ਅਧਿਐਨ ਲੇਖ 31
ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ
ਕੀ ਤੁਸੀਂ “ਸੰਤੁਸ਼ਟ ਰਹਿਣ ਦਾ ਰਾਜ਼ ਜਾਣ ਲਿਆ ਹੈ”?
“ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ।”—ਫ਼ਿਲਿ. 4:11.
ਕੀ ਸਿੱਖਾਂਗੇ?
ਅਸੀਂ ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰ ਕੇ, ਧਿਆਨ ਭਟਕਣ ਨਾ ਦੇ ਕੇ ਤੇ ਨਿਮਰ ਰਹਿ ਕੇ ਅਤੇ ਆਪਣੀ ਉਮੀਦ ʼਤੇ ਸੋਚ-ਵਿਚਾਰ ਕਰ ਕੇ ਸੰਤੁਸ਼ਟ ਰਹਿਣਾ ਸਿੱਖਾਂਗੇ।
1. ਸੰਤੁਸ਼ਟ ਰਹਿਣ ਦਾ ਕੀ ਮਤਲਬ ਹੈ ਤੇ ਕੀ ਨਹੀਂ?
ਕੀ ਤੁਸੀਂ ਇਕ ਸੰਤੁਸ਼ਟ ਇਨਸਾਨ ਹੋ? ਇਕ ਸੰਤੁਸ਼ਟ ਇਨਸਾਨ ਆਪਣੀਆਂ ਬਰਕਤਾਂ ʼਤੇ ਧਿਆਨ ਲਾਉਂਦਾ ਹੈ ਜਿਸ ਕਰਕੇ ਉਹ ਖ਼ੁਸ਼ ਅਤੇ ਸ਼ਾਂਤ ਰਹਿੰਦਾ ਹੈ। ਉਹ ਉਨ੍ਹਾਂ ਚੀਜ਼ਾਂ ਕਰਕੇ ਗੁੱਸੇ ਜਾਂ ਕੁੜੱਤਣ ਨਾਲ ਨਹੀਂ ਭਰਦਾ ਜੋ ਉਸ ਕੋਲ ਨਹੀਂ ਹੁੰਦੀਆਂ। ਭਾਵੇਂ ਉਹ ਆਪਣੇ ਹਾਲਾਤਾਂ ਕਰਕੇ ਸੰਤੁਸ਼ਟ ਹੋਵੇ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀਉਂਦਾ ਹੈ। ਮਿਸਾਲ ਲਈ, ਇਕ ਸੰਤੁਸ਼ਟ ਇਨਸਾਨ ਤਰੱਕੀ ਕਰਦਾ ਰਹੇਗਾ ਅਤੇ ਸੋਚੇਗਾ ਕਿ ਉਹ ਕਿੱਦਾਂ ਹੋਰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕਦਾ ਹੈ। (ਰੋਮੀ. 12:1; 1 ਤਿਮੋ. 3:1) ਭਾਵੇਂ ਉਸ ਨੂੰ ਉਹ ਜ਼ਿੰਮੇਵਾਰੀ ਉੱਨੀ ਛੇਤੀ ਨਹੀਂ ਮਿਲਦੀ ਜਿੰਨੀ ਛੇਤੀ ਉਸ ਨੇ ਉਮੀਦ ਕੀਤੀ ਸੀ, ਫਿਰ ਵੀ ਉਹ ਆਪਣੀ ਖ਼ੁਸ਼ੀ ਨਹੀਂ ਗੁਆਉਂਦਾ।
2. ਸੰਤੁਸ਼ਟ ਨਾ ਰਹਿਣ ਦੇ ਕਿਹੜੇ ਅੰਜਾਮ ਭੁਗਤਣੇ ਪੈ ਸਕਦੇ ਹਨ?
2 ਸੰਤੁਸ਼ਟ ਨਾ ਰਹਿਣ ਦੇ ਬੁਰੇ ਅੰਜਾਮ ਭੁਗਤਣੇ ਪੈ ਸਕਦੇ ਹਨ। ਜਿਹੜੇ ਲੋਕ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਨਹੀਂ ਹੁੰਦੇ ਜੋ ਉਨ੍ਹਾਂ ਕੋਲ ਹਨ, ਉਹ ਲੋਕ ਸ਼ਾਇਦ ਕਈ-ਕਈ ਘੰਟੇ ਕੰਮ ਕਰਨ ਤਾਂਕਿ ਉਹ ਅਜਿਹੀਆਂ ਚੀਜ਼ਾਂ ਖ਼ਰੀਦ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਵੀ ਨਹੀਂ ਹੁੰਦੀ। ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀਆਂ ਨੇ ਤਾਂ ਪੈਸੇ ਅਤੇ ਉਹ ਚੀਜ਼ਾਂ ਚੋਰੀ ਕੀਤੀਆਂ ਜੋ ਉਹ ਚਾਹੁੰਦੇ ਸਨ। ਉਨ੍ਹਾਂ ਨੇ ਸ਼ਾਇਦ ਸੋਚਿਆ ਹੋਣਾ, ‘ਇਹ ਤਾਂ ਮੇਰੀ ਹੋਣੀ ਚਾਹੀਦੀ ਹੈ,’ ‘ਇਹ ਮੈਨੂੰ ਹੁਣੇ ਚਾਹੀਦੀ ਹੈ’ ਜਾਂ ‘ਮੈਂ ਹੁਣ ਇਹ ਪੈਸੇ ਚੁੱਕ ਲੈਂਦਾ ਤੇ ਫਿਰ ਵਾਪਸ ਰੱਖ ਦੇਵਾਂਗਾ।’ ਪਰ ਚੋਰੀ ਭਾਵੇਂ ਕੱਖ ਦੀ ਹੋਵੇ ਜਾਂ ਲੱਖ ਦੀ, ਚੋਰੀ ਤਾਂ ਚੋਰੀ ਹੀ ਹੁੰਦੀ ਹੈ ਅਤੇ ਇਸ ਨਾਲ ਯਹੋਵਾਹ ਦਾ ਅਪਮਾਨ ਹੁੰਦਾ ਹੈ ਤੇ ਉਹ ਇਸ ਤੋਂ ਹਰਗਿਜ਼ ਖ਼ੁਸ਼ ਨਹੀਂ ਹੁੰਦਾ। (ਕਹਾ. 30:9) ਕੁਝ ਹੋਰ ਜਣੇ ਕੋਈ ਸਨਮਾਨ ਨਾ ਮਿਲਣ ਕਰਕੇ ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨੀ ਹੀ ਛੱਡ ਦਿੱਤੀ। (ਗਲਾ. 6:9) ਯਹੋਵਾਹ ਦਾ ਇਕ ਸਮਰਪਿਤ ਸੇਵਕ ਇੱਦਾਂ ਕਰਨ ਦੀ ਸੋਚ ਵੀ ਕਿੱਦਾਂ ਸਕਦਾ ਹੈ? ਇਸ ਤਰ੍ਹਾਂ ਦੇ ਵਿਅਕਤੀ ਨੇ ਸ਼ਾਇਦ ਹੌਲੀ-ਹੌਲੀ ਸੰਤੁਸ਼ਟ ਰਹਿਣਾ ਛੱਡ ਦਿੱਤਾ ਹੋਵੇ।
3. ਫ਼ਿਲਿੱਪੀਆਂ 4:11, 12 ਤੋਂ ਅਸੀਂ ਕੀ ਸਿੱਖਦੇ ਹਾਂ?
3 ਅਸੀਂ ਸਾਰੇ ਸੰਤੁਸ਼ਟ ਰਹਿ ਸਕਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ।” (ਫ਼ਿਲਿੱਪੀਆਂ 4:11, 12 ਪੜ੍ਹੋ।) ਉਸ ਨੇ ਇਹ ਸ਼ਬਦ ਕੈਦ ਵਿਚ ਹੁੰਦਿਆਂ ਲਿਖੇ ਸਨ, ਪਰ ਫਿਰ ਵੀ ਉਸ ਨੇ ਆਪਣੀ ਖ਼ੁਸ਼ੀ ਨਹੀਂ ਗੁਆਈ। ਉਸ ਨੇ ਸੰਤੁਸ਼ਟ ਰਹਿਣ ਦਾ “ਰਾਜ਼ ਜਾਣ ਲਿਆ” ਸੀ। ਜੇ ਸਾਨੂੰ ਸੰਤੁਸ਼ਟ ਰਹਿਣਾ ਔਖਾ ਲੱਗਦਾ ਹੈ, ਤਾਂ ਅਸੀਂ ਪੌਲੁਸ ਦੀ ਮਿਸਾਲ ਯਾਦ ਰੱਖ ਸਕਦੇ ਹਾਂ। ਉਸ ਦੀ ਜ਼ਿੰਦਗੀ ਅਤੇ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਵੀ ਔਖੇ ਤੋਂ ਔਖੇ ਹਾਲਾਤਾਂ ਵਿਚ ਸੰਤੁਸ਼ਟ ਰਹਿ ਸਕਦੇ ਹਾਂ। ਭਾਵੇਂ ਕਿ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ, ਫਿਰ ਵੀ ਸਾਨੂੰ ਸੰਤੁਸ਼ਟ ਰਹਿਣ ਦਾ ਰਾਜ਼ ਸਿੱਖਣਾ ਚਾਹੀਦਾ ਹੈ। ਆਓ ਆਪਾਂ ਕੁਝ ਗੱਲਾਂ ʼਤੇ ਗੌਰ ਕਰੀਏ ਜੋ ਸੰਤੁਸ਼ਟ ਰਹਿਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ।
ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰੋ
4. ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ? (1 ਥੱਸਲੁਨੀਕੀਆਂ 5:18)
4 ਜਿਹੜਾ ਇਨਸਾਨ ਸ਼ੁਕਰਗੁਜ਼ਾਰ ਹੁੰਦਾ ਹੈ, ਉਹ ਜ਼ਿਆਦਾ ਸੰਤੁਸ਼ਟ ਹੁੰਦਾ ਹੈ। (1 ਥੱਸਲੁਨੀਕੀਆਂ 5:18 ਪੜ੍ਹੋ।) ਮਿਸਾਲ ਲਈ, ਜਦੋਂ ਅਸੀਂ ਆਪਣੀਆਂ ਰੋਜ਼ ਦੀਆਂ ਲੋੜਾਂ ਲਈ ਦਿਲੋਂ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਚੀਜ਼ਾਂ ਦੀ ਚਿੰਤਾ ਨਹੀਂ ਕਰਦੇ ਜੋ ਸਾਡੇ ਕੋਲ ਨਹੀਂ ਹਨ। ਨਾਲੇ ਜਦੋਂ ਅਸੀਂ ਉਨ੍ਹਾਂ ਜ਼ਿੰਮੇਵਾਰੀਆਂ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ ਜੋ ਅੱਜ ਸਾਡੇ ਕੋਲ ਹਨ, ਤਾਂ ਅਸੀਂ ਆਪਣਾ ਧਿਆਨ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ʼਤੇ ਲਾਉਂਦੇ ਹਾਂ। ਪਰ ਅਸੀਂ ਉਨ੍ਹਾਂ ਜ਼ਿੰਮੇਵਾਰੀਆਂ ਬਾਰੇ ਨਹੀਂ ਸੋਚਾਂਗੇ ਜੋ ਸਾਡੇ ਕੋਲ ਨਹੀਂ ਹਨ। ਯਹੋਵਾਹ ਜਾਣਦਾ ਹੈ ਕਿ ਸਾਡੇ ਲਈ ਸ਼ੁਕਰਗੁਜ਼ਾਰ ਹੋਣਾ ਕਿੰਨਾ ਜ਼ਰੂਰੀ ਹੈ! ਇਸੇ ਲਈ ਉਸ ਨੇ ਬਾਈਬਲ ਵਿਚ ਲਿਖਵਾਇਆ ਹੈ ਕਿ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਉਸ ਦਾ ਧੰਨਵਾਦ ਕਰੀਏ। ਸ਼ੁਕਰਗੁਜ਼ਾਰੀ ਵਾਲਾ ਰਵੱਈਆ ਹੋਣ ਕਰਕੇ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲਦੀ ਹੈ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।”—ਫ਼ਿਲਿ. 4:6, 7.
5. ਇਜ਼ਰਾਈਲੀਆਂ ਨੂੰ ਕਿਹੜੀਆਂ ਗੱਲਾਂ ਕਰਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ? (ਤਸਵੀਰ ਵੀ ਦੇਖੋ।)
5 ਆਓ ਆਪਾਂ ਇਜ਼ਰਾਈਲੀਆਂ ਦੀ ਮਿਸਾਲ ʼਤੇ ਗੌਰ ਕਰੀਏ। ਉਨ੍ਹਾਂ ਨੇ ਕਈ ਮੌਕਿਆਂ ਤੇ ਯਹੋਵਾਹ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਉਹ ਖਾਣ ਵਾਲੀਆਂ ਚੀਜ਼ਾਂ ਨਹੀਂ ਸਨ ਜੋ ਉਹ ਮਿਸਰ ਵਿਚ ਖਾਂਦੇ ਸਨ। (ਗਿਣ. 11:4-6) ਬਿਨਾਂ ਸ਼ੱਕ, ਉਜਾੜ ਵਿਚ ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ ਸੀ। ਪਰ ਸੰਤੁਸ਼ਟ ਰਹਿਣ ਵਿਚ ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਸਨ? ਇਜ਼ਰਾਈਲੀਆਂ ਨੂੰ ਉਨ੍ਹਾਂ ਕੰਮਾਂ ʼਤੇ ਸੋਚ-ਵਿਚਾਰ ਕਰਨਾ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਜੋ ਯਹੋਵਾਹ ਨੇ ਉਨ੍ਹਾਂ ਲਈ ਕੀਤੇ ਸਨ। ਮਿਸਾਲ ਲਈ, ਜਦੋਂ ਉਹ ਮਿਸਰ ਵਿਚ ਗ਼ੁਲਾਮ ਸਨ ਅਤੇ ਉਨ੍ਹਾਂ ʼਤੇ ਬੇਰਹਿਮੀ ਨਾਲ ਜ਼ੁਲਮ ਕੀਤੇ ਜਾਂਦੇ ਸਨ, ਤਾਂ ਯਹੋਵਾਹ ਨੇ ਦਸ ਬਿਪਤਾਵਾਂ ਲਿਆ ਕੇ ਉਨ੍ਹਾਂ ਨੂੰ ਆਜ਼ਾਦ ਕਰਾਇਆ ਸੀ। ਨਾਲੇ ਜਦੋਂ ਉਹ ਉੱਥੋਂ ਨਿਕਲ ਰਹੇ ਸਨ, ਤਾਂ ਉਨ੍ਹਾਂ ਨੇ ਇਕ ਤਰ੍ਹਾਂ ਨਾਲ “ਮਿਸਰੀਆਂ ਨੂੰ ਲੁੱਟ ਲਿਆ ਸੀ।” ਉਹ ਉਨ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਚੀਜ਼ਾਂ ਤੇ ਕੱਪੜੇ ਆਪਣੇ ਨਾਲ ਲੈ ਆਏ ਸਨ। (ਕੂਚ 12:35, 36) ਇਸ ਤੋਂ ਇਲਾਵਾ, ਜਦੋਂ ਮਿਸਰੀ ਫ਼ੌਜ ਇਜ਼ਰਾਈਲੀਆਂ ਦਾ ਪਿੱਛਾ ਕਰਦੀ-ਕਰਦੀ ਲਾਲ ਸਮੁੰਦਰ ʼਤੇ ਪਹੁੰਚੀ, ਤਾਂ ਯਹੋਵਾਹ ਨੇ ਚਮਤਕਾਰੀ ਤਰੀਕੇ ਨਾਲ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਜਦੋਂ ਉਹ ਉਜਾੜ ਵਿਚ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਹਰ ਰੋਜ਼ ਖਾਣ ਲਈ ਮੰਨ ਦਿੱਤਾ। ਪਰ ਇਜ਼ਰਾਈਲੀ ਖਾਣੇ ਬਾਰੇ ਸ਼ਿਕਾਇਤ ਕਿਉਂ ਕਰਨ ਲੱਗ ਪਏ ਸਨ? ਕਿਉਂਕਿ ਉਹ ਯਹੋਵਾਹ ਦੇ ਸ਼ੁਕਰਗੁਜ਼ਾਰ ਨਹੀਂ ਸਨ, ਭਾਵੇਂ ਕਿ ਉਸ ਨੇ ਉਨ੍ਹਾਂ ਨੂੰ ਕਾਫ਼ੀ ਖਾਣਾ ਦਿੱਤਾ ਸੀ।
ਇਜ਼ਰਾਈਲੀ ਸੰਤੁਸ਼ਟ ਕਿਉਂ ਨਹੀਂ ਰਹੇ? (ਪੈਰਾ 5 ਦੇਖੋ)
6. ਅਸੀਂ ਕਿਹੜੇ ਤਰੀਕਿਆਂ ਰਾਹੀਂ ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰ ਸਕਦੇ ਹਾਂ?
6 ਤਾਂ ਫਿਰ ਅਸੀਂ ਸ਼ੁਕਰਗੁਜ਼ਾਰੀ ਦਾ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ? ਆਓ ਆਪਾਂ ਤਿੰਨ ਤਰੀਕੇ ਦੇਖੀਏ। ਪਹਿਲਾ, ਹਰ ਰੋਜ਼ ਸਮਾਂ ਕੱਢ ਕੇ ਉਨ੍ਹਾਂ ਚੀਜ਼ਾਂ ਬਾਰੇ ਸੋਚੋ ਜਿਨ੍ਹਾਂ ਦਾ ਤੁਸੀਂ ਮਜ਼ਾ ਲੈਂਦੇ ਹੋ। ਜੇ ਹੋ ਸਕੇ, ਤਾਂ ਦੋ ਜਾਂ ਤਿੰਨ ਚੀਜ਼ਾਂ ਲਿਖ ਲਓ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ। (ਵਿਰ. 3:22, 23) ਦੂਜਾ, ਆਪਣੇ ਸ਼ਬਦਾਂ ਰਾਹੀਂ ਸ਼ੁਕਰਗੁਜ਼ਾਰੀ ਦਿਖਾਓ। ਜਿਨ੍ਹਾਂ ਨੇ ਤੁਹਾਡੇ ਲਈ ਕੁਝ ਕੀਤਾ ਹੈ, ਉਨ੍ਹਾਂ ਦਾ ਧੰਨਵਾਦ ਕਰਨ ਵਿਚ ਪਹਿਲ ਕਰੋ। ਸਭ ਤੋਂ ਵੱਧ ਕੇ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰੋ। (ਜ਼ਬੂ. 75:1) ਤੀਜਾ, ਉਨ੍ਹਾਂ ਨੂੰ ਆਪਣੇ ਕਰੀਬੀ ਦੋਸਤ ਬਣਾਓ ਜੋ ਸ਼ੁਕਰਗੁਜ਼ਾਰੀ ਦਿਖਾਉਂਦੇ ਹਨ। ਇੱਦਾਂ ਤੁਸੀਂ ਵੀ ਸ਼ੁਕਰਗੁਜ਼ਾਰ ਬਣੋਗੇ। ਪਰ ਜੇ ਤੁਸੀਂ ਇੱਦਾਂ ਦੇ ਲੋਕਾਂ ਨਾਲ ਦੋਸਤੀ ਕਰੋਗੇ ਜੋ ਬੁੜ-ਬੁੜ ਕਰਦੇ ਰਹਿੰਦੇ ਹਨ, ਤਾਂ ਤੁਸੀਂ ਵੀ ਉਨ੍ਹਾਂ ਵਰਗੇ ਬਣ ਜਾਓਗੇ ਅਤੇ ਸੰਤੁਸ਼ਟ ਨਹੀਂ ਰਹੋਗੇ। (ਬਿਵ. 1:26-28; 2 ਤਿਮੋ. 3:1, 2, 5) ਜਦੋਂ ਅਸੀਂ ਇਹ ਸੋਚਾਂਗੇ ਕਿ ਅਸੀਂ ਕਿਨ੍ਹਾਂ ਗੱਲਾਂ ਲਈ ਸ਼ੁਕਰਗੁਜ਼ਾਰ ਹੋ ਸਕਦੇ ਹਾਂ, ਤਾਂ ਅਸੀਂ ਇਸ ਗੱਲ ਲਈ ਪਰੇਸ਼ਾਨ ਨਹੀਂ ਹੋਵਾਂਗੇ ਕਿ ਸਾਡੇ ਕੋਲ ਕੀ ਨਹੀਂ ਹੈ। ਇਸ ਦੀ ਬਜਾਇ, ਅਸੀਂ ਸੰਤੁਸ਼ਟ ਰਹਾਂਗੇ।
7. ਭੈਣ ਰਾਜ਼ਮੀਨਾ ਨੇ ਸ਼ੁਕਰਗੁਜ਼ਾਰੀ ਦਾ ਗੁਣ ਕਿਵੇਂ ਪੈਦਾ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
7 ਜ਼ਰਾ ਇੰਡੋਨੇਸ਼ੀਆ ਵਿਚ ਰਹਿਣ ਵਾਲੀ ਭੈਣ ਰਾਜ਼ਮੀਨਾ ਦੇ ਤਜਰਬੇ ʼਤੇ ਗੌਰ ਕਰੋ।a ਉਹ ਦੱਸਦੀ ਹੈ: “ਕੋਵਿਡ-19 ਮਹਾਂਮਾਰੀ ਦੌਰਾਨ ਮੈਂ ਆਪਣੇ ਹਾਲਾਤਾਂ ਦੀ ਤੁਲਨਾ ਦੂਜੇ ਭੈਣਾਂ-ਭਰਾਵਾਂ ਦੇ ਹਾਲਾਤਾਂ ਨਾਲ ਕਰਨ ਲੱਗ ਪਈ ਸੀ। ਇਸ ਕਰਕੇ ਮੈਂ ਸੰਤੁਸ਼ਟ ਨਹੀਂ ਰਹਿ ਸਕੀ।” (ਗਲਾ. 6:4) ਉਸ ਨੇ ਆਪਣੀ ਸੋਚ ਕਿਵੇਂ ਬਦਲੀ? ਰਾਜ਼ਮੀਨਾ ਦੱਸਦੀ ਹੈ: “ਮੈਂ ਉਨ੍ਹਾਂ ਬਰਕਤਾਂ ਬਾਰੇ ਸੋਚਣ ਲੱਗੀ ਜੋ ਯਹੋਵਾਹ ਹਰ ਰੋਜ਼ ਮੈਨੂੰ ਦੇ ਰਿਹਾ ਸੀ। ਨਾਲੇ ਮੈਂ ਉਨ੍ਹਾਂ ਬਰਕਤਾਂ ʼਤੇ ਵੀ ਸੋਚ-ਵਿਚਾਰ ਕੀਤਾ ਜੋ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਹੋਣ ਕਰਕੇ ਮੈਨੂੰ ਮਿਲੀਆਂ ਸਨ। ਫਿਰ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਯਹੋਵਾਹ ਦਾ ਧੰਨਵਾਦ ਕੀਤਾ। ਨਤੀਜੇ ਵਜੋਂ, ਮੈਂ ਸੰਤੁਸ਼ਟ ਰਹਿਣ ਲੱਗ ਪਈ।” ਜੇ ਤੁਸੀਂ ਵੀ ਆਪਣੇ ਹਾਲਾਤਾਂ ਕਰਕੇ ਸੰਤੁਸ਼ਟ ਨਹੀਂ ਹੋ, ਤਾਂ ਕਿਉਂ ਨਾ ਤੁਸੀਂ ਵੀ ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰਨ ਲਈ ਭੈਣ ਰਾਜ਼ਮੀਨਾ ਦੀ ਰੀਸ ਕਰੋ।
ਧਿਆਨ ਭਟਕਣ ਨਾ ਦਿਓ ਤੇ ਨਿਮਰ ਰਹੋ
8. ਬਾਰੂਕ ਕਿਹੜੇ ਫੰਦੇ ਵਿਚ ਫਸ ਗਿਆ ਸੀ?
8 ਯਿਰਮਿਯਾਹ ਨਬੀ ਦਾ ਸਕੱਤਰ ਬਾਰੂਕ ਥੋੜ੍ਹੇ ਸਮੇਂ ਲਈ ਇਕ ਫੰਦੇ ਵਿਚ ਫਸ ਗਿਆ ਸੀ। ਬਾਰੂਕ ਨੂੰ ਇਕ ਔਖੀ ਜ਼ਿੰਮੇਵਾਰੀ ਮਿਲੀ ਸੀ। ਉਸ ਨੇ ਯਿਰਮਿਯਾਹ ਦੀ ਮਦਦ ਕਰਨੀ ਸੀ ਜਿਸ ਨੇ ਨਾਸ਼ੁਕਰੇ ਇਜ਼ਰਾਈਲੀਆਂ ਨੂੰ ਸਖ਼ਤ ਸੰਦੇਸ਼ ਸੁਣਾਉਣਾ ਸੀ। ਪਰ ਬਾਰੂਕ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ʼਤੇ ਆਪਣਾ ਧਿਆਨ ਲਾਉਣ ਦੀ ਬਜਾਇ ਆਪਣੇ ਬਾਰੇ ਅਤੇ ਉਨ੍ਹਾਂ ਚੀਜ਼ਾਂ ਬਾਰੇ ਹੱਦੋਂ ਵੱਧ ਸੋਚਣ ਲੱਗ ਪਿਆ ਜੋ ਉਹ ਹਾਸਲ ਕਰਨੀਆਂ ਚਾਹੁੰਦਾ ਸੀ। ਯਹੋਵਾਹ ਨੇ ਯਿਰਮਿਯਾਹ ਰਾਹੀਂ ਬਾਰੂਕ ਨੂੰ ਕਿਹਾ: “ਤੂੰ ਵੱਡੀਆਂ-ਵੱਡੀਆਂ ਚੀਜ਼ਾਂ ਪਿੱਛੇ ਭੱਜਦਾ ਹੈਂ। ਤੂੰ ਇਨ੍ਹਾਂ ਪਿੱਛੇ ਭੱਜਣਾ ਛੱਡ ਦੇ।” (ਯਿਰ. 45:3-5) ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਯਹੋਵਾਹ ਉਸ ਨੂੰ ਕਹਿ ਰਿਹਾ ਸੀ: “ਜੋ ਤੇਰੇ ਕੋਲ ਹੈ, ਉਸ ਵਿਚ ਸੰਤੁਸ਼ਟ ਰਹਿ।” ਬਾਰੂਕ ਨੇ ਯਹੋਵਾਹ ਦੀ ਸਲਾਹ ਮੰਨੀ ਅਤੇ ਉਸ ʼਤੇ ਯਹੋਵਾਹ ਦੀ ਮਿਹਰ ਬਣੀ ਰਹੀ।
9. ਅਸੀਂ ਪਹਿਲਾ ਕੁਰਿੰਥੀਆਂ 4:6, 7 ਤੋਂ ਕੀ ਸਿੱਖਦੇ ਹਾਂ? (ਤਸਵੀਰਾਂ ਵੀ ਦੇਖੋ।)
9 ਕਦੇ-ਕਦਾਈਂ ਸ਼ਾਇਦ ਇਕ ਮਸੀਹੀ ਨੂੰ ਲੱਗੇ ਕਿ ਕੋਈ ਜ਼ਿੰਮੇਵਾਰੀ ਉਸ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਕਿਉਂ? ਕਿਉਂਕਿ ਸ਼ਾਇਦ ਉਹ ਬਹੁਤ ਜ਼ਿਆਦਾ ਹੁਨਰਮੰਦ, ਮਿਹਨਤੀ ਜਾਂ ਤਜਰਬੇਕਾਰ ਹੋਵੇ ਜਾਂ ਸ਼ਾਇਦ ਇਹ ਤਿੰਨੇ ਗੱਲਾਂ ਉਸ ਵਿਚ ਹੋਣ। ਪਰ ਹੋ ਸਕਦਾ ਹੈ ਕਿ ਦੂਜਿਆਂ ਨੂੰ ਉਹ ਜ਼ਿੰਮੇਵਾਰੀ ਮਿਲ ਜਾਵੇ ਜੋ ਉਹ ਪਾਉਣੀ ਚਾਹੁੰਦਾ ਸੀ। ਇੱਦਾਂ ਹੋਣ ਤੇ ਉਹ ਕੀ ਕਰ ਸਕਦਾ ਹੈ? ਉਹ ਪਹਿਲਾ ਕੁਰਿੰਥੀਆਂ 4:6, 7 (ਪੜ੍ਹੋ।) ਵਿਚ ਦਰਜ ਪੌਲੁਸ ਦੇ ਸ਼ਬਦਾਂ ʼਤੇ ਸੋਚ-ਵਿਚਾਰ ਕਰ ਸਕਦਾ ਹੈ। ਸਾਨੂੰ ਜੋ ਸਨਮਾਨ ਮਿਲਦੇ ਹਨ ਅਤੇ ਸਾਡੇ ਵਿਚ ਜੋ ਵੀ ਹੁਨਰ ਹਨ, ਉਹ ਸਾਰੇ ਯਹੋਵਾਹ ਵੱਲੋਂ ਹੀ ਹਨ। ਅਸੀਂ ਨਾ ਤਾਂ ਇਨ੍ਹਾਂ ਨੂੰ ਕਮਾਇਆ ਹੈ ਅਤੇ ਨਾ ਹੀ ਅਸੀਂ ਇਨ੍ਹਾਂ ਦੇ ਹੱਕਦਾਰ ਹਾਂ। ਇਹ ਸਾਰਾ ਕੁਝ ਯਹੋਵਾਹ ਦੀ ਅਪਾਰ ਕਿਰਪਾ ਦਾ ਸਬੂਤ ਹੈ।—ਰੋਮੀ. 12:3, 6; ਅਫ਼. 2:8, 9.
ਸਾਡੇ ਕੋਲ ਜੋ ਵੀ ਦਾਤ ਹੈ, ਉਹ ਯਹੋਵਾਹ ਦੀ ਅਪਾਰ ਕਿਰਪਾ ਦਾ ਸਬੂਤ ਹੈ (ਪੈਰਾ 9 ਦੇਖੋ)c
10. ਅਸੀਂ ਨਿਮਰ ਕਿਵੇਂ ਬਣ ਸਕਦੇ ਹਾਂ?
10 ਯਿਸੂ ਦੀ ਮਿਸਾਲ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਕੇ ਅਸੀਂ ਨਿਮਰ ਬਣਨਾ ਸਿੱਖ ਸਕਦੇ ਹਾਂ। ਜ਼ਰਾ ਗੌਰ ਕਰੋ ਕਿ ਜਿਸ ਰਾਤ ਯਿਸੂ ਨੇ ਆਪਣੇ ਰਸੂਲਾਂ ਦੇ ਪੈਰ ਧੋਤੇ ਸਨ, ਉਸ ਬਾਰੇ ਬਾਈਬਲ ਵਿਚ ਕੀ ਲਿਖਿਆ ਹੈ। ਯੂਹੰਨਾ ਰਸੂਲ ਨੇ ਲਿਖਿਆ: “ਯਿਸੂ ਜਾਣਦਾ ਸੀ ਕਿ (1) ਪਿਤਾ ਨੇ ਸਾਰੀਆਂ ਚੀਜ਼ਾਂ ਉਸ ਦੇ ਹੱਥ ਸੌਂਪ ਦਿੱਤੀਆਂ ਸਨ ਅਤੇ (2) ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ (3) ਪਰਮੇਸ਼ੁਰ ਕੋਲ ਜਾ ਰਿਹਾ ਸੀ।” ਫਿਰ ਉਹ ਆਪ ਅੱਗੇ ਆਇਆ ਅਤੇ “ਚੇਲਿਆਂ ਦੇ ਪੈਰ ਧੋਣ ਲੱਗਾ।” (ਯੂਹੰ. 13:3-5) ਯਿਸੂ ਨੇ ਇਹ ਨਹੀਂ ਸੋਚਿਆ ਕਿ ਉਹ ਤਾਂ ਪਰਮੇਸ਼ੁਰ ਦਾ ਪੁੱਤਰ ਹੈ, ਇਸ ਕਰਕੇ ਚੇਲਿਆਂ ਨੂੰ ਉਸ ਦੇ ਪੈਰ ਧੋਣੇ ਚਾਹੀਦੇ ਹਨ। ਨਾਲੇ ਧਰਤੀ ʼਤੇ ਰਹਿੰਦਿਆਂ ਉਸ ਨੇ ਕਦੇ ਇਹ ਵੀ ਨਹੀਂ ਸੋਚਿਆ ਕਿ ਉਸ ਕੋਲ ਧਨ-ਦੌਲਤ ਤੇ ਵਧੀਆ ਘਰ ਹੋਣਾ ਚਾਹੀਦਾ ਹੈ ਅਤੇ ਉਸ ਦੀ ਜ਼ਿੰਦਗੀ ਆਰਾਮਦਾਇਕ ਹੋਣੀ ਚਾਹੀਦੀ ਹੈ। (ਲੂਕਾ 9:58) ਯਿਸੂ ਨਿਮਰ ਸੀ ਅਤੇ ਉਸ ਕੋਲ ਜੋ ਕੁਝ ਸੀ, ਉਹ ਉਸ ਵਿਚ ਸੰਤੁਸ਼ਟ ਸੀ। ਉਸ ਨੇ ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ ਰੱਖੀ ਹੈ!—ਯੂਹੰ. 13:15.
11. ਨਿਮਰ ਬਣਨ ਨਾਲ ਡੈਨਿਸ ਸੰਤੁਸ਼ਟ ਕਿਵੇਂ ਰਹਿ ਸਕਿਆ?
11 ਨੀਦਰਲੈਂਡਜ਼ ਵਿਚ ਰਹਿਣ ਵਾਲਾ ਭਰਾ ਡੈਨਿਸ ਯਿਸੂ ਵਾਂਗ ਨਿਮਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਸ ਲਈ ਇੱਦਾਂ ਕਰਨਾ ਸੌਖਾ ਨਹੀਂ ਹੈ। ਉਹ ਕਹਿੰਦਾ ਹੈ: “ਜਦੋਂ ਕਿਸੇ ਨੂੰ ਉਹ ਜ਼ਿੰਮੇਵਾਰੀ ਮਿਲਦੀ ਹੈ ਜੋ ਮੈਂ ਚਾਹੁੰਦਾ ਹਾਂ, ਤਾਂ ਕਈ ਵਾਰ ਮੈਨੂੰ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਜ਼ਿੰਮੇਵਾਰੀ ਮੈਨੂੰ ਮਿਲਣੀ ਚਾਹੀਦੀ ਹੈ। ਇੱਦਾਂ ਹੋਣ ਤੇ ਮੈਂ ਨਿਮਰਤਾ ਦੇ ਵਿਸ਼ੇ ʼਤੇ ਅਧਿਐਨ ਕਰਦਾ ਹਾਂ। ਮੈਂ JW ਲਾਇਬ੍ਰੇਰੀ ਐਪ ʼਤੇ ਨਿਮਰ ਰਹਿਣ ਬਾਰੇ ਕੁਝ ਆਇਤਾਂ ਟੈਗ ਕਰ ਕੇ ਰੱਖੀਆਂ ਹਨ ਤਾਂਕਿ ਮੈਂ ਉਨ੍ਹਾਂ ਨੂੰ ਸੌਖਿਆਂ ਹੀ ਲੱਭ ਸਕਾਂ ਅਤੇ ਉਨ੍ਹਾਂ ਨੂੰ ਵਾਰ-ਵਾਰ ਪੜ੍ਹ ਸਕਾਂ। ਮੈਂ ਆਪਣੇ ਫ਼ੋਨ ʼਤੇ ਨਿਮਰ ਰਹਿਣ ਬਾਰੇ ਕੁਝ ਭਾਸ਼ਣ ਵੀ ਡਾਊਨਲੋਡ ਕਰ ਕੇ ਰੱਖੇ ਹਨ ਅਤੇ ਮੈਂ ਉਨ੍ਹਾਂ ਨੂੰ ਵੀ ਅਕਸਰ ਸੁਣਦਾ ਹਾਂ।b ਮੈਂ ਸਿੱਖਿਆ ਹੈ ਕਿ ਅਸੀਂ ਜੋ ਵੀ ਕਰਦੇ ਹਾਂ, ਉਸ ਨਾਲ ਯਹੋਵਾਹ ਦੀ ਮਹਿਮਾ ਹੋਣੀ ਚਾਹੀਦੀ ਹੈ, ਨਾ ਕਿ ਸਾਡੀ। ਦੇਖਿਆ ਜਾਵੇ, ਤਾਂ ਯਹੋਵਾਹ ਸਾਰਾ ਕੁਝ ਕਰ ਰਿਹਾ ਹੈ। ਅਸੀਂ ਤਾਂ ਬੱਸ ਯਹੋਵਾਹ ਦਾ ਹੱਥ ਵਟਾ ਰਹੇ ਹਾਂ।” ਜੇ ਤੁਸੀਂ ਕਦੇ ਇਸ ਗੱਲੋਂ ਨਿਰਾਸ਼ ਹੋ ਜਾਂਦੇ ਹੋ ਕਿ ਤੁਹਾਨੂੰ ਉਹ ਜ਼ਿੰਮੇਵਾਰੀ ਨਹੀਂ ਮਿਲੀ ਜੋ ਤੁਸੀਂ ਚਾਹੁੰਦੇ ਹੋ, ਤਾਂ ਹੋਰ ਨਿਮਰ ਬਣਨ ਦੀ ਕੋਸ਼ਿਸ਼ ਕਰੋ। ਇੱਦਾਂ ਕਰਨ ਨਾਲ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਸਕੋਗੇ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸ ਵਿਚ ਸੰਤੁਸ਼ਟ ਰਹਿ ਸਕੋਗੇ।—ਯਾਕੂ. 4:6, 8.
ਆਪਣੀ ਉਮੀਦ ʼਤੇ ਸੋਚ-ਵਿਚਾਰ ਕਰੋ
12. ਅਸੀਂ ਆਪਣੀ ਉਮੀਦ ਕਰਕੇ ਸੰਤੁਸ਼ਟ ਕਿੱਦਾਂ ਰਹਿ ਸਕਦੇ ਹਾਂ? (ਯਸਾਯਾਹ 65:21-25)
12 ਯਹੋਵਾਹ ਨੇ ਸਾਨੂੰ ਸ਼ਾਨਦਾਰ ਭਵਿੱਖ ਦੀ ਉਮੀਦ ਦਿੱਤੀ ਹੈ। ਇਸ ʼਤੇ ਸੋਚ-ਵਿਚਾਰ ਕਰ ਕੇ ਅਸੀਂ ਸੰਤੁਸ਼ਟ ਰਹਿ ਸਕਦੇ ਹਾਂ। ਯਹੋਵਾਹ ਨੇ ਯਸਾਯਾਹ ਦੀ ਕਿਤਾਬ ਵਿਚ ਸਾਨੂੰ ਸਿਰਫ਼ ਇਹੀ ਨਹੀਂ ਦੱਸਿਆ ਕਿ ਉਹ ਸਾਡੀਆਂ ਪਰੇਸ਼ਾਨੀਆਂ ਸਮਝਦਾ ਹੈ, ਸਗੋਂ ਉਸ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਉਹ ਇਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਯਸਾਯਾਹ 65:21-25) ਨਵੀਂ ਦੁਨੀਆਂ ਵਿਚ ਸਾਡੇ ਕੋਲ ਰਹਿਣ ਲਈ ਬਹੁਤ ਵਧੀਆ ਘਰ ਹੋਣਗੇ ਅਤੇ ਅਸੀਂ ਸੁਰੱਖਿਅਤ ਰਹਾਂਗੇ। ਸਾਡੇ ਕੋਲ ਅਜਿਹਾ ਕੰਮ ਹੋਵੇਗਾ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਅਸੀਂ ਵਧੀਆ ਤੋਂ ਵਧੀਆ ਖਾਣਾ ਖਾਵਾਂਗੇ ਅਤੇ ਤੰਦਰੁਸਤ ਰਹਾਂਗੇ। ਸਾਨੂੰ ਉਦੋਂ ਇਹ ਚਿੰਤਾ ਨਹੀਂ ਹੋਵੇਗੀ ਕਿ ਸਾਡੇ ਨਾਲ ਜਾਂ ਸਾਡੇ ਬੱਚਿਆਂ ਨਾਲ ਕੁਝ ਬੁਰਾ ਹੋ ਜਾਵੇਗਾ। (ਯਸਾ. 32:17, 18; ਹਿਜ਼. 34:25) ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਇਹ ਸਾਰੇ ਵਾਅਦੇ ਭਵਿੱਖ ਵਿਚ ਜ਼ਰੂਰ ਪੂਰੇ ਹੋਣਗੇ!
13. ਸਾਨੂੰ ਖ਼ਾਸ ਕਰਕੇ ਕਿਹੜੇ ਹਾਲਾਤਾਂ ਵਿਚ ਆਪਣੀ ਉਮੀਦ ʼਤੇ ਧਿਆਨ ਦੇਣ ਦੀ ਲੋੜ ਪਵੇਗੀ?
13 ਅੱਜ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਪਣੀ ਉਮੀਦ ʼਤੇ ਧਿਆਨ ਦੇਣ ਦੀ ਲੋੜ ਹੈ। ਕਿਉਂ? ਕਿਉਂਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। ਅਸੀਂ ਹਰ ਰੋਜ਼ ਇੱਦਾਂ ਦੀਆਂ ਮੁਸੀਬਤਾਂ ਝੱਲਦੇ ਹਾਂ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। (2 ਤਿਮੋ. 3:1) ਪਰ ਯਹੋਵਾਹ ਸਾਨੂੰ ਹਰ ਰੋਜ਼ ਸੇਧ ਦੇ ਕੇ, ਤਾਕਤ ਦੇ ਕੇ ਅਤੇ ਸੰਭਾਲ ਕੇ ਇਨ੍ਹਾਂ ਮੁਸ਼ਕਲਾਂ ਵਿਚ ਸਾਡੀ ਮਦਦ ਕਰਦਾ ਹੈ। (ਜ਼ਬੂ. 145:14) ਨਾਲੇ ਆਪਣੀ ਉਮੀਦ ਕਰਕੇ ਅਸੀਂ ਔਖੀਆਂ ਘੜੀਆਂ ਨੂੰ ਸਹਿ ਸਕਦੇ ਹਾਂ। ਸ਼ਾਇਦ ਤੁਸੀਂ ਆਪਣੇ ਪਰਿਵਾਰ ਦੀਆਂ ਹਰ ਰੋਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੱਦੋ-ਜਹਿਦ ਕਰ ਰਹੇ ਹੋ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਹਮੇਸ਼ਾ ਹੀ ਇੱਦਾਂ ਕਰਨਾ ਪਵੇਗਾ? ਬਿਲਕੁਲ ਨਹੀਂ! ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਨਵੀਂ ਦੁਨੀਆਂ ਵਿਚ ਸਿਰਫ਼ ਤੁਹਾਡੀਆਂ ਲੋੜਾਂ ਹੀ ਨਹੀਂ ਪੂਰੀਆਂ ਕਰੇਗਾ, ਸਗੋਂ ਇਸ ਤੋਂ ਵੀ ਕਿਤੇ ਜ਼ਿਆਦਾ ਤੁਹਾਨੂੰ ਦੇਵੇਗਾ। (ਜ਼ਬੂ. 9:18; 72:12-14) ਹੋ ਸਕਦਾ ਹੈ ਕਿ ਤੁਹਾਨੂੰ ਕੋਈ ਬੀਮਾਰੀ ਹੋਵੇ, ਤੁਹਾਨੂੰ ਹਮੇਸ਼ਾ ਦਰਦਾਂ ਹੁੰਦੀਆਂ ਰਹਿੰਦੀਆਂ ਹੋਣ ਜਾਂ ਤੁਹਾਨੂੰ ਡਿਪਰੈਸ਼ਨ ਹੋਵੇ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਤੁਹਾਨੂੰ ਕਦੇ ਰਾਹਤ ਨਹੀਂ ਮਿਲੇਗੀ? ਬਿਲਕੁਲ ਨਹੀਂ! ਨਵੀਂ ਦੁਨੀਆਂ ਵਿਚ ਬੀਮਾਰੀ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਪ੍ਰਕਾ. 21:3, 4) ਜਦੋਂ ਅਸੀਂ ਇਸ ਉਮੀਦ ਬਾਰੇ ਸੋਚਦੇ ਹਾਂ, ਤਾਂ ਅਸੀਂ ਔਖੀਆਂ ਤੋਂ ਔਖੀਆਂ ਘੜੀਆਂ ਵਿਚ ਵੀ ਕੁੜੱਤਣ ਤੇ ਗੁੱਸੇ ਨਾਲ ਨਹੀਂ ਭਰਾਂਗੇ, ਸਗੋਂ ਸੰਤੁਸ਼ਟ ਰਹਾਂਗੇ। ਜਦੋਂ ਸਾਡੇ ਨਾਲ ਕੋਈ ਬੇਇਨਸਾਫ਼ੀ ਹੁੰਦੀ ਹੈ, ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਂਦੀ ਹੈ, ਅਸੀਂ ਬੀਮਾਰ ਹੁੰਦੇ ਹਾਂ ਜਾਂ ਸਾਨੂੰ ਕਿਸੇ ਹੋਰ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਵੀ ਅਸੀਂ ਸੰਤੁਸ਼ਟ ਰਹਿ ਸਕਦੇ ਹਾਂ। ਕਿਉਂ? ਕਿਉਂਕਿ ਚਾਹੇ ਅੱਜ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਅਸੀਂ ਜਾਣਦੇ ਹਾਂ ਕਿ ਇਹ “ਮੁਸੀਬਤਾਂ ਥੋੜ੍ਹੇ ਸਮੇਂ ਲਈ” ਹਨ ਅਤੇ ਨਵੀਂ ਦੁਨੀਆਂ ਵਿਚ ਇਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ।—2 ਕੁਰਿੰ. 4:17, 18.
14. ਅਸੀਂ ਆਪਣੀ ਉਮੀਦ ਕਿਵੇਂ ਪੱਕੀ ਕਰ ਸਕਦੇ ਹਾਂ?
14 ਸੰਤੁਸ਼ਟ ਰਹਿਣ ਲਈ ਉਮੀਦ ਹੋਣੀ ਬਹੁਤ ਜ਼ਰੂਰੀ ਹੈ। ਤਾਂ ਫਿਰ ਅਸੀਂ ਆਪਣੀ ਉਮੀਦ ਕਿਵੇਂ ਪੱਕੀ ਕਰ ਸਕਦੇ ਹਾਂ? ਜਿੱਦਾਂ ਇਕ ਵਿਅਕਤੀ ਨੂੰ ਸ਼ਾਇਦ ਦੂਰ ਦੀਆਂ ਚੀਜ਼ਾਂ ਸਾਫ਼-ਸਾਫ਼ ਦੇਖਣ ਲਈ ਐਨਕਾਂ ਦੀ ਲੋੜ ਪਵੇ, ਉੱਦਾਂ ਹੀ ਸ਼ਾਇਦ ਸਾਨੂੰ ਆਪਣੀ ਉਮੀਦ ਪੱਕੀ ਕਰਨ ਲਈ ਕੁਝ ਕਦਮ ਚੁੱਕਣ ਦੀ ਲੋੜ ਪਵੇ ਤਾਂਕਿ ਅਸੀਂ ਨਵੀਂ ਦੁਨੀਆਂ ਨੂੰ ਸਾਫ਼-ਸਾਫ਼ ਦੇਖ ਸਕੀਏ। ਮਿਸਾਲ ਲਈ, ਪੈਸਿਆਂ ਦੀ ਚਿੰਤਾ ਹੋਣ ਤੇ ਅਸੀਂ ਨਵੀਂ ਦੁਨੀਆਂ ਬਾਰੇ ਸੋਚ ਸਕਦੇ ਹਾਂ, ਜਿੱਥੇ ਨਾ ਤਾਂ ਪੈਸਿਆਂ ਦੀ ਲੋੜ ਹੋਣੀ, ਨਾ ਕਰਜ਼ਾ ਲੈਣਾ ਪੈਣਾ ਤੇ ਨਾ ਹੀ ਗ਼ਰੀਬੀ ਹੋਣੀ। ਜੇ ਕੋਈ ਜ਼ਿੰਮੇਵਾਰੀ ਨਾ ਮਿਲਣ ਕਰਕੇ ਅਸੀਂ ਪਰੇਸ਼ਾਨ ਹਾਂ, ਤਾਂ ਅਸੀਂ ਸੋਚ ਸਕਦੇ ਹਾਂ ਕਿ ਜਦੋਂ ਨਵੀਂ ਦੁਨੀਆਂ ਵਿਚ ਅਸੀਂ ਮੁਕੰਮਲ ਹੋ ਜਾਵਾਂਗੇ ਅਤੇ ਸਾਨੂੰ ਯਹੋਵਾਹ ਦੀ ਸੇਵਾ ਕਰਦਿਆਂ ਹਜ਼ਾਰਾਂ ਹੀ ਸਾਲ ਬੀਤ ਚੁੱਕੇ ਹੋਣਗੇ, ਤਾਂ ਸਾਨੂੰ ਇਹ ਪਰੇਸ਼ਾਨੀ ਕਿੰਨੀ ਛੋਟੀ ਲੱਗੇਗੀ। (1 ਤਿਮੋ. 6:19) ਅੱਜ ਬਹੁਤ ਸਾਰੀਆਂ ਚਿੰਤਾਵਾਂ ਹੋਣ ਕਰਕੇ ਸਾਨੂੰ ਯਹੋਵਾਹ ਦੇ ਸ਼ਾਨਦਾਰ ਵਾਅਦਿਆਂ ʼਤੇ ਸੋਚ-ਵਿਚਾਰ ਕਰਨਾ ਔਖਾ ਲੱਗ ਸਕਦਾ ਹੈ। ਪਰ ਅਸੀਂ ਇਨ੍ਹਾਂ ʼਤੇ ਜਿੰਨਾ ਜ਼ਿਆਦਾ ਸੋਚ-ਵਿਚਾਰ ਕਰਾਂਗੇ, ਅਸੀਂ ਆਪਣੀਆਂ ਚਿੰਤਾਵਾਂ ਦੀ ਬਜਾਇ ਇਨ੍ਹਾਂ ਵਾਅਦਿਆਂ ʼਤੇ ਉੱਨਾ ਹੀ ਜ਼ਿਆਦਾ ਆਪਣਾ ਧਿਆਨ ਲਾਈ ਰੱਖਾਂਗੇ।
15. ਤੁਸੀਂ ਭੈਣ ਕਰਿਸਟਾ ਦੇ ਤਜਰਬੇ ਤੋਂ ਕੀ ਸਿੱਖਿਆ?
15 ਭਰਾ ਡੈਨਿਸ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਦੀ ਪਤਨੀ ਕਰਿਸਟਾ ਦੇ ਤਜਰਬੇ ʼਤੇ ਗੌਰ ਕਰੋ। ਭੈਣ ਕਰਿਸਟਾ ਕਹਿੰਦੀ ਹੈ: “ਮੈਨੂੰ ਇੱਦਾਂ ਦੀ ਬੀਮਾਰੀ ਹੈ ਜਿਸ ਕਰਕੇ ਮੇਰੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ। ਹੁਣ ਮੈਂ ਤੁਰ-ਫਿਰ ਵੀ ਨਹੀਂ ਸਕਦੀ ਅਤੇ ਮੈਨੂੰ ਵੀਲ੍ਹ-ਚੇਅਰ ਦਾ ਸਹਾਰਾ ਲੈਣਾ ਪੈਂਦਾ ਹੈ। ਮੈਂ ਜ਼ਿਆਦਾਤਰ ਸਮਾਂ ਬੈੱਡ ʼਤੇ ਹੀ ਰਹਿੰਦੀ ਹਾਂ। ਹਰ ਰੋਜ਼ ਮੇਰੇ ਬਹੁਤ ਦਰਦਾਂ ਹੁੰਦੀਆਂ ਹਨ। ਹਾਲ ਹੀ ਵਿਚ ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰੀ ਹਾਲਤ ਹੋਰ ਵਿਗੜਦੀ ਜਾਵੇਗੀ ਅਤੇ ਹੁਣ ਕੋਈ ਉਮੀਦ ਨਹੀਂ ਹੈ। ਪਰ ਮੈਂ ਤੁਰੰਤ ਸੋਚਿਆ, ‘ਇਸ ਨੂੰ ਨਹੀਂ ਪਤਾ ਕਿ ਮੇਰਾ ਭਵਿੱਖ ਕਿੰਨਾ ਸ਼ਾਨਦਾਰ ਹੋਵੇਗਾ!’ ਮੈਂ ਆਪਣੀ ਉਮੀਦ ʼਤੇ ਧਿਆਨ ਲਾਈ ਰੱਖਦੀ ਹਾਂ ਜਿਸ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਮੈਨੂੰ ਪਤਾ ਹੈ ਕਿ ਅੱਜ ਇਸ ਦੁਨੀਆਂ ਵਿਚ ਮੈਨੂੰ ਇਹ ਸਭ ਕੁਝ ਸਹਿਣਾ ਪੈਣਾ, ਪਰ ਨਵੀਂ ਦੁਨੀਆਂ ਵਿਚ ਮੇਰੇ ਸਾਰੇ ਦਰਦ ਦੂਰ ਹੋ ਜਾਣਗੇ ਅਤੇ ਮੈਂ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਸਕਾਂਗੀ।”
“ਜਿਹੜੇ ਉਸ ਤੋਂ ਡਰਦੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੁੰਦੀ”
16. ਰਾਜਾ ਦਾਊਦ ਨੇ ਇੱਦਾਂ ਕਿਉਂ ਲਿਖਿਆ ਕਿ ਯਹੋਵਾਹ ਤੋਂ ਡਰਨ ਵਾਲਿਆਂ ਨੂੰ “ਕਿਸੇ ਚੀਜ਼ ਦੀ ਥੁੜ੍ਹ ਨਹੀਂ” ਹੋਵੇਗੀ?
16 ਯਹੋਵਾਹ ਦੇ ਜਿਹੜੇ ਸੇਵਕ ਸੰਤੁਸ਼ਟ ਰਹਿੰਦੇ ਹਨ, ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਜ਼ਰਾ ਰਾਜਾ ਦਾਊਦ ਦੀ ਮਿਸਾਲ ʼਤੇ ਗੌਰ ਕਰੋ। ਬਾਈਬਲ ਦੱਸਦੀ ਹੈ ਕਿ ਉਸ ਨੂੰ ਆਪਣੇ ਤਿੰਨ ਬੱਚਿਆਂ ਦੀ ਮੌਤ ਦਾ ਗਮ ਸਹਿਣਾ ਪਿਆ। ਉਸ ʼਤੇ ਝੂਠੇ ਦੋਸ਼ ਲਾਏ ਗਏ, ਉਸ ਨੂੰ ਧੋਖਾ ਦਿੱਤਾ ਗਿਆ ਅਤੇ ਉਸ ਨੂੰ ਆਪਣੀ ਜਾਨ ਬਚਾਉਣ ਲਈ ਕਈ ਸਾਲਾਂ ਤਕ ਇੱਧਰ-ਉੱਧਰ ਭੱਜਣਾ ਪਿਆ। ਇੰਨਾ ਕੁਝ ਸਹਿਣ ਦੇ ਬਾਵਜੂਦ ਵੀ ਉਸ ਨੇ ਯਹੋਵਾਹ ਬਾਰੇ ਕਿਹਾ: “ਜਿਹੜੇ ਉਸ ਤੋਂ ਡਰਦੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੁੰਦੀ।” (ਜ਼ਬੂ. 34:9, 10) ਉਸ ਨੇ ਇੱਦਾਂ ਕਿਉਂ ਕਿਹਾ? ਕਿਉਂਕਿ ਉਹ ਜਾਣਦਾ ਸੀ ਕਿ ਭਾਵੇਂ ਯਹੋਵਾਹ ਮੁਸ਼ਕਲਾਂ ਆਉਣ ਤੋਂ ਨਹੀਂ ਰੋਕਦਾ, ਪਰ ਉਹ ਉਸ ਨੂੰ ਹਮੇਸ਼ਾ ਹਰ ਲੋੜੀਂਦੀ ਚੀਜ਼ ਜ਼ਰੂਰ ਦੇਵੇਗਾ। (ਜ਼ਬੂ. 145:16) ਦਾਊਦ ਵਾਂਗ ਅਸੀਂ ਵੀ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੋਣ ਦੇਵੇਗਾ ਅਤੇ ਮੁਸ਼ਕਲਾਂ ਦੌਰਾਨ ਵੀ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ। ਇਸ ਲਈ ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਫਿਰ ਵੀ ਅਸੀਂ ਖ਼ੁਸ਼ ਅਤੇ ਸੰਤੁਸ਼ਟ ਰਹਿ ਸਕਦੇ ਹਾਂ।
17. ਤੁਹਾਨੂੰ ਸੰਤੁਸ਼ਟ ਰਹਿਣ ਦਾ ਰਾਜ਼ ਜਾਣਨ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
17 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸੰਤੁਸ਼ਟ ਰਹੀਏ। (ਜ਼ਬੂ. 131:1, 2) ਇਸ ਲਈ ਆਓ ਆਪਾਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣਨ ਦੀ ਪੂਰੀ ਕੋਸ਼ਿਸ਼ ਕਰੀਏ। ਜੇ ਤੁਸੀਂ ਸਖ਼ਤ ਮਿਹਨਤ ਕਰ ਕੇ ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰੋ, ਧਿਆਨ ਭਟਕਣ ਨਾ ਦਿਓ ਤੇ ਨਿਮਰ ਰਹੋ ਅਤੇ ਆਪਣੀ ਉਮੀਦ ਨੂੰ ਪੱਕੀ ਰੱਖੋ, ਤਾਂ ਤੁਸੀਂ ਵੀ ਕਹਿ ਸਕੋਗੇ: “ਮੈਂ ਆਪਣੀ ਵਿਰਾਸਤ ਤੋਂ ਸੰਤੁਸ਼ਟ ਹਾਂ।”—ਜ਼ਬੂ. 16:5, 6.
ਗੀਤ 118 “ਸਾਨੂੰ ਹੋਰ ਨਿਹਚਾ ਦੇ”
a ਕੁਝ ਨਾਂ ਬਦਲੇ ਗਏ ਹਨ।
b ਮਿਸਾਲ ਲਈ, jw.org/pa ʼਤੇ ਬਾਈਬਲ ਹਵਾਲੇ ਦੀ ਚਰਚਾ ਹੇਠਾਂ ਨਿਮਰ ਜਾਂ ਹੰਕਾਰੀ? ਨਾਂ ਦੀ ਵੀਡੀਓ ਦੇਖੋ।
c ਤਸਵੀਰ ਬਾਰੇ ਜਾਣਕਾਰੀ—ਸਫ਼ਾ 23: ਇਕ ਭਰਾ ਸੰਗਠਨ ਦੀ ਇਕ ਇਮਾਰਤ ਦੀ ਸਾਂਭ-ਸੰਭਾਲ ਕਰ ਰਿਹਾ ਹੈ, ਇਕ ਭੈਣ ਨੇ ਸੈਨਤ ਭਾਸ਼ਾ ਸਿੱਖੀ ਹੈ ਤੇ ਉਹ ਸੰਮੇਲਨ ਵਿਚ ਇੰਟਰਵਿਊ ਦੇ ਰਹੀ ਹੈ ਅਤੇ ਇਕ ਭਰਾ ਪਬਲਿਕ ਭਾਸ਼ਣ ਦੇ ਰਿਹਾ ਹੈ।