ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w21 ਅਕਤੂਬਰ ਸਫ਼ੇ 14-17
  • ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?
  • ਕੁਝ ਟੀਚੇ ਰੱਖੋ
  • ਕਦੇ ਹਾਰ ਨਾ ਮੰਨੋ!
  • ‘ਬਜ਼ੁਰਗਾਂ ਨੂੰ ਬਲਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਤੁਸੀਂ ਯਹੋਵਾਹ ਲਈ ਅਨਮੋਲ ਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਬਜ਼ੁਰਗੋ, ਪੌਲੁਸ ਰਸੂਲ ਦੀ ਰੀਸ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਤੁਸੀਂ ਇਕੱਲੇ ਨਹੀਂ ਹੋ, ਯਹੋਵਾਹ ਹਮੇਸ਼ਾ ਤੁਹਾਡੇ ਨਾਲ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
w21 ਅਕਤੂਬਰ ਸਫ਼ੇ 14-17
ਇਕ ਭਰਾ ਆਪਣਾ ਘਰ ਤਬਾਹ ਹੋਣ ਕਰਕੇ ਬਹੁਤ ਦੁਖੀ ਹੈ। ਉਹ ਸੋਚਦਾ ਹੈ ਕਿ ਇਸ ਨੂੰ ਦੁਬਾਰਾ ਬਣਾਉਣ ਲਈ ਕਿੰਨਾ ਸਮਾਂ ਅਤੇ ਮਿਹਨਤ ਲੱਗੇਗੀ।

ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ

ਹਰ ਸਾਲ ਬਹੁਤ ਸਾਰੇ ਭੈਣ-ਭਰਾ ਮੰਡਲੀਆਂ ਵਿਚ ਬਹਾਲ ਕੀਤੇ ਜਾਂਦੇ ਹਨ। ਜਦੋਂ ਵੀ ਕੋਈ ਵਾਪਸ ਆਉਂਦਾ ਹੈ, ਤਾਂ ‘ਸਵਰਗ ਵਿਚ ਖ਼ੁਸ਼ੀਆਂ’ ਮਨਾਈਆਂ ਜਾਂਦੀਆਂ ਹਨ। (ਲੂਕਾ 15:7, 10) ਜੇ ਤੁਹਾਨੂੰ ਵੀ ਬਹਾਲ ਕੀਤਾ ਗਿਆ ਹੈ, ਤਾਂ ਤੁਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ, ਯਿਸੂ ਅਤੇ ਦੂਤਾਂ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਉਣ ਲਈ ਸ਼ਾਇਦ ਤੁਹਾਨੂੰ ਬਹੁਤ ਮਿਹਨਤ ਕਰਨੀ ਪਵੇ। ਆਓ ਦੇਖੀਏ ਕਿ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।

ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

ਬਹੁਤ ਸਾਰੇ ਭੈਣ-ਭਰਾ ਮੰਡਲੀ ਵਿਚ ਵਾਪਸ ਆਉਣ ਤੋਂ ਬਾਅਦ ਵੀ ਸ਼ਾਇਦ ਆਪਣੇ ਆਪ ਨੂੰ ਦੋਸ਼ੀ ਜਾਂ ਨਿਰਾਸ਼ ਮਹਿਸੂਸ ਕਰਨ। ਰਾਜਾ ਦਾਊਦ ਨੇ ਵੀ ਇੱਦਾਂ ਹੀ ਮਹਿਸੂਸ ਕੀਤਾ। ਭਾਵੇਂ ਉਸ ਦੇ ਪਾਪ ਮਾਫ਼ ਕਰ ਦਿੱਤੇ ਗਏ ਸਨ, ਫਿਰ ਵੀ ਉਸ ਨੇ ਕਿਹਾ: “ਮੈਂ ਆਪਣੇ ਅਪਰਾਧਾਂ ਦੇ ਭਾਰ ਹੇਠ ਦੱਬਿਆ ਹੋਇਆ ਹਾਂ।” (ਜ਼ਬੂ. 40:12; 65:3) ਇਜ਼ਾਬੈੱਲੇ ਨੂੰ ਮੰਡਲੀ ਵਿੱਚੋਂ ਛੇਕਿਆਂ 20 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ।a ਉਹ ਬਹਾਲ ਹੋਣ ਤੋਂ ਬਾਅਦ ਕਹਿੰਦੀ ਹੈ: “ਮੇਰੇ ਲਈ ਇਹ ਮੰਨਣਾ ਬਹੁਤ ਮੁਸ਼ਕਲ ਸੀ ਕਿ ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ।” ਜੇ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਤਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਫਿਰ ਤੋਂ ਕਮਜ਼ੋਰ ਪੈ ਸਕਦਾ ਹੈ। (ਕਹਾ. 24:10) ਪਰ ਤੁਸੀਂ ਆਪਣੇ ਨਾਲ ਇਸ ਤਰ੍ਹਾਂ ਨਾ ਹੋਣ ਦਿਓ।

ਸ਼ਾਇਦ ਤੁਹਾਨੂੰ ਫ਼ਿਕਰ ਹੋਵੇ ਕਿ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਦੁਬਾਰਾ ਬਣਾਉਣ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਣੀ। ਬਹਾਲ ਹੋਣ ਤੋਂ ਬਾਅਦ ਐਂਟਵੌਨ ਕਹਿੰਦਾ ਹੈ: “ਮੈਨੂੰ ਇੱਦਾਂ ਲੱਗਾ ਕਿ ਮੈਂ ਜੋ ਵੀ ਸਿੱਖਿਆ ਸੀ, ਮੈਂ ਉਹ ਸਭ ਕੁਝ ਭੁੱਲ ਗਿਆ।” ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਸੋਚਦੇ ਰਹਿੰਦੇ ਹਾਂ, ਤਾਂ ਸਾਡੇ ਲਈ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨੀ ਮੁਸ਼ਕਲ ਹੋ ਸਕਦੀ ਹੈ।

ਇਕ ਉਦਾਹਰਣ ʼਤੇ ਗੌਰ ਕਰੋ: ਜਦੋਂ ਕਿਸੇ ਵਿਅਕਤੀ ਦਾ ਘਰ ਤੂਫ਼ਾਨ ਵਿਚ ਤਬਾਹ ਹੋ ਜਾਂਦਾ ਹੈ, ਤਾਂ ਸ਼ਾਇਦ ਉਸ ਨੂੰ ਫ਼ਿਕਰ ਹੋਵੇ ਕਿ ਘਰ ਨੂੰ ਦੁਬਾਰਾ ਬਣਾਉਣ ਵਿਚ ਕਿੰਨਾ ਸਮਾਂ ਅਤੇ ਮਿਹਨਤ ਲੱਗੇਗੀ। ਇਸੇ ਤਰ੍ਹਾਂ ਜੇ ਗੰਭੀਰ ਪਾਪ ਕਰਨ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਟੁੱਟ ਗਿਆ ਹੈ, ਤਾਂ ਸ਼ਾਇਦ ਤੁਹਾਨੂੰ ਫ਼ਿਕਰ ਹੋਵੇ ਕਿ ਉਸ ਨਾਲ ਦੁਬਾਰਾ ਰਿਸ਼ਤਾ ਬਣਾਉਣ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪੈਣੀ। ਪਰ ਭਰੋਸਾ ਰੱਖੋ ਕਿ ਤੁਹਾਨੂੰ ਇਹ ਸਭ ਕੁਝ ਇਕੱਲਿਆਂ ਨਹੀਂ ਕਰਨਾ ਪੈਣਾ।

ਕਹਿੰਦਾ ਹੈ: “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ।” (ਯਸਾ. 1:18) ਯਹੋਵਾਹ ਨਾਲ ‘ਮਾਮਲਾ ਸੁਲਝਾਉਣ’ ਲਈ ਤੁਸੀਂ ਪਹਿਲਾਂ ਹੀ ਕਦਮ ਚੁੱਕ ਲਿਆ ਹੈ ਅਤੇ ਇਸ ਕਰਕੇ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਜ਼ਰਾ ਸੋਚੋ, ਇੱਦਾਂ ਕਰ ਕੇ ਤੁਸੀਂ ਯਹੋਵਾਹ ਨੂੰ ਮੌਕਾ ਦਿੱਤਾ ਹੈ ਕਿ ਉਹ ਸ਼ੈਤਾਨ ਦੇ ਮਿਹਣਿਆਂ ਦਾ ਮੂੰਹ ਤੋੜ ਜਵਾਬ ਦੇਵੇ।​—ਕਹਾ. 27:11.

ਮੰਡਲੀ ਵਿਚ ਵਾਪਸ ਆ ਕੇ ਤੁਸੀਂ ਯਹੋਵਾਹ ਦੇ ਨੇੜੇ ਆਉਣ ਲਈ ਕਦਮ ਚੁੱਕ ਲਿਆ ਹੈ ਅਤੇ ਉਹ ਵਾਅਦਾ ਕਰਦਾ ਹੈ ਕਿ ਉਹ ਵੀ ਤੁਹਾਡੇ ਨੇੜੇ ਆਵੇਗਾ। (ਯਾਕੂ. 4:8) ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਯਹੋਵਾਹ ਤੁਹਾਡਾ ਦੋਸਤ ਅਤੇ ਪਿਤਾ ਹੈ, ਇਸ ਲਈ ਤੁਹਾਨੂੰ ਉਸ ਲਈ ਆਪਣਾ ਪਿਆਰ ਵਧਾਉਣਾ ਚਾਹੀਦਾ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਕੁਝ ਟੀਚੇ ਰੱਖੋ

ਕਈ ਵਾਰ ਜਦੋਂ ਤੂਫ਼ਾਨ ਆਉਂਦਾ ਹੈ, ਤਾਂ ਸ਼ਾਇਦ ਘਰ ਦੀ ਛੱਤ ਅਤੇ ਕੰਧਾਂ ਡਿੱਗ ਪੈਣ, ਪਰ ਨੀਂਹ ਟਿਕੀ ਰਹਿੰਦੀ ਹੈ। ਇਸ ਕਰਕੇ ਤੁਹਾਨੂੰ ਸਿਰਫ਼ ਉੱਪਰਲਾ ਹਿੱਸਾ ਬਣਾਉਣਾ ਪੈਂਦਾ ਹੈ। ਇਸੇ ਤਰ੍ਹਾਂ ਮੰਡਲੀ ਵਿਚ ਵਾਪਸ ਆਉਣ ਤੋਂ ਬਾਅਦ ਸ਼ਾਇਦ ਤੁਹਾਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਯਾਦ ਹੋਣ ਜੋ ਤੁਸੀਂ ਪਹਿਲਾਂ ਸਿੱਖੀਆਂ ਸਨ। ਪਰ ਹੁਣ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਤੁਹਾਨੂੰ ਉਹ ਸਾਰਾ ਕੁਝ ਕਰਨਾ ਪੈਣਾ ਜੋ ਤੁਸੀਂ ਪਹਿਲਾਂ ਕਰਦੇ ਸੀ, ਜਿਵੇਂ ਕਿ ਪ੍ਰਚਾਰ ਕਰਨਾ, ਮੀਟਿੰਗਾਂ ਵਿਚ ਜਾਣਾ ਅਤੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣਾ। ਇੱਦਾਂ ਕਰਨ ਲਈ ਤੁਹਾਨੂੰ ਕੁਝ ਛੋਟੇ-ਛੋਟੇ ਟੀਚੇ ਰੱਖਣੇ ਪੈਣੇ। ਆਓ ਕੁਝ ਟੀਚਿਆਂ ʼਤੇ ਗੌਰ ਕਰੀਏ।

ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰਦੇ ਰਹੋ। ਤੁਹਾਡਾ ਪਿਤਾ ਯਹੋਵਾਹ ਜਾਣਦਾ ਹੈ ਕਿ ਦੋਸ਼ ਦੀ ਭਾਵਨਾ ਆਸਾਨੀ ਨਾਲ ਨਹੀਂ ਜਾਂਦੀ ਅਤੇ ਇਸ ਕਰਕੇ ਪ੍ਰਾਰਥਨਾ ਕਰਨੀ ਮੁਸ਼ਕਲ ਹੋ ਸਕਦੀ ਹੈ। (ਰੋਮੀ. 8:26) ਫਿਰ ਵੀ “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਅਤੇ ਯਹੋਵਾਹ ਨੂੰ ਦੱਸੋ ਕਿ ਤੁਸੀਂ ਉਸ ਨਾਲ ਦੁਬਾਰਾ ਦੋਸਤੀ ਕਰਨੀ ਚਾਹੁੰਦੇ ਹੋ। (ਰੋਮੀ. 12:12) ਜਦੋਂ ਭਰਾ ਐਂਡਰੇ ਨੇ ਇੱਦਾਂ ਕੀਤਾ, ਤਾਂ ਉਸ ਨੂੰ ਬਹੁਤ ਫ਼ਾਇਦਾ ਹੋਇਆ। ਉਸ ਨੇ ਕਿਹਾ: “ਮੈਂ ਖ਼ੁਦ ਨੂੰ ਬਹੁਤ ਕੋਸਦਾ ਸੀ ਅਤੇ ਸ਼ਰਮਿੰਦਾ ਮਹਿਸੂਸ ਕਰਦਾ ਸੀ। ਪਰ ਪ੍ਰਾਰਥਨਾ ਕਰਨ ਤੋਂ ਤੁਰੰਤ ਬਾਅਦ ਮੇਰਾ ਮਨ ਸ਼ਾਂਤ ਹੋ ਜਾਂਦਾ ਸੀ।” ਜੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਪ੍ਰਾਰਥਨਾ ਵਿਚ ਕੀ ਕਹੋ, ਤਾਂ ਤੁਸੀਂ ਰਾਜਾ ਦਾਊਦ ਦੀਆਂ ਪ੍ਰਾਰਥਨਾਵਾਂ ʼਤੇ ਗੌਰ ਕਰ ਸਕਦੇ ਹੋ ਜੋ ਉਸ ਨੇ ਤੋਬਾ ਕਰਨ ਤੋਂ ਬਾਅਦ ਲਿਖੀਆਂ ਸਨ। ਇਹ ਪ੍ਰਾਰਥਨਾਵਾਂ ਜ਼ਬੂਰ 51 ਅਤੇ 65 ਵਿਚ ਦਰਜ ਹਨ।

ਬਾਕਾਇਦਾ ਬਾਈਬਲ ਦਾ ਅਧਿਐਨ ਕਰੋ। ਇੱਦਾਂ ਕਰਨ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਯਹੋਵਾਹ ਲਈ ਤੁਹਾਡਾ ਪਿਆਰ ਵਧੇਗਾ। (ਜ਼ਬੂ. 19:7-11) ਫੀਲੇਪੀ ਕਹਿੰਦਾ ਹੈ: “ਬਾਕਾਇਦਾ ਬਾਈਬਲ ਅਧਿਐਨ ਨਾ ਕਰਨ ਕਰਕੇ ਹੀ ਮੇਰਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਹੋਇਆ ਸੀ ਅਤੇ ਮੈਂ ਉਸ ਦਾ ਦਿਲ ਦੁਖਾਇਆ ਸੀ। ਮੈਂ ਦੁਬਾਰਾ ਇਹੀ ਗ਼ਲਤੀ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈ ਬਾਕਾਇਦਾ ਬਾਈਬਲ ਅਧਿਐਨ ਕਰਾਂਗਾ।” ਤੁਸੀਂ ਵੀ ਇੱਦਾਂ ਹੀ ਕਰ ਸਕਦੇ ਹੋ। ਜੇ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਸ ਵਿਸ਼ੇ ʼਤੇ ਅਧਿਐਨ ਕਰੋ, ਤਾਂ ਤੁਸੀਂ ਕਿਸੇ ਅਜਿਹੇ ਭੈਣ ਜਾਂ ਭਰਾ ਦੀ ਮਦਦ ਲਓ ਜਿਸ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਹੈ।

ਭੈਣਾਂ-ਭਰਾਵਾਂ ਨਾਲ ਦੁਬਾਰਾ ਦੋਸਤੀ ਕਰੋ। ਮੰਡਲੀ ਵਿਚ ਵਾਪਸ ਆਉਣ ਵਾਲੇ ਕੁਝ ਭੈਣਾਂ-ਭਰਾਵਾਂ ਨੂੰ ਸ਼ਾਇਦ ਚਿੰਤਾ ਹੋਵੇ ਕਿ ਭੈਣ-ਭਰਾ ਉਨ੍ਹਾਂ ਬਾਰੇ ਕੀ ਸੋਚਣਗੇ। ਲਰੀਸਾ ਕਹਿੰਦੀ ਹੈ: “ਮੈਂ ਬਹੁਤ ਸ਼ਰਮਿੰਦਾ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਨਿਰਾਸ਼ ਕੀਤਾ ਸੀ। ਮੈਨੂੰ ਕਾਫ਼ੀ ਲੰਬੇ ਸਮੇਂ ਤਕ ਇੱਦਾਂ ਮਹਿਸੂਸ ਹੁੰਦਾ ਰਿਹਾ।” ਯਕੀਨ ਰੱਖੋ ਕਿ ਬਜ਼ੁਰਗ ਅਤੇ ਮੰਡਲੀ ਦੇ ਭੈਣ-ਭਰਾ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਬਣਾਉਣ ਵਿਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। (“ਬਜ਼ੁਰਗ ਕੀ ਕਰ ਸਕਦੇ ਹਨ?” ਨਾਂ ਦੀ ਡੱਬੀ ਦੇਖੋ।) ਉਹ ਬਹੁਤ ਖ਼ੁਸ਼ ਹਨ ਕਿ ਤੁਸੀਂ ਵਾਪਸ ਆ ਗਏ ਹੋ ਅਤੇ ਉਹ ਚਾਹੁੰਦੇ ਹਨ ਕਿ ਤੁਸੀਂ ਵੀ ਖ਼ੁਸ਼ ਰਹੋ।​—ਕਹਾ. 17:17.

ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰੋ। ਹਰ ਮੀਟਿੰਗ ਵਿਚ ਜਾਓ ਅਤੇ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲਓ। ਫੇਲਿਕਸ ਕਹਿੰਦਾ ਹੈ: “ਮੰਡਲੀ ਦੇ ਭੈਣ-ਭਰਾ ਮੇਰੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਇਸ ਨਾਲ ਮੈਨੂੰ ਅਹਿਸਾਸ ਹੋਇਆ ਕਿ ਉਹ ਮੈਨੂੰ ਕਿੰਨਾ ਪਿਆਰ ਕਰਦੇ ਹਨ। ਉਨ੍ਹਾਂ ਨੇ ਮੈਨੂੰ ਮਹਿਸੂਸ ਕਰਾਇਆ ਕਿ ਮੈਂ ਮੰਡਲੀ ਦਾ ਹਿੱਸਾ ਹਾਂ, ਯਹੋਵਾਹ ਨੇ ਮੈਨੂੰ ਮਾਫ਼ ਕਰ ਦਿੱਤਾ ਹੈ ਅਤੇ ਮੈਂ ਉਸ ਦੀ ਸੇਵਾ ਕਰ ਸਕਦਾ ਹਾਂ।”​—“ਤੁਸੀਂ ਕੀ ਕਰ ਸਕਦੇ ਹੋ?” ਨਾਂ ਦੀ ਡੱਬੀ ਦੇਖੋ।

ਤੁਸੀਂ ਕੀ ਕਰ ਸਕਦੇ ਹੋ?

ਆਪਣੀ ਨਿਹਚਾ ਦੀ ਇਮਾਰਤ ਉਸਾਰੋ

ਇਕ ਬਜ਼ੁਰਗ ਉਸ ਭਰਾ ਨਾਲ ਪ੍ਰਾਰਥਨਾ ਕਰਦਾ ਹੋਇਆ ਜੋ ਯਹੋਵਾਹ ਕੋਲ ਵਾਪਸ ਆ ਗਿਆ ਹੈ।

ਯਹੋਵਾਹ ਨਾਲ ਵਾਰ-ਵਾਰ ਗੱਲ ਕਰਦੇ ਰਹੋ

ਯਹੋਵਾਹ ਨੂੰ ਦੱਸੋ ਕਿ ਤੁਸੀਂ ਉਸ ਨਾਲ ਦੁਬਾਰਾ ਰਿਸ਼ਤਾ ਜੋੜਨਾ ਚਾਹੁੰਦੇ ਹੋ। ਬਜ਼ੁਰਗ ਤੁਹਾਡੇ ਨਾਲ ਤੇ ਤੁਹਾਡੇ ਲਈ ਪ੍ਰਾਰਥਨਾ ਕਰਨਗੇ

ਬਜ਼ੁਰਗ “ਯਹੋਵਾਹ ਦੇ ਨੇੜੇ ਰਹੋ” ਕਿਤਾਬ ਵਿੱਚੋਂ ਉਸ ਭਰਾ ਨਾਲ ਸਟੱਡੀ ਕਰਦਾ ਹੋਇਆ।

ਬਾਕਾਇਦਾ ਬਾਈਬਲ ਦਾ ਅਧਿਐਨ ਕਰੋ

ਆਪਣੀ ਨਿਹਚਾ ਮਜ਼ਬੂਤ ਕਰੋ ਅਤੇ ਯਹੋਵਾਹ ਲਈ ਆਪਣਾ ਪਿਆਰ ਵਧਾਓ

ਉਹੀ ਭਰਾ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੰਗਤ ਦਾ ਮਜ਼ਾ ਲੈਂਦਾ ਹੋਇਆ।

ਭੈਣਾਂ-ਭਰਾਵਾਂ ਨਾਲ ਦੁਬਾਰਾ ਦੋਸਤੀ ਕਰੋ

ਭੈਣਾਂ-ਭਰਾਵਾਂ ਨਾਲ ਮਿਲ ਸੇਵਾ ਕਰੋ, ਹਰ ਮੀਟਿੰਗ ਵਿਚ ਜਾਓ ਅਤੇ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲਓ

ਕਦੇ ਹਾਰ ਨਾ ਮੰਨੋ!

ਯਹੋਵਾਹ ਨਾਲ ਤੁਹਾਡਾ ਰਿਸ਼ਤਾ ਤੋੜਨ ਲਈ ਸ਼ੈਤਾਨ ਤੁਹਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਦੇ ਕਈ ਤੂਫ਼ਾਨ ਲਿਆਵੇਗਾ। (ਲੂਕਾ 4:13) ਇਸ ਲਈ ਆਪਣੀ ਨਿਹਚਾ ਦੀ ਇਮਾਰਤ ਨੂੰ ਉਸਾਰਦੇ ਜਾਓ।

ਅਸੀਂ ਸਾਰੇ ਯਹੋਵਾਹ ਦੀਆਂ ਅਨਮੋਲ ਭੇਡਾਂ ਹਾਂ, ਇਸ ਲਈ ਉਹ ਵਾਅਦਾ ਕਰਦਾ ਹੈ: “ਮੈਂ ਗੁਆਚੀ ਹੋਈ ਭੇਡ ਦੀ ਤਲਾਸ਼ ਕਰਾਂਗਾ, ਭਟਕੀ ਹੋਈ ਨੂੰ ਵਾਪਸ ਲਿਆਵਾਂਗਾ, ਜ਼ਖ਼ਮੀ ਦੇ ਮਲ੍ਹਮ-ਪੱਟੀ ਕਰਾਂਗਾ ਅਤੇ ਕਮਜ਼ੋਰ ਨੂੰ ਤਕੜੀ ਕਰਾਂਗਾ।” (ਹਿਜ਼. 34:16) ਯਹੋਵਾਹ ਨੇ ਆਪਣੇ ਬਹੁਤ ਸਾਰੇ ਲੋਕਾਂ ਦੀ ਉਸ ਨਾਲ ਦੁਬਾਰਾ ਮਜ਼ਬੂਤ ਰਿਸ਼ਤਾ ਬਣਾਉਣ ਵਿਚ ਮਦਦ ਕੀਤੀ ਹੈ। ਭਰੋਸਾ ਰੱਖੋ, ਉਹ ਤੁਹਾਡੀ ਵੀ ਮਦਦ ਜ਼ਰੂਰ ਕਰੇਗਾ।

ਬਜ਼ੁਰਗ ਕੀ ਕਰ ਸਕਦੇ ਹਨ?

ਉਹੀ ਬਜ਼ੁਰਗ ਤਬਾਹ ਹੋਏ ਘਰ ਨੂੰ ਦੁਬਾਰਾ ਬਣਾਉਣ ਲਈ ਭਰਾ ਦੀ ਮਦਦ ਕਰਦਾ ਹੋਇਆ।

ਬਜ਼ੁਰਗੋ, ਜਿਨ੍ਹਾਂ ਨੂੰ ਮੰਡਲੀ ਵਿਚ ਬਹਾਲ ਕੀਤਾ ਗਿਆ ਹੈ, ਉਨ੍ਹਾਂ ਦਾ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਬਣਾਉਣ ਵਿਚ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਧਿਆਨ ਦਿਓ ਕਿ ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ।

ਉਨ੍ਹਾਂ ਦਾ ਹੌਸਲਾ ਵਧਾਓ। ਪੌਲੁਸ ਰਸੂਲ ਜਾਣਦਾ ਸੀ ਕਿ ਜੋ ਵਿਅਕਤੀ ਯਹੋਵਾਹ ਕੋਲ ਵਾਪਸ ਆਉਂਦਾ ਹੈ, ‘ਉਹ ਹੱਦੋਂ ਵੱਧ ਉਦਾਸੀ ਵਿਚ ਡੁੱਬ’ ਸਕਦਾ ਹੈ। (2 ਕੁਰਿੰ. 2:7) ਸ਼ਾਇਦ ਉਹ ਆਪਣੀ ਗ਼ਲਤੀ ਕਰਕੇ ਦੁਖੀ ਅਤੇ ਨਿਰਾਸ਼ ਮਹਿਸੂਸ ਕਰੇ। ਇਸ ਲਈ ਪੌਲੁਸ ਨੇ ਮੰਡਲੀ ਨੂੰ ਕਿਹਾ: “ਤੁਹਾਨੂੰ ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ।” ਜਿਹੜੇ ਭੈਣ-ਭਰਾ ਮੰਡਲੀ ਵਿਚ ਵਾਪਸ ਆਉਂਦੇ ਹਨ, ਉਨ੍ਹਾਂ ਨੂੰ ਯਹੋਵਾਹ ਅਤੇ ਭੈਣਾਂ-ਭਰਾਵਾਂ ਦੇ ਪਿਆਰ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਓ, ਸਮੇਂ-ਸਮੇਂ ਤੇ ਉਨ੍ਹਾਂ ਦੀ ਤਾਰੀਫ਼ ਕਰੋ ਅਤੇ ਮਦਦ ਕਰੋ। ਇਸ ਤਰ੍ਹਾਂ ਉਹ ਨਿਰਾਸ਼ ਨਹੀਂ ਹੋਣਗੇ।

ਉਨ੍ਹਾਂ ਨਾਲ ਪ੍ਰਾਰਥਨਾ ਕਰੋ। “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ।” (ਯਾਕੂ. 5:16) ਲਰੀਸਾ, ਜਿਸ ਦਾ ਜ਼ਿਕਰ ਲੇਖ ਵਿਚ ਕੀਤਾ ਗਿਆ ਹੈ, ਕਹਿੰਦੀ ਹੈ: “ਮੈਂ ਆਪਣੀਆਂ ਸਾਰੀਆਂ ਚਿੰਤਾਵਾਂ ਅਤੇ ਡਰ ਬਾਰੇ ਬਜ਼ੁਰਗਾਂ ਨੂੰ ਦੱਸਿਆ। ਉਨ੍ਹਾਂ ਨੇ ਮੇਰੇ ਲਈ ਪ੍ਰਾਰਥਨਾ ਕੀਤੀ। ਇਸ ਨਾਲ ਮੈਂ ਸਮਝ ਗਈ ਕਿ ਬਜ਼ੁਰਗ ਮੇਰੇ ਤੋਂ ਨਾਰਾਜ਼ ਨਹੀਂ ਸਨ, ਬਲਕਿ ਉਹ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਬਣਾਉਣ ਵਿਚ ਮੇਰੀ ਮਦਦ ਕਰਨੀ ਚਾਹੁੰਦੇ ਸਨ।” ਥੀਓ ਨੇ ਕਿਹਾ: “ਬਜ਼ੁਰਗਾਂ ਦੀਆਂ ਪ੍ਰਾਰਥਨਾਵਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਯਹੋਵਾਹ ਮੈਨੂੰ ਕਿੰਨਾ ਪਿਆਰ ਕਰਦਾ ਹੈ। ਨਾਲੇ ਗ਼ਲਤੀ ਕਰਨ ਦੇ ਬਾਵਜੂਦ ਵੀ ਉਹ ਮੇਰੇ ਅੰਦਰ ਚੰਗੇ ਗੁਣ ਦੇਖਦਾ ਹੈ।”

ਉਨ੍ਹਾਂ ਨਾਲ ਦੋਸਤੀ ਕਰੋ। ਬਹਾਲ ਕੀਤੇ ਗਏ ਭੈਣਾਂ-ਭਰਾਵਾਂ ਨੂੰ ਦੋਸਤਾਂ ਦੀ ਬਹੁਤ ਲੋੜ ਹੁੰਦੀ ਹੈ। ਜਸਟਿਨ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ: “ਅਕਸਰ ਉਨ੍ਹਾਂ ਨਾਲ ਪ੍ਰਚਾਰ ਤੇ ਜਾਓ ਅਤੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲੋ। ਉਨ੍ਹਾਂ ਨੂੰ ਤੁਹਾਡੀ ਦੋਸਤੀ ਦੀ ਬਹੁਤ ਲੋੜ ਹੁੰਦੀ ਹੈ।” ਇਕ ਹੋਰ ਬਜ਼ੁਰਗ ਹੈਨਰੀ ਕਹਿੰਦਾ ਹੈ: “ਜਦੋਂ ਭੈਣ-ਭਰਾ ਬਜ਼ੁਰਗਾਂ ਨੂੰ ਉਨ੍ਹਾਂ ਨਾਲ ਦੋਸਤੀ ਕਰਦਿਆਂ ਦੇਖਣਗੇ, ਤਾਂ ਉਹ ਵੀ ਅੱਗੇ ਆਉਣਗੇ।”

ਬਾਕਾਇਦਾ ਅਧਿਐਨ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ। ਇਸ ਮਾਮਲੇ ਵਿਚ ਅਜਿਹੇ ਭੈਣ-ਭਰਾ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ। ਡਾਰਕੋ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ: “ਮੈਨੂੰ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਉਨ੍ਹਾਂ ਨੂੰ ਦੱਸ ਕੇ ਬਹੁਤ ਵਧੀਆ ਲੱਗਦਾ ਹੈ। ਇਸ ਤੋਂ ਉਹ ਦੇਖ ਸਕਦੇ ਹਨ ਕਿ ਮੈਨੂੰ ਬਾਈਬਲ ਦਾ ਅਧਿਐਨ ਕਰ ਕੇ ਕਿੰਨਾ ਮਜ਼ਾ ਆਉਂਦਾ ਹੈ! ਮੈਂ ਉਨ੍ਹਾਂ ਨਾਲ ਹੌਸਲਾ ਵਧਾਉਣ ਵਾਲੇ ਕਈ ਲੇਖ ਪੜਦਾ ਹਾਂ।” ਇਕ ਹੋਰ ਬਜ਼ੁਰਗ ਕਲੇਟਨ ਕਹਿੰਦਾ ਹੈ: “ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਬਾਈਬਲ ਵਿਚ ਅਜਿਹੇ ਲੋਕਾਂ ਬਾਰੇ ਪੜ੍ਹਨ ਜਿਨ੍ਹਾਂ ਦੇ ਹਾਲਾਤ ਉਨ੍ਹਾਂ ਵਰਗੇ ਸਨ ਅਤੇ ਉਨ੍ਹਾਂ ਤੋਂ ਸਿੱਖਣ।”

ਇਕ ਚੰਗੇ ਚਰਵਾਹੇ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰੋ। ਜਦੋਂ ਕੋਈ ਮਸੀਹੀ ਪਾਪ ਕਰਦਾ ਹੈ, ਤਾਂ ਬਜ਼ੁਰਗ ਨਿਆਈਆਂ ਵਜੋਂ ਨਿਆਂ ਕਰਦੇ ਹਨ। ਪਰ ਜਦੋਂ ਉਸ ਨੂੰ ਮੰਡਲੀ ਵਿਚ ਬਹਾਲ ਕੀਤਾ ਜਾਂਦਾ ਹੈ, ਤਾਂ ਬਜ਼ੁਰਗਾਂ ਨੂੰ ਚਰਵਾਹੇ ਬਣਨਾ ਚਾਹੀਦਾ ਹੈ। (ਯਿਰ. 23:4) ਬਜ਼ੁਰਗਾਂ ਨੂੰ ਉਸ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਤੇ ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਅਕਸਰ ਉਸ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਮਾਰਕਸ ਨਾਂ ਦਾ ਬਜ਼ੁਰਗ ਦੱਸਦਾ ਹੈ ਕਿ ਜਦੋਂ ਬਜ਼ੁਰਗ ਅਜਿਹੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਮਿਲਣ ਜਾਂਦੇ ਹਨ, ਤਾਂ ਉਹ ਕੀ ਕਰਦੇ ਹਨ: “ਅਸੀਂ ਬਾਈਬਲ ਵਿੱਚੋਂ ਉਨ੍ਹਾਂ ਨੂੰ ਚੰਗੀਆਂ ਗੱਲਾਂ ਦੱਸਦੇ ਹਾਂ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਇਹ ਵੀ ਦੱਸਦੇ ਹਾਂ ਕਿ ਉਨ੍ਹਾਂ ਨੇ ਮੰਡਲੀ ਵਿਚ ਵਾਪਸ ਆਉਣ ਲਈ ਜੋ ਮਿਹਨਤ ਕੀਤੀ ਹੈ, ਉਸ ਤੋਂ ਯਹੋਵਾਹ ਬਹੁਤ ਖ਼ੁਸ਼ ਹੈ ਅਤੇ ਅਸੀਂ ਵੀ। ਹਰ ਮੁਲਾਕਾਤ ਦੇ ਅਖ਼ੀਰ ਵਿਚ ਅਸੀਂ ਅਗਲੀ ਮੁਲਾਕਾਤ ਦੀ ਤਾਰੀਖ਼ ਤੈਅ ਕਰਦੇ ਹਾਂ।”

a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ