ਅਸਤਰ
9 12ਵੇਂ ਮਹੀਨੇ, ਯਾਨੀ ਅਦਾਰ* ਮਹੀਨੇ+ ਦੀ 13 ਤਾਰੀਖ਼ ਨੂੰ ਰਾਜੇ ਦੇ ਹੁਕਮ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਸੀ।+ ਯਹੂਦੀਆਂ ਦੇ ਦੁਸ਼ਮਣਾਂ ਨੇ ਸੋਚਿਆ ਸੀ ਕਿ ਉਸ ਦਿਨ ਉਹ ਉਨ੍ਹਾਂ ਨੂੰ ਹਰਾ ਦੇਣਗੇ, ਪਰ ਇਸ ਦੇ ਉਲਟ ਯਹੂਦੀਆਂ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜੋ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।+ 2 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ+ ਯਹੂਦੀ ਉਨ੍ਹਾਂ ਲੋਕਾਂ ʼਤੇ ਹਮਲਾ ਕਰਨ ਲਈ ਆਪੋ-ਆਪਣੇ ਸ਼ਹਿਰਾਂ ਵਿਚ ਇਕੱਠੇ ਹੋਏ ਜੋ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਯਹੂਦੀਆਂ ਸਾਮ੍ਹਣੇ ਕੋਈ ਵੀ ਟਿਕ ਨਾ ਸਕਿਆ ਕਿਉਂਕਿ ਸਾਰੇ ਲੋਕਾਂ ਉੱਤੇ ਉਨ੍ਹਾਂ ਦਾ ਖ਼ੌਫ਼ ਛਾ ਗਿਆ ਸੀ।+ 3 ਜ਼ਿਲ੍ਹਿਆਂ ਦੇ ਸਾਰੇ ਮੰਤਰੀ, ਸੂਬੇਦਾਰ,+ ਰਾਜਪਾਲ ਅਤੇ ਰਾਜੇ ਦਾ ਕੰਮ-ਕਾਰ ਸੰਭਾਲਣ ਵਾਲੇ ਲੋਕ ਯਹੂਦੀਆਂ ਦਾ ਸਾਥ ਦੇ ਰਹੇ ਸਨ ਕਿਉਂਕਿ ਉਹ ਮਾਰਦਕਈ ਤੋਂ ਡਰਦੇ ਸਨ। 4 ਮਾਰਦਕਈ ਰਾਜੇ ਦੇ ਮਹਿਲ ਵਿਚ ਤਾਕਤਵਰ ਬਣ ਗਿਆ।+ ਸਾਰੇ ਜ਼ਿਲ੍ਹਿਆਂ ਵਿਚ ਉਸ ਦਾ ਨਾਂ ਮਸ਼ਹੂਰ ਹੋ ਗਿਆ ਅਤੇ ਦਿਨ-ਬਦਿਨ ਉਸ ਦੀ ਤਾਕਤ ਵਧਦੀ ਗਈ।
5 ਯਹੂਦੀਆਂ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ। ਯਹੂਦੀਆਂ ਨੇ ਨਫ਼ਰਤ ਕਰਨ ਵਾਲੇ ਲੋਕਾਂ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ।+ 6 ਸ਼ੂਸ਼ਨ*+ ਦੇ ਕਿਲੇ* ਵਿਚ ਯਹੂਦੀਆਂ ਨੇ 500 ਆਦਮੀਆਂ ਨੂੰ ਮਾਰ ਮੁਕਾਇਆ। 7 ਨਾਲੇ ਇਨ੍ਹਾਂ ਨੂੰ ਵੀ ਮਾਰ ਦਿੱਤਾ ਗਿਆ: ਪਰਸ਼ਨਦਾਥਾ, ਦਿਲਫੋਨ, ਅਸਪਾਥਾ, 8 ਪੋਰਾਥਾ, ਅਦਲਯਾ, ਅਰੀਦਾਥਾ, 9 ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਥਾ। 10 ਇਹ ਦਸ ਜਣੇ ਯਹੂਦੀਆਂ ਦੇ ਦੁਸ਼ਮਣ ਹਾਮਾਨ+ ਦੇ ਪੁੱਤਰ ਸਨ ਜੋ ਹਮਦਾਥਾ ਦਾ ਪੁੱਤਰ ਸੀ। ਪਰ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਯਹੂਦੀਆਂ ਨੇ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ।+
11 ਉਸ ਦਿਨ ਸ਼ੂਸ਼ਨ* ਦੇ ਕਿਲੇ* ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਰਾਜੇ ਨੂੰ ਦੱਸੀ ਗਈ।
12 ਰਾਜੇ ਨੇ ਰਾਣੀ ਅਸਤਰ ਨੂੰ ਕਿਹਾ: “ਸ਼ੂਸ਼ਨ* ਦੇ ਕਿਲੇ* ਵਿਚ ਯਹੂਦੀਆਂ ਨੇ 500 ਆਦਮੀਆਂ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਮਾਰ ਮੁਕਾਇਆ ਹੈ। ਤਾਂ ਫਿਰ, ਰਾਜੇ ਦੇ ਬਾਕੀ ਜ਼ਿਲ੍ਹਿਆਂ ਵਿਚ ਉਨ੍ਹਾਂ ਨੇ ਕਿੰਨੇ ਮਾਰੇ ਹੋਣੇ?+ ਹੁਣ ਤੇਰੀ ਕੀ ਫ਼ਰਿਆਦ ਹੈ? ਉਹ ਪੂਰੀ ਕੀਤੀ ਜਾਵੇਗੀ। ਅਤੇ ਤੂੰ ਹੋਰ ਕੀ ਚਾਹੁੰਦੀ ਹੈਂ? ਉਹ ਤੈਨੂੰ ਦਿੱਤਾ ਜਾਵੇਗਾ।” 13 ਅਸਤਰ ਨੇ ਜਵਾਬ ਦਿੱਤਾ: “ਜੇ ਮਹਾਰਾਜ ਨੂੰ ਚੰਗਾ ਲੱਗੇ,+ ਤਾਂ ਸ਼ੂਸ਼ਨ* ਵਿਚ ਯਹੂਦੀਆਂ ਨੂੰ ਅੱਜ ਦੇ ਕਾਨੂੰਨ ਮੁਤਾਬਕ ਕੱਲ੍ਹ ਵੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ।+ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲ਼ੀ ʼਤੇ ਟੰਗਿਆ ਜਾਵੇ।”+ 14 ਰਾਜੇ ਨੇ ਇਸੇ ਤਰ੍ਹਾਂ ਕਰਨ ਦਾ ਹੁਕਮ ਦਿੱਤਾ। ਫਿਰ ਸ਼ੂਸ਼ਨ* ਵਿਚ ਇਕ ਕਾਨੂੰਨ ਜਾਰੀ ਕੀਤਾ ਗਿਆ ਅਤੇ ਹਾਮਾਨ ਦੇ ਦਸ ਪੁੱਤਰਾਂ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ।
15 ਅਦਾਰ ਮਹੀਨੇ ਦੀ 14 ਤਾਰੀਖ਼ ਨੂੰ ਸ਼ੂਸ਼ਨ* ਵਿਚ ਯਹੂਦੀ ਦੁਬਾਰਾ ਇਕੱਠੇ ਹੋਏ+ ਅਤੇ ਉਨ੍ਹਾਂ ਨੇ ਸ਼ੂਸ਼ਨ* ਵਿਚ 300 ਆਦਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਪਰ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ।
16 ਰਾਜੇ ਦੇ ਜ਼ਿਲ੍ਹਿਆਂ ਵਿਚ ਬਾਕੀ ਯਹੂਦੀਆਂ ਨੇ ਵੀ ਇਕੱਠੇ ਹੋ ਕੇ ਆਪਣੀਆਂ ਜਾਨਾਂ ਦੀ ਰਾਖੀ ਕੀਤੀ।+ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਪਾਇਆ+ ਅਤੇ ਨਫ਼ਰਤ ਕਰਨ ਵਾਲੇ 75,000 ਲੋਕਾਂ ਨੂੰ ਜਾਨੋਂ ਮਾਰ ਦਿੱਤਾ, ਪਰ ਉਨ੍ਹਾਂ ਦੇ ਘਰ-ਬਾਰ ਨਹੀਂ ਲੁੱਟੇ। 17 ਇਹ ਸਭ ਕੁਝ ਅਦਾਰ ਮਹੀਨੇ ਦੀ 13 ਤਾਰੀਖ਼ ਨੂੰ ਹੋਇਆ ਅਤੇ 14 ਤਾਰੀਖ਼ ਨੂੰ ਉਨ੍ਹਾਂ ਨੇ ਆਰਾਮ ਕੀਤਾ ਅਤੇ ਉਸ ਦਿਨ ਦਾਅਵਤਾਂ ਕੀਤੀਆਂ ਅਤੇ ਖ਼ੁਸ਼ੀਆਂ ਮਨਾਈਆਂ।
18 ਸ਼ੂਸ਼ਨ* ਵਿਚ ਯਹੂਦੀ 13 ਅਤੇ 14 ਤਾਰੀਖ਼ ਨੂੰ ਇਕੱਠੇ ਹੋਏ*+ ਅਤੇ 15 ਤਾਰੀਖ਼ ਨੂੰ ਉਨ੍ਹਾਂ ਨੇ ਆਰਾਮ ਕੀਤਾ ਅਤੇ ਉਸ ਦਿਨ ਦਾਅਵਤਾਂ ਕੀਤੀਆਂ ਅਤੇ ਖ਼ੁਸ਼ੀਆਂ ਮਨਾਈਆਂ। 19 ਪਰ ਰਾਜਧਾਨੀ ਤੋਂ ਬਾਹਰਲੇ ਜ਼ਿਲ੍ਹਿਆਂ ਦੇ ਸ਼ਹਿਰਾਂ ਵਿਚ ਰਹਿਣ ਵਾਲੇ ਯਹੂਦੀਆਂ ਨੇ ਅਦਾਰ ਮਹੀਨੇ ਦੀ 14 ਤਾਰੀਖ਼ ਨੂੰ ਖ਼ੁਸ਼ੀਆਂ ਮਨਾਈਆਂ ਅਤੇ ਉਸ ਦਿਨ ਦਾਅਵਤਾਂ ਕੀਤੀਆਂ, ਜਸ਼ਨ ਮਨਾਏ+ ਅਤੇ ਇਕ-ਦੂਜੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਘੱਲੀਆਂ।+
20 ਮਾਰਦਕਈ+ ਨੇ ਇਨ੍ਹਾਂ ਘਟਨਾਵਾਂ ਨੂੰ ਲਿਖ ਲਿਆ ਅਤੇ ਰਾਜਾ ਅਹਸ਼ਵੇਰੋਸ਼ ਦੇ ਦੂਰ-ਨੇੜੇ ਦੇ ਸਾਰੇ ਜ਼ਿਲ੍ਹਿਆਂ ਵਿਚ ਰਹਿੰਦੇ ਸਾਰੇ ਯਹੂਦੀਆਂ ਨੂੰ ਚਿੱਠੀਆਂ ਘੱਲੀਆਂ। 21 ਉਸ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਕਿ ਉਹ ਹਰ ਸਾਲ ਅਦਾਰ ਮਹੀਨੇ ਦੀ 14 ਅਤੇ 15 ਤਾਰੀਖ਼ ਨੂੰ ਤਿਉਹਾਰ ਮਨਾਉਣ 22 ਕਿਉਂਕਿ ਉਨ੍ਹੀਂ ਦਿਨੀਂ ਯਹੂਦੀਆਂ ਨੇ ਆਪਣੇ ਦੁਸ਼ਮਣਾਂ ਤੋਂ ਆਰਾਮ ਪਾਇਆ ਅਤੇ ਉਸ ਮਹੀਨੇ ਉਨ੍ਹਾਂ ਦਾ ਗਮ ਖ਼ੁਸ਼ੀ ਵਿਚ ਅਤੇ ਸੋਗ+ ਜਸ਼ਨ ਵਿਚ ਬਦਲ ਗਿਆ। ਉਨ੍ਹਾਂ ਨੇ ਇਨ੍ਹਾਂ ਦਿਨਾਂ ʼਤੇ ਦਾਅਵਤਾਂ ਕਰਨੀਆਂ ਸਨ, ਖ਼ੁਸ਼ੀਆਂ ਮਨਾਉਣੀਆਂ ਸਨ, ਇਕ-ਦੂਜੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਘੱਲਣੀਆਂ ਸਨ ਅਤੇ ਗ਼ਰੀਬਾਂ ਨੂੰ ਤੋਹਫ਼ੇ ਦੇਣੇ ਸਨ।
23 ਅਤੇ ਯਹੂਦੀਆਂ ਨੇ ਜੋ ਜਸ਼ਨ ਮਨਾਉਣਾ ਸ਼ੁਰੂ ਕੀਤਾ ਸੀ, ਉਸ ਨੂੰ ਜਾਰੀ ਰੱਖਣ ਲਈ ਅਤੇ ਉਹ ਸਭ ਕੁਝ ਕਰਨ ਲਈ ਸਹਿਮਤ ਹੋ ਗਏ ਜੋ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ। 24 ਕਿਉਂਕਿ ਅਗਾਗੀ+ ਹਮਦਾਥਾ ਦੇ ਪੁੱਤਰ, ਸਾਰੇ ਯਹੂਦੀਆਂ ਦੇ ਦੁਸ਼ਮਣ ਹਾਮਾਨ+ ਨੇ ਯਹੂਦੀਆਂ ਨੂੰ ਨਾਸ਼ ਕਰਨ ਦੀ ਸਾਜ਼ਸ਼ ਘੜੀ ਸੀ+ ਤੇ ਉਨ੍ਹਾਂ ਵਿਚ ਦਹਿਸ਼ਤ ਫੈਲਾਉਣ ਅਤੇ ਉਨ੍ਹਾਂ ਦਾ ਨਾਸ਼ ਕਰਨ ਲਈ ਪੁਰ ਯਾਨੀ ਗੁਣੇ ਪਾਏ ਸਨ।+ 25 ਪਰ ਜਦ ਅਸਤਰ ਰਾਜੇ ਸਾਮ੍ਹਣੇ ਆਈ, ਤਾਂ ਰਾਜੇ ਨੇ ਇਹ ਲਿਖਤੀ ਹੁਕਮ ਦਿੱਤੇ:+ “ਹਾਮਾਨ ਦਾ ਵੀ ਉਹੀ ਹਸ਼ਰ ਕੀਤਾ ਜਾਵੇ ਜੋ ਉਸ ਨੇ ਯਹੂਦੀਆਂ ਦਾ ਕਰਨ ਬਾਰੇ ਸੋਚਿਆ ਸੀ।”+ ਅਤੇ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਸੂਲ਼ੀ ʼਤੇ ਟੰਗ ਦਿੱਤਾ।+ 26 ਇਸੇ ਕਰਕੇ ਉਨ੍ਹਾਂ ਨੇ ਇਸ ਤਿਉਹਾਰ ਦਾ ਨਾਂ ਪੁਰ* ਦੇ ਨਾਂ ʼਤੇ ਪੁਰੀਮ ਰੱਖਿਆ।+ ਉਸ ਚਿੱਠੀ ਵਿਚ ਜੋ ਲਿਖਿਆ ਗਿਆ ਸੀ ਅਤੇ ਜੋ ਉਨ੍ਹਾਂ ਨੇ ਦੇਖਿਆ ਸੀ ਅਤੇ ਜੋ ਉਨ੍ਹਾਂ ਨਾਲ ਹੋਇਆ ਸੀ, ਉਸ ਕਰਕੇ 27 ਯਹੂਦੀਆਂ ਨੇ ਧਾਰ ਲਿਆ ਕਿ ਉਹ, ਉਨ੍ਹਾਂ ਦੀ ਔਲਾਦ ਅਤੇ ਉਨ੍ਹਾਂ ਦੇ ਨਾਲ ਰਲ਼ੇ ਸਾਰੇ ਲੋਕ+ ਹਰ ਸਾਲ ਮਿਥੇ ਸਮੇਂ ਤੇ ਇਹ ਦੋ ਦਿਨ ਮਨਾਉਣਗੇ ਅਤੇ ਇਨ੍ਹਾਂ ਦਿਨਾਂ ਬਾਰੇ ਲਿਖੀਆਂ ਗੱਲਾਂ ਮੁਤਾਬਕ ਚੱਲਣਗੇ। 28 ਹਰ ਪੀੜ੍ਹੀ, ਹਰ ਪਰਿਵਾਰ, ਹਰ ਜ਼ਿਲ੍ਹੇ ਅਤੇ ਸ਼ਹਿਰ ਦੇ ਲੋਕ ਇਹ ਦਿਨ ਯਾਦ ਰੱਖਣ ਤੇ ਮਨਾਉਣ। ਯਹੂਦੀ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਮਨਾਉਣ ਦੀ ਰੀਤ ਕਦੀ ਨਾ ਤੋੜਨ ਅਤੇ ਉਨ੍ਹਾਂ ਦੀ ਔਲਾਦ ਇਨ੍ਹਾਂ ਦਿਨਾਂ ਨੂੰ ਨਾ ਭੁਲਾਵੇ।
29 ਫਿਰ ਅਬੀਹੈਲ ਦੀ ਕੁੜੀ ਰਾਣੀ ਅਸਤਰ ਅਤੇ ਯਹੂਦੀ ਮਾਰਦਕਈ ਨੇ ਪੁਰੀਮ ਦਾ ਤਿਉਹਾਰ ਮਨਾਉਣ ਦੀ ਰੀਤ ਨੂੰ ਪੱਕਾ ਕਰਨ ਲਈ ਪੂਰੇ ਅਧਿਕਾਰ ਨਾਲ ਦੂਸਰੀ ਚਿੱਠੀ ਲਿਖੀ। 30 ਮਾਰਦਕਈ ਨੇ ਅਹਸ਼ਵੇਰੋਸ਼ ਦੇ ਰਾਜ+ ਦੇ 127 ਜ਼ਿਲ੍ਹਿਆਂ+ ਵਿਚ ਸਾਰੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ ਜਿਨ੍ਹਾਂ ਵਿਚ ਸ਼ਾਂਤੀ ਅਤੇ ਸੱਚਾਈ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ। 31 ਇਹ ਚਿੱਠੀਆਂ ਯਹੂਦੀ ਮਾਰਦਕਈ ਅਤੇ ਰਾਣੀ ਅਸਤਰ ਦੀ ਹਿਦਾਇਤ ਅਨੁਸਾਰ ਮਿਥੇ ਹੋਏ ਸਮੇਂ ਤੇ ਪੁਰੀਮ ਦਾ ਤਿਉਹਾਰ ਮਨਾਉਣ ਦੀ ਰੀਤ ਨੂੰ ਪੱਕਾ ਕਰਨ ਲਈ ਲਿਖੀਆਂ ਗਈਆਂ ਸਨ+ ਅਤੇ ਯਹੂਦੀਆਂ ਨੇ ਤੇ ਉਨ੍ਹਾਂ ਦੀ ਔਲਾਦ ਨੇ ਫ਼ੈਸਲਾ ਕੀਤਾ ਸੀ+ ਕਿ ਉਹ ਵਰਤ ਰੱਖਣਗੇ,+ ਫ਼ਰਿਆਦਾਂ ਕਰਨਗੇ+ ਅਤੇ ਹੋਰ ਸਾਰੀਆਂ ਗੱਲਾਂ ਦੀ ਪਾਲਣਾ ਕਰਨਗੇ। 32 ਅਸਤਰ ਦੇ ਹੁਕਮ ਨਾਲ ਪੁਰੀਮ+ ਬਾਰੇ ਇਹ ਗੱਲਾਂ ਪੱਕੀਆਂ ਕੀਤੀਆਂ ਗਈਆਂ ਅਤੇ ਇਕ ਕਿਤਾਬ ਵਿਚ ਲਿਖੀਆਂ ਗਈਆਂ।