ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਨਹੂਮ 1:1 - 3:19
  • ਨਹੂਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਹੂਮ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਨਹੂਮ

ਨਹੂਮ

1 ਨੀਨਵਾਹ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼।+ ਅਲਕੋਸ਼ੀ ਨਹੂਮ* ਨੂੰ ਦਿਖਾਇਆ ਗਿਆ ਦਰਸ਼ਣ ਇਸ ਕਿਤਾਬ ਵਿਚ ਦਰਜ ਹੈ:

 2 ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ+ ਅਤੇ ਉਹ ਬਦਲਾ ਲੈਂਦਾ ਹੈ;

ਯਹੋਵਾਹ ਬਦਲਾ ਲੈਂਦਾ ਹੈ ਅਤੇ ਉਹ ਆਪਣਾ ਗੁੱਸਾ ਕੱਢਣ ਲਈ ਤਿਆਰ ਹੈ।+

ਯਹੋਵਾਹ ਆਪਣੇ ਵੈਰੀਆਂ ਤੋਂ ਬਦਲਾ ਲੈਂਦਾ ਹੈ,

ਉਹ ਆਪਣੇ ਦੁਸ਼ਮਣਾਂ ਖ਼ਿਲਾਫ਼ ਆਪਣਾ ਕ੍ਰੋਧ ਸਾਂਭ ਕੇ ਰੱਖਦਾ ਹੈ।

 3 ਯਹੋਵਾਹ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਬਹੁਤ ਸ਼ਕਤੀਸ਼ਾਲੀ ਹੈ,+

ਪਰ ਯਹੋਵਾਹ ਗੁਨਾਹਗਾਰ ਨੂੰ ਯੋਗ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟੇਗਾ।+

ਜਦ ਉਹ ਤੁਰਦਾ ਹੈ, ਤਾਂ ਤਬਾਹੀ ਮਚਾਉਣ ਵਾਲੀ ਹਨੇਰੀ ਅਤੇ ਤੂਫ਼ਾਨ ਉੱਠਦਾ ਹੈ

ਅਤੇ ਉਸ ਦੇ ਪੈਰਾਂ ਥੱਲਿਓਂ ਬੱਦਲ ਧੂੜ ਵਾਂਗ ਉੱਠਦੇ ਹਨ।+

 4 ਉਹ ਸਮੁੰਦਰ ਨੂੰ ਝਿੜਕਦਾ+ ਤੇ ਉਸ ਨੂੰ ਸੁਕਾ ਦਿੰਦਾ ਹੈ;

ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ।+

ਬਾਸ਼ਾਨ ਅਤੇ ਕਰਮਲ ਮੁਰਝਾ ਜਾਂਦੇ ਹਨ+

ਅਤੇ ਲਬਾਨੋਨ ਦੇ ਫੁੱਲ ਕੁਮਲਾ ਜਾਂਦੇ ਹਨ।

 5 ਉਸ ਦੇ ਕਰਕੇ ਪਹਾੜ ਕੰਬਦੇ ਹਨ

ਅਤੇ ਪਹਾੜੀਆਂ ਪਿਘਲ਼ ਜਾਂਦੀਆਂ ਹਨ।+

ਧਰਤੀ ਉਸ ਦੇ ਸਾਮ੍ਹਣੇ ਥਰ-ਥਰ ਕੰਬਦੀ ਹੈ,

ਨਾਲੇ ਦੁਨੀਆਂ ਅਤੇ ਇਸ ਦੇ ਵਾਸੀ ਵੀ।+

 6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+

ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+

ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,

ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।

 7 ਯਹੋਵਾਹ ਭਲਾ*+ ਹੈ ਅਤੇ ਕਸ਼ਟ ਦੇ ਦਿਨ ਇਕ ਮਜ਼ਬੂਤ ਗੜ੍ਹ ਹੈ।+

ਉਹ ਉਨ੍ਹਾਂ ਨੂੰ ਜਾਣਦਾ* ਹੈ ਜੋ ਉਸ ਵਿਚ ਪਨਾਹ ਲੈਂਦੇ ਹਨ।+

 8 ਉਹ ਉਸ* ਦੀ ਥਾਂ ਨੂੰ ਜ਼ਬਰਦਸਤ ਹੜ੍ਹ ਨਾਲ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ

ਅਤੇ ਹਨੇਰਾ ਉਸ ਦੇ ਦੁਸ਼ਮਣਾਂ ਦਾ ਪਿੱਛਾ ਕਰੇਗਾ।

 9 ਤੁਸੀਂ ਯਹੋਵਾਹ ਦੇ ਖ਼ਿਲਾਫ਼ ਕਿਹੜੀ ਸਾਜ਼ਸ਼ ਘੜੋਗੇ?

ਉਹ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਵੇਗਾ।

ਫਿਰ ਦੁਬਾਰਾ ਬਿਪਤਾ ਨਹੀਂ ਆਵੇਗੀ।+

10 ਉਹ ਕੰਡੇਦਾਰ ਵਾੜ ਵਰਗੇ ਹਨ,

ਉਹ ਸ਼ਰਾਬ* ਨਾਲ ਰੱਜੇ ਹੋਇਆਂ ਵਰਗੇ ਹਨ,

ਪਰ ਉਹ ਘਾਹ-ਫੂਸ ਵਾਂਗ ਸੜ ਜਾਣਗੇ।

11 ਤੇਰੇ ਵਿੱਚੋਂ ਇਕ ਨਿਕਲੇਗਾ ਜੋ ਯਹੋਵਾਹ ਦੇ ਖ਼ਿਲਾਫ਼ ਸਾਜ਼ਸ਼ ਘੜੇਗਾ

ਅਤੇ ਨਿਕੰਮੀ ਸਲਾਹ ਦੇਵੇਗਾ।

12 ਯਹੋਵਾਹ ਇਹ ਕਹਿੰਦਾ ਹੈ:

“ਭਾਵੇਂ ਉਹ ਬਹੁਤ ਤਾਕਤਵਰ ਅਤੇ ਅਣਗਿਣਤ ਹੋਣ,

ਤਾਂ ਵੀ ਉਹ ਵੱਢੇ ਜਾਣਗੇ ਅਤੇ ਖ਼ਤਮ ਹੋ ਜਾਣਗੇ।*

ਮੈਂ ਤੈਨੂੰ* ਦੁੱਖ ਦਿੱਤਾ ਹੈ, ਪਰ ਮੈਂ ਤੈਨੂੰ ਹੋਰ ਦੁੱਖ ਨਹੀਂ ਦਿਆਂਗਾ।

13 ਹੁਣ ਮੈਂ ਤੇਰੇ ਉੱਤੋਂ ਉਸ ਦਾ ਜੂਲਾ ਲਾਹ ਕੇ ਭੰਨ ਸੁੱਟਾਂਗਾ+

ਅਤੇ ਮੈਂ ਤੇਰੀਆਂ ਜ਼ੰਜੀਰਾਂ ਤੋੜ ਦਿਆਂਗਾ।

14 ਯਹੋਵਾਹ ਨੇ ਤੇਰੇ* ਬਾਰੇ ਹੁਕਮ ਦਿੱਤਾ ਹੈ,

‘ਤੇਰੇ ਨਾਂ* ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਹੋਵੇਗਾ।

ਮੈਂ ਤੇਰੇ ਦੇਵਤਿਆਂ ਦੇ ਮੰਦਰ ਵਿੱਚੋਂ ਘੜੀਆਂ ਹੋਈਆਂ ਮੂਰਤਾਂ ਅਤੇ ਧਾਤ ਦੇ ਬੁੱਤਾਂ* ਨੂੰ ਭੰਨ ਸੁੱਟਾਂਗਾ।

ਮੈਂ ਤੇਰੇ ਲਈ ਕਬਰ ਖੋਦਾਂਗਾ ਕਿਉਂਕਿ ਤੂੰ ਨਫ਼ਰਤ ਦੇ ਲਾਇਕ ਹੈਂ।’

15 ਦੇਖੋ! ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਪਹਾੜਾਂ ʼਤੇ ਤੁਰਿਆ ਆ ਰਿਹਾ ਹੈ,

ਉਹ ਸ਼ਾਂਤੀ ਦਾ ਐਲਾਨ ਕਰਦਾ ਹੈ।+

ਹੇ ਯਹੂਦਾਹ, ਆਪਣੇ ਤਿਉਹਾਰ ਮਨਾ+ ਤੇ ਆਪਣੀਆਂ ਸੁੱਖਣਾਂ ਪੂਰੀਆਂ ਕਰ,

ਕੋਈ ਵੀ ਦੁਸ਼ਟ* ਤੇਰੇ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।

ਉਹ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ।”

2 ਖਿੰਡਾਉਣ ਵਾਲਾ ਤੇਰੇ* ਖ਼ਿਲਾਫ਼ ਆ ਗਿਆ ਹੈ।+

ਗੜ੍ਹਾਂ ʼਤੇ ਪਹਿਰਾ ਦੇ।

ਰਾਹ ʼਤੇ ਨਜ਼ਰ ਰੱਖ।

ਕਮਰ ਕੱਸ* ਅਤੇ ਤਕੜਾ ਹੋ।

 2 ਯਹੋਵਾਹ ਯਾਕੂਬ ਨੂੰ,

ਨਾਲੇ ਇਜ਼ਰਾਈਲ ਨੂੰ ਪਹਿਲਾਂ ਵਾਲਾ ਮਾਣ ਬਖ਼ਸ਼ੇਗਾ

ਕਿਉਂਕਿ ਦੁਸ਼ਮਣਾਂ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ+

ਅਤੇ ਉਨ੍ਹਾਂ ਦੀਆਂ ਟਾਹਣੀਆਂ ਉਜਾੜ ਦਿੱਤੀਆਂ ਹਨ।

 3 ਉਸ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਰੰਗ ਨਾਲ ਰੰਗੀਆਂ ਹੋਈਆਂ ਹਨ,

ਉਸ ਦੇ ਯੋਧਿਆਂ ਦਾ ਪਹਿਰਾਵਾ ਗੂੜ੍ਹਾ ਲਾਲ ਹੈ।

ਉਹ ਯੁੱਧ ਦੇ ਦਿਨ ਤਿਆਰ ਖੜ੍ਹਾ ਹੈ,

ਉਸ ਦੇ ਯੁੱਧ ਦੇ ਰਥਾਂ ਨੂੰ ਲੱਗਾ ਲੋਹਾ ਅੱਗ ਵਾਂਗ ਲਿਸ਼ਕ ਰਿਹਾ ਹੈ

ਅਤੇ ਯੋਧੇ ਬਰਛੇ ਚੁੱਕੀ ਖੜ੍ਹੇ ਹਨ।

 4 ਯੁੱਧ ਦੇ ਰਥ ਗਲੀਆਂ ਵਿਚ ਅੰਨ੍ਹੇਵਾਹ ਦੌੜ ਰਹੇ ਹਨ।

ਉਹ ਚੌਂਕਾਂ ਵਿਚ ਇੱਧਰ-ਉੱਧਰ ਭੱਜ ਰਹੇ ਹਨ।

ਉਹ ਬਲ਼ਦੀਆਂ ਮਸ਼ਾਲਾਂ ਅਤੇ ਬਿਜਲੀ ਵਾਂਗ ਲਿਸ਼ਕ ਰਹੇ ਹਨ।

 5 ਉਹ* ਆਪਣੇ ਤਾਕਤਵਰ ਯੋਧਿਆਂ ਨੂੰ ਬੁਲਾਵੇਗਾ।

ਉਹ ਅੱਗੇ ਵਧਦੇ ਹੋਏ ਠੇਡੇ ਖਾਣਗੇ।

ਉਹ ਭੱਜ ਕੇ ਸ਼ਹਿਰ ਦੀ ਕੰਧ ਵੱਲ ਜਾਣਗੇ

ਅਤੇ ਸੁਰੱਖਿਆ ਦੇ ਪੱਕੇ ਪ੍ਰਬੰਧ ਕਰਨਗੇ।

 6 ਨਦੀਆਂ ਦੇ ਫਾਟਕ ਖੋਲ੍ਹੇ ਜਾਣਗੇ

ਅਤੇ ਮਹਿਲ ਖੁਰ ਜਾਵੇਗਾ।*

 7 ਇਹ ਫ਼ਰਮਾਨ ਜਾਰੀ ਕੀਤਾ ਗਿਆ ਹੈ:* ਉਸ ਨੂੰ ਨੰਗਾ ਕੀਤਾ ਗਿਆ ਹੈ,

ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ, ਉਸ ਦੀਆਂ ਦਾਸੀਆਂ ਆਪਣੀ ਛਾਤੀ* ਪਿੱਟਦੀਆਂ ਹਨ

ਉਹ ਕਬੂਤਰਾਂ ਵਾਂਗ ਹੂੰਗਦੀਆਂ ਹਨ।

 8 ਪੁਰਾਣੇ ਜ਼ਮਾਨੇ ਤੋਂ ਨੀਨਵਾਹ+ ਪਾਣੀਆਂ ਦੇ ਸਰੋਵਰ ਵਰਗਾ ਸੀ,

ਪਰ ਹੁਣ ਲੋਕ ਭੱਜ ਰਹੇ ਹਨ।

“ਖੜ੍ਹ ਜਾਓ! ਖੜ੍ਹ ਜਾਓ!”

ਪਰ ਕੋਈ ਨਹੀਂ ਮੁੜ ਰਿਹਾ।+

 9 ਚਾਂਦੀ ਲੁੱਟ ਲਓ, ਸੋਨਾ ਲੁੱਟ ਲਓ!

ਇਸ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ।

ਇਹ ਹਰ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਨਾਲ ਭਰਿਆ ਪਿਆ ਹੈ।

10 ਇਹ ਸ਼ਹਿਰ ਖਾਲੀ, ਵੀਰਾਨ ਅਤੇ ਬਰਬਾਦ ਪਿਆ ਹੈ!+

ਉਨ੍ਹਾਂ ਦੇ ਦਿਲ ਦਹਿਲ ਗਏ ਹਨ, ਉਨ੍ਹਾਂ ਦੇ ਗੋਡੇ ਜਵਾਬ ਦੇ ਗਏ ਹਨ, ਉਨ੍ਹਾਂ ਦੇ ਚੂਲੇ ਦੇ ਜੋੜ ਹਿਲਦੇ ਹਨ;

ਉਨ੍ਹਾਂ ਸਾਰਿਆਂ ਦੇ ਚਿਹਰੇ ਪੀਲ਼ੇ ਪੈ ਗਏ ਹਨ।

11 ਸ਼ੇਰਾਂ ਦਾ ਘੁਰਨਾ ਕਿੱਥੇ ਹੈ+ ਜਿੱਥੇ ਜਵਾਨ ਸ਼ੇਰ ਆਪਣੇ ਢਿੱਡ ਭਰਦੇ ਹਨ,

ਜਿੱਥੇ ਸ਼ੇਰ ਆਪਣੇ ਬੱਚਿਆਂ ਨਾਲ ਘੁੰਮਦਾ ਹੈ

ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਉਂਦਾ?

12 ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਸਾਰਾ ਸ਼ਿਕਾਰ ਮਾਰਿਆ

ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ਾ ਘੁੱਟਿਆ।

ਉਸ ਨੇ ਆਪਣੀਆਂ ਗੁਫਾਵਾਂ ਸ਼ਿਕਾਰ ਨਾਲ

ਅਤੇ ਆਪਣੇ ਘੁਰਨੇ ਪਾੜੇ ਹੋਏ ਜਾਨਵਰਾਂ ਨਾਲ ਭਰੀ ਰੱਖੇ।

13 “ਦੇਖ! ਮੈਂ ਤੇਰੇ ਵਿਰੁੱਧ ਹਾਂ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+

“ਮੈਂ ਤੇਰੇ ਯੁੱਧ ਦੇ ਰਥ ਸਾੜ ਦਿਆਂਗਾ,+

ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਵੱਢ ਸੁੱਟੇਗੀ।

ਮੈਂ ਧਰਤੀ ਤੋਂ ਤੇਰਾ ਸ਼ਿਕਾਰ ਖ਼ਤਮ ਕਰ ਦਿਆਂਗਾ,

ਫਿਰ ਕਦੇ ਤੇਰੇ ਦੂਤਾਂ* ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ।”+

3 ਹਾਇ ਇਸ ਖ਼ੂਨੀ ਸ਼ਹਿਰ ਉੱਤੇ!

ਇਹ ਧੋਖੇਬਾਜ਼ੀ ਅਤੇ ਲੁੱਟ-ਮਾਰ ਦਾ ਗੜ੍ਹ ਹੈ।

ਇਹ ਸ਼ਿਕਾਰ ਕਰਨ ਤੋਂ ਬਾਜ਼ ਨਹੀਂ ਆਉਂਦਾ!

 2 ਹਰ ਪਾਸੇ ਛਾਂਟਿਆਂ ਦੀ ਆਵਾਜ਼ ਅਤੇ ਚੱਕਿਆਂ ਦੀ ਖੜ-ਖੜ,

ਘੋੜਿਆਂ ਦੀ ਦਗੜ-ਦਗੜ ਅਤੇ ਰਥਾਂ ਦੀ ਗੜ-ਗੜ ਸੁਣਾਈ ਦੇ ਰਹੀ ਹੈ

 3 ਘੋੜਸਵਾਰ ਅੱਗੇ ਵਧ ਰਹੇ ਹਨ, ਤਲਵਾਰਾਂ ਚਮਕ ਰਹੀਆਂ ਹਨ ਅਤੇ ਬਰਛੇ ਲਿਸ਼ਕਾਂ ਮਾਰ ਰਹੇ ਹਨ,

ਅਣਗਿਣਤ ਲੋਕ ਮਰੇ ਪਏ ਹਨ ਅਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ

​—ਸਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ।

ਉਹ ਲਾਸ਼ਾਂ ਨਾਲ ਠੇਡੇ ਖਾਂਦੇ ਆ ਰਹੇ ਹਨ।

 4 ਇਹ ਸਭ ਕੁਝ ਉਸ ਵੇਸਵਾ ਦੀਆਂ ਬਦਚਲਣੀਆਂ ਦਾ ਅੰਜਾਮ ਹੈ,

ਜਿਹੜੀ ਸੋਹਣੀ ਤੇ ਮਨਮੋਹਣੀ ਅਤੇ ਆਪਣਾ ਜਾਦੂ ਚਲਾਉਣ ਵਿਚ ਮਾਹਰ ਹੈ,

ਉਸ ਨੇ ਆਪਣੀ ਬਦਚਲਣੀ ਨਾਲ ਕੌਮਾਂ ਨੂੰ ਅਤੇ ਆਪਣੇ ਜਾਦੂ ਨਾਲ ਘਰਾਣਿਆਂ ਨੂੰ ਫਸਾਇਆ ਹੈ।

 5 “ਦੇਖ! ਮੈਂ ਤੇਰੇ* ਵਿਰੁੱਧ ਹਾਂ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,+

“ਮੈਂ ਤੇਰਾ ਘੱਗਰਾ ਤੇਰੇ ਮੂੰਹ ਤਕ ਚੁੱਕਾਂਗਾ;

ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਦਿਖਾਵਾਂਗਾ

ਅਤੇ ਹਕੂਮਤਾਂ ਤੈਨੂੰ ਬੇਇੱਜ਼ਤ ਹੁੰਦਾ ਦੇਖਣਗੀਆਂ।

 6 ਮੈਂ ਤੇਰੇ ʼਤੇ ਗੰਦ ਸੁੱਟਾਂਗਾ

ਅਤੇ ਤੈਨੂੰ ਘਿਰਣਾ ਦੇ ਲਾਇਕ ਬਣਾਵਾਂਗਾ;

ਮੈਂ ਤੇਰਾ ਜਲੂਸ ਕੱਢਾਂਗਾ।+

 7 ਜਿਹੜਾ ਵੀ ਤੈਨੂੰ ਦੇਖੇਗਾ ਉਹ ਤੇਰੇ ਤੋਂ ਦੂਰ ਭੱਜੇਗਾ+ ਅਤੇ ਕਹੇਗਾ,

‘ਨੀਨਵਾਹ ਤਬਾਹ ਹੋ ਗਿਆ!

ਕੌਣ ਉਸ ਦਾ ਦੁੱਖ ਵੰਡਾਵੇਗਾ?’

ਤੈਨੂੰ ਦਿਲਾਸਾ ਦੇਣ ਵਾਲੇ ਲੋਕਾਂ ਨੂੰ ਮੈਂ ਕਿੱਥੋਂ ਲਿਆਵਾਂ?

 8 ਕੀ ਤੂੰ ਨੋ-ਆਮੋਨ* ਤੋਂ ਬਿਹਤਰ ਹੈਂ+ ਜਿਹੜਾ ਨੀਲ ਦਰਿਆ ਵਿੱਚੋਂ ਨਿਕਲਦੀਆਂ ਨਹਿਰਾਂ ʼਤੇ ਵੱਸਿਆ ਹੋਇਆ ਸੀ?+

ਜਿਸ ਦੇ ਆਲੇ-ਦੁਆਲੇ ਪਾਣੀ ਸੀ;

ਸਮੁੰਦਰ ਉਸ ਦੀ ਧਨ-ਦੌਲਤ ਦਾ ਜ਼ਰੀਆ ਅਤੇ ਸੁਰੱਖਿਆ ਦੀ ਕੰਧ ਸੀ।

 9 ਇਥੋਪੀਆ ਅਤੇ ਮਿਸਰ ਉਸ ਦੀ ਬੇਅੰਤ ਤਾਕਤ ਦਾ ਸੋਮਾ ਸਨ।

ਲਿਬੀਆ ਦੇ ਲੋਕ ਅਤੇ ਫੂਟ+ ਉਸ ਦੇ* ਮਦਦਗਾਰ ਸਨ।+

10 ਪਰ ਫਿਰ ਵੀ ਉਸ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਗਿਆ;

ਉਸ ਨੂੰ ਬੰਦੀ ਬਣਾਇਆ ਗਿਆ।+

ਉਸ ਦੇ ਬੱਚਿਆਂ ਨੂੰ ਵੀ ਗਲੀਆਂ ਦੀਆਂ ਨੁੱਕਰਾਂ* ʼਤੇ ਪਟਕਾ-ਪਟਕਾ ਕੇ ਮਾਰਿਆ ਗਿਆ।

ਉਨ੍ਹਾਂ ਨੇ ਉਸ ਦੇ ਇੱਜ਼ਤਦਾਰ ਬੰਦਿਆਂ ʼਤੇ ਗੁਣੇ ਪਾਏ

ਅਤੇ ਉਸ ਦੇ ਸਾਰੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਬੇੜੀਆਂ ਨਾਲ ਜਕੜਿਆ।

11 ਤੂੰ ਵੀ ਪੀ ਕੇ ਸ਼ਰਾਬੀ ਹੋ ਜਾਵੇਂਗਾ;+

ਤੂੰ ਲੁਕ ਜਾਵੇਂਗਾ।

ਤੂੰ ਦੁਸ਼ਮਣਾਂ ਤੋਂ ਬਚਣ ਲਈ ਪਨਾਹ ਲੱਭੇਂਗਾ।

12 ਤੇਰੇ ਸਾਰੇ ਗੜ੍ਹ ਅੰਜੀਰਾਂ ਦੇ ਦਰਖ਼ਤਾਂ ਵਰਗੇ ਹਨ ਜਿਨ੍ਹਾਂ ਨੂੰ ਪਹਿਲੀ ਫ਼ਸਲ ਦਾ ਪੱਕਾ ਫਲ ਲੱਗਾ ਹੈ;

ਜੇ ਇਨ੍ਹਾਂ ਨੂੰ ਹਿਲਾਇਆ ਜਾਵੇ, ਤਾਂ ਅੰਜੀਰਾਂ ਖਾਣ ਵਾਲਿਆਂ ਦੇ ਮੂੰਹ ਵਿਚ ਡਿਗਣਗੀਆਂ।

13 ਦੇਖ, ਤੇਰੀ ਫ਼ੌਜ ਔਰਤਾਂ ਵਰਗੀ ਹੈ।

ਤੇਰੇ ਦੇਸ਼ ਦੇ ਦਰਵਾਜ਼ੇ ਤੇਰੇ ਦੁਸ਼ਮਣਾਂ ਲਈ ਪੂਰੀ ਤਰ੍ਹਾਂ ਖੁੱਲ੍ਹੇ ਹੋਣਗੇ।

ਅੱਗ ਤੇਰੇ ਦਰਵਾਜ਼ਿਆਂ ਦੇ ਹੋੜਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।

14 ਪਾਣੀ ਕੱਢ ਅਤੇ ਘੇਰਾਬੰਦੀ ਲਈ ਤਿਆਰ ਹੋ ਜਾਹ!+

ਆਪਣੇ ਗੜ੍ਹਾਂ ਨੂੰ ਮਜ਼ਬੂਤ ਕਰ।

ਗਾਰੇ ਵਿਚ ਜਾਹ ਅਤੇ ਪੈਰਾਂ ਨਾਲ ਮਿੱਟੀ ਗੁੰਨ੍ਹ;

ਇੱਟਾਂ ਬਣਾਉਣ ਵਾਲਾ ਸਾਂਚਾ ਚੁੱਕ।

15 ਉੱਥੇ ਵੀ ਅੱਗ ਤੈਨੂੰ ਭਸਮ ਕਰ ਦੇਵੇਗੀ।

ਤਲਵਾਰ ਤੈਨੂੰ ਵੱਢ ਸੁੱਟੇਗੀ।+

ਟਿੱਡੀਆਂ ਵਾਂਗ ਇਹ ਤੈਨੂੰ ਚੱਟ ਕਰ ਜਾਵੇਗੀ।+

ਆਪਣੀ ਗਿਣਤੀ ਟਿੱਡੀਆਂ ਜਿੰਨੀ ਵਧਾ!

ਹਾਂ, ਆਪਣੀ ਗਿਣਤੀ ਟਿੱਡੀਆਂ ਜਿੰਨੀ ਵਧਾ!

16 ਤੂੰ ਆਪਣੇ ਵਪਾਰੀਆਂ ਦੀ ਗਿਣਤੀ ਆਕਾਸ਼ ਦੇ ਤਾਰਿਆਂ ਨਾਲੋਂ ਵੀ ਜ਼ਿਆਦਾ ਵਧਾ ਲਈ ਹੈ।

ਨਿੱਕੀਆਂ ਟਿੱਡੀਆਂ ਆਪਣੀ ਚਮੜੀ ਲਾਹ ਕੇ ਉੱਡ ਜਾਂਦੀਆਂ ਹਨ।

17 ਤੇਰੇ ਪਹਿਰੇਦਾਰ ਟਿੱਡੀਆਂ ਵਰਗੇ ਹਨ

ਅਤੇ ਤੇਰੇ ਅਧਿਕਾਰੀ ਟਿੱਡੀਆਂ ਦੇ ਦਲ ਵਰਗੇ।

ਉਹ ਠੰਢ ਦੇ ਵੇਲੇ ਕੰਧਾਂ ਦੀਆਂ ਤਰੇੜਾਂ ਵਿਚ ਲੁਕ ਜਾਂਦੀਆਂ ਹਨ,

ਪਰ ਜਦੋਂ ਧੁੱਪ ਨਿਕਲਦੀ ਹੈ, ਤਾਂ ਉਹ ਉੱਡ ਜਾਂਦੀਆਂ ਹਨ;

ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਗਾਇਬ ਹੋ ਜਾਂਦੀਆਂ ਹਨ।

18 ਹੇ ਅੱਸ਼ੂਰ ਦੇ ਰਾਜੇ, ਤੇਰੇ ਚਰਵਾਹੇ ਉਂਘਲਾ ਰਹੇ ਹਨ;

ਤੇਰੇ ਉੱਚ ਅਧਿਕਾਰੀ ਆਪਣੇ ਘਰਾਂ ਵਿਚ ਬੈਠੇ ਹਨ।

ਤੇਰੇ ਲੋਕ ਪਹਾੜਾਂ ʼਤੇ ਖਿੰਡੇ ਹੋਏ ਹਨ,

ਉਨ੍ਹਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੈ।+

19 ਤੈਨੂੰ ਤਬਾਹੀ ਤੋਂ ਕੋਈ ਛੁਟਕਾਰਾ ਨਹੀਂ ਮਿਲੇਗਾ।

ਤੇਰੇ ਜ਼ਖ਼ਮ ਕਦੀ ਨਹੀਂ ਭਰਨਗੇ।

ਜਿਹੜਾ ਵੀ ਤੇਰੀ ਖ਼ਬਰ ਸੁਣੇਗਾ, ਉਹ ਤਾੜੀਆਂ ਵਜਾਵੇਗਾ+

ਕਿਉਂਕਿ ਕੌਣ ਹੈ ਜਿਹੜਾ ਤੇਰੇ ਅਤਿਆਚਾਰਾਂ ਦਾ ਸ਼ਿਕਾਰ ਨਹੀਂ ਹੋਇਆ?”+

ਮਤਲਬ “ਦਿਲਾਸਾ ਦੇਣ ਵਾਲਾ।”

ਜਾਂ, “ਚੰਗਾ।”

ਜਾਂ, “ਸੰਭਾਲਦਾ।”

ਯਾਨੀ, ਨੀਨਵਾਹ।

ਜਾਂ, “ਕਣਕ ਤੋਂ ਬਣੀ ਬੀਅਰ।”

ਜਾਂ ਸੰਭਵ ਹੈ, “ਉਹ ਵਿੱਚੋਂ ਦੀ ਲੰਘੇਗਾ।”

ਯਾਨੀ, ਯਹੂਦਾਹ।

ਯਾਨੀ, ਅੱਸ਼ੂਰ।

ਜਾਂ, “ਵੰਸ਼।”

ਜਾਂ, “ਢਾਲ਼ੇ ਹੋਏ ਬੁੱਤਾਂ।”

ਇਬ, “ਨਿਕੰਮਾ।”

ਯਾਨੀ, ਨੀਨਵਾਹ।

ਜਾਂ, “ਤਿਆਰ ਹੋ।”

ਲੱਗਦਾ ਹੈ ਕਿ ਇਹ ਅੱਸ਼ੂਰ ਦਾ ਰਾਜਾ ਹੈ।

ਜਾਂ, “ਢਹਿ-ਢੇਰੀ ਹੋ ਜਾਵੇਗਾ।”

ਜਾਂ, “ਤੈਅ ਕੀਤਾ ਗਿਆ ਹੈ।”

ਇਬ, “ਆਪਣਾ ਦਿਲ।”

ਜਾਂ, “ਸੰਦੇਸ਼ ਦੇਣ ਵਾਲਿਆਂ।”

ਯਾਨੀ, ਨੀਨਵਾਹ।

ਯਾਨੀ, ਥੀਬਜ਼।

ਇਬ, “ਤੇਰੇ।”

ਇਬ, “ਗਲੀਆਂ ਦੇ ਸਿਰਿਆਂ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ