ਦੁਖਦੇ ਪੈਰਾਂ ਲਈ ਮਦਦ
“ਦੁਖਦੇ ਪੈਰਾਂ ਕਾਰਨ ਮੇਰੀ ਜਾਨ ਨਿਕਲ ਰਹੀ ਹੈ!” ਸਪੱਸ਼ਟ ਤੌਰ ਤੇ, ਇਹ ਅਤਿਕਥਨ ਹੈ। ਫਿਰ ਵੀ, ਸੰਯੁਕਤ ਰਾਜ ਅਮਰੀਕਾ ਵਿਚ ਦੁਖਦੇ ਪੈਰ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਇਸ ਕਾਰਨ ਹਜ਼ਾਰਾਂ ਹੀ ਪੈਰ ਦੇ ਮਾਹਰਾਂ ਦਾ ਚੰਗਾ ਕਾਰੋਬਾਰ ਚੱਲ ਰਿਹਾ ਹੈ।
ਕੁਝ 14 ਸਾਲਾਂ ਦੌਰਾਨ 2,000 ਤੋਂ ਜ਼ਿਆਦਾ ਪੈਰ ਦੇ ਓਪਰੇਸ਼ਨਾਂ ਦਾ ਪੁਨਰ-ਵਿਚਾਰ ਕਰਨ ਤੋਂ ਬਾਅਦ ਇਕ ਓਰਥੋਪੀਡਿਕ ਸਰਜਨ, ਡਾ. ਮਾਈਕਲ ਕਾਫ਼ਲਿਨ, ਨੇ ਇਕ ਹੈਰਾਨੀਜਨਕ ਗੱਲ ਦੇਖੀ। “ਅਸਚਰਜ ਗੱਲ ਸੀ,” ਉਹ ਕਹਿੰਦਾ ਹੈ, “ਮੈਂ ਦੇਖਿਆ ਕਿ ਲਗਭਗ ਇਹ ਸਾਰੇ ਓਪਰੇਸ਼ਨ ਔਰਤਾਂ ਤੇ ਕੀਤੇ ਗਏ ਸਨ।” ਔਰਤਾਂ ਕਿਉਂ ਖ਼ਾਸ ਤੌਰ ਤੇ ਪੈਰ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੀਆਂ ਹਨ?
ਮੇਚ, ਫ਼ੈਸ਼ਨ, ਅਤੇ ਪੈਰ
356 ਔਰਤਾਂ ਦੇ ਇਕ ਸਰਵੇਖਣ ਤੋਂ ਇਹ ਪਤਾ ਲੱਗਾ ਕਿ ਤਕਰੀਬਨ 10 ਵਿੱਚੋਂ 9 ਔਰਤਾਂ ਅਜਿਹੀਆਂ ਜੁੱਤੀਆਂ ਪਾਉਂਦੀਆਂ ਸਨ, ਜੋ ਔਸਤਨ, ਉਨ੍ਹਾਂ ਦੇ ਪੈਰਾਂ ਲਈ ਇਕ ਪੂਰੇ ਮਾਪ ਤੋਂ ਜ਼ਿਆਦਾ ਭੀੜੀਆਂ ਸਨ! ਥੋੜ੍ਹੀ-ਬਹੁਤੀ ਸਮੱਸਿਆ ਔਰਤਾਂ ਦੀਆਂ ਜੁੱਤੀਆਂ ਬਣਾਉਣ ਦੇ ਢੰਗ ਵਿਚ ਹੈ। “ਜੁੱਤੀ ਬਣਾਉਣ ਵਾਲੇ ਹੁਣ ਹਿੱਸਿਆਂ ਵਾਲੇ ਕਲਬੂਤ ਇਸਤੇਮਾਲ ਨਹੀਂ ਕਰਦੇ ਹਨ ਜਿਸ ਉੱਤੇ ਤੰਗ ਅੱਡੀ ਅਤੇ ਚੌੜਾ ਪੰਜਾ ਬਣਾਇਆ ਜਾ ਸਕਦਾ ਸੀ,” ਓਰਥੋਪੀਡਿਕ ਸਰਜਨ ਫ਼੍ਰਾਂਸੇਸਕਾ ਟੌਮਸਨ ਵਿਆਖਿਆ ਕਰਦੀ ਹੈ।a
ਇਸ ਲਈ, ਜੁੱਤੀਆਂ ਪਾ ਕੇ ਦੇਖਣ ਦੇ ਸਮੇਂ, ਕਈ ਔਰਤਾਂ ਇਹ ਅਨੁਭਵ ਕਰਦੀਆਂ ਹਨ ਕਿ ਜਦੋਂ ਪੰਜਾ ਮੇਚ ਦਾ ਹੁੰਦਾ ਹੈ, ਤਾਂ ਅੱਡੀ ਖੁੱਲ੍ਹੀ ਹੁੰਦੀ ਹੈ; ਲੇਕਿਨ ਜਦੋਂ ਅੱਡੀ ਮੇਚ ਦੀ ਹੁੰਦੀ ਹੈ, ਤਾਂ ਪੰਜਾ ਭੀੜਾ ਹੁੰਦਾ ਹੈ। ਦੂਜੀਆਂ ਮੇਚਦੀ ਅੱਡੀ ਅਤੇ ਭੀੜੇ ਪੰਜੇ ਵਾਲੀ ਜੁੱਤੀ ਦੀ ਚੋਣ ਕਰਦੀਆਂ ਹਨ, ਕਿਉਂਕਿ ਮੇਚ ਦੇ ਪੰਜੇ ਅਤੇ ਖੁੱਲ੍ਹੀ ਅੱਡੀ ਵਾਲੀ ਜੁੱਤੀ ਵਿੱਚੋਂ ਹਰ ਕਦਮ ਤੇ ਪੈਰ ਅੱਡੀ ਵਿੱਚੋਂ ਨਿਕਲ ਸਕਦਾ ਹੈ।
ਪੈਰ ਦੇ ਮੁਹਰਲੇ ਹਿੱਸੇ ਨੂੰ ਘੁੱਟ ਕੇ ਇਕ ਭੀੜੇ ਪੰਜੇ ਵਿਚ ਧੱਕਣਾ ਤਾਂ ਗ਼ਲਤ ਹੈ ਹੀ। ਪਰ ਇਸ ਦੇ ਨਾਲ ਡੀਜ਼ਾਈਨਕਾਰ ਜੁੱਤੀ ਦੀ ਅੱਡੀ ਵੀ ਕੁਝ ਇੰਚ ਉੱਚੀ ਕਰ ਦਿੰਦੇ ਹਨ। ਭਾਵੇਂ ਇਹ ਫ਼ੈਸ਼ਨਦਾਰ ਸਮਝਿਆ ਜਾਂਦਾ ਹੈ, ਪਰ ਇਕ ਉੱਚੀ ਅੱਡੀ ਪੈਰ ਦੀ ਤਲੀ ਉੱਤੇ ਸਾਰਾ ਦਬਾਅ ਪਾਉਂਦੀ ਹੈ, ਅਤੇ ਪੈਰ ਨੂੰ ਪੰਜੇ ਵਿਚ, ਜ਼ਬਰਦਸਤੀ ਮੁਹਰ ਨੂੰ ਧੱਕਦੀ ਹੈ ਜੋ ਸ਼ਾਇਦ ਪਹਿਲਾਂ ਹੀ ਭੀੜਾ ਹੋਵੇ। “ਕੋਈ ਵੀ ਉੱਚੀ-ਅੱਡੀ ਵਾਲੀ ਜੁੱਤੀ ਪੈਰਾਂ ਲਈ ਚੰਗੀ ਨਹੀਂ ਹੁੰਦੀ,” ਪੈਰਾਂ ਦਾ ਮਾਹਰ, ਡਾ. ਡੇਵਿਡ ਗੈਰਟ ਦਾਅਵਾ ਕਰਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਉੱਚੀ ਅੱਡੀ ਨਾਲ ਪਹਿਨਣ ਵਾਲੇ ਦੇ ਪੈਰਾਂ, ਗਿੱਟਿਆਂ, ਪਿੰਨੀਆਂ, ਗੋਡਿਆਂ, ਅਤੇ ਪਿੱਠ ਨੂੰ ਆਖ਼ਰਕਾਰ ਨੁਕਸਾਨ ਪਹੁੰਚ ਸਕਦਾ ਹੈ। ਉਹ ਲੱਤ ਦੀਆਂ ਮਾਸ-ਪੇਸ਼ੀਆਂ ਅਤੇ ਨਸਾਂ ਨੂੰ ਵੀ ਛੋਟਾ ਕਰ ਸਕਦੀਆਂ ਹਨ, ਜਿਸ ਦੇ ਕਾਰਨ ਦੌੜਾਕ ਖ਼ਾਸ ਤੌਰ ਤੇ ਗੰਭੀਰ ਚੋਟਾਂ ਦਾ ਸਾਮ੍ਹਣਾ ਕਰ ਸਕਦੇ ਹਨ।
ਔਰਤ ਦਾ ਪੈਰ ਆਪਣੇ ਨਾਲ ਕੀਤੇ ਗਏ ਜ਼ੁਲਮ ਨੂੰ ਸਹਿਣ ਦੀ ਯੋਗਤਾ ਨਹੀਂ ਰੱਖਦਾ ਹੈ। ਅਸਲ ਵਿਚ, ਸਾਲਾਂ ਦੇ ਦੌਰਾਨ ਪੈਰ ਦਾ ਕੇਵਲ ਪੰਜਾ ਹੀ ਚੌੜਾ ਹੁੰਦਾ ਹੈ—ਇਕ ਵਿਅਕਤੀ ਦੇ ਬਾਲਗ ਬਣਨ ਤੋਂ ਬਾਅਦ ਵੀ। ਲੇਕਿਨ ਅੱਡੀ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ। “ਅੱਡੀ ਦੀ ਸਿਰਫ਼ ਇੱਕੋ ਹੀ ਹੱਡੀ ਹੁੰਦੀ ਹੈ,” ਡਾ. ਟੌਮਸਨ ਕਹਿੰਦੀ ਹੈ, “ਅਤੇ ਉਹ 84 ਸਾਲਾਂ ਦੀ ਉਮਰ ਤੇ ਉੱਨੀ ਹੀ ਸੌੜੀ ਰਹਿੰਦੀ ਹੈ ਜਿੰਨੀ 14 ਸਾਲਾਂ ਦੀ ਉਮਰ ਤੇ ਸੀ।” ਇਹ ਹਕੀਕਤ ਇਕ ਔਰਤ ਲਈ ਅੱਡੀ ਤੋਂ ਲੈ ਕੇ ਅੰਗੂਠੇ ਤਕ ਚੰਗੀ ਤਰ੍ਹਾਂ ਮੇਚ ਆਉਂਦੀ ਜੁੱਤੀ ਲੱਭਣੀ ਹੋਰ ਜ਼ਿਆਦਾ ਮੁਸ਼ਕਲ ਬਣਾ ਦਿੰਦੀ ਹੈ।
ਖ਼ਰੀਦਾਰੀ ਸੰਬੰਧੀ ਸੁਝਾਅ
ਜੁੱਤੀਆਂ ਦਾ ਮੇਚ ਅਤੇ ਫ਼ੈਸ਼ਨ ਦੀਆਂ ਮੁਸ਼ਕਲਾਂ ਦੇ ਬਾਵਜੂਦ, ਔਰਤਾਂ ਕਿਸ ਤਰ੍ਹਾਂ ਦੁਖਦੇ ਪੈਰਾਂ ਤੋਂ ਬਚ ਸਕਦੀਆਂ ਹਨ? ਇਸ ਦਾ ਜਵਾਬ ਜੁੱਤੀਆਂ ਦੀ ਦੁਕਾਨ ਵਿਚ ਸ਼ੁਰੂ ਹੁੰਦਾ ਹੈ। ਕੁਝ ਮਾਹਰ ਹੇਠਾਂ ਦਿੱਤੀਆਂ ਗਈਆਂ ਸਲਾਹਾਂ ਪੇਸ਼ ਕਰਦੇ ਹਨ:
● ਦਿਨ ਦੇ ਅੰਤ ਦੇ ਨੇੜੇ ਜੁੱਤੀਆਂ ਖ਼ਰੀਦੋ, ਜਦੋਂ ਤੁਹਾਡੇ ਪੈਰ ਥੋੜ੍ਹੇ ਜਿਹੇ ਸੁੱਜੇ ਹੁੰਦੇ ਹਨ।
● ਦੋਵੇਂ ਪੈਰਾਂ ਦੀਆਂ ਜੁੱਤੀਆਂ ਪਾ ਕੇ ਦੇਖੋ—ਸਿਰਫ਼ ਇਕ ਹੀ ਨਹੀਂ।
● ਨਿਸ਼ਚਿਤ ਕਰੋ ਕਿ ਅੱਡੀ ਮੇਚ ਦੀ ਹੈ ਅਤੇ ਪੰਜੇ ਦੀ ਲੰਬਾਈ, ਚੌੜਾਈ, ਅਤੇ ਉਚਾਈ ਠੀਕ ਹੈ।
● ਯਾਦ ਰੱਖੋ ਕਿ ਦੁਕਾਨ ਦਾ ਕਾਲੀਨ ਸ਼ਾਇਦ ਮੋਟੀ ਤਹਿ ਵਾਲਾ ਹੋਵੇ, ਜਿਸ ਉੱਤੇ ਤੰਗ ਜੁੱਤੀ ਵੀ ਥੋੜ੍ਹੇ ਸਮੇਂ ਲਈ ਆਰਾਮਦਾਇਕ ਲੱਗੇ।
● ਪੇਟੈਂਟ ਚਮੜੇ ਜਾਂ ਨਕਲੀ ਚਮੜੇ ਤੋਂ ਬਣੀ ਜੁੱਤੀ ਤੋਂ ਪਰਹੇਜ਼ ਕਰੋ। ਨਰਮ ਚਮੜੇ ਜਾਂ ਬੁਰਦਾਰ ਚਮੜੇ ਤੋਂ ਭਿੰਨ, ਅਜਿਹੀਆਂ ਜੁੱਤੀਆਂ ਤੁਰਨ ਨਾਲ ਖੁੱਲ੍ਹੀਆਂ ਨਹੀਂ ਹੁੰਦੀਆਂ ਹਨ।
● ਜੇਕਰ ਤੁਸੀਂ ਉੱਚੀ ਅੱਡੀ ਵਾਲੀ ਜੁੱਤੀ ਖ਼ਰੀਦਦੇ ਹੋ, ਤਾਂ ਜ਼ਿਆਦਾ ਪੈਡਿੰਗ ਲਈ ਚਮੜੇ ਦੇ ਬਣੇ ਵਿਚਲੇ ਤਲੇ ਵਰਤੋ। ਉੱਚੀ ਅੱਡੀ ਥੋੜ੍ਹੇ ਹੀ ਸਮੇਂ ਵਾਸਤੇ ਪਹਿਨਣ, ਅਤੇ ਦਿਨ ਦੇ ਦੌਰਾਨ ਕਦੀ-ਕਦਾਈਂ ਛੋਟੀ ਅੱਡੀ ਵਾਲੀ ਜੁੱਤੀ ਪਹਿਨਣ ਬਾਰੇ ਵਿਚਾਰ ਕਰੋ।
ਉਪਰਲੀਆਂ ਸਲਾਹਾਂ ਤੋਂ ਇਲਾਵਾ, ਹਮੇਸ਼ਾ ਯਾਦ ਰੱਖੋ ਕਿ ਖ਼ਰੀਦਣ ਦੇ ਸਮੇਂ ਜੁੱਤੀ ਠੀਕ ਮੇਚ ਆਉਣੀ ਚਾਹੀਦੀ ਹੈ। ਆਮ ਰਾਇ ਦੇ ਉਲਟ, ਸਮੇਂ ਦੇ ਬੀਤਣ ਨਾਲ ਜੁੱਤੀ ਨਰਮ ਜਾਂ ਖੁੱਲ੍ਹੀ ਨਹੀਂ ਹੁੰਦੀ ਹੈ। “ਵੇਚਣ ਵਾਲੇ ਦਾ ਕਦੇ ਵੀ ਯਕੀਨ ਨਾ ਕਰੋ ਕਿ ਲੱਗਦੀ ਜੁੱਤੀ ਪਹਿਨਣ ਨਾਲ ਖੁੱਲ੍ਹੀ ਹੋ ਜਾਵੇਗੀ,” ਡਾ. ਕਾਫ਼ਲਿਨ ਚੇਤਾਵਨੀ ਦਿੰਦਾ ਹੈ। “ਸਿਰਫ਼ ਤੁਹਾਡੇ ਪੈਰਾਂ ਨੂੰ ਹੀ ਨੁਕਸਾਨ ਪਹੁੰਚੇਗਾ।”
ਲੇਕਿਨ ਫਿਰ ਕੀ ਜੇਕਰ ਤੁਹਾਡੇ ਕੋਲ ਸਿਰਫ਼ ਇਕ ਭੀੜੇ ਪੰਜੇ ਅਤੇ ਮੇਚ ਦੀ ਅੱਡੀ ਜਾਂ ਮੇਚ ਦੇ ਪੰਜੇ ਅਤੇ ਖੁੱਲ੍ਹੀ ਅੱਡੀ ਵਾਲੀ ਜੁੱਤੀ ਖ਼ਰੀਦਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ? ਡਾ. ਅਨੂ ਗੋਇਲ, ਪੈਰਾਂ ਦੀ ਮਾਹਰ, ਕਹਿੰਦੀ ਹੈ ਕਿ ਤੁਹਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕਿਹੜੀ ਜੁੱਤੀ ਜ਼ਿਆਦਾ ਸੌਖੀ ਤਰ੍ਹਾਂ ਸੋਧੀ ਜਾ ਸਕਦੀ ਹੈ। “ਇਸ ਤਰ੍ਹਾਂ ਕਰਨ ਦੇ ਦੋ ਤਰੀਕੇ ਹਨ,” ਉਹ ਕਹਿੰਦੀ ਹੈ। “ਪਹਿਲਾ, ਤੁਸੀਂ ਕਾਫ਼ੀ ਚੌੜੇ ਪੰਜੇ ਵਾਲੀ ਜੁੱਤੀ ਖ਼ਰੀਦ ਸਕਦੇ ਹੋ ਅਤੇ ਪੈਡਿੰਗ ਪਾ ਕੇ ਅੱਡੀ ਮੇਚ ਦੀ ਬਣਾ ਸਕਦੇ ਹੋ। . . . ਦੂਜਾ ਤਰੀਕਾ ਇਹ ਹੈ ਕਿ ਮੇਚ ਦੀ ਅੱਡੀ ਵਾਲੀ ਜੁੱਤੀ ਖ਼ਰੀਦ ਕੇ ਜੁੱਤੀ ਦਾ ਪੰਜਾ ਚੌੜਾ ਕਰਵਾਓ। ਪਰ ਆਮ ਤੌਰ ਤੇ ਇਹ ਸਿਰਫ਼ ਚਮੜੇ ਤੋਂ ਬਣਾਈਆਂ ਗਈਆਂ ਜੁੱਤੀਆਂ ਨਾਲ ਕੀਤਾ ਜਾ ਸਕਦਾ ਹੈ।”
ਕਿਉਂਕਿ ਅਨੇਕ ਔਰਤਾਂ ਹਰ ਦਿਨ ਅਨੁਮਾਨਿਤ ਤੌਰ ਤੇ ਪੰਦਰਾਂ ਕਿਲੋਮੀਟਰ ਤੁਰਦੀਆਂ ਹਨ, ਉਨ੍ਹਾਂ ਲਈ ਆਪਣੀ ਜੁੱਤੀ ਵੱਲ ਧਿਆਨ ਦੇਣਾ ਚੰਗਾ ਹੋਵੇਗਾ। ਜਿਵੇਂ ਅਮਰੀਕਨ ਸਿਹਤ (ਅੰਗ੍ਰੇਜ਼ੀ) ਰਸਾਲਾ ਕਹਿੰਦਾ ਹੈ, “ਪੈਰਾਂ ਦਾ ਜ਼ਿਆਦਾ ਖ਼ਿਆਲ ਰੱਖਣ ਦੁਆਰਾ—ਖ਼ਾਸ ਕਰਕੇ ਮੇਚਦੀ ਜੁੱਤੀ ਪਹਿਨਣ ਦੁਆਰਾ—ਤੁਸੀਂ ਪੈਰ ਦੀਆਂ ਅਧਿਕਤਰ ਸਮੱਸਿਆਵਾਂ ਨੂੰ ਸ਼ੁਰੂ ਹੋਣ ਤੋਂ ਵੀ ਰੋਕ ਸਕਦੇ ਹੋ।”
[ਫੁਟਨੋਟ]
a ਇਕ “ਕਲਬੂਤ” ਪੈਰ ਦੀ ਸ਼ਕਲ ਵਰਗੀ ਚੀਜ਼ ਹੈ ਜਿਸ ਉੱਤੇ ਜੁੱਤੀ ਨੂੰ ਆਕਾਰ ਦਿੱਤਾ ਜਾਂਦਾ ਹੈ।
[ਸਫ਼ੇ 18 ਉੱਤੇ ਡੱਬੀ]
ਪੈਰ ਦੀਆਂ ਚਾਰ ਆਮ ਸਮੱਸਿਆਵਾਂ
ਅੰਗੂਠੇ ਦੀ ਭੌਰੀ (Bunions)। ਇਹ ਸੋਜ ਪੈਰ ਦੇ ਅੰਗੂਠੇ ਦੇ ਪਹਿਲੇ ਜੋੜ ਉੱਤੇ ਹੁੰਦੀ ਹੈ। ਜਦੋਂ ਇਹ ਜੱਦੀ ਨਾ ਹੋਵੇ, ਤਾਂ ਇਹ ਸੋਜ ਤੰਗ ਜਾਂ ਉੱਚੀ-ਅੱਡੀ ਵਾਲੀਆਂ ਜੁੱਤੀਆਂ ਦੇ ਕਾਰਨ ਹੋ ਸਕਦੀ ਹੈ। ਇਸ ਨੂੰ ਸੇਕ ਦੇਣ ਜਾਂ ਇਸ ਉੱਤੇ ਬਰਫ਼ ਲਾਉਣ ਨਾਲ ਦਰਦ ਤੋਂ ਥੋੜ੍ਹੇ ਸਮੇਂ ਲਈ ਆਰਾਮ ਮਿਲ ਸਕਦਾ ਹੈ, ਲੇਕਿਨ ਇਸ ਦੇ ਸਥਾਈ ਇਲਾਜ ਲਈ ਸਰਜਰੀ ਦੀ ਜ਼ਰੂਰਤ ਹੁੰਦੀ ਹੈ।
ਟੇਢੀਆਂ ਉਂਗਲਾਂ (Hammertoes)। ਥੱਲੇ ਨੂੰ ਟੇਢੀਆਂ ਹੋਈਆਂ ਉਂਗਲਾਂ ਪੰਜੇ ਉੱਤੇ ਜ਼ਿਆਦਾ ਦਬਾਅ ਪਾਉਣ ਵਾਲੀਆਂ ਜੁੱਤੀਆਂ ਦੇ ਕਾਰਨ ਹੋ ਸਕਦੀਆਂ ਹਨ। ਇਸ ਵਿਗਾੜ ਨੂੰ ਸੁਧਾਰਨ ਲਈ ਸ਼ਾਇਦ ਸਰਜਰੀ ਦੀ ਜ਼ਰੂਰਤ ਪਵੇ।
ਭੌਰੀਆਂ (Corns)। ਰਗੜ ਅਤੇ ਦਬਾਅ ਤੋਂ ਉਤਪੰਨ ਉਂਗਲਾਂ ਤੇ ਕੋਨ-ਰੂਪੀ ਗਿਲ੍ਹਟੇ, ਕਦੇ-ਕਦਾਈਂ ਜ਼ਿਆਦਾ ਭੀੜੀਆਂ ਜੁੱਤੀਆਂ ਪਹਿਨਣ ਦਾ ਨਤੀਜਾ ਹੁੰਦਾ ਹੈ। ਘਰੇਲੂ ਇਲਾਜ ਸ਼ਾਇਦ ਅਸਥਾਈ ਆਰਾਮ ਦੇਣ, ਲੇਕਿਨ ਆਮ ਤੌਰ ਤੇ ਟੇਢੀਆਂ ਉਂਗਲਾਂ, ਜੋ ਰਗੜ ਪੈਦਾ ਕਰਦੀਆਂ ਹਨ, ਨੂੰ ਸੁਧਾਰਨ ਲਈ ਸਰਜਰੀ ਦੀ ਜ਼ਰੂਰਤ ਪੈਂਦੀ ਹੈ।
ਗਿਲ੍ਹਟੇ (Calluses)। ਚਮੜੀ ਦੀਆਂ ਮੋਟੀਆਂ ਬੇਜਾਨ ਤਹਿਆਂ, ਜੋ ਪੈਰ ਨੂੰ ਲਗਾਤਾਰ ਰਗੜ ਤੋਂ ਬਚਾਉਂਦੀਆਂ ਹਨ। ਗਰਮ ਪਾਣੀ ਅਤੇ ਐਪਸਮ ਲੂਣ ਵਿਚ ਪੈਰ ਭਿਓਂਣ ਦੁਆਰਾ ਗਿਲ੍ਹਟੇ ਨਰਮ ਹੋ ਸਕਦੇ ਹਨ। ਲੇਕਿਨ ਇਨ੍ਹਾਂ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਸ ਨਾਲ ਇਨਫ਼ੈਕਸ਼ਨ ਹੋ ਸਕਦਾ ਹੈ।
[ਸਫ਼ੇ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
The Complete Encyclopedia of Illustration/J. G. Heck