ਵਧਦੀ ਮਹਿੰਗਾਈ ਕਿਵੇਂ ਕਰੀਏ ਗੁਜ਼ਾਰਾ?
ਖੁੱਲ੍ਹ-ਦਿਲੇ ਬਣੋ
ਮਹਿੰਗਾਈ ਦੌਰਾਨ ਜੇ ਤੁਹਾਡੇ ਲਈ ਜ਼ਰੂਰਤ ਦੀਆਂ ਚੀਜ਼ਾਂ ਖ਼ਰੀਦਣੀਆਂ ਬਹੁਤ ਮੁਸ਼ਕਲ ਹੋ ਰਹੀਆਂ ਹਨ, ਤਾਂ ਸ਼ਾਇਦ ਤੁਸੀਂ ਸੋਚੋ ਕਿ ਦੂਜਿਆਂ ਨੂੰ ਖੁੱਲ੍ਹ-ਦਿਲੀ ਦਿਖਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਸੱਚ ਤਾਂ ਇਹ ਹੈ ਕਿ ਜੇ ਤੁਸੀਂ ਦੂਜਿਆਂ ਨੂੰ ਦਿਲ ਖੋਲ੍ਹ ਕੇ ਦਿਓਗੇ, ਤਾਂ ਤੁਸੀਂ ਮਹਿੰਗਾਈ ਨਾਲ ਸਿੱਝ ਸਕੋਗੇ। ਜੀ ਹਾਂ, ਤੁਸੀਂ ਪੈਸੇ ਵੀ ਬਚਾ ਸਕਦੇ ਹੋ ਅਤੇ ਖੁੱਲ੍ਹ-ਦਿਲੇ ਵੀ ਬਣ ਸਕਦੇ ਹੋ।
ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?
ਜਦੋਂ ਅਸੀਂ ਛੋਟੇ-ਮੋਟੇ ਮਾਮਲਿਆਂ ਵਿਚ ਵੀ ਖੁੱਲ੍ਹ-ਦਿਲੀ ਦਿਖਾਉਂਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ ਤੇ ਅਸੀਂ ਆਪਣੇ ਬਾਰੇ ਚੰਗਾ ਮਹਿਸੂਸ ਕਰਦੇ ਹਾਂ। ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਦੂਜਿਆਂ ਨੂੰ ਦੇਣਾ ਸਾਡੀ ਸਿਹਤ ਲਈ ਚੰਗਾ ਹੈ। ਮਿਸਾਲ ਲਈ, ਸਾਡੀਆਂ ਚਿੰਤਾਵਾਂ ਤੇ ਤਣਾਅ ਘੱਟਦਾ ਹੈ, ਸਾਡਾ ਬਲੱਡ-ਪ੍ਰੈਸ਼ਰ ਠੀਕ ਰਹਿੰਦਾ ਹੈ, ਇੱਥੋਂ ਤਕ ਕਿ ਸਰੀਰ ਦਾ ਦਰਦ ਵੀ ਘੱਟਦਾ ਹੈ ਤੇ ਰਾਤ ਨੂੰ ਮਿੱਠੀ ਨੀਂਦ ਆਉਂਦੀ ਹੈ।
ਜਦੋਂ ਅਸੀਂ ਪੈਸਿਆਂ ਨਾਲ ਜਾਂ ਹੋਰ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਲੋੜ ਵੇਲੇ ਉਨ੍ਹਾਂ ਦੀ ਮਦਦ ਲੈਣ ਤੋਂ ਅਸੀਂ ਝਿਜਕਾਂਗੇ ਨਹੀਂ। ਇੰਗਲੈਂਡ ਵਿਚ ਰਹਿਣ ਵਾਲਾ ਹਾਵਰਡ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਦੂਜਿਆਂ ਨੂੰ ਖੁੱਲ੍ਹ-ਦਿਲੀ ਦਿਖਾਉਣ ਤੇ ਉਨ੍ਹਾਂ ਦੀ ਮਦਦ ਕਰਨ ਦੇ ਅਲੱਗ-ਅਲੱਗ ਤਰੀਕੇ ਲੱਭਦੇ ਹਾਂ। ਇਸ ਲਈ ਜਦੋਂ ਸਾਨੂੰ ਮਦਦ ਦੀ ਲੋੜ ਪੈਂਦੀ ਹੈ, ਤਾਂ ਸਾਨੂੰ ਇੱਦਾਂ ਨਹੀਂ ਲੱਗਦਾ ਕਿ ਅਸੀਂ ਦੂਜਿਆਂ ʼਤੇ ਬੋਝ ਬਣ ਰਹੇ ਹਾਂ।” ਪਰ ਇਸ ਦਾ ਇਹ ਮਤਲਬ ਨਹੀਂ ਕਿ ਖੁੱਲ੍ਹ-ਦਿਲੇ ਲੋਕ ਬਦਲੇ ਵਿਚ ਕੁਝ ਲੈਣ ਦੀ ਉਮੀਦ ਰੱਖਦੇ ਹਨ। ਫਿਰ ਵੀ ਦੂਜਿਆਂ ਦੀ ਮਦਦ ਕਰਨ ਨਾਲ ਉਨ੍ਹਾਂ ਨੂੰ ਚੰਗੇ ਦੋਸਤ ਮਿਲ ਸਕਦੇ ਹਨ ਜੋ ਮੁਸ਼ਕਲ ਘੜੀ ਵੇਲੇ ਭੱਜੇ ਆਉਂਦੇ ਹਨ।
ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?
ਤੁਹਾਡੇ ਕੋਲ ਜੋ ਵੀ ਹੈ, ਉਹ ਦੂਜਿਆਂ ਨਾਲ ਸਾਂਝਾ ਕਰੋ। ਚਾਹੇ ਤੁਹਾਡੇ ਕੋਲ ਜ਼ਿਆਦਾ ਕੁਝ ਨਹੀਂ ਹੈ, ਫਿਰ ਵੀ ਤੁਸੀਂ ਇਸ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ, ਜਿਵੇਂ ਤੁਸੀਂ ਦੂਜਿਆਂ ਨੂੰ ਸਾਦਾ ਜਿਹਾ ਖਾਣਾ ਖਿਲਾ ਸਕਦੇ ਹੋ। ਯੂਗਾਂਡਾ ਵਿਚ ਰਹਿਣ ਵਾਲਾ ਡੰਕਨ ਅਤੇ ਉਸ ਦਾ ਪਰਿਵਾਰ ਬਹੁਤ ਗ਼ਰੀਬ ਹੈ। ਫਿਰ ਵੀ ਉਹ ਬਹੁਤ ਖੁੱਲ੍ਹ-ਦਿਲੇ ਹਨ। ਡੰਕਨ ਕਹਿੰਦਾ ਹੈ: “ਹਰ ਐਤਵਾਰ ਮੈਂ ਤੇ ਮੇਰੀ ਪਤਨੀ ਕਿਸੇ-ਨਾ-ਕਿਸੇ ਨੂੰ ਸਾਦਾ ਜਿਹਾ ਖਾਣਾ ਖਾਣ ਲਈ ਬੁਲਾਉਂਦੇ ਹਾਂ। ਸਾਨੂੰ ਦੂਜਿਆਂ ਨਾਲ ਸਮਾਂ ਬਿਤਾਉਣਾ ਬਹੁਤ ਵਧੀਆ ਲੱਗਦਾ ਹੈ।”
ਪਰ ਦੂਜਿਆਂ ਨਾਲ ਚੀਜ਼ਾਂ ਸਾਂਝੀਆਂ ਕਰਦਿਆਂ ਸਮਝਦਾਰੀ ਵਰਤੋ। ਦੂਜਿਆਂ ਨੂੰ ਇੰਨਾ ਵੀ ਜ਼ਿਆਦਾ ਨਾ ਦੇ ਦਿਓ ਕਿ ਤੁਹਾਡੇ ਆਪਣੇ ਪਰਿਵਾਰ ਲਈ ਜ਼ਰੂਰਤ ਦੀਆਂ ਚੀਜ਼ਾਂ ਘੱਟ ਜਾਣ।—ਅੱਯੂਬ 17:5.
ਇੱਦਾਂ ਕਰ ਕੇ ਦੇਖੋ: ਕਿਸੇ ਨੂੰ ਸਾਦੇ ਜਿਹੇ ਖਾਣੇ ਜਾਂ ਚਾਹ ਲਈ ਬੁਲਾਓ। ਜੇ ਤੁਹਾਡੇ ਕੋਲ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਹੁਣ ਤੁਹਾਨੂੰ ਲੋੜ ਨਹੀਂ ਹੈ, ਤਾਂ ਕਿਉਂ ਨਾ ਉਹ ਚੀਜ਼ਾਂ ਆਪਣੇ ਦੋਸਤਾਂ ਜਾਂ ਗੁਆਂਢੀਆਂ ਨੂੰ ਦੇ ਦਿਓ ਜੋ ਉਨ੍ਹਾਂ ਦੇ ਕੰਮ ਆ ਸਕਦੀਆਂ ਹਨ?
ਹੋਰ ਤਰੀਕਿਆਂ ਨਾਲ ਦਿਓ। ਕੁਝ ਅਜਿਹੇ ਤੋਹਫ਼ੇ ਹਨ ਜਿਨ੍ਹਾਂ ʼਤੇ ਕੋਈ ਪੈਸਾ ਨਹੀਂ ਖ਼ਰਚ ਹੁੰਦਾ। ਮਿਸਾਲ ਲਈ, ਅਸੀਂ ਸਮਾਂ ਕੱਢ ਕੇ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਅਤੇ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਿੰਨੀ ਪਰਵਾਹ ਕਰਦੇ ਹਾਂ। ਸਾਡੇ ਦਿਲੋਂ ਕਹੇ ਸ਼ਬਦ ਵੀ ਇਕ ਤੋਹਫ਼ਾ ਹਨ! ਦੂਜਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਕਿੰਨੀ ਕਦਰ ਕਰਦੇ ਹੋ।
ਇੱਦਾਂ ਕਰ ਕੇ ਦੇਖੋ: ਘਰ ਦੇ ਕੰਮ ਕਰਨ, ਕੁਝ ਮੁਰੰਮਤ ਦਾ ਕੰਮ ਕਰਨ ਜਾਂ ਖ਼ਰੀਦਾਰੀ ਕਰਨ ਵਿਚ ਦੂਜਿਆਂ ਦੀ ਮਦਦ ਕਰੋ। ਕਿਸੇ ਦੋਸਤ ਨੂੰ ਕਾਰਡ ਲਿਖੋ ਜਾਂ ਫਿਰ ਮੈਸਿਜ ਭੇਜ ਕੇ ਉਸ ਦਾ ਹਾਲ-ਚਾਲ ਪੁੱਛੋ।
ਜਦੋਂ ਤੁਸੀਂ ਦਿਲ ਖੋਲ੍ਹ ਕੇ ਦੂਜਿਆਂ ਨੂੰ ਦਿਓਗੇ, ਤਾਂ ਤੁਹਾਡੀ ਖ਼ੁਸ਼ੀ ਹੋਰ ਵੀ ਵਧੇਗੀ।