ਖ਼ਬਰਦਾਰ ਰਹੋ, ਸ਼ੈਤਾਨ ਤੁਹਾਨੂੰ ਨਿਗਲ਼ ਜਾਣਾ ਚਾਹੁੰਦਾ!
“ਖ਼ਬਰਦਾਰ ਰਹੋ। ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।”—1 ਪਤ. 5:8.
1. ਸਮਝਾਓ ਕਿ ਇਕ ਦੂਤ ਕਿੱਦਾਂ ਸ਼ੈਤਾਨ ਬਣ ਗਿਆ।
ਇਕ ਸਮਾਂ ਸੀ ਜਦੋਂ ਇਕ ਦੂਤ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ। ਪਰ ਬਾਅਦ ਵਿਚ ਇਹ ਦੂਤ ਚਾਹੁੰਦਾ ਸੀ ਕਿ ਇਨਸਾਨ ਉਸ ਦੀ ਭਗਤੀ ਕਰਨ। ਉਸ ਨੇ ਆਪਣੇ ਦਿਲ ਵਿੱਚੋਂ ਉਸੇ ਵੇਲੇ ਇਸ ਗ਼ਲਤ ਇੱਛਾ ਨੂੰ ਕੱਢਣ ਦੀ ਬਜਾਇ ਉਦੋਂ ਤਕ ਵਧਣ ਦਿੱਤਾ ਜਦ ਤਕ ਉਹ ਪਾਪ ਨਹੀਂ ਕਰ ਬੈਠਾ। (ਯਾਕੂ. 1:14, 15) ਅਸੀਂ ਉਸ ਦਾ ਅਸਲੀ ਨਾਂ ਤਾਂ ਨਹੀਂ ਜਾਣਦੇ, ਪਰ ਹੁਣ ਉਹ ਸ਼ੈਤਾਨ ਵਜੋਂ ਜਾਣਿਆ ਜਾਂਦਾ ਹੈ। ਉਹ “ਸੱਚਾਈ ਦੇ ਰਾਹ ਤੋਂ ਭਟਕ ਗਿਆ।” ਸ਼ੈਤਾਨ ਨੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਤੇ “ਝੂਠ ਦਾ ਪਿਉ” ਬਣ ਗਿਆ।—ਯੂਹੰ. 8:44.
2, 3. “ਸ਼ੈਤਾਨ,” “ਸੱਪ” ਤੇ “ਅਜਗਰ” ਸ਼ਬਦਾਂ ਤੋਂ ਯਹੋਵਾਹ ਦੇ ਸਭ ਤੋਂ ਵੱਡੇ ਦੁਸ਼ਮਣ ਬਾਰੇ ਕੀ ਪਤਾ ਲੱਗਦਾ ਹੈ?
2 ਅਦਨ ਦੇ ਬਾਗ਼ ਵਿਚ ਕੀਤੀ ਬਗਾਵਤ ਦੇ ਸਮੇਂ ਤੋਂ ਹੀ ਸ਼ੈਤਾਨ ਯਹੋਵਾਹ ਅਤੇ ਇਨਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਰਿਹਾ ਹੈ। ਜਦੋਂ ਅਸੀਂ ਬਾਈਬਲ ਵਿਚ ਉਸ ਨੂੰ ਦਿੱਤੇ ਖ਼ਿਤਾਬਾਂ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿੰਨਾ ਖ਼ਰਾਬ ਹੈ! ਸ਼ੈਤਾਨ ਦਾ ਮਤਲਬ ਹੈ “ਵਿਰੋਧੀ” ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਬੁਰਾ ਦੂਤ ਪਰਮੇਸ਼ੁਰ ਦੀ ਹਕੂਮਤ ਨਾਲ ਨਫ਼ਰਤ ਕਰਦਾ ਹੈ ਤੇ ਆਪਣੀ ਪੂਰੀ ਵਾਹ ਲਾ ਕੇ ਇਸ ਦਾ ਮੁਕਾਬਲਾ ਕਰਦਾ ਹੈ। ਸ਼ੈਤਾਨ ਇਹੀ ਚਾਹੁੰਦਾ ਹੈ ਕਿ ਯਹੋਵਾਹ ਦੀ ਹਕੂਮਤ ਦਾ ਖੁਰਾ-ਖੋਜ ਮਿਟ ਜਾਵੇ।
3 ਪ੍ਰਕਾਸ਼ ਦੀ ਕਿਤਾਬ 12:9 ਵਿਚ ਸ਼ੈਤਾਨ ਨੂੰ ‘ਤੁਹਮਤਾਂ ਲਾਉਣ ਵਾਲਾ’ ਵੀ ਕਿਹਾ ਗਿਆ ਹੈ। ਸ਼ੈਤਾਨ ਨੇ ਯਹੋਵਾਹ ਨੂੰ ਝੂਠਾ ਕਹਿ ਕੇ ਉਸ ਦੀ ਬੇਇੱਜ਼ਤੀ ਕੀਤੀ ਹੈ। ਉਸ ਲਈ ਵਰਤੇ ਗਏ ਸ਼ਬਦ ‘ਪੁਰਾਣਾ ਸੱਪ’ ਸਾਨੂੰ ਯਾਦ ਕਰਾਉਂਦੇ ਹਨ ਕਿ ਉਸ ਨੇ ਹੱਵਾਹ ਨੂੰ ਬਹਿਕਾਉਣ ਲਈ ਕਿਵੇਂ ਸੱਪ ਦਾ ਇਸਤੇਮਾਲ ਕੀਤਾ ਸੀ। ‘ਵੱਡਾ ਅਜਗਰ’ ਸ਼ਬਦ ਵੀ ਸ਼ੈਤਾਨ ʼਤੇ ਐਨ ਸਹੀ ਢੁਕਦੇ ਹਨ। ਉਹ ਬੇਰਹਿਮ, ਵਹਿਸ਼ੀ ਤੇ ਅੱਤ ਦਰਜੇ ਦਾ ਖ਼ਰਾਬ ਹੈ। ਉਹ ਚਾਹੁੰਦਾ ਹੈ ਕਿ ਯਹੋਵਾਹ ਦਾ ਮਕਸਦ ਅਧੂਰਾ ਰਹਿ ਜਾਵੇ ਤੇ ਉਸ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ।
4. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
4 ਵਾਕਈ, ਸ਼ੈਤਾਨ ਸਾਡੀ ਵਫ਼ਾਦਾਰੀ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸੇ ਕਰਕੇ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ: “ਹੋਸ਼ ਵਿਚ ਰਹੋ, ਖ਼ਬਰਦਾਰ ਰਹੋ। ਤੁਹਾਡਾ ਦੁਸ਼ਮਣ ਸ਼ੈਤਾਨ ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” (1 ਪਤ. 5:8) ਇਸ ਕਰਕੇ ਅਸੀਂ ਇਸ ਲੇਖ ਵਿਚ ਸ਼ੈਤਾਨ ਬਾਰੇ ਤਿੰਨ ਗੱਲਾਂ ʼਤੇ ਗੌਰ ਕਰਾਂਗੇ। ਇਨ੍ਹਾਂ ਗੱਲਾਂ ਤੋਂ ਪਤਾ ਲੱਗੇਗਾ ਕਿ ਸਾਨੂੰ ਯਹੋਵਾਹ ਅਤੇ ਉਸ ਦੇ ਲੋਕਾਂ ਦੇ ਇਸ ਦੁਸ਼ਮਣ ਤੋਂ ਕਿਉਂ ਬਚ ਕੇ ਰਹਿਣ ਦੀ ਲੋੜ ਹੈ।
ਸ਼ੈਤਾਨ ਤਾਕਤਵਰ ਹੈ
5, 6. (ੳ) ਮਿਸਾਲਾਂ ਦੇ ਕਿ ਸਮਝਾਓ ਕਿ ਦੂਤ “ਸ਼ਕਤੀ ਵਿੱਚ ਬਲਵਾਨ” ਹਨ। (ਅ) ਕਿਸ ਅਰਥ ਵਿਚ ਸ਼ੈਤਾਨ ਕੋਲ “ਮੌਤ ਦੇ ਹਥਿਆਰ ਹਨ”?
5 ਦੂਤ “ਸ਼ਕਤੀ ਵਿੱਚ ਬਲਵਾਨ” ਹਨ। (ਜ਼ਬੂ. 103:20) ਉਹ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਤੇ ਤਾਕਤਵਰ ਹਨ! ਸਾਨੂੰ ਪਤਾ ਹੈ ਕਿ ਵਫ਼ਾਦਾਰ ਦੂਤ ਆਪਣੀ ਤਾਕਤ ਚੰਗੇ ਕੰਮਾਂ ਲਈ ਵਰਤਦੇ ਹਨ। ਮਿਸਾਲ ਲਈ, ਯਹੋਵਾਹ ਦੇ ਇਕ ਦੂਤ ਨੇ 1,85,000 ਅੱਸ਼ੂਰੀ ਫ਼ੌਜੀਆਂ ਨੂੰ ਮਾਰ ਮੁਕਾਇਆ ਸੀ। ਇਕ ਇਨਸਾਨ ਲਈ ਇਸ ਤਰ੍ਹਾਂ ਕਰਨਾ ਨਾਮੁਮਕਿਨ ਹੈ, ਇੱਥੋਂ ਤਕ ਕਿ ਸ਼ਾਇਦ ਪੂਰੀ ਫ਼ੌਜ ਲਈ ਵੀ ਇਸ ਤਰ੍ਹਾਂ ਕਰਨਾ ਮੁਸ਼ਕਲ ਹੋਵੇ। (2 ਰਾਜ. 19:35) ਇਕ ਹੋਰ ਸਮੇਂ ਤੇ ਇਕ ਦੂਤ ਨੇ ਆਪਣੇ ਹੁਨਰ ਤੇ ਸ਼ਕਤੀ ਨਾਲ ਯਿਸੂ ਦੇ ਰਸੂਲਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ। ਭਾਵੇਂ ਕਿ ਪਹਿਰੇਦਾਰ ਦਰਵਾਜ਼ਿਆਂ ʼਤੇ ਹੀ ਖੜ੍ਹੇ ਸਨ, ਪਰ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਦੂਤ ਨੇ ਦਰਵਾਜ਼ਿਆਂ ਨੂੰ ਲੱਗਾ ਜਿੰਦਾ ਖੋਲ੍ਹ ਕੇ ਰਸੂਲਾਂ ਨੂੰ ਆਜ਼ਾਦ ਕਰ ਦਿੱਤਾ ਤੇ ਫਿਰ ਦਰਵਾਜ਼ਿਆਂ ਨੂੰ ਦੁਬਾਰਾ ਜਿੰਦਾ ਲਾ ਦਿੱਤਾ।—ਰਸੂ. 5:18-23.
6 ਵਫ਼ਾਦਾਰ ਦੂਤ ਆਪਣੀ ਤਾਕਤ ਚੰਗੇ ਕੰਮਾਂ ਲਈ ਵਰਤਦੇ ਹਨ, ਪਰ ਸ਼ੈਤਾਨ ਆਪਣੀ ਤਾਕਤ ਬੁਰੇ ਕੰਮਾਂ ਲਈ ਇਸਤੇਮਾਲ ਕਰਦਾ ਹੈ। ਸ਼ੈਤਾਨ ਕੋਲ ਵਾਕਈ ਬਹੁਤ ਤਾਕਤ ਹੈ ਤੇ ਲੋਕਾਂ ਉੱਤੇ ਉਸ ਦਾ ਬਹੁਤ ਜ਼ੋਰ ਚੱਲਦਾ ਹੈ। ਬਾਈਬਲ ਉਸ ਨੂੰ ‘ਦੁਨੀਆਂ ਦਾ ਹਾਕਮ’ ਅਤੇ ‘ਦੁਨੀਆਂ ਦਾ ਈਸ਼ਵਰ’ ਕਹਿੰਦੀ ਹੈ। (ਯੂਹੰ. 12:31; 2 ਕੁਰਿੰ. 4:4) ਸ਼ੈਤਾਨ ਕੋਲ ਤਾਂ “ਮੌਤ ਦੇ ਹਥਿਆਰ ਹਨ।” (ਇਬ. 2:14) ਇਸ ਦਾ ਇਹ ਮਤਲਬ ਨਹੀਂ ਕਿ ਸ਼ੈਤਾਨ ਸਾਰੇ ਲੋਕਾਂ ʼਤੇ ਸਿੱਧਾ ਵਾਰ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਤਾਂ ਫਿਰ ਇਸ ਦਾ ਕੀ ਮਤਲਬ ਹੈ? ਪਹਿਲਾ, ਇਸ ਦੁਨੀਆਂ ਦੇ ਲੋਕ ਸ਼ੈਤਾਨ ਵਰਗੀ ਨਫ਼ਰਤ ਤੇ ਹਿੰਸਾ ਕਰਕੇ ਇਕ-ਦੂਜੇ ਨੂੰ ਮਾਰਨ ʼਤੇ ਤੁਲੇ ਹੋਏ ਹਨ। ਦੂਜਾ, ਹੱਵਾਹ ਨੇ ਸ਼ੈਤਾਨ ਦੇ ਝੂਠ ʼਤੇ ਵਿਸ਼ਵਾਸ ਕੀਤਾ ਅਤੇ ਆਦਮ ਨੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਜਿਸ ਕਰਕੇ ਸਾਰੇ ਇਨਸਾਨ ਪਾਪ ਕਰਦੇ ਤੇ ਮਰਦੇ ਹਨ। (ਰੋਮੀ. 5:12) ਸੋ ਇਸ ਅਰਥ ਵਿਚ ਸ਼ੈਤਾਨ ਕੋਲ “ਮੌਤ ਦੇ ਹਥਿਆਰ ਹਨ।” ਯਿਸੂ ਨੇ ਸਹੀ ਕਿਹਾ ਸੀ ਕਿ ਸ਼ੈਤਾਨ ਇਕ “ਕਾਤਲ” ਹੈ। (ਯੂਹੰ. 8:44) ਵਾਕਈ, ਉਹ ਕਿੰਨਾ ਤਾਕਤਵਰ ਦੁਸ਼ਮਣ ਹੈ!
7. ਦੁਸ਼ਟ ਦੂਤਾਂ ਨੇ ਕਿਵੇਂ ਦਿਖਾਇਆ ਹੈ ਕਿ ਉਹ ਤਾਕਤਵਰ ਹਨ?
7 ਜਦੋਂ ਅਸੀਂ ਸ਼ੈਤਾਨ ਦਾ ਵਿਰੋਧ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਸਾਰਿਆਂ ਦਾ ਵਿਰੋਧ ਕਰ ਰਹੇ ਹੁੰਦੇ ਹਾਂ ਜੋ ਸ਼ੈਤਾਨ ਦਾ ਸਾਥ ਦਿੰਦੇ ਹਨ ਤੇ ਪਰਮੇਸ਼ੁਰ ਦੀ ਹਕੂਮਤ ਦੇ ਖ਼ਿਲਾਫ਼ ਹਨ। ਇਨ੍ਹਾਂ ਵਿਚ ਬਹੁਤ ਸਾਰੇ ਬਾਗ਼ੀ ਦੂਤ ਹਨ ਜਿਨ੍ਹਾਂ ਨੂੰ ਦੁਸ਼ਟ ਦੂਤ ਕਿਹਾ ਜਾਂਦਾ ਹੈ। (ਪ੍ਰਕਾ. 12:3, 4) ਕਈ ਵਾਰ ਉਨ੍ਹਾਂ ਨੇ ਦਿਖਾਇਆ ਹੈ ਕਿ ਉਨ੍ਹਾਂ ਵਿਚ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਹੈ ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ। (ਮੱਤੀ 8:28-32; ਮਰ. 5:1-5) ਕਦੀ ਨਾ ਭੁੱਲੋ ਕਿ ਦੁਸ਼ਟ ਦੂਤਾਂ ਅਤੇ ਉਨ੍ਹਾਂ ਦੇ ਸਰਦਾਰ ਵਿਚ ਕਿੰਨੀ ਤਾਕਤ ਹੈ! (ਮੱਤੀ 9:34) ਇਸ ਲਈ ਅਸੀਂ ਯਹੋਵਾਹ ਦੀ ਮਦਦ ਤੋਂ ਬਿਨਾਂ ਕਦੀ ਵੀ ਸ਼ੈਤਾਨ ਨਾਲ ਆਪਣੀ ਲੜਾਈ ਨਹੀਂ ਜਿੱਤ ਸਕਦੇ।
ਸ਼ੈਤਾਨ ਜ਼ਾਲਮ ਹੈ
8. (ੳ) ਸ਼ੈਤਾਨ ਕੀ ਚਾਹੁੰਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਹੁਣ ਤਕ ਤੁਸੀਂ ਜੋ ਕੁਝ ਹੁੰਦਾ ਦੇਖਿਆ ਹੈ, ਉਸ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਇਹ ਦੁਨੀਆਂ ਸ਼ੈਤਾਨ ਵਾਂਗ ਜ਼ਾਲਮ ਹੈ?
8 ਪਤਰਸ ਰਸੂਲ ਨੇ ਸ਼ੈਤਾਨ ਦੀ ਤੁਲਨਾ ਇਕ “ਗਰਜਦੇ ਸ਼ੇਰ” ਨਾਲ ਕੀਤੀ ਸੀ। ਇਕ ਕਿਤਾਬ ਦੱਸਦੀ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ‘ਗਰਜਦਾ’ ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਤੇਜ਼ ਭੁੱਖ ਲੱਗਣ ਕਰਕੇ ਕਿਸੇ ਜਾਨਵਰ ਦਾ ਚਿੰਘਾੜਨਾ।” ਇਹ ਸ਼ਬਦ ਸ਼ੈਤਾਨ ਦੇ ਜ਼ਾਲਮਾਨਾ ਤੇ ਭੈੜੇ ਰਵੱਈਏ ਨੂੰ ਕਿੰਨੀ ਚੰਗੀ ਤਰ੍ਹਾਂ ਬਿਆਨ ਕਰਦੇ ਹਨ! ਹਾਲਾਂਕਿ ਕਿ ਉਸ ਨੇ ਸਾਰੀ ਦੁਨੀਆਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਫਿਰ ਵੀ ਉਸ ਦਾ ਢਿੱਡ ਨਹੀਂ ਭਰਿਆ। ਉਹ ਭੁੱਖੇ ਸ਼ੇਰ ਵਾਂਗ ਹੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ। (1 ਯੂਹੰ. 5:19) ਉਸ ਲਈ ਦੁਨੀਆਂ ਸਿਰਫ਼ “ਭੁਜੀਏ-ਬਦਾਨੇ” ਵਰਗੀ ਹੈ। ਪਰ ਅਸਲ ਵਿਚ ਉਸ ਦਾ ਧਿਆਨ “ਮੀਟ” ਵੱਲ ਯਾਨੀ ਚੁਣੇ ਹੋਏ ਮਸੀਹੀਆਂ ਅਤੇ ਉਨ੍ਹਾਂ ਦਾ ਸਾਥ ਦੇ ਰਹੀਆਂ “ਹੋਰ ਭੇਡਾਂ” ਉੱਤੇ ਲੱਗਾ ਹੋਇਆ ਹੈ। (ਯੂਹੰ. 10:16; ਪ੍ਰਕਾ. 12:17) ਸ਼ੈਤਾਨ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਹੈ। ਪਹਿਲੀ ਸਦੀ ਤੋਂ ਲੈ ਕੇ ਹੁਣ ਤਕ ਸੱਚੇ ਮਸੀਹੀਆਂ ਨੂੰ ਸਤਾਇਆ ਜਾਣਾ ਸਾਬਤ ਕਰਦਾ ਹੈ ਕਿ ਸ਼ੈਤਾਨ ਕਿੰਨਾ ਜ਼ਾਲਮ ਹੈ!
9, 10. (ੳ) ਸ਼ੈਤਾਨ ਨੇ ਇਜ਼ਰਾਈਲੀਆਂ ਨੂੰ ਆਪਣਾ ਨਿਸ਼ਾਨਾ ਕਿਵੇਂ ਬਣਾਇਆ ਸੀ? (ਮਿਸਾਲਾਂ ਦਿਓ।) (ਅ) ਸ਼ੈਤਾਨ ਕਿਸ ਖ਼ਾਸ ਵਜ੍ਹਾ ਕਰਕੇ ਇਜ਼ਰਾਈਲੀਆਂ ਪਿੱਛੇ ਪਿਆ ਹੋਇਆ ਸੀ? (ੲ) ਤੁਹਾਡੇ ਖ਼ਿਆਲ ਵਿਚ ਸ਼ੈਤਾਨ ਨੂੰ ਕਿਵੇਂ ਲੱਗਦਾ ਹੈ ਜਦੋਂ ਯਹੋਵਾਹ ਦਾ ਕੋਈ ਸੇਵਕ ਗੰਭੀਰ ਪਾਪ ਕਰ ਬੈਠਦਾ ਹੈ?
9 ਸ਼ੈਤਾਨ ਨੇ ਇਕ ਹੋਰ ਤਰੀਕੇ ਨਾਲ ਦਿਖਾਇਆ ਹੈ ਕਿ ਉਹ ਬੇਰਹਿਮ ਹੈ। ਇਕ ਭੁੱਖਾ ਸ਼ੇਰ ਆਪਣੇ ਸ਼ਿਕਾਰ ʼਤੇ ਜ਼ਰਾ ਵੀ ਤਰਸ ਨਹੀਂ ਖਾਂਦਾ। ਉਸ ਨੂੰ ਨਾ ਤਾਂ ਆਪਣੇ ਸ਼ਿਕਾਰ ਨੂੰ ਮਾਰਨ ਤੋਂ ਪਹਿਲਾਂ ਕੋਈ ਤਰਸ ਆਉਂਦਾ ਹੈ ਤੇ ਨਾ ਹੀ ਮਾਰਨ ਤੋਂ ਬਾਅਦ ਕੋਈ ਪਛਤਾਵਾ ਹੁੰਦਾ। ਇਸੇ ਤਰ੍ਹਾਂ ਸ਼ੈਤਾਨ ਨੂੰ ਉਨ੍ਹਾਂ ਲੋਕਾਂ ਉੱਤੇ ਕੋਈ ਤਰਸ ਨਹੀਂ ਆਉਂਦਾ ਜਿਨ੍ਹਾਂ ਨੂੰ ਉਹ ਆਪਣਾ ਸ਼ਿਕਾਰ ਬਣਾਉਂਦਾ ਹੈ। ਮਿਸਾਲ ਲਈ, ਤੁਹਾਡੇ ਖ਼ਿਆਲ ਵਿਚ ਸ਼ੈਤਾਨ ਨੂੰ ਕਿਵੇਂ ਲੱਗਾ ਹੋਣਾ ਜਦੋਂ ਵੀ ਉਹ ਇਜ਼ਰਾਈਲੀਆਂ ਨੂੰ ਗੰਭੀਰ ਪਾਪ ਕਰਦਿਆਂ ਦੇਖਦਾ ਹੋਣਾ ਜਿਵੇਂ ਕਿ ਅਨੈਤਿਕਤਾ ਤੇ ਲਾਲਚ? ਕੀ ਤੁਸੀਂ ਮਨ ਦੀਆਂ ਅੱਖਾਂ ਨਾਲ ਸ਼ੈਤਾਨ ਨੂੰ ਲੁੱਡੀਆਂ ਪਾਉਂਦਾ ਦੇਖ ਸਕਦੇ ਹੋ ਜਦੋਂ ਉਸ ਨੇ ਜ਼ਿਮਰੀ ਦੇ ਗੰਦੇ ਕੰਮ ਤੇ ਗੇਹਾਜੀ ਦੇ ਲਾਲਚ ਦੇ ਬੁਰੇ ਅੰਜਾਮਾਂ ਨੂੰ ਦੇਖਿਆ?—ਗਿਣ. 25:6-8, 14, 15; 2 ਰਾਜ. 5:20-27.
ਸ਼ੈਤਾਨ ਖ਼ੁਸ਼ੀ ਨਾਲ ਝੂਮ ਉੱਠਦਾ ਹੈ ਜਦੋਂ ਪਰਮੇਸ਼ੁਰ ਦਾ ਕੋਈ ਸੇਵਕ ਗੰਭੀਰ ਪਾਪ ਕਰ ਬੈਠਦਾ ਹੈ (ਪੈਰਾ 10 ਦੇਖੋ)
10 ਸ਼ੈਤਾਨ ਇਕ ਖ਼ਾਸ ਵਜ੍ਹਾ ਕਰਕੇ ਇਜ਼ਰਾਈਲੀਆਂ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਸੀ। ਯਾਦ ਕਰੋ ਕਿ ਮਸੀਹ ਨੇ ਇਸ ਕੌਮ ਵਿਚ ਪੈਦਾ ਹੋਣਾ ਸੀ ਅਤੇ ਉਸ ਨੇ ਸ਼ੈਤਾਨ ਦਾ ਸਿਰ ਫੇਹ ਕੇ ਸਾਬਤ ਕਰਨਾ ਸੀ ਕਿ ਯਹੋਵਾਹ ਹੀ ਹਕੂਮਤ ਕਰਨ ਦਾ ਹੱਕ ਰੱਖਦਾ ਹੈ। (ਉਤ. 3:15) ਸ਼ੈਤਾਨ ਨਹੀਂ ਸੀ ਚਾਹੁੰਦਾ ਕਿ ਇਜ਼ਰਾਈਲੀਆਂ ਉੱਤੇ ਪਰਮੇਸ਼ੁਰ ਦੀ ਮਿਹਰ ਹੋਵੇ। ਇਸ ਲਈ ਉਸ ਨੇ ਉਨ੍ਹਾਂ ਤੋਂ ਪਾਪ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਨਾ ਸੋਚੋ ਕਿ ਸ਼ੈਤਾਨ ਨੂੰ ਬਹੁਤ ਤਰਸ ਆਇਆ ਜਦੋਂ ਦਾਊਦ ਨੇ ਹਰਾਮਕਾਰੀ ਕੀਤੀ ਸੀ ਜਾਂ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕਿਆ। ਸ਼ੈਤਾਨ ਅਸਲ ਵਿਚ ਖ਼ੁਸ਼ੀ ਨਾਲ ਝੂਮ ਉੱਠਦਾ ਹੋਣਾ ਜਦੋਂ ਵੀ ਪਰਮੇਸ਼ੁਰ ਦਾ ਕੋਈ ਸੇਵਕ ਗੰਭੀਰ ਪਾਪ ਕਰ ਬੈਠਦਾ ਹੈ। ਇਹ ਜਿੱਤਾਂ ਹਾਸਲ ਕਰ ਕੇ ਸ਼ੈਤਾਨ ਯਹੋਵਾਹ ਨੂੰ ਤਾਅਨੇ ਮਾਰਦਾ ਹੈ।—ਕਹਾ. 27:11.
11. ਸ਼ੈਤਾਨ ਨੇ ਸਾਰਾਹ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ?
11 ਸ਼ੈਤਾਨ ਨੂੰ ਉਸ ਖ਼ਾਨਦਾਨ ਨਾਲ ਸਖ਼ਤ ਨਫ਼ਰਤ ਸੀ ਜਿਸ ਵਿਚ ਮਸੀਹ ਨੇ ਪੈਦਾ ਹੋਣਾ ਸੀ। ਮਿਸਾਲ ਲਈ, ਸੋਚੋ ਕਿ ਉਸ ਸਮੇਂ ਤੋਂ ਬਾਅਦ ਕੀ ਹੋਇਆ ਸੀ ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਸੀ ਕਿ ਉਸ ਤੋਂ “ਇੱਕ ਵੱਡੀ ਕੌਮ” ਬਣੇਗੀ। (ਉਤ. 12:1-3) ਜਦੋਂ ਅਬਰਾਹਾਮ ਤੇ ਸਾਰਾਹ ਮਿਸਰ ਵਿਚ ਸਨ, ਤਾਂ ਫ਼ਿਰਊਨ ਸਾਰਾਹ ਨੂੰ ਆਪਣੇ ਘਰ ਲੈ ਆਇਆ ਤੇ ਉਸ ਨੂੰ ਆਪਣੀ ਪਤਨੀ ਬਣਾਉਣੀ ਚਾਹੁੰਦਾ ਸੀ। ਪਰ ਯਹੋਵਾਹ ਨੇ ਸਾਰਾਹ ਨੂੰ ਇਸ ਮੁਸੀਬਤ ਦੀ ਘੜੀ ਵਿੱਚੋਂ ਕੱਢ ਕੇ ਉਸ ਦੀ ਰਾਖੀ ਕੀਤੀ। (ਉਤਪਤ 12:14-20 ਪੜ੍ਹੋ।) ਗਰਾਰ ਸ਼ਹਿਰ ਵਿਚ ਵੀ ਇਸਹਾਕ ਦੇ ਜਨਮ ਤੋਂ ਪਹਿਲਾਂ ਇਸੇ ਤਰ੍ਹਾਂ ਹੋਇਆ ਸੀ। (ਉਤ. 20:1-7) ਕੀ ਇਨ੍ਹਾਂ ਮੁਸੀਬਤਾਂ ਪਿੱਛੇ ਸ਼ੈਤਾਨ ਦਾ ਹੱਥ ਸੀ? ਯਾਦ ਰੱਖੋ ਕਿ ਸਾਰਾਹ ਅਮੀਰ ਊਰ ਸ਼ਹਿਰ ਨੂੰ ਛੱਡ ਕੇ ਤੰਬੂਆਂ ਵਿਚ ਰਹਿਣ ਲੱਗ ਪਈ ਸੀ। ਤਾਂ ਫਿਰ, ਕੀ ਸ਼ੈਤਾਨ ਸਾਰਾਹ ਨੂੰ ਫ਼ਿਰਊਨ ਅਤੇ ਅਬੀਮਲਕ ਦੇ ਆਲੀਸ਼ਾਨ ਮਹਿਲਾਂ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਦਾ ਲਾਲਚ ਦੇ ਰਿਹਾ ਸੀ? ਕੀ ਸ਼ੈਤਾਨ ਦੇ ਮਨ ਵਿਚ ਇਹ ਸੀ ਕਿ ਸਾਰਾਹ ਇਨ੍ਹਾਂ ਵਿੱਚੋਂ ਕਿਸੇ ਰਾਜੇ ਨਾਲ ਵਿਆਹ ਕਰਾ ਕੇ ਆਪਣੇ ਪਤੀ ਤੇ ਯਹੋਵਾਹ ਨਾਲ ਬੇਵਫ਼ਾਈ ਕਰੇਗੀ? ਬਾਈਬਲ ਇਸ ਬਾਰੇ ਨਹੀਂ ਦੱਸਦੀ, ਪਰ ਜੇ ਸਾਰਾਹ ਮਸੀਹ ਦੇ ਖ਼ਾਨਦਾਨ ਦਾ ਹਿੱਸਾ ਬਣਨ ਦਾ ਮੌਕਾ ਗੁਆ ਦਿੰਦੀ, ਤਾਂ ਸ਼ੈਤਾਨ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਹਿਣਾ। ਸ਼ੈਤਾਨ ਨੂੰ ਕੋਈ ਪਛਤਾਵਾ ਨਹੀਂ ਸੀ ਹੋਣਾ ਜੇ ਇਸ ਨੇਕ ਔਰਤ ਦਾ ਵਿਆਹੁਤਾ-ਬੰਧਨ ਟੁੱਟ ਜਾਂਦਾ, ਉਸ ਦੀ ਇੱਜ਼ਤ ਮਿੱਟੀ ਵਿਚ ਰੁਲ ਜਾਂਦੀ ਤੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਲੀਰੋ-ਲੀਰ ਹੋ ਜਾਂਦਾ। ਕਿੰਨਾ ਜ਼ਾਲਮ ਤੇ ਭੈੜਾ ਹੈ ਸ਼ੈਤਾਨ!
12, 13. (ੳ) ਯਿਸੂ ਦੇ ਪੈਦਾ ਹੋਣ ਤੋਂ ਬਾਅਦ ਸ਼ੈਤਾਨ ਨੇ ਕਿਵੇਂ ਦਿਖਾਇਆ ਕਿ ਉਹ ਜ਼ਾਲਮ ਹੈ? (ਅ) ਤੁਹਾਡੇ ਖ਼ਿਆਲ ਵਿਚ ਸ਼ੈਤਾਨ ਉਨ੍ਹਾਂ ਬੱਚਿਆਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਅੱਜ ਯਹੋਵਾਹ ਨੂੰ ਪਿਆਰ ਕਰਦੇ ਹਨ ਤੇ ਉਸ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ?
12 ਯਿਸੂ ਅਬਰਾਹਾਮ ਤੋਂ ਹਜ਼ਾਰਾਂ ਸਾਲ ਬਾਅਦ ਪੈਦਾ ਹੋਇਆ ਸੀ। ਇਹ ਨਾ ਸੋਚੋ ਕਿ ਸ਼ੈਤਾਨ ਨੇ ਦੇਖਿਆ ਸੀ ਕਿ ਇਹ ਬੱਚਾ ਕਿੰਨਾ ਸੋਹਣਾ ਜਾਂ ਮਨਮੋਹਣਾ ਸੀ। ਸ਼ੈਤਾਨ ਜਾਣਦਾ ਸੀ ਕਿ ਇਹ ਬੱਚਾ ਵੱਡਾ ਹੋ ਕੇ ਵਾਅਦਾ ਕੀਤਾ ਹੋਇਆ ਮਸੀਹ ਬਣੇਗਾ। ਯਿਸੂ ਅਬਰਾਹਾਮ ਦੀ ਮੁੱਖ ਸੰਤਾਨ ਸੀ ਜਿਸ ਨੇ ਅਗਾਹਾਂ ਜਾ ਕੇ ‘ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰਨਾ’ ਸੀ। (1 ਯੂਹੰ. 3:8) ਕੀ ਸ਼ੈਤਾਨ ਨੇ ਇਹ ਸੋਚਿਆ ਕਿ ਇਕ ਬੱਚੇ ਦੀ ਜਾਨ ਲੈਣੀ ਬੇਰਹਿਮੀ ਭਰਿਆ ਕੰਮ ਹੋਵੇਗਾ? ਨਹੀਂ। ਉਸ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੀ ਸਹੀ ਹੈ ਤੇ ਕੀ ਗ਼ਲਤ। ਉਸ ਨੇ ਫਟਾਫਟ ਨੰਨ੍ਹੇ-ਮੁੰਨੇ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕਿਵੇਂ?
13 ਜਦੋਂ ਰਾਜਾ ਹੇਰੋਦੇਸ ਨੇ ਜੋਤਸ਼ੀਆਂ ਤੋਂ ਸੁਣਿਆ ਕਿ “ਯਹੂਦੀਆਂ ਦਾ ਰਾਜਾ” ਪੈਦਾ ਹੋ ਚੁੱਕਾ ਹੈ, ਤਾਂ ਉਹ ਅੱਗ-ਬਬੂਲਾ ਹੋ ਗਿਆ ਤੇ ਬੱਚੇ ਨੂੰ ਮਾਰਨਾ ਚਾਹੁੰਦਾ ਸੀ। (ਮੱਤੀ 2:1-3, 13) ਉਸ ਨੇ ਹੁਕਮ ਦਿੱਤਾ ਕਿ ਬੈਤਲਹਮ ਅਤੇ ਇਸ ਦੇ ਜ਼ਿਲ੍ਹਿਆਂ ਵਿਚ ਦੋ ਸਾਲਾਂ ਜਾਂ ਇਸ ਤੋਂ ਘੱਟ ਉਮਰ ਦੇ ਸਾਰੇ ਮੁੰਡਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇ। (ਮੱਤੀ 2:13-18 ਪੜ੍ਹੋ।) ਯਿਸੂ ਦਾ ਕਤਲ ਹੋਣ ਤੋਂ ਬਚ ਗਿਆ, ਪਰ ਇਸ ਤੋਂ ਸਾਡੇ ਦੁਸ਼ਮਣ ਸ਼ੈਤਾਨ ਬਾਰੇ ਕੀ ਪਤਾ ਲੱਗਦਾ ਹੈ? ਸ਼ੈਤਾਨ ਦੀਆਂ ਨਜ਼ਰਾਂ ਵਿਚ ਇਨਸਾਨ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਹੈ। ਉਸ ਨੂੰ ਤਾਂ ਬੱਚਿਆਂ ਦੀ ਵੀ ਕੋਈ ਪਰਵਾਹ ਨਹੀਂ ਹੈ। ਵਾਕਈ, ਸ਼ੈਤਾਨ ‘ਗਰਜਦਾ ਸ਼ੇਰ’ ਹੈ। ਇਸ ਲਈ ਕਦੇ ਨਾ ਭੁੱਲੋ ਕਿ ਉਹ ਕਿੰਨਾ ਜ਼ਾਲਮ ਹੈ!
ਸ਼ੈਤਾਨ ਧੋਖੇਬਾਜ਼ ਹੈ
14, 15. ਸ਼ੈਤਾਨ ਨੇ ਕਿਵੇਂ “ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ”?
14 ਸ਼ੈਤਾਨ ਧੋਖਾ ਦੇ ਕੇ ਹੀ ਲੋਕਾਂ ਨੂੰ ਸਾਡੇ ਪਿਆਰੇ ਪਰਮੇਸ਼ੁਰ ਤੋਂ ਦੂਰ ਕਰ ਸਕਦਾ ਹੈ। (1 ਯੂਹੰ. 4:8) ਸ਼ੈਤਾਨ ਇਸ ਲਈ ਲੋਕਾਂ ਨੂੰ ਧੋਖਾ ਦਿੰਦਾ ਹੈ ਤਾਂਕਿ ਉਹ “ਪਰਮੇਸ਼ੁਰ ਦੀ ਅਗਵਾਈ ਲਈ” ਨਾ ਤਰਸਣ। (ਮੱਤੀ 5:3) ਸ਼ੈਤਾਨ ਨੇ “ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ” ਤਾਂਕਿ ਉਨ੍ਹਾਂ ਨੂੰ ਯਹੋਵਾਹ ਬਾਰੇ ਸੱਚਾਈ ਪਤਾ ਨਾ ਲੱਗੇ।—2 ਕੁਰਿੰ. 4:4.
15 ਸ਼ੈਤਾਨ ਝੂਠੇ ਧਰਮ ਦੇ ਜ਼ਰੀਏ ਵੀ ਲੋਕਾਂ ਨੂੰ ਧੋਖਾ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ‘ਯਹੋਵਾਹ ਅਣਖ ਵਾਲਾ ਪਰਮੇਸ਼ੁਰ’ ਹੈ ਯਾਨੀ ਯਹੋਵਾਹ ਚਾਹੁੰਦਾ ਹੈ ਕਿ ਸਿਰਫ਼ ਉਸ ਦੀ ਭਗਤੀ ਕੀਤੀ ਜਾਵੇ। (ਕੂਚ 20:5) ਇਸ ਲਈ ਸੋਚੋ ਕਿ ਸ਼ੈਤਾਨ ਕਿੰਨਾ ਖ਼ੁਸ਼ ਹੁੰਦਾ ਹੋਣਾ ਜਦੋਂ ਉਹ ਲੋਕਾਂ ਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਬਜਾਇ ਆਪਣੇ ਜਠੇਰਿਆਂ, ਕੁਦਰਤ ਜਾਂ ਜਾਨਵਰਾਂ ਦੀ ਪੂਜਾ ਕਰਦਿਆਂ ਦੇਖਦਾ ਹੈ! ਪਰ ਅਫ਼ਸੋਸ ਦੀ ਗੱਲ ਹੈ ਕਿ ਜਿਹੜੇ ਲੋਕ ਸੋਚਦੇ ਹਨ ਕਿ ਰੱਬ ਨੂੰ ਉਨ੍ਹਾਂ ਦੀ ਭਗਤੀ ਮਨਜ਼ੂਰ ਹੈ, ਉਹ ਝੂਠੇ ਵਿਸ਼ਵਾਸਾਂ ਅਤੇ ਬੇਕਾਰ ਦੀਆਂ ਰੀਤਾਂ-ਰਸਮਾਂ ਵਿਚ ਜਕੜੇ ਹੋਏ ਹਨ। ਯਸਾਯਾਹ ਦੇ ਦਿਨਾਂ ਵਿਚ ਇਜ਼ਰਾਈਲੀ ਵੀ ਇਸ ਫੰਦੇ ਵਿਚ ਫਸੇ ਹੋਏ ਸਨ। ਯਹੋਵਾਹ ਨੇ ਇਹ ਕਹਿੰਦੇ ਹੋਏ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ: “ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਧਿਆਈ ਨਾਲ ਤ੍ਰਿਪਤ ਹੋ ਜਾਵੇ।”—ਯਸਾ. 55:2.
16, 17. (ੳ) ਯਿਸੂ ਨੇ ਪਤਰਸ ਨੂੰ ਕਿਉਂ ਕਿਹਾ ਸੀ: “ਹੇ ਸ਼ੈਤਾਨ, ਪਰੇ ਹਟ”? (ਅ) ਸ਼ੈਤਾਨ ਸਾਨੂੰ ਕਿਵੇਂ ਭਰਮਾ ਸਕਦਾ ਹੈ ਤਾਂਕਿ ਅਸੀਂ ਖ਼ਬਰਦਾਰ ਨਾ ਰਹੀਏ?
16 ਸ਼ੈਤਾਨ ਯਹੋਵਾਹ ਦੇ ਜੋਸ਼ੀਲੇ ਸੇਵਕਾਂ ਨੂੰ ਵੀ ਮੂਰਖ ਬਣਾ ਸਕਦਾ ਹੈ। ਮਿਸਾਲ ਲਈ, ਸੋਚੋ ਕਿ ਉਦੋਂ ਕੀ ਹੋਇਆ ਸੀ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਸ ਨੂੰ ਜਲਦੀ ਹੀ ਜਾਨੋਂ ਮਾਰ ਦਿੱਤਾ ਜਾਵੇਗਾ। ਪਤਰਸ ਰਸੂਲ, ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਨੇ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” ਪਰ ਯਿਸੂ ਨੇ ਪਤਰਸ ਨੂੰ ਕਿਹਾ: “ਹੇ ਸ਼ੈਤਾਨ, ਪਰੇ ਹਟ!” (ਮੱਤੀ 16:22, 23) ਯਿਸੂ ਨੇ ਪਤਰਸ ਨੂੰ “ਸ਼ੈਤਾਨ” ਕਿਉਂ ਕਿਹਾ? ਕਿਉਂਕਿ ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਸੀ। ਜਲਦੀ ਹੀ ਯਿਸੂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸ਼ੈਤਾਨ ਨੂੰ ਝੂਠਾ ਸਾਬਤ ਕਰਨ ਵਾਲਾ ਸੀ। ਮਨੁੱਖੀ ਇਤਿਹਾਸ ਵਿਚ ਇਸ ਨਾਜ਼ੁਕ ਮੁਕਾਮ ʼਤੇ ਯਿਸੂ ਲਈ ਆਪਣੇ ਉੱਤੇ ‘ਤਰਸ ਖਾਣ’ ਦਾ ਸਮਾਂ ਨਹੀਂ ਸੀ। ਸ਼ੈਤਾਨ ਨੇ ਖ਼ੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਉਣਾ ਜੇ ਯਿਸੂ ਖ਼ਬਰਦਾਰ ਨਾ ਰਹਿੰਦਾ।
17 ਇਸ ਦੁਨੀਆਂ ਦਾ ਅੰਤ ਨੇੜੇ ਹੈ ਅਤੇ ਅਸੀਂ ਵੀ ਔਖੇ ਸਮੇਂ ਵਿਚ ਜੀ ਰਹੇ ਹਾਂ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਵੀ ਆਪਣੇ ʼਤੇ ‘ਤਰਸ ਖਾਈਏ’ ਯਾਨੀ ਇਸ ਦੁਨੀਆਂ ਵਿਚ ਨਾਂ ਕਮਾਉਣ ਵਿਚ ਰੁੱਝੇ ਰਹਿ ਕੇ ਸੱਚਾਈ ਵਿਚ ਢਿੱਲੇ ਪੈ ਜਾਈਏ। ਉਹ ਚਾਹੁੰਦਾ ਹੈ ਕਿ ਅਸੀਂ ਭੁੱਲ ਜਾਈਏ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ ਤੇ ਖ਼ਬਰਦਾਰ ਨਾ ਰਹੀਏ। ਆਪਣੇ ਨਾਲ ਕਦੀ ਨਾ ਇੱਦਾਂ ਹੋਣ ਦਿਓ! ਇਸ ਦੀ ਬਜਾਇ, “ਖ਼ਬਰਦਾਰ ਰਹੋ।” (ਮੱਤੀ 24:42) ਸ਼ੈਤਾਨ ਦੇ ਇਸ ਝੂਠ ਨੂੰ ਕਦੀ ਸੱਚ ਨਾ ਮੰਨੋ ਕਿ ਅੰਤ ਤਾਂ ਹਾਲੇ ਬਹੁਤ ਦੂਰ ਹੈ ਜਾਂ ਇਹ ਕਦੀ ਆਵੇਗਾ ਹੀ ਨਹੀਂ।
18, 19. (ੳ) ਸ਼ੈਤਾਨ ਸਾਨੂੰ ਧੋਖਾ ਦੇਣ ਅਤੇ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹਾਂ? (ਅ) ਯਹੋਵਾਹ ਖ਼ਬਰਦਾਰ ਰਹਿਣ ਵਿਚ ਸਾਡੀ ਮਦਦ ਕਿਵੇਂ ਕਰਦਾ ਹੈ?
18 ਸ਼ੈਤਾਨ ਇਕ ਹੋਰ ਤਰੀਕੇ ਨਾਲ ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹਾਂ ਤੇ ਉਹ ਸਾਡੇ ਪਾਪਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਪਰ ਇਹ ਸ਼ੈਤਾਨ ਦਾ ਕੋਰਾ ਝੂਠ ਹੈ। ਜ਼ਰਾ ਸੋਚੋ: ਅਸਲ ਵਿਚ ਕੌਣ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹੈ? ਉਹ ਹੈ ਸ਼ੈਤਾਨ। ਉਹ ਕੌਣ ਹੈ ਜਿਸ ਨੂੰ ਪਰਮੇਸ਼ੁਰ ਕਦੀ ਮਾਫ਼ ਨਹੀਂ ਕਰੇਗਾ? ਸ਼ੈਤਾਨ ਨੂੰ। ਪਰ ਸਾਡੇ ਬਾਰੇ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਨੂੰ ਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ।” (ਇਬ. 6:10) ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜੋ ਕੁਝ ਵੀ ਕਰਦੇ ਹਾਂ, ਉਸ ਦੀ ਉਹ ਬਹੁਤ ਕਦਰ ਕਰਦਾ ਹੈ। ਸਾਡੀ ਸੇਵਾ ਕਦੇ ਬੇਕਾਰ ਨਹੀਂ ਜਾਂਦੀ। (1 ਕੁਰਿੰਥੀਆਂ 15:58 ਪੜ੍ਹੋ।) ਇਸ ਲਈ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਮੂਰਖ ਨਾ ਬਣੋ।
19 ਅਸੀਂ ਦੇਖਿਆ ਹੈ ਕਿ ਸ਼ੈਤਾਨ ਤਾਕਤਵਰ, ਜ਼ਾਲਮ ਅਤੇ ਧੋਖੇਬਾਜ਼ ਹੈ। ਅਸੀਂ ਇਸ ਦੁਸ਼ਮਣ ਨਾਲ ਆਪਣੀ ਲੜਾਈ ਕਿਵੇਂ ਜਿੱਤ ਸਕਦੇ ਹਾਂ? ਯਹੋਵਾਹ ਸਾਡੀ ਮਦਦ ਕਰਦਾ ਹੈ। ਉਸ ਦਾ ਬਚਨ ਸਾਨੂੰ ਸ਼ੈਤਾਨ ਦੀਆਂ ਚਾਲਾਂ ਬਾਰੇ ਪਹਿਲਾਂ ਹੀ ਦੱਸਦਾ ਹੈ ਤਾਂਕਿ “ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ” ਨਾ ਰਹੀਏ। (2 ਕੁਰਿੰ. 2:11) ਜਦੋਂ ਅਸੀਂ ਸ਼ੈਤਾਨ ਦੁਆਰਾ ਹਮਲੇ ਕਰਨ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਸਮਝ ਜਾਂਦੇ ਹਾਂ, ਤਾਂ ਸਾਡੇ ਲਈ ਖ਼ਬਰਦਾਰ ਰਹਿਣਾ ਸੌਖਾ ਹੋ ਜਾਂਦਾ ਹੈ। ਪਰ ਸ਼ੈਤਾਨ ਦੀਆਂ ਚਾਲਾਂ ਨੂੰ ਜਾਣਨਾ ਹੀ ਕਾਫ਼ੀ ਨਹੀਂ ਹੈ। ਬਾਈਬਲ ਕਹਿੰਦੀ ਹੈ: “ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ।” (ਯਾਕੂ. 4:7) ਅਗਲੇ ਲੇਖ ਵਿਚ ਅਸੀਂ ਤਿੰਨ ਗੱਲਾਂ ʼਤੇ ਗੌਰ ਕਰਾਂਗੇ ਕਿ ਅਸੀਂ ਸ਼ੈਤਾਨ ਨਾਲ ਆਪਣੀ ਲੜਾਈ ਕਿਵੇਂ ਜਿੱਤ ਸਕਦੇ ਹਾਂ।