ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਯੋਏਲ 1:1 - 3:21
  • ਯੋਏਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯੋਏਲ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯੋਏਲ

ਯੋਏਲ

1 ਪਥੂਏਲ ਦੇ ਪੁੱਤਰ ਯੋਏਲ* ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ:

 2 “ਹੇ ਬਜ਼ੁਰਗੋ, ਇਹ ਗੱਲ ਸੁਣੋ

ਅਤੇ ਦੇਸ਼* ਦੇ ਸਾਰੇ ਲੋਕੋ, ਧਿਆਨ ਦਿਓ!

ਕੀ ਤੁਹਾਡੇ ਜ਼ਮਾਨੇ ਵਿਚ ਜਾਂ ਤੁਹਾਡੇ ਪਿਉ-ਦਾਦਿਆਂ ਦੇ ਜ਼ਮਾਨੇ ਵਿਚ

ਕਦੀ ਇਸ ਤਰ੍ਹਾਂ ਹੋਇਆ ਹੈ?+

 3 ਆਪਣੇ ਪੁੱਤਰਾਂ ਨੂੰ ਇਸ ਬਾਰੇ ਦੱਸੋ,

ਤੁਹਾਡੇ ਪੁੱਤਰ ਅੱਗੋਂ ਇਸ ਬਾਰੇ ਆਪਣੇ ਪੁੱਤਰਾਂ ਨੂੰ ਦੱਸਣ

ਅਤੇ ਉਨ੍ਹਾਂ ਦੇ ਪੁੱਤਰ ਆਪਣੀ ਅਗਲੀ ਪੀੜ੍ਹੀ ਨੂੰ ਦੱਸਣ।

 4 ਹਾਬੜੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਟਿੱਡੀਆਂ ਦੇ ਦਲਾਂ ਨੇ ਚੱਟ ਕਰ ਲਿਆ;+

ਟਿੱਡੀਆਂ ਦੇ ਦਲ ਨੇ ਜੋ ਛੱਡ ਦਿੱਤਾ, ਉਸ ਨੂੰ ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਚੱਟ ਕਰ ਲਿਆ;

ਬਿਨਾਂ ਖੰਭਾਂ ਵਾਲੀਆਂ ਟਿੱਡੀਆਂ ਨੇ ਜੋ ਛੱਡ ਦਿੱਤਾ, ਉਸ ਨੂੰ ਭੁੱਖੜ ਟਿੱਡੀਆਂ ਨੇ ਚੱਟ ਕਰ ਲਿਆ।+

 5 ਸ਼ਰਾਬੀਓ,+ ਤੁਸੀਂ ਹੋਸ਼ ਵਿਚ ਆਓ ਅਤੇ ਰੋਵੋ!

ਸਾਰੇ ਦਾਖਰਸ ਪੀਣ ਵਾਲਿਓ, ਤੁਸੀਂ ਵੈਣ ਪਾਓ

ਕਿਉਂਕਿ ਤੁਹਾਡੇ ਮੂੰਹਾਂ ਤੋਂ ਮਿੱਠਾ ਦਾਖਰਸ ਪਰੇ ਹਟਾਇਆ ਗਿਆ ਹੈ।+

 6 ਇਕ ਕੌਮ ਮੇਰੇ ਦੇਸ਼ ਉੱਤੇ ਚੜ੍ਹ ਆਈ ਹੈ, ਉਹ ਸ਼ਕਤੀਸ਼ਾਲੀ ਅਤੇ ਗਿਣਤੀਓਂ ਬਾਹਰ ਹੈ।+

ਉਸ ਦੇ ਦੰਦ ਸ਼ੇਰ ਦੇ ਦੰਦ ਹਨ,+ ਉਸ ਦੇ ਜਬਾੜ੍ਹੇ ਸ਼ੇਰ ਦੇ ਜਬਾੜ੍ਹੇ ਹਨ।

 7 ਉਸ ਨੇ ਮੇਰੀ ਅੰਗੂਰੀ ਵੇਲ ਉਜਾੜ ਦਿੱਤੀ ਹੈ ਅਤੇ ਮੇਰੇ ਅੰਜੀਰ ਦੇ ਦਰਖ਼ਤ ਨੂੰ ਟੁੰਡ ਬਣਾ ਦਿੱਤਾ ਹੈ,

ਉਨ੍ਹਾਂ ਦਾ ਸੱਕ ਵੀ ਨਹੀਂ ਛੱਡਿਆ ਅਤੇ ਉਨ੍ਹਾਂ ਨੂੰ ਪਰੇ ਸੁੱਟ ਦਿੱਤਾ ਹੈ,

ਉਨ੍ਹਾਂ ਦੀਆਂ ਟਾਹਣੀਆਂ ਚਿੱਟੀਆਂ ਕਰ ਦਿੱਤੀਆਂ ਹਨ।

 8 ਤੁਸੀਂ ਕੀਰਨੇ ਪਾਓ ਜਿਵੇਂ ਇਕ ਕੁਆਰੀ ਤੱਪੜ ਪਾ ਕੇ

ਆਪਣੀ ਜਵਾਨੀ ਦੇ ਲਾੜੇ* ਦੀ ਮੌਤ ʼਤੇ ਰੋਂਦੀ ਹੈ।

 9 ਯਹੋਵਾਹ ਦੇ ਘਰ ਵਿਚ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ+ ਹੁਣ ਨਹੀਂ ਚੜ੍ਹਾਈ ਜਾਂਦੀ;

ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀ ਮਾਤਮ ਮਨਾ ਰਹੇ ਹਨ।

10 ਖੇਤ ਉਜਾੜ ਦਿੱਤਾ ਗਿਆ ਹੈ, ਜ਼ਮੀਨ ਸੋਗ ਮਨਾਉਂਦੀ ਹੈ;+

ਅਨਾਜ ਬਰਬਾਦ ਕਰ ਦਿੱਤਾ ਗਿਆ ਹੈ, ਨਵਾਂ ਦਾਖਰਸ ਸੁੱਕ ਗਿਆ ਹੈ ਅਤੇ ਤੇਲ ਖ਼ਤਮ ਹੋ ਗਿਆ ਹੈ।+

11 ਕਣਕ ਅਤੇ ਜੌਂ ਦੀ ਫ਼ਸਲ ਕਰਕੇ

ਕਿਸਾਨ ਨਿਰਾਸ਼ ਹਨ, ਅੰਗੂਰਾਂ ਦੇ ਬਾਗ਼ ਦੇ ਮਾਲੀ ਰੋਂਦੇ-ਕੁਰਲਾਉਂਦੇ ਹਨ;

ਕਿਉਂਕਿ ਖੇਤ ਦੀ ਪੈਦਾਵਾਰ ਤਬਾਹ ਹੋ ਗਈ ਹੈ।

12 ਅੰਗੂਰੀ ਵੇਲ ਮੁਰਝਾ ਗਈ ਹੈ,

ਅੰਜੀਰ ਦਾ ਦਰਖ਼ਤ ਸੁੱਕ ਗਿਆ ਹੈ।

ਅਨਾਰ, ਖਜੂਰ ਅਤੇ ਸੇਬ ਦਾ ਦਰਖ਼ਤ,

ਖੇਤ ਦੇ ਸਾਰੇ ਦਰਖ਼ਤ ਸੁੱਕ ਗਏ ਹਨ;+

ਲੋਕਾਂ ਦੀ ਖ਼ੁਸ਼ੀ ਸ਼ਰਮਿੰਦਗੀ ਵਿਚ ਬਦਲ ਗਈ ਹੈ।

13 ਪੁਜਾਰੀਓ, ਤੁਸੀਂ ਤੱਪੜ ਪਾ ਕੇ* ਸੋਗ ਮਨਾਓ;*

ਵੇਦੀ ਕੋਲ ਸੇਵਾ ਕਰਨ ਵਾਲਿਓ,+ ਤੁਸੀਂ ਰੋਵੋ-ਕੁਰਲਾਵੋ।

ਮੇਰੇ ਪਰਮੇਸ਼ੁਰ ਦੇ ਸੇਵਕੋ, ਆਓ ਅਤੇ ਤੱਪੜ ਪਾ ਕੇ ਰਾਤ ਗੁਜ਼ਾਰੋ;

ਕਿਉਂਕਿ ਤੁਹਾਡੇ ਪਰਮੇਸ਼ੁਰ ਦੇ ਘਰ ਵਿਚ ਹੁਣ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ+ ਨਹੀਂ ਚੜ੍ਹਾਈ ਜਾਂਦੀ।

14 ਵਰਤ ਰੱਖਣ ਦਾ ਐਲਾਨ ਕਰੋ; ਖ਼ਾਸ* ਸਭਾ ਬੁਲਾਓ।+

ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਵਿਚ ਬਜ਼ੁਰਗਾਂ ਅਤੇ ਦੇਸ਼ ਦੇ ਸਾਰੇ ਵਾਸੀਆਂ ਨੂੰ ਇਕੱਠਾ ਕਰੋ+

ਅਤੇ ਯਹੋਵਾਹ ਨੂੰ ਮਦਦ ਲਈ ਪੁਕਾਰੋ।

15 ਹਾਇ! ਉਹ ਦਿਨ ਆ ਰਿਹਾ ਹੈ!

ਯਹੋਵਾਹ ਦਾ ਦਿਨ ਨੇੜੇ ਹੈ,+

ਉਹ ਦਿਨ ਸਰਬਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ!

16 ਕੀ ਸਾਡੀਆਂ ਨਜ਼ਰਾਂ ਦੇ ਸਾਮ੍ਹਣੇ ਰੋਟੀ ਨਹੀਂ ਚੁੱਕ ਲਈ ਗਈ

ਅਤੇ ਸਾਡੇ ਪਰਮੇਸ਼ੁਰ ਦੇ ਘਰੋਂ ਖ਼ੁਸ਼ੀ ਤੇ ਆਨੰਦ ਖ਼ਤਮ ਨਹੀਂ ਕਰ ਦਿੱਤਾ ਗਿਆ?

17 ਉਨ੍ਹਾਂ ਦੇ ਬੇਲਚਿਆਂ* ਥੱਲੇ ਬੀ* ਮੁਰਝਾ ਗਏ ਹਨ।

ਅਨਾਜ ਦੇ ਭੰਡਾਰ ਤਬਾਹ ਹੋ ਗਏ ਹਨ।

ਗੁਦਾਮ ਢਾਹ ਦਿੱਤੇ ਗਏ ਹਨ ਕਿਉਂਕਿ ਫ਼ਸਲ ਸੁੱਕ ਗਈ ਹੈ।

18 ਪਸ਼ੂ ਵੀ ਹੂੰਗਦੇ ਹਨ!

ਡੰਗਰ ਇੱਧਰ-ਉੱਧਰ ਭਟਕਦੇ ਫਿਰਦੇ ਹਨ ਕਿਉਂਕਿ ਉਨ੍ਹਾਂ ਦੇ ਚਰਨ ਲਈ ਘਾਹ ਨਹੀਂ ਹੈ!

ਭੇਡਾਂ ਦੇ ਝੁੰਡ ਸਜ਼ਾ ਭੁਗਤ ਰਹੇ ਹਨ।

19 ਹੇ ਯਹੋਵਾਹ, ਮੈਂ ਤੈਨੂੰ ਪੁਕਾਰਾਂਗਾ;+

ਕਿਉਂਕਿ ਅੱਗ ਨੇ ਉਜਾੜ ਵਿਚਲੀਆਂ ਚਰਾਂਦਾਂ ਨੂੰ ਸਾੜ ਸੁੱਟਿਆ ਹੈ,

ਅੱਗ ਦੀਆਂ ਲਪਟਾਂ ਨੇ ਮੈਦਾਨ ਦੇ ਸਾਰੇ ਦਰਖ਼ਤਾਂ ਨੂੰ ਸੁਆਹ ਕਰ ਦਿੱਤਾ ਹੈ।

20 ਜੰਗਲੀ ਜਾਨਵਰ ਵੀ ਤੇਰੀ ਮਦਦ ਲਈ ਤਰਸਦੇ ਹਨ

ਕਿਉਂਕਿ ਨਦੀਆਂ ਦਾ ਪਾਣੀ ਸੁੱਕ ਗਿਆ ਹੈ

ਅਤੇ ਅੱਗ ਨੇ ਉਜਾੜ ਵਿਚਲੀਆਂ ਚਰਾਂਦਾਂ ਨੂੰ ਸਾੜ ਸੁੱਟਿਆ ਹੈ।”

2 “ਸੀਓਨ ਵਿਚ ਨਰਸਿੰਗਾ ਵਜਾਓ!+

ਮੇਰੇ ਪਵਿੱਤਰ ਪਹਾੜ ʼਤੇ ਯੁੱਧ ਦਾ ਐਲਾਨ ਕਰੋ।

ਦੇਸ਼* ਦੇ ਸਾਰੇ ਵਾਸੀਓ ਕੰਬੋ

ਕਿਉਂਕਿ ਯਹੋਵਾਹ ਦਾ ਦਿਨ ਆ ਰਿਹਾ ਹੈ!+ ਇਹ ਨੇੜੇ ਹੈ!

 2 ਇਹ ਘੁੱਪ ਹਨੇਰੇ ਦਾ ਦਿਨ ਹੈ,+

ਇਹ ਕਾਲੀਆਂ ਘਟਾਵਾਂ ਦਾ ਦਿਨ ਹੈ,+

ਜਿਵੇਂ ਸਵੇਰ ਦਾ ਚਾਨਣ ਪਹਾੜਾਂ ਉੱਤੇ ਫੈਲਦਾ ਹੈ।

ਇਕ ਕੌਮ ਦੇ ਲੋਕ ਅਣਗਿਣਤ ਅਤੇ ਤਾਕਤਵਰ ਹਨ;+

ਉਨ੍ਹਾਂ ਵਰਗੇ ਲੋਕ ਨਾ ਪਹਿਲਾਂ ਕਦੀ ਹੋਏ

ਅਤੇ ਨਾ ਹੀ ਕਦੀ ਹੋਣਗੇ,

ਹਾਂ, ਪੀੜ੍ਹੀਓ-ਪੀੜ੍ਹੀ ਤਕ ਨਹੀਂ ਹੋਣਗੇ।

 3 ਉਨ੍ਹਾਂ ਦੇ ਅੱਗੇ-ਅੱਗੇ ਅੱਗ ਭਸਮ ਕਰਦੀ ਜਾਂਦੀ ਹੈ,

ਉਨ੍ਹਾਂ ਦੇ ਪਿੱਛੇ-ਪਿੱਛੇ ਲਪਟਾਂ ਸਾੜਦੀਆਂ ਜਾਂਦੀਆਂ ਹਨ,+

ਉਨ੍ਹਾਂ ਦੇ ਅੱਗੇ ਅਦਨ ਦੇ ਬਾਗ਼ ਵਰਗਾ ਇਕ ਦੇਸ਼ ਹੈ,+

ਪਰ ਉਨ੍ਹਾਂ ਦੇ ਪਿੱਛੇ ਵੀਰਾਨ ਉਜਾੜ ਹੈ

ਅਤੇ ਉਨ੍ਹਾਂ ਤੋਂ ਕੁਝ ਵੀ ਨਹੀਂ ਬਚ ਸਕਦਾ।

 4 ਉਨ੍ਹਾਂ ਦਾ ਰੂਪ ਘੋੜਿਆਂ ਵਰਗਾ ਹੈ

ਅਤੇ ਉਹ ਯੁੱਧ ਦੇ ਘੋੜਿਆਂ ਵਾਂਗ ਦੌੜਦੇ ਹਨ।+

 5 ਜਦ ਉਹ ਪਹਾੜਾਂ ਦੀਆਂ ਚੋਟੀਆਂ ʼਤੇ ਚੜ੍ਹਦੇ ਜਾਂਦੇ ਹਨ, ਤਾਂ ਉਨ੍ਹਾਂ ਦਾ ਸ਼ੋਰ ਰਥਾਂ ਦੇ ਸ਼ੋਰ ਵਰਗਾ+

ਅਤੇ ਬਲ਼ਦੇ ਘਾਹ-ਫੂਸ ਦੀ ਕੜ-ਕੜ ਵਰਗਾ ਸੁਣਾਈ ਦਿੰਦਾ ਹੈ।

ਉਹ ਉਨ੍ਹਾਂ ਤਾਕਤਵਰ ਲੋਕਾਂ ਵਰਗੇ ਹਨ ਜੋ ਯੁੱਧ ਲਈ ਮੋਰਚਾ ਬੰਨ੍ਹੀ ਖੜ੍ਹੇ ਹਨ।+

 6 ਉਨ੍ਹਾਂ ਕਰਕੇ ਲੋਕ ਕਸ਼ਟ ਸਹਿਣਗੇ।

ਹਰ ਇਕ ਦਾ ਚਿਹਰਾ ਪੀਲ਼ਾ ਪੈ ਜਾਵੇਗਾ।

 7 ਉਹ ਸੂਰਮਿਆਂ ਵਾਂਗ ਚੜ੍ਹਾਈ ਕਰਦੇ ਹਨ,

ਉਹ ਫ਼ੌਜੀਆਂ ਵਾਂਗ ਕੰਧ ਟੱਪਦੇ ਹਨ,

ਹਰ ਇਕ ਆਪੋ-ਆਪਣੇ ਰਾਹ ʼਤੇ ਤੁਰਦਾ ਹੈ

ਅਤੇ ਉਹ ਆਪਣੇ ਰਾਹ ਤੋਂ ਜ਼ਰਾ ਵੀ ਇੱਧਰ-ਉੱਧਰ ਨਹੀਂ ਹੁੰਦੇ।

 8 ਉਹ ਇਕ-ਦੂਜੇ ਨੂੰ ਧੱਕੇ ਨਹੀਂ ਮਾਰਦੇ;

ਹਰ ਆਦਮੀ ਆਪੋ-ਆਪਣੇ ਰਾਹ ʼਤੇ ਅੱਗੇ ਵਧਦਾ ਜਾਂਦਾ ਹੈ।

ਜੇ ਹਥਿਆਰਾਂ ਦੀ ਮਾਰ ਕਰਕੇ ਕੁਝ ਡਿਗ ਵੀ ਜਾਂਦੇ ਹਨ,

ਤਾਂ ਵੀ ਦੂਜੇ ਆਪਣੀ ਕਤਾਰ ਨਹੀਂ ਤੋੜਦੇ।

 9 ਉਹ ਸ਼ਹਿਰ ਵਿਚ ਤੇਜ਼ੀ ਨਾਲ ਵੜਦੇ ਹਨ, ਉਹ ਕੰਧ ਉੱਤੇ ਦੌੜਦੇ ਹਨ।

ਉਹ ਘਰਾਂ ਉੱਤੇ ਚੜ੍ਹ ਜਾਂਦੇ ਹਨ, ਉਹ ਚੋਰ ਵਾਂਗ ਖਿੜਕੀਆਂ ਰਾਹੀਂ ਦਾਖ਼ਲ ਹੁੰਦੇ ਹਨ।

10 ਉਨ੍ਹਾਂ ਅੱਗੇ ਧਰਤੀ ਕੰਬਦੀ ਅਤੇ ਆਕਾਸ਼ ਡੋਲਦਾ ਹੈ।

ਸੂਰਜ ਅਤੇ ਚੰਦ ਕਾਲ਼ੇ ਹੋ ਗਏ ਹਨ+

ਅਤੇ ਤਾਰਿਆਂ ਨੇ ਆਪਣੀ ਚਮਕ ਗੁਆ ਦਿੱਤੀ ਹੈ।

11 ਯਹੋਵਾਹ ਆਪਣੀ ਫ਼ੌਜ ਅੱਗੇ ਉੱਚੀ ਆਵਾਜ਼ ਵਿਚ ਬੋਲੇਗਾ+ ਕਿਉਂਕਿ ਉਸ ਦੀ ਫ਼ੌਜ ਬਹੁਤ ਵੱਡੀ ਹੈ।+

ਉਸ ਦਾ ਬਚਨ ਪੂਰਾ ਕਰਨ ਵਾਲਾ ਸ਼ਕਤੀਸ਼ਾਲੀ ਹੈ;

ਯਹੋਵਾਹ ਦਾ ਦਿਨ ਮਹਾਨ ਤੇ ਭਿਆਨਕ ਹੈ।+

ਇਸ ਅੱਗੇ ਕੌਣ ਟਿਕ ਸਕਦਾ ਹੈ?”+

12 ਯਹੋਵਾਹ ਕਹਿੰਦਾ ਹੈ, “ਹਾਲੇ ਵੀ ਸਮਾਂ ਹੈ, ਤੁਸੀਂ ਪੂਰੇ ਦਿਲ ਨਾਲ ਮੇਰੇ ਵੱਲ ਮੁੜ ਆਓ,+

ਵਰਤ ਰੱਖੋ,+ ਰੋਵੋ ਤੇ ਵੈਣ ਪਾਓ।

13 ਆਪਣੇ ਦਿਲਾਂ ਨੂੰ ਪਾੜੋ+ ਨਾ ਕਿ ਆਪਣੇ ਕੱਪੜਿਆਂ ਨੂੰ+

ਅਤੇ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆਓ

ਕਿਉਂਕਿ ਉਹ ਰਹਿਮਦਿਲ* ਅਤੇ ਦਇਆਵਾਨ ਪਰਮੇਸ਼ੁਰ ਹੈ, ਉਹ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਅਟੱਲ ਪਿਆਰ ਨਾਲ ਭਰਪੂਰ ਹੈ+

ਅਤੇ ਉਹ ਬਿਪਤਾ ਲਿਆਉਣ ਦੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕਰੇਗਾ।*

14 ਕੀ ਪਤਾ ਉਹ ਦੁਬਾਰਾ ਸੋਚ-ਵਿਚਾਰ ਕਰੇ* ਤੇ ਆਪਣਾ ਫ਼ੈਸਲਾ ਬਦਲੇ+

ਅਤੇ ਤੁਹਾਨੂੰ ਬਰਕਤ ਦੇਵੇ,

ਤਾਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾ ਸਕੋ?

15 ਸੀਓਨ ਵਿਚ ਨਰਸਿੰਗਾ ਵਜਾਓ!

ਵਰਤ ਰੱਖਣ ਦਾ ਐਲਾਨ ਕਰੋ; ਖ਼ਾਸ ਸਭਾ ਬੁਲਾਓ।+

16 ਲੋਕਾਂ ਨੂੰ ਇਕੱਠਾ ਕਰੋ; ਮੰਡਲੀ ਨੂੰ ਪਵਿੱਤਰ ਕਰੋ।+

ਬਜ਼ੁਰਗਾਂ ਨੂੰ ਇਕੱਠਾ ਕਰੋ; ਬੱਚਿਆਂ ਅਤੇ ਦੁੱਧ ਪੀਂਦੇ ਬੱਚਿਆਂ ਨੂੰ ਇਕੱਠਾ ਕਰੋ।+

ਲਾੜਾ ਆਪਣੇ ਅੰਦਰਲੇ ਕਮਰੇ ਵਿੱਚੋਂ ਬਾਹਰ ਆਵੇ ਅਤੇ ਲਾੜੀ ਆਪਣੇ ਅੰਦਰਲੇ ਕਮਰੇ ਵਿੱਚੋਂ।

17 ਦਲਾਨ ਅਤੇ ਵੇਦੀ ਵਿਚਕਾਰ+

ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀਓ, ਰੋਵੋ ਤੇ ਕਹੋ:

‘ਹੇ ਯਹੋਵਾਹ, ਆਪਣੇ ਲੋਕਾਂ ʼਤੇ ਤਰਸ ਖਾਹ;

ਆਪਣੀ ਵਿਰਾਸਤ ਨੂੰ ਮਜ਼ਾਕ ਨਾ ਬਣਨ ਦੇ,

ਕੌਮਾਂ ਨੂੰ ਉਨ੍ਹਾਂ ʼਤੇ ਰਾਜ ਨਾ ਕਰਨ ਦੇ।

ਲੋਕ ਕਿਉਂ ਕਹਿਣ, “ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”’+

18 ਫਿਰ ਯਹੋਵਾਹ ਆਪਣੇ ਦੇਸ਼ ਲਈ ਜੋਸ਼ ਦਿਖਾਵੇਗਾ

ਅਤੇ ਆਪਣੇ ਲੋਕਾਂ ʼਤੇ ਦਇਆ ਕਰੇਗਾ।+

19 ਯਹੋਵਾਹ ਆਪਣੇ ਲੋਕਾਂ ਨੂੰ ਜਵਾਬ ਦੇਵੇਗਾ:

‘ਮੈਂ ਤੁਹਾਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿਆਂਗਾ

ਅਤੇ ਤੁਸੀਂ ਪੂਰੀ ਤਰ੍ਹਾਂ ਰੱਜ ਜਾਓਗੇ;+

ਮੈਂ ਤੁਹਾਨੂੰ ਕੌਮਾਂ ਵਿਚ ਹੋਰ ਬਦਨਾਮ ਨਹੀਂ ਹੋਣ ਦਿਆਂਗਾ।+

20 ਮੈਂ ਉੱਤਰ ਵੱਲੋਂ ਆਉਣ ਵਾਲੇ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ;

ਮੈਂ ਉਸ ਨੂੰ ਸੁੱਕੀ ਅਤੇ ਵੀਰਾਨ ਉਜਾੜ ਵਿਚ ਖਿੰਡਾ ਦਿਆਂਗਾ,

ਉਸ ਦੇ ਅੱਗੇ ਵਾਲੀ ਫ਼ੌਜ* ਨੂੰ ਪੂਰਬੀ ਸਮੁੰਦਰ* ਵੱਲ

ਅਤੇ ਉਸ ਦੇ ਪਿੱਛੇ ਵਾਲੀ ਫ਼ੌਜ ਨੂੰ ਪੱਛਮੀ ਸਮੁੰਦਰ* ਵੱਲ।

ਉਸ ਤੋਂ ਬਦਬੂ ਉੱਪਰ ਵੱਲ ਉੱਠੇਗੀ,

ਉਸ ਤੋਂ ਸੜਿਆਂਦ ਉੱਪਰ ਵੱਲ ਉੱਠਦੀ ਰਹੇਗੀ;+

ਕਿਉਂਕਿ ਪਰਮੇਸ਼ੁਰ ਵੱਡੇ-ਵੱਡੇ ਕੰਮ ਕਰੇਗਾ।’

21 ਹੇ ਦੇਸ਼, ਨਾ ਡਰ।

ਖ਼ੁਸ਼ ਹੋ ਅਤੇ ਆਨੰਦ ਕਰ ਕਿਉਂਕਿ ਯਹੋਵਾਹ ਵੱਡੇ-ਵੱਡੇ ਕੰਮ ਕਰੇਗਾ।

22 ਮੈਦਾਨ ਦੇ ਜਾਨਵਰੋ, ਨਾ ਡਰੋ

ਕਿਉਂਕਿ ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਜਾਣਗੀਆਂ+

ਅਤੇ ਦਰਖ਼ਤ ਫਲ ਦੇਣਗੇ;+

ਅੰਜੀਰ ਦਾ ਦਰਖ਼ਤ ਅਤੇ ਅੰਗੂਰੀ ਵੇਲ ਭਰਪੂਰ ਫਲ ਜ਼ਰੂਰ ਦੇਵੇਗੀ।+

23 ਸੀਓਨ ਦੇ ਪੁੱਤਰੋ, ਆਪਣੇ ਪਰਮੇਸ਼ੁਰ ਯਹੋਵਾਹ ਕਰਕੇ ਆਨੰਦ ਅਤੇ ਖ਼ੁਸ਼ੀਆਂ ਮਨਾਓ;+

ਕਿਉਂਕਿ ਉਹ ਪਤਝੜ ਵਿਚ ਤੁਹਾਡੇ ਉੱਤੇ ਸਹੀ ਮਾਤਰਾ ਵਿਚ ਵਰਖਾ ਪਾਵੇਗਾ

ਅਤੇ ਉਹ ਤੁਹਾਡੇ ਉੱਤੇ ਮੋਹਲੇਧਾਰ ਮੀਂਹ ਵਰਸਾਵੇਗਾ,

ਉਹ ਪਤਝੜ ਅਤੇ ਬਸੰਤ ਰੁੱਤ ਵਿਚ ਪਹਿਲਾਂ ਵਾਂਗ ਬਾਰਸ਼ ਪਾਵੇਗਾ।+

24 ਪਿੜ* ਅਨਾਜ ਨਾਲ ਭਰ ਜਾਣਗੇ,

ਚੁਬੱਚੇ ਨਵੇਂ ਦਾਖਰਸ ਅਤੇ ਤੇਲ ਨਾਲ ਨੱਕੋ-ਨੱਕ ਭਰ ਜਾਣਗੇ।+

25 ਮੈਂ ਉਨ੍ਹਾਂ ਸਾਲਾਂ ਦੌਰਾਨ ਹੋਏ ਨੁਕਸਾਨ ਨੂੰ ਪੂਰਾ ਕਰਾਂਗਾ

ਜੋ ਟਿੱਡੀਆਂ ਦੇ ਦਲਾਂ, ਬਿਨਾਂ ਖੰਭਾਂ ਵਾਲੀਆਂ ਟਿੱਡੀਆਂ, ਭੁੱਖੜ ਟਿੱਡੀਆਂ ਅਤੇ ਹਾਬੜੀਆਂ ਟਿੱਡੀਆਂ ਨੇ ਕੀਤਾ,

ਹਾਂ, ਇਹ ਮੇਰੀ ਵੱਡੀ ਫ਼ੌਜ ਸੀ ਜੋ ਮੈਂ ਤੁਹਾਡੇ ਖ਼ਿਲਾਫ਼ ਘੱਲੀ।+

26 ਤੁਸੀਂ ਰੱਜ ਕੇ ਖਾਓਗੇ,+

ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਵਡਿਆਈ ਕਰੋਗੇ+

ਜਿਸ ਨੇ ਤੁਹਾਡੀ ਖ਼ਾਤਰ ਅਚੰਭੇ ਕੀਤੇ;

ਮੇਰੇ ਲੋਕਾਂ ਨੂੰ ਫਿਰ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਪਵੇਗਾ।+

27 ਤੁਹਾਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਮੈਂ ਇਜ਼ਰਾਈਲ ਦੇ ਵਿਚਕਾਰ ਹਾਂ+

ਅਤੇ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ,+ ਮੇਰੇ ਸਿਵਾ ਹੋਰ ਕੋਈ ਨਹੀਂ!

ਮੇਰੇ ਲੋਕਾਂ ਨੂੰ ਫਿਰ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਪਵੇਗਾ।

28 ਇਸ ਤੋਂ ਬਾਅਦ ਮੈਂ ਹਰ ਤਰ੍ਹਾਂ ਦੇ ਲੋਕਾਂ ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ+

ਅਤੇ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਭਵਿੱਖਬਾਣੀਆਂ ਕਰਨਗੀਆਂ,

ਤੁਹਾਡੇ ਬਜ਼ੁਰਗ ਖ਼ਾਸ ਸੁਪਨੇ ਦੇਖਣਗੇ

ਅਤੇ ਤੁਹਾਡੇ ਜਵਾਨ ਦਰਸ਼ਣ ਦੇਖਣਗੇ।+

29 ਉਨ੍ਹਾਂ ਦਿਨਾਂ ਵਿਚ ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ

ਆਪਣੀ ਪਵਿੱਤਰ ਸ਼ਕਤੀ ਪਾਵਾਂਗਾ।

30 ਮੈਂ ਆਕਾਸ਼ ਵਿਚ ਚਮਤਕਾਰ ਅਤੇ ਧਰਤੀ ਉੱਤੇ ਇਹ ਨਿਸ਼ਾਨੀਆਂ ਦਿਖਾਵਾਂਗਾ,

ਖ਼ੂਨ, ਅੱਗ ਅਤੇ ਧੂੰਏਂ ਦੇ ਬੱਦਲ।+

31 ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ+

ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਦਾ ਰੰਗ ਖ਼ੂਨ ਵਾਂਗ ਲਾਲ ਹੋ ਜਾਵੇਗਾ।+

32 ਅਤੇ ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ;+

ਕਿਉਂਕਿ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਉਹ ਲੋਕ ਹੋਣਗੇ ਜੋ ਬਚਣਗੇ+ ਜਿਵੇਂ ਯਹੋਵਾਹ ਨੇ ਕਿਹਾ ਹੈ,

ਉਹ ਬਚੇ ਹੋਏ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਸੱਦਿਆ ਹੈ।”

3 “ਦੇਖੋ! ਉਨ੍ਹਾਂ ਦਿਨਾਂ ਵਿਚ ਅਤੇ ਉਸ ਸਮੇਂ ਵਿਚ,

ਜਦੋਂ ਮੈਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵਾਂਗਾ,+

 2 ਉਸ ਵੇਲੇ ਮੈਂ ਸਾਰੀਆਂ ਕੌਮਾਂ ਨੂੰ ਵੀ ਇਕੱਠਾ ਕਰਾਂਗਾ

ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ* ਦੀ ਵਾਦੀ ਵਿਚ ਉਤਾਰ ਲਿਆਵਾਂਗਾ।

ਉੱਥੇ ਮੈਂ ਆਪਣੇ ਲੋਕਾਂ ਅਤੇ ਆਪਣੀ ਵਿਰਾਸਤ ਇਜ਼ਰਾਈਲ ਦੀ ਖ਼ਾਤਰ

ਉਨ੍ਹਾਂ ਦਾ ਨਿਆਂ ਕਰਾਂਗਾ+

ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਕੌਮਾਂ ਵਿਚ ਖਿੰਡਾ ਦਿੱਤਾ

ਅਤੇ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਸ ਵਿਚ ਵੰਡ ਲਿਆ।+

 3 ਉਨ੍ਹਾਂ ਨੇ ਮੇਰੇ ਲੋਕਾਂ ʼਤੇ ਗੁਣੇ ਪਾਏ;+

ਉਨ੍ਹਾਂ ਨੇ ਵੇਸਵਾ ਦੇ ਬਦਲੇ ਇਕ ਮੁੰਡੇ ਨੂੰ ਵੇਚਿਆ

ਅਤੇ ਦਾਖਰਸ ਪੀਣ ਲਈ ਇਕ ਕੁੜੀ ਨੂੰ ਵੇਚਿਆ।

 4 ਹੇ ਸੋਰ ਤੇ ਸੀਦੋਨ ਅਤੇ ਫਲਿਸਤ ਦੇ ਇਲਾਕਿਓ,

ਤੁਹਾਡੀ ਇੱਦਾਂ ਕਰਨ ਦੀ ਜੁਰਅਤ ਕਿਵੇਂ ਪਈ?

ਕੀ ਤੁਸੀਂ ਮੇਰੇ ਤੋਂ ਕਿਸੇ ਗੱਲ ਦਾ ਬਦਲਾ ਲੈ ਰਹੇ ਹੋ?

ਜੇ ਤੁਸੀਂ ਮੇਰੇ ਤੋਂ ਬਦਲਾ ਲੈ ਰਹੇ ਹੋ,

ਤਾਂ ਮੈਂ ਫਟਾਫਟ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।+

 5 ਕਿਉਂਕਿ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਗਏ ਹੋ+

ਅਤੇ ਮੇਰੇ ਵਧੀਆ ਤੋਂ ਵਧੀਆ ਖ਼ਜ਼ਾਨੇ ਆਪਣੇ ਮੰਦਰਾਂ ਵਿਚ ਲੈ ਆਏ ਹੋ;

 6 ਨਾਲੇ ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ+

ਤਾਂਕਿ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕੇ ਤੋਂ ਦੂਰ ਕਰ ਸਕੋ;

 7 ਦੇਖੋ, ਮੈਂ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਮੋੜ ਲਿਆਵਾਂਗਾ ਜਿੱਥੇ ਤੁਸੀਂ ਉਨ੍ਹਾਂ ਨੂੰ ਵੇਚਿਆ+

ਅਤੇ ਮੈਂ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।

 8 ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਦੇ ਹੱਥ ਵੇਚ ਦਿਆਂਗਾ+

ਅਤੇ ਉਹ ਉਨ੍ਹਾਂ ਨੂੰ ਇਕ ਦੂਰ-ਦੁਰੇਡੀ ਕੌਮ, ਸ਼ਬਾ ਦੇ ਲੋਕਾਂ ਨੂੰ ਵੇਚ ਦੇਣਗੇ;

ਕਿਉਂਕਿ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ।

 9 ਕੌਮਾਂ ਵਿਚ ਇਹ ਐਲਾਨ ਕਰੋ:+

‘ਯੁੱਧ ਲਈ ਤਿਆਰ ਹੋਵੋ! ਸੂਰਮਿਆਂ ਨੂੰ ਉਭਾਰੋ!

ਸਾਰੇ ਫ਼ੌਜੀਆਂ ਨੂੰ ਇਕੱਠਾ ਕਰੋ, ਉਹ ਅੱਗੇ ਵਧਣ ਤੇ ਚੜ੍ਹਾਈ ਕਰਨ!+

10 ਆਪਣੇ ਫਾਲਿਆਂ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣੇ ਦਾਤਾਂ ਨੂੰ ਬਰਛੇ* ਬਣਾਓ।

ਕਮਜ਼ੋਰ ਕਹੇ: “ਮੈਂ ਤਾਕਤਵਰ ਹਾਂ।”

11 ਹੇ ਆਲੇ-ਦੁਆਲੇ ਦੀਓ ਕੌਮੋ ਆਓ, ਇਕੱਠੀਆਂ ਹੋਵੋ ਤੇ ਮਦਦ ਕਰੋ!’”+

ਹੇ ਯਹੋਵਾਹ, ਆਪਣੇ ਤਾਕਤਵਰ ਲੋਕਾਂ* ਨੂੰ ਉਸ ਜਗ੍ਹਾ ਉਤਾਰ ਲਿਆ।

12 “ਕੌਮਾਂ ਨੂੰ ਉਕਸਾਓ ਅਤੇ ਉਹ ਯਹੋਸ਼ਾਫ਼ਾਟ ਦੀ ਵਾਦੀ ਵਿਚ ਆਉਣ;

ਕਿਉਂਕਿ ਮੈਂ ਉੱਥੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਨ ਲਈ ਬੈਠਾਂਗਾ।+

13 ਦਾਤੀ ਚਲਾਓ ਕਿਉਂਕਿ ਫ਼ਸਲ ਪੱਕ ਗਈ ਹੈ।

ਹੇਠਾਂ ਆਓ ਅਤੇ ਅੰਗੂਰਾਂ ਨੂੰ ਮਿੱਧੋ ਕਿਉਂਕਿ ਚੁਬੱਚਾ ਭਰ ਗਿਆ ਹੈ।+

ਹੌਦ ਛਲਕ ਰਹੇ ਹਨ ਕਿਉਂਕਿ ਕੌਮਾਂ ਦੀ ਬੁਰਾਈ ਬਹੁਤ ਵਧ ਗਈ ਹੈ।

14 ਫ਼ੈਸਲੇ ਦੀ ਵਾਦੀ ਵਿਚ ਭੀੜਾਂ ਦੀਆਂ ਭੀੜਾਂ ਹਨ

ਕਿਉਂਕਿ ਫ਼ੈਸਲੇ ਦੀ ਵਾਦੀ ਵਿਚ ਯਹੋਵਾਹ ਦਾ ਦਿਨ ਨੇੜੇ ਹੈ।+

15 ਸੂਰਜ ਅਤੇ ਚੰਦ ਕਾਲ਼ੇ ਹੋ ਜਾਣਗੇ

ਅਤੇ ਤਾਰੇ ਆਪਣੀ ਚਮਕ ਗੁਆ ਦੇਣਗੇ।

16 ਯਹੋਵਾਹ ਸੀਓਨ ਤੋਂ ਗਰਜੇਗਾ,

ਉਹ ਯਰੂਸ਼ਲਮ ਤੋਂ ਉੱਚੀ ਆਵਾਜ਼ ਵਿਚ ਬੋਲੇਗਾ।

ਆਕਾਸ਼ ਤੇ ਧਰਤੀ ਕੰਬਣਗੇ;

ਪਰ ਯਹੋਵਾਹ ਆਪਣੇ ਲੋਕਾਂ ਲਈ ਪਨਾਹ+

ਅਤੇ ਇਜ਼ਰਾਈਲ ਦੇ ਲੋਕਾਂ ਲਈ ਕਿਲਾ ਹੋਵੇਗਾ।

17 ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਪਵਿੱਤਰ ਪਹਾੜ ਸੀਓਨ ʼਤੇ ਵੱਸਦਾ ਹਾਂ।+

ਯਰੂਸ਼ਲਮ ਪਵਿੱਤਰ ਥਾਂ ਬਣ ਜਾਵੇਗਾ+

ਅਤੇ ਅਜਨਬੀ* ਉਸ ਵਿੱਚੋਂ ਫਿਰ ਕਦੇ ਨਹੀਂ ਲੰਘਣਗੇ।+

18 ਉਸ ਦਿਨ ਪਹਾੜਾਂ ਤੋਂ ਮਿੱਠਾ ਦਾਖਰਸ ਚੋਵੇਗਾ,+

ਪਹਾੜੀਆਂ ਵਿੱਚੋਂ ਦੁੱਧ ਵਹੇਗਾ

ਅਤੇ ਯਹੂਦਾਹ ਦੀਆਂ ਸਾਰੀਆਂ ਨਦੀਆਂ ਵਿਚ ਪਾਣੀ ਵਗੇਗਾ,

ਯਹੋਵਾਹ ਦੇ ਘਰ ਤੋਂ ਪਾਣੀ ਦਾ ਚਸ਼ਮਾ ਫੁੱਟੇਗਾ+

ਅਤੇ ਇਹ ਕਿੱਕਰ ਦੇ ਦਰਖ਼ਤਾਂ ਦੀ ਵਾਦੀ ਨੂੰ ਸਿੰਜੇਗਾ।

19 ਪਰ ਮਿਸਰ ਉਜਾੜ ਬਣ ਜਾਵੇਗਾ+

ਅਤੇ ਅਦੋਮ ਵੀਰਾਨ ਉਜਾੜ ਬਣ ਜਾਵੇਗਾ+

ਕਿਉਂਕਿ ਉਨ੍ਹਾਂ ਨੇ ਯਹੂਦਾਹ ਦੇ ਲੋਕਾਂ ʼਤੇ ਜ਼ੁਲਮ ਢਾਹਿਆ+

ਅਤੇ ਉਨ੍ਹਾਂ ਦੇ ਦੇਸ਼ ਵਿਚ ਨਿਰਦੋਸ਼ਾਂ ਦਾ ਖ਼ੂਨ ਵਹਾਇਆ।+

20 ਪਰ ਯਹੂਦਾਹ ਹਮੇਸ਼ਾ-ਹਮੇਸ਼ਾ ਲਈ ਵੱਸਦਾ ਰਹੇਗਾ

ਅਤੇ ਯਰੂਸ਼ਲਮ ਪੀੜ੍ਹੀਓ-ਪੀੜ੍ਹੀ।+

21 ਮੈਂ ਉਨ੍ਹਾਂ ਉੱਤੇ ਲੱਗੇ ਖ਼ੂਨ ਦੇ ਦੋਸ਼ ਨੂੰ ਮਿਟਾ ਦਿਆਂਗਾ;+

ਅਤੇ ਯਹੋਵਾਹ ਸੀਓਨ ਵਿਚ ਵੱਸੇਗਾ।”+

ਮਤਲਬ “ਯਹੋਵਾਹ ਪਰਮੇਸ਼ੁਰ ਹੈ।”

ਜਾਂ, “ਧਰਤੀ।”

ਜਾਂ, “ਪਤੀ।”

ਇਬ, “ਲੱਕ ਬੰਨ੍ਹ ਕੇ।”

ਜਾਂ, “ਛਾਤੀ ਪਿੱਟੋ।”

ਜਾਂ, “ਪਵਿੱਤਰ।”

ਜਾਂ, “ਰੰਬਿਆਂ।”

ਜਾਂ ਸੰਭਵ ਹੈ, “ਸੁੱਕੀਆਂ ਅੰਜੀਰਾਂ।”

ਜਾਂ, “ਧਰਤੀ।”

ਜਾਂ, “ਹਮਦਰਦ।”

ਜਾਂ, “ਉੱਤੇ ਪਛਤਾਵਾ ਕਰੇਗਾ।”

ਜਾਂ, “ਪਛਤਾਵੇ।”

ਇਬ, “ਚਿਹਰਾ।”

ਯਾਨੀ, ਮ੍ਰਿਤ ਸਾਗਰ।

ਯਾਨੀ, ਭੂਮੱਧ ਸਾਗਰ।

ਸ਼ਬਦਾਵਲੀ ਦੇਖੋ।

ਮਤਲਬ “ਯਹੋਵਾਹ ਨਿਆਂਕਾਰ ਹੈ।”

ਜਾਂ, “ਨੇਜ਼ੇ।”

ਜਾਂ, “ਆਪਣੇ ਯੋਧਿਆਂ।”

ਜਾਂ, “ਪਰਦੇਸੀ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ