ਜਾਨਵਰਾਂ ਦੀ ਨੀਂਦ ਦੇ ਰਾਜ਼
ਕੀਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਨੀਂਦ—ਅਸੀਂ ਆਪਣੇ ਜੀਵਨਾਂ ਦਾ ਤੀਜਾ ਕੁ ਹਿੱਸਾ ਇਸ ਆਰਾਮਦੇਹ ਸਥਿਤੀ ਵਿਚ ਗੁਜ਼ਾਰਦੇ ਹਾਂ। ਸਮਾਂ ਬਰਬਾਦ ਕਰਨ ਦੀ ਬਜਾਇ, ਨੀਂਦ ਕਈ ਮਹੱਤਵਪੂਰਣ ਸਰੀਰਕ ਅਤੇ ਮਾਨਸਿਕ ਲੋੜਾਂ ਨੂੰ ਪੂਰਾ ਕਰਦੀ ਜਾਪਦੀ ਹੈ। ਇਸ ਲਈ ਨੀਂਦ ਪਰਮੇਸ਼ੁਰ ਤੋਂ ਇਕ ਬਹੁਮੁੱਲੇ ਤੋਹਫ਼ੇ ਵਜੋਂ ਵਿਚਾਰੀ ਜਾ ਸਕਦੀ ਹੈ।—ਤੁਲਨਾ ਕਰੋ ਜ਼ਬੂਰ 127:2.
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪਸ਼ੂ ਸੰਸਾਰ ਵਿਚ ਵੀ ਨੀਂਦ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਵਾਕਈ, ਅਨੇਕ ਜੀਵ ਦਿਲ-ਖਿੱਚਵੇਂ, ਕਈ ਵਾਰ ਦਿਲ ਬਹਿਲਾਉਣ ਵਾਲੇ, ਅਤੇ ਅਕਸਰ ਅਸਾਧਾਰਣ ਤਰੀਕਿਆਂ ਵਿਚ ਸੌਂਦੇ ਹਨ। ਆਓ ਅਸੀਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ।
ਸੌਣ ਵਿਚ ਅੱਵਲ
ਜਿਹੜੇ ਵਿਅਕਤੀ ਨੇ ਕਦੇ ਦੁਪਹਿਰ ਦੀ ਗਰਮ ਅਫ਼ਰੀਕੀ ਧੁੱਪ ਵਿਚ ਪੰਜੇ ਆਕਾਸ਼ ਵੱਲ ਕੀਤੇ ਇਕ ਸ਼ੇਰ ਨੂੰ ਆਪਣੀ ਪਿੱਠ ਤੇ ਸੁੱਤੇ ਪਏ ਦੇਖਿਆ ਹੈ, ਉਹ ਸ਼ਾਇਦ ਸੋਚੇ ਕਿ ਇਹ ਵਹਿਸ਼ੀ ਬਿੱਲੀ ਘਰ ਦੀ ਬਿੱਲੀ ਜਿੰਨੀ ਪਾਲਤੂ ਹੈ। ਮਗਰ, ਇਸ ਨਜ਼ਾਰੇ ਤੋਂ ਧੋਖਾ ਨਾ ਖਾਓ। 17ਵੀਂ ਸਦੀ ਦੇ ਲੇਖਕ ਟੋਮਸ ਕੈਂਪੀਅਨ ਨੇ ਲਿਖਿਆ: “ਸੁੱਤੇ ਪਏ ਸ਼ੇਰ ਨੂੰ ਜਗਾਉਣ ਦੀ ਹਿੰਮਤ ਕਿਸ ਵਿਚ ਹੈ?” ਜੀ ਹਾਂ, ਬਲਵਾਨ ਸ਼ੇਰ ਨੂੰ ਵੀ ਨੀਂਦ ਦੀ ਜ਼ਰੂਰਤ ਹੈ—ਤਕਰੀਬਨ ਦਿਨ ਵਿਚ 20 ਘੰਟੇ—ਤਾਂਕਿ ਉਹ ਆਪਣਾ ਸ਼ਿਕਾਰੀ ਜੀਵਨ-ਢੰਗ ਜਾਰੀ ਰੱਖ ਸਕੇ।
ਨਿਊਜ਼ੀਲੈਂਡ ਦੇ ਇਕ ਕਿਰਲੀ ਵਰਗੇ ਸੁਸਤ ਜੀਵ, ਟੁਆਟਾਰਾ ਉੱਤੇ ਵੀ ਵਿਚਾਰ ਕਰੋ। ਇਹ ਤਕਰੀਬਨ ਅੱਧਾ ਸਾਲ ਕੱਚੀ ਨੀਂਦ ਦੀ ਸਥਿਤੀ ਵਿਚ ਗੁਜ਼ਾਰਦਾ ਹੈ। ਟੁਆਟਾਰਾ ਤਾਂ ਇੰਨਾ ਸੁਸਤ ਹੈ ਕਿ ਉਹ ਖਾਣਾ ਚਿੱਥਦਾ-ਚਿੱਥਦਾ ਹੀ ਸੌਂ ਜਾਂਦਾ ਹੈ! ਲੇਕਿਨ ਜ਼ਾਹਰਾ ਤੌਰ ਤੇ ਇੰਨੀ ਜ਼ਿਆਦਾ ਨੀਂਦ ਉਸ ਨੂੰ ਕੁਝ ਤਾਂ ਲਾਭ ਪਹੁੰਚਾਉਂਦੀ ਹੈ, ਕਿਉਂਕਿ ਵਿਗਿਆਨੀ ਅਨੁਮਾਨ ਲਾਉਂਦੇ ਹਨ ਕਿ ਕੁਝ ਟੁਆਟਾਰਾ ਲਗਭਗ 100 ਸਾਲਾਂ ਲਈ ਜੀ ਸਕਦੇ ਹਨ!
ਕੁੰਭਕਰਨ (Rip Van Winkle) ਵਾਂਗ, ਦੂਜੇ ਜੀਵ-ਜੰਤੂ ਵੀ ਲੰਬੇ ਸਮਿਆਂ ਲਈ ਸੌਂਦੇ ਹਨ। ਇਸੇ ਤਰੀਕੇ ਨਾਲ ਇਨ੍ਹਾਂ ਵਿੱਚੋਂ ਕਈ ਠੰਢੀਆਂ ਸਰਦੀਆਂ ਤੋਂ ਬਚਦੇ ਹਨ। ਤਿਆਰੀ ਵਿਚ, ਜਾਨਵਰ ਆਪਣੇ ਸਰੀਰ ਵਿਚ ਚਰਬੀ ਦੀਆਂ ਮੋਟੀਆਂ ਤਹਿਆਂ ਜਮ੍ਹਾ ਕਰਦਾ ਹੈ ਜੋ ਲੰਬੇ ਸਮੇਂ ਦੀ ਨੀਂਦ ਦੇ ਦੌਰਾਨ ਉਸ ਦਾ ਪੋਸ਼ਣ ਕਰਨਗੀਆਂ। ਤਾਂ ਫਿਰ, ਸੁੱਤੇ ਹੋਏ ਜਾਨਵਰ ਨੂੰ ਠੰਢ ਦੀ ਸਖ਼ਤੀ ਤੋਂ ਕੀ ਬਚਾਉਂਦਾ ਹੈ? ਜਿਵੇਂ ਕਿਤਾਬ ਪਸ਼ੂ ਸੰਸਾਰ ਦੇ ਅੰਦਰ (ਅੰਗ੍ਰੇਜ਼ੀ) ਵਿਆਖਿਆ ਕਰਦੀ ਹੈ, ਦਿਮਾਗ਼ ਜਾਨਵਰ ਦੇ ਲਹੂ ਵਿਚ ਰਸਾਇਣਕ ਤਬਦੀਲੀਆਂ ਆਰੰਭ ਕਰਦਾ ਹੈ ਅਤੇ ਇਕ ਕਿਸਮ ਦਾ ਕੁਦਰਤੀ ਜਮਾਉ-ਰੋਧਕ (antifreeze) ਉਤਪੰਨ ਕਰਦਾ ਹੈ। ਜਿਉਂ-ਜਿਉਂ ਜਾਨਵਰ ਦੀ ਸਰੀਰਕ ਗਰਮੀ ਜਮਾਉ-ਦਰਜੇ ਦੇ ਨੇੜੇ ਪਹੁੰਚਦੀ ਹੈ, ਉਸ ਦੇ ਦਿਲ ਦੀ ਧੜਕਣ ਆਪਣੀ ਆਮ ਰਫ਼ਤਾਰ ਤੋਂ ਕਾਫ਼ੀ ਘੱਟ ਜਾਂਦੀ ਹੈ; ਉਸ ਦਾ ਸਾਹ ਧੀਮਾ ਹੋ ਜਾਂਦਾ ਹੈ। ਇਸ ਤੋਂ ਬਾਅਦ ਇਕ ਡੂੰਘੀ ਨੀਂਦ ਆਉਂਦੀ ਹੈ, ਅਤੇ ਇਹ ਕਈ ਹਫ਼ਤਿਆਂ ਲਈ ਜਾਰੀ ਰਹਿ ਸਕਦੀ ਹੈ।
‘ਉਡਦੇ ਹੋਏ’ ਸੌਣਾ?
ਕੁਝ ਜਾਨਵਰ ਬਹੁਤ ਹੀ ਅਸਾਧਾਰਣ ਤਰੀਕਿਆਂ ਨਾਲ ਸੌਂਦੇ ਹਨ। ਸੁਟੀ ਟਰਨ ਨਾਮਕ ਇਕ ਸਮੁੰਦਰੀ ਪੰਛੀ ਤੇ ਵਿਚਾਰ ਕਰੋ। ਜਦੋਂ ਸੁਟੀ ਟਰਨ ਦਾ ਬੱਚਾ ਆਪਣੇ ਆਲ੍ਹਣੇ ਨੂੰ ਛੱਡਦਾ ਹੈ, ਤਾਂ ਉਹ ਸਮੁੰਦਰ ਦੇ ਵੱਲ ਉਡਦਾ ਹੈ ਅਤੇ ਅਗਲੇ ਕੁਝ ਸਾਲਾਂ ਲਈ ਲਗਾਤਾਰ ਉਡਦਾ ਰਹਿੰਦਾ ਹੈ! ਕਿਉਂਕਿ ਉਹ ਅਭਿੱਜ ਖੰਭਾਂ ਦੇ ਨਾਲ ਲੈਸ ਨਹੀਂ ਹੈ ਅਤੇ ਦੂਜੇ ਟਰਨਾਂ ਵਾਂਗ, ਜੋ ਪਾਣੀ ਉੱਤੇ ਉਤਰ ਸਕਦੇ ਹਨ, ਉਸ ਦੇ ਝਿੱਲੀਦਾਰ ਪੈਰ ਨਹੀਂ ਹਨ, ਉਹ ਸਮੁੰਦਰ ਦੇ ਪਾਣੀ ਹੇਠ ਜਾਣ ਤੋਂ ਪਰਹੇਜ਼ ਕਰਦਾ ਹੈ। ਉਹ ਪਾਣੀ ਦੀ ਸਤਹ ਤੋਂ ਨਿੱਕੀਆਂ ਮੱਛੀਆਂ ਚੁੱਕਦਾ ਹੋਇਆ ਸ਼ਿਕਾਰ ਕਰਦਾ ਹੈ।
ਲੇਕਿਨ ਉਹ ਸੌਂਦਾ ਕਦੋਂ ਹੈ? ਕਿਤਾਬ ਉੱਤਰੀ ਅਮਰੀਕਾ ਦੇ ਜਲ, ਸ਼ਿਕਾਰੀ, ਅਤੇ ਸ਼ਿਕਾਰ ਪੰਛੀ (ਅੰਗ੍ਰੇਜ਼ੀ) ਕਹਿੰਦੀ ਹੈ: “ਇਹ ਅਸੰਭਵ ਜਾਪਦਾ ਹੈ ਕਿ ਉਹ ਮਹਾਂਸਾਗਰ ਉੱਤੇ ਸੌਂਦੇ ਹਨ ਕਿਉਂ ਜੋ ਇਸ ਨਾਲ ਉਨ੍ਹਾਂ ਦੇ ਖੰਭ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਜਾਂਦੇ। ਕੁਝ ਵਿਗਿਆਨੀ ਸੁਝਾਅ ਦਿੰਦੇ ਹਨ ਕਿ ਸ਼ਾਇਦ ਇਹ ਪੰਛੀ ਉਡਦੇ ਹੋਏ ਸੌਂਦੇ ਹਨ।”
ਪਾਣੀ ਹੇਠਾਂ ਆਰਾਮ
ਕੀ ਮੱਛੀਆਂ ਸੌਂਦੀਆਂ ਹਨ? ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੇ ਅਨੁਸਾਰ, ਰੀੜਧਾਰੀ ਜਾਨਵਰਾਂ ਦੇ ਵਿਚਕਾਰ “ਸਿਰਫ਼ ਰੀਂਗਣ ਵਾਲੇ ਜੰਤੂ, ਪੰਛੀ, ਅਤੇ ਥਣਧਾਰੀ ਜੀਵ ਹੀ ਦਿਮਾਗ਼ ਦੀਆਂ ਤਰੰਗਾਂ ਵਿਚ ਤਬਦੀਲੀਆਂ ਸਹਿਤ ਅਸਲੀ ਨੀਂਦ ਅਨੁਭਵ ਕਰਦੇ ਹਨ।” ਫਿਰ ਵੀ, ਮੱਛੀਆਂ ਨੀਂਦ ਸਮਾਨ ਆਰਾਮ ਦੇ ਸਮਿਆਂ ਦਾ ਲਾਭ ਉਠਾਉਂਦੀਆਂ ਹਨ—ਭਾਵੇਂ ਕਿ ਅਧਿਕਤਰ ਮੱਛੀਆਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੀਆਂ।
ਕੁਝ ਮੱਛੀਆਂ ਆਪਣੇ ਇਕ ਪਾਸੇ ਤੇ ਸੌਂਦੀਆਂ ਹਨ; ਦੂਜੀਆਂ, ਉਲਟੀਆਂ ਜਾਂ ਖੜ੍ਹੇ ਰੂਪ ਵਿਚ ਸੌਂਦੀਆਂ ਹਨ। ਕੁਝ ਚਪਟੇ ਸਰੀਰ ਵਾਲੀਆਂ ਮੱਛੀਆਂ, ਜਿਵੇਂ ਫਲਾਊਂਡਰ, ਜਾਗਦੀਆਂ ਹੋਈਆਂ ਸਮੁੰਦਰ ਦੇ ਤਲ ਉੱਤੇ ਵਸਦੀਆਂ ਹਨ। ਜਦੋਂ ਸੁੱਤੀਆਂ ਹੁੰਦੀਆਂ ਹਨ, ਤਾਂ ਉਹ ਤਲ ਤੋਂ ਕੁਝ ਇੰਚ ਉੱਪਰ ਇਕ ਤਰਦੀ ਸਥਿਤੀ ਅਪਣਾਉਂਦੀਆਂ ਹਨ।
ਰੰਗਦਾਰ ਪੈਰਟ ਫ਼ਿਸ਼ ਦਾ ਇਕ ਅਨੋਖਾ ਸੌਣ-ਵੇਲੇ ਦਾ ਨਿੱਤ-ਕਰਮ ਹੈ: ਉਹ “ਸੌਣ ਦੇ ਕੱਪੜੇ” ਪਹਿਨਦੀ ਹੈ। ਜਿਉਂ ਹੀ ਉਸ ਦੇ ਆਰਾਮ ਦਾ ਸਮਾਂ ਨੇੜੇ ਆਉਂਦਾ ਹੈ, ਉਹ ਇਕ ਲੇਸ, ਜਾਂ ਚਿਪਕਵੀਂ ਵਸਤੂ ਛੱਡਦੀ ਹੈ ਜੋ ਉਸ ਦੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਦਿੰਦੀ ਹੈ। ਇਸ ਦਾ ਮਕਸਦ? “ਸੰਭਵ ਤੌਰ ਤੇ ਇਸ ਲਈ ਕਿ ਸ਼ਿਕਾਰੀ ਮੱਛੀਆਂ [ਉਸ ਨੂੰ] ਲੱਭ ਨਾ ਸਕਣ,” ਕੁਦਰਤ-ਲੇਖਕ ਡਗ ਸਟੂਅੱਟ ਕਹਿੰਦਾ ਹੈ। ਜਦੋਂ ਉਹ ਜਾਗਦੀ ਹੈ ਤਦ ਉਹ ਆਪਣੇ ਚੀਕਣੇ ਲਿਬਾਸ ਵਿੱਚੋਂ ਬਾਹਰ ਨਿਕਲ ਆਉਂਦੀ ਹੈ।
ਉਸੇ ਤਰ੍ਹਾਂ ਸੀਲ ਮੱਛੀਆਂ ਦਾ ਵੀ ਇਕ ਅਨੋਖਾ ਸੌਣ-ਵੇਲੇ ਦਾ ਨਿੱਤ-ਕਰਮ ਹੈ। ਉਹ ਆਪਣੇ ਗਲੇ ਗੁਬਾਰੇ ਵਾਂਗ ਫੁਲਾ ਕੇ ਇਕ ਕਿਸਮ ਦੀ ਕੁਦਰਤੀ ਬਚਾਉ-ਪੇਟੀ ਉਤਪੰਨ ਕਰਦੀਆਂ ਹਨ। ਇਸ ਤਰ੍ਹਾਂ ਪਾਣੀ ਦੀ ਸਤਹ ਉੱਤੇ ਉਹ ਸੌਂ ਸਕਦੀਆਂ ਹਨ, ਜਿਉਂ-ਜਿਉਂ ਉਹ ਪਾਣੀ ਵਿਚ ਖੜ੍ਹੇ ਰੂਪ ਵਿਚ ਤਰਦੀਆਂ ਹਨ ਅਤੇ ਉਨ੍ਹਾਂ ਦੇ ਨੱਕ ਸਾਹ ਲੈਣ ਵਾਸਤੇ ਪਾਣੀ ਤੋਂ ਬਾਹਰ ਹੁੰਦੇ ਹਨ।
ਇਕ ਅੱਖ ਖੁੱਲ੍ਹੀ ਰੱਖਣੀ
ਨਿਸ਼ਚੇ ਹੀ, ਜੰਗਲ ਵਿਚ ਸੌਣ ਨਾਲ ਇਕ ਜਾਨਵਰ ਸ਼ਿਕਾਰੀਆਂ ਵੱਲੋਂ ਜ਼ਿਆਦਾ ਅਸੁਰੱਖਿਅਤ ਹੁੰਦਾ ਹੈ। ਇਸ ਲਈ ਅਨੇਕ ਜੀਵ-ਜੰਤੂ ਮਾਨੋ ਇਕ ਅੱਖ ਖੁੱਲ੍ਹੀ ਰੱਖ ਕੇ ਸੌਂਦੇ ਹਨ। ਸੌਣ ਦੌਰਾਨ ਉਨ੍ਹਾਂ ਦੇ ਦਿਮਾਗ਼ ਕੁਝ ਹੱਦ ਤਕ ਚੌਕਸ ਰਹਿੰਦੇ ਹਨ, ਤਾਂ ਜੋ ਉਹ ਖ਼ਤਰੇ ਦੀ ਕੋਈ ਵੀ ਆਵਾਜ਼ ਸੁਣ ਕੇ ਪ੍ਰਤਿਕ੍ਰਿਆ ਦਿਖਾ ਸਕਣ। ਫਿਰ ਵੀ ਦੂਜੇ ਜੀਵ-ਜੰਤੂ ਸਮੇਂ-ਸਮੇਂ ਤੇ ਸੁਰੱਖਿਆ ਜਾਂਚ ਕਰਨ ਦੁਆਰਾ ਆਪਣਾ ਬਚਾਅ ਕਰਦੇ ਹਨ। ਉਦਾਹਰਣ ਲਈ, ਝੁੰਡ ਵਿਚ ਸੁੱਤੇ ਪੰਛੀ ਖ਼ਤਰੇ ਲਈ ਜਾਂਚ ਕਰਦੇ ਹੋਏ, ਸਮੇਂ-ਸਮੇਂ ਤੇ ਇਕ ਅੱਖ ਖੋਲ੍ਹ ਕੇ ਝਾਤੀ ਮਾਰਦੇ ਹਨ।
ਅਫ਼ਰੀਕਾ ਵਿਚ ਐਂਟੀਲੋਪ ਜਾਂ ਜ਼ੈਬਰਿਆਂ ਦੇ ਝੁੰਡ ਵੀ ਇਸੇ ਤਰ੍ਹਾਂ ਆਰਾਮ ਦੇ ਸਮੇਂ ਇਕ ਦੂਜੇ ਦਾ ਧਿਆਨ ਰੱਖਦੇ ਹਨ। ਕਦੇ-ਕਦਾਈਂ ਝੁੰਡ ਵਿਚ ਸਾਰੇ ਜ਼ਮੀਨ ਉੱਤੇ ਲੇਟ ਜਾਂਦੇ ਹਨ, ਪਰੰਤੂ ਉਹ ਆਪਣੇ ਸਿਰ ਚੌਕਸੀ ਵਿਚ ਸਿੱਧੇ ਉਤਾਂਹ ਚੁੱਕੀ ਰੱਖਦੇ ਹਨ। ਸਮੇਂ-ਸਮੇਂ ਤੇ, ਇਕ ਜਾਨਵਰ ਪਾਸਾ ਪਲਟ ਕੇ ਅਤੇ ਜ਼ਮੀਨ ਉੱਤੇ ਨਿਢਾਲ ਹੋ ਕੇ ਡੂੰਘੀ ਨੀਂਦ ਸੌਂਦਾ ਹੈ। ਕੁਝ ਮਿੰਟਾਂ ਬਾਅਦ, ਝੁੰਡ ਵਿੱਚੋਂ ਇਕ ਹੋਰ ਮੈਂਬਰ ਆਪਣੀ ਵਾਰੀ ਲੈਂਦਾ ਹੈ।
ਇਸੇ ਤਰ੍ਹਾਂ ਹਾਥੀ ਵੀ ਇਕ ਝੁੰਡ ਵਜੋਂ ਸੌਂਦੇ ਹਨ। ਪਰ, ਬਾਲਗ ਆਮ ਤੌਰ ਤੇ ਖੜ੍ਹੇ ਰਹਿੰਦੇ ਹਨ ਅਤੇ ਕੱਚੀ ਨੀਂਦ ਸੌਂਦੇ ਹਨ। ਉਹ ਸਮੇਂ-ਸਮੇਂ ਤੇ ਆਪਣੀਆਂ ਅੱਖਾਂ ਖੋਲ੍ਹਦੇ ਹਨ ਅਤੇ ਆਪਣੇ ਵੱਡੇ-ਵੱਡੇ ਕੰਨ ਖ਼ਤਰੇ ਦੀ ਆਵਾਜ਼ ਸੁਣਨ ਲਈ ਉਤਾਂਹ ਚੁੱਕ ਕੇ ਫੈਲਾਉਂਦੇ ਹਨ। ਇਨ੍ਹਾਂ ਵੱਡੇ ਪਹਿਰੇਦਾਰਾਂ ਦੀ ਪਨਾਹ ਹੇਠ, ਛੋਟੇ ਵੱਛੇ ਆਪਣੇ ਇਕ ਪਾਸੇ ਤੇ ਲੰਮੇ ਪੈ ਕੇ ਡੂੰਘੀ ਨੀਂਦ ਸੌਂ ਸਕਦੇ ਹਨ। ਆਪਣੀ ਕਿਤਾਬ ਹਾਥੀਆਂ ਬਾਰੇ ਯਾਦਾਂ (ਅੰਗ੍ਰੇਜ਼ੀ) ਵਿਚ, ਲੇਖਕਾ ਸਿਨਥਿਆ ਮੌਸ ਉਸ ਸਮੇਂ ਬਾਰੇ ਚੇਤੇ ਕਰਦੀ ਹੈ ਜਦੋਂ ਉਸ ਨੇ ਇਕ ਪੂਰੇ ਝੁੰਡ ਨੂੰ ਸੌਂਦੇ ਹੋਏ ਦੇਖਿਆ ਸੀ: “ਪਹਿਲਾਂ ਸਭ ਤੋਂ ਛੋਟੇ, ਫਿਰ ਉਨ੍ਹਾਂ ਤੋਂ ਵੱਡੇ ਵੱਛੇ, ਅਤੇ ਆਖ਼ਰਕਾਰ ਵੱਡੀਆਂ ਹੱਥਣੀਆਂ, ਸਾਰੇ ਹੀ ਲੰਮੇ ਪੈ ਕੇ ਸੌਂ ਗਏ। ਚਾਂਦਨੀ ਵਿਚ ਉਹ ਬਹੁਤ ਵੱਡੇ ਸੁਆਹ-ਰੰਗੇ ਪੱਥਰਾਂ ਵਰਗੇ ਲੱਗਦੇ ਸਨ, ਪਰ ਉਨ੍ਹਾਂ ਦੇ ਡੂੰਘੇ, ਸ਼ਾਂਤਮਈ ਘੁਰਾੜਿਆਂ ਨੇ ਇਸ ਭੁਲੇਖੇ ਨੂੰ ਦੂਰ ਕੀਤਾ।”
ਸਾਡੇ ਕੋਲ ਜਾਨਵਰਾਂ ਦੀਆਂ ਸੌਣ ਦੀਆਂ ਆਦਤਾਂ ਦੇ ਬਾਰੇ ਹਾਲੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ। ਲੇਕਿਨ ਜਦੋਂ ਤੁਸੀਂ ਉਨ੍ਹਾਂ ਥੋੜ੍ਹੀਆਂ-ਬਹੁਤੀਆਂ ਗੱਲਾਂ ਉੱਤੇ ਵਿਚਾਰ ਕਰਦੇ ਹੋ ਜੋ ਅਸੀਂ ਜਾਣਦੇ ਹਾਂ, ਤਾਂ ਕੀ ਤੁਸੀਂ ਇਨ੍ਹਾਂ ‘ਸਾਰੀਆਂ ਵਸਤਾਂ ਰਚਾਉਣ’ ਵਾਲੇ ਦੀ ਹੈਰਾਨਕੁਨ ਬੁੱਧ ਉੱਤੇ ਗੌਰ ਕਰਨ ਲਈ ਪ੍ਰੇਰਿਤ ਨਹੀਂ ਹੁੰਦੇ ਹੋ?—ਪਰਕਾਸ਼ ਦੀ ਪੋਥੀ 4:11.