ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 10/8 ਸਫ਼ੇ 12-15
  • ਡਾਊਨ ਅੰਡਰ ਦੀ ਜ਼ਿੰਦਗੀ ਨਿਆਰੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਡਾਊਨ ਅੰਡਰ ਦੀ ਜ਼ਿੰਦਗੀ ਨਿਆਰੀ ਹੈ
  • ਜਾਗਰੂਕ ਬਣੋ!—1997
  • ਸਿਰਲੇਖ
  • ਯੂਰਪੀ ਵਸਣਾ
  • ਲੋਕ ਵੀ ਨਿਆਰੇ ਹਨ
  • ਡ੍ਰਾਈਵਿੰਗ—ਇਕ ਵੱਡਾ ਫ਼ਰਕ
  • ਮੌਸਮ ਵੀ ਵੱਖਰਾ ਹੈ
  • ਹੋਰ ਫ਼ਰਕ
  • ਵਿਸ਼ਾਲ ਖੁੱਲ੍ਹੇ ਮੈਦਾਨ
ਜਾਗਰੂਕ ਬਣੋ!—1997
g97 10/8 ਸਫ਼ੇ 12-15

ਡਾਊਨ ਅੰਡਰ ਦੀ ਜ਼ਿੰਦਗੀ ਨਿਆਰੀ ਹੈ

ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

“ਡਾਊਨ ਅੰਡਰ” ਦੋ ਅੰਗ੍ਰੇਜ਼ੀ ਸ਼ਬਦ ਹਨ ਜੋ ਹਾਲ ਹੀ ਦੇ ਸਾਲਾਂ ਵਿਚ ਪ੍ਰਸਿੱਧ ਹੋ ਗਏ ਹਨ। ਪਰ ਕਿਸ ਦੇ ਡਾਊਨ ਅੰਡਰ ਜਾਂ ਹੇਠ? ਇਹ ਭੂਮੱਧ-ਰੇਖਾ ਦੇ ਥੱਲੇ, ਜਾਂ ਹੇਠਲੇ ਦੇਸ਼ਾਂ ਨੂੰ ਸੰਕੇਤ ਕਰਦੇ ਹਨ। ਅਸਲ ਵਿਚ, ਧਰਤੀ ਦੇ ਦੱਖਣੀ ਪਾਸੇ ਦੇ ਸਾਰੇ ਦੇਸ਼ “ਡਾਊਨ ਅੰਡਰ” ਕਹੇ ਜਾ ਸਕਦੇ ਹਨ। ਲੇਕਿਨ, ਆਮ ਤੌਰ ਤੇ ਸਿਰਫ਼ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੀ ਇਸ ਨਾਂ ਤੋਂ ਸੱਦੇ ਜਾਂਦੇ ਹਨ। ਇਹ ਲੇਖ ਆਸਟ੍ਰੇਲੀਆ ਤੇ ਧਿਆਨ ਕੇਂਦ੍ਰਿਤ ਕਰੇਗਾ ਜੋ ਨਾਂ ਲਾਤੀਨੀ ਸ਼ਬਦ ਆਉਸਟ੍ਰਾਲਿਸ, ਅਰਥਾਤ “ਦੱਖਣ” ਤੋਂ ਬਣਿਆ ਹੈ।

ਧਰਤੀ ਦੇ ਉੱਤਰੀ ਪਾਸੇ ਦੇ ਅਨੇਕ ਮੁਲਕਾਂ ਨਾਲੋਂ ਆਸਟ੍ਰੇਲੀਆ ਵਿਚ ਜ਼ਿੰਦਗੀ ਨਿਆਰੀ ਹੈ। ਅਤੇ ਇਸ ਦਾ ਕੇਵਲ ਭੂਗੋਲਕ ਸਥਾਨ ਹੀ ਨਹੀਂ ਇਸ ਨੂੰ ਨਿਆਰਾ ਬਣਾਉਂਦਾ। ਸੈਲਾਨੀ ਹੋਰ ਵੀ ਕਈ ਫ਼ਰਕ ਦੇਖਦੇ ਹਨ।

ਯੂਰਪੀ ਵਸਣਾ

ਇਸ ਵੱਡੇ, ਧੁੱਪਦਾਰ ਦੇਸ਼ ਵਿਚ ਯੂਰਪੀ ਵਸਣਾ 1788 ਵਿਚ ਸ਼ੁਰੂ ਹੋਇਆ ਸੀ। ਫ਼ਸਟ ਫ਼ਲੀਟ ਵਜੋਂ ਜਾਣਿਆ ਜਾਂਦਾ ਬਾਦਬਾਨੀ ਜਹਾਜ਼ਾਂ ਦਾ ਇਕ ਝੁੰਡ ਸਿਡਨੀ ਦੀ ਖਾੜੀ ਵਿਚ ਆਇਆ। ਉਨ੍ਹਾਂ ਜਹਾਜ਼ਾਂ ਦੇ ਜ਼ਿਆਦਾਤਰ ਯਾਤਰੀ ਇੰਗਲੈਂਡ, ਆਇਰਲੈਂਡ, ਅਤੇ ਸਕਾਟਲੈਂਡ ਤੋਂ ਆਏ ਅਪਰਾਧੀ ਸਨ, ਜਿਨ੍ਹਾਂ ਨੇ ਆਪਣੇ ਨਾਲ ਅੰਗ੍ਰੇਜ਼ੀ ਭਾਸ਼ਾ ਲਿਆਂਦੀ। ਅਗਲੇ 150 ਸਾਲਾਂ ਤਕ ਆਵਾਸੀ ਆਮ ਤੌਰ ਤੇ ਬਰਤਾਨਵੀ ਵੰਸ਼ ਦੇ ਸਨ।

ਵਿਸ਼ਵ ਯੁੱਧ II ਤੋਂ ਬਾਅਦ, ਆਵਾਸੀ ਹੋਰ ਮੁਲਕਾਂ ਤੋਂ ਵੀ ਆਉਣ ਲੱਗ ਪਏ। ਅੱਜ-ਕੱਲ੍ਹ, ਵਿਭਿੰਨ ਦੇਸ਼ਾਂ ਤੋਂ ਆਏ ਬਹੁਤ ਸਾਰੇ “ਨਵੇਂ ਆਸਟ੍ਰੇਲੀਆਈ” ਹਨ, ਜਿਨ੍ਹਾਂ ਦੀ ਵੱਡੀ ਸੰਖਿਆ ਇਟਲੀ ਅਤੇ ਯੂਨਾਨ ਤੋਂ ਹੈ। ਆਵਾਸੀਆਂ ਨੇ ਆਸਟ੍ਰੇਲੀਆਈ ਜੀਵਨ-ਢੰਗ ਵਿਚ ਵੰਨਸੁਵੰਨਤਾ ਲਿਆਂਦੀ ਹੈ ਅਤੇ ਆਪਣੇ ਨਾਲ ਆਪੋ-ਆਪਣੀਆਂ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਦੇ ਵਿਸ਼ੇਸ਼ ਉਚਾਰਣ-ਢੰਗ ਤੋਂ ਇਲਾਵਾ, ਆਪਣੇ ਵਿਸ਼ੇਸ਼ ਖਾਣੇ-ਪੀਣੇ ਅਤੇ ਸਭਿਆਚਾਰ ਵੀ ਲਿਆਂਦੇ ਹਨ।

ਇੱਥੇ ਸੁਣੇ ਜਾਂਦੇ ਵੱਖਰੇ-ਵੱਖਰੇ ਲਹਿਜਿਆਂ ਦੀ ਇਹੀ ਵਜ੍ਹਾ ਹੈ। ਪਰ ਜਿਨ੍ਹਾਂ ਦੇ ਪਰਿਵਾਰ ਕਈਆਂ ਪੀੜ੍ਹੀਆਂ ਤੋਂ ਇੱਥੇ ਵਸਦੇ ਆਏ ਹਨ, ਉਨ੍ਹਾਂ ਵਿਅਕਤੀਆਂ ਦਾ ਵੀ ਅੰਗ੍ਰੇਜ਼ੀ ਬੋਲਣ ਦਾ ਇਕ ਵਿਸ਼ੇਸ਼ ਲਹਿਜਾ ਅਤੇ ਤਰੀਕਾ ਹੈ। ਅੰਗ੍ਰੇਜ਼ੀ ਦੇ ਸ੍ਵਰ-ਅੱਖਰ ਏ, ਈ, ਆਈ, ਓ, ਯੂ ਆਸਟ੍ਰੇਲੀਆਈ ਉਚਾਰਣ ਵਿਚ ਲੰਬੇ, ਅਕਸਰ ਅਸਪੱਸ਼ਟ ਸੁਣਾਈ ਦਿੰਦੇ ਹਨ, ਜਿਨ੍ਹਾਂ ਨੂੰ ਠੀਕ ਤਰ੍ਹਾਂ ਪਛਾਣਨ ਵਿਚ ਸ੍ਰੋਤਿਆਂ ਨੂੰ ਸ਼ਾਇਦ ਸਮਾਂ ਲੱਗੇ। ਫੇਰ ਕੁਝ ਅਜਿਹੇ ਵਾਕਾਂਸ਼ ਹਨ ਜੋ ਨਿਰੇ ਆਸਟ੍ਰੇਲੀਆ ਵਿਚ ਹੀ ਵਰਤੇ ਜਾਂਦੇ ਹਨ। ਉਦਾਹਰਣ ਵਜੋਂ, ਦਿਨ ਜਾਂ ਸ਼ਾਮ ਦੇ ਕਿਸੇ ਵੀ ਵੇਲੇ, “ਗੁਡ ਮੌਰਨਿੰਗ” ਜਾਂ “ਗੁਡ ਈਵਨਿੰਗ” ਕਹਿਣ ਦੀ ਬਜਾਇ, ਇਕ ਸਨੇਹੀ “ਗ’ਡੇ, ਮੇਟ!” ਇਕ ਪ੍ਰਚਲਿਤ ਨਮਸਕਾਰ ਹੈ। ਅਕਸਰ ਇਸ ਤੋਂ ਬਾਅਦ ਸਿਹਤ-ਸਲਾਮਤੀ ਬਾਰੇ ਗੱਲ-ਬਾਤ ਕੀਤੀ ਜਾਂਦੀ ਹੈ, ਅਤੇ ਮਹਿਮਾਨ ਨੂੰ ਸ਼ਾਇਦ ਪੁੱਛਿਆ ਜਾਵੇ, “ਹਾਓ ਯਰ ਗੋਇਨ, ਮੇਟ, ਓਰਾਇਟ?” ਯਾਨੀ ਕਿ “ਹਾਲ-ਚਾਲ ਕਿੱਦਾਂ ਯਾਰ?”

ਲੋਕ ਵੀ ਨਿਆਰੇ ਹਨ

ਇਸ ਕਠੋਰ ਮੁਲਕ ਵਿਚ ਰਹਿਣ ਲਈ ਸੁਭਾਅ ਵਿਚ ਢੱਲਣਯੋਗਤਾ ਅਤੇ ਸਹਿਣਸ਼ੀਲਤਾ ਦੀ ਲੋੜ ਸੀ। ਸ਼ਾਇਦ ਇਹ ਕਈ ਆਸਟ੍ਰੇਲੀਆਈ ਲੋਕਾਂ ਦੇ ਆਸ਼ਾਵਾਦੀ ਹੋਣ ਦਾ ਕਾਰਨ ਹੈ, ਜਿਸ ਤੋਂ ਇਹ ਵਾਕਾਂਸ਼ ਉਤਪੰਨ ਹੋਇਆ ਹੈ, “ਸ਼ੀ’ਲ ਬੀ ਰਾਇਟ, ਮੇਟ!” ਯਾਨੀ ਕਿ “ਸਭ ਕੁਝ ਠੀਕ-ਠਾਕ ਹੋ ਜਾਵੇਗਾ!” ਇਹ ਵਾਕਾਂਸ਼ ਸੰਕੇਤ ਕਰਦਾ ਹੈ ਕਿ ਜਦੋਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ, ਤਾਂ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂ ਜੋ ਸਭ ਕੁਝ ਖ਼ੁਦ-ਬ-ਖ਼ੁਦ ਠੀਕ ਹੋ ਜਾਵੇਗਾ।

ਆਸਟ੍ਰੇਲੀਆ ਦੇ ਲੋਕ (ਅੰਗ੍ਰੇਜ਼ੀ) ਪੁਸਤਕ ਦਾ ਮੁਖਬੰਧ ਟਿੱਪਣੀ ਕਰਦਾ ਹੈ: “ਇਹ ਗੱਲ ਮੰਨਣ ਵਾਲੀ ਹੈ ਕਿ ਜਿਸ ਦੇਸ਼ ਦੇ ਪਹਿਲੇ ਆਵਾਸੀ ਕੈਦੀ ਸਨ, ਅਤੇ ਜੋ ਦੋ ਸੌ ਸਾਲਾਂ ਬਾਅਦ ਛੋਟੀਆਂ ਕੌਮਾਂ ਵਿੱਚੋਂ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਪ੍ਰਫੁੱਲਤ ਬਣ ਗਿਆ ਹੈ, ਉਹ ਜ਼ਰੂਰ ਕੁਝ ਦਿਲਚਸਪ ਅਤੇ ਵੰਨਸੁਵੰਨੇ ਮਨੁੱਖਾਂ ਨੂੰ ਉਤਪੰਨ ਕਰੇਗਾ। ਆਸਟ੍ਰੇਲੀਆ ਦੇ ਲੋਕ . . . ਅਜਿਹੇ ਹੀ ਹਨ।”

ਕਈ ਆਸਟ੍ਰੇਲੀਆਈ ਇਹ ਯਕੀਨ ਕਰਦੇ ਹਨ ਕਿ ਯਾਰੀ ਦਾ ਗੁਣ ਪਿਛਲੀਆਂ ਦੋ ਤੋਂ ਜ਼ਿਆਦਾ ਸਦੀਆਂ ਦੌਰਾਨ ਬਚਾਅ ਦੀ ਜ਼ੋਰਦਾਰ ਅੰਤਰਪ੍ਰੇਰਣਾ ਤੋਂ ਉਤਪੰਨ ਹੋਇਆ ਹੈ। ਉਹ ਵਿਸ਼ਵ ਯੁੱਧ I ਵਿਚ ਆਸਟ੍ਰੇਲੀਆਈ ਸਿਪਾਹੀਆਂ ਦੀ ਬਹਾਦਰੀ ਵੱਲ ਧਿਆਨ ਖਿੱਚਦੇ ਹਨ। ਨਿਊਜ਼ੀਲੈਂਡ ਦੀਆਂ ਹਥਿਆਰਬੰਦ ਫ਼ੌਜਾਂ ਦੇ ਸੰਗ, ਇਹ ਸੂਰਬੀਰ ਫ਼ੌਜੀ ਐਨਜ਼ੈਕਸ (Anzacs) ਵਜੋਂ ਮਸ਼ਹੂਰ ਹੋਏ; ਇਹ ਮੁੱਢ-ਅੱਖਰੀ ਨਾਂ ਦੋਵੇਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੈਨਿਕ ਦਲਾਂ (Australian and New Zealand Army Corps) ਨੂੰ ਦਿੱਤਾ ਗਿਆ ਸੀ। ਉਹ “ਖੁਦਾਈ ਕਰਨ ਵਾਲਿਆਂ” ਵਜੋਂ ਵੀ ਕਾਫ਼ੀ ਮਸ਼ਹੂਰ ਹੋ ਗਏ, ਪਰ ਇਹ ਪੱਕਾ ਨਹੀਂ ਪਤਾ ਕਿ ਇਹ ਨਾਂ ਉਨ੍ਹਾਂ ਦੇ ਖਾਈਆਂ ਖੋਦਣ ਵੱਲ ਜਾਂ ਆਸਟ੍ਰੇਲੀਆ ਦੇ ਸੋਨੇ ਦੀਆਂ ਖਾਣਾਂ ਵਾਲੇ ਇਲਾਕਿਆਂ ਵਿਚ ਖੁਦਾਈ ਕਰਨ ਵੱਲ ਸੰਕੇਤ ਕਰਦਾ ਸੀ, ਜਿੱਥੇ 19ਵੀਂ ਸਦੀ ਦੇ ਦੌਰਾਨ ਵੱਡੀ ਭੀੜ ਆਈ ਸੀ।

ਡ੍ਰਾਈਵਿੰਗ—ਇਕ ਵੱਡਾ ਫ਼ਰਕ

ਸੜਕ ਦੇ ਸੱਜੇ ਪਾਸੇ ਗੱਡੀ ਚਲਾਉਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਆਸਟ੍ਰੇਲੀਆ ਵਿਚ ਗੱਡੀ ਚਲਾਉਣੀ ਬਹੁਤ ਅਨੋਖੀ ਹੈ। ਪੂਰੇ ਦੇਸ਼ ਵਿਚ ਗੱਡੀਆਂ ਸੜਕ ਦੇ ਖੱਬੇ ਪਾਸੇ ਚਲਾਈਆਂ ਜਾਂਦੀਆਂ ਹਨ।

ਇਸ ਲਈ ਜੇਕਰ ਤੁਸੀਂ ਕਿਸੇ ਅਜਿਹੇ ਦੇਸ਼ ਤੋਂ ਆਸਟ੍ਰੇਲੀਆ ਪਹੁੰਚੋ ਜਿੱਥੇ ਗੱਡੀ ਸੱਜੇ ਪਾਸੇ ਚਲਾਉਣ ਦਾ ਰਿਵਾਜ ਹੈ, ਤਾਂ ਇਕ ਭਾਰੀ ਆਵਾਜਾਈ ਵਾਲੀ ਸੜਕ ਪਾਰ ਕਰਨ ਦੇ ਤੁਹਾਡੇ ਮੁਢਲੇ ਕਦਮ ਸ਼ਾਇਦ ਮਾਰੂ ਸਾਬਤ ਹੋਣ। ਸੜਕ ਪਾਰ ਕਰਨ ਵੇਲੇ ‘ਖੱਬੇ ਦੇਖੋ, ਫੇਰ ਸੱਜੇ, ਅਤੇ ਫੇਰ ਦੁਬਾਰਾ ਖੱਬੇ’ ਦੀ ਤੁਹਾਡੀ ਪੱਕੀ ਆਦਤ ਖ਼ਤਰਨਾਕ ਹੋ ਸਕਦੀ ਹੈ। ਹੁਣ ਤੁਹਾਨੂੰ ਸੜਕ ਪਾਰ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ ‘ਸੱਜੇ ਦੇਖੋ, ਫੇਰ ਖੱਬੇ, ਅਤੇ ਫੇਰ ਦੁਬਾਰਾ ਸੱਜੇ।’ ਸ਼ਾਬਾਸ਼! ਤੁਸੀਂ ਜਲਦੀ ਸਿੱਖ ਰਹੇ ਹੋ। ਉਹ ਹੋ! ਤੁਸੀਂ ਤਾਂ ਗੱਡੀ ਵਿਚ ਗ਼ਲਤ ਪਾਸਿਓਂ ਬੈਠਣ ਲੱਗੇ ਸੀ। ਤੁਸੀਂ ਭੁੱਲ ਗਏ ਕਿ ਇਸ ਦੇਸ਼ ਵਿਚ ਡ੍ਰਾਈਵਰ ਸੱਜੇ ਪਾਸੇ ਬੈਠਦਾ ਹੈ!

ਮੌਸਮ ਵੀ ਵੱਖਰਾ ਹੈ

ਧਰਤੀ ਦੇ ਉੱਤਰੀ ਪਾਸੇ ਦੇ ਸੰਬੰਧ ਵਿਚ ਡਾਊਨ ਅੰਡਰ ਦੀਆਂ ਰੁੱਤਾਂ ਉਲਟ ਹਨ। ਗਰਮ, ਖ਼ੁਸ਼ਕ ਲੋ ਉੱਤਰ ਅਤੇ ਉੱਤਰ-ਪੱਛਮ ਵੱਲੋਂ ਵਗਦੀ ਹੈ, ਹਾਲਾਂਕਿ ਸਾਰੀਆਂ ਠੰਢੀਆਂ ਪੌਣਾਂ ਦੱਖਣ ਵੱਲੋਂ ਆਉਂਦੀਆਂ ਹਨ। ਇੱਥੇ ਠੰਢ-ਭਰੀ ਉੱਤਰੀ ਪੌਣ ਦਾ ਕਦੇ ਵੀ ਜ਼ਿਕਰ ਨਹੀਂ ਹੁੰਦਾ, ਪਰ ਬਰਫ਼ਾਨੀ ਦੱਖਣੀ ਪੌਣ ਤੋਂ ਸਾਵਧਾਨ ਰਹੋ, ਜੋ ਠਾਰ ਦੇਣ ਵਾਲੀ ਹਵਾ ਅਤੇ ਸ਼ਾਇਦ ਬਰਫ਼ ਅਤੇ ਬਰਫ਼ਾਨੀ ਤੂਫ਼ਾਨ ਲਿਆਵੇ।

ਧਰਤੀ ਦੇ ਮਹਾਂਦੀਪਾਂ ਵਿੱਚੋਂ ਆਸਟ੍ਰੇਲੀਆ ਸਭ ਤੋਂ ਜ਼ਿਆਦਾ ਖ਼ੁਸ਼ਕ ਅਤੇ ਗਰਮ ਹੈ, ਅਤੇ ਖ਼ੁਸ਼ਕ ਅੰਦਰੂਨੀ ਇਲਾਕਿਆਂ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤਕ ਪੁੱਜ ਜਾਂਦਾ ਹੈ। ਵੱਧ ਤੋਂ ਵੱਧ 53.1 ਡਿਗਰੀ ਰਿਕਾਰਡ ਕੀਤਾ ਗਿਆ ਸੀ। ਸਭ ਤੋਂ ਘੱਟ ਤਾਪਮਾਨ ਸਨੋਈ ਪਰਬਤਾਂ ਦੇ ਇਲਾਕੇ ਵਿਚ, ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ, ਕੋਸ਼ੀਚੁਸਕੋ ਪਰਬਤ ਦੇ ਨੇੜੇ 22 ਡਿਗਰੀ ਸੀ।

ਧਰਤੀ ਦੇ ਉੱਤਰੀ ਪਾਸੇ ਦੀ ਤੁਲਨਾ ਵਿਚ, ਇੱਥੇ ਬਹੁਤੀ ਠੰਢ ਨਹੀਂ ਪੈਂਦੀ। ਉਦਾਹਰਣ ਲਈ, ਵਿਕਟੋਰੀਆ ਰਾਜ ਦੇ ਰਾਜਧਾਨੀ ਸ਼ਹਿਰ, ਮੈਲਬੋਰਨ ਉੱਤੇ ਵਿਚਾਰ ਕਰੋ। ਭਾਵੇਂ ਇਹ ਸ਼ਹਿਰ ਆਸਟ੍ਰੇਲੀਆ ਦੇ ਧੁਰ ਦੱਖਣ ਵਿਚ ਹੈ, ਪਰ ਜੁਲਾਈ ਦੇ ਮਹੀਨੇ ਵਿਚ ਇੱਥੇ ਰੋਜ਼ ਔਸਤ ਤਾਪਮਾਨ 6 ਤੋਂ 13 ਡਿਗਰੀ ਸੈਲਸੀਅਸ ਤਕ ਹੁੰਦਾ ਹੈ। ਇਸ ਦੀ ਤੁਲਨਾ ਜਨਵਰੀ ਵਿਚ ਪੀਕਿੰਗ, ਚੀਨ, ਵਿਚ -10 ਤੋਂ +1 ਡਿਗਰੀ, ਜਾਂ ਨਿਊਯਾਰਕ ਵਿਚ -4 ਤੋਂ +3 ਡਿਗਰੀ ਦੇ ਔਸਤ ਤਾਪਮਾਨ ਨਾਲ ਕਰੋ। ਦੋਵੇਂ ਸ਼ਹਿਰ ਭੂਮੱਧ-ਰੇਖਾ ਤੋਂ ਮੈਲਬੋਰਨ ਵਾਂਗ ਸਮਾਨ ਫ਼ਾਸਲੇ ਤੇ ਹਨ। ਡਾਊਨ ਅੰਡਰ ਦੇ ਦੇਸ਼ਾਂ ਵਿਚ ਜ਼ਿਆਦਾ ਗਰਮੀ ਕਿਉਂ ਹੈ, ਖ਼ਾਸ ਕਰਕੇ ਜਦ ਆਸਟ੍ਰੇਲੀਆ ਧਰਤੀ ਤੇ ਸਭ ਤੋਂ ਜ਼ਿਆਦਾ ਠੰਢੀ ਥਾਂ, ਅਰਥਾਤ ਅੰਟਾਰਕਟਿਕਾ ਦੇ ਨਜ਼ਦੀਕ ਹੈ?

ਫ਼ਰਕ ਇਹ ਹੈ ਕਿ ਧਰਤੀ ਦੇ ਉੱਤਰੀ ਪਾਸੇ ਜ਼ਮੀਨ ਦਾ ਪਸਾਰ ਜ਼ਿਆਦਾ ਹੈ ਪਰ ਦੱਖਣੀ ਪਾਸੇ ਜ਼ਿਆਦਾ ਸਮੁੰਦਰ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹਜ਼ਾਰਾਂ ਵਰਗ ਕਿਲੋਮੀਟਰਾਂ ਤਕ ਮਹਾਂਸਾਗਰ ਨਾਲ ਘੇਰੇ ਹੋਏ ਹਨ, ਜੋ ਠੰਢੀ ਅੰਟਾਰਕਟਿਕ ਹਵਾ ਦੇ ਪਸਾਰ ਵਿਰੁੱਧ ਗਰਮ ਹਵਾ ਦਾ ਰੋਧਕ-ਪਰਦਾ ਬਣਦਾ ਹੈ, ਅਤੇ ਇਸ ਤਰ੍ਹਾਂ ਮੌਸਮ ਨੂੰ ਗਰਮ ਰੱਖਦਾ ਹੈ।

ਆਸਟ੍ਰੇਲੀਆਈ ਮਹਾਂਦੀਪ ਦੇ ਵੱਡੇ ਆਕਾਰ ਕਾਰਨ, ਵੱਖਰੇ-ਵੱਖਰੇ ਇਲਾਕਿਆਂ ਦੇ ਮੌਸਮ ਵਿਚ ਕਾਫ਼ੀ ਫ਼ਰਕ ਹੁੰਦਾ ਹੈ। ਜ਼ਿਆਦਾ ਦੱਖਣੀ ਰਾਜਾਂ ਦੀਆਂ ਚਾਰ ਸਪੱਸ਼ਟ ਰੁੱਤਾਂ ਹਨ; ਸਿਆਲ ਦੀਆਂ ਨਿਖਰੀਆਂ, ਸਰਦ, ਜਾਂ ਕੱਕਰੀਲੀਆਂ ਰਾਤਾਂ ਜਿਨ੍ਹਾਂ ਮਗਰੋਂ ਦਿਨ ਆਮ ਤੌਰ ਤੇ ਸੁਹਾਵਣੇ ਅਤੇ ਗਰਮ ਹੁੰਦੇ ਹਨ। ਸਿਆਲ ਦੇ ਇਨ੍ਹਾਂ ਸੁਹਾਵਣੇ ਦਿਨਾਂ ਦਾ ਤਾਪਮਾਨ ਅਕਸਰ ਧਰਤੀ ਦੇ ਉੱਤਰੀ ਪਾਸੇ ਦੇ ਕਈ ਦੇਸ਼ਾਂ ਵਿਚ ਗਰਮੀਆਂ ਦੇ ਤਾਪਮਾਨ ਦੇ ਸਮਾਨ ਹੁੰਦਾ ਹੈ। ਪਰ ਆਸਟ੍ਰੇਲੀਆ ਦੇ ਉੱਤਰੀ ਰਾਜਾਂ ਵਿਚ, ਸਾਲ ਸਿਰਫ਼ ਦੋ ਰੁੱਤਾਂ ਵਿਚ ਵੰਡਿਆ ਜਾਂਦਾ ਹੈ—ਲੰਬੀ ਖ਼ੁਸ਼ਕ ਰੁੱਤ ਅਤੇ ਮੌਨਸੂਨੀ ਵਰਖਾ ਵਾਲੀ ਬਰਸਾਤੀ ਰੁੱਤ। ਉੱਤਰੀ ਪ੍ਰਦੇਸ਼ ਦੀ ਰਾਜਧਾਨੀ, ਡਾਰਵਿਨ ਵਿਚ ਤਾਪਮਾਨ 32 ਡਿਗਰੀ ਸੈਲਸੀਅਸ ਦੇ ਲਾਗੇ-ਚਾਗੇ ਰਹਿੰਦਾ ਹੈ।

ਹੋਰ ਫ਼ਰਕ

ਤਕਰੀਬਨ ਪੂਰੇ ਮਹਾਂਦੀਪ ਵਿਚ ਮੁੱਖ ਤੌਰ ਤੇ ਗਰਮ ਮੌਸਮ ਹੋਣ ਦੇ ਸਿੱਟੇ ਵਜੋਂ, ਆਸਟ੍ਰੇਲੀਆਈ ਲੋਕ ਆਮ ਤੌਰ ਤੇ ਸਾਦੇ ਕੱਪੜੇ ਪਹਿੰਦੇ ਹਨ। ਪਰ ਇਕ ਚੌੜੀ-ਛੱਜੇਦਾਰ ਟੋਪੀ ਪਾਉਣੀ ਜ਼ਰੂਰੀ ਹੈ। ਧੁੱਪ ਵਿਚ ਜ਼ਿਆਦਾ ਦੇਰ ਹੋਣ ਕਰਕੇ ਜ਼ਿਆਦਾ ਸੰਜਮੀ ਦੇਸ਼ਾਂ ਨਾਲੋਂ ਇੱਥੇ ਚਮੜੀ ਦਾ ਕੈਂਸਰ ਵਧੇਰੇ ਹੁੰਦਾ ਹੈ।

ਕਿਉਂ ਜੋ ਅਜੇ ਵੀ ਆਸਟ੍ਰੇਲੀਆ ਵਿਚ ਕਾਫ਼ੀ ਵਿਸ਼ਾਲ ਖੁੱਲ੍ਹੇ ਮੈਦਾਨ ਹਨ, ਅਨੇਕ ਪਿਕਨਿਕ ਥਾਂ ਬਣਾਏ ਗਏ ਹਨ ਜਿੱਥੇ ਬਾਹਰ ਖਾਣਾ ਪਕਾਉਣ ਦੀਆਂ ਸਹੂਲਤਾਂ ਹੁੰਦੀਆਂ ਹਨ। ਮੀਟ ਕਾਫ਼ੀ ਸਸਤਾ ਹੋਣ ਕਰਕੇ, ਇੱਥੇ ਖਾਣਾ ਭੁੰਨਣ ਲਈ ਸੋਸੇ ਅਤੇ ਸਟੇਕ ਆਮ ਹਨ। ਪਰ ਕੀ ਉਹ ਬਾਹਰ ਪੱਕਦੇ ਖਾਣੇ ਦੇ ਆਲੇ-ਦੁਆਲੇ ਖੜ੍ਹੇ ਲੋਕ ਇਕ ਦੂਜੇ ਨੂੰ ਹੱਥਾਂ ਨਾਲ ਇਸ਼ਾਰੇ ਕਰ ਰਹੇ ਹਨ? ਜੀ ਨਹੀਂ, ਉਹ ਤਾਂ ਕੇਵਲ ਮੱਖੀਆਂ ਹਟਾਉਣ ਲਈ ਆਪਣਾ ਖਾਲੀ ਹੱਥ ਹਿਲਾ ਰਹੇ ਹਨ! ਖ਼ਾਸ ਕਰਕੇ ਗਰਮ ਮੌਸਮ ਵਿਚ, ਬਾਹਰ ਖਾਣਾ ਪਕਾਉਣ ਵੇਲੇ ਮੱਖੀਆਂ ਅਤੇ ਮੱਛਰ ਬਹੁਤ ਤੰਗ ਕਰਦੇ ਹਨ।

ਇਸ ਲਈ, ਡਾਊਨ ਅੰਡਰ ਰਹਿਣ ਦਾ ਅਰਥ ਹੈ, ਮੱਖੀਆਂ ਅਤੇ ਮੱਛਰਾਂ ਦੇ ਨਾਲੋ-ਨਾਲ ਰਹਿਣਾ ਸਿੱਖਣਾ, ਅਤੇ ਬਹੁਤੇ ਘਰਾਂ ਦੇ ਮੁਹਰਲੇ ਅਤੇ ਪਿਛਲੇ ਦਰਵਾਜ਼ਿਆਂ ਤੇ ਜਾਲੀਆਂ ਲੱਗੀਆਂ ਹੁੰਦੀਆਂ ਹਨ। ਬੀਤੇ ਦਿਨਾਂ ਵਿਚ, ਮੱਖੀਆਂ ਹਟਾਉਣ ਲਈ ਲੋਕ ਅਜਿਹੀਆਂ ਟੋਪੀਆਂ ਪਾਉਂਦੇ ਸਨ ਜਿਨ੍ਹਾਂ ਦੇ ਛੱਜਿਆਂ ਤੋਂ ਬੋਤਲਾਂ ਦੇ ਕਈ ਕਾਰਕ ਲਟਕ ਰਹੇ ਹੁੰਦੇ ਸਨ। ਕੀਟ-ਰੋਧਕ ਦਵਾਈਆਂ ਦੀ ਈਜਾਦ ਮਗਰੋਂ, ਅਜਿਹੀਆਂ ਟੋਪੀਆਂ ਹੁਣ ਘੱਟ ਹੀ ਨਜ਼ਰ ਆਉਂਦੀਆਂ ਹਨ।

ਇਕ ਹੋਰ ਫ਼ਰਕ ਇਸ ਦੇ ਸ਼ਾਨਦਾਰ, ਰੰਗੀਨ ਫੁੱਲ ਅਤੇ ਫੁੱਲਦਾਰ ਝਾੜੀਆਂ ਅਤੇ ਦਰਖ਼ਤਾਂ ਵਿਚ ਹੈ। ਧਰਤੀ ਦੇ ਉੱਤਰੀ ਪਾਸੇ ਵਾਲੀ ਮਹਿਕਦੀ ਤੇਜ਼ ਖ਼ੁਸ਼ਬੂ ਇੱਥੇ ਨਹੀਂ ਪਾਈ ਜਾਂਦੀ ਹੈ। ਇੱਥੇ, ਬਾਗ਼-ਬਗ਼ੀਚੇ ਦੇ ਸ਼ੌਕੀਨ ਨੂੰ ਫੁੱਲਾਂ ਦੀ ਖ਼ੁਸ਼ਬੂ ਦਾ ਪੂਰਾ ਮਜ਼ਾ ਲੈਣ ਲਈ ਆਪਣਾ ਨੱਕ ਫੁੱਲਾਂ ਦੇ ਨੇੜੇ ਕਰਨਾ ਪਵੇਗਾ। ਖ਼ੈਰ, ਸਾਰੇ ਆਸਟ੍ਰੇਲੀਆਈ ਫੁੱਲ ਇਸ ਤਰ੍ਹਾਂ ਨਹੀਂ ਹਨ। ਉਦਾਹਰਣ ਲਈ, ਲਘੂਨੇ ਅਤੇ ਚੰਬੇਲੀ ਦੀਆਂ ਝਾੜੀਆਂ ਤੁਹਾਡੀਆਂ ਨਾਸਾਂ ਲਈ ਇਕ ਵੱਡਾ ਆਨੰਦ ਪੇਸ਼ ਕਰਦੀਆਂ ਹਨ। ਪਰ ਆਮ ਤੌਰ ਤੇ, ਸੀਤ-ਦੇਸ਼ਾਂ ਨਾਲੋਂ ਇੱਥੇ ਦੇ ਫੁੱਲਾਂ ਦੀ ਖ਼ੁਸ਼ਬੂ ਘੱਟ ਹੈ।

ਵਿਸ਼ਾਲ ਖੁੱਲ੍ਹੇ ਮੈਦਾਨ

ਡਾਊਨ ਅੰਡਰ ਰਹਿਣ ਦਾ ਇਕ ਸੱਚ-ਮੁੱਚ ਨਿਆਰਾ ਪਹਿਲੂ ਹੈ, ਖੁੱਲ੍ਹੇ ਮੈਦਾਨ। ਇੱਥੇ ਕੀ ਨਜ਼ਦੀਕ ਹੈ ਜਾਂ ਕੀ ਦੂਰ ਹੈ, ਦਾ ਖ਼ਿਆਲ ਅਨੇਕ ਉੱਤਰੀ ਦੇਸ਼ਾਂ ਨਾਲੋਂ ਨਿਆਰਾ ਹੈ। ਕੁਝ ਬਸਤੀਆਂ ਵਿਚਕਾਰ ਫ਼ਾਸਲੇ ਇੰਨੇ ਵੱਡੇ ਹਨ ਕਿ ਅਗਲੇ ਨਗਰ ਦੇ ਨਜ਼ਰ ਆਉਣ ਤੋਂ ਪਹਿਲਾਂ ਸ਼ਾਇਦ ਕਈਆਂ ਘੰਟਿਆਂ ਲਈ ਸਫ਼ਰ ਕਰਨਾ ਪਵੇ। ਇਹ ਖ਼ਾਸ ਕਰਕੇ ਉਸ ਖੇਤਰ ਬਾਰੇ ਸੱਚ ਹੈ ਜਿਸ ਨੂੰ ਪਿਆਰ ਨਾਲ ਆਉਟਬੈਕ ਸੱਦਿਆ ਜਾਂਦਾ ਹੈ, ਯਾਨੀ ਕਿ ਬਾਹਰ ਪਿੱਛੇ। ਇੱਥੇ ਦੀ ਖੁੱਲ੍ਹੀ ਥਾਂ ਅਤੇ ਸ਼ਾਂਤੀ ਹੱਦੋਂ ਵੱਧ ਹੈ, ਅਤੇ ਸੈਲਾਨੀ ਤਾਜ਼ੀ ਅਤੇ ਸਾਫ਼ ਹਵਾ ਦੇ ਲੰਬੇ ਸਾਹ ਲੈ ਸਕਦਾ ਹੈ। ਇਸ ਥਾਂ ਸਫ਼ੈਦੇ ਦਾ ਬਿਰਛ ਆਮ ਹੈ, ਜਿਸ ਨੂੰ ਸਾਧਾਰਣ ਤੌਰ ਤੇ ਗੂੰਦ ਵਾਲਾ ਦਰਖ਼ਤ ਕਿਹਾ ਜਾਂਦਾ ਹੈ। ਗੂੰਦ ਵਾਲੇ ਦਰਖ਼ਤ ਅਤੇ ਆਸਟ੍ਰੇਲੀਆਈ ਕਿੱਕਰ, ਜਾਂ ਅਕੇਸ਼ਿਆ ਬਿਰਛ ਦੇਸ਼ ਦੇ ਅੰਦਰੂਨੀ ਭਾਗ ਦੇ ਆਮ ਕੁਦਰਤੀ ਨਜ਼ਾਰੇ ਹਨ।

ਜਿਉਂ-ਜਿਉਂ ਸ਼ਾਮ ਹੁੰਦੀ ਹੈ, ਤੁਹਾਡੀਆਂ ਨਜ਼ਰਾਂ ਸੂਰਜ ਡੁੱਬਦੇ ਸਮੇਂ ਰੰਗਬਰੰਗਾ ਆਸਮਾਨ ਦੇਖ ਕੇ ਆਨੰਦਿਤ ਹੁੰਦੀਆਂ ਹਨ। ਪਰ ਹਨੇਰਾ ਅਨੋਖੀ ਅਚਾਨਕਤਾ ਨਾਲ ਛਾ ਜਾਂਦਾ ਹੈ, ਕਿਉਂਕਿ ਡਾਊਨ ਅੰਡਰ ਦੀ ਸੰਝ ਛੋਟੀ ਹੁੰਦੀ ਹੈ। ਜਲਦੀ ਹੀ ਇਕ ਬਿਲਕੁਲ ਨਿੰਬਲ ਦੱਖਣੀ ਰਾਤ ਦਾ ਅੰਬਰ ਆਪਣੇ ਅਨੇਕ ਤਾਰੇ ਪ੍ਰਗਟ ਕਰਦਾ ਹੈ, ਜਿਨ੍ਹਾਂ ਵਿਚ ਮਸ਼ਹੂਰ ਸਮੂਹ, ਦੱਖਣੀ ਕ੍ਰਾਸ (ਸਦਨ ਕਰੌਸ) ਵੀ ਸ਼ਾਮਲ ਹੈ। ਜਿਉਂ ਹੀ ਜਾਨਵਰ ਸੌਣ ਲੱਗਦੇ ਹਨ, ਤਾਂ ਅੰਬਰ ਦੀ ਪਿੱਠ-ਭੂਮੀ ਉੱਤੇ ਗੂੰਦ ਦੇ ਦਰਖ਼ਤਾਂ ਦੀ ਰੂਪ-ਰੇਖਾ ਸਪੱਸ਼ਟ ਹੁੰਦੀ ਹੈ, ਅਤੇ ਤੁਹਾਨੂੰ ਇਕ ਖਾਮੋਸ਼ੀ ਘੇਰ ਲੈਂਦੀ ਹੈ ਜੋ ਇਸ ਵਿਸ਼ਾਲ ਖੁੱਲ੍ਹੇ ਮੈਦਾਨ ਨੂੰ ਹੋਰ ਵੀ ਵਿਸ਼ਾਲ ਮਹਿਸੂਸ ਕਰਾਉਂਦੀ ਹੈ।

ਆਪਣੇ ਸੌਣ ਵਾਲੇ ਬਿਸਤਰਨੁਮਾ ਥੈਲੇ ਵਿਚ ਚੰਗੀ ਤਰ੍ਹਾਂ ਵੜਨ ਤੋਂ ਪਹਿਲਾਂ ਕੈਂਪ ਦੀ ਅੱਗ ਨੂੰ ਸਾਵਧਾਨੀ ਨਾਲ ਬੁਝਾ ਦਿਓ। ਇਹ ਲਾਜ਼ਮੀ ਹੈ, ਕਿਉਂਕਿ ਜਦੋਂ ਆਸਟ੍ਰੇਲੀਆਈ ਉਜਾੜ ਵਿਚ ਅੱਗ ਹੱਥੋਂ ਬਾਹਰ ਹੋ ਜਾਂਦੀ ਹੈ, ਤਾਂ ਇਹ ਬਹੁਤ ਜਲਦੀ ਅਗਨੀਕਾਂਡ ਬਣ ਕੇ ਆਪਣੇ ਰਸਤੇ ਵਿਚ ਆਈ ਹਰ ਚੀਜ਼ ਤਬਾਹ ਕਰ ਦਿੰਦੀ ਹੈ। ਗੂੰਦ ਦੇ ਦਰਖ਼ਤਾਂ ਦੇ ਸਿਰੇ ਜ਼ਬਰਦਸਤ ਸੇਕ ਵਿਚ ਫਟ ਜਾਂਦੇ ਹਨ, ਜਿਸ ਕਾਰਨ ਅੱਗ ਭਿਆਨਕ ਰਫ਼ਤਾਰ ਨਾਲ ਫੈਲਦੀ ਹੈ। ਉਜਾੜੀ-ਇਲਾਕਿਆਂ ਦੇ ਨੇੜੇ ਰਹਿਣ ਵਾਲਿਆਂ ਨੂੰ ਗਰਮੀਆਂ ਦੇ ਗਰਮ ਅਤੇ ਖ਼ੁਸ਼ਕ ਮਹੀਨਿਆਂ ਵਿਚ ਉਜਾੜ ਦੀ ਅੱਗ ਦਾ ਭੈ ਰਹਿੰਦਾ ਹੈ। ਖੁੱਲ੍ਹੀ ਜਗ੍ਹਾ ਵਿਚ ਅੱਗ ਬਾਲਣ ਦੇ ਖ਼ਿਲਾਫ਼ ਅੱਗ ਸੰਬੰਧੀ ਪਾਬੰਦੀਆਂ ਅਤੇ ਵਿਨਿਯਮ ਪੂਰੀ ਤਰ੍ਹਾਂ ਮੰਨੇ ਜਾਣੇ ਚਾਹੀਦੇ ਹਨ।

ਜਲਦੀ ਹੀ ਪਹੁ ਫੁੱਟਦੀ ਹੈ, ਅਤੇ ਤੁਸੀਂ ਸ਼ੋਰੀਲਾ ਹਾਸਾ ਸੁਣਦੇ ਹੋਏ ਉੱਠਦੇ ਹੋ ਜਦੋਂ ਲਾਗੇ ਦੇ ਗੂੰਦ ਵਾਲੇ ਦਰਖ਼ਤ ਵਿਚ ਰਾਤ ਗੁਜ਼ਾਰਨ ਵਾਲੇ ਕੁਕਾਬਰਾ ਪੰਛੀਆਂ ਦਾ ਝੁੰਡ ਖ਼ੁਸ਼ੀ ਨਾਲ ਗਾਉਣ ਲੱਗ ਪੈਂਦਾ ਹੈ। ਮਗਨ ਹੁੰਦੇ ਹੋਏ, ਤੁਸੀਂ ਆਪਣੇ ਤੰਬੂ ਵਿੱਚੋਂ ਝਾਕ ਕੇ ਖ਼ੂਬਸੂਰਤ ਤੇ ਰੰਗੀਨ ਚਿੜੀਆਂ ਨਾਲ ਭਰੇ ਹੋਏ ਦੂਜੇ ਦਰਖ਼ਤ ਦੇਖਦੇ ਹੋ। ਸ਼ਾਇਦ ਹੁਣ ਤਕ ਇਨ੍ਹਾਂ ਕਈਆਂ ਜੀਵ-ਜੰਤੂਆਂ ਤੋਂ ਇਲਾਵਾ, ਤੁਸੀਂ ਕਾਂਗਰੂਆਂ, ਕੋਆਲਾ, ਈਮੂਆਂ, ਅਤੇ ਹੋ ਸਕਦਾ ਹੈ ਇਕ ਵੋਂਬੈਟ ਨੂੰ ਵੀ ਮਿਲ ਚੁੱਕੇ ਹੋ। ਬੱਸ, ਤੁਸੀਂ ਸੱਪਾਂ ਅਤੇ ਮੱਕੜੀਆਂ ਨੂੰ ਨਹੀਂ ਮਿਲਣਾ ਚਾਹੁੰਦੇ। ਜੀ ਹਾਂ, ਇਸ ਮਹਾਂਦੀਪ ਵਿਚ ਸੰਸਾਰ ਦੇ ਕੁਝ ਸਭ ਤੋਂ ਜ਼ਿਆਦਾ ਜ਼ਹਿਰੀਲੇ ਸੱਪ ਅਤੇ ਜ਼ਹਿਰੀਲੀਆਂ ਮੱਕੜੀਆਂ ਹਨ। ਪਰ ਡਰਨ ਦਾ ਕੋਈ ਖ਼ਾਸ ਕਾਰਨ ਨਹੀਂ ਹੈ, ਕਿਉਂਕਿ ਜੇ ਤੁਸੀਂ ਉਨ੍ਹਾਂ ਨੂੰ ਤੰਗ ਨਾ ਕਰੋ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਤੁਹਾਨੂੰ ਕਦੇ ਵੀ ਹਾਨੀ ਨਹੀਂ ਪਹੁੰਚਾਉਣਗੇ।

ਕੈਂਪ ਦੀ ਅੱਗ ਦੇ ਆਲੇ-ਦੁਆਲੇ ਨਾਸ਼ਤਾ ਖਾਣ ਦਾ ਵੇਲਾ ਹੋ ਗਿਆ ਹੈ—ਆਮ ਤੌਰ ਤੇ ਇਸ ਵਿਚ ਬੇਕਨ ਅਤੇ ਅੰਡੇ ਅਤੇ ਚੰਗੀ ਤਰ੍ਹਾਂ ਸੇਕੇ ਹੋਏ ਡਬਲਰੋਟੀ ਦੇ ਟੁਕੜੇ ਸ਼ਾਮਲ ਹੁੰਦੇ ਹਨ। ਤਾਜ਼ੀ ਹਵਾ ਕਰਕੇ ਤੁਹਾਨੂੰ ਖੂਬ ਭੁੱਖ ਲੱਗੀ ਹੋਈ ਹੈ। ਤਦ, ਜਿਉਂ-ਜਿਉਂ ਤੁਸੀਂ ਮੱਖੀਆਂ ਦੇ ਬਾਵਜੂਦ ਵੀ ਆਪਣੇ ਨਾਸ਼ਤੇ ਦਾ ਮਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਇਸ ਉਜਾੜ ਦੇ ਅਨੁਭਵ ਬਾਰੇ ਸੋਚਦੇ ਹੋ, ਜਿਸ ਨੇ ਤੁਹਾਨੂੰ ਆਸਟ੍ਰੇਲੀਆਈ ਮਹਾਂਦੀਪ ਦੀ ਵਿਸ਼ਾਲਤਾ ਦੀ ਝਲਕ ਦਿੱਤੀ ਹੈ।

ਇਸ ਮੋਕਲੇ ਦੇਸ਼ ਵਿਚ ਹੁਣ ਤੁਹਾਡੇ ਸੈਰਸਪਾਟੇ ਖ਼ਤਮ ਹੋ ਗਏ ਹਨ, ਅਤੇ ਤੁਸੀਂ ਘਰ ਵਾਪਸ ਜਾ ਰਹੇ ਹੋ। ਕੋਈ ਸ਼ੱਕ ਨਹੀਂ ਕਿ ਦੋਸਤਾਨਾ ਆਸਟ੍ਰੇਲੀਆਈ ਲੋਕ ਅਤੇ ਉਨ੍ਹਾਂ ਦੀ ਅਣ-ਆਡੰਬਰੀ ਰਹਿਣੀ-ਬਹਿਣੀ ਨੂੰ ਜਾਣਨ ਦਾ ਤੁਹਾਡਾ ਅਨੁਭਵ ਤੁਹਾਨੂੰ ਬਹੁਤ ਦੇਰ ਤਕ ਯਾਦ ਰਹੇਗਾ। ਸੰਭਵ ਹੈ ਕਿ ਕਈਆਂ ਸੈਲਾਨੀਆਂ ਵਾਂਗ, ਤੁਸੀਂ ਵੀ ਕਿਸੇ ਦਿਨ ਵਾਪਸ ਆਉਣਾ ਚਾਹੋਗੇ। ਪਰ ਇਕ ਸਿੱਟੇ ਤੇ ਤੁਸੀਂ ਜ਼ਰੂਰ ਪਹੁੰਚੇ ਹੋ: ਡਾਊਨ ਅੰਡਰ ਦੀ ਜ਼ਿੰਦਗੀ ਨਿਆਰੀ ਹੈ!

[ਸਫ਼ੇ 13 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਲੰਬੀ ਪੂਛ ਵਾਲਾ ਤੋਤਾ ਅਤੇ ਗੁਲਾਬੀ ਕਾਕਾਤੂਆ: By courtesy of Australian International Public Relations; ਔਰਤ: By courtesy of West Australian Tourist Commission

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ