ਸੰਸਾਰ ਉੱਤੇ ਨਜ਼ਰ
ਇਕਵੇਡਾਰ
ਸਾਲ 2007 ਵਿਚ ਇਕਵੇਡਾਰ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਐਮੇਜ਼ਨ ਦੇ ਖੂਬਸੂਰਤ ਜੰਗਲ ਦੇ ਤਕਰੀਬਨ 10,000 ਵਰਗ ਕਿਲੋਮੀਟਰ (4,000 ਮੀਲ) ਖੇਤਰ ਵਿੱਚੋਂ ਤੇਲ ਕੱਢਣ ਦੀ ਬਜਾਇ ਇਸ ਦੀ ਸਾਂਭ-ਸੰਭਾਲ ਕਰਨ ਲਈ ਫੰਡ ਤਿਆਰ ਕਰੇਗੀ। ਪਰ ਉਨ੍ਹਾਂ ਦੇ ਪਲੈਨ ਧਰੇ ਦੇ ਧਰੇ ਰਹਿ ਗਏ ਕਿਉਂਕਿ ਇਸ ਵਾਸਤੇ ਉਨ੍ਹਾਂ ਨੂੰ ਬਾਕੀ ਦੇਸ਼ਾਂ ਤੋਂ ਪੈਸੇ ਪੱਖੋਂ ਕੋਈ ਮਦਦ ਨਹੀਂ ਮਿਲੀ। ਐਮੇਜ਼ਨ ਜੰਗਲ ਦਾ ਇਹ ਹਿੱਸਾ ਦੁਨੀਆਂ ਦਾ ਬਹੁਤ ਹੀ ਖ਼ਾਸ ਇਲਾਕਾ ਹੈ ਕਿਉਂਕਿ ਇੱਥੇ ਤਰ੍ਹਾਂ-ਤਰ੍ਹਾਂ ਦੇ ਫਲ-ਸਬਜ਼ੀਆਂ, ਪੇੜ-ਪੌਦੇ ਤੇ ਜੰਗਲੀ ਜਾਨਵਰ ਪਾਏ ਜਾਂਦੇ ਹਨ।
ਜਪਾਨ
ਜਪਾਨ ਨਿਊਜ਼ ਮੁਤਾਬਕ ਖ਼ੂਨ ਦੀ ਜਾਂਚ ਕਰਦਿਆਂ ਕਈ ਵਾਰ ਇਹ ਪਤਾ ਕਰਨਾ ਮੁਸ਼ਕਲ ਹੈ ਕਿ ਉਸ ਖ਼ੂਨ ਵਿਚ ਕੋਈ ਬੀਮਾਰੀ ਹੈ ਜਾਂ ਨਹੀਂ। ਫਿਰ ਇਸ ਰਿਪੋਰਟ ਨੇ ਅੱਗੇ ਕਿਹਾ ਕਿ 2013 ਵਿਚ ਲਗਭਗ 60 ਸਾਲ ਦੇ ਇਕ ਆਦਮੀ ਨੂੰ ਖ਼ੂਨ ਚੜ੍ਹਾਉਣ ਕਾਰਨ ਐੱਚ. ਆਈ. ਵੀ ਵਾਇਰਸ ਹੋ ਗਿਆ। ਜਦ ਦਾਨ ਕੀਤੇ ਗਏ ਖ਼ੂਨ ਵਿਚ ਐੱਚ. ਆਈ. ਵੀ ਹੁੰਦਾ ਹੈ, ਤਾਂ ਜਾਂਚ ਕਰਨ ਤੋਂ ਬਾਅਦ ਵੀ ਕੁਝ ਮਹੀਨਿਆਂ ਤਕ ਇਸ ਵਾਇਰਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ।
ਜ਼ਿਮਬਾਬਵੇ
ਹਾਲਾਂਕਿ ਜ਼ਿਮਬਾਬਵੇ ਅਤੇ ਮੋਜ਼ਾਮਬੀਕ ਦੇ ਬਾਰਡਰ ʼਤੇ ਗੁਰੀਲਾ ਲੜਾਈ ਨੂੰ ਖ਼ਤਮ ਹੋਇਆਂ 30 ਸਾਲ ਹੋ ਚੁੱਕੇ ਹਨ, ਪਰ ਫਿਰ ਵੀ ਬਾਰੂਦੀ-ਸੁਰੰਗਾਂ ਕਾਰਨ ਲੋਕ ਲੂਲ੍ਹੇ-ਲੰਗੜੇ ਹੁੰਦੇ ਹਨ ਅਤੇ ਉਨ੍ਹਾਂ ਦੀ ਜਾਨ ਜਾਂਦੀ ਹੈ। “ਸਾਲ 1980 ਤੋਂ ਜ਼ਿਮਬਾਬਵੇ ਵਿਚ ਇਨ੍ਹਾਂ ਬਾਰੂਦੀ-ਸੁਰੰਗਾਂ ਦੇ ਫਟਣ ਨਾਲ 1,500 ਤੋਂ ਵੀ ਜ਼ਿਆਦਾ ਲੋਕਾਂ ਅਤੇ 1,20,000 ਪਸ਼ੂਆਂ ਦੀ ਜਾਨ ਜਾ ਚੁੱਕੀ ਹੈ ਤੇ 2,000 ਲੋਕ ਅਪਾਹਜ ਹੋ ਚੁੱਕੇ ਹਨ।”—ਇੰਟਰਨੈਸ਼ਨਲ ਕਮੇਟੀ ਆਫ਼ ਦਿ ਰੈੱਡ ਕਰਾਸ।
ਆਸਟ੍ਰੇਲੀਆ
ਇਕ ਸਰਵੇ ਮੁਤਾਬਕ ਤਲਾਕ ਲੈਣ ਵਾਲੇ ਪਤੀ-ਪਤਨੀ ਆਪਣੇ ਪਾਲਤੂ ਜਾਨਵਰਾਂ ਲਈ ਕੋਰਟ ਵਿਚ ਜਾ ਕੇ ਲੜਦੇ ਹਨ। ਦੋਵੇਂ ਆਪਣੀਆਂ ਸਾਂਝੀਆਂ ਚੀਜ਼ਾਂ ਜਿਵੇਂ ਕਿ ਜ਼ਮੀਨ-ਜਾਇਦਾਦ, ਰੁਪਏ-ਪੈਸੇ ਅਤੇ ਹੋਰ ਚੀਜ਼ਾਂ ਤੋਂ ਬਾਅਦ ਆਪਣੇ ਪਾਲਤੂ ਜਾਨਵਰਾਂ ਬਾਰੇ ਲੜਦੇ-ਝਗੜਦੇ ਹਨ। (g14-E 11)