ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
ਜਨਵਰੀ 1-7
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 1-3
“ਸਵਰਗ ਦਾ ਰਾਜ ਨੇੜੇ ਆ ਗਿਆ ਹੈ”
(ਮੱਤੀ 3:1, 2) ਉਨ੍ਹੀਂ ਦਿਨੀਂ ਯੂਹੰਨਾ ਬਪਤਿਸਮਾ ਦੇਣ ਵਾਲਾ ਯਹੂਦੀਆ ਦੀ ਉਜਾੜ ਵਿਚ ਆ ਕੇ ਪ੍ਰਚਾਰ ਕਰਦੇ ਹੋਏ 2 ਲੋਕਾਂ ਨੂੰ ਕਹਿਣ ਲੱਗਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।”
nwtsty ਵਿੱਚੋਂ ਮੱਤੀ 3:1, 2 ਲਈ ਖ਼ਾਸ ਜਾਣਕਾਰੀ
ਪ੍ਰਚਾਰ: ਇਸ ਯੂਨਾਨੀ ਸ਼ਬਦ ਦਾ ਮਤਲਬ ਹੈ, “ਖੁੱਲ੍ਹੇ-ਆਮ ਸੰਦੇਸ਼ ਦੇਣ ਵਾਲੇ ਦੇ ਤੌਰ ʼਤੇ ਐਲਾਨ ਕਰਨਾ।” ਇਹ ਸ਼ਬਦ ਐਲਾਨ ਕਰਨ ਦੇ ਤਰੀਕੇ ਉੱਤੇ ਜ਼ੋਰ ਦਿੰਦਾ ਹੈ ਯਾਨੀ ਇਕ ਸਮੂਹ ਨੂੰ ਸੰਦੇਸ਼ ਦੇਣ ਦੀ ਬਜਾਇ ਖੁੱਲ੍ਹੇ-ਆਮ ਸੰਦੇਸ਼ ਦੇਣਾ।
ਰਾਜ: ਇੱਥੇ ਯੂਨਾਨੀ ਸ਼ਬਦ ਬਾਸੀਲੀਆ (ba-si-lei-a) ਪਹਿਲੀ ਵਾਰ ਆਉਂਦਾ ਹੈ ਜੋ ਸ਼ਾਹੀ ਹਕੂਮਤ ਦੇ ਨਾਲ-ਨਾਲ ਰਾਜੇ ਦੇ ਅਧੀਨ ਆਉਂਦੇ ਖੇਤਰ ਅਤੇ ਲੋਕਾਂ ਨੂੰ ਦਰਸਾਉਂਦਾ ਹੈ। ਇਹ ਯੂਨਾਨੀ ਸ਼ਬਦ ਮਸੀਹੀ ਯੂਨਾਨੀ ਲਿਖਤਾਂ ਵਿਚ 162 ਵਾਰ ਆਉਂਦਾ ਹੈ। ਮੱਤੀ ਦੀ ਕਿਤਾਬ ਵਿਚ ਇਹ ਸ਼ਬਦ 55 ਵਾਰ ਆਉਂਦਾ ਹੈ ਅਤੇ ਇਹ ਜ਼ਿਆਦਾਤਰ ਪਰਮੇਸ਼ੁਰ ਦੀ ਸਵਰਗੀ ਹਕੂਮਤ ਨੂੰ ਦਰਸਾਉਂਦਾ ਹੈ। ਮੱਤੀ ਨੇ ਇਸ ਸ਼ਬਦ ਦਾ ਇੰਨੀ ਜ਼ਿਆਦਾ ਵਾਰ ਇਸਤੇਮਾਲ ਕੀਤਾ ਹੈ ਕਿ ਉਸ ਦੀ ਇੰਜੀਲ ਨੂੰ ਰਾਜ ਦੀ ਇੰਜੀਲ ਕਿਹਾ ਜਾ ਸਕਦਾ ਹੈ।
ਸਵਰਗ ਦਾ ਰਾਜ: ਇਹ ਸ਼ਬਦ ਲਗਭਗ 30 ਵਾਰ ਆਉਂਦਾ ਹੈ ਅਤੇ ਸਿਰਫ਼ ਮੱਤੀ ਦੀ ਇੰਜੀਲ ਵਿਚ ਆਉਂਦਾ ਹੈ। ਮਰਕੁਸ ਅਤੇ ਲੂਕਾ ਦੀ ਇੰਜੀਲ ਵਿਚ ਇਨ੍ਹਾਂ ਸ਼ਬਦਾਂ ਦੀ ਜਗ੍ਹਾ “ਪਰਮੇਸ਼ੁਰ ਦਾ ਰਾਜ” ਸ਼ਬਦ ਵਰਤਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ “ਪਰਮੇਸ਼ੁਰ ਦਾ ਰਾਜ” ਸਵਰਗ ਵਿਚ ਹੈ ਅਤੇ ਸਵਰਗ ਤੋਂ ਰਾਜ ਕਰਦਾ ਹੈ।—ਮੱਤੀ 21:43; ਮਰ 1:15; ਲੂਕਾ 4:43; ਦਾਨੀ 2:44; 2 ਤਿਮੋ 4:18.
ਨੇੜੇ ਆ ਗਿਆ ਹੈ: ਇਸ ਤੋਂ ਪਤਾ ਲੱਗਦਾ ਹੈ ਕਿ ਸਵਰਗੀ ਰਾਜ ਦਾ ਰਾਜਾ ਜਲਦੀ ਆਉਣ ਵਾਲਾ ਹੈ।
(ਮੱਤੀ 3:4) ਯੂਹੰਨਾ ਊਠ ਦੇ ਵਾਲਾਂ ਦਾ ਬਣਿਆ ਚੋਗਾ ਪਾਉਂਦਾ ਹੁੰਦਾ ਸੀ ਅਤੇ ਚਮੜੇ ਦੀ ਬੈੱਲਟ ਲਾਉਂਦਾ ਹੁੰਦਾ ਸੀ; ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ।
nwtsty ਤਸਵੀਰਾਂ
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੱਪੜੇ ਅਤੇ ਦਿੱਖ
ਯੂਹੰਨਾ ਬਪਤਿਸਮਾ ਦੇਣ ਵਾਲਾ ਊਠ ਦੇ ਵਾਲਾ ਦਾ ਬਣਿਆ ਚੋਗਾ ਪਾਉਂਦਾ ਸੀ ਅਤੇ ਲੱਕ ਦੁਆਲੇ ਚਮੜੇ ਦੀ ਬੈੱਲਟ ਲਾਉਂਦਾ ਹੁੰਦਾ ਸੀ ਜੋ ਛੋਟੀਆਂ ਚੀਜ਼ਾਂ ਰੱਖਣ ਦੇ ਕੰਮ ਆਉਂਦੀ ਸੀ। ਏਲੀਯਾਹ ਨਬੀ ਵੀ ਇਸੇ ਤਰ੍ਹਾਂ ਦੇ ਕੱਪੜੇ ਪਾਉਂਦਾ ਸੀ। (2 ਰਾਜ 1:8) ਊਠ ਦੇ ਵਾਲਾਂ ਦਾ ਬਣਿਆ ਕੱਪੜਾ ਖੁਰਦਰਾ ਹੁੰਦਾ ਸੀ ਜੋ ਜ਼ਿਆਦਾਤਰ ਗ਼ਰੀਬ ਲੋਕ ਪਹਿਨਦੇ ਸਨ। ਇਸ ਦੇ ਉਲਟ, ਰੇਸ਼ਮ ਅਤੇ ਮਲਮਲ ਤੋਂ ਬਣੇ ਮੁਲਾਇਮ ਕੱਪੜੇ ਅਮੀਰ ਲੋਕ ਪਾਉਂਦੇ ਸਨ। (ਮੱਤੀ 11:7-9) ਉਹ ਸ਼ੁਰੂ ਤੋਂ ਹੀ ਨਜ਼ੀਰ ਸੀ ਜਿਸ ਕਰਕੇ ਹੋ ਸਕਦਾ ਹੈ ਕਿ ਯੂਹੰਨਾ ਦੇ ਵਾਲ਼ ਕਦੇ ਵੀ ਕੱਟੇ ਨਹੀਂ ਗਏ ਸਨ। ਉਸ ਦੇ ਕੱਪੜਿਆਂ ਅਤੇ ਉਸ ਦੀ ਦਿੱਖ ਤੋਂ ਝੱਟ ਪਤਾ ਲੱਗ ਜਾਂਦਾ ਸੀ ਕਿ ਉਹ ਸਾਦੀ ਜ਼ਿੰਦਗੀ ਜੀਉਂਦਾ ਸੀ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਸੀ।
ਟਿੱਡੀਆਂ
ਬਾਈਬਲ ਵਿਚ ਵਰਤਿਆ ਗਿਆ ਸ਼ਬਦ “ਟਿੱਡੀਆਂ” ਉਸ ਤਰ੍ਹਾਂ ਦੀ ਟਿੱਡੀਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਛੋਟੇ-ਛੋਟੇ ਐਂਟੀਨੇ ਹੁੰਦੇ ਹਨ, ਖ਼ਾਸ ਕਰਕੇ ਉਹ ਜੋ ਝੁੰਡ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਜਾਂਦੀਆਂ ਹਨ। ਯਰੂਸ਼ਲਮ ਵਿਚ ਕੀਤੀ ਗਈ ਇਕ ਜਾਂਚ ਮੁਤਾਬਕ ਰੇਗਿਸਤਾਨ ਵਿਚ ਰਹਿਣ ਵਾਲੀਆਂ ਟਿੱਡੀਆਂ ਵਿਚ 75 ਪ੍ਰਤਿਸ਼ਤ ਪ੍ਰੋਟੀਨ ਪਾਇਆ ਜਾਂਦਾ ਹੈ। ਅੱਜ ਜਦੋਂ ਇਨ੍ਹਾਂ ਨੂੰ ਖਾਣੇ ਵਿਚ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਨ੍ਹਾਂ ਦੇ ਸਿਰ, ਲੱਤਾਂ, ਖੰਭ ਅਤੇ ਢਿੱਡ ਨੂੰ ਕੱਢ ਦਿੱਤਾ ਜਾਂਦਾ ਹੈ। ਇਸ ਦੇ ਬਚੇ ਹੋਏ ਹਿੱਸੇ ਯਾਨੀ ਛਾਤੀ ਨੂੰ ਕੱਚਾ ਜਾਂ ਪਕਾ ਕੇ ਖਾਂਦੇ ਹਨ। ਇਨ੍ਹਾਂ ਦਾ ਸੁਆਦ ਝੀਂਗਿਆਂ ਅਤੇ ਕੇਕੜਿਆਂ ਵਰਗਾ ਹੁੰਦਾ ਹੈ ਅਤੇ ਇਨ੍ਹਾਂ ਵਿਚ ਬਹੁਤਾਤ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ।
ਜੰਗਲੀ ਸ਼ਹਿਦ
ਇਹ ਤਸਵੀਰਾਂ (1) ਜੰਗਲੀ ਮਧੂ ਮੱਖੀ ਦੁਆਰਾ ਬਣਾਏ ਛੱਤੇ ਦੀ ਅਤੇ (2) ਸ਼ਹਿਦ ਨਾਲ ਭਰੇ ਛੱਤੇ ਦੀਆਂ ਹਨ। ਯੂਹੰਨਾ ਨੇ ਜਿਹੜਾ ਸ਼ਹਿਦ ਖਾਧਾ ਸੀ ਉਹ ਸ਼ਾਇਦ ਏਪਿਸ ਮੈਲੀਫੇਰਾ ਸਾਈਰੀਕਾ (Apis mellifera syriaca) ਨਾਂ ਦੀ ਜੰਗਲੀ ਮਧੂ ਮੱਖੀਆਂ ਦੁਆਰਾ ਬਣਾਇਆ ਗਿਆ ਸੀ ਜੋ ਉਸ ਇਲਾਕੇ ਵਿਚ ਪਾਈ ਜਾਂਦੀ ਹੈ। ਇਹ ਹਮਲਾਵਰ ਮੱਖੀਆਂ ਯਹੂਦੀਆ ਦੀ ਉਜਾੜ ਦੇ ਗਰਮ ਅਤੇ ਖ਼ੁਸ਼ਕ ਮੌਸਮ ਵਿਚ ਰਹਿ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਪਾਲਿਆ ਨਹੀਂ ਜਾ ਸਕਦਾ। ਨੌਵੀਂ ਸਦੀ ਈ. ਪੂ. ਦੀ ਸ਼ੁਰੂਆਤ ਵਿਚ ਇਜ਼ਰਾਈਲ ਵਿਚ ਰਹਿੰਦੇ ਲੋਕ ਮਿੱਟੀ ਦੇ ਗੋਲ ਭਾਂਡਿਆਂ ਵਿਚ ਮਧੂ ਮੱਖੀਆਂ ਰੱਖਦੇ ਸਨ। ਮਧੂ ਮੱਖੀਆਂ ਦੇ ਛੱਤਿਆਂ ਦੇ ਜ਼ਿਆਦਾ ਹਿੱਸੇ ਯਰਦਨ ਦੀ ਘਾਟੀ ਵਿਚ ਸਥਿਤ ਉਸ ਸਮੇਂ ਦੇ ਸ਼ਹਿਰੀ ਇਲਾਕੇ [ਜਿਸ ਨੂੰ ਹੁਣ ਟੈਲ ਰੀਹੋਵ (Tel Rehov) ਕਿਹਾ ਜਾਂਦਾ ਹੈ] ਵਿਚ ਪਾਏ ਗਏ ਹਨ। ਇਨ੍ਹਾਂ ਛੱਤਿਆਂ ਵਿੱਚੋਂ ਨਿਕਲਿਆ ਸ਼ਹਿਦ ਸ਼ਾਇਦ ਉਨ੍ਹਾਂ ਮੱਖੀਆਂ ਦੁਆਰਾ ਬਣਾਇਆ ਗਿਆ ਸੀ ਜੋ ਉਸ ਜਗ੍ਹਾ ਤੋਂ ਲਿਆਂਦੀਆਂ ਗਈਆਂ ਹਨ ਜਿਸ ਨੂੰ ਅੱਜ ਤੁਰਕੀ ਕਿਹਾ ਜਾਂਦਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 1:3) ਯਹੂਦਾਹ ਤੋਂ ਪਰਸ ਅਤੇ ਜ਼ਰਾਹ ਪੈਦਾ ਹੋਏ ਜਿਨ੍ਹਾਂ ਦੀ ਮਾਤਾ ਦਾ ਨਾਂ ਤਾਮਾਰ ਸੀ; ਪਰਸ ਤੋਂ ਹਸਰੋਨ ਪੈਦਾ ਹੋਇਆ; ਹਸਰੋਨ ਤੋਂ ਰਾਮ ਪੈਦਾ ਹੋਇਆ;
nwtsty ਵਿੱਚੋਂ ਮੱਤੀ 1:3 ਲਈ ਖ਼ਾਸ ਜਾਣਕਾਰੀ
ਤਾਮਾਰ: ਮੱਤੀ ਦੀ ਕਿਤਾਬ ਵਿਚ ਪਾਈ ਜਾਂਦੀ ਮਸੀਹ ਦੀ ਵੰਸ਼ਾਵਲੀ ਵਿਚ ਪੰਜ ਔਰਤਾਂ ਦੇ ਨਾਵਾਂ ਵਿੱਚੋਂ ਇਹ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਬਾਕੀ ਚਾਰ ਔਰਤਾਂ ਹਨ, ਰਾਹਾਬ ਅਤੇ ਰੂਥ ਜੋ ਕਿ ਗ਼ੈਰ-ਇਜ਼ਰਾਈਲੀ ਔਰਤਾਂ ਸਨ (ਆਇਤ 5); ਬਥ-ਸ਼ਬਾ, “ਊਰੀਯਾਹ ਦੀ ਪਤਨੀ” (ਆਇਤ 6); ਅਤੇ ਮਰੀਅਮ (ਆਇਤ 16)। ਇਸ ਵੰਸ਼ਾਵਲੀ ਵਿਚ ਸਿਰਫ਼ ਇਨ੍ਹਾਂ ਔਰਤਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ ਜਦਕਿ ਬਾਕੀ ਸਾਰੇ ਆਦਮੀਆਂ ਦੇ ਨਾਂ ਹਨ ਕਿਉਂਕਿ ਇਨ੍ਹਾਂ ਵਿੱਚੋਂ ਹਰ ਔਰਤ ਸ਼ਾਨਦਾਰ ਤਰੀਕੇ ਨਾਲ ਮਸੀਹ ਦੀ ਪੂਰਵਜ ਬਣੀ ਹੈ।
(ਮੱਤੀ 3:11) ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਪਾਣੀ ਵਿਚ ਬਪਤਿਸਮਾ ਦਿੰਦਾ ਹਾਂ ਜਦ ਤੁਸੀਂ ਤੋਬਾ ਕਰਦੇ ਹੋ, ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਸ ਕੋਲ ਮੇਰੇ ਨਾਲੋਂ ਜ਼ਿਆਦਾ ਅਧਿਕਾਰ ਹੈ ਅਤੇ ਮੈਂ ਤਾਂ ਉਸ ਦੀ ਜੁੱਤੀ ਲਾਹੁਣ ਦੇ ਵੀ ਕਾਬਲ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਸ਼ਕਤੀ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।
nwtsty ਵਿੱਚੋਂ ਮੱਤੀ 3:11 ਲਈ ਖ਼ਾਸ ਜਾਣਕਾਰੀ
ਬਪਤਿਸਮਾ ਦੇਣਾ: ਜਾਂ “ਡੁਬਕੀ ਦੇਣੀ।” ਯੂਨਾਨੀ ਸ਼ਬਦ ਬੈਪਟੀਜ਼ੋ (ba.pti.zo) ਦਾ ਮਤਲਬ ਹੈ, “ਡੁਬਾਉਣਾ।” ਬਾਈਬਲ ਦੇ ਹੋਰ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਬਪਤਿਸਮੇ ਵਿਚ ਪੂਰੀ ਤਰ੍ਹਾਂ ਨਾਲ ਡੁਬਾਉਣਾ ਸ਼ਾਮਲ ਹੈ। ਇਕ ਵਾਰ ਯੂਹੰਨਾ ਸਲੀਮ ਦੇ ਨੇੜੇ ਯਰਦਨ ਘਾਟੀ ਦੀ ਇਕ ਜਗ੍ਹਾ ਵਿਚ ਬਪਤਿਸਮਾ ਦੇ ਰਿਹਾ ਸੀ “ਕਿਉਂਕਿ ਉੱਥੇ ਪਾਣੀ ਬਹੁਤ ਸੀ।” (ਯੂਹੰ 3:23) ਜਦੋਂ ਫਿਲਿੱਪੁਸ ਨੇ ਇਥੋਪੀਆ ਦੇ ਮੰਤਰੀ ਨੂੰ ਬਪਤਿਸਮਾ ਦਿੱਤਾ, ਤਾਂ ਉਹ ਦੋਵੇਂ “ਪਾਣੀ ਵਿਚ ਚਲੇ ਗਏ।” (ਰਸੂ 8:38) ਸੈਪਟੁਜਿੰਟ ਵਿਚ ਇਹੀ ਯੂਨਾਨੀ ਸ਼ਬਦ 2 ਰਾਜਿਆਂ 5:14 ਵਿਚ ਵਰਤਿਆ ਗਿਆ ਹੈ ਜਿੱਥੇ ਦੱਸਿਆ ਗਿਆ ਹੈ ਕਿ ਨਾਮਾਨ ਨੇ “ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ।
ਬਾਈਬਲ ਪੜ੍ਹਾਈ
(ਮੱਤੀ 1:1-17) ਇਸ ਕਿਤਾਬ ਵਿਚ ਯਿਸੂ ਮਸੀਹ ਦੀ ਜ਼ਿੰਦਗੀ ਦੀ ਕਹਾਣੀ ਦੱਸੀ ਗਈ ਹੈ। ਉਹ ਦਾਊਦ ਦੀ ਪੀੜ੍ਹੀ ਵਿੱਚੋਂ ਸੀ ਅਤੇ ਦਾਊਦ ਅਬਰਾਹਾਮ ਦੀ ਪੀੜ੍ਹੀ ਵਿੱਚੋਂ ਸੀ। ਇਹ ਹੈ ਯਿਸੂ ਦੀ ਵੰਸ਼ਾਵਲੀ: 2 ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ; ਇਸਹਾਕ ਤੋਂ ਯਾਕੂਬ ਪੈਦਾ ਹੋਇਆ; ਯਾਕੂਬ ਤੋਂ ਯਹੂਦਾਹ ਅਤੇ ਉਸ ਦੇ ਹੋਰ ਮੁੰਡੇ ਪੈਦਾ ਹੋਏ; 3 ਯਹੂਦਾਹ ਤੋਂ ਪਰਸ ਅਤੇ ਜ਼ਰਾਹ ਪੈਦਾ ਹੋਏ ਜਿਨ੍ਹਾਂ ਦੀ ਮਾਤਾ ਦਾ ਨਾਂ ਤਾਮਾਰ ਸੀ; ਪਰਸ ਤੋਂ ਹਸਰੋਨ ਪੈਦਾ ਹੋਇਆ; ਹਸਰੋਨ ਤੋਂ ਰਾਮ ਪੈਦਾ ਹੋਇਆ; 4 ਰਾਮ ਤੋਂ ਅਮੀਨਾਦਾਬ ਪੈਦਾ ਹੋਇਆ; ਅਮੀਨਾਦਾਬ ਤੋਂ ਨਹਸ਼ੋਨ ਪੈਦਾ ਹੋਇਆ; ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ; 5 ਸਲਮੋਨ ਤੋਂ ਬੋਅਜ਼ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰਾਹਾਬ ਸੀ; ਬੋਅਜ਼ ਤੋਂ ਓਬੇਦ ਪੈਦਾ ਹੋਇਆ ਜਿਸ ਦੀ ਮਾਤਾ ਦਾ ਨਾਂ ਰੂਥ ਸੀ; ਓਬੇਦ ਤੋਂ ਯੱਸੀ ਪੈਦਾ ਹੋਇਆ; 6 ਯੱਸੀ ਤੋਂ ਰਾਜਾ ਦਾਊਦ ਪੈਦਾ ਹੋਇਆ। ਦਾਊਦ ਤੋਂ ਸੁਲੇਮਾਨ ਪੈਦਾ ਹੋਇਆ, ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ; 7 ਸੁਲੇਮਾਨ ਤੋਂ ਰਹਬੁਆਮ ਪੈਦਾ ਹੋਇਆ; ਰਹਬੁਆਮ ਤੋਂ ਅਬੀਯਾਹ ਪੈਦਾ ਹੋਇਆ; ਅਬੀਯਾਹ ਤੋਂ ਆਸਾ ਪੈਦਾ ਹੋਇਆ; 8 ਆਸਾ ਤੋਂ ਯਹੋਸ਼ਾਫ਼ਾਟ ਪੈਦਾ ਹੋਇਆ; ਯਹੋਸ਼ਾਫ਼ਾਟ ਤੋਂ ਯਹੋਰਾਮ ਪੈਦਾ ਹੋਇਆ; ਯਹੋਰਾਮ ਤੋਂ ਉਜ਼ੀਯਾਹ ਪੈਦਾ ਹੋਇਆ; 9 ਉਜ਼ੀਯਾਹ ਤੋਂ ਯੋਥਾਮ ਪੈਦਾ ਹੋਇਆ; ਯੋਥਾਮ ਤੋਂ ਆਹਾਜ਼ ਪੈਦਾ ਹੋਇਆ; ਆਹਾਜ਼ ਤੋਂ ਹਿਜ਼ਕੀਯਾਹ ਪੈਦਾ ਹੋਇਆ; 10 ਹਿਜ਼ਕੀਯਾਹ ਤੋਂ ਮਨੱਸ਼ਹ ਪੈਦਾ ਹੋਇਆ; ਮਨੱਸ਼ਹ ਤੋਂ ਆਮੋਨ ਪੈਦਾ ਹੋਇਆ; ਆਮੋਨ ਤੋਂ ਯੋਸੀਯਾਹ ਪੈਦਾ ਹੋਇਆ; 11 ਯੋਸੀਯਾਹ ਤੋਂ ਯਕਾਨਯਾਹ ਅਤੇ ਉਸ ਦੇ ਹੋਰ ਮੁੰਡੇ ਪੈਦਾ ਹੋਏ। ਉਨ੍ਹਾਂ ਦੇ ਜ਼ਮਾਨੇ ਵਿਚ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ ਸੀ। 12 ਬਾਬਲ ਵਿਚ, ਯਕਾਨਯਾਹ ਤੋਂ ਸ਼ਅਲਤੀਏਲ ਪੈਦਾ ਹੋਇਆ; ਸ਼ਅਲਤੀਏਲ ਤੋਂ ਜ਼ਰੁੱਬਾਬਲ ਪੈਦਾ ਹੋਇਆ; 13 ਜ਼ਰੁੱਬਾਬਲ ਤੋਂ ਅਬੀਹੂਦ ਪੈਦਾ ਹੋਇਆ; ਅਬੀਹੂਦ ਤੋਂ ਅਲਯਾਕੀਮ ਪੈਦਾ ਹੋਇਆ; ਅਲਯਾਕੀਮ ਤੋਂ ਅਜ਼ੋਰ ਪੈਦਾ ਹੋਇਆ; 14 ਅਜ਼ੋਰ ਤੋਂ ਸਾਦੋਕ ਪੈਦਾ ਹੋਇਆ; ਸਾਦੋਕ ਤੋਂ ਯਾਕੀਮ ਪੈਦਾ ਹੋਇਆ; ਯਾਕੀਮ ਤੋਂ ਅਲੀਹੂਦ ਪੈਦਾ ਹੋਇਆ; 15 ਅਲੀਹੂਦ ਤੋਂ ਅਲਆਜ਼ਾਰ ਪੈਦਾ ਹੋਇਆ; ਅਲਆਜ਼ਾਰ ਤੋਂ ਮੱਥਾਨ ਪੈਦਾ ਹੋਇਆ; ਮੱਥਾਨ ਤੋਂ ਯਾਕੂਬ ਪੈਦਾ ਹੋਇਆ; 16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਮਰੀਅਮ ਦਾ ਪਤੀ ਸੀ, ਮਰੀਅਮ ਦੀ ਕੁੱਖੋਂ ਯਿਸੂ ਪੈਦਾ ਹੋਇਆ ਜੋ ਮਸੀਹ ਹੈ। 17 ਅਬਰਾਹਾਮ ਤੋਂ ਲੈ ਕੇ ਦਾਊਦ ਤਕ ਕੁੱਲ ਚੌਦਾਂ ਪੀੜ੍ਹੀਆਂ ਸਨ। ਦਾਊਦ ਤੋਂ ਲੈ ਕੇ ਯਹੂਦੀਆਂ ਨੂੰ ਬੰਦੀ ਬਣਾ ਕੇ ਬਾਬਲ ਲੈ ਜਾਏ ਜਾਣ ਦੇ ਸਮੇਂ ਤਕ ਕੁੱਲ ਚੌਦਾਂ ਪੀੜ੍ਹੀਆਂ ਸਨ। ਬਾਬਲ ਵਿਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤਕ ਕੁੱਲ ਚੌਦਾਂ ਪੀੜ੍ਹੀਆਂ ਸਨ।
ਜਨਵਰੀ 8-14
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 4-5
“ਯਿਸੂ ਦੇ ਪਹਾੜੀ ਉਪਦੇਸ਼ ਤੋਂ ਕੁਝ ਸਬਕ”
(ਮੱਤੀ 5:3) “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ; ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
nwtsty ਵਿੱਚੋਂ ਮੱਤੀ 5:3 ਲਈ ਖ਼ਾਸ ਜਾਣਕਾਰੀ
ਖ਼ੁਸ਼: ਇਹ ਸ਼ਬਦ ਸਿਰਫ਼ ਉਸ ਸਥਿਤੀ ਨੂੰ ਨਹੀਂ ਦਰਸਾਉਂਦਾ ਜਦੋਂ ਇਕ ਇਨਸਾਨ ਚੰਗੇ ਸਮੇਂ ਦਾ ਆਨੰਦ ਮਾਣ ਰਿਹਾ ਹੁੰਦਾ ਹੈ। ਇਸ ਦੀ ਬਜਾਇ, ਜਦੋਂ ਇਹ ਸ਼ਬਦ ਇਨਸਾਨਾਂ ਲਈ ਵਰਤਿਆ ਜਾਂਦਾ ਹੈ, ਤਾਂ ਇਹ ਉਸ ਇਨਸਾਨ ਦੀ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਉੱਤੇ ਪਰਮੇਸ਼ੁਰ ਦੀ ਅਸੀਸ ਅਤੇ ਮਿਹਰ ਹੁੰਦੀ ਹੈ। ਇਹੀ ਸ਼ਬਦ ਪਰਮੇਸ਼ੁਰ ਅਤੇ ਯਿਸੂ ਨੂੰ ਉਨ੍ਹਾਂ ਦੀ ਸਵਰਗੀ ਮਹਿਮਾ ਦਰਸਾਉਣ ਲਈ ਵਰਤਿਆ ਗਿਆ ਹੈ।—1 ਤਿਮੋ 1:11; 6:15.
ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ: ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਜਿਹੜੇ . . . ਤਰਸਦੇ ਹਨ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਜੋ ਸੱਚ-ਮੁੱਚ ਗ਼ਰੀਬ (ਲੋੜਵੰਦ; ਕੰਗਾਲ; ਭਿਖਾਰੀ) ਹਨ।” ਇੱਥੇ ਇਹ ਸ਼ਬਦ ਉਨ੍ਹਾਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੂੰ ਲੋੜ ਹੈ ਅਤੇ ਉਹ ਇਸ ਬਾਰੇ ਪੂਰੀ ਤਰ੍ਹਾਂ ਜਾਣਦੇ ਹਨ। ਇਹੀ ਸ਼ਬਦ ਲੂਕਾ 16:20, 22 ਵਿਚ ਲਾਜ਼ਰ ਨਾਂ ਦੇ ਭਿਖਾਰੀ ਲਈ ਵਰਤਿਆ ਗਿਆ ਹੈ। ਜਿਨ੍ਹਾਂ ਯੂਨਾਨੀ ਸ਼ਬਦਾਂ ਨੂੰ ਕੁਝ ਅਨੁਵਾਦਾਂ ਵਿਚ “ਪਰਮੇਸ਼ੁਰ ਦੇ ਗਿਆਨ ਪੱਖੋਂ ਗ਼ਰੀਬ” ਕਿਹਾ ਗਿਆ ਹੈ, ਉਨ੍ਹਾਂ ਸ਼ਬਦਾਂ ਤੋਂ ਉਨ੍ਹਾਂ ਲੋਕਾਂ ਬਾਰੇ ਪਤਾ ਲੱਗਦਾ ਹੈ ਜਿਹੜੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਗਿਆਨ ਅਤੇ ਅਗਵਾਈ ਦੀ ਲੋੜ ਹੈ।
(ਮੱਤੀ 5:7) “ਖ਼ੁਸ਼ ਹਨ ਦਇਆਵਾਨ; ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।
nwtsty ਵਿੱਚੋਂ ਮੱਤੀ 5:7 ਲਈ ਖ਼ਾਸ ਜਾਣਕਾਰੀ
ਦਇਆਵਾਨ: ਬਾਈਬਲ ਵਿਚ ਵਰਤੇ ਗਏ ਸ਼ਬਦ “ਦਇਆਵਾਨ” ਅਤੇ “ਦਇਆ” ਸਿਰਫ਼ ਮਾਫ਼ ਕਰਨ ਜਾਂ ਨਿਆਂ ਦੌਰਾਨ ਨਰਮ ਰਵੱਈਆ ਰੱਖਣ ਤਕ ਹੀ ਸੀਮਿਤ ਨਹੀਂ ਹਨ। ਇਹ ਸ਼ਬਦ ਆਮ ਤੌਰ ਤੇ ਹਮਦਰਦੀ ਅਤੇ ਤਰਸ ਦੀ ਭਾਵਨਾ ਨੂੰ ਦਰਸਾਉਂਦਾ ਹੈ ਜੋ ਇਕ ਇਨਸਾਨ ਨੂੰ ਲੋੜਵੰਦ ਦੀ ਮਦਦ ਕਰਨ ਲਈ ਪ੍ਰੇਰਦੀ ਹੈ।
(ਮੱਤੀ 5:9) “ਖ਼ੁਸ਼ ਹਨ ਮੇਲ-ਮਿਲਾਪ ਰੱਖਣ ਵਾਲੇ; ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ।
nwtsty ਵਿੱਚੋਂ ਮੱਤੀ 5:9 ਲਈ ਖ਼ਾਸ ਜਾਣਕਾਰੀ
ਮੇਲ-ਮਲਾਪ ਰੱਖਣ ਵਾਲੇ: ਜਿਹੜੇ ਸ਼ਾਂਤੀ ਸਿਰਫ਼ ਬਣਾ ਕੇ ਹੀ ਨਹੀਂ ਰੱਖਦੇ, ਬਲਕਿ ਜਿੱਥੇ ਸ਼ਾਂਤੀ ਦੀ ਕਮੀ ਹੁੰਦੀ ਹੈ ਉੱਥੇ ਵੀ ਸ਼ਾਂਤੀ ਕਾਇਮ ਕਰਦੇ ਹਨ।
ਬੱਚਿਆਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਓ
ਮਸੀਹੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ‘ਮਿਲਾਪ ਨੂੰ ਲੱਭਣਾ ਤੇ ਉਹ ਦਾ ਪਿੱਛਾ ਕਰਨਾ’ ਸਿੱਖਣ। (1 ਪਤਰਸ 3:11) ਇਹ ਸੱਚ ਹੈ ਕਿ ਬੱਚਿਆਂ ਲਈ ਸ਼ੱਕ, ਨਿਰਾਸ਼ਾ ਤੇ ਨਾਰਾਜ਼ਗੀ ਉੱਤੇ ਕਾਬੂ ਪਾਉਣਾ ਬਹੁਤ ਔਖਾ ਹੈ। ਪਰ ਸੁਲ੍ਹਾ ਕਰਨ ਨਾਲ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਿਲੇਗੀ। ਤਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸੁਲ੍ਹਾ ਕਰਨੀ ਕਿਵੇਂ ਸਿਖਾ ਸਕਦੇ ਹੋ?
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 4:9) ਤੇ ਸ਼ੈਤਾਨ ਨੇ ਉਸ ਨੂੰ ਕਿਹਾ: “ਜੇ ਤੂੰ ਮੈਨੂੰ ਇਕ ਵਾਰ ਮੱਥਾ ਟੇਕੇਂ, ਤਾਂ ਮੈਂ ਇਹ ਸਭ ਕੁਝ ਤੈਨੂੰ ਦੇ ਦਿਆਂਗਾ।”
nwtsty ਵਿੱਚੋਂ ਮੱਤੀ 4:9 ਲਈ ਖ਼ਾਸ ਜਾਣਕਾਰੀ
ਇਕ ਵਾਰ ਮੱਥਾ ਟੇਕ: ‘ਮੱਥਾ ਟੇਕਣ’ ਲਈ ਜਿਸ ਯੂਨਾਨੀ ਕਿਰਿਆ ਦਾ ਇਸਤੇਮਾਲ ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿ ਪਲ ਭਰ ਲਈ ਕੋਈ ਕੰਮ ਕਰਨਾ। ‘ਇਕ ਵਾਰ ਮੱਥਾ ਟੇਕ’ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਯਿਸੂ ਨੂੰ ਇਹ ਕੰਮ ਲਗਾਤਾਰ ਕਰਨ ਲਈ ਨਹੀਂ ਕਹਿ ਰਿਹਾ ਸੀ। ਯਿਸੂ ਨੇ ਸਿਰਫ਼ ਇਕ ਵਾਰ ‘ਮੱਥਾ ਟੇਕਣਾ’ ਸੀ।
(ਮੱਤੀ 4:23) ਫਿਰ ਯਿਸੂ ਪੂਰੇ ਗਲੀਲ ਵਿਚ ਗਿਆ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕੀਤਾ।
nwtsty ਵਿੱਚੋਂ ਮੱਤੀ 4:23 ਲਈ ਖ਼ਾਸ ਜਾਣਕਾਰੀ
ਸਿੱਖਿਆ ਦੇਣੀ . . . ਪ੍ਰਚਾਰ ਕਰਨਾ: ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਵਿਚ ਫ਼ਰਕ ਹੈ। ਇਕ ਸਿੱਖਿਅਕ ਐਲਾਨ ਕਰਨ ਤੋਂ ਇਲਾਵਾ ਸੇਧ ਦਿੰਦਾ ਹੈ, ਸਮਝਾਉਂਦਾ ਹੈ, ਤਰਕ ਕਰਦਾ ਹੈ ਅਤੇ ਸਬੂਤ ਦਿੰਦਾ ਹੈ।
ਬਾਈਬਲ ਪੜ੍ਹਾਈ
(ਮੱਤੀ 5:31-48) “ਇਹ ਵੀ ਕਿਹਾ ਗਿਆ ਸੀ: ‘ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਤਲਾਕਨਾਮਾ ਲਿਖ ਕੇ ਦੇਵੇ।’ 32 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਦਮੀ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਹਰਾਮਕਾਰੀ ਕਰਨ ਦੇ ਖ਼ਤਰੇ ਵਿਚ ਪਾਉਂਦਾ ਹੈ, ਅਤੇ ਜੋ ਆਦਮੀ ਉਸ ਤਲਾਕ-ਸ਼ੁਦਾ ਔਰਤ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ 33 “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ, ਪਰ ਯਹੋਵਾਹ ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’ 34 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਕਦੀ ਸਹੁੰ ਨਾ ਖਾਓ, ਨਾ ਸਵਰਗ ਦੀ, ਕਿਉਂਕਿ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ; 35 ਨਾ ਧਰਤੀ ਦੀ, ਕਿਉਂਕਿ ਉਹ ਉਸ ਦੇ ਪੈਰ ਰੱਖਣ ਦੀ ਚੌਂਕੀ ਹੈ; ਨਾ ਯਰੂਸ਼ਲਮ ਦੀ, ਕਿਉਂਕਿ ਉਹ ਮਹਾਰਾਜੇ ਦਾ ਸ਼ਹਿਰ ਹੈ। 36 ਨਾ ਹੀ ਆਪਣੇ ਸਿਰ ਦੀ, ਕਿਉਂਕਿ ਤੂੰ ਆਪਣੇ ਸਿਰ ਦਾ ਇਕ ਵੀ ਵਾਲ਼ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ। 37 ਬੱਸ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾਂਹ ਦੀ ਨਾਂਹ ਹੋਵੇ; ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ ਵੱਲੋਂ ਹੁੰਦਾ ਹੈ। 38 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ 39 ਪਰ, ਮੈਂ ਤੁਹਾਨੂੰ ਕਹਿੰਦਾ ਹਾਂ: ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ, ਪਰ ਜੇ ਕੋਈ ਤੇਰੀ ਸੱਜੀ ਗੱਲ੍ਹ ʼਤੇ ਥੱਪੜ ਮਾਰਦਾ ਹੈ, ਤਾਂ ਦੂਜੀ ਵੀ ਉਸ ਵੱਲ ਕਰ ਦੇ। 40 ਅਤੇ ਜੇ ਕੋਈ ਤੇਰੇ ʼਤੇ ਮੁਕੱਦਮਾ ਕਰ ਕੇ ਤੇਰਾ ਕੁੜਤਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਚਾਦਰ ਵੀ ਦੇ ਦੇ, 41 ਅਤੇ ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣਾ ਕੰਮ ਕਰਾਉਣ ਵਾਸਤੇ ਤੈਨੂੰ ਆਪਣੇ ਨਾਲ ਇਕ ਕਿਲੋਮੀਟਰ ਚੱਲਣ ਲਈ ਮਜਬੂਰ ਕਰਦਾ ਹੈ, ਤਾਂ ਤੂੰ ਉਸ ਨਾਲ ਦੋ ਕਿਲੋਮੀਟਰ ਚਲਾ ਜਾਹ। 42 ਜੇ ਕੋਈ ਤੇਰੇ ਤੋਂ ਕੁਝ ਮੰਗਦਾ ਹੈ, ਤਾਂ ਉਸ ਨੂੰ ਦੇ ਦੇ, ਅਤੇ ਜੇ ਕੋਈ ਤੇਰੇ ਤੋਂ ਉਧਾਰ ਮੰਗੇ, ਤਾਂ ਉਸ ਨੂੰ ਇਨਕਾਰ ਨਾ ਕਰ। 43 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ 44 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ, 45 ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ, ਕਿਉਂਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ʼਤੇ ਮੀਂਹ ਵਰ੍ਹਾਉਂਦਾ ਹੈ। 46 ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਕੀ ਤੁਹਾਨੂੰ ਕੋਈ ਇਨਾਮ ਮਿਲੇਗਾ? ਕੀ ਟੈਕਸ ਵਸੂਲਣ ਵਾਲੇ ਵੀ ਇਸੇ ਤਰ੍ਹਾਂ ਨਹੀਂ ਕਰਦੇ? 47 ਅਤੇ ਜੇ ਤੁਸੀਂ ਸਿਰਫ਼ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰੋ, ਤਾਂ ਤੁਸੀਂ ਕਿਹੜਾ ਵੱਡਾ ਕੰਮ ਕਰਦੇ ਹੋ? ਕੀ ਦੁਨੀਆਂ ਦੇ ਲੋਕ ਵੀ ਇਸੇ ਤਰ੍ਹਾਂ ਨਹੀਂ ਕਰਦੇ? 48 ਇਸ ਲਈ, ਤੁਸੀਂ ਪੂਰੀ ਤਰ੍ਹਾਂ ਆਪਣੇ ਸਵਰਗੀ ਪਿਤਾ ਵਰਗੇ ਬਣੋ।
ਜਨਵਰੀ 15-21
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 6-7
“ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦਿਓ”
(ਮੱਤੀ 6:10) ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।
ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਰਹੋ
12 ਆਪਣੀਆਂ ਪ੍ਰਾਰਥਨਾਵਾਂ ਵਿਚ ਪਹਿਲਾਂ ਸਾਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਮਿਲੀ ਹਰ ਦਾਤ ਲਈ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। (1 ਇਤਹਾਸ 29:10-13) ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਉਦੋਂ ਉਸ ਨੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਸੀ। ਮੱਤੀ 6:9-13 ਵਿਚ ਦਰਜ ਆਪਣੀ ਪ੍ਰਾਰਥਨਾ ਵਿਚ ਯਿਸੂ ਨੇ ਸਾਫ਼-ਸਾਫ਼ ਦਿਖਾਇਆ ਕਿ ਸਾਨੂੰ ਪਹਿਲਾਂ ਯਹੋਵਾਹ ਦੇ ਨਾਂ ਦੇ ਪਵਿੱਤਰ ਹੋਣ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਪੜ੍ਹੋ।) ਫਿਰ ਸਾਨੂੰ ਇਹ ਦੁਆ ਕਰਨੀ ਚਾਹੀਦੀ ਹੈ ਕਿ ਉਸ ਦਾ ਰਾਜ ਆਵੇ ਅਤੇ ਉਸ ਦੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ਉੱਤੇ ਵੀ ਪੂਰੀ ਹੋਵੇ। ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਾਅਦ ਹੀ ਯਿਸੂ ਨੇ ਨਿੱਜੀ ਗੱਲਾਂ ਦਾ ਜ਼ਿਕਰ ਕੀਤਾ ਸੀ। ਇਸੇ ਤਰ੍ਹਾਂ ਜਦ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਅਤੇ ਉਸ ਦੇ ਮਕਸਦ ਨੂੰ ਪਹਿਲ ਦਿੰਦੇ ਹਾਂ, ਤਾਂ ਯਹੋਵਾਹ ਦੇਖਦਾ ਹੈ ਕਿ ਅਸੀਂ ਸਿਰਫ਼ ਆਪਣੇ ਹੀ ਬਾਰੇ ਨਹੀਂ ਸੋਚਦੇ।
(ਮੱਤੀ 6:24) “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।
nwtsty ਵਿੱਚੋਂ ਮੱਤੀ 6:24 ਲਈ ਖ਼ਾਸ ਜਾਣਕਾਰੀ
ਗ਼ੁਲਾਮੀ: ਇਹ ਯੂਨਾਨੀ ਕਿਰਿਆ ਗ਼ੁਲਾਮ ਵਜੋਂ ਕੰਮ ਕਰਨ ਨੂੰ ਦਰਸਾਉਂਦੀ ਹੈ ਅਤੇ ਗ਼ੁਲਾਮ ਇਕ ਮਾਲਕ ਦੇ ਅਧੀਨ ਹੁੰਦਾ ਸੀ। ਯਿਸੂ ਇੱਥੇ ਇਹ ਕਹਿ ਰਿਹਾ ਸੀ ਜੇ ਕੋਈ ਮਸੀਹੀ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗਾ ਰਹਿੰਦਾ ਹੈ, ਤਾਂ ਉਹ ਯਹੋਵਾਹ ਨੂੰ ਉਸ ਤਰ੍ਹਾਂ ਦੀ ਭਗਤੀ ਨਹੀਂ ਦੇ ਸਕਦਾ ਜਿਸ ਦਾ ਉਹ ਹੱਕਦਾਰ ਹੈ ਕਿਉਂਕਿ ਸਿਰਫ਼ ਉਸੇ ਇਕੱਲੇ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ।
(ਮੱਤੀ 6:33) “ਇਸ ਲਈ, ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।
nwtsty ਵਿੱਚੋਂ ਮੱਤੀ 6:33 ਲਈ ਖ਼ਾਸ ਜਾਣਕਾਰੀ
ਹਮੇਸ਼ਾ ਪਹਿਲ ਦਿਓ: ਇਹ ਯੂਨਾਨੀ ਕਿਰਿਆ ਲਗਾਤਾਰ ਕੀਤੇ ਜਾਂਦੇ ਕੰਮ ਨੂੰ ਦਰਸਾਉਂਦੀ ਹੈ ਅਤੇ ਇਸ ਦਾ ਮਤਲਬ “ਲਗਾਤਾਰ ਪਹਿਲ ਦੇਣਾ” ਹੋ ਸਕਦਾ ਹੈ। ਯਿਸੂ ਦੇ ਸੱਚੇ ਚੇਲੇ ਕੁਝ ਸਮਾਂ ਰਾਜ ਨੂੰ ਪਹਿਲ ਦੇਣ ਤੋਂ ਬਾਅਦ ਦੂਜੇ ਕੰਮਾਂ ਵਿਚ ਨਹੀਂ ਲੱਗ ਜਾਂਦੇ। ਇਸ ਦੀ ਬਜਾਇ, ਉਹ ਇਸ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ।
ਰਾਜ: ਕੁਝ ਪੁਰਾਣੀ ਯੂਨਾਨੀ ਹੱਥ-ਲਿਖਤਾਂ ਵਿਚ ਇਸ ਨੂੰ “ਪਰਮੇਸ਼ੁਰ ਦਾ ਰਾਜ” ਕਿਹਾ ਗਿਆ ਹੈ।
ਉਸ: ਇਹ ਸ਼ਬਦ ਪਰਮੇਸ਼ੁਰ ਨੂੰ ਯਾਨੀ ਮੱਤੀ 6:32 ਵਿਚ ਜ਼ਿਕਰ ਕੀਤੇ “ਸਵਰਗੀ ਪਿਤਾ” ਨੂੰ ਦਰਸਾਉਂਦਾ ਹੈ।
ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ: ਜਿਹੜੇ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ ਹਨ, ਉਹ ਉਸ ਦੀ ਇੱਛਾ ਅਤੇ ਉਸ ਦੇ ਮਿਆਰਾਂ ਮੁਤਾਬਕ ਚੱਲਦੇ ਹਨ। ਇਹ ਸਿੱਖਿਆ ਫ਼ਰੀਸੀਆਂ ਦੀ ਸਿੱਖਿਆ ਤੋਂ ਬਿਲਕੁਲ ਉਲਟ ਹੈ ਜਿਨ੍ਹਾਂ ਨੇ ਸਹੀ-ਗ਼ਲਤ ਬਾਰੇ ਆਪਣੇ ਮਿਆਰ ਬਣਾਏ ਸਨ।—ਮੱਤੀ 5:20.
ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ
18 ਮੱਤੀ 6:33 ਪੜ੍ਹੋ। ਮਸੀਹ ਦੇ ਚੇਲਿਆਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਿਸੂ ਦੇ ਕਹੇ ਮੁਤਾਬਕ ਸਾਨੂੰ ‘ਸਭ ਚੀਜ਼ਾਂ ਦਿੱਤੀਆਂ ਜਾਣਗੀਆਂ।’ ਉਸ ਨੇ ਇੱਦਾਂ ਕਿਉਂ ਕਿਹਾ ਸੀ? ਉਸ ਨੇ 32ਵੀਂ ਆਇਤ ਵਿਚ ਸਮਝਾਇਆ ਸੀ: “ਤੁਹਾਡੇ ਸਵਰਗੀ ਪਿਤਾ ਨੂੰ ਪਤਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ।” ਯਹੋਵਾਹ ਸਾਡੇ ਤੋਂ ਪਹਿਲਾਂ ਸਾਡੀਆਂ ਖਾਣ-ਪੀਣ, ਪਹਿਨਣ ਤੇ ਰਹਿਣ ਦੀਆਂ ਲੋੜਾਂ ਜਾਣਦਾ ਹੈ। (ਫ਼ਿਲਿ. 4:19) ਉਹ ਜਾਣਦਾ ਹੈ ਕਿ ਸਾਨੂੰ ਕਦੋਂ ਹੋਰ ਕੱਪੜਿਆਂ ਦੀ ਲੋੜ ਹੈ ਅਤੇ ਖਾਣ-ਪੀਣ ਲਈ ਕੀ ਚਾਹੀਦਾ ਹੈ। ਨਾਲੇ ਉਹ ਜਾਣਦਾ ਹੈ ਕਿ ਸਾਡੇ ਪਰਿਵਾਰ ਨੂੰ ਰਹਿਣ ਲਈ ਕਿੰਨੀ ਕੁ ਜਗ੍ਹਾ ਚਾਹੀਦੀ ਹੈ। ਯਹੋਵਾਹ ਸਾਡੀ ਉਹ ਹਰ ਲੋੜ ਪੂਰੀ ਕਰੇਗਾ ਜਿਸ ਦੀ ਸਾਨੂੰ ਜ਼ਰੂਰਤ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 7:12) “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ। ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀ ਸਿੱਖਿਆ ਦਾ ਇਹੋ ਨਿਚੋੜ ਹੈ।
ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ
14 ਮੰਨ ਲਓ ਕਿ ਤੁਹਾਨੂੰ ਕਿਸੇ ਅਜਨਬੀ ਦਾ ਫ਼ੋਨ ਆਉਂਦਾ ਹੈ ਅਤੇ ਉਹ ਤੁਹਾਡੇ ਕੋਲੋਂ ਪੁੱਛਦਾ ਹੈ ਕਿ ਤੁਸੀਂ ਕਿੱਦਾਂ ਦਾ ਖਾਣਾ ਪਸੰਦ ਕਰਦੇ ਹੋ। ਤੁਸੀਂ ਸੋਚਦੇ ਹੋ ਕਿ ਫ਼ੋਨ ਕਰਨ ਵਾਲਾ ਕੌਣ ਹੈ ਅਤੇ ਉਹ ਕੀ ਚਾਹੁੰਦਾ ਹੈ। ਤੁਸੀਂ ਉਸ ਨਾਲ ਰੁੱਖੇ ਢੰਗ ਨਾਲ ਪੇਸ਼ ਨਹੀਂ ਆਉਣਾ ਚਾਹੁੰਦੇ, ਇਸ ਲਈ ਸ਼ਾਇਦ ਤੁਸੀਂ ਥੋੜ੍ਹਾ ਚਿਰ ਗੱਲ ਕਰੋ। ਪਰ ਫਿਰ ਤੁਸੀਂ ਗੱਲਬਾਤ ਖ਼ਤਮ ਕਰਨੀ ਚਾਹੁੰਦੇ ਹੋ। ਦੂਜੇ ਪਾਸੇ, ਮੰਨ ਲਓ ਕਿ ਫ਼ੋਨ ਕਰਨ ਵਾਲਾ ਪਹਿਲਾਂ ਦੱਸਦਾ ਹੈ ਕਿ ਉਹ ਕੌਣ ਹੈ ਅਤੇ ਫ਼ੋਨ ਕਰ ਕੇ ਲੋਕਾਂ ਨੂੰ ਚੰਗਾ ਭੋਜਨ ਖਾਣ ਬਾਰੇ ਸਲਾਹ ਦੇਣੀ ਉਸ ਦਾ ਕੰਮ ਹੈ। ਉਹ ਬੜੇ ਹੀ ਪਿਆਰ ਨਾਲ ਦੱਸਦਾ ਹੈ ਕਿ ਉਸ ਕੋਲ ਕੁਝ ਜਾਣਕਾਰੀ ਹੈ ਜੋ ਤੁਹਾਡੇ ਕੰਮ ਆ ਸਕਦੀ ਹੈ। ਤੁਸੀਂ ਸ਼ਾਇਦ ਉਸ ਦੀ ਗੱਲ ਸੁਣਨ ਲਈ ਤਿਆਰ ਹੋ ਜਾਓ। ਜੀ ਹਾਂ, ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਪਸੰਦ ਕਰਦੇ ਹਾਂ ਜੋ ਆਪਣੀ ਪਛਾਣ ਲੁਕਾਏ ਬਿਨਾਂ ਸਾਡੇ ਨਾਲ ਗੱਲ ਕਰਦੇ ਹਨ। ਪ੍ਰਚਾਰ ਵਿਚ ਅਸੀਂ ਇਹ ਗੱਲ ਕਿੱਦਾਂ ਲਾਗੂ ਕਰ ਸਕਦੇ ਹਾਂ?
15 ਬਹੁਤ ਸਾਰੇ ਇਲਾਕਿਆਂ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਘਰ-ਮਾਲਕ ਨੂੰ ਆਪਣੇ ਆਉਣ ਦਾ ਕਾਰਨ ਦੱਸੀਏ। ਇਹ ਸੱਚ ਹੈ ਕਿ ਸਾਡੇ ਕੋਲ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਜਿਸ ਦੀ ਘਰ-ਮਾਲਕ ਨੂੰ ਲੋੜ ਹੈ। ਨਾਲੇ ਅਸੀਂ ਲੋਕਾਂ ਦੇ ਵਿਚਾਰ ਜਾਣਨ ਦੇ ਲਈ ਉਨ੍ਹਾਂ ਕੋਲੋਂ ਸਵਾਲ ਪੁੱਛਦੇ ਹਾਂ ਤਾਂਕਿ ਅਸੀਂ ਬਾਈਬਲ ਤੋਂ ਜਵਾਬ ਦੇ ਸਕੀਏ। ਪਰ ਮੰਨ ਲਓ ਕਿ ਅਸੀਂ ਆਪਣੇ ਬਾਰੇ ਕੁਝ ਦੱਸੇ ਬਿਨਾਂ ਸਿੱਧਾ ਉਸ ਨੂੰ ਸਵਾਲ ਪੁੱਛ ਲੈਂਦੇ ਹਾਂ: “ਜੇ ਤੁਹਾਡੇ ਹੱਥ-ਵੱਸ ਹੁੰਦਾ, ਤਾਂ ਤੁਸੀਂ ਦੁਨੀਆਂ ਦੀ ਕਿਹੜੀ ਸਮੱਸਿਆ ਨੂੰ ਹੱਲ ਕਰਦੇ?” ਇਹ ਸੁਣ ਕੇ ਘਰ-ਮਾਲਕ ਸ਼ਾਇਦ ਹੈਰਾਨ ਹੋਵੇ: ‘ਇਹ ਕੌਣ ਹੈ ਅਤੇ ਮੈਨੂੰ ਇਹ ਸਵਾਲ ਕਿਉਂ ਪੁੱਛ ਰਿਹਾ ਹੈ? ਇਹ ਕਾਹਦੇ ਬਾਰੇ ਗੱਲ ਕਰ ਰਿਹਾ ਹੈ?’ ਅਸੀਂ ਚਾਹੁੰਦੇ ਹਾਂ ਕਿ ਘਰ-ਮਾਲਕ ਸਾਡੀ ਗੱਲ ਸੁਣੇ। (ਫ਼ਿਲਿ 2:3, 4) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ?
16 ਇਕ ਸਫ਼ਰੀ ਨਿਗਾਹਬਾਨ ਦੱਸਦਾ ਹੈ ਕਿ ਜਦ ਲੋਕ ਜਾਣ ਜਾਂਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਕਿਉਂ ਮਿਲਣ ਆਏ ਹੋ, ਤਾਂ ਉਹ ਆਰਾਮ ਨਾਲ ਤੁਹਾਡੀ ਗੱਲ ਸੁਣਦੇ ਹਨ। ਇਹ ਭਰਾ ਘਰ-ਮਾਲਕ ਨੂੰ ਨਮਸਤੇ ਕਹਿਣ ਤੋਂ ਬਾਅਦ ਉਸ ਨੂੰ ਟ੍ਰੈਕਟ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਫੜਾ ਕੇ ਕਹਿੰਦਾ ਹੈ: “ਅਸੀਂ ਇਸ ਇਲਾਕੇ ਵਿਚ ਸਾਰਿਆਂ ਨੂੰ ਇਹ ਟ੍ਰੈਕਟ ਦੇ ਰਹੇ ਹਾਂ। ਇਸ ਵਿਚ ਛੇ ਸਵਾਲਾਂ ʼਤੇ ਚਰਚਾ ਕੀਤੀ ਗਈ ਹੈ।” ਫਿਰ ਉਹ ਪੁੱਛਦਾ ਹੈ: “ਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਸਵਾਲ ਬਾਰੇ ਕਦੇ ਸੋਚਿਆ ਹੈ?” ਜੇਕਰ ਘਰ-ਮਾਲਕ ਇਕ ਸਵਾਲ ਚੁਣਦਾ ਹੈ, ਤਾਂ ਭਰਾ ਟ੍ਰੈਕਟ ਖੋਲ੍ਹ ਕੇ ਉਸ ਨੂੰ ਦੱਸਦਾ ਹੈ ਕਿ ਬਾਈਬਲ ਇਸ ਸਵਾਲ ਦਾ ਕੀ ਜਵਾਬ ਦਿੰਦੀ ਹੈ। ਜੇ ਘਰ-ਮਾਲਕ ਕੋਈ ਸਵਾਲ ਚੁਣ ਨਹੀਂ ਪਾਉਂਦਾ, ਤਾਂ ਉਹ ਆਪ ਇਕ ਸਵਾਲ ਚੁਣ ਕੇ ਉਸ ʼਤੇ ਚਰਚਾ ਕਰਦਾ ਹੈ। ਪਰ ਕਈ ਹੋਰ ਤਰੀਕਿਆਂ ਨਾਲ ਵੀ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ। ਕੁਝ ਇਲਾਕਿਆਂ ਵਿਚ ਲੋਕਾਂ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਨਮਸਤੇ ਕਹਿਣ ਅਤੇ ਆਪਣੇ ਬਾਰੇ ਕੁਝ ਦੱਸਣ ਦੀ ਲੋੜ ਹੁੰਦੀ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਗੱਲਬਾਤ ਸ਼ੁਰੂ ਕਰਨ ਦੇ ਢੰਗ ਵਿਚ ਫੇਰ-ਬਦਲ ਕਰੀਏ ਤਾਂਕਿ ਲੋਕ ਸਾਡਾ ਸੰਦੇਸ਼ ਸੁਣਨ।
(ਮੱਤੀ 7:28, 29) ਹੁਣ ਜਦ ਯਿਸੂ ਸਿੱਖਿਆ ਦੇ ਹਟਿਆ, ਤਾਂ ਲੋਕ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ, 29 ਕਿਉਂਕਿ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦਾ ਸੀ।
nwtsty ਵਿੱਚੋਂ ਮੱਤੀ 7:28, 29 ਲਈ ਖ਼ਾਸ ਜਾਣਕਾਰੀ
ਹੈਰਾਨ ਰਹਿ ਗਏ: ਇਸ ਯੂਨਾਨੀ ਕਿਰਿਆ ਦਾ ਮਤਲਬ ਹੋ ਸਕਦਾ ਹੈ ਕਿ “ਉਹ ਹੈਰਾਨੀ ਨਾਲ ਭਰ ਗਏ।” ਲਗਾਤਾਰ ਕੀਤੇ ਜਾਂਦੇ ਕੰਮ ਨੂੰ ਦਰਸਾਉਣ ਵਾਲੀ ਕਿਰਿਆ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਸ਼ਬਦਾਂ ਦਾ ਲੋਕਾਂ ʼਤੇ ਅਖ਼ੀਰ ਤਕ ਅਸਰ ਰਿਹਾ ਸੀ।
ਉਸ ਦੇ ਸਿੱਖਿਆ ਦੇਣ ਦਾ ਢੰਗ: ਇਹ ਸ਼ਬਦ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਯਿਸੂ ਕਿਸ ਤਰ੍ਹਾਂ ਸਿੱਖਿਆ ਦਿੰਦਾ ਸੀ ਅਤੇ ਸਿੱਖਿਆ ਦੇਣ ਦੇ ਕਿਹੜੇ ਤਰੀਕੇ ਵਰਤਦਾ ਸੀ। ਇਸ ਵਿਚ ਸ਼ਾਮਲ ਸੀ ਕਿ ਉਸ ਨੇ ਕੀ ਸਿਖਾਇਆ ਯਾਨੀ ਪਹਾੜੀ ਉਪਦੇਸ਼ ਵਿਚ ਦਿੱਤੀਆਂ ਸਾਰੀਆਂ ਸਿੱਖਿਆਵਾਂ।
ਉਨ੍ਹਾਂ ਦੇ ਗ੍ਰੰਥੀਆਂ ਵਾਂਗ ਨਹੀਂ: ਯਿਸੂ ਨੇ ਗ੍ਰੰਥੀਆਂ ਵਾਂਗ ਮੰਨੇ-ਪ੍ਰਮੰਨੇ ਗੁਰੂਆਂ ਦੀਆਂ ਗੱਲਾਂ ਦਾ ਹਵਾਲਾ ਦੇਣ ਦੀ ਬਜਾਇ ਯਹੋਵਾਹ ਵੱਲੋਂ ਗੱਲ ਕੀਤੀ ਯਾਨੀ ਅਧਿਕਾਰ ਰੱਖਣ ਵਾਲੇ ਵਜੋਂ ਗੱਲ ਕੀਤੀ ਅਤੇ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦਿੱਤੀ।—ਯੂਹੰ 7:16.
ਬਾਈਬਲ ਪੜ੍ਹਾਈ
(ਮੱਤੀ 6:1-18) “ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਨੇਕ ਕੰਮ ਦਿਖਾਵੇ ਲਈ ਨਾ ਕਰੋ; ਨਹੀਂ ਤਾਂ ਤੁਹਾਡੇ ਪਿਤਾ ਤੋਂ, ਜੋ ਸਵਰਗ ਵਿਚ ਹੈ, ਤੁਹਾਨੂੰ ਕੋਈ ਫਲ ਨਹੀਂ ਮਿਲੇਗਾ। 2 ਇਸ ਲਈ, ਪੁੰਨ-ਦਾਨ ਕਰਨ ਤੋਂ ਪਹਿਲਾਂ ਇਸ ਬਾਰੇ ਢੰਡੋਰਾ ਨਾ ਪਿੱਟੋ, ਕਿਉਂਕਿ ਪਖੰਡੀ ਸਭਾ ਘਰਾਂ ਅਤੇ ਗਲੀਆਂ ਵਿਚ ਇਸ ਤਰ੍ਹਾਂ ਕਰਦੇ ਹਨ, ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਆਪਣਾ ਫਲ ਪਾ ਚੁੱਕੇ ਹਨ। 3 ਪਰ ਜਦੋਂ ਤੂੰ ਪੁੰਨ-ਦਾਨ ਕਰੇਂ, ਉਦੋਂ ਆਪਣੇ ਖੱਬੇ ਹੱਥ ਨੂੰ ਪਤਾ ਨਾ ਲੱਗਣ ਦੇ ਕਿ ਤੇਰਾ ਸੱਜਾ ਹੱਥ ਕੀ ਕਰ ਰਿਹਾ ਹੈ, 4 ਸਗੋਂ ਤੂੰ ਪੁੰਨ-ਦਾਨ ਗੁਪਤ ਵਿਚ ਕਰ। ਫਿਰ ਤੇਰਾ ਪਿਤਾ ਜੋ ਸਵਰਗੋਂ ਸਭ ਕੁਝ ਦੇਖ ਸਕਦਾ ਹੈ, ਤੈਨੂੰ ਫਲ ਦੇਵੇਗਾ। 5 “ਨਾਲੇ, ਜਦ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਪਖੰਡੀਆਂ ਵਾਂਗ ਨਾ ਕਰੋ, ਕਿਉਂਕਿ ਉਹ ਲੋਕਾਂ ਨੂੰ ਦਿਖਾਉਣ ਲਈ ਸਭਾ ਘਰਾਂ ਅਤੇ ਚੌਂਕਾਂ ਵਿਚ ਖੜ੍ਹ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਆਪਣਾ ਫਲ ਪਾ ਚੁੱਕੇ ਹਨ। 6 ਪਰ ਜਦ ਤੂੰ ਪ੍ਰਾਰਥਨਾ ਕਰੇਂ, ਤਾਂ ਆਪਣੇ ਕਮਰੇ ਵਿਚ ਜਾਹ ਅਤੇ ਦਰਵਾਜ਼ਾ ਬੰਦ ਕਰ ਕੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਜਿਸ ਨੂੰ ਤੂੰ ਦੇਖ ਨਹੀਂ ਸਕਦਾ। ਫਿਰ ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ ਤੈਨੂੰ ਫਲ ਦੇਵੇਗਾ। 7 ਪਰ ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ, ਕਿਉਂਕਿ ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ। 8 ਤੂੰ ਉਨ੍ਹਾਂ ਵਰਗਾ ਨਾ ਬਣ, ਕਿਉਂਕਿ ਤੁਹਾਡਾ ਪਿਤਾ ਪਰਮੇਸ਼ੁਰ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। 9 “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: “‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। 10 ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ। 11 ਸਾਨੂੰ ਅੱਜ ਦੀ ਰੋਟੀ ਅੱਜ ਦੇ, 12 ਅਤੇ ਸਾਡੇ ਪਾਪ ਮਾਫ਼ ਕਰ, ਜਿਵੇਂ ਅਸੀਂ ਉਨ੍ਹਾਂ ਨੂੰ ਮਾਫ਼ ਕੀਤਾ ਹੈ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ ਕੀਤੇ ਹਨ। 13 ਅਤੇ ਸਾਡੀ ਮਦਦ ਕਰ ਕਿ ਅਸੀਂ ਪਰੀਖਿਆ ਦੌਰਾਨ ਡਿਗ ਨਾ ਪਈਏ ਅਤੇ ਸਾਨੂੰ ਉਸ ਦੁਸ਼ਟ ਤੋਂ ਬਚਾ।’ 14 “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ; 15 ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ। 16 “ਜਦ ਤੁਸੀਂ ਵਰਤ ਰੱਖਦੇ ਹੋ, ਤਾਂ ਪਖੰਡੀਆਂ ਵਾਂਗ ਮੂੰਹ ਲਟਕਾਉਣਾ ਛੱਡ ਦਿਓ, ਉਹ ਆਪਣਾ ਹੁਲੀਆ ਵਿਗਾੜ ਕੇ ਰੱਖਦੇ ਹਨ ਤਾਂਕਿ ਲੋਕ ਦੇਖਣ ਕਿ ਉਨ੍ਹਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 17 ਪਰ ਜਦ ਤੂੰ ਵਰਤ ਰੱਖੇਂ, ਤਾਂ ਮੂੰਹ ਧੋ ਅਤੇ ਸਿਰ ਨੂੰ ਤੇਲ ਲਾ, 18 ਤਾਂਕਿ ਤੂੰ ਇਨਸਾਨਾਂ ਨੂੰ ਨਹੀਂ, ਬਲਕਿ ਆਪਣੇ ਸਵਰਗੀ ਪਿਤਾ ਨੂੰ ਦਿਖਾਵੇਂ ਕਿ ਤੂੰ ਵਰਤ ਰੱਖਿਆ ਹੈ। ਫਿਰ ਤੇਰਾ ਪਿਤਾ ਜੋ ਸਵਰਗੋਂ ਸਭ ਕੁਝ ਦੇਖਦਾ ਹੈ, ਤੈਨੂੰ ਫਲ ਦੇਵੇਗਾ।
ਜਨਵਰੀ 22-28
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 8-9
“ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ”
(ਮੱਤੀ 8:1-3) ਪਹਾੜੋਂ ਉੱਤਰ ਆਉਣ ਤੋਂ ਬਾਅਦ ਯਿਸੂ ਦੇ ਪਿੱਛੇ-ਪਿੱਛੇ ਭੀੜਾਂ ਦੀਆਂ ਭੀੜਾਂ ਤੁਰ ਪਈਆਂ। 2 ਅਤੇ ਦੇਖੋ! ਉਸ ਕੋਲ ਇਕ ਕੋੜ੍ਹੀ ਆਇਆ ਅਤੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” 3 ਅਤੇ ਉਸ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾ।” ਉਸੇ ਵੇਲੇ ਉਹ ਆਪਣੇ ਕੋੜ੍ਹ ਤੋਂ ਸ਼ੁੱਧ ਹੋ ਗਿਆ।
nwtsty ਵਿੱਚੋਂ ਮੱਤੀ 8:3 ਲਈ ਖ਼ਾਸ ਜਾਣਕਾਰੀ
ਉਸ ਨੇ . . . ਕੋੜ੍ਹੀ ਨੂੰ ਛੂਹਿਆ: ਮੂਸਾ ਦੀ ਬਿਵਸਥਾ ਅਨੁਸਾਰ ਕੋੜ੍ਹੀਆਂ ਨੂੰ ਅਲੱਗ ਰੱਖਿਆ ਜਾਂਦਾ ਸੀ ਤਾਂਕਿ ਕਿਸੇ ਹੋਰ ਨੂੰ ਉਸ ਤੋਂ ਕੋੜ੍ਹ ਨਾ ਹੋ ਜਾਵੇ। (ਲੇਵੀ 13:45, 46; ਗਿਣ 5:1-4) ਪਰ ਯਹੂਦੀ ਧਾਰਮਿਕ ਆਗੂਆਂ ਨੇ ਵਾਧੂ ਕਾਨੂੰਨ ਬਣਾ ਲਏ ਸਨ। ਮਿਸਾਲ ਲਈ, ਇਕ ਕੋੜ੍ਹੀ ਨੂੰ ਬਾਕੀਆਂ ਤੋਂ ਚਾਰ ਹੱਥ ਯਾਨੀ ਲਗਭਗ 6 ਫੁੱਟ (1.8 ਮੀ) ਦੂਰ ਰਹਿਣਾ ਪੈਂਦਾ ਸੀ। ਪਰ ਜਦੋਂ ਹਵਾ ਚੱਲਦੀ ਸੀ, ਉਦੋਂ ਉਸ ਨੂੰ 100 ਹੱਥ ਯਾਨੀ ਲਗਭਗ 150 ਫੁੱਟ (45 ਮੀ) ਦੂਰ ਰਹਿਣਾ ਪੈਂਦਾ ਸੀ। ਇਨ੍ਹਾਂ ਕਾਨੂੰਨਾਂ ਕਰਕੇ ਕੋੜ੍ਹੀਆਂ ਨਾਲ ਰੁੱਖਾ ਵਰਤਾਅ ਕੀਤਾ ਜਾਂਦਾ ਸੀ। ਕਿਤਾਬਾਂ ਵਿਚ ਉਨ੍ਹਾਂ ਗੁਰੂਆਂ ਬਾਰੇ ਵਧੀਆ ਦੱਸਿਆ ਗਿਆ ਹੈ ਜੋ ਕੋੜ੍ਹੀਆਂ ਨੂੰ ਦੇਖ ਕੇ ਲੁਕ ਜਾਂਦੇ ਸਨ ਜਾਂ ਆਪਣੇ ਤੋਂ ਦੂਰ ਰੱਖਣ ਲਈ ਉਨ੍ਹਾਂ ʼਤੇ ਪੱਥਰ ਮਾਰਦੇ ਸਨ। ਇਸ ਦੇ ਉਲਟ, ਯਿਸੂ ਨੂੰ ਉਸ ਕੋੜ੍ਹੀ ਦੀ ਹਾਲਤ ʼਤੇ ਇੰਨਾ ਤਰਸ ਆਇਆ ਅਤੇ ਉਸ ਨੇ ਉਹ ਕੀਤਾ ਜੋ ਬਾਕੀ ਯਹੂਦੀ ਸੋਚ ਵੀ ਨਹੀਂ ਸਕਦੇ ਸਨ। ਭਾਵੇਂ ਯਿਸੂ ਕੋੜ੍ਹੀ ਨੂੰ ਇਕ ਸ਼ਬਦ ਨਾਲ ਵੀ ਠੀਕ ਕਰ ਸਕਦਾ ਸੀ, ਪਰ ਫਿਰ ਵੀ ਉਸ ਨੇ ਕੋੜ੍ਹੀ ਨੂੰ ਛੂਹਿਆ।—ਮੱਤੀ 8:5-12.
ਮੈਂ ਚਾਹੁੰਦਾ ਹਾਂ: ਯਿਸੂ ਨੇ ਉਸ ਦੀ ਬੇਨਤੀ ਸਵੀਕਾਰ ਹੀ ਨਹੀਂ ਕੀਤੀ ਬਲਕਿ ਉਸ ਨੇ ਦਿਖਾਇਆ ਕਿ ਉਹ ਇਸ ਤਰ੍ਹਾਂ ਦਿਲੋਂ ਕਰਨਾ ਚਾਹੁੰਦਾ ਸੀ। ਉਸ ਨੇ ਇਹ ਸਿਰਫ਼ ਕੰਮ ਸਮਝ ਕੇ ਹੀ ਨਹੀਂ ਕੀਤਾ।
(ਮੱਤੀ 9:9-13) ਫਿਰ ਜਦੋਂ ਯਿਸੂ ਉੱਥੋਂ ਜਾ ਰਿਹਾ ਸੀ, ਤਾਂ ਉਸ ਨੇ ਮੱਤੀ ਨਾਂ ਦੇ ਇਕ ਆਦਮੀ ਨੂੰ ਟੈਕਸ ਵਸੂਲਣ ਵਾਲੀ ਜਗ੍ਹਾ ਬੈਠਾ ਦੇਖਿਆ। ਉਸ ਨੇ ਮੱਤੀ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” ਇਹ ਸੁਣ ਕੇ ਉਹ ਉੱਠਿਆ ਅਤੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ। 10 ਬਾਅਦ ਵਿਚ ਉਹ ਮੱਤੀ ਦੇ ਘਰ ਆਪਣੇ ਚੇਲਿਆਂ ਨਾਲ ਮੇਜ਼ ਦੁਆਲੇ ਬੈਠਾ ਸੀ ਅਤੇ ਦੇਖੋ! ਕਈ ਟੈਕਸ ਵਸੂਲਣ ਵਾਲੇ ਅਤੇ ਪਾਪੀ ਆਏ ਤੇ ਉਨ੍ਹਾਂ ਨਾਲ ਬੈਠ ਕੇ ਖਾਣਾ ਖਾਣ ਲੱਗੇ। 11 ਇਹ ਦੇਖ ਕੇ ਫ਼ਰੀਸੀ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ: “ਤੁਹਾਡਾ ਗੁਰੂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ-ਪੀਂਦਾ ਹੈ?” 12 ਉਨ੍ਹਾਂ ਦੀ ਗੱਲ ਸੁਣ ਕੇ ਉਸ ਨੇ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। 13 ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।”
nwtsty ਵਿੱਚੋਂ ਮੱਤੀ 9:10 ਲਈ ਖ਼ਾਸ ਜਾਣਕਾਰੀ
ਮੇਜ਼ ਦੁਆਲੇ ਬੈਠਾ: ਜਾਂ “ਮੇਜ਼ ʼਤੇ ਰੋਟੀ ਖਾਣ ਲਈ ਬੈਠਾ ਹੋਇਆ।” ਕਿਸੇ ਨਾਲ ਮੇਜ਼ ਦੇ ਦੁਆਲੇ ਬੈਠਣਾ ਇਸ ਗੱਲ ਨੂੰ ਦਰਸਾਉਂਦਾ ਸੀ ਕਿ ਉਸ ਦਾ ਉਸ ਵਿਅਕਤੀ ਨਾਲ ਨਜ਼ਦੀਕੀ ਰਿਸ਼ਤਾ ਸੀ। ਯਿਸੂ ਦੇ ਦਿਨਾਂ ਵਿਚ ਯਹੂਦੀ ਮੇਜ਼ ਦੁਆਲੇ ਗ਼ੈਰ-ਯਹੂਦੀਆਂ ਨਾਲ ਨਹੀਂ ਬੈਠਦੇ ਸਨ, ਇੱਥੋਂ ਤਕ ਕਿ ਰੋਟੀ ਖਾਣ ਲਈ ਵੀ ਨਹੀਂ।
ਟੈਕਸ ਵਸੂਲਣ ਵਾਲੇ: ਬਹੁਤ ਸਾਰੇ ਯਹੂਦੀ ਰੋਮੀ ਅਧਿਕਾਰੀਆਂ ਲਈ ਟੈਕਸ ਵਸੂਲ ਕਰਦੇ ਸਨ। ਲੋਕ ਇਸ ਤਰ੍ਹਾਂ ਦੇ ਯਹੂਦੀਆਂ ਤੋਂ ਨਫ਼ਰਤ ਕਰਦੇ ਸਨ ਕਿਉਂਕਿ ਉਹ ਵਿਦੇਸ਼ੀ ਸਰਕਾਰ ਲਈ ਕੰਮ ਕਰਦੇ ਸਨ ਜਿਸ ਨੂੰ ਲੋਕ ਪਸੰਦ ਨਹੀਂ ਕਰਦੇ ਸਨ ਅਤੇ ਉਹ ਸਰਕਾਰ ਦੁਆਰਾ ਨਿਰਧਾਰਿਤ ਟੈਕਸ ਤੋਂ ਜ਼ਿਆਦਾ ਟੈਕਸ ਵਸੂਲ ਕਰਦੇ ਸਨ। ਯਹੂਦੀ ਟੈਕਸ ਵਸੂਲਣ ਵਾਲਿਆਂ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਨੂੰ ਪਾਪੀਆਂ ਅਤੇ ਵੇਸਵਾਵਾਂ ਦੇ ਸਾਮਾਨ ਸਮਝਦੇ ਸਨ।—ਮੱਤੀ 11:19; 21:32.
(ਮੱਤੀ 9:35-38) ਫਿਰ ਉਹ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਗਿਆ ਅਤੇ ਉਸ ਨੇ ਉਨ੍ਹਾਂ ਦੇ ਸਭਾ ਘਰਾਂ ਵਿਚ ਸਿੱਖਿਆ ਦਿੱਤੀ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕੀਤਾ। 36 ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ। 37 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਹ ਸੱਚ ਹੈ ਕਿ ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। 38 ਇਸ ਲਈ ਖੇਤ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।”
nwtsty ਵਿੱਚੋਂ ਮੱਤੀ 9:36 ਲਈ ਖ਼ਾਸ ਜਾਣਕਾਰੀ
ਤਰਸ ਆਇਆ: ਇਸ ਲਈ ਵਰਤੀ ਗਈ ਯੂਨਾਨੀ ਕਿਰਿਆ ਸਪਲੈਗਖਨੀਜ਼ੋਮੈ (splag·khni’zo·mai) ਦਾ ਸੰਬੰਧ ਸ਼ਬਦ ਸਪਲੈਗਖਨਾ (splagkhna) ਯਾਨੀ “ਅੰਤੜੀਆਂ” ਨਾਲ ਹੈ ਜੋ ਕਿ ਅਜਿਹੀ ਗਹਿਰੀ ਭਾਵਨਾ ਨੂੰ ਦਰਸਾਉਂਦਾ ਹੈ ਜੋ ਸਰੀਰ ਦੇ ਧੁਰ ਅੰਦਰ ਤਕ ਮਹਿਸੂਸ ਕੀਤੀ ਜਾਂਦੀ ਹੈ। ਇਹ ਸ਼ਬਦ ਯੂਨਾਨੀ ਵਿਚ ਤਰਸ ਲਈ ਵਰਤੇ ਜਾਂਦੇ ਸ਼ਬਦਾਂ ਵਿੱਚੋਂ ਸਭ ਤੋਂ ਅਸਰਦਾਰ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 8:8-10) ਇਹ ਸੁਣ ਕੇ ਫ਼ੌਜੀ ਅਫ਼ਸਰ ਨੇ ਕਿਹਾ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। 9 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧਿਕਾਰ ਅਧੀਨ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਤੇ ਉਹ ਚਲਾ ਜਾਂਦਾ ਹੈ, ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ, ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਤੇ ਉਹ ਕਰਦਾ ਹੈ।” 10 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ।
w02 8/15 13 ਪੈਰਾ16
“ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ”
16 ਇਕ ਸੈਨਾ ਦੇ ਮੁਖੀ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਉਹ ਸ਼ਾਇਦ ਗ਼ੈਰ-ਯਹੂਦੀ ਯਾਨੀ ਰੋਮੀ ਸੀ ਅਤੇ ਉਸ ਨੇ ਯਿਸੂ ਕੋਲ ਆ ਕੇ ਆਪਣੇ ਨੌਕਰ ਨੂੰ ਚੰਗਾ ਕਰਨ ਲਈ ਕਿਹਾ। ਯਿਸੂ ਜਾਣਦਾ ਸੀ ਕਿ ਇਸ ਮੁਖੀ ਨੇ ਬਹੁਤ ਸਾਰੇ ਪਾਪ ਕੀਤੇ ਸਨ। ਉਨ੍ਹਾਂ ਦਿਨਾਂ ਦੇ ਸੈਨਾ ਦੇ ਮੁਖੀ ਦੀ ਜ਼ਿੰਦਗੀ ਹਿੰਸਾ ਅਤੇ ਖ਼ੂਨ-ਖ਼ਰਾਬੇ ਦੇ ਕੰਮਾਂ ਨਾਲ ਭਰੀ ਹੁੰਦੀ ਸੀ ਤੇ ਉਹ ਝੂਠੇ ਦੇਵਤਿਆਂ ਦੀ ਭਗਤੀ ਕਰਦੇ ਸਨ। ਪਰ ਯਿਸੂ ਨੇ ਉਸ ਮੁਖੀ ਦੀ ਖੂਬੀ ਯਾਨੀ ਉਸ ਦੀ ਨਿਹਚਾ ਉੱਤੇ ਧਿਆਨ ਦਿੱਤਾ। (ਮੱਤੀ 8:5-13) ਬਾਅਦ ਵਿਚ, ਯਿਸੂ ਨੇ ਜਦੋਂ ਆਪਣੇ ਨਾਲ ਸਲੀਬ ਉੱਤੇ ਟੰਗੇ ਅਪਰਾਧੀ ਨਾਲ ਗੱਲ ਕੀਤੀ ਸੀ, ਤਾਂ ਯਿਸੂ ਨੇ ਉਸ ਨੂੰ ਉਸ ਦੇ ਬੁਰੇ ਕੰਮਾਂ ਕਾਰਨ ਝਿੜਕਿਆ ਨਹੀਂ, ਸਗੋਂ ਉਸ ਨੂੰ ਭਵਿੱਖ ਲਈ ਇਕ ਉਮੀਦ ਦੇ ਕੇ ਉਸ ਦਾ ਹੌਸਲਾ ਵਧਾਇਆ। (ਲੂਕਾ 23:43) ਯਿਸੂ ਨੂੰ ਪਤਾ ਸੀ ਕਿ ਦੂਜਿਆਂ ਵਿਚ ਨੁਕਸ ਕੱਢਣ ਜਾਂ ਉਨ੍ਹਾਂ ਦੀ ਨੁਕਤਾਚੀਨੀ ਕਰਨ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੀ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜਿਆਂ ਵਿਚ ਚੰਗੇ ਗੁਣ ਭਾਲਣ ਦੇ ਯਿਸੂ ਦੇ ਜਤਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੋਵੇਗਾ।
(ਮੱਤੀ 9:16,17) ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂਕਿ ਨਵੇਂ ਕੱਪੜੇ ਦੇ ਜ਼ੋਰ ਨਾਲ ਪੁਰਾਣਾ ਕੱਪੜਾ ਹੋਰ ਵੀ ਫੱਟ ਜਾਂਦਾ ਹੈ। 17 ਨਾ ਹੀ ਕੋਈ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ ਵਿਚ ਪਾਉਂਦਾ ਹੈ। ਪਰ ਜੇ ਪਾਉਂਦਾ ਹੈ, ਤਾਂ ਮਸ਼ਕਾਂ ਪਾਟ ਜਾਂਦੀਆਂ ਹਨ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਅਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। ਪਰ ਲੋਕ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਉਂਦੇ ਹਨ। ਇਸ ਤਰ੍ਹਾਂ ਦੋਵੇਂ ਚੀਜ਼ਾਂ ਬਚੀਆਂ ਰਹਿੰਦੀਆਂ ਹਨ।”
gt 28 ਪੈਰਾ 6
ਯਿਸੂ ਦੇ ਚੇਲੇ ਵਰਤ ਕਿਉਂ ਨਹੀਂ ਰੱਖਦੇ?
ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ ਇਹ ਸਮਝਣ ਵਿਚ ਮਦਦ ਕਰ ਰਿਹਾ ਸੀ ਕਿ ਕਿਸੇ ਨੂੰ ਵੀ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਹੈ ਕਿ ਉਸ ਦੇ ਅਨੁਯਾਈ ਯਹੂਦੀ ਧਰਮ ਦੇ ਪੁਰਾਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚਲਣਗੇ ਜਿਵੇਂ ਕਿ ਰਿਵਾਜੀ ਵਰਤ ਰੱਖਣਾ। ਉਹ ਉਪਾਸਨਾ ਦੀਆਂ ਪੁਰਾਣੀਆਂ ਹੰਢੀਆਂ ਹੋਈਆਂ ਵਿਵਸਥਾਵਾਂ ਨੂੰ ਨਾ ਹੀ ਟਾਕੀ ਲਾਉਣ ਅਤੇ ਨਾ ਹੀ ਅੱਗੇ ਵਧਾਉਣ ਲਈ ਆਇਆ ਸੀ ਜੋ ਤਿਆਗੀਆਂ ਜਾਣ ਲਈ ਤਿਆਰ ਸਨ। ਮਸੀਹੀਅਤ ਨੂੰ ਉਸ ਸਮੇਂ ਦੇ ਯਹੂਦੀ ਧਰਮ, ਜਿਸ ਵਿਚ ਮਨੁੱਖਾਂ ਦੀਆਂ ਰੀਤਾਂ ਹਨ, ਦੇ ਅਨੁਸਾਰ ਨਹੀਂ ਬਣਾਇਆ ਜਾਵੇਗਾ। ਨਹੀਂ, ਇਹ ਪੁਰਾਣੇ ਕੱਪੜੇ ਉੱਤੇ ਇਕ ਨਵੀਂ ਟਾਕੀ ਵਾਂਗ ਜਾਂ ਇਕ ਪੁਰਾਣੀ ਮਸ਼ਕ ਵਿਚ ਨਵੇਂ ਦਾਖ ਰਸ ਵਾਂਗ ਨਹੀਂ ਹੋਵੇਗੀ।
ਬਾਈਬਲ ਪੜ੍ਹਾਈ
(ਮੱਤੀ 8:1-17) ਪਹਾੜੋਂ ਉੱਤਰ ਆਉਣ ਤੋਂ ਬਾਅਦ ਯਿਸੂ ਦੇ ਪਿੱਛੇ-ਪਿੱਛੇ ਭੀੜਾਂ ਦੀਆਂ ਭੀੜਾਂ ਤੁਰ ਪਈਆਂ। 2 ਅਤੇ ਦੇਖੋ! ਉਸ ਕੋਲ ਇਕ ਕੋੜ੍ਹੀ ਆਇਆ ਅਤੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” 3 ਅਤੇ ਉਸ ਨੇ ਆਪਣਾ ਹੱਥ ਵਧਾ ਕੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾ।” ਉਸੇ ਵੇਲੇ ਉਹ ਆਪਣੇ ਕੋੜ੍ਹ ਤੋਂ ਸ਼ੁੱਧ ਹੋ ਗਿਆ। 4 ਫਿਰ ਯਿਸੂ ਨੇ ਉਸ ਨੂੰ ਕਿਹਾ: “ਸੁਣ, ਕਿਸੇ ਨੂੰ ਇਹ ਗੱਲ ਨਾ ਦੱਸੀਂ। ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ ਅਤੇ ਸ਼ੁੱਧ ਹੋਣ ਕਰਕੇ ਮੂਸਾ ਦੀ ਹਿਦਾਇਤ ਅਨੁਸਾਰ ਚੜ੍ਹਾਵਾ ਚੜ੍ਹਾ, ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।” 5 ਜਦੋਂ ਉਹ ਕਫ਼ਰਨਾਹੂਮ ਵਿਚ ਵੜਿਆ, ਤਾਂ ਇਕ ਫ਼ੌਜੀ ਅਫ਼ਸਰ ਉਸ ਕੋਲ ਆਇਆ ਤੇ ਮਿੰਨਤਾਂ ਕਰਦੇ ਹੋਏ 6 ਕਹਿਣ ਲੱਗਾ: “ਸਾਹਬ ਜੀ, ਘਰ ਵਿਚ ਮੇਰਾ ਨੌਕਰ ਅਧਰੰਗ ਕਰਕੇ ਮੰਜੇ ʼਤੇ ਪਿਆ ਤੜਫ ਰਿਹਾ ਹੈ।” 7 ਉਸ ਨੇ ਫ਼ੌਜੀ ਅਫ਼ਸਰ ਨੂੰ ਕਿਹਾ: “ਜਦੋਂ ਮੈਂ ਉੱਥੇ ਜਾਵਾਂਗਾ, ਤਾਂ ਮੈਂ ਉਸ ਨੂੰ ਠੀਕ ਕਰ ਦਿਆਂਗਾ।” 8 ਇਹ ਸੁਣ ਕੇ ਫ਼ੌਜੀ ਅਫ਼ਸਰ ਨੇ ਕਿਹਾ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। 9 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧਿਕਾਰ ਅਧੀਨ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਤੇ ਉਹ ਚਲਾ ਜਾਂਦਾ ਹੈ, ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ, ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਤੇ ਉਹ ਕਰਦਾ ਹੈ।” 10 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ। 11 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੂਰਬ ਅਤੇ ਪੱਛਮ ਵੱਲੋਂ ਬਹੁਤ ਸਾਰੇ ਲੋਕ ਆਣ ਕੇ ਅਬਰਾਹਾਮ, ਇਸਹਾਕ ਤੇ ਯਾਕੂਬ ਨਾਲ ਸਵਰਗ ਦੇ ਰਾਜ ਵਿਚ ਬੈਠ ਕੇ ਖਾਣਾ ਖਾਣਗੇ; 12 ਜਦ ਕਿ ਰਾਜ ਦੇ ਪੁੱਤਰਾਂ ਨੂੰ ਬਾਹਰ ਹਨੇਰੇ ਵਿਚ ਸੁੱਟਿਆ ਜਾਵੇਗਾ। ਉੱਥੇ ਉਹ ਆਪਣੀ ਮਾੜੀ ਹਾਲਤ ʼਤੇ ਰੋਣ-ਪਿੱਟਣਗੇ।” 13 ਫਿਰ ਯਿਸੂ ਨੇ ਫ਼ੌਜੀ ਅਫ਼ਸਰ ਨੂੰ ਕਿਹਾ: “ਜਾਹ। ਤੂੰ ਨਿਹਚਾ ਨਾਲ ਜੋ ਮੰਗਿਆ ਹੈ, ਉਹ ਤੈਨੂੰ ਮਿਲ ਜਾਵੇਗਾ।” ਅਤੇ ਉਸ ਦਾ ਨੌਕਰ ਉਸੇ ਵੇਲੇ ਠੀਕ ਹੋ ਗਿਆ। 14 ਅਤੇ ਯਿਸੂ ਨੇ ਪਤਰਸ ਦੇ ਘਰ ਆ ਕੇ ਦੇਖਿਆ ਕਿ ਉਸ ਦੀ ਸੱਸ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਹ ਮੰਜੇ ʼਤੇ ਪਈ ਹੋਈ ਸੀ। 15 ਯਿਸੂ ਨੇ ਉਸ ਦਾ ਹੱਥ ਫੜਿਆ ਤੇ ਉਸ ਦਾ ਬੁਖ਼ਾਰ ਉੱਤਰ ਗਿਆ, ਫਿਰ ਉਹ ਉੱਠ ਕੇ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ। 16 ਪਰ ਸ਼ਾਮ ਪੈ ਜਾਣ ਤੋਂ ਬਾਅਦ ਲੋਕ ਕਈ ਜਣਿਆਂ ਨੂੰ ਉਸ ਕੋਲ ਲਿਆਏ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ; ਅਤੇ ਉਸ ਨੇ ਦੁਸ਼ਟ ਦੂਤਾਂ ਨੂੰ ਉਨ੍ਹਾਂ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਅਤੇ ਸਾਰੇ ਬੀਮਾਰਾਂ ਨੂੰ ਚੰਗਾ ਕੀਤਾ। 17 ਉਸ ਵੇਲੇ ਯਸਾਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਈ: “ਉਸ ਨੇ ਸਾਡੀਆਂ ਬੀਮਾਰੀਆਂ ਅਤੇ ਕਸ਼ਟ ਦੂਰ ਕੀਤੇ।”
29 ਜਨਵਰੀ–4 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 10-11
“ਯਿਸੂ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ”
(ਮੱਤੀ 10:29, 30) ਕੀ ਇਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਪਰ ਫਿਰ ਵੀ ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਵਿੱਚੋਂ ਇਕ ਵੀ ਚਿੜੀ ਜ਼ਮੀਨ ʼਤੇ ਡਿਗੇ, ਤਾਂ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਨਾ ਲੱਗੇ। 30 ਨਾਲੇ ਤੁਹਾਡੇ ਤਾਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।
nwtsty ਵਿੱਚੋਂ ਮੱਤੀ 10:29, 30 ਲਈ ਖ਼ਾਸ ਜਾਣਕਾਰੀ
ਚਿੜੀਆਂ: ਯੂਨਾਨੀ ਸ਼ਬਦ ਸਟ੍ਰੋਥੀਅਨ (strou·thiʹon) ਛੋਟੇ ਪੰਛੀਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਆਮ ਤੌਰ ʼਤੇ ਚਿੜੀਆਂ ਨੂੰ ਦਰਸਾਉਂਦਾ ਹੈ। ਇਹ ਖਾਣ ਲਈ ਵੇਚੇ ਜਾਂਦੇ ਪੰਛੀਆਂ ਵਿੱਚੋਂ ਸਭ ਤੋਂ ਸਸਤੀਆਂ ਸਨ।
ਇਕ ਪੈਸੇ ਦੀਆਂ: “ਇਕ ਅਸੈਰੀਅਨ” ਜੋ ਕਿ ਇਕ ਆਦਮੀ ਦੀ 45 ਮਿੰਟ ਕੰਮ ਕਰਨ ਦੀ ਮਜ਼ਦੂਰੀ ਸੀ। (see app B14) ਯਿਸੂ ਨੇ ਗਲੀਲ ਦੇ ਤੀਸਰੇ ਦੌਰੇ ਦੌਰਾਨ ਕਿਹਾ ਕਿ ਦੋ ਚਿੜੀਆਂ ਦੀ ਕੀਮਤ ਇਕ ਅਸੈਰੀਅਨ ਹੈ। ਲਗਭਗ ਇਕ ਸਾਲ ਬਾਅਦ ਯਹੂਦੀਆ ਵਿਚ ਸੇਵਕਾਈ ਦੌਰਾਨ ਯਿਸੂ ਨੇ ਕਿਹਾ ਕਿ ਦੁਗਣੀ ਕੀਮਤ ʼਤੇ ਪੰਜ ਚਿੜੀਆਂ ਮਿਲ ਸਕਦੀਆਂ ਹਨ। (ਲੂਕਾ 12:6) ਇਸ ਤੋਂ ਪਤਾ ਲੱਗਦਾ ਹੈ ਕਿ ਚਿੜੀਆਂ ਦੀ ਇੰਨੀ ਘੱਟ ਕੀਮਤ ਸੀ ਕਿ ਵਪਾਰੀ ਪੰਜਵੀਂ ਚਿੜੀ ਮੁਫ਼ਤ ਵਿਚ ਦੇ ਦਿੰਦੇ ਸਨ।
ਤੁਹਾਡੇ ਤਾਂ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ: ਇਕ ਇਨਸਾਨ ਦੇ ਸਿਰ ʼਤੇ ਔਸਤਨ 1,00,000 ਤੋਂ ਵੀ ਜ਼ਿਆਦਾ ਵਾਲ਼ ਹੁੰਦੇ ਹਨ। ਯਹੋਵਾਹ ਨੂੰ ਸਾਡੇ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਹੈ, ਇਹ ਜਾਣ ਕੇ ਸਾਡਾ ਭਰੋਸਾ ਵਧਦਾ ਕਿ ਉਸ ਨੂੰ ਮਸੀਹ ਦੇ ਹਰ ਇਕ ਚੇਲੇ ਵਿਚ ਗਹਿਰੀ ਦਿਲਚਸਪੀ ਹੈ।
nwtsty ਤਸਵੀਰਾਂ
ਚਿੜੀ
ਖਾਣੇ ਵਜੋਂ ਵੇਚੇ ਜਾਂਦੇ ਪੰਛੀਆਂ ਵਿੱਚੋਂ ਚਿੜੀਆਂ ਸਭ ਤੋਂ ਸਸਤੀਆਂ ਸਨ। ਇਕ ਆਦਮੀ ਦੇ 45 ਮਿੰਟ ਕੰਮ ਕਰਨ ਤੋਂ ਹੋਈ ਆਮਦਨ ਤੋਂ ਦੋ ਚਿੜੀਆਂ ਖਰੀਦੀਆਂ ਜਾ ਸਕਦੀਆਂ ਸਨ। ਇਹ ਯੂਨਾਨੀ ਛੋਟੇ ਪੰਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੂੰ ਦਰਸਾਉਂਦਾ ਹੈ ਜਿਸ ਵਿਚ ਚਿੜੀ ਹਾਊਸ ਸਪੈਰੋ (Passer domesticusbiblicus) ਅਤੇ ਸਪੈਨਿਸ਼ ਸਪੈਰੋ (Passer hispaniolensis) ਵੀ ਸ਼ਾਮਲ ਹਨ, ਜੋ ਅੱਜ ਵੀ ਇਜ਼ਰਾਈਲ ਵਿਚ ਕਾਫ਼ੀ ਗਿਣਤੀ ਵਿਚ ਪਾਈਆਂ ਜਾਂਦੀਆਂ ਹਨ।
(ਮੱਤੀ 11:28) ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ।
nwtsty ਵਿੱਚੋਂ ਮੱਤੀ 11:28 ਲਈ ਖ਼ਾਸ ਜਾਣਕਾਰੀ
ਭਾਰ ਹੇਠ ਦੱਬੇ ਹੋਏ: ਯਿਸੂ ਨੇ ਜਿਨ੍ਹਾਂ ਲੋਕਾਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ ਸੀ, ਉਹ ਚਿੰਤਾਵਾਂ ਅਤੇ ਸਖ਼ਤ ਮਿਹਨਤ ਕਰਨ ਕਰਕੇ “ਦੱਬੇ ਹੋਏ” ਸਨ। ਉਨ੍ਹਾਂ ਲਈ ਯਹੋਵਾਹ ਦੀ ਭਗਤੀ ਕਰਨੀ ਬੋਝ ਬਣ ਗਈ ਸੀ ਕਿਉਂਕਿ ਮੂਸਾ ਦੇ ਕਾਨੂੰਨ ਵਿਚ ਇਨਸਾਨੀ ਰੀਤੀ-ਰਿਵਾਜ ਜੋੜ ਦਿੱਤੇ ਗਏ ਸਨ। (ਮੱਤੀ 23:4) ਇੱਥੋਂ ਤਕ ਕਿ ਸਬਤ ਦਾ ਦਿਨ ਵੀ ਬੋਝ ਬਣ ਗਿਆ ਸੀ ਜੋ ਤਰੋ-ਤਾਜ਼ਾ ਹੋਣ ਦਾ ਮੌਕਾ ਸੀ।—ਕੂਚ 23:12; ਮਰ 2:23-28; ਲੂਕਾ 6:1-11.
ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ: “ਤਰੋ-ਤਾਜ਼ਾ” ਲਈ ਵਰਤਿਆ ਗਿਆ ਯੂਨਾਨੀ ਸ਼ਬਦ ਆਰਾਮ ਕਰਨ ਲਈ (ਮੱਤੀ 26:45; ਮਰ 6:31) ਅਤੇ ਸਖ਼ਤ ਮਿਹਨਤ ਕਰਨ ਤੋਂ ਬਾਅਦ ਆਰਾਮ ਕਰਨ ਅਤੇ ਦੁਬਾਰਾ ਤਰੋ-ਤਾਜ਼ਾ ਹੋਣ ਨੂੰ ਦਰਸਾਉਂਦਾ ਹੈ (2 ਕੁਰਿੰ 7:13; ਫਿਲੇ 7)। ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ “ਜੂਲਾ” (ਮੱਤੀ 11:29) ਚੁੱਕਣ ਦਾ ਮਤਲਬ ਕੰਮ ਕਰਨਾ ਹੈ, ਨਾ ਕਿ ਆਰਾਮ ਕਰਨਾ। ਯਿਸੂ ਦੇ ਨਾਂ ਨਾਲ ਵਰਤੀ ਗਈ ਯੂਨਾਨੀ ਕਿਰਿਆ ਤੋਂ ਪਤਾ ਲੱਗਦਾ ਹੈ ਕਿ ਉਹ ਥੱਕੇ ਹੋਏ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਅਤੇ ਤਾਕਤ ਦਿੰਦਾ ਹੈ ਤਾਂਕਿ ਉਹ ਉਸ ਦਾ ਹਲਕਾ ਅਤੇ ਨਰਮ ਜੂਲਾ ਚੁੱਕਣ ਲਈ ਤਿਆਰ ਹੋ ਸਕਣ।
(ਮੱਤੀ 11:29, 30) ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ। 30 ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।”
nwtsty ਵਿੱਚੋਂ ਮੱਤੀ 11:29 ਲਈ ਖ਼ਾਸ ਜਾਣਕਾਰੀ
ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ: ਯਿਸੂ ਦੇ “ਜੂਲਾ” ਸ਼ਬਦ ਇਸਤੇਮਾਲ ਕਰਨ ਦਾ ਮਤਲਬ ਅਧਿਕਾਰ ਅਤੇ ਸੇਧ ਪ੍ਰਤੀ ਅਧੀਨਗੀ ਦਿਖਾਉਣੀ ਸੀ। ਜੇ ਯਿਸੂ ਦੋ ਜੂਲਿਆਂ ਦੀ ਗੱਲ ਕਰ ਰਿਹਾ ਹੁੰਦਾ ਯਾਨੀ ਜਿਹੜਾ ਪਰਮੇਸ਼ੁਰ ਨੇ ਉਸ ਉੱਪਰ ਰੱਖਿਆ ਸੀ, ਤਾਂ ਫਿਰ ਉਸ ਨੇ ਆਪਣੇ ਚੇਲਿਆਂ ਨੂੰ ਵੀ ਆਪਣੇ ਨਾਲ ਉਸ ਜੂਲੇ ਹੇਠ ਆਉਣ ਦਾ ਸੱਦਾ ਦੇਣਾ ਸੀ ਅਤੇ ਯਿਸੂ ਨੇ ਉਨ੍ਹਾਂ ਦੀ ਮਦਦ ਕਰਨੀ ਸੀ। ਜੇ ਇਸ ਤਰ੍ਹਾਂ ਹੁੰਦਾ, ਤਾਂ ਯਿਸੂ ਨੇ ਇਸ ਤਰ੍ਹਾਂ ਕਹਿਣਾ ਸੀ “ਮੇਰੇ ਨਾਲ ਜੂਲੇ ਹੇਠ ਆ ਜਾਓ।” ਜੇ ਜੂਲਾ ਇਕ ਹੈ ਜੋ ਯਿਸੂ ਦੂਸਰਿਆਂ ʼਤੇ ਰੱਖਦਾ ਹੈ, ਤਾਂ ਇਸ ਦਾ ਮਤਲਬ ਹੈ ਉਸ ਦੇ ਚੇਲਿਆਂ ਨੇ ਆਪਣੇ ਆਪ ਨੂੰ ਯਿਸੂ ਦੇ ਅਧਿਕਾਰ ਅਤੇ ਸੇਧ ਪ੍ਰਤੀ ਅਧੀਨ ਕਰਨਾ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਮੱਤੀ 11:2, 3) ਪਰ ਜੇਲ੍ਹ ਵਿਚ ਯੂਹੰਨਾ ਨੇ ਮਸੀਹ ਦੇ ਕੰਮਾਂ ਬਾਰੇ ਸੁਣ ਕੇ ਆਪਣੇ ਚੇਲਿਆਂ ਨੂੰ ਉਸ ਕੋਲ ਇਹ ਪੁੱਛਣ ਲਈ 3 ਭੇਜਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”
gt 38 ਪੈਰੇ 2-3
ਯੂਹੰਨਾ ਯਿਸੂ ਤੋਂ ਸੁਣਨਾ ਚਾਹੁੰਦਾ ਹੈ
ਇਹ ਸਵਾਲ ਸ਼ਾਇਦ ਅਜੀਬ ਲੱਗੇ, ਖ਼ਾਸ ਕਰ ਕੇ ਜਦੋਂ ਕਿ ਲਗਭਗ ਦੋ ਵਰ੍ਹੇ ਪਹਿਲਾਂ ਯਿਸੂ ਨੂੰ ਬਪਤਿਸਮਾ ਦਿੰਦੇ ਹੋਏ ਯੂਹੰਨਾ ਨੇ ਯਿਸੂ ਉੱਪਰ ਪਰਮੇਸ਼ੁਰ ਦੀ ਆਤਮਾ ਉੱਤਰਦੇ ਹੋਏ ਦੇਖੀ ਸੀ ਅਤੇ ਪਰਮੇਸ਼ੁਰ ਦੀ ਸਵੀਕ੍ਰਿਤੀ ਦੀ ਆਵਾਜ਼ ਸੁਣੀ ਸੀ। ਯੂਹੰਨਾ ਦਾ ਸਵਾਲ ਸ਼ਾਇਦ ਕਈਆਂ ਲਈ ਇਹ ਸਿੱਟਾ ਕੱਢਣ ਦਾ ਕਾਰਨ ਬਣੇ ਕਿ ਉਸ ਦੀ ਨਿਹਚਾ ਕਮਜ਼ੋਰ ਹੋ ਗਈ ਹੈ। ਪਰੰਤੂ ਇਹ ਇਸ ਤਰ੍ਹਾਂ ਨਹੀਂ ਹੈ। ਜੇਕਰ ਯੂਹੰਨਾ ਸ਼ੱਕ ਕਰਨ ਲੱਗ ਪਿਆ ਹੁੰਦਾ ਤਾਂ ਯਿਸੂ ਉਸ ਦੀ ਇੰਨੀ ਪ੍ਰਸ਼ੰਸਾ ਨਾ ਕਰਦਾ ਜਿੰਨੀ ਉਹ ਇਸ ਸਮੇਂ ਕਰਦਾ ਹੈ। ਤਾਂ ਫਿਰ, ਯੂਹੰਨਾ ਇਹ ਸਵਾਲ ਕਿਉਂ ਪੁੱਛਦਾ ਹੈ?
ਸ਼ਾਇਦ ਯੂਹੰਨਾ ਸਿਰਫ਼ ਯਿਸੂ ਕੋਲੋਂ ਇਕ ਪ੍ਰਮਾਣ ਚਾਹੁੰਦਾ ਹੈ ਕਿ ਉਹ ਮਸੀਹਾ ਹੈ। ਇਹ ਯੂਹੰਨਾ ਨੂੰ ਬਹੁਤ ਹੀ ਮਜ਼ਬੂਤ ਬਣਾਵੇਗਾ ਜੋ ਕਿ ਕੈਦ ਵਿਚ ਪਿਆ ਝੁਰ ਰਿਹਾ ਹੈ। ਪਰੰਤੂ ਸਪੱਸ਼ਟ ਹੈ ਯੂਹੰਨਾ ਦੇ ਸਵਾਲ ਵਿਚ ਇਸ ਤੋਂ ਵੀ ਜ਼ਿਆਦਾ ਹੋਰ ਕੁਝ ਹੈ। ਉਹ ਪ੍ਰਤੱਖ ਤੌਰ ਤੇ ਜਾਣਨਾ ਚਾਹੁੰਦਾ ਹੈ ਕਿ ਕਿਸੇ ਹੋਰ ਨੇ, ਜਿਵੇਂ ਕਿ ਇਕ ਉਤਰਾਧਿਕਾਰੀ ਨੇ, ਆਉਣਾ ਹੈ ਜਾਂ ਨਹੀਂ ਜੋ ਉਨ੍ਹਾਂ ਸਾਰੀਆਂ ਗੱਲਾਂ ਦੀ ਪੂਰਣ ਪੂਰਤੀ ਕਰੇਗਾ, ਜੋ ਭਵਿੱਖਬਾਣੀ ਦੇ ਅਨੁਸਾਰ ਮਸੀਹਾ ਦੁਆਰਾ ਪੂਰੀਆਂ ਹੋਣੀਆਂ ਸਨ।
(ਮੱਤੀ 11:16-19) “ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ? ਇਹ ਪੀੜ੍ਹੀ ਬਾਜ਼ਾਰਾਂ ਵਿਚ ਬੈਠੇ ਉਨ੍ਹਾਂ ਨਿਆਣਿਆਂ ਵਰਗੀ ਹੈ ਜਿਹੜੇ ਆਪਣੇ ਸਾਥੀਆਂ ਨੂੰ ਉੱਚੀ ਆਵਾਜ਼ ਵਿਚ 17 ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਸਿਆਪਾ ਨਾ ਕੀਤਾ।’ 18 ਇਸੇ ਤਰ੍ਹਾਂ, ਯੂਹੰਨਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ, ਪਰ ਲੋਕ ਕਹਿੰਦੇ ਹਨ, ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ’; 19 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ, ਤਾਂ ਲੋਕ ਕਹਿੰਦੇ ਹਨ, ‘ਦੇਖੋ ਪੇਟੂ ਅਤੇ ਸ਼ਰਾਬੀ! ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’ ਪਰ ਗੱਲ ਤਾਂ ਇਹ ਹੈ ਕਿ ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।”
gt 39 ਪੈਰੇ 1-3
ਲਾਹਨਤ ਹੈ ਇਸ ਬਾਗ਼ੀ ਪੀੜ੍ਹੀ ʼਤੇ
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਦਗੁਣ ਦੱਸਣ ਤੋਂ ਬਾਅਦ, ਯਿਸੂ ਉਨ੍ਹਾਂ ਘਮੰਡੀ, ਅਸਥਿਰ ਲੋਕਾਂ ਵੱਲ ਧਿਆਨ ਕਰਦਾ ਹੈ ਜਿਹੜੇ ਉਸ ਦੇ ਆਲੇ-ਦੁਆਲੇ ਹਨ। ਉਹ ਐਲਾਨ ਕਰਦਾ ਹੈ, ‘ਇਸ ਪੀੜ੍ਹੀ ਦੇ ਲੋਕ ਉਨ੍ਹਾਂ ਨੀਂਗਰਾਂ ਵਰਗੇ ਹਨ ਜਿਹੜੇ ਬਜਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ, ਅਸਾਂ ਤੁਹਾਡੇ ਲਈ ਬੌਂਸਰੀ ਵਜਾਈ, ਪਰ ਤੁਸੀਂ ਨਾ ਨੱਚੇ। ਅਸਾਂ ਸਿਆਪਾ ਕੀਤਾ, ਪਰ ਤੁਸੀਂ ਨਾ ਪਿੱਟੇ।’ ਯਿਸੂ ਦਾ ਕੀ ਮਤਲਬ ਹੈ? ਉਹ ਵਿਆਖਿਆ ਕਰਦਾ ਹੈ: “ਯੂਹੰਨਾ ਨਾ ਖਾਂਦਾ ਨਾ ਪੀਂਦਾ ਆਇਆ ਅਤੇ ਓਹ ਆਖਦੇ ਹਨ ਜੋ ਉਹ ਦੇ ਨਾਲ ਇੱਕ ਭੂਤ [“ਪਿਸ਼ਾਚ,” ਨਿ ਵ] ਹੈ। ਮਨੁੱਖ ਦਾ ਪੁੱਤ੍ਰ ਖਾਂਦਾ ਪੀਂਦਾ ਆਇਆ ਅਤੇ ਓਹ ਆਖਦੇ ਹਨ, ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਰ ਪਾਪੀਆਂ ਦਾ ਯਾਰ।” ਲੋਕਾਂ ਨੂੰ ਸੰਤੁਸ਼ਟ ਕਰਨਾ ਅਸੰਭਵ ਹੈ। ਉਨ੍ਹਾਂ ਨੂੰ ਕੁਝ ਵੀ ਖ਼ੁਸ਼ ਨਹੀਂ ਕਰਦਾ ਹੈ। ਦੂਤ ਦੇ ਐਲਾਨ ਦੇ ਅਨੁਸਾਰ ਕਿ “ਉਹ . . . ਨਾ ਮੈ ਨਾ ਮਧ ਪੀਵੇਗਾ” ਯੂਹੰਨਾ ਨੇ ਇਕ ਨਜ਼ੀਰ ਦੇ ਤੌਰ ਤੇ ਆਤਮ-ਤਿਆਗ ਦਾ ਇਕ ਸਦਾਚਾਰੀ ਜੀਵਨ ਬਤੀਤ ਕੀਤਾ ਹੈ। ਅਤੇ ਫਿਰ ਵੀ ਲੋਕੀ ਕਹਿੰਦੇ ਹਨ ਕਿ ਉਸ ਨੂੰ ਇਕ ਪਿਸ਼ਾਚ ਚਿੰਬੜਿਆ ਹੈ। ਦੂਜੇ ਪਾਸੇ, ਯਿਸੂ ਕੋਈ ਸਦਾਚਾਰਕ ਅਭਿਆਸ ਨਾ ਕਰਦੇ ਹੋਏ, ਹੋਰਨਾਂ ਆਦਮੀਆਂ ਵਾਂਗ ਜੀਵਨ ਬਤੀਤ ਕਰਦਾ ਹੈ, ਅਤੇ ਉਸ ਤੇ ਅਸੰਜਮ ਦਾ ਦੋਸ਼ ਲਗਾਇਆ ਜਾਂਦਾ ਹੈ।
ਬਾਈਬਲ ਪੜ੍ਹਾਈ
(ਮੱਤੀ 11:1-19) ਹੁਣ ਜਦੋਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਹਿਦਾਇਤਾਂ ਦੇ ਹਟਿਆ, ਤਾਂ ਉਹ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਤੁਰ ਪਿਆ। 2 ਪਰ ਜੇਲ੍ਹ ਵਿਚ ਯੂਹੰਨਾ ਨੇ ਮਸੀਹ ਦੇ ਕੰਮਾਂ ਬਾਰੇ ਸੁਣ ਕੇ ਆਪਣੇ ਚੇਲਿਆਂ ਨੂੰ ਉਸ ਕੋਲ ਇਹ ਪੁੱਛਣ ਲਈ 3 ਭੇਜਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?” 4 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਯੂਹੰਨਾ ਨੂੰ ਉਹ ਸਾਰੀਆਂ ਗੱਲਾਂ ਦੱਸੋ ਜੋ ਤੁਸੀਂ ਸੁਣਦੇ ਅਤੇ ਦੇਖਦੇ ਹੋ: 5 ਅੰਨ੍ਹੇ ਦੇਖ ਰਹੇ ਹਨ, ਲੰਗੜੇ ਤੁਰ ਰਹੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮਰ ਚੁੱਕੇ ਲੋਕ ਦੁਬਾਰਾ ਜੀਉਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬ ਖ਼ੁਸ਼ ਖ਼ਬਰੀ ਸੁਣ ਰਹੇ ਹਨ; 6 ਅਤੇ ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।” 7 ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ, ਯਿਸੂ ਨੇ ਯੂਹੰਨਾ ਬਾਰੇ ਭੀੜ ਨੂੰ ਕਹਿਣਾ ਸ਼ੁਰੂ ਕੀਤਾ: “ਤੁਸੀਂ ਉਜਾੜ ਵਿਚ ਕੀ ਦੇਖਣ ਗਏ ਸੀ? ਕੀ ਹਵਾ ਵਿਚ ਝੂਲਦੇ ਸਰਕੰਡੇ ਨੂੰ? 8 ਫਿਰ ਤੁਸੀਂ ਕੀ ਦੇਖਣ ਗਏ ਸੀ? ਮੁਲਾਇਮ ਤੇ ਰੇਸ਼ਮੀ ਕੱਪੜੇ ਪਾਈ ਆਦਮੀ ਨੂੰ? ਇਹੋ ਜਿਹੇ ਕੱਪੜੇ ਪਾਉਣ ਵਾਲੇ ਲੋਕ ਰਾਜਿਆਂ ਦੇ ਮਹਿਲਾਂ ਵਿਚ ਹੁੰਦੇ ਹਨ। 9 ਤਾਂ ਫਿਰ, ਤੁਸੀਂ ਕਿਉਂ ਗਏ ਸੀ? ਕੀ ਨਬੀ ਨੂੰ ਦੇਖਣ? ਹਾਂ, ਉਹ ਤਾਂ ਸਗੋਂ ਦੂਸਰੇ ਨਬੀਆਂ ਤੋਂ ਵੀ ਵੱਡਾ ਹੈ। 10 ਉਸੇ ਬਾਰੇ ਇਹ ਲਿਖਿਆ ਗਿਆ ਹੈ: ‘ਦੇਖੋ! ਮੈਂ ਤੇਰੇ ਅੱਗੇ-ਅੱਗੇ ਆਪਣੇ ਸੰਦੇਸ਼ ਦੇਣ ਵਾਲੇ ਨੂੰ ਘੱਲ ਰਿਹਾ ਹਾਂ, ਉਹ ਤੇਰੇ ਲਈ ਰਾਹ ਤਿਆਰ ਕਰੇਗਾ!’ 11 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਤੀਵੀਆਂ ਦੀ ਕੁੱਖੋਂ ਪੈਦਾ ਹੋਏ ਲੋਕਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਨਹੀਂ ਹੈ; ਪਰ ਸਵਰਗ ਦੇ ਰਾਜ ਵਿਚ ਜਿਹੜਾ ਛੋਟਾ ਵੀ ਹੈ, ਉਹ ਯੂਹੰਨਾ ਨਾਲੋਂ ਵੱਡਾ ਹੈ। 12 ਪਰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਹੁਣ ਤਕ, ਲੋਕ ਸਵਰਗ ਦਾ ਰਾਜ ਹਾਸਲ ਕਰਨ ਲਈ ਬਹੁਤ ਜਤਨ ਕਰ ਰਹੇ ਹਨ ਅਤੇ ਜਿਹੜੇ ਪੂਰਾ ਜ਼ੋਰ ਲਾ ਕੇ ਜਤਨ ਕਰਦੇ ਹਨ, ਉਹੀ ਇਸ ਰਾਜ ਨੂੰ ਹਾਸਲ ਕਰਦੇ ਹਨ। 13 ਕਿਉਂਕਿ ਯੂਹੰਨਾ ਦੇ ਸਮੇਂ ਤਕ ਸਾਰੇ ਨਬੀਆਂ ਅਤੇ ਮੂਸਾ ਦੇ ਕਾਨੂੰਨ ਨੇ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਬਾਰੇ ਪਹਿਲਾਂ ਹੀ ਦੱਸਿਆ ਸੀ, 14 ਅਤੇ ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ ਕਿ ਯੂਹੰਨਾ ਹੀ ‘ਏਲੀਯਾਹ ਨਬੀ ਹੈ ਜਿਸ ਦੇ ਆਉਣ ਬਾਰੇ ਧਰਮ-ਗ੍ਰੰਥ ਵਿਚ ਦੱਸਿਆ ਗਿਆ ਸੀ।’ 15 ਧਿਆਨ ਨਾਲ ਮੇਰੀ ਗੱਲ ਸੁਣੋ। 16 “ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ? ਇਹ ਪੀੜ੍ਹੀ ਬਾਜ਼ਾਰਾਂ ਵਿਚ ਬੈਠੇ ਉਨ੍ਹਾਂ ਨਿਆਣਿਆਂ ਵਰਗੀ ਹੈ ਜਿਹੜੇ ਆਪਣੇ ਸਾਥੀਆਂ ਨੂੰ ਉੱਚੀ ਆਵਾਜ਼ ਵਿਚ 17 ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਾ ਨੱਚੇ; ਅਸੀਂ ਕੀਰਨੇ ਪਾਏ, ਪਰ ਤੁਸੀਂ ਸਿਆਪਾ ਨਾ ਕੀਤਾ।’ 18 ਇਸੇ ਤਰ੍ਹਾਂ, ਯੂਹੰਨਾ ਨਾ ਰੋਟੀ ਖਾਂਦਾ ਹੈ ਤੇ ਨਾ ਹੀ ਦਾਖਰਸ ਪੀਂਦਾ ਹੈ, ਪਰ ਲੋਕ ਕਹਿੰਦੇ ਹਨ, ‘ਉਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਹੈ’; 19 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਹੈ, ਤਾਂ ਲੋਕ ਕਹਿੰਦੇ ਹਨ, ‘ਦੇਖੋ ਪੇਟੂ ਅਤੇ ਸ਼ਰਾਬੀ! ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਯਾਰ।’ ਪਰ ਗੱਲ ਤਾਂ ਇਹ ਹੈ ਕਿ ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।”