ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
4-10 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਯੂਹੰਨਾ 1-5
“ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ”
(1 ਯੂਹੰਨਾ 2:15, 16) ਤੁਸੀਂ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜਿਹੜਾ ਦੁਨੀਆਂ ਨੂੰ ਪਿਆਰ ਕਰਦਾ ਹੈ, ਉਸ ਦੇ ਦਿਲ ਵਿਚ ਪਿਤਾ ਲਈ ਪਿਆਰ ਨਹੀਂ ਹੈ; ਕਿਉਂਕਿ ਦੁਨੀਆਂ ਵਿਚ ਜੋ ਕੁਝ ਵੀ ਹੈ ਯਾਨੀ ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ ਅਤੇ ਆਪਣੀ ਧਨ-ਦੌਲਤ ਤੇ ਹੈਸੀਅਤ ਦਾ ਦਿਖਾਵਾ, ਇਹ ਸਭ ਕੁਝ ਪਿਤਾ ਤੋਂ ਨਹੀਂ, ਸਗੋਂ ਦੁਨੀਆਂ ਤੋਂ ਹੈ।
ਯਿਸੂ ਦੇ ਨਮੂਨੇ ਉੱਤੇ ਚੱਲੋ
13 ਕੁਝ ਭੈਣ-ਭਰਾ ਸ਼ਾਇਦ ਸੋਚਣ ਕਿ ਸੰਸਾਰ ਦੀਆਂ ਸਾਰੀਆਂ ਗੱਲਾਂ ਤਾਂ ਖ਼ਰਾਬ ਨਹੀਂ ਹਨ। ਹਾਂ ਇਹ ਠੀਕ ਹੈ, ਪਰ ਦੁਨੀਆਂ ਵਿਚ ਕਈ ਚੀਜ਼ਾਂ ਹਨ ਜਿਨ੍ਹਾਂ ਕਾਰਨ ਯਹੋਵਾਹ ਵੱਲੋਂ ਸਾਡਾ ਧਿਆਨ ਦੂਰ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਦੁਨੀਆਂ ਵਿਚ ਇਕ ਵੀ ਚੀਜ਼ ਨਹੀਂ ਜੋ ਸਾਨੂੰ ਯਹੋਵਾਹ ਦੇ ਨੇੜੇ ਲਿਆ ਸਕਦੀ ਹੈ। ਇਸ ਕਰਕੇ ਜੇ ਅਸੀਂ ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪਈਏ, ਭਾਵੇਂ ਉਹ ਗ਼ਲਤ ਨਾ ਵੀ ਹੋਣ, ਫਿਰ ਵੀ ਅਸੀਂ ਜੋਖਮ ਵਿਚ ਪੈਰ ਰੱਖ ਰਹੇ ਹਾਂ। (1 ਤਿਮੋਥਿਉਸ 6:9, 10) ਦੁਨੀਆਂ ਦੇ ਜ਼ਿਆਦਾਤਰ ਕੰਮ ਗ਼ਲਤ ਹਨ ਜੋ ਸਾਨੂੰ ਵੀ ਗ਼ਲਤ ਪਾਸੇ ਲਾ ਸਕਦੇ ਹਨ। ਜੇ ਅਸੀਂ ਅਜਿਹੇ ਟੈਲੀਵਿਯਨ ਪ੍ਰੋਗ੍ਰਾਮ ਜਾਂ ਫਿਲਮਾਂ ਦੇਖਣੀਆਂ ਪਸੰਦ ਕਰਦੇ ਹਾਂ ਜਿਨ੍ਹਾਂ ਵਿਚ ਮਾਰ-ਕੁਟਾਈ, ਸ਼ਾਨੋ-ਸ਼ੌਕਤ ਜਾਂ ਵਿਭਚਾਰ ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਇਹ ਚੀਜ਼ਾਂ ਸਾਨੂੰ ਠੀਕ ਲੱਗਣ ਲੱਗ ਸਕਦੀਆਂ ਹਨ। ਫਿਰ ਇਨ੍ਹਾਂ ਵੱਲ ਸਾਡਾ ਮੋਹ ਵਧੇਗਾ ਅਤੇ ਅਸੀਂ ਲੁਭਾਏ ਜਾ ਸਕਦੇ ਹਾਂ। ਜੇ ਅਸੀਂ ਅਜਿਹੇ ਲੋਕਾਂ ਨਾਲ ਮਿਲਦੇ-ਜੁਲਦੇ ਹਾਂ ਜੋ ਸਿਰਫ਼ ਆਪਣੀ ਰਹਿਣੀ-ਬਹਿਣੀ ਸੁਧਾਰਨ ਬਾਰੇ ਜਾਂ ਪੈਸੇ ਕਮਾਉਣ ਬਾਰੇ ਸੋਚਦੇ ਹਨ, ਤਾਂ ਇਹ ਚੀਜ਼ਾਂ ਸਾਡੇ ਦਿਮਾਗ਼ ਵਿਚ ਵੀ ਪਹਿਲ ਲੈਣ ਲੱਗ ਪੈਣਗੀਆਂ।—ਮੱਤੀ 6:24; 1 ਕੁਰਿੰਥੀਆਂ 15:33.
(1 ਯੂਹੰਨਾ 2:17) ਇਸ ਤੋਂ ਇਲਾਵਾ, ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।.
ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ
18 “ਦੁਨੀਆਂ ਦੀਆਂ ਚੀਜ਼ਾਂ” ਤੋਂ ਦੂਰ ਰਹਿਣ ਵਿਚ ਯੂਹੰਨਾ ਦੇ ਇਹ ਸ਼ਬਦ ਵੀ ਸਾਡੀ ਮਦਦ ਕਰਦੇ ਹਨ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।” (1 ਯੂਹੰ. 2:17) ਅੱਜ ਲੋਕਾਂ ਨੂੰ ਸ਼ਾਇਦ ਲੱਗੇ ਕਿ ਸ਼ੈਤਾਨ ਦੀ ਦੁਨੀਆਂ ਹਮੇਸ਼ਾ ਰਹੇਗੀ, ਪਰ ਸੱਚ ਤਾਂ ਇਹ ਹੈ ਇਕ ਦਿਨ ਇਹ ਜ਼ਰੂਰ ਖ਼ਤਮ ਹੋ ਜਾਵੇਗੀ। ਜੇ ਅਸੀਂ ਇਹ ਗੱਲ ਯਾਦ ਰੱਖੀਏ, ਤਾਂ ਅਸੀਂ ਸ਼ੈਤਾਨ ਦੇ ਫੰਦਿਆਂ ਵਿਚ ਪੈਣ ਤੋਂ ਬਚ ਸਕਦੇ ਹਾਂ।
ਹੀਰੇ-ਮੋਤੀਆਂ ਦੀ ਖੋਜ ਕਰੋ
(1 ਯੂਹੰਨਾ 2:7, 8) ਪਿਆਰਿਓ, ਮੈਂ ਤੁਹਾਨੂੰ ਆਪਣੀ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ, ਸਗੋਂ ਪੁਰਾਣਾ ਹੁਕਮ ਦੇ ਰਿਹਾ ਹਾਂ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਦੇ ਆਏ ਹੋ। ਇਹ ਪੁਰਾਣਾ ਹੁਕਮ ਉਹੀ ਬਚਨ ਹੈ ਜਿਸ ਨੂੰ ਤੁਸੀਂ ਸੁਣਿਆ ਸੀ। 8 ਮੈਂ ਤੁਹਾਨੂੰ ਇਹੀ ਹੁਕਮ ਨਵੇਂ ਹੁਕਮ ਦੇ ਤੌਰ ਤੇ ਦੁਬਾਰਾ ਦੇ ਰਿਹਾ ਹਾਂ ਜਿਸ ਉੱਤੇ ਯਿਸੂ ਚੱਲਿਆ ਅਤੇ ਤੁਸੀਂ ਵੀ ਚੱਲੇ, ਕਿਉਂਕਿ ਹਨੇਰਾ ਦੂਰ ਹੋ ਰਿਹਾ ਹੈ ਅਤੇ ਸੱਚਾ ਚਾਨਣ ਚਮਕਣ ਲੱਗ ਪਿਆ ਹੈ।
ਯਹੋਵਾਹ ਦਾ ਕਹਿਣਾ ਮੰਨੋ ਅਤੇ ਉਸ ʼਤੇ ਭਰੋਸਾ ਰੱਖੋ
14 ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਸਾਨੂੰ ਵਾਰ-ਵਾਰ ਇਹ ਸਲਾਹ ਦਿੱਤੀ ਗਈ ਹੈ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰੀਏ। ਯਿਸੂ ਨੇ ਕਿਹਾ ਸੀ ਕਿ ਦੂਸਰਾ ਸਭ ਤੋਂ ਵੱਡਾ ਹੁਕਮ ਇਹ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਇਸੇ ਤਰ੍ਹਾਂ ਯਿਸੂ ਦੇ ਭਰਾ ਯਾਕੂਬ ਨੇ ਪਿਆਰ ਨੂੰ “ਉੱਤਮ ਕਾਨੂੰਨ” ਕਿਹਾ। (ਯਾਕੂ. 2:8) ਯੂਹੰਨਾ ਰਸੂਲ ਨੇ ਲਿਖਿਆ: “ਪਿਆਰਿਓ, ਮੈਂ ਤੁਹਾਨੂੰ ਆਪਣੀ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ, ਸਗੋਂ ਪੁਰਾਣਾ ਹੁਕਮ ਦੇ ਰਿਹਾ ਹਾਂ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਦੇ ਆਏ ਹੋ।” (1 ਯੂਹੰ. 2:7, 8) ਜਦ ਯੂਹੰਨਾ ਨੇ ‘ਪੁਰਾਣੇ’ ਹੁਕਮ ਬਾਰੇ ਗੱਲ ਕੀਤੀ, ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? ਉਹ ਇਕ-ਦੂਜੇ ਨੂੰ ਪਿਆਰ ਕਰਨ ਦਾ ਹੁਕਮ ਦੋਹਰਾ ਰਿਹਾ ਸੀ। ਇਹ ਹੁਕਮ “ਪੁਰਾਣਾ” ਇਸ ਲਈ ਸੀ ਕਿ ਯਿਸੂ ਨੇ ਇਹ ਹੁਕਮ “ਸ਼ੁਰੂ ਤੋਂ” ਯਾਨੀ ਕਈ ਸਾਲ ਪਹਿਲਾਂ ਦਿੱਤਾ ਸੀ। ਪਰ ਇਹ ਹੁਕਮ “ਨਵਾਂ” ਵੀ ਸੀ ਕਿਉਂਕਿ ਚੇਲਿਆਂ ਨੇ ਨਵੇਂ ਹਾਲਾਤਾਂ ਵਿਚ ਇਕ-ਦੂਜੇ ਲਈ ਪਿਆਰ ਦਿਖਾਉਣਾ ਸੀ। ਅੱਜ ਸਾਨੂੰ ਵੀ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਕਿ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਖ਼ੁਦਗਰਜ਼ ਨਾ ਬਣੀਏ, ਸਗੋਂ ਇਕ-ਦੂਜੇ ਲਈ ਕੁਰਬਾਨੀਆਂ ਕਰਨ ਲਈ ਤਿਆਰ ਰਹੀਏ। ਕੀ ਅਸੀਂ ਅਜਿਹੀਆਂ ਚੇਤਾਵਨੀਆਂ ਲਈ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਨਹੀਂ ਹਾਂ?
(1 ਯੂਹੰਨਾ 5:16, 17) ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦੇ ਹੋਏ ਦੇਖਦਾ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ, ਤਾਂ ਉਹ ਆਪਣੇ ਭਰਾ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ੁਰ ਉਸ ਨੂੰ ਜ਼ਿੰਦਗੀ ਬਖ਼ਸ਼ੇਗਾ। ਹਾਂ, ਉਨ੍ਹਾਂ ਨੂੰ ਜ਼ਿੰਦਗੀ ਮਿਲੇਗੀ ਜਿਹੜੇ ਅਜਿਹਾ ਪਾਪ ਨਹੀਂ ਕਰਦੇ ਜਿਸ ਦੀ ਸਜ਼ਾ ਮੌਤ ਹੈ। ਸੋ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਹੈ। ਮੈਂ ਅਜਿਹਾ ਪਾਪ ਕਰਨ ਵਾਲੇ ਇਨਸਾਨ ਵਾਸਤੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ। 17 ਹਰ ਕੰਮ ਜੋ ਪਰਮੇਸ਼ੁਰ ਦੀ ਇੱਛਾ ਦੇ ਉਲਟ ਹੈ, ਪਾਪ ਹੈ; ਪਰ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ।
it-1 862 ਪੈਰਾ 5
ਮਾਫ਼ੀ
ਅਸੀਂ ਦੂਜੇ ਲੋਕਾਂ, ਇੱਥੋਂ ਤਕ ਕਿ ਸਾਰੀ ਮੰਡਲੀ, ਵੱਲੋਂ ਪਰਮੇਸ਼ੁਰ ਨੂੰ ਸਾਰਿਆਂ ਦੇ ਪਾਪ ਮਾਫ਼ ਕਰਨ ਲਈ ਪ੍ਰਾਰਥਨਾ ਕਰ ਸਕਦੇ ਹਾਂ। ਮੂਸਾ ਨੇ ਵੀ ਇਜ਼ਰਾਈਲ ਕੌਮ ਲਈ ਇੱਦਾਂ ਹੀ ਕੀਤਾ ਸੀ। ਉਸ ਨੇ ਸਾਰੀ ਕੌਮ ਦੇ ਪਾਪ ਕਬੂਲ ਕੀਤੇ ਤੇ ਮਾਫ਼ੀ ਮੰਗੀ ਅਤੇ ਯਹੋਵਾਹ ਨੇ ਉਸ ਦੀ ਸੁਣੀ ਵੀ। (ਗਿਣ 14:19, 20) ਸੁਲੇਮਾਨ ਨੇ ਵੀ ਮੰਦਰ ਦੇ ਉਦਘਾਟਨ ਵੇਲੇ ਪ੍ਰਾਰਥਨਾ ਕੀਤੀ ਕਿ ਜਦੋਂ ਯਹੋਵਾਹ ਦੇ ਲੋਕ ਪਾਪ ਕਰਨ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜਨ, ਤਾਂ ਉਹ ਉਨ੍ਹਾਂ ਨੂੰ ਮਾਫ਼ ਕਰੇ। (1 ਰਾਜ 8:30, 33-40, 46-52) ਅਜ਼ਰਾ ਨੇ ਆਪਣੇ ਦੇਸ਼ ਮੁੜ ਆਏ ਯਹੂਦੀਆਂ ਵੱਲੋਂ ਉਨ੍ਹਾਂ ਦੇ ਪਾਪ ਸਾਰਿਆਂ ਸਾਮ੍ਹਣੇ ਕਬੂਲ ਕੀਤੇ। ਉਸ ਦੀ ਦਿਲੋਂ ਕੀਤੀ ਪ੍ਰਾਰਥਨਾ ਅਤੇ ਸਲਾਹ ਕਰਕੇ ਲੋਕਾਂ ਨੇ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਕਦਮ ਚੁੱਕਿਆ। (ਅਜ਼ 9:13–10:4, 10-19, 44) ਜਿਸ ਭੈਣ ਜਾਂ ਭਰਾ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਸੀ, ਉਸ ਨੂੰ ਯਾਕੂਬ ਨੇ ਹੱਲਾਸ਼ੇਰੀ ਦਿੱਤੀ ਕਿ ਉਹ ਮੰਡਲੀ ਦੇ ਬਜ਼ੁਰਗਾਂ ਨੂੰ ਬੁਲਾਵੇ ਤਾਂਕਿ ਉਹ ਉਸ ਲਈ ਪ੍ਰਾਰਥਨਾ ਕਰਨ ਅਤੇ “ਜੇ ਉਸ ਨੇ ਪਾਪ ਕੀਤੇ ਹਨ, ਤਾਂ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ।” (ਯਾਕੂ 5:14-16) ਪਰ ਇਕ “ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਹੈ।” ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਪਾਪ ਅਤੇ ਬਿਨਾਂ ਪਛਤਾਏ ਜਾਣ-ਬੁੱਝ ਕੇ ਪਾਪ ਕਰਨ ਵਿਚ ਲੱਗੇ ਰਹਿਣ ਵਾਲਿਆਂ ਲਈ ਕੋਈ ਮਾਫ਼ੀ ਨਹੀਂ ਹੈ। ਇਕ ਮਸੀਹੀ ਨੂੰ ਅਜਿਹਾ ਪਾਪ ਕਰਨ ਵਾਲਿਆਂ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ।—1 ਯੂਹੰ 5:16; ਮੱਤੀ 12:31; ਇਬ 10:26, 27; ਪਾਪ, 1; ਪਵਿੱਤਰ ਸ਼ਕਤੀ ਦੇਖੋ।
ਬਾਈਬਲ ਪੜ੍ਹਾਈ
(1 ਯੂਹੰਨਾ 1:1–2:6) ਅਸੀਂ ਤੁਹਾਨੂੰ ਉਸ ਬਾਰੇ ਲਿਖ ਰਹੇ ਹਾਂ ਜਿਹੜਾ ਸ਼ੁਰੂ ਤੋਂ ਸੀ, ਜਿਸ ਨੇ ਜ਼ਿੰਦਗੀ ਦਾ ਸੰਦੇਸ਼ ਦਿੱਤਾ, ਜਿਸ ਦੀਆਂ ਗੱਲਾਂ ਅਸੀਂ ਸੁਣੀਆਂ, ਜਿਸ ਨੂੰ ਅਸੀਂ ਆਪਣੀ ਅੱਖੀਂ ਦੇਖਿਆ ਤੇ ਆਪਣੇ ਹੱਥਾਂ ਨਾਲ ਛੂਹਿਆ, ਜਿਸ ਵੱਲ ਅਸੀਂ ਧਿਆਨ ਦਿੱਤਾ, 2 (ਜੀ ਹਾਂ, ਸਾਨੂੰ ਹਮੇਸ਼ਾ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਸੀ ਅਤੇ ਅਸੀਂ ਇਸ ਨੂੰ ਦੇਖਿਆ ਹੈ ਅਤੇ ਹੁਣ ਇਸ ਬਾਰੇ ਤੁਹਾਨੂੰ ਗਵਾਹੀ ਦਿੰਦੇ ਹਾਂ। ਇਹ ਹਮੇਸ਼ਾ ਦੀ ਜ਼ਿੰਦਗੀ ਪਿਤਾ ਤੋਂ ਮਿਲਦੀ ਹੈ ਅਤੇ ਸਾਨੂੰ ਇਸ ਬਾਰੇ ਦੱਸਿਆ ਗਿਆ ਸੀ,) 3 ਅਤੇ ਅਸੀਂ ਜੋ ਦੇਖਿਆ ਅਤੇ ਸੁਣਿਆ, ਉਹੀ ਤੁਹਾਨੂੰ ਵੀ ਦੱਸ ਰਹੇ ਹਾਂ, ਤਾਂਕਿ ਸਾਡੇ ਅਤੇ ਤੁਹਾਡੇ ਵਿਚ ਸਾਂਝ ਹੋਵੇ। ਅਤੇ ਸਾਡੀ ਸਾਂਝ ਤਾਂ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਨਾਲ ਹੈ। 4 ਅਸੀਂ ਇਹ ਗੱਲਾਂ ਇਸ ਲਈ ਲਿਖ ਰਹੇ ਹਾਂ ਤਾਂਕਿ ਸਾਨੂੰ ਬੇਅੰਤ ਖ਼ੁਸ਼ੀ ਮਿਲੇ। 5 ਅਤੇ ਅਸੀਂ ਯਿਸੂ ਤੋਂ ਇਹ ਸੰਦੇਸ਼ ਸੁਣਿਆ ਕਿ ਪਰਮੇਸ਼ੁਰ ਚਾਨਣ ਹੈ ਅਤੇ ਉਸ ਵਿਚ ਬਿਲਕੁਲ ਹਨੇਰਾ ਨਹੀਂ ਹੈ। ਇਹੀ ਸੰਦੇਸ਼ ਅਸੀਂ ਤੁਹਾਨੂੰ ਸੁਣਾ ਰਹੇ ਹਾਂ। 6 ਜੇ ਅਸੀਂ ਇਹ ਕਹਿੰਦੇ ਹਾਂ: “ਸਾਡੀ ਸਾਂਝ ਉਸ ਨਾਲ ਹੈ,” ਪਰ ਹਨੇਰੇ ਵਿਚ ਚੱਲਦੇ ਰਹਿੰਦੇ ਹਾਂ, ਤਾਂ ਅਸੀਂ ਝੂਠੇ ਹਾਂ ਅਤੇ ਸੱਚਾਈ ʼਤੇ ਨਹੀਂ ਚੱਲਦੇ। 7 ਪਰ ਜੇ ਅਸੀਂ ਚਾਨਣ ਵਿਚ ਚੱਲਦੇ ਹਾਂ, ਜਿਵੇਂ ਪਰਮੇਸ਼ੁਰ ਆਪ ਚਾਨਣ ਵਿਚ ਹੈ, ਤਾਂ ਸਾਡੇ ਅਤੇ ਬਾਕੀ ਮਸੀਹੀਆਂ ਵਿਚ ਸਾਂਝ ਹੈ ਅਤੇ ਉਸ ਦੇ ਪੁੱਤਰ ਯਿਸੂ ਦਾ ਲਹੂ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ। 8 ਜੇ ਅਸੀਂ ਕਹਿੰਦੇ ਹਾਂ: “ਸਾਡੇ ਵਿਚ ਪਾਪ ਨਹੀਂ ਹੈ,” ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਅਤੇ ਸਾਡੇ ਵਿਚ ਸੱਚਾਈ ਨਹੀਂ ਹੈ। 9 ਪਰਮੇਸ਼ੁਰ ਵਫ਼ਾਦਾਰ ਅਤੇ ਧਰਮੀ ਹੈ, ਇਸ ਲਈ ਜੇ ਅਸੀਂ ਆਪਣੇ ਪਾਪਾਂ ਨੂੰ ਕਬੂਲ ਕਰਦੇ ਹਾਂ, ਤਾਂ ਉਹ ਸਾਡੇ ਪਾਪ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੇ ਬੁਰੇ ਕੰਮਾਂ ਤੋਂ ਸ਼ੁੱਧ ਕਰ ਦੇਵੇਗਾ। 10 ਪਰ ਜੇ ਅਸੀਂ ਕਹਿੰਦੇ ਹਾਂ: “ਅਸੀਂ ਕੋਈ ਪਾਪ ਨਹੀਂ ਕੀਤਾ,” ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਸ ਦਾ ਬਚਨ ਸਾਡੇ ਦਿਲਾਂ ਵਿਚ ਨਹੀਂ ਹੈ।
2 ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਲਿਖ ਰਿਹਾ ਹਾਂ ਤਾਂਕਿ ਤੁਸੀਂ ਕੋਈ ਪਾਪ ਨਾ ਕਰੋ। ਪਰ ਜੇ ਕਿਸੇ ਤੋਂ ਪਾਪ ਹੋ ਜਾਂਦਾ ਹੈ, ਤਾਂ ਸਾਡਾ ਇਕ ਮਦਦਗਾਰ ਹੈ ਯਾਨੀ ਧਰਮੀ ਯਿਸੂ ਮਸੀਹ ਜਿਹੜਾ ਪਿਤਾ ਕੋਲ ਹੈ। 2 ਉਸ ਨੇ ਸਾਡੇ ਪਾਪਾਂ ਲਈ ਕੁਰਬਾਨੀ ਦਿੱਤੀ ਜਿਸ ਕਰਕੇ ਪਰਮੇਸ਼ੁਰ ਨਾਲ ਸਾਡੀ ਸੁਲ੍ਹਾ ਹੁੰਦੀ ਹੈ। ਪਰ ਉਸ ਨੇ ਸਿਰਫ਼ ਸਾਡੇ ਪਾਪਾਂ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦੇ ਪਾਪਾਂ ਲਈ ਆਪਣੀ ਜਾਨ ਕੁਰਬਾਨ ਕੀਤੀ। 3 ਜੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਰਹੀਏ, ਤਾਂ ਸਾਨੂੰ ਇਸ ਤੋਂ ਅਹਿਸਾਸ ਹੁੰਦਾ ਹੈ ਕਿ ਅਸੀਂ ਉਸ ਨੂੰ ਜਾਣ ਗਏ ਹਾਂ। 4 ਜਿਹੜਾ ਕਹਿੰਦਾ ਹੈ: “ਮੈਂ ਉਸ ਨੂੰ ਜਾਣਦਾ ਹਾਂ,” ਪਰ ਉਸ ਦੇ ਹੁਕਮ ਨਹੀਂ ਮੰਨਦਾ, ਤਾਂ ਉਹ ਝੂਠਾ ਹੈ ਅਤੇ ਉਸ ਵਿਚ ਸੱਚਾਈ ਨਹੀਂ ਹੈ। 5 ਪਰ ਜਿਹੜਾ ਇਨਸਾਨ ਮਸੀਹ ਦੇ ਬਚਨ ਨੂੰ ਮੰਨਦਾ ਹੈ, ਉਹ ਸੱਚ-ਮੁੱਚ ਪਰਮੇਸ਼ੁਰ ਨਾਲ ਪੂਰੇ ਦਿਲ ਨਾਲ ਪਿਆਰ ਕਰਦਾ ਹੈ। ਇਸ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨਾਲ ਏਕਤਾ ਵਿਚ ਬੱਝੇ ਹੋਏ ਹਾਂ। 6 ਜਿਹੜਾ ਕਹਿੰਦਾ ਹੈ ਕਿ ਉਹ ਉਸ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਵੀ ਉਸੇ ਤਰ੍ਹਾਂ ਜ਼ਿੰਦਗੀ ਬਤੀਤ ਕਰੇ ਜਿਵੇਂ ਯਿਸੂ ਨੇ ਬਤੀਤ ਕੀਤੀ ਸੀ।
11-17 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਯੂਹੰਨਾ 1– ਯਹੂਦਾਹ
“ਸੱਚਾਈ ਵਿਚ ਬਣੇ ਰਹਿਣ ਲਈ ਲੜੋ”
(ਯਹੂਦਾਹ 3) ਪਿਆਰਿਓ, ਭਾਵੇਂ ਮੈਂ ਤੁਹਾਨੂੰ ਉਸ ਮੁਕਤੀ ਬਾਰੇ ਲਿਖਣਾ ਚਾਹੁੰਦਾ ਸੀ ਜੋ ਸਾਨੂੰ ਸਾਰਿਆਂ ਨੂੰ ਮਿਲੇਗੀ, ਪਰ ਮੈਂ ਇਹ ਲਿਖ ਕੇ ਤੁਹਾਨੂੰ ਤਾਕੀਦ ਕਰਨੀ ਜ਼ਰੂਰੀ ਸਮਝੀ ਕਿ ਤੁਸੀਂ ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਪੂਰਾ ਜ਼ੋਰ ਲਾ ਕੇ ਲੜੋ ਜੋ ਇੱਕੋ ਵਾਰ ਪਵਿੱਤਰ ਸੇਵਕਾਂ ਨੂੰ ਹਮੇਸ਼ਾ ਲਈ ਸੌਂਪੀਆਂ ਗਈਆਂ ਸਨ।
‘ਪ੍ਰਭੂ ਵਿਚ ਤਕੜੇ ਹੋਵੋ’
8 ਅਸੀਂ ਸ਼ਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ ਕਿਉਂਕਿ ਬਾਈਬਲ ਵਿਚ ਇਨ੍ਹਾਂ ਬਾਰੇ ਸਾਨੂੰ ਦੱਸਿਆ ਗਿਆ ਹੈ। (2 ਕੁਰਿੰਥੀਆਂ 2:11) ਸ਼ਤਾਨ ਨੇ ਧਰਮੀ ਬੰਦੇ ਅੱਯੂਬ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਿਵੇਂ ਕੀਤੀ ਸੀ? ਅੱਯੂਬ ਦੀ ਧਨ-ਦੌਲਤ ਲੁੱਟੀ ਗਈ, ਉਸ ਦੇ ਬੱਚਿਆਂ ਦੀ ਮੌਤ ਹੋ ਗਈ, ਉਸ ਦੀ ਪਤਨੀ ਨੇ ਉਸ ਦਾ ਵਿਰੋਧ ਕੀਤਾ, ਉਸ ਨੂੰ ਬੀਮਾਰੀ ਲੱਗ ਗਈ ਅਤੇ ਉਸ ਦੇ ਨਮਕ ਹਰਾਮ ਦੋਸਤਾਂ ਨੇ ਉਸ ਨੂੰ ਬੁਰਾ-ਭਲਾ ਕਿਹਾ। ਅੱਯੂਬ ਬਹੁਤ ਉਦਾਸ ਹੋ ਗਿਆ ਅਤੇ ਉਸ ਨੂੰ ਲੱਗਾ ਕਿ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ ਸੀ। (ਅੱਯੂਬ 10:1, 2) ਭਾਵੇਂ ਅੱਜ ਸ਼ਤਾਨ ਸਿੱਧੇ ਤੌਰ ਤੇ ਸਾਡੇ ਉੱਤੇ ਅਜਿਹੀਆਂ ਮੁਸ਼ਕਲਾਂ ਨਹੀਂ ਲਿਆਉਂਦਾ, ਪਰ ਕਈ ਮਸੀਹੀਆਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਸ਼ਤਾਨ ਸਾਡੇ ਉੱਤੇ ਹਮਲਾ ਕਰਨ ਲਈ ਇਨ੍ਹਾਂ ਦਾ ਫ਼ਾਇਦਾ ਉਠਾ ਸਕਦਾ ਹੈ।
9 ਅੰਤ ਦੇ ਇਸ ਸਮੇਂ ਵਿਚ ਸ਼ਤਾਨ ਦੀਆਂ ਚਾਲਾਂ ਵਿਚ ਫਸਣ ਦਾ ਖ਼ਤਰਾ ਵੱਧ ਗਿਆ ਹੈ। ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਰੱਬ ਨਾਲੋਂ ਧਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਮੀਡੀਆ ਵਿਚ ਦਿਖਾਇਆ ਜਾਂਦਾ ਹੈ ਕਿ ਨਾਜਾਇਜ਼ ਜਿਨਸੀ ਸੰਬੰਧਾਂ ਦਾ ਨਤੀਜਾ ਦਿਲ ਦੀ ਪੀੜ ਨਹੀਂ, ਪਰ ਖ਼ੁਸ਼ੀਆਂ ਦੀ ਬਹਾਰ ਹੈ। ਅੱਜ ਲੋਕ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ। (2 ਤਿਮੋਥਿਉਸ 3:1-5) ਜੇ ਅਸੀਂ ‘ਨਿਹਚਾ ਦੇ ਲਈ ਜਤਨ’ ਨਾ ਕਰੀਏ, ਤਾਂ ਇਸ ਤਰ੍ਹਾਂ ਦੀ ਸੋਚਣੀ ਸਾਡੀ ਨਿਹਚਾ ਨੂੰ ਨਸ਼ਟ ਕਰ ਸਕਦੀ ਹੈ।—ਯਹੂਦਾਹ 3.
ਹੀਰੇ-ਮੋਤੀਆਂ ਦੀ ਖੋਜ ਕਰੋ
(ਯਹੂਦਾਹ 4) ਮੈਂ ਤੁਹਾਨੂੰ ਇਸ ਕਰਕੇ ਲਿਖ ਰਿਹਾ ਹਾਂ ਕਿਉਂਕਿ ਕੁਝ ਆਦਮੀ ਦੱਬੇ ਪੈਰੀਂ ਤੁਹਾਡੇ ਵਿਚ ਆ ਵੜੇ ਹਨ। ਅਜਿਹੇ ਆਦਮੀਆਂ ਨੂੰ ਬਹੁਤ ਸਮਾਂ ਪਹਿਲਾਂ ਹੀ ਧਰਮ-ਗ੍ਰੰਥ ਵਿਚ ਸਜ਼ਾ ਦੇ ਲਾਇਕ ਠਹਿਰਾਇਆ ਜਾ ਚੁੱਕਾ ਹੈ। ਇਨ੍ਹਾਂ ਦੁਸ਼ਟ ਆਦਮੀਆਂ ਨੇ ਸਾਡੇ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ ਦਾ ਬਹਾਨਾ ਬਣਾ ਲਿਆ ਹੈ ਅਤੇ ਆਪਣੇ ਇੱਕੋ-ਇਕ ਮਾਲਕ ਤੇ ਪ੍ਰਭੂ ਯਿਸੂ ਮਸੀਹ ਨਾਲ ਵਿਸ਼ਵਾਸਘਾਤ ਕੀਤਾ ਹੈ।
(ਯਹੂਦਾਹ 12) ਇਹ ਪਾਣੀ ਵਿਚ ਲੁਕੇ ਹੋਏ ਪੱਥਰ ਹਨ ਜਿਹੜੇ ਭਰਾਵਾਂ ਦੀਆਂ ਦਾਅਵਤਾਂ ਵਿਚ ਤੁਹਾਡੇ ਨਾਲ ਖਾਂਦੇ-ਪੀਂਦੇ ਹਨ ਅਤੇ ਇਹ ਅਜਿਹੇ ਚਰਵਾਹੇ ਹਨ ਜਿਹੜੇ ਬੇਸ਼ਰਮੀ ਨਾਲ ਸਿਰਫ਼ ਆਪਣਾ ਢਿੱਡ ਭਰਨ ਬਾਰੇ ਹੀ ਸੋਚਦੇ ਹਨ; ਇਹ ਬਿਨਾਂ ਪਾਣੀ ਦੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਇੱਧਰ-ਉੱਧਰ ਉਡਾ ਲੈ ਜਾਂਦੀ ਹੈ; ਇਹ ਅਜਿਹੇ ਦਰਖ਼ਤ ਹਨ ਜਿਨ੍ਹਾਂ ਨੂੰ ਮੌਸਮ ਆਉਣ ਤੇ ਫਲ ਨਹੀਂ ਲੱਗਦਾ, ਸਗੋਂ ਇਹ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ ਅਤੇ ਇਨ੍ਹਾਂ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਹੈ;
it-2 279
ਭਰਾਵਾਂ ਦੀਆਂ ਦਾਅਵਤਾਂ
ਬਾਈਬਲ ਨਾ ਤਾਂ ਇਹ ਦੱਸਦੀ ਹੈ ਕਿ ਭਰਾਵਾਂ ਦੀਆਂ ਕਿਹੜੀਆਂ ਦਾਅਵਤਾਂ ਹੁੰਦੀਆਂ ਸਨ ਅਤੇ ਨਾ ਹੀ ਇਹ ਦੱਸਦੀ ਹੈ ਕਿ ਇਹ ਕਿੰਨੀ ਕੁ ਵਾਰ ਹੁੰਦੀਆਂ ਸਨ। (ਯਹੂਦਾਹ 12) ਇੱਦਾਂ ਦੀਆਂ ਦਾਅਵਤਾਂ ਕਰਨ ਦਾ ਹੁਕਮ ਪ੍ਰਭੂ ਯਿਸੂ ਮਸੀਹ ਜਾਂ ਉਸ ਦੇ ਰਸੂਲਾਂ ਨੇ ਨਹੀਂ ਦਿੱਤਾ ਸੀ ਅਤੇ ਇੱਦਾਂ ਲੱਗਦਾ ਹੈ ਕਿ ਇਹ ਦਾਅਵਤਾਂ ਕਰਨੀਆਂ ਲਾਜ਼ਮੀ ਨਹੀਂ ਸਨ। ਕੁਝ ਲੋਕ ਕਹਿੰਦੇ ਹਨ ਕਿ ਇੱਦਾਂ ਦੇ ਕਈ ਮੌਕੇ ਹੁੰਦੇ ਸਨ ਜਦੋਂ ਅਮੀਰ ਮਸੀਹੀ ਦਾਅਵਤਾਂ ਰੱਖਦੇ ਸਨ ਅਤੇ ਜਿਨ੍ਹਾਂ ਵਿਚ ਉਹ ਗ਼ਰੀਬ ਮਸੀਹੀਆਂ ਨੂੰ ਬੁਲਾਉਂਦੇ ਸਨ। ਇਨ੍ਹਾਂ ਵਿਚ ਯਤੀਮ, ਵਿਧਵਾਵਾਂ, ਅਮੀਰ ਅਤੇ ਗ਼ਰੀਬ ਭੈਣ-ਭਰਾ ਮਿਲ ਕੇ ਦਾਅਵਤ ਦਾ ਆਨੰਦ ਮਾਣਦੇ ਸਨ।
it-2 816
ਪੱਥਰ
ਜਿਸ ਯੂਨਾਨੀ ਸ਼ਬਦ ਸਪਾਇਲੈਸ (spi·lasʹ) ਦਾ ਅਨੁਵਾਦ ਪੱਥਰ ਕੀਤਾ ਗਿਆ ਹੈ, ਉਸ ਦਾ ਮਤਲਬ ਉਹ ਪੱਥਰ ਹੈ ਜੋ ਪਾਣੀ ਵਿਚ ਲੁਕਿਆ ਹੁੰਦਾ ਹੈ। ਯਹੂਦਾਹ ਨੇ ਇਸ ਨੂੰ ਉਨ੍ਹਾਂ ਆਦਮੀਆਂ ਬਾਰੇ ਸਮਝਾਉਣ ਲਈ ਵਰਤਿਆ ਜੋ ਮਸੀਹੀ ਮੰਡਲੀ ਵਿਚ ਬੁਰੇ ਇਰਾਦਿਆਂ ਨਾਲ ਆ ਵੜੇ ਸਨ। ਜਿਸ ਤਰ੍ਹਾਂ ਜਹਾਜ਼ ਨੂੰ ਲੁਕੇ ਹੋਏ ਪੱਥਰਾਂ ਤੋਂ ਖ਼ਤਰਾ ਹੁੰਦਾ ਸੀ, ਉਸੇ ਤਰ੍ਹਾਂ ਇਹ ਆਦਮੀ ਵੀ ਮੰਡਲੀ ਦੇ ਦੂਸਰੇ ਭੈਣਾਂ-ਭਰਾਵਾਂ ਲਈ ਖ਼ਤਰਾ ਸਨ। ਉਸ ਨੇ ਅਜਿਹੇ ਆਦਮੀਆਂ ਬਾਰੇ ਕਿਹਾ: “ਇਹ ਪਾਣੀ ਵਿਚ ਲੁਕੇ ਹੋਏ ਪੱਥਰ ਹਨ ਜਿਹੜੇ ਭਰਾਵਾਂ ਦੀਆਂ ਦਾਅਵਤਾਂ ਵਿਚ ਤੁਹਾਡੇ ਨਾਲ ਖਾਂਦੇ-ਪੀਂਦੇ ਹਨ।”—ਯਹੂਦਾਹ 12.
(ਯਹੂਦਾਹ 14, 15) ਹਾਂ, ਹਨੋਕ ਨੇ ਵੀ, ਜਿਹੜਾ ਆਦਮ ਤੋਂ ਸੱਤਵੀਂ ਪੀੜ੍ਹੀ ਸੀ, ਇਨ੍ਹਾਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ: “ਦੇਖੋ! ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਆਇਆ 15 ਤਾਂਕਿ ਸਾਰਿਆਂ ਨੂੰ ਸਜ਼ਾ ਦੇਵੇ, ਅਤੇ ਸਾਰੇ ਦੁਸ਼ਟ ਲੋਕਾਂ ਨੂੰ ਦੋਸ਼ੀ ਠਹਿਰਾਵੇ ਜਿਨ੍ਹਾਂ ਨੇ ਦੁਸ਼ਟ ਤਰੀਕੇ ਨਾਲ ਦੁਸ਼ਟ ਕੰਮ ਕੀਤੇ ਹਨ ਅਤੇ ਉਨ੍ਹਾਂ ਦੁਸ਼ਟ ਪਾਪੀਆਂ ਨੂੰ ਵੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਘਟੀਆ ਗੱਲਾਂ ਕਹੀਆਂ ਹਨ।”
“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”
ਹਨੋਕ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ? ਇਹ ਕੀਤੀ ਸੀ: “ਦੇਖੋ! ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਆਇਆ ਤਾਂਕਿ ਸਾਰਿਆਂ ਨੂੰ ਸਜ਼ਾ ਦੇਵੇ, ਅਤੇ ਸਾਰੇ ਦੁਸ਼ਟ ਲੋਕਾਂ ਨੂੰ ਦੋਸ਼ੀ ਠਹਿਰਾਵੇ ਜਿਨ੍ਹਾਂ ਨੇ ਦੁਸ਼ਟ ਤਰੀਕੇ ਨਾਲ ਦੁਸ਼ਟ ਕੰਮ ਕੀਤੇ ਹਨ ਅਤੇ ਉਨ੍ਹਾਂ ਦੁਸ਼ਟ ਪਾਪੀਆਂ ਨੂੰ ਵੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਖ਼ਿਲਾਫ਼ ਘਟੀਆ ਗੱਲਾਂ ਕਹੀਆਂ ਹਨ।” (ਯਹੂਦਾਹ 14, 15) ਹਨੋਕ ਨੂੰ ਪੂਰਾ ਯਕੀਨ ਸੀ ਕਿ ਇਹ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ। ਇਸ ਲਈ ਉਸ ਨੇ ਇੱਦਾਂ ਗੱਲਾਂ ਦੱਸੀਆਂ ਜਿੱਦਾਂ ਕਿ ਰੱਬ ਨੇ ਪਹਿਲਾਂ ਹੀ ਇਹ ਪੂਰੀਆਂ ਕਰ ਦਿੱਤੀਆਂ ਹੋਣ। ਮੁੱਖ ਗੱਲ ਇਹ ਹੈ: ਹਨੋਕ ਪੂਰੇ ਭਰੋਸੇ ਨਾਲ ਜੋ ਕੁਝ ਦੱਸ ਰਿਹਾ ਸੀ, ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਪਹਿਲਾਂ ਹੀ ਹੋ ਚੁੱਕਾ ਸੀ।—ਯਸਾਯਾਹ 46:10.
“ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”
ਹਨੋਕ ਦੀ ਨਿਹਚਾ ਤੋਂ ਸਾਨੂੰ ਸ਼ਾਇਦ ਇਹ ਦੇਖਣ ਦੀ ਹੱਲਾਸ਼ੇਰੀ ਮਿਲੇ ਕਿ ਇਸ ਦੁਨੀਆਂ ਨੂੰ ਅਸੀਂ ਰੱਬ ਦੀ ਨਜ਼ਰ ਤੋਂ ਦੇਖਦੇ ਹਾਂ ਜਾਂ ਨਹੀਂ। ਹਨੋਕ ਨੇ ਦਲੇਰੀ ਨਾਲ ਜੋ ਸਜ਼ਾ ਸੁਣਾਈ ਸੀ, ਉਹ ਇਸ ਦੁਨੀਆਂ ਨੂੰ ਵੀ ਮਿਲੇਗੀ ਜਿਵੇਂ ਉਸ ਜ਼ਮਾਨੇ ਦੀ ਦੁਨੀਆਂ ਨੂੰ ਮਿਲੀ ਸੀ। ਹਨੋਕ ਵੱਲੋਂ ਦਿੱਤੀ ਚੇਤਾਵਨੀ ਅਨੁਸਾਰ ਯਹੋਵਾਹ ਨੇ ਨੂਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ʼਤੇ ਜਲ-ਪਰਲੋ ਲਿਆਂਦੀ। ਪਰ ਇਹ ਤਬਾਹੀ ਆਉਣ ਵਾਲੀ ਵੱਡੀ ਤਬਾਹੀ ਦਾ ਨਮੂਨਾ ਸੀ। (ਮੱਤੀ 24:38, 39; 2 ਪਤਰਸ 2:4-6) ਅੱਜ ਯਹੋਵਾਹ ਆਪਣੇ ਲੱਖਾਂ ਦੂਤਾਂ ਨਾਲ ਦੁਸ਼ਟ ਲੋਕਾਂ ਉੱਤੇ ਤਬਾਹੀ ਲਿਆਉਣ ਲਈ ਮੋਰਚਾ ਬੰਨ੍ਹੀ ਖੜ੍ਹਾ ਹੈ। ਸਾਡੇ ਵਿੱਚੋਂ ਹਰ ਇਕ ਨੂੰ ਹਨੋਕ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਤੇ ਇਸ ਬਾਰੇ ਦੂਸਰਿਆਂ ਨੂੰ ਵੀ ਦੱਸਣਾ ਚਾਹੀਦਾ ਹੈ। ਸ਼ਾਇਦ ਸਾਡਾ ਪਰਿਵਾਰ ਅਤੇ ਦੋਸਤ ਸਾਡੇ ਨਾਲੋਂ ਨਾਤਾ ਤੋੜ ਲੈਣ। ਇਸ ਲਈ ਸ਼ਾਇਦ ਅਸੀਂ ਕਦੇ-ਕਦੇ ਇਕੱਲੇ ਮਹਿਸੂਸ ਕਰੀਏ। ਪਰ ਯਹੋਵਾਹ ਨੇ ਹਨੋਕ ਨੂੰ ਕਦੇ ਵੀ ਨਹੀਂ ਛੱਡਿਆ ਤੇ ਨਾ ਹੀ ਉਹ ਅੱਜ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਛੱਡੇਗਾ!
ਬਾਈਬਲ ਪੜ੍ਹਾਈ
(2 ਯੂਹੰਨਾ 1-13) ਮੈਂ, ਬਜ਼ੁਰਗ, ਇਹ ਚਿੱਠੀ ਚੁਣੀ ਹੋਈ ਬੀਬੀ ਨੂੰ ਅਤੇ ਉਸ ਦੇ ਬੱਚਿਆਂ ਨੂੰ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਸਿਰਫ਼ ਮੈਂ ਹੀ ਨਹੀਂ ਸਗੋਂ ਉਹ ਸਾਰੇ ਵੀ ਪਿਆਰ ਕਰਦੇ ਹਨ ਜਿਨ੍ਹਾਂ ਨੇ ਸੱਚਾਈ ਸਿੱਖੀ ਹੈ, 2 ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਸਾਡੇ ਦਿਲਾਂ ਵਿਚ ਸੱਚਾਈ ਹੈ ਅਤੇ ਇਹ ਹਮੇਸ਼ਾ ਸਾਡੇ ਦਿਲਾਂ ਵਿਚ ਰਹੇਗੀ। 3 ਪਿਤਾ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਸਾਨੂੰ ਸੱਚਾਈ ਦਾ ਗਿਆਨ ਦੇਣ ਅਤੇ ਪਿਆਰ ਕਰਨ ਦੇ ਨਾਲ-ਨਾਲ ਸਾਡੇ ਉੱਤੇ ਅਪਾਰ ਕਿਰਪਾ ਤੇ ਦਇਆ ਕਰਨਗੇ ਅਤੇ ਸਾਨੂੰ ਸ਼ਾਂਤੀ ਬਖ਼ਸ਼ਣਗੇ। 4 ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਤੇਰੇ ਕਈ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ, ਜਿਵੇਂ ਪਿਤਾ ਨੇ ਸਾਨੂੰ ਹੁਕਮ ਦਿੱਤਾ ਹੈ। 5 ਇਸ ਲਈ ਹੁਣ ਹੇ ਬੀਬੀ, ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਇਕ-ਦੂਸਰੇ ਨੂੰ ਪਿਆਰ ਕਰੋ (ਮੈਂ ਤੈਨੂੰ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ ਹਾਂ, ਸਗੋਂ ਉਹੀ ਹੁਕਮ ਦੇ ਰਿਹਾ ਹਾਂ ਜੋ ਸਾਨੂੰ ਸ਼ੁਰੂ ਤੋਂ ਦਿੱਤਾ ਗਿਆ ਸੀ)। 6 ਪਿਆਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਰਹੀਏ। ਅਤੇ ਹੁਕਮ ਇਹ ਹੈ ਕਿ ਤੁਸੀਂ ਇਕ-ਦੂਸਰੇ ਨੂੰ ਪਿਆਰ ਕਰਦੇ ਰਹੋ ਅਤੇ ਇਸ ਹੁਕਮ ਬਾਰੇ ਤੁਸੀਂ ਸ਼ੁਰੂ ਤੋਂ ਸੁਣਿਆ ਹੈ। 7 ਕਿਉਂਕਿ ਬਹੁਤ ਸਾਰੇ ਧੋਖੇਬਾਜ਼ ਦੁਨੀਆਂ ਵਿਚ ਆ ਚੁੱਕੇ ਹਨ ਅਤੇ ਇਹ ਧੋਖੇਬਾਜ਼ ਕਬੂਲ ਨਹੀਂ ਕਰਦੇ ਕਿ ਯਿਸੂ ਇਨਸਾਨ ਦੇ ਰੂਪ ਵਿਚ ਆਇਆ ਸੀ। ਇਸ ਗੱਲ ਨੂੰ ਕਬੂਲ ਨਾ ਕਰਨ ਵਾਲਾ ਇਨਸਾਨ ਹੀ ਧੋਖੇਬਾਜ਼ ਅਤੇ ਮਸੀਹ ਦਾ ਵਿਰੋਧੀ ਹੈ। 8 ਤੁਸੀਂ ਚੌਕਸ ਰਹੋ ਕਿ ਤੁਸੀਂ ਕਿਤੇ ਉਨ੍ਹਾਂ ਚੀਜ਼ਾਂ ਨੂੰ ਗੁਆ ਨਾ ਬੈਠੋ ਜਿਹੜੀਆਂ ਅਸੀਂ ਮਿਹਨਤ ਕਰ ਕੇ ਹਾਸਲ ਕੀਤੀਆਂ ਹਨ, ਸਗੋਂ ਤੁਸੀਂ ਪੂਰਾ ਇਨਾਮ ਪਾਓ। 9 ਜਿਹੜਾ ਇਨਸਾਨ ਗੁਸਤਾਖ਼ੀ ਕਰਦੇ ਹੋਏ ਮਸੀਹ ਦੀ ਸਿੱਖਿਆ ਦੀਆਂ ਹੱਦਾਂ ਵਿਚ ਨਹੀਂ ਰਹਿੰਦਾ, ਉਸ ਦਾ ਪਰਮੇਸ਼ੁਰ ਨਾਲ ਕੋਈ ਰਿਸ਼ਤਾ ਨਹੀਂ ਹੈ। ਜਿਹੜਾ ਇਸ ਸਿੱਖਿਆ ʼਤੇ ਚੱਲਦਾ ਹੈ, ਉਸ ਦਾ ਪਿਤਾ ਅਤੇ ਪੁੱਤਰ ਦੋਵਾਂ ਨਾਲ ਰਿਸ਼ਤਾ ਹੈ। 10 ਜੇ ਕੋਈ ਤੁਹਾਡੇ ਕੋਲ ਆਉਂਦਾ ਹੈ ਅਤੇ ਇਹ ਸਿੱਖਿਆ ਨਹੀਂ ਦਿੰਦਾ, ਤਾਂ ਉਸ ਨੂੰ ਨਾ ਆਪਣੇ ਘਰ ਵਾੜੋ ਤੇ ਨਾ ਹੀ ਉਸ ਨੂੰ ਨਮਸਕਾਰ ਕਰੋ; 11 ਕਿਉਂਕਿ ਜਿਹੜਾ ਅਜਿਹੇ ਇਨਸਾਨ ਨੂੰ ਨਮਸਕਾਰ ਕਰਦਾ ਹੈ, ਉਹ ਉਸ ਦੇ ਬੁਰੇ ਕੰਮਾਂ ਵਿਚ ਹਿੱਸੇਦਾਰ ਬਣਦਾ ਹੈ। 12 ਮੈਂ ਤੁਹਾਨੂੰ ਹੋਰ ਕਈ ਗੱਲਾਂ ਦੱਸਣੀਆਂ ਚਾਹੁੰਦਾ ਹਾਂ, ਪਰ ਮੈਂ ਸਭ ਕੁਝ ਚਿੱਠੀ ਵਿਚ ਨਹੀਂ ਲਿਖਣਾ ਚਾਹੁੰਦਾ। ਮੈਨੂੰ ਤੁਹਾਡੇ ਕੋਲ ਆਉਣ ਦੀ ਉਮੀਦ ਹੈ ਅਤੇ ਫਿਰ ਆਪਾਂ ਆਮ੍ਹੋ-ਸਾਮ੍ਹਣੇ ਬੈਠ ਕੇ ਗੱਲਾਂ ਕਰਾਂਗੇ, ਤਾਂਕਿ ਤੁਹਾਡੀ ਖ਼ੁਸ਼ੀ ਵਿਚ ਵਾਧਾ ਹੋਵੇ। 13 ਤੇਰੀ ਚੁਣੀ ਹੋਈ ਭੈਣ ਦੇ ਬੱਚਿਆਂ ਵੱਲੋਂ ਵੀ ਤੈਨੂੰ ਨਮਸਕਾਰ।
18-24 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 1–3
“ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”
(ਪ੍ਰਕਾਸ਼ ਦੀ ਕਿਤਾਬ 1:20) ਅਤੇ ਜਿਹੜੇ ਸੱਤ ਤਾਰੇ ਤੂੰ ਮੇਰੇ ਸੱਜੇ ਹੱਥ ਵਿਚ ਦੇਖੇ ਸਨ ਅਤੇ ਜਿਹੜੇ ਸੋਨੇ ਦੇ ਸੱਤ ਸ਼ਮਾਦਾਨ ਤੂੰ ਦੇਖੇ ਸਨ, ਉਨ੍ਹਾਂ ਦਾ ਭੇਤ ਇਹ ਹੈ: ਇਹ ਸੱਤ ਤਾਰੇ ਸੱਤ ਮੰਡਲੀਆਂ ਦੇ ਦੂਤ ਹਨ ਅਤੇ ਸੱਤ ਸ਼ਮਾਦਾਨ ਸੱਤ ਮੰਡਲੀਆਂ ਹਨ।
ਤੁਹਾਡਾ ਰਵੱਈਆ ਕਿਹੋ ਜਿਹਾ ਹੈ?
8 ਇਸ ਤਰ੍ਹਾਂ ਦੇ ਰਵੱਈਏ ਤੋਂ ਬਚਣ ਲਈ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? ਬਾਈਬਲ ਵਿਚ ਦਿਖਾਇਆ ਗਿਆ ਹੈ ਕਿ ਯਿਸੂ ਦੇ “ਸੱਜੇ ਹੱਥ ਵਿਚ ਸੱਤ ਤਾਰੇ” ਹਨ। ਇਹ “ਤਾਰੇ” ਚੁਣੇ ਹੋਏ ਬਜ਼ੁਰਗਾਂ ਨੂੰ ਦਰਸਾਉਂਦੇ ਹਨ। ਇਹ ਗੱਲ ਹੋਰ ਭੇਡਾਂ ਦੇ ਸਾਰੇ ਬਜ਼ੁਰਗਾਂ ਉੱਤੇ ਵੀ ਲਾਗੂ ਹੁੰਦੀ ਹੈ। ਯਿਸੂ ਇਨ੍ਹਾਂ ‘ਤਾਰਿਆਂ’ ਨੂੰ ਜਿਵੇਂ ਚਾਹੇ ਵਰਤ ਸਕਦਾ ਹੈ। (ਪ੍ਰਕਾ. 1:16, 20) ਮੰਡਲੀ ਦਾ ਮੁਖੀ ਹੋਣ ਕਰਕੇ ਯਿਸੂ ਦਾ ਇਨ੍ਹਾਂ ਬਜ਼ੁਰਗਾਂ ʼਤੇ ਪੂਰਾ ਕੰਟ੍ਰੋਲ ਹੈ। ਯਿਸੂ ਦੀਆਂ “ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ” ਹਨ ਤੇ ਜੇ ਉਹ ਦੇਖਦਾ ਹੈ ਕਿ ਕਿਸੇ ਬਜ਼ੁਰਗ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਆਪਣੇ ਸਮੇਂ ʼਤੇ ਆਪਣੇ ਤਰੀਕੇ ਨਾਲ ਉਸ ਵਿਚ ਸੁਧਾਰ ਕਰਦਾ ਹੈ। (ਪ੍ਰਕਾ. 1:14) ਇਸ ਲਈ ਸਾਨੂੰ ਪਵਿੱਤਰ ਸ਼ਕਤੀ ਦੁਆਰਾ ਚੁਣੇ ਗਏ ਬਜ਼ੁਰਗਾਂ ਦਾ ਆਦਰ ਕਰਨ ਦੀ ਲੋੜ ਹੈ। ਪੌਲੁਸ ਨੇ ਲਿਖਿਆ: “ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ ਕਿਉਂਕਿ ਉਹ ਇਹ ਜਾਣਦੇ ਹੋਏ ਤੁਹਾਡਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਨੇ ਆਪਣੀ ਇਸ ਜ਼ਿੰਮੇਵਾਰੀ ਦਾ ਹਿਸਾਬ ਦੇਣਾ ਹੈ; ਤਾਂਕਿ ਉਹ ਇਹ ਕੰਮ ਖ਼ੁਸ਼ੀ-ਖ਼ੁਸ਼ੀ ਕਰਨ, ਨਾ ਕਿ ਹਉਕੇ ਭਰ-ਭਰ ਕੇ ਕਿਉਂਕਿ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ।”—ਇਬ. 13:17.
(ਪ੍ਰਕਾਸ਼ ਦੀ ਕਿਤਾਬ 2:1, 2) “ਅਫ਼ਸੁਸ ਦੀ ਮੰਡਲੀ ਦੇ ਦੂਤ ਨੂੰ ਲਿਖ: ਜਿਸ ਨੇ ਆਪਣੇ ਸੱਜੇ ਹੱਥ ਵਿਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੋਨੇ ਦੇ ਸੱਤ ਸ਼ਮਾਦਾਨਾਂ ਵਿਚਕਾਰ ਤੁਰਦਾ ਹੈ, ਉਹ ਇਹ ਗੱਲਾਂ ਕਹਿੰਦਾ ਹੈ, 2 ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ, ਨਾਲੇ ਇਹ ਵੀ ਜਾਣਦਾ ਹਾਂ ਕਿ ਤੂੰ ਕਿੰਨੀ ਮਿਹਨਤ ਕਰਦਾ ਹੈਂ ਅਤੇ ਕਿੰਨਾ ਧੀਰਜ ਰੱਖਦਾ ਹੈਂ ਅਤੇ ਤੂੰ ਬੁਰੇ ਆਦਮੀਆਂ ਨੂੰ ਬਰਦਾਸ਼ਤ ਨਹੀਂ ਕਰਦਾ। ਮੈਨੂੰ ਇਹ ਵੀ ਪਤਾ ਹੈ ਕਿ ਤੂੰ ਉਨ੍ਹਾਂ ਆਦਮੀਆਂ ਨੂੰ ਪਰਖ ਕੇ ਝੂਠਾ ਸਾਬਤ ਕੀਤਾ ਹੈ ਜਿਹੜੇ ਆਪਣੇ ਆਪ ਨੂੰ ਰਸੂਲ ਕਹਿੰਦੇ ਹਨ, ਪਰ ਅਸਲ ਵਿਚ ਨਹੀਂ ਹਨ।
ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ
11 ਪ੍ਰਕਾਸ਼ ਦੀ ਕਿਤਾਬ ਦੇ ਦੂਜੇ ਤੇ ਤੀਜੇ ਅਧਿਆਇ ਵਿਚ ਦਰਜ ਦਰਸ਼ਣ ਵਿਚ ਮਹਿਮਾਵਾਨ ਯਿਸੂ ਮਸੀਹ ਏਸ਼ੀਆ ਮਾਈਨਰ ਦੀਆਂ ਸੱਤ ਮੰਡਲੀਆਂ ਦੀ ਜਾਂਚ ਕਰਦਾ ਹੈ। ਇਸ ਦਰਸ਼ਣ ਤੋਂ ਪਤਾ ਲੱਗਦਾ ਹੈ ਕਿ ਮਸੀਹ ਨੂੰ ਹਰ ਮੰਡਲੀ ਬਾਰੇ ਮਾੜਾ-ਮੋਟਾ ਹੀ ਨਹੀਂ, ਸਗੋਂ ਉਸ ਨੂੰ ਮੰਡਲੀ ਦੀ ਇਕ-ਇਕ ਗੱਲ ਪਤਾ ਸੀ। ਕਈ ਵਾਰ ਉਸ ਨੇ ਖ਼ਾਸ ਵਿਅਕਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਹਰ ਮੰਡਲੀ ਦੀ ਚੰਗੀ ਗੱਲ ਦੀ ਤਾਰੀਫ਼ ਕੀਤੀ ਅਤੇ ਸਲਾਹ ਵੀ ਦਿੱਤੀ। ਇਸ ਤੋਂ ਕੀ ਪਤਾ ਲੱਗਦਾ ਹੈ? ਇਸ ਦਰਸ਼ਣ ਦੀ ਪੂਰਤੀ 1914 ਤੋਂ ਬਾਅਦ ਹੋਈ। ਸੱਤ ਮੰਡਲੀਆਂ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦੀਆਂ ਹਨ। ਭਾਵੇਂ ਇਨ੍ਹਾਂ ਮੰਡਲੀਆਂ ਨੂੰ ਦਿੱਤੀ ਸਲਾਹ ਚੁਣੇ ਹੋਏ ਮਸੀਹੀਆਂ ʼਤੇ ਖ਼ਾਸ ਤੌਰ ਤੇ ਲਾਗੂ ਹੁੰਦੀ ਹੈ, ਪਰ ਇਹ ਅੱਜ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਉੱਤੇ ਵੀ ਲਾਗੂ ਹੁੰਦੀ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਪੁੱਤਰ ਦੇ ਜ਼ਰੀਏ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ। ਅਸੀਂ ਉਸ ਦੀ ਅਗਵਾਈ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ?
ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚਲੋ
20 ਯਹੋਵਾਹ ਦਾ ਸੰਗਠਨ ਦਿਨ-ਬ-ਦਿਨ ਅੱਗੇ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਮਤਲਬ ਇਹ ਹੈ ਕਿ ਅਸੀਂ ‘ਕਲੀਸਿਯਾ ਦੇ ਸਿਰ’ ਵਜੋਂ ਯਿਸੂ ਮਸੀਹ ਦੇ ਇਖ਼ਤਿਆਰ ਨੂੰ ਮੰਨੀਏ ਜੋ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਹੈ। (ਅਫ਼ਸੀਆਂ 5:22, 23) ਮਿਸਾਲ ਲਈ ਯਸਾਯਾਹ 55:4 ਸਾਨੂੰ ਦੱਸਦਾ ਹੈ: “ਵੇਖ, ਮੈਂ [ਯਹੋਵਾਹ ਨੇ] ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ ਅਤੇ ਹਾਕਮ।” ਯਿਸੂ ਮਸੀਹ ਅਗਵਾਈ ਕਰਨੀ ਜਾਣਦਾ ਹੈ। ਉਹ ਆਪਣੀਆਂ ਭੇਡਾਂ ਨੂੰ ਅਤੇ ਉਨ੍ਹਾਂ ਦਿਆਂ ਕੰਮਾਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਦਰਅਸਲ, ਜਦੋਂ ਉਸ ਨੇ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਦੀ ਜਾਂਚ-ਪੜਤਾਲ ਕੀਤੀ ਸੀ ਤਾਂ ਪੰਜ ਵਾਰੀ ਉਸ ਨੇ ਕਿਹਾ ਕਿ ‘ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ।’ (ਪਰਕਾਸ਼ ਦੀ ਪੋਥੀ 2:2, 19; 3:1, 8, 15) ਯਿਸੂ ਆਪਣੇ ਪਿਤਾ ਯਹੋਵਾਹ ਵਾਂਗ ਸਾਡੀਆਂ ਲੋੜਾਂ ਨੂੰ ਵੀ ਜਾਣਦਾ ਹੈ। ਪ੍ਰਭੂ ਦੀ ਪ੍ਰਾਰਥਨਾ ਸਿਖਾਉਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਨ੍ਹਾਂ-ਕਿਨ੍ਹਾਂ ਵਸਤਾਂ ਦੀ ਲੋੜ ਹੈ।”—ਮੱਤੀ 6:8-13.
ਹੀਰੇ-ਮੋਤੀਆਂ ਦੀ ਖੋਜ ਕਰੋ
(ਪ੍ਰਕਾਸ਼ ਦੀ ਕਿਤਾਬ 1:7) ਦੇਖੋ! ਉਹ ਬੱਦਲਾਂ ਵਿਚ ਆ ਰਿਹਾ ਹੈ, ਅਤੇ ਹਰ ਕੋਈ ਉਸ ਨੂੰ ਦੇਖੇਗਾ। ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ, ਉਹ ਵੀ ਉਸ ਨੂੰ ਦੇਖਣਗੇ; ਉਸ ਕਰਕੇ ਧਰਤੀ ਦੀਆਂ ਸਾਰੀਆਂ ਕੌਮਾਂ ਦੁੱਖ ਦੇ ਮਾਰੇ ਛਾਤੀ ਪਿੱਟਣਗੀਆਂ। ਹਾਂ, ਇਹ ਜ਼ਰੂਰ ਹੋਵੇਗਾ। ਆਮੀਨ।
kr 226 ਪੈਰਾ 10
ਪਰਮੇਸ਼ੁਰ ਦਾ ਰਾਜ ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰੇਗਾ
10 ਨਿਆਂ ਦਾ ਸੰਦੇਸ਼। ਪਰਮੇਸ਼ੁਰ ਦੇ ਰਾਜ ਦੇ ਸਾਰੇ ਦੁਸ਼ਮਣਾਂ ਨੂੰ ਇਕ ਘਟਨਾ ਦੇਖਣੀ ਹੀ ਪਵੇਗੀ ਜਿਸ ਕਰਕੇ ਉਨ੍ਹਾਂ ਦਾ ਦੁੱਖ ਹੋਰ ਵਧ ਜਾਵੇਗਾ। ਯਿਸੂ ਨੇ ਕਿਹਾ: “ਉਹ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿਚ ਬੇਅੰਤ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਦੇਖਣਗੇ।” (ਮਰਕੁਸ 13:26) ਯਿਸੂ ਦੀ ਇਹ ਬੇਅੰਤ ਸ਼ਕਤੀ ਇਸ ਗੱਲ ਦੀ ਨਿਸ਼ਾਨੀ ਹੋਵੇਗੀ ਕਿ ਉਹ ਨਿਆਂ ਕਰਨ ਆ ਗਿਆ ਹੈ। ਆਖ਼ਰੀ ਦਿਨਾਂ ਬਾਰੇ ਕੀਤੀ ਭਵਿੱਖਬਾਣੀ ਵਿਚ ਯਿਸੂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਨਿਆਂ ਦਾ ਸੰਦੇਸ਼ ਸੁਣਾਵੇਗਾ, ਤਾਂ ਉਸ ਵੇਲੇ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰਨਗੀਆਂ। ਭੇਡਾਂ ਤੇ ਬੱਕਰੀਆਂ ਦੀ ਮਿਸਾਲ ਤੋਂ ਅਸੀਂ ਇਸ ਬਾਰੇ ਹੋਰ ਜਾਣ ਸਕਦੇ ਹਾਂ। (ਮੱਤੀ 25:31-33, 46 ਪੜ੍ਹੋ।) ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣ ਵਾਲੇ ਵਫ਼ਾਦਾਰ ਲੋਕਾਂ ਦਾ ਨਿਆਂ “ਭੇਡਾਂ” ਵਜੋਂ ਕੀਤਾ ਜਾਵੇਗਾ ਅਤੇ ਉਹ ਆਪਣੇ ‘ਸਿਰ ਉੱਪਰ ਚੁੱਕਣਗੇ’ ਕਿਉਂਕਿ ਉਹ ਸਮਝ ਜਾਣਗੇ ਕਿ ਉਨ੍ਹਾਂ ਦਾ “ਛੁਟਕਾਰਾ ਹੋਣ ਵਾਲਾ ਹੈ।” (ਲੂਕਾ 21:28) ਪਰ ਰਾਜ ਦਾ ਵਿਰੋਧ ਕਰਨ ਵਾਲਿਆਂ ਦਾ ਨਿਆਂ “ਬੱਕਰੀਆਂ” ਵਜੋਂ ਕੀਤਾ ਜਾਵੇਗਾ ਅਤੇ ਉਹ ‘ਆਪਣੀ ਛਾਤੀ ਪਿੱਟਣਗੇ’ ਕਿਉਂਕਿ ਉਹ ਸਮਝ ਜਾਣਗੇ ਕਿ ਉਹ “ਹਮੇਸ਼ਾ ਲਈ ਖ਼ਤਮ” ਹੋਣ ਵਾਲੇ ਹਨ।—ਮੱਤੀ 24:30; ਪ੍ਰਕਾ 1:7.
(ਪ੍ਰਕਾਸ਼ ਦੀ ਕਿਤਾਬ 2:7) ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ ਕਿ ਪਵਿੱਤਰ ਸ਼ਕਤੀ ਮੰਡਲੀਆਂ ਨੂੰ ਕੀ ਕਹਿੰਦੀ ਹੈ: ਜਿਹੜਾ ਜਿੱਤੇਗਾ, ਮੈਂ ਉਸ ਨੂੰ ਜੀਵਨ ਦੇ ਦਰਖ਼ਤ ਦਾ ਫਲ ਖਾਣ ਦਿਆਂਗਾ ਜੋ ਪਰਮੇਸ਼ੁਰ ਦੇ ਬਾਗ਼ ਵਿਚ ਲੱਗਾ ਹੋਇਆ ਹੈ।’
ਪਰਕਾਸ਼ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
2:7—‘ਪਰਮੇਸ਼ੁਰ ਦਾ ਬਾਗ਼’ ਕੀ ਹੈ? ਇਹ ਸ਼ਬਦ ਮਸਹ ਕੀਤੇ ਹੋਏ ਮਸੀਹੀਆਂ ਨੂੰ ਕਹੇ ਗਏ ਸਨ, ਇਸ ਲਈ ਇੱਥੇ ਫ਼ਿਰਦੌਸ ਪਰਮੇਸ਼ੁਰ ਦੀ ਹਜ਼ੂਰੀ ਯਾਨੀ ਸਵਰਗ ਨੂੰ ਕਿਹਾ ਗਿਆ ਹੈ। ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਜੀਵਨ ਦੇ ਬਿਰਛ’ ਤੋਂ ਖਾਣ ਦਾ ਅਧਿਕਾਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਅਮਰ ਜੀਵਨ ਮਿਲੇਗਾ।—1 ਕੁਰਿੰ. 15:53.
ਬਾਈਬਲ ਪੜ੍ਹਾਈ
(ਪ੍ਰਕਾਸ਼ ਦੀ ਕਿਤਾਬ 1:1-11) ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ। ਫਿਰ ਮਸੀਹ ਨੇ ਆਪਣਾ ਦੂਤ ਘੱਲ ਕੇ ਨਿਸ਼ਾਨੀਆਂ ਰਾਹੀਂ ਇਹ ਗੱਲਾਂ ਆਪਣੇ ਸੇਵਕ ਯੂਹੰਨਾ ਨੂੰ ਪ੍ਰਗਟ ਕੀਤੀਆਂ। 2 ਯੂਹੰਨਾ ਨੇ ਪਰਮੇਸ਼ੁਰ ਦਾ ਸੰਦੇਸ਼ ਸੁਣਾਇਆ ਸੀ ਅਤੇ ਯਿਸੂ ਮਸੀਹ ਦੁਆਰਾ ਦਿੱਤੀ ਗਵਾਹੀ ਬਾਰੇ ਦੱਸਿਆ ਸੀ ਯਾਨੀ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਉਸ ਨੇ ਦੇਖੀਆਂ ਸਨ। 3 ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ ਅਤੇ ਉਹ ਵੀ ਖ਼ੁਸ਼ ਹਨ ਜਿਹੜੇ ਇਸ ਨੂੰ ਸੁਣਦੇ ਹਨ ਅਤੇ ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ; ਕਿਉਂਕਿ ਮਿਥਿਆ ਸਮਾਂ ਨੇੜੇ ਆ ਗਿਆ ਹੈ। 4 ਮੈਂ ਯੂਹੰਨਾ, ਏਸ਼ੀਆ ਜ਼ਿਲ੍ਹੇ ਦੀਆਂ ਸੱਤ ਮੰਡਲੀਆਂ ਨੂੰ ਲਿਖ ਰਿਹਾ ਹਾਂ: ਮੇਰੀ ਦੁਆ ਹੈ ਕਿ “ਪਰਮੇਸ਼ੁਰ, ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ,” ਅਤੇ ਸੱਤ ਪਵਿੱਤਰ ਸ਼ਕਤੀਆਂ ਜਿਹੜੀਆਂ ਉਸ ਦੇ ਸਿੰਘਾਸਣ ਦੇ ਸਾਮ੍ਹਣੇ ਹਨ, ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ 5 ਅਤੇ ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,” “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ” ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ” ਹੈ। ਯਿਸੂ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੇ ਲਹੂ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ 6 ਅਤੇ ਉਸ ਨੇ ਸਾਨੂੰ ਰਾਜੇ ਅਤੇ ਪੁਜਾਰੀ ਬਣਾਇਆ ਹੈ ਤਾਂਕਿ ਅਸੀਂ ਉਸ ਦੇ ਪਰਮੇਸ਼ੁਰ ਅਤੇ ਪਿਤਾ ਦੀ ਸੇਵਾ ਕਰੀਏ। ਯਿਸੂ ਦੀ ਮਹਿਮਾ ਯੁਗੋ-ਯੁਗ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ। 7 ਦੇਖੋ! ਉਹ ਬੱਦਲਾਂ ਵਿਚ ਆ ਰਿਹਾ ਹੈ, ਅਤੇ ਹਰ ਕੋਈ ਉਸ ਨੂੰ ਦੇਖੇਗਾ। ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ, ਉਹ ਵੀ ਉਸ ਨੂੰ ਦੇਖਣਗੇ; ਉਸ ਕਰਕੇ ਧਰਤੀ ਦੀਆਂ ਸਾਰੀਆਂ ਕੌਮਾਂ ਦੁੱਖ ਦੇ ਮਾਰੇ ਛਾਤੀ ਪਿੱਟਣਗੀਆਂ। ਹਾਂ, ਇਹ ਜ਼ਰੂਰ ਹੋਵੇਗਾ। ਆਮੀਨ। 8 “ਮੈਂ ਹੀ ‘ਸ਼ੁਰੂਆਤ ਅਤੇ ਅੰਤ’ ਹਾਂ,” ਯਹੋਵਾਹ ਪਰਮੇਸ਼ੁਰ ਕਹਿੰਦਾ ਹੈ, “ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ ਅਤੇ ਜੋ ਸਰਬਸ਼ਕਤੀਮਾਨ ਹੈ।” 9 ਮੈਂ ਯੂਹੰਨਾ, ਯਿਸੂ ਦਾ ਚੇਲਾ ਹੋਣ ਕਰਕੇ ਤੁਹਾਡਾ ਭਰਾ ਹਾਂ ਅਤੇ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ, ਤੁਹਾਡੇ ਵਾਂਗ ਧੀਰਜ ਰੱਖਿਆ ਹੈ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ। ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ। 10 ਪਵਿੱਤਰ ਸ਼ਕਤੀ ਰਾਹੀਂ ਮੈਂ ਪ੍ਰਭੂ ਦੇ ਦਿਨ ਵਿਚ ਆਇਆ ਅਤੇ ਮੈਂ ਆਪਣੇ ਪਿੱਛਿਓਂ ਇਕ ਜ਼ੋਰਦਾਰ ਆਵਾਜ਼ ਸੁਣੀ ਜਿਵੇਂ ਤੁਰ੍ਹੀ ਦੀ ਹੁੰਦੀ ਹੈ। 11 ਉਸ ਆਵਾਜ਼ ਨੇ ਕਿਹਾ: “ਤੂੰ ਜੋ ਵੀ ਦੇਖਦਾ ਹੈਂ, ਉਹ ਸਾਰਾ ਕੁਝ ਇਕ ਕਿਤਾਬ ਵਿਚ ਲਿਖ ਕੇ ਉਨ੍ਹਾਂ ਸੱਤਾਂ ਮੰਡਲੀਆਂ ਨੂੰ ਘੱਲ ਦੇ ਜਿਹੜੀਆਂ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰਾ, ਸਾਰਦੀਸ, ਫ਼ਿਲਦਲਫ਼ੀਆ ਅਤੇ ਲਾਉਦਿਕੀਆ ਵਿਚ ਹਨ।”
25 ਨਵੰਬਰ–1 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 4–6
“ਚਾਰ ਘੋੜਸਵਾਰਾਂ ਦੀ ਦੌੜ”
(ਪ੍ਰਕਾਸ਼ ਦੀ ਕਿਤਾਬ 6:2) ਅਤੇ ਮੈਂ ਇਕ ਚਿੱਟਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਕੋਲ ਇਕ ਤੀਰ-ਕਮਾਨ ਸੀ ਅਤੇ ਉਸ ਨੂੰ ਇਕ ਮੁਕਟ ਦਿੱਤਾ ਗਿਆ ਅਤੇ ਉਹ ਆਪਣੇ ਦੁਸ਼ਮਣਾਂ ਨਾਲ ਲੜਨ ਅਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ।
wp17.3 4 ਪੈਰਾ 3
ਚਾਰ ਘੋੜਸਵਾਰ—ਉਹ ਕੌਣ ਹਨ?
ਚਿੱਟੇ ਘੋੜੇ ਦਾ ਸਵਾਰ ਕੌਣ ਹੈ? ਬਾਈਬਲ ਦੀ ਪ੍ਰਕਾਸ਼ ਦੀ ਕਿਤਾਬ ਵਿਚ ਹੀ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਬਾਅਦ ਵਿਚ ਇਸ ਕਿਤਾਬ ਵਿਚ ਇਸ ਸਵਰਗੀ ਘੋੜਸਵਾਰ ਦੀ ਪਛਾਣ ‘ਪਰਮੇਸ਼ੁਰ ਦੇ ਸ਼ਬਦ’ ਵਜੋਂ ਕਰਵਾਈ ਗਈ ਹੈ। (ਪ੍ਰਕਾਸ਼ ਦੀ ਕਿਤਾਬ 19:11-13) “ਸ਼ਬਦ” ਖ਼ਿਤਾਬ ਯਿਸੂ ਮਸੀਹ ਨੂੰ ਦਿੱਤਾ ਗਿਆ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਬੁਲਾਰੇ ਵਜੋਂ ਸੇਵਾ ਕਰਦਾ ਹੈ। (ਯੂਹੰਨਾ 1:1, 14) ਨਾਲੇ ਉਸ ਨੂੰ “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ” ਅਤੇ “ਵਫ਼ਾਦਾਰ ਤੇ ਸੱਚਾ” ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 19:16) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਕੋਲ ਯੋਧੇ ਤੇ ਰਾਜੇ ਵਜੋਂ ਕੰਮ ਕਰਨ ਦਾ ਅਧਿਕਾਰ ਹੈ। ਉਹ ਕਿਸੇ ਵੀ ਭ੍ਰਿਸ਼ਟ ਜਾਂ ਗ਼ਲਤ ਤਰੀਕੇ ਨਾਲ ਆਪਣੀ ਤਾਕਤ ਨੂੰ ਨਹੀਂ ਵਰਤਦਾ। ਪਰ ਕੁਝ ਸਵਾਲ ਖੜ੍ਹੇ ਹੁੰਦੇ ਹਨ।
wp17.3 4 ਪੈਰਾ 5
ਚਾਰ ਘੋੜਸਵਾਰ—ਉਹ ਕੌਣ ਹਨ?
ਇਨ੍ਹਾਂ ਘੋੜਸਵਾਰਾਂ ਨੇ ਆਪਣੀ ਦੌੜ ਕਦੋਂ ਸ਼ੁਰੂ ਕੀਤੀ? ਗੌਰ ਕਰੋ ਕਿ ਪਹਿਲੇ ਘੋੜਸਵਾਰ ਯਿਸੂ ਨੇ ਸਵਰਗ ਵਿਚ ਰਾਜਾ ਬਣਨ ʼਤੇ ਆਪਣੀ ਦੌੜ ਸ਼ੁਰੂ ਕੀਤੀ। (ਪ੍ਰਕਾਸ਼ ਦੀ ਕਿਤਾਬ 6:2) ਯਿਸੂ ਨੂੰ ਸਵਰਗ ਵਿਚ ਰਾਜਾ ਕਦੋਂ ਬਣਾਇਆ ਗਿਆ? ਉਸ ਨੂੰ ਰਾਜਾ ਉਦੋਂ ਨਹੀਂ ਬਣਾਇਆ ਗਿਆ ਸੀ ਜਦੋਂ ਉਹ ਮੁੜ ਜੀਉਂਦਾ ਹੋ ਕੇ ਸਵਰਗ ਗਿਆ ਸੀ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਦੋਂ ਉਸ ਨੇ ਇੰਤਜ਼ਾਰ ਕਰਨਾ ਸ਼ੁਰੂ ਕੀਤਾ ਸੀ। (ਇਬਰਾਨੀਆਂ 10:12, 13) ਯਿਸੂ ਨੇ ਆਪਣੇ ਚੇਲਿਆਂ ਨੂੰ ਕੁਝ ਨਿਸ਼ਾਨੀਆਂ ਦੱਸੀਆਂ ਜਿਨ੍ਹਾਂ ਤੋਂ ਉਨ੍ਹਾਂ ਨੂੰ ਪਤਾ ਲੱਗਣਾ ਸੀ ਕਿ ਉਸ ਦੀ ਉਡੀਕ ਦਾ ਸਮਾਂ ਖ਼ਤਮ ਹੋ ਗਿਆ ਅਤੇ ਸਵਰਗ ਵਿਚ ਉਸ ਦਾ ਰਾਜ ਸ਼ੁਰੂ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਰਾਜ ਸ਼ੁਰੂ ਹੋਣ ਵੇਲੇ ਦੁਨੀਆਂ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਦੇਸ਼-ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਮਹਾਂਮਾਰੀਆਂ ਫੈਲਣਗੀਆਂ। (ਮੱਤੀ 24:3, 7; ਲੂਕਾ 21:10, 11) 1914 ਵਿਚ ਸ਼ੁਰੂ ਹੋਏ ਪਹਿਲੇ ਵਿਸ਼ਵ ਯੁੱਧ ਤੋਂ ਕੁਝ ਸਮੇਂ ਬਾਅਦ ਹੀ ਇਹ ਜ਼ਾਹਰ ਹੋ ਗਿਆ ਕਿ ਇਨਸਾਨ ਉਸ ਯੁਗ ਵਿਚ ਕਦਮ ਰੱਖ ਚੁੱਕਾ ਸੀ। ਇਹ ਯੁਗ ਮੁਸ਼ਕਲਾਂ ਨਾਲ ਭਰਿਆ ਹੈ ਜਿਸ ਨੂੰ ਬਾਈਬਲ “ਆਖ਼ਰੀ ਦਿਨ” ਕਹਿੰਦੀ ਹੈ।—2 ਤਿਮੋਥਿਉਸ 3:1-5.
(ਪ੍ਰਕਾਸ਼ ਦੀ ਕਿਤਾਬ 6:4-6) ਅਤੇ ਇਕ ਹੋਰ ਘੋੜਾ ਆਇਆ ਜੋ ਲਾਲ ਰੰਗ ਦਾ ਸੀ; ਉਸ ਦੇ ਸਵਾਰ ਨੂੰ ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਬੇਰਹਿਮੀ ਨਾਲ ਇਕ ਦੂਸਰੇ ਦਾ ਕਤਲ ਕਰਨ ਅਤੇ ਉਸ ਨੂੰ ਇਕ ਵੱਡੀ ਸਾਰੀ ਤਲਵਾਰ ਦਿੱਤੀ ਗਈ। 5 ਅਤੇ ਜਦੋਂ ਲੇਲੇ ਨੇ ਤੀਸਰੀ ਮੁਹਰ ਤੋੜੀ, ਤਾਂ ਮੈਂ ਤੀਸਰੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” ਅਤੇ ਮੈਂ ਇਕ ਕਾਲਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦੇ ਹੱਥ ਵਿਚ ਇਕ ਤੱਕੜੀ ਸੀ। 6 ਅਤੇ ਮੈਂ ਚਾਰਾਂ ਕਰੂਬੀਆਂ ਦੇ ਵਿਚਕਾਰੋਂ ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: “ਇਕ ਕਿਲੋ ਕਣਕ ਇਕ ਦੀਨਾਰ ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ; ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤੀਂ।”
wp17.3 5 ਪੈਰਾ 2
ਚਾਰ ਘੋੜਸਵਾਰ—ਉਹ ਕੌਣ ਹਨ?
ਇਹ ਘੋੜਸਵਾਰ ਯੁੱਧ ਨੂੰ ਦਰਸਾਉਂਦਾ ਹੈ। ਧਿਆਨ ਦਿਓ ਕਿ ਉਹ ਸਿਰਫ਼ ਕੁਝ ਦੇਸ਼ਾਂ ਦੀ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦੀ ਸ਼ਾਂਤੀ ਭੰਗ ਕਰਦਾ ਹੈ। ਇਤਿਹਾਸ ਵਿਚ ਪਹਿਲੀ ਵਾਰ 1914 ਵਿਚ ਪੂਰੀ ਦੁਨੀਆਂ ਵਿਚ ਯੁੱਧ ਹੋਇਆ। ਇਸ ਤੋਂ ਬਾਅਦ ਦੂਸਰਾ ਵਿਸ਼ਵ ਯੁੱਧ ਹੋਇਆ ਜਿਸ ਨੇ ਇਸ ਤੋਂ ਵੀ ਜ਼ਿਆਦਾ ਤਬਾਹੀ ਮਚਾਈ। ਕੁਝ ਅਨੁਮਾਨਾਂ ਮੁਤਾਬਕ 1914 ਤੋਂ ਅਲੱਗ-ਅਲੱਗ ਦੇਸ਼ਾਂ ਵਿਚ ਅਤੇ ਇਕ ਹੀ ਦੇਸ਼ ਵਿਚ ਹੋਏ ਯੁੱਧਾਂ ਕਰਕੇ 10 ਕਰੋੜ ਲੋਕਾਂ ਦੀ ਜਾਨ ਗਈ। ਨਾਲੇ ਇਨ੍ਹਾਂ ਯੁੱਧਾਂ ਵਿਚ ਅਣਗਿਣਤ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ।
wp17.3 5 ਪੈਰੇ 4-5
ਚਾਰ ਘੋੜਸਵਾਰ—ਉਹ ਕੌਣ ਹਨ?
“ਮੈਂ ਇਕ ਕਾਲਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦੇ ਹੱਥ ਵਿਚ ਇਕ ਤੱਕੜੀ ਸੀ। ਅਤੇ ਮੈਂ ਚਾਰਾਂ ਕਰੂਬੀਆਂ ਦੇ ਵਿਚਕਾਰੋਂ ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: ‘ਇਕ ਕਿਲੋ ਕਣਕ ਇਕ ਦੀਨਾਰ ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ; ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤੀਂ।’”—ਪ੍ਰਕਾਸ਼ ਦੀ ਕਿਤਾਬ 6:5, 6.
ਇਹ ਘੋੜਸਵਾਰ ਕਾਲ਼ ਨੂੰ ਦਰਸਾਉਂਦਾ ਹੈ। ਇਸ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਖਾਣੇ ਦੀ ਬਹੁਤ ਕਮੀ ਹੋਵੇਗੀ। ਇਕ ਦੀਨਾਰ ਵਿਚ ਸਿਰਫ਼ ਇਕ ਕਿਲੋ ਕਣਕ ਜਾਂ ਤਿੰਨ ਕਿਲੋ ਜੌਂ ਮਿਲੇਗੀ ਜੋ ਕਿ ਕਣਕ ਤੋਂ ਘੱਟ ਦਰਜੇ ਦੀ ਹੁੰਦੀ ਹੈ। ਪਹਿਲੀ ਸਦੀ ਵਿਚ ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਸੀ। (ਮੱਤੀ 20:2) ਸੋਚੋ ਕਿ ਇਸ ਮਹਿੰਗਾਈ ਵਿਚ ਪੂਰੇ ਪਰਿਵਾਰ ਦਾ ਢਿੱਡ ਭਰਨ ਲਈ ਕਿੰਨੀ ਹੀ ਮਿਹਨਤ ਕਰਨੀ ਪਵੇਗੀ! ਲੋਕਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤਣ ਯਾਨੀ ਹਰ ਰੋਜ਼ ਇਸਤੇਮਾਲ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਹਿਸਾਬ ਨਾਲ ਵਰਤਣ।
(ਪ੍ਰਕਾਸ਼ ਦੀ ਕਿਤਾਬ 6:8) ਅਤੇ ਮੈਂ ਇਕ ਪੀਲ਼ਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦਾ ਨਾਂ “ਮੌਤ” ਸੀ ਅਤੇ ਉਸ ਦੇ ਬਿਲਕੁਲ ਪਿੱਛੇ-ਪਿੱਛੇ “ਕਬਰ” ਆ ਰਹੀ ਸੀ। ਉਨ੍ਹਾਂ ਨੂੰ ਧਰਤੀ ਦੇ ਇਕ ਚੌਥਾਈ ਹਿੱਸੇ ਨੂੰ ਲੰਬੀ ਤਲਵਾਰ ਨਾਲ, ਕਾਲ਼ ਨਾਲ, ਜਾਨਲੇਵਾ ਬੀਮਾਰੀ ਨਾਲ ਅਤੇ ਜੰਗਲੀ ਜਾਨਵਰਾਂ ਦੇ ਜ਼ਰੀਏ ਜਾਨੋਂ ਮਾਰਨ ਦਾ ਅਧਿਕਾਰ ਦਿੱਤਾ ਗਿਆ।
wp17.3 5 ਪੈਰੇ 8-10
ਚਾਰ ਘੋੜਸਵਾਰ—ਉਹ ਕੌਣ ਹਨ?
ਚੌਥਾ ਘੋੜਸਵਾਰ ਮੌਤ ਨੂੰ ਦਰਸਾਉਂਦਾ ਹੈ ਜੋ ਜਾਨਲੇਵਾ ਬੀਮਾਰੀਆਂ ਤੇ ਹੋਰ ਕਾਰਨਾਂ ਕਰਕੇ ਹੁੰਦੀਆਂ ਹਨ। 1914 ਤੋਂ ਜਲਦੀ ਬਾਅਦ ਸਪੈਨਿਸ਼ ਫਲੂ ਨਾਲ ਕਰੋੜਾਂ ਹੀ ਮੌਤਾਂ ਹੋਈਆਂ। ਲਗਭਗ 50 ਕਰੋੜ ਲੋਕ ਯਾਨੀ ਉਸ ਸਮੇਂ ਦੀ ਆਬਾਦੀ ਵਿੱਚੋਂ 33 ਪ੍ਰਤਿਸ਼ਤ ਲੋਕ ਇਸ ਬੀਮਾਰੀ ਨਾਲ ਪੀੜਿਤ ਹੋਏ ਸਨ।
ਪਰ ਸਪੈਨਿਸ਼ ਫਲੂ ਤਾਂ ਬਸ ਬੀਮਾਰੀਆਂ ਦੀ ਸ਼ੁਰੂਆਤ ਸੀ। ਮਾਹਰਾਂ ਨੇ ਅੰਦਾਜ਼ਾ ਲਾਇਆ ਕਿ 20ਵੀਂ ਸਦੀ ਦੌਰਾਨ 30 ਕਰੋੜ ਤੋਂ ਜ਼ਿਆਦਾ ਲੋਕ ਚੇਚਕ ਨਾਲ ਮਾਰੇ ਗਏ। ਦਵਾਈਆਂ ਦੇ ਖੇਤਰ ਵਿਚ ਤਰੱਕੀ ਹੋਣ ਦੇ ਬਾਵਜੂਦ ਵੀ ਹੁਣ ਤਕ ਏਡਜ਼, ਟੀ. ਬੀ. ਅਤੇ ਮਲੇਰੀਆ ਨਾਲ ਲੱਖਾਂ ਹੀ ਜਾਨਾਂ ਗਈਆਂ ਹਨ।
ਯੁੱਧ, ਕਾਲ਼ ਜਾਂ ਬੀਮਾਰੀਆਂ ਕਰਕੇ ਮੌਤ ਹੀ ਹੁੰਦੀ ਹੈ। ਕਬਰ ਬੇਰਹਿਮੀ ਨਾਲ ਆਪਣਾ ਸ਼ਿਕਾਰ ਕਰ ਰਹੀ ਹੈ। ਇਸ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਪ੍ਰਕਾਸ਼ ਦੀ ਕਿਤਾਬ 4:4) ਅਤੇ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਸਿੰਘਾਸਣ ਹਨ ਅਤੇ ਇਨ੍ਹਾਂ ਸਿੰਘਾਸਣਾਂ ਉੱਤੇ ਚਿੱਟੇ ਕੱਪੜੇ ਪਾਈ ਚੌਵੀ ਬਜ਼ੁਰਗ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਹਨ।
(ਪ੍ਰਕਾਸ਼ ਦੀ ਕਿਤਾਬ 4:6) ਅਤੇ ਸਿੰਘਾਸਣ ਦੇ ਮੋਹਰੇ ਕੱਚ ਵਰਗਾ ਇਕ ਸਮੁੰਦਰ ਹੈ ਜੋ ਬਲੌਰ ਵਰਗਾ ਲੱਗਦਾ ਹੈ। ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਕਰੂਬੀ ਹਨ ਜਿਨ੍ਹਾਂ ਦੇ ਸਰੀਰ ਅੱਗਿਓਂ ਤੇ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ।
re 76-77 ਪੈਰਾ 8
ਸਵਰਗ ਵਿਚ ਯਹੋਵਾਹ ਦਾ ਸ਼ਾਨਦਾਰ ਸਿੰਘਾਸਣ
8 ਯੂਹੰਨਾ ਜਾਣਦਾ ਸੀ ਕਿ ਪੁਰਾਣੇ ਸਮੇਂ ਵਿਚ ਡੇਰੇ ਵਿਚ ਸੇਵਾ ਕਰਨ ਲਈ ਪੁਜਾਰੀਆਂ ਨੂੰ ਨਿਯੁਕਤ ਕੀਤਾ ਜਾਂਦਾ ਸੀ। ਇਸ ਲਈ ਉਸ ਨੇ ਜੋ ਦੇਖਿਆ, ਉਹ ਦੇਖ ਕੇ ਸ਼ਾਇਦ ਯੂਹੰਨਾ ਹੈਰਾਨ ਰਹਿ ਗਿਆ ਹੋਣਾ: “ਅਤੇ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਸਿੰਘਾਸਣ ਹਨ ਅਤੇ ਇਨ੍ਹਾਂ ਸਿੰਘਾਸਣਾਂ ਉੱਤੇ ਚਿੱਟੇ ਕੱਪੜੇ ਪਾਈ ਚੌਵੀ ਬਜ਼ੁਰਗ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਹਨ।” (ਪ੍ਰਕਾਸ਼ ਦੀ ਕਿਤਾਬ 4:4) ਜੀ ਹਾਂ, ਪੁਜਾਰੀਆਂ ਦੀ ਬਜਾਇ ਉਸ ਨੇ 24 ਬਜ਼ੁਰਗ ਦੇਖੇ ਜੋ ਰਾਜਿਆਂ ਵਾਂਗ ਮੁਕਟ ਪਾ ਕੇ ਸਿੰਘਾਸਣਾਂ ʼਤੇ ਬਿਰਾਜਮਾਨ ਸਨ। ਇਹ ਬਜ਼ੁਰਗ ਕੌਣ ਸਨ? ਇਹ ਕੋਈ ਹੋਰ ਨਹੀਂ, ਸਗੋਂ ਮਸੀਹੀ ਮੰਡਲੀਆਂ ਵਿਚ ਚੁਣੇ ਹੋਏ ਮਸੀਹੀ ਹਨ ਜਿਨ੍ਹਾਂ ਨੂੰ ਜੀਉਂਦਾ ਕਰ ਕੇ ਯਹੋਵਾਹ ਵੱਲੋਂ ਵਾਅਦਾ ਕੀਤਾ ਸਵਰਗੀ ਇਨਾਮ ਦਿੱਤਾ ਗਿਆ। ਅਸੀਂ ਇਹ ਕਿਵੇਂ ਜਾਣਦੇ ਹਾਂ?
re 80 ਪੈਰਾ 19
ਸਵਰਗ ਵਿਚ ਯਹੋਵਾਹ ਦਾ ਸ਼ਾਨਦਾਰ ਸਿੰਘਾਸਣ
19 ਤਸਵੀਰ ਵਿਚ ਇਹ ਜੰਤੂ ਕੌਣ ਹਨ? ਹਿਜ਼ਕੀਏਲ ਨਾਂ ਦਾ ਨਬੀ ਇਸ ਸਵਾਲ ਦਾ ਜਵਾਬ ਜਾਣਨ ਵਿਚ ਸਾਡੀ ਮਦਦ ਕਰਦਾ ਹੈ ਜਿਸ ਨੇ ਇਕ ਦਰਸ਼ਣ ਦੇਖਿਆ ਸੀ। ਹਿਜ਼ਕੀਏਲ ਨੇ ਦੇਖਿਆ ਕਿ ਯਹੋਵਾਹ ਸਵਰਗੀ ਸਿੰਘਾਸਣ ʼਤੇ ਬਿਰਾਜਮਾਨ ਸੀ ਜਿਸ ਦੇ ਆਲੇ-ਦੁਆਲੇ ਜੰਤੂ ਸਨ ਜਿਨ੍ਹਾਂ ਬਾਰੇ ਯੂਹੰਨਾ ਨੇ ਵੀ ਦੱਸਿਆ ਸੀ। (ਹਿਜ਼ਕੀਏਲ 1:5-11, 22-28) ਬਾਅਦ ਵਿਚ ਹਿਜ਼ਕੀਏਲ ਨੇ ਫਿਰ ਦੇਖਿਆ ਕਿ ਸਿੰਘਾਸਣ ਦੇ ਆਲੇ-ਦੁਆਲੇ ਜੰਤੂ ਸਨ। ਪਰ ਇਸ ਵਾਰ ਉਹ ਇਨ੍ਹਾਂ ਜੰਤੂਆਂ ਨੂੰ ਕਰੂਬੀ ਕਹਿੰਦਾ ਹੈ। (ਹਿਜ਼ਕੀਏਲ 10:9-15) ਯੂਹੰਨਾ ਵੱਲੋਂ ਦੇਖੇ ਚਾਰ ਜੰਤੂ ਜ਼ਰੂਰ ਪਰਮੇਸ਼ੁਰ ਦੇ ਬਹੁਤ ਸਾਰੇ ਕਰੂਬੀਆਂ ਨੂੰ ਦਰਸਾਉਂਦੇ ਹੋਣੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੇ ਸਵਰਗੀ ਸੰਗਠਨ ਦੇ ਹਿੱਸੇ ਵਿਚ ਉੱਚੀ ਪਦਵੀ ਦਿੱਤੀ ਹੈ। ਯੂਹੰਨਾ ਨੇ ਜਦੋਂ ਕਰੂਬੀਆਂ ਨੂੰ ਯਹੋਵਾਹ ਦੇ ਇੰਨੇ ਨੇੜੇ ਦੇਖਿਆ, ਤਾਂ ਉਸ ਨੂੰ ਅਜੀਬ ਨਹੀਂ ਲੱਗਾ ਹੋਣਾ ਕਿਉਂਕਿ ਪੁਰਾਣੇ ਸਮੇਂ ਵਿਚ ਡੇਰੇ ਦੇ ਪ੍ਰਬੰਧ ਵੇਲੇ ਇਕਰਾਰ ਦੇ ਸੰਦੂਕ ਦੇ ਢੱਕਣ ʼਤੇ ਸੋਨੇ ਦੇ ਦੋ ਕਰੂਬੀ ਦਿਖਾਏ ਗਏ ਸਨ। ਇਕਰਾਰ ਦਾ ਸੰਦੂਕ ਯਹੋਵਾਹ ਦੇ ਸਿੰਘਾਸਣ ਨੂੰ ਦਰਸਾਉਂਦਾ ਸੀ। ਇਨ੍ਹਾਂ ਕਰੂਬੀਆਂ ਵਿੱਚੋਂ ਯਹੋਵਾਹ ਆਪਣੀ ਕੌਮ ਨੂੰ ਆਪਣੇ ਹੁਕਮ ਦਿੰਦਾ ਸੀ।—ਕੂਚ 25:22; ਜ਼ਬੂਰ 80:1.
(ਪ੍ਰਕਾਸ਼ ਦੀ ਕਿਤਾਬ 5:5) ਪਰ ਇਕ ਬਜ਼ੁਰਗ ਨੇ ਮੈਨੂੰ ਕਿਹਾ: “ਨਾ ਰੋ। ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ੍ਹ ਹੈ, ਉਸ ਨੇ ਜਿੱਤ ਹਾਸਲ ਕੀਤੀ ਹੈ, ਇਸ ਲਈ ਉਹ ਕਾਗਜ਼ ਅਤੇ ਇਸ ਦੀਆਂ ਸੱਤ ਮੁਹਰਾਂ ਤੋੜਨ ਦੇ ਕਾਬਲ ਹੈ।”
“ਦੇਖ! ਉਹ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ”
5 ਕੀ ਤੁਸੀਂ ਕਦੇ ਇਕ ਬੱਬਰ ਸ਼ੇਰ ਦਾ ਸਾਮ੍ਹਣਾ ਕੀਤਾ ਹੈ? ਜੇ ਹਾਂ, ਤਾਂ ਜ਼ਰੂਰ ਤੁਸੀਂ ਉਸ ਨੂੰ ਕਿਸੇ ਪਿੰਜਰੇ ਜਾਂ ਵਾੜੇ ਵਿਚ ਦੇਖਿਆ ਹੋਣਾ ਜਿੱਥੇ ਤੁਹਾਨੂੰ ਉਸ ਤੋਂ ਕੋਈ ਖ਼ਤਰਾ ਨਹੀਂ ਸੀ। ਫਿਰ ਵੀ ਤੁਸੀਂ ਉਸ ਨੂੰ ਦੇਖ ਕੇ ਘਬਰਾ ਗਏ ਹੋਣੇ। ਜੇ ਤੁਸੀਂ ਇਸ ਵੱਡੇ ਤੇ ਤਾਕਤਵਰ ਜਾਨਵਰ ਵੱਲ ਘੂਰ ਕੇ ਦੇਖਦੇ ਹੋ, ਤਾਂ ਉਹ ਵੀ ਤੁਹਾਡੇ ਵੱਲ ਇੱਦਾਂ ਹੀ ਦੇਖੇਗਾ। ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਡਰਦੇ ਮਾਰੇ ਭੱਜ ਜਾਵੇਗਾ। ਬਾਈਬਲ ਕਹਿੰਦੀ ਹੈ ਕਿ ‘ਬਬਰ ਸ਼ੇਰ, ਸਭ ਜਾਨਵਰਾਂ ਤੋਂ ਸ਼ਕਤੀਸ਼ਾਲੀ ਹੈ, ਜੋ ਕਿਸੇ ਤੋਂ ਡਰਦਾ ਨਹੀਂ।’ (ਕਹਾਉਤਾਂ 30:30, CL) ਹਾਂ, ਸ਼ੇਰ ਤਾਕਤਵਰ, ਬਹਾਦਰ ਅਤੇ ਦਲੇਰ ਹੁੰਦੇ ਹਨ। ਇਸੇ ਤਰ੍ਹਾਂ ਮਸੀਹ ਵੀ ਸ਼ੇਰ-ਦਿਲ ਹੈ।
6 ਆਓ ਅਸੀਂ ਦੇਖੀਏ ਕਿ ਯਿਸੂ ਨੇ ਇਨ੍ਹਾਂ ਤਿੰਨ ਗੱਲਾਂ ਵਿਚ ਕਿਵੇਂ ਦਲੇਰੀ ਦਿਖਾਈ ਸੀ: ਸੱਚਾਈ ਦਾ ਪੱਖ ਲੈਂਦਿਆਂ, ਨਿਆਂ ਕਰਦਿਆਂ ਅਤੇ ਵਿਰੋਧਤਾ ਦਾ ਸਾਮ੍ਹਣਾ ਕਰਦਿਆਂ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਸਾਰੇ ਯਿਸੂ ਦੀ ਰੀਸ ਕਰ ਕੇ ਬਹਾਦਰ ਬਣ ਸਕਦੇ ਹਾਂ।
ਬਾਈਬਲ ਪੜ੍ਹਾਈ
(ਪ੍ਰਕਾਸ਼ ਦੀ ਕਿਤਾਬ 4:1-11) ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਦੇਖਿਆ ਕਿ ਸਵਰਗ ਵਿਚ ਇਕ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਉਹ ਤੁਰ੍ਹੀ ਵਰਗੀ ਸੀ ਅਤੇ ਉਸ ਆਵਾਜ਼ ਨੇ ਮੇਰੇ ਨਾਲ ਗੱਲ ਕਰਦਿਆਂ ਕਿਹਾ: “ਇੱਥੇ ਉੱਪਰ ਆ ਅਤੇ ਮੈਂ ਤੈਨੂੰ ਉਹ ਸਭ ਕੁਝ ਦਿਖਾਵਾਂਗਾ ਜੋ ਜ਼ਰੂਰ ਵਾਪਰੇਗਾ।” 2 ਇਨ੍ਹਾਂ ਗੱਲਾਂ ਤੋਂ ਤੁਰੰਤ ਬਾਅਦ ਪਵਿੱਤਰ ਸ਼ਕਤੀ ਮੇਰੇ ਉੱਤੇ ਆਈ ਅਤੇ ਦੇਖੋ! ਸਵਰਗ ਵਿਚ ਇਕ ਸਿੰਘਾਸਣ ਹੈ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਹੋਇਆ ਹੈ। 3 ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ, ਉਹ ਯਸ਼ਬ ਅਤੇ ਲਾਲ ਅਕੀਕ ਵਾਂਗ ਚਮਕ ਰਿਹਾ ਹੈ ਅਤੇ ਸਿੰਘਾਸਣ ਦੇ ਆਲੇ-ਦੁਆਲੇ ਇਕ ਆਕਾਸ਼ੀ ਪੀਂਘ ਹੈ ਜੋ ਦੇਖਣ ਨੂੰ ਪੰਨੇ ਵਰਗੀ ਲੱਗਦੀ ਹੈ। 4 ਅਤੇ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਸਿੰਘਾਸਣ ਹਨ ਅਤੇ ਇਨ੍ਹਾਂ ਸਿੰਘਾਸਣਾਂ ਉੱਤੇ ਚਿੱਟੇ ਕੱਪੜੇ ਪਾਈ ਚੌਵੀ ਬਜ਼ੁਰਗ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਹਨ। 5 ਅਤੇ ਸਿੰਘਾਸਣ ਤੋਂ ਬਿਜਲੀ ਲਿਸ਼ਕ ਰਹੀ ਹੈ ਅਤੇ ਆਵਾਜ਼ਾਂ ਆ ਰਹੀਆਂ ਹਨ ਅਤੇ ਗਰਜਾਂ ਸੁਣਾਈ ਦੇ ਰਹੀਆਂ ਹਨ ਅਤੇ ਸਿੰਘਾਸਣ ਦੇ ਸਾਮ੍ਹਣੇ ਸੱਤ ਵੱਡੇ ਦੀਵੇ ਬਲ਼ ਰਹੇ ਹਨ ਅਤੇ ਇਨ੍ਹਾਂ ਦੀਵਿਆਂ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ। 6 ਅਤੇ ਸਿੰਘਾਸਣ ਦੇ ਮੋਹਰੇ ਕੱਚ ਵਰਗਾ ਇਕ ਸਮੁੰਦਰ ਹੈ ਜੋ ਬਲੌਰ ਵਰਗਾ ਲੱਗਦਾ ਹੈ। ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਕਰੂਬੀ ਹਨ ਜਿਨ੍ਹਾਂ ਦੇ ਸਰੀਰ ਅੱਗਿਓਂ ਤੇ ਪਿੱਛਿਓਂ ਅੱਖਾਂ ਨਾਲ ਭਰੇ ਹੋਏ ਹਨ। 7 ਪਹਿਲੇ ਕਰੂਬੀ ਦਾ ਚਿਹਰਾ ਸ਼ੇਰ ਵਰਗਾ ਹੈ ਅਤੇ ਦੂਸਰੇ ਕਰੂਬੀ ਦਾ ਚਿਹਰਾ ਬਲਦ ਵਰਗਾ ਅਤੇ ਤੀਸਰੇ ਕਰੂਬੀ ਦਾ ਚਿਹਰਾ ਇਨਸਾਨ ਵਰਗਾ ਅਤੇ ਚੌਥੇ ਕਰੂਬੀ ਦਾ ਚਿਹਰਾ ਉੱਡਦੇ ਹੋਏ ਉਕਾਬ ਵਰਗਾ ਹੈ। 8 ਉਨ੍ਹਾਂ ਚਾਰਾਂ ਕਰੂਬੀਆਂ ਦੇ ਛੇ-ਛੇ ਖੰਭ ਹਨ; ਖੰਭ ਬਾਹਰੋਂ ਤੇ ਅੰਦਰੋਂ ਅੱਖਾਂ ਨਾਲ ਭਰੇ ਹੋਏ ਹਨ। ਉਹ ਦਿਨ-ਰਾਤ ਲਗਾਤਾਰ ਕਹਿੰਦੇ ਹਨ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ।” 9 ਜਦੋਂ ਵੀ ਕਰੂਬੀ ਪਰਮੇਸ਼ੁਰ ਦੀ ਮਹਿਮਾ, ਆਦਰ ਅਤੇ ਧੰਨਵਾਦ ਕਰਦੇ ਹਨ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ ਅਤੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, 10 ਤਾਂ ਚੌਵੀ ਬਜ਼ੁਰਗ ਉਸ ਅੱਗੇ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ ਅਤੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਗੋਡਿਆਂ ਭਾਰ ਬੈਠ ਕੇ ਮੱਥਾ ਟੇਕਦੇ ਹਨ ਅਤੇ ਆਪਣੇ ਮੁਕਟ ਲਾਹ ਕੇ ਸਿੰਘਾਸਣ ਦੇ ਸਾਮ੍ਹਣੇ ਰੱਖ ਦਿੰਦੇ ਹਨ ਅਤੇ ਕਹਿੰਦੇ ਹਨ: 11 “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।”