ਪਹਿਲਾ ਰਾਜਿਆਂ
2 ਜਦੋਂ ਦਾਊਦ ਮਰਨ ਕਿਨਾਰੇ ਸੀ, ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਹਿਦਾਇਤਾਂ ਦਿੱਤੀਆਂ: 2 “ਮੈਂ ਮਰਨ ਵਾਲਾ ਹਾਂ।* ਇਸ ਲਈ ਤੂੰ ਤਕੜਾ+ ਹੋ ਤੇ ਮਰਦ ਬਣ।+ 3 ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਹਾਂ ʼਤੇ ਚੱਲ ਕੇ ਅਤੇ ਉਸ ਦੇ ਨਿਯਮਾਂ, ਉਸ ਦੇ ਹੁਕਮਾਂ, ਉਸ ਦੇ ਨਿਆਵਾਂ ਤੇ ਉਸ ਦੀਆਂ ਨਸੀਹਤਾਂ* ਮੁਤਾਬਕ ਚੱਲ ਕੇ ਉਸ ਪ੍ਰਤੀ ਆਪਣਾ ਫ਼ਰਜ਼ ਨਿਭਾਈਂ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ;+ ਫਿਰ ਤੂੰ ਜੋ ਵੀ ਕਰੇਂਗਾ ਅਤੇ ਜਿੱਥੇ ਵੀ ਜਾਵੇਂਗਾ, ਤੂੰ ਸਫ਼ਲ ਹੋਵੇਂਗਾ।* 4 ਅਤੇ ਯਹੋਵਾਹ ਮੇਰੇ ਬਾਰੇ ਕੀਤਾ ਆਪਣਾ ਇਹ ਵਾਅਦਾ ਪੂਰਾ ਕਰੇਗਾ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਆਪਣੇ ਸਾਰੇ ਦਿਲ ਤੇ ਸਾਰੀ ਜਾਨ ਨਾਲ ਮੇਰੇ ਅੱਗੇ ਵਫ਼ਾਦਾਰੀ ਨਾਲ ਚੱਲਣ,+ ਤਾਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’*+
5 “ਨਾਲੇ ਤੂੰ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਸਰੂਯਾਹ ਦੇ ਪੁੱਤਰ ਯੋਆਬ ਨੇ ਮੇਰੇ ਨਾਲ ਕੀ ਕੀਤਾ ਸੀ ਅਤੇ ਇਜ਼ਰਾਈਲ ਦੀਆਂ ਫ਼ੌਜਾਂ ਦੇ ਦੋ ਮੁਖੀਆਂ, ਨੇਰ ਦੇ ਪੁੱਤਰ ਅਬਨੇਰ+ ਅਤੇ ਯਥਰ ਦੇ ਪੁੱਤਰ ਅਮਾਸਾ ਨਾਲ ਕੀ ਕੀਤਾ ਸੀ।+ ਉਸ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਸ਼ਾਂਤੀ ਦੇ ਸਮੇਂ ਇਵੇਂ ਖ਼ੂਨ ਵਹਾਇਆ+ ਜਿਵੇਂ ਯੁੱਧ ਦਾ ਸਮਾਂ ਹੋਵੇ। ਇਸ ਤਰ੍ਹਾਂ ਉਸ ਨੇ ਆਪਣੇ ਲੱਕ ਦੁਆਲੇ ਬੰਨ੍ਹੇ ਕਮਰਬੰਦ ਅਤੇ ਪੈਰਾਂ ਦੀਆਂ ਜੁੱਤੀਆਂ ਨੂੰ ਯੁੱਧ ਦੇ ਖ਼ੂਨ ਨਾਲ ਰੰਗਿਆ। 6 ਤੂੰ ਆਪਣੀ ਬੁੱਧ ਅਨੁਸਾਰ ਕਦਮ ਚੁੱਕੀਂ ਅਤੇ ਉਸ ਦੇ ਧੌਲ਼ੇ ਸਿਰ ਨੂੰ ਸ਼ਾਂਤੀ ਨਾਲ ਕਬਰ* ਵਿਚ ਨਾ ਜਾਣ ਦੇਈਂ।+
7 “ਪਰ ਤੂੰ ਗਿਲਆਦ ਦੇ ਬਰਜ਼ਿੱਲਈ+ ਦੇ ਪੁੱਤਰਾਂ ਨੂੰ ਅਟੱਲ ਪਿਆਰ ਦਿਖਾਈਂ ਅਤੇ ਉਹ ਤੇਰੇ ਮੇਜ਼ ਤੋਂ ਖਾਣ ਵਾਲਿਆਂ ਵਿਚ ਹੋਣ ਕਿਉਂਕਿ ਉਨ੍ਹਾਂ ਨੇ ਵੀ ਇਸੇ ਤਰ੍ਹਾਂ ਮੇਰੀ ਮਦਦ ਕੀਤੀ ਸੀ+ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਤੋਂ ਭੱਜਿਆ ਸੀ।+
8 “ਨਾਲੇ ਤੇਰੇ ਨਾਲ ਬਹੁਰੀਮ ਦਾ ਰਹਿਣ ਵਾਲਾ ਬਿਨਯਾਮੀਨੀ ਸ਼ਿਮਈ ਵੀ ਹੈ ਜੋ ਗੇਰਾ ਦਾ ਪੁੱਤਰ ਹੈ। ਜਿਸ ਦਿਨ ਮੈਂ ਮਹਨਾਇਮ ਨੂੰ ਜਾ ਰਿਹਾ ਸੀ,+ ਉਸ ਨੇ ਮੈਨੂੰ ਭੈੜਾ ਸਰਾਪ ਦੇ ਕੇ ਚੁਭਵੇਂ ਸ਼ਬਦਾਂ ਨਾਲ ਮੇਰੇ ʼਤੇ ਵਾਰ ਕੀਤਾ ਸੀ;+ ਪਰ ਜਦ ਉਹ ਯਰਦਨ ਦਰਿਆ ʼਤੇ ਮੈਨੂੰ ਮਿਲਣ ਆਇਆ, ਤਾਂ ਮੈਂ ਯਹੋਵਾਹ ਦੀ ਸਹੁੰ ਖਾ ਕੇ ਉਸ ਨੂੰ ਕਿਹਾ ਸੀ: ‘ਮੈਂ ਤੈਨੂੰ ਤਲਵਾਰ ਨਾਲ ਨਹੀਂ ਮਾਰਾਂਗਾ।’+ 9 ਹੁਣ ਤੂੰ ਉਹਨੂੰ ਸਜ਼ਾ ਦਿੱਤੇ ਬਿਨਾਂ ਨਾ ਛੱਡੀਂ।+ ਤੂੰ ਬੁੱਧੀਮਾਨ ਆਦਮੀ ਹੈਂ ਤੇ ਤੂੰ ਜਾਣਦਾ ਹੈਂ ਕਿ ਤੈਨੂੰ ਉਸ ਨਾਲ ਕੀ ਕਰਨਾ ਚਾਹੀਦਾ ਹੈ; ਤੂੰ ਉਸ ਦੇ ਧੌਲ਼ੇ ਸਿਰ ਨੂੰ ਖ਼ੂਨ ਨਾਲ ਕਬਰ* ਵਿਚ ਪਹੁੰਚਾਈਂ।”+
10 ਫਿਰ ਦਾਊਦ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ।+ 11 ਇਜ਼ਰਾਈਲ ਉੱਤੇ ਦਾਊਦ ਦੇ ਰਾਜ ਕਰਨ ਦਾ ਸਮਾਂ* 40 ਸਾਲ ਸੀ। ਉਸ ਨੇ 7 ਸਾਲ ਹਬਰੋਨ+ ਵਿਚ ਅਤੇ 33 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+
12 ਫਿਰ ਸੁਲੇਮਾਨ ਆਪਣੇ ਪਿਤਾ ਦਾਊਦ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਹੌਲੀ-ਹੌਲੀ ਉਸ ਦਾ ਰਾਜ ਮਜ਼ਬੂਤ ਹੋ ਗਿਆ।+
13 ਕੁਝ ਸਮੇਂ ਬਾਅਦ ਹੱਗੀਥ ਦਾ ਪੁੱਤਰ ਅਦੋਨੀਯਾਹ ਸੁਲੇਮਾਨ ਦੀ ਮਾਂ ਬਥ-ਸ਼ਬਾ ਕੋਲ ਆਇਆ। ਉਸ ਨੇ ਪੁੱਛਿਆ: “ਕੀ ਤੂੰ ਨੇਕ ਇਰਾਦੇ ਨਾਲ ਆਇਆ ਹੈਂ?” ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਨੇਕ ਇਰਾਦੇ ਨਾਲ ਆਇਆ ਹਾਂ। 14 ਉਸ ਨੇ ਅੱਗੇ ਕਿਹਾ: “ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ।” ਉਸ ਨੇ ਕਿਹਾ: “ਦੱਸ।” 15 ਫਿਰ ਉਸ ਨੇ ਕਿਹਾ: “ਤੂੰ ਚੰਗੀ ਤਰ੍ਹਾਂ ਜਾਣਦੀ ਹੈਂ ਕਿ ਰਾਜ ਮੈਨੂੰ ਮਿਲਣਾ ਚਾਹੀਦਾ ਸੀ ਅਤੇ ਸਾਰੇ ਇਜ਼ਰਾਈਲ ਨੂੰ ਉਮੀਦ ਸੀ ਕਿ ਮੈਂ ਰਾਜਾ ਬਣਾਂਗਾ;+ ਪਰ ਰਾਜ ਮੇਰੇ ਹੱਥੋਂ ਨਿਕਲ ਗਿਆ ਅਤੇ ਮੇਰੇ ਭਰਾ ਦਾ ਹੋ ਗਿਆ ਕਿਉਂਕਿ ਇਹ ਯਹੋਵਾਹ ਦੀ ਮਰਜ਼ੀ ਸੀ ਕਿ ਰਾਜ ਉਸ ਨੂੰ ਮਿਲੇ।+ 16 ਪਰ ਹੁਣ ਮੈਂ ਬੱਸ ਤੈਨੂੰ ਇਕ ਬੇਨਤੀ ਕਰਨੀ ਚਾਹੁੰਦਾ ਹਾਂ। ਮੇਰਾ ਕਿਹਾ ਮੋੜੀਂ ਨਾ।” ਉਸ ਨੇ ਉਸ ਨੂੰ ਕਿਹਾ: “ਬੋਲ।” 17 ਫਿਰ ਉਸ ਨੇ ਕਿਹਾ: “ਕਿਰਪਾ ਕਰ ਕੇ ਰਾਜਾ ਸੁਲੇਮਾਨ ਨੂੰ ਕਹਿ ਕਿ ਉਹ ਮੈਨੂੰ ਸ਼ੂਨੰਮੀ ਅਬੀਸ਼ਗ+ ਦੇ ਦੇਵੇ ਤਾਂਕਿ ਮੈਂ ਉਸ ਨੂੰ ਆਪਣੀ ਪਤਨੀ ਬਣਾਵਾਂ। ਉਹ ਤੇਰਾ ਕਿਹਾ ਨਹੀਂ ਮੋੜੇਗਾ।” 18 ਇਹ ਸੁਣ ਕੇ ਬਥ-ਸ਼ਬਾ ਨੇ ਕਿਹਾ: “ਠੀਕ ਹੈ! ਮੈਂ ਤੇਰੇ ਵਾਸਤੇ ਰਾਜੇ ਨਾਲ ਗੱਲ ਕਰਾਂਗੀ।”
19 ਇਸ ਲਈ ਬਥ-ਸ਼ਬਾ ਅਦੋਨੀਯਾਹ ਵਾਸਤੇ ਗੱਲ ਕਰਨ ਲਈ ਰਾਜਾ ਸੁਲੇਮਾਨ ਕੋਲ ਅੰਦਰ ਗਈ। ਰਾਜਾ ਉਸ ਨੂੰ ਮਿਲਣ ਲਈ ਇਕਦਮ ਉੱਠਿਆ ਅਤੇ ਉਸ ਅੱਗੇ ਸਿਰ ਨਿਵਾਇਆ। ਫਿਰ ਉਹ ਆਪਣੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਉਸ ਨੇ ਰਾਜ-ਮਾਤਾ ਨੂੰ ਆਪਣੇ ਸੱਜੇ ਪਾਸੇ ਬਿਠਾਉਣ ਲਈ ਇਕ ਸਿੰਘਾਸਣ ਲਗਵਾਇਆ। 20 ਫਿਰ ਉਸ ਨੇ ਕਿਹਾ: “ਮੈਂ ਤੇਰੇ ਅੱਗੇ ਇਕ ਛੋਟੀ ਜਿਹੀ ਬੇਨਤੀ ਕਰਨ ਆਈ ਹਾਂ। ਮੇਰਾ ਕਿਹਾ ਮੋੜੀਂ ਨਾ।” ਰਾਜੇ ਨੇ ਉਸ ਨੂੰ ਕਿਹਾ: “ਜੀ ਮਾਤਾ ਜੀ, ਦੱਸੋ; ਮੈਂ ਤੁਹਾਡਾ ਕਿਹਾ ਨਹੀਂ ਮੋੜਾਂਗਾ।” 21 ਉਸ ਨੇ ਕਿਹਾ: “ਸ਼ੂਨੰਮੀ ਅਬੀਸ਼ਗ ਆਪਣੇ ਭਰਾ ਅਦੋਨੀਯਾਹ ਨੂੰ ਦੇ ਦੇ ਤਾਂਕਿ ਉਹ ਉਸ ਦੀ ਪਤਨੀ ਬਣੇ।” 22 ਇਹ ਸੁਣ ਕੇ ਰਾਜਾ ਸੁਲੇਮਾਨ ਨੇ ਆਪਣੀ ਮਾਂ ਨੂੰ ਕਿਹਾ: “ਤੂੰ ਅਦੋਨੀਯਾਹ ਲਈ ਸਿਰਫ਼ ਸ਼ੂਨੰਮੀ ਅਬੀਸ਼ਗ ਨੂੰ ਹੀ ਕਿਉਂ ਮੰਗ ਰਹੀ ਹੈਂ? ਤੂੰ ਉਸ ਲਈ ਰਾਜ ਵੀ ਮੰਗ ਲੈ+ ਕਿਉਂਕਿ ਉਹ ਮੇਰਾ ਵੱਡਾ ਭਰਾ ਹੈ+ ਅਤੇ ਪੁਜਾਰੀ ਅਬਯਾਥਾਰ ਅਤੇ ਸਰੂਯਾਹ ਦਾ ਪੁੱਤਰ ਯੋਆਬ+ ਵੀ ਉਸ ਦਾ ਸਾਥ ਦੇ ਰਹੇ ਹਨ।”+
23 ਇਹ ਕਹਿ ਕੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਸਹੁੰ ਖਾਧੀ: “ਪਰਮੇਸ਼ੁਰ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਜੇ ਅਦੋਨੀਯਾਹ ਨੂੰ ਇਸ ਬੇਨਤੀ ਦੀ ਕੀਮਤ ਆਪਣੀ ਜਾਨ ਦੇ ਕੇ ਨਾ ਚੁਕਾਉਣੀ ਪਈ। 24 ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਆਪਣੇ ਵਾਅਦੇ ਮੁਤਾਬਕ ਮੈਨੂੰ ਮੇਰੇ ਪਿਤਾ ਦਾਊਦ ਦੇ ਸਿੰਘਾਸਣ ʼਤੇ ਬਿਠਾਇਆ ਤੇ ਮੇਰਾ ਰਾਜ ਮਜ਼ਬੂਤ ਕੀਤਾ+ ਅਤੇ ਮੇਰੇ ਲਈ ਇਕ ਘਰ* ਬਣਾਇਆ,+ ਅਦੋਨੀਯਾਹ ਨੂੰ ਅੱਜ ਹੀ ਮੌਤ ਦੇ ਘਾਟ ਉਤਾਰਿਆ ਜਾਵੇਗਾ।”+ 25 ਰਾਜਾ ਸੁਲੇਮਾਨ ਨੇ ਉਸੇ ਵੇਲੇ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਭੇਜਿਆ ਅਤੇ ਉਸ ਨੇ ਜਾ ਕੇ ਅਦੋਨੀਯਾਹ ਨੂੰ ਵੱਢ ਸੁੱਟਿਆ* ਤੇ ਉਹ ਮਰ ਗਿਆ।
26 ਰਾਜੇ ਨੇ ਪੁਜਾਰੀ ਅਬਯਾਥਾਰ+ ਨੂੰ ਕਿਹਾ: “ਤੂੰ ਅਨਾਥੋਥ+ ਵਿਚ ਆਪਣੇ ਖੇਤਾਂ ਨੂੰ ਚਲਾ ਜਾਹ!” ਤੂੰ ਮੌਤ ਦੀ ਸਜ਼ਾ ਦੇ ਲਾਇਕ ਹੈਂ, ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਊਦ ਦੇ ਅੱਗੇ-ਅੱਗੇ ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੂਕ ਲੈ ਕੇ ਜਾਂਦਾ ਸੀ+ ਅਤੇ ਤੂੰ ਮੇਰੇ ਪਿਤਾ ਦੇ ਸਾਰੇ ਦੁੱਖਾਂ ਦੌਰਾਨ ਉਸ ਦਾ ਸਾਥ ਦਿੱਤਾ।”+ 27 ਇਸ ਲਈ ਸੁਲੇਮਾਨ ਨੇ ਅਬਯਾਥਾਰ ਨੂੰ ਯਹੋਵਾਹ ਦੇ ਪੁਜਾਰੀ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਹ+ ਵਿਚ ਏਲੀ ਦੇ ਘਰਾਣੇ ਵਿਰੁੱਧ ਕਿਹਾ ਸੀ।+
28 ਜਦੋਂ ਇਹ ਖ਼ਬਰ ਯੋਆਬ ਤਕ ਪਹੁੰਚੀ, ਤਾਂ ਉਹ ਯਹੋਵਾਹ ਦੇ ਤੰਬੂ+ ਵਿਚ ਭੱਜ ਗਿਆ ਤੇ ਉਸ ਨੇ ਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ ਕਿਉਂਕਿ ਯੋਆਬ ਨੇ ਅਦੋਨੀਯਾਹ ਦਾ ਸਾਥ ਦਿੱਤਾ ਸੀ+ ਭਾਵੇਂ ਕਿ ਉਸ ਨੇ ਅਬਸ਼ਾਲੋਮ ਦਾ ਸਾਥ ਨਹੀਂ ਸੀ ਦਿੱਤਾ।+ 29 ਫਿਰ ਰਾਜਾ ਸੁਲੇਮਾਨ ਨੂੰ ਦੱਸਿਆ ਗਿਆ: “ਯੋਆਬ ਭੱਜ ਕੇ ਯਹੋਵਾਹ ਦੇ ਤੰਬੂ ਵਿਚ ਚਲਾ ਗਿਆ ਹੈ ਅਤੇ ਉਹ ਉੱਥੇ ਵੇਦੀ ਦੇ ਕੋਲ ਹੈ।” ਇਸ ਲਈ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਇਹ ਕਹਿ ਕੇ ਘੱਲਿਆ: “ਜਾਹ, ਉਸ ਨੂੰ ਵੱਢ ਸੁੱਟ!” 30 ਇਸ ਲਈ ਬਨਾਯਾਹ ਯਹੋਵਾਹ ਦੇ ਤੰਬੂ ਵਿਚ ਗਿਆ ਤੇ ਉਸ ਨੂੰ ਕਿਹਾ: “ਰਾਜੇ ਨੇ ਕਿਹਾ ਹੈ, ‘ਬਾਹਰ ਨਿਕਲ!’” ਪਰ ਉਸ ਨੇ ਜਵਾਬ ਦਿੱਤਾ: “ਨਹੀਂ! ਮੈਂ ਇੱਥੇ ਹੀ ਮਰਾਂਗਾ।” ਬਨਾਯਾਹ ਨੇ ਇਹ ਗੱਲ ਆ ਕੇ ਰਾਜੇ ਨੂੰ ਦੱਸੀ: “ਯੋਆਬ ਨੇ ਇਹ ਕਿਹਾ ਹੈ ਅਤੇ ਉਸ ਨੇ ਮੈਨੂੰ ਇਹ ਜਵਾਬ ਦਿੱਤਾ ਹੈ।” 31 ਫਿਰ ਰਾਜੇ ਨੇ ਉਸ ਨੂੰ ਕਿਹਾ: “ਜਿਵੇਂ ਉਸ ਨੇ ਕਿਹਾ ਹੈ, ਉਸੇ ਤਰ੍ਹਾਂ ਕਰ; ਉਸ ਨੂੰ ਵੱਢ ਸੁੱਟ ਤੇ ਦਫ਼ਨਾ ਦੇ ਅਤੇ ਮੇਰੇ ਤੇ ਮੇਰੇ ਪਿਤਾ ਦੇ ਘਰਾਣੇ ਤੋਂ ਉਸ ਖ਼ੂਨ ਦਾ ਦੋਸ਼ ਮਿਟਾ ਦੇ ਜੋ ਯੋਆਬ ਨੇ ਬੇਵਜ੍ਹਾ ਵਹਾਇਆ ਸੀ।+ 32 ਯਹੋਵਾਹ ਉਸ ਦਾ ਖ਼ੂਨ ਉਸੇ ਦੇ ਸਿਰ ਪਾਵੇਗਾ ਕਿਉਂਕਿ ਉਸ ਨੇ ਮੇਰੇ ਪਿਤਾ ਨੂੰ ਦੱਸੇ ਬਿਨਾਂ ਦੋ ਆਦਮੀਆਂ ਨੂੰ ਤਲਵਾਰ ਨਾਲ ਵੱਢ ਕੇ ਮਾਰ ਸੁੱਟਿਆ ਜੋ ਉਸ ਨਾਲੋਂ ਜ਼ਿਆਦਾ ਧਰਮੀ ਤੇ ਚੰਗੇ ਸਨ: ਇਜ਼ਰਾਈਲ ਦੀ ਫ਼ੌਜ ਦੇ ਮੁਖੀ ਅਬਨੇਰ+ ਨੂੰ ਜੋ ਨੇਰ ਦਾ ਪੁੱਤਰ ਸੀ ਅਤੇ ਯਹੂਦਾਹ ਦੀ ਫ਼ੌਜ ਦੇ ਮੁਖੀ ਅਮਾਸਾ+ ਨੂੰ ਜੋ ਯਥਰ ਦਾ ਪੁੱਤਰ ਸੀ। 33 ਉਨ੍ਹਾਂ ਦਾ ਖ਼ੂਨ ਯੋਆਬ ਦੇ ਸਿਰ ਉੱਤੇ ਅਤੇ ਉਸ ਦੀ ਔਲਾਦ ਦੇ ਸਿਰ ਉੱਤੇ ਹਮੇਸ਼ਾ ਲਈ ਆ ਪਵੇਗਾ;+ ਪਰ ਦਾਊਦ, ਉਸ ਦੀ ਔਲਾਦ, ਉਸ ਦੇ ਘਰਾਣੇ ਅਤੇ ਉਸ ਦੇ ਸਿੰਘਾਸਣ ਉੱਤੇ ਯਹੋਵਾਹ ਵੱਲੋਂ ਹਮੇਸ਼ਾ ਲਈ ਸ਼ਾਂਤੀ ਹੋਵੇ।” 34 ਫਿਰ ਯਹੋਯਾਦਾ ਦਾ ਪੁੱਤਰ ਬਨਾਯਾਹ ਗਿਆ ਅਤੇ ਉਸ ਨੇ ਯੋਆਬ ਨੂੰ ਵੱਢ ਕੇ ਜਾਨੋਂ ਮਾਰ ਸੁੱਟਿਆ ਤੇ ਉਸ ਨੂੰ ਉਜਾੜ ਵਿਚ ਉਸ ਦੇ ਆਪਣੇ ਹੀ ਘਰ ਦਫ਼ਨਾ ਦਿੱਤਾ ਗਿਆ। 35 ਫਿਰ ਰਾਜੇ ਨੇ ਉਸ ਦੀ ਜਗ੍ਹਾ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਫ਼ੌਜ ਦਾ ਮੁਖੀ ਠਹਿਰਾ ਦਿੱਤਾ ਅਤੇ ਅਬਯਾਥਾਰ ਦੀ ਜਗ੍ਹਾ ਸਾਦੋਕ+ ਨੂੰ ਪੁਜਾਰੀ ਨਿਯੁਕਤ ਕਰ ਦਿੱਤਾ।
36 ਇਸ ਤੋਂ ਬਾਅਦ ਰਾਜੇ ਨੇ ਸ਼ਿਮਈ+ ਨੂੰ ਬੁਲਵਾ ਕੇ ਉਸ ਨੂੰ ਕਿਹਾ: “ਤੂੰ ਆਪਣੇ ਲਈ ਯਰੂਸ਼ਲਮ ਵਿਚ ਘਰ ਬਣਾ ਅਤੇ ਉੱਥੇ ਰਹਿ; ਤੂੰ ਉੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਨਾ ਜਾਈਂ। 37 ਜਿਸ ਦਿਨ ਤੂੰ ਉੱਥੋਂ ਬਾਹਰ ਗਿਆ ਅਤੇ ਕਿਦਰੋਨ ਘਾਟੀ+ ਨੂੰ ਪਾਰ ਕੀਤਾ, ਉਸ ਦਿਨ ਤੂੰ ਜ਼ਰੂਰ ਮਾਰਿਆ ਜਾਵੇਂਗਾ। ਤੇਰਾ ਖ਼ੂਨ ਤੇਰੇ ਆਪਣੇ ਸਿਰ ਪਵੇਗਾ।” 38 ਸ਼ਿਮਈ ਨੇ ਰਾਜੇ ਨੂੰ ਜਵਾਬ ਦਿੱਤਾ: “ਤੂੰ ਜੋ ਕਿਹਾ, ਸਹੀ ਕਿਹਾ। ਹੇ ਮੇਰੇ ਪ੍ਰਭੂ ਤੇ ਮਹਾਰਾਜ, ਤੇਰਾ ਦਾਸ ਉਵੇਂ ਕਰੇਗਾ ਜਿਵੇਂ ਤੂੰ ਕਿਹਾ ਹੈ।” ਇਸ ਲਈ ਸ਼ਿਮਈ ਕਈ ਦਿਨਾਂ ਤਕ ਯਰੂਸ਼ਲਮ ਵਿਚ ਰਿਹਾ।
39 ਪਰ ਤਿੰਨ ਸਾਲਾਂ ਬਾਅਦ ਸ਼ਿਮਈ ਦੇ ਦੋ ਗ਼ੁਲਾਮ ਗਥ ਦੇ ਰਾਜੇ ਆਕੀਸ਼+ ਕੋਲ ਭੱਜ ਗਏ ਜੋ ਮਾਕਾਹ ਦਾ ਪੁੱਤਰ ਸੀ। ਜਦੋਂ ਸ਼ਿਮਈ ਨੂੰ ਖ਼ਬਰ ਦਿੱਤੀ ਗਈ: “ਦੇਖ! ਤੇਰੇ ਗ਼ੁਲਾਮ ਗਥ ਵਿਚ ਹਨ,” 40 ਤਾਂ ਸ਼ਿਮਈ ਨੇ ਉਸੇ ਵੇਲੇ ਆਪਣੇ ਗਧੇ ʼਤੇ ਕਾਠੀ ਪਾਈ ਅਤੇ ਆਪਣੇ ਗ਼ੁਲਾਮਾਂ ਨੂੰ ਲੱਭਣ ਲਈ ਗਥ ਵਿਚ ਆਕੀਸ਼ ਕੋਲ ਚਲਾ ਗਿਆ। ਜਦੋਂ ਸ਼ਿਮਈ ਆਪਣੇ ਗ਼ੁਲਾਮਾਂ ਨਾਲ ਗਥ ਤੋਂ ਵਾਪਸ ਆਇਆ, 41 ਤਾਂ ਸੁਲੇਮਾਨ ਨੂੰ ਖ਼ਬਰ ਦਿੱਤੀ ਗਈ: “ਸ਼ਿਮਈ ਯਰੂਸ਼ਲਮ ਤੋਂ ਬਾਹਰ ਗਥ ਨੂੰ ਗਿਆ ਸੀ ਤੇ ਵਾਪਸ ਮੁੜ ਆਇਆ ਹੈ।” 42 ਇਹ ਸੁਣ ਕੇ ਰਾਜੇ ਨੇ ਸ਼ਿਮਈ ਨੂੰ ਬੁਲਵਾਇਆ ਅਤੇ ਉਸ ਨੂੰ ਕਿਹਾ: “ਕੀ ਮੈਂ ਤੈਨੂੰ ਯਹੋਵਾਹ ਦੀ ਸਹੁੰ ਨਹੀਂ ਖੁਆਈ ਸੀ ਅਤੇ ਇਹ ਚੇਤਾਵਨੀ ਨਹੀਂ ਦਿੱਤੀ ਸੀ: ‘ਜਿਸ ਦਿਨ ਤੂੰ ਇੱਥੋਂ ਬਾਹਰ ਕਿਸੇ ਹੋਰ ਜਗ੍ਹਾ ਗਿਆ, ਉਸ ਦਿਨ ਤੂੰ ਜ਼ਰੂਰ ਮਾਰਿਆ ਜਾਵੇਂਗਾ’? ਅਤੇ ਕੀ ਤੂੰ ਮੈਨੂੰ ਨਹੀਂ ਕਿਹਾ ਸੀ, “ਤੂੰ ਜੋ ਕਿਹਾ, ਸਹੀ ਕਿਹਾ; ਮੈਂ ਤੇਰਾ ਕਿਹਾ ਮੰਨਾਂਗਾ’?+ 43 ਤਾਂ ਫਿਰ, ਤੂੰ ਯਹੋਵਾਹ ਦੀ ਸਹੁੰ ਮੁਤਾਬਕ ਕਿਉਂ ਨਹੀਂ ਚੱਲਿਆ ਅਤੇ ਮੇਰਾ ਹੁਕਮ ਕਿਉਂ ਨਹੀਂ ਮੰਨਿਆ?” 44 ਰਾਜੇ ਨੇ ਸ਼ਿਮਈ ਨੂੰ ਇਹ ਵੀ ਕਿਹਾ: “ਤੂੰ ਆਪਣੇ ਮਨ ਵਿਚ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੂੰ ਮੇਰੇ ਪਿਤਾ ਦਾਊਦ ਨਾਲ ਕਿੰਨਾ ਬੁਰਾ ਕੀਤਾ ਸੀ+ ਅਤੇ ਯਹੋਵਾਹ ਉਹੀ ਬੁਰਾਈ ਤੇਰੇ ਸਿਰ ਪਾ ਦੇਵੇਗਾ।+ 45 ਪਰ ਰਾਜਾ ਸੁਲੇਮਾਨ ਬਰਕਤ ਪਾਵੇਗਾ+ ਅਤੇ ਦਾਊਦ ਦਾ ਸਿੰਘਾਸਣ ਯਹੋਵਾਹ ਅੱਗੇ ਹਮੇਸ਼ਾ ਲਈ ਕਾਇਮ ਰਹੇਗਾ।” 46 ਇਹ ਕਹਿ ਕੇ ਰਾਜੇ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਹੁਕਮ ਦਿੱਤਾ ਅਤੇ ਉਸ ਨੇ ਜਾ ਕੇ ਉਸ ਨੂੰ ਵੱਢ ਸੁੱਟਿਆ ਤੇ ਉਹ ਮਰ ਗਿਆ।+
ਇਸ ਤਰ੍ਹਾਂ ਰਾਜ ਉੱਤੇ ਸੁਲੇਮਾਨ ਦੀ ਪਕੜ ਹੋਰ ਮਜ਼ਬੂਤ ਹੋ ਗਈ।+