਅਰ ਪੱਥਰ ਸਨ, ਸੋ ਓਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ। 20 ਹੁਣ, ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!।
ਇਕ ਰਾਜੇ ਦੀ ਨਿਹਚਾ ਦਾ ਫਲ
ਹਿਜ਼ਕੀਯਾਹ ਦਾ ਫ਼ੈਸਲਾ
15 ਰਾਜਾ ਹਿਜ਼ਕੀਯਾਹ ਨੂੰ ਫ਼ੈਸਲਾ ਕਰਨਾ ਪਿਆ। ਕੀ ਯਰੂਸ਼ਲਮ ਅੱਸ਼ੂਰੀਆਂ ਦੇ ਅੱਗੇ ਹਾਰ ਮੰਨੇਗਾ? ਕੀ ਉਹ ਮਿਸਰ ਨਾਲ ਮਿਲ ਜਾਵੇਗਾ? ਜਾਂ ਕੀ ਉਹ ਦ੍ਰਿੜ੍ਹ ਰਹਿ ਕੇ ਲੜੇਗਾ? ਹਿਜ਼ਕੀਯਾਹ ਉੱਤੇ ਬਹੁਤ ਵੱਡਾ ਬੋਝ ਸੀ। ਉਸ ਨੇ ਯਹੋਵਾਹ ਤੋਂ ਸਲਾਹ ਲੈਣ ਲਈ ਅਲਯਾਕੀਮ, ਸ਼ਬਨਾ, ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਯਸਾਯਾਹ ਨਬੀ ਕੋਲ ਘੱਲਿਆ ਅਤੇ ਉਹ ਖ਼ੁਦ ਯਹੋਵਾਹ ਦੇ ਭਵਨ ਨੂੰ ਗਿਆ। (ਯਸਾਯਾਹ 37:1, 2) ਤੱਪੜ ਪਹਿਨ ਕੇ ਰਾਜੇ ਦੇ ਏਲਚੀਆਂ ਨੇ ਯਸਾਯਾਹ ਕੋਲ ਜਾ ਕੇ ਕਿਹਾ: “ਏਹ ਦਿਨ ਦੁਖ, ਘੂਰ ਅਤੇ ਬੇਪਤੀ ਦਾ ਦਿਨ ਹੈ . . . ਖਬਰੇ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਘੱਲਿਆ ਹੈ ਭਈ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਤ ਉਹ ਓਹਨਾਂ ਉੱਤੇ ਝਿੜਕੇ।” (ਯਸਾਯਾਹ 37:3-5) ਜੀ ਹਾਂ, ਅੱਸ਼ੂਰੀਆਂ ਨੇ ਜੀਉਂਦੇ ਪਰਮੇਸ਼ੁਰ ਨੂੰ ਲਲਕਾਰਿਆ ਸੀ! ਕੀ ਯਹੋਵਾਹ ਨੇ ਉਨ੍ਹਾਂ ਦੇ ਤਾਅਨਿਆਂ ਵੱਲ ਧਿਆਨ ਦਿੱਤਾ ਸੀ? ਯਸਾਯਾਹ ਰਾਹੀਂ, ਯਹੋਵਾਹ ਨੇ ਯਹੂਦੀਆਂ ਨੂੰ ਭਰੋਸਾ ਦਿਲਾਇਆ: ‘ਤੁਸੀਂ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੁਸੀਂ ਸੁਣੀਆਂ ਹਨ ਨਾ ਡਰਿਓ ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਪਾਤਸ਼ਾਹ ਦੇ ਜੁਆਨਾਂ ਨੇ ਮੇਰੇ ਵਿਰੁੱਧ ਕੁਫਰ ਬਕਿਆ ਹੈ। ਵੇਖੋ, ਮੈਂ ਉਹ ਦੇ ਵਿੱਚ ਇੱਕ ਅਜੇਹੀ ਰੂਹ ਪਾਵਾਂਗਾ ਭਈ ਉਹ ਅਵਾਈ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਹ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ।’—ਯਸਾਯਾਹ 37:6, 7.
16 ਇਸ ਸਮੇਂ ਦੌਰਾਨ, ਰਬਸ਼ਾਕੇਹ ਨੂੰ ਸਨਹੇਰੀਬ ਦੇ ਕੋਲ ਬੁਲਾਇਆ ਗਿਆ ਸੀ ਕਿਉਂਕਿ ਉਹ ਲਿਬਨਾਹ ਨਾਲ ਯੁੱਧ ਕਰ ਰਿਹਾ ਸੀ। ਸਨਹੇਰੀਬ ਯਰੂਸ਼ਲਮ ਨੂੰ ਬਾਅਦ ਵਿਚ ਦੇਖ ਲਵੇਗਾ। (ਯਸਾਯਾਹ 37:8) ਫਿਰ ਵੀ, ਰਬਸ਼ਾਕੇਹ ਦੇ ਜਾਣ ਨਾਲ ਹਿਜ਼ਕੀਯਾਹ ਦਾ ਬੋਝ ਜ਼ਰਾ ਵੀ ਹਲਕਾ ਨਹੀਂ ਹੋਇਆ। ਸਨਹੇਰੀਬ ਨੇ ਚਿੱਠੀ ਭੇਜੀ ਜਿਸ ਵਿਚ ਲਿਖਿਆ ਸੀ ਕਿ ਯਰੂਸ਼ਲਮ ਦੇ ਵਾਸੀਆਂ ਨਾਲ ਕੀ ਕੀਤਾ ਜਾਣਾ ਸੀ ਜੇ ਉਨ੍ਹਾਂ ਨੇ ਹਾਰ ਨਾ ਮੰਨੀ: “ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ ਪਾਤਸ਼ਾਹਾਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਓਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ? ਕੀ ਕੌਮਾਂ ਦੇ ਦਿਓਤਿਆਂ ਨੇ ਓਹਨਾਂ ਨੂੰ ਛੁਡਾਇਆ ਸੀ ਜਿਨ੍ਹਾਂ ਨੂੰ ਮੇਰੇ ਪਿਉ ਦਾਦਿਆਂ ਨੇ ਨਾਸ ਕੀਤਾ . . .? ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਰ ਸਫਰਵਾਇਮ ਸ਼ਹਿਰ ਦਾ, ਹੇਨਾ ਅਰ ਇੱਵਾਹ ਦੇ ਰਾਜੇ ਕਿੱਥੇ ਹਨ?” (ਯਸਾਯਾਹ 37:9-13) ਸਨਹੇਰੀਬ ਇਹ ਕਹਿ ਰਿਹਾ ਸੀ ਕਿ ਵਿਰੋਧ ਕਰਨ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਵਿਰੋਧ ਕਰਨ ਨਾਲ ਹੋਰ ਮੁਸੀਬਤ ਖੜ੍ਹੀ ਹੋ ਜਾਣੀ ਸੀ!
17 ਹਿਜ਼ਕੀਯਾਹ ਨੂੰ ਬੜੀ ਚਿੰਤਾ ਸੀ ਕਿ ਉਸ ਦੇ ਫ਼ੈਸਲੇ ਦੇ ਨਤੀਜੇ ਕੀ ਨਿਕਲਣਗੇ, ਇਸ ਲਈ ਉਸ ਨੇ ਭਵਨ ਵਿਚ ਯਹੋਵਾਹ ਅੱਗੇ ਸਨਹੇਰੀਬ ਦੀ ਚਿੱਠੀ ਖੋਲ੍ਹ ਕੇ ਰੱਖੀ। (ਯਸਾਯਾਹ 37:14) ਦਿਲੋਂ ਪ੍ਰਾਰਥਨਾ ਕਰਦੇ ਹੋਏ ਉਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਉਸ ਅੱਸ਼ੂਰੀ ਦੀਆਂ ਧਮਕੀਆਂ ਸੁਣੇ। ਫਿਰ ਉਸ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਪ੍ਰਾਰਥਨਾ ਸਮਾਪਤ ਕੀਤੀ: “ਹੁਣ, ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!” (ਯਸਾਯਾਹ 37:15-20) ਇਸ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਯਾਹ ਨੂੰ ਸਿਰਫ਼ ਆਪਣੀ ਹੀ ਜਾਨ ਦਾ ਫ਼ਿਕਰ ਨਹੀਂ ਸੀ। ਸਗੋਂ ਉਸ ਨੂੰ ਚਿੰਤਾ ਸੀ ਕਿ ਜੇ ਅੱਸ਼ੂਰ ਯਰੂਸ਼ਲਮ ਨੂੰ ਜਿੱਤ ਲੈਂਦਾ, ਤਾਂ ਯਹੋਵਾਹ ਦੇ ਨਾਂ ਦੀ ਬਦਨਾਮੀ ਹੋਣੀ ਸੀ।
(ਯਸਾਯਾਹ 37:33-38) ਏਸ ਲਈ ਅੱਸ਼ੂਰ ਦੇ ਪਾਤਸ਼ਾਹ ਦੇ ਵਿਖੇ ਯਹੋਵਾਹ ਐਉਂ ਫ਼ਰਮਾਉਂਦਾ ਹੈ—ਉਹ ਨਾ ਤਾਂ ਇਸ ਸ਼ਹਿਹ ਕੋਲ ਆਵੇਗਾ, ਨਾ ਐਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ, ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ। 34 ਜਿਸ ਰਾਹ ਉਹ ਆਇਆ, ਉਸੇ ਰਾਹ ਉਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਏਹ ਯਹੋਵਾਹ ਦਾ ਵਾਕ ਹੈ! 35 ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ। 36 ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ ਅਤੇ ਜਦ ਲੋਕ ਤੜਕਸਾਰ ਉੱਠੇ, ਤਾਂ ਵੇਖੋ, ਓਹ ਸਭ ਲੋਥਾਂ ਹੀ ਲੋਥਾਂ ਸਨ! 37 ਸੋ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਕੂਚ ਕਰ ਕੇ ਚੱਲਿਆ ਗਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ। 38 ਫੇਰ ਐਉਂ ਹੋਇਆ ਕਿ ਜਦ ਉਹ ਆਪਣੇ ਦਿਓਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਹ ਦੇ ਪੁੱਤ੍ਰਾਂ ਅਦਰੰਮਲਕ ਅਰ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਰ ਓਹ ਅਰਾਰਾਤ ਦੇ ਦੇਸ ਨੂੰ ਭੱਜ ਗਏ। ਤਾਂ ਉਹ ਦਾ ਪੁੱਤ੍ਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ।
ਇਕ ਰਾਜੇ ਦੀ ਨਿਹਚਾ ਦਾ ਫਲ
18 ਹਿਜ਼ਕੀਯਾਹ ਦੀ ਪ੍ਰਾਰਥਨਾ ਦਾ ਜਵਾਬ ਯਸਾਯਾਹ ਰਾਹੀਂ ਮਿਲਿਆ। ਯਰੂਸ਼ਲਮ ਨੂੰ ਅੱਸ਼ੂਰ ਅੱਗੇ ਹਾਰ ਨਹੀਂ ਮੰਨਣੀ ਚਾਹੀਦੀ ਸੀ; ਉਸ ਨੂੰ ਦ੍ਰਿੜ੍ਹ ਰਹਿਣਾ ਚਾਹੀਦਾ ਸੀ। ਯਸਾਯਾਹ ਨੇ ਦਲੇਰੀ ਨਾਲ ਯਹੋਵਾਹ ਦਾ ਸੰਦੇਸ਼ ਦੱਸਿਆ ਜਿਵੇਂ ਯਹੋਵਾਹ ਖ਼ੁਦ ਸਨਹੇਰੀਬ ਨਾਲ ਗੱਲ ਕਰ ਰਿਹਾ ਹੋਵੇ: “ਉਹ ਤੈਨੂੰ ਤੁੱਛ ਜਾਣਦੀ ਹੈ, ਉਹ ਤੈਨੂੰ ਮਖੌਲ ਕਰਦੀ ਹੈ,—ਸੀਯੋਨ ਦੀ ਕੁਆਰੀ ਧੀ। ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।” (ਯਸਾਯਾਹ 37:21, 22) ਫਿਰ ਮਾਨੋ ਯਹੋਵਾਹ ਨੇ ਕਿਹਾ ‘ਇਸਰਾਏਲ ਦੇ ਪਵਿੱਤਰ ਪੁਰਖ ਦੇ ਖ਼ਿਲਾਫ਼ ਬੋਲਣ ਵਾਲਾ ਤੂੰ ਕੌਣ ਹੁੰਦਾ ਹੈਂ? ਮੈਂ ਤੇਰੇ ਕੰਮ ਜਾਣਦਾ ਹਾਂ। ਤੂੰ ਵੱਡੀਆਂ-ਵੱਡੀਆਂ ਉਮੀਦਾਂ ਰੱਖਦਾ ਹੈਂ; ਤੂੰ ਸ਼ੇਖੀ ਮਾਰਦਾ ਹੈਂ। ਤੈਂ ਆਪਣੀ ਸੈਨਿਕ ਸ਼ਕਤੀ ਉੱਤੇ ਭਰੋਸਾ ਰੱਖਿਆ ਹੈ ਅਤੇ ਦੇਸ਼ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕੀਤਾ ਹੈ। ਪਰ ਤੂੰ ਵੀ ਹਰਾਇਆ ਜਾ ਸਕਦਾ ਹੈਂ। ਮੈਂ ਤੇਰੇ ਇਰਾਦੇ ਪੂਰੇ ਹੋਣ ਤੋਂ ਰੋਕਾਂਗਾ। ਮੈਂ ਤੈਨੂੰ ਹਰਾਵਾਂਗਾ। ਫਿਰ ਮੈਂ ਤੇਰੇ ਨਾਲ ਉਹ ਕਰਾਂਗਾ ਜੋ ਤੂੰ ਦੂਸਰਿਆਂ ਨਾਲ ਕੀਤਾ ਹੈ। ਮੈਂ ਤੇਰੇ ਨੱਕ ਵਿਚ ਕੁੰਡੀ ਪਾ ਕੇ ਤੈਨੂੰ ਅੱਸ਼ੂਰ ਵਾਪਸ ਲੈ ਜਾਵਾਂਗਾ!’—ਯਸਾਯਾਹ 37:23-29.
“ਤੇਰੇ ਲਈ ਇਹ ਨਿਸ਼ਾਨ ਹੋਵੇਗਾ”
19 ਹਿਜ਼ਕੀਯਾਹ ਕੋਲ ਕਿਹੜੀ ਗਾਰੰਟੀ ਸੀ ਕਿ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਵੇਗੀ? ਯਹੋਵਾਹ ਨੇ ਜਵਾਬ ਦਿੱਤਾ: “ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਵਰਹੇ ਉਹ ਖਾਓ ਜੋ ਆਪ ਉੱਗੇ, ਦੂਜੇ ਵਰਹੇ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਵਰਹੇ ਬੀਜੋ ਵੱਢੋ, ਅੰਗੂਰੀ ਬਾਗ ਲਾਓ ਅਰ ਓਹਨਾਂ ਦਾ ਫਲ ਖਾਓ।” (ਯਸਾਯਾਹ 37:30) ਯਹੋਵਾਹ ਨੇ ਯਰੂਸ਼ਲਮ ਅੰਦਰ ਫਸੇ ਹੋਏ ਯਹੂਦੀਆਂ ਨੂੰ ਭੁੱਖੇ ਨਹੀਂ ਮਰਨ ਦੇਣਾ ਸੀ। ਭਾਵੇਂ ਕਿ ਅੱਸ਼ੂਰੀਆਂ ਦੇ ਕਬਜ਼ੇ ਕਰਕੇ ਉਹ ਬੀ ਨਹੀਂ ਬੀਜ ਸਕੇ ਸਨ, ਉਹ ਪਿਛਲੇ ਸਾਲ ਦੀ ਵਾਢੀ ਤੋਂ ਖਾਣਾ ਖਾ ਸਕਦੇ ਸਨ। ਅਗਲਾ ਸਾਲ ਸਬਤ ਦਾ ਸਾਲ ਸੀ, ਇਸ ਲਈ ਉਨ੍ਹਾਂ ਦੀ ਮੁਸ਼ਕਲ ਹਾਲਤ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਖੇਤ ਵਿਹਲੇ ਛੱਡਣੇ ਪੈਣੇ ਸਨ। (ਕੂਚ 23:11) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਜੇ ਲੋਕ ਉਸ ਦੀ ਸੁਣਨਗੇ, ਤਾਂ ਖੇਤਾਂ ਵਿਚ ਉਨ੍ਹਾਂ ਲਈ ਬਥੇਰੀ ਫ਼ਸਲ ਹੋਵੇਗੀ। ਫਿਰ ਤੀਜੇ ਸਾਲ ਉਹ ਬੀ ਬੀਜ ਸਕਣਗੇ ਅਤੇ ਆਪਣੀ ਮਿਹਨਤ ਦਾ ਫਲ ਖਾ ਸਕਣਗੇ।
20 ਅੱਗੇ ਯਹੋਵਾਹ ਨੇ ਆਪਣੇ ਲੋਕਾਂ ਦੀ ਤੁਲਨਾ ਉਸ ਪੌਦੇ ਨਾਲ ਕੀਤੀ ਜੋ ਸੌਖੀ ਤਰ੍ਹਾਂ ਜੜ੍ਹੋਂ ਨਹੀਂ ਪੁੱਟਿਆ ਜਾ ਸਕਦਾ ਸੀ: “ਓਹ ਭਗੌੜੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਹੇਠਾਂ ਨੂੰ ਜੜ ਫੜ ਕੇ ਉਤਾਹਾਂ ਨੂੰ ਫਲਣਗੇ।” (ਯਸਾਯਾਹ 37:31, 32) ਜੀ ਹਾਂ, ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਨੇ ਆਪਣੀ ਔਲਾਦ ਨਾਲ ਦੇਸ਼ ਵਿਚ ਪੱਕੀ ਤਰ੍ਹਾਂ ਕਾਇਮ ਰਹਿਣਾ ਸੀ।
21 ਯਰੂਸ਼ਲਮ ਦੇ ਖ਼ਿਲਾਫ਼ ਉਸ ਅੱਸ਼ੂਰੀ ਦੀਆਂ ਧਮਕੀਆਂ ਬਾਰੇ ਕੀ? ਯਹੋਵਾਹ ਨੇ ਕਿਹਾ: “ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ, ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ। ਜਿਸ ਰਾਹ ਉਹ ਆਇਆ, ਉਸੇ ਰਾਹ ਉਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ।” (ਯਸਾਯਾਹ 37:33, 34) ਅੱਸ਼ੂਰ ਅਤੇ ਯਰੂਸ਼ਲਮ ਦੀ ਕੋਈ ਲੜਾਈ ਨਹੀਂ ਹੋਣੀ ਸੀ। ਹੈਰਾਨੀ ਦੀ ਗੱਲ ਸੀ ਕਿ ਯਹੂਦੀਆਂ ਦੀ ਬਜਾਇ ਅੱਸ਼ੂਰੀਆਂ ਨੂੰ ਲੜਾਈ ਕੀਤੇ ਬਿਨਾਂ ਹਰਾਇਆ ਜਾਣਾ ਸੀ।
22 ਯਹੋਵਾਹ ਆਪਣੇ ਬਚਨ ਦਾ ਪੱਕਾ ਰਿਹਾ ਅਤੇ ਉਸ ਨੇ ਇਕ ਦੂਤ ਭੇਜਿਆ ਜਿਸ ਨੇ ਸਨਹੇਰੀਬ ਦੀ ਫ਼ੌਜ ਦੇ ਸਭ ਤੋਂ ਵਧੀਆ 1,85,000 ਫ਼ੌਜੀ ਮਾਰ ਛੱਡੇ। ਹੋ ਸਕਦਾ ਹੈ ਕਿ ਇਹ ਲਿਬਨਾਹ ਵਿਚ ਹੋਇਆ ਸੀ ਅਤੇ ਸਨਹੇਰੀਬ ਨੇ ਖ਼ੁਦ ਉੱਠ ਕੇ ਆਗੂਆਂ, ਸੈਨਾਪਤੀਆਂ, ਅਤੇ ਫ਼ੌਜੀਆਂ ਨੂੰ ਮਰੇ ਹੋਏ ਦੇਖਿਆ ਸੀ। ਸ਼ਰਮ ਦੇ ਮਾਰੇ, ਉਹ ਨੀਨਵਾਹ ਨੂੰ ਵਾਪਸ ਮੁੜ ਗਿਆ, ਪਰ ਉਸ ਦੀ ਵੱਡੀ ਹਾਰ ਦੇ ਬਾਵਜੂਦ ਵੀ ਉਹ ਆਪਣੇ ਝੂਠੇ ਦੇਵਤੇ ਨਿਸਰੋਕ ਦਾ ਪੁਜਾਰੀ ਬਣਿਆ ਰਿਹਾ। ਕੁਝ ਸਾਲ ਬਾਅਦ, ਨਿਸਰੋਕ ਦੇ ਮੰਦਰ ਵਿਚ ਪੂਜਾ ਕਰਦੇ ਸਮੇਂ, ਸਨਹੇਰੀਬ ਦੇ ਦੋ ਪੁੱਤਰਾਂ ਨੇ ਉਸ ਦਾ ਖ਼ੂਨ ਕਰ ਦਿੱਤਾ। ਇਕ ਵਾਰ ਫਿਰ, ਬੇਜਾਨ ਨਿਸਰੋਕ ਉਸ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਿਆ।—ਯਸਾਯਾਹ 37:35-38.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 35:8) “ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ “ਪਵਿੱਤ੍ਰ ਰਾਹ” ਕਹਾਵੇਗਾ, ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਰਾਹੀ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ।”
“ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੋ”
‘ਇੱਕ ਪਵਿਤ੍ਰ ਰਾਹ ਹੋਵੇਗਾ’
ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲ ਵਿਚ ਗ਼ੁਲਾਮ ਉਸ ਦੇ ਲੋਕ ਆਪਣੇ ਦੇਸ਼ ਪਰਤਣਗੇ। ਇਸ ਭਵਿੱਖਬਾਣੀ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਹ ਗਾਰੰਟੀ ਦਿੱਤੀ: “ਉੱਥੇ ਇੱਕ ਸ਼ਾਹੀ ਰਾਹ ਹੋਵੇਗਾ, ਅਤੇ ਉਹ ਰਾਹ ‘ਪਵਿੱਤ੍ਰ ਰਾਹ’ ਕਹਾਵੇਗਾ।” (ਯਸਾ. 35:8ੳ) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਨਾ ਸਿਰਫ਼ ਯਹੂਦੀਆਂ ਲਈ ਆਪਣੇ ਦੇਸ਼ ਪਰਤਣ ਦਾ ਰਾਹ ਖੋਲ੍ਹਿਆ, ਸਗੋਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਰਾਹ ਵਿਚ ਉਹ ਉਨ੍ਹਾਂ ਦੀ ਰਾਖੀ ਵੀ ਕਰੇਗਾ।
“ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੋ”
“ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ”
537 ਈ. ਪੂ. ਵਿਚ ਵਾਪਸ ਆ ਰਹੇ ਯਹੂਦੀਆਂ ਨੇ ਪਰਮੇਸ਼ੁਰ ਦੀ ਇਕ ਮੰਗ ਪੂਰੀ ਕਰਨੀ ਸੀ। “ਪਵਿੱਤ੍ਰ ਰਾਹ” ਉੱਤੇ ਚੱਲਣ ਦੇ ਕਾਬਲ ਲੋਕਾਂ ਬਾਰੇ ਯਸਾਯਾਹ 35:8ਅ ਕਹਿੰਦਾ ਹੈ: “ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ, ਉਹ ਛੁਡਾਏ ਹੋਇਆਂ ਦੇ ਲਈ ਹੋਵੇਗਾ। ਰਾਹੀ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ।” ਯਹੂਦੀਆਂ ਨੇ ਯਰੂਸ਼ਲਮ ਵਾਪਸ ਆ ਕੇ ਯਹੋਵਾਹ ਦੀ ਭਗਤੀ ਮੁੜ ਸ਼ੁਰੂ ਕਰਨੀ ਸੀ। ਇਸ ਲਈ ਉੱਥੇ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਸੀ ਜੋ ਸੁਆਰਥੀ ਸਨ, ਪਵਿੱਤਰ ਚੀਜ਼ਾਂ ਦੀ ਕੋਈ ਕਦਰ ਨਹੀਂ ਕਰਦੇ ਸਨ ਜਾਂ ਜੋ ਗ਼ਲਤ ਕੰਮ ਕਰਦੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਉੱਚੇ-ਸੁੱਚੇ ਨੈਤਿਕ ਅਸੂਲਾਂ ʼਤੇ ਚੱਲਣ ਦੀ ਲੋੜ ਸੀ। ਅੱਜ ਵੀ ਪਰਮੇਸ਼ੁਰ ਦੀ ਮਿਹਰ ਪਾਉਣ ਦੀ ਖ਼ਾਹਸ਼ ਰੱਖਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਵੀ ‘ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ’ ਚਾਹੀਦੀ ਹੈ। (2 ਕੁਰਿੰ. 7:1, CL) ਪਰ ਸਵਾਲ ਉੱਠਦਾ ਹੈ ਕਿ ਸਾਨੂੰ ਕਿਹੜੇ ਗ਼ਲਤ ਕੰਮ ਛੱਡਣੇ ਪੈਣਗੇ?
(ਯਸਾਯਾਹ 36:2, 3) ਫੇਰ ਅੱਸ਼ੂਰ ਦੇ ਪਾਤਸ਼ਾਹ ਨੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਪਾਤਸ਼ਾਹ ਕੋਲ ਵੱਡੀ ਫੌਜ ਨਾਲ ਘੱਲਿਆ ਅਤੇ ਉਹ ਉੱਪਰਲੇ ਤਲਾ ਦੀ ਖਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜਾ ਸੀ। 3 ਤਾਂ ਹਿਲਕੀਯਾਹ ਦਾ ਪੁੱਤ੍ਰ ਅਲਯਾਕੀਮ ਜਿਹੜਾ ਮਹਿਲ ਦੇ ਉੱਤੇ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤ੍ਰ ਯੋਆਹ ਲਿਖਾਰੀ ਉਹ ਦੇ ਕੋਲ ਨਿੱਕਲ ਆਏ।
(ਯਸਾਯਾਹ 36:22) “ਤਦ ਹਿਲਕੀਯਾਹ ਦਾ ਪੁੱਤ੍ਰ ਅਲਯਾਕੀਮ ਜਿਹੜਾ ਮਹਿਲ ਉੱਤੇ ਸੀ ਅਰ ਸ਼ਬਨਾ ਮੁਨੀਮ ਅਰ ਆਸਾਫ ਦਾ ਪੁੱਤ੍ਰ ਯੋਆਹ ਲਿਖਾਰੀ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।”
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
ਸਾਡੇ ਲਈ ਸਬਕ:
36:2, 3, 22. ਭਾਵੇਂ ਸ਼ਬਨਾ ਨੂੰ ਮੁਖ਼ਤਿਆਰ ਦੇ ਅਹੁਦੇ ਤੋਂ ਲਾਹ ਕੇ ਇਹ ਅਹੁਦਾ ਕਿਸੇ ਹੋਰ ਨੂੰ ਦਿੱਤਾ ਗਿਆ ਸੀ, ਫਿਰ ਵੀ ਸ਼ਬਨਾ ਨੂੰ ਰਾਜੇ ਦੇ ਦਰਬਾਰ ਵਿਚ ਮੁਨੀਮ (ਸੈਕਟਰੀ) ਵਜੋਂ ਰੱਖਿਆ ਗਿਆ ਸੀ। (ਯਸਾਯਾਹ 22:15, 19) ਯਹੋਵਾਹ ਦੇ ਸੰਗਠਨ ਵਿਚ ਜੇ ਕਿਸੇ ਕਾਰਨ ਸਾਡੇ ਤੋਂ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਹਨ, ਤਾਂ ਵੀ ਸਾਨੂੰ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣਾ ਚਾਹੀਦਾ ਹੈ।
ਬਾਈਬਲ ਪੜ੍ਹਾਈ
(ਯਸਾਯਾਹ 36:1-12) ਤਾਂ ਐਉਂ ਹੋਇਆ ਕਿ ਹਿਜ਼ਕੀਯਾਹ ਪਾਤਸ਼ਾਹ ਦੇ ਚੌਧਵੇਂ ਵਰਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ। 2 ਫੇਰ ਅੱਸ਼ੂਰ ਦੇ ਪਾਤਸ਼ਾਹ ਨੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਪਾਤਸ਼ਾਹ ਕੋਲ ਵੱਡੀ ਫੌਜ ਨਾਲ ਘੱਲਿਆ ਅਤੇ ਉਹ ਉੱਪਰਲੇ ਤਲਾ ਦੀ ਖਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜਾ ਸੀ। 3 ਤਾਂ ਹਿਲਕੀਯਾਹ ਦਾ ਪੁੱਤ੍ਰ ਅਲਯਾਕੀਮ ਜਿਹੜਾ ਮਹਿਲ ਦੇ ਉੱਤੇ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤ੍ਰ ਯੋਆਹ ਲਿਖਾਰੀ ਉਹ ਦੇ ਕੋਲ ਨਿੱਕਲ ਆਏ। 4 ਤਾਂ ਰਬਸ਼ਾਕੇਹ ਨੇ ਓਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਐਉਂ ਫ਼ਰਮਾਉਂਦਾ ਹੈ, ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ? 5 ਮੈਂ ਕਹਿੰਦਾ ਹਾਂ ਕਿ ਇਹ ਮੂੰਹ ਦੀਆਂ ਹੀ ਗੱਲਾਂ ਹਨ, ਭਈ ਜੁੱਧ ਲਈ ਮੇਰੇ ਕੋਲ ਜੁਗਤ ਤੇ ਬਲ ਹੈ। ਹੁਣ ਤੈਨੂੰ ਕਿਹ ਦੇ ਉੱਤੇ ਭਰੋਸਾ ਹੈ ਜੋ ਤੂੰ ਮੈਥੋਂ ਬੇਮੁੱਖ ਹੋਇਆ ਹੈ? 6 ਵੇਖ, ਤੈਨੂੰ ਏਸ ਦਰੜੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਓਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਏਹੋ ਜੇਹਾ ਹੀ ਹੈ। 7 ਪਰ ਜੇ ਤੂੰ ਮੈਨੂੰ ਆਖੇਂ ਭਈ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ ਤਾਂ ਕੀ ਉਹ ਉਹੋ ਨਹੀਂ ਹੈ ਜਿਹ ਦੇ ਉੱਚੇ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਰ ਯਰੂਸ਼ਲਮ ਨੂੰ ਆਖਿਆ ਹੈ, ਤੁਸੀਂ ਏਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ? 8 ਸੋ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਦੇ ਨਾਲ ਸ਼ਰਤ ਲਾ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ। 9 ਫੇਰ ਤੂੰ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਨੌਕਰਾਂ ਵਿੱਚੋਂ ਇੱਕ ਕਪਤਾਨ ਦਾ ਭੀ ਮੂੰਹ ਫੇਰ ਸੱਕੇਂਗਾ? ਯਾ ਕੀ ਤੂੰ ਆਪਣੀ ਵੱਲੋਂ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ? 10 ਭਲਾ, ਮੈਂ ਯਹੋਵਾਹ ਤੋਂ ਬਾਹਰਾ ਹੋਕੇ ਏਸ ਦੇਸ ਉੱਤੇ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪੇ ਮੈਨੂੰ ਆਖਿਆ, ਏਸ ਦੇਸ ਉੱਤੇ ਚੜ੍ਹਾਈ ਕਰ ਕੇ ਏਸ ਨੂੰ ਨਾਸ ਕਰ ਦੇਹ!। 11 ਤਦ ਅਲਯਾਕੀਮ ਅਰ ਸ਼ਬਨਾ ਅਰ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ, ਆਪਣੇ ਦਾਸਾਂ ਨਾਲ ਅਰਾਮੀ ਬੋਲੀ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਰ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਕੰਧ ਉੱਤੇ ਹਨ ਯਹੂਦੀਆਂ ਦੀ ਬੋਲੀ ਵਿੱਚ ਸਾਡੇ ਨਾਲ ਗੱਲ ਨਾ ਕਰੋ। 12 ਪਰ ਰਬਸ਼ਾਕੇਹ ਨੇ ਆਖਿਆ, ਕੀ ਮੇਰੇ ਸੁਆਮੀ ਨੇ ਤੇਰੇ ਸੁਆਮੀ ਦੇ ਕੋਲ ਅਰ ਤੇਰੇ ਕੋਲ ਏਹ ਗੱਲਾਂ ਆਖਣ ਲਈ ਮੈਨੂੰ ਘੱਲਿਆ ਹੈ ਪਰ ਏਹਨਾਂ ਮਨੁੱਖਾਂ ਕੋਲ ਨਹੀਂ ਜਿਹੜੇ ਕੰਧ ਉੱਤੇ ਬੈਠੇ ਹੋਏ ਹਨ ਭਈ ਓਹ ਤੁਹਾਡੇ ਨਾਲ ਹੀ ਆਪਣਾ ਬਿਸ਼ਟਾ ਖਾਣ ਅਤੇ ਆਪਣਾ ਮੂਤ ਪੀਣ?।
23-29 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ । ਯਸਾਯਾਹ 38–42
“ਯਹੋਵਾਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”
(ਯਸਾਯਾਹ 40:25, 26) ਤੁਸੀਂ ਮੈਨੂੰ ਕਿਹ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਹਾਂ? ਪਵਿੱਤਰ ਪੁਰਖ ਆਖਦਾ ਹੈ। 26 ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।
“ਮੇਰੀ ਪਰਜਾ ਨੂੰ ਦਿਲਾਸਾ ਦਿਓ”
“ਕਿਹਨੇ ਏਹਨਾਂ ਨੂੰ ਸਾਜਿਆ”?
23 ਯਹੂਦੀ ਗ਼ੁਲਾਮਾਂ ਲਈ ਹੌਸਲਾ ਰੱਖਣ ਦਾ ਇਕ ਹੋਰ ਵੀ ਕਾਰਨ ਸੀ। ਜਿਸ ਨੇ ਛੁਟਕਾਰੇ ਦਾ ਵਾਅਦਾ ਕੀਤਾ ਸੀ ਉਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ ਅਤੇ ਉਸ ਕੋਲ ਵੱਡੀ ਸ਼ਕਤੀ ਹੈ। ਯਹੋਵਾਹ ਨੇ ਆਪਣੀ ਵੱਡੀ ਹੈਸੀਅਤ ਉੱਤੇ ਜ਼ੋਰ ਦੇਣ ਲਈ ਆਪਣੀਆਂ ਰਚੀਆਂ ਹੋਈਆਂ ਚੀਜ਼ਾਂ ਵੱਲ ਧਿਆਨ ਖਿੱਚਿਆ: “ਤੁਸੀਂ ਮੈਨੂੰ ਕਿਹ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਹਾਂ? ਪਵਿੱਤਰ ਪੁਰਖ ਆਖਦਾ ਹੈ। ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:25, 26.
24 ਇਸਰਾਏਲ ਦੇ ਪਵਿੱਤਰ ਪੁਰਖ ਨੇ ਆਪਣੇ ਲਈ ਗੱਲ ਕੀਤੀ। ਇਹ ਦਿਖਾਉਣ ਲਈ ਕਿ ਉਸ ਵਰਗਾ ਕੋਈ ਨਹੀਂ ਹੈ, ਯਹੋਵਾਹ ਨੇ ਆਕਾਸ਼ ਦੇ ਤਾਰਿਆਂ ਵੱਲ ਧਿਆਨ ਖਿੱਚਿਆ। ਇਕ ਸੈਨਾਪਤੀ ਵਾਂਗ ਉਹ ਤਾਰਿਆਂ ਨੂੰ ਹੁਕਮ ਦੇ ਸਕਦਾ ਹੈ। ਜੇ ਉਹ ਉਨ੍ਹਾਂ ਨੂੰ ਇਕੱਠੇ ਕਰੇ, ਤਾਂ ‘ਇੱਕ ਦੀ ਵੀ ਕਮੀ ਨਹੀਂ ਹੋਵੇਗੀ।’ ਭਾਵੇਂ ਕਿ ਤਾਰਿਆਂ ਦੀ ਗਿਣਤੀ ਬਹੁਤ ਹੈ, ਉਹ ਹਰੇਕ ਦਾ ਨਾਂ ਲੈ ਕੇ ਪੁਕਾਰਦਾ ਹੈ, ਚਾਹੇ ਉਹ ਉਨ੍ਹਾਂ ਦਾ ਕੋਈ ਨਿੱਜੀ ਨਾਂ ਲੈ ਕੇ, ਜਾਂ ਹੋਰ ਕੁਝ ਕਹਿ ਕੇ ਪੁਕਾਰੇ। ਆਗਿਆਕਾਰ ਫ਼ੌਜੀਆਂ ਵਾਂਗ, ਉਹ ਆਪਣੇ ਟਿਕਾਣੇ ਤੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੇ ਅਫ਼ਸਰ ਕੋਲ “ਵੱਡੀ ਸ਼ਕਤੀ” ਅਤੇ ‘ਡਾਢਾ ਬਲ’ ਹੈ। ਇਸ ਲਈ ਯਹੂਦੀ ਗ਼ੁਲਾਮਾਂ ਕੋਲ ਭਰੋਸਾ ਰੱਖਣ ਦਾ ਚੰਗਾ ਕਾਰਨ ਸੀ। ਤਾਰਿਆਂ ਨੂੰ ਹੁਕਮ ਦੇਣ ਵਾਲੇ ਸਿਰਜਣਹਾਰ ਕੋਲ ਆਪਣੇ ਸੇਵਕਾਂ ਨੂੰ ਸਹਾਰਾ ਦੇਣ ਦੀ ਤਾਕਤ ਸੀ।
25 ਯਸਾਯਾਹ 40:26 ਵਿਚ ਪਰਮੇਸ਼ੁਰ ਦੇ ਲਿਖੇ ਗਏ ਸੱਦੇ ਨੂੰ ਸਾਡੇ ਵਿੱਚੋਂ ਕੌਣ ਇਨਕਾਰ ਕਰ ਸਕਦਾ ਹੈ ਕਿ “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ”? ਯਸਾਯਾਹ ਦੇ ਜ਼ਮਾਨੇ ਦੇ ਲੋਕ ਤਾਰਿਆਂ ਬਾਰੇ ਇੰਨਾ ਕੁਝ ਨਹੀਂ ਜਾਣਦੇ ਸਨ। ਅੱਜ-ਕੱਲ੍ਹ ਦੇ ਖਗੋਲ-ਵਿਗਿਆਨੀਆਂ ਦੀਆਂ ਲੱਭਤਾਂ ਨੇ ਦਿਖਾਇਆ ਹੈ ਕਿ ਤਾਰਿਆਂ ਨਾਲ ਭਰਿਆ ਹੋਇਆ ਸਾਡਾ ਆਕਾਸ਼ ਬਹੁਤ ਹੀ ਅਸਚਰਜ ਹੈ। ਵੱਡੀਆਂ-ਵੱਡੀਆਂ ਦੂਰਬੀਨਾਂ ਨਾਲ ਆਕਾਸ਼ ਵੱਲ ਦੇਖਣ ਵਾਲੇ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਦਿਸਣ ਵਾਲੇ ਬ੍ਰਹਿਮੰਡ ਵਿਚ ਕੁਝ 125 ਅਰਬ ਗਲੈਕਸੀਆਂ ਹਨ। ਕੁਝ ਅੰਦਾਜ਼ਿਆਂ ਅਨੁਸਾਰ ਇਨ੍ਹਾਂ ਵਿੱਚੋਂ ਸਿਰਫ਼ ਇਕ ਹੀ ਗਲੈਕਸੀ, ਯਾਨੀ ਆਕਾਸ਼-ਗੰਗਾ ਵਿਚ ਕੁਝ 100 ਅਰਬ ਤਾਰੇ ਹਨ! ਅਜਿਹੇ ਗਿਆਨ ਕਰਕੇ ਸਾਨੂੰ ਦਿਲੋਂ ਆਪਣੇ ਸਿਰਜਣਹਾਰ ਲਈ ਸ਼ਰਧਾ ਦਿਖਾਉਣੀ ਚਾਹੀਦੀ ਹੈ ਅਤੇ ਉਸ ਦੇ ਵਾਅਦਿਆਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ।
(ਯਸਾਯਾਹ 40:27, 28) ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ? 28 ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ?
“ਮੇਰੀ ਪਰਜਾ ਨੂੰ ਦਿਲਾਸਾ ਦਿਓ”
27 ਯਹੋਵਾਹ ਨੇ ਯਸਾਯਾਹ ਰਾਹੀਂ ਉਨ੍ਹਾਂ ਯਹੂਦੀ ਗ਼ੁਲਾਮਾਂ ਦੇ ਜਜ਼ਬਾਤ ਸਮਝਾਏ ਜੋ ਬਾਬਲ ਵਿਚ ਆਪਣੇ ਵਤਨ ਤੋਂ ਸੈਂਕੜੇ ਕਿਲੋਮੀਟਰ ਦੂਰ ਸਨ। ਕਈ ਯਹੂਦੀ ਸੋਚਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦਾ “ਰਾਹ,” ਯਾਨੀ ਉਨ੍ਹਾਂ ਦੀ ਔਖੀ ਜ਼ਿੰਦਗੀ, ਨਾ ਦੇਖ ਸਕਦਾ ਸੀ ਅਤੇ ਨਾ ਹੀ ਜਾਣਦਾ ਸੀ। ਉਹ ਸਮਝਦੇ ਸਨ ਕਿ ਯਹੋਵਾਹ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਇਸ ਲਈ ਯਹੂਦੀ ਗ਼ੁਲਾਮਾਂ ਨੂੰ ਉਨ੍ਹਾਂ ਗੱਲਾਂ ਬਾਰੇ ਚੇਤਾ ਕਰਾਇਆ ਗਿਆ ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਜਾਂ ਤਾਂ ਨਿੱਜੀ ਤਜਰਬਾ ਹੋਣਾ ਚਾਹੀਦਾ ਸੀ, ਜਾਂ ਉਨ੍ਹਾਂ ਬਾਰੇ ਉਨ੍ਹਾਂ ਨੇ ਜ਼ਰੂਰ ਸੁਣਿਆ ਹੋਣਾ ਸੀ। ਯਹੋਵਾਹ ਆਪਣੇ ਲੋਕਾਂ ਨੂੰ ਛੁਡਾ ਸਕਦਾ ਸੀ ਅਤੇ ਛੁਡਾਉਣਾ ਚਾਹੁੰਦਾ ਵੀ ਸੀ। ਉਹ ਅਨਾਦੀ ਪਰਮੇਸ਼ੁਰ ਅਤੇ ਸਾਰੀ ਧਰਤੀ ਦਾ ਸਿਰਜਣਹਾਰ ਹੈ। ਇਸ ਲਈ, ਉਨ੍ਹਾਂ ਨੂੰ ਪਛਾਣਨਾ ਚਾਹੀਦਾ ਸੀ ਕਿ ਉਸ ਕੋਲ ਉਹੀ ਸ਼ਕਤੀ ਹੈ ਜੋ ਉਸ ਨੇ ਸਾਰੀਆਂ ਚੀਜ਼ਾਂ ਬਣਾਉਣ ਲਈ ਇਸਤੇਮਾਲ ਕੀਤੀ ਸੀ, ਅਤੇ ਬਾਬਲ ਉਸ ਦੇ ਸਾਮ੍ਹਣੇ ਕੀ ਚੀਜ਼ ਸੀ। ਅਜਿਹਾ ਪਰਮੇਸ਼ੁਰ ਥੱਕ ਨਹੀਂ ਸਕਦਾ ਅਤੇ ਆਪਣੀ ਪਰਜਾ ਨੂੰ ਭੁਲਾ ਨਹੀਂ ਸਕਦਾ ਸੀ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਸੀ ਕਿ ਉਹ ਯਹੋਵਾਹ ਦੀਆਂ ਕਰਨੀਆਂ ਪੂਰੀ ਤਰ੍ਹਾਂ ਸਮਝ ਸਕਦੇ ਸਨ। ਯਹੋਵਾਹ ਦੀ ਸਮਝ, ਯਾਨੀ ਉਸ ਦੀ ਪੂਰੀ ਜਾਣਕਾਰੀ ਅਤੇ ਗਿਆਨ, ਅਤੇ ਉਸ ਦੀ ਸੂਝ ਉਨ੍ਹਾਂ ਦੀ ਸਮਝ ਤੋਂ ਬਹੁਤ ਦੂਰ ਸੀ।
(ਯਸਾਯਾਹ 40:29-31) “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।”
“ਮੇਰੀ ਪਰਜਾ ਨੂੰ ਦਿਲਾਸਾ ਦਿਓ”
29 ਹੁੱਸੇ ਹੋਏ ਨੂੰ ਬਲ ਦੇਣ ਦੀ ਗੱਲ ਕਰਦੇ ਹੋਏ, ਯਹੋਵਾਹ ਸ਼ਾਇਦ ਉਸ ਸਫ਼ਰ ਬਾਰੇ ਸੋਚ ਰਿਹਾ ਸੀ ਜੋ ਗ਼ੁਲਾਮਾਂ ਨੂੰ ਵਤਨ ਵਾਪਸ ਮੁੜਨ ਲਈ ਕਰਨਾ ਪੈਣਾ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਯਾਦ ਕਰਾਇਆ ਕਿ ਉਹ ਉਨ੍ਹਾਂ ਥੱਕੇ ਹੋਇਆਂ ਦੀ ਹਮੇਸ਼ਾ ਮਦਦ ਕਰਦਾ ਹੈ ਜੋ ਉਸ ਤੋਂ ਸਹਾਰਾ ਮੰਗਦੇ ਹਨ। ਸਭ ਤੋਂ ਤਕੜੇ ਇਨਸਾਨ ਵੀ, ਯਾਨੀ “ਮੁੰਡੇ” ਅਤੇ “ਜੁਆਨ,” ਥੱਕ ਕੇ ਡਿੱਗ ਸਕਦੇ ਸਨ। ਪਰ ਯਹੋਵਾਹ ਨੇ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਸ਼ਕਤੀ ਦੇਣ ਦਾ ਵਾਅਦਾ ਕੀਤਾ, ਤਾਂਕਿ ਉਹ ਤੁਰ ਅਤੇ ਦੌੜ ਸਕਣ। ਯਹੋਵਾਹ ਨੇ ਉਕਾਬ ਦੀ ਮਿਸਾਲ ਦਿੱਤੀ। ਇਸ ਤਰ੍ਹਾਂ ਲੱਗਦਾ ਹੈ ਕਿ ਉਕਾਬ ਬਿਨਾਂ ਜ਼ਿਆਦਾ ਜ਼ੋਰ ਲਾਏ ਕਈਆਂ ਘੰਟਿਆਂ ਲਈ ਉੱਡ ਸਕਦਾ ਹੈ। ਇਸ ਵੱਡੇ ਪੰਛੀ ਦੀ ਮਿਸਾਲ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਆਪਣੇ ਸੇਵਕਾਂ ਨੂੰ ਸ਼ਕਤੀ ਦੇਵੇਗਾ। ਯਹੋਵਾਹ ਦੇ ਅਜਿਹੇ ਸਹਾਰੇ ਨਾਲ, ਯਹੂਦੀ ਗ਼ੁਲਾਮਾਂ ਨੂੰ ਹਿੰਮਤ ਹਾਰਨ ਦੀ ਕੋਈ ਲੋੜ ਨਹੀਂ ਸੀ।
30 ਇਸ ਦੁਨੀਆਂ ਦੇ ਅੰਤ ਦਿਆਂ ਦਿਨਾਂ ਵਿਚ ਰਹਿ ਰਹੇ ਸੱਚੇ ਮਸੀਹੀਆਂ ਨੂੰ ਯਸਾਯਾਹ ਦੇ 40ਵੇਂ ਅਧਿਆਇ ਦੀਆਂ ਆਖ਼ਰੀ ਆਇਤਾਂ ਦਿਲਾਸਾ ਦਿੰਦੀਆਂ ਹਨ। ਅਸੀਂ ਹਿੰਮਤ ਤੋੜਨ ਵਾਲੇ ਕਈਆਂ ਦਬਾਵਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਬਹੁਤ ਸਾਰੇ ਦੁੱਖ ਝੱਲਦੇ ਹਾਂ, ਅਤੇ ਸਾਨੂੰ ਬੇਇਨਸਾਫ਼ੀਆਂ ਸਹਿਣੀਆਂ ਪੈਂਦੀਆਂ ਹਨ। ਪਰ ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਇਹ ਸਾਰਾ ਕੁਝ ਦੇਖਦਾ ਹੈ। ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਸਾਡਾ ਸਿਰਜਣਹਾਰ ਜਿਸ ਦੀ “ਸਮਝ ਦਾ ਕੋਈ ਪਾਰਾਵਾਰ ਨਹੀਂ ਹੈ,” ਆਪਣੇ ਸਮੇਂ ਵਿਚ ਅਤੇ ਤਰੀਕੇ ਨਾਲ ਸਭ ਕੁਝ ਠੀਕ ਕਰੇਗਾ। (ਜ਼ਬੂਰ 147:5, 6) ਇਸ ਸਮੇਂ ਤੋਂ ਪਹਿਲਾਂ, ਸਾਨੂੰ ਆਪਣੀ ਹੀ ਤਾਕਤ ਵਿਚ ਚੱਲਣ ਦੀ ਲੋੜ ਨਹੀਂ ਹੈ। ਯਹੋਵਾਹ, ਜੋ ਕਦੀ ਥੱਕਦਾ ਨਹੀਂ, ਸਾਨੂੰ ਸ਼ਕਤੀ ਦੇ ਸਕਦਾ ਹੈ ਅਤੇ ਮੁਸੀਬਤਾਂ ਦੌਰਾਨ ਉਹ ਆਪਣੇ ਸੇਵਕਾਂ ਨੂੰ ਮਹਾਂ-ਸ਼ਕਤੀ ਵੀ ਦੇ ਸਕਦਾ ਹੈ।—2 ਕੁਰਿੰਥੀਆਂ 4:7.
31 ਜ਼ਰਾ ਉਨ੍ਹਾਂ ਯਹੂਦੀ ਗ਼ੁਲਾਮਾਂ ਬਾਰੇ ਸੋਚੋ ਜੋ 6ਵੀਂ ਸਦੀ ਸਾ.ਯੁ.ਪੂ. ਵਿਚ ਬਾਬਲ ਵਿਚ ਸਨ। ਸੈਂਕੜੇ ਕਿਲੋਮੀਟਰ ਦੂਰ ਉਨ੍ਹਾਂ ਦਾ ਪਿਆਰਾ ਯਰੂਸ਼ਲਮ ਸ਼ਹਿਰ ਵਿਰਾਨ ਸੀ ਅਤੇ ਉਸ ਦੀ ਹੈਕਲ ਬਰਬਾਦ ਪਈ ਸੀ। ਉਨ੍ਹਾਂ ਲਈ ਯਸਾਯਾਹ ਦੀ ਭਵਿੱਖਬਾਣੀ ਵਿਚ ਇਕ ਦਿਲਾਸਾ-ਭਰਿਆ ਵਾਅਦਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਲੈ ਜਾਵੇਗਾ। ਉਨ੍ਹਾਂ ਨੂੰ ਇਸ ਤੋਂ ਚਾਨਣ ਅਤੇ ਉਮੀਦ ਮਿਲੀ ਹੋਵੇਗੀ! ਸੰਨ 537 ਸਾ.ਯੁ.ਪੂ. ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਘਰ ਵਾਪਸ ਲਿਆ ਕੇ ਸਾਬਤ ਕੀਤਾ ਕਿ ਉਹ ਆਪਣੇ ਵਾਅਦੇ ਪੂਰੇ ਕਰਦਾ ਹੈ। ਅਸੀਂ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਯਸਾਯਾਹ ਦੀ ਪੋਥੀ ਵਿਚ ਲਿਖੇ ਗਏ ਪਰਮੇਸ਼ੁਰ ਦੇ ਰਾਜ ਦੇ ਸੋਹਣੇ ਵਾਅਦੇ ਪੂਰੇ ਹੋ ਕੇ ਰਹਿਣਗੇ। ਇਹ ਵਾਕਈ ਖ਼ੁਸ਼ ਖ਼ਬਰੀ ਹੈ ਅਤੇ ਸਾਰੀ ਮਨੁੱਖਜਾਤੀ ਲਈ ਚਾਨਣ ਦਾ ਸੁਨੇਹਾ ਹੈ!
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 38:17) “ਵੇਖ, ਮੇਰੀ ਸ਼ਾਂਤੀ ਲਈ ਕੁੜੱਤਣ ਹੀ ਕੁੜੱਤਣ ਹੁੰਦੀ ਸੀ, ਪਰ ਤੈਂ ਪ੍ਰੇਮ ਨਾਲ ਮੇਰੀ ਜਾਨ ਨੂੰ ਨੇਸਤੀ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੈਂ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।”
“ਪਰਮੇਸ਼ੁਰ ਪ੍ਰੇਮ ਹੈ”
17 ਹਿਜ਼ਕੀਯਾਹ ਨੇ ਇਕ ਮਾਰੂ ਬੀਮਾਰੀ ਤੋਂ ਤੰਦਰੁਸਤ ਹੋਣ ਤੋਂ ਬਾਅਦ ਇਕ ਗੀਤ ਵਿਚ ਯਹੋਵਾਹ ਦਾ ਧੰਨਵਾਦ ਕੀਤਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: ‘ਤੈਂ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।’ (ਯਸਾਯਾਹ 38:17) ਯਹੋਵਾਹ ਬਾਰੇ ਇੱਥੇ ਇਸ ਤਰ੍ਹਾਂ ਗੱਲ ਕੀਤੀ ਗਈ ਹੈ ਕਿ ਜਿਵੇਂ ਉਹ ਤੋਬਾ ਕਰਨ ਵਾਲੇ ਪਾਪੀ ਦੇ ਪਾਪਾਂ ਨੂੰ ਲੈ ਕੇ ਆਪਣੇ ਪਿੱਛੇ ਸੁੱਟ ਦਿੰਦਾ ਹੈ ਜਿੱਥੇ ਉਹ ਪਾਪ ਉਸ ਨੂੰ ਨਾ ਨਜ਼ਰ ਆਉਂਦੇ ਹਨ ਅਤੇ ਨਾ ਹੀ ਉਹ ਉਨ੍ਹਾਂ ਵੱਲ ਕੋਈ ਧਿਆਨ ਦਿੰਦਾ ਹੈ। ਬਾਈਬਲ ਦੇ ਇਕ ਕੋਸ਼ ਮੁਤਾਬਕ ਇਹ ਗੱਲ ਇਸ ਤਰ੍ਹਾਂ ਵੀ ਕਹੀ ਜਾ ਸਕਦੀ ਹੈ: “ਤੈਂ ਮੇਰੇ ਪਾਪਾਂ ਨੂੰ ਇਸ ਤਰ੍ਹਾਂ ਸਮਝ ਲਿਆ ਹੈ ਜਿਵੇਂ ਕਿਤੇ ਮੈਂ ਉਹ ਪਾਪ ਕਦੀ ਕੀਤੇ ਹੀ ਨਾ ਹੋਣ।” ਕੀ ਇਸ ਗੱਲ ਤੋਂ ਸਾਨੂੰ ਦਿਲਾਸਾ ਨਹੀਂ ਮਿਲਦਾ?
(ਯਸਾਯਾਹ 42:3) “ਉਹ ਦਰੜੇ ਹੋਏ ਕਾਨੇ ਨੂੰ ਨਾ ਭੰਨੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਪਰਗਟ ਕਰੇਗਾ।”
ਯਿਸੂ ਦੀ ਨਿਮਰਤਾ ਦੀ ਰੀਸ ਕਰੋ
13 ਉਸ ਦੀਆਂ ਗੱਲਾਂ। ਦਇਆਵਾਨ ਹੋਣ ਕਾਰਨ ਯਿਸੂ ਦੂਜਿਆਂ ਨਾਲ ਪਿਆਰ ਨਾਲ ਬੋਲਦਾ ਸੀ, ਖ਼ਾਸਕਰ ਦੁਖੀ ਲੋਕਾਂ ਨਾਲ। ਯਸਾਯਾਹ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਮੱਤੀ ਨੇ ਯਿਸੂ ਬਾਰੇ ਲਿਖਿਆ: “ਉਹ ਮਿੱਧੇ ਹੋਏ ਕਾਨੇ ਨੂੰ ਨਹੀਂ ਤੋੜੇਗਾ ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ।” (ਮੱਤੀ 12:20; ਯਸਾ. 42:3) ਇਸ ਦਾ ਕੀ ਮਤਲਬ ਹੈ? ਯਿਸੂ ਨੇ ਕਦੇ ਲੋਕਾਂ ਨੂੰ ਬੁਰਾ-ਭਲਾ ਨਹੀਂ ਕਿਹਾ ਜਾਂ ਉਨ੍ਹਾਂ ਨਾਲ ਬੁਰਾ ਸਲੂਕ ਨਹੀਂ ਕੀਤਾ, ਸਗੋਂ ਉਸ ਨੇ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਤਰੋ-ਤਾਜ਼ਾ ਕੀਤਾ। ਉਸ ਨੇ “ਟੁੱਟੇ ਦਿਲ ਵਾਲਿਆਂ” ਨੂੰ ਉਮੀਦ ਦਾ ਸੁਨੇਹਾ ਦਿੱਤਾ। (ਯਸਾ. 61:1) ਉਸ ਨੇ “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਲੋਕਾਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ ਤਾਂਕਿ ਉਨ੍ਹਾਂ ਦੀਆਂ “ਜਾਨਾਂ ਨੂੰ ਤਾਜ਼ਗੀ” ਮਿਲ ਸਕੇ। (ਮੱਤੀ 11:28-30) ਉਸ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਪਰਮੇਸ਼ੁਰ ਆਪਣੇ ਹਰੇਕ ਸੇਵਕ ਦੀ ਬਹੁਤ ਪਰਵਾਹ ਕਰਦਾ ਹੈ, ਉਨ੍ਹਾਂ “ਨਿਮਾਣਿਆਂ” ਦੀ ਵੀ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਐਵੇਂ ਸਮਝਦੇ ਹਨ।—ਮੱਤੀ 18:12-14; ਲੂਕਾ 12:6, 7.
ਬਾਈਬਲ ਪੜ੍ਹਾਈ
(ਯਸਾਯਾਹ 40:6-17) ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ! ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ? ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ। 7 ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ,—ਸੱਚ ਮੁੱਚ ਲੋਕ ਘਾਹ ਹੀ ਹਨ! 8 ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ। 9 ਹੇ ਸੀਯੋਨ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾਹ! ਹੇ ਯਰੂਸ਼ਲਮ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਵੇਖੋ, ਤੁਹਾਡਾ ਪਰਮੇਸ਼ੁਰ! 10 ਵੇਖੋ, ਪ੍ਰਭੁ ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਅਜਰ ਉਹ ਦੇ ਨਾਲ ਹੈ, ਅਤੇ ਉਹ ਦਾ ਵਟਾਂਦਰਾ ਉਹ ਦੇ ਸਨਮੁਖ ਹੈ। 11 ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ। 12 ਕਿਹ ਨੇ ਆਪਣੀਆਂ ਚੁਲੀਆਂ ਨਾਲ ਪਾਣੀਆਂ ਨੂੰ ਮਿਣਿਆ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਲਿਆ ਹੈ? 13 ਕਿਹ ਨੇ ਯਹੋਵਾਹ ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ? 14 ਉਹ ਨੇ ਕਿਹ ਦੇ ਨਾਲ ਸਲਾਹ ਕੀਤੀ, ਕਿਹ ਨੇ ਉਹ ਨੂੰ ਸਮਝ ਬਖ਼ਸ਼ੀ, ਯਾ ਨਿਆਉਂ ਦਾ ਮਾਰਗ ਉਹ ਨੂੰ ਸਿਖਾਇਆ, ਯਾ ਉਹ ਨੂੰ ਵਿੱਦਿਆ ਸਿਖਾਈ, ਯਾ ਉਹ ਨੂੰ ਗਿਆਨ ਦਾ ਰਾਹ ਸਮਝਾਇਆ? 15 ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਇੱਕ ਕਣੀ ਵਾਂਙੁ ਚੁੱਕ ਲੈਂਦਾ ਹੈ। 16 ਲਬਾਨੋਨ ਬਾਲਣ ਲਈ ਥੋੜਾ ਹੈ, ਅਤੇ ਉਹ ਦੇ ਦਰਿੰਦੇ ਹੋਮ ਬਲੀ ਲਈ ਵੀ ਥੋੜੇ ਹਨ। 17 ਸਾਰੀਆਂ ਕੌਮਾਂ ਉਹ ਦੇ ਹਜ਼ੂਰ ਨਾ ਹੋਈਆਂ ਜਿਹੀਆਂ ਹਨ, ਓਹ ਉਸ ਤੋਂ ਨੇਸਤੀ ਤੋਂ ਘੱਟ ਅਤੇ ਫੋਕਟ ਗਿਣੀਦੀਆਂ ਹਨ।
30 ਜਨਵਰੀ-5 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ । ਯਸਾਯਾਹ 43-46
“ਯਹੋਵਾਹ ਭਵਿੱਖਬਾਣੀਆਂ ਪੂਰੀਆਂ ਕਰਨ ਵਾਲਾ ਪਰਮੇਸ਼ੁਰ ਹੈ”
(ਯਸਾਯਾਹ 44:26-28) ਮੈਂ ਆਪਣੇ ਦਾਸ ਦੇ ਬਚਨ ਕਾਇਮ ਰੱਖਦਾ, ਅਤੇ ਆਪਣੇ ਦੂਤਾਂ ਦੀ ਸਲਾਹ ਪੂਰੀ ਕਰਦਾ ਹਾਂ, ਮੈਂ ਜੋ ਯਰੂਸ਼ਲਮ ਦੇ ਵਿੱਖੇ ਆਖਦਾ ਹਾਂ, ਉਹ ਆਬਾਦ ਹੋ ਜਾਵੇਗਾ, ਅਤੇ ਯਹੂਦਾਹ ਦੇ ਸ਼ਹਿਰਾਂ ਦੇ ਵਿਖੇ, ਓਹ ਉਸਾਰੇ ਜਾਣਗੇ ਅਰ ਮੈਂ ਉਨ੍ਹਾਂ ਦੇ ਖੋਲਿਆਂ ਨੂੰ ਖੜਾ ਕਰਾਂਗਾ,— 27 ਮੈਂ ਜੋ ਸਾਗਰ ਨੂੰ ਆਖਦਾ ਹਾਂ, ਸੁੱਕ ਜਾਹ! ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦਿਆਂਗਾ। 28 ਮੈਂ ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਪੁਰੀ ਕਰੇਗਾ, ਭਈ ਉਹ ਯਰੂਸ਼ਲਮ ਦੇ ਵਿਖੇ ਆਖੇ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।
ਸੱਚਾ ਪਰਮੇਸ਼ੁਰ ਛੁਟਕਾਰੇ ਬਾਰੇ ਭਵਿੱਖਬਾਣੀ ਕਰਦਾ ਹੈ
22 ਆਮ ਤੌਰ ਤੇ ਜੋਤਸ਼ੀ ਭਵਿੱਖ ਬਾਰੇ ਬਹੁਤਾ ਕੁਝ ਨਹੀਂ ਦੱਸਦੇ ਕਿਉਂਕਿ ਉਹ ਡਰਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਉਨ੍ਹਾਂ ਨੂੰ ਗ਼ਲਤ ਨਾ ਸਾਬਤ ਕਰ ਦੇਣ। ਪਰ ਇਸ ਤੋਂ ਉਲਟ ਯਸਾਯਾਹ ਰਾਹੀਂ ਯਹੋਵਾਹ ਨੇ ਉਸ ਬੰਦੇ ਦਾ ਨਾਂ ਵੀ ਦੱਸਿਆ ਸੀ ਜਿਸ ਨੂੰ ਉਹ ਆਪਣੇ ਲੋਕਾਂ ਨੂੰ ਗ਼ੁਲਾਮੀ ਤੋਂ ਛੁਡਾਉਣ ਲਈ ਵਰਤੇਗਾ ਤਾਂਕਿ ਉਹ ਘਰ ਵਾਪਸ ਜਾ ਕੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਦੁਬਾਰਾ ਉਸਾਰ ਸਕਣ। ਉਸ ਦਾ ਨਾਂ ਖੋਰੁਸ (ਖੋਰਸ) ਸੀ, ਅਤੇ ਉਹ ਫ਼ਾਰਸ ਦੇ ਖੋਰਸ ਮਹਾਨ ਵਜੋਂ ਜਾਣਿਆ ਗਿਆ ਸੀ। ਯਹੋਵਾਹ ਨੇ ਇਹ ਵੀ ਦੱਸਿਆ ਸੀ ਕਿ ਬਾਬਲ ਦੀ ਵੱਡੀ ਕਿਲਾਬੰਦੀ ਦੇ ਬਾਵਜੂਦ ਖੋਰਸ ਉਸ ਸ਼ਹਿਰ ਵਿਚ ਕਿਸ ਤਰ੍ਹਾਂ ਵੜ ਸਕੇਗਾ। ਵੱਡੀਆਂ-ਵੱਡੀਆਂ ਕੰਧਾਂ ਬਾਬਲ ਦੀ ਸੁਰੱਖਿਆ ਕਰਦੀਆਂ ਸਨ ਅਤੇ ਕਈ ਨਦੀਆਂ ਸ਼ਹਿਰ ਦੇ ਵਿਚ ਦੀ ਅਤੇ ਆਲੇ-ਦੁਆਲੇ ਵਹਿੰਦੀਆਂ ਸਨ। ਖੋਰਸ ਨੇ ਫਰਾਤ ਦਰਿਆ ਨੂੰ ਆਪਣੇ ਫ਼ਾਇਦੇ ਲਈ ਇਸਤੇਮਾਲ ਕਰਨਾ ਸੀ। ਹੈਰੋਡੋਟਸ ਅਤੇ ਜ਼ੈਨੋਫ਼ਨ ਨਾਂ ਦੇ ਪੁਰਾਣੇ ਇਤਿਹਾਸਕਾਰਾਂ ਦੇ ਅਨੁਸਾਰ, ਖੋਰਸ ਨੇ ਫਰਾਤ ਦਰਿਆ ਦੇ ਪਾਣੀਆਂ ਨੂੰ ਮੋੜ ਦਿੱਤਾ, ਜਿਸ ਕਰਕੇ ਸ਼ਹਿਰ ਦੁਆਲੇ ਪਾਣੀ ਘੱਟ ਗਿਆ ਅਤੇ ਉਸ ਦੇ ਫ਼ੌਜੀ ਖਾਈ ਪਾਰ ਕਰ ਸਕੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਪਾਣੀ ਸੁੱਕ ਗਿਆ ਸੀ ਕਿਉਂਕਿ ਫਰਾਤ ਦਰਿਆ ਬਾਬਲ ਨੂੰ ਨਹੀਂ ਬਚਾ ਸਕਿਆ।
23 ਉਸ ਵਾਅਦੇ ਬਾਰੇ ਕੀ ਕਿ ਖੋਰਸ ਪਰਮੇਸ਼ੁਰ ਦੇ ਲੋਕਾਂ ਨੂੰ ਛੁਡਾਵੇਗਾ ਅਤੇ ਯਰੂਸ਼ਲਮ ਅਤੇ ਉਸ ਦੀ ਹੈਕਲ ਦੁਬਾਰਾ ਉਸਾਰੇ ਜਾਣਗੇ? ਬਾਈਬਲ ਵਿਚ ਲਿਖੇ ਗਏ ਇਕ ਸਰਕਾਰੀ ਐਲਾਨ ਵਿਚ ਖੋਰਸ ਨੇ ਖ਼ੁਦ ਕਿਹਾ: “ਫਾਰਸ ਦਾ ਪਾਤਸ਼ਾਹ ਕੋਰਸ਼ [ਖੋਰਸ] ਇਉਂ ਫਰਮਾਉਂਦਾ ਹੈ ਕਿ ਅਕਾਸ਼ਾਂ ਦੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਰਬੱਤ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪੇ ਮੈਨੂੰ ਹਦੈਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ। ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ ਓਹੋ ਪਰਮੇਸ਼ੁਰ ਹੈ।” (ਅਜ਼ਰਾ 1:2, 3) ਯਸਾਯਾਹ ਰਾਹੀਂ ਯਹੋਵਾਹ ਦਾ ਬਚਨ ਐਨ ਪੂਰਾ ਹੋਇਆ!
(ਯਸਾਯਾਹ 45:1, 2) ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਫੜਿਆ, ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ੍ਹ ਦਿਆਂ, ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ, ਅਤੇ ਫਾਟਕ ਬੰਦ ਨਾ ਕੀਤੇ ਜਾਣ, ਮੈਂ ਤੇਰੇ ਅੱਗੇ ਚੱਲਾਂਗਾ, ਅਤੇ ਉੱਚਿਆਈਆਂ ਨੂੰ ਪੱਧਰਿਆਂ ਕਰਾਂਗਾ, ਮੈਂ ਪਿੱਤਲ ਦੇ ਦਰ ਭੰਨ ਸੁੱਟਾਂਗਾ, ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ।
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”
4 ਯਸਾਯਾਹ ਰਾਹੀਂ ਯਹੋਵਾਹ ਨੇ ਖੋਰਸ ਨਾਲ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਜੀਉਂਦਾ ਸੀ। ਪਰ ਅਸਲ ਵਿਚ ਯਸਾਯਾਹ ਦੇ ਸਮੇਂ ਵਿਚ ਖੋਰਸ ਤਾਂ ਅਜੇ ਪੈਦਾ ਵੀ ਨਹੀਂ ਹੋਇਆ ਸੀ। (ਰੋਮੀਆਂ 4:17) ਯਹੋਵਾਹ ਨੇ ਪਹਿਲਾਂ ਹੀ ਖੋਰਸ ਨੂੰ ਇਕ ਖ਼ਾਸ ਕੰਮ ਕਰਨ ਲਈ ਚੁਣਿਆ ਸੀ, ਇਸ ਲਈ ਖੋਰਸ ਨੂੰ ਪਰਮੇਸ਼ੁਰ ਦਾ ‘ਮਸਹ ਕੀਤਾ ਹੋਇਆ’ ਸੱਦਿਆ ਜਾ ਸਕਦਾ ਸੀ। ਪਰਮੇਸ਼ੁਰ ਦੀ ਅਗਵਾਈ ਦੇ ਅਧੀਨ, ਉਸ ਨੇ ਕੌਮਾਂ ਨੂੰ ਆਪਣੇ ਕਬਜ਼ੇ ਵਿਚ ਕਰਨਾ ਸੀ ਅਤੇ ਰਾਜਿਆਂ ਨੂੰ ਕਮਜ਼ੋਰ ਸਾਬਤ ਕਰਨਾ ਸੀ। ਫਿਰ ਜਦੋਂ ਖੋਰਸ ਨੇ ਬਾਬਲ ਉੱਤੇ ਹਮਲਾ ਕਰਨਾ ਸੀ, ਯਹੋਵਾਹ ਨੇ ਨਿਸ਼ਚਿਤ ਕਰਨਾ ਸੀ ਕਿ ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਛੱਡੇ ਜਾਣਗੇ ਅਤੇ ਇਸ ਤਰ੍ਹਾਂ ਇਨ੍ਹਾਂ ਨੇ ਭੰਨੇ ਹੋਏ ਦਰਾਂ ਵਰਗੇ ਬੇਕਾਰ ਹੋਣਾ ਸੀ। ਉਸ ਨੇ ਖੋਰਸ ਦੇ ਅੱਗੇ-ਅੱਗੇ ਚੱਲ ਕੇ ਸਾਰੀਆਂ ਰੁਕਾਵਟਾਂ ਨੂੰ ਹਟਾਉਣਾ ਸੀ। ਅਖ਼ੀਰ ਵਿਚ ਖੋਰਸ ਦੇ ਫ਼ੌਜੀਆਂ ਨੇ ਬਾਬਲ ਨੂੰ ਵੱਸ ਵਿਚ ਕਰ ਕੇ ਉਸ ਦੇ “ਅਨ੍ਹੇਰੇ ਦੇ ਖ਼ਜ਼ਾਨੇ” ਲੈ ਲੈਣੇ ਸਨ, ਯਾਨੀ ਕੋਠੜੀਆਂ ਵਿਚ ਲੁਕਾਇਆ ਹੋਇਆ ਧਨ। ਕੀ ਯਸਾਯਾਹ ਦੀ ਭਵਿੱਖਬਾਣੀ ਦੀਆਂ ਇਹ ਗੱਲਾਂ ਪੂਰੀਆਂ ਹੋਈਆਂ ਸਨ?
5 ਯਸਾਯਾਹ ਦੇ ਇਸ ਭਵਿੱਖਬਾਣੀ ਲਿਖਣ ਤੋਂ ਕੁਝ 200 ਸਾਲ ਬਾਅਦ, 539 ਸਾ.ਯੁ.ਪੂ. ਵਿਚ ਖੋਰਸ ਬਾਬਲ ਉੱਤੇ ਹਮਲਾ ਕਰਨ ਲਈ ਉਸ ਦੀਆਂ ਕੰਧਾਂ ਤਕ ਆ ਪਹੁੰਚਿਆ ਸੀ। (ਯਿਰਮਿਯਾਹ 51:11, 12) ਪਰ ਬਾਬਲੀਆਂ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਸ਼ਹਿਰ ਬਿਲਕੁਲ ਸੁਰੱਖਿਅਤ ਸੀ। ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਕੰਧਾਂ ਸਨ ਅਤੇ ਇਨ੍ਹਾਂ ਦੁਆਲੇ ਫਰਾਤ ਦਰਿਆ ਦੇ ਪਾਣੀ ਨਾਲ ਭਰੀਆਂ ਹੋਈਆਂ ਡੂੰਘੀਆਂ ਖਾਈਆਂ ਸਨ। ਸੌ ਕੁ ਸਾਲਾਂ ਤੋਂ ਕੋਈ ਵੀ ਦੁਸ਼ਮਣ ਬਾਬਲ ਉੱਤੇ ਸਿੱਧੇ ਤੌਰ ਤੇ ਹਮਲਾ ਨਹੀਂ ਕਰ ਸਕਿਆ ਸੀ! ਬੇਲਸ਼ੱਸਰ ਬਾਬਲ ਉੱਤੇ ਰਾਜ ਕਰ ਰਿਹਾ ਸੀ ਅਤੇ ਉਸ ਨੂੰ ਬਾਬਲ ਦੀ ਸੁਰੱਖਿਆ ਉੱਤੇ ਇੰਨਾ ਭਰੋਸਾ ਸੀ ਕਿ ਉਹ ਉਸ ਸਮੇਂ ਆਪਣੇ ਪ੍ਰਧਾਨਾਂ ਨਾਲ ਦਾਅਵਤ ਵਿਚ ਖਾ-ਪੀ ਰਿਹਾ ਸੀ। (ਦਾਨੀਏਲ 5:1) ਉਸੇ ਰਾਤ, ਯਾਨੀ ਅਕਤੂਬਰ 5/6 ਦੀ ਰਾਤ ਨੂੰ ਖੋਰਸ ਨੇ ਵੱਡੀ ਫ਼ੌਜੀ ਕਾਰਵਾਈ ਕੀਤੀ।
6 ਖੋਰਸ ਦੇ ਫ਼ੌਜੀ ਇੰਜੀਨੀਅਰਾਂ ਨੇ ਫਰਾਤ ਦਰਿਆ ਦੇ ਉਪਰਲੇ ਪਾਸੇ ਦੇ ਪਾਣੀਆਂ ਨੂੰ ਮੋੜ ਦਿੱਤਾ ਤਾਂਕਿ ਉਹ ਦੱਖਣ ਵਿਚ ਸ਼ਹਿਰ ਵੱਲ ਨਹੀਂ ਵਹਿ ਸਕਦੇ ਸਨ। ਕੁਝ ਸਮਾਂ ਬਾਅਦ, ਬਾਬਲ ਵਿਚ ਦੀ ਲੰਘਦੇ ਦਰਿਆ ਦਾ ਪਾਣੀ ਅਤੇ ਆਲੇ ਦੁਆਲੇ ਦਾ ਪਾਣੀ ਇੰਨਾ ਘੱਟ ਗਿਆ ਕਿ ਖੋਰਸ ਦੇ ਫ਼ੌਜੀ ਦਰਿਆ ਦੇ ਤਲ ਉੱਤੇ ਚਿੱਕੜ ਵਿਚ ਦੀ ਸ਼ਹਿਰ ਅੰਦਰ ਆ ਸਕਦੇ ਸਨ। (ਯਸਾਯਾਹ 44:27; ਯਿਰਮਿਯਾਹ 50:38) ਬੜੀ ਹੈਰਾਨੀ ਦੀ ਗੱਲ ਹੈ ਕਿ ਜਿਵੇਂ ਯਸਾਯਾਹ ਨੇ ਦੱਸਿਆ ਸੀ, ਦਰਿਆ ਕਿਨਾਰੇ ਸ਼ਹਿਰ ਦੇ ਫਾਟਕ ਖੁੱਲ੍ਹੇ ਛੱਡੇ ਗਏ ਸਨ। ਖੋਰਸ ਦੀ ਫ਼ੌਜ ਨੇ ਬਾਬਲ ਵਿਚ ਵੜ ਕੇ ਰਾਜਮਹਿਲ ਉੱਤੇ ਹਮਲਾ ਕੀਤਾ ਅਤੇ ਰਾਜਾ ਬੇਲਸ਼ੱਸਰ ਨੂੰ ਜਾਨੋਂ ਮਾਰ ਦਿੱਤਾ। (ਦਾਨੀਏਲ 5:30) ਉਹ ਇੱਕੋ ਰਾਤ ਵਿਚ ਜਿੱਤ ਗਏ। ਬਾਬਲ ਡਿੱਗ ਪਿਆ ਅਤੇ ਭਵਿੱਖਬਾਣੀ ਐਨ ਪੂਰੀ ਹੋਈ।
(ਯਸਾਯਾਹ 45:3-6) ਮੈਂ ਤੈਨੂੰ ਅਨ੍ਹੇਰੇ ਦੇ ਖ਼ਜ਼ਾਨੇ, ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ, ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹਾਂ। 4 ਮੇਰੇ ਦਾਸ ਯਾਕੂਬ ਦੀ, ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ। 5 ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ, ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ, 6 ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੈਥੋਂ ਬਿਨਾ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ।
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”
ਯਹੋਵਾਹ ਨੇ ਖੋਰਸ ਨੂੰ ਕਿਉਂ ਚੁਣਿਆ
8 ਇਹ ਦੱਸਣ ਤੋਂ ਬਾਅਦ ਕਿ ਬਾਬਲ ਉੱਤੇ ਕੌਣ ਜਿੱਤ ਪ੍ਰਾਪਤ ਕਰੇਗਾ ਅਤੇ ਇਹ ਕਿਵੇਂ ਹੋਵੇਗਾ, ਯਹੋਵਾਹ ਨੇ ਖੋਰਸ ਨੂੰ ਜਿੱਤ ਦਿਲਾਉਣ ਦਾ ਇਕ ਕਾਰਨ ਦਿੱਤਾ ਸੀ। ਭਵਿੱਖਬਾਣੀ ਵਿਚ ਯਹੋਵਾਹ ਨੇ ਖੋਰਸ ਨੂੰ ਕਿਹਾ ਕਿ ਇਹ ਇਸ ਲਈ ਸੀ “ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹਾਂ।” (ਯਸਾਯਾਹ 45:3ਅ) ਇਹ ਢੁਕਵਾਂ ਸੀ ਕਿ ਬਾਈਬਲ ਦੇ ਇਤਿਹਾਸ ਦੀ ਚੌਥੀ ਵਿਸ਼ਵ ਸ਼ਕਤੀ ਦਾ ਰਾਜਾ ਇਹ ਪਛਾਣੇ ਕਿ ਉਸ ਦੀ ਸਭ ਤੋਂ ਵੱਡੀ ਜਿੱਤ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਸਹਾਰੇ ਨਾਲ ਹੋਈ ਸੀ, ਜੋ ਉਸ ਨਾਲੋਂ ਕਿਤੇ ਉੱਤਮ ਹੈ। ਖੋਰਸ ਨੂੰ ਮੰਨਣਾ ਚਾਹੀਦਾ ਸੀ ਕਿ ਉਸ ਨੂੰ ਬੁਲਾਉਣ ਵਾਲਾ, ਯਾਨੀ ਉਸ ਨੂੰ ਇਹ ਕੰਮ ਸੌਂਪਣ ਵਾਲਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਸੀ। ਬਾਈਬਲ ਦਿਖਾਉਂਦੀ ਹੈ ਕਿ ਖੋਰਸ ਨੇ ਸੱਚ-ਮੁੱਚ ਇਹ ਗੱਲ ਮੰਨੀ ਸੀ ਕਿ ਉਸ ਦੀ ਵੱਡੀ ਜਿੱਤ ਯਹੋਵਾਹ ਵੱਲੋਂ ਸੀ।—ਅਜ਼ਰਾ 1:2, 3.
9 ਯਹੋਵਾਹ ਨੇ ਦੂਜਾ ਕਾਰਨ ਦੱਸਿਆ ਕਿ ਉਸ ਨੇ ਖੋਰਸ ਨੂੰ ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਲਈ ਕਿਉਂ ਲਿਆਂਦਾ ਸੀ: “ਮੇਰੇ ਦਾਸ ਯਾਕੂਬ ਦੀ, ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।” (ਯਸਾਯਾਹ 45:4) ਬਾਬਲ ਉੱਤੇ ਖੋਰਸ ਦੀ ਜਿੱਤ ਬਹੁਤ ਜ਼ਰੂਰੀ ਸੀ। ਇਸ ਨਾਲ ਇਕ ਵਿਸ਼ਵ ਸ਼ਕਤੀ ਖ਼ਤਮ ਹੋਈ ਅਤੇ ਦੂਜੀ ਸ਼ੁਰੂ ਹੋਈ ਸੀ, ਅਤੇ ਇਸ ਨੇ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਵੱਡਾ ਅਸਰ ਪਾਇਆ। ਬਾਬਲ ਦੇ ਆਲੇ-ਦੁਆਲੇ ਦੀਆਂ ਕੌਮਾਂ ਹੋ ਰਹੀਆਂ ਘਟਣਾਵਾਂ ਬੇਤਾਬੀ ਨਾਲ ਦੇਖ ਰਹੀਆਂ ਸਨ। ਉਹ ਇਹ ਜਾਣ ਕੇ ਬਹੁਤ ਹੈਰਾਨ ਹੋਈਆਂ ਹੋਣੀਆਂ ਕਿ ਇਹ ਸਾਰਾ ਕੁਝ ਬਾਬਲ ਵਿਚ ਯਾਕੂਬ ਦੀ ਅੰਸ ਵਿੱਚੋਂ ਸਿਰਫ਼ ਹਜ਼ਾਰਾਂ ਕੁ “ਮਾਮੂਲੀ” ਯਹੂਦੀ ਗ਼ੁਲਾਮਾਂ ਦੀ ਖ਼ਾਤਰ ਹੋਇਆ ਸੀ। ਲੇਕਿਨ ਯਹੋਵਾਹ ਦੀ ਨਜ਼ਰ ਵਿਚ ਇਸਰਾਏਲ ਦੀ ਪ੍ਰਾਚੀਨ ਕੌਮ ਦਾ ਬਕੀਆ ਮਾਮੂਲੀ ਨਹੀਂ ਸੀ। ਉਹ ਉਸ ਦਾ “ਦਾਸ” ਸੀ। ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਉਹ ਉਸ ਦਾ ‘ਚੁਣਵਾਂ’ ਦਾਸ ਸੀ। ਭਾਵੇਂ ਕਿ ਖੋਰਸ ਯਹੋਵਾਹ ਨੂੰ ਪਹਿਲਾਂ ਨਹੀਂ ਜਾਣਦਾ ਸੀ, ਯਹੋਵਾਹ ਨੇ ਉਸ ਨੂੰ ਆਪਣੇ ਮਸਹ ਕੀਤੇ ਹੋਏ ਸੇਵਕ ਵਜੋਂ ਵਰਤਿਆ ਤਾਂਕਿ ਉਹ ਉਸ ਸ਼ਹਿਰ ਨੂੰ ਬਰਬਾਦ ਕਰੇ ਜੋ ਉਸ ਦੇ ਗ਼ੁਲਾਮਾਂ ਨੂੰ ਛੱਡਣ ਤੋਂ ਇਨਕਾਰ ਕਰਦਾ ਸੀ। ਇਹ ਪਰਮੇਸ਼ੁਰ ਦਾ ਮਕਸਦ ਨਹੀਂ ਸੀ ਕਿ ਉਸ ਦੇ ਚੁਣੇ ਹੋਏ ਲੋਕ ਹਮੇਸ਼ਾ ਲਈ ਵਿਦੇਸ਼ ਵਿਚ ਤੰਗੀਆਂ ਕੱਟਣ।
10 ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਲਈ ਖੋਰਸ ਨੂੰ ਵਰਤਣ ਦੇ ਤੀਜੇ ਅਤੇ ਸਭ ਤੋਂ ਮਹੱਤਵਪੂਰਣ ਕਾਰਨ ਬਾਰੇ ਯਹੋਵਾਹ ਨੇ ਕਿਹਾ: “ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ, ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ, ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੈਥੋਂ ਬਿਨਾ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ।” (ਯਸਾਯਾਹ 45:5, 6) ਜੀ ਹਾਂ, ਬਾਬਲੀ ਵਿਸ਼ਵ ਸ਼ਕਤੀ ਦੇ ਡਿੱਗਣ ਨੇ ਦਿਖਾਇਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਇਸ ਨੇ ਸਾਰਿਆਂ ਲਈ ਸਾਬਤ ਕੀਤਾ ਕਿ ਸਿਰਫ਼ ਉਹੀ ਉਪਾਸਨਾ ਦੇ ਲਾਇਕ ਹੈ। ਕਿਉਂ ਜੋ ਪਰਮੇਸ਼ੁਰ ਦੇ ਲੋਕ ਛੁਡਾਏ ਗਏ ਸਨ, ਇਸ ਲਈ ਪੂਰਬ ਤੋਂ ਪੱਛਮ ਤਕ ਕਈਆਂ ਕੌਮਾਂ ਦੇ ਲੋਕਾਂ ਨੇ ਸਵੀਕਾਰ ਕੀਤਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।—ਮਲਾਕੀ 1:11.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਸਾਯਾਹ 43:10-12) ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। 11 ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। 12 ਮੈਂ ਦੱਸਿਆ, ਮੈਂ ਬਚਾਇਆ, ਮੈਂ ਸੁਣਾਇਆ, ਅਤੇ ਤੁਹਾਡੇ ਵਿੱਚ ਕੋਈ ਓਪਰਾ (ਦੇਵਤਾ) ਨਹੀਂ ਸੀ, ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਹੀ ਪਰਮੇਸ਼ੁਰ ਹਾਂ।
‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ’
ਗਵਾਹਾਂ ਦੀ ਕੌਮ
14 ਇਜ਼ਰਾਈਲੀ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਪਰ ਹੋਰ ਕੌਮਾਂ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੀਆਂ ਸਨ। ਇਸ ਲਈ ਯਸਾਯਾਹ ਦੇ ਜ਼ਮਾਨੇ ਵਿਚ ਇਹ ਜ਼ਰੂਰੀ ਸਵਾਲ ਖੜ੍ਹਾ ਹੋਇਆ: ਸੱਚਾ ਪਰਮੇਸ਼ੁਰ ਕੌਣ ਸੀ? ਯਹੋਵਾਹ ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਉਸੇ ਤਰ੍ਹਾਂ ਦੇਣ ਦੀ ਲੋੜ ਸੀ ਜਿਸ ਤਰ੍ਹਾਂ ਅਦਾਲਤ ਵਿਚ ਚੱਲਦੇ ਮੁਕੱਦਮੇ ਸਮੇਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਉਸ ਨੇ ਕੌਮਾਂ ਦੇ ਦੇਵੀ-ਦੇਵਤਿਆਂ ਨੂੰ ਲਲਕਾਰਿਆ ਕਿ ਉਹ ਆਪਣੇ ਗਵਾਹ ਪੇਸ਼ ਕਰਨ ਜੋ ਇਹ ਸਬੂਤ ਦੇ ਸਕਣ ਕਿ ਦੇਵੀ-ਦੇਵਤੇ ਅਸਲੀ ਸਨ ਜਾਂ ਨਹੀਂ। ਯਹੋਵਾਹ ਨੇ ਕਿਹਾ: “ਸਾਰੀਆਂ ਕੌਮਾਂ ਇਕੱਠੀਆਂ ਹੋਣ, ਅਤੇ ਉੱਮਤਾਂ ਜਮਾ ਹੋਣ, ਓਹਨਾਂ ਵਿੱਚ [ਉਨ੍ਹਾਂ ਦੇ ਦੇਵਤਿਆਂ ਵਿੱਚੋਂ] ਕੌਣ ਹੈ ਜੋ ਇਹ ਦੱਸੇ, ਅਤੇ ਪਹਿਲੀਆਂ ਗੱਲਾਂ ਸਾਨੂੰ ਸੁਣਾਵੇ? ਓਹ ਆਪਣੇ ਗਵਾਹ ਲਿਆਉਣ, ਭਈ ਓਹ ਧਰਮੀ ਠਹਿਰਨ, ਯਾ ਓਹ ਸੁਣ ਕੇ ਆਖਣ, ਏਹ ਸਤ ਹੈ।”—ਯਸਾ. 43:9.
15 ਕੌਮਾਂ ਦੇ ਦੇਵੀ-ਦੇਵਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਦੇ ਸਕੇ ਕਿ ਉਹ ਅਸਲੀ ਸਨ। ਉਹ ਸਿਰਫ਼ ਮੂਰਤੀਆਂ ਸਨ ਜੋ ਬੋਲ ਨਹੀਂ ਸਕਦੀਆਂ ਤੇ ਉਨ੍ਹਾਂ ਨੂੰ ਚੁੱਕ ਕੇ ਇੱਧਰ-ਉੱਧਰ ਲਿਜਾਣਾ ਪੈਂਦਾ ਸੀ। (ਯਸਾ. 46:5-7) ਦੂਜੇ ਪਾਸੇ, ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ: “ਤੁਸੀਂ ਮੇਰੇ ਗਵਾਹ ਹੋ, . . . ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। . . . ਤੁਸੀਂ ਮੇਰੇ ਗਵਾਹ ਹੋ, . . . ਅਤੇ ਮੈਂ ਹੀ ਪਰਮੇਸ਼ੁਰ ਹਾਂ।”—ਯਸਾ. 43:10-12.
16 ਅਦਾਲਤ ਵਿਚ ਪੇਸ਼ ਹੋਣ ਵਾਲੇ ਗਵਾਹਾਂ ਵਾਂਗ ਯਹੋਵਾਹ ਦੇ ਚੁਣੇ ਹੋਏ ਲੋਕਾਂ ਕੋਲ ਇਹ ਸਬੂਤ ਦੇਣ ਦਾ ਸਨਮਾਨ ਸੀ ਕਿ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ। ਯਹੋਵਾਹ ਨੇ ਆਪਣੇ ਲੋਕਾਂ ਬਾਰੇ ਕਿਹਾ ਸੀ ਕਿ “ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।” (ਯਸਾ. 43:21) ਉਹ ਲੋਕ ਉਸ ਦੇ ਨਾਂ ਤੋਂ ਜਾਣੇ ਜਾਂਦੇ ਸਨ। ਯਹੋਵਾਹ ਨੇ ਉਨ੍ਹਾਂ ਨੂੰ ਮਿਸਰ ਤੋਂ ਆਜ਼ਾਦ ਕਰਾਇਆ ਸੀ, ਇਸ ਲਈ ਉਨ੍ਹਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਹੋਰ ਸਾਰੇ ਲੋਕਾਂ ਅੱਗੇ ਯਹੋਵਾਹ ਨੂੰ ਆਪਣਾ ਰਾਜਾ ਮੰਨਣ। ਉਨ੍ਹਾਂ ਦਾ ਰਵੱਈਆ ਮੀਕਾਹ ਨਬੀ ਦੀ ਕਹੀ ਗੱਲ ਅਨੁਸਾਰ ਹੋਣਾ ਚਾਹੀਦਾ ਸੀ ਤੇ ਅੱਜ ਪਰਮੇਸ਼ੁਰ ਦੇ ਲੋਕਾਂ ਦਾ ਵੀ ਉਹੀ ਰਵੱਈਆ ਹੋਣਾ ਚਾਹੀਦਾ ਹੈ। ਮੀਕਾਹ ਨੇ ਕਿਹਾ ਸੀ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾ. 4:5.
(ਯਸਾਯਾਹ 43:25) “ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।”
“ਤੁਸੀਂ ਮੇਰੇ ਗਵਾਹ ਹੋ!”
24 ਪਰ ਧਿਆਨ ਦਿਓ ਕਿ ਯਹੋਵਾਹ ਨੇ ਇਸਰਾਏਲੀਆਂ ਉੱਤੇ ਸਿਰਫ਼ ਉਨ੍ਹਾਂ ਦੀ ਤੋਬਾ ਕਰਕੇ ਹੀ ਨਹੀਂ ਦਇਆ ਕੀਤੀ ਸੀ। ਯਹੋਵਾਹ ਨੇ ਆਪਣੀ ਖ਼ਾਤਰ ਇਹ ਕੀਤਾ ਸੀ। ਜੀ ਹਾਂ, ਆਪਣੇ ਨਾਂ ਦੀ ਖ਼ਾਤਰ। ਜੇ ਉਹ ਇਸਰਾਏਲ ਨੂੰ ਹਮੇਸ਼ਾ ਲਈ ਗ਼ੁਲਾਮੀ ਵਿਚ ਛੱਡ ਦਿੰਦਾ, ਤਾਂ ਦੇਖਣ ਵਾਲੇ ਉਸ ਦੀ ਬਦਨਾਮੀ ਕਰਦੇ। (ਜ਼ਬੂਰ 79:9; ਹਿਜ਼ਕੀਏਲ 20:8-10) ਅੱਜ ਵੀ ਇਹ ਗੱਲ ਸੱਚੀ ਹੈ। ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਅਤੇ ਉਸ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਨਾ ਸਭ ਤੋਂ ਜ਼ਰੂਰੀ ਗੱਲਾਂ ਹਨ। ਇਸ ਤੋਂ ਬਾਅਦ ਇਨਸਾਨਾਂ ਦੀ ਮੁਕਤੀ ਦੀ ਗੱਲ ਆਉਂਦੀ ਹੈ। ਫਿਰ ਵੀ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਜੋ ਉਸ ਦੀ ਤਾੜਨਾ ਸਵੀਕਾਰ ਕਰ ਕੇ ਆਤਮਾ ਅਤੇ ਸੱਚਾਈ ਨਾਲ ਉਸ ਦੀ ਭਗਤੀ ਕਰਦੇ ਹਨ। ਚਾਹੇ ਉਹ ਮਸਹ ਕੀਤੇ ਹੋਏ ਹੋਣ ਜਾਂ ਹੋਰ ਭੇਡਾਂ, ਉਹ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਉਨ੍ਹਾਂ ਦੇ ਪਾਪ ਮਾਫ਼ ਕਰ ਕੇ ਉਨ੍ਹਾਂ ਲਈ ਆਪਣਾ ਪਿਆਰ ਦਿਖਾਉਂਦਾ ਹੈ।—ਯੂਹੰਨਾ 3:16; 4:23, 24.
ਬਾਈਬਲ ਪੜ੍ਹਾਈ
(ਯਸਾਯਾਹ 46:1-13) ਬੇਲ ਦੇਵ ਝੁਕ ਜਾਂਦਾ, ਨਬੋ ਦੇਵ ਕੁੱਬਾ ਹੋ ਜਾਂਦਾ, ਓਹਨਾਂ ਦੇ ਬੁੱਤ ਪਸੂਆਂ ਉੱਤੇ ਤੇ ਡੰਗਰਾਂ ਉੱਤੇ ਹਨ, ਜਿਹੜੇ ਭਾਰ ਤੁਸੀਂ ਚੁੱਕੀ ਫਿਰਦੇ ਸਾਓ, ਓਹ ਥੱਕੇ ਹੋਏ ਪਸੂਆਂ ਲਈ ਬੋਝ ਹਨ। 2 ਓਹ ਇਕੱਠੇ ਝੁਕ ਜਾਂਦੇ, ਓਹ ਕੁੱਬੇ ਹੋ ਜਾਂਦੇ, ਓਹ ਬੋਝ ਨੂੰ ਛੁਡਾ ਨਾ ਸੱਕੇ, ਸਗੋਂ ਆਪ ਹੀ ਅਸੀਰੀ ਵਿੱਚ ਚੱਲੇ ਗਏ। 3 ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਕੀਏ, ਤੁਸੀਂ ਜਿਹੜੇ ਢਿੱਡੋਂ ਮੈਥੋਂ ਸੰਭਾਲੇ ਗਏ, ਜਿਹੜੇ ਕੁੱਖੋਂ ਹੀ ਚੁੱਕੇ ਗਏ, 4 ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ, ਮੈਂ ਬਣਾਇਆ ਤੇ ਮੈਂ ਚੁੱਕਾਂਗਾ, ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ। 5 ਤੁਸੀਂ ਕਿਹ ਦੇ ਵਰਗਾ ਮੈਨੂੰ ਬਣਾਓਗੇ, ਕਿਹ ਦੇ ਤੁੱਲ ਮੈਨੂੰ ਠਹਿਰਾਓਗੇ, ਕਿਹ ਦੇ ਨਾਲ ਮੇਰੀ ਮਿਸਾਲ ਦਿਓਗੇ, ਭਈ ਅਸੀਂ ਇੱਕ ਵਰਗੇ ਹੋਈਏ? 6 ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਓਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਠਾਕਰ ਬਣਾਉਂਦਾ, ਤਾਂ ਓਹ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ! 7 ਓਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਖੜਾ ਰਹਿੰਦਾ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ। ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਉਹ ਨੂੰ ਉਹ ਦੇ ਦੁਖ ਤੋਂ ਬਚਾਉਂਦਾ ਹੈ। 8 ਏਹ ਨੂੰ ਚੇਤੇ ਰੱਖੋ ਅਤੇ ਮਨੁੱਖ ਬਣੋ, ਫੇਰ ਦਿਲ ਤੇ ਲਾਓ, ਹੇ ਅਪਰਾਧੀਓ! 9 ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ ਰੱਖੋ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ। 10 ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ। 11 ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ, ਆਪਣੀ ਸਲਾਹ ਦੇ ਮਨੁੱਖ ਨੂੰ ਦੂਰ ਦੇਸ ਤੋਂ ਸੱਦਦਾ ਹਾਂ। ਹਾਂ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ। 12 ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ! ਤੁਸੀਂ ਜੋ ਧਰਮ ਤੋਂ ਦੂਰ ਹੋ,— 13 ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ, ਉਹ ਦੂਰ ਨਹੀਂ ਰਹੇਗਾ, ਮੇਰਾ ਬਚਾਓ ਢਿਲ ਨਹੀਂ ਲਾਵੇਗਾ, ਮੈਂ ਸੀਯੋਨ ਵਿੱਚ ਬਚਾਓ, ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ।