ਅਪਾਰਟਮੈਂਟਾਂ ਵਿਚ ਪ੍ਰਚਾਰ ਕਰਦਿਆਂ ‘ਚੰਗੀ ਤਰ੍ਹਾਂ ਗਵਾਹੀ ਦਿਓ’
1. “ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ” ਦੇਣ ਲਈ ਕੀ ਕਰਨ ਦੀ ਲੋੜ ਹੈ?
1 ਪੌਲੁਸ ਰਸੂਲ ਵਾਂਗ ਅਸੀਂ ਵੀ “ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ” ਦੇਣੀ ਚਾਹੁੰਦੇ ਹਾਂ। (ਰਸੂ. 20:24) ਇਸ ਲਈ ਅਸੀਂ ਆਪਣੇ ਇਲਾਕੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ-ਕੱਲ੍ਹ ਸੈਂਕੜੇ ਲੋਕ ਅਪਾਰਟਮੈਂਟਾਂ ਵਿਚ ਰਹਿੰਦੇ ਹਨ ਤੇ ਅਸੀਂ ਇਨ੍ਹਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ। ਅਪਾਰਟਮੈਂਟਾਂ ਅੰਦਰ ਜਾਣਾ ਕਈ ਵਾਰ ਬਹੁਤ ਮੁਸ਼ਕਲ ਸਾਬਤ ਹੁੰਦਾ ਹੈ, ਪਰ ਫਿਰ ਵੀ ਅਸੀਂ ਉਨ੍ਹਾਂ ਤਕ ਪਹੁੰਚਣ ਦਾ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੁੰਦੇ।
2. ਅਪਾਰਟਮੈਂਟਾਂ ਵਿਚ ਪ੍ਰਚਾਰ ਕਰਦਿਆਂ ਸਾਨੂੰ ਧਿਆਨ ਰੱਖਣ ਅਤੇ ਸਮਝਦਾਰੀ ਵਰਤਣ ਦੀ ਕਿਉਂ ਲੋੜ ਹੈ?
2 ਅਪਰਾਧ ਅਤੇ ਹਿੰਸਾ ਦੇ ਖ਼ਤਰੇ ਕਰਕੇ ਬਹੁਤ ਸਾਰੀਆਂ ਅਪਾਰਟਮੈਂਟਾਂ ਨੂੰ ਹੁਣ ਜਿੰਦਾ ਲੱਗਾ ਹੁੰਦਾ ਹੈ ਅਤੇ ਸਕਿਉਰਿਟੀ ਗਾਰਡ ਜਾਂ ਕੈਮਰੇ ਲਗਾਏ ਹੁੰਦੇ ਹਨ। (2 ਤਿਮੋ. 3:1, 2) ਅਪਾਰਟਮੈਂਟ ਦੇ ਮੈਨੇਜਰ ਸ਼ਾਇਦ ਕਿਸੇ ਨੂੰ ਇਜਾਜ਼ਤ ਲਏ ਬਿਨਾਂ ਅੰਦਰ ਨਾ ਆਉਣ ਦੇਣ। ਹੋ ਸਕਦਾ ਹੈ ਕਿ ਸਕਿਉਰਿਟੀ ਗਾਰਡ ਜਾਂ ਮੈਨੇਜਰ ਸਾਨੂੰ ਉੱਥੋਂ ਜਾਣ ਲਈ ਕਹਿਣ, ਖ਼ਾਸ ਕਰਕੇ ਜੇ ਕੋਈ ਸਾਡੇ ਬਾਰੇ ਸ਼ਿਕਾਇਤ ਕਰੇ। ਇਸ ਲਈ ਸਾਨੂੰ ਧਿਆਨ ਰੱਖਣ ਅਤੇ ਸਮਝਦਾਰੀ ਵਰਤਣ ਦੀ ਲੜ ਹੈ।
3. ਸਾਨੂੰ ਅਪਾਰਟਮੈਂਟਾਂ ਵਿਚ ਕਦੋਂ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਕਿਉਂ?
3 ਪ੍ਰਚਾਰ ਕਦੋਂ ਕਰੀਏ: ਹੋਰਨਾਂ ਇਲਾਕਿਆਂ ਵਾਂਗ, ਸਾਨੂੰ ਅਪਾਰਟਮੈਂਟਾਂ ਵਿਚ ਵੀ ਉਦੋਂ ਪ੍ਰਚਾਰ ਕਰਨਾ ਚਾਹੀਦਾ ਹੈ ਜਦੋਂ ਜ਼ਿਆਦਾ ਲੋਕ ਘਰ ਹੁੰਦੇ ਹਨ। ਜੇ ਅਸੀਂ ਉਸ ਸਮੇਂ ਪ੍ਰਚਾਰ ਕਰਦੇ ਹਾਂ ਜਦੋਂ ਲੋਕ ਘਰ ਨਹੀਂ ਹੁੰਦੇ, ਤਾਂ ਲੋਕ ਸ਼ਾਇਦ ਸਾਨੂੰ ਸ਼ੱਕੀ ਨਜ਼ਰ ਨਾਲ ਦੇਖਣ। ਕਈ ਪਬਲੀਸ਼ਰਾਂ ਨੂੰ ਜ਼ਿਆਦਾ ਲੋਕ ਸ਼ਾਮ ਨੂੰ ਅਤੇ ਸ਼ਨੀ-ਐਤਵਾਰ ਦੁਪਹਿਰ ਨੂੰ ਘਰ ਮਿਲਦੇ ਹਨ। ਜੇ ਅਸੀਂ ਸਵੇਰੇ-ਸਵੇਰੇ ਹੀ ਅਪਾਰਟਮੈਂਟਾਂ ਵਿਚ ਪ੍ਰਚਾਰ ਕਰਨ ਲੱਗ ਜਾਈਏ, ਖ਼ਾਸ ਕਰਕੇ ਸ਼ਨੀ-ਐਤਵਾਰ ਨੂੰ, ਤਾਂ ਹੋ ਸਕਦਾ ਹੈ ਕਿ ਲੋਕ ਮੈਨੇਜਰ ਨੂੰ ਸਾਡੀ ਸ਼ਿਕਾਇਤ ਕਰਨ।
4, 5. ਜਿਨ੍ਹਾਂ ਅਪਾਰਟਮੈਂਟਾਂ ਨੂੰ ਜਿੰਦਾ ਲੱਗਾ ਹੈ ਉਨ੍ਹਾਂ ਅੰਦਰ ਅਸੀਂ ਕਿਵੇਂ ਜਾ ਸਕਦੇ ਹਾਂ?
4 ਅਪਾਰਟਮੈਂਟ ਅੰਦਰ ਜਾਣਾ: ਪ੍ਰਚਾਰ ਕਰਨ ਤੋਂ ਪਹਿਲਾਂ ਪਬਲੀਸ਼ਰਾਂ ਨੂੰ ਅਪਾਰਟਮੈਂਟ ਦੇ ਮੈਨੇਜਰ ਜਾਂ ਕਿਸੇ ਹੋਰ ਕਰਮਚਾਰੀ ਨਾਲ ਗੱਲ ਕਰਨ ਦੀ ਲੋੜ ਨਹੀਂ। ਜੇ ਅਪਾਰਟਮੈਂਟ ਨੂੰ ਜਿੰਦਾ ਲੱਗਾ ਹੈ ਅਤੇ ਬਾਹਰ ਇੰਟਰਕੌਮ ਲੱਗਾ ਹੈ, ਤਾਂ ਅਸੀਂ ਉਸ ਰਾਹੀਂ ਕਿਸੇ ਕੋਲੋਂ ਅੰਦਰ ਜਾਣ ਦੀ ਇਜਾਜ਼ਤ ਲੈ ਸਕਦੇ ਹਾਂ। ਫਿਰ ਅਸੀਂ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ, ਅਪਾਰਟਮੈਂਟ ਵਿਚ ਰਹਿੰਦੇ ਹੋਰਨਾਂ ਨਾਲ ਵੀ ਗੱਲ ਕਰ ਸਕਦੇ ਹਾਂ ਜੇ ਇਸ ਤਰ੍ਹਾਂ ਕਰਨਾ ਢੁਕਵਾਂ ਹੋਵੇ ਅਤੇ ਸਾਡੇ ਲਈ ਕੋਈ ਮੁਸ਼ਕਲ ਨਾ ਖੜ੍ਹੀ ਕਰੇ। ਹੋਰਨਾਂ ਹਾਲਾਤਾਂ ਅਧੀਨ ਸ਼ਾਇਦ ਬਿਹਤਰ ਹੋਵੇਗਾ ਜੇ ਅਸੀਂ ਇਕ ਘਰ-ਮਾਲਕ ਨਾਲ ਗੱਲ ਕਰਨ ਤੋਂ ਬਾਅਦ, ਬਾਹਰ ਜਾ ਕੇ ਦੁਬਾਰਾ ਇੰਟਰਕੌਮ ਰਾਹੀਂ ਕਿਸੇ ਹੋਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀਏ। ਜਦੋਂ ਅਸੀਂ ਇਸ ਤਰ੍ਹਾਂ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਹੋ ਸਕਦਾ ਹੈ ਕਿ ਅਸੀਂ ਇੱਕੋ ਦਿਨ ਵਿਚ ਸਾਰਿਆਂ ਨਾਲ ਗੱਲ ਨਾ ਕਰ ਸਕੀਏ।
5 ਕੁਝ ਲੋਕ ਸ਼ਾਇਦ ਇੰਟਰਕੌਮ ਰਾਹੀਂ ਸਾਨੂੰ ਪੁੱਛਣ ਕਿ ਅਸੀਂ ਉਨ੍ਹਾਂ ਨਾਲ ਕਿਉਂ ਗੱਲਬਾਤ ਕਰਨੀ ਚਾਹੁੰਦੇ ਹਾਂ। ਜੇ ਇਸ ਤਰ੍ਹਾਂ ਹੋਵੇ, ਤਾਂ ਸਲੀਕੇ ਨਾਲ ਗੱਲ ਕਰ ਕੇ ਆਪਣੀ ਜਾਣ-ਪਛਾਣ ਕਰਾਓ। ਜੇ ਘਰ-ਮਾਲਕ ਦਾ ਨਾਂ ਇੰਟਰਕੌਮ ʼਤੇ ਲਿਖਿਆ ਹੈ, ਤਾਂ ਉਨ੍ਹਾਂ ਦਾ ਨਾਂ ਵਰਤੋ। ਫਿਰ ਥੋੜ੍ਹਿਆਂ ਸ਼ਬਦਾਂ ਵਿਚ ਸਮਝਾਓ ਕਿ ਤੁਸੀਂ ਕਿਸ ਵਿਸ਼ੇ ʼਤੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੇ ਹੋ।
6. ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ, ਜਦੋਂ ਅਪਾਰਟਮੈਂਟ ਵਿਚ ਸਕਿਉਰਿਟੀ ਗਾਰਡ ਹੁੰਦਾ ਹੈ?
6 ਜੇ ਸਕਿਉਰਿਟੀ ਗਾਰਡ ਸਾਨੂੰ ਅਪਾਰਟਮੈਂਟ ਅੰਦਰ ਜਾਣ ਦੀ ਇਜਾਜ਼ਤ ਨਾ ਦੇਵੇ, ਤਾਂ ਅਸੀਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਕਈ ਸਕਿਉਰਿਟੀ ਗਾਰਡ ਸਾਡਾ ਸਾਹਿੱਤ ਪੜ੍ਹਨਾ ਪਸੰਦ ਕਰਦੇ ਹਨ। ਸ਼ਾਇਦ ਅਸੀਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕੀਏ। ਜੇ ਗਾਰਡ ਸਾਨੂੰ ਅੰਦਰ ਜਾ ਕੇ ਕਿਸੇ ਦਿਲਚਸਪੀ ਰੱਖਣ ਵਾਲੇ ਨਾਲ ਗੱਲ ਕਰਨ ਦੀ ਇਜਾਜ਼ਤ ਦੇ ਦੇਵੇ, ਤਾਂ ਚੰਗਾ ਹੋਵੇਗਾ ਜੇ ਅਸੀਂ ਸਿਰਫ਼ ਉਸ ਘਰ-ਮਾਲਕ ਨਾਲ ਹੀ ਗੱਲ ਕਰ ਕੇ ਚਲੇ ਜਾਈਏ। ਜੇ ਅਸੀਂ ਅੰਦਰ ਵੜ ਕੇ ਸਾਰੇ ਦਰਵਾਜ਼ੇ ਖੜਕਾਉਣ ਲੱਗੀਏ, ਤਾਂ ਇਹ ਠੀਕ ਨਹੀਂ ਹੋਵੇਗਾ।
7. ਅਸੀਂ ਲੋਕਾਂ ਨਾਲ ਗੱਲਬਾਤ ਕਰਨ ਲਈ ਅਪਾਰਟਮੈਂਟ ਦੇ ਕਿਸੇ ਅਧਿਕਾਰੀ ਦੀ ਇਜਾਜ਼ਤ ਕਿਵੇਂ ਮੰਗ ਸਕਦੇ ਹਾਂ?
7 ਕੁਝ ਸਕਿਉਰਿਟੀ ਗਾਰਡ ਸ਼ਾਇਦ ਸਾਨੂੰ ਅਪਾਰਟਮੈਂਟ ਦੇ ਮੈਨੇਜਰ ਦੀ ਇਜਾਜ਼ਤ ਲੈਣ ਲਈ ਕਹਿਣ। ਅਪਾਰਟਮੈਂਟ ਦੇ ਕਿਸੇ ਅਧਿਕਾਰੀ, ਪ੍ਰੈਜ਼ੀਡੈਂਟ ਜਾਂ ਸੈਕਟਰੀ ਨਾਲ ਗੱਲ ਕਰਦਿਆਂ ਅਸੀਂ ਕਹਿ ਸਕਦੇ ਹਾਂ: “ਮੇਰਾ ਨਾਂ ____________________________ ਹੈ। ਦੁਨੀਆਂ ਭਰ ਵਿਚ ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਾਂ। ਅਸੀਂ ਆਪਣੇ ਗੁਆਂਢੀਆਂ ਨਾਲ ਕੁਝ ਖ਼ਾਸ ਵਿਸ਼ਿਆਂ ʼਤੇ ਗੱਲਬਾਤ ਕਰਦੇ ਹਾਂ, ਜਿਵੇਂ ਕਿ ਪਰਿਵਾਰਕ ਖ਼ੁਸ਼ੀ, ਬੱਚਿਆਂ ਦੀ ਪਰਵਰਿਸ਼ ਕਰਨੀ, ਜ਼ਿੰਦਗੀ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਰਨਾ ਅਤੇ ਭਵਿੱਖ ਬਾਰੇ ਸਹੀ ਨਜ਼ਰੀਆ ਰੱਖਣਾ। [ਕੋਈ ਢੁਕਵਾਂ ਰਸਾਲਾ ਜਾਂ ਕੋਈ ਹੋਰ ਸਾਹਿੱਤ ਦਿਖਾਓ।] ਤੁਹਾਡੀ ਇਜਾਜ਼ਤ ਨਾਲ ਅਸੀਂ ਅਪਾਰਟਮੈਂਟ ਵਿਚ ਰਹਿੰਦੇ ਲੋਕਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ ਅਤੇ ਜੇ ਉਹ ਦਿਲਚਸਪੀ ਦਿਖਾਉਣ, ਤਾਂ ਉਹ ਮੁਫ਼ਤ ਸਾਹਿੱਤ ਲੈ ਕੇ ਪੜ੍ਹ ਸਕਦੇ ਹਨ। ਜੇ ਘਰ-ਮਾਲਕ ਬਿਜ਼ੀ ਹੋਣ ਜਾਂ ਸੁਣਨਾ ਨਾ ਚਾਹੁਣ, ਤਾਂ ਅਸੀਂ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਮਜਬੂਰ ਨਹੀਂ ਕਰਾਂਗੇ।” ਅਸੀਂ ਆਪਣੀ ਗੱਲਬਾਤ ਇਸ ਤਰ੍ਹਾਂ ਵੀ ਸਮਾਪਤ ਕਰ ਸਕਦੇ ਹਾਂ: “ਅਸੀਂ ਤੁਹਾਡੀ ਇਜਾਜ਼ਤ ਲੈ ਕੇ ਘਰ-ਮਾਲਕਾਂ ਨਾਲ ਇਨ੍ਹਾਂ ਵਿਸ਼ਿਆਂ ʼਤੇ ਗੱਲ ਕਰਨੀ ਚਾਹੁੰਦੇ ਹਾਂ। ਜੇ ਉਹ ਦਿਲਚਸਪੀ ਦਿਖਾਉਣ, ਤਾਂ ਉਹ ਮੁਫ਼ਤ ਸਾਹਿੱਤ ਲੈ ਕੇ ਪੜ੍ਹ ਸਕਦੇ ਹਨ।”
8. ਸਾਨੂੰ ਆਪਣੇ ਬ੍ਰੀਫ-ਕੇਸ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?
8 ਸਾਡਾ ਪਹਿਰਾਵਾ: ਜੇ ਅਸੀਂ ਵੱਡੇ-ਵੱਡੇ ਬ੍ਰੀਫ-ਕੇਸ ਲੈ ਕੇ ਜਾਈਏ, ਤਾਂ ਸ਼ਾਇਦ ਅਸੀਂ ਲੋੜੋਂ ਵੱਧ ਆਪਣੇ ਵੱਲ ਧਿਆਨ ਖਿੱਚੀਏ। ਅਸੀਂ ਕੋਈ ਛੋਟਾ ਬ੍ਰੀਫ-ਕੇਸ ਜਾਂ ਬਗੈਰ ਹੀ ਲੋਕਾਂ ਨੂੰ ਮਿਲਣ ਜਾ ਸਕਦੇ ਹਾਂ। ਕੁਝ ਪਬਲੀਸ਼ਰ ਉਸ ਮਹੀਨੇ ਪੇਸ਼ ਕੀਤਾ ਜਾ ਰਿਹਾ ਸਾਹਿੱਤ ਫੋਲਡਰ ਵਿਚ ਰੱਖ ਲੈਂਦੇ ਹਨ ਅਤੇ ਆਪਣੀ ਬਾਈਬਲ ਜੇਬ ਵਿਚ ਪਾ ਲੈਂਦੇ ਹਨ।
9. ਅਸੀਂ ਕਿਸ ਤਰ੍ਹਾਂ ਲੋਕਾਂ ਦਾ ਆਦਰ-ਮਾਣ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?
9 ਅਪਾਰਟਮੈਂਟ ਅੰਦਰ ਜਾਂਦਿਆਂ ਸਾਨੂੰ ਆਪਣੀਆਂ ਜੁੱਤੀਆਂ ਸਾਫ਼ ਕਰ ਕੇ ਜਾਣਾ ਚਾਹੀਦਾ ਹੈ ਅਤੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਲੋਕਾਂ ਦਾ ਆਦਰ-ਮਾਣ ਕਰ ਕੇ ਅਸੀਂ ਘਰ-ਮਾਲਕ ਨੂੰ ਕਿਸੇ ਗੱਲ ਦੀ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਵਾਂਗੇ। ਅੰਦਰ ਜਾ ਕੇ ਮੋਹਰਲੇ ਦਰਵਾਜ਼ੇ ਕੋਲ ਇਕੱਠੇ ਹੋਣ ਦੀ ਬਜਾਇ, ਸਿੱਧੇ ਲਿਫਟ ਨੂੰ ਜਾਂ ਉਸ ਮੰਜ਼ਲ ਤੇ ਜਾਓ ਜਿੱਥੇ ਤੁਸੀਂ ਪ੍ਰਚਾਰ ਕਰਨਾ ਹੈ। ਇਸ ਤਰ੍ਹਾਂ ਅਸੀਂ ਦੇਖਣ ਵਾਲਿਆਂ ਦਾ ਸ਼ੱਕ ਦੂਰ ਕਰਾਂਗੇ।
10. ਅਸੀਂ ਬਰਾਂਡਿਆਂ ਵਿਚ ਜ਼ਿਆਦਾ ਰੌਲ਼ਾ ਪਾਉਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ?
10 ਕਈ ਅਪਾਰਟਮੈਂਟਾਂ ਦੇ ਬਰਾਂਡਿਆਂ ਵਿਚ ਆਵਾਜ਼ ਕਾਫ਼ੀ ਸੁਣਾਈ ਦਿੰਦੀ ਹੈ। ਇਸ ਲਈ ਘਰ-ਮਾਲਕ ਨਾਲ ਉੱਚੀ ਆਵਾਜ਼ ਵਿਚ ਗੱਲ ਨਾ ਕਰੋ। ਇਕ-ਦੂਜੇ ਨਾਲ ਗੱਲ ਕਰਦਿਆਂ ਵੀ ਮੱਧਮ ਆਵਾਜ਼ ਵਿਚ ਬੋਲੋ ਤਾਂਕਿ ਕਿਸੇ ਨੂੰ ਸਾਡੇ ʼਤੇ ਸ਼ੱਕ ਕਰਨ ਦਾ ਕੋਈ ਕਾਰਨ ਨਾ ਹੋਵੇ। ਅਸੀਂ ਜ਼ਿਆਦਾ ਰੌਲ਼ਾ ਪਾ ਕੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਕੁਝ ਪਬਲੀਸ਼ਰ ਇਕ ਮੰਜ਼ਲ ʼਤੇ ਨਾਲ ਲੱਗਦੇ ਦਰਵਾਜ਼ੇ ਵਾਰੋ-ਵਾਰ ਕਰਨ ਦੀ ਬਜਾਇ ਪਹਿਲਾਂ ਇਕ ਸਿਰੇ ਦਾ ਦਰਵਾਜ਼ਾ ਕਰਦੇ ਹਨ ਫਿਰ ਦੂਜੇ ਸਿਰੇ ਦਾ ਅਤੇ ਇਸ ਤਰ੍ਹਾਂ ਕਰਦੇ ਜਾਂਦੇ ਹਨ ਜਦ ਤਕ ਸਾਰੇ ਨਹੀਂ ਕੀਤੇ ਜਾਂਦੇ। ਇਸ ਦੇ ਨਾਲ-ਨਾਲ ਜੇ ਅਸੀਂ ਜ਼ੋਰ ਨਾਲ ਦਰਵਾਜ਼ਾ ਖੜਕਾਉਂਦੇ ਹਾਂ, ਤਾਂ ਘਰ-ਮਾਲਕ ਡਰ ਸਕਦਾ ਹੈ।
11. ਜੇ ਦਰਵਾਜ਼ੇ ਵਿਚ ਮੋਰੀ ਹੋਵੇ, ਤਾਂ ਕਿਹੜੇ ਸੁਝਾਅ ਸਾਡੀ ਮਦਦ ਕਰ ਸਕਦੇ ਹਨ?
11 ਜੇ ਦਰਵਾਜ਼ੇ ਵਿਚ ਬਾਹਰ ਦੇਖਣ ਲਈ ਮੋਰੀ ਹੈ, ਤਾਂ ਥੋੜ੍ਹਾ ਪਿੱਛੇ ਨੂੰ ਖੜ੍ਹੇ ਹੋਵੋ ਜਿੱਥੇ ਘਰ-ਮਾਲਕ ਤੁਹਾਨੂੰ ਦੇਖ ਸਕੇ। ਸਿੱਧੇ ਮੋਰੀ ਵੱਲ ਦੇਖੋ ਅਤੇ ਜਦੋਂ ਤੁਹਾਨੂੰ ਪਤਾ ਲੱਗੇ ਕਿ ਕੋਈ ਬਾਹਰ ਦੇਖ ਰਿਹਾ ਹੈ, ਤਾਂ ਮੁਸਕਰਾ ਕੇ ਨਮਸਕਾਰ ਕਰਨ ਤੋਂ ਬਾਅਦ ਆਪਣੀ ਗੱਲਬਾਤ ਸ਼ੁਰੂ ਕਰੋ। ਜੇ ਘਰ-ਮਾਲਕ ਪੁੱਛੇ, ‘ਕੌਣ ਹੈ?’ ਚੰਗਾ ਹੋਵੇਗਾ ਜੇਕਰ ਤੁਸੀਂ ਆਪਣਾ ਤੇ ਦੂਜੇ ਪਬਲੀਸ਼ਰ ਦਾ ਨਾਂ ਦੱਸੋ। ਫਿਰ ਸ਼ਾਇਦ ਘਰ-ਮਾਲਕ ਦਰਵਾਜ਼ਾ ਖੋਲ੍ਹਣ ਤੋਂ ਘਬਰਾਏ ਨਾ। ਜੇ ਉਹ ਦਰਵਾਜ਼ਾ ਨਾ ਵੀ ਖੋਲ੍ਹੇ, ਫਿਰ ਵੀ ਤੁਸੀਂ ਬਾਹਰੋਂ ਹੀ ਆਪਣਾ ਸੰਦੇਸ਼ ਦੇ ਸਕਦੇ ਹੋ।
12. ਸਾਨੂੰ ਉੱਥੇ ਸਾਹਿੱਤ ਕਿਵੇਂ ਛੱਡਣਾ ਚਾਹੀਦਾ ਹੈ ਜਿੱਥੇ ਕੋਈ ਘਰ ਨਹੀਂ ਮਿਲਦਾ?
12 ਜਿੱਥੇ ਕੋਈ ਘਰ ਨਹੀਂ ਹੁੰਦਾ: ਅਪਾਰਟਮੈਂਟਾਂ ਦੇ ਕਰਮਚਾਰੀਆਂ ਦੀ ਸ਼ਿਕਾਇਤ ਅਕਸਰ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਫ਼ਰਸ਼ ਤੋਂ ਸਾਹਿੱਤ ਚੁੱਕਣਾ ਪੈਂਦਾ ਹੈ। ਜੇ ਅਸੀਂ ਸਾਹਿੱਤ ਦਰਵਾਜ਼ੇ ਦੇ ਬਾਹਰ ਰੱਖਦੇ ਹਾਂ ਅਤੇ ਉਹ ਥੱਲੇ ਡਿਗ ਜਾਏ, ਤਾਂ ਉਸ ਨੂੰ ਕੂੜਾ-ਕਰਕਟ ਸਮਝਿਆ ਜਾ ਸਕਦਾ ਹੈ। ਇਸ ਲਈ ਜੇ ਅਸੀਂ ਕੋਈ ਸਾਹਿੱਤ ਛੱਡਣਾ ਚਾਹੁੰਦੇ ਹਾਂ ਜਿੱਥੇ ਕੋਈ ਘਰ ਨਹੀਂ ਮਿਲਦਾ, ਤਾਂ ਸਾਨੂੰ ਇਸ ਨੂੰ ਦੂਜਿਆਂ ਦੀ ਨਜ਼ਰੋਂ ਓਹਲੇ ਰੱਖਣਾ ਚਾਹੀਦਾ ਹੈ।
13. ਸਾਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ਜੇ ਘਰ-ਮਾਲਕ ਗੁੱਸੇ ਵਿਚ ਹੋਵੇ?
13 ਨਾਰਾਜ਼ ਹੋਏ ਘਰ-ਮਾਲਕ: ਜੇ ਕੋਈ ਘਰ-ਮਾਲਕ ਗੁੱਸੇ ਹੋਵੇ ਅਤੇ ਸਕਿਉਰਿਟੀ ਗਾਰਡ ਨੂੰ ਬੁਲਾਉਣ ਦੀ ਧਮਕੀ ਦਿੰਦਾ ਹੈ, ਤਾਂ ਚੰਗਾ ਹੋਵੇਗਾ ਜੇ ਅਸੀਂ ਉਸ ਮੰਜ਼ਲ ਤੋਂ ਚਲੇ ਜਾਈਏ ਤੇ ਹੋਰ ਕਿਸੇ ਦਿਨ ਵਾਪਸ ਆਈਏ। ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਸਾਨੂੰ ਉਸ ਅਪਾਰਟਮੈਂਟ ਤੋਂ ਹੀ ਜਾਣਾ ਪਵੇ, ਕਿਉਂਕਿ ਅਸੀਂ ਮੈਨੇਜਮੈਂਟ ਜਾਂ ਸਕਿਉਰਟੀ ਗਾਰਡ ਦਾ ਗੁੱਸਾ ਭੜਕਾਉਣਾ ਨਹੀਂ ਚਾਹੁੰਦੇ। ਭਾਵੇਂ ਘਰ-ਮਾਲਕ ਸਾਨੂੰ ਸਾਫ਼-ਸਾਫ਼ ਨਾ ਕਹੇ ਕਿ ਅਸੀਂ ਦੁਬਾਰਾ ਨਾ ਆਈਏ, ਫਿਰ ਵੀ ਵਧੀਆ ਹੋਵੇਗਾ ਜੇ ਅਸੀਂ ਉਸ ਦਾ ਨੰਬਰ ਟੈਰਟਰੀ ਕਾਰਡ ʼਤੇ ਲਿਖ ਲਈਏ ਤਾਂਕਿ ਅਸੀਂ ਇਸ ਨੂੰ ਅੱਗੇ ਤੋਂ ਨਾ ਕਰੀਏ। ਅਜਿਹੇ ਲੋਕਾਂ ਦਾ ਨਜ਼ਰੀਆ ਜਾਣਨ ਲਈ ਸਮੇਂ-ਸਮੇਂ ਤੇ ਸਾਨੂੰ ਇਨ੍ਹਾਂ ਨੂੰ ਦੁਬਾਰਾ ਮਿਲਣ ਲਈ ਜਾਣਾ ਚਾਹੀਦਾ ਹੈ।
14, 15. ਜੇ ਅਪਾਰਟਮੈਂਟ ਦਾ ਕੋਈ ਅਧਿਕਾਰੀ ਸਾਨੂੰ ਉੱਥੋਂ ਚਲੇ ਜਾਣ ਲਈ ਕਹੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਜੇ ਤੁਹਾਨੂੰ ਚਲੇ ਜਾਣ ਲਈ ਕਿਹਾ ਜਾਵੇ: ਜੇ ਅਪਾਰਟਮੈਂਟ ਵਿਚ ਪ੍ਰਚਾਰ ਕਰਦਿਆਂ ਸੁਪਰਿੰਟੈਂਡੰਟ, ਸਕਿਉਰਟੀ ਗਾਰਡ, ਮੁਰੰਮਤ ਕਰਨ ਵਾਲਾ ਜਾਂ ਕੋਈ ਹੋਰ ਚਲੇ ਜਾਣ ਲਈ ਕਹੇ, ਤਾਂ ਸਾਨੂੰ ਫ਼ੌਰਨ ਹੀ ਉਨ੍ਹਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਸਾਨੂੰ ਕਿਸੇ ਨਾਲ ਝਗੜਾ ਕਰਨ ਤੋਂ ਪਰਹੇਜ਼ ਕਰਨ ਦੀ ਲੋੜ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ʼਤੇ ਕਾਨੂੰਨੀ ਕਰਵਾਈ ਕਰਨ ਜਾਂ ਪੁਲਸ ਨੂੰ ਸੱਦਣ ਦੀ ਧਮਕੀ ਦੇਵੇ। ਆਮ ਤੌਰ ਤੇ ਜਦੋਂ ਅਪਾਰਟਮੈਂਟ ਦਾ ਕੋਈ ਅਧਿਕਾਰੀ ਸਾਨੂੰ ਜਾਣ ਲਈ ਕਹਿੰਦਾ ਹੈ, ਤਾਂ ਉਸ ਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਨਫ਼ਰਤ ਕਰਦਾ ਹੈ, ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਿਹਾ ਹੁੰਦਾ ਹੈ।
15 ਕਦੇ-ਕਦਾਈਂ ਜਦੋਂ ਸਾਨੂੰ ਕੋਈ ਅਧਿਕਾਰੀ ਜਾਣ ਲਈ ਕਹਿੰਦਾ ਹੈ, ਤਾਂ ਸ਼ਾਇਦ ਸਾਨੂੰ ਨਰਮਾਈ ਤੇ ਸਲੀਕੇ ਨਾਲ ਉਸ ਨੂੰ ਆਪਣੇ ਆਉਣ ਦਾ ਕਾਰਨ ਸਮਝਾਉਣ ਦਾ ਮੌਕਾ ਮਿਲੇ। (1 ਪਤ. 3:15) ਸਾਨੂੰ ਪਤਾ ਹੈ ਕਿ ਉਸ ਨੂੰ ਅਪਾਰਟਮੈਂਟ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਉੱਥੇ ਰਹਿੰਦੇ ਲੋਕਾਂ ਨੂੰ ਖ਼ੁਸ਼ ਰੱਖਣ ਦੀ ਵੀ ਲੋੜ ਹੈ। ਸ਼ਾਇਦ ਉਹ ਤੁਹਾਨੂੰ ਅਪਾਰਟਮੈਂਟ ਵਿਚ ਠਹਿਰਨ ਦੀ ਇਜਾਜ਼ਤ ਦੇ ਦੇਵੇ। ਪਰ ਜੇ ਉਹ ਇਜਾਜ਼ਤ ਨਹੀਂ ਦਿੰਦਾ, ਤਾਂ ਬਹਿਸ ਕਰਨ ਦੀ ਬਜਾਇ ਤੁਹਾਨੂੰ ਸ਼ਾਂਤੀ ਨਾਲ ਚਲੇ ਜਾਣਾ ਚਾਹੀਦਾ ਹੈ। ਜੇ ਮੌਕਾ ਮਿਲੇ, ਤਾਂ ਤੁਸੀਂ ਚਿੱਠੀ-ਪੱਤਰ ਦੇ ਡੱਬਿਆਂ ਵਿਚ ਸਮੇਂ-ਸਮੇਂ ਤੇ ਸਾਹਿੱਤ ਰੱਖਣ ਦੀ ਇਜਾਜ਼ਤ ਲੈ ਸਕਦੇ ਹੋ। (ਕੁਲੁ. 4:6) ਅਜਿਹੇ ਮਾਮਲਿਆਂ ਵਿਚ ਜੋ ਵੀ ਹੁੰਦਾ ਹੈ ਉਸ ਦੀ ਪੂਰੀ ਜਾਣਕਾਰੀ ਸਾਨੂੰ ਸਰਵਿਸ ਓਵਰਸੀਅਰ ਨੂੰ ਦੇਣੀ ਚਾਹੀਦੀ ਹੈ।
16. ਸਾਨੂੰ ਉਦੋਂ ਕੀ ਕਰਨਾ ਚਾਹੀਦਾ ਹੈ, ਜਦੋਂ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਪਾਰਟਮੈਂਟ ਵਿਚ ਪ੍ਰਚਾਰ ਕਰਨਾ ਮੁਸ਼ਕਲ ਸਾਬਤ ਹੁੰਦਾ ਹੈ?
16 ਕੁਝ ਸਮੇਂ ਤੋਂ ਬਾਅਦ ਸ਼ਾਇਦ ਪਬਲੀਸ਼ਰ ਦੁਬਾਰਾ ਉਸ ਅਪਾਰਟਮੈਂਟ ਵਿਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਸਕਣ। ਜੇ ਇਸ ਤਰ੍ਹਾਂ ਕਰਨਾ ਹਾਲੇ ਵੀ ਮੁਸ਼ਕਲ ਹੈ, ਤਾਂ ਅਸੀਂ ਲੋਕਾਂ ਨੂੰ ਟੈਲੀਫ਼ੋਨ ਕਰ ਕੇ ਜਾਂ ਉਨ੍ਹਾਂ ਨੂੰ ਚਿੱਠੀ ਲਿਖ ਕੇ ਆਪਣਾ ਸੰਦੇਸ਼ ਦੱਸ ਸਕਦੇ ਹਾਂ। ਸ਼ਾਇਦ ਤੁਹਾਨੂੰ ਸਕਿਉਰਟੀ ਆਫ਼ਿਸ ਤੋਂ ਲੋਕਾਂ ਦੇ ਨਾਂ ਅਤੇ ਟੈਲੀਫ਼ੋਨ ਨੰਬਰ ਮਿਲ ਸਕਦੇ ਹਨ। ਚਿੱਠੀ ਲਿਖਦਿਆਂ ਸਾਨੂੰ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਦੇ ਸਫ਼ੇ 71-73 ʼਤੇ ਦਿੱਤੇ ਗਏ ਸੁਝਾਵਾਂ ਮੁਤਾਬਕ ਧਿਆਨ ਨਾਲ ਚੱਲਣਾ ਚਾਹੀਦਾ ਹੈ। ਕੁਝ ਪਬਲੀਸ਼ਰ ਸਵੇਰ ਨੂੰ ਜਾਂ ਸ਼ਾਮ ਨੂੰ ਅਪਾਰਟਮੈਂਟਾਂ ਦੇ ਸਾਮ੍ਹਣੇ ਜਾਂ ਉਸ ਦੇ ਆਸ-ਪਾਸ ਸੜਕਾਂ ʼਤੇ ਪ੍ਰਚਾਰ ਕਰਦੇ ਹਨ ਜਦ ਲੋਕ ਆਮ ਤੌਰ ਤੇ ਨੌਕਰੀਆਂ ਤੋਂ ਆਉਂਦੇ-ਜਾਂਦੇ ਹਨ।
17. ਅਪਾਰਟਮੈਂਟਾਂ ਵਿਚ ਪ੍ਰਚਾਰ ਕਰਨਾ ਜ਼ਰੂਰੀ ਕਿਉਂ ਹੈ?
17 ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਜਲਦੀ ਆਉਣ ਵਾਲਾ ਹੈ। ਸਿਰਫ਼ ਉਹ ਲੋਕ ਜੋ ਯਹੋਵਾਹ ਦਾ ਨਾਂ ਲੈਂਦੇ ਹਨ ਬਚਾਏ ਜਾਣਗੇ। “ਪਰ ਉਹ ਉਸ ਦਾ ਨਾਂ ਕਿਵੇਂ ਲੈਣਗੇ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਹੀ ਨਹੀਂ? ਅਤੇ ਉਹ ਉਸ ਉੱਤੇ ਨਿਹਚਾ ਕਿਵੇਂ ਕਰਨਗੇ ਜਿਸ ਬਾਰੇ ਉਨ੍ਹਾਂ ਨੇ ਸੁਣਿਆ ਹੀ ਨਹੀਂ?” (ਰੋਮੀ. 10:13, 14) ਕਈ ਲੋਕ ਜੋ “ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਦਿਖਾਉਣ ਵਾਲੀ ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ ਅਪਾਰਟਮੈਂਟਾਂ ਵਿਚ ਰਹਿੰਦੇ ਹਨ। (ਰਸੂ. 13:48) ਜੇ ਅਸੀਂ ਸਮਝਦਾਰੀ ਨਾਲ ਪੇਸ਼ ਆਈਏ, ਤਾਂ ਅਸੀਂ ਇਨ੍ਹਾਂ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ।