ਉਸ ਨੇ ਹਾਰ ਨਹੀਂ ਮੰਨੀ
ਪੰਜ ਅਕਤੂਬਰ, 1995 ਨੂੰ, 14 ਸਾਲਾਂ ਦੇ ਮੈੱਟ ਟੇਪੀਓ ਦਾ ਓਪਰੇਸ਼ਨ ਹੋਇਆ ਕਿਉਂਕਿ ਉਸ ਦੇ ਦਿਮਾਗ਼ ਦੇ ਪਿੱਛਲੇ ਹਿੱਸੇ ਵਿਚ ਟਿਊਮਰ ਸੀ। ਟਿਊਮਰ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਸੀ। ਅਗਲੇ ਢਾਈ ਸਾਲਾਂ ਵਿਚ ਹੋਣ ਵਾਲੇ ਕਈਆਂ ਓਪਰੇਸ਼ਨਾਂ ਵਿੱਚੋਂ ਇਹ ਪਹਿਲਾ ਸੀ। ਇਸ ਤੋਂ ਬਾਅਦ, ਉਸ ਦਾ ਕੀਮੋਥੈਰਪੀ ਅਤੇ ਰੇਡੀਏਸ਼ਨ ਦੇ ਜ਼ਰੀਏ ਇਲਾਜ ਕੀਤਾ ਗਿਆ ਸੀ।
ਮੈੱਟ, ਮਿਸ਼ੀਗਨ, ਯੂ.ਐੱਸ.ਏ. ਵਿਚ ਰਹਿੰਦਾ ਸੀ, ਅਤੇ ਉੱਥੇ ਉਹ ਸਕੂਲ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦਾ ਸੀ। ਪ੍ਰਚਾਰ ਸੇਵਾ ਵਿਚ ਹਿੱਸਾ ਲੈਣ ਦੇ ਨਾਲ-ਨਾਲ ਉਸ ਨੇ ਆਪਣੇ ਅਧਿਆਪਕਾਂ ਅਤੇ ਸਕੂਲ ਦੇ ਸਾਥੀਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲਬਾਤ ਕਰਨ ਦੇ ਮੌਕਿਆਂ ਦਾ ਫ਼ਾਇਦਾ ਉਠਾਇਆ। ਉਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਢਾਈ ਸਾਲਾਂ ਵਿੱਚੋਂ 18 ਮਹੀਨੇ ਹਸਪਤਾਲਾਂ ਵਿਚ ਗੁਜ਼ਾਰੇ। ਜਦੋਂ ਵੀ ਉਹ ਹਸਪਤਾਲ ਵਿਚ ਹੁੰਦਾ ਸੀ, ਉਹ ਉਨ੍ਹਾਂ ਲੋਕਾਂ ਨੂੰ ਸੈਂਕੜੇ ਹੀ ਬਾਈਬਲ ਪ੍ਰਕਾਸ਼ਨ ਵੰਡ ਸਕਿਆ ਜੋ ਉਸ ਨੂੰ ਉੱਥੇ ਮਿਲਦੇ ਸਨ।
ਕਈ ਵਾਰ ਇਸ ਤਰ੍ਹਾਂ ਲੱਗਦਾ ਸੀ ਕਿ ਮੈੱਟ ਹੁਣ ਨਹੀਂ ਬਚੇਗਾ, ਪਰ ਹਰ ਵਾਰੀ ਉਹ ਇਕਦਮ ਠੀਕ ਹੋ ਜਾਂਦਾ ਸੀ। ਇਕ ਦਿਨ ਹਸਪਤਾਲ ਜਾਂਦਿਆਂ ਉਸ ਨੂੰ ਦੌਰਾ ਪਿਆ ਅਤੇ ਉਹ ਦਾ ਸਾਹ ਬੰਦ ਹੋ ਗਿਆ। ਉਹ ਦੇ ਦਿਲ ਅਤੇ ਫੇਫੜਿਆਂ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਫ਼ੌਰੀ ਕਦਮ ਚੁੱਕੇ ਗਏ ਅਤੇ ਉਹ ਫਿਰ ਤੋਂ ਦੀ ਸਾਹ ਲੈਣ ਲੱਗ ਪਿਆ। ਜਦੋਂ ਉਸ ਨੂੰ ਹੋਸ਼ ਆਈ, ਤਾਂ ਉਹ ਰੋਣ ਲੱਗ ਪਿਆ, ਅਤੇ ਉੱਚੀ-ਉੱਚੀ ਕਹਿਣ ਲੱਗਾ: “ਮੈਂ ਹਿੰਮਤ ਹਾਰਨ ਵਾਲਾ ਨਹੀਂ!” ਲੋਕਾਂ ਨੇ ਕਿਹਾ ਕਿ ਮੈੱਟ ਦੀ ਪਰਮੇਸ਼ੁਰ ਵਿਚ ਨਿਹਚਾ ਨੇ ਹੀ ਉਸ ਨੂੰ ਹੁਣ ਤਕ ਜੀਉਂਦਾ ਰੱਖਿਆ।
ਤੇਰਾਂ ਜਨਵਰੀ, 1996 ਨੂੰ, ਮੈੱਟ ਦੇ ਦਿਲ ਦੀ ਇੱਛਾ ਪੂਰੀ ਹੋਈ, ਜਦੋਂ ਉਸ ਨੇ ਯਹੋਵਾਹ ਪ੍ਰਤੀ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲਿਆ। ਇਨਫੇਕਸ਼ਨ ਦੇ ਖ਼ਤਰੇ ਕਾਰਨ ਉਸ ਨੂੰ ਇਕੱਲੇ ਹੀ ਬਪਤਿਸਮਾ ਲੈਣਾ ਪਿਆ। ਕੁਝ ਦਿਨਾਂ ਬਾਅਦ, ਉਸ ਨੂੰ ਹੋਰ ਓਪਰੇਸ਼ਨ ਵਾਸਤੇ ਵਾਪਸ ਹਸਪਤਾਲ ਜਾਣਾ ਪਿਆ। ਅਗਸਤ 1997 ਵਿਚ, ਕਈ ਹਫ਼ਤਿਆਂ ਤਕ ਮੈੱਟ ਨੂੰ ਉਲਟੀਆਂ ਆਉਂਦੀਆਂ ਰਹੀਆਂ, ਲੇਕਿਨ ਹੋਰ ਓਪਰੇਸ਼ਨ ਤੋਂ ਬਾਅਦ ਉਹ ਨੂੰ ਥੋੜ੍ਹਾ-ਬਹੁਤ ਆਰਾਮ ਆਇਆ।
ਇਹ ਸਭ ਕੁਝ ਸਹਿਣ ਦੇ ਬਾਵਜੂਦ, ਮੈੱਟ ਨੇ ਇਕ ਹਸਮੁਖ ਰਵੱਈਆ ਰੱਖਿਆ, ਅਤੇ ਡਾਕਟਰਾਂ ਅਤੇ ਨਰਸਾਂ ਦੇ ਨਾਲ ਹੱਸਦਾ ਤੇ ਮਜ਼ਾਕ ਕਰਦਾ ਰਿਹਾ। ਉਹ ਸਮਝ ਨਾ ਸਕੇ ਕਿ ਮੈੱਟ ਦਾ ਰਵੱਈਆ ਇਸ ਤਰ੍ਹਾਂ ਦਾ ਕਿਉਂ ਸੀ। ਇਕ ਡਾਕਟਰ ਨੇ ਉਸ ਨੂੰ ਕਿਹਾ: “ਮੈੱਟ, ਜੇ ਮੈਂ ਤੇਰੀ ਜਗ੍ਹਾ ਹੁੰਦਾ, ਤਾਂ ਮੈਂ ਪਰਦੇ ਬੰਦ ਕਰ ਕੇ, ਆਪਣਾ ਮੂੰਹ-ਸਿਰ ਢੱਕ ਕੇ, ਸਾਰਿਆਂ ਨੂੰ ਕਹਿੰਦਾ ਕਿ ਦਫ਼ਾ ਹੋ ਜਾਓ।”
ਫਰਵਰੀ 1998 ਵਿਚ, ਮੈੱਟ ਇਕ ਵਾਰ ਫਿਰ ਹਸਪਤਾਲ ਤੋਂ ਘਰ ਆਇਆ। ਉਹ ਇੰਨਾ ਖ਼ੁਸ਼ ਸੀ ਕਿ ਉਹ ਜੀਉਂਦਾ-ਜਾਗਦਾ ਆਪਣੇ ਘਰ ਵਾਪਸ ਆ ਗਿਆ ਸੀ ਕਿ ਅੰਦਰ ਵੜਦਿਆਂ ਹੀ ਉਹ ਕਹਿਣ ਲੱਗਾ: “ਮੈਂ ਬਹੁਤ ਖ਼ੁਸ਼ ਹਾਂ! ਚਲੋ ਪ੍ਰਾਰਥਨਾ ਕਰੀਏ।” ਫਿਰ ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਸਾਮ੍ਹਣੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਦੋ ਮਹੀਨਿਆਂ ਬਾਅਦ, 19 ਅਪ੍ਰੈਲ ਨੂੰ ਉਹ ਕੈਂਸਰ ਦੇ ਕਾਰਨ ਮਰ ਗਿਆ।
ਕੁਝ ਸਮਾਂ ਪਹਿਲਾਂ, ਮੈੱਟ ਦੇ ਨਾਲ ਇਕ ਰਿਕਾਰਡ ਕੀਤਾ ਗਿਆ ਇੰਟਰਵਿਊ, ਸਥਾਨਕ ਰਾਜ ਗ੍ਰਹਿ ਵਿਚ ਸੁਣਾਇਆ ਗਿਆ ਸੀ। ਮੈੱਟ ਨੂੰ ਪੁੱਛਿਆ ਗਿਆ: “ਤੂੰ ਉਨ੍ਹਾਂ ਤੰਦਰੁਸਤ ਵਿਅਕਤੀਆਂ ਨੂੰ ਕਿਹੜੀ ਸਲਾਹ ਦੇਣੀ ਚਾਹੁੰਦਾ ਹੈ ਜਿਹੜੇ ਪ੍ਰਚਾਰ ਸੇਵਾ ਅਤੇ ਮਸੀਹੀ ਸਭਾਵਾਂ ਵਿਚ ਹਿੱਸਾ ਲੈ ਸਕਦੇ ਹਨ?”
ਮੈੱਟ ਨੇ ਜਵਾਬ ਦਿੱਤਾ: “ਜੋ ਵੀ ਤੁਸੀਂ ਹੁਣ ਕਰ ਸਕਦੇ ਹੋ, ਕਰੋ। . . . ਤੁਹਾਨੂੰ ਇਹ ਨਹੀਂ ਪਤਾ ਕਿ ਭਲ਼ਕੇ ਕੀ ਹੋਵੇਗਾ। . . ਲੇਕਿਨ ਜੋ ਵੀ ਹੋਵੇ, ਯਹੋਵਾਹ ਬਾਰੇ ਗਵਾਹੀ ਦੇਣ ਤੋਂ ਕਦੀ ਨਾ ਰੁਕੋ।”