ਨੇਕਨਾਮੀ ਕਰਕੇ ਅਸੀਂ ਦੂਜਿਆਂ ਦਾ ਭਰੋਸਾ ਜਿੱਤਦੇ ਹਾਂ ਤੇ ਆਦਰ ਪਾਉਂਦੇ ਹਾਂ
‘ਵੱਡੇ ਧਨ ਨਾਲੋਂ ਨੇਕ ਨਾਮੀ ਚੰਗੀ ਹੈ’
ਚੰਗਾ ਨਾਂ ਯਾਨੀ ਨੇਕਨਾਮੀ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਇਸ ਕਰਕੇ ਕੁਝ ਦੇਸ਼ਾਂ ਵਿਚ ਇਸ ਸੰਬੰਧੀ ਕਾਨੂੰਨ ਬਣਾਏ ਗਏ ਹਨ। ਇਸ ਵਿਚ ਸ਼ਾਇਦ ਕਿਸੇ ਨੂੰ ਬਦਨਾਮ ਕਰਨ (ਮੂੰਹ-ਜ਼ਬਾਨੀ, ਲਿਖਤੀ, ਰੇਡੀਓ ਜਾਂ ਟੀ. ਵੀ. ʼਤੇ ਬਦਨਾਮ ਕਰਨ ਵਾਲੇ ਬਿਆਨ) ਸੰਬੰਧੀ ਕਾਨੂੰਨ ਸ਼ਾਮਲ ਹਨ। ਇਹ ਗੱਲ ਸਾਨੂੰ ਪੁਰਾਣੀ ਕਹਾਵਤ ਯਾਦ ਕਰਾਉਂਦੀ ਹੈ: “ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।” (ਕਹਾਉਤਾਂ 22:1) ਅਸੀਂ ਨੇਕਨਾਮੀ ਕਿਵੇਂ ਖੱਟ ਸਕਦੇ ਹਾਂ? ਅਸੀਂ ਦੂਜਿਆਂ ਤੋਂ ਆਦਰ ਕਿਵੇਂ ਪਾ ਸਕਦੇ ਹਾਂ? ਇਸ ਸੰਬੰਧੀ ਬਾਈਬਲ ਵਿਚ ਬਹੁਤ ਵਧੀਆ ਸੁਝਾਅ ਦਿੱਤੇ ਗਏ ਹਨ।
ਮਿਸਾਲ ਲਈ, ਜ਼ਰਾ ਗੌਰ ਕਰੋ ਕਿ ਬਾਈਬਲ ਜ਼ਬੂਰ 15 ਵਿਚ ਕੀ ਕਹਿੰਦੀ ਹੈ। ਜ਼ਬੂਰ 15:1 ਵਿਚ ਸਵਾਲ ਪੁੱਛਿਆ ਗਿਆ ਹੈ: “ਤੇਰੇ ਡੇਹਰੇ ਵਿੱਚ [ਪਰਮੇਸ਼ੁਰ] ਕੌਣ ਟਿਕੇਗਾ?” ਇਸ ਸਵਾਲ ਦੇ ਜਵਾਬ ਵਿਚ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: ‘ਉਹੋ ਜਿਹੜਾ ਨੇਕੀ ਕਰਦਾ ਅਤੇ ਮਨੋਂ ਸੱਚ ਬੋਲਦਾ ਹੈ, ਉਹ ਜਿਹੜਾ ਚੁਗਲੀ ਨਹੀਂ ਕਰਦਾ, ਨਾ ਆਪਣੇ ਸਾਥੀ ਦਾ ਬੁਰਾ ਕਰਦਾ, ਅਤੇ ਨਾ ਆਪਣੇ ਗੁਆਂਢੀ ਨੂੰ ਉਲਾਹਮਾ ਦਿੰਦਾ ਹੈ। ਜਿਹ ਦੀਆਂ ਅੱਖਾਂ ਵਿੱਚ ਖੋਟਾ ਮਨੁੱਖ ਤੁੱਛ ਹੈ, ਜਿਹੜਾ ਸੌਂਹ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ ਤੇ ਉਹ ਜਿਹੜਾ ਵੱਢੀ ਨਹੀਂ ਲੈਂਦਾ ਹੈ।’ (ਜ਼ਬੂਰਾਂ ਦੀ ਪੋਥੀ 15:1-5) ਕੀ ਤੁਸੀਂ ਉਸ ਵਿਅਕਤੀ ਦਾ ਆਦਰ ਨਹੀਂ ਕਰੋਗੇ ਜਿਸ ਨੇ ਇਨ੍ਹਾਂ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ?
ਇਕ ਹੋਰ ਗੁਣ ਕਰਕੇ ਅਸੀਂ ਆਦਰ ਪਾ ਸਕਦੇ ਹਾਂ, ਉਹ ਹੈ ਨਿਮਰਤਾ। ਕਹਾਉਤਾਂ 15:33 ਵਿਚ ਦੱਸਿਆ ਹੈ: “ਮਹਿਮਾ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ।” ਜ਼ਰਾ ਗੌਰ ਕਰੋ: ਨਿਮਰ ਵਿਅਕਤੀ ਦੇਖ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ ਅਤੇ ਉਹ ਸੁਧਾਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਨਾਲੇ ਜੇ ਉਨ੍ਹਾਂ ਨੇ ਕਿਸੇ ਨੂੰ ਦੁੱਖ ਪਹੁੰਚਾਇਆ ਹੈ, ਤਾਂ ਉਹ ਮਾਫ਼ੀ ਮੰਗਣ ਲਈ ਤਿਆਰ ਹੁੰਦੇ ਹਨ। (ਯਾਕੂਬ 3:2) ਘਮੰਡੀ ਵਿਅਕਤੀ ਇੱਦਾਂ ਦੇ ਨਹੀਂ ਹੁੰਦੇ। ਇਸ ਦੀ ਬਜਾਇ, ਉਹ ਝੱਟ ਹੀ ਗੁੱਸੇ ਹੋ ਜਾਂਦੇ ਹਨ। ਕਹਾਉਤਾਂ 16:18 ਵਿਚ ਲਿਖਿਆ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”
ਪਰ ਉਦੋਂ ਕੀ, ਜਦੋਂ ਕੋਈ ਤੁਹਾਨੂੰ ਬਦਨਾਮ ਕਰਦਾ ਹੈ? ਕੀ ਤੁਹਾਨੂੰ ਗੁੱਸੇ ਵਿਚ ਇਕਦਮ ਕਦਮ ਚੁੱਕਣਾ ਚਾਹੀਦਾ ਹੈ? ਆਪਣੇ ਆਪ ਤੋਂ ਪੁੱਛੋ, ‘ਜੇ ਮੈਂ ਆਪਣੀ ਬਦਨਾਮੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ, ਤਾਂ ਕੀ ਮੈਂ ਇਸ ਝੂਠ ਨੂੰ ਹੋਰ ਤਾਂ ਨਹੀਂ ਫੈਲਾ ਦੇਵਾਂਗਾ?’ ਕਈ ਵਾਰ ਸ਼ਾਇਦ ਕਾਨੂੰਨੀ ਕਾਰਵਾਈ ਕਰਨੀ ਜਾਇਜ਼ ਹੋਵੇ, ਪਰ ਬਾਈਬਲ ਇਹ ਵਧੀਆ ਸਲਾਹ ਦਿੰਦੀ ਹੈ: “ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ।” ਇਸ ਦੀ ਬਜਾਇ, “ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ ਗੱਲ ਬਾਤ ਕਰ।” (ਕਹਾਉਤਾਂ 25:8, 9)a ਨਰਮਾਈ ਨਾਲ ਮਾਮਲੇ ਦਾ ਨਿਪਟਾਰਾ ਕਰਨ ਕਰਕੇ ਤੁਸੀਂ ਅਦਾਲਤਾਂ ਦੇ ਖ਼ਰਚਿਆਂ ਤੋਂ ਵੀ ਬਚ ਸਕਦੇ ਹੋ।
ਬਾਈਬਲ ਸਿਰਫ਼ ਇਕ ਧਾਰਮਿਕ ਕਿਤਾਬ ਹੀ ਨਹੀਂ ਹੈ, ਸਗੋਂ ਇਹ ਸਾਨੂੰ ਵਧੀਆ ਸਲਾਹਾਂ ਵੀ ਦਿੰਦੀ ਹੈ। ਇਸ ਦੀਆਂ ਸਲਾਹਾਂ ਮੁਤਾਬਕ ਚੱਲਣ ਵਾਲੇ ਲੋਕ ਆਪਣੇ ਵਿਚ ਗੁਣ ਪੈਦਾ ਕਰਦੇ ਹਨ ਜਿਸ ਕਰਕੇ ਉਹ ਦੂਜਿਆਂ ਤੋਂ ਗਹਿਰਾ ਆਦਰ ਪਾਉਂਦੇ ਹਨ ਤੇ ਨੇਕਨਾਮੀ ਖੱਟਦੇ ਹਨ।
a ਝਗੜਿਆਂ ਨੂੰ ਸੁਲਝਾਉਣ ਸੰਬੰਧੀ ਬਾਈਬਲ ਦੇ ਹੋਰ ਅਸੂਲ ਮੱਤੀ 5:23, 24; 18:15-17 ਵਿਚ ਦਿੱਤੇ ਗਏ ਹਨ।