ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਕੀ ਕੋਈ ਵੀ ਮਨੁੱਖ ਨਿਰਵਿਵਾਦ ਤੌਰ ਤੇ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਅਖਵਾ ਸਕਦਾ ਹੈ? ਤੁਸੀਂ ਇਕ ਮਨੁੱਖ ਦੀ ਮਹਾਨਤਾ ਨੂੰ ਕਿਸ ਤਰ੍ਹਾਂ ਮਾਪੋਗੇ? ਕੀ ਉਸ ਦੀ ਸੈਨਿਕ ਪ੍ਰਤਿਭਾ ਦੁਆਰਾ? ਉਸ ਦੀ ਸਰੀਰਕ ਤਾਕਤ ਦੁਆਰਾ? ਉਸ ਦੀ ਦਿਮਾਗ਼ੀ ਬੁੱਧੀ ਦੁਆਰਾ?
ਇਤਿਹਾਸਕਾਰ ਐਚ. ਜੀ. ਵੈਲਜ਼ ਨੇ ਕਿਹਾ ਕਿ ਇਕ ਮਨੁੱਖ ਦੀ ਮਹਾਨਤਾ ਇਸ ਦੁਆਰਾ ਮਾਪੀ ਜਾ ਸਕਦੀ ਹੈ ਕਿ ‘ਉਹ ਵਧਣ ਲਈ ਪਿੱਛੇ ਕੀ ਕੁਝ ਛੱਡ ਜਾਂਦਾ ਹੈ, ਨਾਲੇ ਉਸ ਨੇ ਦੂਜਿਆਂ ਦੇ ਵਿਚਾਰਾਂ ਨੂੰ ਨਵੀਂ ਸੇਧ ਦਿੱਤੀ ਜਾਂ ਨਹੀਂ ਜਿਹੜੀ ਕਿ ਉਸ ਦੇ ਮਗਰੋਂ ਵੀ ਜੋਸ਼ਪੂਰਣ ਕਾਇਮ ਰਹਿੰਦੀ ਹੈ।’ ਭਾਵੇਂ ਕਿ ਉਹ ਇਕ ਮਸੀਹੀ ਹੋਣ ਦਾ ਦਾਅਵਾ ਨਹੀਂ ਕਰ ਰਿਹਾ ਸੀ, ਵੈਲਜ਼ ਨੇ ਕਬੂਲ ਕੀਤਾ: “ਇਸ ਪ੍ਰੀਖਿਆ ਵਿਚ ਯਿਸੂ ਸਭ ਤੋਂ ਪ੍ਰਥਮ ਹੈ।”
ਸਿਕੰਦਰ ਮਹਾਨ, ਸ਼ਾਰਲਮੇਨ (ਜਿਹੜਾ ਆਪਣੇ ਜੀਵਨ ਕਾਲ ਵਿਚ ਵੀ “ਮਹਾਨ” ਅਖਵਾਇਆ), ਅਤੇ ਨੈਪੋਲੀਅਨ ਬੋਨਾਪਾਰਟ ਸ਼ਕਤੀਸ਼ਾਲੀ ਸ਼ਾਸਕ ਸਨ। ਉਨ੍ਹਾਂ ਨੇ ਆਪਣੀ ਪ੍ਰਬਲ ਮੌਜੂਦਗੀ ਦੁਆਰਾ, ਉਨ੍ਹਾਂ ਉੱਪਰ ਵੱਡਾ ਪ੍ਰਭਾਵ ਪਾਇਆ ਜਿਨ੍ਹਾਂ ਉੱਪਰ ਉਹ ਸ਼ਾਸਨ ਕਰਦੇ ਸਨ। ਫਿਰ ਵੀ, ਰਿਪੋਰਟ ਅਨੁਸਾਰ ਨੈਪੋਲੀਅਨ ਨੇ ਇਹ ਕਿਹਾ ਸੀ: “ਯਿਸੂ ਮਸੀਹ ਨੇ ਆਪਣੀ ਦ੍ਰਿਸ਼ਟਮਾਨ ਸਰੀਰਕ ਮੌਜੂਦਗੀ ਦੇ ਬਿਨਾਂ ਹੀ ਆਪਣੀ ਪਰਜਾ ਉੱਪਰ ਪ੍ਰਭਾਵ ਪਾਇਆ ਅਤੇ ਸ਼ਾਸਨ ਕੀਤਾ ਹੈ।”
ਆਪਣੀਆਂ ਸ਼ਕਤੀਸ਼ਾਲੀ ਸਿੱਖਿਆਵਾਂ ਦੁਆਰਾ ਅਤੇ ਜਿਸ ਤਰ੍ਹਾਂ ਉਸ ਨੇ ਇਨ੍ਹਾਂ ਦੇ ਇਕਸਾਰ ਆਪਣਾ ਜੀਵਨ ਬਤੀਤ ਕੀਤਾ, ਯਿਸੂ ਨੇ ਲਗਭਗ ਦੋ ਹਜ਼ਾਰ ਵਰ੍ਹਿਆਂ ਲਈ ਲੋਕਾਂ ਦੇ ਜੀਵਨ ਉੱਪਰ ਸ਼ਕਤੀਸ਼ਾਲੀ ਪ੍ਰਭਾਵ ਪਾਇਆ ਹੈ। ਜਿਵੇਂ ਇਕ ਲਿਖਾਰੀ ਨੇ ਉਚਿਤ ਰੂਪ ਨਾਲ ਇਸ ਨੂੰ ਅਭਿਵਿਅਕਤ ਕੀਤਾ: “ਸਾਰੀਆਂ ਸੈਨਾਵਾਂ ਜੋ ਕਦੀ ਕੂਚ ਕੀਤੀਆਂ, ਅਤੇ ਸਾਰੀਆਂ ਨੌ-ਸੈਨਾਵਾਂ ਜੋ ਕਦੀ ਬਣਾਈਆਂ ਗਈਆਂ, ਅਤੇ ਸਾਰੀਆਂ ਸੰਸਦਾਂ ਜੋ ਕਦੀ ਬੈਠੀਆਂ, ਸਾਰੇ ਰਾਜੇ ਜਿਨ੍ਹਾਂ ਨੇ ਕਦੀ ਰਾਜ ਕੀਤਾ, ਇਕੱਠੇ ਕੀਤੇ ਜਾਣ ਤੇ ਵੀ ਇਸ ਧਰਤੀ ਉੱਤੇ ਮਨੁੱਖ ਦੇ ਜੀਵਨ ਉੱਪਰ ਇਸ ਤਰ੍ਹਾਂ ਸ਼ਕਤੀਸ਼ਾਲੀ ਪ੍ਰਭਾਵ ਨਹੀਂ ਪਾਇਆ ਹੈ।”
ਇਕ ਇਤਿਹਾਸਕ ਵਿਅਕਤੀ
ਫਿਰ ਵੀ, ਹੈਰਾਨੀ ਦੀ ਗੱਲ ਹੈ, ਕਈ ਕਹਿੰਦੇ ਹਨ ਕਿ ਯਿਸੂ ਕਦੀ ਜੀਉਂਦਾ ਨਹੀਂ ਸੀ— ਕਿ ਉਹ, ਅਸਲ ਵਿਚ, ਪਹਿਲੀ-ਸਦੀ ਦੇ ਕੁਝ ਆਦਮੀਆਂ ਦੀ ਸ੍ਰਿਸ਼ਟੀ ਹੈ। ਅਜਿਹੇ ਸ਼ੰਕਾਵਾਦੀਆਂ ਨੂੰ ਜਵਾਬ ਦਿੰਦੇ ਹੋਏ, ਆਦਰਯੋਗ ਇਤਿਹਾਸਕਾਰ ਵਿਲ ਡੁਰੈਂਟ ਨੇ ਤਰਕ ਕੀਤਾ: “ਇਹ ਗੱਲ ਕਿ ਇਕ ਪੀੜ੍ਹੀ ਦੇ ਕੁਝ ਆਮ ਆਦਮੀਆਂ ਨੇ ਇਕ ਇੰਨੀ ਸ਼ਕਤੀਸ਼ਾਲੀ ਅਤੇ ਆਕਰਸ਼ਕ ਸ਼ਖ਼ਸੀਅਤ, ਇਕ ਇੰਨਾ ਉੱਚ ਨੀਤੀ-ਸ਼ਾਸਤਰ ਅਤੇ ਮਨੁੱਖੀ ਭਾਈਚਾਰੇ ਦਾ ਇਕ ਇੰਨਾ ਪ੍ਰੇਰਣਾਦਾਇਕ ਦ੍ਰਿਸ਼ ਘੜਿਆ ਹੈ, ਇੰਜੀਲ ਵਿਚ ਦਰਜ ਕੀਤੇ ਹੋਏ ਕਿਸੇ ਵੀ ਚਮਤਕਾਰ ਨਾਲੋਂ ਕਿਤੇ ਜ਼ਿਆਦਾ ਨਾ ਮੰਨਣਯੋਗ ਹੋਵੇਗਾ।”
ਆਪਣੇ ਆਪ ਤੋਂ ਪੁੱਛੋ: ਕੀ ਇਕ ਵਿਅਕਤੀ ਜੋ ਕਦੀ ਜੀਉਂਦਾ ਨਹੀਂ ਸੀ, ਮਨੁੱਖੀ ਇਤਿਹਾਸ ਨੂੰ ਇੰਨੇ ਮਾਅਰਕੇ ਵਾਲੇ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਸੀ? ਸੰਦਰਭ ਰਚਨਾ ਦ ਹਿਸਟੋਰੀਅਨਸ ਹਿਸਟਰੀ ਆਫ਼ ਦ ਵਰਲਡ ਟਿੱਪਣੀ ਕਰਦੀ ਹੈ: “[ਯਿਸੂ] ਦੀਆਂ ਗਤੀਵਿਧੀਆਂ ਦਾ ਇਤਿਹਾਸਕ ਨਤੀਜਾ, ਅਸਲ ਵਿਚ ਇਕ ਕੱਟੜ ਧਰਮ-ਨਿਰਪੇਖ ਨਜ਼ਰੀਏ ਤੋਂ ਵੀ, ਇਤਿਹਾਸ ਦੀ ਹੋਰ ਕਿਸੇ ਹਸਤੀ ਦਿਆਂ ਕਾਰਨਾਮਿਆਂ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਸੀ। ਇਕ ਨਵਾਂ ਯੁੱਗ, ਜਿਸ ਨੂੰ ਦੁਨੀਆਂ ਦੀਆਂ ਪ੍ਰਮੁੱਖ ਸੱਭਿਅਤਾਵਾਂ ਮੰਨਦੀਆਂ ਹਨ, ਉਸ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ।”
ਜੀ ਹਾਂ, ਇਸ ਬਾਰੇ ਸੋਚੋ। ਅੱਜ ਦੇ ਕਲੰਡਰ ਵੀ ਉਸ ਵਰ੍ਹੇ ਤੇ ਆਧਾਰਿਤ ਹਨ ਜਿਸ ਵਿਚ ਮੰਨਿਆ ਜਾਂਦਾ ਹੈ ਕਿ ਯਿਸੂ ਪੈਦਾ ਹੋਇਆ ਸੀ। “ਉਸ ਸਾਲ ਤੋਂ ਪਹਿਲਾਂ ਦੀਆਂ ਤਾਰੀਖਾਂ ਈ.ਪੂ., ਜਾਂ ਈਸਾ ਪੂਰਵ, ਸੂਚੀਬੱਧ ਕੀਤੀਆਂ ਜਾਂਦੀਆਂ ਹਨ,” ਦ ਵਰਲਡ ਬੁਕ ਐਨਸਾਈਕਲੋਪੀਡੀਆ ਵਿਆਖਿਆ ਕਰਦੀ ਹੈ। “ਉਸ ਸਾਲ ਤੋਂ ਬਾਅਦ ਦੀਆਂ ਤਾਰੀਖਾਂ ਸੰ.ਈ., ਜਾਂ ਸੰਨ ਈਸਵੀ (ਪ੍ਰਭੂ ਦੇ ਸਾਲ ਵਿਚ), ਸੂਚੀਬੱਧ ਕੀਤੀਆਂ ਜਾਂਦੀਆਂ ਹਨ।”
ਫਿਰ ਵੀ, ਆਲੋਚਕ ਕਹਿੰਦੇ ਹਨ ਕਿ ਸਭ ਜੋ ਕੁਝ ਅਸੀਂ ਅਸਲ ਵਿਚ ਯਿਸੂ ਬਾਰੇ ਜਾਣਦੇ ਹਾਂ ਬਾਈਬਲ ਵਿਚ ਹੀ ਪਾਇਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਉਸ ਸੰਬੰਧੀ ਹੋਰ ਕੋਈ ਸਮਕਾਲੀ ਦਸਤਾਵੇਜ਼ ਹੋਂਦ ਵਿਚ ਨਹੀਂ ਹਨ। ਐਚ. ਜੀ. ਵੈਲਜ਼ ਨੇ ਵੀ ਲਿਖਿਆ: “ਪੁਰਾਣੇ ਰੋਮੀ ਇਤਿਹਾਸਕਾਰਾਂ ਨੇ ਯਿਸੂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ; ਉਸ ਨੇ ਆਪਣੇ ਸਮੇਂ ਦੇ ਇਤਿਹਾਸਕ ਅਭਿਲੇਖਾਂ ਉੱਤੇ ਕੋਈ ਪ੍ਰਭਾਵ ਨਹੀਂ ਛੱਡਿਆ ਹੈ।” ਪਰੰਤੂ ਕੀ ਇਹ ਸੱਚ ਹੈ?
ਭਾਵੇਂ ਕਿ ਮੁੱਢਲੇ ਧਰਮ-ਨਿਰਪੇਖ ਇਤਿਹਾਸਕਾਰਾਂ ਦੁਆਰਾ ਦਿੱਤੇ ਗਏ ਯਿਸੂ ਮਸੀਹ ਸੰਬੰਧੀ ਹਵਾਲੇ ਥੋੜ੍ਹੇ ਹਨ, ਪਰ ਅਜਿਹੇ ਕੁਝ ਹਵਾਲੇ ਹੋਂਦ ਵਿਚ ਹਨ। ਕੁਰਨੇਲਿਯੁਸ ਟੈਸੀਟਸ, ਪਹਿਲੀ-ਸਦੀ ਦੇ ਇਕ ਆਦਰਯੋਗ ਰੋਮੀ ਇਤਿਹਾਸਕਾਰ ਨੇ ਲਿਖਿਆ: “ਇਹ ਨਾਂ [ਮਸੀਹੀ] ਮਸੀਹ ਤੋਂ ਆਉਂਦਾ ਹੈ, ਜਿਸ ਨੂੰ ਮੁੱਖ ਖਜ਼ਾਨਚੀ ਪੁੰਤਿਯੁਸ ਪਿਲਾਤੁਸ ਨੇ ਤਿਬਿਰਿਯੁਸ ਦੇ ਸ਼ਾਸਨ ਕਾਲ ਵਿਚ ਮਰਵਾ ਦਿੱਤਾ ਸੀ।” ਉਸ ਸਮੇਂ ਦੇ ਹੋਰ ਰੋਮੀ ਲਿਖਾਰੀ, ਸੂਟੋਨੀਅਸ ਅਤੇ ਪਲੀਨੀ ਛੋਟੇ ਨੇ ਵੀ ਮਸੀਹ ਦਾ ਹਵਾਲਾ ਦਿੱਤਾ। ਇਸ ਤੋਂ ਇਲਾਵਾ, ਫ਼ਲੇਵੀਅਸ ਜੋਸੀਫ਼ਸ, ਪਹਿਲੀ-ਸਦੀ ਦੇ ਇਕ ਯਹੂਦੀ ਇਤਿਹਾਸਕਾਰ ਨੇ ਯਾਕੂਬ ਬਾਰੇ ਲਿਖਿਆ, ਜਿਸ ਦੀ ਪਛਾਣ ਉਸ ਨੇ “ਯਿਸੂ ਜਿਹੜਾ ਮਸੀਹ ਅਖਵਾਉਂਦਾ ਸੀ, ਦੇ ਭਰਾ,” ਵਜੋਂ ਕਰਵਾਈ।
ਇਸ ਤਰ੍ਹਾਂ ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸਿੱਟਾ ਕੱਢਦੀ ਹੈ: “ਇਹ ਅਲੱਗ-ਅਲੱਗ ਬਿਰਤਾਂਤ ਸਾਬਤ ਕਰਦੇ ਹਨ ਕਿ ਪ੍ਰਾਚੀਨ ਸਮੇਂ ਵਿਚ ਮਸੀਹੀਅਤ ਦੇ ਵਿਰੋਧੀਆਂ ਨੇ ਵੀ ਯਿਸੂ ਦੀ ਇਤਿਹਾਸਕਤਾ ਬਾਰੇ ਕਦੀ ਸ਼ੱਕ ਨਹੀਂ ਕੀਤਾ, ਅਤੇ ਇਸ ਬਾਰੇ ਵਿਵਾਦ ਸਭ ਤੋਂ ਪਹਿਲਾਂ 18ਵੀਂ ਸਦੀ ਦੇ ਅੰਤ ਵਿਚ, 19ਵੀਂ ਸਦੀ ਦੇ ਦੌਰਾਨ, ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਆਰੰਭ ਹੋਇਆ ਸੀ, ਅਤੇ ਉਹ ਵੀ ਕਮਜ਼ੋਰ ਆਧਾਰ ਉੱਤੇ।”
ਪਰੰਤੂ, ਮੂਲ ਰੂਪ ਵਿਚ ਜੋ ਕੁਝ ਵੀ ਯਿਸੂ ਬਾਰੇ ਜਾਣਿਆ ਜਾਂਦਾ ਹੈ, ਉਹ ਉਸ ਦੇ ਪਹਿਲੀ-ਸਦੀ ਦੇ ਅਨੁਯਾਈਆਂ ਦੁਆਰਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਬਿਆਨ ਇਨ੍ਹਾਂ ਇੰਜੀਲਾਂ— ਮੱਤੀ, ਮਰਕੁਸ, ਲੂਕਾ, ਅਤੇ ਯੂਹੰਨਾ ਦੁਆਰਾ ਲਿਖੀਆਂ ਗਈਆਂ ਬਾਈਬਲ ਪੋਥੀਆਂ—ਵਿਚ ਸੁਰੱਖਿਅਤ ਰੱਖੇ ਗਏ ਹਨ। ਇਹ ਬਿਰਤਾਂਤ ਯਿਸੂ ਦੀ ਪਛਾਣ ਦੇ ਸੰਬੰਧ ਵਿਚ ਕੀ ਕਹਿੰਦੇ ਹਨ?
ਅਸਲ ਵਿਚ, ਉਹ ਸੀ ਕੌਣ?
ਯਿਸੂ ਦੇ ਪਹਿਲੀ-ਸਦੀ ਦੇ ਸਾਥੀਆਂ ਨੇ ਇਸ ਸਵਾਲ ਤੇ ਵਿਚਾਰ ਕੀਤਾ। ਜਦੋਂ ਉਨ੍ਹਾਂ ਨੇ ਯਿਸੂ ਨੂੰ ਚਮਤਕਾਰੀ ਢੰਗ ਨਾਲ ਇਕ ਹੀ ਝਿੜਕ ਨਾਲ ਤੁਫ਼ਾਨੀ ਸਮੁੰਦਰ ਨੂੰ ਸ਼ਾਂਤ ਕਰਦੇ ਹੋਏ ਦੇਖਿਆ, ਤਾਂ ਉਨ੍ਹਾਂ ਨੇ ਅਚੰਭੇ ਨਾਲ ਵਿਚਾਰ ਕੀਤਾ: “ਇਹ ਕੌਣ ਹੈ?” ਬਾਅਦ ਵਿਚ ਇਕ ਹੋਰ ਮੌਕੇ ਤੇ, ਯਿਸੂ ਨੇ ਆਪਣੇ ਰਸੂਲਾਂ ਨੂੰ ਪੁੱਛਿਆ: “ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?”— ਮਰਕੁਸ 4:41; ਮੱਤੀ 16:15.
ਜੇਕਰ ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ, ਤਾਂ ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ? ਕੀ ਯਿਸੂ, ਅਸਲ ਵਿਚ ਪਰਮੇਸ਼ੁਰ ਸੀ? ਬਹੁਤ ਅੱਜ ਕਹਿੰਦੇ ਹਨ ਕਿ ਉਹ ਸੀ। ਫਿਰ ਵੀ, ਉਸ ਦੇ ਸਾਥੀਆਂ ਨੇ ਕਦੀ ਵਿਸ਼ਵਾਸ ਨਹੀਂ ਕੀਤਾ ਕਿ ਉਹ ਪਰਮੇਸ਼ੁਰ ਸੀ। ਯਿਸੂ ਦੇ ਸਵਾਲ ਪ੍ਰਤੀ ਰਸੂਲ ਪਤਰਸ ਦਾ ਜਵਾਬ ਸੀ: “ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।”— ਮੱਤੀ 16:16.
ਯਿਸੂ ਨੇ ਕਦੀ ਵੀ ਪਰਮੇਸ਼ੁਰ ਹੋਣ ਦਾ ਦਾਅਵਾ ਨਹੀਂ ਕੀਤਾ, ਪਰੰਤੂ ਉਸ ਨੇ ਇਹ ਕਬੂਲ ਕੀਤਾ ਕਿ ਉਹ ਵਾਅਦਾ ਕੀਤਾ ਹੋਇਆ ਮਸੀਹਾ, ਜਾਂ ਮਸੀਹ ਸੀ। ਉਸ ਨੇ ਇਹ ਵੀ ਕਿਹਾ ਕਿ ਉਹ “ਪਰਮੇਸ਼ੁਰ ਦਾ ਪੁੱਤ੍ਰ” ਸੀ, ਨਾ ਕਿ ਪਰਮੇਸ਼ੁਰ। (ਯੂਹੰਨਾ 4:25, 26; 10:36) ਫਿਰ ਵੀ, ਬਾਈਬਲ ਇਹ ਨਹੀਂ ਕਹਿੰਦੀ ਕਿ ਯਿਸੂ ਕਿਸੇ ਹੋਰ ਮਨੁੱਖ ਵਾਂਗ ਸੀ। ਉਹ ਇਕ ਬਹੁਤ ਖ਼ਾਸ ਵਿਅਕਤੀ ਸੀ ਕਿਉਂਕਿ ਉਹ ਬਾਕੀ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਪਰਮੇਸ਼ੁਰ ਦੁਆਰਾ ਸ੍ਰਿਸ਼ਟ ਕੀਤਾ ਗਿਆ ਸੀ। (ਕੁਲੁੱਸੀਆਂ 1:15) ਅਣਗਿਣਤ ਅਰਬਾਂ ਹੀ ਵਰ੍ਹਿਆਂ ਤੋਂ, ਇੱਥੋਂ ਤਕ ਕਿ ਭੌਤਿਕ ਵਿਸ਼ਵ-ਮੰਡਲ ਦੇ ਰਚੇ ਜਾਣ ਤੋਂ ਵੀ ਪਹਿਲਾਂ, ਯਿਸੂ ਸਵਰਗ ਵਿਚ ਇਕ ਆਤਮਿਕ ਵਿਅਕਤੀ ਦੇ ਤੌਰ ਤੇ ਜੀਉਂਦਾ ਸੀ ਅਤੇ ਆਪਣੇ ਪਿਤਾ, ਯਹੋਵਾਹ ਪਰਮੇਸ਼ੁਰ, ਅਰਥਾਤ ਮਹਾਨ ਸ੍ਰਿਸ਼ਟੀਕਰਤਾ ਦੇ ਨਾਲ ਨਜ਼ਦੀਕੀ ਸੰਗਤ ਦਾ ਅਨੰਦ ਮਾਣਦਾ ਸੀ।— ਕਹਾਉਤਾਂ 8:22, 27-31.
ਫਿਰ, ਲਗਭਗ ਦੋ ਹਜ਼ਾਰ ਵਰ੍ਹਿਆਂ ਪਹਿਲਾਂ, ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਜੀਵਨ ਦਾ ਇਕ ਔਰਤ ਦੀ ਕੁੱਖ ਵਿਚ ਤਬਾਦਲਾ ਕੀਤਾ, ਅਤੇ ਯਿਸੂ ਸਾਧਾਰਣ ਰੀਤੀ ਦੁਆਰਾ ਇਕ ਔਰਤ ਤੋਂ ਪੈਦਾ ਹੋ ਕੇ ਪਰਮੇਸ਼ੁਰ ਦਾ ਇਕ ਮਨੁੱਖੀ ਪੁੱਤਰ ਬਣਿਆ। (ਗਲਾਤੀਆਂ 4:4) ਜਦੋਂ ਯਿਸੂ ਕੁੱਖ ਵਿਚ ਵਿਕਸਿਤ ਹੋ ਰਿਹਾ ਸੀ ਅਤੇ ਜਦੋਂ ਉਹ ਇਕ ਮੁੰਡੇ ਦੇ ਤੌਰ ਤੇ ਵੱਧ ਰਿਹਾ ਸੀ, ਤਾਂ ਉਹ ਉਨ੍ਹਾਂ ਉੱਤੇ ਨਿਰਭਰ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਸ ਦੇ ਪਾਰਥਿਵ ਮਾਪੇ ਹੋਣ ਲਈ ਚੁਣਿਆ ਸੀ। ਆਖ਼ਰਕਾਰ ਯਿਸੂ ਬਾਲਗ ਬਣਿਆ, ਅਤੇ ਉਸ ਨੂੰ ਸਵਰਗ ਵਿਚ ਪਰਮੇਸ਼ੁਰ ਨਾਲ ਆਪਣੀ ਪਹਿਲੀ ਸੰਗਤ ਦੀ ਪੂਰੀ ਯਾਦਾਸ਼ਤ ਦਿੱਤੀ ਗਈ।— ਯੂਹੰਨਾ 8:23; 17:5.
ਕਿਸ ਗੱਲ ਨੇ ਉਸ ਨੂੰ ਸਰਬ ਮਹਾਨ ਬਣਾਇਆ
ਕਿਉਂਕਿ ਉਸ ਨੇ ਧਿਆਨਪੂਰਵਕ ਆਪਣੇ ਸਵਰਗੀ ਪਿਤਾ ਦਾ ਅਨੁਕਰਣ ਕੀਤਾ, ਯਿਸੂ ਉਹ ਸਰਬ ਮਹਾਨ ਮਨੁੱਖ ਸੀ ਜੋ ਕਦੀ ਜੀਉਂਦਾ ਰਿਹਾ। ਇਕ ਵਫ਼ਾਦਾਰ ਪੁੱਤਰ ਵਾਂਗ, ਯਿਸੂ ਨੇ ਇੰਨੀ ਪੂਰੀ ਤਰ੍ਹਾਂ ਆਪਣੇ ਪਿਤਾ ਦੀ ਨਕਲ ਕੀਤੀ ਕਿ ਉਹ ਆਪਣੇ ਅਨੁਯਾਈਆਂ ਨੂੰ ਦੱਸ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9, 10) ਇੱਥੇ ਧਰਤੀ ਉੱਤੇ ਹਰ ਸਥਿਤੀ ਵਿਚ, ਉਸ ਨੇ ਠੀਕ ਉਸੇ ਤਰ੍ਹਾਂ ਕੀਤਾ ਜਿਵੇਂ ਉਸ ਦਾ ਪਿਤਾ, ਸਰਬਸ਼ਕਤੀਮਾਨ ਪਰਮੇਸ਼ੁਰ ਕਰਦਾ। “ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ,” ਯਿਸੂ ਸਮਝਾਉਂਦਾ ਹੈ, “ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।” (ਯੂਹੰਨਾ 8:28) ਇਸ ਤਰ੍ਹਾਂ ਜਦੋਂ ਅਸੀਂ ਯਿਸੂ ਮਸੀਹ ਦੇ ਜੀਵਨ ਬਾਰੇ ਅਧਿਐਨ ਕਰਦੇ ਹਾਂ, ਤਾਂ ਅਸਲ ਵਿਚ, ਸਾਨੂੰ ਇਕ ਸਪੱਸ਼ਟ ਤਸਵੀਰ ਮਿਲਦੀ ਹੈ ਕਿ ਪਰਮੇਸ਼ੁਰ ਠੀਕ ਕਿਸ ਤਰ੍ਹਾਂ ਦਾ ਹੈ।
ਇਸ ਤਰ੍ਹਾਂ, ਭਾਵੇਂ ਕਿ ਰਸੂਲ ਯੂਹੰਨਾ ਨੇ ਕਬੂਲ ਕੀਤਾ ਕਿ “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ,” ਫਿਰ ਵੀ ਉਹ ਲਿਖ ਸਕਿਆ ਕਿ “ਪਰਮੇਸ਼ੁਰ ਪ੍ਰੇਮ ਹੈ।” (ਯੂਹੰਨਾ 1:18; 1 ਯੂਹੰਨਾ 4:8) ਯੂਹੰਨਾ ਇਹ ਲਿਖ ਸਕਿਆ ਕਿਉਂਕਿ ਜੋ ਉਸ ਨੇ ਯਿਸੂ ਵਿਚ ਦੇਖਿਆ, ਜਿਹੜਾ ਆਪਣੇ ਪਿਤਾ ਦਾ ਸੰਪੂਰਣ ਪ੍ਰਤੀਬਿੰਬ ਸੀ, ਉਸ ਦੇ ਦੁਆਰਾ ਉਸ ਨੇ ਪਰਮੇਸ਼ੁਰ ਦੇ ਪ੍ਰੇਮ ਨੂੰ ਜਾਣਿਆ। ਯਿਸੂ ਹਮਦਰਦੀਪੂਰਣ, ਦਿਆਲੂ, ਨਿਮਰ, ਅਤੇ ਮਿਲਣਸਾਰ ਸੀ। ਕਮਜ਼ੋਰਾਂ ਅਤੇ ਦਲਿਤਾਂ ਨੇ ਉਸ ਨਾਲ ਆਰਾਮ ਮਹਿਸੂਸ ਕੀਤਾ, ਠੀਕ ਜਿਵੇਂ ਸਭ ਕਿਸਮ ਦਿਆਂ ਲੋਕਾਂ— ਆਦਮੀਆਂ, ਔਰਤਾਂ, ਬੱਚਿਆਂ, ਧਨਵਾਨਾਂ, ਗਰੀਬਾਂ, ਸ਼ਕਤੀਸ਼ਾਲੀਆਂ, ਇੱਥੋਂ ਤਕ ਕਿ ਪਾਪੀਆਂ ਨੇ ਵੀ ਆਰਾਮ ਮਹਿਸੂਸ ਕੀਤਾ। ਸਿਰਫ਼ ਦੁਸ਼ਟ ਦਿਲ ਵਾਲਿਆਂ ਨੇ ਉਸ ਨੂੰ ਪਸੰਦ ਨਹੀਂ ਕੀਤਾ।
ਸੱਚ-ਮੁੱਚ, ਯਿਸੂ ਨੇ ਸਿਰਫ਼ ਆਪਣੇ ਅਨੁਯਾਈਆਂ ਨੂੰ ਇਕ ਦੂਜੇ ਨਾਲ ਪ੍ਰੇਮ ਕਰਨਾ ਹੀ ਨਹੀਂ ਸਿਖਾਇਆ, ਪਰੰਤੂ ਉਸ ਨੇ ਉਨ੍ਹਾਂ ਨੂੰ ਇਹ ਵੀ ਦਿਖਾਇਆ ਕਿ ਇਹ ਕਿਸ ਤਰ੍ਹਾਂ ਕਰਨਾ ਹੈ। ‘ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ,’ ਯਿਸੂ ਨੇ ਕਿਹਾ, ‘ਤਿਵੇਂ ਤੁਹਾਨੂੰ ਇੱਕ ਦੂਏ ਨੂੰ ਪਿਆਰ ਕਰਨਾ [ਚਾਹੀਦਾ] ਹੈ।’ (ਯੂਹੰਨਾ 13:34) ਉਸ ਦੇ ਰਸੂਲਾਂ ਵਿੱਚੋਂ ਇਕ ਨੇ ਸਮਝਾਇਆ ਕਿ “ਮਸੀਹ ਦੇ ਪ੍ਰੇਮ,” ਨੂੰ ਜਾਣਨਾ “ਗਿਆਨ ਤੋਂ ਚੰਗੇਰਾ ਹੈ।” (ਅਫ਼ਸੀਆਂ 3:19, ਨਿ ਵ) ਜੀ ਹਾਂ, ਉਹ ਪਿਆਰ ਜਿਹੜਾ ਮਸੀਹ ਨੇ ਦਿਖਾਇਆ ਸੀ ਵਿਦਿਅਕ ਦਿਮਾਗ਼ੀ ਗਿਆਨ ਤੋਂ ਉੱਚ ਹੈ ਅਤੇ ਦੂਜਿਆਂ ਨੂੰ ਇਸ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਣ ਲਈ “ਮਜਬੂਰ” ਕਰ ਦਿੰਦਾ ਹੈ। (2 ਕੁਰਿੰਥੀਆਂ 5:14) ਇਸ ਤਰ੍ਹਾਂ, ਖ਼ਾਸ ਕਰਕੇ ਯਿਸੂ ਦੇ ਪਿਆਰ ਦਾ ਸ੍ਰੇਸ਼ਟ ਉਦਾਹਰਣ ਹੈ ਜਿਹੜਾ ਉਸ ਨੂੰ ਉਹ ਸਰਬ ਮਹਾਨ ਮਨੁੱਖ ਬਣਾਉਂਦਾ ਹੈ ਜੋ ਕਦੀ ਜੀਉਂਦਾ ਰਿਹਾ। ਸਦੀਆਂ ਦੇ ਦੌਰਾਨ ਉਸ ਦੇ ਪ੍ਰੇਮ ਨੇ ਲੱਖਾਂ ਹੀ ਲੋਕਾਂ ਦੇ ਦਿਲਾਂ ਨੂੰ ਛੋਹਿਆ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਭਲਿਆਈ ਦੇ ਲਈ ਪ੍ਰਭਾਵਿਤ ਕੀਤਾ ਹੈ।
ਫਿਰ ਵੀ, ਸ਼ਾਇਦ ਕਈ ਇਤਰਾਜ਼ ਕਰਨ: ‘ਉਨ੍ਹਾਂ ਸਾਰਿਆਂ ਅਪਰਾਧਾਂ ਨੂੰ ਦੇਖੋ ਜਿਹੜੇ ਮਸੀਹ ਦੇ ਨਾਂ ਵਿਚ ਕੀਤੇ ਗਏ ਹਨ— ਕਰੂਸ-ਯੁੱਧ, ਧਰਮ-ਅਧਿਕਰਣ, ਅਤੇ ਉਹ ਯੁੱਧ ਜਿਨ੍ਹਾਂ ਵਿਚ ਲੱਖਾਂ ਹੀ ਲੋਕਾਂ ਜਿਹੜੇ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਨੇ ਵਿਰੋਧੀ ਪੱਖਾਂ ਵਿਚ ਇਕ ਦੂਸਰੇ ਨੂੰ ਮਾਰਿਆ ਹੈ।’ ਪਰੰਤੂ ਸੱਚਾਈ ਇਹ ਹੈ ਕਿ ਇਹ ਲੋਕ ਮਸੀਹ ਦੇ ਅਨੁਯਾਈ ਹੋਣ ਦੇ ਆਪਣੇ ਦਾਅਵੇ ਨੂੰ ਝੂਠਾ ਸਾਬਤ ਕਰਦੇ ਹਨ। ਉਸ ਦੀਆਂ ਸਿੱਖਿਆਵਾਂ ਅਤੇ ਜੀਵਨ-ਢੰਗ ਉਨ੍ਹਾਂ ਦੇ ਕੰਮਾਂ ਦੀ ਨਿੰਦਿਆ ਕਰਦੇ ਹਨ। ਇਕ ਹਿੰਦੂ, ਮੋਹਨਦਾਸ ਗਾਂਧੀ ਵੀ ਇਹ ਕਹਿਣ ਲਈ ਪ੍ਰੇਰਿਤ ਹੋਇਆ ਸੀ: ‘ਮੈਂ ਮਸੀਹ ਨੂੰ ਪਿਆਰ ਕਰਦਾ ਹਾਂ, ਪਰੰਤੂ ਮਸੀਹੀਆਂ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਉਸ ਤਰ੍ਹਾਂ ਜੀਵਨ ਬਤੀਤ ਨਹੀਂ ਕਰਦੇ ਹਨ ਜਿਵੇਂ ਮਸੀਹ ਨੇ ਕੀਤਾ ਸੀ।’
ਉਸ ਬਾਰੇ ਸਿੱਖ ਕੇ ਲਾਭ ਹਾਸਲ ਕਰੋ
ਯਕੀਨਨ ਯਿਸੂ ਮਸੀਹ ਦੇ ਜੀਵਨ ਅਤੇ ਸੇਵਕਾਈ ਦਾ ਅਧਿਐਨ ਕਰਨ ਨਾਲੋਂ ਅੱਜ ਹੋਰ ਕੋਈ ਅਧਿਐਨ ਜ਼ਿਆਦਾ ਮਹਤੱਵਪੂਰਣ ਨਹੀਂ ਹੋ ਸਕਦਾ ਹੈ। ‘ਯਿਸੂ ਦੀ ਵੱਲ ਧਿਆਨਪੂਰਵਕ ਦੇਖੋ,’ ਰਸੂਲ ਪੌਲੁਸ ਨੇ ਜ਼ੋਰ ਦਿੱਤਾ। “ਸੱਚ-ਮੁੱਚ, ਉਸ ਉੱਤੇ ਗਹੁ ਨਾਲ ਵਿਚਾਰ ਕਰੋ।” ਅਤੇ ਪਰਮੇਸ਼ੁਰ ਨੇ ਖ਼ੁਦ ਆਪਣੇ ਪੁੱਤਰ ਦੇ ਸੰਬੰਧ ਵਿਚ ਹੁਕਮ ਦਿੱਤਾ: “ਉਹ ਦੀ ਸੁਣੋ।” ਇਹ ਪੁਸਤਕ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਇਹੋ ਹੀ ਕਰਨ ਵਿਚ ਤੁਹਾਡੀ ਮਦਦ ਕਰੇਗੀ।— ਇਬਰਾਨੀਆਂ 12:2, 3, ਨਿ ਵ; ਮੱਤੀ 17:5.
ਯਿਸੂ ਦੇ ਪਾਰਥਿਵ ਜੀਵਨ ਵਿਚ ਹੋਈਆਂ ਸਾਰੀਆਂ ਘਟਨਾਵਾਂ, ਜਿਹੜੀਆਂ ਕਿ ਚਾਰ ਇੰਜੀਲਾਂ ਵਿਚ ਪੇਸ਼ ਕੀਤੀਆਂ ਗਈਆਂ ਹਨ, ਨੂੰ ਉਸ ਦੇ ਦਿੱਤੇ ਭਾਸ਼ਣਾਂ, ਦ੍ਰਿਸ਼ਟਾਂਤਾਂ ਅਤੇ ਚਮਤਕਾਰਾਂ ਸਮੇਤ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੋਂ ਤਕ ਸੰਭਵ ਸੀ, ਸਭ ਕੁਝ ਉਸੇ ਤਰਤੀਬ ਵਿਚ ਦੱਸਿਆ ਗਿਆ ਹੈ ਜਿਸ ਵਿਚ ਉਹ ਵਾਪਰੇ ਸਨ। ਹਰੇਕ ਅਧਿਆਇ ਦੇ ਅਖ਼ੀਰ ਵਿਚ ਬਾਈਬਲ ਉਤਕਥਨਾਂ ਦੀ ਸੂਚੀ ਦਿੱਤੀ ਗਈ ਹੈ ਜਿਸ ਉੱਤੇ ਅਧਿਆਇ ਆਧਾਰਿਤ ਕੀਤੇ ਗਏ ਹਨ। ਤੁਹਾਨੂੰ ਇਨ੍ਹਾਂ ਉਤਕਥਨਾਂ ਨੂੰ ਪੜ੍ਹਨ ਅਤੇ ਦਿੱਤੇ ਗਏ ਪੁਨਰ-ਵਿਚਾਰ ਦੇ ਸਵਾਲਾਂ ਦੇ ਜਵਾਬ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਹਾਲ ਹੀ ਵਿਚ ਸ਼ਿਕਾਗੋ ਦੀ ਯੂਨੀਵਰਸਿਟੀ ਦੇ ਇਕ ਵਿਦਵਾਨ ਨੇ ਦਾਅਵਾ ਕੀਤਾ: “ਯਿਸੂ ਦੇ ਬਾਰੇ ਪੂਰਬਲੇ ਦੋ ਹਜ਼ਾਰ ਵਰ੍ਹਿਆਂ ਨਾਲੋਂ ਪਿਛਲਿਆਂ ਵੀਹ ਵਰ੍ਹਿਆਂ ਵਿਚ ਜ਼ਿਆਦਾ ਕੁਝ ਲਿਖਿਆ ਗਿਆ ਹੈ।” ਫਿਰ ਵੀ ਇੰਜੀਲ ਬਿਰਤਾਂਤ ਨੂੰ ਨਿੱਜੀ ਤੌਰ ਤੇ ਵਿਚਾਰ ਕਰਨ ਦੀ ਅਤਿ-ਆਵੱਸ਼ਕ ਲੋੜ ਹੈ, ਕਿਉਂ ਜੋ ਜਿਵੇਂ ਦੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਬਿਆਨ ਕਰਦੀ ਹੈ: “ਕਈ ਇਕ ਆਧੁਨਿਕ ਵਿਦਿਆਰਥੀ ਯਿਸੂ ਅਤੇ ਇੰਜੀਲਾਂ ਦੇ ਬਾਰੇ ਵਿਰੋਧੀ ਸਿਧਾਂਤਾਂ ਨਾਲ ਇੰਨੇ ਰੁਝ ਗਏ ਹਨ ਕਿ ਉਹ ਖ਼ੁਦ ਇਨ੍ਹਾਂ ਮੂਲ ਸ੍ਰੋਤਾਂ ਦਾ ਅਧਿਐਨ ਕਰਨ ਦੀ ਲਾਪਰਵਾਹੀ ਕਰ ਬੈਠਦੇ ਹਨ।”
ਇੰਜੀਲ ਬਿਰਤਾਂਤਾਂ ਦਾ ਇਕ ਨਜ਼ਦੀਕੀ, ਨਿਰਪੱਖ ਵਿਚਾਰ ਕਰਨ ਤੋਂ ਬਾਅਦ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਸੀਂ ਸਹਿਮਤ ਹੋਵੋਗੇ ਕਿ ਮਨੁੱਖੀ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਘਟਨਾ ਰੋਮੀ ਕੈਸਰ ਔਗੂਸਤੁਸ ਦੇ ਸ਼ਾਸਨ ਕਾਲ ਵਿਚ ਵਾਪਰੀ, ਜਦੋਂ ਨਾਸਰਤ ਦਾ ਯਿਸੂ ਸਾਡੇ ਨਿਮਿੱਤ ਆਪਣਾ ਜੀਵਨ ਦੇਣ ਲਈ ਪ੍ਰਗਟ ਹੋਇਆ।