ਆਪਣੇ ਬੱਚਿਆਂ ਨੂੰ ਸਿਖਾਓ
ਯੋਸੀਯਾਹ ਨੇ ਸਹੀ ਕੰਮ ਕਰਨ ਦਾ ਫ਼ੈਸਲਾ ਕੀਤਾ
ਕੀ ਤੁਹਾਨੂੰ ਸਹੀ ਕੰਮ ਕਰਨਾ ਔਖਾ ਲੱਗਦਾ ਹੈ?—a ਜੇ ਤੁਹਾਡਾ ਜਵਾਬ ਹਾਂ ਹੈ, ਤਾਂ ਬਹੁਤ ਲੋਕ ਤੁਹਾਡੇ ਨਾਲ ਸਹਿਮਤ ਹੋਣਗੇ। ਸਿਆਣਿਆਂ ਲਈ ਵੀ ਕਈ ਵਾਰੀ ਸਹੀ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਆਓ ਆਪਾਂ ਦੇਖੀਏ ਕਿ ਯੋਸੀਯਾਹ ਲਈ ਸਹੀ ਫ਼ੈਸਲੇ ਕਰਨੇ ਇੰਨੇ ਔਖੇ ਕਿਉਂ ਸਨ। ਕੀ ਤੁਹਾਨੂੰ ਪਤਾ ਹੈ ਕਿ ਉਹ ਕੌਣ ਸੀ?—
ਯੋਸੀਯਾਹ ਯਹੂਦਾਹ ਦੇ ਰਾਜਾ ਆਮੋਨ ਦਾ ਮੁੰਡਾ ਸੀ। ਆਮੋਨ ਸਿਰਫ਼ 16 ਸਾਲਾਂ ਦਾ ਸੀ ਜਦੋਂ ਯੋਸੀਯਾਹ ਦਾ ਜਨਮ ਹੋਇਆ। ਆਮੋਨ ਵੀ ਆਪਣੇ ਪਿਤਾ ਰਾਜਾ ਮਨੱਸ਼ਹ ਵਾਂਗ ਬਹੁਤ ਬੁਰਾ ਸੀ। ਰਾਜਾ ਮਨੱਸ਼ਹ ਕਈ ਸਾਲਾਂ ਤੋਂ ਲੋਕਾਂ ਉੱਤੇ ਜ਼ੁਲਮ ਕਰਦਾ ਆਇਆ ਸੀ। ਲੇਕਿਨ ਫਿਰ ਉਹ ਅੱਸ਼ੂਰੀਆਂ ਦੀ ਪਕੜ ਵਿਚ ਆ ਗਿਆ ਅਤੇ ਉਹ ਉਸ ਨੂੰ ਕੈਦੀ ਬਣਾ ਕੇ ਦੂਰ ਬਾਬਲ ਨੂੰ ਲੈ ਗਏ ਸਨ। ਜਦ ਮਨੱਸ਼ਹ ਕੈਦ ਵਿਚ ਸੀ, ਤਾਂ ਉਸ ਨੇ ਯਹੋਵਾਹ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਮਾਫ਼ ਕਰੇ ਅਤੇ ਯਹੋਵਾਹ ਨੇ ਉਸ ਦੀ ਸੁਣੀ।
ਜਦ ਮਨੱਸ਼ਹ ਕੈਦ ਤੋਂ ਛਡਈਆ ਗਿਆ, ਤਾਂ ਉਹ ਫਿਰ ਯਰੂਸ਼ਲਮ ਜਾ ਕੇ ਰਾਜ ਕਰਨ ਲੱਗਾ। ਉਸ ਨੇ ਫ਼ੌਰਨ ਚੰਗੇ ਕੰਮ ਕਰਨੇ ਸ਼ੁਰੂ ਕੀਤੇ ਅਤੇ ਯਹੋਵਾਹ ਦੀ ਸੇਵਾ ਕਰਨ ਵਿਚ ਲੋਕਾਂ ਦੀ ਮਦਦ ਕੀਤੀ। ਉਸ ਨੂੰ ਬਹੁਤ ਦੁੱਖ ਲੱਗਾ ਹੋਵੇਗਾ ਜਦ ਉਸ ਦੇ ਪੁੱਤਰ ਆਮੋਨ ਨੇ ਉਸ ਦੀ ਰੀਸ ਨਹੀਂ ਕੀਤੀ। ਇਸੇ ਸਮੇਂ ਯੋਸੀਯਾਹ ਦਾ ਜਨਮ ਹੋਇਆ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਮਨੱਸ਼ਹ ਨੇ ਆਪਣੇ ਪੋਤੇ ਯੋਸੀਯਾਹ ਨਾਲ ਕਿੰਨਾ ਕੁ ਸਮਾਂ ਗੁਜ਼ਾਰਿਆ ਸੀ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਮਨੱਸ਼ਹ ਨੇ ਉਸ ਨੂੰ ਯਹੋਵਾਹ ਬਾਰੇ ਦੱਸਿਆ ਹੋਵੇਗਾ?—
ਯੋਸੀਯਾਹ ਸਿਰਫ਼ ਛੇ ਸਾਲਾਂ ਦਾ ਸੀ ਜਦ ਉਸ ਦੇ ਦਾਦੇ ਮਨੱਸ਼ਹ ਦੀ ਮੌਤ ਹੋਈ। ਉਸ ਸਮੇਂ ਤੋਂ ਯੋਸੀਯਾਹ ਦਾ ਪਿਤਾ ਆਮੋਨ ਰਾਜਾ ਬਣਿਆ। ਉਸ ਨੇ ਸਿਰਫ਼ ਦੋ ਸਾਲ ਰਾਜ ਕੀਤਾ ਸੀ ਜਦ ਉਸ ਦੇ ਨੌਕਰਾਂ ਨੇ ਉਸ ਦਾ ਖ਼ੂਨ ਕੀਤਾ। ਸੋ ਯੋਸੀਯਾਹ ਅੱਠ ਸਾਲਾਂ ਦਾ ਸੀ ਜਦ ਉਹ ਯਹੂਦਾਹ ਦਾ ਰਾਜਾ ਬਣਿਆ। (2 ਇਤਹਾਸ 33) ਤੁਹਾਡੇ ਖ਼ਿਆਲ ਵਿਚ ਯੋਸੀਯਾਹ ਕਿਹੋ ਜਿਹਾ ਰਾਜਾ ਬਣਿਆ? ਕੀ ਉਸ ਨੇ ਆਪਣੇ ਪਿਤਾ ਆਮੋਨ ਦੀ ਰੀਸ ਕੀਤੀ ਜਾਂ ਫਿਰ ਕੀ ਉਹ ਆਪਣੇ ਦਾਦੇ ਮਨੱਸ਼ਹ ਦੀ ਚੰਗੀ ਮਿਸਾਲ ਉੱਤੇ ਚੱਲਿਆ?—
ਭਾਵੇਂ ਯੋਸੀਯਾਹ ਦੀ ਉਮਰ ਛੋਟੀ ਹੀ ਸੀ, ਪਰ ਉਸ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਦੀ ਹੀ ਸੇਵਾ ਕਰੇਗਾ। ਆਪਣੇ ਪਿਤਾ ਦੇ ਦੋਸਤਾਂ ਦੀ ਗੱਲ ਸੁਣਨ ਦੀ ਬਜਾਇ ਉਸ ਨੇ ਉਨ੍ਹਾਂ ਦੀ ਸਲਾਹ ਲਈ ਜੋ ਯਹੋਵਾਹ ਨਾਲ ਪਿਆਰ ਕਰਦੇ ਸਨ। (2 ਇਤਹਾਸ 34:1, 2) ਕੀ ਤੁਸੀਂ ਉਨ੍ਹਾਂ ਬਾਰੇ ਕੁਝ ਜਾਣਨਾ ਚਾਹੋਗੇ ਜਿਨ੍ਹਾਂ ਨੇ ਯੋਸੀਯਾਹ ਨੂੰ ਸਲਾਹ ਦਿੱਤੀ ਅਤੇ ਉਸ ਲਈ ਚੰਗੀ ਮਿਸਾਲ ਕਾਇਮ ਕੀਤੀ?—
ਸਫ਼ਨਯਾਹ ਨਬੀ ਨੇ ਯੋਸੀਯਾਹ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ ਸੀ। ਸਫ਼ਨਯਾਹ ਯੋਸੀਯਾਹ ਦਾ ਰਿਸ਼ਤੇਦਾਰ ਸੀ। ਹੋ ਸਕਦਾ ਹੈ ਕਿ ਉਹ ਮਨੱਸ਼ਹ ਦੇ ਪਿਤਾ ਰਾਜਾ ਹਿਜ਼ਕੀਯਾਹ ਦੇ ਘਰਾਣੇ ਦਾ ਸੀ ਜੋ ਯਹੋਵਾਹ ਦਾ ਸੇਵਕ ਸੀ। ਯੋਸੀਯਾਹ ਦੇ ਰਾਜ ਦੇ ਪਹਿਲੇ ਕੁਝ ਸਾਲਾਂ ਵਿਚ ਸਫ਼ਨਯਾਹ ਨੇ ਆਪਣੇ ਨਾਂ ਦੀ ਕਿਤਾਬ ਲਿਖੀ। ਸਫ਼ਨਯਾਹ ਨੇ ਚੇਤਾਵਨੀ ਦਿੱਤੀ ਕਿ ਮਾੜੇ ਕੰਮ ਕਰਨ ਦਾ ਕੀ ਅੰਜਾਮ ਨਿਕਲੇਗਾ। ਕੋਈ ਸ਼ੱਕ ਨਹੀਂ ਕਿ ਯੋਸੀਯਾਹ ਨੇ ਇਨ੍ਹਾਂ ਚੇਤਾਵਨੀਆਂ ਵੱਲ ਧਿਆਨ ਦਿੱਤਾ ਸੀ।
ਯਿਰਮਿਯਾਹ ਨੇ ਵੀ ਯੋਸੀਯਾਹ ਲਈ ਚੰਗੀ ਮਿਸਾਲ ਕਾਇਮ ਕੀਤੀ ਹੋਵੇਗੀ। ਯਿਰਮਿਯਾਹ ਅਤੇ ਯੋਸੀਯਾਹ ਇਕ-ਦੂਜੇ ਦੇ ਹਾਣੀ ਸਨ ਅਤੇ ਬਚਪਨ ਵਿਚ ਇਕ-ਦੂਜੇ ਦੇ ਲਾਗੇ ਹੀ ਰਹਿੰਦੇ ਸਨ। ਯਹੋਵਾਹ ਨੇ ਯਿਰਮਿਯਾਹ ਤੋਂ ਉਸ ਦੇ ਹੀ ਨਾਮ ਦੀ ਕਿਤਾਬ ਲਿਖਵਾਈ ਸੀ। ਜਦ ਯੋਸੀਯਾਹ ਲੜਾਈ ਕਰਦਾ ਮਰ ਗਿਆ ਸੀ, ਤਾਂ ਯਿਰਮਿਯਾਹ ਨੇ ਆਪਣੇ ਗਮ ਵਿਚ ਇਕ ਸੋਗ ਦਾ ਗੀਤ ਲਿਖਿਆ। (2 ਇਤਹਾਸ 35:25) ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਇਕ-ਦੂਜੇ ਨੂੰ ਹੌਸਲਾ ਦਿੱਤਾ ਹੋਵੇਗਾ ਕਿ ਉਹ ਯਹੋਵਾਹ ਦੇ ਵਫ਼ਾਦਾਰ ਰਹਿਣ।
ਸਫ਼ਨਯਾਹ ਅਤੇ ਯਿਰਮਿਯਾਹ ਨੇ ਯੋਸੀਯਾਹ ਨੂੰ ਸਹੀ ਕੰਮ ਕਰਨ ਵਿਚ ਮਦਦ ਕਿਵੇਂ ਦਿੱਤੀ ਹੋਵੇਗੀ?
ਤੁਸੀਂ ਯੋਸੀਯਾਹ ਦੀ ਕਹਾਣੀ ਤੋਂ ਕੀ ਸਿੱਖ ਸਕਦੇ ਹੋ?— ਜੇ ਯੋਸੀਯਾਹ ਵਾਂਗ ਤੁਹਾਡਾ ਪਿਤਾ ਵੀ ਯਹੋਵਾਹ ਦੀ ਸੇਵਾ ਨਹੀਂ ਕਰਦਾ, ਤਾਂ ਕੀ ਕੋਈ ਹੋਰ ਹੈ ਜੋ ਤੁਹਾਨੂੰ ਯਹੋਵਾਹ ਬਾਰੇ ਸਿਖਾ ਸਕਦਾ ਹੈ? ਸ਼ਾਇਦ ਤੁਹਾਡੀ ਮਾਂ, ਦਾਦਾ-ਦਾਦੀ ਜਾਂ ਕੋਈ ਹੋਰ ਰਿਸ਼ਤੇਦਾਰ। ਹੋ ਸਕਦਾ ਹੈ ਕਿ ਤੁਹਾਡੀ ਮਾਂ ਤੁਹਾਨੂੰ ਯਹੋਵਾਹ ਦੇ ਕਿਸੇ ਹੋਰ ਸੇਵਕ ਨਾਲ ਬਾਈਬਲ ਸਟੱਡੀ ਕਰਨ ਦੇਵੇ।
ਭਾਵੇਂ ਯੋਸੀਯਾਹ ਬੱਚਾ ਹੀ ਸੀ, ਪਰ ਉਸ ਨੂੰ ਇੰਨਾ ਜ਼ਰੂਰ ਪਤਾ ਸੀ ਕਿ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਸਾਡੀ ਉਮੀਦ ਹੈ ਕਿ ਤੁਸੀਂ ਵੀ ਯੋਸੀਯਾਹ ਵਾਂਗ ਸਹੀ ਕੰਮ ਕਰਨ ਦਾ ਫ਼ੈਸਲਾ ਕਰੋਗੇ! (w09 2/1)
a ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।