ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr17 ਦਸੰਬਰ ਸਫ਼ੇ 1-7
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2017
  • ਸਿਰਲੇਖ
  • 4-10 ਦਸੰਬਰ
  • 11-17 ਦਸੰਬਰ
  • 18-24 ਦਸੰਬਰ
  • 25-31 ਦਸੰਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2017
mwbr17 ਦਸੰਬਰ ਸਫ਼ੇ 1-7

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

4-10 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਸਫ਼ਨਯਾਹ 1–ਹੱਜਈ 2

“ਯਹੋਵਾਹ ਦੇ ਕ੍ਰੋਧ ਦੇ ਦਿਨ ਦੇ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ”

(ਸਫ਼ਨਯਾਹ 2:2, 3) ਇਸ ਤੋਂ ਪਹਿਲਾਂ ਕਿ ਹੁਕਮ ਕਾਇਮ ਹੋਵੇ, ਅਤੇ ਦਿਨ ਤੂੜੀ ਵਾਂਙੁ ਲੰਘ ਜਾਵੇ,— ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਤੱਤਾ ਕ੍ਰੋਧ ਤੁਹਾਡੇ ਉੱਤੇ ਆਵੇ, ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! 3 ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!

w01 2/15 18-19 ਪੈਰੇ 5-7

ਯਹੋਵਾਹ ਦੇ ਕ੍ਰੋਧ ਦੇ ਦਿਨ ਦੇ ਆਉਣ ਤੋਂ ਪਹਿਲਾਂ ਉਸ ਨੂੰ ਭਾਲੋ

5 ਪਰ ਸ਼ਾਇਦ ਤੁਸੀਂ ਕਹੋ: ‘ਮੈਂ ਤਾਂ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਵੀ ਲੈ ਲਿਆ ਹੈ ਅਤੇ ਹੁਣ ਮੈਂ ਯਹੋਵਾਹ ਦਾ ਇਕ ਗਵਾਹ ਹਾਂ। ਕੀ ਮੈਂ ਇਹ ਤਿੰਨ ਮੰਗਾਂ ਪਹਿਲਾਂ ਹੀ ਪੂਰੀਆਂ ਨਹੀਂ ਕਰ ਚੁੱਕਾ?’ ਸੱਚੀ ਗੱਲ ਤਾਂ ਇਹ ਹੈ ਕਿ ਯਹੋਵਾਹ ਨੂੰ ਆਪਣਾ ਸਿਰਫ਼ ਸਮਰਪਣ ਕਰਨਾ ਹੀ ਕਾਫ਼ੀ ਨਹੀਂ ਹੈ। ਇਸਰਾਏਲ ਇਕ ਸਮਰਪਿਤ ਕੌਮ ਸੀ। ਪਰ ਸਫ਼ਨਯਾਹ ਨਬੀ ਦੇ ਦਿਨਾਂ ਵਿਚ ਯਹੂਦਾਹ ਦੇ ਲੋਕ ਉਸ ਸਮਰਪਣ ਅਨੁਸਾਰ ਆਪਣੀਆਂ ਜ਼ਿੰਦਗੀਆਂ ਜੀ ਨਹੀਂ ਰਹੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪਰਮੇਸ਼ੁਰ ਨੇ ਉਸ ਕੌਮ ਨੂੰ ਛੱਡ ਦਿੱਤਾ। ਅੱਜ ‘ਯਹੋਵਾਹ ਨੂੰ ਭਾਲਣ’ ਦਾ ਮਤਲਬ ਹੈ ਕਿ ਅਸੀਂ ਉਸ ਨਾਲ ਇਕ ਨਿੱਘਾ ਤੇ ਨਜ਼ਦੀਕੀ ਰਿਸ਼ਤਾ ਬਣਾਈ ਰੱਖੀਏ। ਇਸ ਦੇ ਲਈ ਸਾਨੂੰ ਉਸ ਦੇ ਸੰਗਠਨ ਨਾਲ ਮੇਲ-ਜੋਲ ਰੱਖਣ ਦੀ ਲੋੜ ਹੈ। ਸਾਨੂੰ ਉਸ ਦੇ ਸੋਚਣ ਦੇ ਤਰੀਕੇ ਅਤੇ ਉਸ ਦੀਆਂ ਭਾਵਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਅਸੀਂ ਯਹੋਵਾਹ ਦੇ ਬਚਨ ਬਾਈਬਲ ਨੂੰ ਪੜ੍ਹ ਕੇ, ਉਸ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ, ਅਤੇ ਉਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਉਸ ਨੂੰ ਭਾਲਦੇ ਹਾਂ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਾਂਗੇ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਾਂਗੇ, ਉੱਦਾਂ-ਉੱਦਾਂ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਜਾਵੇਗਾ ਅਤੇ ਅਸੀਂ ‘ਆਪਣੇ ਸਾਰੇ ਮਨ, ਜ਼ੋਰ, ਅਤੇ ਆਪਣੀ ਸਾਰੀ ਜਾਨ ਨਾਲ’ ਪਰਮੇਸ਼ੁਰ ਦੀ ਸੇਵਾ ਕਰਨੀ ਚਾਹਾਂਗੇ।​—ਬਿਵਸਥਾ ਸਾਰ 6:5; ਗਲਾਤੀਆਂ 5:22-25; ਫ਼ਿਲਿੱਪੀਆਂ 4:6, 7; ਪਰਕਾਸ਼ ਦੀ ਪੋਥੀ 4:11.

6 ਸਫ਼ਨਯਾਹ 2:3 ਵਿਚ ਦੱਸੀ ਗਈ ਦੂਜੀ ਮੰਗ ਹੈ ‘ਧਾਰਮਿਕਤਾ ਨੂੰ ਭਾਲਣਾ।’ ਸਾਡੇ ਵਿੱਚੋਂ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਬਪਤਿਸਮੇ ਦੇ ਯੋਗ ਹੋਣ ਲਈ ਆਪਣੀਆਂ ਜ਼ਿੰਦਗੀਆਂ ਨੂੰ ਕਾਫ਼ੀ ਬਦਲਿਆ ਹੈ। ਪਰ ਸਾਨੂੰ ਆਪਣੀ ਪੂਰੀ ਜ਼ਿੰਦਗੀ ਦੌਰਾਨ ਯਹੋਵਾਹ ਦੇ ਧਰਮੀ ਨੈਤਿਕ ਮਿਆਰਾਂ ਉੱਤੇ ਚੱਲਦੇ ਰਹਿਣਾ ਚਾਹੀਦਾ ਹੈ। ਲੇਕਿਨ ਦੁੱਖ ਦੀ ਗੱਲ ਹੈ ਕਿ ਕੁਝ ਭੈਣ-ਭਰਾ ਜਿਹੜੇ ਪਹਿਲਾਂ ਇਨ੍ਹਾਂ ਧਰਮੀ ਨੈਤਿਕ ਮਿਆਰਾਂ ਉੱਤੇ ਚੱਲਦੇ ਸਨ, ਹੁਣ ਦੁਨਿਆਵੀ ਰੰਗ-ਢੰਗ ਵਿਚ ਰੰਗੇ ਗਏ ਹਨ। ਅਸੀਂ ਮੰਨਦੇ ਹਾਂ ਕਿ ਧਾਰਮਿਕਤਾ ਨੂੰ ਭਾਲਣਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਅਸੀਂ ਅਜਿਹਿਆਂ ਲੋਕਾਂ ਨਾਲ ਘਿਰੇ ਹੋਏ ਹਾਂ ਜਿਹੜੇ ਬਦਚਲਣੀ, ਝੂਠ ਬੋਲਣ, ਅਤੇ ਧੋਖਾ ਦੇਣ ਨੂੰ ਮਾਮੂਲੀ ਜਿਹੀ ਗੱਲ ਸਮਝਦੇ ਹਨ। ਪਰ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਰੱਖਣ ਦੀ ਦ੍ਰਿੜ੍ਹ ਇੱਛਾ ਰੱਖਦੇ ਹਾਂ, ਤਾਂ ਅਸੀਂ ਦੁਨੀਆਂ ਦੇ ਪਿੱਛੇ ਜਾਣ ਤੋਂ ਬਚਾਂਗੇ ਅਤੇ ਦੁਨਿਆਵੀ ਲੋਕਾਂ ਨਾਲ ਜ਼ਿਆਦਾ ਰਲਣ-ਮਿਲਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਯਹੂਦਾਹ ਦੇ ਲੋਕਾਂ ਨੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਆਪਣੇ ਗੁਆਂਢੀਆਂ ਨਾਲ ਰਲਣ-ਮਿਲਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਛੱਡ ਦਿੱਤਾ। ਆਓ ਆਪਾਂ ਦੁਨੀਆਂ ਦੇ ਰੰਗ-ਢੰਗ ਵਿਚ ਰੰਗੇ ਜਾਣ ਦੀ ਬਜਾਇ, “ਪਰਮੇਸ਼ੁਰ ਦੀ ਰੀਸ” ਕਰ ਕੇ ‘ਨਵੀਂ ਇਨਸਾਨੀਅਤ ਨੂੰ ਪਹਿਨ ਰੱਖੀਏ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’​—ਅਫ਼ਸੀਆਂ 4:24; 5:1.

7 ਸਫ਼ਨਯਾਹ 2:3 ਵਿਚ ਤੀਜੀ ਗੱਲ ਇਹ ਸੀ ਕਿ ਜੇ ਅਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਲੁਕੇ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ‘ਮਸਕੀਨੀ ਨੂੰ ਭਾਲਣਾ’ ਚਾਹੀਦਾ ਹੈ। ਹਰ ਰੋਜ਼ ਅਸੀਂ ਅਜਿਹਿਆਂ ਆਦਮੀਆਂ, ਔਰਤਾਂ, ਅਤੇ ਨੌਜਵਾਨਾਂ ਨੂੰ ਮਿਲਦੇ ਹਾਂ ਜੋ ਬਿਲਕੁਲ ਮਸਕੀਨ ਜਾਂ ਹਲੀਮ ਨਹੀਂ ਹਨ। ਉਹ ਲੋਕ ਹਲੀਮੀ ਨੂੰ ਇਕ ਕਮਜ਼ੋਰੀ ਸਮਝਦੇ ਹਨ। ਅਧੀਨਗੀ ਨੂੰ ਤਾਂ ਉਹ ਸਭ ਤੋਂ ਵੱਡੀ ਕਮਜ਼ੋਰੀ ਸਮਝਦੇ ਹਨ। ਅਜਿਹੇ ਲੋਕ ਮਤਲਬੀ ਹੁੰਦੇ ਹਨ ਤੇ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਲਈ ਸਭ ਕੁਝ ਕਰਨ। ਉਹ ਆਪਣੇ ਹੀ ਵਿਚਾਰਾਂ ਉੱਤੇ ਅੜੇ ਰਹਿੰਦੇ ਹਨ। ਇਸ ਤਰ੍ਹਾਂ ਦੇ ਲੋਕ ਸੋਚਦੇ ਹਨ ਕਿ ਉਨ੍ਹਾਂ ਕੋਲ ਦੂਜਿਆਂ ਨਾਲੋਂ ਜ਼ਿਆਦਾ “ਹੱਕ” ਹਨ ਤੇ ਹਰ ਹਾਲ ਵਿਚ ਉਨ੍ਹਾਂ ਦੀ ਗੱਲ ਮੰਨੀ ਜਾਣੀ ਚਾਹੀਦੀ ਹੈ। ਕਿੰਨੀ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਵੀ ਆਪਣੇ ਵਿਚ ਅਜਿਹੀਆਂ ਮਾੜੀਆਂ ਆਦਤਾਂ ਪੈਦਾ ਹੋਣ ਦੇਈਏ! ‘ਮਸਕੀਨੀ ਨੂੰ ਭਾਲਣ’ ਦਾ ਹੁਣ ਸਮਾਂ ਹੈ। ਪਰ ਕਿਸ ਤਰ੍ਹਾਂ? ਪਰਮੇਸ਼ੁਰ ਪ੍ਰਤੀ ਅਧੀਨ ਹੋਣ, ਨਿਮਰਤਾ ਨਾਲ ਅਨੁਸ਼ਾਸਨ ਸਵੀਕਾਰ ਕਰਨ, ਅਤੇ ਉਸ ਦੀ ਇੱਛਾ ਅਨੁਸਾਰ ਚੱਲਣ ਦੁਆਰਾ।

ਹੀਰੇ-ਮੋਤੀਆਂ ਦੀ ਖੋਜ ਕਰੋ

(ਸਫ਼ਨਯਾਹ 1:8) ਯਹੋਵਾਹ ਦੀ ਬਲੀ ਦੇ ਦਿਨ ਇਉਂ ਹੋਵੇਗਾ, ਕਿ ਮੈਂ ਸਰਦਾਰਾਂ ਨੂੰ, ਪਾਤਸ਼ਾਹ ਦੇ ਪੁੱਤ੍ਰਾਂ ਨੂੰ, ਅਤੇ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸ ਦੇ ਕੱਪੜੇ ਪਹਿਨੇ ਹੋਏ ਹਨ ਸਜ਼ਾ ਦਿਆਂਗਾ।

w07 11/15 11 ਪੈਰਾ 3

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

1:8. ਸਫ਼ਨਯਾਹ ਦੇ ਸਮੇਂ ਵਿਚ ਯਹੋਵਾਹ ਦੇ ਕੁਝ ਲੋਕਾਂ ਨੇ “ਪਰਦੇਸ ਦੇ ਕੱਪੜੇ ਪਹਿਨੇ” ਸਨ। ਇੱਦਾਂ ਕਰਨ ਨਾਲ ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਰਗੇ ਬਣਨਾ ਚਾਹੁੰਦੇ ਸਨ। ਇਹ ਉਨ੍ਹਾਂ ਦੀ ਮੂਰਖਤਾਈ ਸੀ ਤੇ ਅੱਜ ਯਹੋਵਾਹ ਦੇ ਸੇਵਕਾਂ ਦਾ ਪਹਿਰਾਵਾ ਵੀ ਦੁਨੀਆਂ ਵਰਗਾ ਨਹੀਂ ਹੋਣਾ ਚਾਹੀਦਾ।

(ਹੱਜਈ 2:9) ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ,— ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।

w07 12/1 9 ਪੈਰਾ 3

ਹੱਜਈ ਤੇ ਜ਼ਕਰਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

2:9​—ਕਿਸ ਭਾਵ ਵਿਚ “ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ” ਹੋਣੀ ਸੀ? ਇਹ ਤਿੰਨਾਂ ਤਰੀਕਿਆਂ ਨਾਲ ਹੋਣਾ ਸੀ। ਇਕ ਤਾਂ ਇਹ ਭਵਨ ਪਹਿਲੇ ਭਵਨ ਨਾਲੋਂ ਜ਼ਿਆਦਾ ਚਿਰ ਖੜ੍ਹਾ ਰਹਿਣਾ ਸੀ। ਜਿੱਥੇ ਸੁਲੇਮਾਨ ਦਾ ਬਣਵਾਇਆ ਭਵਨ 1027 ਈ.ਪੂ. ਤੋਂ ਲੈ ਕੇ 607 ਈ.ਪੂ. ਤਕ ਖੜ੍ਹਾ ਰਿਹਾ, ਮਤਲਬ ਕਿ ਪੂਰੇ 420 ਸਾਲ, ਉੱਥੇ ਅਖ਼ੀਰਲਾ ਭਵਨ 515 ਈ.ਪੂ. ਤੋਂ ਲੈ ਕੇ 70 ਈ. ਤਕ ਖੜ੍ਹਾ ਰਿਹਾ ਮਤਲਬ ਕਿ 580 ਸਾਲਾਂ ਤੋਂ ਉੱਪਰ। ਦੂਜਾ, ਆਖ਼ਰੀ ਭਵਨ ਵਿਚ ਕਿਸੇ ਮਹਾਨ ਇਨਸਾਨ ਨੇ ਸਿੱਖਿਆ ਦੇਣੀ ਸੀ। ਇਹ ਮਹਾਨ ਇਨਸਾਨ ਪਰਮੇਸ਼ੁਰ ਦਾ ਪੱਤਰ ਯਿਸੂ ਮਸੀਹ ਸੀ। ਤੀਜਾ, ਆਖ਼ਰੀ ਭਵਨ ਵਿਚ ਪਹਿਲੇ ਭਵਨ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨ ਆਉਣਾ ਸੀ ਤੇ ਇਵੇਂ ਹੀ ਹੋਇਆ।​—ਰਸੂਲਾਂ ਦੇ ਕਰਤੱਬ 2:1-11.

ਬਾਈਬਲ ਪੜ੍ਹਾਈ

(ਹੱਜਈ 2:1-14) ਸੱਤਵੇਂ ਮਹੀਨੇ ਦੀ ਇੱਕੀ ਤਰੀਕ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਦੇ ਰਾਹੀਂ ਆਇਆ ਕਿ। 2 ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤ੍ਰ ਜ਼ਰੁੱਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ ਨੂੰ ਅਤੇ ਬਾਕੀ ਲੋਕਾਂ ਨੂੰ ਇਉਂ ਆਖ, 3 ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਹ ਨੇ ਏਸ ਭਵਨ ਦੀ ਪਹਿਲੀ ਰੌਣਕ ਨੂੰ ਵੇਖਿਆ ਹੈ? ਅਤੇ ਹੁਣ ਤੁਸੀਂ ਕੀ ਵੇਖਦੇ ਹੋ? ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ? 4 ਪਰ ਹੇ ਜ਼ਰੁੱਬਾਬਲ, ਤਕੜਾ ਹੋ! ਯਹੋਵਾਹ ਦਾ ਵਾਕ ਹੈ, ਅਤੇ ਹੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ, ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯੋਹਵਾਹ ਦਾ ਵਾਕ ਹੈ, 5 ਉਸ ਬਚਨ ਅਨੁਸਾਰ ਜੋ ਮੈਂ ਤੁਹਾਡੇ ਨਾਲ ਬੰਨ੍ਹਿਆ ਜਦ ਤੁਸੀਂ ਮਿਸਰੋਂ ਨਿੱਕਲੇ, ਸੋ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਡਰੋ ਨਾ! 6 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ। 7 ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ। 8 ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ। 9 ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ,— ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। 10 ਦਾਰਾ ਪਾਤਸ਼ਾਹ ਦੇ ਦੂਜੇ ਵਰ੍ਹੇ ਦੇ ਨੌਵੇਂ ਮਹੀਨੇ ਦੀ ਚੱਵੀ ਤਰੀਕ ਨੂੰ ਯੋਹਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ। 11 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਬਿਵਸਥਾ ਦੇ ਵਿਖੇ ਜਾਜਕਾਂ ਤੋਂ ਪੁੱਛ। 12 ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈ, ਤੇਲ ਯਾ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੋਹ ਜਾਵੇ ਤਾਂ ਭਲਾ, ਉਹ ਚੀਜ਼ ਪਵਿੱਤਰ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ। 13 ਫੇਰ ਹੱਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲੋਥ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ ਇਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਛੋਹ ਦੇਵੇ ਤਾਂ ਭਲਾ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ। 14 ਫੇਰ ਹੱਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਏਸ ਪਰਜਾ ਅਰ ਏਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਏਸੇ ਤਰਾਂ ਓਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਓਹ ਉੱਥੇ ਚੜ੍ਹਾਉਂਦੇ ਹਨ ਉਹ ਵੀ ਅਸ਼ੁੱਧ ਹੈ।

11-17 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਕਰਯਾਹ 1-8

“ਇੱਕ ਯਹੂਦੀ ਦਾ ਪੱਲਾ ਫੜਨਗੇ”

(ਜ਼ਕਰਯਾਹ 8:20-22) ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਫੇਰ ਉੱਮਤਾਂ ਅਤੇ ਬਹੁਤਿਆਂ ਨਗਰਾਂ ਦੇ ਵਸਨੀਕ ਆਉਣਗੇ। 21 ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ, ਛੇਤੀ ਚੱਲੀਏ, ਯਹੋਵਾਹ ਦੇ ਅੱਗੇ ਬੇਨਤੀ ਕਰੀਏ ਅਤੇ ਸੈਨਾਂ ਦੇ ਯਹੋਵਾਹ ਨੂੰ ਭਾਲੀਏ, ਅਰ ਮੈਂ ਭੀ ਚੱਲਾਂਗਾ। 22 ਬਹੁਤ ਸਾਰੇ ਲੋਕ ਅਤੇ ਸੂਰ ਬੀਰ ਕੌਮਾਂ ਸੈਨਾਂ ਦੇ ਯਹੋਵਾਹ ਦੇ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ।

w14 11/15 27 ਪੈਰਾ 14

“ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”

14 ਪੁਰਾਣੇ ਜ਼ਮਾਨੇ ਦੇ ਦੋ ਨਬੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਯੁਗ ਦੇ ਆਖ਼ਰੀ ਸਮੇਂ ਵਿਚ ਬਹੁਤ ਸਾਰੇ ਲੋਕ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨਗੇ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।” (ਯਸਾ. 2:2, 3) ਇਸੇ ਤਰ੍ਹਾਂ ਜ਼ਕਰਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ “ਬਹੁਤ ਸਾਰੇ ਲੋਕ ਅਤੇ ਸੂਰ ਬੀਰ ਕੌਮਾਂ ਸੈਨਾਂ ਦੇ ਯਹੋਵਾਹ ਦੇ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ।” ਉਸ ਨੇ ਇਨ੍ਹਾਂ ਲੋਕਾਂ ਨੂੰ “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ” ਕਿਹਾ। ਇਹ ਲੋਕ ਚੁਣੇ ਹੋਏ ਮਸੀਹੀਆਂ ਦਾ ਪੱਲਾ ਫੜਨਗੇ ਯਾਨੀ ਉਨ੍ਹਾਂ ਨਾਲ ਮਿਲ ਕੇ ਭਗਤੀ ਕਰਨਗੇ ਅਤੇ ਕਹਿਣਗੇ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”​—ਜ਼ਕ. 8:20-23.

(ਜ਼ਕਰਯਾਹ 8:23) ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!

w16.01 23 ਪੈਰਾ 4

“ਅਸੀਂ ਤੁਹਾਡੇ ਨਾਲ ਚੱਲਾਂਗੇ”

4 ਸੋ ਜੇ ਹੋਰ ਭੇਡਾਂ ਦੇ ਲੋਕ ਧਰਤੀ ʼਤੇ ਰਹਿਣ ਵਾਲੇ ਸਾਰੇ ਚੁਣੇ ਹੋਏ ਮਸੀਹੀਆਂ ਦੇ ਨਾਂ ਨਹੀਂ ਜਾਣ ਸਕਦੇ, ਤਾਂ ਉਹ ਉਨ੍ਹਾਂ ਦੇ ਨਾਲ ਕਿਵੇਂ ‘ਚੱਲ’ ਸਕਦੇ ਹਨ? ਬਾਈਬਲ ਦੱਸਦੀ ਹੈ ਕਿ ‘ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ ਭਾਵੇਂ ਕਿ ਆਇਤ ਵਿਚ ਇਕ ਯਹੂਦੀ ਲਿਖਿਆ ਗਿਆ ਹੈ, ਪਰ ਇੱਥੇ ਇਕ ਆਦਮੀ ਦੀ ਗੱਲ ਨਹੀਂ ਕੀਤੀ ਗਈ। ਇੱਥੇ ਇਕ ਯਹੂਦੀ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਹੋਰ ਭੇਡਾਂ ਇਹ ਗੱਲ ਜਾਣਦੀਆਂ ਹਨ ਅਤੇ ਉਹ ਇਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੀਆਂ ਹਨ। ਚੁਣੇ ਹੋਏ ਮਸੀਹੀਆਂ ਦੇ ਨਾਲ-ਨਾਲ ਚੱਲਣ ਲਈ ਸਾਨੂੰ ਇਨ੍ਹਾਂ ਸਾਰਿਆਂ ਦੇ ਨਾਂ ਜਾਣਨ ਦੀ ਲੋੜ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਸਾਡਾ ਆਗੂ ਹੈ, ਨਾ ਕਿ ਕੋਈ ਇਨਸਾਨ।​—ਮੱਤੀ 23:10.

w09 2/15 27 ਪੈਰਾ 14

ਉਹ ‘ਲੇਲੇ ਦੇ ਮਗਰ ਮਗਰ ਤੁਰਦੇ ਹਨ’

14 ਯਿਸੂ ਮਸੀਹ ਨੇ ਕਿਹਾ ਸੀ ਕਿ ਉਸ ਦੇ ਭਰਾਵਾਂ ਦਾ ਸਾਥ ਦੇਣ ਵਾਲੇ ਅਸਲ ਵਿਚ ਉਸ ਦਾ ਸਾਥ ਦਿੰਦੇ ਹਨ। (ਮੱਤੀ 25:40 ਪੜ੍ਹੋ।) ਸੋ ਵੱਡੀ ਭੀੜ ਦੇ ਮੈਂਬਰ ਕਿਨ੍ਹਾਂ ਤਰੀਕਿਆਂ ਨਾਲ ਮਸੀਹ ਦੇ ਭਰਾਵਾਂ ਦਾ ਸਾਥ ਦੇ ਸਕਦੇ ਹਨ? ਉਹ ਮੁੱਖ ਤੌਰ ਤੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (ਮੱਤੀ 24:14; ਯੂਹੰ. 14:12) ਕਈ ਦਹਾਕਿਆਂ ਤੋਂ ਮਸਹ ਕੀਤੇ ਹੋਇਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਜਦ ਕਿ ਵੱਡੀ ਭੀੜ ਦੇ ਮੈਂਬਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਮੈਂਬਰ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਇਹ ਕੰਮ ਪੂਰਾ ਕਰਨ ਵਿਚ ਮਸੀਹ ਦੇ ਭਰਾਵਾਂ ਦਾ ਸਾਥ ਦਿੰਦੇ ਹਨ। ਕਈ ਤਾਂ ਮਿਸ਼ਨਰੀਆਂ ਤੇ ਪਾਇਨੀਅਰਾਂ ਵਜੋਂ ਵੀ ਸੇਵਾ ਕਰਦੇ ਹਨ। (ਮੱਤੀ 28:19, 20) ਨਾਲੇ ਇਹ ਮੈਂਬਰ ਪ੍ਰਚਾਰ ਦੇ ਕੰਮ ਵਾਸਤੇ ਵੱਖੋ-ਵੱਖਰੇ ਤਰੀਕਿਆਂ ਨਾਲ ਦਾਨ ਵੀ ਦਿੰਦੇ ਹਨ।

ਹੀਰੇ-ਮੋਤੀਆਂ ਦੀ ਖੋਜ ਕਰੋ

(ਜ਼ਕਰਯਾਹ 5:6-11) ਮੈਂ ਆਖਿਆ, ਇਹ ਕੀ ਹੈ? ਉਸ ਆਖਿਆ ਕਿ ਉਹ ਇੱਕ ਏਫਾਹ ਬਾਹਰ ਨੂੰ ਨਿੱਕਲ ਰਿਹਾ ਹੈ। ਉਸ ਆਖਿਆ, ਸਾਰੇ ਦੇਸ ਵਿੱਚ ਓਹਨਾਂ ਦੀ ਇਹ ਬਦੀ ਹੈ। 7 ਤਾਂ ਵੇਖੋ, ਸਿੱਕੇ ਦਾ ਇੱਕ ਢੱਕਣਾ ਉੱਪਰ ਚੁੱਕਿਆ ਗਿਆ ਅਤੇ ਇੱਕ ਜਨਾਨੀ ਏਫਾਹ ਦੇ ਵਿੱਚ ਬੈਠੀ ਹੋਈ ਸੀ। 8 ਉਸ ਆਖਿਆ ਕਿ ਇਹ ਦੁਸ਼ਟਪੁਣਾ ਹੈ। ਉਸ ਨੇ ਉਹ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ। 9 ਫੇਰ ਮੈਂ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਦੋ ਜਨਾਨੀਆਂ ਬਾਹਰ ਨਿੱਕਲੀਆਂ ਅਤੇ ਹਵਾ ਓਹਨਾਂ ਦੇ ਪਰਾਂ ਦੇ ਵਿੱਚ ਸੀ ਕਿਉਂ ਜੋ ਓਹਨਾਂ ਦੇ ਪਰ ਲਮਢੀਂਗ ਦੇ ਪਰਾਂ ਵਰਗੇ ਸਨ। ਓਹਨਾਂ ਨੇ ਏਫਾਹ ਨੂੰ ਧਰਤੀ ਅਤੇ ਅਕਾਸ਼ ਦੇ ਵਿੱਚ ਵਿਚਾਲੇ ਤੀਕ ਚੁੱਕਿਆ 10 ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਏਹ ਏਫਾਹ ਨੂੰ ਕਿੱਥੇ ਲੈ ਚੱਲੀਆਂ ਹਨ? 11 ਉਸ ਮੈਨੂੰ ਆਖਿਆ ਕਿ ਸ਼ਿਨਆਰ ਦੇਸ ਵਿੱਚ ਉਸ ਦਾ ਇੱਕ ਘਰ ਬਣਾਉਣਾ ਹੈ। ਜਦ ਉਹ ਤਿਆਰ ਹੋ ਜਾਵੇ ਤਾਂ ਉਹ ਦੇ ਅੱਡੇ ਉੱਤੇ ਉਹ ਰੱਖਿਆ ਜਾਵੇਗਾ।

w17.10 25 ਪੈਰਾ 18

ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ

18 ਇਸ ਦਰਸ਼ਣ ਤੋਂ ਯਹੂਦੀਆਂ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਉਹ ਸ਼ੁੱਧ ਤਰੀਕੇ ਨਾਲ ਭਗਤੀ ਕਰਨ। ਪਰਮੇਸ਼ੁਰ ਦੇ ਲੋਕਾਂ ਵਿਚ ਦੁਸ਼ਟਪੁਣੇ ਦੀ ਕੋਈ ਜਗ੍ਹਾ ਨਹੀਂ। ਯਹੋਵਾਹ ਨੇ ਸਾਨੂੰ ਆਪਣੇ ਸ਼ੁੱਧ ਸੰਗਠਨ ਵਿਚ ਬੁਲਾਇਆ ਹੈ ਜਿਸ ਵਿਚ ਅਸੀਂ ਉਸ ਦਾ ਪਿਆਰ ਅਤੇ ਸੁਰੱਖਿਆ ਮਹਿਸੂਸ ਕਰਦੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਸੰਗਠਨ ਨੂੰ ਸ਼ੁੱਧ ਰੱਖੀਏ। ਇਸ ਸੰਗਠਨ ਵਿਚ ਦੁਸ਼ਟਪੁਣੇ ਦੀ ਕੋਈ ਜਗ੍ਹਾ ਨਹੀਂ!

(ਜ਼ਕਰਯਾਹ 6:1) ਮੈਂ ਮੁੜ ਕੇ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਦੋਂਹ ਪਹਾੜਾਂ ਦੇ ਵਿੱਚੋਂ ਚਾਰ ਰਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਓਹ ਪਹਾੜ ਪਿੱਤਲ ਦੇ ਪਹਾੜ ਸਨ।

w17.10 27-28 ਪੈਰੇ 7-8

ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ

7 ਬਾਈਬਲ ਵਿਚ ਕਦੀ-ਕਦੀ ਹਕੂਮਤਾਂ ਜਾਂ ਸਰਕਾਰਾਂ ਨੂੰ ਪਹਾੜ ਵਜੋਂ ਦਰਸਾਇਆ ਗਿਆ ਹੈ। ਜਿਹੜੇ ਦੋ ਪਹਾੜ ਜ਼ਕਰਯਾਹ ਨੇ ਦੇਖੇ ਉਹ ਦਾਨੀਏਲ ਦੀ ਭਵਿੱਖਬਾਣੀ ਵਿਚਲੇ ਦੋ ਪਹਾੜਾਂ ਵਰਗੇ ਸਨ। ਇਕ ਪਹਾੜ ਪੂਰੀ ਕਾਇਨਾਤ ਉੱਤੇ ਯਹੋਵਾਹ ਦੀ ਹਕੂਮਤ ਨੂੰ ਦਰਸਾਉਂਦਾ ਹੈ। ਦੂਜਾ ਪਹਾੜ ਮਸੀਹ ਦੇ ਰਾਜ ਨੂੰ ਦਰਸਾਉਂਦਾ ਹੈ ਜਿਸ ਦਾ ਰਾਜਾ ਯਿਸੂ ਹੈ। (ਦਾਨੀ. 2:35, 45) 1914 ਦੀ ਪਤਝੜ ਵਿਚ ਯਿਸੂ ਰਾਜਾ ਬਣਿਆ ਸੀ। ਉਸ ਸਮੇਂ ਤੋਂ ਇਹ ਦੋਨੋਂ ਪਹਾੜ ਮਿਲ ਕੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰਨ ਵਿਚ ਖ਼ਾਸ ਭੂਮਿਕਾ ਨਿਭਾਉਂਦੇ ਆ ਰਹੇ ਹਨ।

8 ਇਹ ਪਹਾੜ ਤਾਂਬੇ ਦੇ ਕਿਉਂ ਬਣੇ ਹਨ? ਸੋਨੇ ਦੀ ਤਰ੍ਹਾਂ ਤਾਂਬਾ ਵੀ ਬਹੁਤ ਮਹਿੰਗਾ ਅਤੇ ਚਮਕੀਲੀ ਧਾਤ ਹੈ। ਇਸ ਲਈ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਤੰਬੂ ਅਤੇ ਮੰਦਰ ਬਣਾਉਣ ਲਈ ਤਾਂਬੇ ਦਾ ਇਸਤੇਮਾਲ ਕਰਨ ਲਈ ਕਿਹਾ ਸੀ। (ਕੂਚ 27:1-3; 1 ਰਾਜ. 7:13-16) ਤਾਂਬੇ ਦੇ ਬਣੇ ਇਹ ਦੋ ਪਹਾੜ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਯਹੋਵਾਹ ਦਾ ਰਾਜ ਅਤੇ ਮਸੀਹ ਦਾ ਰਾਜ ਸਭ ਤੋਂ ਵਧੀਆ ਅਤੇ ਉੱਤਮ ਹਨ। ਮਸੀਹ ਦੇ ਰਾਜ ਅਧੀਨ ਇਨਸਾਨ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਬੇਸ਼ੁਮਾਰ ਬਰਕਤਾਂ ਦਾ ਆਨੰਦ ਮਾਣਨਗੇ।

ਬਾਈਬਲ ਪੜ੍ਹਾਈ

(ਜ਼ਕਰਯਾਹ 8:14-23) ਕਿਉਂ ਜੋ ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਬੁਰਿਆਈ ਕਰਨੀ ਠਾਣ ਲਈ ਸੀ ਜਦ ਤੁਹਾਡੇ ਪਿਉ ਦਾਦਿਆਂ ਨੇ ਮੈਨੂੰ ਕੋਪਵਾਨ ਕੀਤਾ ਅਤੇ ਮੈਂ ਨਾ ਪੱਛਤਾਇਆ, ਸੈਨਾਂ ਦੇ ਯਹੋਵਾਹ ਨੇ ਆਖਿਆ, 15 ਤਿਵੇਂ ਮੈਂ ਫੇਰ ਠਾਣ ਲਿਆ ਹੈ ਕਿ ਏਹਨਾਂ ਦਿਨਾਂ ਵਿੱਚ ਯਰੂਸ਼ਲਮ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਿਆਈ ਕਰਾਂ। ਤੁਸੀਂ ਨਾ ਡਰੋ! 16 ਏਹ ਗੱਲਾਂ ਹਨ ਜਿਹੜੀਆਂ ਤੁਸਾਂ ਕਰਨੀਆਂ ਹਨ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਤੁਸੀਂ ਆਪਣੇ ਫਾਟਕਾਂ ਵਿੱਚ ਸਚਿਆਈ ਅਤੇ ਸ਼ਾਂਤੀ ਦਾ ਨਿਆਉਂ ਕਰੋ। 17 ਤੁਹਾਡੇ ਵਿੱਚੋਂ ਕੋਈ ਆਪਣੇ ਗੁਆਂਢੀ ਦੇ ਵਿਰੁੱਧ ਆਪਣੇ ਦਿਲ ਵਿੱਚ ਬੁਰਿਆਈ ਦਾ ਮਤਾ ਨਾ ਪਕਾਵੇ ਅਤੇ ਨਾ ਕੋਈ ਝੂਠੀ ਸੌਂਹ ਨਾਲ ਪਿਆਰ ਕਰੇ ਕਿਉਂ ਜੋ ਏਹਨਾਂ ਸਾਰੀਆਂ ਗੱਲਾਂ ਤੋਂ ਮੈਂ ਘਿਣ ਕਰਦਾ ਹਾਂ, ਯਹੋਵਾਹ ਦਾ ਵਾਕ ਹੈ। 18 ਤਾਂ ਸੈਨਾਂ ਦੇ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ। 19 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਚੌਥੇ ਮਹੀਨੇ ਦਾ ਵਰਤ ਅਤੇ ਪੰਜਵੇਂ ਮਹੀਨੇ ਦਾ ਵਰਤ ਅਰ ਸਤਵੇਂ ਮਹੀਨੇ ਦਾ ਵਰਤ ਅਰ ਦਸਵੇਂ ਮਹੀਨੇ ਦਾ ਵਰਤ ਯਹੂਦਾਹ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ। ਤੁਸੀਂ ਸਚਿਆਈ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ। 20 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਫੇਰ ਉੱਮਤਾਂ ਅਤੇ ਬਹੁਤਿਆਂ ਨਗਰਾਂ ਦੇ ਵਸਨੀਕ ਆਉਣਗੇ। 21 ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ, ਛੇਤੀ ਚੱਲੀਏ, ਯਹੋਵਾਹ ਦੇ ਅੱਗੇ ਬੇਨਤੀ ਕਰੀਏ ਅਤੇ ਸੈਨਾਂ ਦੇ ਯਹੋਵਾਹ ਨੂੰ ਭਾਲੀਏ, ਅਰ ਮੈਂ ਭੀ ਚੱਲਾਂਗਾ। 22 ਬਹੁਤ ਸਾਰੇ ਲੋਕ ਅਤੇ ਸੂਰ ਬੀਰ ਕੌਮਾਂ ਸੈਨਾਂ ਦੇ ਯਹੋਵਾਹ ਦੇ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ। 23 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!

18-24 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਕਰਯਾਹ 9-14

“‘ਪਹਾੜਾਂ ਦੀ ਵਾਦੀ ਵਿਚ ਰਹੋ’”

(ਜ਼ਕਰਯਾਹ 14:3, 4) ਤਾਂ ਯਹੋਵਾਹ ਨਿੱਕਲੇਗਾ ਅਤੇ ਓਹਨਾਂ ਕੌਮਾਂ ਨਾਲ ਜੁੱਧ ਕਰੇਗਾ ਜਿਵੇਂ ਜੁੱਧ ਦੇ ਦਿਨ ਲੜਦਾ ਸੀ। 4 ਉਸ ਦਿਨ ਉਸ ਦੇ ਪੈਰ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ ਅਤੇ ਜ਼ੈਤੂਨ ਦਾ ਪਹਾੜ ਚੜ੍ਹਦੇ ਤੋਂ ਲਹਿੰਦੇ ਤੀਕ ਵਿੱਚੋਂ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਦੂਣ ਹੋ ਜਾਵੇਗੀ,— ਅੱਧਾ ਪਹਾੜ ਉੱਤਰ ਨੂੰ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ।

w13 2/15 19 ਪੈਰਾ 10

ਯਹੋਵਾਹ ਦੀ ਵਾਦੀ ਵਿਚ ਰਹੋ!

10 ਜਦ ਇਸ ਪਹਾੜ ਦੇ ਦੋ ਹਿੱਸੇ ਹੁੰਦੇ ਹਨ, ਅੱਧਾ ਉੱਤਰ ਵੱਲ ਤੇ ਅੱਧਾ ਦੱਖਣ ਵੱਲ, ਤਾਂ ਯਹੋਵਾਹ ਦੇ ਪੈਰ ਦੋਹਾਂ ਪਹਾੜਾਂ ʼਤੇ ਰਹਿੰਦੇ ਹਨ। ਯਹੋਵਾਹ ਦੇ ਪੈਰਾਂ ਹੇਠ “ਇੱਕ ਬਹੁਤ ਵੱਡੀ ਦੂਣ” ਜਾਂ ਵਾਦੀ ਬਣ ਜਾਂਦੀ ਹੈ। ਇਹ ਵਾਦੀ ਯਹੋਵਾਹ ਦੀ ਸੁਰੱਖਿਆ ਨੂੰ ਦਰਸਾਉਂਦੀ ਹੈ। ਇਸ ਵਿਚ ਯਹੋਵਾਹ ਦੇ ਸੇਵਕ ਉਸ ਦੀ ਹਕੂਮਤ ਅਤੇ ਮਸੀਹ ਦੇ ਰਾਜ ਅਧੀਨ ਸੁਰੱਖਿਅਤ ਰਹਿੰਦੇ ਹਨ। ਯਹੋਵਾਹ ਆਪਣੇ ਲੋਕਾਂ ਦਾ ਨਾਮੋ-ਨਿਸ਼ਾਨ ਕਦੇ ਨਹੀਂ ਮਿਟਣ ਦੇਵੇਗਾ। ਜ਼ੈਤੂਨ ਦੇ ਪਹਾੜ ਦੇ ਦੋ ਹਿੱਸੇ ਕਦੋਂ ਹੋਏ ਸਨ? 1914 ਵਿਚ ਜਦ ਗ਼ੈਰ-ਯਹੂਦੀ ਕੌਮਾਂ ਦੇ ਸਮੇਂ ਖ਼ਤਮ ਹੋਣ ਤੋਂ ਬਾਅਦ ਮਸੀਹ ਦਾ ਰਾਜ ਸ਼ੁਰੂ ਹੋਇਆ। ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਲੋਕ ਭੱਜ ਕੇ ਇਸ ਵਾਦੀ ਵਿਚ ਜਾਣਗੇ। ਉਸ ਦੇ ਲੋਕ ਕਦੋਂ ਇਸ ਵਾਦੀ ਵਿਚ ਜਾਣੇ ਸ਼ੁਰੂ ਹੋਏ?

(ਜ਼ਕਰਯਾਹ 14:5) ਤੁਸੀਂ ਮੇਰੇ ਪਹਾੜ ਦੀ ਦੂਣ ਦੇ ਵਿੱਚ ਦੀ ਨੱਠੋਗੇ ਕਿਉਂ ਜੋ ਪਹਾੜ ਦੀ ਦੂਣ ਆਸਲ ਤੀਕ ਹੋਵੇਗੀ, ਤੁਸੀਂ ਨੱਠੋਗੇ ਜਿਵੇਂ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ ਦਿਨਾਂ ਵਿੱਚ ਭੁਚਾਲ ਦੇ ਅੱਗੇ ਨੱਠੇ ਸਾਓ, ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਸਾਰੇ ਸੰਤ ਜਨ ਤੇਰੇ ਨਾਲ।

w13 2/15 20 ਪੈਰਾ 13

ਯਹੋਵਾਹ ਦੀ ਵਾਦੀ ਵਿਚ ਰਹੋ!

13 ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੇ ਰਹੀਏ ਤੇ ਸੱਚਾਈ ਦੇ ਰਾਹ ਨੂੰ ਨਾ ਛੱਡੀਏ, ਤਾਂ ਉਹ ਤੇ ਉਸ ਦਾ ਪੁੱਤਰ ਯਿਸੂ ਮਸੀਹ ਸਾਡੀ ਰਾਖੀ ਕਰਦੇ ਰਹਿਣਗੇ ਅਤੇ ਕੋਈ ਵੀ ਸਾਨੂੰ ‘ਪਰਮੇਸ਼ੁਰ ਦੇ ਹੱਥੋਂ ਖੋਹ ਨਹੀਂ ਸਕੇਗਾ।’ (ਯੂਹੰ. 10:28, 29) ਯਹੋਵਾਹ ਸਾਡੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਤਾਂਕਿ ਅਸੀਂ ਉਸ ਦੇ ਅਤੇ ਉਸ ਦੇ ਪੁੱਤਰ ਦੇ ਰਾਜ ਅਧੀਨ ਰਹੀਏ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵਾਦੀ ਵਿਚ ਰਹੀਏ ਕਿਉਂਕਿ ਮਹਾਂਕਸ਼ਟ ਦੌਰਾਨ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੀ ਮਦਦ ਦੀ ਲੋੜ ਪਵੇਗੀ।

(ਜ਼ਕਰਯਾਹ 14:6, 7) ਇਉਂ ਹੋਵੇਗਾ ਕਿ ਉਸ ਦਿਨ ਚਾਨਣ ਨਾ ਹੋਵੇਗਾ, ਅਕਾਸ਼ ਦੇ ਤਾਰੇ ਧੀਮੇ ਪੈ ਜਾਣਗੇ। 7 ਪਰ ਇੱਕ ਦਿਨ ਹੋਵੇਗਾ ਜਿਹ ਨੂੰ ਯਹੋਵਾਹ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮਾਂ ਦੇ ਵੇਲੇ ਚਾਨਣਾ ਹੋਵੇਗਾ।

(ਜ਼ਕਰਯਾਹ 14:12) ਉਹ ਅਜ਼ਾਬ ਹੋਵੇਗਾ ਜਿਹ ਦੇ ਨਾਲ ਯਹੋਵਾਹ ਸਾਰੀਆਂ ਉੱਮਤਾਂ ਨੂੰ ਮਾਰੇਗਾ ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ। ਓਹਨਾਂ ਦਾ ਮਾਸ ਪੈਰਾਂ ਉੱਤੇ ਖੜੇ ਖੜੇ ਗਲ ਜਾਵੇਗਾ ਅਤੇ ਓਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ ਵਿੱਚ ਗਲ ਜਾਣਗੀਆਂ ਅਤੇ ਓਹਨਾਂ ਦੀ ਜੀਭ ਓਹਨਾਂ ਦੇ ਮੂੰਹ ਵਿੱਚ ਗਲ ਜਾਵੇਗੀ।

(ਜ਼ਕਰਯਾਹ 14:15) ਏਸ ਅਜ਼ਾਬ ਵਾਂਙੁ ਇੱਕ ਅਜ਼ਾਬ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸੂਆਂ ਉੱਤੇ ਜਿਹੜੇ ਡੇਰਿਆਂ ਵਿੱਚ ਹੋਣਗੇ ਪਵੇਗਾ।

w13 2/15 20 ਪੈਰਾ 15

ਯਹੋਵਾਹ ਦੀ ਵਾਦੀ ਵਿਚ ਰਹੋ!

15 ਉਸ ਲੜਾਈ ਦੌਰਾਨ ਉਨ੍ਹਾਂ ਦਾ ਕੀ ਹਾਲ ਹੋਵੇਗਾ ਜੋ ਉਸ ਵੱਡੀ ਵਾਦੀ ਵਿਚ ਨਹੀਂ ਹੋਣਗੇ? “ਉਸ ਦਿਨ ਚਾਨਣ ਨਾ ਹੋਵੇਗਾ” ਮਤਲਬ ਉਨ੍ਹਾਂ ਲੋਕਾਂ ʼਤੇ ਪਰਮੇਸ਼ੁਰ ਦੀ ਮਿਹਰ ਨਹੀਂ ਹੋਵੇਗੀ। ਇਸ ਭਵਿੱਖਬਾਣੀ ਵਿਚ ‘ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਪਸੂਆਂ’ ਦਾ ਜ਼ਿਕਰ ਕੀਤਾ ਗਿਆ ਹੈ ਜੋ ਪੁਰਾਣੇ ਜ਼ਮਾਨੇ ਵਿਚ ਲੜਾਈਆਂ ਵਿਚ ਵਰਤੇ ਜਾਂਦੇ ਸਨ। ਇਸ ਲਈ ਅੱਜ ਇਹ ਕੌਮਾਂ ਦੇ ਹਥਿਆਰਾਂ ਨੂੰ ਦਰਸਾਉਂਦੇ ਹਨ। ਪਰ ਲੜਾਈ ਦੇ ਦਿਨ ਇਹ ਹਥਿਆਰ ਨਿਕੰਮੇ ਸਾਬਤ ਹੋਣਗੇ। ਜ਼ਕਰਯਾਹ ਕਹਿੰਦਾ ਹੈ ਕਿ ਯਹੋਵਾਹ ਆਪਣੇ ਦੁਸ਼ਮਣਾਂ ਨੂੰ “ਅਜ਼ਾਬ” ਮਤਲਬ ਭਿਆਨਕ ਬੀਮਾਰੀ ਵੀ ਲਾਵੇਗਾ। ਬਾਈਬਲ ਕਹਿੰਦੀ ਹੈ: “ਓਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ ਵਿੱਚ ਗਲ ਜਾਣਗੀਆਂ ਅਤੇ ਓਹਨਾਂ ਦੀ ਜੀਭ ਓਹਨਾਂ ਦੇ ਮੂੰਹ ਵਿੱਚ ਗਲ ਜਾਵੇਗੀ।” ਸਾਨੂੰ ਪਤਾ ਨਹੀਂ ਕਿ ਇਹ ਕੋਈ ਅਸਲੀ ਬੀਮਾਰੀ ਹੋਵੇਗੀ ਜਾਂ ਨਹੀਂ। ਪਰ ਸਾਨੂੰ ਇੰਨਾ ਪਤਾ ਹੈ ਕਿ ਵਿਰੋਧੀ ਨਾ ਤਾਂ ਸਾਡਾ ਨੁਕਸਾਨ ਕਰ ਸਕਣਗੇ ਤੇ ਨਾ ਹੀ ਪਰਮੇਸ਼ੁਰ ਦੇ ਖ਼ਿਲਾਫ਼ ਬੋਲ ਸਕਣਗੇ। (ਜ਼ਕ. 14:6, 7, 12, 15) ਇਸ ਯੁੱਧ ਵਿਚ “ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ” ਸ਼ੈਤਾਨ ਦਾ ਸਾਥ ਦੇਣਗੇ। ਪਰ ਉਹ ਧਰਤੀ ʼਤੇ ਜਿੱਥੇ ਮਰਜ਼ੀ ਹੋਣ, ਉਨ੍ਹਾਂ ਸਾਰਿਆਂ ਦਾ ਨਾਸ਼ ਕੀਤਾ ਜਾਵੇਗਾ। (ਪ੍ਰਕਾ. 19:19-21) “ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ।”​—ਯਿਰ. 25:32, 33.

ਹੀਰੇ-ਮੋਤੀਆਂ ਦੀ ਖੋਜ ਕਰੋ

(ਜ਼ਕਰਯਾਹ 12:3) ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਫੱਟੜ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ।

w07 12/15 23 ਪੈਰੇ 9-10

ਸਾਡੇ ਵਿਰੁੱਧ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ

9 ਜ਼ਕਰਯਾਹ ਦੀ ਭਵਿੱਖਬਾਣੀ ਤੋਂ ਜ਼ਾਹਰ ਹੁੰਦਾ ਹੈ ਕਿ ਕੌਮਾਂ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕਿਉਂ ਕਰਦੀਆਂ ਹਨ। ਧਿਆਨ ਦਿਓ ਕਿ ਜ਼ਕਰਯਾਹ 12:3 ਵਿਚ ਕੀ ਕਿਹਾ ਗਿਆ ਹੈ: “ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ।” ਇੱਥੇ ਕਿਹੜੇ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ? ਜ਼ਕਰਯਾਹ ਦੀ ਭਵਿੱਖਬਾਣੀ “ਸੁਰਗੀ ਯਰੂਸ਼ਲਮ” ਯਾਨੀ ਪਰਮੇਸ਼ੁਰ ਦੇ ਸਵਰਗੀ ਰਾਜ ਤੇ ਲਾਗੂ ਹੁੰਦੀ ਹੈ ਜਿਸ ਦੇ ਵਾਰਸ ਮਸਹ ਕੀਤੇ ਹੋਏ ਮਸੀਹੀ ਹਨ। (ਇਬਰਾਨੀਆਂ 12:22) ਇਨ੍ਹਾਂ ਮਸਹ ਕੀਤੇ ਹੋਇਆਂ ਵਿੱਚੋਂ ਕੁਝ ਮਸੀਹੀ ਅਜੇ ਧਰਤੀ ਤੇ ਹਨ। ਉਹ ‘ਹੋਰ ਭੇਡਾਂ’ ਨਾਲ ਮਿਲ ਕੇ ਅੰਤ ਆਉਣ ਤੋਂ ਪਹਿਲਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣ ਲਈ ਕਹਿ ਰਹੇ ਹਨ। (ਯੂਹੰਨਾ 10:16; ਪ੍ਰਕਾਸ਼ ਦੀ ਪੋਥੀ 11:15) ਕੀ ਕੌਮਾਂ ਉਨ੍ਹਾਂ ਦੀ ਗੱਲ ਸੁਣ ਰਹੀਆਂ ਹਨ? ਯਹੋਵਾਹ ਆਪਣੇ ਲੋਕਾਂ ਨੂੰ ਸਹਾਰਾ ਕਿਵੇਂ ਦੇ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਜ਼ਕਰਯਾਹ ਦੇ 12ਵੇਂ ਅਧਿਆਇ ਦੀ ਜਾਂਚ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਪੂਰਾ ਯਕੀਨ ਹੋ ਜਾਵੇਗਾ ਕਿ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਲੋਕਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਬਣਾਇਆ ਗਿਆ ‘ਹਰ ਹਥਿਆਰ ਨਿਕੰਮਾ ਸਾਬਤ ਹੋਵੇਗਾ।’

10 ਜ਼ਕਰਯਾਹ 12:3 ਸੰਕੇਤ ਕਰਦਾ ਹੈ ਕਿ ਕੌਮਾਂ “ਫੱਟੜ” ਕੀਤੀਆਂ ਜਾਣਗੀਆਂ। ਉਹ ਕਿਵੇਂ? ਪਰਮੇਸ਼ੁਰ ਦਾ ਹੁਕਮ ਹੈ ਕਿ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। ਯਹੋਵਾਹ ਦੇ ਗਵਾਹ ਤਨ-ਮਨ ਲਾ ਕੇ ਇਹ ਕੰਮ ਕਰ ਰਹੇ ਹਨ। ਪਰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੌਮਾਂ ਲਈ “ਇੱਕ ਭਾਰੀ ਪੱਥਰ” ਵਰਗਾ ਹੈ। ਉਹ ਪਰਮੇਸ਼ੁਰ ਦੇ ਲੋਕਾਂ ਦੇ ਕੰਮ ਵਿਚ ਦਖ਼ਲ ਦੇ ਕੇ ਇਸ ਪੱਥਰ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪ ਹੀ “ਫੱਟੜ” ਹੋਏ ਹਨ। ਕਹਿਣ ਦਾ ਭਾਵ ਹੈ ਕਿ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ ਹੈ। ਉਨ੍ਹਾਂ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪਈ ਹੈ ਜਿਸ ਕਰਕੇ ਉਨ੍ਹਾਂ ਦੀ ਆਪਣੀ ਹੀ ਬਦਨਾਮੀ ਹੁੰਦੀ ਹੈ। ਉਹ ਸਾਨੂੰ ਚੁੱਪ ਨਹੀਂ ਕਰਾ ਸਕੇ ਕਿਉਂਕਿ ਅਸੀਂ ਇਸ ਦੁਨੀਆਂ ਦੇ ਅੰਤ ਤੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਨੂੰ ਮਾਣ ਦੀ ਗੱਲ ਸਮਝਦੇ ਹਾਂ। (ਪ੍ਰਕਾਸ਼ ਦੀ ਪੋਥੀ 14:6) ਇਕ ਅਫ਼ਰੀਕੀ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਨਾਲ ਵਧੀਕੀ ਹੁੰਦੀ ਦੇਖ ਕੇ ਇਕ ਹੌਲਦਾਰ ਨੇ ਕਿਹਾ: ‘ਇਨ੍ਹਾਂ ਲੋਕਾਂ ਨੂੰ ਸਤਾਉਣ ਵਿਚ ਤੁਸੀਂ ਐਵੇਂ ਵਕਤ ਬਰਬਾਦ ਕਰ ਰਹੇ ਹੋ। ਇਹ ਕਦੇ ਸਮਝੌਤਾ ਨਹੀਂ ਕਰਨ ਵਾਲੇ। ਇਨ੍ਹਾਂ ਦੀ ਗਿਣਤੀ ਤਾਂ ਵਧਦੀ ਹੀ ਜਾਂਦੀ ਹੈ।’

(ਜ਼ਕਰਯਾਹ 12:7) ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਏਸ ਲਈ ਭਈ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ ਯਹੂਦਾਹ ਤੋਂ ਉੱਚਾ ਨਾ ਹੋਵੇ।

w07 12/15 25 ਪੈਰਾ 13

ਸਾਡੇ ਵਿਰੁੱਧ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ

13 ਜ਼ਕਰਯਾਹ 12:​7, 8 ਪੜ੍ਹੋ। ਪ੍ਰਾਚੀਨ ਇਸਰਾਏਲ ਵਿਚ ਅਯਾਲੀ ਤੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਕਦੇ-ਕਦੇ ਤੰਬੂਆਂ ਵਿਚ ਰਹਿੰਦੇ ਸਨ। ਜੇ ਕੋਈ ਦੁਸ਼ਮਣ ਯਰੂਸ਼ਲਮ ਤੇ ਹਮਲਾ ਕਰਦਾ ਸੀ, ਤਾਂ ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸੁਰੱਖਿਆ ਦੀ ਲੋੜ ਸੀ ਕਿਉਂਕਿ ਇਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਸੀ। “ਯਹੂਦਾਹ ਦੇ ਤੰਬੂਆਂ” ਦਾ ਜ਼ਿਕਰ ਇਸ ਗੱਲ ਨੂੰ ਸੰਕੇਤ ਕਰਦਾ ਹੈ ਕਿ ਸਾਡੇ ਜ਼ਮਾਨੇ ਵਿਚ ਮਸਹ ਕੀਤੇ ਹੋਏ ਮਸੀਹੀ ਮਾਨੋ ਕਿਲਾਬੰਦ ਸ਼ਹਿਰਾਂ ਅੰਦਰ ਨਹੀਂ, ਸਗੋਂ ਖੁੱਲ੍ਹੇ ਮੈਦਾਨ ਵਿਚ ਰਹਿੰਦੇ ਹਨ। ਉਨ੍ਹਾਂ ਤੇ ਕਦੇ ਵੀ ਹਮਲਾ ਹੋ ਸਕਦਾ ਹੈ, ਪਰ ਉਹ ਨਿਡਰਤਾ ਨਾਲ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ। ਸੈਨਾਂ ਦਾ ਯਹੋਵਾਹ “ਪਹਿਲਾਂ ਯਹੂਦਾਹ ਦੇ ਤੰਬੂਆਂ” ਨੂੰ ਬਚਾਵੇਗਾ ਕਿਉਂਕਿ ਸ਼ਤਾਨ ਹਮਲਾ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਤੇ ਨਿਸ਼ਾਨਾ ਬੰਨ੍ਹਦਾ ਹੈ।

ਬਾਈਬਲ ਪੜ੍ਹਾਈ

(ਜ਼ਕਰਯਾਹ 12:1-14) ਇਸਰਾਏਲ ਦੇ ਵਿਖੇ ਯਹੋਵਾਹ ਦਾ ਬਚਨ। ਯਹੋਵਾਹ ਦਾ ਵਾਕ ਹੈ, ਜਿਹੜਾ ਅਕਾਸ਼ ਨੂੰ ਤਾਣਦਾ ਅਤੇ ਧਰਤੀ ਦੀ ਨੀਂਹ ਰੱਖਦਾ ਅਤੇ ਆਦਮੀ ਦਾ ਆਤਮਾ ਉਸ ਦੇ ਵਿੱਚ ਰਚਦਾ ਹੈ, 2 ਵੇਖ, ਮੈਂ ਯਰੂਸ਼ਲਮ ਨੂੰ ਆਲੇ ਦੁਆਲੇ ਦੇ ਸਾਰੇ ਲੋਕਾਂ ਲਈ ਲੁੜ੍ਹਕਣ ਦਾ ਕਟੋਰਾ ਠਹਿਰਾਉਂਦਾ ਹਾਂ, ਨਾਲੇ ਇਹ ਯਹੂਦਾਹ ਦੇ ਵਿਰੁੱਧ ਵੀ ਹੋਵੇਗਾ ਜਦ ਯਰੂਸ਼ਲਮ ਦੇ ਵਿਰੁੱਧ ਘੇਰਾ ਪਾਇਆ ਜਾਵੇਗਾ। 3 ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ। ਸਾਰੇ ਉਸ ਦੇ ਚੁੱਕਣ ਵਾਲੇ ਫੱਟੜ ਕੀਤੇ ਜਾਣਗੇ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ। 4 ਯਹੋਵਾਹ ਦਾ ਵਾਕ ਹੈ, ਉਸ ਦਿਨ ਮੈਂ ਹਰੇਕ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਸੁਦਾ ਨਾਲ ਮਾਰਾਂਗਾ ਅਤੇ ਯਹੂਦਾਹ ਦੇ ਘਰਾਣੇ ਉੱਤੇ ਮੈਂ ਆਪਣੀਆਂ ਅੱਖਾਂ ਖੁਲ੍ਹੀਆਂ ਰੱਖਾਂਗਾ ਅਤੇ ਉੱਮਤਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾਂ ਕਰ ਕੇ ਮਾਰਾਂਗਾ। 5 ਤਦ ਯਹੂਦਾਹ ਦੇ ਸਰਦਾਰ ਆਪਣੇ ਦਿਲ ਵਿੱਚ ਆਖਣਗੇ ਕਿ ਯਰੂਸ਼ਲਮ ਦੇ ਵਾਸੀ ਮੇਰੇ ਲਈ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਵਿੱਚ ਬਲ ਹਨ। 6 ਉਸ ਦਿਨ ਮੈਂ ਯਹੂਦਾਹ ਦੇ ਸਰਦਾਰਾਂ ਨੂੰ ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਙੁ ਅਤੇ ਪੂਲੀਆਂ ਵਿੱਚ ਅੱਗ ਦੀ ਮਸਾਲ ਵਾਂਙੁ ਠਹਿਰਾਵਾਂਗਾ। ਓਹ ਸੱਜੇ ਖੱਬੇ ਅਤੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਖਾ ਜਾਣਗੇ ਅਤੇ ਯਰੂਸ਼ਲਮ ਦੇ ਵਾਸੀ ਫੇਰ ਯਰੂਸ਼ਲਮ ਵਿੱਚ ਆਪਣੇ ਥਾਂ ਹੀ ਵੱਸਣਗੇ। 7 ਯਹੋਵਾਹ ਪਹਿਲਾਂ ਯਹੂਦਾਹ ਦੇ ਤੰਬੂਆਂ ਨੂੰ ਬਚਾਵੇਗਾ ਏਸ ਲਈ ਭਈ ਦਾਊਦ ਦੇ ਘਰਾਣੇ ਦਾ ਪਰਤਾਪ ਅਤੇ ਯਰੂਸ਼ਲਮ ਦੇ ਵਾਸੀਆਂ ਦਾ ਪਰਤਾਪ ਯਹੂਦਾਹ ਤੋਂ ਉੱਚਾ ਨਾ ਹੋਵੇ। 8 ਉਸ ਦਿਨ ਯਹੋਵਾਹ ਯਰੂਸ਼ਲਮ ਦੇ ਵਾਸੀਆਂ ਦੇ ਆਲੇ ਦੁਆਲੇ ਇੱਕ ਢਾਲ ਹੋਵੇਗਾ, ਉਸ ਦਿਨ ਓਹਨਾਂ ਵਿੱਚੋਂ ਮਾੜੇ ਤੋਂ ਮਾੜਾ ਦਾਊਦ ਵਰਗਾ ਹੋਵੇਗਾ ਅਤੇ ਦਾਊਦ ਦਾ ਘਰਾਣਾ ਪਰਮੇਸ਼ੁਰ ਵਰਗਾ ਅਤੇ ਯਹੋਵਾਹ ਦੇ ਦੂਤ ਵਰਗਾ ਜਿਹੜਾ ਓਹਨਾਂ ਦੇ ਅੱਗੇ ਸੀ। 9 ਉਸ ਦਿਨ ਮੈਂ ਯਰੂਸ਼ਲਮ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ ਕਰਾਂਗਾ। 10 ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਅਤੇ ਓਹ ਮੇਰੀ ਵਲ ਜਿਸ ਨੂੰ ਓਹਨਾਂ ਨੇ ਵਿਨ੍ਹਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਲਈ ਸੋਗ ਕਰਦਾ ਹੈ ਅਤੇ ਓਹ ਉਸ ਦੇ ਲਈ ਵਿਲਕਣਗੇ ਜਿਵੇਂ ਕੋਈ ਆਪਣੇ ਪਲੋਠੇ ਲਈ ਵਿਲਕਦਾ ਹੈ। 11 ਉਸ ਦਿਨ ਯਰੂਸ਼ਲਮ ਵਿੱਚ ਵੱਡਾ ਸੋਗ ਹੋਵੇਗਾ ਹਦਦਰਮੋਨ ਦੇ ਸੋਗ ਵਰਗਾ ਜਿਹੜਾ ਮਗਿੱਦੋ ਦੀ ਦੂਨ ਵਿੱਚ ਹੋਇਆ ਸੀ। 12 ਦੇਸ ਸੋਗ ਕਰੇਗਾ, ਟੱਬਰਾਂ ਦੇ ਟੱਬਰ ਅੱਡੋ ਅੱਡ ਦਾਊਦ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ ਅਤੇ ਨਾਥਾਨ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ। 13 ਲੇਵੀ ਦੇ ਘਰਾਣੇ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ, ਸ਼ਿਮਈ ਦਾ ਟੱਬਰ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ। 14 ਸਾਰੇ ਬਾਕੀ ਟੱਬਰ, ਟੱਬਰਾਂ ਦੇ ਟੱਬਰ ਅੱਡੋ ਅੱਡ ਅਤੇ ਓਹਨਾਂ ਦੀਆਂ ਪਤਨੀਆਂ ਅੱਡ।

25-31 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਮਲਾਕੀ 1-4

“ਕੀ ਯਹੋਵਾਹ ਤੁਹਾਡੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਹੈ?”

(ਮਲਾਕੀ 2:13, 14) ਫੇਰ ਤੁਸੀਂ ਇਹ ਵੀ ਕਰਦੇ ਹੋ ਕਿ ਤੁਸਾਂ ਯਹੋਵਾਹ ਦੀ ਜਗਵੇਦੀ ਨੂੰ ਅੰਝੂਆਂ ਨਾਲ ਅਤੇ ਹੂੰਗਿਆਂ ਨਾਲ ਢੱਕ ਦਿੱਤਾ ਕਿਉਂ ਜੋ ਉਹ ਫੇਰ ਤੁਹਾਡੀ ਭੇਟ ਨੂੰ ਨਹੀਂ ਵੇਖਦਾ ਅਤੇ ਨਾ ਤੁਹਾਡੇ ਹੱਥੋਂ ਖੁਸ਼ ਹੋ ਕੇ ਲੈਂਦਾ ਹੈ। 14 ਤੁਸੀਂ ਆਖਦੇ ਹੋ, ਕੀ ਸਬੱਬ ਹੈ? ਸਬੱਬ ਇਹ ਹੈ ਕਿ ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ।

jd 125-126 ਪੈਰੇ 4-5

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਪਰਿਵਾਰ

4 ਪੰਜਵੀਂ ਸਦੀ ਈ. ਪੂ. ਵਿਚ ਮਲਾਕੀ ਦੇ ਦਿਨਾਂ ਦੌਰਾਨ ਯਹੂਦੀਆਂ ਵਿਚ ਤਲਾਕ ਲੈਣਾ ਆਮ ਗੱਲ ਸੀ। ਮਲਾਕੀ ਨੇ ਉਨ੍ਹਾਂ ਨੂੰ ਦੱਸਿਆ: “ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ।” ਪਤੀਆਂ ਦੁਆਰਾ ਧੋਖਾ ਦੇਣ ਕਰਕੇ ਯਹੋਵਾਹ ਦੀ ਵੇਦੀ ਪਤਨੀਆਂ ਦੇ “ਅੰਝੂਆਂ ਨਾਲ ਅਤੇ ਹੂੰਗਿਆਂ ਨਾਲ” ਢੱਕੀ ਗਈ ਸੀ। ਕਪਟੀ ਜਾਜਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਰਹੇ ਸਨ!​—ਮਲਾਕੀ 2:13, 14.

5 ਮਲਾਕੀ ਦੇ ਦਿਨਾਂ ਵਿਚ ਵਿਆਹ ਪ੍ਰਤੀ ਇਸ ਤਰ੍ਹਾਂ ਦੇ ਰਵੱਈਏ ਬਾਰੇ ਯਹੋਵਾਹ ਕੀ ਸੋਚਦਾ ਸੀ? ਮਲਾਕੀ ਨੇ ਲਿਖਿਆ: “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ।” ਉਸ ਨੇ ਇਹ ਵੀ ਕਿਹਾ ਕਿ ਯਹੋਵਾਹ ‘ਅਟੱਲ ਹੈ।’ (ਮਲਾਕੀ 2:16; 3:6) ਇਸ ਦਾ ਕੀ ਮਤਲਬ ਹੈ? ਪੁਰਾਣੇ ਸਮੇਂ ਵਿਚ ਪਰਮੇਸ਼ੁਰ ਤਲਾਕ ਦੇ ਖ਼ਿਲਾਫ਼ ਸੀ। (ਉਤਪਤ 2:18, 24) ਉਹ ਮਲਾਕੀ ਦੇ ਦਿਨਾਂ ਵਿਚ ਵੀ ਤਲਾਕ ਦੇ ਖ਼ਿਲਾਫ਼ ਸੀ ਅਤੇ ਅੱਜ ਵੀ ਇਸ ਦੇ ਖ਼ਿਲਾਫ਼ ਹੈ। ਕੁਝ ਲੋਕ ਸ਼ਾਇਦ ਸਿਰਫ਼ ਇਸ ਕਰਕੇ ਵਿਆਹ ਦਾ ਰਿਸ਼ਤਾ ਤੋੜ ਦਿੰਦੇ ਹਨ ਕਿਉਂਕਿ ਉਹ ਆਪਣੇ ਜੀਵਨ ਸਾਥੀ ਤੋਂ ਖ਼ੁਸ਼ ਨਹੀਂ ਹਨ। ਭਾਵੇਂ ਉਨ੍ਹਾਂ ਦੇ ਦਿਲ ਧੋਖੇਬਾਜ਼ ਹੋਣ, ਪਰ ਯਹੋਵਾਹ ਦਿਲਾਂ ਨੂੰ ਪਰਖਦਾ ਹੈ। (ਯਿਰਮਿਯਾਹ 17:9, 10) ਯਹੋਵਾਹ ਉਨ੍ਹਾਂ ਝੂਠੀਆਂ ਸਕੀਮਾਂ ਬਾਰੇ ਜਾਣਦਾ ਹੈ ਜੋ ਕੋਈ ਤਲਾਕ ਲੈਣ ਲਈ ਘੜਦਾ ਹੈ। ਜੀ ਹਾਂ, “ਹਰ ਚੀਜ਼ ਉਸ ਦੇ ਸਾਮ੍ਹਣੇ ਹੈ ਅਤੇ ਉਹ ਸਭ ਕੁਝ ਦੇਖ ਸਕਦਾ ਹੈ ਅਤੇ ਅਸੀਂ ਉਸ ਨੂੰ ਲੇਖਾ ਦੇਣਾ ਹੈ।”​—ਇਬਰਾਨੀਆਂ 4:13.

(ਮਲਾਕੀ 2:15, 16) ਕੀ ਉਸ ਨੇ ਇੱਕ ਨੂੰ ਹੀ ਨਹੀਂ ਰਚਿਆ? ਕੀ ਉਸ ਲਈ ਰੂਹ ਬਾਕੀ ਨਹੀਂ? ਫੇਰ ਇੱਕ ਨੂੰ ਹੀ ਕਿਉਂ? ਉਹ ਪਰਮੇਸ਼ੁਰ ਦੀ ਨਸਲ ਚਾਹੁੰਦਾ ਸੀ ਸੋ ਤੁਸੀਂ ਆਪਣਿਆਂ ਆਤਮਿਆਂ ਵਿੱਚ ਖਬਰਦਾਰ ਰਹੋ ਅਤੇ ਤੂੰ ਆਪਣੀ ਜੁਆਨੀ ਦੀ ਤੀਵੀਂ ਦੀ ਬੇਪਰਤੀਤੀ ਨਾ ਕਰ। 16 ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ ਅਤੇ ਉਸ ਤੋਂ ਜੋ ਆਪਣਾ ਬਸਤਰ ਜ਼ੁਲਮ ਨਾਲ ਢੱਕ ਲੈਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ। ਤੁਸੀਂ ਆਪਣਿਆਂ ਆਤਮਿਆਂ ਵਿੱਚ ਖਬਰਦਾਰੀ ਕਰੋ ਅਤੇ ਬੇਪਰਤੀਤੀ ਨਾ ਕਰੋ।

w02 5/1 18 ਪੈਰਾ 19

ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ

19 ਪਰ ਦੂਸਰੇ ਪਾਸੇ, ਮਲਾਕੀ ਨੇ ਕੁਝ ਪਤੀਆਂ ਦੀ ਸ਼ਲਾਘਾ ਵੀ ਕੀਤੀ ਕਿਉਂਕਿ ਉਨ੍ਹਾਂ ਨੇ ਆਪਣੀਆਂ ਪਤਨੀਆਂ ਨਾਲ ਧੋਖਾ ਨਹੀਂ ਕੀਤਾ। ਉਨ੍ਹਾਂ ਵਿਚ “ਰੂਹ [“ਪਰਮੇਸ਼ੁਰ ਦੀ ਪਵਿੱਤਰ ਆਤਮਾ,” ਨਿ ਵ] ਬਾਕੀ” ਸੀ। (ਆਇਤ 15) ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਸੰਗਠਨ ਵਿਚ ਅੱਜ ਅਜਿਹੇ ਬਹੁਤ ਸਾਰੇ ਆਦਮੀ ਹਨ ਜਿਹੜੇ ‘ਆਪਣੀਆਂ ਪਤਨੀਆਂ ਦਾ ਆਦਰ ਕਰਦੇ ਹਨ।’ (1 ਪਤਰਸ 3:7) ਉਹ ਆਪਣੀਆਂ ਪਤਨੀਆਂ ਨੂੰ ਮਾਰਦੇ-ਕੁੱਟਦੇ ਨਹੀਂ ਜਾਂ ਗਾਲਾਂ ਨਹੀਂ ਕੱਢਦੇ। ਉਹ ਉਨ੍ਹਾਂ ਨੂੰ ਗ਼ੈਰ-ਕੁਦਰਤੀ ਸੰਭੋਗ ਕਰਨ ਲਈ ਮਜਬੂਰ ਨਹੀਂ ਕਰਦੇ ਤੇ ਨਾ ਹੀ ਦੂਸਰੀਆਂ ਤੀਵੀਆਂ ਨਾਲ ਕਲੋਲਾਂ ਕਰ ਕੇ ਜਾਂ ਅਸ਼ਲੀਲ ਤਸਵੀਰਾਂ ਦੇਖ ਕੇ ਆਪਣੀਆਂ ਪਤਨੀਆਂ ਦਾ ਅਪਮਾਨ ਕਰਦੇ ਹਨ। ਯਹੋਵਾਹ ਦੇ ਸੰਗਠਨ ਵਿਚ ਬਹੁਤ ਸਾਰੀਆਂ ਵਫ਼ਾਦਾਰ ਮਸੀਹੀ ਪਤਨੀਆਂ ਵੀ ਹਨ ਜਿਹੜੀਆਂ ਪਰਮੇਸ਼ੁਰ ਅਤੇ ਉਸ ਦੇ ਨਿਯਮਾਂ ਪ੍ਰਤੀ ਵਫ਼ਾਦਾਰ ਰਹਿੰਦੀਆਂ ਹਨ। ਇਹ ਸਾਰੇ ਆਦਮੀ ਤੇ ਤੀਵੀਆਂ ਜਾਣਦੇ ਹਨ ਕਿ ਪਰਮੇਸ਼ੁਰ ਕਿਸ ਚੀਜ਼ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਵੀ ਪਰਮੇਸ਼ੁਰ ਵਾਂਗ ਸੋਚਦੇ ਅਤੇ ਕੰਮ ਕਰਦੇ ਹਨ। ‘ਪਰਮੇਸ਼ੁਰ ਦੇ ਹੁਕਮ ਮੰਨਦੇ’ ਹੋਏ ਅਤੇ ਉਸ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਤੁਸੀਂ ਵੀ ਉਨ੍ਹਾਂ ਵਰਗੇ ਬਣੋ।​—ਰਸੂਲਾਂ ਦੇ ਕਰਤੱਬ 5:29.

ਹੀਰੇ-ਮੋਤੀਆਂ ਦੀ ਖੋਜ ਕਰੋ

(ਮਲਾਕੀ 1:10) ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ! ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਥੋਂ ਪਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ।

w07 12/15 27 ਪੈਰਾ 1

ਮਲਾਕੀ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

1:10. ਜਾਜਕ ਇੰਨੇ ਲਾਲਚੀ ਬਣ ਚੁੱਕੇ ਸਨ ਕਿ ਉਹ ਛੋਟੀ ਤੋਂ ਛੋਟੀ ਸੇਵਾ ਕਰਨ ਲਈ, ਜਿਵੇਂ ਬੂਹੇ ਬੰਦ ਕਰਨੇ ਅਤੇ ਜਗਵੇਦੀ ਉੱਤੇ ਅੱਗ ਬਾਲਣ ਲਈ ਵੀ ਲੋਕਾਂ ਤੋਂ ਪੈਸਾ ਬਟੋਰਦੇ ਸਨ। ਯਹੋਵਾਹ ਉਨ੍ਹਾਂ ਦੇ ਚੜ੍ਹਾਵਿਆਂ ਤੋਂ ਬਿਲਕੁਲ ਖ਼ੁਸ਼ ਨਹੀਂ ਸੀ। ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਸੱਚੇ ਦਿਲੋਂ ਕਰੀਏ ਤੇ ਉਸ ਦੀ ਸੇਵਾ ਵਿਚ ਜੋ ਵੀ ਕਰੀਏ ਉਹ ਕਦੀ ਵੀ ਆਪਣੇ ਸੁਆਰਥ ਲਈ ਨਹੀਂ ਸਗੋਂ ਉਸ ਲਈ ਤੇ ਲੋਕਾਂ ਲਈ ਪਿਆਰ ਕਰਕੇ ਕਰੀਏ!​—ਮੱਤੀ 22:37-39; 2 ਕੁਰਿੰਥੀਆਂ 11:7.

(ਮਲਾਕੀ 3:1) ਵੇਖੋ, ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੁ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਣਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ,— ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ।

w13 7/15 10-11 ਪੈਰੇ 5-6

‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

5 ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਪਹਿਲੀ ਸਦੀ ਵਿਚ ਦਿੱਤੀ ਸੀ। ਪਰ ਇਸ ਤੋਂ ਕਈ ਸਦੀਆਂ ਪਹਿਲਾਂ ਯਹੋਵਾਹ ਨੇ ਆਪਣੇ ਨਬੀ ਮਲਾਕੀ ਨੂੰ ਇਸ ਮਿਸਾਲ ਨਾਲ ਮਿਲਦੀਆਂ-ਜੁਲਦੀਆਂ ਗੱਲਾਂ ਲਿਖਣ ਲਈ ਕਿਹਾ ਸੀ। (ਮਲਾਕੀ 3:1-4 ਪੜ੍ਹੋ।) ਉਹ ਸੰਦੇਸ਼ ਦੇਣ ਵਾਲਾ ਕੌਣ ਸੀ ਜਿਸ ਨੇ ਰਾਹ ਤਿਆਰ ਕੀਤਾ? ਯੂਹੰਨਾ ਬਪਤਿਸਮਾ ਦੇਣ ਵਾਲਾ। (ਮੱਤੀ 11:10, 11) ਜਦ 29 ਈਸਵੀ ਵਿਚ ਯੂਹੰਨਾ ਨੇ ਸੰਦੇਸ਼ ਦੇਣ ਦਾ ਕੰਮ ਸ਼ੁਰੂ ਕੀਤਾ, ਤਾਂ ਇਜ਼ਰਾਈਲ ਕੌਮ ਦੇ ਨਿਆਂ ਦਾ ਸਮਾਂ ਨੇੜੇ ਆ ਗਿਆ ਸੀ। ਉਸ ਤੋਂ ਬਾਅਦ “ਨੇਮ ਦਾ ਦੂਤ” ਯਿਸੂ ਆਇਆ ਸੀ। ਯਿਸੂ ਨੇ ਦੋ ਵਾਰ ਮੰਦਰ ਨੂੰ ਸਾਫ਼ ਕੀਤਾ ਸੀ, ਪਹਿਲਾਂ ਆਪਣੀ ਸੇਵਕਾਈ ਦੇ ਸ਼ੁਰੂ ਵਿਚ ਤੇ ਫਿਰ ਆਪਣੀ ਸੇਵਕਾਈ ਦੇ ਅਖ਼ੀਰ ਵਿਚ। (ਮੱਤੀ 21:12, 13; ਯੂਹੰ. 2:14-17) ਇਸ ਲਈ ਉਸ ਨੇ ਇਹ ਕੰਮ ਕੁਝ ਸਮੇਂ ਦੌਰਾਨ ਕੀਤਾ ਸੀ।

6 ਮਲਾਕੀ ਦੀ ਭਵਿੱਖਬਾਣੀ ਵੱਡੇ ਪੈਮਾਨੇ ਤੇ ਕਿਵੇਂ ਪੂਰੀ ਹੁੰਦੀ ਹੈ? ਭਰਾ ਰਸਲ ਅਤੇ ਉਸ ਦੇ ਸਾਥੀਆਂ ਨੇ 1914 ਤਕ ਕੁਝ ਸਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਵਰਗਾ ਕੰਮ ਕੀਤਾ ਸੀ। ਉਨ੍ਹਾਂ ਨੇ ਬਾਈਬਲ ਦੀਆਂ ਸਹੀ ਸਿੱਖਿਆਵਾਂ ਦੇਣ ਦਾ ਕੰਮ ਕੀਤਾ। ਮਿਸਾਲ ਲਈ, ਬਾਈਬਲ ਸਟੂਡੈਂਟਸ ਨੇ ਯਿਸੂ ਦੀ ਕੁਰਬਾਨੀ ਦਾ ਸਹੀ ਅਰਥ ਸਮਝਾਇਆ, ਨਰਕ ਦੀ ਸਿੱਖਿਆ ਨੂੰ ਝੂਠਾ ਸਾਬਤ ਕੀਤਾ ਅਤੇ ਦੱਸਿਆ ਕਿ ਗ਼ੈਰ-ਯਹੂਦੀ ਕੌਮਾਂ ਦਾ ਸਮਾਂ ਖ਼ਤਮ ਹੋਣ ਵਾਲਾ ਸੀ। ਪਰ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਸਨ। ਸੋ ਇਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸੀ: ਇਨ੍ਹਾਂ ਵਿੱਚੋਂ ਕਣਕ ਵਰਗੇ ਸੱਚੇ ਮਸੀਹੀ ਕੌਣ ਸਨ? ਇਸ ਦਾ ਜਵਾਬ ਦੇਣ ਲਈ ਯਿਸੂ 1914 ਵਿਚ ਮੰਦਰ ਦੀ ਜਾਂਚ ਕਰਨ ਆਇਆ। ਉਹ ਇਹ ਦੇਖਣ ਆਇਆ ਕਿ ਪਰਮੇਸ਼ੁਰ ਦੀ ਭਗਤੀ ਕੌਣ ਸਹੀ ਤਰੀਕੇ ਨਾਲ ਕਰ ਰਹੇ ਸਨ। ਉਸ ਨੇ ਮਸੀਹੀਆਂ ਨੂੰ ਪਰਖਣ ਤੇ ਸ਼ੁੱਧ ਕਰਨ ਦਾ ਕੰਮ 1914 ਤੋਂ ਲੈ ਕੇ 1919 ਦੇ ਸ਼ੁਰੂ ਤਕ ਕੀਤਾ ਸੀ।

ਬਾਈਬਲ ਪੜ੍ਹਾਈ

(ਮਲਾਕੀ 1:1-10) ਮਲਾਕੀ ਦੇ ਰਾਹੀਂ ਇਸਰਾਏਲ ਲਈ ਯਹੋਵਾਹ ਦੀ ਬਾਣੀ ਦਾ ਅਗੰਮ ਵਾਕ। 2 ਯਹੋਵਾਹ ਆਖਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਆਖਦੇ ਹੋ, ਤੈਂ ਕਿਵੇਂ ਸਾਡੇ ਨਾਲ ਪਿਆਰ ਕੀਤਾ? ਕੀ ਏਸਾਓ ਯਾਕੂਬ ਦਾ ਭਰਾ ਨਹੀਂ ਸੀ? ਯਹੋਵਾਹ ਦਾ ਵਾਕ ਹੈ, ਮੈਂ ਯਾਕੂਬ ਨੂੰ ਪਿਆਰ ਕੀਤਾ। 3 ਪਰ ਏਸਾਓ ਨਾਲ ਵੈਰ ਰੱਖਿਆ, ਮੈਂ ਉਸ ਦੇ ਪਹਾੜ ਨੂੰ ਵੀਰਾਨ ਕਰ ਛੱਡਿਆ ਹੈ ਅਤੇ ਉਸ ਦੀ ਮਿਲਖ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਹੈ। 4 ਭਾਵੇਂ ਅਦੋਮ ਆਖੇ ਕਿ ਅਸੀਂ ਭੰਨੇ ਤੋੜੇ ਤਾਂ ਗਏ ਪਰ ਉੱਜੜੇ ਹੋਏ ਅਸਥਾਨਾਂ ਨੂੰ ਮੁੜ ਕੇ ਉਸਾਰਾਂਗੇ, ਸੈਨਾਂ ਦਾ ਯਹੋਵਾਹ ਆਖਦਾ ਹੈ, ਓਹ ਉਸਾਰਨਗੇ ਪਰ ਮੈਂ ਢਾਹ ਦੇਵਾਂਗਾ ਅਤੇ ਲੋਕ ਉਹ ਨੂੰ “ਦੁਸ਼ਟੀ ਦੇਸ” ਪੁਕਾਰਨਗੇ ਅਤੇ “ਉਹ ਪਰਜਾ ਜਿਹ ਦੇ ਉੱਤੇ ਯਹੋਵਾਹ ਦਾ ਗਜ਼ਬ ਸਦਾ ਲਈ ਰਿਹਾ ਹੈ”। 5 ਤੁਹਾਡੀਆਂ ਅੱਖਾਂ ਵੇਖਣਗੀਆਂ ਅਤੇ ਤੁਸੀਂ ਆਖੋਗੇ, ਯਹੋਵਾਹ ਦੀ ਵਡਿਆਈ ਇਸਰਾਏਲ ਦੀਆਂ ਹੱਦਾਂ ਤੋਂ ਅੱਗੇ ਤੀਕ ਹੋਵੇ! 6 ਪੁੱਤ੍ਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ। ਜੇ ਮੈਂ ਪਿਤਾ ਹਾਂ ਤਾਂ ਮੇਰਾ ਆਦਰ ਕਿੱਥੇ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈ ਕਿੱਥੇ? ਸੈਨਾਂ ਦਾ ਯਹੋਵਾਹ ਤੁਹਾਨੂੰ ਆਖਦਾ ਹੈ, ਮੇਰੇ ਨਾਮ ਦੀ ਨਿਰਾਦਰੀ ਕਰਨ ਵਾਲਿਓ ਜਾਜਕੋ! ਪਰ ਤੁਸੀਂ ਆਖਦੇ ਹੋ ਅਸਾਂ ਕਿਹੜੀ ਗੱਲ ਵਿੱਚ ਤੇਰੇ ਨਾਮ ਦੀ ਨਿਰਾਦਰੀ ਕੀਤੀ? 7 ਤੁਸੀਂ ਮੇਰੀ ਜਗਵੇਦੀ ਉੱਤੇ ਭਰਿਸ਼ਟ ਰੋਟੀਆਂ ਚੜ੍ਹਾਉਂਦੇ ਹੋ ਅਤੇ ਤੁਸੀਂ ਆਖਦੇ ਹੋ, ਅਸੀਂ ਕਿਸ ਗੱਲੋਂ ਤੈਨੂੰ ਭਰਿਸ਼ਟ ਕੀਤਾ? ਤੁਹਾਡੇ ਏਸੇ ਆਖਣ ਵਿੱਚ ਭਈ ਯਹੋਵਾਹ ਦੀ ਮੇਜ਼ ਤਾਂ ਤੁੱਛ ਹੈ। 8 ਜਦ ਤੁਸੀਂ ਅੰਨ੍ਹੇ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ “ਕੁਝ ਬੁਰਿਆਈ ਨਹੀਂ”, ਜਦ ਲੰਙੇ ਯਾ ਬਿਮਾਰ ਦਾ ਚੜ੍ਹਾਵਾ ਚੜ੍ਹਾਉਂਦੇ ਹੋ ਤਾਂ “ਕੁਝ ਬੁਰਿਆਈ ਨਹੀਂ!” ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ,— ਕੀ ਉਹ ਤੈਥੋਂ ਖੁਸ਼ ਹੋਵੇਗਾ ਯਾ ਕੀ ਤੇਰੇ ਚਿਹਰੇ ਨੂੰ ਉਹ ਆਦਰ ਦੇਵੇਗਾ? ਸੈਨਾਂ ਦੇ ਯਹੋਵਾਹਦਾ ਫਰਮਾਨ ਹੈ। 9 ਹੁਣ ਜ਼ਰਾ ਪਰਮੇਸ਼ੁਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਦਯਾ ਕਰੇ। ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕੀ ਉਹ ਤੁਹਾਡੇ ਚਿਹਰਿਆਂ ਨੂੰ ਆਦਰ ਦੇਵੇਗਾ? ਸੈਨਾਂ ਦਾ ਯਹੋਵਾਹ ਆਖਦਾ ਹੈ। 10 ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ! ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਥੋਂ ਪਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ