ਦੂਜਾ ਇਤਿਹਾਸ
20 ਇਸ ਤੋਂ ਬਾਅਦ ਮੋਆਬੀ+ ਤੇ ਅੰਮੋਨੀ+ ਕੁਝ ਅਮਊਨੀ* ਲੋਕਾਂ ਨਾਲ ਯਹੋਸ਼ਾਫ਼ਾਟ ਖ਼ਿਲਾਫ਼ ਯੁੱਧ ਕਰਨ ਆਏ। 2 ਇਸ ਲਈ ਯਹੋਸ਼ਾਫ਼ਾਟ ਨੂੰ ਦੱਸਿਆ ਗਿਆ: “ਤੇਰੇ ਖ਼ਿਲਾਫ਼ ਇਕ ਵੱਡੀ ਭੀੜ ਸਮੁੰਦਰ* ਦੇ ਇਲਾਕੇ ਤੋਂ, ਅਦੋਮ+ ਤੋਂ ਆਈ ਹੈ ਅਤੇ ਉਹ ਹੁਣ ਹਸਾਸੋਨ-ਤਾਮਾਰ ਯਾਨੀ ਏਨ-ਗਦੀ+ ਵਿਚ ਹੈ।” 3 ਇਹ ਸੁਣ ਕੇ ਯਹੋਸ਼ਾਫ਼ਾਟ ਡਰ ਗਿਆ ਤੇ ਉਸ ਨੇ ਯਹੋਵਾਹ ਨੂੰ ਭਾਲਣ ਦੀ ਠਾਣ ਲਈ।*+ ਇਸ ਲਈ ਉਸ ਨੇ ਸਾਰੇ ਯਹੂਦਾਹ ਵਿਚ ਵਰਤ ਦਾ ਐਲਾਨ ਕੀਤਾ। 4 ਫਿਰ ਯਹੂਦਾਹ ਦੇ ਲੋਕ ਯਹੋਵਾਹ ਤੋਂ ਸਲਾਹ ਲੈਣ ਲਈ ਇਕੱਠੇ ਹੋਏ;+ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਯਹੋਵਾਹ ਤੋਂ ਸਲਾਹ ਪੁੱਛਣ ਆਏ ਸਨ।
5 ਫਿਰ ਯਹੋਸ਼ਾਫ਼ਾਟ ਯਹੋਵਾਹ ਦੇ ਭਵਨ ਵਿਚ ਨਵੇਂ ਵਿਹੜੇ ਦੇ ਸਾਮ੍ਹਣੇ ਯਹੂਦਾਹ ਤੇ ਯਰੂਸ਼ਲਮ ਦੀ ਮੰਡਲੀ ਵਿਚ ਖੜ੍ਹਾ ਹੋਇਆ 6 ਅਤੇ ਉਸ ਨੇ ਕਿਹਾ:
“ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+ 7 ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਜ਼ਰਾਈਲ ਦੇ ਅੱਗਿਓਂ ਭਜਾ ਨਹੀਂ ਦਿੱਤਾ ਸੀ ਤੇ ਫਿਰ ਇਹ ਦੇਸ਼ ਮਲਕੀਅਤ ਵਜੋਂ ਆਪਣੇ ਦੋਸਤ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਨਹੀਂ ਦੇ ਦਿੱਤਾ ਸੀ?+ 8 ਅਤੇ ਉਹ ਉਸ ਵਿਚ ਵੱਸ ਗਏ ਤੇ ਉਨ੍ਹਾਂ ਨੇ ਉੱਥੇ ਤੇਰੇ ਨਾਂ ਲਈ ਪਵਿੱਤਰ ਸਥਾਨ ਬਣਾਇਆ+ ਤੇ ਕਿਹਾ, 9 ‘ਜੇ ਸਾਡੇ ਉੱਤੇ ਬਿਪਤਾ ਆਵੇ, ਚਾਹੇ ਤਲਵਾਰ ਨਾਲ, ਸਜ਼ਾ ਮਿਲਣ ਕਰਕੇ, ਮਹਾਂਮਾਰੀ ਜਾਂ ਕਾਲ਼ ਕਰਕੇ, ਤਾਂ ਸਾਨੂੰ ਇਸ ਭਵਨ ਅਤੇ ਆਪਣੇ ਸਾਮ੍ਹਣੇ ਖੜ੍ਹੇ ਹੋਣ ਦੇਈਂ (ਕਿਉਂਕਿ ਇਸ ਭਵਨ ਵਿਚ ਤੇਰਾ ਨਾਂ ਹੈ)+ ਤਾਂਕਿ ਅਸੀਂ ਆਪਣੇ ਕਸ਼ਟ ਵਿਚ ਤੈਨੂੰ ਮਦਦ ਲਈ ਪੁਕਾਰ ਸਕੀਏ। ਫਿਰ ਹੇ ਪਰਮੇਸ਼ੁਰ, ਤੂੰ ਸੁਣੀਂ ਤੇ ਸਾਨੂੰ ਬਚਾ ਲਵੀਂ।’+ 10 ਹੁਣ ਅੰਮੋਨ, ਮੋਆਬ ਅਤੇ ਸੇਈਰ ਦੇ ਪਹਾੜੀ ਇਲਾਕੇ+ ਦੇ ਆਦਮੀਆਂ ਨੂੰ ਦੇਖ ਜਿਨ੍ਹਾਂ ਉੱਤੇ ਹਮਲਾ ਕਰਨ ਦੀ ਤੂੰ ਇਜ਼ਰਾਈਲ ਨੂੰ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆ ਰਹੇ ਸਨ। ਉਹ ਉਨ੍ਹਾਂ ਤੋਂ ਪਿਛਾਹਾਂ ਹਟ ਗਏ ਤੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ।+ 11 ਦੇਖ ਹੁਣ ਉਹ ਬਦਲੇ ਵਿਚ ਸਾਡੇ ਨਾਲ ਕੀ ਕਰ ਰਹੇ ਹਨ। ਉਹ ਸਾਨੂੰ ਤੇਰੀ ਮਲਕੀਅਤ ਵਿੱਚੋਂ ਕੱਢਣ ਆ ਰਹੇ ਹਨ ਜੋ ਤੂੰ ਸਾਨੂੰ ਵਿਰਾਸਤ ਵਜੋਂ ਦਿੱਤੀ।+ 12 ਹੇ ਸਾਡੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਨੂੰ ਸਜ਼ਾ ਨਹੀਂ ਦੇਵੇਂਗਾ?+ ਕਿਉਂਕਿ ਅਸੀਂ ਇਸ ਵੱਡੀ ਭੀੜ ਦੇ ਸਾਮ੍ਹਣੇ ਨਿਰਬਲ ਹਾਂ ਜੋ ਸਾਡੇ ਵਿਰੁੱਧ ਆ ਰਹੀ ਹੈ; ਅਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ,+ ਪਰ ਸਾਡੀਆਂ ਨਜ਼ਰਾਂ ਤੇਰੇ ʼਤੇ ਲੱਗੀਆਂ ਹਨ।”+
13 ਇਸ ਦੌਰਾਨ ਯਹੂਦਾਹ ਦੇ ਸਾਰੇ ਆਦਮੀ ਆਪਣੀਆਂ ਪਤਨੀਆਂ, ਆਪਣੇ ਬੱਚਿਆਂ* ਤੇ ਆਪਣੇ ਨੰਨ੍ਹੇ-ਮੁੰਨ੍ਹਿਆਂ ਨਾਲ ਯਹੋਵਾਹ ਅੱਗੇ ਖੜ੍ਹੇ ਸਨ।
14 ਫਿਰ ਮੰਡਲੀ ਦੇ ਵਿਚਕਾਰ ਯਹੋਵਾਹ ਦੀ ਸ਼ਕਤੀ ਲੇਵੀ ਯਹਜ਼ੀਏਲ ਉੱਤੇ ਆਈ ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ। ਉਹ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਬਨਾਯਾਹ ਦਾ, ਬਨਾਯਾਹ ਯਈਏਲ ਦਾ ਤੇ ਯਈਏਲ ਮਤਨਯਾਹ ਦਾ ਪੁੱਤਰ ਸੀ। 15 ਉਸ ਨੇ ਕਿਹਾ: “ਹੇ ਸਾਰੇ ਯਹੂਦਾਹ, ਯਰੂਸ਼ਲਮ ਦੇ ਵਾਸੀਓ ਤੇ ਰਾਜਾ ਯਹੋਸ਼ਾਫ਼ਾਟ, ਧਿਆਨ ਦਿਓ! ਯਹੋਵਾਹ ਤੁਹਾਨੂੰ ਇਹ ਕਹਿੰਦਾ ਹੈ, ‘ਇਸ ਵੱਡੀ ਭੀੜ ਕਰਕੇ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਕਿਉਂਕਿ ਇਹ ਯੁੱਧ ਤੁਹਾਡਾ ਨਹੀਂ, ਸਗੋਂ ਪਰਮੇਸ਼ੁਰ ਦਾ ਹੈ।+ 16 ਕੱਲ੍ਹ ਤੁਸੀਂ ਉਨ੍ਹਾਂ ਖ਼ਿਲਾਫ਼ ਹੇਠਾਂ ਜਾਇਓ। ਉਹ ਸੀਸ ਦੀ ਚੜ੍ਹਾਈ ਥਾਣੀਂ ਉਤਾਹਾਂ ਆਉਣਗੇ ਅਤੇ ਯਰੂਏਲ ਦੀ ਉਜਾੜ ਤੋਂ ਪਹਿਲਾਂ ਆਉਂਦੀ ਵਾਦੀ ਦੇ ਸਿਰੇ ʼਤੇ ਉਹ ਤੁਹਾਨੂੰ ਮਿਲਣਗੇ। 17 ਤੁਹਾਨੂੰ ਇਹ ਯੁੱਧ ਲੜਨਾ ਨਹੀਂ ਪਵੇਗਾ। ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ+ ਤੇ ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਮੁਕਤੀ ਦਿੰਦਾ ਹੈ।*+ ਹੇ ਯਹੂਦਾਹ ਤੇ ਯਰੂਸ਼ਲਮ, ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ।+ ਕੱਲ੍ਹ ਤੁਸੀਂ ਉਨ੍ਹਾਂ ਦੇ ਵਿਰੁੱਧ ਜਾਇਓ ਤੇ ਯਹੋਵਾਹ ਤੁਹਾਡੇ ਨਾਲ ਹੋਵੇਗਾ।’”+
18 ਯਹੋਸ਼ਾਫ਼ਾਟ ਨੇ ਉਸੇ ਵੇਲੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਸਾਰੇ ਯਹੂਦਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਯਹੋਵਾਹ ਅੱਗੇ ਸਿਰ ਨਿਵਾਇਆ ਅਤੇ ਯਹੋਵਾਹ ਦੀ ਭਗਤੀ ਕੀਤੀ। 19 ਫਿਰ ਲੇਵੀ, ਜੋ ਕੋਰਹ ਤੇ ਕਹਾਥ ਦੀ ਔਲਾਦ ਸਨ,+ ਬਹੁਤ ਉੱਚੀ ਆਵਾਜ਼ ਵਿਚ+ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਖੜ੍ਹੇ ਹੋਏ।
20 ਅਗਲੀ ਸਵੇਰ ਉਹ ਜਲਦੀ ਉੱਠੇ ਤੇ ਤਕੋਆ ਦੀ ਉਜਾੜ ਵੱਲ ਨੂੰ ਚਲੇ ਗਏ।+ ਜਦੋਂ ਉਹ ਜਾ ਰਹੇ ਸਨ, ਤਾਂ ਯਹੋਸ਼ਾਫ਼ਾਟ ਨੇ ਖੜ੍ਹ ਕੇ ਕਿਹਾ: “ਹੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਓ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਕਰੋ ਤਾਂਕਿ ਤੁਸੀਂ ਡਟ ਕੇ ਖੜ੍ਹੇ ਰਹਿ ਸਕੋ।* ਉਸ ਦੇ ਨਬੀਆਂ ʼਤੇ ਨਿਹਚਾ ਕਰੋ+ ਅਤੇ ਤੁਸੀਂ ਸਫ਼ਲ ਹੋਵੋਗੇ।”
21 ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਸ ਨੇ ਆਦਮੀਆਂ ਨੂੰ ਠਹਿਰਾਇਆ ਕਿ ਉਹ ਪਵਿੱਤਰ ਪਹਿਰਾਵਾ ਪਾ ਕੇ ਹਥਿਆਰਬੰਦ ਆਦਮੀਆਂ ਦੇ ਅੱਗੇ-ਅੱਗੇ ਜਾਂਦੇ ਹੋਏ ਯਹੋਵਾਹ ਲਈ ਗਾਉਣ+ ਤੇ ਉਸ ਦੀ ਮਹਿਮਾ ਕਰਨ ਲਈ ਕਹਿਣ: “ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”+
22 ਜਦੋਂ ਉਹ ਖ਼ੁਸ਼ੀ-ਖ਼ੁਸ਼ੀ ਮਹਿਮਾ ਦੇ ਗੀਤ ਗਾਉਣ ਲੱਗੇ, ਤਾਂ ਯਹੋਵਾਹ ਨੇ ਅੰਮੋਨ, ਮੋਆਬ ਅਤੇ ਸੇਈਰ ਦੇ ਪਹਾੜੀ ਇਲਾਕੇ ਦੇ ਉਨ੍ਹਾਂ ਆਦਮੀਆਂ ਖ਼ਿਲਾਫ਼ ਘਾਤ ਲਗਵਾਈ ਜੋ ਯਹੂਦਾਹ ʼਤੇ ਹਮਲਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਹੀ ਮਾਰ ਸੁੱਟਿਆ।+ 23 ਫਿਰ ਅੰਮੋਨੀਆਂ ਤੇ ਮੋਆਬੀਆਂ ਨੇ ਸੇਈਰ ਦੇ ਪਹਾੜੀ ਇਲਾਕੇ ਦੇ ਵਾਸੀਆਂ ਦਾ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਚੜ੍ਹਾਈ ਕੀਤੀ;+ ਜਦੋਂ ਉਹ ਸੇਈਰ ਦੇ ਵਾਸੀਆਂ ਨੂੰ ਖ਼ਤਮ ਕਰ ਚੁੱਕੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਮਾਰ ਮੁਕਾਇਆ।+
24 ਪਰ ਜਦੋਂ ਯਹੂਦਾਹ ਦੇ ਲੋਕ ਉਜਾੜ ਦੇ ਪਹਿਰੇਦਾਰਾਂ ਦੇ ਬੁਰਜ ਕੋਲ ਆਏ+ ਤੇ ਭੀੜ ਵੱਲ ਦੇਖਿਆ, ਤਾਂ ਉਨ੍ਹਾਂ ਨੂੰ ਜ਼ਮੀਨ ʼਤੇ ਉਨ੍ਹਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ ਨਜ਼ਰ ਆਈਆਂ;+ ਕੋਈ ਇਕ ਵੀ ਨਾ ਬਚਿਆ। 25 ਇਸ ਲਈ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਆਏ ਅਤੇ ਉਨ੍ਹਾਂ ਨੂੰ ਢੇਰ ਸਾਰੀਆਂ ਚੀਜ਼ਾਂ, ਕੱਪੜੇ ਅਤੇ ਮਨਭਾਉਂਦੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਨੂੰ ਉਹ ਆਪਣੇ ਲਈ ਉਦੋਂ ਤਕ ਸਮੇਟਦੇ ਰਹੇ ਜਦ ਤਕ ਉਹ ਹੋਰ ਨਾ ਲਿਜਾ ਸਕੇ।+ ਲੁੱਟ ਦਾ ਮਾਲ ਇੰਨਾ ਜ਼ਿਆਦਾ ਸੀ ਕਿ ਇਸ ਨੂੰ ਲਿਜਾਣ ਲਈ ਉਨ੍ਹਾਂ ਨੂੰ ਤਿੰਨ ਦਿਨ ਲੱਗੇ। 26 ਚੌਥੇ ਦਿਨ ਉਹ ਬਰਾਕਾਹ ਵਾਦੀ ਵਿਚ ਇਕੱਠੇ ਹੋਏ ਅਤੇ ਉੱਥੇ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਕੀਤੀ।* ਇਸੇ ਕਰਕੇ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਬਰਾਕਾਹ* ਦੀ ਵਾਦੀ ਰੱਖਿਆ+ ਤੇ ਅੱਜ ਤਕ ਉਸ ਦਾ ਇਹੀ ਨਾਂ ਹੈ।
27 ਫਿਰ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਆਦਮੀ ਖ਼ੁਸ਼ੀਆਂ ਮਨਾਉਂਦੇ ਹੋਏ ਯਰੂਸ਼ਲਮ ਮੁੜ ਆਏ ਤੇ ਉਨ੍ਹਾਂ ਦੇ ਅੱਗੇ-ਅੱਗੇ ਯਹੋਸ਼ਾਫ਼ਾਟ ਸੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਵੈਰੀਆਂ ਨੂੰ ਹਰਾ ਕੇ ਉਨ੍ਹਾਂ ਨੂੰ ਇਹ ਖ਼ੁਸ਼ੀ ਬਖ਼ਸ਼ੀ ਸੀ।+ 28 ਇਸ ਲਈ ਉਹ ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਤੁਰ੍ਹੀਆਂ ਵਜਾਉਂਦੇ ਹੋਏ+ ਯਰੂਸ਼ਲਮ ਆਏ ਤੇ ਯਹੋਵਾਹ ਦੇ ਭਵਨ ਨੂੰ ਗਏ।+ 29 ਪਰਮੇਸ਼ੁਰ ਦਾ ਖ਼ੌਫ਼ ਦੇਸ਼ਾਂ ਦੇ ਸਾਰੇ ਰਾਜਾਂ ʼਤੇ ਫੈਲ ਗਿਆ ਜਦੋਂ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਇਜ਼ਰਾਈਲ ਦੇ ਦੁਸ਼ਮਣਾਂ ਖ਼ਿਲਾਫ਼ ਲੜਿਆ ਸੀ।+ 30 ਇਸ ਤਰ੍ਹਾਂ ਯਹੋਸ਼ਾਫ਼ਾਟ ਦੇ ਰਾਜ ਵਿਚ ਅਮਨ-ਚੈਨ ਸੀ ਅਤੇ ਉਸ ਦਾ ਪਰਮੇਸ਼ੁਰ ਉਸ ਨੂੰ ਹਰ ਪਾਸਿਓਂ ਆਰਾਮ ਦਿੰਦਾ ਰਿਹਾ।+
31 ਯਹੋਸ਼ਾਫ਼ਾਟ ਯਹੂਦਾਹ ʼਤੇ ਰਾਜ ਕਰਦਾ ਰਿਹਾ। ਉਹ 35 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 25 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ।+ 32 ਉਹ ਆਪਣੇ ਪਿਤਾ ਆਸਾ ਦੇ ਰਾਹ ʼਤੇ ਚੱਲਦਾ ਰਿਹਾ।+ ਉਹ ਉਸ ਰਾਹ ਤੋਂ ਭਟਕਿਆ ਨਹੀਂ ਅਤੇ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।+ 33 ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ+ ਅਤੇ ਲੋਕਾਂ ਨੇ ਹਾਲੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਲਈ ਆਪਣੇ ਦਿਲਾਂ ਨੂੰ ਤਿਆਰ ਨਹੀਂ ਕੀਤਾ ਸੀ।+
34 ਯਹੋਸ਼ਾਫ਼ਾਟ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਹਨਾਨੀ+ ਦੇ ਪੁੱਤਰ ਯੇਹੂ+ ਦੀਆਂ ਲਿਖਤਾਂ ਵਿਚ ਦਰਜ ਹੈ ਜੋ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਸ਼ਾਮਲ ਕੀਤੀਆਂ ਗਈਆਂ ਸਨ। 35 ਇਸ ਤੋਂ ਬਾਅਦ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਅਹਜ਼ਯਾਹ ਨਾਲ ਸੰਧੀ ਕੀਤੀ ਜੋ ਬੁਰੇ ਕੰਮ ਕਰਦਾ ਸੀ।+ 36 ਉਸ ਨੇ ਤਰਸ਼ੀਸ਼ ਜਾਣ ਵਾਲੇ ਜਹਾਜ਼ ਬਣਾਉਣ+ ਲਈ ਉਸ ਨੂੰ ਆਪਣਾ ਸਾਂਝੀਦਾਰ ਬਣਾ ਲਿਆ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿਚ ਜਹਾਜ਼ ਬਣਾਏ।+ 37 ਪਰ ਮਾਰੇਸ਼ਾ ਦੇ ਦੋਦਾਵਾਹ ਦੇ ਪੁੱਤਰ ਅਲੀਅਜ਼ਰ ਨੇ ਯਹੋਸ਼ਾਫ਼ਾਟ ਖ਼ਿਲਾਫ਼ ਇਹ ਭਵਿੱਖਬਾਣੀ ਕੀਤੀ: “ਤੂੰ ਅਹਜ਼ਯਾਹ ਨਾਲ ਸੰਧੀ ਕੀਤੀ, ਇਸ ਲਈ ਯਹੋਵਾਹ ਤੇਰੇ ਕੰਮਾਂ ਨੂੰ ਤਬਾਹ ਕਰ ਦੇਵੇਗਾ।”+ ਇਸ ਲਈ ਜਹਾਜ਼ ਟੁੱਟ ਗਏ+ ਤੇ ਉਹ ਤਰਸ਼ੀਸ਼ ਜਾਣ ਦੇ ਕਾਬਲ ਨਾ ਰਹੇ।