ਫ਼ਜ਼ੂਲ ਚਿੰਤਾ ਤੋਂ ਖ਼ਬਰਦਾਰ ਰਹੋ!
ਸਾਨੂੰ ਚਿੰਤਾ ਦੇ ਬਾਰੇ ਗੱਲ ਕਰਨ ਦੀ ਕਿਉਂ ਲੋੜ ਹੈ? ਕੀ ਅਜਿਹੇ ਸਮੇਂ ਨਹੀਂ ਹੋਣੇ ਚਾਹੀਦੇ ਜਦੋਂ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ? ਜੀ ਹਾਂ, ਹੋਣੇ ਚਾਹੀਦੇ ਹਨ। ਲੇਕਿਨ ਫ਼ਜ਼ੂਲ ਚਿੰਤਾ ਸਾਡਾ ਨੁਕਸਾਨ ਕਰ ਸਕਦੀ ਹੈ। ਇਸ ਨਾਲ ਡਿਪ੍ਰੈਸ਼ਨ ਹੋ ਸਕਦਾ ਹੈ, ਜਿਸ ਕਰਕੇ ਅਸੀਂ ਕਮਜ਼ੋਰ ਹੋ ਜਾਂਦੇ ਹਾਂ ਅਤੇ ਹਿੰਮਤ ਹਾਰ ਜਾਂਦੇ ਹਾਂ। ਇਕ ਪ੍ਰੇਰਿਤ ਕਹਾਵਤ ਕਹਿੰਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।”—ਕਹਾਉਤਾਂ 12:25.
ਰਿਸਰਚ ਦਿਖਾਉਂਦਾ ਹੈ ਕਿ ਚਿੰਤਾ ਦੇ ਕਾਰਨ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਡਾ. ਪੀ. ਸਟੀਨਕ੍ਰੋਨ ਅਤੇ ਡਾ. ਡੀ. ਲਾਫੀਆ ਦੁਆਰਾ ਅੰਗ੍ਰੇਜ਼ੀ ਵਿਚ ਲਿਖੀ ਪੁਸਤਕ, ਚਿੰਤਾ ਰੋਗ ਤੋਂ ਕਿਵੇਂ ਬਚੀਏ (1970), ਸਫ਼ਾ 14 ਤੇ ਕਹਿੰਦੀ ਹੈ: “ਡਾਕਟਰ ਜਾਣਦੇ ਹਨ ਕਿ ਚਿੰਤਾ ਸਰੀਰ ਉੱਤੇ ਕਿਸ ਤਰ੍ਹਾਂ ਅਸਰ ਪਾ ਸਕਦੀ ਹੈ। ਇਸ ਨਾਲ ਬਲੱਡ-ਪ੍ਰੈਸ਼ਰ ਵੱਧ (ਜਾਂ ਘੱਟ) ਸਕਦਾ ਹੈ; ਇਸ ਨਾਲ ਲਹੂ ਵਿਚ ਚਿੱਟੇ ਸੈੱਲ ਵੱਧ ਸਕਦੇ ਹਨ; ਇਸ ਨਾਲ ਜਿਗਰ ਵਿਚ ਅਡਰੇਨਲਿਨ ਦੇ ਕੰਮ ਕਰਨ ਨਾਲ ਇਕਦਮ ਲਹੂ ਦੀ ਸ਼ੁੱਗਰ ਉੱਤੇ ਅਸਰ ਪੈ ਸਕਦਾ ਹੈ। ਇਹ ਤੁਹਾਡੇ ਇਲੈਕਟ੍ਰੋ-ਕਾਰਡਿਓਗ੍ਰਾਮ ਨੂੰ ਵੀ ਬਦਲ ਸਕਦੀ ਹੈ। ਡਾ. ਚਾਰਲਸ ਮੇਓ ਨੇ ਕਿਹਾ: ‘ਚਿੰਤਾ [ਲਹੂ ਦੇ] ਵਹਾਅ, ਦਿਲ, ਗਲੈਂਡ, ਪੂਰੇ ਤੰਤੂ ਪ੍ਰਬੰਧ ਉੱਤੇ ਵੀ ਅਸਰ ਪਾਉਂਦੀ ਹੈ।’”
ਫ਼ਜ਼ੂਲ ਚਿੰਤਾ ਦਾ ਸਭ ਤੋਂ ਗੰਭੀਰ ਅਸਰ ਸਾਡੀ ਰੂਹਾਨੀ ਸਿਹਤ ਉੱਤੇ ਪੈਂਦਾ ਹੈ। ਇਸੇ ਕਾਰਨ ਤਾਂ ਬਾਈਬਲ ਚਿੰਤਾ ਦੇ ਅਸਰਾਂ ਬਾਰੇ ਕਾਫ਼ੀ ਕੁਝ ਕਹਿੰਦੀ ਹੈ। ਚਿੰਤਾ ਜਾਂ ਫ਼ਿਕਰ ਲਈ ਕਈ ਇਬਰਾਨੀ ਸ਼ਬਦ ਹਨ। ਇਨ੍ਹਾਂ ਵਿੱਚੋਂ ਇਕ ਸ਼ਬਦ (ਟਸਾਰਾਈ) ਦਾ ਮਤਲਬ ਹੈ ਸਰੀਰਕ ਤੌਰ ਤੇ ਬੰਦ ਰੱਖਿਆ ਜਾਣਾ ਅਤੇ ਇਸ ਤਰ੍ਹਾਂ ਇਸ ਦਾ ਅਨੁਵਾਦ ‘ਬੰਨ੍ਹਣਾ’ ਅਤੇ ‘ਭੀੜਾ ਹੋਣਾ’ ਕੀਤਾ ਗਿਆ ਹੈ। (ਕੂਚ 12:34; ਕਹਾਉਤਾਂ 26:8; ਯਸਾਯਾਹ 49:19) ਇਕ ਲਾਖਣਿਕ ਤਰੀਕੇ ਵਿਚ ਇਸ ਦਾ ਮਤਲਬ ਹੈ “ਘਬਰਾਉਣਾ; ਦੁੱਖ ਵਿਚ ਪਏ ਹੋਣਾ।” (ਉਤਪਤ 32:7; 1 ਸਮੂਏਲ 28:15) ਇਕ ਹੋਰ ਇਬਰਾਨੀ ਸ਼ਬਦ ਡਾਗਹ ਹੈ, ਜਿਸ ਦਾ ਅਨੁਵਾਦ ਹੈ ‘ਚਿੰਤਾ ਕਰਨੀ; ਡਰਨਾ’; ਇਹ ਡੀਆਗਾਹ ਸ਼ਬਦ ਨਾਲ ਸੰਬੰਧਿਤ ਹੈ, ਜਿਸ ਦਾ ਮਤਲਬ ਹੈ “ਚਿੰਤਾ।” (1 ਸਮੂਏਲ 9:5; ਯਸਾਯਾਹ 57:11; ਕਹਾਉਤਾਂ 12:25) ਯੂਨਾਨੀ ਨਾਂਵ ਮੇਰਿਮਨਾ ਦਾ ਅਨੁਵਾਦ “ਚਿੰਤਾ” ਕੀਤਾ ਗਿਆ ਹੈ, ਜਦ ਕਿ ਇਸ ਨਾਲ ਸੰਬੰਧਿਤ ਕ੍ਰਿਆ ਮੇਰਿਮਨਾਓ ਦਾ ਮਤਲਬ ਹੈ ‘ਚਿੰਤਾ ਕਰਨੀ।’—ਮੱਤੀ 13:22; ਲੂਕਾ 12:22.
ਯਿਸੂ ਮਸੀਹ ਨੇ ਸੰਕੇਤ ਕੀਤਾ ਕਿ ਇਸ ਰੀਤੀ-ਵਿਵਸਥਾ ਵਿਚ ਜੀਵਨ ਦੀਆਂ ਆਮ ਸਮੱਸਿਆਵਾਂ ਬਾਰੇ ਚਿੰਤਾ ਕਰਨ ਨਾਲ ‘ਪਰਮੇਸ਼ੁਰ ਦੇ ਬਚਨ’ ਲਈ ਸਾਡੀ ਕਦਰ ਖ਼ਤਮ ਹੋ ਸਕਦੀ ਹੈ। ਜਿਸ ਤਰ੍ਹਾਂ ਕੰਡੇ ਪੌਦਿਆਂ ਨੂੰ ਵਧਣ ਅਤੇ ਫਲ ਪੈਦਾ ਕਰਨ ਤੋਂ ਰੋਕ ਸਕਦੇ ਹਨ, ਇਸੇ ਤਰ੍ਹਾਂ ਅਜਿਹੀ ਚਿੰਤਾ ਅਧਿਆਤਮਿਕ ਤਰੱਕੀ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਵਿਚ ਰੁਕਾਵਟ ਪਾ ਸਕਦੀ ਹੈ। (ਮੱਤੀ 13:22; ਮਰਕੁਸ 4:18, 19; ਲੂਕਾ 8:7, 11, 14) ‘ਆਖ਼ਰੀ ਦਿਨਾਂ’ ਬਾਰੇ ਆਪਣੀ ਭਵਿੱਖਬਾਣੀ ਵਿਚ ਯਿਸੂ ਨੇ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਅਜਿਹੀਆਂ ਚਿੰਤਾਵਾਂ ਨੂੰ ਆਪਣੇ ਜੀਵਨ ਉੱਤੇ ਹਾਵੀ ਹੋਣ ਦੇਣ, ਜਿਸ ਕਰਕੇ ਰੂਹਾਨੀ ਗੱਲਾਂ ਭੁਲਾਈਆਂ ਜਾਣ, ਤਾਂ ਸ਼ਾਇਦ ਪਰਮੇਸ਼ੁਰ ਦਾ ਪੁੱਤਰ ਮਹਿਮਾ ਵਿਚ ਆਪਣੀ ਵਾਪਸੀ ਤੇ ਉਨ੍ਹਾਂ ਨੂੰ ਨਾਮਨਜ਼ੂਰ ਕਰ ਦੇਵੇਗਾ, ਅਤੇ ਇਸ ਕਰਕੇ ਉਨ੍ਹਾਂ ਦਾ ਸਦਾ ਵਾਸਤੇ ਨੁਕਸਾਨ ਹੋਵੇਗਾ।—ਲੂਕਾ 21:34-36.
ਸਹੀ ਚਿੰਤਾ
ਤਾਂ ਫਿਰ ਕਿਹੜੀਆਂ ਚੀਜ਼ਾਂ ਬਾਰੇ ਚਿੰਤਾ ਕਰਨੀ ਠੀਕ ਹੈ? ਸਭ ਤੋਂ ਪਹਿਲਾ ਯਹੋਵਾਹ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਬਾਰੇ ਚਿੰਤਾ ਕਰਨੀ ਠੀਕ ਹੈ ਤਾਂਕਿ ਅਸੀਂ ਉਨ੍ਹਾਂ ਬਰਕਤਾਂ ਨੂੰ ਗੁਆ ਨਾ ਬੈਠੀਏ ਜਿਨ੍ਹਾਂ ਦਾ ਆਨੰਦ ਉਸ ਦੇ ਉਪਾਸਕ ਮਾਣਦੇ ਹਨ। ਨਾਲੇ ਪਾਪੀ ਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ: “ਮੈਂ . . . ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ।” (ਜ਼ਬੂਰ 38:18) ਪਾਪ ਦੇ ਕਾਰਨ ਸਾਡੀ ਸਹੀ ਚਿੰਤਾ, ਪਾਪ ਨੂੰ ਕਬੂਲ ਕਰਨ, ਉਸ ਤੋਂ ਤੋਬਾ ਕਰਨ, ਅਤੇ ਗ਼ਲਤ ਰਾਹ ਤੋਂ ਮੁੜਨ ਵਿਚ ਸਾਡੀ ਮਦਦ ਕਰਦੀ ਹੈ। ਇਸ ਤੋਂ ਬਾਅਦ ਅੱਤ ਮਹਾਨ ਨਾਲ ਇਕ ਚੰਗਾ ਰਿਸ਼ਤਾ ਦੁਬਾਰਾ ਕਾਇਮ ਕੀਤਾ ਜਾ ਸਕਦਾ ਹੈ। ਨਾਲੇ ਸਾਰਿਆਂ ਮਸੀਹੀਆਂ ਨੂੰ ਆਪਣੇ ਸੰਗੀ ਵਿਸ਼ਵਾਸੀਆਂ ਦੀ ਰੂਹਾਨੀ, ਸਰੀਰਕ, ਅਤੇ ਭੌਤਿਕ ਕਲਿਆਣ ਬਾਰੇ ਚਿੰਤਾ, ਜਾਂ ਸੱਚ-ਮੁੱਚ ਪਰਵਾਹ ਕਰਨੀ ਚਾਹੀਦੀ ਹੈ। (1 ਕੁਰਿੰਥੀਆਂ 12:25-27) ਗਾਯੁਸ ਨੂੰ ਭੇਜੀ ਯੂਹੰਨਾ ਰਸੂਲ ਦੀ ਚਿੱਠੀ ਵਿਚ ਅਜਿਹੀ ਚਿੰਤਾ ਪ੍ਰਗਟ ਕੀਤੀ ਗਈ ਹੈ: “ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ ਤਿਵੇਂ ਤੂੰ ਸਭਨੀਂ ਗੱਲੀਂ ਸੁਖ ਸਾਂਦ ਨਾਲ ਅਤੇ ਨਰੋਆ ਰਹੇਂ।” (3 ਯੂਹੰਨਾ 2) ਪੌਲੁਸ ਰਸੂਲ ਨੇ “ਸਾਰੀਆਂ ਕਲੀਸਿਯਾਂ ਦੀ ਚਿੰਤਾ” ਕੀਤੀ ਸੀ। (2 ਕੁਰਿੰਥੀਆਂ 11:28) ਉਹ ਇਸ ਗੱਲ ਦੀ ਬਹੁਤ ਚਿੰਤਾ ਕਰਦਾ ਸੀ ਕਿ ਸਾਰੇ ਜਣੇ ਅੰਤ ਤਕ ਪਰਮੇਸ਼ੁਰ ਦੇ ਪੁੱਤਰ ਦੇ ਵਫ਼ਾਦਾਰ ਚੇਲੇ ਰਹਿਣ।
ਬਾਈਬਲ “ਪ੍ਰਭੁ ਦੀਆਂ ਗੱਲਾਂ ਦੀ ਚਿੰਤਾ” ਬਾਰੇ ਗੱਲ ਕਰਦੀ ਹੈ, ਯਾਨੀ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਚਿੰਤਾ ਜੋ ਪਰਮੇਸ਼ੁਰ ਦੇ ਪੁੱਤਰ ਦੇ ਹਿਤਾਂ ਨੂੰ ਅੱਗੇ ਵਧਾਉਂਦੀਆਂ ਹਨ। ਅਣਵਿਆਹੇ ਮਸੀਹੀ, ਸਾਥੀ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਤੋਂ ਆਜ਼ਾਦ ਹਨ। ਇਸ ਲਈ ਉਹ ਸ਼ਾਦੀ-ਸ਼ੁਦਾ ਮਸੀਹੀਆਂ ਨਾਲੋਂ “ਸੰਸਾਰ ਦੀਆਂ ਗੱਲਾਂ” ਦੀ ਘੱਟ ਚਿੰਤਾ ਕਰ ਸਕਦੇ ਹਨ ਅਤੇ ਇਸ ਤਰ੍ਹਾਂ “ਪ੍ਰਭੁ ਦੀਆਂ ਗੱਲਾਂ” ਵੱਲ ਜ਼ਿਆਦਾ ਧਿਆਨ ਦਿੰਦੇ ਹਨ।—1 ਕੁਰਿੰਥੀਆਂ 7:32-35.
ਦੂਜੇ ਪਾਸੇ ਪੌਲੁਸ ਰਸੂਲ ਨੇ ਲਿਖਿਆ ਕਿ ਮਸੀਹੀ ਪਤੀ ਪਤਨੀਆਂ “ਸੰਸਾਰ ਦੀਆਂ ਗੱਲਾਂ ਦੀ ਚਿੰਤਾ” ਕਰਨਗੇ, ਮਤਲਬ ਕਿ ਉਨ੍ਹਾਂ ਦਾ ਧਿਆਨ ਉਨ੍ਹਾਂ ਗੱਲਾਂ ਤੇ ਲੱਗੇਗਾ ਜਿਨ੍ਹਾਂ ਬਾਰੇ ਅਣਵਿਆਹੇ ਮਸੀਹੀ ਫ਼ਿਕਰ ਨਹੀਂ ਕਰਦੇ। ਜਿੱਥੇ ਅਣਵਿਆਹੇ ਵਿਅਕਤੀ ਦੀ ਗੱਲ ਆਉਂਦੀ ਹੈ, ਜੋ ਚੀਜ਼ਾਂ ਉਸ ਦੀ ਨਿੱਜੀ ਦੇਖ-ਭਾਲ, ਘਰ ਦੀ ਦੇਖ-ਭਾਲ, ਅਤੇ ਜ਼ਿੰਦਗੀ ਦੀਆਂ ਜ਼ਰੂਰਤਾਂ, ਯਾਨੀ ਕਿ ਰੋਟੀ, ਕੱਪੜਾ, ਅਤੇ ਮਕਾਨ ਲਈ ਕਾਫ਼ੀ ਹੋਣ, ਇਹ ਸ਼ਾਇਦ ਇਕ ਪਰਿਵਾਰ ਲਈ ਕਾਫ਼ੀ ਨਾ ਹੋਣ। ਅਤੇ ਪਤੀ ਪਤਨੀ ਦੇ ਗੂੜ੍ਹੇ ਰਿਸ਼ਤੇ ਦੇ ਕਾਰਨ, ਉਹ ਦੋਵੇਂ ਪੂਰੇ ਪਰਿਵਾਰ ਦੀ ਸਰੀਰਕ, ਮਾਨਸਿਕ, ਭਾਵਾਤਮਕ, ਅਤੇ ਰੂਹਾਨੀ ਬਿਹਤਰੀ ਲਈ ਇਕ ਦੂਜੇ ਨੂੰ ਖ਼ੁਸ਼ ਕਰਨ ਬਾਰੇ ਸਹੀ ਚਿੰਤਾ ਕਰਦੇ ਹਨ। ਜੇ ਬੀਮਾਰੀ, ਸੰਕਟ ਅਤੇ ਹੋਰ ਮਜਬੂਰੀਆਂ ਦਾ ਸਾਮ੍ਹਣਾ ਨਾ ਵੀ ਕਰਨਾ ਪਵੇ, ਮਾਪਿਆਂ ਲਈ “ਸੰਸਾਰ ਦੀਆਂ ਗੱਲਾਂ” ਦੀ “ਚਿੰਤਾ” ਕਰਨੀ ਜ਼ਰੂਰੀ ਹੈ, ਯਾਨੀ ਕਿ ਉਨ੍ਹਾਂ ਗੱਲਾਂ ਵਿਚ ਜ਼ਿਆਦਾ ਸਮਾਂ ਲਗਾਉਣਾ ਜ਼ਰੂਰੀ ਹੈ ਜੋ ਅਧਿਆਤਮਿਕ ਕੰਮਾਂ ਨਾਲ ਨਹੀਂ, ਪਰ ਘਰੇਲੂ ਜ਼ਿੰਦਗੀ ਨਾਲ ਸੰਬੰਧ ਰੱਖਦੀਆਂ ਹਨ। ਆਮ ਤੌਰ ਤੇ ਅਣਵਿਆਹੇ ਮਸੀਹੀਆਂ ਨੂੰ ਅਜਿਹੀਆਂ ਚਿੰਤਾਵਾਂ ਨਹੀਂ ਹੁੰਦੀਆਂ ਹਨ।
ਫਿਰ ਵੀ, ਆਮ ਚਿੰਤਾਵਾਂ ਨੂੰ ਜ਼ਿਆਦਾ ਜ਼ਰੂਰੀ ਨਹੀਂ ਹੋਣ ਦੇਣਾ ਚਾਹੀਦਾ, ਭਾਵੇਂ ਅਸੀਂ ਵਿਆਹੇ ਹੋਏ ਹਾਂ ਅਤੇ ਸਾਨੂੰ ਪਰਿਵਾਰ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਯਿਸੂ ਨੇ ਇਹ ਗੱਲ ਲਾਜ਼ਰ ਦੀ ਭੈਣ ਮਾਰਥਾ ਨੂੰ ਸਾਫ਼-ਸਾਫ਼ ਦੱਸੀ। ਉਹ ਯਿਸੂ ਦੀ ਦੇਖ-ਭਾਲ ਕਰਨ ਵਿਚ ਇੰਨੀ ਰੁੱਝੀ ਹੋਈ ਸੀ ਕਿ ਉਹ ਸਮਝ ਨਾ ਸਕੀ ਕਿ ਯਿਸੂ ਦੀ ਗੱਲ ਸੁਣਨ ਲਈ ਉਹ ਸਮਾਂ ਕਿੱਦਾਂ ਕੱਢੇ। ਦੂਜੇ ਪਾਸੇ, ਮਰਿਯਮ ਨੇ ਪਰਮੇਸ਼ੁਰ ਦੇ ਪੁੱਤਰ ਤੋਂ ਰੂਹਾਨੀ ਖ਼ੁਰਾਕ ਲੈ ਕੇ “ਚੰਗਾ ਹਿੱਸਾ” ਚੁਣਿਆ।—ਲੂਕਾ 10:38-42.
ਫ਼ਜ਼ੂਲ ਚਿੰਤਾ ਤੋਂ ਪਰਹੇਜ਼ ਕਰੋ
ਤਾਂ ਫਿਰ, ਅਸੀਂ ਫ਼ਜ਼ੂਲ ਚਿੰਤਾ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਾਂ? ਆਪਣੇ ਸੇਵਕਾਂ ਦੀ ਕਲਿਆਣ ਵਾਸਤੇ ਯਹੋਵਾਹ ਦੀ ਪਿਆਰ ਭਰੀ ਦਿਲਚਸਪੀ ਵਿਚ ਪੱਕਾ ਭਰੋਸਾ ਸਾਨੂੰ ਬੇਲੋੜੀ ਚਿੰਤਾ ਦੇ ਫੰਦੇ ਤੋਂ ਬਚਾ ਸਕਦਾ ਹੈ। ਯਿਰਮਿਯਾਹ ਨਬੀ ਨੇ ਕਿਹਾ: “ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ! . . . ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ।” (ਯਿਰਮਿਯਾਹ 17:7, 8) ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਮਸੀਹ ਨੇ ਵੀ ਇਹੀ ਟਿੱਪਣੀ ਕੀਤੀ। ਉਸ ਨੇ ਇਹ ਕਹਿ ਕੇ ਚਿੰਤਾ ਬਾਰੇ ਆਪਣੀ ਗੱਲ ਨਿਬੇੜੀ: “ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁਖ ਬਥੇਰਾ ਹੈ।” (ਮੱਤੀ 6:25-34) ਮਸੀਹੀਆਂ ਲਈ ਹਰ ਦਿਨ ਬਥੇਰੀਆਂ ਮੁਸ਼ਕਲਾਂ ਹੁੰਦੀਆਂ ਹਨ। ਸੋ ਅਗਲੇ ਦਿਨ ਦੀਆਂ ਘਟਨਾਵਾਂ ਬਾਰੇ ਚਿੰਤਾ ਕਰ ਕੇ, ਜੋ ਸ਼ਾਇਦ ਕਦੇ ਨਾ ਹੋਣ, ਇਨ੍ਹਾਂ ਮੁਸ਼ਕਲਾਂ ਨੂੰ ਵਧਾਉਣ ਦਾ ਕੋਈ ਫ਼ਾਇਦਾ ਨਹੀਂ।
ਜੇ ਕੋਈ ਮਸੀਹੀ ਸਤਾਹਟ ਦੇ ਸਮੇਂ ਪੁੱਛ-ਗਿੱਛ ਵਾਸਤੇ ਹਾਕਮਾਂ ਦੇ ਸਾਮ੍ਹਣੇ ਲਿਆਂਦਾ ਜਾਵੇ, ਤਾਂ ਪਰਮੇਸ਼ੁਰ ਦੀ ਮਦਦ ਉੱਤੇ ਉਸ ਦਾ ਭਰੋਸਾ ਉਸ ਨੂੰ ਚਿੰਤਾ ਤੋਂ ਆਜ਼ਾਦ ਕਰ ਸਕਦਾ ਹੈ। ਬਾਈਬਲ ਵਿਚ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਪਵਿੱਤਰ ਆਤਮਾ ਰਾਹੀਂ ਉਹ ਉਨ੍ਹਾਂ ਨੂੰ ਅਜਿਹੀ ਅਜ਼ਮਾਇਸ਼ ਵਿਚ ਸੰਭਾਲੇਗਾ ਅਤੇ ਉਨ੍ਹਾਂ ਨੂੰ ਗਵਾਹੀ ਦੇਣ ਦਾ ਚੰਗਾ ਮੌਕਾ ਦੇਵੇਗਾ।—ਮੱਤੀ 10:18-20; ਲੂਕਾ 12:11, 12.
ਇਸ ਲਈ, ਜਦੋਂ ਅਸੀਂ ਕਿਸੇ ਚੀਜ਼ ਕਰਕੇ ਸ਼ਾਇਦ ਚਿੰਤਾ ਕਰੀਏ, ਜਿਸ ਕਾਰਨ ਅਸੀਂ ਬੇਚੈਨੀ ਅਤੇ ਡਰ ਮਹਿਸੂਸ ਕਰੀਏ, ਤਾਂ ਸਾਨੂੰ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਇਸ ਭਰੋਸੇ ਨਾਲ ‘ਆਪਣੀ ਚਿੰਤਾ ਯਹੋਵਾਹ ਉੱਤੇ ਸੁਟ’ ਸਕਦੇ ਹਾਂ ਕਿ ਸਾਡੀ ਚਿੰਤਾ ਕਰਨ ਵਾਲਾ ਸਾਡੀ ਸੁਣੇਗਾ। (1 ਪਤਰਸ 5:7) “ਕਿਸੇ ਗੱਲ ਦੀ ਚਿੰਤਾ ਨਾ ਕਰੋ,” ਪੌਲੁਸ ਕਹਿੰਦਾ ਹੈ, “ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ . . . ਨਾਲ . . . ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” ਇਸ ਕਾਰਨ ਇਕ ਅੰਦੂਰਨੀ ਚੈਨ ਮਿਲੇਗਾ, ਯਾਨੀ ਕਿ ਪਰਮੇਸ਼ੁਰ ਦੀ ਸ਼ਾਂਤੀ, ਜੋ ਸਾਡਿਆਂ ਦਿਲਾਂ ਅਤੇ ਸੋਚਾਂ ਦੀ ਰਾਖੀ ਕਰੇਗਾ। (ਫ਼ਿਲਿੱਪੀਆਂ 4:6, 7) ਅਸੀਂ ਆਪਣੇ ਅੰਦਰ, ਆਪਣੇ ਦਿਲ ਵਿਚ ਬੇਚੈਨੀ, ਭਵਿੱਖ ਦੇ ਡਰ, ਅਤੇ ਪਰੇਸ਼ਾਨੀ ਤੋਂ ਆਜ਼ਾਦ ਹੋਵਾਂਗੇ ਅਤੇ ਸਾਡੇ ਮਨ ਚਿੰਤਾ ਕਾਰਨ ਹਫੜਾ-ਦਫੜੀ ਅਤੇ ਹੈਰਾਨੀ ਨਾਲ ਡਾਵਾਂ-ਡੋਲ ਨਹੀਂ ਹੋਣਗੇ। ਸੋ ਆਓ ਅਸੀਂ ਪਵਿੱਤਰ ਸ਼ਾਸਤਰ ਦੀ ਬੁੱਧੀਮਾਨ ਸਲਾਹ ਤੇ ਚੱਲੀਏ ਅਤੇ ਫ਼ਜ਼ੂਲ ਚਿੰਤਾ ਤੋਂ ਪਰਹੇਜ਼ ਕਰੀਏ।