ਖ਼ੁਸ਼ ਖ਼ਬਰੀ ਸੁਣਾਉਂਦੇ ਵੇਲੇ ਸਮਝਦਾਰੀ ਵਰਤੋ
1 ਪੌਲੁਸ ਰਸੂਲ ਨੇ ਵੱਖ-ਵੱਖ ਧਰਮਾਂ ਤੇ ਪਿਛੋਕੜਾਂ ਦੇ ਲੋਕਾਂ ਨੂੰ ਸਮਝਦਾਰੀ ਨਾਲ ਖ਼ੁਸ਼ੀ ਖ਼ਬਰੀ ਸੁਣਾਉਣ ਉੱਤੇ ਜ਼ੋਰ ਦਿੱਤਾ ਸੀ। ਅੱਜ-ਕੱਲ੍ਹ ਕਈ ਲੋਕ ਧਰਮ ਨੂੰ ਮੰਨਦੇ ਹਨ, ਜਦਕਿ ਕਈ ਲੋਕ ਕਿਸੇ ਵੀ ਧਰਮ ਅਤੇ ਇਸ ਦੀਆਂ ਸਿੱਖਿਆਵਾਂ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਸਾਨੂੰ “ਹਰ ਤਰ੍ਹਾਂ ਦੇ ਲੋਕਾਂ” ਨਾਲ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕੀਏ।—1 ਕੁਰਿੰ. 9:19-23.
2 ਘਰ-ਮਾਲਕ ਦੇ ਹਾਲਾਤ ਸਮਝੋ: ਸਮਝਦਾਰੀ ਨਾਲ ਪ੍ਰਚਾਰ ਕਰਨ ਦਾ ਮਤਲਬ ਹੈ ਕਿ ਅਸੀਂ ਦੇਖੀਏ ਕਿ ਘਰ-ਮਾਲਕ ਨੂੰ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਹੈ ਤੇ ਉਸ ਅਨੁਸਾਰ ਆਪਣੀ ਗੱਲਬਾਤ ਨੂੰ ਬਦਲੀਏ। ਇੱਦਾਂ ਕਰਨ ਲਈ ਚੰਗੀ ਤਿਆਰੀ ਕਰਨ ਦੀ ਲੋੜ ਹੈ। ਜੇ ਸਾਨੂੰ ਪਤਾ ਹੈ ਕਿ ਸਾਡੇ ਕਿਤਾਬਾਂ-ਰਸਾਲਿਆਂ ਵਿਚ ਕਿਨ੍ਹਾਂ ਵਿਸ਼ਿਆਂ ʼਤੇ ਗੱਲਬਾਤ ਕੀਤੀ ਗਈ ਹੈ, ਤਾਂ ਅਸੀਂ ਵੱਖ-ਵੱਖ ਵਿਸ਼ਿਆਂ ʼਤੇ ਗੱਲਬਾਤ ਕਰਨ ਲਈ ਤਿਆਰ ਹੋਵਾਂਗੇ। ਬਜ਼ੁਰਗਾਂ, ਨੌਜਵਾਨਾਂ, ਪਰਿਵਾਰ ਦੇ ਮੁਖੀ, ਘਰੇਲੂ ਔਰਤਾਂ, ਕੰਮਕਾਜੀ ਔਰਤਾਂ ਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਸਾਨੂੰ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਸਮਝਦਾਰੀ ਨਾਲ ਆਪਣੇ ਕਿਤਾਬਾਂ-ਰਸਾਲਿਆਂ ਵਿੱਚੋਂ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
3 ਜਦੋਂ ਘਰ-ਮਾਲਕ ਦਰਵਾਜ਼ਾ ਖੋਲ੍ਹਦਾ ਹੈ, ਤਾਂ ਧਿਆਨ ਦਿਓ ਕਿ ਉਸ ਬਾਰੇ ਤੁਸੀਂ ਕੀ ਜਾਣ ਸਕਦੇ ਹੋ। ਤੁਸੀਂ ਸ਼ਾਇਦ ਦੇਖੋ ਕਿ ਉਸ ਦੇ ਬੱਚੇ ਹਨ, ਉਹ ਰੱਬ ਨੂੰ ਮੰਨਣ ਵਾਲਾ ਹੈ, ਘਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਵਾਲਾ ਹੈ ਜਾਂ ਕੁਝ ਹੋਰ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਆਪਣੀ ਪੇਸ਼ਕਾਰੀ ਘਰ-ਮਾਲਕ ਦੇ ਹਾਲਾਤਾਂ ਅਨੁਸਾਰ ਢਾਲ਼ ਸਕਦੇ ਹੋ। ਸੋਚ-ਸਮਝ ਕੇ ਉਸ ਨੂੰ ਸਵਾਲ ਪੁੱਛੋ ਤੇ ਧਿਆਨ ਨਾਲ ਉਸ ਦੇ ਵਿਚਾਰਾਂ ਨੂੰ ਸੁਣੋ। ਇਸ ਤਰ੍ਹਾਂ ਤੁਸੀਂ ਜਾਣ ਸਕਦੇ ਹੋ ਕਿ ਉਸ ਦੇ ਦਿਲ ਵਿਚ ਕੀ ਹੈ ਤੇ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਉਸ ਨਾਲ ਕਿਸ ਵਿਸ਼ੇ ʼਤੇ ਗੱਲ ਕਰਨੀ ਹੈ।
4 ਆਪਣੀ ਪੇਸ਼ਕਾਰੀ ਬਦਲੋ: ਜੇ ਤੁਸੀਂ ਦੇਖੋ ਕਿ ਵਿਹੜੇ ਵਿਚ ਖਿਡੌਣੇ ਪਏ ਹਨ ਜਾਂ ਘਰ ਵਿਚ ਬੱਚੇ ਹਨ, ਤਾਂ ਤੁਸੀਂ ਸ਼ਾਇਦ ਇੱਦਾਂ ਗੱਲਬਾਤ ਸ਼ੁਰੂ ਕਰ ਸਕਦੇ ਹੋ: “ਅਸੀਂ ਤੁਹਾਡੇ ਗੁਆਂਢ ਵਿਚ ਮਾਪਿਆਂ ਨਾਲ ਗੱਲਬਾਤ ਕਰ ਰਹੇ ਹਾਂ। ਕਈਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਬੱਚਿਆਂ ਨੂੰ ਸਕੂਲਾਂ ਵਿਚ ਸਹੀ ਤੇ ਗ਼ਲਤ ਵਿਚ ਫ਼ਰਕ ਕਰਨਾ ਨਹੀਂ ਸਿਖਾਇਆ ਜਾਂਦਾ। ਕੀ ਤੁਹਾਨੂੰ ਵੀ ਇੱਦਾਂ ਲੱਗਦਾ?” ਘਰ-ਮਾਲਕ ਦੀ ਗੱਲ ਸੁਣੋ। ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਮਾਲਕ ਨੂੰ ਤੁਹਾਡੀ ਗੱਲ ਵਿਚ ਦਿਲਚਸਪੀ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਬਾਈਬਲ ਦੱਸਦੀ ਹੈ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਹੀ ਸਿੱਖਿਆ ਲੈਣ ਦੀ ਲੋੜ ਹੈ। ਦੇਖੋ ਕਿ ਕਹਾਉਤਾਂ 14:12 ਵਿਚ ਕੀ ਲਿਖਿਆ ਹੈ।” ਹਵਾਲਾ ਪੜ੍ਹਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ: “ਮੈਂ ਕੁਝ ਪੜ੍ਹ ਰਿਹਾ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਬਾਈਬਲ ਦੀ ਸਲਾਹ ਸਾਡੇ ਫ਼ਾਇਦੇ ਲਈ ਹੈ।” ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਸਫ਼ਾ 134 ਖੋਲ੍ਹੋ ਤੇ ਢੁਕਵਾਂ ਪੈਰਾ ਪੜ੍ਹੋ।
5 ਚੰਗੀ ਤਿਆਰੀ ਤੇ ਸਮਝਦਾਰੀ ਨਾਲ ਪ੍ਰਚਾਰ ਕਰ ਕੇ ਅਸੀਂ ਵੀ ਪੌਲੁਸ ਰਸੂਲ ਵਾਂਗ ਕਹਿ ਸਕਾਂਗੇ: “ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ ਹੈ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ।”—1 ਕੁਰਿੰ. 9:22; ਕਹਾ. 19:8.