ਇਬਰਾਨੀਆਂ
7 ਇਹ ਮਲਕਿਸਿਦਕ, ਜਿਹੜਾ ਸ਼ਾਲੇਮ ਦਾ ਰਾਜਾ ਤੇ ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ, ਅਬਰਾਹਾਮ ਨੂੰ ਉਦੋਂ ਮਿਲਿਆ ਸੀ ਜਦੋਂ ਅਬਰਾਹਾਮ ਰਾਜਿਆਂ ਨੂੰ ਖ਼ਤਮ ਕਰ ਕੇ ਵਾਪਸ ਆ ਰਿਹਾ ਸੀ। ਉਸ ਵੇਲੇ ਮਲਕਿਸਿਦਕ ਨੇ ਉਸ ਨੂੰ ਅਸੀਸ ਦਿੱਤੀ ਸੀ 2 ਅਤੇ ਅਬਰਾਹਾਮ ਨੇ ਉਸ ਨੂੰ ਹਰ ਚੀਜ਼ ਦਾ ਦਸਵਾਂ ਹਿੱਸਾ ਦਿੱਤਾ ਸੀ। ਮਲਕਿਸਿਦਕ ਦੇ ਨਾਂ ਦਾ ਮਤਲਬ ਹੈ “ਧਾਰਮਿਕਤਾ ਦਾ ਰਾਜਾ” ਤੇ ਉਹ ਸ਼ਾਲੇਮ ਦਾ ਰਾਜਾ ਹੈ ਯਾਨੀ “ਸ਼ਾਂਤੀ ਦਾ ਰਾਜਾ।” 3 ਵੰਸ਼ਾਵਲੀ ਨਾ ਹੋਣ ਕਰਕੇ ਇਹ ਪਤਾ ਨਹੀਂ ਹੈ ਕਿ ਉਸ ਦੇ ਮਾਤਾ-ਪਿਤਾ ਕੌਣ ਸਨ, ਉਹ ਕਦੋਂ ਪੈਦਾ ਹੋਇਆ ਸੀ ਤੇ ਕਦੋਂ ਮਰਿਆ ਸੀ, ਪਰ ਪਰਮੇਸ਼ੁਰ ਦੇ ਪੁੱਤਰ ਵਰਗਾ ਹੋਣ ਕਰਕੇ ਉਹ ਹਮੇਸ਼ਾ ਪੁਜਾਰੀ ਰਹਿੰਦਾ ਹੈ।
4 ਤਾਂ ਫਿਰ, ਤੁਸੀਂ ਦੇਖਦੇ ਹੋ ਕਿ ਇਹ ਆਦਮੀ ਕਿੰਨਾ ਮਹਾਨ ਸੀ ਜਿਸ ਨੂੰ ਸਾਡੇ ਪੂਰਵਜ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਵਧੀਆ ਤੋਂ ਵਧੀਆ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ ਸੀ। 5 ਇਹ ਸੱਚ ਹੈ ਕਿ ਲੇਵੀ ਦੇ ਪੁੱਤਰਾਂ ਨੂੰ, ਜਿਨ੍ਹਾਂ ਨੂੰ ਪੁਜਾਰੀ ਨਿਯੁਕਤ ਕੀਤਾ ਜਾਂਦਾ ਹੈ, ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ, ਭਾਵੇਂ ਇਹ ਲੋਕ ਅਬਰਾਹਾਮ ਦੀ ਸੰਤਾਨ ਹਨ। 6 ਪਰ ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ, ਫਿਰ ਵੀ ਉਸ ਨੇ ਅਬਰਾਹਾਮ ਤੋਂ, ਜਿਸ ਨਾਲ ਵਾਅਦੇ ਕੀਤੇ ਗਏ ਸਨ, ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ। 7 ਸੋ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਨੇ ਛੋਟੇ ਨੂੰ ਅਸੀਸ ਦਿੱਤੀ ਸੀ। 8 ਦਸਵਾਂ ਹਿੱਸਾ ਲੈਣ ਵਾਲੇ ਲੇਵੀ ਮਰਨਹਾਰ ਇਨਸਾਨ ਹਨ, ਪਰ ਇਸ ਆਦਮੀ ਬਾਰੇ, ਜਿਸ ਨੇ ਦਸਵਾਂ ਹਿੱਸਾ ਲਿਆ ਸੀ, ਧਰਮ-ਗ੍ਰੰਥ ਗਵਾਹੀ ਦਿੰਦਾ ਹੈ ਕਿ ਇਹ ਜੀਉਂਦਾ ਰਹਿੰਦਾ ਹੈ। 9 ਅਤੇ ਇਹ ਕਿਹਾ ਜਾ ਸਕਦਾ ਹੈ ਕਿ ਲੇਵੀ ਨੇ ਵੀ, ਜਿਸ ਨੂੰ ਦਸਵਾਂ ਹਿੱਸਾ ਮਿਲਦਾ ਸੀ, ਅਬਰਾਹਾਮ ਦੇ ਜ਼ਰੀਏ ਇਸ ਆਦਮੀ ਨੂੰ ਦਸਵਾਂ ਹਿੱਸਾ ਦਿੱਤਾ, 10 ਕਿਉਂਕਿ ਲੇਵੀ ਅਜੇ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿਚ ਹੀ ਸੀ* ਜਦੋਂ ਮਲਕਿਸਿਦਕ ਉਸ ਨੂੰ ਮਿਲਿਆ ਸੀ।
11 ਜੇ ਲੇਵੀਆਂ ਦੇ ਪੁਜਾਰੀ ਦਲ (ਜੋ ਕਿ ਲੋਕਾਂ ਨੂੰ ਦਿੱਤੇ ਗਏ ਮੂਸਾ ਦੇ ਕਾਨੂੰਨ ਦਾ ਖ਼ਾਸ ਹਿੱਸਾ ਸੀ) ਦੇ ਜ਼ਰੀਏ ਮੁਕੰਮਲਤਾ ਪਾਈ ਜਾ ਸਕਦੀ, ਤਾਂ ਫਿਰ ਇਕ ਹੋਰ ਪੁਜਾਰੀ ਦੀ ਲੋੜ ਕਿਉਂ ਹੁੰਦੀ ਜਿਸ ਬਾਰੇ ਕਿਹਾ ਗਿਆ ਹੈ ਕਿ ਉਹ “ਮਲਕਿਸਿਦਕ ਵਾਂਗ” ਪੁਜਾਰੀ ਹੈ, ਨਾ ਕਿ “ਹਾਰੂਨ ਵਾਂਗ”? 12 ਪੁਜਾਰੀ ਦਲ ਬਦਲ ਜਾਣ ਕਰਕੇ ਇਸ ਕਾਨੂੰਨ ਨੂੰ ਬਦਲਣਾ ਵੀ ਜ਼ਰੂਰੀ ਹੈ। 13 ਕਿਉਂਕਿ ਜਿਸ ਆਦਮੀ ਬਾਰੇ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ, ਉਹ ਕਿਸੇ ਹੋਰ ਗੋਤ ਵਿੱਚੋਂ ਸੀ ਅਤੇ ਉਸ ਗੋਤ ਵਿੱਚੋਂ ਕਿਸੇ ਨੇ ਵੀ ਵੇਦੀ ਉੱਤੇ ਸੇਵਾ ਨਹੀਂ ਕੀਤੀ ਸੀ। 14 ਇਹ ਗੱਲ ਤਾਂ ਸਾਫ਼ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਸੀ, ਪਰ ਇਸ ਗੋਤ ਦੇ ਆਦਮੀਆਂ ਦੇ ਪੁਜਾਰੀ ਬਣਨ ਬਾਰੇ ਮੂਸਾ ਨੇ ਕੁਝ ਨਹੀਂ ਕਿਹਾ ਸੀ।
15 ਅਤੇ ਇਹ ਗੱਲ ਉਦੋਂ ਹੋਰ ਵੀ ਸਾਫ਼ ਹੋ ਗਈ ਜਦੋਂ ਮਲਕਿਸਿਦਕ ਵਰਗਾ ਇਕ ਹੋਰ ਪੁਜਾਰੀ ਖੜ੍ਹਾ ਹੋਇਆ, 16 ਜਿਸ ਨੂੰ ਕਾਨੂੰਨ ਅਨੁਸਾਰ ਵੰਸ਼ਾਵਲੀ ਦੇ ਆਧਾਰ ʼਤੇ ਪੁਜਾਰੀ ਨਹੀਂ ਬਣਾਇਆ ਗਿਆ ਹੈ, ਸਗੋਂ ਉਸ ਤਾਕਤ ਰਾਹੀਂ ਬਣਾਇਆ ਗਿਆ ਹੈ ਜਿਹੜੀ ਉਸ ਨੂੰ ਅਵਿਨਾਸ਼ੀ ਜੀਵਨ ਬਖ਼ਸ਼ਦੀ ਹੈ, 17 ਕਿਉਂਕਿ ਧਰਮ-ਗ੍ਰੰਥ ਵਿਚ ਇਕ ਜਗ੍ਹਾ ਕਿਹਾ ਗਿਆ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਤੂੰ ਹਮੇਸ਼ਾ ਪੁਜਾਰੀ ਰਹੇਂਗਾ।”
18 ਇਸ ਲਈ ਪੁਰਾਣੇ ਹੁਕਮ ਖ਼ਤਮ ਕਰ ਦਿੱਤੇ ਗਏ ਹਨ ਕਿਉਂਕਿ ਇਹ ਕਮਜ਼ੋਰ ਅਤੇ ਬੇਅਸਰ ਹਨ। 19 ਕਿਉਂਕਿ ਇਸ ਕਾਨੂੰਨ ਨੇ ਕਿਸੇ ਨੂੰ ਵੀ ਮੁਕੰਮਲ ਨਹੀਂ ਬਣਾਇਆ, ਪਰ ਇਸ ਦੀ ਜਗ੍ਹਾ ਦਿੱਤੀ ਗਈ ਉੱਤਮ ਉਮੀਦ ਨੇ ਮੁਕੰਮਲ ਬਣਾਇਆ ਜਿਹੜੀ ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆ ਰਹੀ ਹੈ। 20 ਨਾਲੇ, ਪਰਮੇਸ਼ੁਰ ਨੇ ਸਹੁੰ ਖਾ ਕੇ ਯਿਸੂ ਨੂੰ ਪੁਜਾਰੀ ਬਣਾਇਆ ਸੀ, 21 (ਅਜਿਹੇ ਆਦਮੀ ਵੀ ਹਨ ਜਿਨ੍ਹਾਂ ਨੂੰ ਪੁਜਾਰੀ ਬਣਾਇਆ ਗਿਆ ਸੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੇ ਸੰਬੰਧ ਵਿਚ ਕੋਈ ਸਹੁੰ ਨਹੀਂ ਖਾਧੀ ਸੀ, ਪਰ ਇਕ ਆਦਮੀ ਹੈ ਜਿਸ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਸਹੁੰ ਖਾਧੀ ਸੀ ਜਦੋਂ ਉਸ ਨੇ ਕਿਹਾ ਸੀ: “ਯਹੋਵਾਹ ਨੇ ਇਹ ਸਹੁੰ ਖਾਧੀ ਹੈ ਅਤੇ ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੋਵੇਗਾ, ‘ਤੂੰ ਹਮੇਸ਼ਾ ਰਹਿਣ ਵਾਲਾ ਪੁਜਾਰੀ ਹੈਂ।’”), 22 ਇਸ ਕਰਕੇ ਯਿਸੂ ਇਕ ਉੱਤਮ ਇਕਰਾਰ ਦੀ ਗਾਰੰਟੀ ਬਣ ਗਿਆ ਹੈ। 23 ਇਸ ਤੋਂ ਇਲਾਵਾ, ਹਾਰੂਨ ਦੀ ਸੰਤਾਨ ਵਿੱਚੋਂ ਇਕ ਤੋਂ ਬਾਅਦ ਇਕ ਆਦਮੀ ਪੁਜਾਰੀ ਬਣਿਆ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਪੁਜਾਰੀ ਬਣੇ ਨਾ ਰਹਿਣ ਦਿੱਤਾ, 24 ਪਰ ਕਿਉਂਕਿ ਯਿਸੂ ਹਮੇਸ਼ਾ ਜੀਉਂਦਾ ਰਹਿੰਦਾ ਹੈ, ਇਸ ਲਈ ਉਹ ਹਮੇਸ਼ਾ ਪੁਜਾਰੀ ਬਣਿਆ ਰਹੇਗਾ, ਉਸ ਤੋਂ ਬਾਅਦ ਹੋਰ ਕੋਈ ਪੁਜਾਰੀ ਨਹੀਂ ਬਣੇਗਾ। 25 ਇਸ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਕਾਬਲ ਹੈ ਜਿਹੜੇ ਉਸ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਵਾਸਤੇ ਬੇਨਤੀ ਕਰਨ ਲਈ ਹਮੇਸ਼ਾ ਜੀਉਂਦਾ ਰਹਿੰਦਾ ਹੈ।
26 ਸਾਡੇ ਲਈ ਅਜਿਹਾ ਮਹਾਂ ਪੁਜਾਰੀ ਢੁਕਵਾਂ ਹੈ ਜਿਹੜਾ ਵਫ਼ਾਦਾਰ, ਨਿਰਦੋਸ਼, ਬੇਦਾਗ਼, ਪਾਪੀਆਂ ਤੋਂ ਵੱਖਰਾ ਹੈ ਅਤੇ ਜਿਸ ਨੂੰ ਸਵਰਗਾਂ ਤੋਂ ਉੱਚਾ ਕੀਤਾ ਗਿਆ ਹੈ। 27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਤੇ ਫਿਰ ਲੋਕਾਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲੀਦਾਨ ਚੜ੍ਹਾਇਆ। 28 ਮੂਸਾ ਦੇ ਕਾਨੂੰਨ ਅਨੁਸਾਰ, ਜਿਨ੍ਹਾਂ ਆਦਮੀਆਂ ਨੂੰ ਮਹਾਂ ਪੁਜਾਰੀ ਬਣਾਇਆ ਜਾਂਦਾ ਹੈ, ਉਨ੍ਹਾਂ ਵਿਚ ਕਮਜ਼ੋਰੀਆਂ ਹੁੰਦੀਆਂ ਹਨ, ਪਰ ਸਹੁੰ ਦੇ ਬਚਨ ਅਨੁਸਾਰ, ਜਿਹੜਾ ਕਾਨੂੰਨ ਤੋਂ ਬਾਅਦ ਦਿੱਤਾ ਗਿਆ ਸੀ, ਪਰਮੇਸ਼ੁਰ ਦੇ ਪੁੱਤਰ ਨੂੰ ਪੁਜਾਰੀ ਬਣਾਇਆ ਗਿਆ ਜਿਸ ਨੂੰ ਹਮੇਸ਼ਾ ਲਈ ਮੁਕੰਮਲ ਬਣਾ ਦਿੱਤਾ ਗਿਆ ਹੈ।