ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 12/15 ਸਫ਼ੇ 24-28
  • “ਪਰਦੇਸੀ” ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਪਰਦੇਸੀ” ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਬਰਾਹਾਮ ਵਾਂਗ “ਪਰਦੇਸੀ”
  • ਸਰਹੱਦਾਂ ਨੂੰ ਮਿਟਾਓ
  • ਪਰਦੇਸੀਆਂ ਤੋਂ ਬਿਨਾਂ ਦੁਨੀਆਂ
  • ਪਰਮੇਸ਼ੁਰ ਦੇ ਪ੍ਰਾਰਥਨਾ ਦੇ ਘਰ ਵਿਚ ਓਪਰੇ ਇਕੱਠੇ ਕੀਤੇ ਗਏ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
  • ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸੱਚੀ ਉਪਾਸਨਾ ਦੀ ਵਿਜੈ ਨੇੜੇ ਅੱਪੜਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • “ਆਪਣਿਆਂ ਮਨਾਂ ਨੂੰ ਤਕੜਿਆਂ ਰੱਖ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 12/15 ਸਫ਼ੇ 24-28

“ਪਰਦੇਸੀ” ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ

“ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ, ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ।”—ਯਸਾ. 61:5, 6.

ਤੁਸੀਂ ਕੀ ਜਵਾਬ ਦਿਓਗੇ?

ਕੁਝ ਲੋਕ ਪਰਦੇਸੀਆਂ ਨੂੰ ਕਿਵੇਂ ਵਿਚਾਰਦੇ ਹਨ, ਪਰ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ?

ਸਾਰੀਆਂ ਕੌਮਾਂ ਦੇ ਲੋਕਾਂ ਨੂੰ ਕਿਹੜਾ ਸੱਦਾ ਦਿੱਤਾ ਜਾ ਰਿਹਾ ਹੈ?

ਅਸੀਂ ਅੱਜ ਵੀ ਕਿਸ ਅਰਥ ਵਿਚ ਪਰਦੇਸੀਆਂ ਬਿਨਾਂ ਦੁਨੀਆਂ ਦੇਖਦੇ ਹਾਂ?

1. ਕੁਝ ਲੋਕ ਪਰਦੇਸੀਆਂ ਬਾਰੇ ਕੀ ਸੋਚਦੇ ਹਨ, ਪਰ ਇਹ ਸਹੀ ਕਿਉਂ ਨਹੀਂ ਹੈ?

ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ ਕੁਝ ਲੋਕ “ਪਰਦੇਸੀ” ਸ਼ਬਦ ਗ਼ਲਤ ਤਰੀਕੇ ਨਾਲ ਵਰਤ ਕੇ ਦਿਖਾਉਂਦੇ ਹਨ ਕਿ ਉਹ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਨੀਵਾਂ ਸਮਝਦੇ ਹਨ ਤੇ ਉਨ੍ਹਾਂ ਨਾਲ ਨਫ਼ਰਤ ਕਰਦੇ ਹਨ। ਜੇ ਅਸੀਂ ਹੋਰਨਾਂ ਦੇਸ਼ਾਂ ਦੇ ਲੋਕਾਂ ਬਾਰੇ ਇਸ ਤਰ੍ਹਾਂ ਸੋਚਦੇ ਹਾਂ, ਤਾਂ ਅਸੀਂ ਉਨ੍ਹਾਂ ਦਾ ਅਪਮਾਨ ਕਰਦੇ ਹਾਂ। ਨਾਲੇ ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। ਮਨੁੱਖਜਾਤੀ ਦੀਆਂ ਨਸਲਾਂ (ਅੰਗ੍ਰੇਜ਼ੀ) ਨਾਂ ਦੀ ਛੋਟੀ ਕਿਤਾਬ ਵਿਚ ਲਿਖਿਆ ਹੈ: “ਬਾਈਬਲ ਸਹੀ ਕਹਿੰਦੀ ਹੈ ਕਿ ਸਾਰੀਆਂ ਨਸਲਾਂ ਦੇ ਲੋਕ ਭੈਣ-ਭਰਾ ਹਨ।” ਭਾਵੇਂ ਭੈਣ-ਭਰਾ ਇਕ-ਦੂਜੇ ਤੋਂ ਵੱਖਰੇ ਹੁੰਦੇ ਹਨ, ਪਰ ਫਿਰ ਵੀ ਉਹ ਭੈਣ-ਭਰਾ ਹੀ ਹੁੰਦੇ ਹਨ।

2, 3. ਪਰਦੇਸੀਆਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

2 ਅੱਜ ਤਕਰੀਬਨ ਹਰ ਜਗ੍ਹਾ ਕੁਝ ਲੋਕ ਪਰਦੇਸੀਆਂ ਵਜੋਂ ਰਹਿੰਦੇ ਹਨ। ਪ੍ਰਾਚੀਨ ਇਜ਼ਰਾਈਲ ਵਿਚ ਵੀ ਪਰਦੇਸੀ ਰਹਿੰਦੇ ਸਨ ਜਿਨ੍ਹਾਂ ਕੋਲ ਬਹੁਤੇ ਹੱਕ ਨਹੀਂ ਸਨ। ਪਰ ਪਰਮੇਸ਼ੁਰ ਦੇ ਖ਼ਾਸ ਲੋਕ ਹੋਣ ਦੇ ਬਾਵਜੂਦ ਇਜ਼ਰਾਈਲੀਆਂ ਨੂੰ ਮੂਸਾ ਦੇ ਕਾਨੂੰਨ ਵਿਚ ਹੁਕਮ ਦਿੱਤਾ ਗਿਆ ਸੀ ਕਿ ਉਹ ਉਨ੍ਹਾਂ ਦਾ ਆਦਰ ਕਰਨ ਤੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ। ਸਾਡੇ ਲਈ ਕਿੰਨੀ ਵਧੀਆ ਮਿਸਾਲ! ਸੱਚੇ ਮਸੀਹੀ ਕਿਸੇ ਨਾਲ ਪੱਖਪਾਤ ਨਹੀਂ ਕਰਦੇ। ਕਿਉਂ? ਪਤਰਸ ਰਸੂਲ ਨੇ ਕਿਹਾ: “ਹੁਣ ਮੈਂ ਵਾਕਈ ਸਮਝ ਗਿਆ ਹਾਂ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂ. 10:34, 35.

3 ਪ੍ਰਾਚੀਨ ਇਜ਼ਰਾਈਲ ਵਿਚ ਪਰਦੇਸੀਆਂ ਨੂੰ ਇਜ਼ਰਾਈਲੀਆਂ ਨਾਲ ਰਹਿ ਕੇ ਫ਼ਾਇਦਾ ਹੁੰਦਾ ਸੀ। ਉਨ੍ਹਾਂ ਬਾਰੇ ਯਹੋਵਾਹ ਦਾ ਨਜ਼ਰੀਆ ਪੌਲੁਸ ਰਸੂਲ ਦੀ ਗੱਲ ਤੋਂ ਜ਼ਾਹਰ ਹੁੰਦਾ ਹੈ ਜਦ ਉਸ ਨੇ ਯਹੋਵਾਹ ਬਾਰੇ ਪੁੱਛਿਆ: “ਕੀ ਉਹ ਸਿਰਫ਼ ਯਹੂਦੀਆਂ ਦਾ ਪਰਮੇਸ਼ੁਰ ਹੈ? ਕੀ ਉਹ ਦੁਨੀਆਂ ਦੇ ਬਾਕੀ ਲੋਕਾਂ ਦਾ ਵੀ ਪਰਮੇਸ਼ੁਰ ਨਹੀਂ ਹੈ? ਹਾਂ, ਉਹ ਦੁਨੀਆਂ ਦੇ ਲੋਕਾਂ ਦਾ ਵੀ ਪਰਮੇਸ਼ੁਰ ਹੈ।”—ਰੋਮੀ. 3:29; ਯੋਏ. 2:32.

4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ “ਪਰਮੇਸ਼ੁਰ ਦੇ ਇਜ਼ਰਾਈਲ” ਵਿਚ ਕੋਈ ਵਿਦੇਸ਼ੀ ਨਹੀਂ ਹੈ?

4 ਨਵੇਂ ਇਕਰਾਰ ਰਾਹੀਂ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਦਾ ਪਰਮੇਸ਼ੁਰ ਨਾਲ ਇਕ ਖ਼ਾਸ ਰਿਸ਼ਤਾ ਬਣ ਗਿਆ। ਇਸ ਲਈ ਪੈਦਾਇਸ਼ੀ ਇਜ਼ਰਾਈਲ ਦੀ ਥਾਂ ਇਹ ਮੰਡਲੀ ‘ਪਰਮੇਸ਼ੁਰ ਦਾ ਇਜ਼ਰਾਈਲ’ ਬਣ ਗਈ। (ਗਲਾ. 6:16) ਪੌਲੁਸ ਨੇ ਸਮਝਾਇਆ ਕਿ ਇਸ ਨਵੀਂ ਕੌਮ ਵਿਚ “ਨਾ ਕੋਈ ਯੂਨਾਨੀ ਹੈ, ਨਾ ਯਹੂਦੀ, ਨਾ ਸੁੰਨਤ ਕੀਤਾ ਹੋਇਆ, ਨਾ ਬੇਸੁੰਨਤਾ, ਨਾ ਵਿਦੇਸ਼ੀ, ਨਾ ਸਕੂਥੀ, ਨਾ ਗ਼ੁਲਾਮ ਅਤੇ ਨਾ ਹੀ ਕੋਈ ਆਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਹੈ ਅਤੇ ਸਾਰੇ ਉਸ ਦੇ ਅਧੀਨ ਹਨ।” (ਕੁਲੁ. 3:11) ਤਾਂ ਫਿਰ ਇਸ ਆਇਤ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਮਸੀਹੀ ਮੰਡਲੀ ਵਿਚ ਕੋਈ ਵਿਦੇਸ਼ੀ ਨਹੀਂ ਹੈ।

5, 6. (ੳ) ਯਸਾਯਾਹ 61:5, 6 ਬਾਰੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ? (ਅ) “ਯਹੋਵਾਹ ਦੇ ਜਾਜਕ” ਅਤੇ “ਪਰਦੇਸੀ” ਕੌਣ ਹਨ ਜਿਨ੍ਹਾਂ ਦਾ ਜ਼ਿਕਰ ਯਸਾਯਾਹ ਨੇ ਕੀਤਾ ਸੀ? (ੲ) “ਜਾਜਕ” ਅਤੇ “ਪਰਦੇਸੀ” ਮਿਲ ਕੇ ਕਿਹੜਾ ਕੰਮ ਕਰਦੇ ਹਨ?

5 ਦੂਜੇ ਪਾਸੇ, ਕੁਝ ਲੋਕਾਂ ਦੇ ਮਨਾਂ ਵਿਚ ਯਸਾਯਾਹ ਦੇ ਅਧਿਆਇ 61 ਵਿਚ ਦਿੱਤੀ ਭਵਿੱਖਬਾਣੀ ਦੇ ਮਤਲਬ ਬਾਰੇ ਸਵਾਲ ਖੜ੍ਹਾ ਹੋਵੇ ਜੋ ਮੰਡਲੀ ʼਤੇ ਲਾਗੂ ਹੁੰਦੀ ਹੈ। ਛੇਵੀਂ ਆਇਤ ਵਿਚ ਉਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜੋ ‘ਯਹੋਵਾਹ ਦੇ ਜਾਜਕਾਂ’ ਜਾਂ ਪੁਜਾਰੀਆਂ ਵਜੋਂ ਸੇਵਾ ਕਰਨਗੇ। ਪਰ ਪੰਜਵੀਂ ਆਇਤ ਵਿਚ ‘ਪਰਦੇਸੀਆਂ’ ਦਾ ਜ਼ਿਕਰ ਆਉਂਦਾ ਹੈ ਜੋ ਇਨ੍ਹਾਂ ‘ਜਾਜਕਾਂ’ ਨਾਲ ਮਿਲ ਕੇ ਕੰਮ ਕਰਨਗੇ। ਇਸ ਦਾ ਕੀ ਮਤਲਬ ਹੈ?

6 “ਯਹੋਵਾਹ ਦੇ ਜਾਜਕ” ਚੁਣੇ ਹੋਏ ਮਸੀਹੀ ਹਨ ਜਿਨ੍ਹਾਂ ਨੂੰ “ਪਹਿਲਾਂ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਂਦਾ ਹੈ” ਅਤੇ ਇਹ “ਪੁਜਾਰੀ ਬਣ ਕੇ ਪਰਮੇਸ਼ੁਰ ਅਤੇ ਮਸੀਹ ਦੀ ਸੇਵਾ ਕਰਨਗੇ ਅਤੇ ਮਸੀਹ ਦੇ ਨਾਲ ਰਾਜਿਆਂ ਵਜੋਂ 1,000 ਸਾਲ ਰਾਜ ਕਰਨਗੇ।” (ਪ੍ਰਕਾ. 20:6) ਇਸ ਤੋਂ ਇਲਾਵਾ, ਕਈ ਹੋਰ ਵਫ਼ਾਦਾਰ ਮਸੀਹੀ ਹਨ ਜਿਨ੍ਹਾਂ ਦੀ ਉਮੀਦ ਧਰਤੀ ʼਤੇ ਰਹਿਣ ਦੀ ਹੈ। ਭਾਵੇਂ ਇਹ ਮਸੀਹੀ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਸੇਵਾ ਕਰਦੇ ਹਨ, ਪਰ ਇਨ੍ਹਾਂ ਮਸੀਹੀਆਂ ਨੂੰ ਪਰਦੇਸੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ “ਪਰਮੇਸ਼ੁਰ ਦੇ ਇਜ਼ਰਾਈਲ” ਦਾ ਹਿੱਸਾ ਨਹੀਂ ਹਨ। ਇਹ ਮਸੀਹੀ ਖ਼ੁਸ਼ੀ-ਖ਼ੁਸ਼ੀ ‘ਯਹੋਵਾਹ ਦੇ ਜਾਜਕਾਂ’ ਦਾ ਸਾਥ ਦਿੰਦੇ ਹਨ ਤੇ ਉਨ੍ਹਾਂ ਦੇ ਅਧੀਨ “ਹਾਲੀ ਤੇ ਮਾਲੀ” ਵਜੋਂ ਕੰਮ ਕਰਦੇ ਹਨ। ਇਹ ਹਾਲੀ ਤੇ ਮਾਲੀ ਹੋਣ ਦੇ ਨਾਤੇ ਪਰਮੇਸ਼ੁਰ ਦੀ ਵਡਿਆਈ ਲਈ ਫਲ ਪੈਦਾ ਕਰਦੇ ਹਨ ਯਾਨੀ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੇ ਹਨ। ਅਸਲ ਵਿਚ ਚੁਣੇ ਹੋਏ ਮਸੀਹੀ ਅਤੇ “ਹੋਰ ਭੇਡਾਂ” ਉਨ੍ਹਾਂ ਲੋਕਾਂ ਦੀ ਪਿਆਰ ਨਾਲ ਮਦਦ ਕਰਦੇ ਹਨ ਜੋ ਹਮੇਸ਼ਾ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ।—ਯੂਹੰ. 10:16.

ਅਬਰਾਹਾਮ ਵਾਂਗ “ਪਰਦੇਸੀ”

7. ਅੱਜ ਮਸੀਹੀ ਅਬਰਾਹਾਮ ਅਤੇ ਯਹੋਵਾਹ ਦੇ ਹੋਰ ਵਫ਼ਾਦਾਰ ਸੇਵਕਾਂ ਵਾਂਗ ਕਿਵੇਂ ਹਨ?

7 ਜਿਵੇਂ ਪਿੱਛਲੇ ਲੇਖ ਵਿਚ ਦੱਸਿਆ ਗਿਆ ਸੀ, ਸੱਚੇ ਮਸੀਹੀ ਸ਼ੈਤਾਨ ਦੀ ਦੁਸ਼ਟ ਦੁਨੀਆਂ ਵਿਚ ਪਰਦੇਸੀਆਂ ਵਜੋਂ ਰਹਿੰਦੇ ਹਨ। ਉਹ ਅਬਰਾਹਾਮ ਅਤੇ ਯਹੋਵਾਹ ਦੇ ਹੋਰ ਵਫ਼ਾਦਾਰ ਸੇਵਕਾਂ ਵਾਂਗ ਹਨ ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ‘ਉਹ ਦੇਸ਼ ਵਿਚ ਅਜਨਬੀ ਤੇ ਪਰਦੇਸੀ ਸਨ।’ (ਇਬ. 11:13) ਭਵਿੱਖ ਲਈ ਸਾਡੀ ਉਮੀਦ ਜੋ ਵੀ ਹੈ, ਅਬਰਾਹਾਮ ਵਾਂਗ ਅਸੀਂ ਵੀ ਪਰਮੇਸ਼ੁਰ ਨਾਲ ਖ਼ਾਸ ਰਿਸ਼ਤਾ ਕਾਇਮ ਕਰ ਸਕਦੇ ਹਾਂ। ਯਾਕੂਬ ਨੇ ਸਮਝਾਇਆ ਕਿ “ਅਬਰਾਹਾਮ ਨੇ ਯਹੋਵਾਹ ਉੱਤੇ ਨਿਹਚਾ ਰੱਖੀ ਜਿਸ ਕਰਕੇ ਉਸ ਨੇ ਅਬਰਾਹਾਮ ਨੂੰ ਧਰਮੀ ਗਿਣਿਆ ਅਤੇ ਉਹ ‘ਯਹੋਵਾਹ ਦਾ ਦੋਸਤ’ ਕਹਾਇਆ ਗਿਆ।”—ਯਾਕੂ. 2:23.

8. ਅਬਰਾਹਾਮ ਨਾਲ ਕਿਹੜਾ ਵਾਅਦਾ ਕੀਤਾ ਗਿਆ ਸੀ ਅਤੇ ਉਹ ਇਸ ਵਾਅਦੇ ਬਾਰੇ ਕੀ ਸੋਚਦਾ ਸੀ?

8 ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਅਬਰਾਹਾਮ ਤੇ ਉਸ ਦੀ ਸੰਤਾਨ ਰਾਹੀਂ ਧਰਤੀ ਦੇ ਸਾਰੇ ਪਰਿਵਾਰਾਂ ਨੂੰ ਬਰਕਤਾਂ ਮਿਲਣਗੀਆਂ, ਨਾ ਸਿਰਫ਼ ਇਕ ਕੌਮ ਨੂੰ। (ਉਤਪਤ 22:15-18 ਪੜ੍ਹੋ।) ਭਾਵੇਂ ਅਬਰਾਹਾਮ ਨੇ ਇਸ ਵਾਅਦੇ ਦੀ ਪੂਰਤੀ ਨਹੀਂ ਦੇਖੀ, ਫਿਰ ਵੀ ਉਸ ਨੂੰ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਦਾ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ। ਤਕਰੀਬਨ ਸੌ ਸਾਲ ਉਹ ਤੇ ਉਸ ਦਾ ਪਰਿਵਾਰ ਇਕ ਥਾਂ ਵੱਸਣ ਦੀ ਬਜਾਇ ਪਰਦੇਸੀਆਂ ਵਜੋਂ ਘੁੰਮਦੇ ਰਹੇ। ਇਸ ਸਾਰੇ ਸਮੇਂ ਦੌਰਾਨ ਅਬਰਾਹਾਮ ਨੇ ਯਹੋਵਾਹ ਨਾਲ ਆਪਣੀ ਦੋਸਤੀ ਕਾਇਮ ਰੱਖੀ।

9, 10. (ੳ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਅਬਰਾਹਾਮ ਦੀ ਰੀਸ ਕਰ ਸਕਦੇ ਹਾਂ? (ਅ) ਅਸੀਂ ਲੋਕਾਂ ਨੂੰ ਕਿਹੜਾ ਸੱਦਾ ਦੇ ਰਹੇ ਹਾਂ?

9 ਭਾਵੇਂ ਅਬਰਾਹਾਮ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਇਸ ਵਾਅਦੇ ਦੀ ਪੂਰਤੀ ਦੇਖਣ ਲਈ ਕਿੰਨਾ ਚਿਰ ਉਡੀਕ ਕਰਨੀ ਪਵੇਗੀ, ਪਰ ਉਹ ਯਹੋਵਾਹ ਨੂੰ ਪਿਆਰ ਕਰਦਾ ਰਿਹਾ ਅਤੇ ਉਸ ਨੇ ਉਸ ਦੀ ਭਗਤੀ ਕਰਨੀ ਨਹੀਂ ਛੱਡੀ। ਉਸ ਨੇ ਆਪਣਾ ਧਿਆਨ ਇਸ ਵਾਅਦੇ ਦੀ ਪੂਰਤੀ ʼਤੇ ਲਾਈ ਰੱਖਿਆ ਜਿਸ ਕਰਕੇ ਉਹ ਕਿਸੇ ਦੇਸ਼ ਵਿਚ ਪੱਕੇ ਤੌਰ ਤੇ ਨਹੀਂ ਵੱਸਿਆ। (ਇਬ. 11:14, 15) ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਅਬਰਾਹਾਮ ਦੀ ਰੀਸ ਕਰਦੇ ਹੋਏ ਆਪਣੀ ਜ਼ਿੰਦਗੀ ਸਾਦੀ ਰੱਖੀਏ ਅਤੇ ਚੀਜ਼ਾਂ, ਹੈਸੀਅਤ ਜਾਂ ਆਪਣੇ ਕੈਰੀਅਰ ਬਾਰੇ ਐਵੇਂ ਚਿੰਤਾ ਨਾ ਕਰੀਏ! ਇਸ ਦੁਨੀਆਂ ਵਿਚ ਆਪਣੀ ਜ਼ਿੰਦਗੀ ਬਣਾਉਣ ਦਾ ਕੋਈ ਫ਼ਾਇਦਾ ਨਹੀਂ। ਇਹ ਦੁਨੀਆਂ ਥੋੜ੍ਹੇ ਸਮੇਂ ਲਈ ਹੈ, ਤਾਂ ਫਿਰ ਕਿਉਂ ਇਸ ਨਾਲ ਲਗਾਅ ਰੱਖੀਏ? ਅਸੀਂ ਇਕ ਬਿਹਤਰ ਦੁਨੀਆਂ ਵਿਚ ਰਹਿਣ ਦੀ ਉਮੀਦ ਰੱਖਦੇ ਹਾਂ ਤੇ ਧੀਰਜ ਨਾਲ ਆਪਣੀ ਉਮੀਦ ਦੇ ਪੂਰਾ ਹੋਣ ਦੀ ਉਡੀਕ ਕਰਨ ਲਈ ਤਿਆਰ ਹਾਂ।—ਰੋਮੀਆਂ 8:25 ਪੜ੍ਹੋ।

10 ਯਹੋਵਾਹ ਹੁਣ ਵੀ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸੱਦਾ ਦੇ ਰਿਹਾ ਹੈ ਕਿ ਉਹ ਅਬਰਾਹਾਮ ਦੀ ਸੰਤਾਨ ਰਾਹੀਂ ਬਰਕਤਾਂ ਪਾਉਣ। “ਯਹੋਵਾਹ ਦੇ ਜਾਜਕ” ਯਾਨੀ ਚੁਣੇ ਹੋਏ ਮਸੀਹੀ ਤੇ “ਪਰਦੇਸੀ” ਯਾਨੀ ਹੋਰ ਭੇਡਾਂ ਦੁਨੀਆਂ ਭਰ ਵਿਚ ਇਹ ਸੱਦਾ 600 ਤੋਂ ਵੱਧ ਭਾਸ਼ਾਵਾਂ ਵਿਚ ਲੋਕਾਂ ਨੂੰ ਦੇ ਰਹੇ ਹਨ।

ਸਰਹੱਦਾਂ ਨੂੰ ਮਿਟਾਓ

11. ਸੁਲੇਮਾਨ ਨੇ ਪਰਦੇਸੀਆਂ ਦੇ ਸੰਬੰਧ ਵਿਚ ਕੀ ਪ੍ਰਾਰਥਨਾ ਕੀਤੀ ਸੀ?

11 ਸੰਨ 1026 ਈ. ਪੂ. ਵਿਚ ਯਹੋਵਾਹ ਦੇ ਮੰਦਰ ਦੇ ਉਦਘਾਟਨ ਸਮੇਂ ਅਤੇ ਅਬਰਾਹਾਮ ਨਾਲ ਕੀਤੇ ਯਹੋਵਾਹ ਦੇ ਵਾਅਦੇ ਮੁਤਾਬਕ ਸੁਲੇਮਾਨ ਨੇ ਦੱਸਿਆ ਕਿ ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੀ ਮਹਿਮਾ ਕਰਨਗੇ। ਦਿਲੋਂ ਪ੍ਰਾਰਥਨਾ ਕਰਦੇ ਹੋਏ ਉਸ ਨੇ ਕਿਹਾ: ‘ਨਾਲੇ ਉਸ ਓਪਰੇ ਦੇ ਵਿਖੇ ਵੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ ਪਰ ਦੂਰ ਦੇਸ ਤੋਂ ਤੇਰੇ ਨਾਮ ਦੇ ਕਾਰਨ ਆਇਆ ਹੈ। ਕਿਉਂ ਜੋ ਓਹ ਤੇਰਾ ਵੱਡਾ ਨਾਮ, ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਦੀ ਖਬਰ ਸੁਣਨਗੇ। ਸੋ ਜਦ ਉਹ ਆਵੇ ਅਤੇ ਏਸ ਭਵਨ ਵੱਲ ਬੇਨਤੀ ਕਰੇ ਤਦ ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ ਅਤੇ ਤੇਰਾ ਭੈ ਮੰਨਣ ਜਿਵੇਂ ਤੇਰੀ ਪਰਜਾ ਇਸਰਾਏਲ ਕਰਦੀ ਹੈ ਅਤੇ ਜਾਣ ਲੈਣ ਭਈ ਏਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਵੇਗਾ।’—1 ਰਾਜ. 8:41-43.

12. ਕੁਝ ਲੋਕ ਸ਼ਾਇਦ ਯਹੋਵਾਹ ਦੇ ਗਵਾਹਾਂ ਨੂੰ ਅਜੀਬ ਜਾਂ “ਪਰਦੇਸੀ” ਕਿਉਂ ਸਮਝਣ?

12 ਪਰਦੇਸੀ ਉਹ ਹੁੰਦਾ ਹੈ ਜੋ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੈ ਜਾਂ ਆਪਣੇ ਦੇਸ਼ ਵਿਚ ਹੀ ਕਿਸੇ ਹੋਰ ਇਲਾਕੇ ਵਿਚ ਰਹਿੰਦਾ ਹੈ। ਯਹੋਵਾਹ ਦੇ ਗਵਾਹ ਵੀ ਇਸ ਦੁਨੀਆਂ ਵਿਚ ਪਰਦੇਸੀ ਹਨ ਕਿਉਂਕਿ ਉਨ੍ਹਾਂ ਦੀ ਵਫ਼ਾਦਾਰੀ ਕਿਸੇ ਦੇਸ਼ ਪ੍ਰਤੀ ਨਹੀਂ ਹੈ, ਸਗੋਂ ਪਰਮੇਸ਼ੁਰ ਦੇ ਸਵਰਗੀ ਰਾਜ ਪ੍ਰਤੀ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। ਇਸ ਲਈ ਗਵਾਹ ਕਿਸੇ ਵੀ ਦੇਸ਼ ਦੀ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ, ਭਾਵੇਂ ਕਿ ਲੋਕ ਉਨ੍ਹਾਂ ਨੂੰ ਅਜੀਬ ਸਮਝਣ।

13. (ੳ) ਕਿਨ੍ਹਾਂ ਗੱਲਾਂ ਕਰਕੇ ਇਕ ਇਨਸਾਨ ਨੂੰ ਪਰਦੇਸੀ ਸਮਝਿਆ ਜਾਂਦਾ ਹੈ? (ਅ) ਸ਼ੁਰੂ ਤੋਂ ਯਹੋਵਾਹ ਦਾ ਕੀ ਮਕਸਦ ਸੀ?

13 ਪਰਦੇਸੀਆਂ ਦੀ ਪਛਾਣ ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੇ ਰੀਤੀ-ਰਿਵਾਜਾਂ, ਉਨ੍ਹਾਂ ਦੇ ਨੈਣ-ਨਕਸ਼ਾਂ ਤੇ ਉਨ੍ਹਾਂ ਦੇ ਕੱਪੜਿਆਂ ਦੇ ਸਟਾਈਲ ਤੋਂ ਹੁੰਦੀ ਹੈ। ਭਾਵੇਂ ਕਿ ਉਹ ਇਨ੍ਹਾਂ ਗੱਲਾਂ ਵਿਚ ਦੂਸਰਿਆਂ ਤੋਂ ਵੱਖਰੇ ਹੁੰਦੇ ਹਨ, ਪਰ ਕਈ ਜ਼ਰੂਰੀ ਗੱਲਾਂ ਵਿਚ ਉਹ ਦੁਨੀਆਂ ਦੇ ਹੋਰ ਲੋਕਾਂ ਵਰਗੇ ਹੁੰਦੇ ਹਨ। ਜੇ ਇਨ੍ਹਾਂ ਫ਼ਰਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਤਾਂ “ਪਰਦੇਸੀ” ਸ਼ਬਦ ਦਾ ਕੋਈ ਅਰਥ ਹੀ ਨਹੀਂ ਰਹਿੰਦਾ। ਜੇ ਧਰਤੀ ʼਤੇ ਸਾਰੇ ਇਨਸਾਨ ਇੱਕੋ ਹੀ ਰਾਜਨੀਤਿਕ ਸਰਕਾਰ ਦੇ ਅਧੀਨ ਹੋਣ, ਤਾਂ ਕੋਈ ਵੀ ਪਰਦੇਸੀ ਨਹੀਂ ਕਹਾਵੇਗਾ। ਦਰਅਸਲ ਸ਼ੁਰੂ ਤੋਂ ਯਹੋਵਾਹ ਦਾ ਇਹ ਮਕਸਦ ਸੀ ਕਿ ਸਾਰੇ ਇਨਸਾਨ ਇਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਉਸੇ ਦੇ ਰਾਜ ਅਧੀਨ ਰਹਿਣ। ਕੀ ਅੱਜ ਇਹ ਮੁਮਕਿਨ ਹੈ ਕਿ ਸਾਰੀਆਂ ਕੌਮਾਂ ਦੇ ਲੋਕ ਇਕ-ਦੂਜੇ ਨੂੰ ਪਰਦੇਸੀ ਨਾ ਸਮਝਣ?

14, 15. ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨੇ ਕਿਹੜੀ ਕਾਮਯਾਬੀ ਹਾਸਲ ਕੀਤੀ ਹੈ?

14 ਅੱਜ ਜ਼ਿਆਦਾਤਰ ਲੋਕ ਖ਼ੁਦਗਰਜ਼ ਤੇ ਦੇਸ਼ਪਰਸਤ ਹਨ। ਇਸ ਲਈ ਅਜਿਹੇ ਲੋਕਾਂ ਨੂੰ ਦੇਖ ਕੇ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਲਈ ਦੇਸ਼ਾਂ ਦੀਆਂ ਸਰਹੱਦਾਂ ਮਾਅਨੇ ਨਹੀਂ ਰੱਖਦੀਆਂ। ਇਹ ਸੱਚ ਹੈ ਕਿ ਪੱਖਪਾਤ ਨਾ ਕਰਨਾ ਬਹੁਤ ਮੁਸ਼ਕਲ ਹੈ। ਅਮਰੀਕਾ ਦੇ ਇਕ ਮਸ਼ਹੂਰ ਟੈਲੀਵਿਯਨ ਨੈੱਟਵਰਕ ਦੇ ਸੰਸਥਾਪਕ ਨੇ ਕਈ ਦੇਸ਼ਾਂ ਦੇ ਕਾਬਲ ਲੋਕਾਂ ਨਾਲ ਕੰਮ ਕੀਤਾ ਹੈ। ਇਸ ਬਾਰੇ ਉਸ ਨੇ ਕਿਹਾ: “ਇਨ੍ਹਾਂ ਲੋਕਾਂ ਨੂੰ ਮਿਲਣਾ ਮੇਰੇ ਲਈ ਵਧੀਆ ਤਜਰਬਾ ਰਿਹਾ ਹੈ। ਮੈਂ ਹੋਰ ਦੇਸ਼ਾਂ ਦੇ ਲੋਕਾਂ ਨੂੰ ‘ਪਰਦੇਸੀ’ ਨਹੀਂ ਸਮਝਦਾ, ਪਰ ਸਿਰਫ਼ ਇਨਸਾਨ ਸਮਝਦਾ ਹਾਂ। ਮੈਨੂੰ ‘ਪਰਦੇਸੀ’ ਸ਼ਬਦ ਨਾਲ ਨਫ਼ਰਤ ਹੋ ਗਈ ਤੇ ਮੈਂ ਬੰਦਸ਼ ਲਾ ਦਿੱਤੀ ਕਿ ਇਹ ਸ਼ਬਦ ਨਾ ਹੀ ਸੀ. ਐੱਨ. ਐੱਨ. ਚੈਨਲ ʼਤੇ ਅਤੇ ਨਾ ਹੀ ਆਫ਼ਿਸ ਵਿਚ ਗੱਲਬਾਤ ਵਿਚ ਵਰਤਿਆ ਜਾਵੇ। ‘ਪਰਦੇਸੀ’ ਸ਼ਬਦ ਦੀ ਬਜਾਇ ‘ਅੰਤਰਰਾਸ਼ਟਰੀ’ ਸ਼ਬਦ ਵਰਤਣ ਦਾ ਫ਼ੈਸਲਾ ਕੀਤਾ ਗਿਆ।”

15 ਦੁਨੀਆਂ ਭਰ ਵਿਚ ਸਿਰਫ਼ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਨੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਇਆ ਹੈ। ਲੋਕਾਂ ਬਾਰੇ ਯਹੋਵਾਹ ਦਾ ਨਜ਼ਰੀਆ ਰੱਖ ਕੇ ਉਹ ਆਪਣੇ ਮਨ ਅਤੇ ਦਿਲ ਵਿੱਚੋਂ ਪੱਖਪਾਤ ਕੱਢ ਸਕੇ ਹਨ। ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਸ਼ੱਕ ਤੇ ਨਫ਼ਰਤ ਦੀ ਨਜ਼ਰ ਨਾਲ ਦੇਖਣ ਦੀ ਬਜਾਇ ਉਨ੍ਹਾਂ ਨੇ ਉਨ੍ਹਾਂ ਦੀਆਂ ਖੂਬੀਆਂ ਵੱਲ ਧਿਆਨ ਦੇਣਾ ਸਿੱਖਿਆ ਹੈ। ਕੀ ਤੁਸੀਂ ਇਸ ਕਾਮਯਾਬੀ ਬਾਰੇ ਸੋਚ-ਵਿਚਾਰ ਕੀਤਾ ਹੈ ਅਤੇ ਦੇਖਿਆ ਹੈ ਕਿ ਪਰਮੇਸ਼ੁਰ ਦਾ ਨਜ਼ਰੀਆ ਅਪਣਾਉਣ ਨਾਲ ਦੂਸਰਿਆਂ ਬਾਰੇ ਤੁਹਾਡੇ ਵਿਚਾਰ ਕਿਵੇਂ ਬਦਲੇ ਹਨ?

ਪਰਦੇਸੀਆਂ ਤੋਂ ਬਿਨਾਂ ਦੁਨੀਆਂ

16, 17. ਪ੍ਰਕਾਸ਼ ਦੀ ਕਿਤਾਬ 16:16 ਅਤੇ ਦਾਨੀਏਲ 2:44 ਦੀ ਪੂਰਤੀ ਦਾ ਤੁਹਾਡੇ ਲਈ ਕੀ ਮਤਲਬ ਹੋਵੇਗਾ?

16 ਬਹੁਤ ਜਲਦੀ ਯਿਸੂ ਮਸੀਹ ਅਤੇ ਸਵਰਗ ਦੀਆਂ ਫ਼ੌਜਾਂ ਉਨ੍ਹਾਂ ਕੌਮਾਂ ਨਾਲ ਲੜਨਗੀਆਂ ਜੋ ਪਰਮੇਸ਼ੁਰ ਦੇ ਰਾਜ ਦਾ ਵਿਰੋਧ ਕਰਦੀਆਂ ਹਨ। ਇਸ ਲੜਾਈ ਨੂੰ “ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ।” (ਪ੍ਰਕਾ. 16:14, 16; 19:11-16) 2,500 ਤੋਂ ਜ਼ਿਆਦਾ ਸਾਲ ਪਹਿਲਾਂ ਦਾਨੀਏਲ ਨਬੀ ਨੇ ਦੱਸਿਆ ਕਿ ਉਨ੍ਹਾਂ ਇਨਸਾਨੀ ਸਰਕਾਰਾਂ ਦਾ ਕੀ ਹਸ਼ਰ ਹੋਵੇਗਾ ਜੋ ਪਰਮੇਸ਼ੁਰ ਦੇ ਮਕਸਦ ਦੇ ਖ਼ਿਲਾਫ਼ ਚੱਲਦੀਆਂ ਹਨ। ਉਸ ਨੇ ਲਿਖਿਆ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀ. 2:44.

17 ਕੀ ਤੁਸੀਂ ਸੋਚ ਸਕਦੇ ਹੋ ਕਿ ਜਦ ਇਹ ਭਵਿੱਖਬਾਣੀ ਪੂਰੀ ਹੋਵੇਗੀ, ਤਾਂ ਇਸ ਦਾ ਤੁਹਾਡੇ ਲਈ ਕੀ ਮਤਲਬ ਹੋਵੇਗਾ? ਅੱਜ ਇਨਸਾਨਾਂ ਦੀਆਂ ਬਣਾਈਆਂ ਹੋਈਆਂ ਸਰਹੱਦਾਂ ਕਰਕੇ ਹਰ ਇਨਸਾਨ ਬਾਕੀਆਂ ਲਈ ਪਰਦੇਸੀ ਹੁੰਦਾ ਹੈ। ਪਰ ਪਰਮੇਸ਼ੁਰ ਦੇ ਰਾਜ ਵਿਚ ਇਹ ਸਰਹੱਦਾਂ ਮਿਟਾਈਆਂ ਜਾਣਗੀਆਂ। ਫਿਰ ਕਿਸੇ ਇਨਸਾਨ ਦੇ ਨੈਣ-ਨਕਸ਼ ਤੇ ਕੱਦ-ਕਾਠ ਨੂੰ ਦੇਖ ਕੇ ਉਸ ਨੂੰ ਪਰਦੇਸੀ ਨਹੀਂ ਸਮਝਿਆ ਜਾਵੇਗਾ, ਸਗੋਂ ਇਨਸਾਨਾਂ ਦੇ ਨੈਣ-ਨਕਸ਼ ਤੇ ਕੱਦ-ਕਾਠ ਵਿਚ ਫ਼ਰਕ ਇਸ ਗੱਲ ਦਾ ਸਬੂਤ ਹੋਵੇਗਾ ਕਿ ਪਰਮੇਸ਼ੁਰ ਨੇ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਬਣਾਏ। ਵਧੀਆ ਭਵਿੱਖ ਨੂੰ ਮਨ ਵਿਚ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਪੂਰੀ ਵਾਹ ਲਾ ਕੇ ਯਹੋਵਾਹ ਪਰਮੇਸ਼ੁਰ ਦੀ ਵਡਿਆਈ ਕਰਨ ਦੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ।

18. ਹਾਲ ਹੀ ਦੇ ਵਿਚ ਕੀ ਹੋਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਗਵਾਹਾਂ ਵਿਚ “ਪਰਦੇਸੀ” ਸ਼ਬਦ ਬਹੁਤਾ ਮਾਅਨੇ ਨਹੀਂ ਰੱਖਦਾ?

18 ਕੀ ਅਸੀਂ ਮੰਨ ਸਕਦੇ ਹਾਂ ਕਿ ਪੂਰੀ ਦੁਨੀਆਂ ਵਿਚ ਇਹ ਤਬਦੀਲੀ ਹੋਵੇਗੀ? ਜੀ ਹਾਂ! ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਇਹ ਤਬਦੀਲੀ ਜ਼ਰੂਰ ਹੋਵੇਗੀ। ਯਹੋਵਾਹ ਦੇ ਗਵਾਹਾਂ ਵਿਚ “ਪਰਦੇਸੀ” ਸ਼ਬਦ ਤਾਂ ਹੁਣ ਵੀ ਬਹੁਤਾ ਮਾਅਨੇ ਨਹੀਂ ਰੱਖਦਾ ਕਿਉਂਕਿ ਉਹ ਇਹ ਨਹੀਂ ਦੇਖਦੇ ਕਿ ਲੋਕ ਕਿਸ ਦੇਸ਼ ਦੇ ਹਨ। ਮਿਸਾਲ ਲਈ, ਹਾਲ ਹੀ ਦੇ ਵਿਚ ਕੁਝ ਦੇਸ਼ਾਂ ਵਿਚ ਉਨ੍ਹਾਂ ਦੇ ਕਈ ਛੋਟੇ ਬ੍ਰਾਂਚ ਆਫ਼ਿਸ ਬੰਦ ਕਰ ਕੇ ਉਨ੍ਹਾਂ ਦਾ ਕੰਮ ਦੂਸਰੇ ਦੇਸ਼ਾਂ ਦੇ ਵੱਡੇ ਬ੍ਰਾਂਚ ਆਫ਼ਿਸਾਂ ਨੂੰ ਸੌਂਪਿਆ ਗਿਆ ਹੈ। ਇਹ ਇਸ ਲਈ ਕੀਤਾ ਗਿਆ ਤਾਂਕਿ ਉਨ੍ਹਾਂ ਦੇ ਇਲਾਕਿਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। (ਮੱਤੀ 24:14) ਕਾਨੂੰਨੀ ਤੌਰ ਤੇ ਜਿੰਨਾ ਹੋ ਸਕਿਆ ਅਜਿਹੀ ਤਬਦੀਲੀ ਕਰਨ ਵੇਲੇ ਦੇਸ਼ ਦੀਆਂ ਸਰਹੱਦਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਹ ਇਕ ਹੋਰ ਸਬੂਤ ਹੈ ਕਿ ਯਹੋਵਾਹ ਦਾ ਚੁਣਿਆ ਹੋਇਆ ਰਾਜਾ ਯਿਸੂ ਮਸੀਹ ਇਨਸਾਨਾਂ ਦੀਆਂ ਬਣਾਈਆਂ ਸਰਹੱਦਾਂ ਨੂੰ ਮਿਟਾ ਰਿਹਾ ਹੈ ਤੇ ਉਹ ਜਲਦੀ ਹੀ “ਪੂਰੀ ਤਰ੍ਹਾਂ ਜਿੱਤ ਹਾਸਲ” ਕਰੇਗਾ।—ਪ੍ਰਕਾ. 6:2.

19. ‘ਪਵਿੱਤਰ ਬੋਲੀ’ ਕਰਕੇ ਕੀ ਸੰਭਵ ਹੋਇਆ ਹੈ?

19 ਭਾਵੇਂ ਯਹੋਵਾਹ ਦੇ ਗਵਾਹ ਵੱਖ-ਵੱਖ ਦੇਸ਼ਾਂ ਤੋਂ ਹੋਣ ਕਰਕੇ ਵੱਖ-ਵੱਖ ਬੋਲੀਆਂ ਬੋਲਦੇ ਹਨ, ਪਰ ਉਹ ਸਾਰੇ ਇਕ ਖ਼ਾਸ ਬੋਲੀ ਬੋਲਦੇ ਹਨ। ਇਸ ਬਾਰੇ ਬਾਈਬਲ ਕਹਿੰਦੀ ਹੈ: “ਉਸ ਸਮੇਂ ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ, ਕਿ ਉਹ ਪਵਿੱਤਰ ਬੋਲ ਬੋਲਣ, ਅਤੇ ਸਭ ਕੇਵਲ ਪ੍ਰਭੂ ਦਾ ਨਾਂ ਲੈਣ, ਅਤੇ ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰਨ।” (ਸਫ਼. 3:9, CL) ਇਹ ‘ਪਵਿੱਤਰ ਬੋਲੀ’ ਬਾਈਬਲ ਵਿਚ ਦੱਸੀ ਸੱਚਾਈ ਹੈ ਜੋ ਏਕਤਾ ਦਾ ਮਜ਼ਬੂਤ ਬੰਧਨ ਕਾਇਮ ਕਰਦੀ ਹੈ। ਯਹੋਵਾਹ ਦੇ ਗਵਾਹ ਇਸ ਦੁਨੀਆਂ ਵਿਚ ਪਰਿਵਾਰ ਵਜੋਂ ਰਹਿੰਦੇ ਹਨ, ਪਰ ਉਹ ਇਸ ਦੁਨੀਆਂ ਤੋਂ ਵੱਖਰੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਏਕਤਾ ਆਉਣ ਵਾਲੀ ਨਵੀਂ ਦੁਨੀਆਂ ਦੀ ਝਲਕ ਹੈ ਜਿੱਥੇ ਕੋਈ ਪਰਦੇਸੀ ਨਹੀਂ ਹੋਵੇਗਾ। ਉਸ ਸਮੇਂ ਹਰ ਇਨਸਾਨ ਖ਼ੁਸ਼ੀ ਨਾਲ ਇਸ ਸੱਚਾਈ ਨੂੰ ਕਬੂਲ ਕਰੇਗਾ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ: “ਬਾਈਬਲ ਸਹੀ ਕਹਿੰਦੀ ਹੈ ਕਿ ਸਾਰੀਆਂ ਨਸਲਾਂ ਦੇ ਲੋਕ ਭੈਣ-ਭਰਾ ਹਨ।”—ਮਨੁੱਖਜਾਤੀ ਦੀਆਂ ਨਸਲਾਂ।

[ਸਫ਼ਾ 28 ਉੱਤੇ ਸੁਰਖੀ]

ਕੀ ਤੁਸੀਂ ਉਸ ਸਮੇਂ ਦੀ ਉਡੀਕ ਕਰਦੇ ਹੋ ਜਦ ਇਨਸਾਨਾਂ ਦੀਆਂ ਬਣਾਈਆਂ ਹੋਈਆਂ ਸਰਹੱਦਾਂ ਮਿਟਾਈਆਂ ਜਾਣਗੀਆਂ ਜਿਸ ਕਰਕੇ ਕੋਈ ਪਰਦੇਸੀ ਨਹੀਂ ਹੋਵੇਗਾ?

[ਸਫ਼ਾ 25 ਉੱਤੇ ਤਸਵੀਰ]

ਕੀ ਤੁਸੀਂ ਅਬਰਾਹਾਮ ਵਾਂਗ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਵੱਲ ਧਿਆਨ ਲਾਈ ਰੱਖੋਗੇ?

[ਸਫ਼ਾ 27 ਉੱਤੇ ਤਸਵੀਰ]

ਯਹੋਵਾਹ ਦੀਆਂ ਨਜ਼ਰਾਂ ਵਿਚ ਕੋਈ ਵੀ ਪਰਦੇਸੀ ਨਹੀਂ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ