ਯੂਹੰਨਾ
1 ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਤੋਂ ਬਹੁਤ ਸਮਾਂ ਪਹਿਲਾਂ “ਸ਼ਬਦ”* ਸੀ ਅਤੇ “ਸ਼ਬਦ” ਪਰਮੇਸ਼ੁਰ ਦੇ ਨਾਲ ਸੀ ਅਤੇ “ਸ਼ਬਦ” ਇਕ ਈਸ਼ਵਰ* ਸੀ। 2 ਉਹ ਸ਼ੁਰੂ ਵਿਚ ਪਰਮੇਸ਼ੁਰ ਦੇ ਨਾਲ ਸੀ। 3 ਸਾਰੀਆਂ ਚੀਜ਼ਾਂ ਉਸ ਰਾਹੀਂ ਬਣਾਈਆਂ ਗਈਆਂ ਅਤੇ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਜੋ ਉਸ ਤੋਂ ਬਿਨਾਂ ਬਣਾਈ ਗਈ ਹੋਵੇ।
4 ਉਸ ਰਾਹੀਂ ਜ਼ਿੰਦਗੀ ਹੋਂਦ ਵਿਚ ਆਈ ਅਤੇ ਉਸ ਦੀ ਜ਼ਿੰਦਗੀ ਇਨਸਾਨਾਂ ਲਈ ਚਾਨਣ ਸੀ। 5 ਇਹ ਚਾਨਣ ਹਨੇਰੇ ਵਿਚ ਚਮਕ ਰਿਹਾ ਹੈ ਅਤੇ ਹਨੇਰਾ ਇਸ ਚਾਨਣ ਨੂੰ ਬੁਝਾ ਨਾ ਸਕਿਆ।
6 ਇਕ ਆਦਮੀ ਆਇਆ ਜਿਸ ਨੂੰ ਪਰਮੇਸ਼ੁਰ ਨੇ ਘੱਲਿਆ ਸੀ: ਉਸ ਦਾ ਨਾਂ ਯੂਹੰਨਾ ਸੀ। 7 ਉਹ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ ਤਾਂਕਿ ਉਸ ਰਾਹੀਂ ਹਰ ਤਰ੍ਹਾਂ ਦੇ ਲੋਕ ਵਿਸ਼ਵਾਸ ਕਰ ਸਕਣ। 8 ਉਹ ਆਪ ਇਹ ਚਾਨਣ ਨਹੀਂ ਸੀ, ਪਰ ਉਸ ਨੂੰ ਇਸ ਚਾਨਣ ਬਾਰੇ ਗਵਾਹੀ ਦੇਣ ਲਈ ਘੱਲਿਆ ਗਿਆ ਸੀ।
9 ਸੱਚਾ ਚਾਨਣ ਜੋ ਹਰ ਤਰ੍ਹਾਂ ਦੇ ਲੋਕਾਂ ਉੱਤੇ ਚਮਕਦਾ ਹੈ, ਦੁਨੀਆਂ ਵਿਚ ਜਲਦੀ ਆਉਣ ਵਾਲਾ ਸੀ। 10 ਉਹ ਦੁਨੀਆਂ ਵਿਚ ਸੀ ਅਤੇ ਦੁਨੀਆਂ ਉਸੇ ਦੇ ਰਾਹੀਂ ਬਣਾਈ ਗਈ ਸੀ, ਪਰ ਦੁਨੀਆਂ ਉਸ ਨੂੰ ਨਹੀਂ ਜਾਣਦੀ ਸੀ। 11 ਉਹ ਆਪਣੇ ਘਰ ਆਇਆ, ਪਰ ਉਸ ਦੇ ਆਪਣਿਆਂ ਨੇ ਹੀ ਉਸ ਨੂੰ ਕਬੂਲ ਨਾ ਕੀਤਾ। 12 ਪਰ ਜਿੰਨੇ ਵੀ ਲੋਕਾਂ ਨੇ ਉਸ ਨੂੰ ਕਬੂਲ ਕੀਤਾ, ਉਨ੍ਹਾਂ ਨੂੰ ਉਸ ਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਹੱਕ ਦਿੱਤਾ, ਕਿਉਂਕਿ ਉਨ੍ਹਾਂ ਨੇ ਉਸ ਦੇ ਨਾਂ ਉੱਤੇ ਨਿਹਚਾ ਕੀਤੀ ਸੀ; 13 ਅਤੇ ਉਨ੍ਹਾਂ ਦਾ ਜਨਮ ਨਾ ਖ਼ੂਨ ਦੇ ਰਿਸ਼ਤੇ ਕਰਕੇ, ਨਾ ਮਾਂ-ਬਾਪ ਕਰਕੇ ਤੇ ਨਾ ਕਿਸੇ ਇਨਸਾਨ ਕਰਕੇ ਹੋਇਆ ਸੀ, ਸਗੋਂ ਪਰਮੇਸ਼ੁਰ ਕਰਕੇ ਹੋਇਆ ਸੀ।
14 “ਸ਼ਬਦ” ਇਨਸਾਨ ਬਣ ਕੇ ਸਾਡੇ ਵਿਚ ਰਿਹਾ ਅਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ ਨੂੰ ਹੀ ਦਿੰਦਾ ਹੈ; ਅਤੇ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਅਤੇ ਉਹ ਸੱਚਾਈ ਨਾਲ ਭਰਪੂਰ ਸੀ। 15 (ਯੂਹੰਨਾ ਨੇ ਉਸ ਬਾਰੇ ਉੱਚੀ-ਉੱਚੀ ਗਵਾਹੀ ਦਿੰਦੇ ਹੋਏ ਕਿਹਾ ਸੀ: “ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ, ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ।”) 16 ਅਸੀਂ ਸਾਰਿਆਂ ਨੇ ਉਸ ਤੋਂ ਅਪਾਰ ਕਿਰਪਾ ਪਾਈ ਕਿਉਂਕਿ ਉਹ ਅਪਾਰ ਕਿਰਪਾ ਨਾਲ ਭਰਪੂਰ ਸੀ। 17 ਜਦ ਕਿ ਕਾਨੂੰਨ ਮੂਸਾ ਰਾਹੀਂ ਦਿੱਤਾ ਗਿਆ ਸੀ, ਪਰ ਅਪਾਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀ ਗਈ। 18 ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ; ਪਰ ਇਕਲੌਤੇ ਪੁੱਤਰ* ਨੇ, ਜਿਹੜਾ ਪਿਤਾ ਦੇ ਸਭ ਤੋਂ ਕਰੀਬ ਹੈ, ਉਸ ਬਾਰੇ ਸਾਨੂੰ ਦੱਸਿਆ।
19 ਹੁਣ ਯਹੂਦੀਆਂ ਨੇ ਯਰੂਸ਼ਲਮ ਤੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਘੱਲ ਕੇ ਯੂਹੰਨਾ ਤੋਂ ਪੁੱਛਿਆ: “ਤੂੰ ਕੌਣ ਹੈਂ?” 20 ਉਹ ਉਨ੍ਹਾਂ ਨੂੰ ਜਵਾਬ ਦੇਣ ਤੋਂ ਕਤਰਾਇਆ ਨਹੀਂ, ਸਗੋਂ ਉਸ ਨੇ ਸਾਫ਼-ਸਾਫ਼ ਕਬੂਲ ਕੀਤਾ: “ਮੈਂ ਮਸੀਹ ਨਹੀਂ ਹਾਂ।” 21 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਕੀ ਤੂੰ ਏਲੀਯਾਹ ਹੈਂ?” ਉਸ ਨੇ ਕਿਹਾ: “ਮੈਂ ਏਲੀਯਾਹ ਨਬੀ ਨਹੀਂ ਹਾਂ।” “ਕੀ ਤੂੰ ਨਬੀ ਹੈਂ ਜਿਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ?” ਉਸ ਨੇ ਜਵਾਬ ਦਿੱਤਾ: “ਨਹੀਂ!” 22 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਕੌਣ ਹੈਂ? ਸਾਨੂੰ ਦੱਸ ਤਾਂਕਿ ਅਸੀਂ ਵੀ ਜਾ ਕੇ ਆਪਣੇ ਘੱਲਣ ਵਾਲਿਆਂ ਨੂੰ ਦੱਸੀਏ। ਤੂੰ ਆਪਣੇ ਬਾਰੇ ਕੀ ਕਹਿੰਦਾ ਹੈਂ?” 23 ਉਸ ਨੇ ਕਿਹਾ: “ਮੈਂ ਉਹ ਹਾਂ ਜਿਹੜਾ ਉਜਾੜ ਵਿਚ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ, ‘ਯਹੋਵਾਹ ਦਾ ਰਾਹ ਸਿੱਧਾ ਕਰੋ,’ ਜਿਵੇਂ ਯਸਾਯਾਹ ਨਬੀ ਨੇ ਕਿਹਾ ਸੀ।” 24 ਉਨ੍ਹਾਂ ਪੁਜਾਰੀਆਂ ਤੇ ਲੇਵੀਆਂ ਨੂੰ ਫ਼ਰੀਸੀਆਂ ਨੇ ਘੱਲਿਆ ਸੀ। 25 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਤੂੰ ਬਪਤਿਸਮਾ ਕਿਉਂ ਦਿੰਦਾ ਹੈਂ ਜੇ ਤੂੰ ਮਸੀਹ ਜਾਂ ਏਲੀਯਾਹ ਨਬੀ ਜਾਂ ਉਹ ਨਬੀ ਨਹੀਂ ਹੈਂ ਜਿਸ ਦੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ?” 26 ਯੂਹੰਨਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਪਾਣੀ ਵਿਚ ਬਪਤਿਸਮਾ ਦਿੰਦਾ ਹਾਂ। ਤੁਹਾਡੇ ਵਿਚਕਾਰ ਕੋਈ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ, 27 ਉਹ ਮੇਰੇ ਪਿੱਛੇ ਆ ਰਿਹਾ ਹੈ, ਪਰ ਮੈਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।” 28 ਇਹ ਸਭ ਗੱਲਾਂ ਯਰਦਨ ਦਰਿਆ ਦੇ ਪਾਰ ਬੈਥਨੀਆ* ਨਾਂ ਦੀ ਜਗ੍ਹਾ ਵਿਚ ਹੋਈਆਂ ਸਨ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਹੁੰਦਾ ਸੀ।
29 ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਦੁਨੀਆਂ ਦਾ ਪਾਪ ਮਿਟਾ ਦੇਵੇਗਾ! 30 ਮੈਂ ਇਸੇ ਬਾਰੇ ਤੁਹਾਨੂੰ ਦੱਸਿਆ ਸੀ ਕਿ ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ, ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ। 31 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਮੈਂ ਪਾਣੀ ਵਿਚ ਬਪਤਿਸਮਾ ਇਸੇ ਕਰਕੇ ਦਿੰਦਾ ਹਾਂ ਕਿ ਉਹ ਇਜ਼ਰਾਈਲ ਅੱਗੇ ਪ੍ਰਗਟ ਹੋਵੇ।” 32 ਯੂਹੰਨਾ ਨੇ ਇਹ ਵੀ ਗਵਾਹੀ ਦਿੱਤੀ: “ਮੈਂ ਦੇਖਿਆ ਕਿ ਪਵਿੱਤਰ ਸ਼ਕਤੀ ਕਬੂਤਰ ਦੇ ਰੂਪ ਵਿਚ ਆਕਾਸ਼ੋਂ ਆਈ ਅਤੇ ਉਸ ਉੱਤੇ ਠਹਿਰ ਗਈ। 33 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਜਿਸ* ਨੇ ਮੈਨੂੰ ਪਾਣੀ ਵਿਚ ਬਪਤਿਸਮਾ ਦੇਣ ਲਈ ਘੱਲਿਆ ਸੀ, ਉਸੇ ਨੇ ਮੈਨੂੰ ਦੱਸਿਆ ਸੀ, ‘ਜਿਸ ਉੱਤੇ ਤੂੰ ਪਵਿੱਤਰ ਸ਼ਕਤੀ ਆਉਂਦੀ ਅਤੇ ਠਹਿਰਦੀ ਦੇਖੇਂ, ਉਹੀ ਪਵਿੱਤਰ ਸ਼ਕਤੀ ਨਾਲ ਬਪਤਿਸਮਾ ਦੇਵੇਗਾ।’ 34 ਅਤੇ ਮੈਂ ਆਪਣੀ ਅੱਖੀਂ ਇਹ ਹੁੰਦਾ ਦੇਖਿਆ ਅਤੇ ਇਸ ਬਾਰੇ ਗਵਾਹੀ ਦਿੱਤੀ ਕਿ ਇਹੀ ਪਰਮੇਸ਼ੁਰ ਦਾ ਪੁੱਤਰ ਹੈ।”
35 ਫਿਰ ਅਗਲੇ ਦਿਨ ਯੂਹੰਨਾ ਆਪਣੇ ਦੋ ਚੇਲਿਆਂ ਨਾਲ ਖੜ੍ਹਾ ਸੀ, 36 ਅਤੇ ਉਸ ਨੇ ਯਿਸੂ ਨੂੰ ਲੰਘਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ!” 37 ਅਤੇ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ-ਪਿੱਛੇ ਤੁਰ ਪਏ। 38 ਫਿਰ ਯਿਸੂ ਨੇ ਮੁੜ ਕੇ ਉਨ੍ਹਾਂ ਨੂੰ ਆਪਣੇ ਪਿੱਛੇ-ਪਿੱਛੇ ਆਉਂਦਿਆਂ ਦੇਖਿਆ ਅਤੇ ਉਨ੍ਹਾਂ ਨੂੰ ਪੁੱਛਿਆ: “ਹਾਂਜੀ, ਦੱਸੋ ਤੁਸੀਂ ਕੀ ਚਾਹੁੰਦੇ ਹੋ?” ਉਨ੍ਹਾਂ ਨੇ ਕਿਹਾ: “‘ਰੱਬੀ,’ (ਜਿਸ ਦਾ ਮਤਲਬ ਹੈ ਗੁਰੂ) ਤੂੰ ਕਿੱਥੇ ਠਹਿਰਿਆ ਹੋਇਆ ਹੈਂ?” 39 ਉਸ ਨੇ ਕਿਹਾ: “ਤੁਸੀਂ ਆਪ ਮੇਰੇ ਨਾਲ ਆ ਕੇ ਦੇਖ ਲਓ।” ਇਸ ਲਈ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਉਹ ਕਿੱਥੇ ਠਹਿਰਿਆ ਹੋਇਆ ਸੀ ਅਤੇ ਉਹ ਉਸ ਦਿਨ ਉਸ ਦੇ ਨਾਲ ਰਹੇ; ਅਤੇ ਉਸ ਵੇਲੇ ਸ਼ਾਮ ਦੇ ਚਾਰ ਕੁ ਵੱਜੇ* ਸਨ। 40 ਸ਼ਮਊਨ ਪਤਰਸ ਦਾ ਭਰਾ ਅੰਦ੍ਰਿਆਸ ਉਨ੍ਹਾਂ ਦੋ ਚੇਲਿਆਂ ਵਿੱਚੋਂ ਸੀ ਜਿਹੜਾ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ-ਪਿੱਛੇ ਤੁਰ ਪਿਆ ਸੀ। 41 ਪਹਿਲਾਂ ਉਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ: “ਸਾਨੂੰ ਮਸੀਹ ਮਿਲ ਗਿਆ ਹੈ।” (ਮਸੀਹ ਦਾ ਮਤਲਬ ਹੈ ਚੁਣਿਆ ਹੋਇਆ।) 42 ਉਹ ਉਸ ਨੂੰ ਯਿਸੂ ਕੋਲ ਲੈ ਗਿਆ। ਯਿਸੂ ਨੇ ਉਸ ਨੂੰ ਦੇਖ ਕੇ ਕਿਹਾ: “ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ; ਹੁਣ ਤੋਂ ਤੇਰਾ ਨਾਂ ਕੇਫ਼ਾਸ (ਯੂਨਾਨੀ ਵਿਚ ਪਤਰਸ)* ਹੋਵੇਗਾ।”
43 ਅਗਲੇ ਦਿਨ ਯਿਸੂ ਗਲੀਲ ਨੂੰ ਜਾਣਾ ਚਾਹੁੰਦਾ ਸੀ। ਅਤੇ ਉਸ ਨੂੰ ਫ਼ਿਲਿੱਪੁਸ ਮਿਲਿਆ ਅਤੇ ਉਸ ਨੇ ਫ਼ਿਲਿੱਪੁਸ ਨੂੰ ਕਿਹਾ: “ਮੇਰਾ ਚੇਲਾ ਬਣ ਜਾ।” 44 ਫ਼ਿਲਿੱਪੁਸ ਬੈਤਸੈਦਾ ਸ਼ਹਿਰ ਦਾ ਰਹਿਣ ਵਾਲਾ ਸੀ ਜਿੱਥੋਂ ਅੰਦ੍ਰਿਆਸ ਤੇ ਪਤਰਸ ਵੀ ਸਨ। 45 ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭ ਕੇ ਕਿਹਾ: “ਸਾਨੂੰ ਉਹ ਆਦਮੀ ਮਿਲ ਗਿਆ ਹੈ ਜਿਸ ਬਾਰੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਦੱਸਿਆ ਗਿਆ ਸੀ। ਉਹ ਨਾਸਰਤ ਤੋਂ ਯੂਸੁਫ਼ ਦਾ ਪੁੱਤਰ ਯਿਸੂ ਹੈ।” 46 ਪਰ ਨਥਾਨਿਏਲ ਨੇ ਉਸ ਨੂੰ ਕਿਹਾ: “ਭਲਾ ਨਾਸਰਤ ਵਿਚ ਵੀ ਕੋਈ ਚੰਗਾ ਆਦਮੀ ਹੋ ਸਕਦਾ ਹੈ?” ਫ਼ਿਲਿੱਪੁਸ ਨੇ ਉਸ ਨੂੰ ਕਿਹਾ: “ਤੂੰ ਆਪ ਆ ਕੇ ਦੇਖ ਲੈ।” 47 ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਉਸ ਬਾਰੇ ਕਿਹਾ: “ਦੇਖੋ, ਇਕ ਇਜ਼ਰਾਈਲੀ ਜਿਸ ਦੇ ਮਨ ਵਿਚ ਸੱਚ-ਮੁੱਚ ਕੋਈ ਖੋਟ ਨਹੀਂ ਹੈ।” 48 ਨਥਾਨਿਏਲ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਕਿਵੇਂ ਜਾਣਦਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਫ਼ਿਲਿੱਪੁਸ ਦੇ ਬੁਲਾਉਣ ਤੋਂ ਪਹਿਲਾਂ ਜਦ ਤੂੰ ਅੰਜੀਰ ਦੇ ਦਰਖ਼ਤ ਹੇਠ ਸੀ, ਉਸ ਵੇਲੇ ਮੈਂ ਤੈਨੂੰ ਦੇਖਿਆ ਸੀ।” 49 ਨਥਾਨਿਏਲ ਨੇ ਕਿਹਾ: “ਗੁਰੂ ਜੀ, ਤੂੰ ਹੀ ਪਰਮੇਸ਼ੁਰ ਦਾ ਪੁੱਤਰ ਹੈਂ, ਤੂੰ ਹੀ ਇਜ਼ਰਾਈਲ ਦਾ ਰਾਜਾ ਹੈਂ।” 50 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਕੀ ਤੂੰ ਮੇਰੇ ਉੱਤੇ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿਉਂਕਿ ਮੈਂ ਤੈਨੂੰ ਦੱਸਿਆ ਕਿ ਮੈਂ ਤੈਨੂੰ ਅੰਜੀਰ ਦੇ ਦਰਖ਼ਤ ਹੇਠਾਂ ਦੇਖਿਆ ਸੀ? ਤੂੰ ਇਸ ਤੋਂ ਵੀ ਵੱਡੇ-ਵੱਡੇ ਕੰਮ ਦੇਖੇਂਗਾ।” 51 ਯਿਸੂ ਨੇ ਅੱਗੇ ਉਸ ਨੂੰ ਕਿਹਾ: “ਮੈਂ ਤੁਹਾਨੂੰ ਸਾਰਿਆਂ ਨੂੰ ਸੱਚ-ਸੱਚ ਦੱਸਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਿਆ ਹੋਇਆ ਅਤੇ ਪਰਮੇਸ਼ੁਰ ਦੇ ਦੂਤਾਂ ਨੂੰ ਥੱਲੇ ਉੱਤਰ ਕੇ ਮਨੁੱਖ ਦੇ ਪੁੱਤਰ ਕੋਲ ਆਉਂਦੇ ਅਤੇ ਉੱਪਰ ਜਾਂਦੇ ਹੋਏ ਦੇਖੋਗੇ।”