ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਜ਼ੁਰਗੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
    ਪਹਿਰਾਬੁਰਜ—2015 | ਅਪ੍ਰੈਲ 15
    • ਸਮੂਏਲ ਤੇ ਸ਼ਾਊਲ ਕੋਠੇ ’ਤੇ ਇਕੱਠੇ ਖਾਣੇ ਦਾ ਮਜ਼ਾ ਲੈਂਦੇ ਹੋਏ

      ਬਜ਼ੁਰਗੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

      “ਹਰੇਕ ਕੰਮ ਦਾ ਇੱਕ ਸਮਾ ਹੈ।”—ਉਪ. 3:1.

      ਤੁਸੀਂ ਕੀ ਜਵਾਬ ਦਿਓਗੇ?

      • ਭਰਾਵਾਂ ਨੂੰ ਟ੍ਰੇਨਿੰਗ ਦੇਣੀ ਕਿੰਨੀ ਕੁ ਜ਼ਰੂਰੀ ਹੈ ਅਤੇ ਕਿਉਂ?

      • ਟ੍ਰੇਨਿੰਗ ਦੇਣ ਵਾਲੇ ਬਜ਼ੁਰਗਾਂ ਤੋਂ ਮੰਡਲੀ ਨੂੰ ਕੀ ਫ਼ਾਇਦਾ ਹੁੰਦਾ ਹੈ?

      • ਬਜ਼ੁਰਗ ਦੂਸਰੇ ਭਰਾਵਾਂ ਨੂੰ ਟ੍ਰੇਨਿੰਗ ਦੇਣ ਦੇ ਸੰਬੰਧ ਵਿਚ ਸਮੂਏਲ ਤੋਂ ਕੀ ਸਿੱਖ ਸਕਦੇ ਹਨ?

      1, 2. ਸਰਕਟ ਓਵਰਸੀਅਰਾਂ ਨੇ ਬਹੁਤ ਸਾਰੀਆਂ ਮੰਡਲੀਆਂ ਵਿਚ ਕੀ ਦੇਖਿਆ ਹੈ?

      ਇਕ ਸਰਕਟ ਓਵਰਸੀਅਰ ਮੰਡਲੀ ਦੇ ਬਜ਼ੁਰਗਾਂ ਨਾਲ ਆਪਣੀ ਮੀਟਿੰਗ ਖ਼ਤਮ ਕਰਨ ਵਾਲਾ ਸੀ। ਉਨ੍ਹਾਂ ਮਿਹਨਤੀ ਬਜ਼ੁਰਗਾਂ ਦੇ ਚਿਹਰਿਆਂ ਵੱਲ ਦੇਖ ਕੇ ਉਸ ਦਾ ਦਿਲ ਪਿਆਰ ਨਾਲ ਭਰ ਆਇਆ। ਕੁਝ ਬਜ਼ੁਰਗ ਤਾਂ ਉਸ ਦੇ ਪਿਤਾ ਦੀ ਉਮਰ ਦੇ ਸਨ। ਪਰ ਉਸ ਨੂੰ ਇਕ ਜ਼ਰੂਰੀ ਗੱਲ ਦੀ ਚਿੰਤਾ ਸੀ। ਉਸ ਨੇ ਉਨ੍ਹਾਂ ਨੂੰ ਪੁੱਛਿਆ: “ਭਰਾਵੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਕੀ ਕੀਤਾ ਹੈ ਤਾਂਕਿ ਉਹ ਮੰਡਲੀ ਵਿਚ ਜ਼ਿੰਮੇਵਾਰੀਆਂ ਚੁੱਕ ਸਕਣ?” ਭਰਾ ਜਾਣਦੇ ਸਨ ਕਿ ਆਪਣੇ ਪਿਛਲੇ ਦੌਰੇ ਦੌਰਾਨ ਸਰਕਟ ਓਵਰਸੀਅਰ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਸੀ ਕਿ ਉਹ ਭਰਾਵਾਂ ਨੂੰ ਟ੍ਰੇਨਿੰਗ ਦੇਣ ਵੱਲ ਧਿਆਨ ਦੇਣ। ਅਖ਼ੀਰ ਵਿਚ ਇਕ ਬਜ਼ੁਰਗ ਨੇ ਕਿਹਾ, “ਸੱਚ ਦੱਸੀਏ, ਤਾਂ ਅਸੀਂ ਬਹੁਤਾ ਕੁਝ ਨਹੀਂ ਕੀਤਾ।” ਦੂਸਰੇ ਬਜ਼ੁਰਗਾਂ ਨੇ ਸਿਰ ਹਿਲਾ ਕੇ ਉਸ ਦੀ ਗੱਲ ਦੀ ਹਾਮੀ ਭਰੀ।

      2 ਜੇ ਤੁਸੀਂ ਇਕ ਮਸੀਹੀ ਬਜ਼ੁਰਗ ਹੋ, ਤਾਂ ਤੁਸੀਂ ਉਸ ਮੀਟਿੰਗ ਵਿਚ ਬਹੁਤ ਗੱਲਬਾਤ ਨੂੰ ਸਮਝ ਸਕਦੇ ਹੋ। ਦੁਨੀਆਂ ਭਰ ਵਿਚ ਸਰਕਟ ਓਵਰਸੀਅਰਾਂ ਨੇ ਦੇਖਿਆ ਹੈ ਕਿ ਬਹੁਤ ਸਾਰੀਆਂ ਮੰਡਲੀਆਂ ਵਿਚ ਹਰ ਉਮਰ ਦੇ ਭਰਾਵਾਂ ਨੂੰ ਟ੍ਰੇਨਿੰਗ ਦੇਣ ਦੀ ਬਹੁਤ ਲੋੜ ਹੈ ਤਾਂਕਿ ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰ ਸਕਣ। ਪਰ ਟ੍ਰੇਨਿੰਗ ਦੇਣੀ ਔਖੀ ਹੋ ਸਕਦੀ ਹੈ। ਕਿਉਂ?

      3. (ੳ) ਬਾਈਬਲ ਤੋਂ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਦੀ ਅਹਿਮੀਅਤ ਬਾਰੇ ਕੀ ਪਤਾ ਲੱਗਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ? (ਫੁਟਨੋਟ ਦੇਖੋ।) (ਅ) ਕੁਝ ਬਜ਼ੁਰਗਾਂ ਨੂੰ ਦੂਸਰਿਆਂ ਨੂੰ ਟ੍ਰੇਨਿੰਗ ਦੇਣੀ ਕਿਉਂ ਔਖੀ ਲੱਗਦੀ ਹੈ?

      3 ਬਜ਼ੁਰਗ ਹੋਣ ਦੇ ਨਾਤੇ ਤੁਹਾਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਹੋਣਾ ਕਿ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣੀ ਕਿੰਨੀ ਜ਼ਰੂਰੀ ਹੈ।a ਤੁਸੀਂ ਜਾਣਦੇ ਹੋ ਕਿ ਮੌਜੂਦਾ ਮੰਡਲੀਆਂ ਵਿਚ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਮਜ਼ਬੂਤ ਰੱਖਣ ਅਤੇ ਨਵੀਆਂ ਮੰਡਲੀਆਂ ਬਣਾਉਣ ਲਈ ਹੋਰ ਭਰਾਵਾਂ ਦੀ ਬਹੁਤ ਲੋੜ ਹੈ। (ਯਸਾਯਾਹ 60:22 ਪੜ੍ਹੋ।) ਤੁਸੀਂ ਇਹ ਵੀ ਜਾਣਦੇ ਹੋ ਕਿ ਪਰਮੇਸ਼ੁਰ ਦਾ ਬਚਨ ਤੁਹਾਨੂੰ ਤਾਕੀਦ ਕਰਦਾ ਹੈ ਕਿ ਤੁਸੀਂ ‘ਦੂਸਰਿਆਂ ਨੂੰ ਸਿਖਾਓ।’ (2 ਤਿਮੋਥਿਉਸ 2:2 ਪੜ੍ਹੋ।) ਪਰ ਪਹਿਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਬਜ਼ੁਰਗਾਂ ਵਾਂਗ ਤੁਹਾਨੂੰ ਇਹ ਕੰਮ ਕਰਨਾ ਸ਼ਾਇਦ ਔਖਾ ਲੱਗੇ। ਤੁਹਾਨੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ, ਨੌਕਰੀ, ਮੰਡਲੀ ਦੀਆਂ ਜ਼ਿੰਮੇਵਾਰੀਆਂ ਤੇ ਹੋਰ ਜ਼ਰੂਰੀ ਮਾਮਲਿਆਂ ਵੱਲ ਧਿਆਨ ਦੇਣਾ ਪੈਂਦਾ ਹੈ। ਇਸ ਕਰਕੇ ਸ਼ਾਇਦ ਤੁਹਾਡੇ ਕੋਲ ਮੰਡਲੀ ਵਿਚ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਦਾ ਸਮਾਂ ਹੀ ਨਾ ਬਚੇ। ਜੇ ਇਸ ਤਰ੍ਹਾਂ ਹੈ, ਤਾਂ ਆਓ ਆਪਾਂ ਦੇਖੀਏ ਕਿ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਲਈ ਸਮਾਂ ਕੱਢਣਾ ਕਿਉਂ ਜ਼ਰੂਰੀ ਹੈ।

      ਟ੍ਰੇਨਿੰਗ ਬਹੁਤ ਜ਼ਰੂਰੀ ਹੈ

      4. ਕਿਹੜੇ ਇਕ ਕਾਰਨ ਕਰਕੇ ਕਈ ਵਾਰ ਟ੍ਰੇਨਿੰਗ ਦੇਣ ਵਿਚ ਦੇਰੀ ਕੀਤੀ ਜਾਂਦੀ ਹੈ?

      4 ਕਿਹੜੇ ਇਕ ਕਾਰਨ ਕਰਕੇ ਬਜ਼ੁਰਗਾਂ ਲਈ ਟ੍ਰੇਨਿੰਗ ਵਾਸਤੇ ਸਮਾਂ ਕੱਢਣਾ ਔਖਾ ਹੋ ਸਕਦਾ ਹੈ? ਕਈ ਸ਼ਾਇਦ ਸੋਚਦੇ ਹਨ: ‘ਟ੍ਰੇਨਿੰਗ ਦੇਣੀ ਜ਼ਰੂਰੀ ਤਾਂ ਹੈ, ਪਰ ਪਹਿਲਾਂ ਮੰਡਲੀ ਦੇ ਕਈ ਹੋਰ ਮਾਮਲਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਮੈਂ ਕੁਝ ਸਮਾਂ ਟ੍ਰੇਨਿੰਗ ਨਹੀਂ ਦਿੰਦਾ, ਤਾਂ ਵੀ ਤਾਂ ਮੰਡਲੀ ਚੱਲਦੀ ਰਹੇਗੀ।’ ਇਹ ਸੱਚ ਹੈ ਕਿ ਕਈ ਮਾਮਲਿਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਪੈਂਦੀ ਹੈ, ਪਰ ਟ੍ਰੇਨਿੰਗ ਵਿਚ ਦੇਰੀ ਕਰਨ ਨਾਲ ਮੰਡਲੀ ਨੂੰ ਬਹੁਤ ਨੁਕਸਾਨ ਹੋਵੇਗਾ।

      5, 6. ਡ੍ਰਾਈਵਰ ਦੀ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ ਅਤੇ ਇਹ ਉਦਾਹਰਣ ਮੰਡਲੀ ਵਿਚ ਟ੍ਰੇਨਿੰਗ ਦੇਣ ਦੇ ਸੰਬੰਧ ਵਿਚ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ?

      5 ਇਸ ਉਦਾਹਰਣ ʼਤੇ ਗੌਰ ਕਰੋ: ਇਕ ਡ੍ਰਾਈਵਰ ਸ਼ਾਇਦ ਜਾਣਦਾ ਹੋਵੇ ਕਿ ਕਾਰ ਦੇ ਇੰਜਣ ਨੂੰ ਠੀਕ ਰੱਖਣ ਲਈ ਸਮੇਂ-ਸਮੇਂ ਤੇ ਤੇਲ ਬਦਲਣਾ ਜ਼ਰੂਰੀ ਹੈ। ਫਿਰ ਵੀ ਉਹ ਸ਼ਾਇਦ ਸੋਚੇ ਕਿ ਇਹ ਪਟਰੋਲ ਜਾਂ ਡੀਜ਼ਲ ਭਰਾਉਣ ਨਾਲੋਂ ਜ਼ਿਆਦਾ ਜ਼ਰੂਰੀ ਤਾਂ ਨਹੀਂ ਹੈ। ਜੇ ਉਹ ਪਟਰੋਲ ਜਾਂ ਡੀਜ਼ਲ ਨਹੀਂ ਭਰਾਉਂਦਾ, ਤਾਂ ਕਾਰ ਨਹੀਂ ਚੱਲੇਗੀ। ਉਹ ਸ਼ਾਇਦ ਕਹੇ, ‘ਜੇ ਮੈਂ ਤੇਲ ਨਹੀਂ ਵੀ ਬਦਲਦਾ, ਤਾਂ ਵੀ ਇੰਜਣ ਕੰਮ ਕਰਦਾ ਰਹੇਗਾ।’ ਪਰ ਇਸ ਦਾ ਕੀ ਨੁਕਸਾਨ ਹੋਵੇਗਾ? ਤੇਲ ਬਦਲਣ ਵਿਚ ਦੇਰੀ ਕਰਨ ਕਰਕੇ ਇਕ-ਨਾ-ਇਕ ਦਿਨ ਕਾਰ ਦਾ ਇੰਜਣ ਕੰਮ ਕਰਨਾ ਬੰਦ ਕਰ ਦੇਵੇਗਾ। ਉਦੋਂ ਉਸ ਨੂੰ ਕਾਰ ਨੂੰ ਠੀਕ ਕਰਾਉਣ ਲਈ ਜ਼ਿਆਦਾ ਸਮਾਂ ਤੇ ਪੈਸਾ ਲਾਉਣਾ ਪਵੇਗਾ। ਇਸ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ?

      6 ਬਜ਼ੁਰਗ ਬਹੁਤ ਸਾਰੇ ਜ਼ਰੂਰੀ ਕੰਮ ਕਰਦੇ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੁੰਦੀ ਹੈ। ਨਹੀਂ ਤਾਂ ਮੰਡਲੀ ਨੂੰ ਬਹੁਤ ਨੁਕਸਾਨ ਹੋਵੇਗਾ। ਜਿਵੇਂ ਉਦਾਹਰਣ ਵਿਚ ਡ੍ਰਾਈਵਰ ਕਾਰ ਵਿਚ ਪਟਰੋਲ ਜਾਂ ਡੀਜ਼ਲ ਭਰਾਉਣ ਵੱਲ ਧਿਆਨ ਦਿੰਦਾ ਹੈ, ਉਸੇ ਤਰ੍ਹਾਂ ਬਜ਼ੁਰਗਾਂ ਨੂੰ “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ” ਵਿਚ ਰੱਖਣ ਦੀ ਲੋੜ ਹੈ। (ਫ਼ਿਲਿ. 1:10) ਪਰ ਕੁਝ ਬਜ਼ੁਰਗ ਜ਼ਰੂਰੀ ਕੰਮਾਂ ਵਿਚ ਇੰਨੇ ਬਿਜ਼ੀ ਹੋ ਜਾਂਦੇ ਹਨ ਕਿ ਉਹ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵਿਚ ਅਣਗਹਿਲੀ ਕਰਦੇ ਹਨ। ਪਰ ਟ੍ਰੇਨਿੰਗ ਦੇਣ ਵਿਚ ਦੇਰੀ ਕਰਨ ਕਰਕੇ ਇਕ-ਨਾ-ਇਕ ਦਿਨ ਮੰਡਲੀ ਵਿਚ ਜ਼ਿੰਮੇਵਾਰ ਤੇ ਕਾਬਲ ਭਰਾਵਾਂ ਦੀ ਕਮੀ ਹੋਵੇਗੀ।

      7. ਜਿਹੜੇ ਬਜ਼ੁਰਗ ਸਮਾਂ ਕੱਢ ਕੇ ਟ੍ਰੇਨਿੰਗ ਦਿੰਦੇ ਹਨ, ਉਨ੍ਹਾਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

      7 ਇਸ ਲਈ ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਟ੍ਰੇਨਿੰਗ ਦੇਣੀ ਇੰਨੀ ਜ਼ਰੂਰੀ ਨਹੀਂ ਹੈ। ਜਿਹੜੇ ਬਜ਼ੁਰਗ ਮੰਡਲੀ ਦੇ ਭਵਿੱਖ ਬਾਰੇ ਸੋਚਦੇ ਹਨ ਅਤੇ ਘੱਟ ਤਜਰਬੇਕਾਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਸਮਾਂ ਕੱਢਦੇ ਹਨ, ਉਹ ਸਮਝਦਾਰ ਤੇ ਜ਼ਿੰਮੇਵਾਰ ਸੇਵਕ ਹੁੰਦੇ ਹਨ ਤੇ ਮੰਡਲੀ ਲਈ ਬਰਕਤ ਸਾਬਤ ਹੁੰਦੇ ਹਨ। (1 ਪਤਰਸ 4:10 ਪੜ੍ਹੋ।) ਮੰਡਲੀ ਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ?

      ਸਮੇਂ ਦਾ ਸਹੀ ਇਸਤੇਮਾਲ

      8. (ੳ) ਕਿਹੜੇ ਕੁਝ ਕਾਰਨਾਂ ਕਰਕੇ ਬਜ਼ੁਰਗਾਂ ਨੂੰ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ? (ਅ) ਜ਼ਿਆਦਾ ਲੋੜ ਵਾਲੀਆਂ ਥਾਵਾਂ ʼਤੇ ਜਾ ਕੇ ਸੇਵਾ ਕਰਨ ਵਾਲੇ ਬਜ਼ੁਰਗਾਂ ਉੱਤੇ ਕਿਹੜੀ ਇਕ ਭਾਰੀ ਜ਼ਿੰਮੇਵਾਰੀ ਹੈ? (“ਇਕ ਭਾਰੀ ਜ਼ਿੰਮੇਵਾਰੀ” ਨਾਂ ਦੀ ਡੱਬੀ ਦੇਖੋ।)

      8 ਬਹੁਤ ਤਜਰਬੇਕਾਰ ਬਜ਼ੁਰਗਾਂ ਨੂੰ ਵੀ ਨਿਮਰਤਾ ਨਾਲ ਇਹ ਕਬੂਲ ਕਰਨਾ ਪਵੇਗਾ ਕਿ ਵਧਦੀ ਉਮਰ ਕਰਕੇ ਉਹ ਮੰਡਲੀ ਲਈ ਜ਼ਿਆਦਾ ਨਹੀਂ ਕਰ ਸਕਣਗੇ। (ਮੀਕਾ. 6:8) ਨਾਲੇ ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਚਾਨਕ “ਬੁਰਾ ਸਮਾਂ” ਆਉਣ ਕਰਕੇ ਉਹ ਸ਼ਾਇਦ ਮੰਡਲੀ ਦੀਆਂ ਇੰਨੀਆਂ ਜ਼ਿੰਮੇਵਾਰੀਆਂ ਨਾ ਚੁੱਕ ਸਕਣ। (ਉਪ. 9:11, 12, CL; ਯਾਕੂ. 4:13, 14) ਬਜ਼ੁਰਗ ਪਰਮੇਸ਼ੁਰ ਦੇ ਲੋਕਾਂ ਦੀ ਭਲਾਈ ਦੀ ਚਿੰਤਾ ਕਰਦੇ ਹਨ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹਨ, ਇਸ ਲਈ ਉਹ ਨੌਜਵਾਨ ਭਰਾਵਾਂ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹਨ ਜੋ ਉਨ੍ਹਾਂ ਨੇ ਕਈ ਸਾਲ ਵਫ਼ਾਦਾਰੀ ਨਾਲ ਸੇਵਾ ਕਰ ਕੇ ਹਾਸਲ ਕੀਤਾ ਹੈ।—ਜ਼ਬੂਰਾਂ ਦੀ ਪੋਥੀ 71:17, 18 ਪੜ੍ਹੋ।

      9. ਭਵਿੱਖ ਵਿਚ ਵਾਪਰਨ ਵਾਲੀ ਕਿਹੜੀ ਘਟਨਾ ਕਰਕੇ ਹੁਣ ਟ੍ਰੇਨਿੰਗ ਦੇਣੀ ਬਹੁਤ ਹੀ ਜ਼ਰੂਰੀ ਹੈ?

      9 ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵਾਲੇ ਬਜ਼ੁਰਗ ਮੰਡਲੀ ਲਈ ਬਰਕਤ ਸਾਬਤ ਹੁੰਦੇ ਹਨ ਕਿਉਂਕਿ ਉਹ ਮੰਡਲੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦੇ ਹਨ। ਟ੍ਰੇਨਿੰਗ ਮਿਲਣ ਕਰਕੇ ਜ਼ਿਆਦਾ ਭਰਾ ਮੰਡਲੀ ਦੇ ਭੈਣਾਂ-ਭਰਾਵਾਂ ਦੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਅਤੇ ਇਕਮੁੱਠ ਰਹਿਣ ਵਿਚ ਮਦਦ ਕਰ ਸਕਣਗੇ। ਉਹ ਭਰਾ ਖ਼ਾਸ ਤੌਰ ਤੇ ਮਹਾਂਕਸ਼ਟ ਦੌਰਾਨ ਮਦਦਗਾਰ ਸਾਬਤ ਹੋਣਗੇ ਜਦੋਂ ਸਾਰਿਆਂ ਉੱਤੇ ਬਹੁਤ ਹੀ ਮੁਸ਼ਕਲ ਸਮਾਂ ਆਵੇਗਾ। (ਹਿਜ਼. 38:10-12; ਮੀਕਾ. 5:5, 6) ਇਸ ਲਈ ਪਿਆਰੇ ਬਜ਼ੁਰਗੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਜ ਹੀ ਹੋਰ ਭਰਾਵਾਂ ਨੂੰ ਬਾਕਾਇਦਾ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰੋ।

      10. ਭਰਾਵਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸ਼ਾਇਦ ਇਕ ਬਜ਼ੁਰਗ ਨੂੰ ਕੀ ਕਰਨਾ ਪਵੇ?

      10 ਅਸੀਂ ਜਾਣਦੇ ਹਾਂ ਕਿ ਤੁਸੀਂ ਮੰਡਲੀ ਦੇ ਜ਼ਰੂਰੀ ਕੰਮਾਂ ਵਿਚ ਪਹਿਲਾਂ ਹੀ ਕਾਫ਼ੀ ਸਮਾਂ ਲਗਾਉਂਦੇ ਹੋ। ਪਰ ਸ਼ਾਇਦ ਤੁਹਾਨੂੰ ਉਨ੍ਹਾਂ ਕੰਮਾਂ ਵਿੱਚੋਂ ਟ੍ਰੇਨਿੰਗ ਦੇਣ ਵਾਸਤੇ ਕੁਝ ਸਮਾਂ ਕੱਢਣਾ ਹੀ ਪਵੇ। (ਉਪ. 3:1) ਇਸ ਤਰ੍ਹਾਂ ਤੁਸੀਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਸਕੋਗੇ ਅਤੇ ਇਸ ਤੋਂ ਭਵਿੱਖ ਵਿਚ ਮੰਡਲੀ ਨੂੰ ਫ਼ਾਇਦਾ ਹੋਵੇਗਾ।

      ਸਹੀ ਮਾਹੌਲ ਪੈਦਾ ਕਰੋ

      11. (ੳ) ਵੱਖੋ-ਵੱਖਰੇ ਦੇਸ਼ਾਂ ਦੇ ਬਜ਼ੁਰਗਾਂ ਦੁਆਰਾ ਦਿੱਤੀ ਸਲਾਹ ਵਿਚ ਕਿਹੜੀ ਖ਼ਾਸ ਗੱਲ ਹੈ? (ਅ) ਕਹਾਉਤਾਂ 15:22 ਮੁਤਾਬਕ ਹੋਰ ਬਜ਼ੁਰਗਾਂ ਦੁਆਰਾ ਦਿੱਤੇ ਸੁਝਾਵਾਂ ਉੱਤੇ ਚਰਚਾ ਕਰਨੀ ਫ਼ਾਇਦੇਮੰਦ ਕਿਉਂ ਹੋਵੇਗੀ?

      11 ਬਹੁਤ ਸਾਰੇ ਬਜ਼ੁਰਗਾਂ ਨੇ ਭਰਾਵਾਂ ਦੀ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨ ਵਿਚ ਮਦਦ ਕੀਤੀ ਹੈ। ਹਾਲ ਹੀ ਵਿਚ ਉਨ੍ਹਾਂ ਵਿੱਚੋਂ ਕੁਝ ਬਜ਼ੁਰਗਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਭਰਾਵਾਂ ਨੂੰ ਕਿੱਦਾਂ ਟ੍ਰੇਨਿੰਗ ਦਿੱਤੀ।b ਭਾਵੇਂ ਕਿ ਉਨ੍ਹਾਂ ਬਜ਼ੁਰਗਾਂ ਦੇ ਹਾਲਾਤ ਵੱਖੋ-ਵੱਖਰੇ ਸਨ, ਪਰ ਉਨ੍ਹਾਂ ਸਾਰਿਆਂ ਨੇ ਇੱਕੋ ਜਿਹੀ ਸਲਾਹ ਦਿੱਤੀ। ਇਸ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਬਾਈਬਲ ਦੀ ਮਦਦ ਨਾਲ ਦਿੱਤੀ ਜਾਂਦੀ ਟ੍ਰੇਨਿੰਗ ਤੋਂ “ਹਰ ਜਗ੍ਹਾ ਸਾਰੀਆਂ ਮੰਡਲੀਆਂ” ਦੇ ਭਰਾਵਾਂ ਨੂੰ ਫ਼ਾਇਦਾ ਹੋ ਸਕਦਾ ਹੈ। (1 ਕੁਰਿੰ. 4:17) ਇਸ ਲਈ, ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਉਨ੍ਹਾਂ ਬਜ਼ੁਰਗਾਂ ਦੁਆਰਾ ਦਿੱਤੇ ਕੁਝ ਸੁਝਾਵਾਂ ਉੱਤੇ ਚਰਚਾ ਕਰਾਂਗੇ।—ਕਹਾ. 15:22.

      12. ਇਕ ਬਜ਼ੁਰਗ ਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

      12 ਬਜ਼ੁਰਗਾਂ ਨੂੰ ਟ੍ਰੇਨਿੰਗ ਵਾਸਤੇ ਸਹੀ ਮਾਹੌਲ ਪੈਦਾ ਕਰਨ ਦੀ ਲੋੜ ਹੈ। ਜਿਵੇਂ ਇਕ ਮਾਲੀ ਨੂੰ ਬੀ ਬੀਜਣ ਤੋਂ ਪਹਿਲਾਂ ਮਿੱਟੀ ਪੋਲੀ ਕਰਨ ਲਈ ਗੋਡੀ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਇਕ ਬਜ਼ੁਰਗ ਨੂੰ ਕਿਸੇ ਭਰਾ ਨੂੰ ਕੁਝ ਸਿਖਾਉਣ ਤੋਂ ਪਹਿਲਾਂ ਉਸ ਦੇ ਦਿਲ ਨੂੰ ਤਿਆਰ ਕਰਨ ਯਾਨੀ ਉਸ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਬਜ਼ੁਰਗ ਸਹੀ ਮਾਹੌਲ ਕਿਵੇਂ ਪੈਦਾ ਕਰ ਸਕਦੇ ਹਨ? ਉਹ ਇਸ ਮਾਮਲੇ ਵਿਚ ਪੁਰਾਣੇ ਜ਼ਮਾਨੇ ਦੇ ਇਕ ਨਬੀ ਦੀ ਮਿਸਾਲ ਉੱਤੇ ਚੱਲ ਸਕਦੇ ਹਨ। ਉਸ ਨੇ ਕੀ ਕੀਤਾ ਸੀ?

      13-15. (ੳ) ਸਮੂਏਲ ਨਬੀ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ? (ਅ) ਸਮੂਏਲ ਨੇ ਉਹ ਜ਼ਿੰਮੇਵਾਰੀ ਕਿੱਦਾਂ ਨਿਭਾਈ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ੲ) ਸਮੂਏਲ ਦੇ ਇਸ ਬਿਰਤਾਂਤ ਵਿਚ ਅੱਜ ਬਜ਼ੁਰਗਾਂ ਨੂੰ ਕਿਉਂ ਖ਼ਾਸ ਦਿਲਚਸਪੀ ਲੈਣੀ ਚਾਹੀਦੀ ਹੈ?

      13 ਅੱਜ ਤੋਂ ਲਗਭਗ 3,000 ਸਾਲ ਪਹਿਲਾਂ ਇਕ ਦਿਨ ਯਹੋਵਾਹ ਨੇ ਬਜ਼ੁਰਗ ਨਬੀ ਸਮੂਏਲ ਨੂੰ ਕਿਹਾ ਸੀ: “ਭਲਕੇ ਐਸੇ ਵੇਲੇ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਦੇਸੋਂ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਮਸਹ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪਰਧਾਨ ਬਣੇ।” (1 ਸਮੂ. 9:15, 16) ਸਮੂਏਲ ਨੂੰ ਅਹਿਸਾਸ ਹੋ ਗਿਆ ਕਿ ਹੁਣ ਕੌਮ ਦੇ ਆਗੂ ਦੇ ਤੌਰ ਤੇ ਉਸ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਸੀ ਅਤੇ ਯਹੋਵਾਹ ਨੇ ਉਸ ਨੂੰ ਨਵਾਂ ਆਗੂ ਚੁਣਨ ਲਈ ਕਿਹਾ ਸੀ। ਸਮੂਏਲ ਨੇ ਜ਼ਰੂਰ ਸੋਚਿਆ ਹੋਣਾ, ‘ਮੈਂ ਉਸ ਬੰਦੇ ਨੂੰ ਇਸ ਜ਼ਿੰਮੇਵਾਰੀ ਲਈ ਕਿਵੇਂ ਤਿਆਰ ਕਰ ਸਕਦਾ ਹਾਂ?’ ਉਸ ਨੇ ਸੋਚ-ਵਿਚਾਰ ਕਰ ਕੇ ਇਕ ਪਲੈਨ ਬਣਾਇਆ।

      14 ਅਗਲੇ ਦਿਨ ਜਦੋਂ ਸਮੂਏਲ ਨੇ ਸ਼ਾਊਲ ਨੂੰ ਦੇਖਿਆ, ਤਾਂ ਯਹੋਵਾਹ ਨੇ ਉਸ ਨੂੰ ਦੱਸਿਆ: “ਵੇਖ ਇਹੋ ਉਹ ਮਨੁੱਖ ਹੈ।” ਫਿਰ ਸਮੂਏਲ ਨੇ ਆਪਣੇ ਪਲੈਨ ਮੁਤਾਬਕ ਕੰਮ ਕੀਤਾ। ਉਸ ਨੇ ਸ਼ਾਊਲ ਨੂੰ ਰੋਟੀ ਲਈ ਬੁਲਾਇਆ। ਉਸ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਸਭ ਤੋਂ ਵਧੀਆ ਸੀਟਾਂ ʼਤੇ ਬਿਠਾਇਆ ਅਤੇ ਮੀਟ ਦਾ ਇਕ ਵਧੀਆ ਟੁਕੜਾ ਦੇ ਕੇ ਸ਼ਾਊਲ ਨੂੰ ਕਿਹਾ: “ਵੇਖ, ਏਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਧਰ ਕੇ ਖਾਹ ਏਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਪਿਆ ਹੈ।” ਇਸ ਤੋਂ ਬਾਅਦ ਸਮੂਏਲ ਸ਼ਾਊਲ ਨੂੰ ਆਪਣੇ ਘਰ ਲੈ ਗਿਆ ਅਤੇ ਉਹ ਰਾਹ ਵਿਚ ਤੁਰਦੇ ਹੋਏ ਗੱਲਾਂ ਕਰਦੇ ਗਏ। ਇਕੱਠਿਆਂ ਰੋਟੀ ਖਾਣ ਅਤੇ ਸੈਰ ਦਾ ਮਜ਼ਾ ਲੈਣ ਨਾਲ ਪੈਦਾ ਹੋਏ ਵਧੀਆ ਮਾਹੌਲ ਦਾ ਸਮੂਏਲ ਪੂਰਾ ਫ਼ਾਇਦਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸ਼ਾਊਲ ਨੂੰ ਕੋਠੇ ʼਤੇ ਬੁਲਾਇਆ। ਸ਼ਾਮ ਦੀ ਠੰਢੀ ਹਵਾ ਦਾ ਮਜ਼ਾ ਲੈਂਦੇ ਹੋਏ ਸਮੂਏਲ ਨੇ ਸੌਣ ਤਕ “ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ।” ਅਗਲੇ ਦਿਨ, ਸਮੂਏਲ ਨੇ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਕੇ ਉਸ ਨੂੰ ਆਗੂ ਬਣਾਇਆ ਅਤੇ ਉਸ ਨੂੰ ਚੁੰਮਿਆ ਅਤੇ ਹੋਰ ਹਿਦਾਇਤਾਂ ਦਿੱਤੀਆਂ। ਇਸ ਤਰ੍ਹਾਂ ਉਸ ਨੇ ਸ਼ਾਊਲ ਨੂੰ ਨਵੀਂ ਜ਼ਿੰਮੇਵਾਰੀ ਲਈ ਤਿਆਰ ਕਰ ਕੇ ਵਿਦਾ ਕੀਤਾ।—1 ਸਮੂ. 9:17-27; 10:1.

      15 ਇਹ ਸੱਚ ਹੈ ਕਿ ਕਿਸੇ ਨੂੰ ਕੌਮ ਦਾ ਆਗੂ ਚੁਣਨ ਅਤੇ ਮੰਡਲੀ ਵਿਚ ਕਿਸੇ ਭਰਾ ਨੂੰ ਬਜ਼ੁਰਗ ਜਾਂ ਸਹਾਇਕ ਸੇਵਕ ਬਣਨ ਲਈ ਟ੍ਰੇਨਿੰਗ ਦੇਣ ਵਿਚ ਫ਼ਰਕ ਹੈ। ਫਿਰ ਵੀ, ਅੱਜ ਬਜ਼ੁਰਗ ਸਮੂਏਲ ਦੇ ਤਰੀਕੇ ਤੋਂ ਕਈ ਵਧੀਆ ਗੱਲਾਂ ਸਿੱਖ ਸਕਦੇ ਹਨ। ਆਓ ਆਪਾਂ ਦੋ ਗੱਲਾਂ ਉੱਤੇ ਗੌਰ ਕਰੀਏ।

      ਟ੍ਰੇਨਿੰਗ ਦੇਣ ਲਈ ਤਿਆਰ ਰਹੋ ਅਤੇ ਸੱਚੇ ਦੋਸਤ ਬਣੋ

      16. (ੳ) ਜਦੋਂ ਇਜ਼ਰਾਈਲੀਆਂ ਨੇ ਇਕ ਰਾਜੇ ਦੀ ਮੰਗ ਕੀਤੀ, ਤਾਂ ਸਮੂਏਲ ਨੇ ਕਿਵੇਂ ਮਹਿਸੂਸ ਕੀਤਾ? (ਅ) ਸ਼ਾਊਲ ਨੂੰ ਆਗੂ ਚੁਣਨ ਵੇਲੇ ਸਮੂਏਲ ਦਾ ਰਵੱਈਆ ਕੀ ਸੀ?

      16 ਤਿਆਰ ਰਹੋ, ਨਾ ਕਿ ਹਿਚਕਿਚਾਓ। ਜਦੋਂ ਸਮੂਏਲ ਨੇ ਪਹਿਲੀ ਵਾਰ ਸੁਣਿਆ ਕਿ ਇਜ਼ਰਾਈਲੀ ਚਾਹੁੰਦੇ ਸਨ ਕਿ ਉਨ੍ਹਾਂ ਉੱਤੇ ਕਿਸੇ ਇਨਸਾਨ ਨੂੰ ਰਾਜਾ ਬਣਾਇਆ ਜਾਵੇ, ਤਾਂ ਉਹ ਬਹੁਤ ਹੀ ਨਿਰਾਸ਼ ਹੋਇਆ। ਉਸ ਨੂੰ ਮਹਿਸੂਸ ਹੋਇਆ ਕਿ ਲੋਕਾਂ ਨੇ ਉਸ ਨੂੰ ਠੁਕਰਾ ਦਿੱਤਾ ਸੀ। (1 ਸਮੂ. 8:4-8) ਅਸਲ ਵਿਚ, ਉਹ ਲੋਕਾਂ ਦੀ ਮੰਗ ਪੂਰੀ ਕਰਨ ਵਿਚ ਇੰਨਾ ਹਿਚਕਿਚਾ ਰਿਹਾ ਸੀ ਕਿ ਯਹੋਵਾਹ ਨੂੰ ਉਸ ਨੂੰ ਤਿੰਨ ਵਾਰ ਕਹਿਣਾ ਪਿਆ ਕਿ ਉਹ ਲੋਕਾਂ ਦੀ ਗੱਲ ਸੁਣੇ। (1 ਸਮੂ. 8:7, 9, 22) ਤਾਂ ਵੀ, ਸਮੂਏਲ ਨੇ ਆਪਣੇ ਦਿਲ ਵਿਚ ਉਸ ਬੰਦੇ ਲਈ ਈਰਖਾ ਜਾਂ ਗੁੱਸਾ ਨਹੀਂ ਪੈਦਾ ਹੋਣ ਦਿੱਤਾ ਜਿਸ ਨੇ ਉਸ ਦੀ ਜਗ੍ਹਾ ਆਗੂ ਬਣਨਾ ਸੀ। ਜਦੋਂ ਯਹੋਵਾਹ ਨੇ ਸਮੂਏਲ ਨੂੰ ਕਿਹਾ ਕਿ ਉਹ ਸ਼ਾਊਲ ਨੂੰ ਆਗੂ ਚੁਣੇ, ਤਾਂ ਉਸ ਨੇ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨਿਆ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ।

      17. ਬਜ਼ੁਰਗ ਸਮੂਏਲ ਦੇ ਰਵੱਈਏ ਦੀ ਕਿਵੇਂ ਰੀਸ ਕਰਦੇ ਹਨ ਅਤੇ ਇਸ ਤੋਂ ਉਨ੍ਹਾਂ ਨੂੰ ਕਿਵੇਂ ਖ਼ੁਸ਼ੀ ਮਿਲਦੀ ਹੈ?

      17 ਸਮੂਏਲ ਵਾਂਗ ਅੱਜ ਤਜਰਬੇਕਾਰ ਬਜ਼ੁਰਗ ਟ੍ਰੇਨਿੰਗ ਦੇਣ ਵੇਲੇ ਇਹੋ ਜਿਹਾ ਰਵੱਈਆ ਦਿਖਾਉਂਦੇ ਹਨ। (1 ਪਤ. 5:2) ਅਜਿਹੇ ਬਜ਼ੁਰਗ ਇਸ ਡਰੋਂ ਟ੍ਰੇਨਿੰਗ ਦੇਣ ਤੋਂ ਨਹੀਂ ਹਿਚਕਿਚਾਉਂਦੇ ਕਿ ਮੰਡਲੀ ਵਿਚ ਕੁਝ ਸਨਮਾਨ ਹੋਰ ਭਰਾਵਾਂ ਨੂੰ ਦੇ ਦਿੱਤੇ ਜਾਣਗੇ। ਖੁੱਲ੍ਹੇ ਦਿਲ ਵਾਲੇ ਬਜ਼ੁਰਗ ਹੋਰ ਭਰਾਵਾਂ ਨੂੰ ‘ਆਪਣੇ ਨਾਲ ਕੰਮ ਕਰਨ ਵਾਲੇ’ ਸਮਝਦੇ ਹਨ ਜੋ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਮਦਦਗਾਰ ਸਾਬਤ ਹੋਣਗੇ। (2 ਕੁਰਿੰ. 1:24; ਇਬ. 13:16) ਨਾਲੇ ਬਜ਼ੁਰਗਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਹੋਰ ਭਰਾ ਮੰਡਲੀ ਦੇ ਫ਼ਾਇਦੇ ਲਈ ਆਪਣੀਆਂ ਕਾਬਲੀਅਤਾਂ ਇਸਤੇਮਾਲ ਕਰਦੇ ਹਨ।—ਰਸੂ. 20:35.

      18, 19. ਇਕ ਬਜ਼ੁਰਗ ਕਿਸੇ ਭਰਾ ਦਾ ਦਿਲ ਕਿਵੇਂ ਤਿਆਰ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?

      18 ਦੋਸਤ ਬਣੋ, ਨਾ ਕਿ ਸਿਰਫ਼ ਟ੍ਰੇਨਿੰਗ ਦੇਣ ਵਾਲੇ। ਜੇ ਸਮੂਏਲ ਚਾਹੁੰਦਾ, ਤਾਂ ਉਹ ਪਹਿਲੇ ਹੀ ਦਿਨ ਆਪਣੀ ਕੁੱਪੀ ਕੱਢ ਕੇ ਕਾਹਲੀ ਵਿਚ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਕੇ ਨਵੇਂ ਰਾਜੇ ਨੂੰ ਵਿਦਾ ਕਰ ਸਕਦਾ ਸੀ। ਪਰ ਇਸ ਤਰ੍ਹਾਂ ਕਰਨ ਨਾਲ ਸ਼ਾਊਲ ਨੇ ਆਪਣੀ ਨਵੀਂ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਹੋਣਾ ਸੀ। ਇਸ ਦੀ ਬਜਾਇ, ਸਮੂਏਲ ਨੇ ਪਿਆਰ ਨਾਲ ਹੌਲੀ-ਹੌਲੀ ਉਸ ਦੇ ਦਿਲ ਨੂੰ ਤਿਆਰ ਕੀਤਾ। ਰੋਟੀ ਖਾ ਕੇ ਸੈਰ ਦਾ ਮਜ਼ਾ ਲੈਣ, ਖੁੱਲ੍ਹ ਕੇ ਗੱਲ ਕਰਨ ਅਤੇ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਸਮੂਏਲ ਨਬੀ ਨੂੰ ਮਹਿਸੂਸ ਹੋਇਆ ਕਿ ਸ਼ਾਊਲ ਨੂੰ ਰਾਜਾ ਬਣਾਉਣ ਦਾ ਸਹੀ ਸਮਾਂ ਆ ਗਿਆ ਸੀ।

      ਇਕ ਬਜ਼ੁਰਗ ਤੇ ਇਕ ਸਹਾਇਕ ਸੇਵਕ ਆਰਾਮ ਨਾਲ ਬੈਠ ਕੇ ਗੱਲਬਾਤ ਕਰਦੇ ਹੋਏ

      ਦੂਸਰਿਆਂ ਨੂੰ ਟ੍ਰੇਨਿੰਗ ਦੇਣ ਦੀ ਸ਼ੁਰੂਆਤ ਦੋਸਤੀ ਨਾਲ ਕਰੋ (ਪੈਰੇ 18, 19 ਦੇਖੋ)

      19 ਇਸੇ ਤਰ੍ਹਾਂ, ਅੱਜ ਇਕ ਬਜ਼ੁਰਗ ਨੂੰ ਕਿਸੇ ਭਰਾ ਨੂੰ ਟ੍ਰੇਨਿੰਗ ਦੇਣ ਲਈ ਵਧੀਆ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਅਤੇ ਉਸ ਨਾਲ ਦੋਸਤੀ ਕਰਨੀ ਚਾਹੀਦੀ ਹੈ। ਉਸ ਨਾਲ ਦੋਸਤੀ ਕਰਨ ਲਈ ਬਜ਼ੁਰਗ ਕੀ ਕਰਦਾ ਹੈ, ਇਹ ਹਰ ਦੇਸ਼ ਦੇ ਹਾਲਾਤਾਂ ਅਤੇ ਰਿਵਾਜਾਂ ਉੱਤੇ ਨਿਰਭਰ ਕਰਦਾ ਹੈ। ਪਰ ਤੁਸੀਂ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਹੋ, ਜੇ ਤੁਸੀਂ ਬਿਜ਼ੀ ਹੋਣ ਦੇ ਬਾਵਜੂਦ ਕਿਸੇ ਭਰਾ ਨਾਲ ਸਮਾਂ ਬਿਤਾਉਂਦੇ ਹੋ, ਤਾਂ ਤੁਸੀਂ ਅਸਲ ਵਿਚ ਉਸ ਨੂੰ ਕਹਿ ਰਹੇ ਹੋ, “ਮੈਂ ਤੇਰੀ ਬਹੁਤ ਕਦਰ ਕਰਦਾ ਹਾਂ।” (ਰੋਮੀਆਂ 12:10 ਪੜ੍ਹੋ।) ਇਸ ਤੋਂ ਉਸ ਭਰਾ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਦੀ ਕਿੰਨੀ ਪਰਵਾਹ ਕਰਦੇ ਹੋ।

      20, 21. (ੳ) ਕਾਮਯਾਬੀ ਨਾਲ ਟ੍ਰੇਨਿੰਗ ਦੇਣ ਲਈ ਕੀ ਜ਼ਰੂਰੀ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ʼਤੇ ਚਰਚਾ ਕੀਤੀ ਜਾਵੇਗੀ?

      20 ਬਜ਼ੁਰਗੋ, ਯਾਦ ਰੱਖੋ ਕਿ ਭਰਾਵਾਂ ਨੂੰ ਟ੍ਰੇਨਿੰਗ ਦੇਣ ਵਿਚ ਕਾਮਯਾਬ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਪਿਆਰ ਵੀ ਕਰੋ। (ਯੂਹੰਨਾ 5:20 ਵਿਚਲਾ ਨੁਕਤਾ ਦੇਖੋ।) ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਭਰਾਵਾਂ ਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਸੱਚ-ਮੁੱਚ ਉਨ੍ਹਾਂ ਦੀ ਪਰਵਾਹ ਕਰਦੇ ਹੋ ਅਤੇ ਉਹ ਖ਼ੁਸ਼ੀ-ਖ਼ੁਸ਼ੀ ਤੁਹਾਡੇ ਤੋਂ ਸਿੱਖਣ ਲਈ ਤਿਆਰ ਹੋਣਗੇ। ਇਸ ਲਈ ਪਿਆਰੇ ਬਜ਼ੁਰਗੋ, ਤੁਸੀਂ ਸਿਰਫ਼ ਟ੍ਰੇਨਿੰਗ ਹੀ ਨਾ ਦਿਓ, ਸਗੋਂ ਦੋਸਤ ਵੀ ਬਣੋ।—ਕਹਾ. 17:17; ਯੂਹੰ. 15:15.

      21 ਕਿਸੇ ਭਰਾ ਦੇ ਦਿਲ ਨੂੰ ਤਿਆਰ ਕਰਨ ਤੋਂ ਬਾਅਦ ਇਕ ਬਜ਼ੁਰਗ ਉਸ ਨੂੰ ਜ਼ਰੂਰੀ ਕੰਮਾਂ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਸਕਦਾ ਹੈ। ਬਜ਼ੁਰਗ ਕਿਹੜੇ ਤਰੀਕੇ ਵਰਤ ਸਕਦਾ ਹੈ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

      a ਇਹ ਲੇਖ ਤੇ ਅਗਲਾ ਲੇਖ ਖ਼ਾਸ ਤੌਰ ਤੇ ਬਜ਼ੁਰਗਾਂ ਲਈ ਲਿਖਿਆ ਗਿਆ ਹੈ। ਪਰ ਮੰਡਲੀ ਵਿਚ ਸਾਰਿਆਂ ਨੂੰ ਇਨ੍ਹਾਂ ਲੇਖਾਂ ਵਿਚ ਦੱਸੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂ? ਇਸ ਨਾਲ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੂੰ ਮੰਡਲੀ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਟ੍ਰੇਨਿੰਗ ਲੈਣ ਦੀ ਲੋੜ ਹੈ। ਜਦੋਂ ਮੰਡਲੀ ਵਿਚ ਜ਼ਿਆਦਾ ਭਰਾਵਾਂ ਨੂੰ ਟ੍ਰੇਨਿੰਗ ਮਿਲੇਗੀ, ਤਾਂ ਸਾਰਿਆਂ ਨੂੰ ਫ਼ਾਇਦਾ ਹੋਵੇਗਾ।

      b ਇਹ ਬਜ਼ੁਰਗ ਅਮਰੀਕਾ, ਆਸਟ੍ਰੇਲੀਆ, ਕੋਰੀਆ, ਜਪਾਨ, ਦੱਖਣੀ ਅਫ਼ਰੀਕਾ, ਨਮੀਬੀਆ, ਨਾਈਜੀਰੀਆ, ਫਰਾਂਸ, ਫ਼੍ਰੈਂਚ ਗੀਆਨਾ, ਬੰਗਲਾਦੇਸ਼, ਬ੍ਰਾਜ਼ੀਲ, ਬੈਲਜੀਅਮ, ਮੈਕਸੀਕੋ, ਰੀਯੂਨੀਅਨ ਅਤੇ ਰੂਸ ਵਿਚ ਰਹਿੰਦੇ ਹਨ।

      ਇਕ ਭਾਰੀ ਜ਼ਿੰਮੇਵਾਰੀ

      ਕਿਸੇ ਹੋਰ ਥਾਂ ਜਾ ਕੇ ਸੇਵਾ ਕਰਨ ਵਾਲਾ ਭਰਾ ਉੱਥੇ ਦੇ ਭਰਾਵਾਂ ਨੂੰ ਮੰਡਲੀ ਦੀ ਦੇਖ-ਭਾਲ ਕਰਨ ਦੀ ਟ੍ਰੇਨਿੰਗ ਦਿੰਦਾ ਹੋਇਆ

      ਦੁਨੀਆਂ ਭਰ ਦੇ ਬਹੁਤ ਸਾਰੇ ਭੈਣ-ਭਰਾ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਸੇਵਾ ਕਰ ਰਹੇ ਹਨ ਜਿੱਥੇ ਪਬਲੀਸ਼ਰਾਂ ਦੀ ਜ਼ਿਆਦਾ ਲੋੜ ਹੈ। ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ। ਪਰ ਜੇ ਉਨ੍ਹਾਂ ਨੂੰ ਉਹ ਦੇਸ਼ ਛੱਡ ਕੇ ਜਾਣਾ ਪਵੇ, ਤਾਂ ਕਿਹੜੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ? ਬਹੁਤ ਸਾਰੀਆਂ ਮੰਡਲੀਆਂ ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਕਾਬਲ ਭਰਾਵਾਂ ਦੀ ਕਮੀ ਆ ਜਾਵੇਗੀ। ਇਸ ਲਈ ਹੋਰ ਦੇਸ਼ਾਂ ਤੋਂ ਆ ਕੇ ਸੇਵਾ ਕਰ ਰਹੇ ਬਜ਼ੁਰਗਾਂ ਉੱਤੇ ਇਹ ਭਾਰੀ ਜ਼ਿੰਮੇਵਾਰੀ ਹੈ ਕਿ ਉਹ ਜਲਦ ਤੋਂ ਜਲਦ ਉੱਥੇ ਦੇ ਭਰਾਵਾਂ ਨੂੰ ਮੰਡਲੀ ਦੀ ਦੇਖ-ਭਾਲ ਕਰਨ ਦੀ ਟ੍ਰੇਨਿੰਗ ਦੇਣ।

  • ਬਜ਼ੁਰਗ ਹੋਰ ਭਰਾਵਾਂ ਦੀ ਯੋਗ ਬਣਨ ਵਿਚ ਕਿਵੇਂ ਮਦਦ ਕਰਦੇ ਹਨ?
    ਪਹਿਰਾਬੁਰਜ—2015 | ਅਪ੍ਰੈਲ 15
    • ਅਲੀਸ਼ਾ ਏਲੀਯਾਹ ਨੂੰ ਆਪਣੀ ਚਾਦਰ ਯਰਦਨ ਦਰਿਆ ਦੇ ਪਾਣੀ ’ਤੇ ਮਾਰਦੇ ਹੋਏ ਦੇਖਦਾ ਹੋਇਆ

      ਬਜ਼ੁਰਗ ਹੋਰ ਭਰਾਵਾਂ ਦੀ ਯੋਗ ਬਣਨ ਵਿਚ ਕਿਵੇਂ ਮਦਦ ਕਰਦੇ ਹਨ?

      “ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਸਨ . . . ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ।”—2 ਤਿਮੋ. 2:2.

      ਤੁਸੀਂ ਕੀ ਜਵਾਬ ਦਿਓਗੇ?

      • ਇਕ ਬਜ਼ੁਰਗ ਕਿਸੇ ਭਰਾ ਦੀ ਯਹੋਵਾਹ ਨੂੰ ਹੋਰ ਪਿਆਰ ਕਰਨ ਵਿਚ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰ ਸਕਦਾ ਹੈ?

      • ਮੰਡਲੀ ਵਿਚ ਜ਼ਿਆਦਾ ਸੇਵਾ ਕਰਨ ਦੀ ਇੱਛਾ ਨਾ ਰੱਖਣ ਵਾਲੇ ਭਰਾਵਾਂ ਦੀ ਸੋਚ ਬਦਲਣ ਵਿਚ ਕਿਹੜੀਆਂ ਆਇਤਾਂ ਮਦਦ ਕਰ ਸਕਦੀਆਂ ਹਨ?

      • ਟ੍ਰੇਨਿੰਗ ਲੈ ਰਹੇ ਭਰਾ ਅਲੀਸ਼ਾ ਦੀ ਰੀਸ ਕਿਵੇਂ ਕਰ ਸਕਦੇ ਹਨ?

      1. (ੳ) ਟ੍ਰੇਨਿੰਗ ਦੇ ਸੰਬੰਧ ਵਿਚ ਬਹੁਤ ਸਮਾਂ ਪਹਿਲਾਂ ਹੀ ਪਰਮੇਸ਼ੁਰ ਦੇ ਲੋਕਾਂ ਨੂੰ ਕੀ ਅਹਿਸਾਸ ਹੋ ਗਿਆ ਸੀ ਅਤੇ ਇਹ ਗੱਲ ਅੱਜ ਵੀ ਕਿਉਂ ਸੱਚ ਹੈ? (ਅ) ਇਸ ਲੇਖ ਵਿਚ ਅਸੀਂ ਕਿਸ ਗੱਲ ʼਤੇ ਚਰਚਾ ਕਰਾਂਗੇ?

      ਬਹੁਤ ਸਮਾਂ ਪਹਿਲਾਂ ਹੀ ਪਰਮੇਸ਼ੁਰ ਦੇ ਸੇਵਕਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਟ੍ਰੇਨਿੰਗ ਦੇਣ ਨਾਲ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਅਬਰਾਮ ਨੇ ਲੂਤ ਨੂੰ ਬਚਾਉਣ ਲਈ ਆਪਣੇ “ਸਿਖਾਏ ਹੋਏ” ਬੰਦਿਆਂ ਨੂੰ ਇਸਤੇਮਾਲ ਕੀਤਾ ਸੀ ਅਤੇ ਉਹ ਜਿੱਤ ਕੇ ਆਏ ਸਨ। (ਉਤ. 14:14-16) ਰਾਜਾ ਦਾਊਦ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਘਰ ਵਿਚ “ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ” ਗਾਇਕ ਸਨ ਜਿਹੜੇ ਉਸ ਦਾ ਗੁਣਗਾਨ ਕਰਦੇ ਸਨ। (1 ਇਤ. 25:7) ਅੱਜ ਅਸੀਂ ਸ਼ੈਤਾਨ ਅਤੇ ਉਸ ਦੀ ਦੁਨੀਆਂ ਨਾਲ ਲੜਾਈ ਲੜ ਰਹੇ ਹਾਂ। (ਅਫ਼. 6:11-13) ਨਾਲੇ, ਅਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਵੀ ਮਿਹਨਤ ਕਰਦੇ ਹਾਂ। (ਇਬ. 13:15, 16) ਇਸ ਲਈ ਪੁਰਾਣੇ ਜ਼ਮਾਨੇ ਦੇ ਪਰਮੇਸ਼ੁਰ ਦੇ ਸੇਵਕਾਂ ਵਾਂਗ ਕਾਮਯਾਬ ਹੋਣ ਲਈ ਸਾਨੂੰ ਟ੍ਰੇਨਿੰਗ ਦੀ ਲੋੜ ਹੈ। ਮੰਡਲੀ ਵਿਚ ਯਹੋਵਾਹ ਨੇ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਬਜ਼ੁਰਗਾਂ ਨੂੰ ਸੌਂਪੀ ਹੈ। (2 ਤਿਮੋ. 2:2) ਤਜਰਬੇਕਾਰ ਬਜ਼ੁਰਗ ਦੂਸਰੇ ਭਰਾਵਾਂ ਨੂੰ ਕਿਹੜੇ ਤਰੀਕਿਆਂ ਨਾਲ ਟ੍ਰੇਨਿੰਗ ਦੇ ਰਹੇ ਹਨ ਤਾਂਕਿ ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਦੇ ਯੋਗ ਬਣ ਸਕਣ?

      ਪਰਮੇਸ਼ੁਰ ਲਈ ਆਪਣਾ ਪਿਆਰ ਵਧਾਉਣ ਵਿਚ ਭਰਾਵਾਂ ਦੀ ਮਦਦ ਕਰੋ

      2. ਕਿਸੇ ਭਰਾ ਨੂੰ ਕੋਈ ਕੰਮ ਸਿਖਾਉਣ ਤੋਂ ਪਹਿਲਾਂ ਇਕ ਬਜ਼ੁਰਗ ਨੂੰ ਸ਼ਾਇਦ ਕੀ ਕਰਨਾ ਪਵੇ ਅਤੇ ਕਿਉਂ?

      2 ਬਜ਼ੁਰਗ ਵਜੋਂ ਤੁਹਾਡੀ ਤੁਲਨਾ ਮਾਲੀ ਨਾਲ ਕੀਤੀ ਜਾ ਸਕਦੀ ਹੈ। ਬੀ ਬੀਜਣ ਤੋਂ ਪਹਿਲਾਂ ਮਾਲੀ ਨੂੰ ਸ਼ਾਇਦ ਮਿੱਟੀ ਵਿਚ ਖਾਦ ਪਾਉਣੀ ਪਵੇ ਤਾਂਕਿ ਪੌਦੇ ਚੰਗੀ ਤਰ੍ਹਾਂ ਵਧਣ-ਫੁੱਲਣ। ਇਸੇ ਤਰ੍ਹਾਂ ਕਿਸੇ ਘੱਟ ਤਜਰਬੇਕਾਰ ਭਰਾ ਨੂੰ ਕੋਈ ਕੰਮ ਸਿਖਾਉਣ ਤੋਂ ਪਹਿਲਾਂ ਤੁਸੀਂ ਸ਼ਾਇਦ ਦੇਖੋ ਕਿ ਪਹਿਲਾਂ ਬਾਈਬਲ ਦੇ ਕੁਝ ਅਸੂਲ ਵਰਤ ਕੇ ਉਸ ਭਰਾ ਦੇ ਦਿਲ ਨੂੰ ਤਿਆਰ ਕਰਨ ਦੀ ਲੋੜ ਹੈ ਤਾਂਕਿ ਉਹ ਟ੍ਰੇਨਿੰਗ ਤੋਂ ਫ਼ਾਇਦਾ ਲੈ ਸਕੇ।—1 ਤਿਮੋ. 4:6.

      3. (ੳ) ਕਿਸੇ ਭਰਾ ਨਾਲ ਗੱਲ ਕਰਦੇ ਹੋਏ ਮਰਕੁਸ 12:29, 30 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ? (ਅ) ਇਕ ਬਜ਼ੁਰਗ ਵੱਲੋਂ ਕਿਸੇ ਭਰਾ ਲਈ ਕੀਤੀ ਪ੍ਰਾਰਥਨਾ ਦਾ ਕੀ ਅਸਰ ਪੈ ਸਕਦਾ ਹੈ?

      3 ਕਿਸੇ ਭਰਾ ਦੀ ਸੋਚ ਅਤੇ ਕੰਮਾਂ ਉੱਤੇ ਸੱਚਾਈ ਦਾ ਕਿੰਨਾ ਕੁ ਅਸਰ ਪਿਆ ਹੈ, ਇਹ ਜਾਣਨ ਲਈ ਤੁਸੀਂ ਉਸ ਨੂੰ ਪੁੱਛ ਸਕਦੇ ਹੋ, ‘ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਬਾਅਦ ਹੁਣ ਤੁਸੀਂ ਉਸ ਲਈ ਕੀ ਕਰ ਰਹੇ ਹੋ?’ ਇਸ ਸਵਾਲ ਦੀ ਮਦਦ ਨਾਲ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ ਕਿ ਅਸੀਂ ਕਿਵੇਂ ਪੂਰੇ ਦਿਲ-ਜਾਨ ਨਾਲ ਪਵਿੱਤਰ ਸੇਵਾ ਕਰ ਸਕਦੇ ਹਾਂ। (ਮਰਕੁਸ 12:29,30 ਪੜ੍ਹੋ।) ਗੱਲ ਕਰਨ ਤੋਂ ਬਾਅਦ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਉਸ ਭਰਾ ਨੂੰ ਟ੍ਰੇਨਿੰਗ ਤੋਂ ਫ਼ਾਇਦਾ ਲੈਣ ਲਈ ਆਪਣੀ ਪਵਿੱਤਰ ਸ਼ਕਤੀ ਦੇਵੇ। ਜਦੋਂ ਉਹ ਭਰਾ ਸੁਣੇਗਾ ਕਿ ਤੁਸੀਂ ਉਸ ਲਈ ਦਿਲੋਂ ਪ੍ਰਾਰਥਨਾ ਕੀਤੀ ਹੈ, ਤਾਂ ਉਸ ਨੂੰ ਬਹੁਤ ਹੱਲਾਸ਼ੇਰੀ ਮਿਲੇਗੀ।

      4. (ੳ) ਬਾਈਬਲ ਵਿੱਚੋਂ ਕੁਝ ਮਿਸਾਲਾਂ ਦਿਓ ਜਿਨ੍ਹਾਂ ਦੀ ਮਦਦ ਨਾਲ ਭਰਾਵਾਂ ਨੂੰ ਤਰੱਕੀ ਕਰਨ ਦੀ ਪ੍ਰੇਰਣਾ ਦਿੱਤੀ ਜਾ ਸਕਦੀ ਹੈ। (ਅ) ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵੇਲੇ ਬਜ਼ੁਰਗਾਂ ਦੀ ਕੀ ਟੀਚਾ ਹੋਣਾ ਚਾਹੀਦਾ ਹੈ?

      4 ਟ੍ਰੇਨਿੰਗ ਦੀ ਸ਼ੁਰੂਆਤ ਵਿਚ ਉਸ ਭਰਾ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਸ ਨੂੰ ਦੂਜਿਆਂ ਦੀ ਮਦਦ ਲਈ ਤਿਆਰ ਰਹਿਣ ਅਤੇ ਭਰੋਸੇਯੋਗ ਤੇ ਨਿਮਰ ਬਣਨ ਦੀ ਲੋੜ ਹੈ। ਇਸ ਵਾਸਤੇ ਉਸ ਨਾਲ ਬਾਈਬਲ ਦੇ ਕੁਝ ਬਿਰਤਾਂਤਾਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ। (1 ਰਾਜ. 19:19-21; ਨਹ. 7:2; 13:13; ਰਸੂ. 18:24-26) ਜਿਵੇਂ ਮਿੱਟੀ ਲਈ ਖਾਦ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਇਹ ਗੁਣ ਉਸ ਭਰਾ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਗੁਣਾਂ ਦੀ ਮਦਦ ਨਾਲ ਉਹ ਮੰਡਲੀ ਵਿਚ ਜਲਦੀ ਤਰੱਕੀ ਕਰ ਸਕੇਗਾ। ਫਰਾਂਸ ਦਾ ਰਹਿਣ ਵਾਲਾ ਜ਼ੌਨ-ਕਲੌਡ ਨਾਂ ਦਾ ਇਕ ਬਜ਼ੁਰਗ ਦੱਸਦਾ ਹੈ: “ਟ੍ਰੇਨਿੰਗ ਦੇਣ ਵੇਲੇ ਮੇਰਾ ਮੁੱਖ ਟੀਚਾ ਇਹੀ ਹੁੰਦਾ ਹੈ ਕਿ ਮੈਂ ਭਰਾ ਦੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਵਿਚ ਮਦਦ ਕਰਾਂ। ਮੈਂ ਉਨ੍ਹਾਂ ਨਾਲ ਇਕੱਠੇ ਬਾਈਬਲ ਦੀਆਂ ਆਇਤਾਂ ਪੜ੍ਹਨ ਦੇ ਮੌਕਿਆਂ ਦੀ ਭਾਲ ਵਿਚ ਰਹਿੰਦਾ ਹਾਂ ਤਾਂਕਿ ਉਸ ਭਰਾ ਦੀਆਂ ‘ਅੱਖਾਂ ਖੁੱਲ੍ਹ ਜਾਣ’ ਤੇ ਉਹ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ‘ਅਚਰਜ ਗੱਲਾਂ ਵੇਖ’ ਸਕੇ।” (ਜ਼ਬੂ. 119:18) ਹੋਰ ਕਿਹੜੇ ਕੁਝ ਤਰੀਕਿਆਂ ਨਾਲ ਉਸ ਭਰਾ ਦੀ ਮਦਦ ਕੀਤੀ ਜਾ ਸਕਦੀ ਹੈ?

      ਟੀਚੇ ਰੱਖਣ ਦਾ ਸੁਝਾਅ ਦਿਓ ਅਤੇ ਕਾਰਨ ਦੱਸੋ

      5. (ੳ) ਕਿਸੇ ਭਰਾ ਨਾਲ ਉਸ ਦੇ ਟੀਚਿਆਂ ਬਾਰੇ ਗੱਲ ਕਰਨੀ ਕਿਉਂ ਜ਼ਰੂਰੀ ਹੈ? (ਅ) ਬਜ਼ੁਰਗਾਂ ਨੂੰ ਛੋਟੀ ਉਮਰ ਦੇ ਭਰਾਵਾਂ ਨੂੰ ਵੀ ਟ੍ਰੇਨਿੰਗ ਕਿਉਂ ਦੇਣੀ ਚਾਹੀਦੀ ਹੈ? (ਫੁਟਨੋਟ ਦੇਖੋ।)

      5 ਭਰਾ ਨੂੰ ਪੁੱਛੋ, ‘ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿਹੜੇ ਟੀਚੇ ਰੱਖੇ ਹਨ?’ ਜੇ ਉਸ ਨੇ ਕੋਈ ਟੀਚਾ ਨਹੀਂ ਰੱਖਿਆ ਹੈ, ਤਾਂ ਉਸ ਦੀ ਅਜਿਹੇ ਟੀਚੇ ਰੱਖਣ ਵਿਚ ਮਦਦ ਕਰੋ ਜਿਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਸ ਨੂੰ ਦੱਸੋ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਕਿਹੜਾ ਖ਼ਾਸ ਟੀਚਾ ਰੱਖਿਆ ਸੀ ਅਤੇ ਫਿਰ ਉਸ ਨੂੰ ਜੋਸ਼ ਨਾਲ ਦੱਸੋ ਕਿ ਤੁਹਾਨੂੰ ਉਹ ਟੀਚਾ ਹਾਸਲ ਕਰ ਕੇ ਕਿੰਨੀ ਖ਼ੁਸ਼ੀ ਮਿਲੀ ਸੀ। ਇਹ ਤਰੀਕਾ ਸ਼ਾਇਦ ਮਾਮੂਲੀ ਜਿਹਾ ਲੱਗਦਾ ਹੈ, ਪਰ ਹੈ ਬਹੁਤ ਅਸਰਦਾਰ। ਅਫ਼ਰੀਕਾ ਵਿਚ ਵਿਕਟਰ ਨਾਂ ਦਾ ਇਕ ਬਜ਼ੁਰਗ ਪਾਇਨੀਅਰਿੰਗ ਕਰਦਾ ਹੈ। ਉਹ ਦੱਸਦਾ ਹੈ: “ਜਦੋਂ ਮੈਂ ਛੋਟਾ ਸੀ, ਤਾਂ ਇਕ ਬਜ਼ੁਰਗ ਨੇ ਮੈਨੂੰ ਮੇਰੇ ਟੀਚਿਆਂ ਬਾਰੇ ਕੁਝ ਵਧੀਆ ਸਵਾਲ ਪੁੱਛੇ। ਉਨ੍ਹਾਂ ਸਵਾਲਾਂ ਨੇ ਮੇਰੀ ਆਪਣੀ ਸੇਵਕਾਈ ਬਾਰੇ ਗੰਭੀਰਤਾ ਨਾਲ ਸੋਚਣ ਵਿਚ ਮਦਦ ਕੀਤੀ।” ਤਜਰਬੇਕਾਰ ਬਜ਼ੁਰਗ ਛੋਟੀ ਉਮਰ ਦੇ ਭਰਾਵਾਂ ਨੂੰ ਟ੍ਰੇਨਿੰਗ ਦੇਣ ਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੰਦੇ ਹਨ। ਉਹ ਉਨ੍ਹਾਂ ਨੂੰ ਉਮਰ ਦੇ ਅਨੁਸਾਰ ਮੰਡਲੀ ਵਿਚ ਕੰਮ ਦਿੰਦੇ ਹਨ। ਛੋਟੀ ਉਮਰ ਤੋਂ ਟ੍ਰੇਨਿੰਗ ਮਿਲਣ ਨਾਲ ਉਹ ਵੱਡੇ ਹੋ ਕੇ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖ ਸਕਦੇ ਹਨ ਜਦੋਂ ਕਈ ਗੱਲਾਂ ਉਨ੍ਹਾਂ ਦਾ ਧਿਆਨ ਭਟਕਾ ਸਕਦੀਆਂ ਹਨ।—ਜ਼ਬੂਰਾਂ ਦੀ ਪੋਥੀ 71:5, 17 ਪੜ੍ਹੋ।a

      ਕਿੰਗਡਮ ਹਾਲ ਵਿਚ ਇਕ ਬਜ਼ੁਰਗ ਇਕ ਜਵਾਨ ਭਰਾ ਨੂੰ ਇਹ ਦੱਸਦਾ ਹੋਇਆ ਕਿ ਕੋਈ ਕੰਮ ਕਰਨਾ ਕਿਉਂ ਜ਼ਰੂਰੀ ਹੈ

      ਭਰਾ ਨੂੰ ਦੱਸੋ ਕਿ ਕੋਈ ਕੰਮ ਕਰਨਾ ਕਿਉਂ ਜ਼ਰੂਰੀ ਹੈ ਅਤੇ ਮਿਹਨਤ ਕਰਨ ਲਈ ਉਸ ਦੀ ਤਾਰੀਫ਼ ਵੀ ਕਰੋ (ਪੈਰੇ 5-8 ਦੇਖੋ)

      6. ਯਿਸੂ ਨੇ ਟ੍ਰੇਨਿੰਗ ਦੇਣ ਲਈ ਕਿਹੜਾ ਖ਼ਾਸ ਤਰੀਕਾ ਵਰਤਿਆ ਸੀ?

      6 ਕਿਸੇ ਭਰਾ ਵਿਚ ਸੇਵਾ ਕਰਨ ਦੀ ਇੱਛਾ ਜਗਾਉਣ ਲਈ ਤੁਸੀਂ ਉਸ ਨੂੰ ਸਿਰਫ਼ ਇਹੀ ਨਾ ਦੱਸੋ ਕਿ ਉਹ ਕੀ ਕਰ ਸਕਦਾ ਹੈ, ਸਗੋਂ ਉਸ ਨੂੰ ਇਸ ਦਾ ਕਾਰਨ ਵੀ ਦੱਸੋ। ਇੱਦਾਂ ਤੁਸੀਂ ਮਹਾਨ ਗੁਰੂ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋ। ਉਦਾਹਰਣ ਲਈ, ਆਪਣੇ ਰਸੂਲਾਂ ਨੂੰ ਚੇਲੇ ਬਣਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਉਂ ਇਹ ਹੁਕਮ ਮੰਨਣਾ ਚਾਹੀਦਾ ਸੀ। ਉਸ ਨੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।” ਫਿਰ ਉਸ ਨੇ ਕਿਹਾ: “ਇਸ ਲਈ, ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:18, 19) ਤੁਸੀਂ ਯਿਸੂ ਦੇ ਟ੍ਰੇਨਿੰਗ ਦੇਣ ਦੇ ਤਰੀਕੇ ਦੀ ਰੀਸ ਕਿਵੇਂ ਕਰ ਸਕਦੇ ਹੋ?

      7, 8. (ੳ) ਅੱਜ ਬਜ਼ੁਰਗ ਯਿਸੂ ਦੇ ਟ੍ਰੇਨਿੰਗ ਦੇਣ ਦੇ ਤਰੀਕੇ ਦੀ ਰੀਸ ਕਿਵੇਂ ਕਰ ਸਕਦੇ ਹਨ? (ਅ) ਟ੍ਰੇਨਿੰਗ ਵੇਲੇ ਭਰਾਵਾਂ ਦੀ ਤਾਰੀਫ਼ ਕਰਨੀ ਕਿਉਂ ਜ਼ਰੂਰੀ ਹੈ? (ੲ) ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵਿਚ ਕਿਹੜੇ ਸੁਝਾਅ ਬਜ਼ੁਰਗਾਂ ਦੀ ਮਦਦ ਕਰ ਸਕਦੇ ਹਨ? (“ਭਰਾਵਾਂ ਨੂੰ ਟ੍ਰੇਨਿੰਗ ਕਿਵੇਂ ਦੇਈਏ?” ਨਾਂ ਦੀ ਡੱਬੀ ਦੇਖੋ।)

      7 ਉਸ ਭਰਾ ਨੂੰ ਬਾਈਬਲ ਵਿੱਚੋਂ ਸਮਝਾਓ ਕਿ ਉਸ ਦਾ ਕੰਮ ਕਿਉਂ ਮਹੱਤਵਪੂਰਣ ਹੈ। ਇਸ ਤਰ੍ਹਾਂ ਤੁਸੀਂ ਬਾਈਬਲ ਦੇ ਅਸੂਲ ਵਰਤ ਕੇ ਟ੍ਰੇਨਿੰਗ ਦਿਓਗੇ। ਮਿਸਾਲ ਲਈ, ਤੁਸੀਂ ਇਕ ਭਰਾ ਨੂੰ ਕਹਿੰਦੇ ਹੋ ਕਿ ਉਹ ਕਿੰਗਡਮ ਹਾਲ ਦੇ ਗੇਟ ਦੇ ਸਾਮ੍ਹਣੇ ਸਫ਼ਾਈ ਰੱਖੇ ਅਤੇ ਧਿਆਨ ਰੱਖੇ ਕਿ ਅੰਦਰ ਆਉਣ-ਜਾਣ ਵਾਲਿਆਂ ਨੂੰ ਸੱਟ-ਚੋਟ ਲੱਗਣ ਦਾ ਖ਼ਤਰਾ ਨਾ ਹੋਵੇ। ਤੁਸੀਂ ਤੀਤੁਸ 2:10 ਉੱਤੇ ਚਰਚਾ ਕਰ ਕੇ ਉਸ ਨੂੰ ਸਮਝਾ ਸਕਦੇ ਹੋ ਕਿ ਸਫ਼ਾਈ ਰੱਖਣ ਨਾਲ ਕਿਵੇਂ ‘ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧੇਗੀ।’ ਨਾਲੇ ਉਸ ਨੂੰ ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਬਾਰੇ ਸੋਚਣ ਲਈ ਵੀ ਕਹੋ ਕਿ ਉਸ ਦੇ ਕੰਮ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ। ਟ੍ਰੇਨਿੰਗ ਦੌਰਾਨ ਇਸ ਤਰ੍ਹਾਂ ਗੱਲਬਾਤ ਕਰ ਕੇ ਤੁਸੀਂ ਉਸ ਦੀ ਮਦਦ ਕਰੋਗੇ ਕਿ ਉਹ ਸਿਰਫ਼ ਕੰਮ ਪੂਰਾ ਕਰਨ ʼਤੇ ਧਿਆਨ ਨਾ ਲਾਵੇ, ਸਗੋਂ ਸੋਚੇ ਕਿ ਦੂਜਿਆਂ ਨੂੰ ਕਿੰਨਾ ਫ਼ਾਇਦਾ ਹੋਵੇਗਾ। ਉਸ ਨੂੰ ਇਹ ਦੇਖ ਕੇ ਖ਼ੁਸ਼ੀ ਮਿਲੇਗੀ ਕਿ ਉਸ ਦੇ ਕੰਮ ਤੋਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕਿੰਨਾ ਫ਼ਾਇਦਾ ਹੋ ਰਿਹਾ ਹੈ।

      8 ਇਸ ਤੋਂ ਇਲਾਵਾ, ਉਸ ਦੀ ਤਾਰੀਫ਼ ਵੀ ਜ਼ਰੂਰ ਕਰੋ ਕਿ ਉਹ ਤੁਹਾਡੇ ਸੁਝਾਵਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਰੀਫ਼ ਕਰਨੀ ਇੰਨੀ ਜ਼ਰੂਰੀ ਕਿਉਂ ਹੈ? ਜਿਵੇਂ ਪਾਣੀ ਪਾਉਣ ਨਾਲ ਪੌਦਾ ਵਧਦਾ-ਫੁੱਲਦਾ ਹੈ, ਉਸੇ ਤਰ੍ਹਾਂ ਤਾਰੀਫ਼ ਮਿਲਣ ਨਾਲ ਉਹ ਭਰਾ ਵੀ ਮੰਡਲੀ ਵਿਚ ਤਰੱਕੀ ਕਰੇਗਾ।—ਮੱਤੀ 3:17 ਵਿਚਲਾ ਨੁਕਤਾ ਦੇਖੋ।

      ਇਕ ਹੋਰ ਮੁਸ਼ਕਲ

      9. (ੳ) ਅਮੀਰ ਦੇਸ਼ਾਂ ਵਿਚ ਕੁਝ ਬਜ਼ੁਰਗ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ? (ਅ) ਕੁਝ ਨੌਜਵਾਨ ਭਰਾ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਪਹਿਲ ਕਿਉਂ ਨਹੀਂ ਦਿੰਦੇ?

      9 ਅਮੀਰ ਦੇਸ਼ਾਂ ਵਿਚ ਬਜ਼ੁਰਗਾਂ ਨੂੰ ਇਹ ਮੁਸ਼ਕਲ ਵੀ ਆ ਰਹੀ ਹੈ ਕਿ ਉਹ 20-30 ਸਾਲ ਦੇ ਭਰਾਵਾਂ ਨੂੰ ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈਣ ਦੀ ਪ੍ਰੇਰਣਾ ਕਿਵੇਂ ਦੇਣ। ਅਸੀਂ ਤਕਰੀਬਨ 20 ਪੱਛਮੀ ਦੇਸ਼ਾਂ ਵਿਚ ਤਜਰਬੇਕਾਰ ਬਜ਼ੁਰਗਾਂ ਨੂੰ ਪੁੱਛਿਆ ਕਿ ਕਿਉਂ ਕੁਝ ਨੌਜਵਾਨ ਭਰਾ ਮੰਡਲੀ ਵਿਚ ਜ਼ਿੰਮੇਵਾਰੀਆਂ ਲੈਣ ਤੋਂ ਪਿੱਛੇ ਹਟਦੇ ਹਨ। ਜ਼ਿਆਦਾਤਰ ਬਜ਼ੁਰਗਾਂ ਨੇ ਇਹ ਕਾਰਨ ਦੱਸਿਆ: ਛੋਟੀ ਉਮਰ ਤੋਂ ਕੁਝ ਨੌਜਵਾਨ ਭਰਾਵਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣ ਦੀ ਹੱਲਾਸ਼ੇਰੀ ਨਹੀਂ ਦਿੱਤੀ ਗਈ। ਅਸਲ ਵਿਚ, ਕੁਝ ਬੱਚੇ ਪਰਮੇਸ਼ੁਰ ਦੀ ਸੇਵਾ ਜ਼ਿਆਦਾ ਕਰਨੀ ਚਾਹੁੰਦੇ ਸਨ, ਪਰ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਆਪਣੀ ਪੜ੍ਹਾਈ-ਲਿਖਾਈ ਜਾਂ ਕੈਰੀਅਰ ਵੱਲ ਧਿਆਨ ਦੇਣ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਕਦੀ ਪਹਿਲ ਨਹੀਂ ਦਿੱਤੀ।—ਮੱਤੀ 10:24.

      10, 11. (ੳ) ਇਕ ਬਜ਼ੁਰਗ ਹੌਲੀ-ਹੌਲੀ ਉਸ ਭਰਾ ਦੀ ਮਦਦ ਕਿਵੇਂ ਕਰ ਸਕਦਾ ਹੈ ਜਿਸ ਦੀ ਮੰਡਲੀ ਵਿਚ ਸੇਵਾ ਕਰਨ ਦੀ ਇੱਛਾ ਨਹੀਂ ਹੈ? (ਅ) ਅਜਿਹੇ ਭਰਾ ਨਾਲ ਬਜ਼ੁਰਗ ਬਾਈਬਲ ਦੀਆਂ ਕਿਹੜੀਆਂ ਆਇਤਾਂ ʼਤੇ ਚਰਚਾ ਕਰ ਸਕਦਾ ਹੈ ਅਤੇ ਕਿਉਂ? (ਫੁਟਨੋਟ ਦੇਖੋ।)

      10 ਜੇ ਕਿਸੇ ਭਰਾ ਦੀ ਮੰਡਲੀ ਵਿਚ ਸੇਵਾ ਕਰਨ ਦੀ ਇੱਛਾ ਨਹੀਂ ਹੈ, ਤਾਂ ਤੁਸੀਂ ਧੀਰਜ ਨਾਲ ਮਿਹਨਤ ਕਰ ਕੇ ਉਸ ਦੀ ਸੋਚ ਬਦਲ ਸਕਦੇ ਹੋ। ਮਿਸਾਲ ਲਈ, ਇਕ ਮਾਲੀ ਕੁਝ ਪੌਦਿਆਂ ਦੇ ਤਣੇ ਹੌਲੀ-ਹੌਲੀ ਸਿੱਧੇ ਕਰਦਾ ਹੈ ਤਾਂਕਿ ਪੌਦੇ ਸਿੱਧੇ ਵਧਣ। ਉਸੇ ਤਰ੍ਹਾਂ ਤੁਸੀਂ ਵੀ ਹੌਲੀ-ਹੌਲੀ ਕੁਝ ਭਰਾਵਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹੋ ਕਿ ਮੰਡਲੀ ਵਿਚ ਸੇਵਾ ਕਰਨ ਲਈ ਉਨ੍ਹਾਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਪਰ ਕਿਵੇਂ?

      11 ਕਿਸੇ ਭਰਾ ਨਾਲ ਦੋਸਤੀ ਕਰਨ ਲਈ ਉਸ ਨਾਲ ਸਮਾਂ ਗੁਜ਼ਾਰੋ। ਉਸ ਨੂੰ ਦੱਸੋ ਕਿ ਮੰਡਲੀ ਨੂੰ ਉਸ ਦੀ ਲੋੜ ਹੈ। ਫਿਰ ਸਮੇਂ-ਸਮੇਂ ਤੇ ਉਸ ਨਾਲ ਬੈਠ ਕੇ ਬਾਈਬਲ ਦੀਆਂ ਕੁਝ ਖ਼ਾਸ ਆਇਤਾਂ ਦੀ ਚਰਚਾ ਕਰੋ ਅਤੇ ਉਸ ਨੂੰ ਯਹੋਵਾਹ ਨਾਲ ਕੀਤੇ ਸਮਰਪਣ ਦੇ ਵਾਅਦੇ ਬਾਰੇ ਸੋਚਣ ਲਈ ਕਹੋ। (ਉਪ. 5:4; ਯਸਾ. 6:8; ਮੱਤੀ 6:24, 33; ਲੂਕਾ 9:57-62; 1 ਕੁਰਿੰ. 15:58; 2 ਕੁਰਿੰ. 5:15; 13:5) ਤੁਸੀਂ ਉਸ ਨੂੰ ਪੁੱਛ ਸਕਦੇ ਹੋ, ‘ਜਦੋਂ ਤੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ, ਤਾਂ ਤੂੰ ਕੀ ਵਾਅਦਾ ਕੀਤਾ ਸੀ?’ ਅਜਿਹੇ ਸਵਾਲਾਂ ਦੀ ਮਦਦ ਨਾਲ ਉਸ ਦੇ ਦਿਲ ਨੂੰ ਛੋਹਣ ਦੀ ਕੋਸ਼ਿਸ਼ ਕਰੋ, ‘ਜਿਸ ਦਿਨ ਤੂੰ ਬਪਤਿਸਮਾ ਲਿਆ ਸੀ, ਤਾਂ ਤੈਨੂੰ ਕੀ ਲੱਗਦਾ ਕਿ ਯਹੋਵਾਹ ਨੇ ਕਿੱਦਾਂ ਮਹਿਸੂਸ ਕੀਤਾ ਹੋਣਾ?’ (ਕਹਾ. 27:11) ‘ਅਤੇ ਸ਼ੈਤਾਨ ਨੇ ਕਿੱਦਾਂ ਮਹਿਸੂਸ ਕੀਤਾ ਸੀ?’ (1 ਪਤ. 5:8) ਅਜਿਹੀਆਂ ਆਇਤਾਂ ਦਾ ਉਸ ਭਰਾ ਦੇ ਦਿਲ ʼਤੇ ਡੂੰਘਾ ਅਸਰ ਪੈ ਸਕਦਾ ਹੈ।—ਇਬਰਾਨੀਆਂ 4:12 ਪੜ੍ਹੋ।b

      ਭਰਾਵੋ, ਵਫ਼ਾਦਾਰੀ ਦਾ ਸਬੂਤ ਦਿਓ

      12, 13. (ੳ) ਟ੍ਰੇਨਿੰਗ ਦੌਰਾਨ ਅਲੀਸ਼ਾ ਦਾ ਰਵੱਈਆ ਕਿਹੋ ਜਿਹਾ ਸੀ? (ਅ) ਯਹੋਵਾਹ ਨੇ ਅਲੀਸ਼ਾ ਨੂੰ ਵਫ਼ਾਦਾਰੀ ਦਾ ਕੀ ਇਨਾਮ ਦਿੱਤਾ ਸੀ?

      12 ਨੌਜਵਾਨ ਭਰਾਵੋ, ਮੰਡਲੀ ਨੂੰ ਤੁਹਾਡੀ ਮਦਦ ਦੀ ਲੋੜ ਹੈ। ਪਰਮੇਸ਼ੁਰ ਦੀ ਸੇਵਾ ਵਧੀਆ ਤਰੀਕੇ ਨਾਲ ਕਰਨ ਲਈ ਤੁਹਾਨੂੰ ਕਿਹੋ ਜਿਹਾ ਰਵੱਈਆ ਦਿਖਾਉਣਾ ਚਾਹੀਦਾ ਹੈ? ਆਓ ਆਪਾਂ ਜਵਾਬ ਜਾਣਨ ਲਈ ਪੁਰਾਣੇ ਜ਼ਮਾਨੇ ਦੇ ਇਕ ਵਿਅਕਤੀ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਉੱਤੇ ਗੌਰ ਕਰੀਏ।

      13 ਲਗਭਗ 3,000 ਸਾਲ ਪਹਿਲਾਂ, ਨਬੀ ਏਲੀਯਾਹ ਨੇ ਅਲੀਸ਼ਾ ਨੂੰ ਸੱਦਾ ਦਿੱਤਾ ਕਿ ਉਹ ਉਸ ਦਾ ਸੇਵਕ ਬਣੇ। ਅਲੀਸ਼ਾ ਨੇ ਤੁਰੰਤ ਸੱਦਾ ਸਵੀਕਾਰ ਕਰ ਲਿਆ ਅਤੇ ਵਫ਼ਾਦਾਰੀ ਨਾਲ ਏਲੀਯਾਹ ਦੀ ਸੇਵਾ ਕੀਤੀ। (2 ਰਾਜ. 3:11) ਫਿਰ ਤਕਰੀਬਨ 6 ਸਾਲ ਟ੍ਰੇਨਿੰਗ ਲੈਣ ਤੋਂ ਬਾਅਦ ਅਲੀਸ਼ਾ ਨੂੰ ਪਤਾ ਲੱਗਾ ਕਿ ਇਜ਼ਰਾਈਲ ਵਿਚ ਨਬੀ ਦੇ ਤੌਰ ਤੇ ਏਲੀਯਾਹ ਦਾ ਕੰਮ ਖ਼ਤਮ ਹੋਣ ਵਾਲਾ ਸੀ। ਉਸ ਸਮੇਂ ਏਲੀਯਾਹ ਨੇ ਆਪਣੇ ਸਿਖਾਏ ਹੋਏ ਚੇਲੇ ਨੂੰ ਤਿੰਨ ਵਾਰ ਰੋਕਿਆ ਕਿ ਉਹ ਉਸ ਦੇ ਪਿੱਛੇ ਨਾ ਆਵੇ। ਪਰ ਅਲੀਸ਼ਾ ਨੇ ਤਿੰਨੇ ਵਾਰ ਏਲੀਯਾਹ ਨੂੰ ਕਿਹਾ: “ਮੈਂ ਤੈਨੂੰ ਨਹੀਂ ਛੱਡਾਂਗਾ!” ਉਸ ਨੇ ਏਲੀਯਾਹ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਇਸੇ ਕਰਕੇ ਯਹੋਵਾਹ ਨੇ ਅਲੀਸ਼ਾ ਨੂੰ ਉਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ। ਜਦੋਂ ਏਲੀਯਾਹ ਚਮਤਕਾਰੀ ਢੰਗ ਨਾਲ ਵਿਦਿਆ ਹੋਇਆ, ਤਾਂ ਅਲੀਸ਼ਾ ਨੇ ਉਸ ਨੂੰ ਆਪਣੀ ਅੱਖੀਂ ਜਾਂਦੇ ਹੋਏ ਦੇਖਿਆ।—2 ਰਾਜ. 2:1-12.

      14. (ੳ) ਅੱਜ ਟ੍ਰੇਨਿੰਗ ਲੈ ਰਹੇ ਭਰਾ ਅਲੀਸ਼ਾ ਦੀ ਰੀਸ ਕਿਵੇਂ ਕਰ ਸਕਦੇ ਹਨ? (ਅ) ਉਨ੍ਹਾਂ ਲਈ ਵਫ਼ਾਦਾਰ ਰਹਿਣਾ ਐਨਾ ਜ਼ਰੂਰੀ ਕਿਉਂ ਹੈ?

      14 ਤੁਸੀਂ ਅੱਜ ਅਲੀਸ਼ਾ ਦੀ ਰੀਸ ਕਿਵੇਂ ਕਰ ਸਕਦੇ ਹੋ? ਜੋ ਵੀ ਕੰਮ ਤੁਹਾਨੂੰ ਦਿੱਤਾ ਜਾਂਦਾ ਹੈ, ਚਾਹੇ ਉਹ ਛੋਟਾ ਹੀ ਕਿਉਂ ਨਾ ਹੋਵੇ, ਤੁਰੰਤ ਉਸ ਨੂੰ ਸਵੀਕਾਰ ਕਰੋ। ਜੋ ਬਜ਼ੁਰਗ ਤੁਹਾਨੂੰ ਟ੍ਰੇਨਿੰਗ ਦੇ ਰਿਹਾ ਹੈ, ਉਸ ਨੂੰ ਆਪਣਾ ਦੋਸਤ ਸਮਝੋ ਅਤੇ ਉਸ ਨੂੰ ਦੱਸੋ ਕਿ ਤੁਸੀਂ ਉਸ ਦੀ ਮਦਦ ਦੀ ਕਿੰਨੀ ਕਦਰ ਕਰਦੇ ਹੋ। ਇਸ ਤਰ੍ਹਾਂ ਤੁਸੀਂ ਉਸ ਨੂੰ ਇਕ ਤਰ੍ਹਾਂ ਕਹਿ ਰਹੇ ਹੋਵੋਗੇ: “ਮੈਂ ਤੈਨੂੰ ਨਹੀਂ ਛੱਡਾਂਗਾ।” ਸਭ ਤੋਂ ਜ਼ਰੂਰੀ ਇਹ ਹੈ ਕਿ ਤੁਹਾਨੂੰ ਜੋ ਕੰਮ ਦਿੱਤਾ ਗਿਆ ਹੈ, ਉਸ ਨੂੰ ਵਫ਼ਾਦਾਰੀ ਨਾਲ ਕਰੋ। ਇਹ ਐਨਾ ਜ਼ਰੂਰੀ ਕਿਉਂ ਹੈ? ਜੇ ਤੁਸੀਂ ਵਫ਼ਾਦਾਰ ਤੇ ਭਰੋਸੇਯੋਗ ਹੋਣ ਦਾ ਸਬੂਤ ਦਿਓਗੇ, ਤਾਂ ਹੀ ਬਜ਼ੁਰਗਾਂ ਨੂੰ ਯਕੀਨ ਹੋਵੇਗਾ ਕਿ ਯਹੋਵਾਹ ਤੁਹਾਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਦੇਣੀਆਂ ਚਾਹੁੰਦਾ ਹੈ।—ਜ਼ਬੂ. 101:6; 2 ਤਿਮੋਥਿਉਸ 2:2 ਪੜ੍ਹੋ।

      ਆਦਰ ਦਿਖਾਓ

      15, 16. (ੳ) ਅਲੀਸ਼ਾ ਨੇ ਆਪਣੇ ਗੁਰੂ ਦਾ ਕਿਨ੍ਹਾਂ ਤਰੀਕਿਆਂ ਨਾਲ ਆਦਰ ਕੀਤਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਲੀਸ਼ਾ ਦੀ ਕਿਹੜੀ ਗੱਲ ਤੋਂ ਹੋਰ ਨਬੀਆਂ ਨੂੰ ਭਰੋਸਾ ਹੋਇਆ?

      15 ਅਲੀਸ਼ਾ ਦੇ ਬਿਰਤਾਂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅੱਜ ਭਰਾ ਤਜਰਬੇਕਾਰ ਬਜ਼ੁਰਗਾਂ ਦਾ ਕਿਵੇਂ ਆਦਰ ਕਰ ਸਕਦੇ ਹਨ। ਯਰੀਹੋ ਵਿਚ ਕੁਝ ਨਬੀਆਂ ਨੂੰ ਮਿਲਣ ਤੋਂ ਬਾਅਦ ਏਲੀਯਾਹ ਅਤੇ ਅਲੀਸ਼ਾ ਤੁਰਦੇ-ਤੁਰਦੇ ਯਰਦਨ ਦਰਿਆ ਕੰਢੇ ਪਹੁੰਚੇ। ਉੱਥੇ “ਏਲੀਯਾਹ ਨੇ ਆਪਣੀ ਚੱਦਰ ਲਈ ਅਰ ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਰ ਉਹ ਪਾਟ ਕੇ ਐਧਰ ਔਧਰ ਹੋ ਗਿਆ।” ਉਹ ਸੁੱਕੀ ਥਾਂ ਰਾਹੀਂ ਦਰਿਆ ਪਾਰ ਕਰਨ ਤੋਂ ਬਾਅਦ ‘ਗੱਲਾਂ ਕਰਦੇ ਕਰਦੇ ਤੁਰਦੇ ਗਏ।’ ਅਲੀਸ਼ਾ ਧਿਆਨ ਨਾਲ ਉਸ ਦੀਆਂ ਗੱਲਾਂ ਸੁਣਦਾ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਅਲੀਸ਼ਾ ਨੇ ਇਹ ਨਹੀਂ ਸੋਚਿਆ ਕਿ ਉਸ ਨੇ ਸਾਰਾ ਕੁਝ ਸਿੱਖ ਲਿਆ ਸੀ। ਫਿਰ ਏਲੀਯਾਹ ਇਕ ਵਾਵਰੋਲੇ ਵਿਚ ਆਕਾਸ਼ ਨੂੰ ਚੜ੍ਹ ਗਿਆ। ਬਾਅਦ ਵਿਚ ਯਰਦਨ ਦਰਿਆ ਕੋਲ ਆ ਕੇ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਨੂੰ ਪਾਣੀ ʼਤੇ ਮਾਰ ਕੇ ਕਿਹਾ: “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” ਇਕ ਵਾਰ ਫਿਰ ਪਾਣੀ ਵੱਖ ਹੋ ਗਿਆ।—2 ਰਾਜ. 2:8-14.

      16 ਕੀ ਤੁਸੀਂ ਧਿਆਨ ਦਿੱਤਾ ਕਿ ਅਲੀਸ਼ਾ ਦਾ ਪਹਿਲਾ ਚਮਤਕਾਰ ਉਹੀ ਸੀ ਜੋ ਏਲੀਯਾਹ ਦਾ ਆਖ਼ਰੀ ਚਮਤਕਾਰ ਸੀ? ਇਹ ਦਿਲਚਸਪੀ ਦੀ ਗੱਲ ਕਿਉਂ ਹੈ? ਅਲੀਸ਼ਾ ਨੇ ਇਹ ਨਹੀਂ ਸੋਚਿਆ ਕਿ ਹੁਣ ਉਹ ਨਬੀ ਬਣ ਗਿਆ ਸੀ, ਇਸ ਕਰਕੇ ਉਹ ਆਪਣੇ ਤਰੀਕੇ ਨਾਲ ਨਬੀ ਦਾ ਕੰਮ ਕਰ ਸਕਦਾ ਸੀ। ਇਸ ਦੀ ਬਜਾਇ, ਉਸ ਨੇ ਏਲੀਯਾਹ ਦੇ ਤਰੀਕੇ ਅਨੁਸਾਰ ਕੰਮ ਕਰ ਕੇ ਆਪਣੇ ਗੁਰੂ ਲਈ ਆਦਰ ਦਿਖਾਇਆ ਅਤੇ ਇਸ ਤੋਂ ਦੂਸਰੇ ਨਬੀਆਂ ਨੂੰ ਵੀ ਅਲੀਸ਼ਾ ਉੱਤੇ ਭਰੋਸਾ ਹੋਇਆ। (2 ਰਾਜ. 2:15) ਫਿਰ ਅਲੀਸ਼ਾ ਦੀ 60 ਸਾਲ ਲੰਬੀ ਸੇਵਾ ਦੌਰਾਨ ਯਹੋਵਾਹ ਨੇ ਉਸ ਤੋਂ ਏਲੀਯਾਹ ਨਾਲੋਂ ਵੀ ਜ਼ਿਆਦਾ ਚਮਤਕਾਰ ਕਰਵਾਏ। ਟ੍ਰੇਨਿੰਗ ਲੈਣ ਵਾਲੇ ਭਰਾ ਇਸ ਤੋਂ ਕੀ ਸਿੱਖ ਸਕਦੇ ਹਨ?

      17. (ੳ) ਅੱਜ ਭਰਾ ਅਲੀਸ਼ਾ ਵਰਗਾ ਰਵੱਈਆ ਕਿਵੇਂ ਦਿਖਾ ਸਕਦੇ ਹਨ? (ਅ) ਸਮਾਂ ਆਉਣ ਤੇ ਯਹੋਵਾਹ ਵਫ਼ਾਦਾਰੀ ਨਾਲ ਸੇਵਾ ਕਰਨ ਵਾਲੇ ਭਰਾਵਾਂ ਨੂੰ ਕਿਵੇਂ ਇਸਤੇਮਾਲ ਕਰ ਸਕਦਾ ਹੈ?

      17 ਇਹ ਨਾ ਸੋਚੋ ਕਿ ਜਦੋਂ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ, ਤਾਂ ਤੁਸੀਂ ਆਪਣੇ ਮੁਤਾਬਕ ਤਬਦੀਲੀਆਂ ਕਰ ਕੇ ਅਲੱਗ ਤਰੀਕੇ ਨਾਲ ਕੰਮ ਕਰ ਸਕਦੇ ਹੋ। ਯਾਦ ਰੱਖੋ ਕਿ ਕੰਮ ਕਰਨ ਦੇ ਤਰੀਕੇ ਵਿਚ ਤਬਦੀਲੀ ਤੁਹਾਡੀ ਇੱਛਾ ਦੇ ਮੁਤਾਬਕ ਨਹੀਂ, ਸਗੋਂ ਮੰਡਲੀ ਦੀਆਂ ਲੋੜਾਂ ਅਤੇ ਯਹੋਵਾਹ ਦੇ ਸੰਗਠਨ ਵੱਲੋਂ ਦਿੱਤੀਆਂ ਜਾਂਦੀਆਂ ਹਿਦਾਇਤਾਂ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ। ਏਲੀਯਾਹ ਨਬੀ ਦੇ ਤਰੀਕੇ ਮੁਤਾਬਕ ਕੰਮ ਜਾਰੀ ਰੱਖਣ ਕਰਕੇ ਅਲੀਸ਼ਾ ਉੱਤੇ ਦੂਜੇ ਨਬੀਆਂ ਨੂੰ ਭਰੋਸਾ ਹੋਇਆ ਸੀ। ਉਸੇ ਤਰ੍ਹਾਂ ਤਜਰਬੇਕਾਰ ਬਜ਼ੁਰਗਾਂ ਦੁਆਰਾ ਵਰਤੇ ਜਾਂਦੇ ਬਾਈਬਲ-ਆਧਾਰਿਤ ਤਰੀਕਿਆਂ ਨੂੰ ਵਰਤ ਕੇ ਤੁਸੀਂ ਉਨ੍ਹਾਂ ਬਜ਼ੁਰਗਾਂ ਲਈ ਆਦਰ ਦਿਖਾਓਗੇ ਅਤੇ ਭੈਣਾਂ-ਭਰਾਵਾਂ ਨੂੰ ਤੁਹਾਡੇ ʼਤੇ ਭਰੋਸਾ ਹੋਵੇਗਾ। (1 ਕੁਰਿੰਥੀਆਂ 4:17 ਪੜ੍ਹੋ।) ਪਰ ਜਿੱਦਾਂ-ਜਿੱਦਾਂ ਤੁਹਾਨੂੰ ਤਜਰਬਾ ਹੋਵੇਗਾ, ਉੱਦਾਂ-ਉੱਦਾਂ ਤੁਸੀਂ ਪਰਮੇਸ਼ੁਰ ਦੇ ਸੰਗਠਨ ਤੋਂ ਮਿਲੀਆਂ ਹਿਦਾਇਤਾਂ ਮੁਤਾਬਕ ਤਬਦੀਲੀਆਂ ਕਰ ਸਕੋਗੇ ਜਿਨ੍ਹਾਂ ਦੀ ਮਦਦ ਨਾਲ ਮੰਡਲੀ ਤਰੱਕੀ ਕਰ ਸਕੇਗੀ। ਸਮਾਂ ਆਉਣ ਤੇ ਤੁਹਾਡੀ ਵਫ਼ਾਦਾਰੀ ਦੇਖ ਕੇ ਯਹੋਵਾਹ ਅਲੀਸ਼ਾ ਵਾਂਗ ਤੁਹਾਡੇ ਤੋਂ ਵੀ ਵੱਡੇ-ਵੱਡੇ ਕੰਮ ਕਰਾਵੇਗਾ।—ਯੂਹੰ. 14:12.

      18. ਭਰਾਵਾਂ ਨੂੰ ਟ੍ਰੇਨਿੰਗ ਦੇਣ ਵਿਚ ਪਹਿਲ ਕਿਉਂ ਕੀਤੀ ਜਾਣੀ ਚਾਹੀਦੀ ਹੈ?

      18 ਸਾਨੂੰ ਉਮੀਦ ਹੈ ਕਿ ਇਸ ਲੇਖ ਵਿਚ ਅਤੇ ਪਿਛਲੇ ਲੇਖ ਵਿਚ ਦਿੱਤੇ ਸੁਝਾਵਾਂ ਤੋਂ ਹੋਰ ਬਜ਼ੁਰਗਾਂ ਨੂੰ ਹੱਲਾਸ਼ੇਰੀ ਮਿਲੇਗੀ ਕਿ ਉਹ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਸਮਾਂ ਕੱਢਣ। ਸਾਡੀ ਦੁਆ ਹੈ ਕਿ ਕਾਬਲ ਭਰਾ ਖ਼ੁਸ਼ੀ-ਖ਼ੁਸ਼ੀ ਟ੍ਰੇਨਿੰਗ ਲੈਣ ਅਤੇ ਫਿਰ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਸਿੱਖੀਆਂ ਗੱਲਾਂ ਤੋਂ ਫ਼ਾਇਦਾ ਲੈਣ। ਇਸ ਤਰ੍ਹਾਂ ਕਰਨ ਨਾਲ ਦੁਨੀਆਂ ਭਰ ਵਿਚ ਮੰਡਲੀਆਂ ਦੇ ਭੈਣ-ਭਰਾ ਮਜ਼ਬੂਤ ਹੋਣਗੇ ਅਤੇ ਸਾਨੂੰ ਸਾਰਿਆਂ ਨੂੰ ਆਉਣ ਵਾਲੇ ਮੁਸ਼ਕਲ ਸਮੇਂ ਵਿਚ ਵਫ਼ਾਦਾਰ ਰਹਿਣ ਵਿਚ ਮਦਦ ਮਿਲੇਗੀ।

      a ਜੇ ਕੋਈ ਨੌਜਵਾਨ ਭਰਾ ਸਮਝਦਾਰੀ ਅਤੇ ਨਿਮਰਤਾ ਦਾ ਸਬੂਤ ਦਿੰਦਾ ਹੈ ਅਤੇ ਬਾਈਬਲ ਵਿਚ ਦੱਸੀਆਂ ਮੰਗਾਂ ਪੂਰੀਆਂ ਕਰਦਾ ਹੈ, ਤਾਂ ਬਜ਼ੁਰਗ ਉਸ ਦੀ ਸਹਾਇਕ ਸੇਵਕ ਬਣਨ ਲਈ ਸਿਫ਼ਾਰਸ਼ ਕਰ ਸਕਦੇ ਹਨ, ਭਾਵੇਂ ਕਿ ਉਸ ਦੀ ਉਮਰ ਅਜੇ 20 ਸਾਲ ਦੀ ਨਹੀਂ ਹੋਈ ਹੈ।—1 ਤਿਮੋ. 3:8-10, 12; ਸਾਡੀ ਰਾਜ ਸੇਵਕਾਈ ਮਈ 2000, ਸਫ਼ਾ 8 ਦੇਖੋ।

      b ਤੁਸੀਂ ਪਹਿਰਾਬੁਰਜ, 15 ਅਪ੍ਰੈਲ 2012, ਸਫ਼ੇ 14-16, ਪੈਰੇ 8-13 ਅਤੇ ਕਿਤਾਬ “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ,” ਅਧਿਆਇ 16, ਪੈਰੇ 1-3 ਉੱਤੇ ਚਰਚਾ ਕਰ ਸਕਦੇ ਹੋ।

      ਭਰਾਵਾਂ ਨੂੰ ਟ੍ਰੇਨਿੰਗ ਕਿਵੇਂ ਦੇਈਏ?

      ਭਰਾਵਾਂ ਨੂੰ ਟ੍ਰੇਨਿੰਗ ਦੇਣ ਵਿਚ ਕਾਮਯਾਬ ਹੋਣ ਵਾਲੇ ਬਜ਼ੁਰਗਾਂ ਦੇ ਕੁਝ ਸੁਝਾਅ:

      1. ਆਪਣੀ ਕਹਿਣੀ ਤੇ ਕਰਨੀ ਵਿਚ ਮਿਸਾਲ ਕਾਇਮ ਕਰੋ।

      2. ਭਰਾਵਾਂ ਨੂੰ ਸਾਲ ਵਿਚ ਪੂਰੀ ਬਾਈਬਲ ਪੜ੍ਹਨ ਦੀ ਹੱਲਾਸ਼ੇਰੀ ਦਿਓ ਤਾਂਕਿ ਉਹ ਪਰਮੇਸ਼ੁਰ ਨਾਲ ਹੋਰ ਜ਼ਿਆਦਾ ਪਿਆਰ ਕਰਨ।

        ਇਕ ਬਜ਼ੁਰਗ ਸਹਾਇਕ ਸੇਵਕ ਨੂੰ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਨ ਦੀ ਟ੍ਰੇਨਿੰਗ ਦਿੰਦਾ ਹੋਇਆ
      3. ਇਕੱਠੇ ਪ੍ਰਚਾਰ ਕਰੋ। (ਪਹਿਲੇ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

      4. ਉਸ ਨੂੰ ਸਿਖਾਓ ਕਿ ਪ੍ਰਚਾਰ ਲਈ ਰੱਖੀ ਮੀਟਿੰਗ ਵਧੀਆ ਤਰੀਕੇ ਨਾਲ ਕਿਵੇਂ ਚਲਾਉਣੀ ਹੈ।

        1.ਇਕ ਬਜ਼ੁਰਗ ਭਾਸ਼ਣ ਦਿੰਦਾ ਹੋਇਆ; 2. ਇਕ ਬਜ਼ੁਰਗ ਇਕ ਸਹਾਇਕ ਸੇਵਕ ਦੀ ਮਦਦ ਕਰਦਾ ਹੋਇਆ; 3.ਇਕ ਸਹਾਇਕ ਸੇਵਕ ਭਾਸ਼ਣ ਦਿੰਦਾ ਹੋਇਆ
      5. ਜਦੋਂ ਤੁਸੀਂ ਪਬਲਿਕ ਭਾਸ਼ਣ ਦਿੰਦੇ ਹੋ, ਤਾਂ ਉਸ ਨੂੰ ਵੀ ਭਾਸ਼ਣ ਦੀ ਇਕ ਕਾਪੀ ਦਿਓ ਤਾਂਕਿ ਉਹ ਦੇਖ ਸਕੇ ਕਿ ਤੁਸੀਂ ਭਾਸ਼ਣ ਕਿਵੇਂ ਤਿਆਰ ਕੀਤਾ ਹੈ।

      6. ਸਮੇਂ-ਸਮੇਂ ਤੇ ਤੁਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਉਸ ਨੂੰ ਆਪਣੇ ਪਰਿਵਾਰ ਸਮੇਤ ਆਉਣ ਦਾ ਸੱਦਾ ਦਿਓ।

      7. ਉਸ ਨੂੰ ਪਰਿਵਾਰ ਸਮੇਤ ਸੱਦਾ ਦਿਓ ਕਿ ਉਹ ਤੁਹਾਡੇ ਪਰਿਵਾਰ ਨਾਲ ਉਸ ਇਲਾਕੇ ਵਿਚ ਜਾ ਕੇ ਪ੍ਰਚਾਰ ਕਰੇ ਜਿੱਥੇ ਘੱਟ ਹੀ ਜਾਂ ਬਿਲਕੁਲ ਵੀ ਪ੍ਰਚਾਰ ਨਹੀਂ ਹੋਇਆ ਹੈ।c

      c ਅਫ਼ਰੀਕਾ, ਅਮਰੀਕਾ, ਆਸਟ੍ਰੇਲੀਆ, ਏਸ਼ੀਆ ਅਤੇ ਯੂਰਪ ਵਿਚ ਬਜ਼ੁਰਗਾਂ ਨੇ ਇਹ ਸੁਝਾਅ ਵਰਤ ਕੇ ਚੰਗੇ ਨਤੀਜੇ ਹਾਸਲ ਕੀਤੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ