ਰਸੂਲਾਂ ਦੇ ਕੰਮ
19 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿਚ ਸੀ, ਤਾਂ ਪੌਲੁਸ ਪਹਾੜੀ ਇਲਾਕਿਆਂ ਵਿੱਚੋਂ ਦੀ ਸਫ਼ਰ ਕਰਦਾ ਹੋਇਆ ਅਫ਼ਸੁਸ ਆਇਆ ਅਤੇ ਉੱਥੇ ਉਸ ਨੂੰ ਕੁਝ ਚੇਲੇ ਮਿਲੇ। 2 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਜਦੋਂ ਤੁਸੀਂ ਯਿਸੂ ਉੱਤੇ ਨਿਹਚਾ ਕਰਨ ਲੱਗੇ ਸੀ, ਤਾਂ ਕੀ ਤੁਹਾਨੂੰ ਪਵਿੱਤਰ ਸ਼ਕਤੀ ਮਿਲੀ ਸੀ?” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਤਾਂ ਪਵਿੱਤਰ ਸ਼ਕਤੀ ਬਾਰੇ ਕਦੇ ਕੁਝ ਸੁਣਿਆ ਹੀ ਨਹੀਂ।” 3 ਅਤੇ ਉਸ ਨੇ ਕਿਹਾ: “ਤਾਂ ਫਿਰ ਤੁਸੀਂ ਕਿਹੜਾ ਬਪਤਿਸਮਾ ਲਿਆ ਸੀ?” ਉਨ੍ਹਾਂ ਨੇ ਦੱਸਿਆ: “ਅਸੀਂ ਉਹੀ ਬਪਤਿਸਮਾ ਲਿਆ ਹੈ ਜਿਸ ਦਾ ਪ੍ਰਚਾਰ ਯੂਹੰਨਾ ਨੇ ਕੀਤਾ ਸੀ।” 4 ਫਿਰ ਪੌਲੁਸ ਨੇ ਕਿਹਾ: “ਯੂਹੰਨਾ ਨੇ ਲੋਕਾਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਤੋਂ ਬਾਅਦ ਬਪਤਿਸਮਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਉਸ ਉੱਤੇ ਨਿਹਚਾ ਕਰਨ ਜਿਹੜਾ ਉਸ ਤੋਂ ਬਾਅਦ ਆ ਰਿਹਾ ਸੀ ਯਾਨੀ ਯਿਸੂ ਉੱਤੇ।” 5 ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਂ ʼਤੇ ਬਪਤਿਸਮਾ ਲਿਆ। 6 ਅਤੇ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਤਾਂ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ ਅਤੇ ਉਹ ਵੱਖੋ-ਵੱਖਰੀਆਂ ਬੋਲੀਆਂ ਬੋਲਣ ਅਤੇ ਭਵਿੱਖਬਾਣੀਆਂ* ਕਰਨ ਲੱਗ ਪਏ। 7 ਉੱਥੇ ਲਗਭਗ ਬਾਰਾਂ ਚੇਲੇ ਸਨ।
8 ਫਿਰ ਪੌਲੁਸ ਨੇ ਤਿੰਨ ਮਹੀਨੇ ਸਭਾ ਘਰ ਵਿਚ ਜਾ ਕੇ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਉਪਦੇਸ਼ ਦਿੱਤੇ ਅਤੇ ਦਲੀਲਾਂ ਦੇ ਕੇ ਸਮਝਾਇਆ। 9 ਪਰ ਜਦੋਂ ਕੁਝ ਯਹੂਦੀਆਂ ਨੇ ਆਪਣੇ ਮਨ ਕਠੋਰ ਕਰ ਕੇ ਨਿਹਚਾ ਕਰਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਪ੍ਰਭੂ ਦੇ ਰਾਹ ਬਾਰੇ ਬੁਰਾ-ਭਲਾ ਕਿਹਾ, ਤਾਂ ਪੌਲੁਸ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਅਤੇ ਚੇਲਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਰੋਜ਼ ਤੁਰੰਨੁਸ ਦੇ ਸਕੂਲ ਵਿਚ ਉਪਦੇਸ਼ ਦੇਣ ਲੱਗ ਪਿਆ। 10 ਉਹ ਦੋ ਸਾਲ ਉਪਦੇਸ਼ ਦਿੰਦਾ ਰਿਹਾ ਜਿਸ ਕਰਕੇ ਏਸ਼ੀਆ* ਜ਼ਿਲ੍ਹੇ ਦੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ* ਨੂੰ ਪ੍ਰਭੂ ਦਾ ਬਚਨ ਸੁਣਨ ਦਾ ਮੌਕਾ ਮਿਲਿਆ।
11 ਅਤੇ ਪਰਮੇਸ਼ੁਰ ਪੌਲੁਸ ਦੇ ਹੱਥੀਂ ਕਰਾਮਾਤਾਂ ਕਰਦਾ ਰਿਹਾ, 12 ਇੱਥੋਂ ਤਕ ਕਿ ਜਦੋਂ ਪੌਲੁਸ ਦੇ ਰੁਮਾਲ ਤੇ ਕੱਪੜੇ ਬੀਮਾਰਾਂ ਨੂੰ ਫੜਾਏ ਜਾਂਦੇ ਸਨ, ਤਾਂ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਸਨ ਅਤੇ ਦੁਸ਼ਟ ਦੂਤ ਲੋਕਾਂ ਵਿੱਚੋਂ ਨਿਕਲ ਆਉਂਦੇ ਸਨ। 13 ਕੁਝ ਯਹੂਦੀ ਥਾਂ-ਥਾਂ ਘੁੰਮ-ਫਿਰ ਕੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦੇ ਹੁੰਦੇ ਸਨ। ਉਹ ਵੀ ਦੁਸ਼ਟ ਦੂਤ ਕੱਢਣ ਲਈ ਪ੍ਰਭੂ ਯਿਸੂ ਦਾ ਨਾਂ ਵਰਤਣ ਦੀ ਕੋਸ਼ਿਸ਼ ਕਰਦੇ ਸਨ ਅਤੇ ਦੁਸ਼ਟ ਦੂਤਾਂ ਨੂੰ ਕਹਿੰਦੇ ਸਨ: “ਮੈਂ ਤੁਹਾਨੂੰ ਯਿਸੂ ਦੇ ਨਾਂ ʼਤੇ, ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ, ਹੁਕਮ ਦਿੰਦਾ ਹਾਂ।” 14 ਸਕੇਵਾ ਨਾਂ ਦੇ ਇਕ ਯਹੂਦੀ ਮੁੱਖ ਪੁਜਾਰੀ ਦੇ ਸੱਤ ਪੁੱਤਰ ਇਸ ਤਰ੍ਹਾਂ ਕਰਦੇ ਸਨ। 15 ਪਰ ਦੁਸ਼ਟ ਦੂਤ ਨੇ ਉਨ੍ਹਾਂ ਨੂੰ ਕਿਹਾ: “ਮੈਂ ਯਿਸੂ ਨੂੰ ਜਾਣਦਾ ਹਾਂ ਅਤੇ ਮੈਨੂੰ ਪੌਲੁਸ ਬਾਰੇ ਵੀ ਪਤਾ ਹੈ; ਪਰ ਤੁਸੀਂ ਕੌਣ ਹੋ?” 16 ਇਹ ਕਹਿ ਕੇ ਉਹ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਉਨ੍ਹਾਂ ਉੱਤੇ ਟੁੱਟ ਪਿਆ ਅਤੇ ਇਕ-ਇਕ ਕਰ ਕੇ ਉਨ੍ਹਾਂ ਸਾਰਿਆਂ ਉੱਤੇ ਹਾਵੀ ਹੋ ਕੇ ਉਨ੍ਹਾਂ ਦਾ ਇੰਨਾ ਬੁਰਾ ਹਾਲ ਕੀਤਾ ਕਿ ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿਚ ਘਰੋਂ ਬਾਹਰ ਭੱਜ ਗਏ। 17 ਇਸ ਗੱਲ ਬਾਰੇ ਅਫ਼ਸੁਸ ਵਿਚ ਰਹਿਣ ਵਾਲੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪਤਾ ਲੱਗ ਗਿਆ ਅਤੇ ਉਹ ਸਾਰੇ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਂ ਦੀ ਵਡਿਆਈ ਹੁੰਦੀ ਰਹੀ। 18 ਅਤੇ ਜਿਨ੍ਹਾਂ ਲੋਕਾਂ ਨੇ ਨਿਹਚਾ ਕੀਤੀ ਸੀ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਪਾਪ ਕਬੂਲ ਕੀਤੇ। 19 ਬਹੁਤ ਸਾਰੇ ਚੇਲੇ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ। ਅਤੇ ਉਨ੍ਹਾਂ ਨੇ ਕਿਤਾਬਾਂ ਦੇ ਮੁੱਲ ਦਾ ਹਿਸਾਬ ਲਾ ਕੇ ਦੇਖਿਆ ਕਿ ਉਨ੍ਹਾਂ ਦਾ ਮੁੱਲ ਚਾਂਦੀ ਦੇ 50,000 ਸਿੱਕੇ ਸਨ। 20 ਇਸ ਤਰ੍ਹਾਂ ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।
21 ਇਨ੍ਹਾਂ ਗੱਲਾਂ ਤੋਂ ਬਾਅਦ, ਪੌਲੁਸ ਨੇ ਆਪਣੇ ਮਨ ਵਿਚ ਫ਼ੈਸਲਾ ਕੀਤਾ ਕਿ ਮਕਦੂਨੀਆ ਅਤੇ ਅਖਾਯਾ ਜਾਣ ਤੋਂ ਬਾਅਦ ਉਹ ਯਰੂਸ਼ਲਮ ਨੂੰ ਜਾਵੇਗਾ। ਅਤੇ ਉਸ ਨੇ ਕਿਹਾ: “ਯਰੂਸ਼ਲਮ ਜਾਣ ਤੋਂ ਬਾਅਦ ਮੈਂ ਰੋਮ ਨੂੰ ਵੀ ਜਾਵਾਂਗਾ।” 22 ਇਸ ਲਈ ਉਸ ਨੇ ਤਿਮੋਥਿਉਸ ਤੇ ਅਰਾਸਤੁਸ ਨੂੰ ਜਿਹੜੇ ਉਸ ਦੀ ਸੇਵਾ ਕਰਦੇ ਸਨ, ਮਕਦੂਨੀਆ ਨੂੰ ਘੱਲ ਦਿੱਤਾ, ਪਰ ਉਹ ਆਪ ਏਸ਼ੀਆ ਜ਼ਿਲ੍ਹੇ ਵਿਚ ਕੁਝ ਸਮਾਂ ਰਿਹਾ।
23 ਉਸ ਸਮੇਂ ਪ੍ਰਭੂ ਦੇ ਰਾਹ ਦੇ ਵਿਰੁੱਧ ਬੜਾ ਹੰਗਾਮਾ ਖੜ੍ਹਾ ਹੋਇਆ। 24 ਦੇਮੇਤ੍ਰਿਉਸ ਨਾਂ ਦਾ ਇਕ ਸੁਨਿਆਰਾ ਅਰਤਿਮਿਸ ਦੇਵੀ ਦੇ ਚਾਂਦੀ ਦੇ ਛੋਟੇ-ਛੋਟੇ ਮੰਦਰ ਬਣਾਉਂਦਾ ਹੁੰਦਾ ਸੀ ਅਤੇ ਉਸ ਦੇ ਇਸ ਕੰਮ ਤੋਂ ਕਾਰੀਗਰਾਂ ਨੂੰ ਬਹੁਤ ਮੁਨਾਫ਼ਾ ਹੁੰਦਾ ਸੀ। 25 ਉਸ ਨੇ ਕਾਰੀਗਰਾਂ ਨੂੰ ਅਤੇ ਇਸ ਕਾਰੋਬਾਰ ਵਿਚ ਲੱਗੇ ਲੋਕਾਂ ਨੂੰ ਇਕੱਠਾ ਕਰ ਕੇ ਕਿਹਾ: “ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਸ ਕਾਰੋਬਾਰ ਤੋਂ ਸਾਨੂੰ ਕਿੰਨਾ ਮੁਨਾਫ਼ਾ ਹੁੰਦਾ ਹੈ। 26 ਅਤੇ ਤੁਸੀਂ ਇਹ ਵੀ ਦੇਖਦੇ ਅਤੇ ਸੁਣਦੇ ਹੋ ਕਿ ਸਿਰਫ਼ ਅਫ਼ਸੁਸ ਵਿਚ ਹੀ ਨਹੀਂ, ਸਗੋਂ ਲਗਭਗ ਪੂਰੇ ਏਸ਼ੀਆ ਜ਼ਿਲ੍ਹੇ ਵਿਚ ਪੌਲੁਸ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਦਲੀਲਾਂ ਨਾਲ ਭਰਮਾ ਕੇ ਉਨ੍ਹਾਂ ਨੂੰ ਕਿਸੇ ਹੋਰ ਧਰਮ ਵਿਚ ਲੈ ਗਿਆ ਹੈ ਅਤੇ ਕਹਿੰਦਾ ਫਿਰਦਾ ਹੈ ਕਿ ਹੱਥਾਂ ਦੇ ਬਣਾਏ ਹੋਏ ਦੇਵਤੇ ਅਸਲ ਵਿਚ ਦੇਵਤੇ ਨਹੀਂ ਹਨ। 27 ਇਸ ਲਈ, ਸਿਰਫ਼ ਇਹੀ ਖ਼ਤਰਾ ਨਹੀਂ ਹੈ ਕਿ ਸਾਡੇ ਕਾਰੋਬਾਰ ਦੀ ਬਦਨਾਮੀ ਹੋਵੇਗੀ, ਸਗੋਂ ਇਹ ਵੀ ਖ਼ਤਰਾ ਹੈ ਕਿ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਦੀ ਸ਼ਾਨੋ-ਸ਼ੌਕਤ ਖ਼ਤਮ ਹੋ ਜਾਵੇਗੀ ਅਤੇ ਅਰਤਿਮਿਸ ਦੇਵੀ ਦੀ ਮਹਿਮਾ ਵੀ ਖ਼ਤਮ ਹੋ ਜਾਵੇਗੀ ਜਿਸ ਨੂੰ ਪੂਰਾ ਏਸ਼ੀਆ ਜ਼ਿਲ੍ਹਾ ਅਤੇ ਪੂਰੀ ਦੁਨੀਆਂ ਪੂਜਦੀ ਹੈ।” 28 ਇਹ ਸੁਣ ਕੇ ਲੋਕ ਗੁੱਸੇ ਵਿਚ ਭੜਕ ਉੱਠੇ ਅਤੇ ਉਹ ਉੱਚੀ-ਉੱਚੀ ਨਾਅਰੇ ਲਾਉਣ ਲੱਗ ਪਏ: “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!”
29 ਇਸ ਕਰਕੇ ਪੂਰੇ ਸ਼ਹਿਰ ਵਿਚ ਹਲਚਲ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਤਮਾਸ਼ਾ ਘਰ ਵਿਚ ਚਲੇ ਗਏ ਅਤੇ ਪੌਲੁਸ ਦੇ ਸਫ਼ਰੀ ਸਾਥੀਆਂ, ਮਕਦੂਨੀਆ ਦੇ ਗਾਉਸ ਤੇ ਅਰਿਸਤਰਖੁਸ ਨੂੰ ਘੜੀਸ ਕੇ ਆਪਣੇ ਨਾਲ ਲੈ ਗਏ। 30 ਪੌਲੁਸ ਆਪ ਲੋਕਾਂ ਕੋਲ ਅੰਦਰ ਜਾਣਾ ਚਾਹੁੰਦਾ ਸੀ, ਪਰ ਚੇਲਿਆਂ ਨੇ ਉਸ ਨੂੰ ਜਾਣ ਨਾ ਦਿੱਤਾ। 31 ਇੱਥੋਂ ਤਕ ਕਿ ਤਿਉਹਾਰਾਂ ਅਤੇ ਖੇਡਾਂ ਦੇ ਕੁਝ ਪ੍ਰਬੰਧਕਾਂ ਨੇ, ਜਿਹੜੇ ਉਸ ਦਾ ਭਲਾ ਚਾਹੁੰਦੇ ਸਨ, ਸੁਨੇਹਾ ਘੱਲ ਕੇ ਬੇਨਤੀ ਕੀਤੀ ਕਿ ਉਹ ਤਮਾਸ਼ਾ ਘਰ ਵਿਚ ਜਾ ਕੇ ਆਪਣੀ ਜਾਨ ਖ਼ਤਰੇ ਵਿਚ ਨਾ ਪਾਵੇ। 32 ਅਸਲ ਵਿਚ, ਕੋਈ ਜਣਾ ਉੱਚੀ ਆਵਾਜ਼ ਵਿਚ ਕੁਝ ਕਹਿ ਰਿਹਾ ਸੀ ਤੇ ਕੋਈ ਜਣਾ ਕੁਝ ਹੋਰ। ਭੀੜ ਨੇ ਇੰਨਾ ਰੌਲ਼ਾ ਪਾਇਆ ਹੋਇਆ ਸੀ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਉਂ ਇਕੱਠੇ ਹੋਏ ਸਨ। 33 ਇਸ ਲਈ ਉਨ੍ਹਾਂ ਨੇ ਭੀੜ ਵਿੱਚੋਂ ਸਿਕੰਦਰ ਨੂੰ ਲਿਆਂਦਾ ਅਤੇ ਯਹੂਦੀਆਂ ਨੇ ਉਸ ਨੂੰ ਧੱਕ ਕੇ ਅੱਗੇ ਕਰ ਦਿੱਤਾ। ਫਿਰ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰ ਕੇ ਲੋਕਾਂ ਨੂੰ ਚੁੱਪ ਰਹਿਣ ਲਈ ਕਿਹਾ। ਉਹ ਲੋਕਾਂ ਸਾਮ੍ਹਣੇ ਸਫ਼ਾਈ ਪੇਸ਼ ਕਰਨੀ ਚਾਹੁੰਦਾ ਸੀ। 34 ਪਰ ਜਦੋਂ ਉਨ੍ਹਾਂ ਨੇ ਪਛਾਣਿਆ ਕਿ ਉਹ ਯਹੂਦੀ ਸੀ, ਤਾਂ ਉਹ ਸਾਰੇ ਇੱਕੋ ਆਵਾਜ਼ ਵਿਚ ਲਗਭਗ ਦੋ ਘੰਟੇ ਉੱਚੀ-ਉੱਚੀ ਨਾਅਰੇ ਲਾਉਂਦੇ ਰਹੇ: “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!”
35 ਅਖ਼ੀਰ ਵਿਚ ਜਦੋਂ ਨਗਰ-ਪ੍ਰਧਾਨ ਨੇ ਭੀੜ ਨੂੰ ਚੁੱਪ ਕਰਾ ਦਿੱਤਾ, ਤਾਂ ਉਸ ਨੇ ਕਿਹਾ: “ਅਫ਼ਸੁਸ ਦੇ ਰਹਿਣ ਵਾਲਿਓ, ਦੁਨੀਆਂ ਵਿਚ ਕਿਹੜਾ ਇਨਸਾਨ ਹੈ ਜਿਹੜਾ ਇਹ ਨਹੀਂ ਜਾਣਦਾ ਕਿ ਅਫ਼ਸੀ ਲੋਕਾਂ ਦਾ ਸ਼ਹਿਰ ਮਹਾਨ ਅਰਤਿਮਿਸ ਦੇਵੀ ਦੇ ਮੰਦਰ ਅਤੇ ਸਵਰਗੋਂ ਡਿਗੀ ਮੂਰਤੀ ਦਾ ਰਖਵਾਲਾ ਹੈ? 36 ਅਤੇ ਕੋਈ ਵੀ ਇਨ੍ਹਾਂ ਗੱਲਾਂ ਨੂੰ ਗ਼ਲਤ ਸਾਬਤ ਨਹੀਂ ਕਰ ਸਕਦਾ ਅਤੇ ਤੁਹਾਡੇ ਲਈ ਚੰਗਾ ਹੈ ਕਿ ਤੁਸੀਂ ਸ਼ਾਂਤ ਰਹੋ ਅਤੇ ਜਲਦਬਾਜ਼ੀ ਵਿਚ ਕੁਝ ਨਾ ਕਰੋ। 37 ਤੁਸੀਂ ਇਨ੍ਹਾਂ ਆਦਮੀਆਂ ਨੂੰ ਲੈ ਕੇ ਆਏ ਹੋ ਜਿਹੜੇ ਨਾ ਤਾਂ ਮੰਦਰਾਂ ਨੂੰ ਲੁੱਟਣ ਵਾਲੇ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ। 38 ਇਸ ਲਈ, ਜੇ ਦੇਮੇਤ੍ਰਿਉਸ ਅਤੇ ਉਸ ਨਾਲ ਆਏ ਕਾਰੀਗਰਾਂ ਦਾ ਉਨ੍ਹਾਂ ਨਾਲ ਹੋਰ ਕੋਈ ਝਗੜਾ ਹੈ, ਤਾਂ ਉਹ ਉਨ੍ਹਾਂ ਦਿਨਾਂ ਦੌਰਾਨ ਆ ਕੇ ਇਕ-ਦੂਜੇ ਉੱਤੇ ਦੋਸ਼ ਲਾਉਣ ਜਿਨ੍ਹਾਂ ਦਿਨਾਂ ਦੌਰਾਨ ਅਦਾਲਤਾਂ ਲੱਗਦੀਆਂ ਹਨ ਅਤੇ ਪ੍ਰਾਂਤ ਦੇ ਰਾਜਪਾਲ ਸੁਣਵਾਈ ਕਰਦੇ ਹਨ। 39 ਪਰ ਜੇ ਤੁਸੀਂ ਕਿਸੇ ਹੋਰ ਮਸਲੇ ʼਤੇ ਗੱਲ ਕਰਨੀ ਹੈ, ਤਾਂ ਇਸ ਦਾ ਫ਼ੈਸਲਾ ਅਧਿਕਾਰੀਆਂ ਵੱਲੋਂ ਸੱਦੇ ਜਾਂਦੇ ਜਨਤਾ ਦੇ ਇਕੱਠ ਵਿਚ ਹੀ ਕੀਤਾ ਜਾਵੇਗਾ। 40 ਹੁਣ ਇਹ ਖ਼ਤਰਾ ਹੈ ਕਿ ਅੱਜ ਦੇ ਇਸ ਹੰਗਾਮੇ ਕਰਕੇ ਸਾਡੇ ਉੱਤੇ ਸਰਕਾਰ ਖ਼ਿਲਾਫ਼ ਬਗਾਵਤ ਕਰਨ ਦਾ ਦੋਸ਼ ਲੱਗ ਸਕਦਾ ਹੈ ਕਿਉਂਕਿ ਅਸੀਂ ਇਹ ਫ਼ਸਾਦੀ ਭੀੜ ਇਕੱਠੀ ਕਰਨ ਦਾ ਕੋਈ ਕਾਰਨ ਨਹੀਂ ਦੇ ਸਕਦੇ।” 41 ਇਹ ਗੱਲਾਂ ਕਹਿ ਕੇ ਉਸ ਨੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਉੱਥੋਂ ਘੱਲ ਦਿੱਤਾ।