ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 6/15 ਸਫ਼ੇ 19-24
  • ਸਿੱਖੋ ਕਿ ਤੁਹਾਡਾ ਸਿਰਜਣਹਾਰ ਕਿਹੋ ਜਿਹਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਿੱਖੋ ਕਿ ਤੁਹਾਡਾ ਸਿਰਜਣਹਾਰ ਕਿਹੋ ਜਿਹਾ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਉਹ ਪ੍ਰਗਟ ਕਰਦਾ ਹੈ ਕਿ ਉਹ ਕਿਹੋ ਜਿਹਾ ਹੈ
  • ਸਿਰਜਣਹਾਰ ਨੂੰ ਜਾਣਨ ਵਿਚ ਮਹਾਂ ਗੁਰੂ ਸਾਡੀ ਮਦਦ ਕਰਦਾ ਹੈ
  • ਉਸ ਬਾਰੇ ਸਿੱਖਣ ਵਿਚ ਤੁਸੀਂ ਹੋਰਨਾਂ ਦੀ ਮਦਦ ਕਿਵੇਂ ਕਰ ਸਕਦੇ ਹੋ?
  • ਸਾਡਾ ਮਹਾਨ ਸ੍ਰਿਸ਼ਟੀਕਰਤਾ ਸਾਡੀ ਪਰਵਾਹ ਕਰਦਾ ਹੈ!
    ਸਾਡੀ ਰਾਜ ਸੇਵਕਾਈ—1999
  • ਸਿਰਜਣਹਾਰ ʼਤੇ ਆਪਣੀ ਨਿਹਚਾ ਮਜ਼ਬੂਤ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਸਿਰਜਣਹਾਰ ਤੁਹਾਡੇ ਜੀਵਨ ਨੂੰ ਅਰਥ ਦੇ ਸਕਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਉਹ ਮਦਦ ਕਰਨੀ ਚਾਹੁੰਦੀ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 6/15 ਸਫ਼ੇ 19-24

ਸਿੱਖੋ ਕਿ ਤੁਹਾਡਾ ਸਿਰਜਣਹਾਰ ਕਿਹੋ ਜਿਹਾ ਹੈ

“ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਰ ਤੇਰੇ ਅੱਗੇ ਯਹੋਵਾਹ ਦੇ ਨਾਉਂ ਦਾ ਪਰਚਾਰ ਕਰਾਂਗਾ।”—ਕੂਚ 33:19.

1. ਸਿਰਜਣਹਾਰ ਮਾਣ ਲੈਣ ਦੇ ਯੋਗ ਕਿਉਂ ਹੈ?

ਬਾਈਬਲ ਦੀ ਆਖ਼ਰੀ ਪੋਥੀ ਲਿਖਣ ਵਾਲੇ ਯੂਹੰਨਾ ਰਸੂਲ ਨੇ ਸਿਰਜਣਹਾਰ ਬਾਰੇ ਇਹ ਕਮਾਲ ਦੀ ਸੱਚਾਈ ਲਿਖੀ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” (ਪਰਕਾਸ਼ ਦੀ ਪੋਥੀ 4:11) ਜਿਵੇਂ ਪਿਛਲੇ ਲੇਖ ਨੇ ਸਾਬਤ ਕੀਤਾ, ਆਧੁਨਿਕ ਵਿਗਿਆਨ ਦੀਆਂ ਲੱਭਤਾਂ ਸਾਨੂੰ ਸਾਰੀਆਂ ਵਸਤਾਂ ਦੇ ਸਿਰਜਣਹਾਰ ਵਿਚ ਵਿਸ਼ਵਾਸ ਕਰਨ ਲਈ ਅਕਸਰ ਹੋਰ ਕਾਰਨ ਦਿੰਦੀਆਂ ਹਨ।

2, 3. (ੳ) ਲੋਕਾਂ ਨੂੰ ਸਿਰਜਣਹਾਰ ਬਾਰੇ ਕੀ ਸਿੱਖਣਾ ਚਾਹੀਦਾ ਹੈ? (ਅ) ਸਿਰਜਣਹਾਰ ਨੂੰ ਖ਼ੁਦ ਮਿਲਣਾ ਨਾਮੁਮਕਿਨ ਕਿਉਂ ਹੈ?

2 ਇਹ ਸਵੀਕਾਰ ਕਰਨ ਤੋਂ ਇਲਾਵਾ ਕਿ ਸਿਰਜਣਹਾਰ ਹੈ, ਇਹ ਵੀ ਜ਼ਰੂਰੀ ਹੈ ਕਿ ਅਸੀਂ ਸਿੱਖੀਏ ਕਿ ਉਹ ਕਿਹੋ ਜਿਹਾ ਹੈ—ਕਿ ਉਹ ਅਸਲੀ ਹੈ, ਅਤੇ ਉਸ ਦੀ ਸ਼ਖ਼ਸੀਅਤ ਅਤੇ ਉਸ ਦੇ ਰਾਹ ਲੋਕਾਂ ਨੂੰ ਉਸ ਵੱਲ ਖਿੱਚਦੇ ਹਨ। ਜਿਸ ਹੱਦ ਤਕ ਤੁਸੀਂ ਇਹ ਸਿੱਖਿਆ ਹੈ, ਕੀ ਉਸ ਨੂੰ ਬਿਹਤਰ ਜਾਣਨਾ ਲਾਭਕਾਰੀ ਨਹੀਂ ਹੋਵੇਗਾ? ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਉਸ ਨੂੰ ਖ਼ੁਦ ਮਿਲਣ ਦੀ ਲੋੜ ਹੈ, ਜਿਵੇਂ ਕਿ ਅਸੀਂ ਦੂਸਰਿਆਂ ਇਨਸਾਨਾਂ ਨੂੰ ਮਿਲਦੇ ਹਾਂ।

3 ਯਹੋਵਾਹ ਤਾਰਿਆਂ ਦਾ ਵੀ ਬਣਾਉਣ ਵਾਲਾ ਹੈ, ਅਤੇ ਸਾਡਾ ਸੂਰਜ ਤਾਂ ਸਿਰਫ਼ ਇਕ ਛੋਟਾ ਜਿਹਾ ਤਾਰਾ ਹੈ। ਕੀ ਤੁਸੀਂ ਕਦੀ ਵੀ ਸੂਰਜ ਨੂੰ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰਨੀ ਚਾਹੋਗੇ? ਹਰਗਿਜ਼ ਨਹੀਂ! ਕਈ ਲੋਕ ਤਾਂ ਉਸ ਵੱਲ ਨਜ਼ਰ ਮਾਰਨ ਜਾਂ ਧੁੱਪ ਵਿਚ ਜ਼ਿਆਦਾ ਚਿਰ ਰਹਿਣ ਬਾਰੇ ਸਾਵਧਾਨ ਰਹਿੰਦੇ ਹਨ। ਉਸ ਦੇ ਅੰਦਰਲੇ ਭਾਗ ਦਾ ਤਾਪਮਾਨ ਕੁਝ 1,50,00,000 ਡਿਗਰੀ ਸੈੱਲਸੀਅਸ (2,70,00,000°F.) ਹੈ। ਇਹ ਤਾਪ-ਨਿਊਕਲੀ ਭੱਠੀ, ਹਰ ਸਕਿੰਟ ਪਦਾਰਥ ਦੇ 40 ਲੱਖ ਟਨਾਂ ਨੂੰ ਊਰਜਾ ਵਿਚ ਬਦਲਦੀ ਹੈ। ਇਸ ਦਾ ਬਹੁਤ ਛੋਟਾ ਜਿਹਾ ਹਿੱਸਾ ਸੇਕ ਅਤੇ ਰੌਸ਼ਨੀ ਦੇ ਰੂਪ ਵਿਚ ਸਾਡੀ ਧਰਤੀ ਤਕ ਪਹੁੰਚਦਾ ਹੈ, ਪਰ ਇਹ ਧਰਤੀ ਉੱਤੇ ਸਾਰਿਆਂ ਜੀਆਂ ਦੇ ਜੀਉਂਦੇ ਰਹਿਣ ਲਈ ਕਾਫ਼ੀ ਹੈ। ਇਨ੍ਹਾਂ ਬੁਨਿਆਦੀ ਹਕੀਕਤਾਂ ਨੂੰ ਸਾਡੇ ਉੱਤੇ ਸਿਰਜਣਹਾਰ ਦੀ ਵਿਸ਼ੇਸ਼ ਸ਼ਕਤੀ ਦਾ ਪ੍ਰਭਾਵ ਪਾਉਣਾ ਚਾਹੀਦਾ ਹੈ। ਉਚਿਤ ਢੰਗ ਨਾਲ ਯਸਾਯਾਹ ‘ਸਿਰਜਣਹਾਰ ਦੀ ਵੱਡੀ ਸ਼ਕਤੀ ਅਤੇ ਉਹ ਦੇ ਡਾਢੇ ਬਲ’ ਬਾਰੇ ਲਿਖ ਸਕਦਾ ਸੀ।—ਯਸਾਯਾਹ 40:26.

4. ਮੂਸਾ ਨੇ ਕੀ ਮੰਗਿਆ ਸੀ, ਅਤੇ ਯਹੋਵਾਹ ਨੇ ਕੀ ਜਵਾਬ ਦਿੱਤਾ?

4 ਫਿਰ ਵੀ, ਕੀ ਤੁਸੀਂ ਜਾਣਦੇ ਹੋ ਕਿ 1513 ਸਾ.ਯੁ.ਪੂ. ਵਿਚ, ਇਸਰਾਏਲੀਆਂ ਦੇ ਮਿਸਰ ਛੱਡਣ ਤੋਂ ਕੁਝ ਮਹੀਨੇ ਬਾਅਦ, ਮੂਸਾ ਨੇ ਸਿਰਜਣਹਾਰ ਅੱਗੇ ਬੇਨਤੀ ਕੀਤੀ: “ਮੈਨੂੰ ਆਪਣਾ ਤੇਜ ਵਿਖਾਈਂ।” (ਕੂਚ 33:18) ਯਾਦ ਰੱਖਦੇ ਹੋਏ ਕਿ ਪਰਮੇਸ਼ੁਰ ਤਾਂ ਸੂਰਜ ਦਾ ਵੀ ਬਣਾਉਣ ਵਾਲਾ ਹੈ, ਤੁਸੀਂ ਸਮਝ ਸਕਦੇ ਹੋ ਕਿ ਉਸ ਨੇ ਮੂਸਾ ਨੂੰ ਕਿਉਂ ਕਿਹਾ: “ਤੂੰ ਮੇਰਾ ਮੂੰਹ ਨਹੀਂ ਵੇਖ ਸੱਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸੱਕਦਾ।” ਜਦੋਂ ਸਿਰਜਣਹਾਰ ‘ਲੰਘਿਆ,’ ਉਸ ਨੇ ਮੂਸਾ ਨੂੰ ਸੀਨਈ ਪਹਾੜ ਉੱਤੇ ਇਕ ਥਾਂ ਵਿਚ ਲੁਕਣ ਦਿੱਤਾ। ਮੂਸਾ ਨੇ ਮਾਨੋ ਪਰਮੇਸ਼ੁਰ ਦਾ “ਪਿੱਛਾ” ਦੇਖਿਆ, ਯਾਨੀ ਕਿ ਸਿਰਜਣਹਾਰ ਦੇ ਤੇਜ, ਜਾਂ ਉਸ ਦੀ ਹਾਜ਼ਰੀ ਦਾ ਕੋਈ ਪ੍ਰਕਾਸ਼।—ਕੂਚ 33:20-23; ਯੂਹੰਨਾ 1:18.

5. ਸਿਰਜਣਹਾਰ ਨੇ ਮੂਸਾ ਦੀ ਮੰਗ ਨੂੰ ਕਿਵੇਂ ਪੂਰਾ ਕੀਤਾ, ਅਤੇ ਇਸ ਤੋਂ ਕੀ ਸਾਬਤ ਹੋਇਆ?

5 ਸਿਰਜਣਹਾਰ ਨੂੰ ਬਿਹਤਰ ਜਾਣਨ ਦੀ ਮੂਸਾ ਦੀ ਇੱਛਾ ਅਧੂਰੀ ਨਹੀਂ ਰਹੀ। ਜ਼ਾਹਰ ਹੈ ਕਿ ਇਕ ਦੂਤ ਦੇ ਰਾਹੀਂ ਬੋਲਦੇ ਹੋਏ, ਪਰਮੇਸ਼ੁਰ ਮੂਸਾ ਦੇ ਅੱਗਿਓਂ ਲੰਘਿਆ ਅਤੇ ਉਸ ਨੇ ਐਲਾਨ ਕੀਤਾ: “ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਇਹ ਦਿਖਾਉਂਦਾ ਹੈ ਕਿ ਆਪਣੇ ਸਿਰਜਣਹਾਰ ਨੂੰ ਬਿਹਤਰ ਜਾਣਨ ਲਈ ਇਕ ਸਰੀਰਕ ਰੂਪ ਦੇਖਣਾ ਜ਼ਰੂਰੀ ਨਹੀਂ ਹੈ, ਪਰ ਇਸ ਵਿਚ ਉਸ ਦੀ ਸ਼ਖ਼ਸੀਅਤ ਅਤੇ ਉਸ ਦੇ ਗੁਣਾਂ ਨੂੰ ਹੋਰ ਪੂਰੀ ਤਰ੍ਹਾਂ ਸਮਝਣਾ ਸ਼ਾਮਲ ਹੈ।

6. ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਾਡੀ ਸਮਰਥਾ ਕਮਾਲ ਦੀ ਚੀਜ਼ ਕਿਵੇਂ ਹੈ?

6 ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਪਰਮੇਸ਼ੁਰ ਦੀ ਰਚਨਾ ਤੋਂ ਉਸ ਦੇ ਗੁਣਾਂ ਨੂੰ ਪਛਾਣਨਾ ਹੈ। ਰੋਗਾਂ ਨਾਲ ਲੜਨ ਦੀ ਆਪਣੇ ਸਰੀਰ ਦੀ ਸਮਰਥਾ ਉੱਤੇ ਗੌਰ ਕਰੋ। ਸਾਇੰਟੀਫ਼ਿਕ ਅਮੈਰੀਕਨ ਨੇ ਰੋਗ ਤੋਂ ਸੁਰੱਖਿਆ ਬਾਰੇ ਆਪਣੇ ਇਕ ਅੰਕ ਵਿਚ ਕਿਹਾ: “ਕੁੱਖ ਤੋਂ ਲੈ ਕੇ ਮੌਤ ਤਕ, ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰਥਾ ਹਮੇਸ਼ਾ ਤਿਆਰ ਰਹਿੰਦੀ ਹੈ। ਅਨੇਕ ਪ੍ਰਕਾਰ ਦੇ ਅਣੂ ਅਤੇ ਸੈੱਲ . . . ਪਰਜੀਵਾਂ ਅਤੇ ਰੋਗਾਣੂਆਂ ਤੋਂ ਸਾਡੀ ਰੱਖਿਆ ਕਰਦੇ ਹਨ। ਇਸ ਰੱਖਿਆ ਤੋਂ ਬਿਨਾਂ, ਇਨਸਾਨ ਬਚ ਨਹੀਂ ਸਕਦੇ।” ਇਸ ਪ੍ਰਬੰਧ ਦਾ ਸ੍ਰੋਤ ਕਿਸ ਤੋਂ ਹੈ? ਉਸ ਰਸਾਲੇ ਵਿਚ ਇਕ ਲੇਖ ਨੇ ਕਿਹਾ: “ਇਕ ਦੂਜੇ ਤੇ ਅਸਰ ਕਰਨ ਵਾਲੇ ਇਹ ਵਧੀਆ ਤਰ੍ਹਾਂ-ਤਰ੍ਹਾਂ ਦੇ ਸੈੱਲ ਜੋ ਰੋਗਾਣੂਆਂ ਅਤੇ ਵਾਇਰਸਾਂ ਦੇ ਹਮਲੇ ਵਿਰੁੱਧ ਸਰੀਰ ਦੀ ਰੱਖਿਆ ਕਰਦੇ ਹਨ, ਉਨ੍ਹਾਂ ਥੋੜ੍ਹੇ ਜਿਹੇ ਮੋਹਰੀ ਸੈੱਲਾਂ ਤੋਂ ਪੈਦਾ ਹੁੰਦੇ ਹਨ ਜੋ ਗਰਭ ਸ਼ੁਰੂ ਹੋਣ ਤੋਂ ਕੁਝ ਨੌਂ ਹਫ਼ਤੇ ਬਾਅਦ ਪ੍ਰਗਟ ਹੁੰਦੇ ਹਨ।” ਗਰਭਵਤੀ ਔਰਤ ਰੋਗ ਤੋਂ ਕੁਝ ਸੁਰੱਖਿਆ ਆਪਣੇ ਅੰਦਰ ਵੱਧ ਰਹੇ ਬੱਚੇ ਨੂੰ ਦਿੰਦੀ ਹੈ। ਬਾਅਦ ਵਿਚ, ਆਪਣੇ ਦੁੱਧ ਰਾਹੀਂ, ਮਾਂ ਆਪਣੇ ਬੱਚੇ ਨੂੰ ਸੁਰੱਖਿਆ ਦੇ ਸੈੱਲ ਅਤੇ ਹੋਰ ਲਾਭਕਾਰੀ ਰਸਾਇਣਕ ਪਦਾਰਥ ਵੀ ਦਿੰਦੀ ਹੈ।

7. ਅਸੀਂ ਰੋਗਾਂ ਨਾਲ ਲੜਨ ਦੀ ਆਪਣੇ ਸਰੀਰ ਦੀ ਸਮਰਥਾ ਬਾਰੇ ਕੀ ਵਿਚਾਰ ਕਰ ਸਕਦੇ ਹਾਂ, ਅਤੇ ਅਸੀਂ ਕਿਸ ਸਿੱਟੇ ਤੇ ਪਹੁੰਚ ਸਕਦੇ ਹਾਂ?

7 ਤੁਹਾਡੇ ਕੋਲ ਇਸ ਸਿੱਟੇ ਤਕ ਪਹੁੰਚਣ ਦਾ ਚੰਗਾ ਕਾਰਨ ਹੈ ਕਿ ਰੋਗਾਂ ਨਾਲ ਲੜਨ ਦੀ ਤੁਹਾਡੇ ਸਰੀਰ ਦੀ ਸਮਰਥਾ ਆਧੁਨਿਕ ਡਾਕਟਰੀ ਰਾਹੀਂ ਮਿਲੀ ਕਿਸੇ ਵੀ ਦਵਾਈ ਨਾਲੋਂ ਕਿਤੇ ਵਧੀਆ ਹੈ। ਇਸ ਲਈ, ਆਪਣੇ ਆਪ ਨੂੰ ਪੁੱਛੋ, ‘ਇਹ ਇਸ ਦੇ ਬਣਾਉਣ ਵਾਲੇ ਅਤੇ ਦੇਣ ਵਾਲੇ ਬਾਰੇ ਕੀ ਦੱਸਦਾ ਹੈ?’ ਇਹ ਪ੍ਰਬੰਧ ਜੋ ‘ਪਹਿਲੀ ਵਾਰ ਗਰਭ ਸ਼ੁਰੂ ਹੋਣ ਤੋਂ ਕੁਝ ਨੌਂ ਹਫ਼ਤੇ ਬਾਅਦ ਪ੍ਰਗਟ ਹੁੰਦਾ ਹੈ’ ਅਤੇ ਜੋ ਨਵ-ਜੰਮੇ ਬੱਚੇ ਦੀ ਰੱਖਿਆ ਕਰਨ ਲਈ ਤਿਆਰ ਹੈ, ਯਕੀਨਨ ਬੁੱਧ ਅਤੇ ਪੂਰਵ-ਵਿਚਾਰ ਦਿਖਾਉਂਦਾ ਹੈ। ਪਰ ਕੀ ਅਸੀਂ ਇਸ ਪ੍ਰਬੰਧ ਤੋਂ ਸਿਰਜਣਹਾਰ ਬਾਰੇ ਹੋਰ ਵੀ ਜਾਣ ਸਕਦੇ ਹਾਂ? ਅਸੀਂ ਐਲਬਰਟ ਸ਼ਵਾਈਟਸਰ ਅਤੇ ਹੋਰਨਾਂ ਬਾਰੇ ਕੀ ਸੋਚਦੇ ਹਾਂ, ਜਿਨ੍ਹਾਂ ਨੇ ਆਪਣੀਆਂ ਪੂਰੀਆਂ ਜ਼ਿੰਦਗੀਆਂ ਡਾਕਟਰੀ ਤੌਰ ਤੇ ਗ਼ਰੀਬਾਂ ਦੀ ਦੇਖ-ਭਾਲ ਕਰਨ ਵਿਚ ਲਾਈਆਂ ਹਨ? ਆਮ ਤੌਰ ਤੇ ਅਸੀਂ ਅਜਿਹੇ ਦਇਆਵਾਨ ਇਨਸਾਨਾਂ ਨੂੰ ਚੰਗੇ ਸਮਝਦੇ ਹਾਂ। ਇਸ ਦੀ ਤੁਲਨਾ ਵਿਚ, ਅਸੀਂ ਆਪਣੇ ਸਿਰਜਣਹਾਰ ਬਾਰੇ ਕੀ ਕਹਿ ਸਕਦੇ ਹਾਂ, ਜਿਸ ਨੇ ਅਮੀਰਾਂ ਅਤੇ ਗ਼ਰੀਬਾਂ ਦੋਹਾਂ ਦੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸਮਰਥਾ ਦਿੱਤੀ ਹੈ। ਸਪੱਸ਼ਟ ਹੈ ਕਿ ਉਹ ਪ੍ਰੇਮਪੂਰਣ, ਨਿਰਪੱਖ, ਦਇਆਵਾਨ, ਅਤੇ ਇਨਸਾਫ਼ ਕਰਨ ਵਾਲਾ ਹੈ। ਕੀ ਇਹ ਗੁਣ ਉਸ ਬਿਆਨ ਦੇ ਇਕਸੁਰ ਨਹੀਂ ਹਨ ਜੋ ਮੂਸਾ ਨੇ ਸਿਰਜਣਹਾਰ ਬਾਰੇ ਸੁਣਿਆ ਸੀ?

ਉਹ ਪ੍ਰਗਟ ਕਰਦਾ ਹੈ ਕਿ ਉਹ ਕਿਹੋ ਜਿਹਾ ਹੈ

8. ਯਹੋਵਾਹ ਆਪਣੇ ਆਪ ਨੂੰ ਕਿਸ ਖ਼ਾਸ ਤਰੀਕੇ ਵਿਚ ਪ੍ਰਗਟ ਕਰਦਾ ਹੈ?

8 ਪਰ, ਆਪਣੇ ਸਿਰਜਣਹਾਰ ਨੂੰ ਬਿਹਤਰ ਜਾਣਨ ਦਾ ਇਕ ਹੋਰ ਤਰੀਕਾ ਵੀ ਹੈ—ਬਾਈਬਲ ਰਾਹੀਂ। ਇਹ ਖ਼ਾਸ ਕਰਕੇ ਮਹੱਤਵਪੂਰਣ ਹੈ ਕਿਉਂਕਿ ਬਾਈਬਲ ਵਿਚ ਉਸ ਬਾਰੇ ਅਜਿਹੀਆਂ ਗੱਲਾਂ ਹਨ ਜੋ ਵਿਗਿਆਨ ਅਤੇ ਬ੍ਰਹਿਮੰਡ ਪ੍ਰਗਟ ਨਹੀਂ ਕਰ ਸਕਦੇ ਅਤੇ ਅਜਿਹੀਆਂ ਹੋਰ ਗੱਲਾਂ ਜੋ ਬਾਈਬਲ ਵਿਚ ਸਾਫ਼-ਸਾਫ਼ ਦੱਸੀਆਂ ਗਈਆਂ ਹਨ। ਇਕ ਅਜਿਹੀ ਉਦਾਹਰਣ ਹੈ ਸਿਰਜਣਹਾਰ ਦਾ ਨਿੱਜੀ ਨਾਂ। ਸਿਰਫ਼ ਬਾਈਬਲ ਹੀ ਸਿਰਜਣਹਾਰ ਦਾ ਨਾਂ ਅਤੇ ਉਸ ਨਾਂ ਦੀ ਮਹੱਤਤਾ ਪ੍ਰਗਟ ਕਰਦੀ ਹੈ। ਬਾਈਬਲ ਦੀਆਂ ਇਬਰਾਨੀ ਹੱਥ-ਲਿਖਤਾਂ ਵਿਚ, ਉਸ ਦਾ ਨਾਂ ਕੁਝ 7,000 ਵਾਰ, ਚਾਰ ਅੱਖਰਾਂ ਦੇ ਰੂਪ ਵਿਚ ਆਉਂਦਾ ਹੈ ਜਿਨ੍ਹਾਂ ਨੂੰ ਪੰਜਾਬੀ ਵਿਚ ਯ ਹ ਵ ਹ ਜਾਂ ਜ ਹ ਵ ਹ ਲਿਖਿਆ ਜਾਂਦਾ ਹੈ ਅਤੇ ਆਮ ਤੌਰ ਤੇ ਯਹੋਵਾਹ ਪੜ੍ਹਿਆ ਜਾਂਦਾ ਹੈ।—ਕੂਚ 3:15; 6:3.

9. ਸਿਰਜਣਹਾਰ ਦੇ ਨਿੱਜੀ ਨਾਂ ਦਾ ਕੀ ਅਰਥ ਹੈ, ਅਤੇ ਅਸੀਂ ਇਸ ਤੋਂ ਕੀ ਸਮਝ ਸਕਦੇ ਹਾਂ?

9 ਸਿਰਜਣਹਾਰ ਨੂੰ ਬਿਹਤਰ ਜਾਣਨ ਵਾਸਤੇ, ਸਾਡੇ ਲਈ ਇਸ ਗੱਲ ਦੀ ਕਦਰ ਕਰਨੀ ਜ਼ਰੂਰੀ ਹੈ ਕਿ ਉਹ ਕੋਈ ਅਸਪੱਸ਼ਟ ‘ਕਰਤਾ’ ਜਾਂ ਅਸਪੱਸ਼ਟ “ਮੈਂ ਹਾਂ” ਹੀ ਨਹੀਂ ਹੈ। ਉਸ ਦਾ ਨਿੱਜੀ ਨਾਂ ਇਹ ਗੱਲ ਦਿਖਾਉਂਦਾ ਹੈ। ਇਹ ਇਕ ਇਬਰਾਨੀ ਕ੍ਰਿਆ ਦਾ ਰੂਪ ਹੈ ਜਿਸ ਦਾ ਅਰਥ ਹੈ “ਹੋ” ਜਾਂ “ਰਹਿੰਦਾ।”a (ਉਤਪਤ 27:29; ਉਪਦੇਸ਼ਕ ਦੀ ਪੋਥੀ 11:3 ਦੀ ਤੁਲਨਾ ਕਰੋ।) ਪਰਮੇਸ਼ੁਰ ਦੇ ਨਾਂ ਦਾ ਅਰਥ ਹੈ “ਉਹ ਬਣਨ ਦਾ ਕਾਰਨ ਹੁੰਦਾ ਹੈ” ਅਤੇ ਇਹ ਇਨ੍ਹਾਂ ਦੋਹਾਂ ਗੱਲਾਂ ਉੱਤੇ ਜ਼ੋਰ ਦਿੰਦਾ ਹੈ ਕਿ ਉਹ ਇਰਾਦਾ ਕਰਦਾ ਹੈ ਅਤੇ ਉਸ ਦੇ ਅਨੁਸਾਰ ਕੰਮ ਕਰਦਾ ਹੈ। ਉਸ ਦੇ ਨਾਂ ਨੂੰ ਜਾਣ ਕੇ ਅਤੇ ਇਸਤੇਮਾਲ ਕਰ ਕੇ, ਅਸੀਂ ਬਿਹਤਰ ਸਮਝ ਸਕਦੇ ਹਾਂ ਕਿ ਉਹ ਵਾਅਦੇ ਨਿਭਾਉਂਦਾ ਹੈ ਅਤੇ ਆਪਣਿਆਂ ਮਕਸਦਾਂ ਨੂੰ ਪੂਰਾ ਕਰਦਾ ਹੈ।

10. ਅਸੀਂ ਉਤਪਤ ਦੇ ਰਿਕਾਰਡ ਤੋਂ ਕਿਹੜੀ ਮਹੱਤਵਪੂਰਣ ਜਾਣਕਾਰੀ ਹਾਸਲ ਕਰ ਸਕਦੇ ਹਾਂ?

10 ਬਾਈਬਲ ਪਰਮੇਸ਼ੁਰ ਦਿਆਂ ਮਕਸਦਾਂ ਅਤੇ ਉਸ ਦੀ ਸ਼ਖ਼ਸੀਅਤ ਦੀ ਜਾਣਕਾਰੀ ਦਾ ਸ੍ਰੋਤ ਹੈ। ਉਤਪਤ ਦਾ ਰਿਕਾਰਡ ਪ੍ਰਗਟ ਕਰਦਾ ਹੈ ਕਿ ਇਕ ਅਜਿਹਾ ਸਮਾਂ ਹੁੰਦਾ ਸੀ ਜਦੋਂ ਮਨੁੱਖਜਾਤੀ ਪਰਮੇਸ਼ੁਰ ਨਾਲ ਸ਼ਾਂਤੀ ਵਿਚ ਸੀ ਅਤੇ ਮਨੁੱਖਾਂ ਕੋਲ ਲੰਮੇ, ਅਰਥਪੂਰਣ ਜੀਵਨ ਦੀ ਸੰਭਾਵਨਾ ਸੀ। (ਉਤਪਤ 1:28; 2:7-9) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਹੋਵਾਹ ਆਪਣੇ ਨਾਂ ਦੀ ਇਕਸੁਰਤਾ ਵਿਚ, ਉਸ ਦੁੱਖ ਅਤੇ ਨਿਰਾਸ਼ਾ ਦਾ ਅੰਤ ਕਰੇਗਾ ਜਿਸ ਦਾ ਇਨਸਾਨਾਂ ਨੇ ਬਹੁਤ ਚਿਰ ਤੋਂ ਸਾਮ੍ਹਣਾ ਕੀਤਾ ਹੈ। ਅਸੀਂ ਉਸ ਦੇ ਮਕਸਦ ਦੀ ਪੂਰਤੀ ਬਾਰੇ ਪੜ੍ਹਦੇ ਹਾਂ: “ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ [ਸਿਰਜਣਹਾਰ] ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ . . . ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।”—ਰੋਮੀਆਂ 8:20, 21.

11. ਅਸੀਂ ਸ਼ਾਇਦ ਬਾਈਬਲ ਦਿਆਂ ਬਿਰਤਾਂਤਾਂ ਵੱਲ ਕਿਉਂ ਧਿਆਨ ਦੇਈਏ, ਅਤੇ ਅਜਿਹੇ ਇਕ ਬਿਰਤਾਂਤ ਵਿਚ ਕੀ ਲਿਖਿਆ ਹੈ?

11 ਆਪਣੇ ਸਿਰਜਣਹਾਰ ਨੂੰ ਬਿਹਤਰ ਜਾਣਨ ਵਿਚ ਬਾਈਬਲ ਸਾਡੀ ਇਸ ਤਰ੍ਹਾਂ ਵੀ ਮਦਦ ਕਰ ਸਕਦੀ ਹੈ ਕਿ ਉਹ ਪ੍ਰਾਚੀਨ ਇਸਰਾਏਲ ਨਾਲ ਸਲੂਕ ਕਰਦੇ ਹੋਏ, ਉਸ ਦੀਆਂ ਕਰਨੀਆਂ ਬਾਰੇ ਦੱਸਦੀ ਹੈ। ਵੈਰੀ ਸੀਰੀਆ ਦੇਸ਼ ਦੇ ਸੈਨਾਪਤੀ, ਨਅਮਾਨ ਅਤੇ ਅਲੀਸ਼ਾ ਬਾਰੇ ਇਕ ਉਦਾਹਰਣ ਉੱਤੇ ਗੌਰ ਕਰੋ। ਜਦੋਂ ਤੁਸੀਂ 2 ਰਾਜਿਆਂ ਦੇ ਪੰਜਵੇਂ ਅਧਿਆਇ ਵਿਚ ਇਹ ਬਿਰਤਾਂਤ ਪੜ੍ਹਦੇ ਹੋ, ਤੁਸੀਂ ਦੇਖੋਗੇ ਕਿ ਇਕ ਕੈਦੀ ਇਸਰਾਏਲੀ ਕੁੜੀ ਕਹਿੰਦੀ ਹੈ ਕਿ ਇਸਰਾਏਲ ਵਿਚ ਅਲੀਸ਼ਾ ਦੀ ਮਦਦ ਨਾਲ ਨਅਮਾਨ ਦਾ ਕੋੜ੍ਹ ਸ਼ਾਇਦ ਠੀਕ ਕੀਤਾ ਜਾ ਸਕਦਾ ਹੈ। ਨਅਮਾਨ ਇਸ ਉਮੀਦ ਨਾਲ ਇਸਰਾਏਲ ਨੂੰ ਜਾਂਦਾ ਹੈ ਕਿ ਅਲੀਸ਼ਾ ਖ਼ੁਦ ਇਲਾਜ ਕਰਨ ਦੀ ਕੋਈ ਰਸਮ ਪੂਰੀ ਕਰੇਗਾ। ਇਸ ਦੀ ਬਜਾਇ, ਅਲੀਸ਼ਾ ਨੇ ਨਅਮਾਨ ਨੂੰ ਕਿਹਾ ਕਿ ਉਹ ਜਾ ਕੇ ਯਰਦਨ ਨਦੀ ਵਿਚ ਨਹਾਏ। ਭਾਵੇਂ ਕਿ ਆਗਿਆ ਮੰਨਣ ਲਈ ਨਅਮਾਨ ਦਿਆਂ ਚਾਕਰਾਂ ਨੂੰ ਉਸ ਨੂੰ ਮਨਾਉਣਾ ਪਿਆ, ਜਦੋਂ ਉਸ ਨੇ ਆਗਿਆ ਮੰਨੀ, ਉਹ ਤੰਦਰੁਸਤ ਹੋ ਗਿਆ। ਨਅਮਾਨ ਨੇ ਕੀਮਤੀ ਤੋਹਫ਼ੇ ਪੇਸ਼ ਕੀਤੇ, ਜਿਨ੍ਹਾਂ ਨੂੰ ਅਲੀਸ਼ਾ ਨੇ ਸਵੀਕਾਰ ਨਹੀਂ ਕੀਤਾ। ਬਾਅਦ ਵਿਚ ਉਸ ਦਾ ਇਕ ਸਾਥੀ ਚੋਰੀ-ਚੋਰੀ ਨਅਮਾਨ ਕੋਲ ਗਿਆ ਅਤੇ ਉਸ ਨੇ ਝੂਠ ਬੋਲ ਕੇ ਕੁਝ ਤੋਹਫ਼ਿਆਂ ਨੂੰ ਹਾਸਲ ਕੀਤਾ। ਉਸ ਦੀ ਬੇਈਮਾਨੀ ਕਰਕੇ ਉਸ ਨੂੰ ਕੋੜ੍ਹ ਹੋ ਗਿਆ। ਇਹ ਇਨਸਾਨ ਦੀਆਂ ਕਮਜ਼ੋਰੀਆਂ ਦਿਖਾਉਣ ਵਾਲਾ ਦਿਲਚਸਪ ਬਿਰਤਾਂਤ ਹੈ—ਅਤੇ ਅਸੀਂ ਇਸ ਤੋਂ ਸਿੱਖ ਸਕਦੇ ਹਾਂ।

12. ਅਲੀਸ਼ਾ ਅਤੇ ਨਅਮਾਨ ਦੇ ਬਿਰਤਾਂਤ ਤੋਂ ਅਸੀਂ ਸਿਰਜਣਹਾਰ ਬਾਰੇ ਕੀ ਪਤਾ ਕਰ ਸਕਦੇ ਹਾਂ?

12 ਇਹ ਬਿਰਤਾਂਤ ਸੋਹਣੇ ਢੰਗ ਨਾਲ ਦਿਖਾਉਂਦਾ ਹੈ ਕਿ ਵਿਸ਼ਵ ਦਾ ਮਹਾਨ ਸਿਰਜਣਹਾਰ ਇੰਨਾ ਉੱਚਾ ਵੀ ਨਹੀਂ ਕਿ ਉਹ ਮਿਹਰ ਨਾਲ ਇਕ ਨਿੱਕੀ ਕੁੜੀ ਵੱਲ ਧਿਆਨ ਨਹੀਂ ਦੇ ਸਕਦਾ। ਇਹ ਅੱਜ ਦਿਆਂ ਕੁਝ ਸਭਿਆਚਾਰਾਂ ਦੇ ਰਵੱਈਏ ਤੋਂ ਕਾਫ਼ੀ ਵੱਖਰਾ ਹੈ। ਇਹ ਇਸ ਗੱਲ ਨੂੰ ਵੀ ਸਾਬਤ ਕਰਦਾ ਹੈ ਕਿ ਸਿਰਜਣਹਾਰ ਸਿਰਫ਼ ਇੱਕੋ ਜਾਤ ਜਾਂ ਕੌਮ ਦੀ ਤਰਫ਼ਦਾਰੀ ਨਹੀਂ ਕਰਦਾ। (ਰਸੂਲਾਂ ਦੇ ਕਰਤੱਬ 10:34, 35) ਦਿਲਚਸਪੀ ਦੀ ਗੱਲ ਹੈ ਕਿ ਲੋਕਾਂ ਤੋਂ ਛੂ-ਮੰਤਰ ਵਰਤਣ ਦੀ ਉਮੀਦ ਰੱਖਣ ਦੀ ਬਜਾਇ, ਜੋ ਅੱਜ ਦੇ ਅਤੇ ਪਿਛਲੇ ਜ਼ਮਾਨੇ ਦੇ “ਇਲਾਜ ਕਰਨ ਵਾਲਿਆਂ” ਨਾਲ ਆਮ ਹੈ, ਸਿਰਜਣਹਾਰ ਨੇ ਕਮਾਲ ਦੀ ਬੁੱਧ ਦਿਖਾਈ। ਉਹ ਕੋੜ੍ਹ ਦਾ ਇਲਾਜ ਕਰਨਾ ਜਾਣਦਾ ਸੀ। ਝੂਠ ਨੂੰ ਸਫ਼ਲ ਨਾ ਹੋਣ ਦੇਣ ਦੁਆਰਾ ਉਸ ਨੇ ਸਮਝ ਦਿਖਾਈ ਅਤੇ ਇਨਸਾਫ਼ ਕੀਤਾ। ਇਕ ਵਾਰ ਫਿਰ, ਕੀ ਇਹ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਮੂਸਾ ਦੁਆਰਾ ਸੁਣੀ ਗਈ ਗੱਲ ਦੇ ਅਨੁਸਾਰ ਨਹੀਂ ਹੈ? ਭਾਵੇਂ ਕਿ ਬਾਈਬਲ ਦਾ ਇਹ ਬਿਰਤਾਂਤ ਸੰਖੇਪ ਵਿਚ ਲਿਖਿਆ ਗਿਆ ਹੈ, ਅਸੀਂ ਇਸ ਤੋਂ ਆਪਣੇ ਸਿਰਜਣਹਾਰ ਬਾਰੇ ਕਿੰਨਾ ਕੁਝ ਪਤਾ ਕਰ ਸਕਦੇ ਹਾਂ!—ਜ਼ਬੂਰ 33:5; 37:28.

13. ਉਦਾਹਰਣ ਦੇ ਕੇ ਸਮਝਾਓ ਕਿ ਅਸੀਂ ਬਾਈਬਲ ਦਿਆਂ ਬਿਰਤਾਂਤਾਂ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ।

13 ਨਾਸ਼ੁਕਰੇ ਇਸਰਾਏਲ ਦਿਆਂ ਕੰਮਾਂ ਅਤੇ ਇਨ੍ਹਾਂ ਦੇ ਸੰਬੰਧ ਵਿਚ ਪਰਮੇਸ਼ੁਰ ਦਿਆਂ ਕੰਮਾਂ ਬਾਰੇ ਦੂਸਰੇ ਬਿਰਤਾਂਤ ਸਾਬਤ ਕਰਦੇ ਹਨ ਕਿ ਯਹੋਵਾਹ ਸੱਚ-ਮੁੱਚ ਪਰਵਾਹ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਇਸਰਾਏਲੀਆਂ ਨੇ ਵਾਰ-ਵਾਰ ਉਸ ਨੂੰ ਪਰਤਾਇਆ, ਉਸ ਨੂੰ ਉਦਾਸ ਕੀਤਾ ਅਤੇ ਅਕਾਇਆ। (ਜ਼ਬੂਰ 78:40, 41) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਿਰਜਣਹਾਰ ਦੇ ਵੀ ਜਜ਼ਬਾਤ ਹਨ, ਅਤੇ ਇਨਸਾਨ ਜੋ ਕਰਦੇ ਹਨ ਉਹ ਉਸ ਬਾਰੇ ਪਰਵਾਹ ਕਰਦਾ ਹੈ। ਪ੍ਰਸਿੱਧ ਵਿਅਕਤੀਆਂ ਬਾਰੇ ਬਿਰਤਾਂਤਾਂ ਤੋਂ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਜਦੋਂ ਦਾਊਦ ਇਸਰਾਏਲ ਦਾ ਰਾਜਾ ਬਣਨ ਲਈ ਚੁਣਿਆ ਗਿਆ ਸੀ, ਪਰਮੇਸ਼ੁਰ ਨੇ ਸਮੂਏਲ ਨੂੰ ਦੱਸਿਆ: “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:7) ਹਾਂ, ਸਿਰਜਣਹਾਰ ਬਾਹਰਲੇ ਰੂਪ ਨੂੰ ਹੀ ਨਹੀਂ, ਸਗੋਂ ਸਾਡੇ ਅੰਦਰ ਦੇਖਦਾ ਹੈ। ਇਹ ਕਿੰਨੀ ਤਸੱਲੀ ਦੀ ਗੱਲ ਹੈ!

14. ਜਿਉਂ-ਜਿਉਂ ਅਸੀਂ ਇਬਰਾਨੀ ਸ਼ਾਸਤਰ ਪੜ੍ਹਦੇ ਹਾਂ, ਅਸੀਂ ਕੀ ਕਰ ਕੇ ਲਾਭ ਹਾਸਲ ਕਰ ਸਕਦੇ ਹਾਂ?

14 ਬਾਈਬਲ ਦੀਆਂ ਉਨਤਾਲ਼ੀ ਪੁਸਤਕਾਂ ਯਿਸੂ ਦੇ ਜ਼ਮਾਨੇ ਤੋਂ ਪਹਿਲਾਂ ਲਿਖੀਆਂ ਗਈਆਂ ਸਨ, ਅਤੇ ਇਨ੍ਹਾਂ ਨੂੰ ਪੜ੍ਹਨਾ ਉਚਿਤ ਹੋਵੇਗਾ। ਇਨ੍ਹਾਂ ਨੂੰ ਸਿਰਫ਼ ਬਾਈਬਲ ਦਿਆਂ ਬਿਰਤਾਂਤਾਂ ਜਾਂ ਇਤਿਹਾਸ ਸਿੱਖਣ ਲਈ ਹੀ ਪੜ੍ਹਿਆ ਨਹੀਂ ਜਾਣਾ ਚਾਹੀਦਾ। ਜੇਕਰ ਅਸੀਂ ਸੱਚ-ਮੁੱਚ ਸਿੱਖਣਾ ਚਾਹੁੰਦੇ ਹਾਂ ਕਿ ਸਾਡਾ ਸਿਰਜਣਹਾਰ ਕਿਹੋ ਜਿਹਾ ਹੈ, ਤਾਂ ਸਾਨੂੰ ਇਨ੍ਹਾਂ ਬਿਰਤਾਂਤਾਂ ਉੱਤੇ ਮਨਨ ਕਰਨਾ ਚਾਹੀਦਾ ਹੈ, ਅਤੇ ਅਸੀਂ ਸ਼ਾਇਦ ਪੁੱਛੀਏ, ‘ਇਹ ਘਟਨਾ ਉਸ ਦੀ ਸ਼ਖ਼ਸੀਅਤ ਬਾਰੇ ਕੀ ਪ੍ਰਗਟ ਕਰਦੀ ਹੈ? ਇੱਥੇ ਉਸ ਦੇ ਕਿਹੜੇ ਗੁਣ ਦੇਖੇ ਜਾਂਦੇ ਹਨ?’b ਇਸ ਤਰ੍ਹਾਂ ਕਰਨ ਨਾਲ ਸ਼ਾਇਦ ਇਹ ਦੇਖਣ ਵਿਚ ਨਾਸਤਿਕਾਂ ਦੀ ਵੀ ਮਦਦ ਕੀਤੀ ਜਾ ਸਕਦੀ ਹੈ ਕਿ ਬਾਈਬਲ ਜ਼ਰੂਰ ਪਰਮੇਸ਼ੁਰ ਤੋਂ ਹੈ, ਅਤੇ ਇਸ ਤਰ੍ਹਾਂ ਉਹ ਵੀ ਇਸ ਦੇ ਪਿਆਰੇ ਲੇਖਕ ਨੂੰ ਬਿਹਤਰ ਜਾਣ ਸਕਦੇ ਹਨ।

ਸਿਰਜਣਹਾਰ ਨੂੰ ਜਾਣਨ ਵਿਚ ਮਹਾਂ ਗੁਰੂ ਸਾਡੀ ਮਦਦ ਕਰਦਾ ਹੈ

15. ਯਿਸੂ ਦਿਆਂ ਕੰਮਾਂ ਅਤੇ ਉਸ ਦੀਆਂ ਸਿੱਖਿਆਵਾਂ ਤੋਂ ਗਿਆਨ ਕਿਉਂ ਮਿਲਣਾ ਚਾਹੀਦਾ ਹੈ?

15 ਇਹ ਸੱਚ ਹੈ ਕਿ ਜਿਹੜੇ ਲੋਕ ਸ਼ੱਕ ਕਰਦੇ ਹਨ ਕਿ ਸਿਰਜਣਹਾਰ ਹੈ ਜਾਂ ਜਿਨ੍ਹਾਂ ਦਾ ਪਰਮੇਸ਼ੁਰ ਬਾਰੇ ਨਜ਼ਰੀਆ ਅਸਪੱਸ਼ਟ ਹੈ, ਉਹ ਸ਼ਾਇਦ ਬਾਈਬਲ ਬਾਰੇ ਬਹੁਤ ਘੱਟ ਜਾਣਦੇ ਹੋਣ। ਸ਼ਾਇਦ ਤੁਹਾਨੂੰ ਅਜਿਹੇ ਲੋਕ ਮਿਲੇ ਹੋਣ ਜੋ ਤੁਹਾਨੂੰ ਦੱਸ ਨਹੀਂ ਸਕਦੇ ਕਿ ਮੂਸਾ ਮੱਤੀ ਤੋਂ ਪਹਿਲਾਂ ਪੈਦਾ ਹੋਇਆ ਸੀ ਜਾਂ ਉਸ ਤੋਂ ਬਾਅਦ, ਅਤੇ ਜੋ ਯਿਸੂ ਦਿਆਂ ਕੰਮਾਂ ਅਤੇ ਸਿੱਖਿਆਵਾਂ ਬਾਰੇ ਅਸਲ ਵਿਚ ਕੁਝ ਨਹੀਂ ਜਾਣਦੇ। ਇਹ ਬੜੀ ਅਫ਼ਸੋਸ ਦੀ ਗੱਲ ਹੈ ਕਿਉਂਕਿ ਅਸੀਂ ਮਹਾਂ ਗੁਰੂ ਯਿਸੂ ਤੋਂ ਸਿਰਜਣਹਾਰ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਰਮੇਸ਼ੁਰ ਨਾਲ ਉਸ ਦੇ ਗੂੜ੍ਹੇ ਰਿਸ਼ਤੇ ਕਰਕੇ ਉਹ ਪ੍ਰਗਟ ਕਰ ਸਕਦਾ ਸੀ ਕਿ ਸਾਡਾ ਸਿਰਜਣਹਾਰ ਕਿਹੋ ਜਿਹਾ ਹੈ। (ਯੂਹੰਨਾ 1:18; 2 ਕੁਰਿੰਥੀਆਂ 4:6; ਇਬਰਾਨੀਆਂ 1:3) ਅਤੇ ਉਸ ਨੇ ਇਹੀ ਪ੍ਰਗਟ ਕੀਤਾ। ਅਸਲ ਵਿਚ, ਇਕ ਵਾਰ ਉਸ ਨੇ ਕਿਹਾ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”—ਯੂਹੰਨਾ 14:9.

16. ਸਾਮਰੀ ਔਰਤ ਨਾਲ ਯਿਸੂ ਦੇ ਸਲੂਕ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

16 ਇਸ ਉਦਾਹਰਣ ਵੱਲ ਧਿਆਨ ਦਿਓ। ਇਕ ਵਾਰ ਜਦੋਂ ਯਿਸੂ ਸਫ਼ਰ ਕਰ ਕੇ ਥੱਕਿਆ ਹੋਇਆ ਸੀ, ਉਸ ਨੇ ਸੁਖਾਰ ਨੇੜੇ ਇਕ ਸਾਮਰੀ ਔਰਤ ਨਾਲ ਗੱਲ ਕੀਤੀ। ਉਸ ਨੇ ਉਸ ਨੂੰ ਡੂੰਘੀਆਂ ਸੱਚਾਈਆਂ ਦੱਸੀਆਂ, ਜੋ ‘ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨ’ ਨਾਲ ਸੰਬੰਧ ਰੱਖਦੀਆਂ ਸਨ। ਉਸ ਜ਼ਮਾਨੇ ਦੇ ਯਹੂਦੀ ਲੋਕ ਸਾਮਰੀਆਂ ਤੋਂ ਦੂਰ ਰਹਿੰਦੇ ਹੁੰਦੇ ਸਨ। ਇਸ ਦੇ ਉਲਟ, ਯਿਸੂ ਨੇ ਸਾਰੀਆਂ ਕੌਮਾਂ ਦਿਆਂ ਆਦਮੀਆਂ ਅਤੇ ਔਰਤਾਂ ਨੂੰ ਸਵੀਕਾਰ ਕਰਨ ਦੀ ਯਹੋਵਾਹ ਦੀ ਇੱਛਾ ਪ੍ਰਗਟ ਕੀਤੀ, ਜਿਵੇਂ ਅਸੀਂ ਅਲੀਸ਼ਾ ਅਤੇ ਨਅਮਾਨ ਦੇ ਬਿਰਤਾਂਤ ਵਿਚ ਵੀ ਨੋਟ ਕੀਤਾ ਸੀ। ਇਸ ਤੋਂ ਸਾਨੂੰ ਭਰੋਸਾ ਮਿਲਣਾ ਚਾਹੀਦਾ ਹੈ ਕਿ ਯਹੋਵਾਹ ਅੱਜ ਦੁਨੀਆਂ ਵਿਚ ਫੈਲੇ ਧਾਰਮਿਕ ਪੱਖ-ਪਾਤ ਨੂੰ ਮਨਜ਼ੂਰ ਨਹੀਂ ਕਰਦਾ। ਅਸੀਂ ਇਸ ਗੱਲ ਵੱਲ ਵੀ ਧਿਆਨ ਦੇ ਸਕਦੇ ਹਾਂ ਕਿ ਯਿਸੂ ਇਕ ਔਰਤ ਨੂੰ ਸਿਖਾਉਣ ਲਈ ਤਿਆਰ ਸੀ, ਅਤੇ ਇਸ ਮਾਮਲੇ ਵਿਚ ਇਹ ਔਰਤ ਇਕ ਆਦਮੀ ਨਾਲ ਰਹਿ ਰਹੀ ਸੀ ਜੋ ਉਸ ਦਾ ਪਤੀ ਨਹੀਂ ਸੀ। ਉਸ ਦੀ ਨਿੰਦਿਆ ਕਰਨ ਦੀ ਬਜਾਇ, ਯਿਸੂ ਨੇ ਉਸ ਦੀ ਇੱਜ਼ਤ ਨਾਲ ਮਦਦ ਕੀਤੀ। ਇਸ ਤੋਂ ਬਾਅਦ, ਦੂਸਰਿਆਂ ਸਾਮਰੀਆਂ ਨੇ ਵੀ ਯਿਸੂ ਦੀ ਸੁਣੀ ਅਤੇ ਇਹ ਸਿੱਟਾ ਕੱਢਿਆ: “[ਅਸੀਂ] ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।”—ਯੂਹੰਨਾ 4:2-30, 39-42; 1 ਰਾਜਿਆਂ 8:41-43; ਮੱਤੀ 9:10-13.

17. ਲਾਜ਼ਰ ਦੇ ਪੁਨਰ-ਉਥਾਨ ਦਾ ਬਿਰਤਾਂਤ ਕਿਸ ਸਿੱਟੇ ਵੱਲ ਇਸ਼ਾਰਾ ਕਰਦਾ ਹੈ?

17 ਆਓ ਅਸੀਂ ਇਕ ਹੋਰ ਉਦਾਹਰਣ ਉੱਤੇ ਗੌਰ ਕਰੀਏ ਜੋ ਦਿਖਾਉਂਦੀ ਹੈ ਕਿ ਯਿਸੂ ਦਿਆਂ ਕੰਮਾਂ ਅਤੇ ਸਿੱਖਿਆਵਾਂ ਨੂੰ ਜਾਣ ਕੇ ਅਸੀਂ ਸਿਰਜਣਹਾਰ ਬਾਰੇ ਕਿਵੇਂ ਸਿੱਖ ਸਕਦੇ ਹਾਂ। ਉਸ ਸਮੇਂ ਬਾਰੇ ਸੋਚੋ ਜਦੋਂ ਯਿਸੂ ਦੇ ਮਿੱਤਰ ਲਾਜ਼ਰ ਦੀ ਮੌਤ ਹੋ ਗਈ ਸੀ। ਯਿਸੂ ਪਹਿਲਾਂ ਹੀ ਮੁਰਦਿਆਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਆਪਣੀ ਸ਼ਕਤੀ ਸਾਬਤ ਕਰ ਚੁੱਕਾ ਸੀ। (ਲੂਕਾ 7:11-17; 8:40-56) ਪਰ, ਜਦੋਂ ਉਸ ਨੇ ਲਾਜ਼ਰ ਦੀ ਭੈਣ ਮਰਿਯਮ ਨੂੰ ਸੋਗ ਕਰਦੀ ਹੋਈ ਦੇਖਿਆ, ਤਾਂ ਉਹ ਨੂੰ ਕਿਵੇਂ ਲੱਗਾ? ਯਿਸੂ “ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।” ਉਹ ਬੇਦਿਲ ਜਾਂ ਰੁੱਖਾ ਨਹੀਂ ਸੀ; ਉਹ “ਰੋਇਆ।” (ਯੂਹੰਨਾ 11:33-35) ਅਤੇ ਇਹ ਸਿਰਫ਼ ਜਜ਼ਬੇ ਦਾ ਦਿਖਾਵਾ ਨਹੀਂ ਸੀ। ਯਿਸੂ ਨੇ ਇਸ ਬਾਰੇ ਕੁਝ ਕੀਤਾ—ਉਸ ਨੇ ਲਾਜ਼ਰ ਨੂੰ ਦੁਬਾਰਾ ਜੀਉਂਦਾ ਕੀਤਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਨੇ ਸਿਰਜਣਹਾਰ ਦੇ ਜਜ਼ਬਾਤ ਅਤੇ ਕੰਮਾਂ ਨੂੰ ਸਮਝਣ ਵਿਚ ਰਸੂਲਾਂ ਦੀ ਕਿੰਨੀ ਮਦਦ ਕੀਤੀ। ਇਸ ਨੂੰ ਸਿਰਜਣਹਾਰ ਦੀ ਸ਼ਖ਼ਸੀਅਤ ਅਤੇ ਉਸ ਦਿਆਂ ਰਾਹਾਂ ਨੂੰ ਸਮਝਣ ਵਿਚ ਸਾਡੀ ਅਤੇ ਹੋਰਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ।

18. ਬਾਈਬਲ ਦਾ ਅਧਿਐਨ ਕਰਨ ਬਾਰੇ ਲੋਕਾਂ ਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

18 ਬਾਈਬਲ ਦੇ ਅਧਿਐਨ ਕਰਨ ਵਿਚ ਅਤੇ ਸਾਡੇ ਸਿਰਜਣਹਾਰ ਬਾਰੇ ਹੋਰ ਸਿੱਖਣ ਵਿਚ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ। ਬਾਈਬਲ ਪੁਰਾਣੇ ਖ਼ਿਆਲਾਂ ਦੀ ਪੁਸਤਕ ਨਹੀਂ ਹੈ। ਇਕ ਵਿਅਕਤੀ ਜਿਸ ਨੇ ਉਸ ਦਾ ਅਧਿਐਨ ਕੀਤਾ ਅਤੇ ਜੋ ਯਿਸੂ ਦਾ ਪੱਕਾ ਸਾਥੀ ਬਣਿਆ ਯੂਹੰਨਾ ਸੀ। ਬਾਅਦ ਵਿਚ ਉਸ ਨੇ ਲਿਖਿਆ: “ਅਸੀਂ ਜਾਣਦੇ ਹਾਂ ਜੋ ਪਰਮੇਸ਼ੁਰ ਦਾ ਪੁੱਤ੍ਰ ਆਇਆ ਹੈ ਅਤੇ ਸਾਨੂੰ ਬੁੱਧੀ ਦਿੱਤੀ ਹੈ ਭਈ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤ੍ਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ।” (1 ਯੂਹੰਨਾ 5:20) ਧਿਆਨ ਦਿਓ ਕਿ “ਬੁੱਧੀ” ਵਰਤ ਕੇ “ਸੱਚੇ,” ਜਾਂ ਸਿਰਜਣਹਾਰ ਦਾ ਗਿਆਨ ਹਾਸਲ ਕਰਨਾ “ਸਦੀਪਕ ਜੀਵਨ” ਵੱਲ ਲੈ ਜਾ ਸਕਦਾ ਹੈ।

ਉਸ ਬਾਰੇ ਸਿੱਖਣ ਵਿਚ ਤੁਸੀਂ ਹੋਰਨਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

19. ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ, ਜੋ ਸ਼ੱਕ ਕਰਦੇ ਹਨ ਕਿ ਸਿਰਜਣਹਾਰ ਹੈ, ਕਿਹੜਾ ਕਦਮ ਚੁੱਕਿਆ ਗਿਆ ਹੈ?

19 ਇਹ ਮੰਨਣ ਲਈ ਕਿ ਸਾਡੀ ਪਰਵਾਹ ਕਰਨ ਵਾਲਾ ਦਇਆਵਾਨ ਸਿਰਜਣਹਾਰ ਹੈ ਅਤੇ ਇਹ ਪਤਾ ਕਰਨ ਲਈ ਕਿ ਉਹ ਕਿਹੋ ਜਿਹਾ ਹੈ, ਕੁਝ ਲੋਕਾਂ ਨੂੰ ਕਾਫ਼ੀ ਸਬੂਤ ਦੀ ਲੋੜ ਪੈਂਦੀ ਹੈ। ਲੱਖਾਂ ਹੀ ਲੋਕ ਹਨ ਜੋ ਸ਼ੱਕ ਕਰਦੇ ਹਨ ਕਿ ਸਿਰਜਣਹਾਰ ਹੈ ਜਾਂ ਜਿਨ੍ਹਾਂ ਦਾ ਉਸ ਬਾਰੇ ਨਜ਼ਰੀਆ ਬਾਈਬਲ ਦੇ ਅਨੁਸਾਰ ਨਹੀਂ ਹੈ। ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਯਹੋਵਾਹ ਦੇ ਗਵਾਹਾਂ ਦੇ 1998/99 ਜ਼ਿਲ੍ਹਾ ਅਤੇ ਅੰਤਰਰਾਸ਼ਟਰੀ ਮਹਾਂ-ਸੰਮੇਲਨਾਂ ਤੇ, ਕਈਆਂ ਭਾਸ਼ਾਵਾਂ ਵਿਚ ਇਕ ਨਵਾਂ ਔਜ਼ਾਰ ਰਿਲੀਸ ਕੀਤਾ ਗਿਆ ਸੀ—ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਨਾਮਕ ਪੁਸਤਕ।

20, 21. (ੳ) ਸ੍ਰਿਸ਼ਟੀਕਰਤਾ ਪੁਸਤਕ ਨੂੰ ਸਫ਼ਲਤਾ ਨਾਲ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ? (ਅ) ਕੁਝ ਤਜਰਬੇ ਦੱਸੋ ਜੋ ਦਿਖਾਉਂਦੇ ਹਨ ਕਿ ਸ੍ਰਿਸ਼ਟੀਕਰਤਾ ਪੁਸਤਕ ਹੁਣ ਤਕ ਕਿਵੇਂ ਪ੍ਰਭਾਵਕਾਰੀ ਸਾਬਤ ਹੋਈ ਹੈ।

20 ਇਹ ਪ੍ਰਕਾਸ਼ਨ ਸਾਡੇ ਸਿਰਜਣਹਾਰ ਵਿਚ ਤੁਹਾਡੀ ਨਿਹਚਾ ਅਤੇ ਉਸ ਦੀ ਸ਼ਖ਼ਸੀਅਤ ਅਤੇ ਉਸ ਦਿਆਂ ਰਾਹਾਂ ਲਈ ਤੁਹਾਡੀ ਕਦਰ ਵਧਾਵੇਗਾ। ਅਸੀਂ ਇਹ ਗੱਲ ਕਿਉਂ ਮੰਨ ਸਕਦੇ ਹਾਂ? ਕਿਉਂਕਿ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? ਪੁਸਤਕ ਇਨ੍ਹਾਂ ਖ਼ਾਸ ਟੀਚਿਆਂ ਨੂੰ ਮਨ ਵਿਚ ਰੱਖਦੇ ਹੋਏ ਡੀਜ਼ਾਈਨ ਕੀਤੀ ਗਈ ਸੀ। ਇਸ ਪੁਸਤਕ ਦਾ ਇਕ ਖ਼ਾਸ ਵਿਸ਼ਾ ਇਹ ਹੈ “ਤੁਹਾਡੇ ਜੀਵਨ ਨੂੰ ਕੀ ਅਰਥ ਦੇ ਸਕਦਾ ਹੈ?” ਇਸ ਦੇ ਵਿਸ਼ੇ ਅਜਿਹੇ ਤਰੀਕੇ ਵਿਚ ਪੇਸ਼ ਕੀਤੇ ਗਏ ਹਨ ਕਿ ਪੜ੍ਹੇ-ਲਿਖੇ ਲੋਕਾਂ ਲਈ ਵੀ ਇਹ ਦਿਲਚਸਪ ਹੋਵੇਗੀ। ਫਿਰ ਵੀ, ਇਹ ਸਾਡੇ ਸਾਰਿਆਂ ਦੀਆਂ ਚਾਹਤਾਂ ਵੱਲ ਧਿਆਨ ਦਿੰਦੀ ਹੈ। ਉਨ੍ਹਾਂ ਪਾਠਕਾਂ ਲਈ ਜੋ ਸ਼ੱਕ ਕਰਦੇ ਹਨ ਕਿ ਸਿਰਜਣਹਾਰ ਹੈ, ਇਸ ਵਿਚ ਦਿਲਚਸਪ ਅਤੇ ਕਾਇਲ ਕਰਨ ਵਾਲੀਆਂ ਗੱਲਾਂ ਹਨ। ਪੁਸਤਕ ਇਹ ਗੱਲ ਨਹੀਂ ਅਪਣਾਉਂਦੀ ਕਿ ਪਾਠਕ ਸਿਰਜਣਹਾਰ ਵਿਚ ਵਿਸ਼ਵਾਸ ਕਰਦਾ ਹੈ। ਨਾਸਤਿਕ ਲੋਕ ਇਹ ਦੇਖ ਕੇ ਖ਼ੁਸ਼ ਹੋਣਗੇ ਕਿ ਵਿਗਿਆਨ ਦੀਆਂ ਨਵੀਆਂ ਲੱਭਤਾਂ ਅਤੇ ਵਿਚਾਰ ਕਿਸ ਤਰ੍ਹਾਂ ਪੇਸ਼ ਕੀਤੇ ਗਏ ਹਨ। ਅਜਿਹੀਆਂ ਹਕੀਕਤਾਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਵਾਲਿਆਂ ਦੀ ਨਿਹਚਾ ਨੂੰ ਵੀ ਮਜ਼ਬੂਤ ਕਰਨਗੀਆਂ।

21 ਇਸ ਨਵੀਂ ਪੁਸਤਕ ਨੂੰ ਪੜ੍ਹਦੇ ਹੋਏ, ਇਹ ਦੇਖਿਆ ਜਾਵੇਗਾ ਕਿ ਇਸ ਦੇ ਕੁਝ ਹਿੱਸੇ ਬਾਈਬਲ ਦੇ ਇਤਿਹਾਸ ਦੀਆਂ ਮੁੱਖ ਗੱਲਾਂ ਨੂੰ ਅਜਿਹੇ ਤਰੀਕੇ ਵਿਚ ਪੇਸ਼ ਕਰਦੇ ਹਨ ਜੋ ਪਰਮੇਸ਼ੁਰ ਦੀ ਸ਼ਖ਼ਸੀਅਤ ਦੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਦਰਸਾਉਂਦੇ ਹਨ, ਅਤੇ ਇਸ ਤਰ੍ਹਾਂ ਪਰਮੇਸ਼ੁਰ ਨੂੰ ਬਿਹਤਰ ਜਾਣਨ ਵਿਚ ਪਾਠਕਾਂ ਦੀ ਮਦਦ ਹੋਵੇਗੀ। ਕਈ ਲੋਕ ਇਸ ਪੁਸਤਕ ਨੂੰ ਪੜ੍ਹ ਚੁੱਕੇ ਹਨ, ਅਤੇ ਉਨ੍ਹਾਂ ਨੇ ਟਿੱਪਣੀ ਕੀਤੀ ਹੈ ਕਿ ਉਨ੍ਹਾਂ ਲਈ ਇਹ ਗੱਲ ਕਿਵੇਂ ਸੱਚ ਹੋਈ ਹੈ। (ਸਫ਼ੇ 25-6 ਉੱਤੇ ਅਗਲਾ ਲੇਖ ਦੇਖੋ।) ਜਿਉਂ-ਜਿਉਂ ਤੁਸੀਂ ਪੁਸਤਕ ਪੜ੍ਹਦੇ ਹੋ ਅਤੇ ਆਪਣੇ ਸਿਰਜਣਹਾਰ ਨੂੰ ਬਿਹਤਰ ਜਾਣਨ ਵਿਚ ਹੋਰਨਾਂ ਦੀ ਮਦਦ ਕਰਦੇ ਹੋ ਉਮੀਦ ਹੈ ਕਿ ਇਹ ਤੁਹਾਡੇ ਬਾਰੇ ਵੀ ਸੱਚ ਹੋਵੇਗਾ।

[ਫੁਟਨੋਟ]

a ਦ ਕੈਥੋਲਿਕ ਬਿਬਲੀਕਲ ਕੁਆਟਰਲੀ ਦੇ ਮੁੱਖ ਐਡੀਟਰ ਹੁੰਦੇ ਸਮੇਂ, ਯਸੂਹੀ ਵਿਦਵਾਨ ਐੱਮ. ਜੇ. ਗ੍ਰਨਟਹਈਨਰ ਨੇ ਇਸ ਕ੍ਰਿਆ ਉੱਤੇ ਉਹ ਗੱਲ ਲਾਗੂ ਕੀਤੀ ਜੋ ਉਸ ਦੇ ਸਮਾਨ ਇਕ ਹੋਰ ਕ੍ਰਿਆ ਬਾਰੇ ਕਹੀ ਗਈ ਸੀ ਕਿ ਇਹ ‘ਅਸਪੱਸ਼ਟ ਚੀਜ਼ ਲਈ ਕਦੀ ਨਹੀਂ ਵਰਤੀ ਜਾਂਦੀ ਪਰ ਹਮੇਸ਼ਾ ਉਸ ਚੀਜ਼ ਨੂੰ ਦਰਸਾਉਂਦੀ ਹੈ ਜੋ ਅਸਲੀ ਹੁੰਦੀ ਜਾਂ ਬਣ ਜਾਂਦੀ ਹੈ।’

b ਜਿਉਂ-ਜਿਉਂ ਮਾਪੇ ਆਪਣੇ ਬੱਚਿਆਂ ਨੂੰ ਬਾਈਬਲ ਦਿਆਂ ਬਿਰਤਾਂਤਾਂ ਬਾਰੇ ਦੱਸਦੇ ਹਨ, ਉਹ ਇਸ ਤਰ੍ਹਾਂ ਦੇ ਸਵਾਲ ਪੁੱਛ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਇਸ ਤਰ੍ਹਾਂ ਨੌਜਵਾਨ ਪਰਮੇਸ਼ੁਰ ਨੂੰ ਜਾਣ ਸਕਦੇ ਹਨ, ਨਾਲੇ ਉਸ ਦੇ ਬਚਨ ਉੱਤੇ ਮਨਨ ਕਰਨਾ ਸਿੱਖ ਸਕਦੇ ਹਨ।

ਕੀ ਤੁਸੀਂ ਗੌਰ ਕੀਤਾ?

◻ ਸੀਨਈ ਪਹਾੜ ਉੱਤੇ ਮੂਸਾ ਨੇ ਯਹੋਵਾਹ ਨੂੰ ਕਿਵੇਂ ਬਿਹਤਰ ਜਾਣਿਆ?

◻ ਪਰਮੇਸ਼ੁਰ ਨੂੰ ਜਾਣਨ ਵਿਚ ਬਾਈਬਲ ਦੇ ਅਧਿਐਨ ਕਰਨ ਦੁਆਰਾ ਸਾਨੂੰ ਕਿਵੇਂ ਮਦਦ ਮਿਲਦੀ ਹੈ?

◻ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਅਸੀਂ ਆਪਣੇ ਸਿਰਜਣਹਾਰ ਦੇ ਹੋਰ ਨਜ਼ਦੀਕ ਹੋਣ ਲਈ ਕੀ ਕਰ ਸਕਦੇ ਹਾਂ?

◻ ਤੁਸੀਂ ਸ੍ਰਿਸ਼ਟੀਕਰਤਾ ਪੁਸਤਕ ਨੂੰ ਕਿਸ ਤਰੀਕੇ ਵਿਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋਗੇ?

[ਸਫ਼ੇ 20 ਉੱਤੇ ਤਸਵੀਰ]

ਰੋਗਾਂ ਨਾਲ ਲੜਨ ਦੀ ਸਾਡੇ ਸਰੀਰ ਦੀ ਸਮਰਥਾ ਸਿਰਜਣਹਾਰ ਬਾਰੇ ਕੀ ਸੰਕੇਤ ਕਰਦੀ ਹੈ?

[ਸਫ਼ੇ 21 ਉੱਤੇ ਤਸਵੀਰ]

ਮ੍ਰਿਤ ਸਾਗਰ ਪੋਥੀਆਂ ਦਾ ਟੁਕੜਾ ਜਿਸ ਵਿਚ ਚੌ-ਵਰਣੀ ਸ਼ਬਦ (ਇਬਰਾਨੀ ਵਿਚ ਪਰਮੇਸ਼ੁਰ ਦਾ ਨਾਂ) ਉਜਾਗਰ ਕੀਤੇ ਗਏ ਹਨ

[ਕ੍ਰੈਡਿਟ ਲਾਈਨ]

Courtesy of the Shrine of the Book, Israel Museum, Jerusalem

[ਸਫ਼ੇ 23 ਉੱਤੇ ਤਸਵੀਰ]

ਮਿਰਯਮ ਦੇ ਸੋਗ ਬਾਰੇ ਯਿਸੂ ਨੇ ਜੋ ਕੀਤਾ ਸੀ, ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ