ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 3/1 ਸਫ਼ਾ 5
  • ਮੂਸਾ—ਉਸ ਦੀ ਨਿਮਰਤਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੂਸਾ—ਉਸ ਦੀ ਨਿਮਰਤਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਮੂਸਾ—ਉਸ ਦਾ ਪਿਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਆਪਣੇ ਅੰਦਰ ਨਿਮਰਤਾ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਯਹੋਵਾਹ ਨਿਮਰ ਲੋਕਾਂ ਉੱਤੇ ਆਪਣਾ ਤੇਜ ਪ੍ਰਗਟ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 3/1 ਸਫ਼ਾ 5

ਮੂਸਾ​—ਉਸ ਦੀ ਨਿਮਰਤਾ

ਨਿਮਰਤਾ ਕੀ ਹੈ?

ਨਿਮਰਤਾ ਦਾ ਮਤਲਬ ਹੈ ਘਮੰਡ ਜਾਂ ਹੰਕਾਰ ਨਾ ਕਰਨਾ। ਨਿਮਰ ਇਨਸਾਨ ਦੂਜਿਆਂ ਨੂੰ ਆਪਣੇ ਨਾਲੋਂ ਨੀਵਾਂ ਨਹੀਂ ਸਮਝਦਾ। ਉਹ ਯਾਦ ਰੱਖਦਾ ਹੈ ਕਿ ਉਹ ਪਾਪੀ ਹੈ ਅਤੇ ਆਪਣੀਆਂ ਹੱਦਾਂ ਜਾਣਦਾ ਹੈ।

ਮੂਸਾ ਨੇ ਨਿਮਰਤਾ ਕਿਵੇਂ ਦਿਖਾਈ?

ਮੂਸਾ ਨੇ ਅਧਿਕਾਰ ਮਿਲਣ ਤੇ ਘਮੰਡ ਨਹੀਂ ਕੀਤਾ। ਅਕਸਰ ਇੱਦਾਂ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਅਧਿਕਾਰ ਮਿਲਦਾ ਹੈ, ਤਾਂ ਜਲਦੀ ਪਤਾ ਲੱਗ ਜਾਂਦਾ ਹੈ ਕਿ ਉਹ ਨਿਮਰ ਹੈ ਜਾਂ ਨਹੀਂ। 19ਵੀਂ ਸਦੀ ਦੇ ਲੇਖਕ ਰੌਬਰਟ ਜੀ. ਇੰਗਰਸੋਲ ਨੇ ਇਹ ਗੱਲ ਇਸ ਤਰ੍ਹਾਂ ਸਮਝਾਈ: “ਜ਼ਿਆਦਾਤਰ ਲੋਕ ਬਿਪਤਾਵਾਂ ਸਹਿ ਲੈਂਦੇ ਹਨ। ਪਰ ਜੇ ਤੁਸੀਂ ਕਿਸੇ ਦਾ ਅਸਲੀ ਰੂਪ ਦੇਖਣਾ ਚਾਹੁੰਦੇ ਹੋ, ਤਾਂ ਉਸ ਨੂੰ ਅਧਿਕਾਰ ਦਿਓ।” ਇਸ ਮਾਮਲੇ ਵਿਚ ਮੂਸਾ ਨੇ ਸ਼ਾਨਦਾਰ ਮਿਸਾਲ ਕਾਇਮ ਕੀਤੀ। ਉਹ ਕਿਵੇਂ?

ਮੂਸਾ ਨੂੰ ਯਹੋਵਾਹ ਤੋਂ ਇਜ਼ਰਾਈਲੀਆਂ ਦੀ ਅਗਵਾਈ ਕਰਨ ਦਾ ਵੱਡਾ ਅਧਿਕਾਰ ਮਿਲਿਆ ਸੀ। ਫਿਰ ਵੀ ਮੂਸਾ ਨੇ ਕਦੇ ਘਮੰਡ ਨਹੀਂ ਕੀਤਾ। ਮਿਸਾਲ ਵਜੋਂ, ਸੋਚੋ ਕਿ ਉਸ ਨੇ ਜਾਇਦਾਦ ਦੇ ਹੱਕਾਂ ਬਾਰੇ ਖੜ੍ਹੇ ਹੋਏ ਔਖੇ ਸਵਾਲ ਨੂੰ ਕਿੰਨੀ ਨਿਮਰਤਾ ਨਾਲ ਸੁਲਝਾਇਆ। (ਗਿਣਤੀ 27:1-11) ਇਹ ਗੰਭੀਰ ਸਵਾਲ ਸੀ ਕਿਉਂਕਿ ਜੋ ਵੀ ਫ਼ੈਸਲਾ ਹੋਣਾ ਸੀ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਕਾਨੂੰਨ ਬਣ ਜਾਣਾ ਸੀ।

ਮੂਸਾ ਨੇ ਕੀ ਕੀਤਾ? ਕੀ ਉਸ ਨੇ ਸੋਚਿਆ ਕਿ ਇਜ਼ਰਾਈਲੀਆਂ ਦਾ ਆਗੂ ਹੋਣ ਕਰਕੇ ਉਸ ਨੂੰ ਪਤਾ ਸੀ ਕਿ ਉਸ ਨੇ ਕਿਹੜਾ ਫ਼ੈਸਲਾ ਕਰਨਾ ਸੀ? ਕੀ ਉਸ ਨੇ ਆਪਣੀ ਕਾਬਲੀਅਤ ਅਤੇ ਆਪਣੇ ਸਾਲਾਂ ਦੇ ਤਜਰਬੇ ʼਤੇ ਭਰੋਸਾ ਕਰ ਕੇ ਫ਼ੈਸਲਾ ਕੀਤਾ ਜਾਂ ਕੀ ਉਸ ਨੇ ਯਹੋਵਾਹ ਦੀ ਸੋਚਣੀ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਕੀਤਾ?

ਸ਼ਾਇਦ ਘਮੰਡੀ ਆਦਮੀ ਇਸ ਤਰ੍ਹਾਂ ਕਰਦਾ। ਪਰ ਮੂਸਾ ਨੇ ਇਸ ਤਰ੍ਹਾਂ ਨਹੀਂ ਕੀਤਾ। ਬਾਈਬਲ ਸਾਨੂੰ ਦੱਸਦੀ ਹੈ: “ਮੂਸਾ ਉਨ੍ਹਾਂ ਦੇ ਨਿਆਉਂ ਨੂੰ ਯਹੋਵਾਹ ਅੱਗੇ ਲੈ ਗਿਆ।” (ਗਿਣਤੀ 27:5) ਜ਼ਰਾ ਸੋਚੋ, ਇਜ਼ਰਾਈਲੀਆਂ ਦੀ ਤਕਰੀਬਨ 40 ਸਾਲਾਂ ਤਕ ਅਗਵਾਈ ਕਰਨ ਤੋਂ ਬਾਅਦ ਵੀ ਮੂਸਾ ਨੇ ਆਪਣੇ ʼਤੇ ਨਹੀਂ, ਸਗੋਂ ਯਹੋਵਾਹ ʼਤੇ ਭਰੋਸਾ ਰੱਖਿਆ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮੂਸਾ ਕਿੰਨਾ ਨਿਮਰ ਇਨਸਾਨ ਸੀ।

ਮੂਸਾ ਨੇ ਇਹ ਨਹੀਂ ਸੋਚਿਆ ਕਿ ਸਿਰਫ਼ ਉਸ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਸੀ। ਉਹ ਖ਼ੁਸ਼ ਹੋਇਆ ਜਦੋਂ ਯਹੋਵਾਹ ਨੇ ਦੂਜੇ ਇਜ਼ਰਾਈਲੀਆਂ ਨੂੰ ਉਸ ਨਾਲ ਨਬੀ ਦਾ ਕੰਮ ਕਰਨ ਲਈ ਕਿਹਾ। (ਗਿਣਤੀ 11:24-29) ਜਦੋਂ ਮੂਸਾ ਦੇ ਸਹੁਰੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਕੁਝ ਕੰਮ ਦੂਸਰਿਆਂ ਨੂੰ ਵੀ ਦੇ ਦੇਵੇ, ਤਾਂ ਮੂਸਾ ਨੇ ਨਿਮਰਤਾ ਨਾਲ ਉਸ ਦੀ ਸਲਾਹ ਮੰਨ ਲਈ। (ਕੂਚ 18:13-24) ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਭਾਵੇਂ ਉਹ ਹਾਲੇ ਤੰਦਰੁਸਤ ਸੀ, ਫਿਰ ਵੀ ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਕਿਸੇ ਨੂੰ ਚੁਣੇ ਜੋ ਬਾਅਦ ਵਿਚ ਉਸ ਦੀ ਜਗ੍ਹਾ ਲਵੇ। ਜਦੋਂ ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ, ਤਾਂ ਮੂਸਾ ਨੇ ਉਮਰ ਵਿਚ ਆਪਣੇ ਤੋਂ ਛੋਟੇ ਇਸ ਆਦਮੀ ਦਾ ਦਿਲੋਂ ਸਾਥ ਦਿੱਤਾ ਤੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਲਈ ਯਹੋਸ਼ੁਆ ਦੀ ਅਗਵਾਈ ਅਨੁਸਾਰ ਚੱਲਣ। (ਗਿਣਤੀ 27:15-18; ਬਿਵਸਥਾ ਸਾਰ 31:3-6; 34:7) ਕੋਈ ਸ਼ੱਕ ਨਹੀਂ ਕਿ ਮੂਸਾ ਨੇ ਭਗਤੀ ਕਰਨ ਵਿਚ ਇਜ਼ਰਾਈਲੀਆਂ ਦੀ ਅਗਵਾਈ ਕਰਨ ਨੂੰ ਆਪਣਾ ਸਨਮਾਨ ਸਮਝਿਆ। ਪਰ ਉਸ ਨੇ ਲੋਕਾਂ ਦੀ ਭਲਾਈ ਨਾਲੋਂ ਜ਼ਿਆਦਾ ਆਪਣੇ ਅਧਿਕਾਰ ਨੂੰ ਅਹਿਮੀਅਤ ਨਹੀਂ ਦਿੱਤੀ।

ਅਸੀਂ ਕੀ ਸਿੱਖਦੇ ਹਾਂ?

ਅਸੀਂ ਅਧਿਕਾਰ ਜਾਂ ਆਪਣੀਆਂ ਕਾਬਲੀਅਤਾਂ ਕਰਕੇ ਕਦੇ ਘਮੰਡੀ ਨਹੀਂ ਬਣਨਾ ਚਾਹਾਂਗੇ। ਯਾਦ ਰੱਖੋ: ਯਹੋਵਾਹ ਦੇ ਕੰਮ ਆਉਣ ਲਈ ਸਾਡੀ ਕਾਬਲੀਅਤ ਨਾਲੋਂ ਜ਼ਿਆਦਾ ਜ਼ਰੂਰੀ ਹੈ ਨਿਮਰ ਹੋਣਾ। (1 ਸਮੂਏਲ 15:17) ਜੇ ਅਸੀਂ ਸੱਚ-ਮੁੱਚ ਨਿਮਰ ਹਾਂ, ਤਾਂ ਅਸੀਂ ਬਾਈਬਲ ਦੀ ਇਹ ਚੰਗੀ ਸਲਾਹ ਮੰਨਣ ਦੀ ਕੋਸ਼ਿਸ਼ ਕਰਾਂਗੇ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।”—ਕਹਾਉਤਾਂ 3:5, 6.

ਮੂਸਾ ਦੀ ਮਿਸਾਲ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਾਨੂੰ ਆਪਣੇ ਰੁਤਬੇ ਜਾਂ ਅਧਿਕਾਰ ਨੂੰ ਬਹੁਤ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ।

ਕੀ ਸਾਨੂੰ ਨਿਮਰ ਮੂਸਾ ਦੀ ਰੀਸ ਕਰ ਕੇ ਫ਼ਾਇਦਾ ਹੁੰਦਾ ਹੈ? ਬਿਨਾਂ ਸ਼ੱਕ ਹੁੰਦਾ ਹੈ! ਜਦੋਂ ਅਸੀਂ ਸੱਚੇ ਦਿਲੋਂ ਨਿਮਰ ਬਣਦੇ ਹਾਂ, ਤਾਂ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਜੀਉਣਾ ਸੌਖਾ ਬਣਾਉਂਦੇ ਹਾਂ ਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਚੰਗੇ ਬਣਦੇ ਹਾਂ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗੇ ਬਣਦੇ ਹਾਂ ਜੋ ਇਹ ਵਧੀਆ ਗੁਣ ਦਿਖਾਉਂਦਾ ਹੈ। (ਜ਼ਬੂਰਾਂ ਦੀ ਪੋਥੀ 18:35) “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।” (1 ਪਤਰਸ 5:5) ਮੂਸਾ ਦੀ ਰੀਸ ਕਰ ਕੇ ਨਿਮਰ ਬਣਨ ਦਾ ਕਿੰਨਾ ਵੱਡਾ ਕਾਰਨ! (w13-E 02/01)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ