ਸਿਰਜਣਹਾਰ ਤੁਹਾਡੇ ਜੀਵਨ ਨੂੰ ਅਰਥ ਦੇ ਸਕਦਾ ਹੈ
“ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ।”—ਜ਼ਬੂਰ 148:5.
1, 2. (ੳ) ਸਾਨੂੰ ਕਿਸ ਸਵਾਲ ਉੱਤੇ ਗੌਰ ਕਰਨਾ ਚਾਹੀਦਾ ਹੈ? (ਅ) ਯਸਾਯਾਹ ਦੇ ਸਵਾਲ ਵਿਚ ਸ੍ਰਿਸ਼ਟੀ ਕਿਵੇਂ ਸ਼ਾਮਲ ਹੈ?
“ਕੀ ਤੂੰ ਨਹੀਂ ਜਾਣਿਆ?” ਸ਼ਾਇਦ ਇਹ ਸਵਾਲ ਤੁਹਾਨੂੰ ਇਹ ਪੁੱਛਣ ਲਈ ਉਕਸਾਏ ਕਿ ‘ਕੀ ਨਹੀਂ ਜਾਣਿਆ?’ ਪਰ ਇਹ ਇਕ ਗੰਭੀਰ ਸਵਾਲ ਹੈ। ਅਤੇ ਅਸੀਂ ਬਾਈਬਲ ਵਿਚ ਯਸਾਯਾਹ ਦੀ ਪੋਥੀ ਦੇ 40ਵੇਂ ਅਧਿਆਇ ਵਿਚ ਇਸ ਦੇ ਪ੍ਰਸੰਗ ਵੱਲ ਧਿਆਨ ਦੇ ਕੇ ਇਸ ਦੇ ਜਵਾਬ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਹ ਇਕ ਪੁਰਾਣਾ ਸਵਾਲ ਹੈ ਕਿਉਂਕਿ ਇਸ ਨੂੰ ਪ੍ਰਾਚੀਨ ਇਬਰਾਨੀ ਆਦਮੀ, ਯਸਾਯਾਹ ਨੇ ਲਿਖਿਆ ਸੀ। ਫਿਰ ਵੀ, ਇਹ ਸਾਡੇ ਸਮੇਂ ਵਿਚ ਵੀ ਲਾਗੂ ਹੁੰਦਾ ਹੈ ਅਤੇ ਤੁਹਾਡੇ ਜੀਵਨ ਦੇ ਅਰਥ ਨਾਲ ਮਹੱਤਵਪੂਰਣ ਸੰਬੰਧ ਰੱਖਦਾ ਹੈ।
2 ਇੰਨਾ ਮਹੱਤਵਪੂਰਣ ਹੋਣ ਕਰਕੇ, ਸਾਨੂੰ ਯਸਾਯਾਹ 40:28 ਵਿਚ ਦਰਜ ਇਸ ਸਵਾਲ ਉੱਤੇ ਚੰਗੀ ਤਰ੍ਹਾਂ ਗੌਰ ਕਰਨਾ ਚਾਹੀਦਾ ਹੈ: “ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ . . . ਹੈ?” (ਟੇਢੇ ਟਾਈਪ ਸਾਡੇ) ਤਾਂ ਫਿਰ ਇਹ ਗੱਲ ਧਰਤੀ ਦੇ ਸਿਰਜਣਹਾਰ ਨੂੰ ‘ਜਾਣਨ’ ਬਾਰੇ ਹੈ, ਅਤੇ ਇਸ ਸਵਾਲ ਦੇ ਆਲੇ-ਦੁਆਲੇ ਦੀਆਂ ਆਇਤਾਂ ਸੰਕੇਤ ਕਰਦੀਆਂ ਹਨ ਕਿ ਇਸ ਵਿਚ ਧਰਤੀ ਤੋਂ ਇਲਾਵਾ ਹੋਰ ਚੀਜ਼ਾਂ ਵੀ ਸ਼ਾਮਲ ਹਨ। ਦੋ ਆਇਤਾਂ ਪਹਿਲਾਂ ਯਸਾਯਾਹ ਨੇ ਤਾਰਿਆਂ ਬਾਰੇ ਲਿਖਿਆ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, . . . ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”
3. ਭਾਵੇਂ ਤੁਸੀਂ ਆਪ ਸਿਰਜਣਹਾਰ ਬਾਰੇ ਕਾਫ਼ੀ ਕੁਝ ਜਾਣਦੇ ਹੋ, ਤੁਸੀਂ ਉਸ ਬਾਰੇ ਹੋਰ ਕਿਉਂ ਜਾਣਨਾ ਚਾਹੋਗੇ?
3 ਹਾਂ, ਇਹ ਸਵਾਲ “ਕੀ ਤੂੰ ਨਹੀਂ ਜਾਣਿਆ”? ਅਸਲ ਵਿਚ ਬ੍ਰਹਿਮੰਡ ਦੇ ਸਿਰਜਣਹਾਰ ਬਾਰੇ ਹੈ। ਤੁਸੀਂ ਆਪ ਸ਼ਾਇਦ ਯਕੀਨ ਕਰਦੇ ਹੋ ਕਿ ਯਹੋਵਾਹ ਪਰਮੇਸ਼ੁਰ “ਧਰਤੀ ਦਿਆਂ ਬੰਨਿਆਂ ਦਾ ਕਰਤਾ” ਹੈ। ਅਤੇ ਤੁਸੀਂ ਸ਼ਾਇਦ ਉਸ ਦੀ ਸ਼ਖ਼ਸੀਅਤ ਅਤੇ ਉਸ ਦਿਆਂ ਰਾਹਾਂ ਬਾਰੇ ਵੀ ਕਾਫ਼ੀ ਕੁਝ ਜਾਣਦੇ ਹੋ। ਪਰ ਉਦੋਂ ਕੀ ਜੇ ਤੁਸੀਂ ਅਜਿਹੇ ਆਦਮੀ ਜਾਂ ਔਰਤ ਨੂੰ ਮਿਲੋ ਜੋ ਸ਼ੱਕ ਕਰਦੇ ਹੋਣ ਕਿ ਸਿਰਜਣਹਾਰ ਹੈ ਅਤੇ ਜੋ ਬਿਲਕੁਲ ਜਾਣਦੇ ਨਾ ਹੋਣ ਕਿ ਉਹ ਕਿਹੋ ਜਿਹਾ ਹੈ? ਅਜਿਹਿਆਂ ਨੂੰ ਮਿਲ ਕੇ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਲੱਖਾਂ ਹੀ ਲੋਕ ਹਨ ਜੋ ਸਿਰਜਣਹਾਰ ਨੂੰ ਨਾ ਤਾਂ ਜਾਣਦੇ ਹਨ ਅਤੇ ਨਾ ਹੀ ਉਸ ਵਿਚ ਵਿਸ਼ਵਾਸ ਕਰਦੇ ਹਨ।—ਜ਼ਬੂਰ 14:1; 53:1.
4. (ੳ) ਇਸ ਵੇਲੇ ਸਾਡੇ ਲਈ ਸਿਰਜਣਹਾਰ ਵੱਲ ਧਿਆਨ ਦੇਣਾ ਕਿਉਂ ਉਚਿਤ ਹੈ? (ਅ) ਵਿਗਿਆਨ ਕਿਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ?
4 ਸਕੂਲ ਕਈ ਨਾਸਤਿਕ ਪੈਦਾ ਕਰਦੇ ਹਨ ਜੋ ਮੰਨਦੇ ਹਨ ਕਿ ਵਿਗਿਆਨ ਕੋਲ ਬ੍ਰਹਿਮੰਡ ਅਤੇ ਜੀਵਨ ਦੇ ਮੁੱਢ ਬਾਰੇ ਜਵਾਬ ਹਨ (ਜਾਂ ਉਹ ਇਹ ਜਵਾਬ ਲੱਭ ਲਵੇਗਾ)। ਜੀਵਨ ਦੇ ਮੁੱਢ (ਅੰਗ੍ਰੇਜ਼ੀ) ਪੁਸਤਕ ਵਿਚ ਲੇਖਕ ਆਜ਼ਨ ਅਤੇ ਲਨਈ ਨੋਟ ਕਰਦੇ ਹਨ: “ਇੱਕੀਵੀਂ ਸਦੀ ਦੀ ਸ਼ੁਰੂਆਤ ਵਿਚ ਜੀਵਨ ਦੇ ਮੁੱਢ ਬਾਰੇ ਅਜੇ ਵੀ ਬਹਿਸ ਕੀਤੀ ਜਾ ਰਹੀ ਹੈ। ਇਹ ਸਮੱਸਿਆ, ਜਿਸ ਦਾ ਹੱਲ ਲੱਭਣਾ ਮੁਸ਼ਕਲ ਹੈ, ਪੁਲਾੜ ਦੀ ਵਿਸ਼ਾਲਤਾ ਤੋਂ ਲੈ ਕੇ ਭੌਤਿਕ ਤੱਤਾਂ ਦੇ ਬੇਹੱਦ ਛੋਟੇਪਣ ਤਕ, ਹਰ ਖੇਤਰ ਵਿਚ ਖੋਜ ਲੋੜਦੀ ਹੈ।” ਫਿਰ ਵੀ, ਇਸ ਪੁਸਤਕ ਦਾ ਅਖ਼ੀਰਲਾ ਅਧਿਆਇ, “ਇਹ ਸਵਾਲ ਹਾਲੇ ਵੀ ਪ੍ਰਚਲਿਤ ਹੈ,” ਕਬੂਲ ਕਰਦਾ ਹੈ: “ਅਸੀਂ ਇਸ ਸਵਾਲ ਦੇ ਕੁਝ ਵਿਗਿਆਨਕ ਜਵਾਬਾਂ ਦੀ ਖੋਜ ਕੀਤੀ ਹੈ ਕਿ ਧਰਤੀ ਉੱਤੇ ਜੀਵਨ ਕਿਵੇਂ ਸ਼ੁਰੂ ਹੋਇਆ? ਪਰ ਜੀਵਨ ਸ਼ੁਰੂ ਕਿਉਂ ਹੋਇਆ ਸੀ? ਕੀ ਜੀਵਨ ਦਾ ਕੋਈ ਮਕਸਦ ਹੈ? ਵਿਗਿਆਨ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਇਹ ਤਾਂ ਸਿਰਫ਼ ‘ਕਿਵੇਂ’ ਸਵਾਲ ਦੀ ਖੋਜ ਕਰਦਾ ਹੈ। ‘ਕਿਵੇਂ’ ਅਤੇ ‘ਕਿਉਂ’ ਦੋ ਬਿਲਕੁਲ ਵੱਖਰੇ ਸਵਾਲ ਹਨ। . . . ‘ਕਿਉਂ’ ਦੇ ਸਵਾਲ ਦੇ ਸੰਬੰਧ ਵਿਚ, ਫ਼ਲਸਫ਼ੇ, ਮਜ਼ਹਬ, ਅਤੇ—ਸਭ ਤੋਂ ਵੱਧ—ਹਰੇਕ ਵਿਅਕਤੀ ਨੂੰ ਜਵਾਬ ਲੱਭਣਾ ਪਵੇਗਾ।”
ਜਵਾਬ ਅਤੇ ਅਰਥ ਲੱਭਣੇ
5. ਖ਼ਾਸ ਕਰਕੇ ਕਿਨ੍ਹਾਂ ਲੋਕਾਂ ਨੂੰ ਸਿਰਜਣਹਾਰ ਬਾਰੇ ਹੋਰ ਸਿੱਖਣ ਦੇ ਲਾਭ ਮਿਲ ਸਕਦੇ ਹਨ?
5 ਹਾਂ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੀਵਨ ਕਿਉਂ ਹੈ ਅਤੇ ਖ਼ਾਸ ਕਰਕੇ ਅਸੀਂ ਇੱਥੇ ਕਿਉਂ ਹਾਂ। ਇਸ ਤੋਂ ਇਲਾਵਾ, ਸਾਨੂੰ ਉਨ੍ਹਾਂ ਲੋਕਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਜੋ ਅਜੇ ਇਸ ਸਿੱਟੇ ਤੇ ਨਹੀਂ ਪਹੁੰਚੇ ਕਿ ਇਕ ਸਿਰਜਣਹਾਰ ਹੈ ਅਤੇ ਜੋ ਉਸ ਦਿਆਂ ਰਾਹਾਂ ਬਾਰੇ ਬਹੁਤ ਘੱਟ ਜਾਣਦੇ ਹਨ। ਜਾਂ ਉਨ੍ਹਾਂ ਬਾਰੇ ਸੋਚੋ ਜਿਨ੍ਹਾਂ ਦਾ ਆਪਣੇ ਪਿਛੋਕੜ ਦੇ ਕਾਰਨ ਪਰਮੇਸ਼ੁਰ ਬਾਰੇ ਵਿਚਾਰ ਬਾਈਬਲ ਤੋਂ ਬਹੁਤ ਵੱਖਰਾ ਹੈ। ਅਰਬਾਂ ਹੀ ਲੋਕ ਪੂਰਬ ਵਿਚ ਜਾਂ ਹੋਰ ਜਗ੍ਹਾ ਵਿਚ ਪਲ਼ੇ ਹਨ ਜਿੱਥੇ ਜ਼ਿਆਦਾਤਰ ਲੋਕ ਇਕ ਸ਼ਖ਼ਸੀ ਪਰਮੇਸ਼ੁਰ ਨੂੰ ਨਹੀਂ ਮੰਨਦੇ, ਯਾਨੀ ਇਕ ਅਸਲੀ ਪਰਮੇਸ਼ੁਰ ਜਿਸ ਦੀ ਸ਼ਖ਼ਸੀਅਤ ਮਨਮੋਹਕ ਹੈ। ਉਨ੍ਹਾਂ ਦੇ ਖ਼ਿਆਲ ਵਿਚ “ਰੱਬ” ਕੋਈ ਸ਼ਕਤੀ ਜਾਂ ਕੋਈ ਅਸਪੱਸ਼ਟ ਚੀਜ਼ ਹੈ। ਉਨ੍ਹਾਂ ਨੇ “ਕਰਤਾ” ਜਾਂ ਉਸ ਦਿਆਂ ਰਾਹਾਂ ਨੂੰ “ਨਹੀਂ ਜਾਣਿਆ।” ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਵਰਗਾ ਨਜ਼ਰੀਆ ਰੱਖਣ ਵਾਲੇ ਲੱਖਾਂ ਹੀ ਹੋਰ ਲੋਕਾਂ ਨੂੰ ਮਨਾਇਆ ਜਾ ਸਕੇ ਕਿ ਸਿਰਜਣਹਾਰ ਹੈ, ਤਾਂ ਉਨ੍ਹਾਂ ਨੂੰ ਕਿੰਨੇ ਲਾਭ ਮਿਲ ਸਕਦੇ ਹਨ, ਜਿਨ੍ਹਾਂ ਵਿਚ ਸਦਾ ਦਾ ਭਵਿੱਖ ਸ਼ਾਮਲ ਹੈ! ਉਹ ਇਕ ਅਨੋਖੀ ਚੀਜ਼ ਵੀ ਹਾਸਲ ਕਰ ਸਕਦੇ ਹਨ—ਜੀਵਨ ਵਿਚ ਅਸਲੀ ਅਰਥ, ਅਸਲੀ ਮਕਸਦ ਅਤੇ ਮਨ ਦੀ ਸ਼ਾਂਤੀ।
6. ਕਈਆਂ ਦੀਆਂ ਜ਼ਿੰਦਗੀਆਂ ਪੌਲ ਗੋਗਿਨ ਦੇ ਅਨੁਭਵ ਅਤੇ ਉਸ ਦੀ ਬਣਾਈ ਗਈ ਤਸਵੀਰ ਨਾਲ ਕਿਵੇਂ ਮਿਲਦੀਆਂ-ਜੁਲਦੀਆਂ ਹਨ?
6 ਮਿਸਾਲ ਲਈ: ਸੰਨ 1891 ਵਿਚ, ਇਕ ਸੰਤੁਸ਼ਟ ਜੀਵਨ ਲੱਭਣ ਲਈ ਫਰਾਂਸੀਸੀ ਚਿੱਤਰਕਾਰ ਪੌਲ ਗੋਗਿਨ ਸੁੰਦਰ ਫਿਰਦੌਸ ਵਰਗੇ ਫ਼੍ਰੈਂਚ ਪੌਲੀਨੀਸ਼ੀਆ ਨੂੰ ਗਿਆ। ਪਰ ਥੋੜ੍ਹੇ ਸਮੇਂ ਬਾਅਦ ਉਸ ਦੇ ਬਦਚਲਣ ਅਤੀਤ ਨੇ ਉਸ ਨੂੰ ਅਤੇ ਦੂਸਰਿਆਂ ਨੂੰ ਰੋਗੀ ਬਣਾਇਆ। ਆਪਣੇ ਜੀਵਨ ਦੇ ਅੰਤ ਦੇ ਨੇੜੇ ਆ ਕੇ, ਉਸ ਨੇ ਇਕ ਵੱਡੀ ਤਸਵੀਰ ਬਣਾਈ, ਜਿਸ ਵਿਚ ਇਵੇਂ ਲੱਗਦਾ ਸੀ ਕਿ ਉਹ ‘ਜੀਵਨ ਨੂੰ ਵੱਡੇ ਰਹੱਸ ਵਜੋਂ ਦਰਸਾ ਰਿਹਾ ਸੀ।’ ਕੀ ਤੁਸੀਂ ਜਾਣਦੇ ਹੋ ਕਿ ਗੋਗਿਨ ਨੇ ਇਸ ਤਸਵੀਰ ਦਾ ਕੀ ਨਾਂ ਰੱਖਿਆ? “ਅਸੀਂ ਕਿੱਥੋਂ ਆਉਂਦੇ ਹਾਂ? ਅਸੀਂ ਕੀ ਹਾਂ? ਅਸੀਂ ਕਿੱਥੇ ਜਾ ਰਹੇ ਹਾਂ?” ਸ਼ਾਇਦ ਤੁਸੀਂ ਦੂਜਿਆਂ ਨੂੰ ਅਜਿਹੇ ਸਵਾਲ ਪੁੱਛਦੇ ਸੁਣਿਆ ਹੋਵੇ। ਕਈ ਇਹ ਸਵਾਲ ਪੁੱਛਦੇ ਹਨ। ਪਰ ਜਦੋਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦੇ—ਜੀਵਨ ਦਾ ਕੋਈ ਅਰਥ ਨਹੀਂ ਮਿਲਦਾ—ਇਨ੍ਹਾਂ ਨੂੰ ਲੱਭਣ ਲਈ ਉਹ ਕਿੱਥੇ ਜਾ ਸਕਦੇ ਹਨ? ਉਹ ਸ਼ਾਇਦ ਇਹ ਸਮਝਣ ਕਿ ਉਨ੍ਹਾਂ ਦਾ ਜੀਵਨ ਜਾਨਵਰਾਂ ਨਾਲੋਂ ਬਹੁਤਾ ਵੱਖਰਾ ਨਹੀਂ ਹੈ।—2 ਪਤਰਸ 2:12.a
7, 8. ਵਿਗਿਆਨ ਦੀਆਂ ਖੋਜ ਕੀਤੀਆਂ ਗਈਆਂ ਗੱਲਾਂ ਆਪਣੇ ਆਪ ਵਿਚ ਅਧੂਰੀਆਂ ਕਿਉਂ ਹਨ?
7 ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਭੌਤਿਕ-ਵਿਗਿਆਨ ਦਾ ਪ੍ਰੋਫ਼ੈਸਰ ਫ੍ਰੀਮਨ ਡਾਈਸਨ ਅਗਲੇ ਸ਼ਬਦ ਕਿਉਂ ਲਿਖ ਸਕਿਆ: ‘ਮੈਂ ਕਈਆਂ ਇੱਜ਼ਤਦਾਰ ਵਿਅਕਤੀਆਂ ਨਾਲ ਸਹਿਮਤ ਹਾਂ ਜਦੋਂ ਮੈਂ ਦੁਬਾਰਾ ਉਹ ਸਵਾਲ ਪੁੱਛਦਾ ਹਾਂ ਜੋ ਅੱਯੂਬ ਨੇ ਪੁੱਛੇ ਸਨ। ਅਸੀਂ ਦੁੱਖ ਕਿਉਂ ਝੱਲਦੇ ਹਾਂ? ਦੁਨੀਆਂ ਵਿਚ ਇੰਨੀ ਬੇਇਨਸਾਫ਼ੀ ਕਿਉਂ ਹੈ? ਦੁੱਖ-ਦਰਦ ਦਾ ਕੀ ਮਕਸਦ ਹੈ?’ (ਅੱਯੂਬ 3:20, 21; 10:2, 18; 21:7) ਜਿਵੇਂ ਪਹਿਲਾਂ ਕਿਹਾ ਜਾ ਚੁੱਕਾ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਲਈ ਕਈ ਲੋਕ ਪਰਮੇਸ਼ੁਰ ਦੀ ਬਜਾਇ ਵਿਗਿਆਨ ਵੱਲ ਮੁੜਦੇ ਹਨ। ਜੀਵ-ਵਿਗਿਆਨੀ, ਸਮੁੰਦਰ-ਵਿਗਿਆਨੀ, ਅਤੇ ਦੂਸਰੇ ਵਿਗਿਆਨੀ ਸਾਡੀ ਧਰਤੀ ਅਤੇ ਉਸ ਉੱਤੇ ਜੀਵਨ ਬਾਰੇ ਸਾਡਾ ਗਿਆਨ ਵਧਾ ਰਹੇ ਹਨ। ਦੂਜੇ ਪਾਸੇ ਖੋਜ ਕਰ ਰਹੇ, ਖਗੋਲ-ਵਿਗਿਆਨੀ ਅਤੇ ਭੌਤਿਕ-ਵਿਗਿਆਨੀ ਸਾਡੇ ਸੂਰਜੀ ਪਰਿਵਾਰ, ਤਾਰਿਆਂ, ਅਤੇ ਦੂਰ ਦੀਆਂ ਗਲੈਕਸੀਆਂ ਬਾਰੇ ਬਹੁਤ ਕੁਝ ਸਿੱਖ ਰਹੇ ਹਨ। (ਉਤਪਤ 11:6 ਦੀ ਤੁਲਨਾ ਕਰੋ।) ਅਜਿਹੀਆਂ ਖੋਜ ਕੀਤੀਆਂ ਗਈਆਂ ਗੱਲਾਂ ਕਿਸ ਉਚਿਤ ਸਿੱਟੇ ਵੱਲ ਲੈ ਜਾ ਸਕਦੀਆਂ ਹਨ?
8 ਕੁਝ ਵਿਗਿਆਨੀ ਬ੍ਰਹਿਮੰਡ ਵਿਚ ਪ੍ਰਗਟ ਹੋਏ ਪਰਮੇਸ਼ੁਰ ਦੇ “ਮਨ” ਜਾਂ ਉਸ ਦੀ “ਲਿਖਾਈ,” ਯਾਨੀ ਕਿ ਪਰਮੇਸ਼ੁਰ ਦਿਆਂ ਕੰਮਾਂ ਬਾਰੇ ਗੱਲ ਕਰਦੇ ਹਨ। ਪਰ ਕੀ ਉਹ ਇਕ ਮੁੱਖ ਗੱਲ ਭੁੱਲ ਰਹੇ ਹਨ? ਸਾਇੰਸ ਰਸਾਲੇ ਨੇ ਟਿੱਪਣੀ ਕੀਤੀ: “ਜਦੋਂ ਖੋਜਕਾਰ ਕਹਿੰਦੇ ਹਨ ਕਿ ਬ੍ਰਹਿਮੰਡ-ਵਿਗਿਆਨ ਪਰਮੇਸ਼ੁਰ ਦਾ ‘ਮਨ’ ਜਾਂ ਉਸ ਦੀ ‘ਲਿਖਾਈ’ ਪ੍ਰਗਟ ਕਰਦਾ ਹੈ, ਉਹ ਪਰਮੇਸ਼ੁਰ ਨੂੰ ਸ਼ਾਇਦ ਸਿਰਫ਼ ਬ੍ਰਹਿਮੰਡ ਦੀ ਭੌਤਿਕ ਬਣਤਰ ਦਾ ਜ਼ੁੰਮਾ ਦੇ ਰਹੇ ਹਨ ਜੋ ਅੰਤ ਵਿਚ ਸ਼ਾਇਦ ਉਸ ਦਾ ਘੱਟ ਮਹੱਤਵ ਰੱਖਣ ਵਾਲਾ ਪਹਿਲੂ ਸਾਬਤ ਹੋਵੇ।” ਅਸਲ ਵਿਚ, ਨੋਬਲ ਪੁਰਸਕਾਰ ਭੌਤਿਕ-ਵਿਗਿਆਨੀ ਸਟੀਵਨ ਵਾਇਨਬਰਗ ਨੇ ਲਿਖਿਆ: “ਅਸੀਂ ਬ੍ਰਹਿਮੰਡ ਬਾਰੇ ਜਿੰਨਾ ਜ਼ਿਆਦਾ ਸਮਝਦੇ ਹਾਂ, ਸਾਨੂੰ ਉੱਨਾ ਜ਼ਿਆਦਾ ਲੱਗਦਾ ਹੈ ਕਿ ਇਸ ਦਾ ਕੋਈ ਮਕਸਦ ਨਹੀਂ ਹੈ।”
9. ਸਿਰਜਣਹਾਰ ਬਾਰੇ ਸਿੱਖਣ ਲਈ ਕਿਹੜਾ ਸਬੂਤ ਸਾਡੀ ਅਤੇ ਦੂਜਿਆਂ ਦੀ ਮਦਦ ਕਰ ਸਕਦਾ ਹੈ?
9 ਫਿਰ ਵੀ, ਤੁਸੀਂ ਸ਼ਾਇਦ ਉਨ੍ਹਾਂ ਲੱਖਾਂ ਹੀ ਲੋਕਾਂ ਵਿੱਚੋਂ ਹੋਵੋ ਜਿਨ੍ਹਾਂ ਨੇ ਇਸ ਮਾਮਲੇ ਬਾਰੇ ਚੰਗੀ ਤਰ੍ਹਾਂ ਅਧਿਐਨ ਕੀਤਾ ਹੈ ਅਤੇ ਜੋ ਸਮਝਦੇ ਹਨ ਕਿ ਜੀਵਨ ਦਾ ਅਸਲੀ ਅਰਥ ਸਿਰਜਣਹਾਰ ਨੂੰ ਜਾਣਨ ਨਾਲ ਸੰਬੰਧ ਰੱਖਦਾ ਹੈ। ਯਾਦ ਕਰੋ ਕਿ ਪੌਲੁਸ ਰਸੂਲ ਨੇ ਕੀ ਲਿਖਿਆ ਸੀ: “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ। ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ।” (ਰੋਮੀਆਂ 1:20) ਜੀ ਹਾਂ, ਜਗਤ ਅਤੇ ਸਾਡੇ ਬਾਰੇ ਅਜਿਹੀਆਂ ਹਕੀਕਤਾਂ ਹਨ ਜੋ ਸਿਰਜਣਹਾਰ ਨੂੰ ਪਛਾਣਨ ਵਿਚ ਅਤੇ ਉਸ ਦੇ ਸੰਬੰਧ ਵਿਚ ਜੀਵਨ ਦਾ ਅਰਥ ਲੱਭਣ ਲਈ ਲੋਕਾਂ ਦੀ ਮਦਦ ਕਰ ਸਕਦੀਆਂ ਹਨ। ਇਸ ਦੇ ਤਿੰਨ ਪਹਿਲੂਆਂ ਉੱਤੇ ਗੌਰ ਕਰੋ: ਸਾਡੇ ਆਲੇ-ਦੁਆਲੇ ਦਾ ਬ੍ਰਹਿਮੰਡ, ਜੀਵਨ ਦਾ ਮੁੱਢ, ਅਤੇ ਸਾਡੀਆਂ ਮਾਨਸਿਕ ਯੋਗਤਾਵਾਂ।
ਵਿਸ਼ਵਾਸ ਕਰਨ ਦੇ ਕਾਰਨ
10. ਸਾਨੂੰ “ਆਦ” ਬਾਰੇ ਕਿਉਂ ਸੋਚਣਾ ਚਾਹੀਦਾ ਹੈ? (ਉਤਪਤ 1:1; ਜ਼ਬੂਰ 111:10)
10 ਸਾਡਾ ਬ੍ਰਹਿਮੰਡ ਕਿਸ ਤਰ੍ਹਾਂ ਬਣਿਆ? ਤੁਹਾਨੂੰ ਸ਼ਾਇਦ ਪੁਲਾੜੀ ਦੂਰਬੀਨਾਂ ਅਤੇ ਵਾਹਣਾਂ ਦੀਆਂ ਰਿਪੋਰਟਾਂ ਤੋਂ ਪਤਾ ਹੋਵੇ ਕਿ ਜ਼ਿਆਦਾਤਰ ਵਿਗਿਆਨੀ ਜਾਣਦੇ ਹਨ ਕਿ ਸਾਡਾ ਬ੍ਰਹਿਮੰਡ ਹਮੇਸ਼ਾ ਹੋਂਦ ਵਿਚ ਨਹੀਂ ਸੀ। ਇਸ ਦੀ ਸ਼ੁਰੂਆਤ ਹੋਈ ਸੀ, ਅਤੇ ਇਹ ਵੱਧ ਰਿਹਾ ਹੈ। ਇਸ ਦਾ ਕੀ ਮਤਲਬ ਹੈ? ਖਗੋਲ-ਵਿਗਿਆਨੀ ਸਰ ਬਰਨਾਰਡ ਲਵੈਲ ਦੀ ਸੁਣੋ: ‘ਜੇਕਰ ਅਤੀਤ ਵਿਚ ਬ੍ਰਹਿਮੰਡ ਇਕ ਸਮੇਂ ਤੇ ਅਸੀਮ ਰੂਪ ਵਿਚ ਇੰਨਾ ਛੋਟਾ ਅਤੇ ਸੰਘਣਾ ਸੀ, ਮਾਨੋ ਹੋਂਦ ਵਿਚ ਨਹੀਂ ਸੀ, ਤਾਂ ਸਾਨੂੰ ਪੁੱਛਣਾ ਪੈਂਦਾ ਹੈ ਕਿ ਇਸ ਤੋਂ ਪਹਿਲਾਂ ਕੀ ਸੀ? ਸਾਨੂੰ ਸ਼ੁਰੂਆਤ ਦੀ ਸਮੱਸਿਆ ਦਾ ਸਾਮ੍ਹਣਾ ਕਰਨਾ ਪਵੇਗਾ।’
11. (ੳ) ਬ੍ਰਹਿਮੰਡ ਕਿੰਨਾ ਕੁ ਵਿਸ਼ਾਲ ਹੈ? (ਅ) ਬ੍ਰਹਿਮੰਡ ਵਿਚ ਐਨ ਸਹੀ ਤਰ੍ਹਾਂ ਚੱਲਣ ਦੀ ਯੋਗਤਾ ਕੀ ਸੰਕੇਤ ਕਰਦੀ ਹੈ?
11 ਸਾਡੀ ਧਰਤੀ ਸਮੇਤ ਬ੍ਰਹਿਮੰਡ ਵਿਚ ਐਨ ਸਹੀ ਤਰ੍ਹਾਂ ਚੱਲਣ ਦੀ ਅਚੰਭੇ ਵਾਲੀ ਯੋਗਤਾ ਦੇਖੀ ਜਾ ਸਕਦੀ ਹੈ। ਉਦਾਹਰਣ ਲਈ, ਸਾਡੇ ਸੂਰਜ ਵਿਚ ਹੋਰ ਤਾਰਿਆਂ ਵਾਂਗ ਦੋ ਮਾਅਰਕੇ ਵਾਲੇ ਗੁਣ ਹਨ—ਲੰਬੇ ਸਮੇਂ ਲਈ ਚੰਗੀ ਤਰ੍ਹਾਂ ਚੱਲਦੇ ਰਹਿਣਾ ਅਤੇ ਸਥਿਰਤਾ। ਵਰਤਮਾਨ ਅੰਦਾਜ਼ੇ ਅਨੁਸਾਰ ਦਿੱਸਣ ਵਾਲੇ ਬ੍ਰਹਿਮੰਡ ਵਿਚ ਗਲੈਕਸੀਆਂ ਦੀ ਗਿਣਤੀ 50 ਅਰਬ (50,00,00,00,000) ਤੋਂ 125 ਅਰਬ ਤਕ ਹੋ ਸਕਦੀ ਹੈ। ਅਤੇ ਸਾਡੀ ਆਕਾਸ਼-ਗੰਗਾ ਵਿਚ ਅਰਬਾਂ-ਖਰਬਾਂ ਤਾਰੇ ਹਨ। ਜ਼ਰਾ ਸੋਚੋ: ਅਸੀਂ ਜਾਣਦੇ ਹਾਂ ਕਿ ਮੋਟਰਕਾਰ ਦੇ ਇੰਜਣ ਨੂੰ ਚੱਲਣ ਲਈ ਹਿਸਾਬ ਸਿਰ ਪਟਰੋਲ ਅਤੇ ਹਵਾ ਚਾਹੀਦੇ ਹਨ। ਜੇਕਰ ਤੁਹਾਡੇ ਕੋਲ ਕਾਰ ਹੈ, ਤਾਂ ਤੁਸੀਂ ਸ਼ਾਇਦ ਉਸ ਦੇ ਇੰਜਣ ਨੂੰ ਠੀਕ-ਠਾਕ ਕਰਨ ਲਈ ਇਕ ਸਿੱਖਿਅਤ ਮਕੈਨਿਕ ਕੋਲ ਜਾਓ ਤਾਂਕਿ ਤੁਹਾਡੀ ਕਾਰ ਬਿਨਾਂ ਰੋਕ-ਟੋਕ ਦੇ, ਐਨ ਸਹੀ ਤਰ੍ਹਾਂ ਚੱਲ ਸਕੇ। ਜੇਕਰ ਕੇਵਲ ਇਕ ਇੰਜਣ ਨੂੰ ਠੀਕ-ਠਾਕ ਕਰਨਾ ਜ਼ਰੂਰੀ ਹੈ, ਤਾਂ ਸਾਡੇ “ਬਲ਼ ਰਹੇ” ਸੂਰਜ ਬਾਰੇ ਕੀ? ਸਪੱਸ਼ਟ ਹੈ ਕਿ ਧਰਤੀ ਉੱਤੇ ਜੀਵਨ ਸੰਭਵ ਹੋਣ ਲਈ ਜਿਹੜੀਆਂ ਮੁੱਖ ਸ਼ਕਤੀਆਂ ਸ਼ਾਮਲ ਹਨ, ਉਨ੍ਹਾਂ ਨੂੰ ਐਨ ਠੀਕ-ਠਾਕ ਚਾਲੂ ਕੀਤਾ ਗਿਆ ਹੈ। ਕੀ ਇਹ ਖ਼ੁਦ-ਬ-ਖ਼ੁਦ ਹੋਇਆ ਸੀ? ਪੁਰਾਣੇ ਜ਼ਮਾਨੇ ਦੇ ਅੱਯੂਬ ਨੂੰ ਪੁੱਛਿਆ ਗਿਆ ਸੀ: “ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ? ਕੀ ਤੂੰ ਉਹ ਦਾ ਰਾਜ ਧਰਤੀ ਤੇ ਕਾਇਮ ਕਰ ਸੱਕਦਾ ਹੈਂ?” (ਅੱਯੂਬ 38:33) ਇਹ ਕਿਸੇ ਇਨਸਾਨ ਨੇ ਨਹੀਂ ਕੀਤਾ। ਤਾਂ ਫਿਰ ਇਸ ਵਿਚ ਐਨ ਸਹੀ ਤਰ੍ਹਾਂ ਚੱਲਣ ਦੀ ਯੋਗਤਾ ਕਿੱਥੋਂ ਆਈ?—ਜ਼ਬੂਰ 19:1.
12. ਇਹ ਮੰਨਣਾ ਉਚਿਤ ਕਿਉਂ ਹੈ ਕਿ ਸ੍ਰਿਸ਼ਟੀ ਲਈ ਸ਼ਕਤੀਸ਼ਾਲੀ ਬੁੱਧੀ ਦੀ ਜ਼ਰੂਰਤ ਸੀ?
12 ਕੀ ਇਹ ਯੋਗਤਾ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਦੇ ਕਾਰਨ ਹੈ ਜਿਸ ਨੂੰ ਅੱਖੀਂ ਡਿੱਠਾ ਨਹੀਂ ਜਾ ਸਕਦਾ? ਇਸ ਸਵਾਲ ਨੂੰ ਆਧੁਨਿਕ ਵਿਗਿਆਨ ਦੇ ਨਜ਼ਰੀਏ ਤੋਂ ਵਿਚਾਰੋ। ਕਈ ਖਗੋਲ-ਵਿਗਿਆਨੀ ਹੁਣ ਮੰਨਦੇ ਹਨ ਕਿ ਸ਼ਕਤੀਸ਼ਾਲੀ ਆਕਾਸ਼ੀ ਪਿੰਡ ਹਨ, ਯਾਨੀ ਬਲੈਕ ਹੋਲ, ਜਾਂ ਕਾਲੇ ਛੇਕ। ਇਹ ਕਾਲੇ ਛੇਕ ਦੇਖੇ ਨਹੀਂ ਜਾ ਸਕਦੇ, ਪਰ ਮਾਹਰ ਵਿਸ਼ਵਾਸ ਕਰਦੇ ਹਨ ਕਿ ਉਹ ਅਸਲ ਵਿਚ ਹਨ। ਇਸੇ ਤਰ੍ਹਾਂ, ਬਾਈਬਲ ਰਿਪੋਰਟ ਕਰਦੀ ਹੈ ਕਿ ਇਕ ਹੋਰ ਲੋਕ ਵਿਚ ਸ਼ਕਤੀਸ਼ਾਲੀ ਪ੍ਰਾਣੀ ਰਹਿੰਦੇ ਹਨ ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ, ਯਾਨੀ ਕਿ ਆਤਮਿਕ ਪ੍ਰਾਣੀ। ਜੇਕਰ ਅਜਿਹੇ ਸ਼ਕਤੀਸ਼ਾਲੀ, ਅਦ੍ਰਿਸ਼ਟ ਪ੍ਰਾਣੀ ਅਸਲ ਵਿਚ ਹਨ, ਤਾਂ ਕੀ ਇਹ ਮੁਮਕਿਨ ਨਹੀਂ ਹੈ ਕਿ ਬ੍ਰਹਿਮੰਡ ਵਿਚ ਐਨ ਸਹੀ ਤਰ੍ਹਾਂ ਚੱਲਣ ਦੀ ਯੋਗਤਾ ਇਕ ਸ਼ਕਤੀਸ਼ਾਲੀ ਬੁੱਧੀ ਤੋਂ ਆਰੰਭ ਹੋਈ ਸੀ?—ਨਹਮਯਾਹ 9:6.
13, 14. (ੳ) ਵਿਗਿਆਨ ਨੇ ਜੀਵਨ ਦੇ ਮੁੱਢ ਬਾਰੇ ਕੀ ਸਾਬਤ ਕੀਤਾ ਹੈ? (ਅ) ਧਰਤੀ ਉੱਤੇ ਜੀਵਨ ਦੀ ਹੋਂਦ ਕਿਹੜੀ ਗੱਲ ਸੰਕੇਤ ਕਰਦੀ ਹੈ?
13 ਦੂਜਾ ਸਬੂਤ ਜੋ ਸਿਰਜਣਹਾਰ ਨੂੰ ਕਬੂਲ ਕਰਨ ਵਿਚ ਲੋਕਾਂ ਦੀ ਮਦਦ ਕਰ ਸਕਦਾ ਹੈ, ਜੀਵਨ ਦੇ ਮੁੱਢ ਨਾਲ ਸੰਬੰਧ ਰੱਖਦਾ ਹੈ। ਲੂਈ ਪਾਸਚਰ ਦੁਆਰਾ ਕੀਤੇ ਗਏ ਟੈੱਸਟਾਂ ਦੇ ਸਮੇਂ ਤੋਂ ਲੈ ਕੇ, ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਨਿਰਜੀਵ ਪਦਾਰਥ ਤੋਂ ਸਜੀਵ ਦੀ ਆਪਣੇ ਆਪ ਉਤਪਤੀ ਨਹੀਂ ਹੋ ਸਕਦੀ। ਤਾਂ ਫਿਰ ਧਰਤੀ ਉੱਤੇ ਜੀਵਨ ਕਿਵੇਂ ਸ਼ੁਰੂ ਹੋਇਆ? ਵਿਗਿਆਨੀਆਂ ਨੇ 1950 ਦੇ ਦਹਾਕੇ ਵਿਚ, ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀਵਨ ਕਿਸੇ ਮੁਢਲੇ ਸਮੁੰਦਰ ਵਿਚ ਸਹਿਜੇ-ਸਹਿਜੇ ਸ਼ੁਰੂ ਹੋ ਸਕਦਾ ਸੀ ਜਦੋਂ ਮੁਢਲੇ ਵਾਯੂਮੰਡਲ ਉੱਤੇ ਲਗਾਤਾਰ ਬਿਜਲੀ ਦੀ ਲਿਸ਼ਕ ਪੈ ਰਹੀ ਸੀ। ਪਰ, ਹਾਲ ਹੀ ਦਾ ਸਬੂਤ ਦਿਖਾਉਂਦਾ ਹੈ ਕਿ ਇਸ ਤਰ੍ਹਾਂ ਦਾ ਜੀਵਨ ਧਰਤੀ ਉੱਤੇ ਅਸੰਭਾਵੀ ਹੈ ਕਿਉਂਕਿ ਇਹੋ ਜਿਹਾ ਵਾਯੂਮੰਡਲ ਕਦੀ ਵੀ ਹੋਂਦ ਵਿਚ ਨਹੀਂ ਸੀ। ਨਤੀਜੇ ਵਜੋਂ, ਕੁਝ ਵਿਗਿਆਨੀ ਇਕ ਬਿਹਤਰ ਵਿਆਖਿਆ ਦੀ ਖੋਜ ਕਰ ਰਹੇ ਹਨ। ਪਰ ਕੀ ਉਹ ਵੀ ਕੁਝ ਭੁੱਲ ਰਹੇ ਹਨ?
14 ਦਹਾਕਿਆਂ ਲਈ ਬ੍ਰਹਿਮੰਡ ਅਤੇ ਉਸ ਵਿਚ ਜੀਵਨ ਦਾ ਅਧਿਐਨ ਕਰਨ ਤੋਂ ਬਾਅਦ, ਬਰਤਾਨਵੀ ਵਿਗਿਆਨੀ ਸਰ ਫ੍ਰੈਡ ਹੋਏਲ ਨੇ ਕਿਹਾ: “ਇਹ ਛੋਟੀ ਜਿਹੀ ਸੰਭਾਵਨਾ ਸਵੀਕਾਰ ਕਰਨ ਦੀ ਬਜਾਇ ਕਿ ਜੀਵਨ ਕੁਦਰਤ ਦੀਆਂ ਤਾਕਤਾਂ ਰਾਹੀਂ ਖ਼ੁਦ ਉਤਪੰਨ ਹੋਇਆ ਸੀ, ਇਹ ਮੰਨ ਲੈਣਾ ਬਿਹਤਰ ਜਾਪਦਾ ਸੀ ਕਿ ਜੀਵਨ ਦਾ ਮੁੱਢ ਜਾਣ-ਬੁੱਝ ਕੇ ਕੀਤਾ ਗਿਆ ਬੁੱਧੀ ਦਾ ਇਕ ਕੰਮ ਸੀ।” ਹਾਂ, ਅਸੀਂ ਜਿੰਨਾ ਜ਼ਿਆਦਾ ਜੀਵਨ ਦਿਆਂ ਅਚੰਭਿਆਂ ਬਾਰੇ ਸਿੱਖਦੇ ਹਾਂ, ਉੱਨਾ ਹੀ ਜ਼ਿਆਦਾ ਸਹੀ ਲੱਗਦਾ ਹੈ ਕਿ ਇਹ ਇਕ ਬੁੱਧੀ ਦੇ ਸ੍ਰੋਤ ਤੋਂ ਹੈ।—ਅੱਯੂਬ 33:4; ਜ਼ਬੂਰ 8:3, 4; 36:9; ਰਸੂਲਾਂ ਦੇ ਕਰਤੱਬ 17:28.
15. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਅਨੋਖੇ ਹੋ?
15 ਤਰਕ ਕਰਨ ਦੇ ਪਹਿਲੇ ਸਬੂਤ ਵਿਚ ਬ੍ਰਹਿਮੰਡ ਸ਼ਾਮਲ ਸੀ, ਅਤੇ ਦੂਜੇ ਵਿਚ ਧਰਤੀ ਉੱਤੇ ਜੀਵਨ ਦਾ ਮੁੱਢ। ਹੁਣ ਤੀਸਰੇ ਸਬੂਤ ਵੱਲ ਧਿਆਨ ਦਿਓ—ਸਾਡਾ ਅਨੋਖਾਪਣ। ਕਈਆਂ ਤਰੀਕਿਆਂ ਵਿਚ ਸਾਰੇ ਇਨਸਾਨ ਅਨੋਖੇ ਹਨ, ਇਸ ਦਾ ਮਤਲਬ ਹੈ ਕਿ ਤੁਸੀਂ ਵੀ ਅਨੋਖੇ ਹੋ। ਕਿਸ ਤਰ੍ਹਾਂ? ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਦਿਮਾਗ਼ ਦੀ ਤੁਲਨਾ ਇਕ ਸ਼ਕਤੀਸ਼ਾਲੀ ਕੰਪਿਊਟਰ ਨਾਲ ਕੀਤੀ ਗਈ ਹੈ। ਪਰ, ਅਸਲ ਵਿਚ, ਹਾਲ ਦੀਆਂ ਲੱਭਤਾਂ ਨੇ ਦਿਖਾਇਆ ਹੈ ਕਿ ਇਹ ਤੁਲਨਾ ਸਹੀ ਨਹੀਂ ਹੈ। ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ ਵਿਗਿਆਨੀ ਨੇ ਕਿਹਾ: ‘ਅੱਜ ਦੇ ਕੰਪਿਊਟਰ ਦੇਖਣ, ਬੋਲਣ, ਹਿੱਲਣ, ਜਾਂ ਸੂਝ-ਬੂਝ ਵਰਤਣ ਦੀ ਯੋਗਤਾ ਵਿਚ ਇਕ 4-ਸਾਲਾ ਬੱਚੇ ਦੇ ਬਰਾਬਰ ਵੀ ਨਹੀਂ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਸਭ ਤੋਂ ਸ਼ਕਤੀਸ਼ਾਲੀ ਸੁਪਰਕੰਪਿਉਟਰ ਦੀ ਜਾਣਕਾਰੀ ਸੋਧਣ ਦੀ ਯੋਗਤਾ ਇਕ ਘੋਗੇ ਦੇ ਤੰਤੂ ਪ੍ਰਬੰਧ ਦੇ ਬਰਾਬਰ ਹੈ, ਪਰ ਇਹ ਤਾਂ ਸਾਡੀ ਖੋਪਰੀ ਦੇ ਅੰਦਰਲੇ ਸੁਪਰਕੰਪਿਉਟਰ ਦੀ ਯੋਗਤਾ ਦੀ ਤੁਲਨਾ ਵਿਚ, ਸਿਰਫ਼ ਛੋਟੀ ਜਿਹੀ ਹੈ।’
16. ਭਾਸ਼ਾ ਬੋਲਣ ਦੀ ਤੁਹਾਡੀ ਯੋਗਤਾ ਕਿਸ ਚੀਜ਼ ਦਾ ਸੰਕੇਤ ਦਿੰਦੀ ਹੈ?
16 ਭਾਸ਼ਾ ਇਕ ਅਜਿਹੀ ਯੋਗਤਾ ਹੈ ਜੋ ਤੁਹਾਡੇ ਦਿਮਾਗ਼ ਦੇ ਕਾਰਨ ਮੁਮਕਿਨ ਹੈ। ਕੁਝ ਲੋਕ ਦੋ, ਤਿੰਨ, ਜਾਂ ਇਸ ਤੋਂ ਵੀ ਵੱਧ ਭਾਸ਼ਾਵਾਂ ਬੋਲਦੇ ਹਨ, ਪਰ ਬੋਲਣ ਦੀ ਯੋਗਤਾ ਆਪਣੇ ਆਪ ਵਿਚ ਹੀ ਸਾਨੂੰ ਅਨੋਖਾ ਬਣਾਉਂਦੀ ਹੈ। (ਯਸਾਯਾਹ 36:11; ਰਸੂਲਾਂ ਦੇ ਕਰਤੱਬ 21:37-40) ਪ੍ਰੋਫ਼ੈਸਰ ਆਰ. ਐੱਸ ਫਾਉਟਸ, ਅਤੇ ਪ੍ਰੋਫ਼ੈਸਰਨੀ ਡੀ. ਐੱਚ. ਫਾਉਟਸ ਨੇ ਪੁੱਛਿਆ: ‘ਕੀ ਸਿਰਫ਼ ਮਨੁੱਖ ਹੀ ਭਾਸ਼ਾ ਰਾਹੀਂ ਸੰਚਾਰ ਕਰਨ ਦੀ ਯੋਗਤਾ ਰੱਖਦਾ ਹੈ? ਨਿਸ਼ਚੇ ਹੀ ਸਾਰੇ ਉੱਚ ਜਾਨਵਰ ਇਸ਼ਾਰਿਆਂ, ਮਹਿਕਾਂ, ਆਵਾਜ਼ਾਂ, ਚੀਕਾਂ, ਅਤੇ ਗਾਣਿਆਂ ਰਾਹੀਂ, ਇੱਥੋਂ ਤਕ ਕਿ ਮਧੂ-ਮੱਖੀਆਂ, ਹਰਕਤਾਂ ਰਾਹੀਂ ਸੰਚਾਰ ਕਰਦੇ ਹਨ। ਪਰ ਇਨਸਾਨਾਂ ਤੋਂ ਇਲਾਵਾ ਹੋਰ ਕੋਈ ਵੀ ਜਾਨਵਰ ਵਿਆਕਰਣ-ਸੰਬੰਧੀ ਭਾਸ਼ਾ ਨਹੀਂ ਬੋਲਦੇ। ਅਤੇ ਹੋਰ ਮਹੱਤਵਪੂਰਣ ਗੱਲ ਹੈ ਕਿ ਜਾਨਵਰ ਕਿਸੇ ਚੀਜ਼ ਦੀ ਸੁੰਦਰ ਤਸਵੀਰ ਨਹੀਂ ਬਣਾ ਸਕਦੇ। ਵੱਧ ਤੋਂ ਵੱਧ ਉਹ ਸਿਰਫ਼ ਲੀਕਾਂ ਵਾਹ ਸਕਦੇ ਹਨ।’ ਵਾਕਈ, ਸਿਰਫ਼ ਇਨਸਾਨ ਹੀ ਭਾਸ਼ਾ ਬੋਲਣ ਲਈ ਦਿਮਾਗ਼ ਵਰਤ ਸਕਦੇ ਹਨ ਅਤੇ ਅਰਥਪੂਰਣ ਤਸਵੀਰਾਂ ਬਣਾ ਸਕਦੇ ਹਨ।—ਯਸਾਯਾਹ 8:1; 30:8; ਲੂਕਾ 1:3 ਦੀ ਤੁਲਨਾ ਕਰੋ।
17. ਇਕ ਜਾਨਵਰ ਦੇ ਸ਼ੀਸ਼ੇ ਵਿਚ ਦੇਖਣ ਅਤੇ ਇਨਸਾਨ ਦੇ ਸ਼ੀਸ਼ੇ ਵਿਚ ਦੇਖਣ ਵਿਚਕਾਰ ਮੂਲ ਫ਼ਰਕ ਕੀ ਹੈ?
17 ਇਸ ਤੋਂ ਇਲਾਵਾ, ਤੁਸੀਂ ਆਪਣੀ ਪਛਾਣ ਕਰਦੇ ਹੋ; ਤੁਸੀਂ ਆਪਣੇ ਬਾਰੇ ਸਚੇਤ ਹੋ। (ਕਹਾਉਤਾਂ 14:10) ਕੀ ਤੁਸੀਂ ਕਦੀ ਇਕ ਚਿੜੀ, ਕੁੱਤੇ, ਜਾਂ ਬਿੱਲੀ ਨੂੰ ਆਪਣੀ ਸ਼ਕਲ ਸ਼ੀਸ਼ੇ ਵਿਚ ਦੇਖ ਕੇ ਠੁੰਗਾਂ ਮਾਰਦੇ, ਘੂਰਦੇ, ਜਾਂ ਹਮਲਾ ਕਰਦੇ ਹੋਏ ਦੇਖਿਆ ਹੈ? ਉਹ ਸੋਚਦੇ ਹਨ ਕਿ ਉਹ ਕਿਸੇ ਦੂਸਰੇ ਜਾਨਵਰ ਨੂੰ ਦੇਖ ਰਹੇ ਹਨ, ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਪਛਾਣਦੇ। ਇਸ ਦੇ ਉਲਟ, ਜਦੋਂ ਤੁਸੀਂ ਸ਼ੀਸ਼ੇ ਵਿਚ ਆਪਣੀ ਸ਼ਕਲ ਦੇਖਦੇ ਹੋ, ਤੁਸੀਂ ਜਾਣਦੇ ਹੋ ਕਿ ਉਹ ਤੁਹਾਡੀ ਹੀ ਸ਼ਕਲ ਹੈ। (ਯਾਕੂਬ 1:23, 24) ਤੁਸੀਂ ਸ਼ਾਇਦ ਆਪਣੀ ਸ਼ਕਲ ਵੱਲ ਧਿਆਨ ਦਿਓ ਜਾਂ ਸੋਚੋ ਕਿ ਕੁਝ ਸਾਲਾਂ ਵਿਚ ਤੁਹਾਡੀ ਸ਼ਕਲ ਕਿਸ ਤਰ੍ਹਾਂ ਦੀ ਹੋਵੇਗੀ। ਜਾਨਵਰ ਇਸ ਤਰ੍ਹਾਂ ਨਹੀਂ ਕਰਦੇ। ਹਾਂ, ਤੁਹਾਡਾ ਦਿਮਾਗ਼ ਤੁਹਾਨੂੰ ਅਨੋਖਾ ਬਣਾਉਂਦਾ ਹੈ। ਇਸ ਵਾਸਤੇ ਕਿਸ ਦੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ? ਜੇ ਪਰਮੇਸ਼ੁਰ ਨੇ ਤੁਹਾਡੇ ਦਿਮਾਗ਼ ਨੂੰ ਨਹੀਂ ਬਣਾਇਆ, ਤਾਂ ਫਿਰ ਇਹ ਕਿਸ ਤਰ੍ਹਾਂ ਹੋਂਦ ਵਿਚ ਆਇਆ?
18. ਕਿਹੜੀਆਂ ਮਾਨਸਿਕ ਯੋਗਤਾਵਾਂ ਤੁਹਾਨੂੰ ਜਾਨਵਰਾਂ ਤੋਂ ਵੱਖਰਾ ਕਰਦੀਆਂ ਹਨ?
18 ਤੁਹਾਡਾ ਦਿਮਾਗ਼ ਤੁਹਾਨੂੰ ਕਲਾ ਅਤੇ ਸੰਗੀਤ ਦੀ ਕਦਰ ਕਰਨ ਦਿੰਦਾ ਹੈ, ਨਾਲੇ ਤੁਹਾਨੂੰ ਨੈਤਿਕਤਾ ਬਾਰੇ ਸਮਝ ਵੀ ਦਿੰਦਾ ਹੈ। (ਕੂਚ 15:20; ਨਿਆਈਆਂ 11:34; 1 ਰਾਜਿਆਂ 6:1, 29-35; ਮੱਤੀ 11:16, 17) ਤੁਹਾਡੇ ਨਾਲ ਇਸ ਤਰ੍ਹਾਂ ਕਿਉਂ ਹੈ ਅਤੇ ਜਾਨਵਰਾਂ ਨਾਲ ਕਿਉਂ ਨਹੀਂ? ਉਹ ਆਪਣੇ ਦਿਮਾਗ਼ ਮੁੱਖ ਤੌਰ ਤੇ ਆਪਣੀਆਂ ਫ਼ੌਰੀ ਜ਼ਰੂਰਤਾਂ ਪੂਰੀਆਂ ਕਰਨ ਲਈ ਇਸਤੇਮਾਲ ਕਰਦੇ ਹਨ, ਜਿਵੇਂ ਕਿ ਖਾਣਾ ਲਿਆਉਣਾ, ਸਾਥੀ ਲੱਭਣਾ, ਜਾਂ ਆਲ੍ਹਣਾ ਬਣਾਉਣਾ। ਸਿਰਫ਼ ਇਨਸਾਨ ਹੀ ਅਗਾਹਾਂ ਬਾਰੇ ਸੋਚਦੇ ਹਨ। ਕੁਝ ਤਾਂ ਇਸ ਬਾਰੇ ਵੀ ਸੋਚ-ਵਿਚਾਰ ਕਰਦੇ ਹਨ ਕਿ ਉਨ੍ਹਾਂ ਦੇ ਕੰਮ ਭਵਿੱਖ ਵਿਚ ਵਾਯੂਮੰਡਲ ਜਾਂ ਉਨ੍ਹਾਂ ਦੀ ਸੰਤਾਨ ਉੱਤੇ ਕਿਹੜੇ ਅਸਰ ਪਾਉਣਗੇ। ਕਿਉਂ? ਉਪਦੇਸ਼ਕ ਦੀ ਪੋਖੀ 3:11 ਇਨਸਾਨਾਂ ਬਾਰੇ ਕਹਿੰਦੀ ਹੈ: “[ਸਿਰਜਣਹਾਰ] ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।” ਜੀ ਹਾਂ, ਸਦੀਪਕਾਲ ਬਾਰੇ ਗੌਰ ਕਰਨ ਜਾਂ ਬੇਅੰਤ ਜੀਵਨ ਦੀ ਕਲਪਨਾ ਕਰਨ ਦੀ ਤੁਹਾਡੀ ਯੋਗਤਾ ਵਿਸ਼ੇਸ਼ ਹੈ।
ਸਿਰਜਣਹਾਰ ਨੂੰ ਤੁਹਾਡੇ ਜੀਵਨ ਨੂੰ ਅਰਥ ਦੇਣ ਦਿਓ
19. ਸਿਰਜਣਹਾਰ ਬਾਰੇ ਸੋਚਣ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਤੁਸੀਂ ਸ਼ਾਇਦ ਤਰਕ ਦੀ ਤਿੰਨ ਹਿੱਸੇ ਵਾਲੀ ਕਿਹੜੀ ਲੜੀ ਇਸਤੇਮਾਲ ਕਰੋ?
19 ਅਸੀਂ ਸਿਰਫ਼ ਤਿੰਨਾਂ ਖੇਤਰਾਂ ਵੱਲ ਧਿਆਨ ਦਿੱਤਾ ਹੈ: ਵਿਸ਼ਾਲ ਬ੍ਰਹਿਮੰਡ ਵਿਚ ਹਰੇਕ ਚੀਜ਼ ਦੀ ਸਹੀ ਤਰ੍ਹਾਂ ਚੱਲਣ ਦੀ ਯੋਗਤਾ, ਧਰਤੀ ਉੱਤੇ ਜੀਵਨ ਦੀ ਸ਼ੁਰੂਆਤ, ਅਤੇ ਇਨਸਾਨ ਦੇ ਦਿਮਾਗ਼ ਦਾ ਅਨੋਖਾਪਣ, ਜਿਸ ਦੀਆਂ ਵੱਖੋ-ਵੱਖਰੀਆਂ ਯੋਗਤਾਵਾਂ ਹਨ। ਇਹ ਤਿੰਨ ਚੀਜ਼ਾਂ ਕਿਸ ਗੱਲ ਦਾ ਸੰਕੇਤ ਕਰਦੀਆਂ ਹਨ? ਤੁਸੀਂ ਤਰਕ ਦੀ ਇਸ ਲੜੀ ਨੂੰ ਇਸਤੇਮਾਲ ਕਰ ਕੇ ਸਹੀ ਸਿੱਟੇ ਤੇ ਪਹੁੰਚਣ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹੋ। ਪਹਿਲਾਂ ਤੁਸੀਂ ਪੁੱਛ ਸਕਦੇ ਹੋ: ਕੀ ਵਿਸ਼ਵ ਦੀ ਸ਼ੁਰੂਆਤ ਹੋਈ ਸੀ? ਕਈ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ। ਫਿਰ ਪੁੱਛੋ: ਕੀ ਇਹ ਸ਼ੁਰੂਆਤ ਆਪਣੇ ਆਪ ਹੋਈ, ਜਾਂ ਕੀਤੀ ਗਈ ਸੀ? ਕਈ ਲੋਕ ਸਮਝਦੇ ਹਨ ਕਿ ਬ੍ਰਹਿਮੰਡ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਆਖ਼ਰੀ ਸਵਾਲ ਵੱਲ ਲੈ ਜਾਂਦਾ ਹੈ: ਕੀ ਇਹ ਸ਼ੁਰੂਆਤ ਕਿਸੇ ਅਮਰ ਚੀਜ਼ ਦੁਆਰਾ ਹੋਈ ਸੀ ਜਾਂ ਕਿਸੇ ਅਮਰ ਸ਼ਖ਼ਸ ਦੁਆਰਾ ਹੋਈ? ਗੱਲਬਾਤ ਨੂੰ ਸਾਫ਼ ਅਤੇ ਸਹੀ ਤਰ੍ਹਾਂ ਪੇਸ਼ ਕਰਨ ਤੋਂ ਬਾਅਦ, ਕਈ ਲੋਕ ਇਸ ਸਿੱਟੇ ਤੇ ਪਹੁੰਚ ਸਕਦੇ ਹਨ ਕਿ ਸਿਰਜਣਹਾਰ ਜ਼ਰੂਰ ਹੈ! ਜੇ ਇਹ ਸੱਚ ਹੈ ਤਾਂ ਫਿਰ ਕੀ ਜੀਵਨ ਵਿਚ ਅਰਥ ਲੱਭਣਾ ਮੁਮਕਿਨ ਨਹੀਂ ਹੋਣਾ ਚਾਹੀਦਾ?
20, 21. ਸਾਡੇ ਜੀਵਨ ਵਿਚ ਅਰਥ ਹੋਣ ਲਈ ਸਿਰਜਣਹਾਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ?
20 ਸਾਡੀ ਪੂਰੀ ਹੋਂਦ ਦੇ ਨਾਲ-ਨਾਲ ਨੈਤਿਕਤਾ ਬਾਰੇ ਸਾਡੀ ਸਮਝ ਨੂੰ ਵੀ ਸਿਰਜਣਹਾਰ ਨਾਲ ਸੰਬੰਧ ਰੱਖਣਾ ਚਾਹੀਦਾ ਹੈ। ਡਾ. ਰੌਲੋ ਮਈ ਨੇ ਇਕ ਵਾਰ ਲਿਖਿਆ: “ਨੈਤਿਕਤਾ ਸਿਰਫ਼ ਜੀਵਨ ਦੇ ਮੂਲ ਅਰਥ ਉੱਤੇ ਆਧਾਰਿਤ ਹੈ।” ਇਹ ਅਰਥ ਕਿੱਥੋਂ ਮਿਲ ਸਕਦਾ ਹੈ? ਉਸ ਨੇ ਅੱਗੇ ਕਿਹਾ: “ਇਹ ਪਰਮੇਸ਼ੁਰ ਦੇ ਸੁਭਾਅ ਤੋਂ ਹੈ। ਪਰਮੇਸ਼ੁਰ ਦੇ ਸਿਧਾਂਤ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਉਸ ਦੇ ਅੰਤ ਤਕ ਜੀਵਨ ਦਾ ਆਧਾਰ ਬਣਦੇ ਹਨ।”
21 ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਜ਼ਬੂਰਾਂ ਦਾ ਲਿਖਾਰੀ ਨਿਮਰਤਾ ਅਤੇ ਬੁੱਧ ਕਿਉਂ ਦਿਖਾ ਰਿਹਾ ਸੀ ਜਦੋਂ ਉਸ ਨੇ ਸਿਰਜਣਹਾਰ ਅੱਗੇ ਬੇਨਤੀ ਕੀਤੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ।” (ਜ਼ਬੂਰ 25:4, 5) ਜਿਉਂ-ਜਿਉਂ ਉਹ ਸਿਰਜਣਹਾਰ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲੱਗਿਆ, ਜ਼ਬੂਰਾਂ ਦੇ ਲਿਖਾਰੀ ਦੇ ਜੀਵਨ ਨੂੰ ਜ਼ਿਆਦਾ ਅਰਥ, ਮਕਸਦ ਅਤੇ ਸਹੀ ਰਾਹ ਮਿਲਿਆ ਹੋਵੇਗਾ। ਇਹ ਸਾਡੇ ਸਾਰਿਆਂ ਬਾਰੇ ਵੀ ਸੱਚ ਹੋ ਸਕਦਾ ਹੈ।—ਕੂਚ 33:13.
22. ਸਿਰਜਣਹਾਰ ਦਿਆਂ ਰਾਹਾਂ ਨੂੰ ਜਾਣਨ ਵਿਚ ਕੀ ਕੁਝ ਸ਼ਾਮਲ ਹੈ?
22 ਸਿਰਜਣਹਾਰ ਦੇ “ਰਾਹ” ਜਾਣਨ ਵਿਚ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ, ਯਾਨੀ ਕਿ ਉਸ ਦੀ ਸ਼ਖ਼ਸੀਅਤ ਅਤੇ ਉਸ ਦਿਆਂ ਰਾਹਾਂ ਨੂੰ ਜਾਣਨਾ ਸ਼ਾਮਲ ਹੈ। ਕਿਉਂ ਜੋ ਅਸੀਂ ਸਿਰਜਣਹਾਰ ਨੂੰ ਦੇਖ ਨਹੀਂ ਸਕਦੇ ਅਤੇ ਉਹ ਬਹੁਤ ਹੀ ਸ਼ਕਤੀਸ਼ਾਲੀ ਹੈ, ਅਸੀਂ ਉਸ ਨੂੰ ਕਿਸ ਤਰ੍ਹਾਂ ਬਿਹਤਰ ਜਾਣ ਸਕਦੇ ਹਾਂ? ਅਗਲਾ ਲੇਖ ਇਸ ਉੱਤੇ ਚਰਚਾ ਕਰੇਗਾ।
[ਫੁਟਨੋਟ]
a ਨਾਜ਼ੀ ਨਜ਼ਰਬੰਦੀ-ਕੈਂਪਾਂ ਵਿਚ ਲੋਕਾਂ ਦਿਆਂ ਤਜਰਬਿਆਂ ਤੋਂ ਸਿੱਖਦੇ ਹੋਏ, ਡਾ. ਵਿਕਟਰ ਈ. ਫ੍ਰੈਂਕਲ ਨੇ ਅਹਿਸਾਸ ਕੀਤਾ ਕਿ ‘ਆਮ ਤੌਰ ਤੇ ਮਨੁੱਖ ਜੀਵਨ ਦੇ ਅਰਥ ਦੀ ਇੱਛਾ ਲੱਭਣ ਦੁਆਰਾ ਪ੍ਰੇਰਿਤ ਹੁੰਦੇ ਹਨ। ਇਸ ਨੂੰ ਜਾਨਵਰਾਂ ਦੀ ਅੰਤਰਪ੍ਰੇਰਣਾ ਦੀ ਸੀਮਿਤ ਯੋਗਤਾ ਦੇ ਬਰਾਬਰ ਨਹੀਂ ਸਮਝਿਆ ਜਾ ਸਕਦਾ।’ ਉਸ ਨੇ ਅੱਗੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਤਕਰੀਬਨ 20 ਸਾਲ ਬਾਅਦ, ਫਰਾਂਸ ਵਿਚ ਇਕ ਸਰਵੇਖਣ ਨੇ “ਦਿਖਾਇਆ ਕਿ 89% ਲੋਕਾਂ ਨੇ ਸਵੀਕਾਰ ਕੀਤਾ ਕਿ ਮਨੁੱਖਾਂ ਨੂੰ ‘ਕਿਸੇ ਚੀਜ਼’ ਦੀ ਜ਼ਰੂਰਤ ਹੈ ਜਿਸ ਦੇ ਖ਼ਾਤਰ ਉਹ ਜੀ ਸਕਦੇ ਹਨ।”
ਤੁਸੀਂ ਕੀ ਜਵਾਬ ਦਿਓਗੇ?
◻ ਸਾਡੇ ਲਈ ਆਪਣੇ ਬ੍ਰਹਿਮੰਡ ਬਾਰੇ ਵਿਗਿਆਨਕ ਜਾਣਕਾਰੀ ਲੈਣ ਤੋਂ ਇਲਾਵਾ ਹੋਰ ਜਾਣਕਾਰੀ ਲੈਣੀ ਕਿਉਂ ਜ਼ਰੂਰੀ ਹੈ?
◻ ਸਿਰਜਣਹਾਰ ਬਾਰੇ ਸੋਚਣ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਤੁਸੀਂ ਕਿਸ ਚੀਜ਼ ਬਾਰੇ ਗੱਲ ਕਰ ਸਕਦੇ ਹੋ?
◻ ਜੀਵਨ ਵਿਚ ਸੰਤੋਖਜਨਕ ਅਰਥ ਹੋਣ ਲਈ ਸਿਰਜਣਹਾਰ ਨੂੰ ਜਾਣਨਾ ਕਿਉਂ ਮਹੱਤਵਪੂਰਣ ਹੈ?
[ਸਫ਼ਾ 18 ਉੱਤੇ ਡਾਇਆਗ੍ਰਾਮ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਤੁਸੀਂ ਕਿਹੜੇ ਸਿੱਟੇ ਤੇ ਪਹੁੰਚੇ ਹੋ?
ਸਾਡੇ ਬ੍ਰਹਿਮੰਡ
↓ ↓
ਦੀ ਸ਼ੁਰੂਆਤ ਦੀ ਸ਼ੁਰੂਆਤ ਹੋਈ
ਨਹੀਂ ਹੋਈ
↓ ↓
ਆਪਣੇ ਆਪ ਹੋਈ ਕੀਤੀ ਗਈ
↓ ↓
ਕਿਸੇ ਅਮਰ ਚੀਜ਼ ਕਿਸੇ ਅਮਰ ਸ਼ਖ਼ਸ
ਦੁਆਰਾ ਦੁਆਰਾ
[ਸਫ਼ੇ 15 ਉੱਤੇ ਤਸਵੀਰ]
ਬ੍ਰਹਿਮੰਡ ਦੀ ਵਿਸ਼ਾਲਤਾ ਅਤੇ ਸਹੀ ਤਰ੍ਹਾਂ ਚੱਲਣ ਦੀ ਯੋਗਤਾ ਨੇ ਕਈਆਂ ਨੂੰ ਸਿਰਜਣਹਾਰ ਬਾਰੇ ਸੋਚਣ ਲਈ ਪ੍ਰੇਰਿਆ ਹੈ
[ਕ੍ਰੈਡਿਟ ਲਾਈਨ]
ਸਫ਼ੇ 15 ਅਤੇ 18: Jeff Hester (Arizona State University) and NASA