ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?
    ਜਾਗਰੂਕ ਬਣੋ!—2006
    • ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?

      “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਨ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।”—ਇਬਰਾਨੀਆਂ 3:4.

      ਕੀ ਤੁਹਾਨੂੰ ਲੱਗਦਾ ਹੈ ਕਿ ਬਾਈਬਲ ਦੇ ਇਸ ਲਿਖਾਰੀ ਦੀ ਗੱਲ ਵਿਚ ਸੱਚਾਈ ਹੈ? ਇਹ ਗੱਲ ਅੱਜ ਤੋਂ ਤਕਰੀਬਨ 2,000 ਸਾਲ ਪਹਿਲਾਂ ਲਿਖੀ ਗਈ ਸੀ। ਉਸ ਸਮੇਂ ਤੋਂ ਅੱਜ ਤਕ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਕੀ ਅਜੇ ਵੀ ਕੋਈ ਮੰਨਦਾ ਹੈ ਕਿ ਪਰਮੇਸ਼ੁਰ ਨੇ ਕੁਦਰਤ ਦੀਆਂ ਚੀਜ਼ਾਂ ਨੂੰ ਬਣਾਇਆ ਹੈ?

      ਹਾਂ, ਕਈ ਦੇਸ਼ਾਂ ਦੇ ਲੋਕ ਹਾਲੇ ਵੀ ਇਸ ਗੱਲ ਨੂੰ ਮੰਨਦੇ ਹਨ। ਉਦਾਹਰਣ ਲਈ, ਅਮਰੀਕਾ ਵਿਚ 2005 ਵਿਚ ਨਿਊਜ਼ਵੀਕ ਰਸਾਲੇ ਦੁਆਰਾ ਇਕ ਸਰਵੇਖਣ ਕਰਾਇਆ ਗਿਆ ਸੀ। ਇਸ ਤੋਂ ਪਤਾ ਲੱਗਾ ਕਿ 80 ਪ੍ਰਤਿਸ਼ਤ ਲੋਕ “ਮੰਨਦੇ ਹਨ ਕਿ ਪਰਮੇਸ਼ੁਰ ਨੇ ਪੂਰੇ ਬ੍ਰਹਿਮੰਡ ਨੂੰ ਬਣਾਇਆ ਹੈ।” ਕੀ ਇਹ ਲੋਕ ਇਸ ਕਰਕੇ ਇਸ ਗੱਲ ਨੂੰ ਮੰਨਦੇ ਹਨ ਕਿਉਂਕਿ ਉਹ ਘੱਟ ਪੜ੍ਹੇ-ਲਿਖੇ ਹਨ? ਕੀ ਵਿਗਿਆਨੀ ਵੀ ਪਰਮੇਸ਼ੁਰ ਨੂੰ ਮੰਨਦੇ ਹਨ? 1997 ਵਿਚ ਨੇਚਰ ਰਸਾਲੇ ਨੇ ਕੁਝ ਵਿਗਿਆਨੀਆਂ ਤੋਂ ਇਸ ਸੰਬੰਧੀ ਪੁੱਛਿਆ ਸੀ। ਰਸਾਲੇ ਨੇ ਦੱਸਿਆ ਕਿ 40 ਪ੍ਰਤਿਸ਼ਤ ਜੀਵ-ਵਿਗਿਆਨੀ, ਭੌਤਿਕ-ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਮੰਨਦੇ ਹਨ ਕਿ ਪਰਮੇਸ਼ੁਰ ਹੈ ਅਤੇ ਉਹ ਪ੍ਰਾਰਥਨਾਵਾਂ ਸੁਣਦਾ ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ।

      ਪਰ ਕਈ ਵਿਗਿਆਨੀ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਨ। ਨੋਬਲ ਪੁਰਸਕਾਰ ਵਿਜੇਤਾ ਡਾਕਟਰ ਹਰਬਰਟ ਹਾਉਪਟਮੌਨ ਨੇ ਹਾਲ ਹੀ ਵਿਚ ਇਕ ਵਿਗਿਆਨਕ ਸੰਮੇਲਨ ਵਿਚ ਕਿਹਾ ਕਿ ਕਿਸੇ ਅਲੌਕਿਕ ਸ਼ਕਤੀ, ਖ਼ਾਸ ਕਰਕੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਵਿਗਿਆਨ ਦੇ ਉਲਟ ਹੈ। ਉਸ ਨੇ ਕਿਹਾ: “ਇਹ ਵਿਸ਼ਵਾਸ ਮਨੁੱਖੀ ਸਮਾਜ ਲਈ ਨੁਕਸਾਨਦੇਹ ਹੈ।” ਜਿਹੜੇ ਵਿਗਿਆਨੀ ਪਰਮੇਸ਼ੁਰ ਨੂੰ ਮੰਨਦੇ ਵੀ ਹਨ, ਉਹ ਵੀ ਇਹ ਕਹਿਣ ਤੋਂ ਹਿਚਕਿਚਾਉਂਦੇ ਹਨ ਕਿ ਪੇੜ-ਪੌਦਿਆਂ ਅਤੇ ਜਾਨਵਰਾਂ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ। ਕਿਉਂ? ਡਗਲਸ ਅਰਵਿਨ ਨਾਂ ਦੇ ਇਕ ਵਿਗਿਆਨੀ ਨੇ ਇਸ ਦਾ ਇਕ ਕਾਰਨ ਦੱਸਦੇ ਹੋਏ ਕਿਹਾ: “ਵਿਗਿਆਨ ਵਿਚ ਕਿਸੇ ਕਰਾਮਾਤ ਲਈ ਕੋਈ ਥਾਂ ਨਹੀਂ ਹੈ।”

      ਤੁਸੀਂ ਨਹੀਂ ਚਾਹੋਗੇ ਕਿ ਦੂਸਰੇ ਤੁਹਾਨੂੰ ਦੱਸਣ ਕਿ ਤੁਹਾਨੂੰ ਕਿਸ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਕਿਸ ਤੇ ਨਹੀਂ। ਤੁਸੀਂ ਆਪ ਸਬੂਤਾਂ ਦੀ ਜਾਂਚ ਕਰ ਕੇ ਇਸ ਗੱਲ ਦਾ ਫ਼ੈਸਲਾ ਕਰਨਾ ਚਾਹੋਗੇ। ਅਗਲੇ ਲੇਖਾਂ ਵਿਚ ਨਵੀਆਂ ਵਿਗਿਆਨਕ ਖੋਜਾਂ ਬਾਰੇ ਦਿੱਤੀ ਜਾਣਕਾਰੀ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ, ‘ਕੀ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨਾ ਵਾਜਬ ਹੈ?’ (g 9/06)

      [ਸਫ਼ਾ 3 ਉੱਤੇ ਤਸਵੀਰ]

      ਤੁਸੀਂ ਆਪ ਸਬੂਤਾਂ ਦੀ ਜਾਂਚ ਕਰੋ

      [ਸਫ਼ਾ 3 ਉੱਤੇ ਡੱਬੀ]

      ਕੀ ਯਹੋਵਾਹ ਦੇ ਗਵਾਹ ਸ੍ਰਿਸ਼ਟੀਵਾਦੀ ਹਨ?

      ਯਹੋਵਾਹ ਦੇ ਗਵਾਹ ਬਾਈਬਲ ਦੀ ਉਤਪਤ ਦੀ ਪੋਥੀ ਵਿਚ ਦੱਸੇ ਗਏ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਦੇ ਹਨ। ਪਰ, ਯਹੋਵਾਹ ਦੇ ਗਵਾਹ ਸ੍ਰਿਸ਼ਟੀਵਾਦੀ ਨਹੀਂ ਹਨ। ਕਿਉਂ ਨਹੀਂ? ਪਹਿਲਾ ਕਾਰਨ ਇਹ ਹੈ ਕਿ ਬਹੁਤ ਸਾਰੇ ਸ੍ਰਿਸ਼ਟੀਵਾਦੀ ਮੰਨਦੇ ਹਨ ਕਿ ਬ੍ਰਹਿਮੰਡ ਅਤੇ ਧਰਤੀ ਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ ਤਕਰੀਬਨ 10,000 ਸਾਲ ਪਹਿਲਾਂ 6 ਦਿਨਾਂ ਵਿਚ ਬਣਾਇਆ ਗਿਆ ਸੀ ਤੇ ਹਰ ਦਿਨ 24 ਘੰਟੇ ਲੰਬਾ ਸੀ। ਪਰ ਬਾਈਬਲ ਵਿਚ ਇਸ ਤਰ੍ਹਾਂ ਨਹੀਂ ਦੱਸਿਆ ਗਿਆ।a ਇਸ ਤੋਂ ਇਲਾਵਾ ਸ੍ਰਿਸ਼ਟੀਵਾਦੀ ਅਜਿਹੀਆਂ ਹੋਰ ਕਈ ਗੱਲਾਂ ਮੰਨਦੇ ਹਨ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਵਿੱਚੋਂ ਹਨ।

      ਕਈ ਦੇਸ਼ਾਂ ਵਿਚ ਸ੍ਰਿਸ਼ਟੀਵਾਦੀਆਂ ਨੂੰ ਕੱਟੜਪੰਥੀ ਧੜਿਆਂ ਵਿਚ ਗਿਣਿਆ ਜਾਂਦਾ ਹੈ ਜੋ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਧੜੇ ਸਿਆਸਤਦਾਨਾਂ, ਜੱਜਾਂ ਤੇ ਸਿੱਖਿਆ-ਸ਼ਾਸਤਰੀਆਂ ਉੱਤੇ ਜ਼ੋਰ ਪਾਉਂਦੇ ਹਨ ਕਿ ਉਹ ਸ੍ਰਿਸ਼ਟੀਵਾਦੀਆਂ ਦੀਆਂ ਧਾਰਮਿਕ ਸਿੱਖਿਆਵਾਂ ਦੇ ਮੁਤਾਬਕ ਕਾਨੂੰਨ ਤੇ ਪਾਠ-ਪੁਸਤਕਾਂ ਤਿਆਰ ਕਰਨ।

      ਪਰ ਯਹੋਵਾਹ ਦੇ ਗਵਾਹ ਰਾਜਨੀਤੀ ਤੋਂ ਦੂਰ ਰਹਿੰਦੇ ਹਨ। ਉਹ ਮੰਨਦੇ ਹਨ ਕਿ ਸਰਕਾਰ ਕੋਲ ਕਾਨੂੰਨ ਬਣਾਉਣ ਤੇ ਲਾਗੂ ਕਰਨ ਦਾ ਅਧਿਕਾਰ ਹੈ। (ਰੋਮੀਆਂ 13:1-7) ਪਰ ਉਹ ਯਿਸੂ ਦੀ ਇਸ ਗੱਲ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹਨ ਕਿ ਉਸ ਦੇ ਚੇਲੇ “ਜਗਤ ਦੇ ਨਹੀਂ ਹਨ।” (ਯੂਹੰਨਾ 17:14-16) ਪ੍ਰਚਾਰ ਕਰ ਕੇ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਣ ਦੇ ਫ਼ਾਇਦਿਆਂ ਬਾਰੇ ਸਿੱਖਣ ਦਾ ਮੌਕਾ ਦਿੰਦੇ ਹਨ। ਪਰ ਉਹ ਸਿਆਸੀ ਤੌਰ ਤੇ ਨਿਰਪੱਖ ਰਹਿੰਦੇ ਹੋਏ ਉਨ੍ਹਾਂ ਕੱਟੜਪੰਥੀ ਧੜਿਆਂ ਦਾ ਸਮਰਥਨ ਨਹੀਂ ਕਰਦੇ ਜੋ ਕਾਨੂੰਨ ਦਾ ਸਹਾਰਾ ਲੈ ਕੇ ਲੋਕਾਂ ਨੂੰ ਬਾਈਬਲ ਦੇ ਮਿਆਰਾਂ ਉੱਤੇ ਚੱਲਣ ਲਈ ਮਜਬੂਰ ਕਰਨਾ ਚਾਹੁੰਦੇ ਹਨ।—ਯੂਹੰਨਾ 18:36.

      [ਫੁਟਨੋਟ]

      a ਕਿਰਪਾ ਕਰ ਕੇ ਇਸ ਰਸਾਲੇ ਦੇ ਸਫ਼ਾ 18 ਉੱਤੇ ਲੇਖ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?” ਪੜ੍ਹੋ।

  • ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?
    ਜਾਗਰੂਕ ਬਣੋ!—2006
    • ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ?

      “ਡੰਗਰਾਂ ਤੋਂ ਪੁੱਛ ਅਤੇ ਓਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਓਹ ਤੈਨੂੰ ਦੱਸਣਗੇ, ਯਾ ਧਰਤੀ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਨਾ ਕਰਨਗੀਆਂ!”—ਅੱਯੂਬ 12:7, 8.

      ਬੀਤੇ ਕੁਝ ਸਾਲਾਂ ਤੋਂ ਵਿਗਿਆਨੀ ਅਤੇ ਇੰਜੀਨੀਅਰ ਪੇੜ-ਪੌਦਿਆਂ ਤੇ ਜਾਨਵਰਾਂ ਤੋਂ ਬਹੁਤ ਕੁਝ ਸਿੱਖ ਰਹੇ ਹਨ। ਉਹ ਕੁਦਰਤ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਤੇ ਖੋਜ ਕਰ ਰਹੇ ਹਨ ਤਾਂਕਿ ਉਹ ਕੁਦਰਤੀ ਚੀਜ਼ਾਂ ਦੇ ਡੀਜ਼ਾਈਨਾਂ ਦੀ ਨਕਲ ਕਰ ਕੇ ਨਵੀਆਂ-ਨਵੀਆਂ ਚੀਜ਼ਾਂ ਬਣਾ ਸਕਣ ਜਾਂ ਫਿਰ ਮੌਜੂਦਾ ਮਸ਼ੀਨਾਂ ਵਿਚ ਸੁਧਾਰ ਕਰ ਸਕਣ। ਇਸ ਤਰ੍ਹਾਂ ਦੀ ਇੰਜੀਨੀਅਰੀ ਨੂੰ ਬਾਇਓਮਿਮੈਟਿਕਸ ਕਿਹਾ ਜਾਂਦਾ ਹੈ। ਅੱਗੇ ਦੱਸੀਆਂ ਉਦਾਹਰਣਾਂ ਪੜ੍ਹਦੇ ਸਮੇਂ ਆਪਣੇ ਆਪ ਨੂੰ ਪੁੱਛੋ, ‘ਇਨ੍ਹਾਂ ਚੀਜ਼ਾਂ ਨੂੰ ਬਣਾਉਣ ਦਾ ਸਿਹਰਾ ਕਿਸ ਨੂੰ ਜਾਣਾ ਚਾਹੀਦਾ ਹੈ?’

      ਵੇਲ੍ਹ ਮੱਛੀ ਦੇ ਖੰਭ

      ਹਵਾਈ ਜਹਾਜ਼ ਡੀਜ਼ਾਈਨ ਕਰਨ ਵਾਲੇ ਵਿਗਿਆਨੀ ਹੰਪਬੈਕ ਵ੍ਹੇਲ ਮੱਛੀ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਹੰਪਬੈਕ ਵ੍ਹੇਲ ਦਾ ਭਾਰ ਤਕਰੀਬਨ 30 ਟਨ ਯਾਨੀ ਇਕ ਲੱਦੇ ਹੋਏ ਟਰੱਕ ਜਿੰਨਾ ਹੁੰਦਾ ਹੈ। ਇਸ ਦਾ ਸਰੀਰ ਲਚਕੀਲਾ ਨਹੀਂ ਹੁੰਦਾ ਅਤੇ ਇਸ ਦੇ ਵੱਡੇ-ਵੱਡੇ ਖੰਭ ਹੁੰਦੇ ਹਨ। ਇਹ 40 ਫੁੱਟ ਲੰਬੀ ਮੱਛੀ ਪਾਣੀ ਵਿਚ ਬਹੁਤ ਫੁਰਤੀ ਨਾਲ ਤੈਰਦੀ ਹੈ। ਇਹ ਮੱਛੀ ਝੀਂਗੇ, ਕੇਕੜੇ, ਮੱਛੀਆਂ ਵਗੈਰਾ ਖਾਂਦੀ ਹੈ। ਆਪਣੇ ਭੋਜਨ ਨੂੰ ਪਾਣੀ ਦੀ ਸਤਹ ਤੇ ਇਕੱਠਾ ਕਰਨ ਲਈ ਇਹ ਉੱਪਰ ਵੱਲ ਨੂੰ ਵਲ-ਵਲੇਵੇਂ ਖਾਂਦੀ ਹੋਈ ਤੈਰਦੀ ਹੈ। ਤੈਰਦੀ ਹੋਈ ਇਹ ਪਾਣੀ ਵਿਚ ਬੁਲਬੁਲੇ ਛੱਡਦੀ ਹੈ ਜੋ ਤਕਰੀਬਨ ਪੰਜ ਫੁੱਟ ਦੇ ਘੇਰੇ ਵਿਚ ਫੈਲੇ ਹੋਏ ਹੁੰਦੇ ਹਨ। ਇਨ੍ਹਾਂ ਬੁਲਬੁਲਿਆਂ ਨਾਲ ਉਸ ਦਾ ਭੋਜਨ ਪਾਣੀ ਦੀ ਸਤਹ ਤੇ ਇਕੱਠਾ ਹੋ ਜਾਂਦਾ ਹੈ ਅਤੇ ਉਹ ਇੱਕੋ ਝਟਕੇ ਨਾਲ ਇਸ ਨੂੰ ਖਾ ਜਾਂਦੀ ਹੈ।

      ਵਿਗਿਆਨੀਆਂ ਨੂੰ ਇਸ ਗੱਲ ਵਿਚ ਬਹੁਤ ਦਿਲਚਸਪੀ ਹੈ ਕਿ ਇਹ ਆਕੜੇ ਹੋਏ ਸਰੀਰ ਵਾਲੀ ਮੱਛੀ ਕਿਵੇਂ ਇੰਨੇ ਛੋਟੇ-ਛੋਟੇ ਚੱਕਰਾਂ ਵਿਚ ਵਲ-ਵਲੇਵੇਂ ਖਾ ਕੇ ਤੈਰ ਸਕਦੀ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਇਸ ਦਾ ਰਾਜ਼ ਉਸ ਦੇ ਖੰਭਾਂ ਵਿਚ ਹੈ। ਇਸ ਦੇ ਖੰਭਾਂ ਦੇ ਉਪਰਲੇ ਸਿਰੇ ਮੁਲਾਇਮ ਨਹੀਂ ਹੁੰਦੇ, ਸਗੋਂ ਆਰੇ ਵਰਗੇ ਦੰਦੇਦਾਰ ਹੁੰਦੇ ਹਨ ਅਤੇ ਉਨ੍ਹਾਂ ਉੱਤੇ ਗੰਢਾਂ ਜਿਹੀਆਂ ਹੁੰਦੀਆਂ ਹਨ।

      ਜਦੋਂ ਵ੍ਹੇਲ ਪਾਣੀ ਵਿਚ ਉੱਪਰ ਵੱਲ ਤੈਰਦੀ ਹੈ, ਤਾਂ ਇਹ ਗੰਢਾਂ ਪਾਣੀ ਦੇ ਵਿਰੋਧ ਨੂੰ ਘਟਾ ਦਿੰਦੀਆਂ ਹਨ ਜਿਸ ਨਾਲ ਵ੍ਹੇਲ ਨੂੰ ਉੱਪਰ ਵੱਲ ਤੈਰਨ ਵਿਚ ਮਦਦ ਮਿਲਦੀ ਹੈ। ਕਿਵੇਂ? ਨੈਚੁਰਲ ਹਿਸਟਰੀ ਨਾਂ ਦਾ ਰਸਾਲਾ ਦੱਸਦਾ ਹੈ ਕਿ ਇਹ ਗੰਢਾਂ ਪਾਣੀ ਨੂੰ ਖੰਭਾਂ ਉੱਤੇ ਘੁਮਾਉਂਦੀਆਂ ਹਨ ਅਤੇ ਪਾਣੀ ਦੀ ਰਫ਼ਤਾਰ ਕਾਰਨ ਵ੍ਹੇਲ ਉੱਪਰ ਨੂੰ ਚੁੱਕੀ ਜਾਂਦੀ ਹੈ। ਜੇ ਖੰਭਾਂ ਦੇ ਉਪਰਲੇ ਸਿਰੇ ਮੁਲਾਇਮ ਹੁੰਦੇ, ਤਾਂ ਵ੍ਹੇਲ ਲਈ ਇਸ ਤਰ੍ਹਾਂ ਛੋਟੇ-ਛੋਟੇ ਚੱਕਰ ਕੱਢਦੇ ਹੋਏ ਉੱਪਰ ਵੱਲ ਤੈਰਨਾ ਮੁਸ਼ਕਲ ਹੋਣਾ ਸੀ ਕਿਉਂਕਿ ਪਾਣੀ ਨੇ ਖੰਭਾਂ ਦੇ ਉੱਪਰ ਘੁੰਮਣਾ ਨਹੀਂ ਸੀ, ਸਗੋਂ ਥੱਲੇ ਚਲਾ ਜਾਂਦਾ।

      ਇਸ ਜਾਣਕਾਰੀ ਤੋਂ ਵਿਗਿਆਨੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ? ਹਵਾਈ ਜਹਾਜ਼ ਦੇ ਖੰਭਾਂ ਨੂੰ ਵ੍ਹੇਲ ਦੇ ਖੰਭਾਂ ਵਾਂਗ ਬਣਾਉਣ ਨਾਲ ਉਨ੍ਹਾਂ ਉੱਤੇ ਹਵਾ ਦੇ ਵਹਾਅ ਨੂੰ ਬਦਲਣ ਲਈ ਘੱਟ ਫ਼ਲੈਪ ਜਾਂ ਘੱਟ ਮਸ਼ੀਨੀ ਉਪਕਰਣ ਲਾਉਣ ਦੀ ਲੋੜ ਪਵੇਗੀ। ਅਜਿਹੇ ਖੰਭ ਜ਼ਿਆਦਾ ਸੁਰੱਖਿਅਤ ਹੋਣਗੇ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਆਸਾਨ ਹੋਵੇਗੀ। ਜੌਨ ਲਾਂਗ ਨਾਂ ਦਾ ਵਿਗਿਆਨੀ ਕਹਿੰਦਾ ਹੈ ਕਿ ਇਕ ਦਿਨ “ਹਰ ਹਵਾਈ ਜਹਾਜ਼ ਦੇ ਖੰਭਾਂ ਉੱਤੇ ਗੰਢਾਂ ਹੋਣਗੀਆਂ ਜਿਵੇਂ ਹੰਪਬੈਕ ਵ੍ਹੇਲ ਮੱਛੀ ਦੇ ਖੰਭਾਂ ਉੱਤੇ ਹਨ।”

      ਸੀ-ਗੱਲ ਦੇ ਖੰਭਾਂ ਦੀ ਨਕਲ

      ਹਵਾਈ ਜਹਾਜ਼ ਦੇ ਖੰਭ ਪੰਛੀਆਂ ਦੇ ਖੰਭਾਂ ਦੇ ਆਧਾਰ ਤੇ ਬਣਾਏ ਗਏ ਹਨ। ਪਰ ਹਾਲ ਹੀ ਵਿਚ ਇੰਜੀਨੀਅਰਾਂ ਨੇ ਇਸ ਸੰਬੰਧੀ ਹੋਰ ਬਹੁਤ ਕੁਝ ਸਿੱਖਿਆ ਹੈ। ਨਿਊ ਸਾਇੰਟਿਸਟ ਨਾਂ ਦੇ ਰਸਾਲੇ ਵਿਚ ਦੱਸਿਆ ਹੈ ਕਿ “ਯੂਨੀਵਰਸਿਟੀ ਆਫ਼ ਫਲੋਰਿਡਾ ਦੇ ਖੋਜਕਾਰਾਂ ਨੇ ਰਿਮੋਟ ਨਾਲ ਚੱਲਣ ਵਾਲਾ ਇਕ ਛੋਟਾ ਜਿਹਾ ਹਵਾਈ ਜਹਾਜ਼ ਬਣਾਇਆ ਹੈ ਜੋ ਸੀ-ਗੱਲ ਨਾਂ ਦੇ ਇਕ ਸਮੁੰਦਰੀ ਪੰਛੀ ਵਾਂਗ ਹਵਾ ਵਿਚ ਮੰਡਲਾ ਸਕਦਾ ਹੈ, ਅੱਖ ਦੇ ਫੋਰ ਨਾਲ ਥੱਲੇ ਵੱਲ ਨੂੰ ਆ ਕੇ ਦੁਬਾਰਾ ਉੱਪਰ ਨੂੰ ਉੱਡ ਸਕਦਾ ਹੈ।”

      ਸੀ-ਗੱਲ ਕੁਹਣੀ ਅਤੇ ਮੋਢੇ ਦੇ ਜੋੜਾਂ ਦੀ ਮਦਦ ਨਾਲ ਆਪਣੇ ਖੰਭ ਇਕੱਠੇ ਕਰਨ ਜਾਂ ਫੈਲਾ ਕੇ ਹਵਾ ਵਿਚ ਕਲਾਬਾਜ਼ੀਆਂ ਲਾਉਂਦਾ ਹੈ। ਨਿਊ ਸਾਇੰਟਿਸਟ ਰਸਾਲੇ ਵਿਚ ਦੱਸਿਆ ਹੈ ਕਿ ਸੀ-ਗੱਲ ਦੇ ਖੰਭਾਂ ਵਾਂਗ ਰਿਮੋਟ ਨਾਲ ਚੱਲਣ ਵਾਲੇ “24 ਇੰਚ ਲੰਬੇ ਜਹਾਜ਼ ਵਿਚ ਛੋਟੀ ਮੋਟਰ ਲੱਗੀ ਹੋਈ ਹੈ ਜੋ ਖੰਭਾਂ ਨੂੰ ਹਿਲਾਉਣ ਵਾਲੀਆਂ ਧਾਤ ਦੀਆਂ ਸੀਖਾਂ ਨੂੰ ਕੰਟ੍ਰੋਲ ਕਰਦੀ ਹੈ।” ਵਧੀਆ ਢੰਗ ਨਾਲ ਡੀਜ਼ਾਈਨ ਕੀਤੇ ਗਏ ਖੰਭਾਂ ਦੀ ਮਦਦ ਨਾਲ ਇਹ ਜਹਾਜ਼ ਉੱਚੀਆਂ-ਉੱਚੀਆਂ ਬਿਲਡਿੰਗਾਂ ਵਿਚਾਲੇ ਵੀ ਉੱਡ ਸਕਦਾ ਹੈ। ਅਮਰੀਕਾ ਦੀ ਹਵਾਈ ਸੈਨਾ ਇਸ ਤਰ੍ਹਾਂ ਦਾ ਜਹਾਜ਼ ਬਣਾਉਣ ਵਿਚ ਦਿਲਚਸਪੀ ਦਿਖਾ ਰਹੀ ਹੈ ਤਾਂਕਿ ਇਸ ਨੂੰ ਵੱਡੇ-ਵੱਡੇ ਸ਼ਹਿਰਾਂ ਵਿਚ ਕੈਮੀਕਲ ਜਾਂ ਬਾਇਓਲਾਜੀਕਲ ਹਥਿਆਰਾਂ ਦਾ ਪਤਾ ਲਗਾਉਣ ਲਈ ਵਰਤਿਆ ਜਾ ਸਕੇ।

      ਗੈੱਕੋ ਦੇ ਪੈਰਾਂ ਦੀ ਨਕਲ

      ਜ਼ਮੀਨ ਤੇ ਚੱਲਣ ਵਾਲੇ ਜਾਨਵਰਾਂ ਤੋਂ ਵੀ ਇਨਸਾਨ ਬਹੁਤ ਕੁਝ ਸਿੱਖ ਸਕਦਾ ਹੈ। ਉਦਾਹਰਣ ਲਈ, ਗੈੱਕੋ ਨਾਂ ਦੀ ਇਕ ਕਿਰਲੀ ਕੰਧਾਂ ਤੇ ਚੜ੍ਹ ਸਕਦੀ ਹੈ ਤੇ ਛੱਤ ਨਾਲ ਉਲਟੀ ਚਿੰਬੜੀ ਰਹਿ ਸਕਦੀ ਹੈ। ਕਿਰਲੀ ਕੰਧਾਂ ਜਾਂ ਛੱਤਾਂ ਤੇ ਕਿਵੇਂ ਚੜ੍ਹ ਸਕਦੀ ਹੈ?

      ਗੈੱਕੋ ਕੱਚ ਵਰਗੀ ਮੁਲਾਇਮ ਸਤਹ ਤੇ ਚਿੰਬੜੀ ਰਹਿ ਸਕਦੀ ਹੈ ਕਿਉਂਕਿ ਇਸ ਦੇ ਪੈਰਾਂ ਉੱਤੇ ਬਹੁਤ ਹੀ ਛੋਟੇ-ਛੋਟੇ ਵਾਲ ਹੁੰਦੇ ਹਨ। ਇਸ ਦੇ ਪੈਰਾਂ ਵਿੱਚੋਂ ਕੋਈ ਗੂੰਦ ਨਹੀਂ ਨਿਕਲਦਾ ਜਿਸ ਕਰਕੇ ਇਹ ਚਿੰਬੜੀ ਰਹਿੰਦੀ ਹੈ। ਇਸ ਦੀ ਬਜਾਇ ਇਹ ਸੂਖਮ ਅਣੂਦਾਰ ਬਲ (molecular force) ਨੂੰ ਵਰਤਦੀ ਹੈ। ਇਸ ਬਲ ਨੂੰ ਵਾਨ ਡਰ ਵਾਲਜ਼ ਬਲ ਕਿਹਾ ਜਾਂਦਾ ਹੈ। ਇਸ ਬਲ ਕਰਕੇ ਗੈੱਕੋ ਦੇ ਪੈਰਾਂ ਦੇ ਅਣੂ ਸਤਹ ਦੇ ਅਣੂਆਂ ਨਾਲ ਚਿੰਬੜ ਜਾਂਦੇ ਹਨ। ਆਮ ਤੌਰ ਤੇ ਗੁਰੂਤਾ-ਖਿੱਚ ਇਸ ਬਲ ਤੇ ਹਾਵੀ ਹੋ ਜਾਂਦੀ ਹੈ। ਇਸੇ ਕਰਕੇ ਤੁਸੀਂ ਕੰਧ ਉੱਤੇ ਬਸ ਹੱਥ ਲਾ ਕੇ ਚੜ੍ਹ ਨਹੀਂ ਸਕਦੇ। ਪਰ ਗੈੱਕੋ ਦੇ ਪੈਰਾਂ ਦੇ ਹਜ਼ਾਰਾਂ ਵਾਲਾਂ ਕਰਕੇ ਉਸ ਨੂੰ ਕਾਫ਼ੀ ਪਕੜ ਮਿਲਦੀ ਹੈ ਜਿਸ ਕਰਕੇ ਇਹ ਕੰਧ ਜਾਂ ਛੱਤ ਨਾਲ ਚਿੰਬੜੀ ਰਹਿੰਦੀ ਹੈ।

      ਇਸ ਖੋਜ ਨੂੰ ਕਿੱਦਾਂ ਵਰਤਿਆ ਜਾ ਸਕਦਾ ਹੈ? ਗੈੱਕੋ ਦੇ ਪੈਰਾਂ ਦੀ ਨਕਲ ਕਰ ਕੇ ਬਣਾਈ ਗਈ ਟੇਪ ਵੈਲਕਰੋ (ਇਹ ਵੀ ਕੁਦਰਤ ਦੀ ਨਕਲ ਕਰ ਕੇ ਬਣਾਈ ਗਈ ਸੀ) ਨਾਲੋਂ ਵੀ ਅਸਰਦਾਰ ਸਾਬਤ ਹੋ ਸਕਦੀ ਹੈ।a ਦ ਇਕਨੋਮਿਸਟ ਨਾਂ ਦੇ ਰਸਾਲੇ ਵਿਚ ਇਕ ਖੋਜਕਾਰ ਨੇ ਕਿਹਾ ਕਿ “ਗੈੱਕੋ ਟੇਪ” “ਜ਼ਖ਼ਮਾਂ ਤੇ ਲਾਈ ਜਾ ਸਕਦੀ ਹੈ ਜਿਨ੍ਹਾਂ ਤੇ ਕੈਮੀਕਲ ਯੁਕਤ ਟੇਪਾਂ ਨਹੀਂ ਵਰਤੀਆਂ ਜਾ ਸਕਦੀਆਂ।”

      ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ?

      ਪੁਲਾੜ ਏਜੰਸੀ ਨਾਸਾ (NASA) ਬਿੱਛੂ ਵਾਂਗ ਚੱਲਣ ਵਾਲਾ ਕਈ ਲੱਤਾਂ ਵਾਲਾ ਇਕ ਰੋਬੋਟ ਬਣਾ ਰਹੀ ਹੈ। ਫਿਨਲੈਂਡ ਵਿਚ ਇੰਜੀਨੀਅਰਾਂ ਨੇ ਛੇ ਲੱਤਾਂ ਵਾਲਾ ਟ੍ਰੈਕਟਰ ਬਣਾਇਆ ਹੈ ਜੋ ਵੱਡੀ ਮੱਕੜੀ ਵਾਂਗ ਅੜਿੱਕਿਆਂ ਨੂੰ ਪਾਰ ਕਰ ਸਕਦਾ ਹੈ। ਦੂਸਰੇ ਖੋਜਕਾਰਾਂ ਨੇ ਇਕ ਕੱਪੜਾ ਤਿਆਰ ਕੀਤਾ ਹੈ ਜਿਸ ਉੱਤੇ ਛੋਟੇ-ਛੋਟੇ ਫ਼ਲੈਪ ਹਨ ਜੋ ਹਵਾ ਵਿਚ ਨਮੀ ਦੀ ਮਾਤਰਾ ਮੁਤਾਬਕ ਪਾਈਨਕੋਨ ਵਾਂਗ ਖੁੱਲ੍ਹਦੇ ਤੇ ਬੰਦ ਹੁੰਦੇ ਹਨ। ਇਕ ਕਾਰ ਕੰਪਨੀ ਬਾਕਸਫਿਸ਼ ਨਾਂ ਦੀ ਮੱਛੀ ਦੇ ਆਕਾਰ ਦੀ ਨਕਲ ਕਰ ਕੇ ਕਾਰ ਬਣਾ ਰਹੀ ਹੈ। ਦੂਸਰੇ ਕਈ ਖੋਜਕਾਰ ਕੰਨਸਿੱਪੀ ਉੱਤੇ ਖੋਜ ਕਰ ਰਹੇ ਹਨ ਜਿਸ ਵਿਚ ਝਟਕੇ ਸਹਿਣ ਦੀ ਤਾਕਤ ਹੈ। ਇਸ ਦੀ ਨਕਲ ਕਰ ਕੇ ਖੋਜਕਾਰ ਹਲਕਾ ਤੇ ਮਜ਼ਬੂਤ ਕਵਚ ਬਣਾਉਣਾ ਚਾਹੁੰਦੇ ਹਨ।

      ਵਿਗਿਆਨੀਆਂ ਨੂੰ ਕੁਦਰਤ ਤੋਂ ਇੰਨੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਇਸ ਸਾਰੀ ਜਾਣਕਾਰੀ ਨੂੰ ਕੰਪਿਊਟਰ ਵਿਚ ਪਾ ਦਿੱਤਾ ਹੈ। ਜਿਹੜਾ ਵੀ ਵਿਗਿਆਨੀ ਆਪਣੀ ਮਸ਼ੀਨਰੀ ਦੇ ਡੀਜ਼ਾਈਨ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦਾ ਹੈ, ਉਹ ਇਸ ਜਾਣਕਾਰੀ ਦੀ ਮਦਦ ਲੈ ਸਕਦਾ ਹੈ। ਇਸ ਜਾਣਕਾਰੀ ਨੂੰ “ਬਾਇਓਲਾਜੀਕਲ ਪੇਟੈਂਟ” ਦਾ ਨਾਂ ਦਿੱਤਾ ਗਿਆ ਹੈ। ਆਮ ਤੌਰ ਤੇ ਕੋਈ ਨਵੀਂ ਚੀਜ਼ ਬਣਾਉਣ ਵਾਲੀ ਕੰਪਨੀ ਜਾਂ ਵਿਅਕਤੀ ਕੋਲ ਪੇਟੈਂਟ ਅਧਿਕਾਰ ਹੁੰਦਾ ਹੈ। ਇਸ ਜਾਣਕਾਰੀ ਬਾਰੇ ਚਰਚਾ ਕਰਦੇ ਹੋਏ ਦ ਇਕਨੋਮਿਸਟ ਰਸਾਲੇ ਨੇ ਕਿਹਾ: “ਸ੍ਰਿਸ਼ਟੀ ਦੀ ਨਕਲ ਕਰ ਕੇ ਬਣਾਈਆਂ ਚੀਜ਼ਾਂ ਨੂੰ ‘ਬਾਇਓਲਾਜੀਕਲ ਪੇਟੈਂਟ’ ਕਹਿ ਕੇ ਖੋਜਕਾਰ ਕਬੂਲ ਕਰ ਰਹੇ ਹਨ ਕਿ ਪੇਟੈਂਟ ਅਧਿਕਾਰ ਕੁਦਰਤ ਕੋਲ ਹੈ।”

      ਕੁਦਰਤ ਵਿਚ ਇੰਨੇ ਸੋਹਣੇ-ਸੋਹਣੇ ਡੀਜ਼ਾਈਨ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ? ਬਹੁਤ ਸਾਰੇ ਖੋਜਕਾਰ ਕਹਿੰਦੇ ਹਨ ਕਿ ਇਹ ਸ਼ਾਨਦਾਰ ਡੀਜ਼ਾਈਨ ਕਰੋੜਾਂ ਸਾਲਾਂ ਦੌਰਾਨ ਹੋਏ ਵਿਕਾਸਵਾਦ ਦਾ ਨਤੀਜਾ ਹਨ। ਕਈ ਖੋਜਕਾਰ ਇਸ ਦਾ ਵੱਖਰਾ ਕਾਰਨ ਦੱਸਦੇ ਹਨ। ਮਾਈਕ੍ਰੋਬਾਇਓਲਾਜਿਸਟ ਮਾਈਕਲ ਬੀਹੀ ਨੇ 2005 ਵਿਚ ਦ ਨਿਊ ਯਾਰਕ ਟਾਈਮਜ਼ ਵਿਚ ਲਿਖਿਆ: “[ਕੁਦਰਤ ਵਿਚ ਪਾਏ ਜਾਂਦੇ] ਡੀਜ਼ਾਈਨ ਨੂੰ ਇਸ ਆਸਾਨ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ: ਜੇ ਕੋਈ ਚੀਜ਼ ਬੱਤਖ ਵਰਗੀ ਦਿੱਸਦੀ ਹੈ, ਉਸ ਵਾਂਗ ਚੱਲਦੀ ਹੈ ਤੇ ਉਸ ਵਾਂਗ ਆਵਾਜ਼ਾਂ ਕੱਢਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਬੱਤਖ ਹੀ ਹੈ।” ਉਸ ਨੇ ਕੀ ਸਿੱਟਾ ਕੱਢਿਆ? ‘ਕੁਦਰਤ ਵਿਚ ਡੀਜ਼ਾਈਨ ਸਾਫ਼ ਨਜ਼ਰ ਆਉਂਦਾ ਹੈ, ਇਸ ਲਈ ਇਹ ਮੰਨਣਾ ਗ਼ਲਤ ਨਹੀਂ ਹੋਵੇਗਾ ਕਿ ਕੁਦਰਤੀ ਚੀਜ਼ਾਂ ਡੀਜ਼ਾਈਨ ਕੀਤੀਆਂ ਗਈਆਂ ਹਨ।’

      ਸੁਰੱਖਿਅਤ ਤੇ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੇ ਹਵਾਈ ਜਹਾਜ਼ ਦੇ ਖੰਭ ਬਣਾਉਣ ਵਾਲੇ ਇੰਜੀਨੀਅਰ ਸੱਚ-ਮੁੱਚ ਤਾਰੀਫ਼ ਦੇ ਕਾਬਲ ਹਨ। ਇਸੇ ਤਰ੍ਹਾਂ ਜ਼ਖ਼ਮਾਂ ਤੇ ਲਾਉਣ ਲਈ ਵਧੀਆ ਪੱਟੀਆਂ ਜਾਂ ਜ਼ਿਆਦਾ ਆਰਾਮਦੇਹ ਕੱਪੜੇ ਜਾਂ ਵਧੀਆ ਕਾਰਾਂ ਬਣਾਉਣ ਵਾਲੇ ਇੰਜੀਨੀਅਰਾਂ ਨੂੰ ਨਵੇਂ ਡੀਜ਼ਾਈਨ ਬਣਾਉਣ ਦਾ ਸਿਹਰਾ ਜਾਂਦਾ ਹੈ। ਜੇ ਕੋਈ ਵਿਅਕਤੀ ਕਿਸੇ ਦੂਸਰੇ ਦੇ ਡੀਜ਼ਾਈਨ ਦੀ ਨਕਲ ਕਰ ਕੇ ਕੋਈ ਚੀਜ਼ ਬਣਾਉਂਦਾ ਹੈ, ਪਰ ਇਸ ਦਾ ਸਿਹਰਾ ਅਸਲੀ ਡੀਜ਼ਾਈਨਰ ਨੂੰ ਨਹੀਂ ਦਿੰਦਾ, ਤਾਂ ਉਸ ਨੂੰ ਅਪਰਾਧੀ ਸਮਝਿਆ ਜਾਂਦਾ ਹੈ।

      ਤਾਂ ਫਿਰ ਕੀ ਤੁਹਾਨੂੰ ਇਹ ਸਹੀ ਲੱਗਦਾ ਹੈ ਕਿ ਕੁਦਰਤੀ ਚੀਜ਼ਾਂ ਦੀ ਨਕਲ ਕਰ ਕੇ ਨਵੀਆਂ ਕਾਢਾਂ ਕੱਢਣ ਵਾਲੇ ਹੁਨਰਮੰਦ ਖੋਜਕਾਰ ਇਹ ਕਹਿੰਦੇ ਹਨ ਕਿ ਕੁਦਰਤ ਦੀਆਂ ਚੀਜ਼ਾਂ ਵਿਕਾਸਵਾਦ ਰਾਹੀਂ ਆਪਣੇ ਆਪ ਹੀ ਬਣ ਗਈਆਂ ਸਨ? ਜੇ ਕਿਸੇ ਚੀਜ਼ ਦੀ ਨਕਲ ਕਰਨ ਲਈ ਇਕ ਹੁਸ਼ਿਆਰ ਡੀਜ਼ਾਈਨਰ ਦੀ ਲੋੜ ਹੈ, ਤਾਂ ਫਿਰ ਕੀ ਅਸਲੀ ਡੀਜ਼ਾਈਨ ਬਣਾਉਣ ਲਈ ਡੀਜ਼ਾਈਨਰ ਦੀ ਲੋੜ ਨਹੀਂ? ਕੁਦਰਤ ਵਿਚ ਪਾਏ ਜਾਂਦੇ ਸ਼ਾਨਦਾਰ ਡੀਜ਼ਾਈਨਾਂ ਦਾ ਸਿਹਰਾ ਕਿਸ ਨੂੰ ਜਾਂਦਾ ਹੈ, ਉਸਤਾਦ ਕਾਰੀਗਰ ਨੂੰ ਜਾਂ ਫਿਰ ਇਨਸਾਨ ਨੂੰ ਜੋ ਉਸ ਦੇ ਤਰੀਕੇ ਦੀ ਨਕਲ ਕਰਦਾ ਹੈ?

      ਸਹੀ ਸਿੱਟਾ

      ਕੁਦਰਤ ਵਿਚ ਪਾਈਆਂ ਜਾਂਦੀਆਂ ਚੀਜ਼ਾਂ ਉੱਤੇ ਚਰਚਾ ਕਰ ਕੇ ਬਹੁਤ ਸਾਰੇ ਲੋਕ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿਣ ਲਈ ਪ੍ਰੇਰਿਤ ਹੁੰਦੇ ਹਨ ਜਿਸ ਨੇ ਲਿਖਿਆ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਬਾਈਬਲ ਦਾ ਇਕ ਹੋਰ ਲਿਖਾਰੀ ਪੌਲੁਸ ਵੀ ਇਸੇ ਸਿੱਟੇ ਤੇ ਪਹੁੰਚਿਆ। ਉਸ ਨੇ ਕਿਹਾ: “ਪਰਮੇਸ਼ਰ ਦੇ ਅਦਿਖ ਗੁਣ ਅਰਥਾਤ ਉਸ ਦੀ ਸਦੀਵੀ ਸ਼ਕਤੀ ਅਤੇ ਦੈਵੀ ਸਭਾਉ ਸੰਸਾਰ ਦੇ ਸ਼ੁਰੂ ਤੋਂ ਹੀ ਰਚਨਾ ਵਿਚ ਵਿੱਦਮਾਨ ਹਨ। ਇਹ ਉਸ ਦੀਆਂ ਰਚੀਆਂ ਹੋਇਆਂ ਚੀਜ਼ਾਂ ਵਿਚ ਅਨੁਭਵ ਕੀਤੇ ਜਾ ਸਕਦੇ ਹਨ।”—ਰੋਮ 1:19, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।

      ਪਰ ਬਾਈਬਲ ਪ੍ਰਤੀ ਸ਼ਰਧਾ ਰੱਖਣ ਵਾਲੇ ਅਤੇ ਪਰਮੇਸ਼ੁਰ ਨੂੰ ਮੰਨਣ ਵਾਲੇ ਕਈ ਨੇਕਦਿਲ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਸਾਰੀਆਂ ਕੁਦਰਤੀ ਚੀਜ਼ਾਂ ਬਣਾਉਣ ਲਈ ਸ਼ਾਇਦ ਵਿਕਾਸਵਾਦ ਨੂੰ ਇਸਤੇਮਾਲ ਕੀਤਾ ਸੀ। ਪਰ ਬਾਈਬਲ ਕੀ ਸਿਖਾਉਂਦੀ ਹੈ? (g 9/06)

      [ਫੁਟਨੋਟ]

      a ਵੈਲਕਰੋ ਵਿਚ ਕੁੰਡੀਆਂ ਤੇ ਲੁੱਪੀਆਂ ਹੁੰਦੀਆਂ ਹਨ ਜੋ ਆਪਸ ਵਿਚ ਚਿੰਬੜ ਜਾਂਦੀਆਂ ਹਨ। ਵੈਲਕਰੋ ਬਰਡੌਕ ਨਾਂ ਦੇ ਦਰਖ਼ਤ ਦੇ ਬੀਆਂ ਦੀ ਨਕਲ ਕਰ ਕੇ ਬਣਾਈ ਗਈ ਹੈ।

      [ਸਫ਼ਾ 5 ਉੱਤੇ ਸੁਰਖੀ]

      ਕੁਦਰਤ ਵਿਚ ਇੰਨੇ ਸੋਹਣੇ-ਸੋਹਣੇ ਡੀਜ਼ਾਈਨ ਦੀਆਂ ਚੀਜ਼ਾਂ ਕਿੱਥੋਂ ਆ ਗਈਆਂ?

      [ਸਫ਼ਾ 6 ਉੱਤੇ ਸੁਰਖੀ]

      ਕੁਦਰਤੀ ਚੀਜ਼ਾਂ ਦਾ ਪੇਟੈਂਟ ਅਧਿਕਾਰ ਕਿਸ ਕੋਲ ਹੈ?

      [ਸਫ਼ਾ 7 ਉੱਤੇ ਤਸਵੀਰ/ਡੱਬੀ]

      ਜੇ ਕਿਸੇ ਚੀਜ਼ ਦੀ ਨਕਲ ਕਰਨ ਲਈ ਇਕ ਹੁਸ਼ਿਆਰ ਡੀਜ਼ਾਈਨਰ ਦੀ ਲੋੜ ਹੈ, ਤਾਂ ਫਿਰ ਕੀ ਅਸਲੀ ਡੀਜ਼ਾਈਨ ਬਣਾਉਣ ਲਈ ਡੀਜ਼ਾਈਨਰ ਦੀ ਲੋੜ ਨਹੀਂ?

      ਗੈੱਕੋ ਕਿਰਲੀ ਦੇ ਪੈਰ ਗੰਦੇ ਨਹੀਂ ਹੁੰਦੇ, ਨਾ ਇਹ ਨਿਸ਼ਾਨ ਛੱਡਦੇ ਹਨ। ਟੈਫਲਾਨ ਤੋਂ ਸਿਵਾਇ ਇਹ ਹਰ ਚੀਜ਼ ਨਾਲ ਆਸਾਨੀ ਨਾਲ ਚਿੰਬੜ ਸਕਦੀ ਹੈ। ਖੋਜਕਾਰ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ

      ਤੇਜ਼ੀ ਨਾਲ ਕਲਾਬਾਜ਼ੀਆਂ ਲਾਉਣ ਵਾਲਾ ਇਹ ਜਹਾਜ਼ ਸੀ-ਗੱਲ ਦੇ ਖੰਭਾਂ ਦੀ ਨਕਲ ਤੇ ਬਣਾਇਆ ਗਿਆ ਹੈ

      ਬਾਕਸਫਿਸ਼ ਦੇ ਆਕਾਰ ਨੂੰ ਦੇਖ ਕੇ ਕਾਰਾਂ ਬਣਾਈਆਂ ਜਾ ਰਹੀਆਂ ਹਨ

      [ਕ੍ਰੈਡਿਟ ਲਾਈਨਾਂ]

      Airplane: Kristen Bartlett/ University of Florida; gecko foot: Breck P. Kent; box fish and car: Mercedes-Benz USA

      [ਸਫ਼ਾ 8 ਉੱਤੇ ਡੱਬੀ/ਤਸਵੀਰ]

      ਆਪਣੀ ਮੰਜ਼ਲ ਤੋਂ ਨਾ ਭਟਕਣ ਵਾਲੇ ਮੁਸਾਫ਼ਰ

      ਬਹੁਤ ਸਾਰੇ ਜੀਵ-ਜੰਤੂ ਸਹਿਜ-ਸੁਭਾਅ ਹੀ ‘ਬੜੇ ਸਿਆਣੇ’ ਹੁੰਦੇ ਹਨ ਜਿਸ ਕਰਕੇ ਉਹ ਆਪਣੀ ਮੰਜ਼ਲ ਤੋਂ ਕਦੀ ਨਹੀਂ ਭਟਕਦੇ। (ਕਹਾਉਤਾਂ 30:24, 25) ਦੋ ਉਦਾਹਰਣਾਂ ਉੱਤੇ ਗੌਰ ਕਰੋ।

      ◼ ਕੀੜੀਆਂ ਦਾ ਨਕਸ਼ਾ: ਭੋਜਨ ਲੱਭਣ ਗਈਆਂ ਕੀੜੀਆਂ ਵਾਪਸ ਆਪਣੀ ਖੁੱਡ ਤਕ ਕਿਵੇਂ ਪਹੁੰਚਦੀਆਂ ਹਨ? ਬ੍ਰਿਟੇਨ ਦੇ ਖੋਜੀਆਂ ਨੇ ਦੇਖਿਆ ਕਿ ਕੀੜੀਆਂ ਆਪਣੀ ਖੁੱਡ ਤੋਂ ਜਾਣ ਵੇਲੇ ਰਾਹ ਵਿਚ ਥਾਂ-ਥਾਂ ਮੁਸ਼ਕ ਛੱਡ ਕੇ ਨਿਸ਼ਾਨ ਲਾਉਂਦੀਆਂ ਹਨ ਤੇ ਇਨ੍ਹਾਂ ਨਿਸ਼ਾਨਾਂ ਦੇ ਸਹਾਰੇ ਉਹ ਵਾਪਸ ਆਪਣੀ ਖੁੱਡ ਵਿਚ ਆਉਂਦੀਆਂ ਹਨ। ਪਰ ਕਈ ਕੀੜੀਆਂ ਰੇਖਾ-ਗਣਿਤ (geometry) ਵਰਤ ਕੇ ਰਾਹ ਬਣਾਉਂਦੀਆਂ ਹਨ ਜਿਨ੍ਹਾਂ ਤੇ ਚੱਲ ਕੇ ਉਹ ਆਸਾਨੀ ਨਾਲ ਆਪਣੀ ਖੁੱਡ ਲੱਭ ਲੈਂਦੀਆਂ ਹਨ। ਉਦਾਹਰਣ ਲਈ, ਨਿਊ ਸਾਇੰਟਿਸਟ ਰਸਾਲਾ ਦੱਸਦਾ ਹੈ ਕਿ ਫੈਰੋ ਨਾਂ ਦੀ ਕੀੜੀ ‘ਆਪਣੀ ਖੁੱਡ ਦੇ ਆਲੇ-ਦੁਆਲੇ ਰਾਹ ਬਣਾਉਂਦੀ ਹੈ ਜੋ ਅੱਗੇ ਜਾ ਕੇ 50 ਤੋਂ 60 ਡਿਗਰੀ ਦੇ ਕੋਣ ਤੇ ਦੋ ਹੋ ਜਾਂਦੇ ਹਨ।’ ਇਸ ਵਿਚ ਕਿਹੜੀ ਖ਼ਾਸ ਗੱਲ ਹੈ? ਆਪਣੀ ਖੁੱਡ ਵੱਲ ਵਾਪਸ ਆਉਂਦੇ ਵਕਤ ਜਦੋਂ ਕੀੜੀ ਉਸ ਜਗ੍ਹਾ ਪਹੁੰਚਦੀ ਹੈ ਜਿੱਥੋਂ ਰਾਹ ਦੋ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ, ਤਾਂ ਉਹ ਸਹਿਜ-ਸੁਭਾਅ ਹੀ ਉਹ ਰਾਹ ਫੜ੍ਹਦੀ ਹੈ ਜੋ ਘੱਟ ਮੁੜਿਆ ਹੁੰਦਾ ਹੈ ਅਤੇ ਉਸ ਨੂੰ ਸਿੱਧਾ ਖੁੱਡ ਤਕ ਪਹੁੰਚਾ ਦਿੰਦਾ ਹੈ। ਰਸਾਲਾ ਦੱਸਦਾ ਹੈ ਕਿ “ਰੇਖਾ-ਗਣਿਤ ਦੀ ਮਦਦ ਨਾਲ ਰਾਹ ਬਣਾਉਣ ਨਾਲ ਕੀੜੀਆਂ ਲਈ ਆਉਣਾ-ਜਾਣਾ ਆਸਾਨ ਹੁੰਦਾ ਹੈ, ਖ਼ਾਸ ਕਰਕੇ ਜੇ ਕੀੜੀਆਂ ਦੋ ਉਲਟ ਦਿਸ਼ਾਵਾਂ ਵਿਚ ਜਾ ਰਹੀਆਂ ਹੁੰਦੀਆਂ ਹਨ। ਕੀੜੀਆਂ ਭਟਕਦੀਆਂ ਵੀ ਨਹੀਂ ਹਨ ਜਿਸ ਕਰਕੇ ਉਨ੍ਹਾਂ ਦੀ ਤਾਕਤ ਦੀ ਬਚਤ ਹੁੰਦੀ ਹੈ।”

      ◼ ਪੰਛੀਆਂ ਦੀ ਕੰਪਾਸ: ਬਹੁਤ ਸਾਰੇ ਪੰਛੀ ਬਿਨਾਂ ਭਟਕੇ ਹਰ ਮੌਸਮ ਵਿਚ ਦੂਰ-ਦੂਰ ਤਕ ਸਫ਼ਰ ਕਰਦੇ ਹਨ। ਕਿਵੇਂ? ਖੋਜਕਾਰਾਂ ਨੇ ਪਾਇਆ ਹੈ ਕਿ ਪੰਛੀ ਧਰਤੀ ਦੇ ਚੁੰਬਕੀ ਖੇਤਰ (magnetic field) ਨੂੰ ਮਹਿਸੂਸ ਕਰ ਸਕਦੇ ਹਨ। ਪਰ, ਸਾਇੰਸ ਰਸਾਲੇ ਦਾ ਕਹਿਣਾ ਹੈ ਕਿ ਧਰਤੀ ਦੇ ‘ਚੁੰਬਕੀ ਖੇਤਰ ਦੀਆਂ ਲਾਈਨਾਂ ਹਰ ਜਗ੍ਹਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਤੇ ਹਮੇਸ਼ਾ ਉੱਤਰ ਵੱਲ ਇਸ਼ਾਰਾ ਨਹੀਂ ਕਰਦੀਆਂ।’ ਤਾਂ ਫਿਰ ਪਰਵਾਸੀ ਪੰਛੀ ਕਿਸ ਚੀਜ਼ ਦੀ ਮਦਦ ਨਾਲ ਸਹੀ ਦਿਸ਼ਾ ਵੱਲ ਉੱਡਦੇ ਰਹਿੰਦੇ ਹਨ? ਪੰਛੀ ਆਪਣੀ ਅੰਦਰੂਨੀ ਕੰਪਾਸ ਨੂੰ ਹਰ ਦਿਨ ਸੂਰਜ ਡੁੱਬਣ ਦੇ ਸਮੇਂ ਨਾਲ ਸਹੀ-ਸਹੀ ਮਿਲਾ ਲੈਂਦੇ ਹਨ। ਪਰ ਸੂਰਜ ਡੁੱਬਣ ਦੀ ਸਥਿਤੀ ਅਕਸ਼ਾਂਸ (latitude) ਅਤੇ ਮੌਸਮ ਅਨੁਸਾਰ ਬਦਲ ਜਾਂਦੀ ਹੈ। ਇਸ ਕਰਕੇ ਖੋਜਕਾਰ ਸੋਚਦੇ ਹਨ ਕਿ ਇਹ ਪੰਛੀ ਸਾਲ ਦਾ ਸਮਾਂ ਦੱਸਣ ਵਾਲੀ ਆਪਣੀ ਸਰੀਰਕ ਘੜੀ ਦੀ ਮਦਦ ਨਾਲ ਇਨ੍ਹਾਂ ਤਬਦੀਲੀਆਂ ਅਨੁਸਾਰ ਉੱਡਦੇ ਹਨ।

      ਕੀੜੀਆਂ ਨੂੰ ਰੇਖਾ-ਗਣਿਤ ਦੀ ਜਾਣਕਾਰੀ ਕਿਸ ਨੇ ਦਿੱਤੀ ਹੈ? ਪੰਛੀਆਂ ਨੂੰ ਕੰਪਾਸ, ਸਰੀਰਕ ਘੜੀ ਅਤੇ ਇਨ੍ਹਾਂ ਨੂੰ ਵਰਤਣ ਲਈ ਦਿਮਾਗ਼ ਕਿਸ ਨੇ ਦਿੱਤਾ ਹੈ? ਕੀ ਬੁੱਧੀਹੀਣ ਵਿਕਾਸਵਾਦ ਨੇ? ਜਾਂ ਫਿਰ ਬੁੱਧੀਮਾਨ ਸਿਰਜਣਹਾਰ ਨੇ?

      [ਕ੍ਰੈਡਿਟ ਲਾਈਨ]

      © E.J.H. Robinson 2004

  • ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?
    ਜਾਗਰੂਕ ਬਣੋ!—2006
    • ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?

      “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” —ਪਰਕਾਸ਼ ਦੀ ਪੋਥੀ 4:11.

      ਚਾਰਲਸ ਡਾਰਵਿਨ ਦੁਆਰਾ ਆਪਣੇ ਵਿਕਾਸਵਾਦ ਦੇ ਸਿਧਾਂਤ ਨੂੰ ਮਸ਼ਹੂਰ ਕਰਨ ਤੋਂ ਕੁਝ ਸਮੇਂ ਬਾਅਦ ਹੀ ਈਸਾਈ ਧਰਮ ਦੇ ਬਹੁਤ ਸਾਰੇ ਗੁੱਟ ਵਿਕਾਸਵਾਦ ਦੇ ਸਿਧਾਂਤ ਨੂੰ ਅਪਣਾਉਣ ਦੇ ਤਰੀਕੇ ਲੱਭਣ ਲੱਗੇ।

      ਅੱਜ ਜ਼ਿਆਦਾਤਰ ਮੁੱਖ “ਈਸਾਈ” ਧਾਰਮਿਕ ਗੁੱਟ ਇਸ ਗੱਲ ਨੂੰ ਮੰਨਦੇ ਹਨ ਕਿ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ। ਕੁਝ ਧਾਰਮਿਕ ਗੁੱਟ ਇਹ ਸਿਖਾਉਂਦੇ ਹਨ ਕਿ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਤਾਂਕਿ ਬੇਜਾਨ ਰਸਾਇਣਾਂ ਦਾ ਵਿਕਾਸ ਹੋ ਕੇ ਜਾਨਦਾਰ ਚੀਜ਼ਾਂ ਬਣ ਜਾਣ ਅਤੇ ਉਨ੍ਹਾਂ ਤੋਂ ਅਖ਼ੀਰ ਵਿਚ ਆਦਮਜਾਤ। ਜੋ ਲੋਕ ਇਸ ਸਿੱਖਿਆ ਉੱਤੇ ਵਿਸ਼ਵਾਸ ਕਰਦੇ ਹਨ, ਉਹ ਕਹਿੰਦੇ ਹਨ ਕਿ ਵਿਕਾਸਵਾਦ ਦੀ ਪ੍ਰਕ੍ਰਿਆ ਸ਼ੁਰੂ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਦਖ਼ਲਅੰਦਾਜ਼ੀ ਨਹੀਂ ਕੀਤੀ। ਹੋਰ ਕਈ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਜ਼ਿਆਦਾਤਰ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਵਿਕਾਸ ਹੋਣ ਦਿੱਤਾ, ਪਰ ਸਮੇਂ-ਸਮੇਂ ਤੇ ਦਖ਼ਲਅੰਦਾਜ਼ੀ ਕਰਦਾ ਰਿਹਾ, ਤਾਂਕਿ ਇਹ ਪ੍ਰਕ੍ਰਿਆ ਸਹੀ ਤਰੀਕੇ ਨਾਲ ਚੱਲਦੀ ਰਹੇ।

      ਕੀ ਇਨ੍ਹਾਂ ਸਿੱਖਿਆਵਾਂ ਦਾ ਕੋਈ ਮੇਲ ਹੈ?

      ਕੀ ਵਿਕਾਸਵਾਦ ਦੇ ਸਿਧਾਂਤ ਦਾ ਬਾਈਬਲ ਦੀਆਂ ਸਿੱਖਿਆਵਾਂ ਨਾਲ ਕੋਈ ਮੇਲ ਹੈ? ਜੇ ਵਿਕਾਸਵਾਦ ਦਾ ਸਿਧਾਂਤ ਸਹੀ ਹੈ, ਤਾਂ ਬਾਈਬਲ ਵਿਚ ਦਿੱਤੀ ਪਹਿਲੇ ਆਦਮੀ ਆਦਮ ਦੀ ਸ੍ਰਿਸ਼ਟੀ ਦਾ ਵਰਣਨ ਸਿਰਫ਼ ਨੈਤਿਕ ਸਿੱਖਿਆ ਦੇਣ ਵਾਲੀ ਇਕ ਮਨਘੜਤ ਕਹਾਣੀ ਹੀ ਰਹਿ ਜਾਂਦੀ ਹੈ। (ਉਤਪਤ 1:26, 27; 2:18-24) ਕੀ ਯਿਸੂ ਨੇ ਵੀ ਇਸ ਬਿਰਤਾਂਤ ਨੂੰ ਮਨਘੜਤ ਕਹਾਣੀ ਸਮਝਿਆ ਸੀ? ਨਹੀਂ। ਯਿਸੂ ਨੇ ਕਿਹਾ ਸੀ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:4-6.

      ਯਿਸੂ ਨੇ ਇੱਥੇ ਉਤਪਤ ਦੇ ਦੂਜੇ ਅਧਿਆਇ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਵਿੱਚੋਂ ਹਵਾਲਾ ਦਿੱਤਾ ਸੀ। ਜੇ ਯਿਸੂ ਵਿਸ਼ਵਾਸ ਕਰਦਾ ਹੁੰਦਾ ਕਿ ਪਹਿਲਾ ਵਿਆਹ ਮਨਘੜਤ ਕਹਾਣੀ ਸੀ, ਤਾਂ ਕੀ ਉਹ ਵਿਆਹੁਤਾ ਬੰਧਨ ਦੀ ਪਵਿੱਤਰਤਾ ਉੱਤੇ ਜ਼ੋਰ ਦੇਣ ਲਈ ਇਸ ਦਾ ਹਵਾਲਾ ਦਿੰਦਾ? ਨਹੀਂ। ਯਿਸੂ ਨੇ ਇਸ ਬਿਰਤਾਂਤ ਦਾ ਹਵਾਲਾ ਇਸ ਕਰਕੇ ਦਿੱਤਾ ਕਿਉਂਕਿ ਉਹ ਜਾਣਦਾ ਸੀ ਕਿ ਇਸ ਤਰ੍ਹਾਂ ਸੱਚ-ਮੁੱਚ ਹੋਇਆ ਸੀ।—ਯੂਹੰਨਾ 17:17.

      ਯਿਸੂ ਦੇ ਚੇਲੇ ਵੀ ਉਤਪਤ ਦੀ ਪੋਥੀ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸਹੀ ਮੰਨਦੇ ਸਨ। ਉਦਾਹਰਣ ਲਈ, ਲੂਕਾ ਦੀ ਇੰਜੀਲ ਵਿਚ ਆਦਮ ਤੋਂ ਲੈ ਕੇ ਯਿਸੂ ਤਕ ਦੀ ਪੂਰੀ ਵੰਸ਼ਾਵਲੀ ਦਿੱਤੀ ਗਈ ਹੈ। (ਲੂਕਾ 3:23-38) ਜੇ ਆਦਮ ਸੱਚ-ਮੁੱਚ ਨਾ ਹੋਇਆ ਹੁੰਦਾ, ਤਾਂ ਇਹ ਵੰਸ਼ਾਵਲੀ ਦੀ ਸੂਚੀ ਹਕੀਕਤ ਨਹੀਂ ਸੀ ਹੋਣੀ। ਜੇ ਇਹ ਵੰਸ਼ਾਵਲੀ ਮਨਘੜਤ ਸੀ, ਤਾਂ ਯਿਸੂ ਕਿੱਦਾਂ ਪੂਰੇ ਵਿਸ਼ਵਾਸ ਨਾਲ ਦਾਅਵਾ ਕਰ ਸਕਦਾ ਸੀ ਕਿ ਉਹੀ ਮਸੀਹਾ ਸੀ ਤੇ ਉਸ ਨੇ ਦਾਊਦ ਦੇ ਘਰਾਣੇ ਵਿਚ ਜਨਮ ਲਿਆ ਸੀ? (ਮੱਤੀ 1:1) ਲੂਕਾ ਨੇ ‘ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਜਤਨ ਨਾਲ ਭਾਲ ਕੀਤੀ।’ ਲੂਕਾ ਵੀ ਉਤਪਤ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਦਾ ਸੀ।—ਲੂਕਾ 1:3.

      ਯਿਸੂ ਉੱਤੇ ਪੌਲੁਸ ਦੇ ਵਿਸ਼ਵਾਸ ਦਾ ਆਧਾਰ ਸ੍ਰਿਸ਼ਟੀ ਦਾ ਬਿਰਤਾਂਤ ਸੀ। ਉਸ ਨੇ ਲਿਖਿਆ: “ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ। ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।” (1 ਕੁਰਿੰਥੀਆਂ 15:21, 22) ਜੇ ਆਦਮ ਹਕੀਕਤ ਵਿਚ ਪਹਿਲਾ ਇਨਸਾਨ ਨਹੀਂ ਸੀ ਜਿਸ ਦੁਆਰਾ “ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ,” ਤਾਂ ਇਸ ਪਾਪ ਨੂੰ ਮਿਟਾਉਣ ਲਈ ਯਿਸੂ ਨੂੰ ਕਿਉਂ ਮਰਨਾ ਪਿਆ?—ਰੋਮੀਆਂ 5:12; 6:23.

      ਉਤਪਤ ਦੀ ਪੋਥੀ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਝੂਠ ਕਹਿਣ ਦਾ ਮਤਲਬ ਹੈ ਮਸੀਹੀ ਵਿਸ਼ਵਾਸ ਦੀਆਂ ਨੀਹਾਂ ਨੂੰ ਕਮਜ਼ੋਰ ਕਰਨਾ। ਵਿਕਾਸਵਾਦ ਦੇ ਸਿਧਾਂਤ ਅਤੇ ਮਸੀਹ ਦੀਆਂ ਸਿੱਖਿਆਵਾਂ ਵਿਚ ਕੋਈ ਮੇਲ ਨਹੀਂ ਹੈ। ਜੇ ਕੋਈ ਇਨ੍ਹਾਂ ਦੋਵਾਂ ਨੂੰ ਰਲਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਨਾਲ ਲੋਕ ਉਲਝਣ ਵਿਚ ਪੈ ਜਾਣਗੇ ਅਤੇ ‘ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਨਗੇ।’—ਅਫ਼ਸੀਆਂ 4:14.

      ਸੱਚਾਈ ਤੇ ਆਧਾਰਿਤ ਨਿਹਚਾ

      ਸਦੀਆਂ ਤੋਂ ਬਾਈਬਲ ਦੀ ਆਲੋਚਨਾ ਹੁੰਦੀ ਆਈ ਹੈ। ਬਾਈਬਲ ਵਾਰ-ਵਾਰ ਸੱਚ ਸਾਬਤ ਹੋਈ ਹੈ। ਬਾਈਬਲ ਵਿਚ ਦਰਜ ਇਤਿਹਾਸ, ਸਿਹਤ ਤੇ ਸਾਇੰਸ ਸੰਬੰਧੀ ਗੱਲਾਂ ਹਮੇਸ਼ਾ ਸਹੀ ਸਾਬਤ ਹੋਈਆਂ ਹਨ। ਇਸ ਵਿਚ ਮਨੁੱਖੀ ਰਿਸ਼ਤਿਆਂ ਬਾਰੇ ਦਿੱਤੀ ਸਲਾਹ ਤੋਂ ਅੱਜ ਵੀ ਫ਼ਾਇਦਾ ਹੁੰਦਾ ਹੈ। ਹਰੇ ਘਾਹ ਵਾਂਗ ਮਨੁੱਖੀ ਫ਼ਲਸਫ਼ੇ ਤੇ ਸਿਧਾਂਤ ਵਧਦੇ ਹਨ ਅਤੇ ਸਮੇਂ ਦੇ ਬੀਤਣ ਨਾਲ ਮੁਰਝਾ ਜਾਂਦੇ ਹਨ, ਪਰ ਪਰਮੇਸ਼ੁਰ ਦਾ ਬਚਨ ‘ਸਦਾ ਤੀਕ ਕਾਇਮ ਰਹਿੰਦਾ ਹੈ।’—ਯਸਾਯਾਹ 40:8.

      ਵਿਕਾਸਵਾਦ ਦੀ ਸਿੱਖਿਆ ਸਿਰਫ਼ ਇਕ ਵਿਗਿਆਨਕ ਥਿਊਰੀ ਹੀ ਨਹੀਂ ਹੈ। ਅਸਲ ਵਿਚ ਇਹ ਇਕ ਇਨਸਾਨੀ ਫ਼ਲਸਫ਼ਾ ਹੈ ਜੋ ਕਈ ਦਹਾਕਿਆਂ ਤੋਂ ਜ਼ੋਰ ਫੜ ਰਿਹਾ ਹੈ। ਪਰ ਹਾਲ ਹੀ ਦੇ ਸਾਲਾਂ ਵਿਚ, ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਦਾ ਵੀ ਵਿਕਾਸ ਹੁੰਦਾ ਰਿਹਾ ਹੈ। ਵਿਕਾਸਵਾਦੀਆਂ ਨੇ ਕੁਦਰਤ ਦੀਆਂ ਚੀਜ਼ਾਂ ਵਿਚ ਪਾਏ ਜਾਂਦੇ ਡੀਜ਼ਾਈਨ ਬਾਰੇ ਆਪਣੇ ਦਾਅਵਿਆਂ ਨੂੰ ਸਿੱਧ ਕਰਨ ਲਈ ਮੁਢਲੇ ਵਿਕਾਸਵਾਦ ਦੇ ਸਿਧਾਂਤ ਵਿਚ ਕਈ ਤਬਦੀਲੀਆਂ ਕੀਤੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲਓ। ਇਸ ਅੰਕ ਦੇ ਦੂਸਰੇ ਲੇਖ ਪੜ੍ਹ ਕੇ ਤੁਸੀਂ ਇਸ ਵਿਸ਼ੇ ਬਾਰੇ ਹੋਰ ਜਾਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਸਫ਼ੇ ਉੱਤੇ ਅਤੇ ਸਫ਼ਾ 32 ਉੱਤੇ ਦਿਖਾਈਆਂ ਕਿਤਾਬਾਂ ਵੀ ਪੜ੍ਹ ਸਕਦੇ ਹੋ।

      ਇਸ ਵਿਸ਼ੇ ਬਾਰੇ ਹੋਰ ਪੜ੍ਹ ਕੇ ਤੁਸੀਂ ਦੇਖੋਗੇ ਕਿ ਬਾਈਬਲ ਵਿਚ ਜੋ ਬੀਤੇ ਸਮੇਂ ਬਾਰੇ ਲਿਖਿਆ ਹੈ, ਉਹ ਸਹੀ ਹੈ। ਇਸ ਤੋਂ ਇਲਾਵਾ, ਚੰਗੇ ਭਵਿੱਖ ਬਾਰੇ ਬਾਈਬਲ ਵਿਚ ਜੋ ਵਾਅਦੇ ਦਰਜ ਹਨ, ਉਨ੍ਹਾਂ ਉੱਤੇ ਵੀ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ। (ਇਬਰਾਨੀਆਂ 11:1) ਤੁਹਾਡਾ ਦਿਲ ਆਕਾਸ਼ ਤੇ ਧਰਤੀ ਦੇ ਸ੍ਰਿਸ਼ਟੀਕਰਤਾ, ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਵੀ ਪ੍ਰੇਰਿਤ ਹੋਵੇਗਾ।—ਜ਼ਬੂਰਾਂ ਦੀ ਪੋਥੀ 146:6. (g 9/06)

      ਹੋਰ ਕਿਤਾਬਾਂ

      ਤਮਾਮ ਲੋਕਾਂ ਲਈ ਇਕ ਪੁਸਤਕ ਇਸ ਬਰੋਸ਼ਰ ਵਿਚ ਬਾਈਬਲ ਦੇ ਸਹੀ ਹੋਣ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ

      ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਇਸ ਵਿਚ ਹੋਰ ਵਿਗਿਆਨਕ ਸਬੂਤ ਪੜ੍ਹੋ ਅਤੇ ਦੇਖੋ ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਕਿਉਂ ਰਹਿਣ ਦਿੱਤਾ ਹੈ

      ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਇਸ ਕਿਤਾਬ ਦੇ ਤੀਜੇ ਅਧਿਆਇ ਵਿਚ ਦੱਸਿਆ ਹੈ ਕਿ ਧਰਤੀ ਲਈ ਯਹੋਵਾਹ ਦਾ ਕੀ ਮਕਸਦ ਹੈ

      [ਸਫ਼ਾ 10 ਉੱਤੇ ਸੁਰਖੀ]

      ਯਿਸੂ ਨੇ ਉਤਪਤ ਦੀ ਕਿਤਾਬ ਵਿਚ ਦਰਜ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਸੱਚ ਮੰਨਿਆ ਸੀ। ਕੀ ਉਸ ਨੂੰ ਗ਼ਲਤੀ ਲੱਗੀ ਸੀ?

      [ਸਫ਼ਾ 9 ਉੱਤੇ ਤਸਵੀਰ]

      ਵਿਕਾਸਵਾਦ ਕੀ ਹੈ?

      “ਵਿਕਾਸ” ਦਾ ਇਕ ਅਰਥ ਹੈ, ‘ਕਿਸੇ ਖ਼ਾਸ ਰੂਪ ਵਿਚ ਬਦਲਣ ਦੀ ਪ੍ਰਕ੍ਰਿਆ।’ ਪਰ ਇਹ ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ। ਉਦਾਹਰਣ ਲਈ, ਇਹ ਬੇਜਾਨ ਚੀਜ਼ਾਂ ਵਿਚ ਹੋਈਆਂ ਵੱਡੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਬ੍ਰਹਿਮੰਡ ਦਾ ਵਿਕਾਸ। ਇਸ ਤੋਂ ਇਲਾਵਾ, ਇਹ ਸ਼ਬਦ ਜਾਨਦਾਰ ਚੀਜ਼ਾਂ ਵਿਚ ਹੋਣ ਵਾਲੀਆਂ ਛੋਟੀਆਂ ਤਬਦੀਲੀਆਂ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਪੇੜ-ਪੌਦਿਆਂ ਅਤੇ ਜਾਨਵਰਾਂ ਦਾ ਆਪਣੇ ਵਾਤਾਵਰਣ ਅਨੁਸਾਰ ਢਲ ਜਾਣਾ। ਪਰ ਜ਼ਿਆਦਾ ਕਰਕੇ ਇਹ ਸ਼ਬਦ ਇਸ ਸਿਧਾਂਤ ਲਈ ਵਰਤਿਆ ਜਾਂਦਾ ਹੈ ਕਿ ਜੀਵਨ ਦੀ ਸ਼ੁਰੂਆਤ ਬੇਜਾਨ ਰਸਾਇਣਾਂ ਤੋਂ ਹੋਈ, ਜੋ ਹੌਲੀ-ਹੌਲੀ ਸੈੱਲ ਵਿਚ ਵਿਕਸਿਤ ਹੋ ਗਏ। ਇਹ ਸੈੱਲ ਆਪ ਆਪਣੇ ਵਰਗੇ ਸੈੱਲ ਬਣਾਉਣ ਲੱਗ ਪਏ ਅਤੇ ਸਮੇਂ ਦੇ ਬੀਤਣ ਨਾਲ ਇਨ੍ਹਾਂ ਸੈੱਲਾਂ ਦਾ ਹੌਲੀ-ਹੌਲੀ ਵਿਕਾਸ ਹੁੰਦਾ ਗਿਆ ਅਤੇ ਜੀਵ-ਜੰਤੂ ਬਣਦੇ ਗਏ ਜਿਨ੍ਹਾਂ ਵਿੱਚੋਂ ਇਨਸਾਨ ਸਭ ਤੋਂ ਅਕਲਮੰਦ ਹੈ। ਇਸ ਲੇਖ ਵਿਚ “ਵਿਕਾਸਵਾਦ” ਇਸੇ ਤੀਸਰੇ ਅਰਥ ਵਿਚ ਵਰਤਿਆ ਗਿਆ ਹੈ।

      [ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      Space photo: J. Hester and P. Scowen (AZ State Univ.), NASA

  • ਬਾਇਓਕੈਮਿਸਟ ਨਾਲ ਇੰਟਰਵਿਊ
    ਜਾਗਰੂਕ ਬਣੋ!—2006
    • ਬਾਇਓਕੈਮਿਸਟ ਨਾਲ ਇੰਟਰਵਿਊ

      ਅਮਰੀਕਾ ਦੀ ਲੀਹਾਈ ਯੂਨੀਵਰਸਿਟੀ ਵਿਚ ਬਾਇਓਕੈਮਿਸਟਰੀ ਦੇ ਪ੍ਰੋਫ਼ੈਸਰ ਮਾਈਕਲ ਬੀਹੀ ਨੇ 1996 ਵਿਚ ਡਾਰਵਿਨਜ਼ ਬਲੈਕ ਬਾਕਸ—ਦਾ ਬਾਇਓਕੈਮਿਕਲ ਚੈਲੇਂਜ ਟੂ ਈਵਲੂਸ਼ਨ ਨਾਂ ਦੀ ਕਿਤਾਬ ਲਿਖੀ ਸੀ। 8 ਮਈ 1997 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਇਨਸਾਨ ਕਿਵੇਂ ਬਣਿਆ? ਆਪਣੇ ਆਪ ਜਾਂ ਕਿਸੇ ਨੇ ਬਣਾਇਆ?” ਨਾਮਕ ਲੇਖ ਛਪੇ ਸਨ ਜਿਨ੍ਹਾਂ ਵਿਚ ਪ੍ਰੋਫ਼ੈਸਰ ਬੀਹੀ ਦੀ ਕਿਤਾਬ ਵਿੱਚੋਂ ਹਵਾਲੇ ਦਿੱਤੇ ਗਏ ਸਨ। ਜਦੋਂ ਤੋਂ ਇਹ ਕਿਤਾਬ ਛਪੀ ਗਈ ਹੈ, ਉਦੋਂ ਤੋਂ ਵਿਕਾਸਵਾਦੀ ਵਿਗਿਆਨੀ ਪ੍ਰੋਫ਼ੈਸਰ ਬੀਹੀ ਦੁਆਰਾ ਪੇਸ਼ ਕੀਤੀਆਂ ਦਲੀਲਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਲੋਚਕ ਉਸ ਉੱਤੇ ਦੋਸ਼ ਲਾ ਰਹੇ ਹਨ ਕਿ ਰੋਮਨ ਕੈਥੋਲਿਕ ਹੋਣ ਕਰਕੇ ਉਹ ਵਿਗਿਆਨ ਨਾਲੋਂ ਧਰਮ ਵਿਚ ਜ਼ਿਆਦਾ ਵਿਸ਼ਵਾਸ ਕਰਦਾ ਹੈ। ਕਈ ਹੋਰ ਕਹਿ ਰਹੇ ਹਨ ਕਿ ਉਸ ਦੀਆਂ ਦਲੀਲਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਜਾਗਰੂਕ ਬਣੋ! ਰਸਾਲੇ ਦੇ ਪੱਤਰਕਾਰਾਂ ਨੇ ਇਹ ਜਾਣਨ ਲਈ ਪ੍ਰੋਫ਼ੈਸਰ ਬੀਹੀ ਦੀ ਇੰਟਰਵਿਊ ਲਈ ਕਿ ਉਸ ਦੇ ਵਿਚਾਰਾਂ ਨੇ ਇੰਨਾ ਤੂਫ਼ਾਨ ਕਿਉਂ ਖੜ੍ਹਾ ਕੀਤਾ ਹੈ।

      ਜਾਗਰੂਕ ਬਣੋ!: ਤੁਸੀਂ ਕਿਉਂ ਕਹਿੰਦੇ ਹੋ ਕਿ ਜੀਵ-ਜੰਤੂਆਂ ਨੂੰ ਕਿਸੇ ਨੇ ਸੋਚ-ਸਮਝ ਕੇ ਬਣਾਇਆ ਹੈ?

      ਪ੍ਰੋਫ਼ੈਸਰ ਬੀਹੀ: ਜਦੋਂ ਵੀ ਅਸੀਂ ਕਿਸੇ ਮਸ਼ੀਨ ਦੇ ਪੁਰਜਿਆਂ ਨੂੰ ਮੁਸ਼ਕਲ ਕੰਮ ਕਰਦਿਆਂ ਦੇਖਦੇ ਹਾਂ, ਤਾਂ ਅਸੀਂ ਸਿੱਟਾ ਕੱਢਦੇ ਹਾਂ ਕਿ ਇਸ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ। ਅਸੀਂ ਘਾਹ ਕੱਟਣ ਵਾਲੀ ਮਸ਼ੀਨ, ਕਾਰ ਜਾਂ ਹੋਰ ਛੋਟੀਆਂ-ਛੋਟੀਆਂ ਮਸ਼ੀਨਾਂ ਹਰ ਰੋਜ਼ ਵਰਤਦੇ ਹਾਂ। ਮੈਂ ਅਕਸਰ ਕੁੜਿੱਕੀ ਦੀ ਉਦਾਹਰਣ ਵਰਤਦਾ ਹਾਂ। ਕੁੜਿੱਕੀ ਦੇਖ ਕੇ ਤੁਸੀਂ ਸਿੱਟਾ ਕੱਢੋਗੇ ਕਿ ਇਸ ਨੂੰ ਕਿਸੇ ਨੇ ਡੀਜ਼ਾਈਨ ਕੀਤਾ ਹੈ ਕਿਉਂਕਿ ਚੂਹੇ ਨੂੰ ਫੜਨ ਲਈ ਇਸ ਦੇ ਵੱਖੋ-ਵੱਖਰੇ ਪੁਰਜਿਆਂ ਨੂੰ ਸਹੀ ਢੰਗ ਨਾਲ ਜੋੜਿਆ ਗਿਆ ਹੈ।

      ਵਿਗਿਆਨ ਨੇ ਇਸ ਹੱਦ ਤਕ ਤਰੱਕੀ ਕਰ ਲਈ ਹੈ ਕਿ ਇਸ ਦੀ ਮਦਦ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਜੀਵ-ਜੰਤੂਆਂ ਦੇ ਛੋਟੇ ਤੋਂ ਛੋਟੇ ਹਿੱਸੇ ਵੀ ਉਨ੍ਹਾਂ ਨੂੰ ਜੀਉਂਦਾ ਰੱਖਣ ਲਈ ਕਿਵੇਂ ਕੰਮ ਕਰਦੇ ਹਨ। ਵਿਗਿਆਨੀਆਂ ਨੇ ਤਾਂ ਇਨ੍ਹਾਂ ਛੋਟੇ-ਛੋਟੇ ਹਿੱਸਿਆਂ ਵਿਚ ਮਸ਼ੀਨਾਂ ਵਾਂਗ ਕੰਮ ਕਰਨ ਵਾਲਾ ਗੁੰਝਲਦਾਰ ਸਿਸਟਮ ਦੇਖਿਆ ਹੈ। ਸੈੱਲਾਂ ਦੀ ਉਦਾਹਰਣ ਲਓ। ਇਵੇਂ ਲੱਗਦਾ ਹੈ ਜਿਵੇਂ ਸੈੱਲਾਂ ਵਿਚ ਛੋਟੇ-ਛੋਟੇ “ਟਰੱਕ” ਹੁੰਦੇ ਹਨ ਜੋ ਸੈੱਲ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤਕ ਜ਼ਰੂਰੀ ਸਾਮਾਨ ਢੋਂਹਦੇ ਹਨ। “ਸਾਈਨ ਪੋਸਟ” ਵੀ ਲੱਗੇ ਹੁੰਦੇ ਹਨ ਜੋ “ਟਰੱਕਾਂ” ਨੂੰ ਦੱਸਦੇ ਹਨ ਕਿ ਖੱਬੇ ਮੁੜਨਾ ਹੈ ਜਾਂ ਸੱਜੇ। ਕਈ ਸੈੱਲਾਂ ਵਿਚ “ਮੋਟਰ” ਲੱਗੀ ਹੁੰਦੀ ਜੋ ਸੈੱਲ ਨੂੰ ਸਰੀਰ ਦੇ ਦ੍ਰਵ ਵਿਚ ਤੈਰਨ ਵਿਚ ਮਦਦ ਕਰਦੀ ਹੈ। ਭਾਵੇਂ ਡਾਰਵਿਨ ਦੀ ਵਿਕਾਸਵਾਦ ਦੀ ਥਿਊਰੀ ਨੂੰ ਮੰਨਣ ਵਾਲੇ ਲੋਕ ਜੋ ਮਰਜ਼ੀ ਕਹਿਣ, ਪਰ ਇਸ ਗੁੰਝਲਦਾਰ ਡੀਜ਼ਾਈਨ ਨੂੰ ਦੇਖ ਕੇ ਲੋਕ ਇਹੀ ਸਿੱਟਾ ਕੱਢਣਗੇ ਕਿ ਕਿਸੇ ਨੇ ਇਸ ਨੂੰ ਡੀਜ਼ਾਈਨ ਕੀਤਾ ਹੈ। ਸਾਡਾ ਤਾਂ ਹਮੇਸ਼ਾ ਇਹੀ ਤਜਰਬਾ ਰਿਹਾ ਹੈ ਕਿ ਸਾਰੇ ਜੀਵ-ਜੰਤੂਆਂ ਵਿਚ ਡੀਜ਼ਾਈਨ ਹੈ। ਅਤੇ ਇਸ ਦਾ ਮਤਲਬ ਹੈ ਕਿ ਕਿਸੇ ਨੇ ਇਨ੍ਹਾਂ ਨੂੰ ਡੀਜ਼ਾਈਨ ਕੀਤਾ ਹੈ।

      ਜਾਗਰੂਕ ਬਣੋ!: ਤੁਹਾਡੇ ਸਾਥੀ ਵਿਗਿਆਨੀ ਕਿਉਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਕਿਸੇ ਨੇ ਕੁਦਰਤ ਦੀਆਂ ਚੀਜ਼ਾਂ ਨੂੰ ਡੀਜ਼ਾਈਨ ਕੀਤਾ ਹੈ?

      ਪ੍ਰੋਫ਼ੈਸਰ ਬੀਹੀ: ਬਹੁਤ ਸਾਰੇ ਵਿਗਿਆਨੀ ਇਸ ਲਈ ਮੇਰੇ ਨਾਲ ਸਹਿਮਤ ਨਹੀਂ ਹਨ ਕਿਉਂਕਿ ਕੁਦਰਤੀ ਚੀਜ਼ਾਂ ਦਾ ਡੀਜ਼ਾਈਨ ਕਿਸੇ ਅਲੌਕਿਕ ਸ਼ਕਤੀ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੂੰ ਇਸ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ। ਪਰ ਮੈਨੂੰ ਹਮੇਸ਼ਾ ਇਹੀ ਸਿਖਾਇਆ ਗਿਆ ਸੀ ਕਿ ਵਿਗਿਆਨ ਵਿਚ ਸਬੂਤਾਂ ਦੇ ਆਧਾਰ ਤੇ ਸਾਰੀਆਂ ਗੱਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੇਰੇ ਖ਼ਿਆਲ ਵਿਚ ਜੇ ਸਬੂਤ ਸ੍ਰਿਸ਼ਟੀਕਰਤਾ ਦੀ ਹੋਂਦ ਸਾਬਤ ਕਰਦੇ ਹਨ, ਤਾਂ ਉਸ ਗੱਲ ਨੂੰ ਸਿਰਫ਼ ਇਸੇ ਕਰਕੇ ਸਵੀਕਾਰ ਨਾ ਕਰਨਾ ਕਿ ਉਹ ਵਿਗਿਆਨੀਆਂ ਦੇ ਵਿਚਾਰਾਂ ਦੇ ਵਿਰੁੱਧ ਹੈ, ਕਾਇਰਤਾ ਹੈ।

      ਜਾਗਰੂਕ ਬਣੋ!: ਕਈ ਵਿਗਿਆਨੀ ਦਾਅਵਾ ਕਰਦੇ ਹਨ ਕਿ ਜੋ ਲੋਕ ਕਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ ਕਿਸੇ ਨੇ ਬਣਾਇਆ ਹੈ, ਉਹ ਅਗਿਆਨੀ ਹਨ। ਕੀ ਇਹ ਸੱਚ ਹੈ?

      ਪ੍ਰੋਫ਼ੈਸਰ ਬੀਹੀ: ਜੇ ਅਸੀਂ ਕਹਿੰਦੇ ਹਾਂ ਕਿ ਹਰ ਜੀਵ-ਜੰਤੂ ਨੂੰ ਵਧੀਆ ਤਰੀਕੇ ਨਾਲ ਡੀਜ਼ਾਈਨ ਕੀਤਾ ਗਿਆ ਹੈ, ਤਾਂ ਇਹ ਅਸੀਂ ਇਸ ਕਰਕੇ ਨਹੀਂ ਕਹਿੰਦੇ ਕਿਉਂਕਿ ਅਸੀਂ ਅਗਿਆਨੀ ਹਾਂ। ਅਗਿਆਨਤਾ ਉਸ ਵੇਲੇ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਬਾਰੇ ਨਹੀਂ ਜਾਣਦੇ। ਜਦੋਂ 150 ਸਾਲ ਪਹਿਲਾਂ ਡਾਰਵਿਨ ਨੇ ਆਪਣੀ ਕਿਤਾਬ ਦ ਔਰਿਜਨ ਆਫ਼ ਸਪੀਸ਼ੀਜ਼ ਲਿਖੀ ਸੀ, ਤਾਂ ਉਸ ਵੇਲੇ ਜੀਵਨ ਬਹੁਤ ਸਾਦਾ ਸੀ। ਵਿਗਿਆਨੀ ਸੋਚਦੇ ਸਨ ਕਿ ਸੈੱਲ ਦੀ ਬਣਤਰ ਇੰਨੀ ਸਾਦੀ ਹੈ ਕਿ ਇਹ ਮਿੱਟੀ ਵਿੱਚੋਂ ਆਪਣੇ ਆਪ ਹੀ ਹੋਂਦ ਵਿਚ ਆ ਗਿਆ। ਪਰ ਅੱਜ ਵਿਗਿਆਨੀਆਂ ਨੇ ਦੇਖਿਆ ਹੈ ਕਿ ਸੈੱਲਾਂ ਦੀ ਬਣਤਰ ਬਹੁਤ ਹੀ ਗੁੰਝਲਦਾਰ ਹੈ। ਇਹ 21ਵੀਂ ਸਦੀ ਦੀ ਮਸ਼ੀਨਰੀ ਨਾਲੋਂ ਵੀ ਗੁੰਝਲਦਾਰ ਹੈ। ਇਸ ਦੇ ਗੁੰਝਲਦਾਰ ਡੀਜ਼ਾਈਨ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੇ ਇਸ ਨੂੰ ਸੋਚ-ਸਮਝ ਕੇ ਖ਼ਾਸ ਮਕਸਦ ਨਾਲ ਡੀਜ਼ਾਈਨ ਕੀਤਾ ਹੈ।

      ਜਾਗਰੂਕ ਬਣੋ!: ਕੀ ਵਿਕਾਸਵਾਦੀਆਂ ਕੋਲ ਇਹ ਸਾਬਤ ਕਰਨ ਲਈ ਕੋਈ ਸਬੂਤ ਹੈ ਕਿ ਕੁਦਰਤੀ ਚੋਣ ਰਾਹੀਂ ਜੀਵ-ਜੰਤੂ ਬਣੇ?

      ਪ੍ਰੋਫ਼ੈਸਰ ਬੀਹੀ: ਜੇ ਤੁਸੀਂ ਵਿਗਿਆਨ ਦੀਆਂ ਕਿਤਾਬਾਂ ਪੜ੍ਹੋ, ਤਾਂ ਤੁਸੀਂ ਦੇਖੋਗੇ ਕਿ ਕਿਸੇ ਵੀ ਵਿਗਿਆਨੀ ਨੇ ਇਹ ਸਾਬਤ ਕਰਨ ਦੀ ਗੰਭੀਰ ਕੋਸ਼ਿਸ਼ ਨਹੀਂ ਕੀਤੀ ਕਿ ਡਾਰਵਿਨ ਦੇ ਕਹਿਣ ਅਨੁਸਾਰ ਜੀਵ-ਜੰਤੂਆਂ ਦਾ ਆਪਣੇ ਆਪ ਵਿਕਾਸ ਹੋਇਆ ਸੀ। ਇਸ ਤਰ੍ਹਾਂ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ, ਭਾਵੇਂ ਕਿ ਦਸ ਸਾਲ ਪਹਿਲਾਂ ਮੇਰੀ ਕਿਤਾਬ ਛਪਣ ਤੋਂ ਬਾਅਦ ਨੈਸ਼ਨਲ ਅਕੈਡਮੀ ਆਫ਼ ਸਾਇੰਸ ਤੇ ਹੋਰ ਕਈ ਵਿਗਿਆਨਕ ਸੰਸਥਾਵਾਂ ਨੇ ਆਪਣੇ ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਗੱਲ ਨੂੰ ਝੁਠਲਾਉਣ ਲਈ ਕੁਝ ਵੀ ਕਰਨ ਕਿ ਕਿਸੇ ਨੇ ਦੁਨੀਆਂ ਨੂੰ ਸਿਰਜਿਆ ਹੈ।

      ਜਾਗਰੂਕ ਬਣੋ!: ਕਈ ਵਿਗਿਆਨੀ ਕੁਝ ਪੇੜ-ਪੌਦਿਆਂ ਜਾਂ ਜਾਨਵਰਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਡੀਜ਼ਾਈਨ ਨਹੀਂ ਕੀਤਾ ਗਿਆ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ?

      ਪ੍ਰੋਫ਼ੈਸਰ ਬੀਹੀ: ਜੇ ਅਸੀਂ ਕਿਸੇ ਜਾਨਵਰ ਜਾਂ ਪੌਦੇ ਬਾਰੇ ਕੁਝ ਗੱਲਾਂ ਨਹੀਂ ਜਾਣਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਕੋਈ ਫ਼ਾਇਦਾ ਨਹੀਂ ਹੈ। ਉਦਾਹਰਣ ਲਈ, ਕੁਝ ਸਮਾਂ ਪਹਿਲਾਂ ਕੁਝ ਅੰਗਾਂ ਨੂੰ ਬੇਕਾਰ ਸਮਝਿਆ ਜਾਂਦਾ ਸੀ। ਇਨ੍ਹਾਂ ਅੰਗਾਂ ਤੋਂ ਲੱਗਦਾ ਸੀ ਕਿ ਮਨੁੱਖੀ ਸਰੀਰ ਅਤੇ ਦੂਸਰੇ ਜੀਵਾਂ ਨੂੰ ਘਟੀਆ ਢੰਗ ਨਾਲ ਡੀਜ਼ਾਈਨ ਕੀਤਾ ਗਿਆ ਸੀ। ਅਪੈਂਡਿਕਸ ਤੇ ਟੌਂਸਿਲ ਵਰਗੇ ਅੰਗਾਂ ਨੂੰ ਬੇਕਾਰ ਸਮਝਿਆ ਜਾਂਦਾ ਸੀ ਤੇ ਓਪਰੇਸ਼ਨ ਕਰ ਕੇ ਕੱਢ ਦਿੱਤਾ ਜਾਂਦਾ ਸੀ। ਪਰ ਫਿਰ ਇਹ ਦੇਖਿਆ ਗਿਆ ਕਿ ਇਹ ਅੰਗ ਮਨੁੱਖੀ ਸਰੀਰ ਦੀ ਰੱਖਿਆ ਪ੍ਰਣਾਲੀ ਲਈ ਬਹੁਤ ਜ਼ਰੂਰੀ ਹਨ। ਇਸ ਲਈ ਹੁਣ ਇਨ੍ਹਾਂ ਨੂੰ ਬੇਕਾਰ ਨਹੀਂ ਸਮਝਿਆ ਜਾਂਦਾ।

      ਇਕ ਹੋਰ ਗੱਲ ਯਾਦ ਰੱਖਣ ਵਾਲੀ ਹੈ ਕਿ ਜੀਵ-ਵਿਗਿਆਨ ਵਿਚ ਕਈ ਗੱਲਾਂ ਅਚਾਨਕ ਹੋ ਜਾਂਦੀਆਂ ਹਨ। ਜੇ ਮੇਰੀ ਕਾਰ ਵਿਚ ਚਿੱਬ ਪਿਆ ਹੈ ਜਾਂ ਟਾਇਰ ਪੰਚਰ ਹੋ ਗਿਆ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਕਾਰ ਜਾਂ ਟਾਇਰ ਨੂੰ ਡੀਜ਼ਾਈਨ ਨਹੀਂ ਕੀਤਾ ਗਿਆ ਸੀ। ਇਸੇ ਤਰ੍ਹਾਂ, ਜੀਵ-ਵਿਗਿਆਨ ਵਿਚ ਜੇ ਕੁਝ ਗੱਲਾਂ ਅਚਾਨਕ ਹੋ ਜਾਂਦੀਆਂ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜੀਵ-ਜੰਤੂਆਂ ਦਾ ਆਪਣੇ ਆਪ ਵਿਕਾਸ ਹੋ ਗਿਆ। ਇਹ ਦਲੀਲ ਸਹੀ ਨਹੀਂ ਹੈ। (g 9/06)

      [ਸਫ਼ਾ 12 ਉੱਤੇ ਸੁਰਖੀ]

      “ਮੇਰੇ ਖ਼ਿਆਲ ਵਿਚ ਜੇ ਸਬੂਤ ਸ੍ਰਿਸ਼ਟੀਕਰਤਾ ਦੀ ਹੋਂਦ ਸਾਬਤ ਕਰਦੇ ਹਨ, ਤਾਂ ਉਸ ਗੱਲ ਨੂੰ ਸਿਰਫ਼ ਇਸੇ ਕਰਕੇ ਸਵੀਕਾਰ ਨਾ ਕਰਨਾ ਕਿ ਉਹ ਵਿਗਿਆਨੀਆਂ ਦੇ ਵਿਚਾਰਾਂ ਦੇ ਵਿਰੁੱਧ ਹੈ, ਕਾਇਰਤਾ ਹੈ”

  • ਕੀ ਵਿਕਾਸਵਾਦ ਹਕੀਕਤ ਹੈ?
    ਜਾਗਰੂਕ ਬਣੋ!—2006
    • ਕੀ ਵਿਕਾਸਵਾਦ ਹਕੀਕਤ ਹੈ?

      ਵਿਕਾਸਵਾਦ ਦੇ ਵਿਗਿਆਨੀ ਪ੍ਰੋਫ਼ੈਸਰ ਰਿਚਰਡ ਡੌਕਿੰਨਸ ਦਾ ਦਾਅਵਾ ਹੈ: “ਸੂਰਜ ਤੋਂ ਗਰਮੀ ਮਿਲਦੀ ਹੈ—ਇਹ ਹਕੀਕਤ ਹੈ। ਇਸੇ ਤਰ੍ਹਾਂ ਵਿਕਾਸਵਾਦ ਵੀ ਇਕ ਹਕੀਕਤ ਹੈ।” ਇਸ ਗੱਲ ਦੇ ਪੱਕੇ ਸਬੂਤ ਹਨ ਕਿ ਸੂਰਜ ਤੋਂ ਸਾਨੂੰ ਗਰਮੀ ਮਿਲਦੀ ਹੈ। ਪਰ ਕੀ ਵਿਕਾਸਵਾਦ ਨੂੰ ਵੀ ਸੱਚ ਸਾਬਤ ਕਰਨ ਲਈ ਕੋਈ ਠੋਸ ਸਬੂਤ ਹੈ?

      ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਇਸ ਸਿੱਖਿਆ ਦੇ ਜਨਮਦਾਤਾ ਚਾਰਲਜ਼ ਡਾਰਵਿਨ ਅਤੇ ਹੋਰਨਾਂ ਵਿਗਿਆਨੀਆਂ ਅਨੁਸਾਰ ਸਮੇਂ ਦੇ ਬੀਤਣ ਨਾਲ ਜਾਨਵਰਾਂ ਤੇ ਪੌਦਿਆਂ ਦੀਆਂ ਪੀੜ੍ਹੀ-ਦਰ-ਪੀੜ੍ਹੀ ਛੋਟੀਆਂ-ਛੋਟੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਤਜਰਬਿਆਂ ਅਤੇ ਅਧਿਐਨਾਂ ਤੋਂ ਵੀ ਇਸ ਗੱਲ ਦਾ ਸਬੂਤ ਮਿਲਦਾ ਹੈ। ਪੌਦਿਆਂ ਅਤੇ ਜਾਨਵਰਾਂ ਦੇ ਪਾਲਕਾਂ ਨੇ ਵੀ ਆਪਣੀਆਂ ਖੋਜਾਂ ਵਿਚ ਅਜਿਹੀਆਂ ਤਬਦੀਲੀਆਂ ਦੇਖੀਆਂ ਹਨ।a ਇਹ ਹਕੀਕਤ ਹੈ ਕਿ ਅਜਿਹੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਹੁੰਦੀਆਂ ਹਨ। ਪਰ ਵਿਗਿਆਨੀ ਇਨ੍ਹਾਂ ਤਬਦੀਲੀਆਂ ਨੂੰ ਮਾਈਕ੍ਰੋ-ਈਵਲੂਸ਼ਨ ਦਾ ਨਾਂ ਦੇ ਕੇ ਇਹ ਦਾਅਵਾ ਕਰਦੇ ਹਨ ਕਿ ਜੇ ਜੀਵਾਂ ਵਿਚ ਅਜਿਹੀਆਂ ਛੋਟੀਆਂ ਤਬਦੀਲੀਆਂ ਆ ਸਕਦੀਆਂ ਹਨ, ਤਾਂ ਲੰਬਾ ਸਮਾਂ ਬੀਤਣ ਨਾਲ ਵੱਡੀਆਂ ਤਬਦੀਲੀਆਂ ਵੀ ਆ ਸਕਦੀਆਂ ਹਨ ਜਿਸ ਨੂੰ ਉਹ ਮੈਕ੍ਰੋ-ਈਵਲੂਸ਼ਨ ਕਹਿੰਦੇ ਹਨ। ਲੇਕਿਨ ਵਿਗਿਆਨੀਆਂ ਨੇ ਹਾਲੇ ਤਕ ਅਜਿਹੀਆਂ ਵੱਡੀਆਂ ਤਬਦੀਲੀਆਂ ਹੁੰਦੀਆਂ ਨਹੀਂ ਦੇਖੀਆਂ।

      ਡਾਰਵਿਨ ਨੇ ਵਿਕਾਸਵਾਦ ਦੀ ਥਿਊਰੀ ਪੇਸ਼ ਕਰਦੇ ਹੋਏ ਆਪਣੀ ਮਸ਼ਹੂਰ ਕਿਤਾਬ ਵਿਚ ਲਿਖਿਆ: “ਮੇਰੇ ਖ਼ਿਆਲ ਵਿਚ ਸਾਰੀਆਂ ਚੀਜ਼ਾਂ ਨੂੰ ਇਕ-ਇਕ ਕਰ ਕੇ ਨਹੀਂ ਸ੍ਰਿਸ਼ਟ ਕੀਤਾ ਗਿਆ, ਸਗੋਂ ਸਾਰੀਆਂ ਚੀਜ਼ਾਂ ਦਾ ਵਿਕਾਸ ਕੁਝ ਜੀਵਾਂ ਤੋਂ ਹੋਇਆ ਹੈ।” (The Origin of Species) ਡਾਰਵਿਨ ਦਾ ਕਹਿਣਾ ਸੀ ਕਿ ਸਦੀਆਂ ਦੌਰਾਨ ਇਨ੍ਹਾਂ ਜੀਵਾਂ ਦਾ ਹੌਲੀ-ਹੌਲੀ ਵਿਕਾਸ ਹੁੰਦਾ ਗਿਆ। ਇਨ੍ਹਾਂ ਜੀਵਾਂ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਹੁਣ ਧਰਤੀ ਤੇ ਕਰੋੜਾਂ ਹੀ ਭਾਂਤ-ਭਾਂਤ ਦੇ ਜੀਵ ਹਨ। ਵਿਕਾਸਵਾਦੀ ਸਿਖਾਉਂਦੇ ਹਨ ਕਿ ਸਮੇਂ ਦੇ ਬੀਤਣ ਨਾਲ ਇਨ੍ਹਾਂ ਜੀਵਾਂ ਵਿਚ ਬਹੁਤ ਹੀ ਵੱਡੀਆਂ ਤਬਦੀਲੀਆਂ ਵੀ ਆਈਆਂ ਸਨ। ਮਿਸਾਲ ਲਈ, ਮੱਛੀਆਂ ਤੋਂ ਐਂਫੀਬੀਅਨਸ ਯਾਨੀ ਜਲਥਲੀ ਜੀਵ ਬਣੇ ਅਤੇ ਬਾਂਦਰਾਂ ਤੋਂ ਇਨਸਾਨ ਬਣੇ। ਇਨ੍ਹਾਂ ਵੱਡੀਆਂ ਤਬਦੀਲੀਆਂ ਨੂੰ ਮੈਕ੍ਰੋ-ਈਵਲੂਸ਼ਨ ਕਿਹਾ ਜਾਂਦਾ ਹੈ। ਕਈ ਲੋਕ ਇਸ ਗੱਲ ਨੂੰ ਜਾਇਜ਼ ਸਮਝਦੇ ਹਨ। ਉਹ ਸੋਚਦੇ ਹਨ ਕਿ ਜੇ ਜੀਵਾਂ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ ਆ ਸਕਦੀਆਂ ਹਨ, ਤਾਂ ਲੰਬਾ ਸਮਾਂ ਬੀਤਣ ਨਾਲ ਵੱਡੀਆਂ ਤਬਦੀਲੀਆਂ ਕਿਉਂ ਨਹੀਂ ਆ ਸਕਦੀਆਂ?

      ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਇਨ੍ਹਾਂ ਤਿੰਨ ਖ਼ਾਸ ਗੱਲਾਂ ਤੇ ਟਿਕੀ ਹੋਈ ਹੈ:

      1. ਮਿਊਟੇਸ਼ਨ ਯਾਨੀ ਜੀਨਾਂ ਵਿਚ ਤਬਦੀਲੀਆਂ ਕਾਰਨ ਨਵੀਆਂ ਨਸਲਾਂ ਪੈਦਾ ਹੁੰਦੀਆਂ ਹਨ।b

      2. ਕੁਦਰਤੀ ਚੋਣ ਕਾਰਨ ਨਵੀਆਂ ਨਸਲਾਂ ਪੈਦਾ ਹੁੰਦੀਆਂ ਹਨ।

      3. ਫਾਸਿਲ ਰਿਕਾਰਡ ਯਾਨੀ ਪਥਰਾਟਾਂ ਤੋਂ ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਦਾ ਸਬੂਤ ਮਿਲਦਾ ਹੈ।

      ਕੀ ਮੈਕ੍ਰੋ-ਈਵਲੂਸ਼ਨ ਦਾ ਸਬੂਤ ਇੰਨਾ ਠੋਸ ਹੈ ਕਿ ਇਸ ਨੂੰ ਹਕੀਕਤ ਮੰਨਿਆ ਜਾ ਸਕਦਾ ਹੈ?

      ਕੀ ਮਿਊਟੇਸ਼ਨ ਕਾਰਨ ਨਵੀਆਂ ਨਸਲਾਂ ਪੈਦਾ ਹੋ ਸਕਦੀਆਂ ਹਨ?

      ਪੌਦਿਆਂ ਤੇ ਜਾਨਵਰਾਂ ਦੇ ਹਰ ਸੈੱਲ ਦੇ ਨਿਊਕਲੀਅਸ ਵਿਚ ਜਨੈਟਿਕ ਕੋਡ ਹੁੰਦਾ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਜਦ ਕਿਸੇ ਪੌਦੇ ਜਾਂ ਜਾਨਵਰ ਦੇ ਜਨੈਟਿਕ ਕੋਡ ਵਿਚ ਤਬਦੀਲੀਆਂ ਆਉਂਦੀਆਂ ਹਨ, ਤਾਂ ਇਸ ਤੋਂ ਪੈਦਾ ਹੋਏ ਪੌਦੇ ਤੇ ਜਾਨਵਰ ਵਿਚ ਵੀ ਤਬਦੀਲੀਆਂ ਆ ਸਕਦੀਆਂ ਹਨ।c ਨੋਬਲ ਪੁਰਸਕਾਰ ਵਿਜੇਤਾ ਅਤੇ ਮਿਊਟੇਸ਼ਨ ਜੀਨਾਂ ਦੀ ਖੋਜ ਦੇ ਮੋਢੀ ਹਰਮਨ ਜੇ. ਮੂਲਰ ਨੇ ਦਾਅਵਾ ਕੀਤਾ: “ਵਿਗਿਆਨੀ ਪੌਦਿਆਂ ਤੇ ਜਾਨਵਰਾਂ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ ਲਿਆ ਕੇ ਉਨ੍ਹਾਂ ਨੂੰ ਸੁਧਾਰ ਸਕੇ ਹਨ। ਇਸੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਕੁਦਰਤੀ ਚੋਣ ਅਤੇ ਵਿਕਾਸਵਾਦ ਦੁਆਰਾ ਵੀ ਤਬਦੀਲੀਆਂ ਜ਼ਰੂਰ ਹੋਈਆਂ ਹਨ।”

      ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਇਸ ਗੱਲ ਤੇ ਟਿਕੀ ਹੋਈ ਹੈ ਕਿ ਜੀਵਾਂ ਵਿਚ ਜੋ ਤਬਦੀਲੀਆਂ ਆਉਂਦੀਆਂ ਹਨ, ਉਨ੍ਹਾਂ ਕਾਰਨ ਸਿਰਫ਼ ਨਵੀਆਂ ਕਿਸਮਾਂ ਹੀ ਨਹੀਂ, ਸਗੋਂ ਨਵੀਆਂ ਨਸਲਾਂ ਵੀ ਪੈਦਾ ਹੋ ਸਕਦੀਆਂ ਹਨ। ਕੀ ਇਸ ਗੱਲ ਦਾ ਕੋਈ ਸਬੂਤ ਹੈ? ਆਓ ਆਪਾਂ ਦੇਖੀਏ ਕਿ 100 ਸਾਲਾਂ ਤੋਂ ਜਾਰੀ ਜੀਨਾਂ ਦੇ ਅਧਿਐਨ ਤੋਂ ਕੀ ਪਤਾ ਲੱਗਾ ਹੈ।

      ਤਕਰੀਬਨ 70 ਸਾਲ ਪਹਿਲਾਂ ਵਿਗਿਆਨੀਆਂ ਨੂੰ ਇਵੇਂ ਲੱਗਾ ਕਿ ਜੇ ਕੁਦਰਤੀ ਤਬਦੀਲੀਆਂ ਕਾਰਨ ਪੌਦਿਆਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਸਕਦੀਆਂ ਹਨ, ਤਾਂ ਵਿਗਿਆਨ ਦੀ ਮਦਦ ਨਾਲ ਵੀ ਤਬਦੀਲੀਆਂ ਲਿਆਈਆਂ ਜਾ ਸਕਦੀਆਂ ਹਨ। ਇਸ ਬਾਰੇ ਵਿਗਿਆਨੀਆਂ ਨੇ ਕੀ ਸੋਚਿਆ? ਜਦ ਜਾਗਰੂਕ ਬਣੋ! ਦੇ ਪੱਤਰਕਾਰਾਂ ਨੇ ਵੁਲਫ਼-ਏਕਾਹਾਰਟ ਲੌਨਿਗ ਦੀ ਇੰਟਰਵਿਊ ਲਈ, ਤਾਂ ਉਸ ਨੇ ਇਵੇਂ ਦੱਸਿਆ ਕਿ “ਜੀਵ-ਵਿਗਿਆਨੀਆਂ, ਜਨੈਟਿਕ-ਵਿਗਿਆਨੀਆਂ ਅਤੇ ਖ਼ਾਸ ਕਰਕੇ ਨਸਲ-ਪਾਲਕਾਂ ਲਈ ਇਹ ਵੱਡੀ ਖ਼ੁਸ਼-ਖ਼ਬਰੀ ਸੀ।” (ਲੌਨਿਗ ਜਰਮਨੀ ਵਿਚ ਪੌਦਿਆਂ ਦੀ ਰਿਸਰਚ ਸੰਸਥਾ ਵਿਚ ਕੰਮ ਕਰਦਾ ਹੈ।) ਉਹ ਇੰਨੇ ਖ਼ੁਸ਼ ਕਿਉਂ ਸਨ? ਲੌਨਿਗ ਨੇ 28 ਸਾਲ ਪੌਦਿਆਂ ਦੀਆਂ ਜੀਨਾਂ ਵਿਚ ਤਬਦੀਲੀਆਂ ਕਰਨ ਸੰਬੰਧੀ ਅਧਿਐਨ ਕੀਤਾ ਹੈ। ਉਸ ਨੇ ਇਸ ਬਾਰੇ ਕਿਹਾ: “ਵਿਗਿਆਨੀ ਸੋਚ ਰਹੇ ਸਨ ਕਿ ਹੁਣ ਉਹ ਪੌਦਿਆਂ ਤੇ ਜਾਨਵਰਾਂ ਦੇ ਪਾਲਣ-ਪੋਸਣ ਦੇ ਤਰੀਕੇ ਨੂੰ ਬਿਲਕੁਲ ਬਦਲ ਸਕਦੇ ਸਨ। ਉਨ੍ਹਾਂ ਨੇ ਸੋਚਿਆ ਕਿ ਹੁਣ ਉਹ ਪੌਦਿਆਂ ਤੇ ਜਾਨਵਰਾਂ ਦੀਆਂ ਨਵੀਆਂ ਤੇ ਬਿਹਤਰ ਕਿਸਮਾਂ ਪੈਦਾ ਕਰ ਸਕਣਗੇ।”d

      ਅਮਰੀਕਾ, ਏਸ਼ੀਆ ਅਤੇ ਯੂਰਪ ਦੇ ਵਿਗਿਆਨੀਆਂ ਨੇ ਅਜਿਹੇ ਰਿਸਰਚ ਪ੍ਰੋਗ੍ਰਾਮ ਚਾਲੂ ਕੀਤੇ ਜਿਨ੍ਹਾਂ ਦੁਆਰਾ ਉਨ੍ਹਾਂ ਨੇ ਉਮੀਦ ਦਿੱਤੀ ਕਿ ਉਹ ਵਿਕਾਸ ਦੀ ਰਫ਼ਤਾਰ ਨੂੰ ਵਧਾ ਸਕਣਗੇ। ਤਕਰੀਬਨ 40 ਸਾਲਾਂ ਤਕ ਡੂੰਘੀ ਰਿਸਰਚ ਕਰਨ ਤੋਂ ਬਾਅਦ ਨਤੀਜਾ ਕੀ ਨਿਕਲਿਆ? ਖੋਜਕਾਰ ਪੀਟਰ ਵਾਨ ਜ਼ੇਨਬੂਸ਼ ਦੱਸਦਾ ਹੈ: ‘ਬਹੁਤ ਜ਼ਿਆਦਾ ਖ਼ਰਚਾ ਕਰਨ ਦੇ ਬਾਵਜੂਦ, ਉਹ ਹੋਰ ਨਸਲਾਂ ਪੈਦਾ ਕਰਨ ਵਿਚ ਕਾਮਯਾਬ ਨਹੀਂ ਹੋਏ।’ ਲੌਨਿਗ ਦਾ ਕਹਿਣਾ ਹੈ: “ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਪੱਛਮੀ ਦੇਸ਼ਾਂ ਵਿਚ 1980 ਦੇ ਦਹਾਕੇ ਵਿਚ ਮਿਊਟੇਸ਼ਨ ਦੁਆਰਾ ਬਿਹਤਰ ਨਸਲਾਂ ਪੈਦਾ ਕਰਨ ਦੇ ਪ੍ਰੋਗ੍ਰਾਮ ਰੋਕ ਦਿੱਤੇ ਗਏ। ਆਪਣੀ ਰਿਸਰਚ ਦੁਆਰਾ ਉਨ੍ਹਾਂ ਨੇ ਜੋ ਵੀ ਜੀਵ ਪੈਦਾ ਕੀਤੇ, ਉਹ ਜੀਵ ਜਾਂ ਤਾਂ ਮਰ ਗਏ ਜਾਂ ਕੁਦਰਤੀ ਜੀਵਾਂ ਤੋਂ ਕਮਜ਼ੋਰ ਨਿਕਲੇ।”e

      ਮਿਊਟੇਸ਼ਨ ਉੱਤੇ 100 ਸਾਲ ਰਿਸਰਚ ਕਰਨ ਅਤੇ 70 ਸਾਲਾਂ ਦੌਰਾਨ ਨਵੀਆਂ ਕਿਸਮਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਤੋਂ ਵਿਗਿਆਨੀਆਂ ਨੇ ਕੀ ਸਿੱਟਾ ਕੱਢਿਆ ਹੈ? ਧਿਆਨ ਦਿਓ ਕਿ ਇਸ ਬਾਰੇ ਲੌਨਿਗ ਕੀ ਕਹਿੰਦਾ ਹੈ: ‘ਮਿਊਟੇਸ਼ਨ ਰਾਹੀਂ ਅਸੀਂ ਕੁਦਰਤੀ ਜੀਵਾਂ ਦੀਆਂ ਨਵੀਆਂ ਨਸਲਾਂ ਪੈਦਾ ਨਹੀਂ ਕਰ ਸਕਦੇ। ਜੋ ਵੀ ਰਿਸਰਚ ਅਤੇ ਖੋਜਾਂ 20ਵੀਂ ਸਦੀ ਵਿਚ ਕੀਤੀਆਂ ਗਈਆਂ ਹਨ, ਉਨ੍ਹਾਂ ਤੋਂ ਇਹੀ ਪਤਾ ਲੱਗਦਾ ਹੈ ਕਿ ਨਵੀਆਂ ਨਸਲਾਂ ਪੈਦਾ ਕਰਨ ਦੀ ਕੋਈ ਸੰਭਾਵਨਾ ਨਹੀਂ। ਇਨਸਾਨ ਦੇ ਕੁਝ ਵੀ ਕਰਨ ਤੇ ਪੌਦਿਆਂ ਅਤੇ ਜਾਨਵਰਾਂ ਦੀਆਂ ਕੁਦਰਤੀ ਨਸਲਾਂ ਬਦਲੀਆਂ ਨਹੀਂ ਜਾ ਸਕਦੀਆਂ।’

      ਜਦ ਤਜਰਬੇਕਾਰ ਵਿਗਿਆਨੀ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਨਵੀਆਂ ਨਸਲਾਂ ਪੈਦਾ ਨਹੀਂ ਕਰ ਸਕਦੇ, ਤਾਂ ਕੀ ਇਹ ਸੰਭਵ ਹੈ ਕਿ ਇਹ ਨਸਲਾਂ ਆਪਣੇ ਆਪ ਪੈਦਾ ਹੋ ਗਈਆਂ ਸਨ? ਜੇ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਮਿਊਟੇਸ਼ਨ ਦੁਆਰਾ ਨਵੀਆਂ ਨਸਲਾਂ ਨਹੀਂ ਪੈਦਾ ਕੀਤੀਆਂ ਜਾ ਸਕਦੀਆਂ, ਤਾਂ ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਕਿੱਦਾਂ ਸੱਚ ਹੋ ਸਕਦੀ ਹੈ? ਬਾਂਦਰਾਂ ਤੋਂ ਇਨਸਾਨ ਕਿੱਦਾਂ ਬਣ ਸਕਦੇ ਸਨ?

      ਕੀ ਕੁਦਰਤੀ ਚੋਣ ਕਾਰਨ ਨਵੀਆਂ ਨਸਲਾਂ ਪੈਦਾ ਹੋ ਸਕਦੀਆਂ ਹਨ?

      ਡਾਰਵਿਨ ਮੁਤਾਬਕ ਜਿਨ੍ਹਾਂ ਜਾਨਵਰਾਂ ਨੂੰ ਆਪਣੇ ਵਿਕਾਸ ਲਈ ਠੀਕ ਵਾਤਾਵਰਣ ਨਹੀਂ ਮਿਲਦਾ, ਉਹ ਮਰ ਜਾਂਦੇ ਹਨ। ਪਰ ਜੋ ਜਾਨਵਰ ਬਦਲਦੇ ਵਾਤਾਵਰਣ ਮੁਤਾਬਕ ਢਲ ਜਾਂਦੇ ਹਨ, ਉਹ ਜੀਉਂਦੇ ਰਹਿੰਦੇ ਹਨ। ਇਸ ਨੂੰ ਡਾਰਵਿਨ ਨੇ “ਕੁਦਰਤੀ ਚੋਣ” ਕਿਹਾ। ਅੱਜ ਵਿਗਿਆਨੀ ਇਹ ਸਿਖਾਉਂਦੇ ਹਨ ਕਿ ਨਵੇਂ ਵਾਤਾਵਰਣ ਵਿਚ ਸਿਰਫ਼ ਉਹੀ ਜੀਵ ਜੀਉਂਦੇ ਰਹਿੰਦੇ ਹਨ, ਜੋ ਉਸ ਵਾਤਾਵਰਣ ਅਨੁਸਾਰ ਢਲਣ ਲਈ ਆਪਣੇ ਵਿਚ ਤਬਦੀਲੀਆਂ ਲਿਆ ਸਕਦੇ ਹਨ। ਨਤੀਜੇ ਵਜੋਂ, ਵਿਕਾਸਵਾਦੀ ਇਹ ਦਾਅਵਾ ਕਰਦੇ ਹਨ ਕਿ ਸਮੇਂ ਦੇ ਬੀਤਣ ਨਾਲ ਇਨ੍ਹਾਂ ਜਾਨਵਰਾਂ ਦੀਆਂ ਬਿਲਕੁਲ ਨਵੀਆਂ ਨਸਲਾਂ ਪੈਦਾ ਹੋ ਜਾਂਦੀਆਂ ਹਨ।

      ਜਿਵੇਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ, ਰਿਸਰਚ ਤੋਂ ਪੱਕਾ ਸਬੂਤ ਮਿਲਦਾ ਹੈ ਕਿ ਮਿਊਟੇਸ਼ਨ ਤੋਂ ਜਾਨਵਰਾਂ ਤੇ ਪੌਦਿਆਂ ਦੀਆਂ ਨਵੀਆਂ ਨਸਲਾਂ ਨਹੀਂ ਪੈਦਾ ਕੀਤੀਆਂ ਜਾ ਸਕਦੀਆਂ। ਤਾਂ ਫਿਰ, ਵਿਕਾਸਵਾਦੀ ਕੁਦਰਤੀ ਚੋਣ ਦੀ ਸਿੱਖਿਆ ਨੂੰ ਸੱਚ ਸਾਬਤ ਕਰਨ ਲਈ ਕੀ ਸਬੂਤ ਪੇਸ਼ ਕਰਦੇ ਹਨ? ਅਮਰੀਕਾ ਵਿਚ 1999 ਵਿਚ ਵਿਗਿਆਨ ਬਾਰੇ ਛਾਪੇ ਗਏ ਇਕ ਬਰੋਸ਼ਰ ਨੇ ਕਿਹਾ: “ਗਲਾਪਾਗੋਸ ਟਾਪੂ ਤੇ ਡਾਰਵਿਨ ਨੇ ਫਿੰਚ ਨਾਮਕ ਚਿੜੀਆਂ ਦੀਆਂ 13 ਕਿਸਮਾਂ ਦਾ ਅਧਿਐਨ ਕੀਤਾ। ਵਿਕਾਸਵਾਦ ਤੋਂ ਪੈਦਾ ਹੋਣ ਵਾਲੀਆਂ ਨਵੀਆਂ ਨਸਲਾਂ ਦੀ ਇਹ ਇਕ ਖ਼ਾਸ ਉਦਾਹਰਣ ਸੀ। ਇਨ੍ਹਾਂ ਚਿੜੀਆਂ ਨੂੰ ਡਾਰਵਿਨ ਦੀਆਂ ਚਿੜੀਆਂ ਕਿਹਾ ਜਾਂਦਾ ਹੈ।”

      ਪੀਟਰ ਅਤੇ ਰੋਜ਼ਮੇਰੀ ਗ੍ਰਾਂਟ ਦੀ ਨਿਗਰਾਨੀ ਅਧੀਨ 1970 ਦੇ ਦਹਾਕੇ ਦੌਰਾਨ ਕੁਝ ਵਿਗਿਆਨੀਆਂ ਨੇ ਇਨ੍ਹਾਂ ਫਿੰਚ ਚਿੜੀਆਂ ਦਾ ਅਧਿਐਨ ਕੀਤਾ। ਇਸ ਅਧਿਐਨ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਸਾਲ ਦੇ ਸੋਕੇ ਤੋਂ ਬਾਅਦ ਵੱਡੀ ਚੁੰਝ ਵਾਲੀਆਂ ਚਿੜੀਆਂ ਬਚ ਗਈਆਂ, ਜਦ ਕਿ ਛੋਟੀ ਚੁੰਝ ਵਾਲੀਆਂ ਮਰ ਗਈਆਂ। ਆਮ ਤੌਰ ਤੇ ਫਿੰਚਾਂ ਦੀਆਂ ਵੱਖੋ-ਵੱਖ ਕਿਸਮਾਂ ਉਨ੍ਹਾਂ ਦੀ ਚੁੰਝ ਦੇ ਆਕਾਰ ਤੋਂ ਪਛਾਣੀਆਂ ਜਾਂਦੀਆਂ ਹਨ। ਇਸ ਲਈ ਜਦ ਖੋਜਕਾਰਾਂ ਨੇ ਆਪਣੇ ਅਧਿਐਨ ਤੋਂ ਦੇਖਿਆ ਕਿ ਵੱਡੀ ਚੁੰਝ ਵਾਲੀਆਂ ਫਿੰਚਾਂ ਬਚ ਗਈਆਂ, ਤਾਂ ਇਹ ਵਿਗਿਆਨੀਆਂ ਲਈ ਬਹੁਤ ਵੱਡੀ ਗੱਲ ਸੀ। ਬਰੋਸ਼ਰ ਦੱਸਦਾ ਹੈ ਕਿ “ਪੀਟਰ ਤੇ ਰੋਜ਼ਮੇਰੀ ਗ੍ਰਾਂਟ ਨੇ ਅੰਦਾਜ਼ਾ ਲਗਾਇਆ ਕਿ ਜੇ ਇਸ ਟਾਪੂ ਤੇ ਹਰ 10 ਸਾਲਾਂ ਵਿਚ ਇਕ ਵਾਰ ਸੋਕਾ ਪਵੇ, ਤਾਂ ਸਿਰਫ਼ 200 ਸਾਲਾਂ ਦੇ ਅੰਦਰ ਫਿੰਚਾਂ ਦੀ ਇਕ ਬਿਲਕੁਲ ਨਵੀਂ ਨਸਲ ਪੈਦਾ ਹੋ ਜਾਵੇਗੀ।”

      ਲੇਕਿਨ ਇਸ ਬਰੋਸ਼ਰ ਵਿਚ ਵਿਗਿਆਨੀ ਕੁਝ ਜ਼ਰੂਰੀ ਗੱਲਾਂ ਦਾ ਜ਼ਿਕਰ ਕਰਨਾ ਭੁੱਲ ਗਏ। ਸੋਕੇ ਤੋਂ ਬਾਅਦ ਦੇ ਸਾਲਾਂ ਵਿਚ ਛੋਟੀ ਚੁੰਝ ਵਾਲੀਆਂ ਫਿੰਚਾਂ ਦੀ ਗਿਣਤੀ ਵੱਡੀ ਚੁੰਝ ਵਾਲੀਆਂ ਦੀ ਗਿਣਤੀ ਨਾਲੋਂ ਵਧ ਗਈ। ਇਸ ਲਈ, ਪੀਟਰ ਗ੍ਰਾਂਟ ਤੇ ਲਾਇਲ ਗਿਬਜ਼ ਨੇ 1987 ਵਿਚ ਕੁਦਰਤ ਬਾਰੇ ਇਕ ਰਸਾਲੇ ਵਿਚ ਲਿਖਿਆ ਕਿ ਉਨ੍ਹਾਂ ਨੇ “ਕੁਦਰਤੀ ਚੋਣ ਦਾ ਰੁੱਖ ਬਦਲਦਾ ਦੇਖਿਆ।” ਫਿਰ 1991 ਵਿਚ ਗ੍ਰਾਂਟ ਨੇ ਲਿਖਿਆ ਕਿ ਜਦ ਵੀ ਵਾਤਾਵਰਣ ਬਦਲਦਾ ਹੈ, ਤਾਂ ਇਸ ਦਾ ਅਸਰ ਫਿੰਚਾਂ ਦੀ ਗਿਣਤੀ ਉੱਤੇ ਪੈਂਦਾ ਹੈ, ‘ਕਦੇ ਛੋਟੀ ਚੁੰਝ ਵਾਲੀਆਂ ਦੀ ਗਿਣਤੀ ਵਧ ਜਾਂਦੀ ਹੈ ਤੇ ਕਦੇ ਵੱਡੀ ਚੁੰਝ ਵਾਲੀਆਂ ਦੀ।’ ਖੋਜਕਾਰਾਂ ਨੇ ਇਹ ਵੀ ਦੇਖਿਆ ਹੈ ਕਿ ਵੱਖ-ਵੱਖ ਕਿਸਮਾਂ ਦੀਆਂ ਫਿੰਚਾਂ ਆਪਸ ਵਿਚ ਮੇਲ ਕਰਨ ਲੱਗ ਪਈਆਂ, ਨਤੀਜੇ ਵਜੋਂ ਉਨ੍ਹਾਂ ਦੀ ਔਲਾਦ ਉਨ੍ਹਾਂ ਨਾਲੋਂ ਜ਼ਿਆਦਾ ਸਮੇਂ ਤਕ ਜੀਉਂਦੀ ਰਹੀ। ਪੀਟਰ ਤੇ ਰੋਜ਼ਮੇਰੀ ਗ੍ਰਾਂਟ ਨੇ ਇਹ ਸਿੱਟਾ ਕੱਢਿਆ ਕਿ ਜੇ ਇਸ ਤਰ੍ਹਾਂ ਹੁੰਦਾ ਰਿਹਾ, ਤਾਂ 200 ਸਾਲਾਂ ਵਿਚ ਦੋ ਕਿਸਮਾਂ ਤੋਂ ਇਕ ਨਵੀਂ ਨਸਲ ਦੀ ਫਿੰਚ ਪੈਦਾ ਹੋਵੇਗੀ।

      ਵਿਕਾਸਵਾਦ ਨੂੰ ਮੰਨਣ ਵਾਲੇ ਵਿਗਿਆਨੀ ਜੋਰਜ ਕ੍ਰਿਸਟਿਫਰ ਵਿਲੀਅਮਜ਼ ਨੇ 1966 ਵਿਚ ਲਿਖਿਆ: “ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਵਿਗਿਆਨੀਆਂ ਨੇ ਵਿਕਾਸਵਾਦ ਨੂੰ ਸਮਝਾਉਣ ਲਈ ਕੁਦਰਤੀ ਚੋਣ ਦੀ ਥਿਊਰੀ ਦਾ ਸਹਾਰਾ ਲਿਆ ਹੈ। ਕੁਦਰਤੀ ਚੋਣ ਤੋਂ ਸਾਨੂੰ ਸਿਰਫ਼ ਇਹ ਪਤਾ ਲੱਗਦਾ ਹੈ ਕਿ ਜਾਨਵਰ ਜੀਉਂਦੇ ਰਹਿਣ ਲਈ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਣ ਦੇ ਯੋਗ ਹਨ।” ਵਿਕਾਸਵਾਦੀ ਜੈਫ਼ਰੀ ਸ਼ਵਿਟਜ਼ ਨੇ 1999 ਵਿਚ ਲਿਖਿਆ ਕਿ ਜੇ ਵਿਲੀਅਮਜ਼ ਦੀ ਗੱਲ ਸਹੀ ਹੈ, ਤਾਂ ਕੁਦਰਤੀ ਚੋਣ ਦੀ ਮਦਦ ਨਾਲ ਜੀਵ ਜੀਉਂਦੇ ਰਹਿਣ ਲਈ ਆਪਣੇ ਵਿਚ ਛੋਟੀਆਂ-ਮੋਟੀਆਂ ਤਬਦੀਲੀਆਂ ਜ਼ਰੂਰ ਲਿਆ ਸਕਦੇ ਹਨ, ਪਰ “ਉਨ੍ਹਾਂ ਤੋਂ ਕੋਈ ਨਵੀਂ ਨਸਲ ਨਹੀਂ ਪੈਦਾ ਹੁੰਦੀ।”

      ਵਾਕਈ, ਡਾਰਵਿਨ ਦੀਆਂ ਫਿੰਚਾਂ ਫਿੰਚਾਂ ਹੀ ਰਹੀਆਂ, ਉਨ੍ਹਾਂ ਤੋਂ ਨਵੀਆਂ ਨਸਲਾਂ ਨਹੀਂ ਪੈਦਾ ਹੋਈਆਂ। ਵਿਕਾਸਵਾਦ ਦੀ ਥਿਊਰੀ ਉੱਤੇ ਸ਼ੱਕ ਪੈਦਾ ਹੁੰਦਾ ਹੈ ਕਿਉਂਕਿ ਇਨ੍ਹਾਂ ਫਿੰਚਾਂ ਵਿਚ ਤਬਦੀਲੀਆਂ ਵਿਕਾਸ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਆਪਸ ਵਿਚ ਮੇਲ ਕਰਨ ਕਰਕੇ ਆਈਆਂ। ਇਸ ਤੋਂ ਇਲਾਵਾ, ਇਸ ਅਧਿਐਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੰਨੀਆਂ-ਪ੍ਰਮੰਨੀਆਂ ਵਿਗਿਆਨਕ ਸੰਸਥਾਵਾਂ ਵਿਕਾਸਵਾਦ ਦੀ ਸਿੱਖਿਆ ਦਾ ਸਮਰਥਨ ਕਰਨ ਵਾਲੀਆਂ ਹੀ ਗੱਲਾਂ ਦੱਸਦੀਆਂ ਹਨ।

      ਕੀ ਫਾਸਿਲ ਰਿਕਾਰਡ ਤੋਂ ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਦਾ ਸਬੂਤ ਮਿਲਦਾ ਹੈ?

      ਅਮਰੀਕਾ ਦਾ ਇਕ ਵਿਗਿਆਨਕ ਬਰੋਸ਼ਰ ਇਹ ਖ਼ਿਆਲ ਪੇਸ਼ ਕਰਦਾ ਹੈ ਕਿ ਫਾਸਿਲ ਯਾਨੀ ਪਥਰਾਟ ਮੈਕ੍ਰੋ-ਈਵਲੂਸ਼ਨ ਨੂੰ ਸੱਚ ਸਾਬਤ ਕਰਨ ਲਈ ਕਾਫ਼ੀ ਹਨ। ਬਰੋਸ਼ਰ ਵਿਚ ਲਿਖਿਆ ਹੈ: “ਮੱਛੀਆਂ ਬਦਲ ਕੇ ਜਲਥਲੀ ਜੀਵ ਬਣੀਆਂ, ਜਲਥਲੀ ਜੀਵ ਬਦਲ ਕੇ ਰੀਂਗਣ ਵਾਲੇ ਜੀਵ ਬਣੇ, ਰੀਂਗਣ ਵਾਲੇ ਜੀਵ ਦੁਧਾਰੂ ਜੀਵ ਬਣੇ ਅਤੇ ਬਾਂਦਰ ਬਦਲ ਕੇ ਇਨਸਾਨ ਬਣੇ। ਇਨ੍ਹਾਂ ਨਸਲਾਂ ਦੇ ਵਿਚਕਾਰਲੇ ਰੂਪ ਫਾਸਿਲ ਰਿਕਾਰਡ ਵਿਚ ਮੌਜੂਦ ਹਨ। ਪਰ ਇਹ ਕਹਿਣਾ ਮੁਸ਼ਕਲ ਹੈ ਕਿ ਇਕ ਜੀਵ ਦੂਸਰੇ ਜੀਵ ਵਿਚ ਕਦੋਂ ਬਦਲਿਆ।”

      ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਬਰੋਸ਼ਰ ਵਿਚ ਇੰਨਾ ਵੱਡਾ ਦਾਅਵਾ ਕੀਤਾ ਗਿਆ ਸੀ, ਜਦ ਕਿ 2004 ਵਿਚ ਨੈਸ਼ਨਲ ਜੀਓਗਰਾਫਿਕ ਰਸਾਲੇ ਨੇ ਫਾਸਿਲ ਰਿਕਾਰਡ ਦੀ ਤੁਲਨਾ ‘ਅਜਿਹੀ ਫ਼ਿਲਮ ਨਾਲ ਕੀਤੀ ਜਿਸ ਦੀਆਂ 1,000 ਤਸਵੀਰਾਂ ਵਿੱਚੋਂ ਸਿਰਫ਼ ਇਕ ਬਚੀ, ਬਾਕੀ 999 ਗੁੰਮ ਹੋ ਗਈਆਂ।’ ਕੀ 1,000 ਤਸਵੀਰਾਂ ਵਿੱਚੋਂ ਸਿਰਫ਼ ਇਕ ਤਸਵੀਰ ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਨੂੰ ਸੱਚ ਸਾਬਤ ਕਰ ਸਕਦੀ ਹੈ? ਫਾਸਿਲ ਰਿਕਾਰਡ ਤੋਂ ਅਸਲ ਵਿਚ ਕੀ ਪਤਾ ਲੱਗਦਾ ਹੈ? ਨਾਈਲਜ਼ ਐਲਡਰੈੱਜ ਨਾਂ ਦਾ ਇਕ ਪੱਕਾ ਵਿਕਾਸਵਾਦੀ ਸਵੀਕਾਰ ਕਰਦਾ ਹੈ ਕਿ ਫਾਸਿਲ ਰਿਕਾਰਡ ਤੋਂ ਉਨ੍ਹਾਂ ਨੂੰ ਇਹੀ ਪਤਾ ਲੱਗਾ ਹੈ ਕਿ “ਜ਼ਿਆਦਾਤਰ ਜੀਵਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਉਂਦੀ।”

      ਅੱਜ ਤਕ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਲਗਭਗ 20 ਕਰੋੜ ਵੱਡੇ ਫਾਸਿਲ ਅਤੇ ਅਰਬਾਂ ਹੀ ਛੋਟੇ-ਛੋਟੇ ਫਾਸਿਲ ਲੱਭੇ ਹਨ। ਬਹੁਤ ਸਾਰੇ ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਸਭ ਲੱਭਤਾਂ ਇਹ ਸਬੂਤ ਦਿੰਦੀਆਂ ਹਨ ਕਿ ਜਾਨਵਰਾਂ ਦੀਆਂ ਵੱਡੀਆਂ ਨਸਲਾਂ ਇਕਦਮ ਪੈਦਾ ਹੋਈਆਂ ਅਤੇ ਉਨ੍ਹਾਂ ਵਿਚ ਕੋਈ ਖ਼ਾਸ ਤਬਦੀਲੀਆਂ ਨਹੀਂ ਆਈਆਂ। ਫਿਰ ਉਨ੍ਹਾਂ ਵਿੱਚੋਂ ਕਈ ਨਸਲਾਂ ਅਚਾਨਕ ਹੀ ਅਲੋਪ ਹੋ ਗਈਆਂ। ਫਾਸਿਲ ਰਿਕਾਰਡ ਬਾਰੇ ਜੀਵ-ਵਿਗਿਆਨੀ ਜੋਨਾਥਨ ਵੈੱਲਜ਼ ਨੇ ਲਿਖਿਆ: ‘ਮੈਕ੍ਰੋ-ਈਵਲੂਸ਼ਨ ਦੀ ਥਿਊਰੀ ਨੂੰ ਸੱਚ ਸਾਬਤ ਕਰਨ ਲਈ ਫਾਸਿਲ ਰਿਕਾਰਡ ਤੋਂ ਕੋਈ ਠੋਸ ਸਬੂਤ ਨਹੀਂ ਮਿਲਦਾ।’

      ਵਿਕਾਸਵਾਦ—ਸੱਚ ਜਾਂ ਝੂਠ?

      ਕਈ ਮਸ਼ਹੂਰ ਵਿਕਾਸਵਾਦੀ ਮੈਕ੍ਰੋ-ਈਵਲੂਸ਼ਨ ਨੂੰ ਹਕੀਕਤ ਵਜੋਂ ਕਿਉਂ ਪੇਸ਼ ਕਰਦੇ ਹਨ? ਪ੍ਰੋਫ਼ੈਸਰ ਰਿਚਰਡ ਡੌਕਿੰਨਸ ਦੇ ਖ਼ਿਆਲਾਂ ਦੀ ਨੁਕਤਾਚੀਨੀ ਕਰਨ ਤੋਂ ਬਾਅਦ, ਵਿਕਾਸਵਾਦੀ ਰਿਚਰਡ ਲੂਵੰਟਿਨ ਨੇ ਲਿਖਿਆ ਕਿ ਕਈ ਵਿਗਿਆਨੀ ਉਲਟੇ-ਪੁਲਟੇ ਦਾਅਵੇ ਕਬੂਲ ਕਰ ਲੈਂਦੇ ਹਨ ਕਿਉਂਕਿ ‘ਉਹ ਸਿਰਫ਼ ਉਨ੍ਹਾਂ ਚੀਜ਼ਾਂ ਵਿਚ ਵਿਸ਼ਵਾਸ ਕਰਦੇ ਹਨ ਜੋ ਉਹ ਅੱਖੀਂ ਦੇਖ ਸਕਦੇ ਹਨ। ਉਹ ਸਿਰਜਣਹਾਰ ਵਿਚ ਵਿਸ਼ਵਾਸ ਨਹੀਂ ਕਰਦੇ।’ ਕਈ ਵਿਗਿਆਨੀ ਇਹ ਸੋਚਣ ਤੋਂ ਇਨਕਾਰ ਕਰਦੇ ਹਨ ਕਿ ਕੋਈ ਬੁੱਧੀਮਾਨ ਡੀਜ਼ਾਈਨਕਾਰ ਹੋ ਸਕਦਾ ਹੈ। ਕਿਉਂ? ਇਸ ਬਾਰੇ ਲੂਵੰਟਿਨ ਕਹਿੰਦਾ ਹੈ: “ਅਸੀਂ ਵਿਗਿਆਨੀ ਹਾਂ। ਅਸੀਂ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਦੇ ਨਹੀਂ ਕਰ ਸਕਦੇ।”

      ਇਸ ਬਾਰੇ ਇਕ ਵਿਗਿਆਨਕ ਰਸਾਲੇ ਵਿਚ ਸਮਾਜ-ਵਿਗਿਆਨੀ ਰੋਡਨੀ ਸਟਾਕ ਨੇ ਇਹ ਕਿਹਾ: ‘ਤਕਰੀਬਨ 200 ਸਾਲਾਂ ਤੋਂ ਵਿਗਿਆਨੀ ਇਹੀ ਪਾਠ ਪੜ੍ਹਾਉਂਦੇ ਆਏ ਹਨ ਕਿ ਵਿਗਿਆਨ ਤੇ ਧਰਮ ਦਾ ਕੋਈ ਮੇਲ ਨਹੀਂ। ਵਿਗਿਆਨੀਆਂ ਨੂੰ ਧਰਮ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।’ ਉਸ ਨੇ ਅੱਗੇ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਵਿਚ ਜੋ “ਲੋਕ ਰੱਬ ਵਿਚ ਵਿਸ਼ਵਾਸ ਕਰਦੇ ਹਨ, ਉਹ ਦੂਸਰਿਆਂ ਸਾਮ੍ਹਣੇ ਇਹ ਦਾ ਜ਼ਿਕਰ ਤਕ ਨਹੀਂ ਕਰਦੇ,” ਜਦ ਕਿ “ਜੋ ਰੱਬ ਨੂੰ ਨਹੀਂ ਮੰਨਦੇ, ਉਹ ਮੰਨਣ ਵਾਲਿਆਂ ਨੂੰ ਨੀਵਾਂ ਦਿਖਾਉਂਦੇ ਹਨ।” ਸਟਾਕ ਅਨੁਸਾਰ ‘ਵਿਗਿਆਨ ਜਗਤ ਵਿਚ ਉਹੀ ਲੋਕ ਕਾਮਯਾਬ ਹੁੰਦੇ ਜਾਂ ਤਰੱਕੀ ਕਰਦੇ ਹਨ ਜੋ ਰੱਬ ਵਿਚ ਵਿਸ਼ਵਾਸ ਨਹੀਂ ਕਰਦੇ।’

      ਅਸੀਂ ਦੇਖਿਆ ਹੈ ਕਿ ਅਗਿਆਤਵਾਦ ਜਾਂ ਨਾਸਤਿਕਵਾਦ ਨੂੰ ਮੰਨਣ ਵਾਲੇ ਵਿਗਿਆਨੀ ਵਿਗਿਆਨਕ ਲੱਭਤਾਂ ਵਿਚ ਫੇਰ-ਬਦਲ ਕਰ ਕੇ ਉਨ੍ਹਾਂ ਨੂੰ ਆਪਣੇ ਨਿੱਜੀ ਖ਼ਿਆਲਾਂ ਮੁਤਾਬਕ ਪੇਸ਼ ਕਰਦੇ ਹਨ। ਜੇ ਤੁਸੀਂ ਮੈਕ੍ਰੋ-ਈਵਲੂਸ਼ਨ ਦੀ ਸਿੱਖਿਆ ਨੂੰ ਸੱਚ ਮੰਨਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਮੰਨਣਾ ਪਵੇਗਾ ਕਿ ਜੋ ਅਜਿਹੇ ਵਿਗਿਆਨੀ ਸਿਖਾਉਂਦੇ ਹਨ, ਉਹ ਸੱਚ ਹੈ। ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਮਿਊਟੇਸ਼ਨ ਤੇ ਕੁਦਰਤੀ ਚੋਣ ਤੋਂ ਹੀ ਸਭ ਜੀਵ-ਜੰਤੂ ਪੈਦਾ ਹੋਏ ਹਨ, ਭਾਵੇਂ ਕਿ ਅਸੀਂ ਦੇਖਿਆ ਹੈ ਕਿ ਸੌ ਸਾਲਾਂ ਦੀ ਰਿਸਰਚ ਤੋਂ ਬਾਅਦ ਵੀ ਵਿਗਿਆਨੀ ਇਸ ਨੂੰ ਸਹੀ ਸਾਬਤ ਨਹੀਂ ਕਰ ਪਾਏ। ਇਸ ਦੇ ਨਾਲ-ਨਾਲ ਤੁਹਾਨੂੰ ਇਹ ਵੀ ਮੰਨਣਾ ਪਵੇਗਾ ਕਿ ਇਕ ਜੀਵ ਤੋਂ ਬਾਕੀ ਸਾਰੇ ਜੀਵ ਪੈਦਾ ਹੋਏ ਹਨ, ਭਾਵੇਂ ਕਿ ਫਾਸਿਲ ਰਿਕਾਰਡ ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਾ ਹੈ ਕਿ ਇਹ ਗੱਲ ਝੂਠੀ ਹੈ। ਕੀ ਇਸ ਤੋਂ ਤੁਹਾਨੂੰ ਲੱਗਦਾ ਹੈ ਕਿ ਵਿਕਾਸਵਾਦ ਦੀ ਸਿੱਖਿਆ ਪੱਕੀ ਨੀਂਹ ਤੇ ਟਿਕੀ ਹੋਈ ਹੈ? ਕੀ ਵਿਕਾਸਵਾਦ ਸੱਚ ਹੈ ਜਾਂ ਝੂਠ? (g 9/06)

      [ਫੁਟਨੋਟ]

      a ਕੁੱਤਿਆਂ ਦੇ ਪਾਲਕ ਕੁੱਤਿਆਂ ਦੀਆਂ ਵੱਖ-ਵੱਖ ਕਿਸਮਾਂ ਦਾ ਮੇਲ ਕਰਾ ਕੇ ਅਜਿਹੇ ਕੁੱਤੇ ਪੈਦਾ ਕਰ ਸਕਦੇ ਹਨ ਜਿਨ੍ਹਾਂ ਦੀ ਸ਼ਕਲ-ਸੂਰਤ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖਰੀ ਹੁੰਦੀ ਹੈ। ਮਿਸਾਲ ਲਈ, ਉਨ੍ਹਾਂ ਦੀਆਂ ਲੱਤਾਂ ਛੋਟੀਆਂ ਜਾਂ ਉਨ੍ਹਾਂ ਦੇ ਵਾਲ ਲੰਬੇ ਹੋ ਸਕਦੇ ਹਨ। ਪਰ ਇਹ ਤਬਦੀਲੀਆਂ ਜੀਨਾਂ ਵਿਚ ਕਮੀ ਰਹਿ ਜਾਣ ਕਾਰਨ ਹੁੰਦੀਆਂ ਹਨ। ਉਦਾਹਰਣ ਲਈ, ਡੈਕਸਹੁੰਡ ਨਾਂ ਦੇ ਜਰਮਨ ਕੁੱਤੇ ਦੀਆਂ ਲੱਤਾਂ ਇਸ ਲਈ ਛੋਟੀਆਂ ਰਹਿ ਜਾਂਦੀਆਂ ਹਨ ਕਿਉਂਕਿ ਕਰਕਰੀ (cartilage) ਦਾ ਵਿਕਾਸ ਨਹੀਂ ਹੁੰਦਾ ਅਤੇ ਉਹ ਬੌਣਾ ਰਹਿ ਜਾਂਦਾ ਹੈ।

      b “ਜੀਵ-ਜੰਤੂਆਂ ਦਾ ਵਰਗੀਕਰਣ” ਨਾਮਕ ਡੱਬੀ ਦੇਖੋ।

      c ਖੋਜਕਾਰਾਂ ਨੇ ਪਤਾ ਕੀਤਾ ਹੈ ਕਿ ਸੈੱਲ ਦੇ ਹੋਰ ਹਿੱਸਿਆਂ ਦਾ ਵੀ ਜੀਵਾਂ ਦੀ ਸ਼ਕਲ-ਸੂਰਤ ਉੱਤੇ ਅਸਰ ਪੈਂਦਾ ਹੈ।

      d ਇਸ ਲੇਖ ਵਿਚ ਲੌਨਿਗ ਨੇ ਜੋ ਕਿਹਾ, ਉਹ ਉਸ ਦੇ ਆਪਣੇ ਵਿਚਾਰ ਹਨ, ਨਾ ਕਿ ਉਸ ਸੰਸਥਾ ਦੇ ਜਿਸ ਲਈ ਉਹ ਕੰਮ ਕਰਦਾ ਹੈ।

      e ਮਿਊਟੇਸ਼ਨ ਦੇ ਤਜਰਬਿਆਂ ਤੋਂ ਇਹ ਹੀ ਪਤਾ ਲੱਗਾ ਹੈ ਕਿ ਨਵੇਂ ਪੌਦਿਆਂ ਵਿਚ ਵਾਰ-ਵਾਰ ਉਹੀ ਤਬਦੀਲੀਆਂ ਆ ਰਹੀਆਂ ਸਨ। ਇਸ ਤੋਂ ਲੌਨਿਗ ਨੇ ਦੇਖਿਆ ਕਿ ਜਿੰਨੇ ਜ਼ਿਆਦਾ ਤਜਰਬੇ ਕੀਤੇ ਗਏ ਸਨ, ਉੱਨੀਆਂ ਹੀ ਘੱਟ ਤਬਦੀਲੀਆਂ ਆ ਰਹੀਆਂ ਸਨ। ਇਸ ਦੇ ਨਾਲ-ਨਾਲ, ਨਵੇਂ ਪੌਦਿਆਂ ਵਿੱਚੋਂ ਸਿਰਫ਼ 1 ਫੀ ਸਦੀ ਪੌਦਿਆਂ ਉੱਤੇ ਹੋਰ ਰਿਸਰਚ ਕੀਤੀ ਜਾ ਸਕਦੀ ਸੀ ਅਤੇ ਇਨ੍ਹਾਂ ਵਿੱਚੋਂ ਸਿਰਫ਼ 1 ਫੀ ਸਦੀ ਵੇਚਣਯੋਗ ਸਨ। ਜਾਨਵਰਾਂ ਵਿਚ ਅਜਿਹੀਆਂ ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਹੋਰ ਵੀ ਅਸਫ਼ਲ ਰਹੀਆਂ, ਇਸ ਲਈ ਇਹ ਪ੍ਰੋਗ੍ਰਾਮ ਬੰਦ ਕਰ ਦਿੱਤਾ ਗਿਆ।

      [ਸਫ਼ਾ 15 ਉੱਤੇ ਸੁਰਖੀ]

      ਮਿਊਟੇਸ਼ਨ ਰਾਹੀਂ ਵਿਗਿਆਨੀ ਕੁਦਰਤੀ ਜੀਵਾਂ ਦੀਆਂ ਨਵੀਆਂ ਨਸਲਾਂ ਪੈਦਾ ਨਹੀਂ ਕਰ ਸਕਦੇ

      [ਸਫ਼ਾ 16 ਉੱਤੇ ਸੁਰਖੀ]

      ਡਾਰਵਿਨ ਦੀਆਂ ਫਿੰਚਾਂ ਤੋਂ ਇਹ ਹੀ ਪਤਾ ਲੱਗਦਾ ਹੈ ਕਿ ਜਾਨਵਰ ਜੀਉਂਦੇ ਰਹਿਣ ਲਈ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲਣ ਦੇ ਯੋਗ ਹਨ

      [ਸਫ਼ਾ 17 ਉੱਤੇ ਸੁਰਖੀ]

      ਫਾਸਿਲ ਰਿਕਾਰਡ ਅਨੁਸਾਰ ਜਾਨਵਰਾਂ ਦੀਆਂ ਵੱਡੀਆਂ ਨਸਲਾਂ ਇਕਦਮ ਪੈਦਾ ਹੋਈਆਂ ਅਤੇ ਉਨ੍ਹਾਂ ਵਿਚ ਕੋਈ ਖ਼ਾਸ ਤਬਦੀਲੀਆਂ ਨਹੀਂ ਆਈਆਂ

      [ਸਫ਼ਾ 14 ਉੱਤੇ ਚਾਰਟ]

      (ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

      ਜੀਵ-ਜੰਤੂਆਂ ਦਾ ਵਰਗੀਕਰਣ

      ਜੀਵ-ਜੰਤੂਆਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡਿਆ ਗਿਆ ਹੈ।f ਮਿਸਾਲ ਲਈ ਹੇਠਾਂ ਦਿੱਤੀ ਗਈ ਇਨਸਾਨਾਂ ਤੇ ਫਲ-ਮੱਖੀਆਂ ਦੇ ਵਰਗਾਂ ਦੀ ਸੂਚੀ ਉੱਤੇ ਗੌਰ ਕਰੋ।

      ਇਨਸਾਨ ਫਲ-ਮੱਖੀਆਂ

      ਕਿਸਮ ਸੇਪੀਅਨਜ਼ ਮੈਲਾਨੋਗੈਸਟਰ

      ਪ੍ਰਜਾਤੀ ਹੋਮੋ ਡ੍ਰੋਸੋਫ਼ਲਾ

      ਪਰਿਵਾਰ ਹੋਮੀਨਿਡੀਜ਼ ਡ੍ਰੋਸੋਫ਼ਲਿਡਜ਼

      ਵਰਗ ਪ੍ਰਾਇਮੇਟਜ਼ ਡਿਪਟਰਾ

      ਸ਼੍ਰੇਣੀ ਥਣਧਾਰੀ ਕੀੜੇ-ਮਕੌੜੇ

      ਜਾਤੀ ਰੀੜ੍ਹ ਵਾਲੇ ਜੀਵ ਜੁੜੇ ਪੈਰਾਂ ਵਾਲੇ

      ਪ੍ਰਾਣੀ-ਜਗਤ ਜਾਨਵਰ ਜਾਨਵਰ

      [ਫੁਟਨੋਟ]

      f ਨੋਟ: ਉਤਪਤ ਦੀ ਪੋਥੀ ਦੇ ਪਹਿਲੇ ਅਧਿਆਇ ਵਿਚ ਲਿਖਿਆ ਹੈ ਕਿ ਪੌਦੇ ਤੇ ਜਾਨਵਰ ਸਭ ਆਪਣੀ “ਜਿਨਸ ਅਨੁਸਾਰ” ਪੈਦਾ ਹੋਣਗੇ। (ਉਤਪਤ 1:12, 21, 24, 25) ਪਰ ਉਤਪਤ ਦੀ ਪੋਥੀ ਵਿਚ ਜੀਵਾਂ ਦਾ ਵਿਗਿਆਨਕ ਤੌਰ ਤੇ ਵਰਗੀਕਰਣ ਨਹੀਂ ਕੀਤਾ ਗਿਆ।

      [ਕ੍ਰੈਡਿਟ ਲਾਈਨ]

      ਇਹ ਚਾਰਟ ਜੋਨਾਥਨ ਵੈੱਲਜ਼ ਦੀ ਕਿਤਾਬ ਤੇ ਅਧਾਰਿਤ ਹੈ।—Icons of Evolution—Science or Myth? Why Much of What We Teach About Evolution Is Wrong

      [ਸਫ਼ਾ 15 ਉੱਤੇ ਤਸਵੀਰ]

      ਇਕ ਮੱਖੀ (ਉੱਪਰ)—ਭਾਵੇਂ ਇਸ ਮੱਖੀ ਵਿਚ ਤਬਦੀਲੀ ਆਈ, ਫਿਰ ਵੀ ਉਹ ਇਕ ਮੱਖੀ ਹੀ ਰਹੀ

      [ਕ੍ਰੈਡਿਟ ਲਾਈਨ]

      © Dr. Jeremy Burgess/Photo Researchers, Inc.

      [ਸਫ਼ਾ 15 ਉੱਤੇ ਤਸਵੀਰ]

      ਪੌਦਿਆਂ ਵਿਚ ਮਿਊਟੇਸ਼ਨ ਦੇ ਤਜਰਬਿਆਂ ਤੋਂ ਪਤਾ ਲੱਗਾ ਕਿ ਜਿਹੜੀਆਂ ਨਵੀਆਂ ਕਿਸਮਾਂ ਪੈਦਾ ਕੀਤੀਆਂ ਗਈਆਂ ਸਨ, ਉਹ ਹੌਲੀ-ਹੌਲੀ ਕਮਜ਼ੋਰ ਹੋ ਕੇ ਘੱਟਦੀਆਂ ਗਈਆਂ (ਨਵੇਂ ਪੌਦੇ ਦੇ ਫੁੱਲ ਵੱਡੇ ਹਨ)

      [ਸਫ਼ਾ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      From a Photograph by Mrs. J. M. Cameron/ U.S. National Archives photo

      [ਸਫ਼ਾ 16 ਉੱਤੇ ਤਸਵੀਰ]

      Finch heads: © Dr. Jeremy Burgess/ Photo Researchers, Inc.

      [ਸਫ਼ਾ 17 ਉੱਤੇ ਤਸਵੀਰ]

      Dinosaur: © Pat Canova/Index Stock Imagery; fossils: GOH CHAI HIN/AFP/Getty Images

  • ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ
    ਜਾਗਰੂਕ ਬਣੋ!—2006
    • ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ

      ਅਨੇਕ ਵਿਗਿਆਨੀਆਂ ਨੇ ਜੀਵ-ਜੰਤੂਆਂ ਦੇ ਸੋਹਣੇ ਤੇ ਗੁੰਝਲਦਾਰ ਡੀਜ਼ਾਈਨ ਤੋਂ ਸਾਫ਼ ਦੇਖਿਆ ਹੈ ਕਿ ਇਨ੍ਹਾਂ ਨੂੰ ਕਿਸੇ ਨੇ ਬਣਾਇਆ ਹੈ। ਉਹ ਮੰਨਦੇ ਹਨ ਕਿ ਇਹ ਸਭ ਚੀਜ਼ਾਂ ਆਪਣੇ ਆਪ ਕਦੇ ਪੈਦਾ ਨਹੀਂ ਹੋ ਸਕਦੀਆਂ ਸਨ। ਇਸ ਲਈ ਕਈ ਵਿਗਿਆਨੀ ਤੇ ਖੋਜਕਾਰ ਸਿਰਜਣਹਾਰ ਦੀ ਹੋਂਦ ਵਿਚ ਵਿਸ਼ਵਾਸ ਕਰਦੇ ਹਨ।

      ਇਨ੍ਹਾਂ ਵਿਗਿਆਨੀਆਂ ਵਿੱਚੋਂ ਕੁਝ ਯਹੋਵਾਹ ਦੇ ਗਵਾਹ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਹੀ ਇਸ ਵਿਸ਼ਵ ਨੂੰ ਡੀਜ਼ਾਈਨ ਕੀਤਾ ਅਤੇ ਬਣਾਇਆ ਹੈ। ਉਹ ਇਸ ਸਿੱਟੇ ਤੇ ਕਿਵੇਂ ਪਹੁੰਚੇ? ਜਾਗਰੂਕ ਬਣੋ! ਦੇ ਪੱਤਰਕਾਰਾਂ ਨੇ ਇਨ੍ਹਾਂ ਵਿੱਚੋਂ ਕੁਝ ਵਿਗਿਆਨੀਆਂ ਦੀ ਇੰਟਰਵਿਊ ਲਈ। ਆਓ ਆਪਾਂ ਇਸ ਬਾਰੇ ਉਨ੍ਹਾਂ ਦੇ ਵਿਚਾਰ ਜਾਣੀਏ।a

      ‘ਜੀਵਾਂ ਦੀ ਗੁੰਝਲਦਾਰ ਬਣਤਰ ਸਾਡੀ ਸਮਝ ਤੋਂ ਬਾਹਰ ਹੈ’

      ◼ ਵੁਲਫ਼-ਇੱਕੀਹਾਰਡ ਲੌਨਿਗ ਦੀ ਨਿੱਜੀ ਜਾਣਕਾਰੀ:

      ਮੈਂ 28 ਸਾਲ ਤੋਂ ਪੌਦਿਆਂ ਦੀਆਂ ਜੀਨਾਂ ਵਿਚ ਹੋ ਰਹੀਆਂ ਤਬਦੀਲੀਆਂ ਦਾ ਅਧਿਐਨ ਕਰ ਰਿਹਾ ਹਾਂ। ਇਨ੍ਹਾਂ ਵਿੱਚੋਂ 21 ਸਾਲ ਮੈਂ ਜਰਮਨੀ ਦੇ ਕੋਲੋਨ ਸ਼ਹਿਰ ਵਿਚ ਅਜਿਹੀ ਸੰਸਥਾ ਲਈ ਕੰਮ ਕੀਤਾ ਹੈ ਜੋ ਪੌਦਿਆਂ ਦੇ ਪਾਲਣ-ਪੋਸਣ ਉੱਤੇ ਰਿਸਰਚ ਕਰਦੀ ਹੈ। ਮੈਂ 30 ਸਾਲ ਪਹਿਲਾਂ ਯਹੋਵਾਹ ਦਾ ਗਵਾਹ ਬਣਿਆ ਸੀ ਅਤੇ ਮੈਂ ਹੁਣ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ।

      ਮੈਂ ਪੌਦਿਆਂ ਦੀਆਂ ਜੀਨਾਂ ਤੇ ਬਣਤਰ ਦਾ ਅਤੇ ਸਰੀਰ-ਵਿਗਿਆਨ ਦਾ ਅਧਿਐਨ ਕੀਤਾ ਹੈ। ਮੈਨੂੰ ਆਪਣੀਆਂ ਖੋਜਾਂ ਤੋਂ ਇਹੀ ਪਤਾ ਲੱਗਾ ਹੈ ਕਿ ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੀ ਬਣਤਰ ਇੰਨੀ ਗੁੰਝਲਦਾਰ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਸਮਝਣਾ ਬਹੁਤ ਔਖਾ ਹੈ। ਇਨ੍ਹਾਂ ਵਿਸ਼ਿਆਂ ਦਾ ਅਧਿਐਨ ਕਰਨ ਨਾਲ ਮੇਰਾ ਯਕੀਨ ਹੋਰ ਪੱਕਾ ਹੋ ਗਿਆ ਹੈ ਕਿ ਆਮ ਜੀਵਾਂ ਨੂੰ ਵੀ ਇਕ ਬੁੱਧੀਮਾਨ ਡੀਜ਼ਾਈਨਕਾਰ ਨੇ ਹੀ ਬਣਾਇਆ ਹੈ।

      ਵਿਗਿਆਨੀਆਂ ਨੂੰ ਪਤਾ ਹੈ ਕਿ ਜੀਵ-ਜੰਤੂਆਂ ਤੇ ਪੇੜ-ਪੌਦਿਆਂ ਦੀ ਬਣਤਰ ਬਹੁਤ ਗੁੰਝਲਦਾਰ ਹੈ। ਪਰ ਆਮ ਤੌਰ ਤੇ ਵਿਗਿਆਨੀ ਇਹ ਸਿਖਾਉਂਦੇ ਹਨ ਕਿ ਜੀਵਨ ਦੀ ਸ਼ੁਰੂਆਤ ਵਿਕਾਸਵਾਦ ਦੁਆਰਾ ਹੋਈ ਹੈ। ਕਈ ਵਿਗਿਆਨੀ ਬਾਈਬਲ ਵਿਚ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਗ਼ਲਤ ਸਾਬਤ ਕਰਨ ਲਈ ਆਪਣੀਆਂ ਦਲੀਲਾਂ ਪੇਸ਼ ਕਰਦੇ ਹਨ। ਲੇਕਿਨ ਮੈਂ ਦੇਖਿਆ ਹੈ ਕਿ ਵਿਗਿਆਨਕ ਤੌਰ ਤੇ ਉਨ੍ਹਾਂ ਦੀਆਂ ਸਭ ਦਲੀਲਾਂ ਖੋਖਲੀਆਂ ਸਾਬਤ ਹੋਈਆਂ ਹਨ। ਮੈਂ ਕਈ ਸਾਲਾਂ ਤੋਂ ਪੌਦਿਆਂ ਤੇ ਜੀਵ-ਜੰਤੂਆਂ ਅਤੇ ਇਨ੍ਹਾਂ ਨੂੰ ਜੀਉਂਦੇ ਰੱਖਣ ਵਾਲੇ ਕੁਦਰਤੀ ਨਿਯਮਾਂ ਦਾ ਅਧਿਐਨ ਕਰ ਰਿਹਾ ਹਾਂ। ਆਪਣੀ ਰਿਸਰਚ ਤੋਂ ਮੈਂ ਇਹੀ ਸਿੱਟਾ ਕੱਢਿਆ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ ਜ਼ਰੂਰ ਹੈ।

      ‘ਜੋ ਹੁੰਦਾ ਹੈ ਉਸ ਦੇ ਪਿੱਛੇ ਕੋਈ-ਨ-ਕੋਈ ਕਾਰਨ ਹੁੰਦਾ ਹੈ’

      ◼ ਬਾਏਰਨ ਲੀਓਨ ਮੇਡੋਜ਼ ਦੀ ਨਿੱਜੀ ਜਾਣਕਾਰੀ:

      ਮੈਂ ਅਮਰੀਕਾ ਵਿਚ ਰਹਿੰਦਾ ਹਾਂ ਅਤੇ ਪੁਲਾੜ ਏਜੰਸੀ ਨਾਸਾ (NASA) ਵਿਚ ਲੇਜ਼ਰ ਭੌਤਿਕ ਵਿਗਿਆਨ (laser physics) ਦੇ ਖੇਤਰ ਵਿਚ ਖੋਜ ਕਰਦਾ ਹਾਂ। ਮੈਂ ਅਜਿਹੇ ਉਪਕਰਣ ਬਣਾਉਣ ਲਈ ਨਵੀਂ ਤਕਨਾਲੋਜੀ ਦੀ ਖੋਜ ਕਰ ਰਿਹਾ ਹਾਂ ਜਿਨ੍ਹਾਂ ਦੀ ਮਦਦ ਨਾਲ ਧਰਤੀ ਦੇ ਵਾਤਾਵਰਣ, ਮੌਸਮ ਅਤੇ ਹੋਰ ਕੁਦਰਤੀ ਪ੍ਰਕ੍ਰਿਆਵਾਂ ਵਿਚ ਹੁੰਦੀਆਂ ਤਬਦੀਲੀਆਂ ਤੇ ਨਜ਼ਰ ਰੱਖੀ ਜਾ ਸਕੇਗੀ। ਮੈਂ ਵਰਜੀਨੀਆ ਦੇ ਕਿਲਮਾਨਕ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹਾਂ।

      ਮੈਂ ਕੁਦਰਤ ਦੇ ਨਿਯਮਾਂ ਦਾ ਅਧਿਐਨ ਕਰ ਕੇ ਹਰ ਘਟਨਾ ਪਿੱਛੇ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਅਧਿਐਨ ਤੋਂ ਮੈਨੂੰ ਸਬੂਤ ਮਿਲਿਆ ਹੈ ਕਿ ਜੋ ਹੁੰਦਾ ਹੈ, ਉਸ ਦੇ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ ਹੈ। ਮੈਂ ਵਿਸ਼ਵਾਸ ਕਰਦਾ ਹੈ ਕਿ ਵਿਗਿਆਨਕ ਤੌਰ ਤੇ ਇਹ ਮੰਨਣਾ ਜਾਇਜ਼ ਹੈ ਕਿ ਕੁਦਰਤ ਦੀ ਹਰ ਚੀਜ਼ ਪਿੱਛੇ ਰੱਬ ਦਾ ਹੱਥ ਹੈ। ਕੁਦਰਤ ਦੇ ਨਿਯਮ ਇੰਨੇ ਅਟੱਲ ਹਨ ਕਿ ਇਹ ਮੰਨਣਾ ਮੇਰੇ ਲਈ ਨਾਮੁਮਕਿਨ ਹੈ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਕੋਈ ਨਹੀਂ।

      ਜੇ ਇਹ ਗੱਲ ਇੰਨੀ ਸਾਫ਼ ਹੈ, ਤਾਂ ਫਿਰ ਬਹੁਤ ਸਾਰੇ ਵਿਗਿਆਨੀ ਵਿਕਾਸਵਾਦ ਨੂੰ ਕਿਉਂ ਮੰਨਦੇ ਹਨ? ਲੱਗਦਾ ਹੈ ਕਿ ਵਿਕਾਸਵਾਦੀ ਆਪਣੀ ਰਿਸਰਚ ਤੋਂ ਉਹੀ ਸਿੱਟੇ ਕੱਢਦੇ ਹਨ ਜੋ ਉਨ੍ਹਾਂ ਦੇ ਖ਼ਿਆਲਾਂ ਨਾਲ ਮਿਲਦੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਜੋ ਅੱਖੀਂ ਦੇਖੀ ਘਟਨਾ ਤੋਂ ਸਿੱਟਾ ਕੱਢਿਆ ਜਾਂਦਾ ਹੈ ਉਹ ਹਮੇਸ਼ਾ ਸਹੀ ਹੁੰਦਾ ਹੈ। ਮਿਸਾਲ ਲਈ, ਲੇਜ਼ਰ ਭੌਤਿਕ ਵਿਗਿਆਨ ਦੀ ਖੋਜ ਕਰਨ ਵਾਲਾ ਸ਼ਾਇਦ ਇਹ ਦਾਅਵਾ ਕਰੇ ਕਿ ਆਵਾਜ਼ ਦੀ ਲਹਿਰ ਵਾਂਗ ਰੌਸ਼ਨੀ ਵੀ ਲਹਿਰਾਂ ਵਿਚ ਚੱਲਦੀ ਹੈ। ਲੇਕਿਨ ਉਸ ਦਾ ਇਹ ਦਾਅਵਾ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ ਕਿਉਂਕਿ ਸਬੂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੌਸ਼ਨੀ ਛੋਟੇ-ਛੋਟੇ ਕਣਾਂ ਦੀ ਬਣੀ ਹੋਈ ਹੈ। ਇਸੇ ਤਰ੍ਹਾਂ ਜੋ ਵਿਗਿਆਨੀ ਵਿਕਾਸਵਾਦ ਨੂੰ ਹਕੀਕਤ ਮੰਨਦੇ ਹਨ, ਉਹ ਸਾਰਿਆਂ ਸਬੂਤਾਂ ਵੱਲ ਧਿਆਨ ਨਹੀਂ ਦਿੰਦੇ। ਉਹ ਸਿਰਫ਼ ਉਨ੍ਹਾਂ ਸਬੂਤ ਵੱਲ ਧਿਆਨ ਦਿੰਦੇ ਹਨ ਜੋ ਉਨ੍ਹਾਂ ਦੇ ਖ਼ਿਆਲਾਂ ਨੂੰ ਸਾਬਤ ਕਰਦੇ ਜਾਪਦੇ ਹਨ।

      ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਕਿ ਲੋਕਾਂ ਨੇ ਵਿਕਾਸਵਾਦ ਦੀ ਥਿਊਰੀ ਨੂੰ ਹਕੀਕਤ ਮੰਨ ਕਿਵੇਂ ਲਿਆ, ਜਦ ਕਿ ਵਿਕਾਸਵਾਦੀ ਅਜੇ ਤਕ ਇਹ ਨਹੀਂ ਸਮਝਾ ਪਾਏ ਕਿ ਵਿਕਾਸਵਾਦ ਦੁਆਰਾ ਜੀਵਨ ਹੋਂਦ ਵਿਚ ਕਿਵੇਂ ਆਇਆ। ਮਿਸਾਲ ਲਈ, ਕੀ ਤੁਸੀਂ ਇਸ ਨੂੰ ਸਹੀ ਹਿਸਾਬ ਮੰਨੋਗੇ ਜੇ ਕੁਝ ਮਾਹਰ ਕਹਿਣ ਕਿ ਦੋ ਜਮ੍ਹਾ ਦੋ ਚਾਰ ਹੁੰਦੇ ਹਨ, ਜਦ ਕਿ ਦੂਸਰੇ ਕਹਿਣ ਕਿ ਦੋ ਜਮ੍ਹਾ ਦੋ ਚਾਰ ਨਹੀਂ, ਤਿੰਨ ਜਾਂ ਛੇ ਹੁੰਦੇ ਹਨ? ਵਿਗਿਆਨਕ ਤੌਰ ਤੇ ਉਨ੍ਹਾਂ ਹੀ ਗੱਲਾਂ ਨੂੰ ਸੱਚ ਮੰਨਿਆ ਜਾਂਦਾ ਹੈ ਜੋ ਤਜਰਬਾ ਕਰ ਕੇ ਸਾਬਤ ਕੀਤੀਆਂ ਜਾ ਸਕਦੀਆਂ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਥਿਊਰੀ ਕਿ ਇਨਸਾਨਾਂ ਦਾ ਵਿਕਾਸ ਮੱਛੀਆਂ ਤੇ ਬਾਂਦਰਾਂ ਤੋਂ ਹੋਇਆ ਹੈ, ਵਿਗਿਆਨਕ ਤੌਰ ਤੇ ਗ਼ਲਤ ਹੈ ਕਿਉਂਕਿ ਤਜਰਬਾ ਕਰ ਕੇ ਇਸ ਨੂੰ ਅਜੇ ਤਕ ਸਾਬਤ ਨਹੀਂ ਕੀਤਾ ਜਾ ਸਕਿਆ। (g 9/06)

      “ਕੋਈ ਵੀ ਚੀਜ਼ ਆਪਣੇ ਆਪ ਪੈਦਾ ਨਹੀਂ ਹੋ ਸਕਦੀ”

      ◼ ਕੈੱਨਥ ਲੋਈਡ ਟਾਨਾਕਾ ਦੀ ਨਿੱਜੀ ਜਾਣਕਾਰੀ:

      ਮੈਂ ਭੂ-ਵਿਗਿਆਨੀ ਵਜੋਂ ਐਰੀਜ਼ੋਨਾ ਦੇ ਫਲੈਗਸਟਾਫ਼ ਸ਼ਹਿਰ ਵਿਚ ਕੰਮ ਕਰਦਾ ਹਾਂ। ਤਕਰੀਬਨ 30 ਸਾਲਾਂ ਤੋਂ ਮੈਂ ਭੂ-ਵਿਗਿਆਨ ਦੇ ਵੱਖੋ-ਵੱਖਰੇ ਖੇਤਰਾਂ ਵਿਚ ਰਿਸਰਚ ਦਾ ਕੰਮ ਕਰ ਰਿਹਾ ਹਾਂ। ਮੈਂ ਗ੍ਰਹਿਆਂ ਦੀ ਬਣਤਰ ਉੱਤੇ ਵੀ ਰਿਸਰਚ ਕੀਤੀ ਹੈ। ਮੇਰੀ ਰਿਸਰਚ ਦੇ ਕਈ ਲੇਖ ਅਤੇ ਮੰਗਲ ਗ੍ਰਹਿ ਦੇ ਨਕਸ਼ੇ ਮਾਨਤਾ-ਪ੍ਰਾਪਤ ਵਿਗਿਆਨਕ ਰਸਾਲਿਆਂ ਵਿਚ ਛਾਪੇ ਗਏ ਹਨ। ਯਹੋਵਾਹ ਦੇ ਗਵਾਹ ਵਜੋਂ ਮੈਂ ਹਰ ਮਹੀਨੇ ਲਗਭਗ 70 ਘੰਟੇ ਦੂਸਰਿਆਂ ਨੂੰ ਬਾਈਬਲ ਬਾਰੇ ਦੱਸਣ ਵਿਚ ਲਗਾਉਂਦਾ ਹਾਂ।

      ਮੈਨੂੰ ਸਿਖਾਇਆ ਗਿਆ ਸੀ ਕਿ ਵਿਕਾਸਵਾਦ ਹੀ ਹਕੀਕਤ ਹੈ। ਪਰ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਵਿਸ਼ਵ ਨੂੰ ਬਣਾਉਣ ਲਈ ਇੰਨੀ ਊਰਜਾ ਕਿੱਥੋਂ ਆਈ ਜੇ ਕੋਈ ਸ਼ਕਤੀਸ਼ਾਲੀ ਸ੍ਰਿਸ਼ਟੀਕਰਤਾ ਨਹੀਂ ਸੀ। ਕੋਈ ਵੀ ਚੀਜ਼ ਆਪਣੇ ਆਪ ਪੈਦਾ ਨਹੀਂ ਹੋ ਸਕਦੀ। ਬਾਈਬਲ ਵਿਚ ਵੀ ਸਬੂਤ ਪਾਇਆ ਜਾਂਦਾ ਹੈ ਕਿ ਸ੍ਰਿਸ਼ਟੀਕਰਤਾ ਹੈ। ਬਾਈਬਲ ਵਿਚ ਕਈ ਗੱਲਾਂ ਹਨ ਜੋ ਭੂ-ਵਿਗਿਆਨ ਨਾਲ ਸਹਿਮਤ ਹਨ। ਮਿਸਾਲ ਲਈ, ਬਾਈਬਲ ਸਾਨੂੰ ਦੱਸਦੀ ਹੈ ਕਿ ਧਰਤੀ ਗੋਲ ਹੈ ਅਤੇ “ਬਿਨਾ ਸਹਾਰੇ” ਦੇ ਲਟਕੀ ਹੋਈ ਹੈ। (ਅੱਯੂਬ 26:7; ਯਸਾਯਾਹ 40:22) ਇਹ ਗੱਲਾਂ ਵਿਗਿਆਨਕ ਖੋਜਾਂ ਤੋਂ ਸਦੀਆਂ ਪਹਿਲਾਂ ਬਾਈਬਲ ਵਿਚ ਲਿਖੀਆਂ ਗਈਆਂ ਸਨ।

      ਜ਼ਰਾ ਸੋਚੋ ਕਿ ਇਨਸਾਨ ਅੰਦਰ ਕਿਹੜੀਆਂ ਯੋਗਤਾਵਾਂ ਹਨ। ਸਾਡੇ ਅੰਦਰ ਪੰਜ ਗਿਆਨ-ਇੰਦਰੀਆਂ ਹਨ। ਅਸੀਂ ਆਪਣੀਆਂ ਤਾਕਤਾਂ ਤੇ ਕਮਜ਼ੋਰੀਆਂ ਨੂੰ ਪਛਾਣਦੇ ਹਾਂ। ਸਾਡੇ ਵਿਚ ਸੋਚ-ਵਿਚਾਰ ਕਰਨ ਤੇ ਗੱਲਬਾਤ ਕਰਨ ਦੀ ਯੋਗਤਾ ਹੈ। ਇਸ ਦੇ ਨਾਲ-ਨਾਲ ਅਸੀਂ ਇਕ-ਦੂਜੇ ਨਾਲ ਪਿਆਰ ਕਰਨ ਦੇ ਵੀ ਕਾਬਲ ਹਾਂ। ਵਿਕਾਸਵਾਦ ਦੀ ਸਿੱਖਿਆ ਇਹ ਨਹੀਂ ਸਮਝਾ ਸਕਦੀ ਕਿ ਇਹ ਸਾਰੇ ਗੁਣ ਇਨਸਾਨਾਂ ਵਿਚ ਕਿੱਦਾਂ ਪੈਦਾ ਹੋਏ।

      ਆਪਣੇ ਆਪ ਤੋਂ ਪੁੱਛੋ, ‘ਵਿਕਾਸਵਾਦ ਨੂੰ ਸਹੀ ਸਾਬਤ ਕਰਨ ਲਈ ਦਿੱਤੀ ਜਾਂਦੀ ਜਾਣਕਾਰੀ ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ?’ ਇਸ ਸੰਬੰਧ ਵਿਚ ਪੇਸ਼ ਕੀਤੇ ਗਏ ਭੂ-ਵਿਗਿਆਨਕ ਸਬੂਤ ਅਧੂਰੇ ਅਤੇ ਗੁੰਝਲਦਾਰ ਹਨ ਤੇ ਇਹ ਲੋਕਾਂ ਨੂੰ ਉਲਝਣ ਵਿਚ ਪਾਉਂਦੇ ਹਨ। ਵਿਕਾਸਵਾਦ ਨੂੰ ਮੰਨਣ ਵਾਲੇ ਵਿਗਿਆਨੀਆਂ ਨੇ ਵਿਕਾਸਵਾਦ ਦੇ ਸਿਧਾਂਤ ਨੂੰ ਸਹੀ ਸਾਬਤ ਕਰਨ ਲਈ ਲੈਬਾਰਟਰੀਆਂ ਵਿਚ ਕਈ ਤਜਰਬੇ ਕੀਤੇ ਹਨ, ਪਰ ਉਹ ਇਸ ਨੂੰ ਸਾਬਤ ਕਰਨ ਵਿਚ ਅਸਫ਼ਲ ਰਹੇ ਹਨ। ਅਤੇ ਭਾਵੇਂ ਕਿ ਆਮ ਤੌਰ ਤੇ ਵਿਗਿਆਨੀ ਜਾਣਕਾਰੀ ਇਕੱਠੀ ਕਰਨ ਲਈ ਚੰਗੀ ਰਿਸਰਚ ਕਰਦੇ ਹਨ, ਪਰ ਉਹ ਆਪਣੀ ਰਿਸਰਚ ਤੋਂ ਅਕਸਰ ਉਹੀ ਸਿੱਟੇ ਕੱਢਦੇ ਹਨ ਜੋ ਉਨ੍ਹਾਂ ਦੇ ਖ਼ਿਆਲਾਂ ਨਾਲ ਮਿਲਦੇ-ਜੁਲਦੇ ਹਨ। ਕਈ ਵਿਗਿਆਨੀ ਆਪਣੇ ਖ਼ਿਆਲਾਂ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਦੇ ਹਨ, ਭਾਵੇਂ ਉਨ੍ਹਾਂ ਦੇ ਖ਼ਿਆਲਾਂ ਦਾ ਕੋਈ ਪੱਕਾ ਸਬੂਤ ਨਾ ਵੀ ਹੋਵੇ। ਉਹ ਆਪਣੇ ਕੈਰੀਅਰ, ਰੁਤਬੇ ਅਤੇ ਜਜ਼ਬਾਤਾਂ ਨੂੰ ਸੱਚਾਈ ਜਾਣਨ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਨ।

      ਇਕ ਵਿਗਿਆਨੀ ਵਜੋਂ ਅਤੇ ਇਕ ਬਾਈਬਲ ਵਿਦਿਆਰਥੀ ਵਜੋਂ ਮੈਂ ਹਮੇਸ਼ਾ ਸੱਚਾਈ ਦੀ ਤਲਾਸ਼ ਕਰਦਾ ਹਾਂ, ਉਹ ਸੱਚਾਈ ਜੋ ਸਬੂਤਾਂ ਤੇ ਟਿਕੀ ਹੋਵੇ। ਮੈਨੂੰ ਲੱਗਦਾ ਹੈ ਕਿ ਬਾਈਬਲ ਸਹੀ ਹੈ ਅਤੇ ਸਾਨੂੰ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ।

      ਸੈੱਲ ਦਾ ਅਨੋਖਾ ਡੀਜ਼ਾਈਨ

      ◼ ਪੌਲਾ ਕਿੰਚੀਲੋ ਦੀ ਨਿੱਜੀ ਜਾਣਕਾਰੀ:

      ਕਈਆਂ ਸਾਲਾਂ ਤੋਂ ਮੈਂ ਸੈੱਲ, ਅਣੂ-ਵਿਗਿਆਨ ਅਤੇ ਜੀਵਾਣੂ-ਵਿਗਿਆਨ ਦੇ ਖੇਤਰਾਂ ਵਿਚ ਰਿਸਰਚ ਕਰ ਰਹੀ ਹਾਂ। ਇਸ ਵੇਲੇ ਮੈਂ ਅਮਰੀਕਾ ਦੇ ਐਟਲਾਂਟਾ, ਜਾਰਜੀਆ ਵਿਚ ਐਮੋਰੀ ਯੂਨੀਵਰਸਿਟੀ ਵਿਚ ਕੰਮ ਕਰ ਰਹੀ ਹਾਂ। ਇਸ ਦੇ ਨਾਲ-ਨਾਲ ਮੈਂ ਰੂਸੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਬਾਈਬਲ ਸਿਖਾਉਂਦੀ ਹਾਂ।

      ਜੀਵ-ਵਿਗਿਆਨ ਦੀ ਪੜ੍ਹਾਈ ਕਰਦੇ ਹੋਏ ਮੈਂ ਚਾਰ ਸਾਲ ਸੈੱਲ ਅਤੇ ਇਸ ਦੇ ਮੁੱਖ ਹਿੱਸਿਆਂ ਉੱਤੇ ਡੂੰਘੀ ਖੋਜ ਕੀਤੀ। ਜਿੰਨਾ ਜ਼ਿਆਦਾ ਮੈਂ ਸੈੱਲ ਦੇ ਡੀ. ਐੱਨ. ਏ., ਆਰ. ਐੱਨ. ਏ., ਪ੍ਰੋਟੀਨ ਅਤੇ ਪਾਚਣ-ਪ੍ਰਣਾਲੀਆਂ ਬਾਰੇ ਸਿੱਖਦੀ ਸੀ, ਉੱਨਾ ਹੀ ਜ਼ਿਆਦਾ ਮੈਂ ਸੈੱਲ ਦੀ ਗੁੰਝਲਦਾਰ ਬਣਤਰ ਉੱਤੇ ਹੈਰਾਨ ਹੁੰਦੀ ਸੀ। ਹਰ ਇਕ ਸੈੱਲ ਆਪੋ-ਆਪਣਾ ਕੰਮ ਸਹੀ ਢੰਗ ਨਾਲ ਕਰਦਾ ਹੈ। ਭਾਵੇਂ ਇਨਸਾਨਾਂ ਨੇ ਸੈੱਲ ਬਾਰੇ ਬਹੁਤ ਕੁਝ ਸਿੱਖਿਆ ਹੈ, ਪਰ ਹਾਲੇ ਬਹੁਤ ਕੁਝ ਸਿੱਖਣਾ ਬਾਕੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੈੱਲ ਨੂੰ ਕਿਸੇ ਨੇ ਤਾਂ ਡੀਜ਼ਾਈਨ ਕੀਤਾ ਹੈ ਅਤੇ ਮੇਰੇ ਮੁਤਾਬਕ ਇਹ ਰੱਬ ਤੋਂ ਸਿਵਾਇ ਹੋਰ ਕੋਈ ਨਹੀਂ ਹੋ ਸਕਦਾ।

      ਬਾਈਬਲ ਪੜ੍ਹ ਕੇ ਮੈਂ ਜਾਣ ਸਕੀ ਹਾਂ ਕਿ ਸ੍ਰਿਸ਼ਟੀਕਰਤਾ ਕੌਣ ਹੈ। ਉਸ ਦਾ ਨਾਂ ਯਹੋਵਾਹ ਹੈ। ਉਹ ਸਿਰਫ਼ ਬੁੱਧੀਮਾਨ ਡੀਜ਼ਾਈਨਕਾਰ ਹੀ ਨਹੀਂ, ਸਗੋਂ ਦਿਆਲੂ ਤੇ ਪਿਆਰ ਕਰਨ ਵਾਲਾ ਪਿਤਾ ਵੀ ਹੈ ਜੋ ਮੇਰੀ ਪਰਵਾਹ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਕਿਉਂ ਸ੍ਰਿਸ਼ਟ ਕੀਤਾ ਅਤੇ ਬਾਈਬਲ ਸਾਨੂੰ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਵੀ ਦਿੰਦੀ ਹੈ।

      ਸਕੂਲ ਵਿਚ ਜਦੋਂ ਬੱਚਿਆਂ ਨੂੰ ਵਿਕਾਸਵਾਦ ਦੀ ਥਿਊਰੀ ਸਿਖਾਈ ਜਾਂਦੀ ਹੈ, ਤਾਂ ਉਹ ਉਲਝਣ ਵਿਚ ਪੈ ਜਾਂਦੇ ਹਨ। ਜੋ ਬੱਚੇ ਰੱਬ ਨੂੰ ਮੰਨਦੇ ਹਨ, ਉਨ੍ਹਾਂ ਦੀ ਨਿਹਚਾ ਦੀ ਪਰਖ ਹੁੰਦੀ ਹੈ। ਕਈਆਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਰੱਬ ਨੂੰ ਮੰਨਣ ਜਾਂ ਫਿਰ ਵਿਕਾਸਵਾਦ ਨੂੰ। ਪਰ ਉਹ ਆਪਣੀ ਉਲਝਣ ਦੂਰ ਕਰ ਸਕਦੇ ਹਨ ਜੇ ਉਹ ਕੁਦਰਤ ਦੇ ਅਨੇਕ ਅਜੂਬਿਆਂ ਨੂੰ ਧਿਆਨ ਨਾਲ ਦੇਖਣ ਅਤੇ ਆਪਣੇ ਸ੍ਰਿਸ਼ਟੀਕਰਤਾ ਤੇ ਉਸ ਦੇ ਗੁਣਾਂ ਬਾਰੇ ਸਿੱਖਣ। ਮੈਂ ਖ਼ੁਦ ਇਸ ਤਰ੍ਹਾਂ ਕੀਤਾ ਹੈ ਅਤੇ ਇਹ ਸਿੱਟਾ ਕੱਢਿਆ ਹੈ ਕਿ ਬਾਈਬਲ ਸ੍ਰਿਸ਼ਟੀ ਬਾਰੇ ਜੋ ਕਹਿੰਦੀ ਹੈ, ਉਹ ਬਿਲਕੁਲ ਸੱਚ ਹੈ ਅਤੇ ਵਿਗਿਆਨਕ ਗੱਲਾਂ ਨਾਲ ਸਹਿਮਤ ਹੈ।

      ਕੁਦਰਤ ਦੇ ਸ਼ਾਨਦਾਰ ਨਿਯਮ

      ◼ ਐਂਰੀਕੇ ਅਰਨਾਨਦੇਸ ਲੇਮਸ ਦੀ ਨਿੱਜੀ ਜਾਣਕਾਰੀ:

      ਮੈਂ ਯਹੋਵਾਹ ਦਾ ਗਵਾਹ ਹਾਂ। ਇਸ ਦੇ ਨਾਲ-ਨਾਲ ਮੈਂ ਮੈਕਸੀਕੋ ਦੀ ਨੈਸ਼ਨਲ ਯੂਨੀਵਰਸਿਟੀ ਵਿਚ ਭੌਤਿਕ-ਵਿਗਿਆਨੀ ਵੀ ਹਾਂ। ਮੈਂ ਪੁਲਾੜ ਵਿਚ ਗੁਰੂਤਾ-ਖਿੱਚ ਦਾ ਤਾਰਿਆਂ ਤੇ ਪੈਣ ਵਾਲੇ ਅਸਰ ਅਤੇ ਤਾਰਿਆਂ ਦੇ ਵਿਕਾਸ ਦਾ ਅਧਿਐਨ ਕਰਦਾ ਹਾਂ। ਮੈਂ ਡੀ. ਐੱਨ. ਏ. ਦਾ ਅਧਿਐਨ ਵੀ ਕੀਤਾ ਹੈ।

      ਜੀਵ-ਜੰਤੂਆਂ ਦੀ ਬਣਤਰ ਇੰਨੀ ਗੁੰਝਲਦਾਰ ਹੈ ਕਿ ਉਹ ਆਪਣੇ ਆਪ ਪੈਦਾ ਹੋ ਹੀ ਨਹੀਂ ਸਕਦੇ। ਮਿਸਾਲ ਲਈ, ਜ਼ਰਾ ਡੀ. ਐੱਨ. ਏ. ਵਿਚ ਪਾਈ ਜਾਂਦੀ ਜਾਣਕਾਰੀ ਦੇ ਭੰਡਾਰ ਬਾਰੇ ਸੋਚੋ। ਕਿਸੇ ਨੇ ਹਿਸਾਬ ਲਾਇਆ ਹੈ ਕਿ ਇਕ ਕ੍ਰੋਮੋਸੋਮ ਦੇ ਆਪਣੇ ਆਪ ਪੈਦਾ ਹੋਣ ਦੀ ਸੰਭਾਵਨਾ 90 ਖਰਬ ਵਿੱਚੋਂ ਇਕ ਤੋਂ ਵੀ ਘੱਟ ਹੈ ਯਾਨੀ ਇਹ ਨਾਮੁਮਕਿਨ ਹੈ। ਜਦ ਇਕ ਛੋਟਾ ਜਿਹਾ ਕ੍ਰੋਮੋਸੋਮ ਆਪਣੇ ਆਪ ਨਹੀਂ ਪੈਦਾ ਹੋ ਸਕਦਾ, ਤਾਂ ਇਹ ਮੰਨਣਾ ਕਿੰਨੀ ਮੂਰਖਤਾ ਹੋਵੇਗੀ ਕਿ ਇੰਨੇ ਗੁੰਝਲਦਾਰ ਡੀਜ਼ਾਈਨਾਂ ਵਾਲੇ ਸਾਰੇ ਜੀਵ-ਜੰਤੂ ਆਪਣੇ ਆਪ ਪੈਦਾ ਹੋ ਗਏ।

      ਇਸ ਤੋਂ ਇਲਾਵਾ, ਜਦ ਮੈਂ ਭੌਤਿਕ ਤੱਤਾਂ ਦਾ ਅਧਿਐਨ ਕਰਦਾ ਹਾਂ, ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ। ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ-ਵੱਡੀਆਂ ਗਲੈਕਸੀਆਂ ਤਕ ਸਾਰੀਆਂ ਚੀਜ਼ਾਂ ਸਾਧਾਰਣ ਕੁਦਰਤੀ ਨਿਯਮਾਂ ਅਨੁਸਾਰ ਚੱਲਦੀਆਂ ਹਨ। ਇਨ੍ਹਾਂ ਨਿਯਮਾਂ ਨੂੰ ਬਣਾਉਣ ਵਾਲਾ ਸਿਰਫ਼ ਮਾਹਰ ਹਿਸਾਬਦਾਨ ਹੀ ਨਹੀਂ, ਸਗੋਂ ਉਹ ਮਹਾਨ ਕਲਾਕਾਰ ਵੀ ਹੈ ਜਿਸ ਨੇ ਸ੍ਰਿਸ਼ਟੀ ਉੱਤੇ ਆਪਣੀ ਮੁਹਰ ਲਾਈ ਹੈ।

      ਜਦ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੈਂ ਯਹੋਵਾਹ ਦਾ ਗਵਾਹ ਹਾਂ, ਤਾਂ ਉਹ ਬਹੁਤ ਹੈਰਾਨ ਹੁੰਦੇ ਹਨ। ਕਦੇ-ਕਦੇ ਉਹ ਮੈਨੂੰ ਪੁੱਛਦੇ ਹਨ ਕਿ ਵਿਗਿਆਨੀ ਹੋ ਕੇ ਮੈਂ ਰੱਬ ਨੂੰ ਕਿੱਦਾਂ ਮੰਨ ਸਕਦਾ ਹਾਂ। ਮੈਂ ਸਮਝ ਸਕਦਾ ਹਾਂ ਕਿ ਉਹ ਮੈਨੂੰ ਇਹ ਸਵਾਲ ਕਿਉਂ ਪੁੱਛਦੇ ਹਨ। ਜ਼ਿਆਦਾਤਰ ਧਰਮਾਂ ਵਿਚ ਲੋਕਾਂ ਨੂੰ ਆਪਣੇ ਵਿਸ਼ਵਾਸਾਂ ਨੂੰ ਸਾਬਤ ਕਰਨ ਲਈ ਖੋਜ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ। ਲੇਕਿਨ ਬਾਈਬਲ ਸਾਨੂੰ ਇਹ ਸਲਾਹ ਦਿੰਦੀ ਹੈ ਕਿ ਜੋ ਸਾਨੂੰ ਸਿਖਾਇਆ ਜਾਂਦਾ ਹੈ, ਉਸ ਉੱਤੇ ਸਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਕਹਾਉਤਾਂ 3:21) ਕੁਦਰਤ ਅਤੇ ਬਾਈਬਲ ਵਿਚ ਮੈਂ ਇਕ ਬੁੱਧੀਮਾਨ ਡੀਜ਼ਾਈਨਕਾਰ ਦਾ ਸਬੂਤ ਦੇਖਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰੱਬ ਸੱਚ-ਮੁੱਚ ਹੈ ਅਤੇ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।

      [ਫੁਟਨੋਟ]

      a ਇਸ ਲੇਖ ਵਿਚ ਮਾਹਰਾਂ ਨੇ ਜੋ ਕਿਹਾ ਹੈ ਉਹ ਉਨ੍ਹਾਂ ਦੇ ਆਪਣੇ ਵਿਚਾਰ ਹਨ, ਨਾ ਕਿ ਉਸ ਕੰਪਨੀ ਜਾਂ ਸੰਸਥਾ ਦੇ ਜਿਸ ਲਈ ਉਹ ਕੰਮ ਕਰਦੇ ਹਨ।

      [ਸਫ਼ਾ 22 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      Mars in background: Courtesy USGS Astrogeology Research Program, http://astrogeology.usgs.gov

  • ਪੌਦਿਆਂ ਦੀ ਅਨੋਖੀ ਬਣਤਰ
    ਜਾਗਰੂਕ ਬਣੋ!—2006
    • ਪੌਦਿਆਂ ਦੀ ਅਨੋਖੀ ਬਣਤਰ

      ਕਈ ਪੌਦਿਆਂ ਦੀ ਬਣਤਰ ਵਿਚ ਚੱਕਰਦਾਰ (spiral) ਡੀਜ਼ਾਈਨ ਨਜ਼ਰ ਆਉਂਦੇ ਹਨ। ਮਿਸਾਲ ਲਈ, ਅਨਾਨਾਸ ਦੀ ਛਿੱਲ ਉੱਤੇ ਚੱਕਰਦਾਰ ਗੰਢਾਂ ਜਿਹੀਆਂ ਹੁੰਦੀਆਂ ਹਨ; 8 ਗੰਢਾਂ ਇਕ ਤਰਫ਼ ਨੂੰ ਜਾਂਦੀਆਂ ਹਨ ਅਤੇ 5 ਜਾਂ 13 ਦੂਸਰੀ ਤਰਫ਼ ਨੂੰ ਜਾਂਦੀਆਂ। (ਨੰਬਰ 1 ਤਸਵੀਰ ਦੇਖੋ।) ਜੇ ਤੁਸੀਂ ਸੂਰਜਮੁਖੀ ਦਾ ਫੁੱਲ ਦੇਖੋ, ਤਾਂ ਤੁਹਾਨੂੰ ਇਸ ਦੇ ਗੱਭੇ ਬੀਆਂ ਦੀਆਂ 55 ਲਾਈਨਾਂ ਇਕ ਪਾਸੇ ਨੂੰ ਜਾਂਦੀਆਂ ਨਜ਼ਰ ਆਉਣਗੀਆਂ ਤੇ 89 ਤੋਂ ਜ਼ਿਆਦਾ ਦੂਸਰੇ ਪਾਸੇ ਨੂੰ ਜਾਂਦੀਆਂ ਨਜ਼ਰ ਆਉਣਗੀਆਂ। ਗੋਭੀ ਦੇ ਫੁੱਲ ਦਾ ਵੀ ਇਸੇ ਤਰ੍ਹਾਂ ਦਾ ਡੀਜ਼ਾਈਨ ਹੈ। ਜਦ ਅਗਲੀ ਵਾਰ ਤੁਸੀਂ ਬਾਜ਼ਾਰੋਂ ਫਲ-ਸਬਜ਼ੀਆਂ ਖ਼ਰੀਦਣ ਜਾਓਗੇ, ਤਾਂ ਸ਼ਾਇਦ ਤੁਹਾਨੂੰ ਹੋਰ ਕਈ ਫਲ-ਸਬਜ਼ੀਆਂ ਵਿਚ ਅਜਿਹੇ ਡੀਜ਼ਾਈਨ ਨਜ਼ਰ ਆਉਣ। ਪੌਦਿਆਂ ਦੀ ਅਜਿਹੀ ਬਣਤਰ ਕਿਉਂ ਹੈ? ਕੀ ਚੱਕਰਦਾਰ ਲਾਈਨਾਂ ਦੀ ਗਿਣਤੀ ਕੋਈ ਮਾਅਨੇ ਰੱਖਦੀ ਹੈ?

      ਪੌਦੇ ਉੱਗਦੇ ਕਿਵੇਂ ਹਨ?

      ਬੂਟੇ ਦੀ ਡੰਡੀ (ਮੈਰੀਸਟੇਮ) ਨੂੰ ਨਵੀਆਂ ਟਾਹਣੀਆਂ, ਨਵੇਂ ਪੱਤੇ ਅਤੇ ਫੁੱਲ ਲੱਗਦੇ ਹਨ। ਇਹ ਸਭ ਡੰਡੀ ਦੇ ਸਿਰਿਓਂ ਉੱਗ ਕੇ ਵੱਖ-ਵੱਖ ਦਿਸ਼ਾਵਾਂ ਵੱਲ ਉੱਗਦੇ ਹਨ। ਹਰ ਪੱਤਾ ਜਾਂ ਟਾਹਣੀ ਪਹਿਲੇ ਪੱਤੇ ਜਾਂ ਟਾਹਣੀ ਤੋਂ ਇਕ ਖ਼ਾਸ ਐਂਗਲ ਤੇ ਡੰਡੀ ਦੁਆਲੇ ਉੱਗਦੀ ਹੈ।a (ਨੰਬਰ 2 ਤਸਵੀਰ ਦੇਖੋ।) ਇਸ ਤਰ੍ਹਾਂ ਨਵੀਆਂ ਟਾਹਣੀਆਂ ਜਾਂ ਪੱਤੇ ਡੰਡੀ ਦੁਆਲੇ ਚੱਕਰ ਖਾਂਦੇ ਹਨ ਅਤੇ ਇਸ ਨਾਲ ਚੱਕਰਦਾਰ ਡੀਜ਼ਾਈਨ ਨਜ਼ਰ ਆਉਣ ਲੱਗਦਾ ਹੈ। ਇਹ ਖ਼ਾਸ ਐਂਗਲ ਕਿੰਨੇ ਡਿਗਰੀ ਦਾ ਹੁੰਦਾ ਹੈ?

      ਜ਼ਰਾ ਕਲਪਨਾ ਕਰੋ ਕਿ ਤੁਸੀਂ ਅਜਿਹਾ ਪੌਦਾ ਡੀਜ਼ਾਈਨ ਕਰਨਾ ਚਾਹੁੰਦੇ ਹੋ ਜਿਸ ਦੇ ਪੱਤੇ ਅਜਿਹੇ ਤਰੀਕੇ ਨਾਲ ਉੱਗਣ ਕਿ ਉਨ੍ਹਾਂ ਦੇ ਵਿਚਾਲੇ ਕੋਈ ਖਾਲੀ ਜਗ੍ਹਾ ਨਾ ਰਹੇ। ਫ਼ਰਜ਼ ਕਰੋ ਕਿ ਤੁਸੀਂ ਹਰ ਨਵੀਂ ਟਾਹਣੀ ਜਾਂ ਪੱਤੇ ਨੂੰ ਉਸ ਤੋਂ ਪਹਿਲਾਂ ਉੱਗਣ ਵਾਲੀ ਟਾਹਣੀ ਜਾਂ ਪੱਤੇ ਤੋਂ 2/5 ਦੇ ਐਂਗਲ ਤੇ ਰੱਖਦੇ ਹੋ। ਇਸ ਤਰ੍ਹਾਂ ਕਰਨ ਨਾਲ ਹਰ ਪੰਜਵੀਂ ਟਾਹਣੀ ਜਾਂ ਪੱਤਾ ਪਹਿਲੀ ਟਾਹਣੀ ਜਾਂ ਪੱਤੇ ਦੀ ਜਗ੍ਹਾ ਤੇ ਉੱਗੇਗਾ। ਇਸ ਦਾ ਮਤਲਬ ਹੈ ਕਿ ਟਾਹਣੀਆਂ ਜਾਂ ਪੱਤਿਆਂ ਦੀਆਂ ਕਤਾਰਾਂ ਵਿਚਕਾਰ ਖਾਲੀ ਥਾਂ ਹੋਵੇਗੀ ਅਤੇ ਪੌਦੇ ਦਾ ਪੈਟਰਨ ਖ਼ਰਾਬ ਹੋ ਜਾਵੇਗਾ। (ਨੰਬਰ 3 ਤਸਵੀਰ ਦੇਖੋ।) ਜੇ ਪੱਤਿਆਂ ਜਾਂ ਟਾਹਣੀਆਂ ਦੇ ਵਿਚਾਲੇ ਐਨ ਸਹੀ ਐਂਗਲ ਨਾ ਹੋਵੇ, ਤਾਂ ਉਹ ਚੱਕਰ ਵਿਚ ਉੱਗਣ ਦੀ ਬਜਾਇ ਕਤਾਰਾਂ ਵਿਚ ਉੱਗਣਗੇ। ਚੱਕਰਦਾਰ ਡੀਜ਼ਾਈਨ ਬਣਾਉਣ ਲਈ ਹਰ ਪੱਤੇ ਵਿਚਾਲੇ 137.5 ਡਿਗਰੀ ਦਾ ਐਂਗਲ ਹੋਣਾ ਜ਼ਰੂਰੀ ਹੈ। ਇਸ ਨੂੰ “ਗੋਲਡਨ ਐਂਗਲ” ਕਿਹਾ ਜਾਂਦਾ ਹੈ। (ਨੰਬਰ 5 ਤਸਵੀਰ ਦੇਖੋ।) ਇਹ ਐਂਗਲ ਇੰਨਾ ਖ਼ਾਸ ਕਿਉਂ ਹੈ?

      ਇਸ ਗੋਲਡਨ ਐਂਗਲ ਦਾ ਐਨ ਸਹੀ ਫਰੈਕਸ਼ਨ ਨਹੀਂ ਦਿੱਤਾ ਜਾ ਸਕਦਾ। ਇਹ ਐਂਗਲ ਚੱਕਰ ਦਾ ਲਗਭਗ 5/8 (135 ਡਿਗਰੀ) ਹਿੱਸਾ ਹੈ, 8/13 (138.5 ਡਿਗਰੀ) ਇਸ ਤੋਂ ਜ਼ਿਆਦਾ ਸਹੀ ਫਰੈਕਸ਼ਨ ਹੈ ਅਤੇ 13/21 (137.1 ਡਿਗਰੀ) ਇਸ ਤੋਂ ਵੀ ਸਹੀ ਹੋਵੇਗਾ। ਪਰ ਸੱਚ ਇਹ ਹੈ ਕਿ ਇਸ ਐਂਗਲ ਦਾ ਐਨ ਸਹੀ ਫਰੈਕਸ਼ਨ ਨਹੀਂ ਦਿੱਤਾ ਜਾ ਸਕਦਾ। ਇਸ ਲਈ, ਜੇ ਹਰ ਪੱਤਾ ਇਕ-ਦੂਜੇ ਤੋਂ ਤਕਰੀਬਨ 137.5 ਡਿਗਰੀ ਦੇ ਐਂਗਲ ਤੇ ਉੱਗੇ, ਤਾਂ ਉਹ ਇੱਕੋ ਦਿਸ਼ਾ ਵਿਚ ਕਦੇ ਨਹੀਂ ਉੱਗਣਗੇ। (ਨੰਬਰ 4 ਤਸਵੀਰ ਦੇਖੋ।) ਨਤੀਜੇ ਵਜੋਂ, ਪੌਦੇ ਦੇ ਪੱਤੇ ਚੱਕਰਦਾਰ ਪੈਟਰਨ ਵਿਚ ਉੱਗਦੇ ਹਨ ਅਤੇ ਉਨ੍ਹਾਂ ਦੇ ਵਿਚਾਲੇ ਖਾਲੀ ਜਗ੍ਹਾ ਨਹੀਂ ਰਹਿੰਦੀ।

      ਜਦ ਕੰਪਿਊਟਰ ਤੇ ਅਜਿਹੇ ਪੌਦੇ ਡੀਜ਼ਾਈਨ ਕੀਤੇ ਗਏ ਸਨ, ਤਾਂ ਇਹੋ ਦੇਖਿਆ ਗਿਆ ਸੀ ਕਿ ਪੱਤਿਆਂ ਵਿਚ ਚੱਕਰਦਾਰ ਡੀਜ਼ਾਈਨ ਤਦ ਹੀ ਬਣਦੇ ਸਨ ਜਦ ਹਰ ਪੱਤੇ ਦੇ ਵਿਚਾਲੇ 137.5 ਡਿਗਰੀ ਦਾ ਐਂਗਲ ਸੀ। ਇਹ ਐਂਗਲ ਜ਼ਰਾ ਵੀ ਵਧ-ਘਟ ਹੋਣ ਨਾਲ ਪੌਦੇ ਦਾ ਪੈਟਰਨ ਖ਼ਰਾਬ ਹੋ ਜਾਂਦਾ ਸੀ।—ਨੰਬਰ 5 ਤਸਵੀਰ ਦੇਖੋ।

      ਫੁੱਲ ਦੀਆਂ ਕਿੰਨੀਆਂ ਪੱਤੀਆਂ ਹੁੰਦੀਆਂ ਹਨ?

      ਗੋਲਡਨ ਐਂਗਲ (137.5 ਡਿਗਰੀ) ਵਿਚ ਉੱਗਣ ਵਾਲੇ ਪੱਤਿਆਂ ਜਾਂ ਟਾਹਣੀਆਂ ਦੀ ਗਿਣਤੀ ਅਕਸਰ ਫਿਬੋਨਾਚੀ ਨਾਂ ਦੀ ਲੜੀ ਵਿੱਚੋਂ ਹੁੰਦੀ ਹੈ। ਇਤਾਲਵੀ ਹਿਸਾਬਦਾਨ ਲਿਓਨਾਰਡੋ ਫਿਬੋਨਾਚੀ ਨੇ 13ਵੀਂ ਸਦੀ ਵਿਚ ਇਸ ਲੜੀ ਦੀ ਖੋਜ ਕੀਤੀ ਸੀ। ਉਸ ਨੇ ਇਸ ਲੜੀ ਦੇ ਨੰਬਰ ਕਿੱਦਾਂ ਤੈਅ ਕੀਤੇ ਸਨ? ਇਹ ਲੜੀ ਨੰਬਰ 1 ਤੋਂ ਸ਼ੁਰੂ ਹੁੰਦੀ ਹੈ। ਇਸ ਨੰਬਰ ਨੂੰ ਅਤੇ ਉਸ ਤੋਂ ਬਾਅਦ ਆਉਣ ਵਾਲੇ ਨੰਬਰ ਨੂੰ ਜੋੜ ਕੇ ਅਗਲਾ ਨੰਬਰ ਬਣਦਾ ਹੈ। ਮਿਸਾਲ ਲਈ, 1 ਤੇ 1 ਜੋੜ ਕੇ 2 ਬਣਦਾ ਹੈ, 1 ਤੇ 2 ਜੋੜ ਕੇ 3, 2 ਤੇ 3 ਜੋੜ ਕੇ 5, 3 ਤੇ 5 ਜੋੜ ਕੇ 8, 5 ਤੇ 8 ਜੋੜ ਕੇ 13, ਵਗੈਰਾ। ਇਹ ਲੜੀ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ: 1, 1, 2, 3, 5, 8, 13, 21, 34, 55, ਵਗੈਰਾ।

      ਜਿਨ੍ਹਾਂ ਪੌਦਿਆਂ ਦੇ ਫੁੱਲਾਂ ਦਾ ਚੱਕਰਦਾਰ ਡੀਜ਼ਾਈਨ ਹੁੰਦਾ ਹੈ, ਉਨ੍ਹਾਂ ਦੀਆਂ ਪੰਖੜੀਆਂ ਦੀ ਗਿਣਤੀ ਇਸ ਲੜੀ ਅਨੁਸਾਰ ਹੁੰਦੀ ਹੈ। ਇਹ ਬੜੀ ਅਨੋਖੀ ਗੱਲ ਹੈ ਕਿ ਆਮ ਕਰਕੇ ਬੱਟਰਕੱਪ ਫੁੱਲਾਂ ਦੀਆਂ 5 ਪੱਤੀਆਂ ਹੁੰਦੀਆਂ ਹਨ, ਬਲੱਡਰੂਟ ਦੀਆਂ 8, ਫਾਇਰਵੀਡ ਦੀਆਂ 13, ਅਸਟਰ ਦੀਆਂ 21, ਡੈਜ਼ੀ ਦੀਆਂ 34 ਅਤੇ ਮਿਕਲਮਸ ਡੈਜ਼ੀ ਦੀਆਂ 55 ਜਾਂ 89 ਪੱਤੀਆਂ ਹੁੰਦੀਆਂ ਹਨ। (ਨੰਬਰ 6 ਤਸਵੀਰ ਦੇਖੋ।) ਕਈ ਫਲ-ਸਬਜ਼ੀਆਂ ਦੀ ਬਣਤਰ ਵਿਚ ਵੀ ਅਜਿਹਾ ਕੁਝ ਦੇਖਿਆ ਜਾਂਦਾ ਹੈ। ਮਿਸਾਲ ਲਈ, ਜੇ ਤੁਸੀਂ ਕੇਲਾ ਕੱਟ ਕੇ ਦੇਖੋ, ਤਾਂ ਤੁਹਾਨੂੰ ਉਸ ਦੇ ਪੰਜ ਹਿੱਸੇ ਨਜ਼ਰ ਆਉਣਗੇ।

      ‘ਉਸ ਨੇ ਹਰੇਕ ਵਸਤ ਸੁੰਦਰ ਬਣਾਈ ਹੈ’

      ਚਿੱਤਰਕਾਰਾਂ ਨੇ ਦੇਖਿਆ ਹੈ ਕਿ ਜਿਨ੍ਹਾਂ ਪੌਦਿਆਂ ਤੇ ਫੁੱਲਾਂ ਦੀ ਬਣਤਰ ਚੱਕਰਦਾਰ ਹੁੰਦੀ ਹੈ, ਉਹ ਬਹੁਤ ਹੀ ਸੋਹਣੇ ਲੱਗਦੇ ਹਨ। ਪੌਦਿਆਂ ਦੇ ਵੱਖ-ਵੱਖ ਹਿੱਸੇ ਗੋਲਡਨ ਐਂਗਲ ਵਿਚ ਹੀ ਕਿਉਂ ਉੱਗਦੇ ਹਨ? ਕਈ ਲੋਕ ਕਹਿੰਦੇ ਹਨ ਕਿ ਇਹ ਇਕ ਹੋਰ ਸਬੂਤ ਹੈ ਕਿ ਕਿਸੇ ਨੇ ਪੌਦਿਆਂ ਨੂੰ ਬਹੁਤ ਸੋਚ-ਸਮਝ ਕੇ ਡੀਜ਼ਾਈਨ ਕੀਤਾ ਹੈ।

      ਕੁਦਰਤ ਦੀਆਂ ਚੀਜ਼ਾਂ ਦਾ ਸੋਹਣਾ ਡੀਜ਼ਾਈਨ ਦੇਖ ਕੇ ਇਨਸਾਨ ਬਹੁਤ ਖ਼ੁਸ਼ ਹੁੰਦਾ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਾਡੇ ਸ੍ਰਿਸ਼ਟੀਕਰਤਾ ਦੇ ਹੱਥਾਂ ਦਾ ਕਮਾਲ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਪੂਰਾ ਆਨੰਦ ਮਾਣੀਏ, ਇਸ ਲਈ ਬਾਈਬਲ ਦੱਸਦੀ ਹੈ ਕਿ ‘ਉਸ ਨੇ ਹਰੇਕ ਵਸਤ ਸੁੰਦਰ ਬਣਾਈ ਹੈ।’—ਉਪਦੇਸ਼ਕ ਦੀ ਪੋਥੀ 3:11. (g 9/06)

      [ਫੁਟਨੋਟ]

      a ਸੂਰਜਮੁਖੀ ਦੇ ਛੋਟੇ-ਛੋਟੇ ਫੁੱਲਾਂ ਤੋਂ ਬੀ ਬਣਦੇ ਹਨ। ਇਨ੍ਹਾਂ ਬੀਆਂ ਦੀਆਂ ਲਾਈਨਾਂ ਦੂਸਰੇ ਫੁੱਲਾਂ ਵਾਂਗ ਗੱਭਿਓਂ ਨਹੀਂ ਬਲਕਿ ਕੰਢਿਆਂ ਤੋਂ ਬਣਨੀਆਂ ਸ਼ੁਰੂ ਹੁੰਦੀਆਂ ਹਨ।

      [ਸਫ਼ਾ 24 ਉੱਤੇ ਤਸਵੀਰ]

      ਨੰਬਰ 1

      (ਪ੍ਰਕਾਸ਼ਨ ਦੇਖੋ)

      ਨੰਬਰ 2

      (ਪ੍ਰਕਾਸ਼ਨ ਦੇਖੋ)

      ਨੰਬਰ 3

      (ਪ੍ਰਕਾਸ਼ਨ ਦੇਖੋ)

      ਨੰਬਰ 4

      (ਪ੍ਰਕਾਸ਼ਨ ਦੇਖੋ)

      ਨੰਬਰ 5

      (ਪ੍ਰਕਾਸ਼ਨ ਦੇਖੋ)

      ਨੰਬਰ 6

      (ਪ੍ਰਕਾਸ਼ਨ ਦੇਖੋ)

      [ਸਫ਼ਾ 24 ਉੱਤੇ ਤਸਵੀਰ]

      ਨੇੜਿਓਂ ਲਈ ਗਈ ਮੈਰੀਸਟੇਮ ਦੀ ਤਸਵੀਰ

      [ਕ੍ਰੈਡਿਟ ਲਾਈਨ]

      R. Rutishauser, University of Zurich, Switzerland

      [ਸਫ਼ਾ 25 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      White flower: Thomas G. Barnes @ USDA-NRCS PLANTS Database

  • ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ?
    ਜਾਗਰੂਕ ਬਣੋ!—2006
    • ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ?

      ਕੀ ਤੁਹਾਡੇ ਖ਼ਿਆਲ ਵਿਚ ਜੀਵਨ ਦਾ ਕੋਈ ਮਕਸਦ ਹੈ? ਜੇ ਵਿਕਾਸਵਾਦ ਦੀ ਥਿਊਰੀ ਹਕੀਕਤ ਹੁੰਦੀ, ਤਾਂ ਅਮਰੀਕਾ ਦੇ ਇਕ ਵਿਗਿਆਨਕ ਰਸਾਲੇ ਦੀ ਇਹ ਗੱਲ ਸੱਚ ਹੁੰਦੀ: “ਵਿਕਾਸਵਾਦ ਬਾਰੇ ਜਾਣ ਕੇ ਅਸੀਂ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਜੀਵਨ ਦਾ ਕੋਈ ਮਕਸਦ ਨਹੀਂ ਹੈ।”

      ਜ਼ਰਾ ਇਨ੍ਹਾਂ ਸ਼ਬਦਾਂ ਦੇ ਮਤਲਬ ਬਾਰੇ ਸੋਚੋ। ਜੇ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ, ਤਾਂ ਤੁਸੀਂ ਸਿਰਫ਼ ਇਸ ਲਈ ਹੋਂਦ ਵਿਚ ਹੋ ਕਿ ਤੁਸੀਂ ਕੁਝ ਚੰਗੇ ਕੰਮ ਕਰੋ ਅਤੇ ਆਪਣੀ ਪੀੜ੍ਹੀ ਨੂੰ ਅੱਗੇ ਤੋਰੋ। ਮਰਨ ਤੇ ਤੁਸੀਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਜਾਓਗੇ। ਤੁਹਾਡਾ ਦਿਮਾਗ਼, ਇਸ ਦੀ ਸੋਚਣ, ਤਰਕ ਕਰਨ ਅਤੇ ਮਨਨ ਕਰਨ ਦੀ ਸ਼ਕਤੀ, ਇਹ ਸਭ ਇਤਫ਼ਾਕ ਨਾਲ ਪੈਦਾ ਹੋਏ ਹਨ।

      ਪਰ ਸਿਰਫ਼ ਇੰਨਾ ਹੀ ਨਹੀਂ। ਵਿਕਾਸਵਾਦ ਦੀ ਥਿਊਰੀ ਵਿਚ ਵਿਸ਼ਵਾਸ ਕਰਨ ਵਾਲੇ ਜ਼ਿਆਦਾਤਰ ਲੋਕ ਦਾਅਵਾ ਕਰਦੇ ਹਨ ਕਿ ਰੱਬ ਹੈ ਹੀ ਨਹੀਂ ਜਾਂ ਰੱਬ ਇਨਸਾਨ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਵੇਗਾ। ਇਸ ਦਾ ਮਤਲਬ ਹੈ ਕਿ ਸਾਡਾ ਭਵਿੱਖ ਇਨਸਾਨੀ ਆਗੂਆਂ ਦੇ ਹੱਥਾਂ ਵਿਚ ਹੈ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਦੇ ਹੱਥਾਂ ਵਿਚ ਦੁਨੀਆਂ ਦੀ ਵਾਗਡੋਰ ਹੋਣ ਕਾਰਨ ਲੜਾਈਆਂ-ਝਗੜੇ ਅਤੇ ਭ੍ਰਿਸ਼ਟਾਚਾਰ ਜਾਰੀ ਰਹਿਣਗੇ। ਜੇ ਵਿਕਾਸਵਾਦ ਦੀ ਸਿੱਖਿਆ ਸੱਚ ਹੁੰਦੀ, ਤਾਂ ਜੀਵਨ ਦਾ ਇਹ ਮਾਟੋ ਹੁੰਦਾ: “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।”—1 ਕੁਰਿੰਥੀਆਂ 15:32.

      ਪਰ ਤੁਸੀਂ ਇਸ ਗੱਲ ਤੇ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਦੇ ਗਵਾਹ ਉੱਪਰ ਲਿਖੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਕਰਦੇ। ਨਾ ਹੀ ਯਹੋਵਾਹ ਦੇ ਗਵਾਹ ਵਿਕਾਸਵਾਦ ਦੀ ਥਿਊਰੀ ਨੂੰ ਮੰਨਦੇ ਹਨ ਜਿਸ ਉੱਤੇ ਇਹ ਸਾਰੀਆਂ ਗੱਲਾਂ ਟਿਕੀਆਂ ਹੋਈਆਂ ਹਨ। ਇਸ ਦੀ ਬਜਾਇ, ਯਹੋਵਾਹ ਦੇ ਸੇਵਕ ਮੰਨਦੇ ਹਨ ਕਿ ਬਾਈਬਲ ਹੀ ਸੱਚਾਈ ਦੱਸਦੀ ਹੈ। (ਯੂਹੰਨਾ 17:17) ਉਹ ਬਾਈਬਲ ਦੀ ਇਸ ਗੱਲ ਤੇ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਹੀ ਜੀਵਨ ਦਾ ਸੋਮਾ ਹੈ। (ਜ਼ਬੂਰਾਂ ਦੀ ਪੋਥੀ 36:9) ਇਨ੍ਹਾਂ ਸ਼ਬਦਾਂ ਦਾ ਬਹੁਤ ਹੀ ਡੂੰਘਾ ਅਰਥ ਹੈ।

      ਜ਼ਿੰਦਗੀ ਦਾ ਇਕ ਮਕਸਦ ਹੈ। ਸ੍ਰਿਸ਼ਟੀਕਰਤਾ ਦੀ ਇੱਛਾ ਅਨੁਸਾਰ ਜੀਉਣ ਵਾਲੇ ਸਾਰੇ ਲੋਕ ਉਸ ਦੇ ਮਕਸਦ ਤੋਂ ਫ਼ਾਇਦਾ ਉਠਾ ਸਕਦੇ ਹਨ। (ਉਪਦੇਸ਼ਕ ਦੀ ਪੋਥੀ 12:13) ਪਰਮੇਸ਼ੁਰ ਦਾ ਮਕਸਦ ਹੈ ਕਿ ਦੁਨੀਆਂ ਲੜਾਈਆਂ-ਝਗੜਿਆਂ, ਭ੍ਰਿਸ਼ਟਾਚਾਰ ਅਤੇ ਇੱਥੋਂ ਤਕ ਕਿ ਮੌਤ ਤੋਂ ਵੀ ਆਜ਼ਾਦ ਹੋ ਜਾਵੇ। (ਯਸਾਯਾਹ 2:4; 25:6-8) ਦੁਨੀਆਂ ਭਰ ਵਿਚ ਲੱਖਾਂ ਯਹੋਵਾਹ ਦੇ ਗਵਾਹ ਪੂਰੇ ਯਕੀਨ ਨਾਲ ਕਹਿ ਸਕਦੇ ਹਨ ਕਿ ਪਰਮੇਸ਼ੁਰ ਬਾਰੇ ਸਿੱਖ ਕੇ ਅਤੇ ਉਸ ਦੀ ਮਰਜ਼ੀ ਤੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਸੁਧਰ ਗਈ ਹੈ। ਹਾਂ, ਉਨ੍ਹਾਂ ਨੂੰ ਜ਼ਿੰਦਗੀ ਦਾ ਮਕਸਦ ਮਿਲ ਗਿਆ ਹੈ।—ਯੂਹੰਨਾ 17:3.

      ਤਾਂ ਫਿਰ, ਇਸ ਗੱਲ ਦਾ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਕਿਉਂਕਿ ਇਸ ਦਾ ਅਸਰ ਤੁਹਾਡੇ ਅੱਜ ਤੇ ਅਤੇ ਆਉਣ ਵਾਲੇ ਕੱਲ੍ਹ ਤੇ ਵੀ ਪੈਂਦਾ ਹੈ। ਤੁਹਾਨੂੰ ਖ਼ੁਦ ਫ਼ੈਸਲਾ ਕਰਨ ਦੀ ਲੋੜ ਹੈ ਕਿ ਤੁਸੀਂ ਕੀ ਮੰਨੋਗੇ। ਕੀ ਤੁਸੀਂ ਉਸ ਥਿਊਰੀ ਨੂੰ ਮੰਨੋਗੇ ਜਿਸ ਨੇ ਸ੍ਰਿਸ਼ਟੀ ਦੇ ਡੀਜ਼ਾਈਨ ਵਿਰੁੱਧ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤਾ? ਜਾਂ ਕੀ ਤੁਸੀਂ ਬਾਈਬਲ ਦੀ ਗੱਲ ਮੰਨੋਗੇ ਕਿ ਧਰਤੀ ਅਤੇ ਹਰ ਜੀਉਂਦੀ ਚੀਜ਼ ਮਹਾਨ ਡੀਜ਼ਾਈਨਕਾਰ ਯਹੋਵਾਹ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹੈ।—ਪਰਕਾਸ਼ ਦੀ ਪੋਥੀ 4:11. (g 9/06)

  • ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?
    ਜਾਗਰੂਕ ਬਣੋ!—2006
    • ਬਾਈਬਲ ਦਾ ਦ੍ਰਿਸ਼ਟੀਕੋਣ

      ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ?

      ਕਈ ਲੋਕ ਦਾਅਵਾ ਕਰਦੇ ਹਨ ਕਿ ਵਿਗਿਆਨ ਬਾਈਬਲ ਵਿਚ ਪਾਏ ਜਾਂਦੇ ਸ੍ਰਿਸ਼ਟੀ ਦੇ ਬਿਰਤਾਂਤ ਨੂੰ ਗ਼ਲਤ ਸਾਬਤ ਕਰਦਾ ਹੈ। ਪਰ ਅਸਲ ਵਿਚ ਵਿਗਿਆਨ, ਬਾਈਬਲ ਦਾ ਨਹੀਂ, ਸਗੋਂ ਉਨ੍ਹਾਂ ਈਸਾਈਆਂ ਦੇ ਵਿਚਾਰਾਂ ਦਾ ਖੰਡਨ ਕਰਦਾ ਹੈ ਜੋ ਸ੍ਰਿਸ਼ਟੀ ਦੇ ਬਿਰਤਾਂਤ ਦਾ ਗ਼ਲਤ ਮਤਲਬ ਕੱਢਦੇ ਹਨ। ਕਈ ਈਸਾਈ ਕਹਿੰਦੇ ਹਨ ਕਿ ਬਾਈਬਲ ਅਨੁਸਾਰ ਤਕਰੀਬਨ 10,000 ਸਾਲ ਪਹਿਲਾਂ ਸਾਰਾ ਵਿਸ਼ਵ 24 ਘੰਟਿਆਂ ਵਾਲੇ 6 ਦਿਨਾਂ ਵਿਚ ਬਣਾਇਆ ਗਿਆ ਸੀ।

      ਪਰ ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ। ਜੇ ਬਾਈਬਲ ਇਸ ਦਾਅਵੇ ਨਾਲ ਸਹਿਮਤ ਹੁੰਦੀ, ਤਾਂ ਪਿੱਛਲੇ ਸੌ ਸਾਲਾਂ ਵਿਚ ਕੀਤੀਆਂ ਗਈਆਂ ਵਿਗਿਆਨਕ ਖੋਜਾਂ ਨੇ ਬਾਈਬਲ ਨੂੰ ਗ਼ਲਤ ਸਾਬਤ ਕਰ ਦੇਣਾ ਸੀ। ਇਸ ਦੀ ਬਜਾਇ ਬਾਈਬਲ ਦਾ ਅਧਿਐਨ ਕਰਨ ਨਾਲ ਪਤਾ ਲੱਗਦਾ ਹੈ ਕਿ ਇਹ ਵਿਗਿਆਨ ਦਾ ਵਿਰੋਧ ਨਹੀਂ ਕਰਦੀ। ਇਸ ਕਰਕੇ ਯਹੋਵਾਹ ਦੇ ਗਵਾਹ ਕੱਟੜ ਈਸਾਈਆਂ ਅਤੇ ਕਈ ਸ੍ਰਿਸ਼ਟੀਵਾਦੀਆਂ ਨਾਲ ਸਹਿਮਤ ਨਹੀਂ ਹਨ। ਆਓ ਆਪਾਂ ਦੇਖੀਏ ਕਿ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ।

      ਸ੍ਰਿਸ਼ਟੀ ਦਾ ਇਤਿਹਾਸ

      ਉਤਪਤ ਦੀ ਕਿਤਾਬ ਦੀ ਪਹਿਲੀ ਆਇਤ ਵਿਚ ਸਾਫ਼ ਦੱਸਿਆ ਗਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਬਾਈਬਲ ਦੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਨੂੰ ਸ੍ਰਿਸ਼ਟੀ ਦੇ ਛੇ ਦਿਨਾਂ ਤੋਂ ਪਹਿਲਾਂ ਬਣਾਇਆ ਸੀ। ਇਸ ਤੋਂ ਬਾਅਦ ਤੀਜੀ ਆਇਤ ਤੋਂ ਦੱਸਿਆ ਗਿਆ ਹੈ ਕਿ ਉਸ ਨੇ ਛੇ ਦਿਨਾਂ ਦੌਰਾਨ ਕੀ-ਕੀ ਸ੍ਰਿਸ਼ਟ ਕੀਤਾ। ਇਸ ਦਾ ਮਤਲਬ ਹੈ ਕਿ ਪੂਰਾ ਵਿਸ਼ਵ, ਜਿਸ ਵਿਚ ਧਰਤੀ ਵੀ ਸ਼ਾਮਲ ਸੀ, ਸ੍ਰਿਸ਼ਟੀ ਦੇ ਇਨ੍ਹਾਂ ਛੇ ਦਿਨਾਂ ਤੋਂ ਬਹੁਤ ਚਿਰ ਪਹਿਲਾਂ ਹੋਂਦ ਵਿਚ ਸੀ।

      ਭੂ-ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਧਰਤੀ ਲਗਭਗ 4 ਅਰਬ ਸਾਲਾਂ ਤੋਂ ਹੋਂਦ ਵਿਚ ਹੈ ਅਤੇ ਖਗੋਲ-ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਵਿਸ਼ਵ ਲਗਭਗ 15 ਅਰਬ ਸਾਲ ਪੁਰਾਣਾ ਹੈ। ਕੀ ਵਿਗਿਆਨੀਆਂ ਦੇ ਇਹ ਸਿੱਟੇ ਉਤਪਤ 1:1 ਦਾ ਖੰਡਨ ਕਰਦੇ ਹਨ? ਜੇ ਵਿਗਿਆਨੀਆਂ ਨੂੰ ਭਵਿੱਖ ਵਿਚ ਧਰਤੀ ਦੀ ਉਮਰ ਬਾਰੇ ਹੋਰ ਸਬੂਤ ਲੱਭਣ, ਤਾਂ ਕੀ ਇਹ ਬਾਈਬਲ ਦਾ ਖੰਡਨ ਕਰਨਗੇ? ਨਹੀਂ। ਵਿਗਿਆਨ ਬਾਈਬਲ ਦਾ ਖੰਡਨ ਨਹੀਂ ਕਰਦਾ ਕਿਉਂਕਿ ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ “ਅਕਾਸ਼ ਤੇ ਧਰਤੀ” ਕਿੰਨੇ ਚਿਰ ਤੋਂ ਹੋਂਦ ਵਿਚ ਹਨ।

      ਸ੍ਰਿਸ਼ਟੀ ਦੇ ਦਿਨ ਕਿੰਨੇ ਕੁ ਲੰਬੇ ਸਨ?

      ਕੀ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਦਿਨ ਸਨ? ਕਈ ਲੋਕ ਕਹਿੰਦੇ ਹਨ ਕਿ ਉਤਪਤ ਦੀ ਕਿਤਾਬ ਦੇ ਲਿਖਾਰੀ ਮੂਸਾ ਨੇ ਕਿਹਾ ਸੀ ਕਿ ਸਬਤ ਦਾ ਪ੍ਰਬੰਧ ਸ੍ਰਿਸ਼ਟੀ ਦੇ ਦਿਨਾਂ ਤੇ ਆਧਾਰਿਤ ਸੀ ਯਾਨੀ ਰੱਬ ਨੇ ਛੇ ਦਿਨਾਂ ਵਿਚ ਸਭ ਕੁਝ ਬਣਾਇਆ ਅਤੇ ਸੱਤਵੇਂ ਦਿਨ ਆਰਾਮ ਕੀਤਾ। (ਕੂਚ 20:11) ਇਸ ਤੋਂ ਉਹ ਇਹ ਸਿੱਟਾ ਕੱਢਦੇ ਹਨ ਕਿ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਦਿਨ ਸਨ। ਪਰ ਕੀ ਇਹ ਗੱਲ ਉਤਪਤ ਦੀ ਕਿਤਾਬ ਨਾਲ ਸਹਿਮਤ ਹੈ?

      ਬਿਲਕੁਲ ਨਹੀਂ। “ਦਿਨ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹਮੇਸ਼ਾ 24 ਘੰਟਿਆਂ ਵਾਲਾ ਦਿਨ ਨਹੀਂ ਹੁੰਦਾ, ਸਗੋਂ ਇਸ ਦਿਨ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ। ਮਿਸਾਲ ਲਈ, ਮੂਸਾ ਨੇ ਕਿਹਾ ਕਿ ਪਰਮੇਸ਼ੁਰ ਨੇ ਇਕ ਦਿਨ ਵਿਚ ਸਭ ਕੁਝ ਬਣਾਇਆ ਜਦ ਕਿ ਸ੍ਰਿਸ਼ਟੀ ਛੇਆਂ ਦਿਨਾਂ ਵਿਚ ਕੀਤੀ ਗਈ ਸੀ। (ਉਤਪਤ 2:4) ਇਸ ਦੇ ਨਾਲ-ਨਾਲ, ਸ੍ਰਿਸ਼ਟੀ ਦੇ ਪਹਿਲੇ ਦਿਨ “ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਤੇ ਅਨ੍ਹੇਰੇ ਨੂੰ ਰਾਤ ਆਖਿਆ।” (ਉਤਪਤ 1:5) ਇੱਥੇ “ਦਿਨ” ਸਿਰਫ਼ ਦਿਨ ਦੇ ਉਨ੍ਹਾਂ ਘੰਟਿਆਂ ਨੂੰ ਕਿਹਾ ਗਿਆ ਹੈ ਜਦੋਂ ਰੌਸ਼ਨੀ ਹੁੰਦੀ ਹੈ। ਬਾਈਬਲ ਵਿਚ ਕਿਤੇ ਨਹੀਂ ਕਿਹਾ ਗਿਆ ਕਿ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਸਨ।

      ਤਾਂ ਫਿਰ, ਸ੍ਰਿਸ਼ਟੀ ਦੇ ਛੇ ਦਿਨ ਕਿੰਨੇ ਲੰਬੇ ਸਨ? ਉਤਪਤ ਦੇ ਪਹਿਲੇ ਅਤੇ ਦੂਜੇ ਅਧਿਆਇ ਤੋਂ ਪਤਾ ਲੱਗਦਾ ਹੈ ਕਿ ਹਰ ਦਿਨ 24 ਘੰਟਿਆਂ ਨਾਲੋਂ ਕਿਤੇ ਲੰਬਾ ਸੀ।

      ਚੀਜ਼ਾਂ ਹੌਲੀ-ਹੌਲੀ ਸ੍ਰਿਸ਼ਟ ਕੀਤੀਆਂ ਗਈਆਂ

      ਮੂਸਾ ਨੇ ਸ੍ਰਿਸ਼ਟੀ ਦਾ ਬਿਰਤਾਂਤ ਇਬਰਾਨੀ ਭਾਸ਼ਾ ਵਿਚ ਲਿਖਿਆ ਸੀ। ਉਸ ਨੇ ਇਸ ਬਿਰਤਾਂਤ ਵਿਚ ਉਹ ਹੀ ਦੱਸਿਆ ਜੋ ਇਨਸਾਨੀ ਨਜ਼ਰਾਂ ਤੋਂ ਦੇਖਿਆ ਜਾ ਸਕਦਾ ਸੀ। ਇਨ੍ਹਾਂ ਦੋ ਗੱਲਾਂ ਦੇ ਨਾਲ-ਨਾਲ ਇਹ ਵੀ ਯਾਦ ਰੱਖੋ ਕਿ ਵਿਸ਼ਵ ਦੀ ਰਚਨਾ ਸ੍ਰਿਸ਼ਟੀ ਦੇ ਦਿਨਾਂ ਤੋਂ ਪਹਿਲਾਂ ਹੋਈ ਸੀ। ਇਨ੍ਹਾਂ ਕਾਰਨਾਂ ਕਰਕੇ ਸ੍ਰਿਸ਼ਟੀ ਦੇ ਦਿਨਾਂ ਦੀ ਲੰਬਾਈ ਉੱਤੇ ਬਹਿਸ ਕਰਨੀ ਫ਼ਜ਼ੂਲ ਹੈ। ਕਿਉਂ?

      ਜਦ ਅਸੀਂ ਉਤਪਤ ਦੇ ਬਿਰਤਾਂਤ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਜੋ ਕੰਮ ਇਕ “ਦਿਨ” ਵਿਚ ਸ਼ੁਰੂ ਹੋਇਆ, ਉਹ ਅਗਲੇ ਦਿਨ ਜਾਂ ਕਈ ਦਿਨ ਜਾਰੀ ਰਿਹਾ। ਮਿਸਾਲ ਲਈ, ਪਹਿਲੇ “ਦਿਨ” ਦੀ ਸ਼ੁਰੂਆਤ ਤੋਂ ਪਹਿਲਾਂ ਸੂਰਜ ਦੀ ਰਚਨਾ ਹੋ ਚੁੱਕੀ ਸੀ। ਪਰ ਇਸ ਦੀ ਰੌਸ਼ਨੀ ਹਾਲੇ ਧਰਤੀ ਉੱਤੇ ਨਹੀਂ ਪਹੁੰਚ ਰਹੀ ਸੀ। ਇਸ ਦਾ ਕਾਰਨ ਸੰਘਣੇ ਬੱਦਲ ਹੋ ਸਕਦੇ ਸਨ। (ਅੱਯੂਬ 38:9) ਪਹਿਲੇ “ਦਿਨ” ਦੌਰਾਨ ਇਹ ਬੱਦਲ ਹਟਣ ਲੱਗੇ ਅਤੇ ਰੌਸ਼ਨੀ ਧਰਤੀ ਤਕ ਪਹੁੰਚਣ ਲੱਗੀ।a

      ਦੂਜੇ “ਦਿਨ” ਵਾਤਾਵਰਣ ਹੋਰ ਵੀ ਸਾਫ਼ ਹੁੰਦਾ ਗਿਆ, ਸੰਘਣੇ ਬੱਦਲ ਸਮੁੰਦਰ ਤੋਂ ਉੱਠ ਗਏ। ਫਿਰ ਚੌਥੇ “ਦਿਨ” ਤੇ ਵਾਤਾਵਰਣ ਇੰਨਾ ਸਾਫ਼ ਹੋ ਗਿਆ ਕਿ “ਅਕਾਸ਼ ਦੇ ਅੰਬਰ ਵਿੱਚ” ਸੂਰਜ ਤੇ ਚੰਨ ਨਜ਼ਰ ਆਉਣ ਲੱਗ ਪਏ। (ਉਤਪਤ 1:14-16) ਇਸ ਦਾ ਮਤਲਬ ਹੈ ਕਿ ਧਰਤੀ ਤੋਂ ਇਨਸਾਨ ਇਨ੍ਹਾਂ ਜੋਤਾਂ ਨੂੰ ਦੇਖ ਸਕਦੇ ਸਨ। ਇਹ ਸਭ ਕੁਝ ਹੌਲੀ-ਹੌਲੀ ਹੋਇਆ।

      ਉਤਪਤ ਦੇ ਬਿਰਤਾਂਤ ਵਿਚ ਅੱਗੇ ਦੱਸਿਆ ਹੈ ਕਿ ਪੰਜਵੇਂ “ਦਿਨ” ਤੇ ਵੀ ਵਾਤਾਵਰਣ ਸਾਫ਼ ਹੁੰਦਾ ਗਿਆ ਅਤੇ ਉਸ ਦਿਨ ਪੰਛੀ ਤੇ ਕੀੜੇ-ਮਕੌੜੇ ਬਣਾਏ ਗਏ ਸਨ। ਲੇਕਿਨ, ਬਾਈਬਲ ਦੱਸਦੀ ਹੈ ਕਿ ਛੇਵੇਂ “ਦਿਨ” ਤੇ ਵੀ ਪਰਮੇਸ਼ੁਰ “ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ” ਸ੍ਰਿਸ਼ਟ ਕਰਦਾ ਰਿਹਾ।—ਉਤਪਤ 2:19.

      ਬਾਈਬਲ ਦੇ ਇਸ ਬਿਰਤਾਂਤ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਹਰ “ਦਿਨ” ਕੋਈ-ਨ-ਕੋਈ ਵੱਡੀ ਚੀਜ਼ ਬਣਾਈ ਗਈ ਸੀ। ਇਹ ਸਭ ਚੀਜ਼ਾਂ ਇਕਦਮ ਨਹੀਂ ਪੈਦਾ ਹੋਈਆਂ ਸਨ, ਸਗੋਂ ਇਹ ਹੌਲੀ-ਹੌਲੀ ਪੈਦਾ ਹੋਈਆਂ। ਇਹ ਵੀ ਹੋ ਸਕਦਾ ਹੈ ਕਿ ਕੁਝ ਚੀਜ਼ਾਂ ਨੂੰ ਬਣਾਉਣ ਲਈ ਸ੍ਰਿਸ਼ਟੀ ਦੇ ਇਕ ਦਿਨ ਤੋਂ ਜ਼ਿਆਦਾ ਸਮਾਂ ਲੱਗਾ ਹੋਵੇ।

      ਆਪੋ-ਆਪਣੀ ਜਿਨਸ ਅਨੁਸਾਰ

      ਕੀ ਜਾਨਵਰਾਂ ਦੇ ਹੌਲੀ-ਹੌਲੀ ਪੈਦਾ ਹੋਣ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਨੇ ਵਿਕਾਸਵਾਦ ਦੁਆਰਾ ਵੱਖ-ਵੱਖ ਜੀਵਾਂ ਨੂੰ ਪੈਦਾ ਕੀਤਾ ਸੀ? ਨਹੀਂ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ ਹੀ ਸਾਰੇ ਪੌਦੇ ਅਤੇ ਜਾਨਵਰ ਬਣਾਏ ਸਨ। (ਉਤਪਤ 1:11, 12, 20-25) ਕੀ ਇਨ੍ਹਾਂ ਪੌਦਿਆਂ ਤੇ ਜਾਨਵਰਾਂ ਦੀਆਂ ਮੁਢਲੀਆਂ ‘ਜਿਨਸਾਂ’ ਨੂੰ ਵਾਤਾਵਰਣ ਅਨੁਸਾਰ ਢਲਦਿਆਂ ਹੋਰ ਜਿਨਸ ਵਿਚ ਤਬਦੀਲ ਹੋਣ ਦੀ ਯੋਗਤਾ ਨਾਲ ਬਣਾਇਆ ਗਿਆ ਸੀ? ਵੱਖੋ-ਵੱਖਰੀਆਂ ‘ਜਿਨਸਾਂ’ ਕਿੱਦਾਂ ਤੈਅ ਹੁੰਦੀਆਂ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿਚ ਨਹੀਂ ਪਾਏ ਜਾਂਦੇ। ਲੇਕਿਨ ਬਾਈਬਲ ਦੱਸਦੀ ਹੈ ਕਿ ਜੀਉਂਦੇ ਪ੍ਰਾਣੀ ਆਪਣੀ ਜਿਨਸ ਅਨੁਸਾਰ ਪੈਦਾ ਹੋਏ ਸਨ। (ਉਤਪਤ 1:21) ਇਸ ਤੋਂ ਸੰਕੇਤ ਮਿਲਦਾ ਹੈ ਕਿ ਇਕ ਜਿਨਸ ਦੇ ਜਾਨਵਰ ਇਕ-ਦੂਜੇ ਤੋਂ ਕੁਝ ਹੱਦ ਤਕ ਵੱਖਰੇ ਜ਼ਰੂਰ ਹੋ ਸਕਦੇ ਹਨ, ਪਰ ਉਨ੍ਹਾਂ ਦੀ “ਜਿਨਸ” ਨਹੀਂ ਬਦਲਦੀ। ਫਾਸਿਲ ਰਿਕਾਰਡ ਅਤੇ ਨਵੀਆਂ ਵਿਗਿਆਨਕ ਖੋਜਾਂ ਤੋਂ ਇਹੀ ਸਬੂਤ ਮਿਲਿਆ ਹੈ ਕਿ ਸਦੀਆਂ ਦੌਰਾਨ ਪੌਦਿਆਂ ਤੇ ਜਾਨਵਰਾਂ ਦੀਆਂ ਮੁੱਖ ਸ਼੍ਰੇਣੀਆਂ ਵਿਚ ਕੋਈ ਖ਼ਾਸ ਤਬਦੀਲੀਆਂ ਨਹੀਂ ਆਈਆਂ।

      ਉਤਪਤ ਦੀ ਕਿਤਾਬ ਇਹ ਨਹੀਂ ਦੱਸਦੀ ਕਿ ਇਹ ਵਿਸ਼ਵ, ਸਾਡੀ ਧਰਤੀ ਅਤੇ ਸਾਰੇ ਜੀਵ-ਜੰਤੂ ਤਕਰੀਬਨ 10 ਹਜ਼ਾਰ ਸਾਲ ਪਹਿਲਾਂ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਸ੍ਰਿਸ਼ਟ ਕੀਤੇ ਗਏ ਸਨ। ਇਸ ਦੀ ਬਜਾਇ, ਉਤਪਤ ਦਾ ਬਿਰਤਾਂਤ ਵਿਸ਼ਵ ਦੀ ਸ੍ਰਿਸ਼ਟੀ ਬਾਰੇ ਅਤੇ ਜੀਵ-ਜੰਤੂਆਂ ਦੇ ਪੈਦਾ ਹੋਣ ਬਾਰੇ ਜੋ ਦੱਸਦਾ ਹੈ, ਉਹ ਵਿਗਿਆਨਕ ਲੱਭਤਾਂ ਨਾਲ ਬਿਲਕੁਲ ਸਹਿਮਤ ਹੈ।

      ਮਨੁੱਖੀ ਫ਼ਲਸਫ਼ਿਆਂ ਕਾਰਨ ਬਹੁਤ ਸਾਰੇ ਵਿਗਿਆਨੀ ਬਾਈਬਲ ਦੀ ਇਹ ਗੱਲ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ। ਪਰ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਉਤਪਤ ਦੀ ਕਿਤਾਬ ਦੇ ਲਿਖਾਰੀ ਮੂਸਾ ਨੇ ਲਿਖਿਆ ਕਿ ਵਿਸ਼ਵ ਦੀ ਇਕ ਸ਼ੁਰੂਆਤ ਹੈ ਅਤੇ ਲੰਬੇ ਸਮੇਂ ਦੌਰਾਨ ਜੀਵ-ਜੰਤੂ ਹੌਲੀ-ਹੌਲੀ ਪੈਦਾ ਹੋਏ ਸਨ। ਮੂਸਾ ਨੂੰ 3,500 ਸਾਲ ਪਹਿਲਾਂ ਇਹ ਜਾਣਕਾਰੀ ਕਿੱਥੋਂ ਮਿਲੀ ਜੋ ਅੱਜ ਵਿਗਿਆਨਕ ਤੌਰ ਤੇ ਸਹੀ ਹੈ? ਇਸ ਦਾ ਸਿਰਫ਼ ਇੱਕੋ ਜਵਾਬ ਹੋ ਸਕਦਾ ਹੈ। ਆਕਾਸ਼ ਅਤੇ ਧਰਤੀ ਨੂੰ ਬਣਾਉਣ ਵਾਲੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਹੀ ਉਸ ਨੂੰ ਇਹ ਜਾਣਕਾਰੀ ਦਿੱਤੀ ਸੀ। ਇਹ ਗੱਲ ਬਾਈਬਲ ਦੇ ਇਸ ਦਾਅਵੇ ਨੂੰ ਸੱਚ ਸਾਬਤ ਕਰਦੀ ਹੈ ਕਿ ਬਾਈਬਲ ‘ਪਰਮੇਸ਼ੁਰ ਤੋਂ ਹੈ’ ਯਾਨੀ ਉਸ ਨੇ ਹੀ ਇਸ ਦੀ ਹਰ ਗੱਲ ਲਿਖਵਾਈ ਹੈ।—2 ਤਿਮੋਥਿਉਸ 3:16. (g 9/06)

      [ਫੁਟਨੋਟ]

      a ਪਹਿਲੇ “ਦਿਨ” ਦਾ ਵਰਣਨ ਕਰਨ ਵੇਲੇ ਰੌਸ਼ਨੀ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਸੀ, ਉਸ ਦਾ ਮਤਲਬ ਸਿਰਫ਼ ਲੋਅ ਸੀ; ਪਰ ਚੌਥੇ “ਦਿਨ” ਬਾਰੇ ਗੱਲ ਕਰਦੇ ਹੋਏ ਰੌਸ਼ਨੀ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਸੀ, ਉਸ ਦਾ ਮਤਲਬ ਰੌਸ਼ਨੀ ਦਾ ਸੋਮਾ ਸੀ ਯਾਨੀ ਸੂਰਜ ਜਾਂ ਚੰਨ।

      ਕੀ ਤੁਸੀਂ ਕਦੇ ਸੋਚਿਆ ਹੈ ਕਿ:

      ◼ ਪਰਮੇਸ਼ੁਰ ਨੇ ਕਿੰਨਾ ਚਿਰ ਪਹਿਲਾਂ ਵਿਸ਼ਵ ਨੂੰ ਸ੍ਰਿਸ਼ਟ ਕੀਤਾ ਸੀ?—ਉਤਪਤ 1:1.

      ◼ ਕੀ ਧਰਤੀ ਨੂੰ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ?—ਉਤਪਤ 2:4.

      ◼ ਧਰਤੀ ਦੀ ਸ੍ਰਿਸ਼ਟੀ ਬਾਰੇ ਜੋ ਮੂਸਾ ਨੇ ਲਿਖਿਆ ਸੀ, ਉਹ ਵਿਗਿਆਨਕ ਤੌਰ ਤੇ ਕਿਉਂ ਸਹੀ ਹੈ?—2 ਤਿਮੋਥਿਉਸ 3:16.

      [ਸਫ਼ਾ 19 ਉੱਤੇ ਸੁਰਖੀ]

      ਉਤਪਤ ਦੀ ਕਿਤਾਬ ਇਹ ਨਹੀਂ ਦੱਸਦੀ ਕਿ ਇਹ ਵਿਸ਼ਵ ਤਕਰੀਬਨ 10 ਹਜ਼ਾਰ ਸਾਲ ਪਹਿਲਾਂ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਸ੍ਰਿਸ਼ਟ ਕੀਤਾ ਗਿਆ ਸੀ

      [ਸਫ਼ਾ 20 ਉੱਤੇ ਸੁਰਖੀ]

      “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।”—ਉਤਪਤ 1:1

      [ਸਫ਼ਾ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      Universe: IAC/RGO/David Malin Images

      [ਸਫ਼ਾ 20 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

      NASA photo

  • ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ?
    ਜਾਗਰੂਕ ਬਣੋ!—2006
    • ਨੌਜਵਾਨ ਪੁੱਛਦੇ ਹਨ . . .

      ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ?

      “ਜਦ ਮੇਰੀ ਕਲਾਸ ਵਿਚ ਵਿਕਾਸਵਾਦ ਦੇ ਵਿਸ਼ੇ ਉੱਤੇ ਗੱਲ ਚੱਲਦੀ ਸੀ, ਤਾਂ ਜੋ ਵੀ ਮੈਨੂੰ ਬਚਪਨ ਤੋਂ ਸਿਖਾਇਆ ਗਿਆ ਸੀ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਸਵਾਲ ਉਠਾਏ ਜਾਂਦੇ ਸਨ। ਵਿਕਾਸਵਾਦ ਨੂੰ ਹਕੀਕਤ ਵਜੋਂ ਪੇਸ਼ ਕੀਤਾ ਜਾਂਦਾ ਸੀ। ਇਸ ਕਰਕੇ ਮੈਂ ਆਪਣੇ ਵਿਸ਼ਵਾਸ ਜ਼ਾਹਰ ਕਰਨ ਤੋਂ ਡਰਦਾ ਸੀ।”—ਰਾਇਨ, 18.

      “ਜਦ ਮੈਂ 12 ਕੁ ਸਾਲਾਂ ਦਾ ਸੀ, ਤਾਂ ਮੇਰੀ ਟੀਚਰ ਇਕ ਕੱਟੜ ਵਿਕਾਸਵਾਦੀ ਸੀ। ਉਸ ਨੇ ਆਪਣੀ ਕਾਰ ਤੇ ਡਾਰਵਿਨ ਦਾ ਸਾਈਨ ਵੀ ਲਗਾਇਆ ਹੋਇਆ ਸੀ! ਇਸ ਲਈ ਮੈਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸਾਂ ਬਾਰੇ ਉਸ ਨਾਲ ਗੱਲ ਕਰਨ ਤੋਂ ਹਿਚਕਿਚਾਉਂਦਾ ਸੀ।”—ਟਾਈਲਰ, 19.

      “ਮੈਂ ਬਹੁਤ ਹੀ ਡਰ ਗਈ ਜਦ ਮੇਰੀ ਟੀਚਰ ਨੇ ਕਿਹਾ ਕਿ ਸਾਡਾ ਅਗਲਾ ਸਬਕ ਵਿਕਾਸਵਾਦ ਉੱਤੇ ਹੋਵੇਗਾ। ਮੈਨੂੰ ਪਤਾ ਸੀ ਕਿ ਇਸ ਵਿਸ਼ੇ ਬਾਰੇ ਮੈਨੂੰ ਸਾਰੀ ਕਲਾਸ ਸਾਮ੍ਹਣੇ ਆਪਣੀ ਰਾਇ ਪੇਸ਼ ਕਰਨੀ ਪਵੇਗੀ।”—ਰਾਕੇਲ, 14.

      ਸ਼ਾਇਦ ਤੁਸੀਂ ਵੀ ਰਾਇਨ, ਟਾਈਲਰ ਅਤੇ ਰਾਕੇਲ ਵਾਂਗ ਘਬਰਾ ਜਾਂਦੇ ਹੋ ਜਦ ਤੁਹਾਡੀ ਕਲਾਸ ਵਿਚ ਵਿਕਾਸਵਾਦ ਦੇ ਵਿਸ਼ੇ ਉੱਤੇ ਗੱਲ ਹੁੰਦੀ ਹੈ। ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ੁਰ ਨੇ “ਸਾਰੀਆਂ ਵਸਤਾਂ ਰਚੀਆਂ।” (ਪਰਕਾਸ਼ ਦੀ ਪੋਥੀ 4:11) ਇਸ ਗੱਲ ਦਾ ਸਬੂਤ ਤੁਸੀਂ ਕੁਦਰਤ ਵਿਚ ਦੇਖ ਸਕਦੇ ਹੋ। ਪਰ ਸਕੂਲ ਦੀਆਂ ਪੁਸਤਕਾਂ ਕਹਿੰਦੀਆਂ ਹਨ ਕਿ ਸਾਡਾ ਵਿਕਾਸ ਹੋਇਆ ਹੈ ਅਤੇ ਤੁਹਾਡੀ ਟੀਚਰ ਵੀ ਇਹੀ ਕਹਿੰਦੀ ਹੈ। ਕੀ ਮਾਹਰਾਂ ਨਾਲ ਬਹਿਸ ਕਰਨ ਦਾ ਕੋਈ ਫ਼ਾਇਦਾ ਹੋਵੇਗਾ? ਨਾਲੇ ਤੁਹਾਡੀ ਕਲਾਸ ਦੇ ਦੂਸਰੇ ਵਿਦਿਆਰਥੀ ਕੀ ਸੋਚਣਗੇ ਜੇ ਤੁਸੀਂ ਰੱਬ ਬਾਰੇ ਗੱਲ ਕਰੋਗੇ?

      ਜੇ ਅਜਿਹੇ ਸਵਾਲ ਤੁਹਾਨੂੰ ਪਰੇਸ਼ਾਨ ਕਰਦੇ ਹਨ, ਤਾਂ ਫ਼ਿਕਰ ਨਾ ਕਰੋ! ਤੁਹਾਡੇ ਵਾਂਗ ਹੋਰ ਵੀ ਬਹੁਤ ਸਾਰੇ ਨੌਜਵਾਨ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ। ਅਸਲ ਵਿਚ ਕਈ ਵਿਗਿਆਨੀ ਵੀ ਵਿਕਾਸਵਾਦ ਦੀ ਥਿਊਰੀ ਨੂੰ ਨਹੀਂ ਮੰਨਦੇ। ਅਤੇ ਕਈ ਟੀਚਰ ਵੀ ਇਸ ਵਿਚ ਵਿਸ਼ਵਾਸ ਨਹੀਂ ਕਰਦੇ। ਸਕੂਲ ਦੀਆਂ ਪੁਸਤਕਾਂ ਵਿਚ ਚਾਹੇ ਜੋ ਮਰਜ਼ੀ ਲਿਖਿਆ ਹੋਵੇ, ਫਿਰ ਵੀ ਕਈ ਨੌਜਵਾਨ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਦੇ ਹਨ। ਮਿਸਾਲ ਲਈ, ਅਮਰੀਕਾ ਦੇ ਹਰ ਪੰਜ ਵਿਦਿਆਰਥੀਆਂ ਵਿੱਚੋਂ ਚਾਰ ਸਿਰਜਣਹਾਰ ਵਿਚ ਵਿਸ਼ਵਾਸ ਕਰਦੇ ਹਨ।

      ਪਰ ਸ਼ਾਇਦ ਤੁਸੀਂ ਸੋਚ ਰਹੇ ਹੋਵੋ, ‘ਜੇ ਮੈਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਪਵੇ, ਤਾਂ ਮੈਂ ਕੀ ਕਹਾਂਗਾ?’ ਭਾਵੇਂ ਤੁਹਾਨੂੰ ਡਰ ਲੱਗਦਾ ਹੋਵੇ, ਪਰ ਤੁਸੀਂ ਚੰਗੀ ਤਿਆਰੀ ਕਰ ਕੇ ਆਪਣੇ ਵਿਸ਼ਵਾਸਾਂ ਬਾਰੇ ਜ਼ਰੂਰ ਦੱਸ ਸਕੋਗੇ।

      ਆਪਣੇ ਵਿਸ਼ਵਾਸਾਂ ਨੂੰ ਪਰਖੋ!

      ਤੁਸੀਂ ਸ਼ਾਇਦ ਸ੍ਰਿਸ਼ਟੀਕਰਤਾ ਵਿਚ ਇਸ ਲਈ ਵਿਸ਼ਵਾਸ ਕਰਦੇ ਹੋ ਕਿਉਂਕਿ ਛੋਟੀ ਉਮਰ ਤੋਂ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਹੀ ਸਿਖਾਇਆ ਹੈ। ਪਰ ਹੁਣ ਤੁਸੀਂ ਵੱਡੇ ਹੋ ਗਏ ਹੋ, ਤੁਹਾਨੂੰ ਰੱਬ ਦੀ ਭਗਤੀ ਕਰਨ ਦਾ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਤੁਹਾਡੇ ਵਿਸ਼ਵਾਸ ਇਕ ਪੱਕੀ ਨੀਂਹ ਉੱਤੇ ਆਧਾਰਿਤ ਹੋਣੇ ਚਾਹੀਦੇ ਹਨ। ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹਾ ਸੀ: “ਸਭਨਾਂ ਗੱਲਾਂ ਨੂੰ ਪਰਖੋ।” (1 ਥੱਸਲੁਨੀਕੀਆਂ 5:21) ਤੁਸੀਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸ ਨੂੰ ਕਿਵੇਂ ਪਰਖ ਸਕਦੇ ਹੋ?

      ਪਹਿਲਾਂ ਜ਼ਰਾ ਇਸ ਗੱਲ ਵੱਲ ਧਿਆਨ ਦਿਓ ਜੋ ਪੌਲੁਸ ਨੇ ਪਰਮੇਸ਼ੁਰ ਬਾਰੇ ਕਹੀ ਸੀ: “ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਇਨ੍ਹਾਂ ਸ਼ਬਦਾਂ ਨੂੰ ਮਨ ਵਿਚ ਰੱਖਦੇ ਹੋਏ ਜ਼ਰਾ ਆਪਣੇ ਸਰੀਰ, ਖ਼ੂਬਸੂਰਤ ਧਰਤੀ, ਵਿਸ਼ਾਲ ਵਿਸ਼ਵ-ਮੰਡਲ ਅਤੇ ਡੂੰਘੇ ਸਮੁੰਦਰਾਂ ਬਾਰੇ ਸੋਚੋ। ਕੀੜੇ-ਮਕੌੜਿਆਂ, ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਦੇ ਜਗਤ ਜਾਂ ਅਜਿਹੀ ਕਿਸੇ ਵੀ ਚੀਜ਼ ਵੱਲ ਧਿਆਨ ਦਿਓ ਜਿਸ ਵਿਚ ਤੁਹਾਨੂੰ ਦਿਲਚਸਪੀ ਹੈ। ਫਿਰ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕਿਹੜੀ ਗੱਲ ਮੈਨੂੰ ਵਿਸ਼ਵਾਸ ਦਿਲਾਉਂਦੀ ਹੈ ਕਿ ਸ੍ਰਿਸ਼ਟੀਕਰਤਾ ਹੈ?’

      ਇਸ ਸਵਾਲ ਦਾ ਜਵਾਬ ਦੇਣ ਲਈ 14 ਸਾਲਾਂ ਦੇ ਸੈਮ ਨੇ ਇਨਸਾਨੀ ਸਰੀਰ ਦੀ ਉਦਾਹਰਣ ਦਿੱਤੀ। ਉਸ ਨੇ ਕਿਹਾ: “ਸਰੀਰ ਬਹੁਤ ਹੀ ਗੁੰਝਲਦਾਰ ਹੈ ਅਤੇ ਇਸ ਦੇ ਸਾਰੇ ਹਿੱਸੇ ਇਕੱਠੇ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਦੇ ਹਨ। ਸਾਡਾ ਸਰੀਰ ਆਪਣੇ ਆਪ ਕਦੀ ਵੀ ਪੈਦਾ ਨਹੀਂ ਹੋ ਸਕਦਾ ਸੀ!” ਸੈਮ ਦੀ ਗੱਲ ਨਾਲ ਹਾਮੀ ਭਰਦੀ ਹੋਈ ਸੋਲਾਂ ਸਾਲਾਂ ਦੀ ਹੌਲੀ ਕਹਿੰਦੀ ਹੈ: “ਜਦੋਂ ਤੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਡਾਈਬੀਟੀਜ਼ ਹੈ, ਉਦੋਂ ਤੋਂ ਮੈਂ ਮਨੁੱਖੀ ਸਰੀਰ ਬਾਰੇ ਬਹੁਤ ਕੁਝ ਸਿੱਖਿਆ ਹੈ। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਮਿਸਾਲ ਲਈ, ਪੈਨਕ੍ਰੀਅਸ ਨਾਂ ਦਾ ਅੰਗ ਖ਼ੂਨ ਅਤੇ ਦੂਸਰੇ ਅੰਗਾਂ ਦੇ ਚੰਗੀ ਤਰ੍ਹਾਂ ਕੰਮ ਕਰਨ ਲਈ ਬਹੁਤ ਹੀ ਜ਼ਰੂਰੀ ਹੈ।”

      ਕਈ ਨੌਜਵਾਨ ਇਸ ਮਾਮਲੇ ਨੂੰ ਹੋਰ ਨਜ਼ਰੀਏ ਤੋਂ ਦੇਖਦੇ ਹਨ। ਉੱਨੀਆਂ ਸਾਲਾਂ ਦਾ ਜੈਰਡ ਕਹਿੰਦਾ ਹੈ: “ਮੇਰੇ ਲਈ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਾਡੇ ਵਿਚ ਰੱਬ ਦੀ ਭਗਤੀ ਕਰਨ ਦੀ ਇੱਛਾ ਹੈ। ਇਸ ਦੇ ਨਾਲ-ਨਾਲ ਅਸੀਂ ਖ਼ੂਬਸੂਰਤੀ ਦਾ ਆਨੰਦ ਮਾਣ ਸਕਦੇ ਹਾਂ ਅਤੇ ਨਵੀਆਂ ਗੱਲਾਂ ਸਿੱਖ ਸਕਦੇ ਹਾਂ। ਜੀਉਂਦੇ ਰਹਿਣ ਲਈ ਸਾਨੂੰ ਇਨ੍ਹਾਂ ਗੱਲਾਂ ਦੀ ਕੋਈ ਜ਼ਰੂਰਤ ਨਹੀਂ, ਇਸ ਲਈ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਿਸੇ ਨੇ ਸਾਨੂੰ ਇਨ੍ਹਾਂ ਸਾਰੀਆਂ ਯੋਗਤਾਵਾਂ ਨਾਲ ਬਣਾਇਆ ਹੈ। ਉਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਪੂਰਾ ਆਨੰਦ ਮਾਣੀਏ।” ਟਾਈਲਰ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਇਸੇ ਸਿੱਟੇ ਤੇ ਪਹੁੰਚਿਆ। ਉਹ ਕਹਿੰਦਾ ਹੈ: “ਜਦੋਂ ਮੈਂ ਦੇਖਦਾ ਹਾਂ ਕਿ ਪੌਦੇ ਜੀਵਨ ਨੂੰ ਜਾਰੀ ਰੱਖਣ ਲਈ ਕਿੰਨੇ ਜ਼ਰੂਰੀ ਹਨ ਅਤੇ ਉਨ੍ਹਾਂ ਦੀ ਬਣਤਰ ਕਿੰਨੀ ਗੁੰਝਲਦਾਰ ਹੈ, ਤਾਂ ਮੈਂ ਹੱਕਾ-ਬੱਕਾ ਰਹਿ ਜਾਂਦਾ ਹਾਂ। ਇਸ ਤੋਂ ਮੈਨੂੰ ਪੱਕਾ ਸਬੂਤ ਮਿਲਦਾ ਹੈ ਕਿ ਸ੍ਰਿਸ਼ਟੀਕਰਤਾ ਹੈ।”

      ਜੇ ਅਸੀਂ ਕੁਦਰਤ ਦੀਆਂ ਚੀਜ਼ਾਂ ਬਾਰੇ ਗਹਿਰਾਈ ਨਾਲ ਸੋਚਿਆ ਹੈ ਅਤੇ ਸਾਡਾ ਵਿਸ਼ਵਾਸ ਸ੍ਰਿਸ਼ਟੀਕਰਤਾ ਵਿਚ ਪੱਕਾ ਹੈ, ਤਾਂ ਫਿਰ ਅਸੀਂ ਭਰੋਸੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਸਕਾਂਗੇ। ਇਸ ਲਈ, ਸੈਮ, ਹੌਲੀ, ਜੈਰਡ ਅਤੇ ਟਾਈਲਰ ਵਾਂਗ ਸਮਾਂ ਕੱਢ ਕੇ ਪਰਮੇਸ਼ੁਰ ਦੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਬਾਰੇ ਸੋਚੋ। ਅਤੇ ਫਿਰ “ਸੁਣੋ” ਕਿ ਇਹ ਚੀਜ਼ਾਂ ਤੁਹਾਨੂੰ ਕੀ “ਕਹਿ” ਰਹੀਆਂ ਹਨ। ਬਿਨਾਂ ਸ਼ੱਕ ਤੁਸੀਂ ਵੀ ਉਸੇ ਸਿੱਟੇ ਤੇ ਪਹੁੰਚੋਗੇ ਜਿਸ ਤੇ ਪੌਲੁਸ ਰਸੂਲ ਪਹੁੰਚਿਆ ਸੀ ਕਿ “ਉਹ ਦੀ ਰਚਨਾ ਤੋਂ” ਸਿਰਫ਼ ਉਸ ਦੀ ਹੋਂਦ ਦਾ ਸਬੂਤ ਹੀ ਨਹੀਂ ਮਿਲਦਾ ਬਲਕਿ ਉਸ ਦੇ ਗੁਣ ਵੀ ‘ਚੰਗੀ ਤਰਾਂ ਦਿੱਸ ਪੈਂਦੇ’ ਹਨ।a

      ਜਾਣੋ ਕਿ ਬਾਈਬਲ ਕੀ ਸਿਖਾਉਂਦੀ ਹੈ

      ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਵੱਲ ਦੇਖਣ ਦੇ ਨਾਲ-ਨਾਲ ਤੁਹਾਨੂੰ ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਬਾਈਬਲ ਸ੍ਰਿਸ਼ਟੀ ਬਾਰੇ ਕੀ ਸਿਖਾਉਂਦੀ ਹੈ। ਉਨ੍ਹਾਂ ਗੱਲਾਂ ਉੱਤੇ ਬਹਿਸ ਕਰਨ ਦੀ ਕੋਈ ਲੋੜ ਨਹੀਂ ਜਿਨ੍ਹਾਂ ਬਾਰੇ ਬਾਈਬਲ ਕੁਝ ਕਹਿੰਦੀ ਹੀ ਨਹੀਂ। ਜ਼ਰਾ ਕੁਝ ਮਿਸਾਲਾਂ ਵੱਲ ਧਿਆਨ ਦਿਓ।

      ▪ ਮੇਰੀ ਵਿਗਿਆਨ ਦੀ ਪੁਸਤਕ ਕਹਿੰਦੀ ਹੈ ਕਿ ਧਰਤੀ ਅਤੇ ਸੂਰਜ ਪਰਿਵਾਰ ਅਰਬਾਂ ਸਾਲਾਂ ਤੋਂ ਹੋਂਦ ਵਿਚ ਹਨ। ਬਾਈਬਲ ਧਰਤੀ ਅਤੇ ਸੂਰਜ ਪਰਿਵਾਰ ਦੀ ਉਮਰ ਬਾਰੇ ਕੁਝ ਵੀ ਨਹੀਂ ਕਹਿੰਦੀ। ਦਰਅਸਲ, ਜੋ ਬਾਈਬਲ ਕਹਿੰਦੀ ਹੈ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਵਿਸ਼ਵ-ਮੰਡਲ ਨੂੰ ਸ੍ਰਿਸ਼ਟੀ ਦੇ ਛੇ ‘ਦਿਨਾਂ’ ਤੋਂ ਅਰਬਾਂ ਸਾਲ ਪਹਿਲਾਂ ਬਣਾਇਆ ਗਿਆ ਸੀ।—ਉਤਪਤ 1:1, 2.

      ▪ ਮੇਰਾ ਟੀਚਰ ਕਹਿੰਦਾ ਹੈ ਕਿ ਧਰਤੀ ਸਿਰਫ਼ ਛੇ ਦਿਨਾਂ ਵਿਚ ਸ੍ਰਿਸ਼ਟ ਨਹੀਂ ਕੀਤੀ ਜਾ ਸਕਦੀ ਸੀ। ਬਾਈਬਲ ਇਹ ਨਹੀਂ ਕਹਿੰਦੀ ਕਿ ਸ੍ਰਿਸ਼ਟੀ ਦੇ ਛੇ “ਦਿਨ” 24 ਘੰਟਿਆਂ ਦੇ ਦਿਨ ਸਨ। ਇਸ ਬਾਰੇ ਹੋਰ ਜਾਣਕਾਰੀ ਲਈ ਇਸ ਰਸਾਲੇ ਦੇ ਸਫ਼ੇ 18-20 ਉੱਤੇ ਲੇਖ ਦੇਖੋ।

      ▪ ਸਾਡੀ ਕਲਾਸ ਵਿਚ ਇਹ ਸਾਬਤ ਕਰਨ ਲਈ ਕਈ ਉਦਾਹਰਣਾਂ ਦਿੱਤੀਆਂ ਗਈਆਂ ਕਿ ਸਮੇਂ ਦੇ ਬੀਤਣ ਨਾਲ ਜਾਨਵਰਾਂ ਤੇ ਇਨਸਾਨਾਂ ਵਿਚ ਤਬਦੀਲੀਆਂ ਆਈਆਂ ਹਨ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਸਾਰੀਆਂ ਜੀਉਂਦੀਆਂ ਚੀਜ਼ਾਂ ਨੂੰ “ਉਨ੍ਹਾਂ ਦੀ ਜਿਨਸ ਅਨੁਸਾਰ” ਬਣਾਇਆ ਸੀ। (ਉਤਪਤ 1:20, 21) ਇਹ ਗੱਲ ਬਾਈਬਲ ਵਿਚ ਨਹੀਂ ਪਾਈ ਜਾਂਦੀ ਕਿ ਜੀਵਨ ਕਿਸੇ ਬੇਜਾਨ ਚੀਜ਼ ਤੋਂ ਆਪਣੇ ਆਪ ਸ਼ੁਰੂ ਹੋਇਆ ਜਾਂ ਪਰਮੇਸ਼ੁਰ ਨੇ ਇਕ ਸੈੱਲ ਬਣਾ ਕੇ ਇਸ ਨੂੰ ਵੱਖ-ਵੱਖ ਜਿਨਸਾਂ ਵਿਚ ਵਿਕਸਿਤ ਹੋਣ ਦਿੱਤਾ। ਬਾਈਬਲ ਇਹ ਵੀ ਨਹੀਂ ਕਹਿੰਦੀ ਕਿ “ਜਿਨਸ” ਵਿਚ ਕੋਈ ਤਬਦੀਲੀ ਨਹੀਂ ਆ ਸਕਦੀ। “ਜਿਨਸ” ਵਿਚ ਵੱਖ-ਵੱਖ ਤਬਦੀਲੀਆਂ ਆ ਸਕਦੀਆਂ ਹਨ, ਪਰ ਜਿਨਸ ਉਹੀ ਰਹਿੰਦੀ ਹੈ।

      ਆਪਣੇ ਵਿਸ਼ਵਾਸਾਂ ਤੇ ਪੱਕਾ ਯਕੀਨ ਕਰੋ!

      ਸ੍ਰਿਸ਼ਟੀ ਵਿਚ ਵਿਸ਼ਵਾਸ ਕਰਨ ਕਾਰਨ ਤੁਹਾਨੂੰ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ। ਇਹ ਵਿਸ਼ਵਾਸ ਕਰਨਾ ਕਿ ਕਿਸੇ ਬੁੱਧੀਮਾਨ ਡੀਜ਼ਾਈਨਕਾਰ ਨੇ ਸਾਨੂੰ ਬਣਾਇਆ ਹੈ ਬਿਲਕੁਲ ਜਾਇਜ਼ ਹੈ ਕਿਉਂਕਿ ਵਿਗਿਆਨਕ ਸਬੂਤ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਅਸਲ ਵਿਚ ਵਿਕਾਸਵਾਦ ਨੂੰ ਮੰਨਣ ਲਈ ਤੁਹਾਨੂੰ ਉਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਨਾ ਪਵੇਗਾ ਜਿਨ੍ਹਾਂ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ। ਕੀ ਇਹ ਮੰਨਣਾ ਬੇਤੁਕੀ ਗੱਲ ਨਹੀਂ ਹੋਵੇਗੀ ਕਿ ਕੁਦਰਤ ਦੀਆਂ ਸ਼ਾਨਦਾਰ ਚੀਜ਼ਾਂ ਬਿਨਾਂ ਕਿਸੇ ਡੀਜ਼ਾਈਨਕਾਰ ਦੇ ਆਪਣੇ ਆਪ ਹੀ ਬਣ ਗਈਆਂ ਸਨ? ਇਸ ਰਸਾਲੇ ਦੇ ਦੂਸਰੇ ਲੇਖ ਪੜ੍ਹਨ ਤੋਂ ਬਾਅਦ ਤੁਸੀਂ ਜ਼ਰੂਰ ਇਹੀ ਸਿੱਟਾ ਕੱਢੋਗੇ ਕਿ ਸਾਰੇ ਸਬੂਤ ਸ੍ਰਿਸ਼ਟੀ ਦੇ ਹੱਕ ਵਿਚ ਹਨ। ਅਤੇ ਜਦੋਂ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਆਪਣੀ ਕਲਾਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦਲੇਰੀ ਨਾਲ ਸਮਝਾ ਸਕੋਗੇ।

      ਰਾਕੇਲ ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਸੀ, ਨੇ ਇਹੋ ਹੀ ਕੀਤਾ। ਉਹ ਕਹਿੰਦੀ ਹੈ: “ਇਹ ਸਮਝਣ ਵਿਚ ਮੈਨੂੰ ਕੁਝ ਦਿਨ ਲੱਗੇ ਕਿ ਮੈਨੂੰ ਆਪਣੇ ਵਿਸ਼ਵਾਸਾਂ ਨੂੰ ਲੁਕਾਉਣਾ ਨਹੀਂ ਚਾਹੀਦਾ। ਇਸ ਲਈ ਮੈਂ ਆਪਣੀ ਟੀਚਰ ਨੂੰ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? ਨਾਂ ਦੀ ਅੰਗ੍ਰੇਜ਼ੀ ਕਿਤਾਬ ਦਿੱਤੀ। ਮੈਂ ਕਿਤਾਬ ਵਿਚ ਉਨ੍ਹਾਂ ਹਿੱਸਿਆਂ ਤੇ ਨਿਸ਼ਾਨ ਲਾਏ ਜਿਨ੍ਹਾਂ ਤੇ ਮੈਂ ਚਾਹੁੰਦੀ ਸੀ ਕਿ ਉਹ ਧਿਆਨ ਦੇਵੇ। ਬਾਅਦ ਵਿਚ ਉਸ ਨੇ ਮੈਨੂੰ ਦੱਸਿਆ ਕਿ ਕਿਤਾਬ ਪੜ੍ਹ ਕੇ ਉਸ ਦਾ ਪੂਰਾ ਨਜ਼ਰੀਆ ਹੀ ਬਦਲ ਗਿਆ ਅਤੇ ਜਦ ਉਹ ਦੁਬਾਰਾ ਇਸ ਵਿਸ਼ੇ ਤੇ ਕਲਾਸ ਨੂੰ ਸਿਖਾਵੇਗੀ, ਤਾਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖੇਗੀ!” (g 9/06)

      “ਨੌਜਵਾਨ ਪੁੱਛਦੇ ਹਨ . . . ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ਤੇ ਦਿੱਤੇ ਗਏ ਹਨ: www.watchtower.org/ype

      [ਫੁਟਨੋਟ]

      a ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਨਾਮਕ ਅੰਗ੍ਰੇਜ਼ੀ ਦੀਆਂ ਕਿਤਾਬਾਂ ਪੜ੍ਹ ਕੇ ਕਈ ਨੌਜਵਾਨਾਂ ਨੂੰ ਫ਼ਾਇਦਾ ਹੋਇਆ ਹੈ। ਇਹ ਦੋਵੇਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

      ਇਸ ਬਾਰੇ ਸੋਚੋ

      ◼ ਸਕੂਲੇ ਤੁਸੀਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸ ਬਾਰੇ ਕਿਵੇਂ ਗੱਲ ਕਰ ਸਕਦੇ ਹੋ?

      ◼ ਤੁਸੀਂ ਉਸ ਸਿਰਜਣਹਾਰ ਦੀ ਕਦਰ ਕਿਵੇਂ ਕਰ ਸਕਦੇ ਹੋ ਜਿਸ ਨੇ ਸਭ ਕੁਝ ਰਚਿਆ?—ਰਸੂਲਾਂ ਦੇ ਕਰਤੱਬ 17:26, 27.

      [ਸਫ਼ਾ 27 ਉੱਤੇ ਡੱਬੀ]

      “ਸਬੂਤ ਤਾਂ ਬਹੁਤ ਹਨ”

      “ਤੁਸੀਂ ਉਸ ਨੌਜਵਾਨ ਨੂੰ ਕੀ ਕਹੋਗੇ ਜਿਸ ਨੂੰ ਛੋਟੀ ਉਮਰ ਤੋਂ ਸਿਖਾਇਆ ਗਿਆ ਹੈ ਕਿ ਸ੍ਰਿਸ਼ਟੀਕਰਤਾ ਹੈ, ਪਰ ਸਕੂਲੇ ਹੁਣ ਉਸ ਨੂੰ ਵਿਕਾਸਵਾਦ ਬਾਰੇ ਸਿਖਾਇਆ ਜਾ ਰਿਹਾ ਹੈ?” ਇਹ ਸਵਾਲ ਇਕ ਮਾਈਕ੍ਰੋਬਾਇਓਲਾਜਿਸਟ ਨੂੰ ਕੀਤਾ ਗਿਆ ਸੀ ਜੋ ਯਹੋਵਾਹ ਦੀ ਗਵਾਹ ਹੈ। ਉਸ ਨੇ ਕੀ ਜਵਾਬ ਦਿੱਤਾ? “ਇਸ ਮੌਕੇ ਦਾ ਫ਼ਾਇਦਾ ਉਠਾ ਕੇ ਤੁਸੀਂ ਪਰਮੇਸ਼ੁਰ ਦੀ ਹੋਂਦ ਵਿਚ ਆਪਣੇ ਵਿਸ਼ਵਾਸ ਨੂੰ ਪੱਕਾ ਕਰ ਸਕਦੇ ਹੋ। ਤੁਸੀਂ ਇਹ ਗੱਲ ਸਿਰਫ਼ ਇਸ ਲਈ ਨਾ ਮੰਨੋ ਕਿਉਂਕਿ ਤੁਹਾਡੇ ਮਾਪਿਆਂ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਹੈ। ਇਸ ਦੀ ਬਜਾਇ, ਤੁਸੀਂ ਆਪ ਸਬੂਤਾਂ ਨੂੰ ਪਰਖ ਕੇ ਦੇਖੋ। ਕਦੀ-ਕਦੀ ਜਦ ਟੀਚਰਾਂ ਨੂੰ ਵਿਕਾਸਵਾਦ ਦੀ ਥਿਊਰੀ ਨੂੰ ‘ਸਾਬਤ’ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਹ ਕੋਈ ਸਬੂਤ ਪੇਸ਼ ਨਹੀਂ ਕਰ ਪਾਉਂਦੇ। ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਇਹ ਗੱਲਾਂ ਸਿਰਫ਼ ਇਸ ਲਈ ਮੰਨਦੇ ਹਨ ਕਿਉਂਕਿ ਉਨ੍ਹਾਂ ਨੂੰ ਇਹੀ ਸਿਖਾਇਆ ਗਿਆ ਸੀ। ਤੁਸੀਂ ਵੀ ਇਸੇ ਜਾਲ ਵਿਚ ਫਸ ਸਕਦੇ ਹੋ। ਤਾਂ ਫਿਰ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਪਰਖ ਦੇ ਦੇਖੋ ਕਿ ਪਰਮੇਸ਼ੁਰ ਸੱਚ-ਮੁੱਚ ਹੋਂਦ ਵਿਚ ਹੈ। ਸਬੂਤ ਤਾਂ ਬਹੁਤ ਹਨ। ਇਨ੍ਹਾਂ ਨੂੰ ਲੱਭਣਾ ਕੋਈ ਮੁਸ਼ਕਲ ਕੰਮ ਨਹੀਂ।”

      [ਸਫ਼ਾ 28 ਉੱਤੇ ਤਸਵੀਰ/ਡੱਬੀ]

      ਕਿਹੜੀ ਗੱਲ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਹੈ?

      ਹੇਠਾਂ ਤਿੰਨ ਗੱਲਾਂ ਲਿਖੋ ਜੋ ਤੁਹਾਨੂੰ ਵਿਸ਼ਵਾਸ ਦਿਲਾਉਂਦੀਆਂ ਹਨ ਕਿ ਸ੍ਰਿਸ਼ਟੀਕਰਤਾ ਹੈ:

       1. ........................

       2. ........................

       3. ........................

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ