ਜੀਵਨੀ
ਯਹੋਵਾਹ ਦੀ ਸੇਵਾ ਕਰਦਿਆਂ ਆਏ ਨਵੇਂ ਮੋੜ ਤੇ ਸਿੱਖੀਆਂ ਨਵੀਆਂ ਗੱਲਾਂ
ਛੋਟੇ ਹੁੰਦਿਆਂ ਜਦੋਂ ਵੀ ਮੈਂ ਹਵਾਈ ਜਹਾਜ਼ ਉੱਡਦਿਆਂ ਦੇਖਦਾ ਸੀ, ਤਾਂ ਮੈਂ ਚਾਹੁੰਦਾ ਸੀ ਕਿ ਮੈਂ ਵੀ ਜਹਾਜ਼ ਵਿਚ ਬੈਠ ਕੇ ਕਿਸੇ ਦੇਸ਼ ਵਿਚ ਜਾਵਾਂ। ਪਰ ਮੈਨੂੰ ਲੱਗਦਾ ਸੀ ਕਿ ਮੇਰਾ ਇਹ ਸੁਪਨਾ ਕਦੇ ਪੂਰਾ ਨਹੀਂ ਹੋਣਾ।
ਦੂਜੇ ਵਿਸ਼ਵ ਯੁੱਧ ਦੌਰਾਨ ਮੇਰੇ ਮਾਪੇ ਏਸਟੋਨੀਆ ਛੱਡ ਕੇ ਜਰਮਨੀ ਚਲੇ ਗਏ ਜਿੱਥੇ ਮੇਰਾ ਜਨਮ ਹੋਇਆ ਸੀ। ਇਸ ਤੋਂ ਬਾਅਦ ਉਹ ਉੱਥੋਂ ਕੈਨੇਡਾ ਜਾਣ ਦੀਆਂ ਤਿਆਰੀਆਂ ਕਰਨ ਲੱਗ ਪਏ। ਅਸੀਂ ਸਭ ਤੋਂ ਪਹਿਲਾਂ ਕੈਨੇਡਾ ਜਾ ਕੇ ਓਟਾਵਾ ਦੇ ਨੇੜੇ ਰਹਿਣ ਲੱਗ ਪਏ। ਅਸੀਂ ਇਕ ਛੋਟੀ ਜਿਹੀ ਬਿਲਡਿੰਗ ਵਿਚ ਰਹੇ ਜਿੱਥੇ ਮੁਰਗੀਆਂ ਵੀ ਸਨ। ਅਸੀਂ ਬਹੁਤ ਜ਼ਿਆਦਾ ਗ਼ਰੀਬ ਸੀ, ਪਰ ਫਿਰ ਵੀ ਸਾਨੂੰ ਨਾਸ਼ਤੇ ਵਿਚ ਘੱਟੋ-ਘੱਟ ਖਾਣ ਨੂੰ ਆਂਡੇ ਮਿਲ ਜਾਂਦੇ ਸਨ।
ਇਕ ਦਿਨ ਯਹੋਵਾਹ ਦੇ ਗਵਾਹਾਂ ਨੇ ਮੇਰੇ ਮੰਮੀ ਨੂੰ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹ ਕੇ ਸੁਣਾਇਆ। ਇਨ੍ਹਾਂ ਆਇਤਾਂ ਦੇ ਸ਼ਬਦਾਂ ਦਾ ਮੇਰੇ ਮੰਮੀ ʼਤੇ ਇੰਨਾ ਜ਼ਬਰਦਸਤ ਅਸਰ ਪਿਆ ਕਿ ਮੇਰੇ ਮੰਮੀ ਦੀਆਂ ਅੱਖਾਂ ਵਿਚ ਹੰਝੂ ਆ ਗਏ। ਫਿਰ ਮੇਰੇ ਮੰਮੀ-ਡੈਡੀ ਨੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਨੇ ਤਰੱਕੀ ਕਰ ਕੇ ਬਪਤਿਸਮਾ ਲੈ ਲਿਆ।
ਭਾਵੇਂ ਕਿ ਮੇਰੇ ਮਾਪਿਆਂ ਨੂੰ ਅੰਗ੍ਰੇਜ਼ੀ ਇੰਨੀ ਨਹੀਂ ਸੀ ਆਉਂਦੀ, ਫਿਰ ਵੀ ਉਹ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਸਨ। ਮੇਰੇ ਡੈਡੀ ਆਂਟੇਰੀਓ ਵਿਚ ਇਕ ਫੈਕਟਰੀ ਵਿਚ ਧਾਤ ਪਿਘਲਾਉਣ ਦਾ ਕੰਮ ਕਰਦੇ ਸਨ। ਉਹ ਸਾਰੀ-ਸਾਰੀ ਰਾਤ ਕੰਮ ਕਰਦੇ ਸਨ। ਪਰ ਫਿਰ ਵੀ ਉਹ ਹਰ ਸ਼ਨੀਵਾਰ ਮੈਨੂੰ ਤੇ ਮੇਰੀ ਛੋਟੀ ਭੈਣ ਸਿਲਵੀਆ ਨੂੰ ਪ੍ਰਚਾਰ ʼਤੇ ਲੈ ਕੇ ਜਾਂਦੇ ਸਨ। ਨਾਲੇ ਹਰ ਹਫ਼ਤੇ ਅਸੀਂ ਸਾਰੇ ਜਣੇ ਮਿਲ ਕੇ ਪਹਿਰਾਬੁਰਜ ਦਾ ਅਧਿਐਨ ਕਰਦੇ ਸੀ। ਮੇਰੇ ਮੰਮੀ ਤੇ ਡੈਡੀ ਨੇ ਮੇਰੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕਰ ਦਿੱਤਾ ਸੀ। ਇਸ ਕਰਕੇ ਮੈਂ 1956 ਵਿਚ ਦਸ ਸਾਲ ਦੀ ਉਮਰ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਜਦੋਂ ਵੀ ਮੈਂ ਸੋਚਦਾ ਸੀ ਕਿ ਮੇਰੇ ਮਾਪੇ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਸਨ, ਤਾਂ ਮੈਨੂੰ ਯਹੋਵਾਹ ਦੀ ਸੇਵਾ ਹੋਰ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲਦੀ ਸੀ।
ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਯਹੋਵਾਹ ਦੀ ਸੇਵਾ ਤੋਂ ਮੇਰਾ ਧਿਆਨ ਭਟਕ ਗਿਆ। ਮੈਂ ਸੋਚਿਆ ਕਿ ਜੇ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ, ਤਾਂ ਮੈ ਕਦੇ ਵੀ ਇੰਨੇ ਪੈਸੇ ਨਹੀਂ ਕਮਾ ਸਕਾਂਗੇ ਕਿ ਮੈਂ ਜਹਾਜ਼ ਵਿਚ ਬੈਠ ਕੇ ਪੂਰੀ ਦੁਨੀਆਂ ਦੇਖਣ ਦਾ ਆਪਣਾ ਸੁਪਨਾ ਪੂਰਾ ਕਰ ਸਕਾਂ। ਮੈਨੂੰ ਉੱਥੇ ਦੇ ਰੇਡੀਓ ਸਟੇਸ਼ਨ ਵਿਚ ਕੰਮ ਮਿਲ ਗਿਆ ਜਿੱਥੇ ਮੈਂ ਗਾਣੇ ਚਲਾਉਂਦਾ ਸੀ। ਮੈਨੂੰ ਇਹ ਕੰਮ ਬਹੁਤ ਪਸੰਦ ਸੀ। ਪਰ ਮੈਂ ਸ਼ਾਮ ਨੂੰ ਕੰਮ ਕਰਦਾ ਸੀ ਜਿਸ ਕਰਕੇ ਮੈਂ ਬਾਕਾਇਦਾ ਮੀਟਿੰਗਾਂ ਵਿਚ ਨਹੀਂ ਸੀ ਜਾ ਪਾਉਂਦਾ। ਨਾਲੇ ਮੈਂ ਉਨ੍ਹਾਂ ਲੋਕਾਂ ਨਾਲ ਸੰਗਤ ਕਰਨ ਲੱਗ ਪਿਆ ਜੋ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ ਸਨ। ਅਖ਼ੀਰ, ਬਾਈਬਲ ਦੁਆਰਾ ਸਿਖਲਾਈ ਜ਼ਮੀਰ ਕਰ ਕੇ ਮੈਂ ਆਪਣੇ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਹੋਇਆ।
ਫਿਰ ਮੈਂ ਉੱਥੋਂ ਆਂਟੇਰੀਓ ਦੇ ਓਸ਼ਾਵਾ ਸ਼ਹਿਰ ਚਲਾ ਗਿਆ। ਉੱਥੇ ਮੈਂ ਰੇਅ ਨੋਰਮਨ, ਉਸ ਦੀ ਛੋਟੀ ਭੈਣ ਲੈਸਲੀ ਅਤੇ ਹੋਰ ਪਾਇਨੀਅਰਾਂ ਨੂੰ ਮਿਲਿਆ। ਉਨ੍ਹਾਂ ਨੇ ਮੇਰਾ ਦਿਲੋਂ ਸੁਆਗਤ ਕੀਤਾ। ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਮੈਂ ਆਪਣੇ ਟੀਚਿਆਂ ਬਾਰੇ ਦੁਬਾਰਾ ਤੋਂ ਸੋਚਿਆ। ਉਨ੍ਹਾਂ ਨੇ ਮੈਨੂੰ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ। ਫਿਰ ਮੈਂ ਸਤੰਬਰ 1966 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ ਖ਼ੁਸ਼ ਸੀ ਅਤੇ ਮੇਰੀ ਜ਼ਿੰਦਗੀ ਵਿਚ ਸਾਰਾ ਕੁਝ ਵਧੀਆ ਚੱਲ ਰਿਹਾ ਸੀ। ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਉਣ ਵਾਲਾ ਹੈ।
ਜਦੋਂ ਯਹੋਵਾਹ ਸਾਨੂੰ ਕੁਝ ਕਰਨ ਨੂੰ ਕਹਿੰਦਾ ਹੈ, ਤਾਂ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ
ਹਾਈ ਸਕੂਲ ਵਿਚ ਹੁੰਦਿਆਂ ਮੈਂ ਕੈਨੇਡਾ ਦੇ ਬੈਥਲ ਵਿਚ ਸੇਵਾ ਕਰਨ ਲਈ ਫਾਰਮ ਭਰਿਆ ਸੀ। ਬਾਅਦ ਵਿਚ ਜਦੋਂ ਮੈਂ ਪਾਇਨੀਅਰਿੰਗ ਕਰ ਰਿਹਾ ਸੀ, ਉਦੋਂ ਮੈਨੂੰ ਚਾਰ ਸਾਲਾਂ ਲਈ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਪਰ ਮੈਂ ਲੈਸਲੀ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਮੈਨੂੰ ਡਰ ਸੀ ਕਿ ਜੇ ਮੈਂ ਇਹ ਸੱਦਾ ਕਬੂਲ ਕਰ ਲਿਆ, ਤਾਂ ਮੈਂ ਉਸ ਨੂੰ ਦੁਬਾਰਾ ਕਦੇ ਨਹੀਂ ਮਿਲ ਸਕਾਂਗੇ। ਇਸ ਲਈ ਮੈਂ ਵਾਰ-ਵਾਰ ਤੇ ਦਿਲੋਂ ਪ੍ਰਾਰਥਨਾ ਕਰਨ ਤੋਂ ਬਾਅਦ ਬੈਥਲ ਦਾ ਸੱਦਾ ਕਬੂਲ ਕਰ ਲਿਆ ਅਤੇ ਦੁਖੀ ਮਨ ਨਾਲ ਲੈਸਲੀ ਨੂੰ ਅਲਵਿਦਾ ਕਹਿ ਦਿੱਤੀ।
ਸ਼ੁਰੂ-ਸ਼ੁਰੂ ਵਿਚ ਮੈਂ ਬੈਥਲ ਦੀ ਲਾਂਡਰੀ ਵਿਚ ਕੰਮ ਕੀਤਾ ਅਤੇ ਫਿਰ ਸੈਕਟਰੀ ਵਜੋਂ। ਇਸ ਸਮੇਂ ਦੌਰਾਨ ਲੈਸਲੀ ਕਿਊਬੈੱਕ ਦੇ ਇਕ ਸ਼ਹਿਰ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਦੀ ਸੀ। ਮੈਂ ਅਕਸਰ ਸੋਚਦਾ ਸੀ ਕਿ ਉਹ ਕੀ ਕਰ ਰਹੀ ਹੋਣੀ ਅਤੇ ਮੈਂ ਸਹੀ ਫ਼ੈਸਲਾ ਕੀਤਾ ਵੀ ਹੈ ਜਾਂ ਨਹੀਂ। ਫਿਰ ਮੇਰੀ ਜ਼ਿੰਦਗੀ ਵਿਚ ਇਕ ਹੋਰ ਖ਼ੂਬਸੂਰਤ ਸਮਾਂ ਆਇਆ। ਲੈਸਲੀ ਦੇ ਭਰਾ ਨੂੰ ਬੈਥਲ ਆਉਣ ਦਾ ਸੱਦਾ ਮਿਲਿਆ। ਉਸ ਨੇ ਮੇਰੇ ਨਾਲ ਮੇਰੇ ਕਮਰੇ ਵਿਚ ਰਹਿਣਾ ਸੀ! ਇਸ ਕਰਕੇ ਮੈਂ ਦੁਬਾਰਾ ਤੋਂ ਲੈਸਲੀ ਨਾਲ ਗੱਲਬਾਤ ਕਰਨ ਲੱਗ ਪਿਆ। ਫਿਰ 27 ਫਰਵਰੀ 1971 ਮੇਰੀ ਬੈਥਲ ਸੇਵਾ ਦੇ ਆਖ਼ਰੀ ਦਿਨ ਸਾਡਾ ਵਿਆਹ ਹੋ ਗਿਆ।
1975 ਵਿਚ ਸਰਕਟ ਦਾ ਕੰਮ ਸ਼ੁਰੂ ਕੀਤਾ
ਮੈਨੂੰ ਤੇ ਲੈਸਲੀ ਨੂੰ ਕਿਊਬੈੱਕ ਵਿਚ ਫ਼੍ਰੈਂਚ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਕੁਝ ਸਾਲਾਂ ਬਾਅਦ ਜਦੋਂ ਮੈਂ ਸਿਰਫ਼ 28 ਸਾਲਾਂ ਦਾ ਸੀ, ਤਾਂ ਮੈਨੂੰ ਸਰਕਟ ਓਵਰਸੀਅਰ ਨਿਯੁਕਤ ਕੀਤਾ ਗਿਆ। ਇਹ ਜਾਣ ਕੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਲੱਗਾ ਕਿ ਮੈਂ ਤਾਂ ਅਜੇ ਬਹੁਤ ਛੋਟਾ ਹਾਂ ਤੇ ਮੈਨੂੰ ਜ਼ਿਆਦਾ ਤਜਰਬਾ ਵੀ ਨਹੀਂ ਹੈ। ਪਰ ਯਿਰਮਿਯਾਹ 1:7, 8 ਦੇ ਸ਼ਬਦਾਂ ਤੋਂ ਮੈਨੂੰ ਹੱਲਾਸ਼ੇਰੀ ਮਿਲੀ। ਜੇ ਲੈਸਲੀ ਦੀ ਗੱਲ ਕਰਾਂ, ਤਾਂ ਉਸ ਦਾ ਦੋ ਵਾਰ ਐਕਸੀਡੈਂਟ ਹੋਇਆ ਸੀ ਅਤੇ ਉਸ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਉਂਦੀ। ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਸਰਕਟ ਕੰਮ ਕਿਵੇਂ ਕਰ ਸਕਾਂਗੇ। ਪਰ ਲੈਸਲੀ ਨੇ ਮੈਨੂੰ ਕਿਹਾ: “ਜੇ ਯਹੋਵਾਹ ਸਾਨੂੰ ਕੁਝ ਕਰਨ ਨੂੰ ਕਹਿੰਦਾ ਹੈ, ਤਾਂ ਕੀ ਸਾਨੂੰ ਉਹ ਕਰਨਾ ਨਹੀਂ ਚਾਹੀਦਾ?” ਅਸੀਂ ਇਹ ਸੱਦਾ ਸਵੀਕਾਰ ਕਰ ਲਿਆ ਅਤੇ 17 ਸਾਲਾਂ ਤਕ ਖ਼ੁਸ਼ੀ-ਖ਼ੁਸ਼ੀ ਸਰਕਟ ਦਾ ਕੰਮ ਕੀਤਾ।
ਸਰਕਟ ਓਵਰਸੀਅਰ ਵਜੋਂ ਸੇਵਾ ਕਰਦਿਆਂ ਮੈਂ ਬਹੁਤ ਬਿਜ਼ੀ ਸੀ। ਇਸ ਲਈ ਮੈਂ ਹਮੇਸ਼ਾ ਲੈਸਲੀ ਨਾਲ ਜ਼ਿਆਦਾ ਸਮਾਂ ਨਹੀਂ ਸੀ ਬਿਤਾ ਪਾਉਂਦਾ। ਫਿਰ ਮੈਂ ਇਕ ਸਬਕ ਸਿੱਖਿਆ। ਇਕ ਦਿਨ ਸੋਮਵਾਰ ਸਵੇਰੇ ਸਾਡੇ ਘਰ ਦੀ ਘੰਟੀ ਵੱਜੀ। ਉੱਥੇ ਕੋਈ ਨਹੀਂ ਸੀ, ਬੱਸ ਇਕ ਟੋਕਰੀ ਪਈ ਸੀ ਜਿਸ ਵਿਚ ਇਕ ਚਾਦਰ, ਕੁਝ ਫਲ, ਚੀਜ਼, ਬਰੈਡ, ਇਕ ਵਾਈਨ ਦੀ ਬੋਤਲ ਅਤੇ ਇਕ ਬੇਨਾਮ ਨੋਟ ਸੀ ਜਿਸ ʼਤੇ ਲਿਖਿਆ ਸੀ, “ਆਪਣੀ ਪਤਨੀ ਨੂੰ ਪਿਕਨਿਕ ʼਤੇ ਲੈ ਕੇ ਜਾਓ।” ਉਸ ਦਿਨ ਬਹੁਤ ਸੋਹਣੀ ਧੁੱਪ ਨਿਕਲੀ ਸੀ। ਪਰ ਮੈਂ ਲੈਸਲੀ ਨੂੰ ਦੱਸਿਆ ਕਿ ਮੈਂ ਭਾਸ਼ਣ ਤਿਆਰ ਕਰਨੇ ਹਨ। ਇਸ ਲਈ ਆਪਾਂ ਤੋਂ ਜਾ ਨਹੀਂ ਹੋਣਾ। ਉਹ ਸਮਝ ਤਾਂ ਗਈ, ਪਰ ਥੋੜ੍ਹੀ ਉਦਾਸ ਹੋ ਗਈ। ਜਦੋਂ ਮੈਂ ਕੰਮ ਕਰਨ ਬੈਠਾ, ਤਾਂ ਮੈਨੂੰ ਲੱਗਾ ਕਿ ਮੈਂ ਠੀਕ ਨਹੀਂ ਕੀਤਾ। ਮੈਨੂੰ ਅਫ਼ਸੀਆਂ 5:25, 28 ਵਿਚ ਲਿਖੀ ਗੱਲ ਯਾਦ ਆਈ। ਮੈਂ ਸੋਚਿਆ ਕਿ ਇਸ ਆਇਤ ਮੁਤਾਬਕ ਯਹੋਵਾਹ ਮੇਰੇ ਤੋਂ ਕੀ ਚਾਹੁੰਦਾ ਹੈ, ਕੀ ਮੈਂ ਆਪਣੀ ਪਤਨੀ ਦੀਆਂ ਭਾਵਨਾਵਾਂ ਦਾ ਧਿਆਨ ਰੱਖ ਰਿਹਾ ਹਾਂ। ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਲੈਸਲੀ ਨੂੰ ਕਿਹਾ, “ਚੱਲ ਆਪਾਂ ਚੱਲੀਏ।” ਇਹ ਸੁਣ ਕੇ ਉਹ ਖ਼ੁਸ਼ ਹੋ ਗਈ। ਅਸੀਂ ਨਦੀ ਕਿਨਾਰੇ ਇਕ ਸੋਹਣੀ ਜਗ੍ਹਾ ʼਤੇ ਗਏ, ਚਾਦਰ ਵਿਛਾਈ ਅਤੇ ਅਸੀਂ ਇਕ-ਦੂਜੇ ਨਾਲ ਬਹੁਤ ਵਧੀਆ ਸਮਾਂ ਬਿਤਾਇਆ। ਨਾਲੇ ਮੈਂ ਆਪਣੇ ਭਾਸ਼ਣ ਵੀ ਤਿਆਰ ਕਰ ਸਕਿਆ।
ਮੈਂ ਬ੍ਰਿਟਿਸ਼ ਕੋਲੰਬੀਆ ਤੋਂ ਨਿਊਫਾਊਂਡਲੈਂਡ ਤਕ ਸਰਕਟ ਦਾ ਕੰਮ ਕੀਤਾ। ਮੈਂ ਇੱਥੇ ਸੇਵਾ ਕਰ ਕੇ ਬਹੁਤ ਖ਼ੁਸ਼ ਸੀ। ਮੈਨੂੰ ਅਹਿਸਾਸ ਹੋਇਆ ਕਿ ਛੋਟੇ ਹੁੰਦਿਆਂ ਮੇਰਾ ਅਲੱਗ-ਅਲੱਗ ਥਾਵਾਂ ʼਤੇ ਜਾਣ ਦਾ ਜੋ ਸੁਪਨਾ ਸੀ, ਉਹ ਹੁਣ ਪੂਰਾ ਹੋ ਰਿਹਾ ਸੀ। ਮੈਂ ਗਿਲਿਅਡ ਸਕੂਲ ਜਾਣ ਬਾਰੇ ਸੋਚਿਆ ਤਾਂ ਸੀ, ਪਰ ਕਿਸੇ ਹੋਰ ਦੇਸ਼ ਜਾ ਕੇ ਮਿਸ਼ਨਰੀ ਸੇਵਾ ਕਰਨ ਦੀ ਮੇਰੀ ਕੋਈ ਇੱਛਾ ਨਹੀਂ ਸੀ। ਮੈਂ ਸੋਚਦਾ ਸੀ ਕਿ ਮਿਸ਼ਨਰੀ ਸੇਵਾ ਤਾਂ ਖ਼ਾਸ ਲੋਕ ਹੀ ਕਰ ਸਕਦੇ ਹਨ ਤੇ ਮੈਨੂੰ ਲੱਗਦਾ ਸੀ ਕਿ ਮੈਂ ਇਸ ਦੇ ਕਾਬਲ ਨਹੀਂ ਹਾਂ। ਨਾਲੇ ਮੈਨੂੰ ਇਹ ਵੀ ਡਰ ਸੀ ਕਿ ਕਿਤੇ ਸਾਨੂੰ ਅਫ਼ਰੀਕਾ ਨਾ ਭੇਜ ਦੇਣ ਜਿੱਥੇ ਬੀਮਾਰੀਆਂ ਫੈਲੀਆਂ ਹੋਈਆਂ ਸਨ ਤੇ ਯੁੱਧ ਚੱਲ ਰਹੇ ਸਨ। ਮੈਂ ਕੈਨੇਡਾ ਵਿਚ ਹੀ ਖ਼ੁਸ਼ ਸੀ।
ਏਸਟੋਨੀਆ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਜਾਣ ਦਾ ਸੱਦਾ
ਏਸਟੋਨੀਆ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਸਫ਼ਰ ਕਰਦਿਆਂ
1992 ਵਿਚ ਯਹੋਵਾਹ ਦੇ ਗਵਾਹ ਦੁਬਾਰਾ ਤੋਂ ਉਨ੍ਹਾਂ ਕੁਝ ਦੇਸ਼ਾਂ ਵਿਚ ਪ੍ਰਚਾਰ ਕਰਨ ਲੱਗ ਪਏ ਜੋ ਪਹਿਲਾਂ ਸੋਵੀਅਤ ਸੰਘ ਦਾ ਹਿੱਸਾ ਸਨ। ਭਰਾਵਾਂ ਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਏਸਟੋਨੀਆ ਵਿਚ ਜਾ ਕੇ ਮਿਸ਼ਨਰੀਆਂ ਵਜੋਂ ਸੇਵਾ ਕਰਨੀ ਚਾਹਾਂਗੇ। ਇਹ ਸੁਣ ਕੇ ਅਸੀਂ ਹੈਰਾਨ ਰਹਿ ਗਏ, ਪਰ ਅਸੀਂ ਇਸ ਬਾਰੇ ਪ੍ਰਾਰਥਨਾ ਕੀਤੀ। ਅਸੀਂ ਦੁਬਾਰਾ ਤੋਂ ਇਸ ਬਾਰੇ ਸੋਚਿਆ, ‘ਜੇ ਯਹੋਵਾਹ ਸਾਨੂੰ ਕੁਝ ਕਰਨ ਨੂੰ ਕਹਿੰਦਾ ਹੈ, ਤਾਂ ਕੀ ਸਾਨੂੰ ਉਹ ਕਰਨਾ ਨਹੀਂ ਚਾਹੀਦਾ?’ ਅਸੀਂ ਇਹ ਸੱਦਾ ਸਵੀਕਾਰ ਕਰ ਲਿਆ ਤੇ ਸੋਚਿਆ, ‘ਚੱਲ ਅਸੀਂ ਕਿਹੜਾ ਅਫ਼ਰੀਕਾ ਚੱਲੇ ਹਾਂ।’
ਅਸੀਂ ਤੁਰੰਤ ਇਸਟੋਨੀਅਨ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਏਸਟੋਨੀਆ ਵਿਚ ਹੁੰਦਿਆਂ ਹਾਲੇ ਸਾਨੂੰ ਦੋ ਮਹੀਨੇ ਹੀ ਹੋਏ ਸਨ ਕਿ ਸਾਨੂੰ ਸਰਕਟ ਦਾ ਕੰਮ ਕਰਨ ਲਈ ਕਿਹਾ ਗਿਆ। ਅਸੀਂ ਏਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ਅਤੇ ਕਾਲਿਨਿਨਗ੍ਰਾਦ ਵੀ ਜਾਣਾ ਸੀ ਜੋ ਰੂਸ ਦਾ ਹਿੱਸਾ ਸੀ। ਅਸੀਂ ਇਨ੍ਹਾਂ ਇਲਾਕਿਆਂ ਵਿਚ ਲਗਭਗ 46 ਮੰਡਲੀਆਂ ਤੇ ਗਰੁੱਪਾਂ ਦਾ ਦੌਰਾ ਕਰਨਾ ਸੀ। ਇਸ ਦਾ ਮਤਲਬ ਸੀ ਕਿ ਸਾਨੂੰ ਥੋੜ੍ਹੀ-ਬਹੁਤੀ ਲੈਟਵੀਅਨ, ਲਿਥੂਨੀ ਅਤੇ ਰੂਸੀ ਭਾਸ਼ਾ ਸਿੱਖਣੀ ਪੈਣੀ ਸੀ। ਇੱਦਾਂ ਕਰਨਾ ਬੜਾ ਔਖਾ ਸੀ। ਪਰ ਉੱਥੇ ਦੇ ਭੈਣ-ਭਰਾ ਸਾਡੀਆਂ ਕੋਸ਼ਿਸ਼ਾਂ ਦੇਖ ਕੇ ਖ਼ੁਸ਼ ਸਨ ਅਤੇ ਉਨ੍ਹਾਂ ਨੇ ਸਾਡੀ ਮਦਦ ਕੀਤੀ। 1999 ਵਿਚ ਏਸਟੋਨੀਆ ਵਿਚ ਇਕ ਬ੍ਰਾਂਚ ਆਫ਼ਿਸ ਬਣਾਇਆ ਗਿਆ। ਮੈਨੂੰ ਉੱਥੇ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਮੇਰੇ ਨਾਲ ਬ੍ਰਾਂਚ ਕਮੇਟੀ ਵਿਚ ਟੌਮਾਸ ਏਦੂਰ, ਲੈਂਬਿਟ ਰਾਇਲੇ ਅਤੇ ਟੌਮੀ ਕਾਓਕੇ ਵੀ ਸਨ।
ਖੱਬੇ: ਲਿਥੁਆਨੀਆ ਵਿਚ ਇਕ ਸੰਮੇਲਨ ਵਿਚ ਭਾਸ਼ਣ ਦਿੰਦੇ ਵੇਲੇ
ਸੱਜੇ: 1999 ਵਿਚ ਏਸਟੋਨੀਆ ਦੀ ਬ੍ਰਾਂਚ ਕਮੇਟੀ ਜਦੋਂ ਉੱਥੇ ਬ੍ਰਾਂਚ ਆਫ਼ਿਸ ਬਣਿਆ ਸੀ
ਸਾਨੂੰ ਅਜਿਹੇ ਕਈ ਭੈਣਾਂ-ਭਰਾਵਾਂ ਨੂੰ ਜਾਣਨ ਦਾ ਮੌਕਾ ਮਿਲਿਆ ਜੋ ਸਾਇਬੇਰੀਆ ਤੋਂ ਸਜ਼ਾ ਕੱਟ ਕੇ ਆਏ ਸਨ। ਜੇਲ੍ਹ ਵਿਚ ਹੁੰਦਿਆਂ ਉਨ੍ਹਾਂ ʼਤੇ ਬਹੁਤ ਜ਼ੁਲਮ ਕੀਤੇ ਗਏ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਰੱਖਿਆ ਗਿਆ। ਇਸ ਸਭ ਦੇ ਬਾਵਜੂਦ ਵੀ ਉਹ ਨਾ ਤਾਂ ਨਿਰਾਸ਼ ਹੋਏ ਤੇ ਨਾ ਹੀ ਉਨ੍ਹਾਂ ਨੇ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ੀ। ਉਹ ਖ਼ੁਸ਼ ਰਹੇ ਅਤੇ ਉਨ੍ਹਾਂ ਨੇ ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਿਆ। ਉਨ੍ਹਾਂ ਤੋਂ ਅਸੀਂ ਸਿੱਖਿਆ ਕਿ ਅਸੀਂ ਵੀ ਔਖੇ ਹਾਲਾਤਾਂ ਨੂੰ ਸਹਿ ਸਕਦੇ ਹਾਂ ਅਤੇ ਖ਼ੁਸ਼ ਰਹਿ ਸਕਦੇ ਹਾਂ।
ਅਸੀਂ ਕੰਮ ਵਿਚ ਬਹੁਤ ਬਿਜ਼ੀ ਰਹਿੰਦੇ ਸੀ ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਦਿਨ ਸਾਲਾਂ ਵਿਚ ਕਿਵੇਂ ਬਦਲ ਗਏ। ਨਾਲੇ ਸਾਨੂੰ ਆਰਾਮ ਕਰਨ ਦਾ ਵੀ ਜ਼ਿਆਦਾ ਸਮਾਂ ਨਹੀਂ ਸੀ ਮਿਲਦਾ। ਕੁਝ ਸਮੇਂ ਬਾਅਦ ਲੈਸਲੀ ਬਹੁਤ ਜ਼ਿਆਦਾ ਥੱਕੀ-ਥੱਕੀ ਰਹਿਣ ਲੱਗ ਪਈ। ਪਹਿਲਾਂ-ਪਹਿਲ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਇੱਦਾਂ ਕਿਉਂ ਮਹਿਸੂਸ ਕਰ ਰਹੀ ਸੀ। ਪਰ ਫਿਰ ਸਾਨੂੰ ਪਤਾ ਲੱਗਾ ਕਿ ਉਸ ਨੂੰ ਫਾਇਬ੍ਰੋਮਾਇਲਜੀਆ ਨਾਂ ਦੀ ਇਕ ਬੀਮਾਰੀ ਸੀ ਜਿਸ ਕਰਕੇ ਉਸ ਦਾ ਸਰੀਰ ਥੱਕਿਆ-ਟੁੱਟਿਆ ਰਹਿੰਦਾ ਸੀ। ਅਸੀਂ ਕੈਨੇਡਾ ਵਾਪਸ ਜਾਣ ਦਾ ਪੱਕਾ ਮਨ ਬਣਾ ਲਿਆ ਸੀ। ਪਰ ਉਦੋਂ ਹੀ ਸਾਨੂੰ ਅਮਰੀਕਾ ਦੇ ਪੈਟਰਸਨ ਨਿਊਯਾਰਕ ਵਿਚ ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਮੈਨੂੰ ਨਹੀਂ ਲੱਗਦਾ ਸੀ ਕਿ ਅਸੀਂ ਇਸ ਸਕੂਲ ਵਿਚ ਜਾ ਸਕਾਂਗੇ। ਪਰ ਦਿਲੋਂ ਬੇਨਤੀਆਂ ਕਰਨ ਤੋਂ ਬਾਅਦ ਅਸੀਂ ਇਹ ਸੱਦਾ ਕਬੂਲ ਕਰ ਲਿਆ। ਯਹੋਵਾਹ ਨੇ ਸਾਡੇ ਇਸ ਫ਼ੈਸਲੇ ʼਤੇ ਬਰਕਤ ਪਾਈ। ਨਿਊਯਾਰਕ ਵਿਚ ਹੁੰਦਿਆਂ ਲੈਸਲੀ ਦਾ ਵਧੀਆ ਇਲਾਜ ਹੋਇਆ। ਨਤੀਜੇ ਵਜੋਂ, ਅਸੀਂ ਏਸਟੋਨੀਆ ਵਾਪਸ ਆ ਕੇ ਆਪਣੀ ਸੇਵਾ ਜਾਰੀ ਰੱਖ ਸਕੇ।
ਫਿਰ ਇਕ ਨਵਾਂ ਮੋੜ—ਇਕ ਨਵਾਂ ਮਹਾਂਦੀਪ
ਜਦੋਂ ਅਸੀਂ 2008 ਵਿਚ ਏਸਟੋਨੀਆ ਵਿਚ ਸੀ, ਤਾਂ ਇਕ ਸ਼ਾਮ ਮੈਨੂੰ ਹੈੱਡਕੁਆਰਟਰ ਤੋਂ ਫ਼ੋਨ ਆਇਆ। ਉਨ੍ਹਾਂ ਨੇ ਮੈਨੂੰ ਪੁੱਛਿਆ, ‘ਕੀ ਤੁਸੀਂ ਕਾਂਗੋ ਵਿਚ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ?’ ਮੈਂ ਬਹੁਤ ਹੈਰਾਨ ਹੋਇਆ। ਸਾਡੇ ਕੋਲ ਸੋਚਣ ਲਈ ਵੀ ਜ਼ਿਆਦਾ ਸਮਾਂ ਨਹੀਂ ਸੀ ਕਿਉਂਕਿ ਅਸੀਂ ਅਗਲੇ ਦਿਨ ਹੀ ਇਸ ਦਾ ਜਵਾਬ ਦੇਣਾ ਸੀ। ਉਸ ਰਾਤ ਮੈਂ ਲੈਸਲੀ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਕਿਉਂਕਿ ਮੈਨੂੰ ਡਰ ਸੀ ਕਿ ਇਹ ਜਾਣ ਕੇ ਉਸ ਨੂੰ ਨੀਂਦ ਨਹੀਂ ਆਉਣੀ। ਉਹ ਸੌਂ ਗਈ, ਪਰ ਮੈਂ ਸਾਰੀ ਰਾਤ ਜਾਗਦਾ ਰਿਹਾ। ਅਫ਼ਰੀਕਾ ਜਾਣ ਬਾਰੇ ਜੋ ਮੈਨੂੰ ਡਰ ਸੀ, ਉਸ ਬਾਰੇ ਮੈਂ ਸਾਰੀ ਰਾਤ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ।
ਅਗਲੇ ਦਿਨ ਜਦੋਂ ਮੈਂ ਇਸ ਬਾਰੇ ਲੈਸਲੀ ਨੂੰ ਦੱਸਿਆ, ਤਾਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ “ਯਹੋਵਾਹ ਸਾਨੂੰ ਅਫ਼ਰੀਕਾ ਜਾਣ ਦਾ ਸੱਦਾ ਦੇ ਰਿਹਾ ਹੈ। ਜਦ ਤਕ ਅਸੀਂ ਉੱਥੇ ਜਾਂਦੇ ਨਹੀਂ, ਤਦ ਤਕ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਅਸੀਂ ਉੱਥੇ ਖ਼ੁਸ਼ੀ-ਖ਼ੁਸ਼ੀ ਸੇਵਾ ਕਰ ਪਾਵਾਂਗੇ ਜਾਂ ਨਹੀਂ।” ਇਸ ਲਈ 16 ਸਾਲ ਏਸਟੋਨੀਆ ਵਿਚ ਸੇਵਾ ਕਰਨ ਤੋਂ ਬਾਅਦ ਅਸੀਂ ਹਵਾਈ ਜਹਾਜ਼ ਰਾਹੀਂ ਕਿੰਸ਼ਾਸਾ ਕਾਂਗੋ ਆ ਗਏ। ਇੱਥੇ ਦੇ ਬ੍ਰਾਂਚ ਆਫ਼ਿਸ ਵਿਚ ਇਕ ਬਹੁਤ ਹੀ ਸੋਹਣਾ ਬਾਗ਼ ਸੀ ਅਤੇ ਇੱਥੇ ਬੜਾ ਹੀ ਸ਼ਾਂਤੀ ਭਰਿਆ ਮਾਹੌਲ ਸੀ। ਲੈਸਲੀ ਨੇ ਕਮਰੇ ਵਿਚ ਪਹੁੰਚ ਕੇ ਸਭ ਤੋਂ ਪਹਿਲਾਂ ਇਕ ਕਾਰਡ ਕੱਢ ਕੇ ਬਾਹਰ ਰੱਖਿਆ। ਇਹ ਕਾਰਡ ਉਸ ਕੋਲ ਉਦੋਂ ਤੋਂ ਸੀ ਜਦੋਂ ਅਸੀਂ ਕੈਨੇਡਾ ਛੱਡਿਆ ਸੀ। ਇਸ ਕਾਰਡ ʼਤੇ ਲਿਖਿਆ ਸੀ, “ਜਿੱਥੇ ਵੀ ਤੁਹਾਨੂੰ ਬੀਜਿਆ ਜਾਵੇ ਉੱਥੇ ਖਿੜਦੇ ਰਹੋ” ਯਾਨੀ ਤੁਸੀਂ ਜਿੱਥੇ ਵੀ ਜਾਓ, ਉੱਥੇ ਖ਼ੁਸ਼ ਰਹੋ। ਜਦੋਂ ਅਸੀਂ ਉੱਥੇ ਦੇ ਭੈਣਾਂ-ਭਰਾਵਾਂ ਨੂੰ ਮਿਲੇ, ਬਾਈਬਲ ਸਟੱਡੀਆਂ ਕਰਾਈਆਂ ਅਤੇ ਮਿਸ਼ਨਰੀਆਂ ਵਜੋਂ ਸੇਵਾ ਕੀਤੀ, ਤਾਂ ਸਾਨੂੰ ਅਲੱਗ ਤਰ੍ਹਾਂ ਦੀ ਖ਼ੁਸ਼ੀ ਮਿਲੀ। ਸਮੇਂ ਦੇ ਬੀਤਣ ਨਾਲ, ਸਾਨੂੰ ਅਫ਼ਰੀਕਾ ਦੇ ਕੁਝ 13 ਦੇਸ਼ਾਂ ਦੀਆਂ ਬ੍ਰਾਂਚਾਂ ਦਾ ਦੌਰਾ ਕਰਨ ਦਾ ਸਨਮਾਨ ਮਿਲਿਆ। ਇਸ ਕਰਕੇ ਅਸੀਂ ਉੱਥੋਂ ਦੇ ਵੱਖੋ-ਵੱਖਰੇ ਲੋਕਾਂ ਅਤੇ ਉਨ੍ਹਾਂ ਦੇ ਰਹਿਣ-ਸਹਿਣ ਤੇ ਸਭਿਆਚਾਰਾਂ ਬਾਰੇ ਜਾਣ ਸਕੇ। ਪਹਿਲਾਂ ਮੈਂ ਅਫ਼ਰੀਕਾ ਨੂੰ ਲੈ ਕੇ ਜਿਨ੍ਹਾਂ ਗੱਲਾਂ ਤੋਂ ਡਰਦਾ ਸੀ, ਉਹ ਡਰ ਹੁਣ ਖ਼ਤਮ ਹੋ ਚੁੱਕਾ ਸੀ। ਹੁਣ ਅਸੀਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਅਫ਼ਰੀਕਾ ਵਿਚ ਸੇਵਾ ਕਰਨ ਲਈ ਭੇਜਿਆ।
ਕਾਂਗੋ ਵਿਚ ਭੈਣ-ਭਰਾ ਕੀੜੇ-ਮਕੌੜੇ ਵੀ ਖਾਂਦੇ ਸਨ ਤੇ ਉਨ੍ਹਾਂ ਨੇ ਸਾਨੂੰ ਵੀ ਇਹ ਖਾਣ ਨੂੰ ਦਿੱਤੇ। ਮੈਨੂੰ ਲੱਗਦਾ ਸੀ ਕਿ ਅਸੀਂ ਨਹੀਂ ਇਹ ਖਾ ਸਕਾਂਗੇ। ਪਰ ਜਦੋਂ ਅਸੀਂ ਦੇਖਿਆ ਕਿ ਉੱਥੇ ਦੇ ਭੈਣ-ਭਰਾ ਬੜੇ ਮਜ਼ੇ ਨਾਲ ਇਹ ਖਾ ਰਹੇ ਸਨ, ਤਾਂ ਅਸੀਂ ਵੀ ਇਨ੍ਹਾਂ ਨੂੰ ਖਾਧਾ ਅਤੇ ਸਾਨੂੰ ਵੀ ਮਜ਼ਾ ਆਇਆ।
ਕਾਂਗੋ ਦੇ ਪੂਰਬੀ ਹਿੱਸਿਆਂ ਵਿਚ ਲੁਟੇਰੇ ਪਿੰਡਾਂ ʼਤੇ ਹਮਲਾ ਕਰਦੇ ਸਨ ਅਤੇ ਔਰਤਾਂ ਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਸਨ। ਅਸੀਂ ਉੱਥੇ ਜਾ ਕੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਚੀਜ਼ਾਂ ਦਿੱਤੀਆਂ। ਇੱਥੇ ਦੇ ਜ਼ਿਆਦਾਤਰ ਭੈਣਾਂ-ਭਰਾਵਾਂ ਕੋਲ ਬਹੁਤੀਆਂ ਚੀਜ਼ਾਂ ਨਹੀਂ ਸਨ। ਫਿਰ ਵੀ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਸਨ, ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਸਨ ਅਤੇ ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਹ ਸਭ ਦੇਖ ਕੇ ਸਾਨੂੰ ਬੜਾ ਹੌਸਲਾ ਮਿਲਿਆ। ਉਨ੍ਹਾਂ ਦੀ ਮਿਸਾਲ ਦੇਖ ਕੇ ਅਸੀਂ ਵੀ ਸੋਚਣ ਲਈ ਮਜਬੂਰ ਹੋਏ ਕਿ ਅਸੀਂ ਯਹੋਵਾਹ ਦੀ ਸੇਵਾ ਕਿਉਂ ਕਰਦੇ ਹਾਂ ਅਤੇ ਸਾਨੂੰ ਉਸ ʼਤੇ ਆਪਣੀ ਨਿਹਚਾ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਕੁਝ ਭੈਣ-ਭਰਾ ਬੇਘਰ ਸਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ। ਇਸ ਤੋਂ ਸਾਨੂੰ ਪਤਾ ਲੱਗਾ ਕਿ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ, ਪਰ ਯਹੋਵਾਹ ਨਾਲ ਸਾਡਾ ਰਿਸ਼ਤਾ ਸਭ ਤੋਂ ਅਹਿਮ ਹੈ। ਇਨ੍ਹਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਇਹ ਭੈਣ-ਭਰਾ ਸ਼ਿਕਾਇਤ ਨਹੀਂ ਕਰਦੇ ਸਨ। ਉਨ੍ਹਾਂ ਦੇ ਇਸ ਨਜ਼ਰੀਏ ਨੂੰ ਦੇਖ ਕੇ ਸਾਨੂੰ ਹੱਲਾਸ਼ੇਰੀ ਮਿਲੀ ਕਿ ਅਸੀਂ ਦਲੇਰੀ ਨਾਲ ਆਪਣੀਆਂ ਮੁਸ਼ਕਲਾਂ ਅਤੇ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰੀਏ।
ਖੱਬੇ: ਕੁਝ ਸ਼ਰਨਾਰਥੀਆਂ ਸਾਮ੍ਹਣੇ ਭਾਸ਼ਣ ਦਿੰਦੇ ਵੇਲੇ
ਸੱਜੇ: ਕਾਂਗੋ ਦੇ ਡੰਗੂ ਵਿਚ ਰਾਹਤ ਦਾ ਸਮਾਨ ਤੇ ਦਵਾਈਆਂ ਲਿਜਾਂਦੇ ਹੋਏ
ਏਸ਼ੀਆ ਜਾਣ ਦਾ ਸੱਦਾ
ਸਾਡੀ ਜ਼ਿੰਦਗੀ ਵਿਚ ਇਕ ਹੋਰ ਨਵਾਂ ਮੋੜ ਆਇਆ। ਸਾਨੂੰ ਹਾਂਗ ਕਾਂਗ ਦੀ ਬ੍ਰਾਂਚ ਵਿਚ ਜਾਣ ਦਾ ਸੱਦਾ ਮਿਲਿਆ। ਸਾਡੇ ਮਨ ਵਿਚ ਵੀ ਨਹੀਂ ਆਇਆ ਸੀ ਕਿ ਅਸੀਂ ਏਸ਼ੀਆ ਜਾ ਕੇ ਸੇਵਾ ਕਰਾਂਗੇ। ਸਾਨੂੰ ਨਹੀਂ ਪਤਾ ਸੀ ਕਿ ਸਾਡੇ ਨਾਲ ਉੱਥੇ ਕੀ ਹੋਣਾ। ਪਰ ਬੀਤੇ ਸਾਲਾਂ ਦੌਰਾਨ ਅਸੀਂ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਨੇ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਸਾਡੀ ਮਦਦ ਕਿਵੇਂ ਕੀਤੀ ਸੀ। ਇਸ ਲਈ ਅਸੀਂ ਇਸ ਸੱਦੇ ਨੂੰ ਵੀ ਕਬੂਲ ਕਰ ਲਿਆ। 2013 ਵਿਚ ਅਸੀਂ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਪਿਆਰੇ ਦੋਸਤਾਂ ਅਤੇ ਸੋਹਣੇ ਅਫ਼ਰੀਕਾ ਨੂੰ ਅਲਵਿਦਾ ਕਹਿ ਦਿੱਤੀ।
ਹਾਂਗ ਕਾਂਗ ਭੀੜ-ਭੜੱਕੇ ਵਾਲਾ ਸ਼ਹਿਰ ਹੈ ਅਤੇ ਇੱਥੇ ਦੁਨੀਆਂ ਭਰ ਤੋਂ ਲੋਕ ਆ ਕੇ ਰਹਿੰਦੇ ਹਨ। ਇੱਥੇ ਦੇ ਜ਼ਿਆਦਾਤਰ ਲੋਕ ਚੀਨੀ ਭਾਸ਼ਾ ਬੋਲਦੇ ਹਨ ਤੇ ਸਾਡੇ ਲਈ ਇਹ ਭਾਸ਼ਾ ਸਿੱਖਣੀ ਬਹੁਤ ਔਖੀ ਸੀ। ਸਾਡੇ ਲਈ ਸਾਰਾ ਕੁਝ ਬਹੁਤ ਨਵਾਂ ਸੀ। ਫਿਰ ਵੀ ਭਰਾਵਾਂ ਨੇ ਸਾਡਾ ਪਿਆਰ ਨਾਲ ਸੁਆਗਤ ਕੀਤਾ ਅਤੇ ਸਾਨੂੰ ਉੱਥੇ ਦਾ ਖਾਣਾ ਬਹੁਤ ਪਸੰਦ ਆਇਆ। ਬ੍ਰਾਂਚ ਆਫ਼ਿਸ ਵਿਚ ਕੰਮ ਤੇਜ਼ੀ ਨਾਲ ਵਧਦਾ ਜਾ ਰਿਹਾ ਸੀ। ਪਰ ਉਸ ਸਮੇਂ ਹਾਂਗ ਕਾਂਗ ਵਿਚ ਜ਼ਮੀਨਾਂ ਦੇ ਭਾਅ ਆਸਮਾਨ ਛੂਹ ਰਹੇ ਸਨ। ਇਸ ਲਈ ਪ੍ਰਬੰਧਕ ਸਭਾ ਨੇ ਸਮਝਦਾਰੀ ਨਾਲ ਫ਼ੈਸਲਾ ਲਿਆ ਕਿ ਬ੍ਰਾਂਚ ਆਫ਼ਿਸ ਦੀਆਂ ਜ਼ਿਆਦਾਤਰ ਇਮਾਰਤਾਂ ਨੂੰ ਵੇਚ ਦਿੱਤਾ ਜਾਵੇ। ਕੁਝ ਸਮੇਂ ਬਾਅਦ 2015 ਵਿਚ ਅਸੀਂ ਦੱਖਣੀ ਕੋਰੀਆ ਚਲੇ ਗਏ ਅਤੇ ਅਸੀਂ ਹੁਣ ਵੀ ਇੱਥੇ ਹੀ ਸੇਵਾ ਕਰ ਰਹੇ ਹਾਂ। ਇੱਥੇ ਵੀ ਸਾਨੂੰ ਇਕ ਔਖੀ ਭਾਸ਼ਾ ਸਿੱਖਣੀ ਪਈ। ਉਹ ਸੀ, ਕੋਰੀਆਈ ਭਾਸ਼ਾ। ਅਸੀਂ ਅਜੇ ਵੀ ਇਹ ਭਾਸ਼ਾ ਇੰਨੇ ਵਧੀਆ ਢੰਗ ਨਾਲ ਨਹੀਂ ਬੋਲ ਸਕਦੇ। ਪਰ ਜਦੋਂ ਇੱਥੇ ਦੇ ਭੈਣ-ਭਰਾ ਸਾਡਾ ਹੌਸਲਾ ਵਧਾਉਂਦੇ ਹਨ ਕਿ ਅਸੀਂ ਹੌਲੀ-ਹੌਲੀ ਹੋਰ ਸਿੱਖਦੇ ਜਾ ਰਹੇ ਹਾਂ, ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ।
ਖੱਬੇ: ਹਾਂਗ ਕਾਂਗ ਵਿਚ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ
ਸੱਜੇ: ਕੋਰੀਆ ਦਾ ਬ੍ਰਾਂਚ ਆਫ਼ਿਸ
ਯਹੋਵਾਹ ਦੀ ਸੇਵਾ ਕਰਦਿਆਂ ਸਿੱਖੀਆਂ ਨਵੀਆਂ ਗੱਲਾਂ
ਦੋਸਤ ਬਣਾਉਣੇ ਹਮੇਸ਼ਾ ਸੌਖੇ ਨਹੀਂ ਹੁੰਦੇ। ਪਰ ਦੂਜਿਆਂ ਦੀ ਪਰਾਹੁਣਚਾਰੀ ਕਰਨ ਵਿਚ ਪਹਿਲ ਕਰਕੇ ਅਸੀਂ ਉਨ੍ਹਾਂ ਨੂੰ ਛੇਤੀ ਹੀ ਜਾਣ ਪਾਉਂਦੇ ਹਾਂ। ਅਸੀਂ ਇਹ ਦੇਖਿਆ ਹੈ ਕਿ ਸਾਡੇ ਭੈਣ-ਭਰਾ ਸਾਡੇ ਵਰਗੇ ਹੀ ਹਨ। ਯਹੋਵਾਹ ਨੇ ਸਾਨੂੰ ਇੰਨੇ ਵਧੀਆ ਢੰਗ ਨਾਲ ਬਣਾਇਆ ਹੈ ਕਿ ਅਸੀਂ ਬਹੁਤ ਸਾਰੇ ਦੋਸਤ ਬਣਾ ਸਕਦੇ ਹਾਂ ਅਤੇ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ।—2 ਕੁਰਿੰ. 6:11.
ਅਸੀਂ ਦੇਖਿਆ ਹੈ ਕਿ ਸਾਨੂੰ ਲੋਕਾਂ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ। ਨਾਲੇ ਦੇਖਣਾ ਚਾਹੀਦਾ ਹੈ ਯਹੋਵਾਹ ਸਾਨੂੰ ਕਿੱਦਾਂ ਪਿਆਰ ਦਿਖਾਉਂਦਾ ਅਤੇ ਸੇਧ ਦਿੰਦਾ ਹੈ। ਜਦੋਂ ਵੀ ਅਸੀਂ ਨਿਰਾਸ਼ ਮਹਿਸੂਸ ਕਰਦੇ ਸੀ ਜਾਂ ਫਿਰ ਸੋਚਦੇ ਸੀ, ਕੀ ਦੂਜੇ ਸਾਨੂੰ ਪਸੰਦ ਕਰਦੇ ਸਨ, ਤਾਂ ਅਸੀਂ ਉਹ ਕਾਰਡ ਜਾਂ ਚਿੱਠੀਆਂ ਪੜ੍ਹਦੇ ਸੀ ਜੋ ਸਾਡੇ ਦੋਸਤਾਂ ਨੇ ਸਾਨੂੰ ਲਿਖੀਆਂ ਸਨ। ਉਹ ਪੜ੍ਹ ਕੇ ਸਾਡਾ ਹੌਸਲਾ ਵਧ ਜਾਂਦਾ ਸੀ। ਅਸੀਂ ਮਹਿਸੂਸ ਕੀਤਾ ਕਿ ਯਹੋਵਾਹ ਨੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਸਾਨੂੰ ਹਿੰਮਤ ਦਿੱਤੀ ਤੇ ਸਾਡਾ ਹੌਸਲਾ ਵਧਾਇਆ।
ਸਾਲਾਂ ਦੌਰਾਨ ਮੈਂ ਤੇ ਲੈਸਲੀ ਨੇ ਸਿੱਖਿਆ ਕਿ ਚਾਹੇ ਅਸੀਂ ਜਿੰਨੇ ਮਰਜ਼ੀ ਬਿਜ਼ੀ ਹੋਈਏ, ਫਿਰ ਵੀ ਸਾਨੂੰ ਇਕ-ਦੂਜੇ ਲਈ ਸਮਾਂ ਕੱਢਣਾ ਚਾਹੀਦਾ ਹੈ। ਨਾਲੇ ਸਾਨੂੰ ਆਪਣੀਆਂ ਗ਼ਲਤੀਆਂ ʼਤੇ ਹੱਸਣਾ ਚਾਹੀਦਾ, ਖ਼ਾਸ ਕਰਕੇ ਉਦੋਂ ਜਦੋਂ ਅਸੀਂ ਕੋਈ ਨਵੀਂ ਭਾਸ਼ਾ ਸਿੱਖਦੇ ਹਾਂ। ਨਾਲੇ ਅਸੀਂ ਹਰ ਰਾਤ ਇਹ ਵੀ ਸੋਚਦੇ ਹਾਂ ਕਿ ਅੱਜ ਪੂਰੇ ਦਿਨ ਵਿਚ ਕਿਹੜੀ ਗੱਲ ਕਰਕੇ ਸਾਨੂੰ ਖ਼ੁਸ਼ੀ ਹੋਈ। ਫਿਰ ਅਸੀਂ ਉਸ ਲਈ ਯਹੋਵਾਹ ਦਾ ਧੰਨਵਾਦ ਕਰਦੇ ਹਾਂ।
ਸੱਚ ਦੱਸਾਂ, ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਮਿਸ਼ਨਰੀ ਵਜੋਂ ਸੇਵਾ ਕਰਾਂਗਾ ਜਾਂ ਕਿਸੇ ਹੋਰ ਦੇਸ਼ਾਂ ਵਿਚ ਜਾ ਕੇ ਰਹਾਂਗੇ। ਪਰ ਮੈਂ ਸਿੱਖਿਆ ਕਿ ਯਹੋਵਾਹ ਦੀ ਮਦਦ ਨਾਲ ਸਭ ਕੁਝ ਮੁਮਕਿਨ ਹੈ ਅਤੇ ਅਸੀਂ ਖ਼ੁਸ਼ੀ ਪਾ ਸਕਦੇ ਹਾਂ। ਇਸ ਕਰਕੇ ਯਿਰਮਿਯਾਹ ਨਬੀ ਦੇ ਸ਼ਬਦ ਮੇਰੇ ਮਨ ਵਿਚ ਆਉਂਦੇ ਹਨ: “ਹੇ ਯਹੋਵਾਹ, ਤੂੰ ਮੈਨੂੰ ਮੂਰਖ ਬਣਾਇਆ।” (ਯਿਰ. 20:7) ਜੀ ਹਾਂ, ਯਹੋਵਾਹ ਨੇ ਮੈਨੂੰ ਬਹੁਤ ਸਾਰੇ ਖ਼ੁਸ਼ੀ ਦੇ ਪਲ਼ ਦਿੱਤੇ ਅਤੇ ਬਰਕਤਾਂ ਦਿੱਤੀਆਂ ਜਿਨ੍ਹਾਂ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਇੱਥੋਂ ਤਕ ਕਿ ਉਸ ਨੇ ਜਹਾਜ਼ ਵਿਚ ਬੈਠਣ ਦੀ ਮੇਰੀ ਇੱਛਾ ਵੀ ਪੂਰੀ ਕੀਤੀ। ਛੋਟੇ ਹੁੰਦਿਆਂ ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਂ ਇੰਨੀਆਂ ਥਾਵਾਂ ʼਤੇ ਜਹਾਜ਼ ਵਿਚ ਜਾਵਾਂਗਾ। ਸਾਨੂੰ ਪੰਜ ਮਹਾਂਦੀਪਾਂ ਦੇ ਬ੍ਰਾਂਚ ਆਫ਼ਿਸਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਲੈਸਲੀ ਨੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਮੈਂ ਇਸ ਲਈ ਉਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ।
ਅਸੀਂ ਹਮੇਸ਼ਾ ਆਪਣੇ ਆਪ ਨੂੰ ਯਾਦ ਕਰਾਉਂਦੇ ਹਾਂ ਕਿ ਅਸੀਂ ਇਹ ਸੇਵਾ ਕਿਸ ਲਈ ਕਰਦੇ ਹਾਂ ਅਤੇ ਕਿਉਂ ਕਰਦੇ ਹਾਂ। ਅੱਜ ਸਾਨੂੰ ਜੋ ਬਰਕਤਾਂ ਮਿਲਦੀਆਂ ਹਨ, ਉਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਭਵਿੱਖ ਵਿਚ ਕਿੰਨੇ ਸ਼ਾਨਦਾਰ ਤਰੀਕੇ ਨਾਲ ਹਮੇਸ਼ਾ ਲਈ ਜੀਵਾਂਗੇ। ਉਸ ਸਮੇਂ ਯਹੋਵਾਹ ‘ਆਪਣਾ ਹੱਥ ਖੋਲ੍ਹੇਗਾ ਅਤੇ ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ ਕਰੇਗਾ।’—ਜ਼ਬੂ. 145:16.