ਪ੍ਰਕਾਸ਼ ਦੀ ਕਿਤਾਬ
9 ਅਤੇ ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਮੈਂ ਇਕ ਤਾਰਾ ਦੇਖਿਆ ਜੋ ਆਕਾਸ਼ੋਂ ਧਰਤੀ ਉੱਤੇ ਡਿਗਿਆ ਸੀ। ਉਸ ਨੂੰ ਅਥਾਹ ਕੁੰਡ ਦੀ ਚਾਬੀ ਦਿੱਤੀ ਗਈ। 2 ਅਤੇ ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਅਤੇ ਅਥਾਹ ਕੁੰਡ ਵਿੱਚੋਂ ਧੂੰਆਂ ਨਿਕਲਿਆ ਜਿਵੇਂ ਵੱਡੀ ਸਾਰੀ ਭੱਠੀ ਵਿੱਚੋਂ ਨਿਕਲਦਾ ਹੈ ਅਤੇ ਅਥਾਹ ਕੁੰਡ ਦੇ ਧੂੰਏਂ ਕਰਕੇ ਸੂਰਜ ਅਤੇ ਹਵਾ ਕਾਲੇ ਹੋ ਗਏ। 3 ਅਤੇ ਧੂੰਏਂ ਵਿੱਚੋਂ ਟਿੱਡੀਆਂ ਨਿਕਲ ਕੇ ਧਰਤੀ ਉੱਤੇ ਆ ਗਈਆਂ ਅਤੇ ਉਨ੍ਹਾਂ ਨੂੰ ਉਹੀ ਅਧਿਕਾਰ ਦਿੱਤਾ ਗਿਆ ਜੋ ਧਰਤੀ ਉੱਤੇ ਬਿੱਛੂਆਂ ਦਾ ਹੁੰਦਾ ਹੈ। 4 ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਤਾਂ ਪੇੜ-ਪੌਦਿਆਂ ਨੂੰ, ਨਾ ਘਾਹ ਨੂੰ ਤੇ ਨਾ ਹੀ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਸਿਰਫ਼ ਉਨ੍ਹਾਂ ਇਨਸਾਨਾਂ ਨੂੰ ਹੀ ਨੁਕਸਾਨ ਪਹੁੰਚਾਉਣ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੁਹਰ ਨਹੀਂ ਲੱਗੀ।
5 ਅਤੇ ਟਿੱਡੀਆਂ ਨੂੰ ਇਨਸਾਨਾਂ ਨੂੰ ਮਾਰਨ ਦਾ ਨਹੀਂ, ਸਗੋਂ ਪੰਜ ਮਹੀਨਿਆਂ ਤਕ ਤੜਫਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਹ ਇਸ ਤਰ੍ਹਾਂ ਤੜਫਣ ਲੱਗੇ ਜਿਵੇਂ ਬਿੱਛੂ ਦੇ ਡੰਗਣ ʼਤੇ ਕੋਈ ਤੜਫਦਾ ਹੈ। 6 ਉਨ੍ਹਾਂ ਦਿਨਾਂ ਵਿਚ ਲੋਕ ਮੌਤ ਨੂੰ ਆਵਾਜ਼ਾਂ ਮਾਰਨਗੇ, ਪਰ ਉਨ੍ਹਾਂ ਨੂੰ ਮੌਤ ਨਹੀਂ ਆਵੇਗੀ ਅਤੇ ਉਹ ਮੌਤ ਨੂੰ ਗਲੇ ਲਗਾਉਣਾ ਚਾਹੁਣਗੇ, ਪਰ ਮੌਤ ਉਨ੍ਹਾਂ ਤੋਂ ਦੂਰ ਭੱਜੇਗੀ।
7 ਅਤੇ ਟਿੱਡੀਆਂ ਦੇਖਣ ਨੂੰ ਲੜਾਈ ਲਈ ਤਿਆਰ ਘੋੜਿਆਂ ਵਰਗੀਆਂ ਲੱਗਦੀਆਂ ਸਨ; ਅਤੇ ਉਨ੍ਹਾਂ ਦੇ ਸਿਰਾਂ ʼਤੇ ਸੋਨੇ ਦੇ ਮੁਕਟ ਜਿਹੇ ਸਨ ਅਤੇ ਉਨ੍ਹਾਂ ਦੇ ਚਿਹਰੇ ਆਦਮੀਆਂ ਦੇ ਚਿਹਰਿਆਂ ਵਰਗੇ ਸਨ, 8 ਪਰ ਉਨ੍ਹਾਂ ਦੇ ਵਾਲ਼ ਤੀਵੀਆਂ ਦੇ ਵਾਲ਼ਾਂ ਵਰਗੇ ਸਨ ਅਤੇ ਉਨ੍ਹਾਂ ਦੇ ਦੰਦ ਸ਼ੇਰ ਦੇ ਦੰਦਾਂ ਵਰਗੇ ਸਨ; 9 ਅਤੇ ਉਨ੍ਹਾਂ ਦੇ ਸੀਨੇਬੰਦ ਲੋਹੇ ਦੇ ਸੀਨੇਬੰਦਾਂ ਵਰਗੇ ਸਨ। ਉਨ੍ਹਾਂ ਦੇ ਖੰਭਾਂ ਦੀ ਆਵਾਜ਼ ਇੱਦਾਂ ਸੀ ਜਿੱਦਾਂ ਲੜਾਈ ਦੇ ਮੈਦਾਨ ਵੱਲ ਦੌੜੇ ਜਾਂਦੇ ਬਹੁਤ ਸਾਰੇ ਘੋੜਿਆਂ ਵਾਲੇ ਰਥਾਂ ਦੀ ਹੁੰਦੀ ਹੈ। 10 ਉਨ੍ਹਾਂ ਦੀਆਂ ਪੂਛਾਂ ਅਤੇ ਡੰਗ ਬਿੱਛੂਆਂ ਵਰਗੇ ਸਨ; ਅਤੇ ਉਨ੍ਹਾਂ ਦੀਆਂ ਪੂਛਾਂ ਵਿਚ ਇਨਸਾਨਾਂ ਨੂੰ ਪੰਜ ਮਹੀਨੇ ਤੜਫਾਉਣ ਦੀ ਤਾਕਤ ਸੀ। 11 ਅਥਾਹ ਕੁੰਡ ਦਾ ਦੂਤ ਉਨ੍ਹਾਂ ਦਾ ਰਾਜਾ ਹੈ। ਇਬਰਾਨੀ ਭਾਸ਼ਾ ਵਿਚ ਉਸ ਰਾਜੇ ਦਾ ਨਾਂ “ਅਬਦੋਨ”* ਅਤੇ ਯੂਨਾਨੀ ਭਾਸ਼ਾ ਵਿਚ ਉਸ ਦਾ ਨਾਂ “ਅਪੋਲੀਅਨ”* ਹੈ।
12 ਇਕ ਆਫ਼ਤ ਲੰਘ ਚੁੱਕੀ ਹੈ। ਦੇਖ! ਇਨ੍ਹਾਂ ਗੱਲਾਂ ਤੋਂ ਬਾਅਦ ਦੋ ਹੋਰ ਆਫ਼ਤਾਂ ਆ ਰਹੀਆਂ ਹਨ।
13 ਅਤੇ ਛੇਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ। ਅਤੇ ਮੈਂ ਪਰਮੇਸ਼ੁਰ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ ਦੇ ਕੋਨਿਆਂ* ਵਿੱਚੋਂ ਇਕ ਆਵਾਜ਼ ਸੁਣੀ ਜਿਸ ਨੇ 14 ਛੇਵੇਂ ਦੂਤ ਨੂੰ, ਜਿਸ ਕੋਲ ਤੁਰ੍ਹੀ ਸੀ, ਕਿਹਾ: “ਉਨ੍ਹਾਂ ਚਾਰ ਦੂਤਾਂ ਨੂੰ ਖੋਲ੍ਹ ਦੇ ਜਿਹੜੇ ਵੱਡੇ ਦਰਿਆ ਫ਼ਰਾਤ ਲਾਗੇ ਬੱਝੇ ਹੋਏ ਹਨ।” 15 ਅਤੇ ਉਨ੍ਹਾਂ ਚਾਰਾਂ ਦੂਤਾਂ ਨੂੰ, ਜਿਹੜੇ ਇਸ ਘੜੀ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਗਏ ਹਨ, ਖੋਲ੍ਹ ਦਿੱਤਾ ਗਿਆ ਤਾਂਕਿ ਉਹ ਇਕ ਤਿਹਾਈ ਇਨਸਾਨਾਂ ਨੂੰ ਜਾਨੋਂ ਮਾਰ ਦੇਣ।
16 ਅਤੇ ਮੈਂ ਸੁਣਿਆ ਕਿ ਘੋੜਸਵਾਰ ਫ਼ੌਜ ਦੀ ਗਿਣਤੀ ਵੀਹ ਕਰੋੜ ਸੀ। 17 ਦਰਸ਼ਣ ਵਿਚ ਮੈਨੂੰ ਘੋੜੇ ਅਤੇ ਉਨ੍ਹਾਂ ਦੇ ਸਵਾਰ ਇਸ ਤਰ੍ਹਾਂ ਦੇ ਦਿਖਾਈ ਦਿੱਤੇ ਸਨ: ਘੋੜਸਵਾਰਾਂ ਦੇ ਸੀਨੇਬੰਦ ਲਾਲ, ਨੀਲੇ ਅਤੇ ਪੀਲ਼ੇ ਰੰਗਾਂ ਦੇ ਸਨ ਅਤੇ ਉਨ੍ਹਾਂ ਘੋੜਿਆਂ ਦੇ ਸਿਰ ਸ਼ੇਰ ਦੇ ਸਿਰਾਂ ਵਰਗੇ ਸਨ ਅਤੇ ਉਨ੍ਹਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ* ਨਿਕਲ ਰਹੀ ਸੀ। 18 ਇਨ੍ਹਾਂ ਤਿੰਨ ਬਿਪਤਾਵਾਂ ਕਰਕੇ ਯਾਨੀ ਉਨ੍ਹਾਂ ਦੇ ਮੂੰਹਾਂ ਵਿੱਚੋਂ ਨਿਕਲ ਰਹੀ ਅੱਗ, ਧੂੰਏਂ ਅਤੇ ਗੰਧਕ ਕਰਕੇ ਇਕ ਤਿਹਾਈ ਇਨਸਾਨ ਮਰ ਗਏ। 19 ਉਨ੍ਹਾਂ ਘੋੜਿਆਂ ਦੀ ਤਾਕਤ ਉਨ੍ਹਾਂ ਦੇ ਮੂੰਹਾਂ ਅਤੇ ਉਨ੍ਹਾਂ ਦੀਆਂ ਪੂਛਾਂ ਵਿਚ ਹੈ; ਕਿਉਂਕਿ ਉਨ੍ਹਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਉਨ੍ਹਾਂ ਪੂਛਾਂ ਦੇ ਸਿਰ ਵੀ ਹਨ ਅਤੇ ਇਨ੍ਹਾਂ ਨਾਲ ਉਹ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
20 ਪਰ ਜਿਹੜੇ ਇਨਸਾਨ ਇਨ੍ਹਾਂ ਤਿੰਨਾਂ ਬਿਪਤਾਵਾਂ ਕਰਕੇ ਨਹੀਂ ਮਰੇ, ਉਨ੍ਹਾਂ ਨੇ ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਹੀਂ ਕੀਤੀ। ਉਨ੍ਹਾਂ ਨੇ ਦੁਸ਼ਟ ਦੂਤਾਂ ਅਤੇ ਸੋਨੇ, ਚਾਂਦੀ, ਤਾਂਬੇ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਨਹੀਂ ਛੱਡੀ ਜਿਹੜੀਆਂ ਨਾ ਦੇਖ ਸਕਦੀਆਂ ਹਨ, ਨਾ ਸੁਣ ਸਕਦੀਆਂ ਹਨ ਅਤੇ ਨਾ ਹੀ ਤੁਰ ਸਕਦੀਆਂ ਹਨ। 21 ਅਤੇ ਉਨ੍ਹਾਂ ਇਨਸਾਨਾਂ ਨੇ ਨਾ ਕਤਲ ਕਰਨ ਤੋਂ, ਨਾ ਆਪਣੀਆਂ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਹੀ ਚੋਰੀਆਂ ਕਰਨ ਤੋਂ ਤੋਬਾ ਕੀਤੀ।