ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 10/8 ਸਫ਼ੇ 28-29
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੁਨੀਆਂ ਦਾ ਸਭ ਤੋਂ ਲੰਬਾ ਸਸਪੇਂਸ਼ਨ ਪੁਲ
  • ਨਕਲੀ ਦਵਾਈ
  • ਹਸਪਤਾਲ ਵਿਚ ਇਨਫੇਕਸ਼ਨ
  • ਬਿਜਲੀ ਬਚਾਓ
  • ਸੜਕਾਂ ਤੇ ਰਹਿਣ ਵਾਲੇ ਬੱਚੇ ਭੈੜੇ ਸਲੂਕ ਕਰਕੇ ਘਰੋਂ ਭੱਜਦੇ ਹਨ
  • ਭੁੱਲਣਹਾਰ ਲੋਕ
  • ਛੋਟੇ ਬੱਚਿਆਂ ਨੂੰ ਲਾਡ-ਪਿਆਰ ਦੀ ਲੋੜ ਹੈ
  • ਸੈਕਸ ਕਾਰੋਬਾਰ ਦੇ ਸ਼ਿਕਾਰ
  • ਸੰਸਾਰ ਉੱਤੇ ਨਜ਼ਰ
    ਜਾਗਰੂਕ ਬਣੋ!—2004
  • ਬਾਲ ਯੌਨ ਸ਼ੋਸ਼ਣ ਇਕ ਵਿਸ਼ਵ-ਵਿਆਪੀ ਸਮੱਸਿਆ
    ਜਾਗਰੂਕ ਬਣੋ!—1997
ਜਾਗਰੂਕ ਬਣੋ!—1998
g98 10/8 ਸਫ਼ੇ 28-29

ਸੰਸਾਰ ਉੱਤੇ ਨਜ਼ਰ

ਦੁਨੀਆਂ ਦਾ ਸਭ ਤੋਂ ਲੰਬਾ ਸਸਪੇਂਸ਼ਨ ਪੁਲ

ਜਪਾਨ ਵਿਚ ਅਕਾਸ਼ੀ ਕਾਈਕਿਯੋ ਪੁਲ ਅਪ੍ਰੈਲ ਵਿਚ ਖੋਲ੍ਹਿਆ ਗਿਆ ਸੀ, ਅਤੇ ਇਕਦਮ ਇਸ ਨੂੰ ਦੁਨੀਆਂ ਦੇ ਸਭ ਤੋਂ ਲੰਬੇ ਸਸਪੇਂਸ਼ਨ ਪੁਲ ਵਜੋਂ ਰਿਕਾਰਡ ਪੁਸਤਕਾਂ ਵਿਚ ਦਰਜ ਕੀਤਾ ਗਿਆ। ਇਹ ਪੁਲ ਅਵਾਜੀ ਟਾਪੂ ਨੂੰ ਕੋਬੇ ਸ਼ਹਿਰ ਨਾਲ ਜੋੜਦਾ ਹੈ। “ਇਸ ਨੂੰ ਬਣਾਉਣ ਨੂੰ ਤਕਰੀਬਨ 10 ਸਾਲ ਲੱਗੇ, ਅਤੇ ਇਸ ਪ੍ਰਾਜੈਕਟ ਉੱਤੇ 7.7 ਅਰਬ ਡਾਲਰ ਖ਼ਰਚ ਹੋਏ। ਇਸ ਪੁਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਗਭਲਾ ਹਿੱਸਾ, ਯਾਨੀ ਕਿ ਦੋ ਟਾਵਰਾਂ ਦਾ ਵਿਚਕਾਰਲਾ ਫ਼ਾਸਲਾ, 1,991 ਮੀਟਰ (1.2 ਮੀਲ) ਹੈ,” ਟਾਈਮ ਰਸਾਲਾ ਦੱਸਦਾ ਹੈ। “ਦੋਵੇਂ ਟਾਵਰ ਵਿਚ, ਜੋ 90-ਮੰਜ਼ਲਾ ਇਮਾਰਤ ਨਾਲੋਂ ਉੱਚੇ ਹਨ, ਪੁਲ ਦੀ ਵਾਈਬਰੇਸ਼ਨ ਨੂੰ ਕੰਟ੍ਰੋਲ ਕਰਨ ਲਈ 20 ਯੰਤਰ ਲਗਾਏ ਗਏ ਹਨ; ਜੇ ਹਵਾ ਪੁਲ ਨੂੰ ਹਿਲਾਵੇ, ਤਾਂ ਪੈਂਡੂਲਮ ਟਾਵਰਾਂ ਨੂੰ ਖਿੱਚ ਕੇ ਸਿੱਧਾ ਕਰ ਦਿੰਦੇ ਹਨ।” ਇਹ ਪੁਲ ਰਿਕਟਰ ਸਕੇਲ ਤੇ 8.0 ਦੀ ਗਤੀ ਤੇ ਆਉਣ ਵਾਲੇ ਭੁਚਾਲਾਂ ਨੂੰ ਵੀ ਝੱਲਣ ਲਈ ਡੀਜ਼ਾਈਨ ਕੀਤਾ ਗਿਆ ਹੈ। ਜੇ ਸਟੀਲ ਦੀ ਬਣੀ ਇਸ ਦੀ ਤਾਰ ਨੂੰ ਲਾਹ ਕੇ ਪਸਾਰਿਆ ਜਾਵੇ, ਤਾਂ ਇਹ ਧਰਤੀ ਨੂੰ ਸੱਤ ਵਾਰ ਘੇਰ ਸਕਦੀ ਹੈ।

ਨਕਲੀ ਦਵਾਈ

“ਦੁਨੀਆਂ ਵਿਚ ਵੇਚੀਆਂ ਜਾਂਦੀਆਂ ਦਵਾਈਆਂ ਵਿੱਚੋਂ ਤਕਰੀਬਨ 8 ਫੀ ਸਦੀ ਨਕਲੀ ਹਨ,” ਲ ਫਿਗਾਰੋ ਮਾਗਾਜ਼ੀਨ ਐਲਾਨ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਬ੍ਰਾਜ਼ੀਲ ਵਿਚ ਅੰਦਾਜ਼ਨ 30 ਫੀ ਸਦੀ ਦਵਾਈਆਂ ਨਕਲੀ ਹਨ, ਅਤੇ ਹੈਰਾਨੀ ਦੀ ਗੱਲ ਹੈ ਕਿ ਨਾਈਜੀਰੀਆ ਵਿਚ ਅੰਦਾਜ਼ਨ 60 ਫੀ ਸਦੀ ਦਵਾਈਆਂ ਨਕਲੀ ਹਨ। ਰਿਪੋਰਟਾਂ ਅਨੁਸਾਰ ਨਕਲੀ ਦਵਾਈਆਂ ਦਾ ਧੰਦਾ 300 ਅਰਬ ਡਾਲਰ ਦਾ ਕਾਰੋਬਾਰ ਹੈ, ਜਿਸ ਵਿਚ ਅਪਰਾਧ ਜਗਤ ਦਾ ਗ਼ਲਬਾ ਹੈ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਕਾਰੋਬਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਦੇ ਜਤਨਾਂ ਦੇ ਬਾਵਜੂਦ, ਪੁਲਸ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਇਸ ਸਮੱਸਿਆ ਦਾ ਹੱਲ ਨਹੀਂ ਮਿਲਿਆ ਹੈ। ਹੋ ਸਕਦਾ ਹੈ ਕਿ ਨਕਲੀ ਦਵਾਈ ਕਿਸੇ ਦੇ ਮਨ ਨੂੰ ਦਿਲਾਸਾ ਦੇਣ ਦਾ ਕੰਮ ਕਰੇ; ਦੂਜੇ ਪਾਸੇ, ਇਸ ਦਾ ਨਤੀਜਾ ਮੌਤ ਵੀ ਹੋ ਸਕਦਾ ਹੈ। “ਨਕਲੀ ਦਵਾਈ ਮਰੀਜ਼ਾਂ ਦੀ ਸਿਹਤ ਨਾਲ ਖ਼ੂਨੀ ਖੇਡ ਖੇਡਦੀ ਹੈ,” ਲ ਫਿਗਾਰੋ ਮਾਗਾਜ਼ੀਨ ਨੇ ਕਿਹਾ।

ਹਸਪਤਾਲ ਵਿਚ ਇਨਫੇਕਸ਼ਨ

“ਕਿਸੇ ਮਰੀਜ਼ ਦੀ ਜਾਂਚ ਜਾਂ ਓਪਰੇਸ਼ਨ ਮਗਰੋਂ ਹਸਪਤਾਲ ਵਿਚ ਫੈਲੀ ਇਨਫੇਕਸ਼ਨ ਜਨਤਾ ਵਾਸਤੇ ਇਕ ਕਾਫ਼ੀ ਵੱਡੀ ਸਮੱਸਿਆ ਹੈ,” ਫਰਾਂਸੀਸੀ ਅਖ਼ਬਾਰ ਲ ਫਿਗਾਰੋ ਦੱਸਦੀ ਹੈ। ਇਕੱਲੇ ਫਰਾਂਸ ਵਿਚ ਹੀ, ਹਰੇਕ ਸਾਲ 8,00,000 ਲੋਕਾਂ ਨੂੰ ਛੂਤ ਨਾਲ ਬੀਮਾਰੀ ਲੱਗਦੀ ਹੈ, ਅਤੇ ਅੰਦਾਜ਼ਨ 10,000 ਮੌਤਾਂ ਹੁੰਦੀਆਂ ਹਨ। ਛੂਤ ਨਾਲ ਬੀਮਾਰੀ ਲੱਗਣ ਦਾ ਖ਼ਤਰਾ ਘਟਾਉਣ ਲਈ ਕਈ ਕਦਮ ਚੁੱਕੇ ਜਾ ਸਕਦੇ ਹਨ: ਹਰੇਕ ਨਵੇਂ ਮਰੀਜ਼ ਦੇ ਆਉਣ ਤੋਂ ਪਹਿਲਾਂ ਕਮਰਿਆਂ ਨੂੰ ਦਵਾਈਆਂ ਨਾਲ ਸਾਫ਼ ਕਰਨਾ, ਰੋਗਾਣੂ ਮਿਟਾਉਣ ਦੇ ਤਰੀਕਿਆਂ ਦੀ ਜਾਂਚ ਕਰਨੀ, ਅਤੇ ਮਰੀਜ਼ ਦੀ ਜਾਂਚ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ। ਜ਼ਾਹਰਾ ਤੌਰ ਤੇ, ਇਸ ਤਰ੍ਹਾਂ ਘੱਟ ਹੀ ਕੀਤਾ ਜਾਂਦਾ ਹੈ। ਪੈਰਿਸ ਦੇ ਕਿਸੇ ਹਸਪਤਾਲ ਵਿਚ ਕੀਤੇ ਗਏ ਇਕ ਅਧਿਐਨ ਨੇ ਪ੍ਰਗਟ ਕੀਤਾ ਕਿ ਹਸਪਤਾਲ ਦੇ ਸਹਾਇਕ ਕਰਮਚਾਰੀਆਂ ਵਿੱਚੋਂ ਸਿਰਫ਼ 72 ਫੀ ਸਦੀ ਨੇ ਕਿਹਾ ਕਿ ਉਹ ਹਰ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਂਦੇ ਹਨ। ਇਨ੍ਹਾਂ ਵਿੱਚੋਂ, 60 ਫੀ ਸਦੀ ਨੇ ਆਪਣੇ ਹੱਥ ਦੱਸੇ ਗਏ ਸਮੇਂ ਨਾਲੋਂ ਘੱਟ ਸਮੇਂ ਲਈ ਧੋਤੇ। ਅਖ਼ਬਾਰ ਸਿੱਟਾ ਕੱਢਦੀ ਹੈ ਕਿ ਅਜਿਹੇ ਨਿਰਾਸ਼ਾ ਭਰੇ ਅੰਕੜਿਆਂ ਨੂੰ ਦੇਖ ਕੇ “ਇੰਜ ਲੱਗਦਾ ਹੈ ਕਿ ਹਾਲੇ ਕਾਫ਼ੀ ਤਰੱਕੀ ਦੀ ਲੋੜ ਹੈ।”

ਬਿਜਲੀ ਬਚਾਓ

“ਜਰਮਨ ਘਰਾਂ ਅਤੇ ਦਫ਼ਤਰਾਂ ਵਿਚ ਇਸਤੇਮਾਲ ਕੀਤੀ ਜਾਂਦੀ ਬਿਜਲੀ ਵਿੱਚੋਂ 11 ਫੀ ਸਦੀ ਉਨ੍ਹਾਂ ਯੰਤਰਾਂ ਦੁਆਰਾ ਫੂਕੀ ਜਾਂਦੀ ਹੈ ਜੋ ਵਰਤੋਂ ਵਿਚ ਨਹੀਂ, ਪਰ ਸਟੈਂਡ-ਬਾਈ ਮੋਡ ਵਿਚ ਲੱਗੇ ਹੁੰਦੇ ਹਨ,” ਸਮਾਚਾਰ-ਪੱਤ੍ਰਿਕਾ ਆਪੋਟੀਕਨ ਉਮਸ਼ਾਉ ਰਿਪੋਰਟ ਕਰਦੀ ਹੈ। ਜਰਮਨੀ ਵਾਸਤੇ ਕੀਤੇ ਅੰਦਾਜ਼ਿਆਂ ਅਨੁਸਾਰ, ਹਰ ਸਾਲ ਸਟੈਂਡ-ਬਾਈ ਮੋਡ ਵਿਚ ਲੱਗੇ ਟੀ. ਵੀ. ਸੈੱਟ, ਸਟੀਰੀਓ, ਕੰਪਿਊਟਰ, ਅਤੇ ਹੋਰ ਬਿਜਲੀ ਦੇ ਯੰਤਰ, ਲਗਭਗ 20.5 ਅਰਬ ਕਿਲੋਵਾਟ-ਘੰਟੇ ਬਿਜਲੀ ਇਸਤੇਮਾਲ ਕਰਦੇ ਹਨ। ਇਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ, ਬਰਲਿਨ, ਦੁਆਰਾ ਹਰ ਸਾਲ ਵਰਤੀ ਜਾਂਦੀ ਬਿਜਲੀ ਨਾਲੋਂ ਜ਼ਿਆਦਾ ਹੈ। ਕੁਝ ਯੰਤਰਾਂ ਨੂੰ ਸਟੈਂਡ-ਬਾਈ ਮੋਡ ਵਿਚ ਰੱਖਣ ਦੀ ਬਜਾਇ, ਉਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਸ਼ਾਇਦ ਬਿਜਲੀ ਬਚਾਉਣੀ ਅਤੇ ਆਪਣੇ ਪੈਸੇ ਬਚਾਉਣੇ ਮੁਮਕਿਨ ਹੋ ਸਕਦੇ ਹਨ।

ਸੜਕਾਂ ਤੇ ਰਹਿਣ ਵਾਲੇ ਬੱਚੇ ਭੈੜੇ ਸਲੂਕ ਕਰਕੇ ਘਰੋਂ ਭੱਜਦੇ ਹਨ

ਦੁਰਵਿਹਾਰ ਕੀਤੇ ਗਏ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਖੇਤਰੀ ਕੇਂਦਰ (ਕਰਾਮੀ) ਦੀ ਕੋਆਰਡੀਨੇਟਰ ਐਂਜ਼ਾ ਮੈਟਰ ਨੇ ਕਿਹਾ: “ਸੜਕਾਂ ਤੇ ਰਹਿਣ ਵਾਲੇ 90 ਫੀ ਸਦੀ ਬੱਚਿਆਂ ਦਾ ਪਰਿਵਾਰ ਹੈ। [ਇਨ੍ਹਾਂ ਬੱਚਿਆਂ ਵਿੱਚੋਂ] 90 ਫੀ ਸਦੀ ਬੱਚੇ ਆਪਣੇ ਮਾਪਿਆਂ ਵੱਲੋਂ ਮਾਰ-ਕੁਟਾਈ ਕਾਰਨ ਘਰੋਂ ਭੱਜ ਜਾਂਦੇ ਹਨ, ਅਤੇ ਉਹ ਅਪਰਾਧੀ ਬਣ ਜਾਂਦੇ ਹਨ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਕਰਦੇ ਹਨ, ਅਤੇ ਲਿੰਗੀ ਤੌਰ ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।” ਮੈਟਰ, ਜਿਸ ਦੀਆਂ ਟਿੱਪਣੀਆਂ ਬ੍ਰਾਜ਼ੀਲ ਦੇ ਔ ਏਸਟਾਡੌ ਡੇ ਸਾਓ ਪੌਲੇ ਅਖ਼ਬਾਰ ਵਿਚ ਛਪੀਆਂ ਸਨ, ਸਿਹਤ-ਸੰਭਾਲ ਮਾਹਰਾਂ ਅਤੇ ਅਧਿਆਪਕਾਂ ਨੂੰ ਦੁਰਵਿਹਾਰ ਦੇ ਲੱਛਣਾਂ ਪ੍ਰਤੀ ਸਚੇਤ ਹੋਣ ਦੀ ਸਲਾਹ ਦਿੰਦੀ ਹੈ, ਜਿਨ੍ਹਾਂ ਵਿਚ “ਚਾਲ-ਚੱਲਣ ਵਿਚ ਇਕਦਮ ਤਬਦੀਲੀ, ਦੂਸਰਿਆਂ ਤੋਂ ਅਲੱਗ ਰਹਿਣਾ, ਅਤੇ ਸਰੀਰ ਉੱਤੇ ਦਾਗ਼” ਸ਼ਾਮਲ ਹੋ ਸਕਦੇ ਹਨ। ਦਖ਼ਲ ਦੇਣਾ ਬਹੁਤ ਜ਼ਰੂਰੀ ਹੋ ਸਕਦਾ ਹੈ ਕਿਉਂਕਿ ਕਰਾਮੀ ਦੁਆਰਾ ਹੱਥ ਵਿਚ ਲਏ ਕੇਸਾਂ ਵਿੱਚੋਂ ਸਿਰਫ਼ 5 ਫੀ ਸਦੀ ਕੇਸ ਉਨ੍ਹਾਂ ਬੱਚਿਆਂ ਦੇ ਹੁੰਦੇ ਹਨ ਜੋ ਆਪ ਮਦਦ ਮੰਗਦੇ ਹਨ। ਭੈੜਾ ਸਲੂਕ ਕਰਨ ਵਾਲੇ ਮਾਪੇ ਅਕਸਰ ਮਦਦ ਨੂੰ ਰੱਦ ਕਰਦੇ ਹਨ। ਕਿਉਂ? ਕਰਾਮੀ ਦਾ ਪ੍ਰਧਾਨ, ਜ਼ਾਓ ਰੋਬੇਰਟੋ ਸਕੋਮਪਾਰਿਮ ਕਹਿੰਦਾ ਹੈ: “ਜਿਹੜੇ ਮਾਪੇ ਹਿੰਸਕ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਕੁੱਟਦੇ ਹਨ, ਉਹ ਐਨ ਉਹੀ ਕਰਦੇ ਹੁੰਦੇ ਜੋ ਉਨ੍ਹਾਂ ਨੇ ਆਪ ਛੋਟੇ ਹੁੰਦਿਆਂ ਅਨੁਭਵ ਕੀਤਾ ਸੀ, ਅਤੇ ਉਹ ਯਕੀਨ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਹਨ।”

ਭੁੱਲਣਹਾਰ ਲੋਕ

ਇਕ ਇਤਾਲਵੀ ਅਧਿਐਨ ਵਿਚ, ਜਿਸ ਵਿਚ 1,600 ਬਾਲਗ ਸ਼ਾਮਲ ਸਨ, 77 ਫੀ ਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਭੁੱਲਣ ਦੀ ਆਦਤ ਹੈ, ਲ ਰਿਪਬਲਿਕਾ ਅਖ਼ਬਾਰ ਨੇ ਬਿਆਨ ਕੀਤਾ। ਇਕ ਤਿਹਾਈ ਤੋਂ ਜ਼ਿਆਦਾ ਜਣਿਆਂ ਨੇ ਪਿਛਲੇ ਸਾਲ ਵਿਚ ਇਕ ਮਹੱਤਵਪੂਰਣ ਸਾਲ-ਗਿਰ੍ਹਾ ਭੁਲਾ ਦਿੱਤੀ। ਇਸ ਤੋਂ ਇਲਾਵਾ, 42 ਫੀ ਸਦੀ ਬਾਕਾਇਦਾ ਇਹ ਭੁੱਲ ਗਏ ਕਿ ਉਨ੍ਹਾਂ ਨੇ ਆਪਣੀ ਕਾਰ ਕਿੱਥੇ ਪਾਰਕ ਕੀਤੀ ਸੀ, 30 ਫੀ ਸਦੀ ਤੋਂ ਜ਼ਿਆਦਾ ਵਿਅਕਤੀ ਆਪਣੇ ਘਰ ਦੀਆਂ ਚਾਬੀਆਂ ਭੁੱਲ ਗਏ, 25 ਫੀ ਸਦੀ ਤੋਂ ਜ਼ਿਆਦਾ ਜਣੇ ਆਪਣਾ ਬਟੂਆ ਭੁੱਲ ਗਏ, ਅਤੇ 1.2 ਫੀ ਸਦੀ ਆਪਣਾ ਨਾਂ ਅਤੇ ਗੋਤ ਵੀ ਭੁੱਲ ਗਏ। ਦੂਜੇ ਪਾਸੇ, 28 ਫੀ ਸਦੀ ਇਤਾਲਵੀ ਲੋਕ ਕਹਿੰਦੇ ਹਨ ਕਿ ਉਹ ਸਕੂਲੇ ਮੂੰਹ-ਜ਼ਬਾਨੀ ਯਾਦ ਕੀਤੀ ਗਈ ਘੱਟੋ-ਘੱਟ ਇਕ ਕਵਿਤਾ ਹਾਲੇ ਵੀ ਯਾਦ ਕਰ ਸਕਦੇ ਹਨ। ਤੁਸੀਂ ਆਪਣੀ ਯਾਦ ਸ਼ਕਤੀ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹੋ? ਇਕ ਮਨੋਵਿਗਿਆਨੀ ਨੇ ਸਲਾਹ ਦਿੱਤੀ ਕਿ ਯਾਦ ਰੱਖਣ ਵਾਲੀ ਚੀਜ਼ ਦਾ ਕਿਸੇ ਹੋਰ ਚੀਜ਼ ਨਾਲ ਸੰਬੰਧ ਜੋੜੋ, ਡਾਇਰੀ ਵਿਚ ਲਿਖ ਕੇ ਰਿਵਿਊ ਕਰੋ, ਫੋਨ ਨੰਬਰਾਂ, ਸੰਗੀਤ, ਅਤੇ ਕਾਰਾਂ ਦੇ ਲਸੰਸ ਨੰਬਰਾਂ ਨੂੰ ਮਨ ਵਿਚ ਰਟੋ।

ਛੋਟੇ ਬੱਚਿਆਂ ਨੂੰ ਲਾਡ-ਪਿਆਰ ਦੀ ਲੋੜ ਹੈ

ਦ ਟੋਰੌਂਟੋ ਸਟਾਰ ਅਖ਼ਬਾਰ ਵਿਚ ਰਿਪੋਰਟ ਕੀਤੇ ਗਏ ਇਕ ਅਧਿਐਨ ਦੇ ਅਨੁਸਾਰ, ‘ਜਿਨ੍ਹਾਂ ਬੱਚਿਆਂ ਨੂੰ ਵਾਰ-ਵਾਰ ਜੱਫੀ ਨਹੀਂ ਪਾਈ ਜਾਂਦੀ, ਜਾਂ ਲਾਡ-ਪਿਆਰ ਬਗੈਰ ਪਾਲਿਆ ਜਾਂਦਾ ਹੈ, ਉਨ੍ਹਾਂ ਵਿਚ ਤਣਾਅ ਦੇ ਹਾਰਮੋਨ ਜ਼ਿਆਦਾ ਹੁੰਦੇ ਹਨ।’ ਖੋਜਕਾਰ ਮੰਨਦੇ ਹਨ ਕਿ ਮਾਵਾਂ ਤੋਂ ਜੁਦਾਈ ਜਾਂ ਬਚਪਨ ਵਿਚ ਲਾਪਰਵਾਹੀ, “ਸਿੱਖਿਆ ਲੈਣ ਅਤੇ ਯਾਦ ਰੱਖਣ ਦੀ ਯੋਗਤਾ ਉੱਤੇ ਕਾਫ਼ੀ ਲੰਬੇ ਸਮੇਂ ਤਕ ਗੰਭੀਰ ਅਸਰ ਪਾ ਸਕਦਾ ਹੈ।” ਹਾਵਰਡ ਮੈਡੀਕਲ ਸਕੂਲ ਵਿਚ ਵਿਗਿਆਨੀ ਮੈਰੀ ਕਾਰਲਸਨ ਨੇ ਅੱਗੇ ਕਿਹਾ ਕਿ ‘ਕੰਮ ਤੇ ਜਾਣ ਸਮੇਂ’ ਆਪਣੇ ਘਰ ਵਾਲਿਆਂ ਦੁਆਰਾ ਜਿਹੜੇ ਬੱਚੇ ‘ਘਟੀਆ ਕਿਸਮ ਦੇ ਬਾਲ-ਸੰਭਾਲ ਕੇਂਦਰਾਂ ਵਿਚ’ ਛੱਡੇ ਜਾਂਦੇ ਸਨ, ‘ਉਨ੍ਹਾਂ ਵਿਚ ਹਫ਼ਤੇ ਦੌਰਾਨ ਤਣਾਅ ਦੇ ਹਾਰਮੋਨ ਜ਼ਿਆਦਾ ਸਨ, ਪਰ ਹਫ਼ਤੇ ਦੇ ਅੰਤ ਤੇ, ਜਦੋਂ ਬੱਚੇ ਘਰ ਸਨ, ਉਦੋਂ ਹਾਰਮੋਨ ਘੱਟ ਜਾਂਦੇ ਸਨ।” ਇਹ ਰਿਸਰਚ ਹੋਰ ਸਬੂਤ ਪੇਸ਼ ਕਰਦਾ ਹੈ ਕਿ ਆਪਣੇ ਬੱਚਿਆਂ ਨਾਲ ਬਹੁਤ ਲਾਡ-ਪਿਆਰ ਕਰਨਾ ਬਹੁਤ ਜ਼ਰੂਰੀ ਹੈ।

ਸੈਕਸ ਕਾਰੋਬਾਰ ਦੇ ਸ਼ਿਕਾਰ

ਇਕ ਯੂਕਰੇਨੀ ਅਖ਼ਬਾਰ ਵਿਚ ਇਕ ਇਸ਼ਤਿਹਾਰ ਛਪਿਆ ਸੀ: “ਕੁੜੀਆਂ: ਕੁਆਰੀਆਂ ਅਤੇ ਬਹੁਤ ਸੁੰਦਰ ਹੋਣ। ਜਵਾਨ ਅਤੇ ਲੰਬੇ ਕੱਦ ਦੀਆਂ। ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਮਾਡਲਾਂ, ਸੈਕਟਰੀਆਂ, ਡਾਂਸਰ, ਕੋਰੀਓਗ੍ਰਾਫਰ ਅਤੇ ਜਿਮਨਾਸਟਾਂ ਦੇ ਤੌਰ ਤੇ ਕੰਮ ਕਰੋ।” ਭੋਲੀਆਂ-ਭਾਲੀਆਂ ਜਵਾਨ ਔਰਤਾਂ ਨੂੰ ਫਸਾਉਣ ਲਈ ਇਹ ਉਨ੍ਹਾਂ ਇਸ਼ਤਿਹਾਰਾਂ ਦਾ ਇਕ ਨਮੂਨਾ ਹੈ ਜੋ ਸੈਕਸ ਵਪਾਰੀ ਆਮ ਛਪਵਾਉਂਦੇ ਹਨ, ਦ ਨਿਊਯਾਰਕ ਟਾਈਮਜ਼ ਰਿਪੋਰਟ ਕਰਦਾ ਹੈ। ਹਰੇਕ ਸਾਲ, ਹਜ਼ਾਰਾਂ ਹੀ ਯੂਕਰੇਨੀ ਅਤੇ ਰੂਸੀ ਕੁੜੀਆਂ ਮਾਇਕ ਤੌਰ ਤੇ ਆਪਣੀਆਂ ਜ਼ਿੰਦਗੀਆਂ ਸੁਧਾਰਨ ਦੀ ਉਮੀਦ ਵਿਚ ਪਰਦੇਸ ਜਾਂਦੀਆਂ ਹਨ। ਪਰ ਜਦੋਂ ਉਹ ਪਰਦੇਸ ਵਿਚ ਪਹੁੰਚਦੀਆਂ ਹਨ, ਤਾਂ ਅਪਰਾਧੀ “ਮਾਲਕ” ਉਨ੍ਹਾਂ ਵਿੱਚੋਂ ਕਈਆਂ ਦੇ ਪਾਸਪੋਰਟ ਖੋਹ ਲੈਂਦੇ ਹਨ ਅਤੇ ਉਨ੍ਹਾਂ ਨੂੰ ਕੋਠਿਆਂ ਵਿਚ ਕੰਮ ਕਰਨ ਲਈ ਮਜਬੂਰ ਕਰਦੇ ਹਨ। ਇਨਕਾਰ ਕਰਨ ਦਾ ਨਤੀਜਾ ਕੁੱਟ-ਕੁਟਾਈ, ਬਲਾਤਕਾਰ, ਅਤੇ ਭਿਆਨਕ ਮੌਤ ਹੋ ਸਕਦਾ ਹੈ। ਯੂਕਰੇਨੀ ਮਨੋਵਿਗਿਆਨੀ ਲੀਯੂਡਮੇਲਾ ਬਿਰਯੂਕ, ਜਿਸ ਨੇ ਅਜਿਹੀ ਗ਼ੁਲਾਮੀ ਤੋਂ ਭੱਜੀਆਂ ਕਈ ਕੁੜੀਆਂ ਦੀ ਮਦਦ ਕੀਤੀ ਹੈ, ਕਹਿੰਦੀ ਹੈ: “ਤੁਸੀਂ ਇਨ੍ਹਾਂ ਬੱਚੀਆਂ ਨੂੰ ਦੱਸਣਾ ਚਾਹੁੰਦੇ ਹੋ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹੈ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ