ਵਧਦੀ ਮਹਿੰਗਾਈ ਕਿਵੇਂ ਕਰੀਏ ਗੁਜ਼ਾਰਾ?
ਸੰਤੁਸ਼ਟ ਰਹੋ
ਜਿਹੜੇ ਲੋਕ ਸੰਤੁਸ਼ਟ ਰਹਿੰਦੇ ਹਨ, ਉਹ ਜ਼ਿੰਦਗੀ ਵਿਚ ਖ਼ੁਸ਼ ਰਹਿੰਦੇ ਹਨ। ਜਦੋਂ ਉਨ੍ਹਾਂ ਦੇ ਹਾਲਾਤ ਬਦਲਦੇ ਹਨ, ਤਾਂ ਉਹ ਸੌਖਿਆਂ ਹੀ ਫੇਰ-ਬਦਲ ਕਰ ਲੈਂਦੇ ਹਨ ਤਾਂਕਿ ਉਹ ਆਪਣੀ ਆਮਦਨ ਨਾਲੋਂ ਜ਼ਿਆਦਾ ਖ਼ਰਚਾ ਨਾ ਕਰਨ।
ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?
ਮਨੋਵਿਗਿਆਨੀ ਜੈਸਿਕਾ ਕੋਲਰ ਦੱਸਦੀ ਹੈ ਕਿ ਜ਼ਿੰਦਗੀ ਵਿਚ ਸੰਤੁਸ਼ਟ ਰਹਿਣ ਵਾਲੇ ਲੋਕ ਸਹੀ ਨਜ਼ਰੀਆ ਰੱਖਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਕਿਸੇ ਤੋਂ ਸੜਦੇ-ਭੁੱਜਦੇ ਨਹੀਂ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸੰਤੁਸ਼ਟ ਲੋਕ ਅਕਸਰ ਜ਼ਿਆਦਾ ਖ਼ੁਸ਼ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਤਣਾਅ ਵੀ ਘੱਟ ਹੁੰਦਾ ਹੈ। ਅਸਲ ਵਿਚ ਜਿਹੜੇ ਲੋਕ ਸਭ ਤੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ, ਉਨ੍ਹਾਂ ਵਿੱਚੋਂ ਕੁਝ ਲੋਕਾਂ ਕੋਲ ਜ਼ਿਆਦਾ ਪੈਸਾ ਜਾਂ ਚੀਜ਼ਾਂ ਨਹੀਂ ਹੁੰਦੀਆਂ। ਇਹ ਗੱਲ ਖ਼ਾਸ ਕਰਕੇ ਉਨ੍ਹਾਂ ਲੋਕਾਂ ਬਾਰੇ ਸੱਚ ਹੈ ਜੋ ਉਨ੍ਹਾਂ ਚੀਜ਼ਾਂ ਨੂੰ ਅਹਿਮੀਅਤ ਦਿੰਦੇ ਹਨ ਜਿਨ੍ਹਾਂ ਨੂੰ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ, ਜਿਵੇਂ ਕਿ ਉਹ ਖ਼ੁਸ਼ੀ ਜੋ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾ ਕੇ ਮਿਲਦੀ ਹੈ।
ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?
ਤੁਲਨਾ ਨਾ ਕਰੋ। ਜੇ ਤੁਸੀਂ ਇਸ ਗੱਲ ਵੱਲ ਧਿਆਨ ਦਿਓਗੇ ਕਿ ਤੁਹਾਡੇ ਕੋਲ ਕਿੰਨੀਆਂ ਘੱਟ ਚੀਜ਼ਾਂ ਹਨ ਅਤੇ ਦੂਜਿਆਂ ਕੋਲ ਕਿੰਨੀਆਂ ਜ਼ਿਆਦਾ, ਤਾਂ ਸ਼ਾਇਦ ਤੁਸੀਂ ਆਪਣੀ ਖ਼ੁਸ਼ੀ ਗੁਆ ਬੈਠੋ, ਇੱਥੋਂ ਤਕ ਕਿ ਈਰਖਾ ਵੀ ਕਰਨ ਲੱਗ ਪਓ। ਇਸ ਤੋਂ ਇਲਾਵਾ, ਜੋ ਤੁਸੀਂ ਸੋਚਦੇ ਹੋ, ਅਸਲੀਅਤ ਸ਼ਾਇਦ ਉਸ ਤੋਂ ਕੋਹਾਂ ਦੂਰ ਹੋਵੇ। ਜਿਹੜੇ ਲੋਕ ਦੇਖਣ ਨੂੰ ਅਮੀਰ ਲੱਗਦੇ ਹਨ, ਉਹ ਸ਼ਾਇਦ ਕਰਜ਼ੇ ਹੇਠ ਦੱਬੇ ਹੋਣ। ਸੈਨੇਗਾਲ ਵਿਚ ਰਹਿੰਦੀ ਨੀਕੋਲ ਕਹਿੰਦੀ ਹੈ: “ਮੈਨੂੰ ਖ਼ੁਸ਼ ਰਹਿਣ ਲਈ ਜ਼ਿਆਦਾ ਚੀਜ਼ਾਂ ਦੀ ਲੋੜ ਨਹੀਂ ਹੈ। ਜੇ ਮੈਂ ਸੰਤੁਸ਼ਟ ਹਾਂ, ਤਾਂ ਮੈਂ ਉਦੋਂ ਵੀ ਖ਼ੁਸ਼ ਰਹਿ ਸਕਦੀ ਹਾਂ ਜਦੋਂ ਦੂਜਿਆਂ ਕੋਲ ਮੇਰੇ ਨਾਲੋਂ ਜ਼ਿਆਦਾ ਚੀਜ਼ਾਂ ਹੁੰਦੀਆਂ ਹਨ।”
ਇੱਦਾਂ ਕਰ ਕੇ ਦੇਖੋ: ਉਹ ਮਸ਼ਹੂਰੀਆਂ ਜਾਂ ਸੋਸ਼ਲ ਮੀਡੀਆ ਪੋਸਟਾਂ ਨਾ ਦੇਖੋ ਜਿਨ੍ਹਾਂ ਵਿਚ ਦਿਖਾਇਆ ਜਾਂਦਾ ਹੈ ਕਿ ਦੂਜੇ ਲੋਕਾਂ ਕੋਲ ਕਿੰਨਾ ਪੈਸਾ ਜਾਂ ਐਸ਼ੋ-ਆਰਾਮ ਦੀਆਂ ਚੀਜ਼ਾਂ ਹਨ।
ਸ਼ੁਕਰਗੁਜ਼ਾਰ ਹੋਵੋ। ਸ਼ੁਕਰਗੁਜ਼ਾਰ ਲੋਕ ਜ਼ਿਆਦਾ ਸੰਤੁਸ਼ਟ ਰਹਿੰਦੇ ਹਨ ਅਤੇ ਉਹ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਹੋਰ ਚੀਜ਼ਾਂ ਚਾਹੀਦੀਆਂ ਹਨ ਅਤੇ ਇਨ੍ਹਾਂ ਚੀਜ਼ਾਂ ʼਤੇ ਉਨ੍ਹਾਂ ਦਾ ਹੱਕ ਬਣਦਾ ਹੈ। ਹੈਤੀ ਦੇਸ਼ ਦਾ ਰਹਿਣ ਵਾਲਾ ਰੌਬਰਟੋਨ ਕਹਿੰਦਾ ਹੈ: “ਮੈਂ ਸਮਾਂ ਕੱਢ ਕੇ ਸੋਚਦਾ ਹਾਂ ਕਿ ਦੂਜਿਆਂ ਨੇ ਕਿੱਦਾਂ ਮੇਰੀ ਤੇ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ। ਫਿਰ ਮੈਂ ਉਨ੍ਹਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਨੇ ਸਾਡੇ ਲਈ ਜੋ ਕੁਝ ਵੀ ਕੀਤਾ, ਉਸ ਲਈ ਮੈਂ ਉਨ੍ਹਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਂ ਆਪਣੇ ਅੱਠ ਸਾਲਾਂ ਦੇ ਮੁੰਡੇ ਨੂੰ ਵੀ ਸਿਖਾਉਂਦਾ ਹਾਂ ਕਿ ਜਦੋਂ ਵੀ ਉਸ ਨੂੰ ਕੋਈ ਕੁਝ ਦਿੰਦਾ ਹੈ, ਤਾਂ ਉਹ ਉਸ ਨੂੰ ਥੈਂਕਯੂ ਕਹੇ।”
ਇੱਦਾਂ ਕਰ ਕੇ ਦੇਖੋ: ਹਰ ਰੋਜ਼ ਲਿਖ ਲਓ ਕਿ ਤੁਸੀਂ ਕਿਨ੍ਹਾਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋ, ਜਿਵੇਂ ਚੰਗੀ ਸਿਹਤ, ਪਰਿਵਾਰ ਜੋ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਸੱਚੇ ਦੋਸਤ ਜਾਂ ਡੁੱਬਦੇ ਸੂਰਜ ਦਾ ਸ਼ਾਨਦਾਰ ਨਜ਼ਾਰਾ।
ਸਾਡੇ ਕੋਲ ਜੋ ਵੀ ਹੈ, ਉਸ ਵਿਚ ਸੰਤੁਸ਼ਟ ਰਹਿਣਾ ਕਦੇ-ਕਦੇ ਸਾਡੇ ਲਈ ਔਖਾ ਸਕਦਾ ਹੈ। ਪਰ ਸੰਤੁਸ਼ਟ ਰਹਿਣ ਦੀਆਂ ਸਾਡੀਆਂ ਕੋਸ਼ਿਸ਼ਾਂ ਬੇਕਾਰ ਨਹੀਂ ਜਾਂਦੀਆਂ। ਜੇ ਅਸੀਂ ਸੰਤੁਸ਼ਟ ਹਾਂ, ਤਾਂ ਅਸੀਂ ਖ਼ੁਸ਼ ਰਹਾਂਗੇ ਤੇ ਇਹ ਖ਼ੁਸ਼ੀ ਪੈਸਿਆਂ ਨਾਲ ਨਹੀਂ ਖ਼ਰੀਦੀ ਜਾ ਸਕਦੀ।