ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/11 ਸਫ਼ੇ 23-25
  • ਬਜ਼ੁਰਗਾਂ ਦੀ ਸੁਰੱਖਿਆ ਲਈ ਕੁਝ ਸੁਝਾਅ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਜ਼ੁਰਗਾਂ ਦੀ ਸੁਰੱਖਿਆ ਲਈ ਕੁਝ ਸੁਝਾਅ
  • ਜਾਗਰੂਕ ਬਣੋ!—2011
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੀ ਸਿਹਤ ਤੇ ਤਾਕਤ ਬਣਾਈ ਰੱਖੋ
  • ਆਪਣੇ ਘਰ ਨੂੰ ਸੁਰੱਖਿਅਤ ਬਣਾਓ
  • ਦੂਸਰੇ ਕੀ ਕਰ ਸਕਦੇ ਹਨ
  • ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਆਣਿਆਂ ਦਾ ਆਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਜਾਗਰੂਕ ਬਣੋ!—2011
g 7/11 ਸਫ਼ੇ 23-25

ਬਜ਼ੁਰਗਾਂ ਦੀ ਸੁਰੱਖਿਆ ਲਈ ਕੁਝ ਸੁਝਾਅ

ਇਕ ਕੁੜੀ ਘਰ ਵਿਚ ਖੇਡਦੀ-ਦੌੜਦੀ ਹੋਈ ਅਚਾਨਕ ਡਿੱਗ ਪੈਂਦੀ ਹੈ। ਫਿਰ ਉਹ ਝੱਟ ਉੱਠ ਖੜ੍ਹੀ ਹੁੰਦੀ ਹੈ ਤੇ ਉਹ ਦੇ ਕੋਈ ਸੱਟ ਵੀ ਨਹੀਂ ਲੱਗਦੀ। ਦੂਜੇ ਪਾਸੇ ਇਕ ਬਜ਼ੁਰਗ ਤੀਵੀਂ ਆਪਣੇ ਘਰ ਵਿਚ ਡਿੱਗ ਜਾਂਦੀ ਹੈ ਅਤੇ ਉਸ ਦਾ ਚੂਲਾ ਟੁੱਟ ਜਾਂਦਾ ਹੈ। ਉਸ ਨੂੰ ਓਪਰੇਸ਼ਨ ਕਰਵਾਉਣਾ ਪੈਂਦਾ ਹੈ ਅਤੇ ਠੀਕ ਹੋਣ ਲਈ ਕਈ ਮਹੀਨੇ ਲੱਗ ਜਾਂਦੇ ਹਨ। ਹੁਣ ਡਿੱਗਣ ਦੇ ਡਰ ਕਰਕੇ ਉਹ ਘੱਟ ਹੀ ਤੁਰਦੀ-ਫਿਰਦੀ ਹੈ ਅਤੇ ਹੋਰ ਵੀ ਕਮਜ਼ੋਰ ਹੋ ਜਾਂਦੀ ਹੈ।

ਇਕ ਪੱਛਮੀ ਦੇਸ਼ ਵਿਚ ਹਰ ਸਾਲ 65 ਸਾਲਾਂ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਇਕ ਤਿਹਾਈ ਬਜ਼ੁਰਗ ਡਿੱਗਦੇ ਹਨ। ਇਸ ਉਮਰ ਦੇ ਲੋਕਾਂ ਵਿਚ ਡਿੱਗ ਕੇ ਸੱਟ ਲੱਗਣ ਕਾਰਨ ਮੌਤ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸੇ ਕਰਕੇ ਬਾਈਬਲ ਬਜ਼ੁਰਗਾਂ ਬਾਰੇ ਕਹਿੰਦੀ ਹੈ: “ਤੂੰ ਉਚੀ ਥਾਂ ਤੇ ਜਾਣ ਤੋਂ ਡਰੇਂਗਾ ਅਤੇ ਚਲਣਾ ਤੇਰੇ ਲਈ ਖ਼ਤਰਨਾਕ ਹੋਵੇਗਾ।”—ਉਪਦੇਸ਼ਕ 12:5, CL.

ਭਾਵੇਂ ਕਿ ਬੁਢਾਪੇ ਨਾਲ ਕਈ ਮੁਸ਼ਕਲਾਂ ਆਉਂਦੀਆਂ ਹਨ, ਪਰ ਤੁਸੀਂ ਆਪਣੀ ਸੁਰੱਖਿਆ ਲਈ ਕੁਝ ਕਦਮ ਚੁੱਕ ਸਕਦੇ ਹੋ ਤੇ ਬੁਢਾਪੇ ਵਿਚ ਵੀ ਵਧੀਆ ਜ਼ਿੰਦਗੀ ਜੀ ਸਕਦੇ ਹੋ। ਇਕ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੀ ਤਾਕਤ ਨੂੰ ਬਣਾਈ ਤੇ ਆਪਣੀ ਸਿਹਤ ਦਾ ਖ਼ਿਆਲ ਰੱਖ ਸਕਦੇ ਹੋ। ਦੂਜੀ ਗੱਲ ਇਹ ਹੈ ਕਿ ਤੁਸੀਂ ਆਪਣੇ ਘਰ ਵਿਚ ਤਬਦੀਲੀਆਂ ਕਰ ਕੇ ਉਸ ਨੂੰ ਸੁਰੱਖਿਅਤ ਬਣਾ ਸਕਦੇ ਹੋ।

ਆਪਣੀ ਸਿਹਤ ਤੇ ਤਾਕਤ ਬਣਾਈ ਰੱਖੋ

ਉਮਰ ਦੇ ਵਧਣ ਨਾਲ ਸ਼ਾਇਦ ਸਾਡੀ ਨਜ਼ਰ ਘੱਟ ਜਾਵੇ ਤੇ ਅਸੀਂ ਠੀਕ ਤਰ੍ਹਾਂ ਨਾ ਚੱਲ ਸਕੀਏ। ਸਾਡੀਆਂ ਮਾਸ-ਪੇਸ਼ੀਆਂ ਤੇ ਹੱਡੀਆਂ ਕਮਜ਼ੋਰ ਹੋਣ ਨਾਲ ਸ਼ਾਇਦ ਇਸ ਦਾ ਸਾਡੀ ਸਿਹਤ ʼਤੇ ਵੀ ਅਸਰ ਪਵੇਗਾ। ਪਰ ਜੇ ਅਸੀਂ ਬਾਕਾਇਦਾ ਕਸਰਤ ਕਰੀਏ ਤੇ ਚੰਗੀ ਖ਼ੁਰਾਕ ਲਈਏ, ਤਾਂ ਸਾਡੀਆਂ ਹੱਡੀਆਂ ਤੇ ਮਾਸ-ਪੇਸ਼ੀਆਂ ਮਜ਼ਬੂਤ ਰਹਿ ਸਕਦੀਆਂ ਹਨ। ਨੀਤਾ ਨਾਂ ਦੀ ਫਿਜ਼ਿਓਥੈਰਾਪਿਸਟ ਕਹਿੰਦੀ ਹੈ: “ਕਸਰਤ ਕਰਦੇ ਵੇਲੇ ਇਹ ਜ਼ਰੂਰੀ ਹੈ ਕਿ ਤੁਸੀਂ ਸਿੱਧੇ ਖੜ੍ਹੇ ਹੋਵੇ ਤੇ ਨਾਲ ਦੀ ਨਾਲ ਸਰੀਰ ਨੂੰ ਲਚਕੀਲਾ ਬਣਾਓ, ਤਾਂ ਜੋ ਤੁਹਾਡਾ ਸਰੀਰ ਮਜ਼ਬੂਤ ਰਹੇ।”

ਯੂ.ਐੱਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਸ ਦਾ ਇਕ ਪ੍ਰਕਾਸ਼ਨ ਕਹਿੰਦਾ ਹੈ: “ਬਜ਼ੁਰਗਾਂ ਦੀ ਸਿਹਤ ਭਾਵੇਂ ਮਾੜੀ ਹੋਵੇ ਅਤੇ ਉਹ ਬਹੁਤਾ ਤੁਰ-ਫਿਰ ਨਾ ਸਕਣ, ਫਿਰ ਵੀ ਕਸਰਤ ਕਰਨ ਦਾ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਭਾਵੇਂ ਕਿ ਤੁਹਾਡੇ ਲਈ ਖੜ੍ਹਨਾ ਜਾਂ ਤੁਰਨਾ ਮੁਸ਼ਕਲ ਹੈ, ਫਿਰ ਵੀ ਤੁਸੀਂ ਥੋੜ੍ਹੀ-ਬਹੁਤੀ ਕਸਰਤ ਕਰ ਸਕਦੇ ਹੋ। ਦਰਅਸਲ ਜੇ ਤੁਸੀਂ ਕਸਰਤ ਨਹੀਂ ਕਰਦੇ, ਤਾਂ ਤੁਹਾਡੀ ਸਿਹਤ ਹੋਰ ਜ਼ਿਆਦਾ ਵਿਗੜ ਸਕਦੀ ਹੈ।” ਕਸਰਤ ਕਰਨ ਨਾਲ ਤੁਹਾਨੂੰ ਦਿਲ ਦੇ ਰੋਗ, ਜੋੜਾਂ ਦੇ ਦਰਦ, ਹੱਡੀਆਂ ਦੇ ਰੋਗ ਤੇ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਨਾਲ ਲੜਨ ਵਿਚ ਮਦਦ ਮਿਲੇਗੀ। ਇਸ ਦੇ ਨਾਲ-ਨਾਲ ਤੁਹਾਡੇ ਖ਼ੂਨ ਦੇ ਦੌਰੇ ਵਿਚ ਸੁਧਾਰ ਹੋ ਸਕਦਾ ਹੈ, ਤੁਹਾਡੀ ਪਾਚਨ-ਸ਼ਕਤੀ ਵਧ ਸਕਦੀ ਹੈ, ਤੁਹਾਨੂੰ ਚੰਗੀ ਨੀਂਦ ਆ ਸਕਦੀ ਹੈ ਤੇ ਤੁਸੀਂ ਜ਼ਿਆਦਾ ਚੁਸਤ ਰਹਿ ਸਕਦੇ ਹੋ ਜਿਸ ਕਰ ਕੇ ਤੁਸੀਂ ਆਪਣੇ ਕੰਮ ਆਪ ਕਰ ਸਕਦੇ ਹੋ।

ਜੇ ਤੁਸੀਂ ਕਦੇ ਕਸਰਤ ਨਹੀਂ ਕੀਤੀ, ਤਾਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਮਿਲੋ। ਕਸਰਤ ਕਰਦਿਆਂ ਜੇ ਤੁਸੀਂ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰੋ ਜਾਂ ਤੁਹਾਡੀ ਛਾਤੀ ਵਿਚ ਦਰਦ ਹੋਵੇ, ਤਾਂ ਵੀ ਡਾਕਟਰ ਦੀ ਸਲਾਹ ਲਓ। ਅਕਲਮੰਦੀ ਦੀ ਗੱਲ ਹੋਵੇਗੀ ਕਿ ਇੱਦਾਂ ਹੋਣ ਵੇਲੇ ਤੁਸੀਂ ਐਂਬੂਲੈਂਸ ਵਾਲਿਆਂ ਨੂੰ ਫ਼ੋਨ ਕਰੋ। ਸਿਹਤ ਨੂੰ ਖ਼ਤਰਾ ਹੋਣ ਤੇ ਫ਼ੋਨ ਕਰਨ ਵਿਚ ਢਿੱਲ ਨਾ ਕਰੋ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਾਲ ਵਿਚ ਇਕ ਵਾਰੀ ਆਪਣੀਆਂ ਅੱਖਾਂ ਦਾ ਚੈੱਕਅਪ ਜ਼ਰੂਰ ਕਰਾਓ।

ਖਾਣ-ਪੀਣ ਦੇ ਸੰਬੰਧ ਵਿਚ ਅਜਿਹਾ ਖਾਣਾ ਨਾ ਖਾਓ ਜਿਸ ਵਿਚ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਘਾਟ ਹੋਵੇ, ਭਾਵੇਂ ਅਜਿਹਾ ਖਾਣਾ ਤਿਆਰ ਕਰਨਾ ਸੌਖਾ ਹੋਵੇ। ਬਜ਼ੁਰਗਾਂ ਨੂੰ ਖ਼ਾਸ ਕਰ ਕੇ ਉਹ ਭੋਜਨ ਖਾਣਾ ਚਾਹੀਦਾ ਹੈ ਜਿਸ ਵਿਚ ਜ਼ਿਆਦਾ ਵਿਟਾਮਿਨ ਡੀ ਤੇ ਕੈਲਸੀਅਮ ਹੋਵੇ ਕਿਉਂਕਿ ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਹੈ। ਭੋਜਨ ਵਿਚ ਤੁਸੀਂ ਅਨਾਜ, ਚਰਬੀ ਤੋਂ ਰਹਿਤ ਚੀਜ਼ਾਂ ਤੇ ਤਾਜ਼ੇ ਫਲ-ਸਬਜ਼ੀਆਂ ਖਾਓ। ਖਾਣ-ਪੀਣ ਵਿਚ ਵੱਡੀਆਂ ਤਬਦੀਲੀਆਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ। ਉਹ ਸ਼ਾਇਦ ਦੱਸੇ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤੇ ਕਿਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਸ ਦੇ ਨਾਲ-ਨਾਲ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਬਜ਼ੁਰਗਾਂ ਵਿਚ ਪਾਣੀ ਦੀ ਕਮੀ ਹੋਣੀ ਆਮ ਹੈ ਖ਼ਾਸ ਕਰ ਕੇ ਉਨ੍ਹਾਂ ਵਿਚ ਜੋ ਇਕੱਲੇ ਜਾਂ ਨਰਸਿੰਗ ਹੋਮ ਵਿਚ ਰਹਿੰਦੇ ਹਨ। ਪਾਣੀ ਦੀ ਕਮੀ ਹੋਣ ਨਾਲ ਬਜ਼ੁਰਗਾਂ ਨੂੰ ਡਿੱਗਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ, ਉਹ ਉਲਝਣ ਵਿਚ ਪੈ ਸਕਦੇ ਹਨ, ਉਨ੍ਹਾਂ ਨੂੰ ਕਬਜ਼ ਹੋ ਸਕਦੀ ਹੈ, ਉਨ੍ਹਾਂ ਦੀ ਚਮੜੀ ਦੀ ਲਚਕ ਘੱਟ ਸਕਦੀ ਹੈ, ਉਨ੍ਹਾਂ ਨੂੰ ਇਨਫ਼ੈਕਸ਼ਨ ਹੋ ਸਕਦਾ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।

ਆਪਣੇ ਘਰ ਨੂੰ ਸੁਰੱਖਿਅਤ ਬਣਾਓ

ਲੋਕ ਜ਼ਿਆਦਾ ਆਪਣੇ ਘਰ ਵਿਚ ਹੀ ਡਿੱਗਦੇ ਹਨ। ਪਰ ਕੁਝ ਕਦਮ ਚੁੱਕ ਕੇ ਡਿੱਗਣ ਦੇ ਖ਼ਤਰਿਆਂ ਨੂੰ ਘਟਾਇਆ ਜਾ ਸਕਦਾ ਹੈ। ਹੇਠਾਂ ਦਿੱਤੀਆਂ ਗੱਲਾਂ ਨੂੰ ਪੜ੍ਹ ਕੇ ਸੋਚੋ ਕਿ ਤੁਸੀਂ ਆਪਣੇ ਘਰ ਵਿਚ ਕਿਵੇਂ ਬਦਲਾਅ ਲਿਆ ਸਕਦੇ ਹੋ।

ਬਾਥਰੂਮ:

● ਗਿੱਲਾ ਹੋਣ ਤੇ ਫ਼ਰਸ਼ ਤਿਲਕਵਾਂ ਨਹੀਂ ਹੋਣਾ ਚਾਹੀਦਾ।

● ਸ਼ਾਵਰ ਲੈਂਦੇ ਹੋਏ ਫ਼ਰਸ਼ ਜਾਂ ਟੱਬ ਤਿਲਕਵਾਂ ਨਹੀਂ ਹੋਣਾ ਚਾਹੀਦਾ ਅਤੇ ਜੇ ਤੁਸੀਂ ਕੁਰਸੀ ʼਤੇ ਬੈਠ ਕੇ ਨਹਾਉਂਦੇ ਹੋ, ਤਾਂ ਤੁਹਾਡਾ ਹੱਥ ਟੂਟੀਆਂ ਤਕ ਆਸਾਨੀ ਨਾਲ ਪਹੁੰਚਣਾ ਚਾਹੀਦਾ ਹੈ। ਸ਼ਾਇਦ ਖੜ੍ਹੇ ਹੋਣ ਨਾਲੋਂ ਬੈਠ ਕੇ ਨਹਾਉਣਾ ਤੁਹਾਡੇ ਲਈ ਸੌਖਾ ਹੋਵੇ।

● ਟੱਬ ਵਿਚ ਜਾਣ ਜਾਂ ਨਿਕਲਣ ਲਈ ਜਾਂ ਟਾਇਲਟ ਵਰਤਣ ਲਈ ਕੰਧ ਤੇ ਹੈਂਡਲ ਲਾਇਆ ਹੋਣਾ ਚਾਹੀਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਉੱਠ-ਬੈਠ ਸਕੋ। ਮਦਦ ਲਈ ਲਾਏ ਗਏ ਇਹ ਹੈਂਡਲ ਮਜ਼ਬੂਤ ਤੇ ਕੰਧ ਵਿਚ ਚੰਗੀ ਤਰ੍ਹਾਂ ਲਾਏ ਹੋਣੇ ਚਾਹੀਦੇ ਹਨ। ਧਿਆਨ ਦਿਓ ਕਿ ਟਾਇਲਟ ਦੀ ਸੀਟ ਇੰਨੀ ਉੱਚੀ ਹੋਵੇ ਕਿ ਤੁਸੀਂ ਆਸਾਨੀ ਨਾਲ ਉਸ ਉੱਤੇ ਉੱਠ-ਬੈਠ ਸਕੋ।

● ਰਾਤ ਹੋਣ ਤੇ ਛੋਟੇ ਬੱਲਬ ਜਗਾਓ ਜਾਂ ਬਿਜਲੀ ਦੀ ਟਾਰਚ ਵਰਤੋ।

ਪੌੜੀਆਂ:

● ਪੌੜੀਆਂ ʼਤੇ ਸਮਾਨ ਨਹੀਂ ਰੱਖਣਾ ਚਾਹੀਦਾ, ਇਹ ਟੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਬਿਨਾਂ ਬੱਤੀ ਜਗਾਏ ਪੌੜੀਆਂ ਨਹੀਂ ਚੜ੍ਹਨੀਆਂ ਚਾਹੀਦੀਆਂ।

● ਪੌੜੀਆਂ ਦੇ ਦੋਨੋ ਪਾਸੇ ਰੇਲਿੰਗਸ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਤਿਲਕਵੀਆਂ ਨਹੀਂ ਹੋਣੀਆਂ ਚਾਹੀਦੀਆਂ। ਪੌੜੀਆਂ ਦੇ ਉੱਪਰ ਅਤੇ ਥੱਲੇ ਬੱਤੀ ਜਗਾਉਣ ਲਈ ਬਟਨ ਹੋਣੇ ਚਾਹੀਦੇ ਹਨ।

● ਪੌੜੀਆਂ ਚੜ੍ਹਨ-ਉਤਰਨ ਨਾਲ ਬਜ਼ੁਰਗਾਂ ਦੀਆਂ ਲੱਤਾਂ ਮਜ਼ਬੂਤ ਰਹਿੰਦੀਆਂ ਹਨ। ਜੇ ਤੁਹਾਨੂੰ ਡਿੱਗਣ ਦਾ ਡਰ ਹੈ, ਤਾਂ ਤੁਹਾਨੂੰ ਇਕੱਲਿਆਂ ਪੌੜੀਆਂ ਚੜ੍ਹਨ-ਉਤਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਬੈੱਡਰੂਮ:

● ਤੁਹਾਡੇ ਬਿਸਤਰੇ ਅਤੇ ਫਰਨੀਚਰ ਦੇ ਆਲੇ-ਦੁਆਲੇ ਤੁਰਨ ਲਈ ਥਾਂ ਹੋਣਾ ਚਾਹੀਦਾ ਹੈ।

● ਕੁਰਸੀ ਰੱਖੋ ਜਿਸ ਉੱਤੇ ਬੈਠ ਕੇ ਤੁਸੀਂ ਕੱਪੜੇ ਪਾ ਸਕਦੇ ਹੋ।

● ਆਪਣੇ ਬਿਸਤਰੇ ਦੇ ਨੇੜੇ ਟਾਰਚ ਜਾਂ ਲੈਂਪ ਰੱਖੋ।

ਰਸੋਈ:

● ਪਰਛੱਤੀਆਂ ਤੇ ਬਹੁਤਾ ਸਮਾਨ ਨਹੀਂ ਖਿਲਰਿਆ ਹੋਣਾ ਚਾਹੀਦਾ ਤਾਂਕਿ ਤੁਸੀਂ ਆਸਾਨੀ ਨਾਲ ਹੋਰ ਸਾਮਾਨ ਵੀ ਟਿਕਾ ਸਕੋ।

● ਰਸੋਈ ਦਾ ਫ਼ਰਸ਼ ਤਿਲਕਵਾਂ ਨਹੀਂ ਹੋਣਾ ਚਾਹੀਦਾ।

● ਕਬਰਡ ਵਿਚ ਰੱਖੀਆਂ ਚੀਜ਼ਾਂ ਨਾ ਤਾਂ ਜ਼ਿਆਦਾ ਉੱਚੀਆਂ ਅਤੇ ਨਾ ਹੀ ਨੀਵੀਆਂ ਹੋਣੀਆਂ ਚਾਹੀਦੀਆਂ ਹਨ। ਆਪਣੀਆਂ ਚੀਜ਼ਾਂ ਉੱਥੇ ਟਿਕਾਓ ਜਿੱਥੇ ਤੁਸੀਂ ਬਿਨਾਂ ਮਦਦ ਤੋਂ ਆਸਾਨੀ ਨਾਲ ਚੁੱਕ ਸਕਦੇ ਹੋ। ਉੱਚੀ ਥਾਂ ਪਹੁੰਚਣ ਲਈ ਪੌੜੀਆਂ ਜਾਂ ਸਟੂਲ ਨਾ ਵਰਤੋ ਅਤੇ ਕਦੇ ਵੀ ਕੁਰਸੀ ʼਤੇ ਨਾ ਚੜ੍ਹੋ।

ਮੁੱਖ ਗੱਲਾਂ:

● ਰਾਤ ਨੂੰ ਉਨ੍ਹਾਂ ਥਾਵਾਂ ਵਿਚ ਛੋਟੇ ਬੱਲਬ ਜਗਾ ਕੇ ਰੱਖੋ ਜਿੱਥੇ ਤੁਸੀਂ ਸ਼ਾਇਦ ਜਾਓ।

● ਰਾਤ ਵੇਲੇ ਤੁਸੀਂ ਸੋਟੀ ਜਾਂ ਤੁਰਨ ਵਾਲੇ ਸਟੈਂਡ ਦੀ ਵਰਤੋਂ ਕਰ ਸਕਦੇ ਹੋ।

● ਤੁਹਾਡੀਆਂ ਕੁਰਸੀਆਂ ਨੂੰ ਬਾਹਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਤੇ ਇੰਨੀਆਂ ਕੁ ਉੱਚੀਆਂ ਹੋਣੀਆਂ ਚਾਹੀਦੀਆਂ ਹਨ ਤਾਂਕਿ ਤੁਸੀਂ ਆਸਾਨੀ ਨਾਲ ਉੱਠ-ਬੈਠ ਸਕੋ। ਪਰ ਇਨ੍ਹਾਂ ਨੂੰ ਪਹੀਏ ਨਹੀਂ ਲੱਗੇ ਹੋਣੇ ਚਾਹੀਦੇ।

● ਕਾਰਪੈਟ ਫਟਣ ਤੇ ਇਸ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ ਜਾਂ ਇਸ ਨੂੰ ਬਦਲਣਾ ਚਾਹੀਦਾ ਹੈ ਤਾਂਕਿ ਤੁਸੀਂ ਫਸ ਕੇ ਡਿੱਗ ਨਾ ਪਓ। ਬਿਜਲੀ ਦੀਆਂ ਤਾਰਾਂ ਨੂੰ ਕੰਧ ਦੇ ਨਾਲ ਫਿੱਟ ਕੀਤਾ ਜਾਣਾ ਚਾਹੀਦਾ ਹੈ।

● ਕਾਰਪੈਟ ਉੱਤੇ ਗਲੀਚਾ ਵਿਛਾਇਆ ਹੋਣ ਕਰਕੇ ਕੋਈ ਵੀ ਉਸ ਵਿਚ ਫਸ ਕੇ ਡਿੱਗ ਸਕਦਾ ਹੈ। ਜੇ ਗਲੀਚਾ ਟਾਈਲਾਂ ਜਾਂ ਲੱਕੜ ਦੇ ਫ਼ਰਸ਼ ਉੱਤੇ ਵਿਛਾਉਣਾ ਹੈ, ਤਾਂ ਇਸ ਨੂੰ ਚੰਗੀ ਤਰ੍ਹਾਂ ਵਿਛਾਉਣਾ ਚਾਹੀਦਾ ਹੈ।

● ਅਜਿਹੀਆਂ ਚੱਪਲਾਂ ਨਾ ਪਾਓ ਜੋ ਖੁੱਲ੍ਹੀਆਂ ਜਾਂ ਘਸੀਆਂ ਹੋਈਆਂ ਹੋਣ। ਉੱਚੀ ਅੱਡੀ ਵਾਲੀ ਜੁੱਤੀ ਨਾ ਪਾਓ।

● ਕੁਝ ਦਵਾਈਆਂ ਲੈਣ ਨਾਲ ਕਈਆਂ ਨੂੰ ਚੱਕਰ ਆ ਸਕਦੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਕਦੇ ਹੋਵੇ, ਤਾਂ ਆਪਣੇ ਡਾਕਟਰ ਨੂੰ ਜ਼ਰੂਰ ਦੱਸੋ। ਸ਼ਾਇਦ ਉਹ ਦਵਾਈ ਦੀ ਮਾਤਰਾ ਘੱਟ ਕਰ ਦੇਵੇ ਜਾਂ ਦਵਾਈ ਹੀ ਬਦਲ ਦੇਵੇ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿਚ ਕਿਸੇ ਚੀਜ਼ ਦੀ ਮੁਰੰਮਤ ਦੀ ਲੋੜ ਹੈ ਤੇ ਤੁਸੀਂ ਆਪ ਨਹੀਂ ਕਰ ਸਕਦੇ, ਤਾਂ ਕਿਉਂ ਨਾ ਆਪਣੇ ਪਰਿਵਾਰ, ਦੋਸਤਾਂ ਜਾਂ ਮਕਾਨ-ਮਾਲਕ ਤੋਂ ਮਦਦ ਮੰਗੋ? ਇਸ ਵਿਚ ਦੇਰ ਨਾ ਕਰੋ।

ਦੂਸਰੇ ਕੀ ਕਰ ਸਕਦੇ ਹਨ

ਜੇ ਤੁਹਾਡੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਬਜ਼ੁਰਗ ਦੋਸਤ ਹਨ ਜਾਂ ਤੁਹਾਡੇ ਮਾਪੇ ਬਜ਼ੁਰਗ ਹਨ, ਤਾਂ ਤੁਸੀਂ ਉਨ੍ਹਾਂ ਦੀ ਮਦਦ ਕਰਨ ਲਈ ਕੀ ਕਰ ਸਕਦੇ ਹੋ? ਇਕ ਗੱਲ ਇਹ ਹੈ ਕਿ ਤੁਸੀਂ ਇਸ ਲੇਖ ਵਿਚ ਦੱਸੀ ਗਈ ਲਿਸਟ ਬਾਰੇ ਉਨ੍ਹਾਂ ਨਾਲ ਗੱਲ ਕਰੋ ਅਤੇ ਦੇਖੋ ਕਿ ਇਹ ਸੁਝਾਅ ਕਿੱਦਾਂ ਲਾਗੂ ਕੀਤੇ ਜਾ ਸਕਦੇ ਹਨ। ਜੇ ਹੋ ਸਕੇ, ਤਾਂ ਸ਼ਾਇਦ ਹਫ਼ਤੇ ਵਿਚ ਇਕ-ਦੋ ਵਾਰੀ ਤੁਸੀਂ ਉਨ੍ਹਾਂ ਦੀ ਸਿਹਤ ਅਨੁਸਾਰ ਖਾਣਾ ਤਿਆਰ ਕਰੋ। ਬਜ਼ੁਰਗਾਂ ਨੂੰ ਬਾਕਾਇਦਾ ਕਸਰਤ ਕਰਨ ਦੀ ਵੀ ਲੋੜ ਹੈ। ਕੀ ਤੁਸੀਂ ਉਨ੍ਹਾਂ ਨੂੰ ਸੈਰ ਕਰਨ ਲਈ ਲੈ ਜਾ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਕੰਮ ਕਰਨ ਲਈ ਬਾਹਰ ਜਾਣਾ ਪੈਂਦਾ ਹੈ, ਤਾਂ ਕੀ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਸਕਦੇ ਹੋ? ਬਜ਼ੁਰਗ ਉਦੋਂ ਘਰੋਂ ਬਾਹਰ ਜਾ ਕੇ ਜ਼ਿਆਦਾ ਖ਼ੁਸ਼ ਹੁੰਦੇ ਹਨ ਜਦੋਂ ਉਨ੍ਹਾਂ ਨਾਲ ਕੋਈ ਪਰਿਵਾਰ ਦਾ ਮੈਂਬਰ ਹੁੰਦਾ ਹੈ। ਕੁਝ ਦੇਸ਼ਾਂ ਵਿਚ ਸਰਕਾਰ ਬਜ਼ੁਰਗਾਂ ਲਈ ਕੁਝ ਪ੍ਰਬੰਧ ਕਰਦੀ ਹੈ। ਮਿਸਾਲ ਲਈ, ਨਰਸਿੰਗ ਹੋਮ, ਫਿਜ਼ਿਓਥੈਰਾਪੀ ਅਤੇ ਘਰ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧ। ਸ਼ਾਇਦ ਤੁਹਾਡਾ ਡਾਕਟਰ ਤੁਹਾਨੂੰ ਅਜਿਹੇ ਪ੍ਰਬੰਧਾਂ ਬਾਰੇ ਹੋਰ ਜਾਣਕਾਰੀ ਦੇ ਸਕੇ।

ਸਾਡਾ ਪਰਮੇਸ਼ੁਰ, ਜਿਸ ਨੂੰ “ਅੱਤ ਪਰਾਚੀਨ” ਕਿਹਾ ਜਾਂਦਾ ਹੈ, ਚਾਹੁੰਦਾ ਹੈ ਕਿ ਅਸੀਂ ਬਜ਼ੁਰਗਾਂ ਦਾ ਆਦਰ ਕਰੀਏ, ਖ਼ਾਸ ਕਰਕੇ ਬਜ਼ੁਰਗ ਮਾਪਿਆਂ ਦਾ। (ਦਾਨੀਏਲ 7:9) ਉਹ ਹੁਕਮ ਦਿੰਦਾ ਹੈ: “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ।” (ਕੂਚ 20:12) ਉਹ ਇਹ ਵੀ ਕਹਿੰਦਾ ਹੈ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ।” (ਲੇਵੀਆਂ 19:32) ਬਜ਼ੁਰਗਾਂ ਦਾ ਆਦਰ ਕਰਨ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਤੋਂ ਡਰਦੇ ਹਾਂ। ਜਦੋਂ ਬਜ਼ੁਰਗ ਦਿੱਤੀ ਗਈ ਮਦਦ ਦੇ ਧੰਨਵਾਦੀ ਹੁੰਦੇ ਹਨ, ਤਾਂ ਅਸੀਂ ਉਨ੍ਹਾਂ ਦਾ ਹੋਰ ਵੀ ਆਦਰ ਕਰਦੇ ਹਾਂ। ਬਜ਼ੁਰਗਾਂ ਦੀ ਮਦਦ ਕਰਨੀ ਸਾਡਾ ਸਿਰਫ਼ ਫ਼ਰਜ਼ ਹੀ ਨਹੀਂ, ਪਰ ਇਸ ਤੋਂ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। (g11-E 02)

[ਸਫ਼ਾ 25 ਉੱਤੇ ਡੱਬੀ/ਤਸਵੀਰਾਂ]

ਲੋੜ ਪੈਣ ਤੇ ਮਦਦ

ਕੁਝ ਦੇਸ਼ਾਂ ਵਿਚ ਬਜ਼ੁਰਗ ਇਕ ਛੋਟਾ ਇਲੈਕਟ੍ਰਾਨਿਕ ਯੰਤਰ ਲੈ ਸਕਦੇ ਹਨ ਜਿਸ ਨੂੰ ਉਹ ਲੋੜ ਪੈਣ ਤੇ ਵਰਤ ਸਕਦੇ ਹਨ। ਜਦੋਂ ਡਿੱਗ ਕੇ ਉਨ੍ਹਾਂ ਦੇ ਸੱਟ ਲੱਗ ਜਾਵੇ ਜਾਂ ਉਹ ਉੱਠ ਨਾ ਸਕਣ, ਤਾਂ ਉਹ ਮਦਦ ਲੈਣ ਲਈ ਇਸ ਦਾ ਬਟਨ ਦਬਾ ਸਕਦੇ ਹਨ। ਇੱਦਾਂ ਦੇ ਯੰਤਰਾਂ ਨੂੰ ਗਲੇ ਵਿਚ ਪਾਇਆ ਜਾ ਸਕਦਾ ਹੈ ਜਾਂ ਗੁੱਟ ਦੁਆਲੇ ਬੰਨ੍ਹਿਆ ਜਾ ਸਕਦਾ ਹੈ। ਜੇ ਤੁਹਾਡੇ ਇਲਾਕੇ ਵਿਚ ਇਸ ਤਰ੍ਹਾਂ ਦੀ ਮਦਦ ਉਪਲਬਧ ਹੈ, ਤਾਂ ਤੁਸੀਂ ਇਸ ਦਾ ਫ਼ਾਇਦਾ ਉਠਾ ਸਕਦੇ ਹੋ ਖ਼ਾਸ ਕਰ ਕੇ ਉਦੋਂ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ