ਤੁਸੀਂ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦਾ ਭਵਿੱਖ ਚਾਹੁੰਦੇ ਹੋ?
ਕੀ ਤੁਸੀਂ ਆਪਣੇ ਬੱਚਿਆਂ ਨੂੰ ਕੀਮਤੀ ਮਿਰਾਸ ਸਮਝਦੇ ਹੋ? (ਜ਼ਬੂਰ 127:3) ਜਾਂ ਕੀ ਤੁਸੀਂ ਉਨ੍ਹਾਂ ਦੇ ਪਾਲਣ-ਪੋਸਣ ਨੂੰ ਮਾਲੀ ਬੋਝ ਸਮਝਦੇ ਹੋ ਜਿਸ ਦੇ ਚੰਗੇ ਨਤੀਜੇ ਨਿਕਲਣ ਦੀ ਕੋਈ ਗਾਰੰਟੀ ਨਹੀਂ ਹੈ? ਮਾਲੀ ਤੌਰ ਤੇ ਮੁਨਾਫ਼ਾ ਲਿਆਉਣ ਦੀ ਬਜਾਇ, ਬੱਚਿਆਂ ਦੇ ਪਾਲਣ-ਪੋਸਣ ਉੱਤੇ ਕਾਫ਼ੀ ਪੈਸਾ ਖ਼ਰਚ ਹੁੰਦਾ ਹੈ ਜਦ ਤਕ ਉਹ ਖ਼ੁਦ ਆਪਣੇ ਪੈਰਾਂ ਤੇ ਖੜ੍ਹੇ ਨਾ ਹੋ ਜਾਣ। ਠੀਕ ਜਿਵੇਂ ਵਿਰਸੇ ਵਿਚ ਮਿਲੀ ਜਾਇਦਾਦ ਦੀ ਸਾਂਭ-ਸੰਭਾਲ ਲਈ ਚੰਗੀ ਯੋਜਨਾ ਦੀ ਲੋੜ ਪੈਂਦੀ ਹੈ, ਉਵੇਂ ਹੀ ਸਫ਼ਲ ਮਾਤਾ-ਪਿਤਾ ਬਣਨ ਲਈ ਵੀ ਚੰਗੀ ਯੋਜਨਾ ਦੀ ਲੋੜ ਹੁੰਦੀ ਹੈ।
ਪਰਵਾਹ ਕਰਨ ਵਾਲੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਜੀਵਨ ਵਿਚ ਚੰਗੀ ਸ਼ੁਰੂਆਤ ਦੇਣੀ ਚਾਹੁੰਦੇ ਹਨ। ਹਾਲਾਂਕਿ ਇਸ ਸੰਸਾਰ ਵਿਚ ਭੈੜੀਆਂ ਅਤੇ ਬਹੁਤ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ, ਫਿਰ ਵੀ ਮਾਤਾ-ਪਿਤਾ ਆਪਣੀ ਸੰਤਾਨ ਦੀ ਰਾਖੀ ਕਰਨ ਲਈ ਕਾਫ਼ੀ ਕੁਝ ਕਰ ਸਕਦੇ ਹਨ। ਵਰਨਰ ਅਤੇ ਈਵਾ ਦੇ ਮਾਮਲੇ ਉੱਤੇ ਗੌਰ ਕਰੋ, ਜਿਨ੍ਹਾਂ ਦਾ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ।a
ਜਦੋਂ ਮਾਤਾ-ਪਿਤਾ ਸੱਚ-ਮੁੱਚ ਪਰਵਾਹ ਕਰਦੇ ਹਨ
ਵਰਨਰ ਦੱਸਦਾ ਹੈ ਕਿ ਇਹ ਸੋਚਣ ਦੀ ਬਜਾਇ ਕਿ ਜੋ ਹੋ ਰਿਹਾ ਹੈ ਹੋਣ ਦਿਓ, ਉਸ ਦੇ ਮਾਪਿਆਂ ਨੇ ਸਕੂਲ ਵਿਚ ਹੋ ਰਹੀਆਂ ਗੱਲਾਂ ਵਿਚ ਅਸਲੀ ਦਿਲਚਸਪੀ ਦਿਖਾਈ। “ਮੈਂ ਉਨ੍ਹਾਂ ਦੇ ਦਿੱਤੇ ਵਿਵਹਾਰਕ ਸੁਝਾਵਾਂ ਲਈ ਬਹੁਤ ਸ਼ੁਕਰਗੁਜ਼ਾਰ ਸੀ, ਅਤੇ ਮੈਂ ਮਹਿਸੂਸ ਕੀਤਾ ਕਿ ਉਹ ਮੇਰੀ ਪਰਵਾਹ ਕਰਦੇ ਸਨ ਅਤੇ ਮੈਨੂੰ ਸਮਰਥਨ ਦੇ ਰਹੇ ਸਨ। ਮਾਤਾ-ਪਿਤਾ ਵਜੋਂ, ਉਹ ਕਾਫ਼ੀ ਸਖ਼ਤ ਸਨ, ਪਰੰਤੂ ਮੈਂ ਜਾਣਦਾ ਸੀ ਕਿ ਉਹ ਮੇਰੇ ਸੱਚੇ ਦੋਸਤ ਸਨ।” ਅਤੇ ਜਦੋਂ ਈਵਾ ਆਪਣੇ ਸਕੂਲ ਦੇ ਕੰਮ ਬਾਰੇ ਇੰਨੀ ਪਰੇਸ਼ਾਨ ਹੋ ਗਈ ਕਿ ਉਹ ਬਹੁਤ ਉਦਾਸ ਰਹਿਣ ਲੱਗੀ ਅਤੇ ਉਸ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਸੀ, ਤਾਂ ਉਸ ਦੇ ਮਾਤਾ-ਪਿਤਾ, ਈਨੇਜ਼ ਅਤੇ ਫ਼੍ਰਾਂਸੀਸਕੋ, ਨੇ ਉਸ ਨਾਲ ਗੱਲ-ਬਾਤ ਕਰਨ ਵਿਚ ਅਤੇ ਮਾਨਸਿਕ ਤੇ ਅਧਿਆਤਮਿਕ ਸੰਤੁਲਨ ਮੁੜ ਹਾਸਲ ਕਰਨ ਲਈ ਉਸ ਦੀ ਮਦਦ ਕਰਨ ਵਿਚ ਵੀ ਕਾਫ਼ੀ ਸਮਾਂ ਬਿਤਾਇਆ।
ਫ਼੍ਰਾਂਸੀਸਕੋ ਅਤੇ ਈਨੇਜ਼ ਨੇ ਆਪਣੇ ਬੱਚਿਆਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਬਾਲਗ ਜੀਵਨ ਲਈ ਤਿਆਰ ਕਰਨ ਦਾ ਕਿਵੇਂ ਜਤਨ ਕੀਤਾ? ਬਾਲ-ਅਵਸਥਾ ਤੋਂ ਹੀ ਇਹ ਪ੍ਰੇਮਮਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਆਪਣੀਆਂ ਰੋਜ਼ਾਨਾ ਸਰਗਰਮੀਆਂ ਵਿਚ ਹਮੇਸ਼ਾ ਸ਼ਾਮਲ ਕਰਦੇ ਸਨ। ਕੇਵਲ ਆਪਣੇ ਬਾਲਗ ਦੋਸਤਾਂ ਨਾਲ ਸੰਗਤ ਕਰਨ ਦੀ ਬਜਾਇ, ਈਨੇਜ਼ ਅਤੇ ਫ਼੍ਰਾਂਸੀਸਕੋ ਜਿੱਥੇ ਵੀ ਜਾਂਦੇ ਸਨ, ਉਹ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। ਪ੍ਰੇਮਮਈ ਮਾਤਾ-ਪਿਤਾ ਹੋਣ ਦੇ ਨਾਤੇ, ਉਨ੍ਹਾਂ ਨੇ ਆਪਣੇ ਪੁੱਤਰ ਅਤੇ ਧੀ ਨੂੰ ਸਹੀ ਅਗਵਾਈ ਵੀ ਦਿੱਤੀ। ਈਨੇਜ਼ ਕਹਿੰਦੀ ਹੈ: “ਅਸੀਂ ਉਨ੍ਹਾਂ ਨੂੰ ਘਰ ਦੀ ਸਾਂਭ-ਸੰਭਾਲ ਕਰਨੀ, ਬਚਤ ਕਰਨੀ, ਅਤੇ ਆਪਣੇ ਕੱਪੜਿਆਂ ਦੀ ਦੇਖ-ਭਾਲ ਕਰਨੀ ਸਿਖਾਈ। ਅਤੇ ਅਸੀਂ ਉਨ੍ਹਾਂ ਦੋਨਾਂ ਨੂੰ ਇਕ ਪੇਸ਼ਾ ਚੁਣਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਅਧਿਆਤਮਿਕ ਹਿੱਤਾਂ ਦੀ ਵੀ ਦੇਖ-ਭਾਲ ਕਰਨ ਵਿਚ ਮਦਦ ਦਿੱਤੀ।”
ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਨਾਲ ਜਾਣੋ ਅਤੇ ਉਨ੍ਹਾਂ ਨੂੰ ਅਗਵਾਈ ਦਿਓ! ਆਓ ਅਸੀਂ ਤਿੰਨ ਖੇਤਰਾਂ ਦੀ ਜਾਂਚ ਕਰੀਏ ਜਿਨ੍ਹਾਂ ਵਿਚ ਤੁਸੀਂ ਇਹ ਕਰ ਸਕਦੇ ਹੋ: (1) ਉਚਿਤ ਨੌਕਰੀ ਚੁਣਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ; (2) ਉਨ੍ਹਾਂ ਨੂੰ ਸਕੂਲ ਵਿਚ ਅਤੇ ਕੰਮ ਤੇ ਭਾਵਾਤਮਕ ਤਣਾਅ ਨਾਲ ਨਿਭਣ ਲਈ ਤਿਆਰ ਕਰੋ; (3) ਉਨ੍ਹਾਂ ਨੂੰ ਦਿਖਾਓ ਕਿ ਉਹ ਆਪਣੀਆਂ ਅਧਿਆਤਮਿਕ ਲੋੜਾਂ ਕਿਵੇਂ ਪੂਰੀਆਂ ਕਰ ਸਕਦੇ ਹਨ।
ਉਚਿਤ ਨੌਕਰੀ ਚੁਣਨ ਵਿਚ ਉਨ੍ਹਾਂ ਦੀ ਮਦਦ ਕਰੋ
ਕਿਉਂ ਜੋ ਇਕ ਵਿਅਕਤੀ ਦੀ ਨੌਕਰੀ ਨਾ ਕੇਵਲ ਉਸ ਦੀ ਮਾਲੀ ਸਥਿਤੀ ਉੱਤੇ ਅਸਰ ਪਾਉਂਦੀ ਹੈ, ਬਲਕਿ ਇਸ ਵਿਚ ਉਸ ਦਾ ਜ਼ਿਆਦਾਤਰ ਸਮਾਂ ਵੀ ਲੱਗਦਾ ਹੈ, ਇਸ ਲਈ ਚੰਗੇ ਮਾਤਾ-ਪਿਤਾ ਬਣਨ ਵਿਚ ਹਰੇਕ ਬੱਚੇ ਦੀਆਂ ਰੁਚੀਆਂ ਅਤੇ ਯੋਗਤਾਵਾਂ ਨੂੰ ਧਿਆਨ ਵਿਚ ਰੱਖਣਾ ਸ਼ਾਮਲ ਹੈ। ਕਿਉਂਕਿ ਕੋਈ ਵੀ ਨੇਕਨੀਅਤ ਵਿਅਕਤੀ ਦੂਜਿਆਂ ਉੱਤੇ ਬੋਝ ਨਹੀਂ ਬਣਨਾ ਚਾਹੁੰਦਾ ਹੈ, ਇਸ ਲਈ ਮਾਤਾ-ਪਿਤਾ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਅਤੇ ਇਕ ਪਰਿਵਾਰ ਨੂੰ ਸੰਭਾਲਣ ਦੇ ਯੋਗ ਬਣਾ ਸਕਦੇ ਹਨ। ਕੀ ਤੁਹਾਡੇ ਧੀ-ਪੁੱਤਰ ਨੂੰ ਚੰਗਾ ਰੁਜ਼ਗਾਰ ਪ੍ਰਾਪਤ ਕਰਨ ਲਈ ਕੋਈ ਕੰਮ-ਧੰਦਾ ਸਿੱਖਣ ਦੀ ਲੋੜ ਹੋਵੇਗੀ? ਸੱਚ-ਮੁੱਚ ਪਰਵਾਹ ਕਰਨ ਵਾਲੇ ਪਿਤਾ ਜਾਂ ਮਾਤਾ ਹੋਣ ਦੇ ਨਾਤੇ, ਆਪਣੇ ਬੱਚੇ ਵਿਚ ਮਿਹਨਤ ਕਰਨ ਦੀ ਇੱਛਾ, ਸਿੱਖਣ ਦੀ ਉਤਸੁਕਤਾ, ਅਤੇ ਦੂਜਿਆਂ ਨਾਲ ਚੰਗੇ ਸੰਬੰਧ ਬਣਾਈ ਰੱਖਣ ਦੀ ਯੋਗਤਾ ਵਰਗੇ ਸਦਗੁਣ ਵਿਕਸਿਤ ਕਰਨ ਦਾ ਨਿਯਮਿਤ ਤੌਰ ਤੇ ਜਤਨ ਕਰੋ।
ਨੀਕੌਲ ਉੱਤੇ ਗੌਰ ਕਰੋ। ਉਹ ਕਹਿੰਦੀ ਹੈ: “ਮੇਰੇ ਮਾਤਾ-ਪਿਤਾ ਨੇ ਮੈਨੂੰ ਆਪਣੇ ਸਫ਼ਾਈ ਦੇ ਕਾਰੋਬਾਰ ਵਿਚ ਸ਼ਾਮਲ ਕੀਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੈਂ ਆਪਣੀ ਕਮਾਈ ਵਿੱਚੋਂ ਕੁਝ ਪੈਸਿਆਂ ਨਾਲ ਘਰ ਦਾ ਖ਼ਰਚਾ ਚਲਾਉਣ ਵਿਚ ਮਦਦ ਕਰਾਂ, ਅਤੇ ਬਾਕੀ ਦੇ ਪੈਸਿਆਂ ਨੂੰ ਆਪਣੇ ਖ਼ਰਚੇ ਲਈ ਰੱਖਾਂ ਜਾਂ ਜਮ੍ਹਾ ਕਰਾਂ। ਇਸ ਤਰ੍ਹਾਂ ਕਰਨ ਨਾਲ ਮੇਰੇ ਵਿਚ ਜ਼ਿੰਮੇਵਾਰੀ ਸਾਂਭਣ ਦੀ ਭਾਵਨਾ ਪੈਦਾ ਹੋਈ, ਜੋ ਬਾਅਦ ਵਿਚ ਮੇਰੇ ਜੀਵਨ ਵਿਚ ਬਹੁਤ ਹੀ ਲਾਹੇਵੰਦ ਸਾਬਤ ਹੋਈ।”
ਪਰਮੇਸ਼ੁਰ ਦਾ ਬਚਨ, ਬਾਈਬਲ, ਸਪੱਸ਼ਟ ਨਹੀਂ ਕਰਦਾ ਕਿ ਇਕ ਵਿਅਕਤੀ ਨੂੰ ਕਿਸ ਪ੍ਰਕਾਰ ਦੀ ਨੌਕਰੀ ਚੁਣਨੀ ਚਾਹੀਦੀ ਹੈ। ਪਰੰਤੂ ਇਹ ਸਹੀ ਸੇਧ ਜ਼ਰੂਰ ਦਿੰਦਾ ਹੈ। ਮਿਸਾਲ ਵਜੋਂ, ਪੌਲੁਸ ਰਸੂਲ ਨੇ ਕਿਹਾ: “ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।” ਥੱਸਲੁਨੀਕੇ ਦੇ ਮਸੀਹੀਆਂ ਨੂੰ ਲਿਖਦੇ ਸਮੇਂ, ਉਸ ਨੇ ਕਿਹਾ: “ਅਸੀਂ ਸੁਣਦੇ ਹਾਂ ਭਈ ਕਈਕੁ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੁਝ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਵਿੱਚ ਲੱਤ ਅੜਾਉਂਦੇ ਹਨ। ਹੁਣ ਅਸੀਂ ਪ੍ਰਭੁ ਯਿਸੂ ਮਸੀਹ ਵਿੱਚ ਏਹੋ ਜੇਹਿਆਂ ਨੂੰ ਹੁਕਮ ਦਿੰਦੇ ਅਤੇ ਤਗੀਦ ਕਰਦੇ ਹਾਂ ਜੋ ਓਹ ਚੁੱਪ ਚਾਪ ਕੰਮ ਧੰਦਾ ਕਰ ਕੇ ਆਪਣੀ ਰੋਟੀ ਖਾਇਆ ਕਰਨ।”—2 ਥੱਸਲੁਨੀਕੀਆਂ 3:10-12.
ਫਿਰ ਵੀ, ਨੌਕਰੀ ਪ੍ਰਾਪਤ ਕਰਨੀ ਅਤੇ ਪੈਸਾ ਕਮਾਉਣਾ ਹੀ ਜੀਵਨ ਵਿਚ ਸਭ ਕੁਝ ਨਹੀਂ ਹੈ। ਜਿਹੜੇ ਵਿਅਕਤੀ ਸੰਸਾਰ ਵਿਚ ਅੱਗੇ ਵਧਣਾ ਚਾਹੁੰਦੇ ਹਨ, ਸੰਭਵ ਹੈ ਕਿ ਉਹ ਆਖ਼ਰਕਾਰ ਅਸੰਤੁਸ਼ਟ ਹੋ ਜਾਣ ਅਤੇ ਅਹਿਸਾਸ ਕਰਨ ਕਿ ਉਹ ‘ਹਵਾ ਨੂੰ ਫੱਕ’ ਰਹੇ ਹਨ। (ਉਪਦੇਸ਼ਕ ਦੀ ਪੋਥੀ 1:14) ਆਪਣੇ ਬੱਚਿਆਂ ਨੂੰ ਮਸ਼ਹੂਰੀ ਅਤੇ ਖ਼ੁਸ਼ਹਾਲੀ ਭਾਲਣ ਦਾ ਉਤਸ਼ਾਹ ਦੇਣ ਦੀ ਬਜਾਇ, ਮਾਪਿਆਂ ਨੂੰ ਯੂਹੰਨਾ ਰਸੂਲ ਦੇ ਈਸ਼ਵਰ-ਪ੍ਰੇਰਿਤ ਸ਼ਬਦਾਂ ਦੀ ਬੁੱਧੀਮਤਾ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:15-17.
ਤੁਸੀਂ ਉਨ੍ਹਾਂ ਦੀਆਂ ਭਾਵਾਤਮਕ ਲੋੜਾਂ ਨੂੰ ਕਿਵੇਂ ਪੂਰਾ ਕਰ ਸਕਦੇ ਹੋ?
ਇਕ ਮਾਤਾ ਜਾਂ ਪਿਤਾ ਹੋਣ ਦੇ ਨਾਤੇ, ਕਿਉਂ ਨਾ ਖਿਡਾਰੀਆਂ ਦੇ ਸਿੱਖਿਅਕ ਵਾਂਗ ਬਣੋ? ਉਹ ਆਪਣੇ ਖਿਡਾਰੀਆਂ ਵਿਚ ਕੇਵਲ ਤੇਜ਼ ਦੌੜਨ ਜਾਂ ਲੰਮੀ ਛਾਲ ਮਾਰਨ ਦੀ ਸਰੀਰਕ ਯੋਗਤਾ ਵਿਕਸਿਤ ਕਰਨ ਵੱਲ ਹੀ ਧਿਆਨ ਨਹੀਂ ਦਿੰਦਾ ਹੈ। ਸੰਭਵ ਹੈ ਕਿ ਉਹ ਕਿਸੇ ਵੀ ਨਿਰਾਸ਼ਾਵਾਦੀ ਮਨੋਬਿਰਤੀ ਉੱਤੇ ਕਾਬੂ ਪਾਉਣ ਵਿਚ ਵੀ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਦੇ ਭਾਵਾਤਮਕ ਬਲ ਨੂੰ ਹੋਰ ਵਧਾਉਂਦਾ ਹੈ। ਤੁਹਾਡੇ ਮਾਮਲੇ ਵਿਚ, ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਉਤਸ਼ਾਹਿਤ, ਤਕੜੇ, ਅਤੇ ਪ੍ਰੇਰਿਤ ਕਰ ਸਕਦੇ ਹੋ?
ਇਕ 13-ਸਾਲਾ ਨੌਜਵਾਨ, ਰੋਜ਼ਾਰੀਓ ਉੱਤੇ ਗੌਰ ਕਰੋ। ਸਰੀਰਕ ਤਬਦੀਲੀਆਂ ਕਰਕੇ ਆਪਣੇ ਅੰਦਰ ਹੋ ਰਹੀ ਹਲਚਲ ਤੋਂ ਇਲਾਵਾ, ਉਸ ਨੇ ਆਪਣੇ ਮਾਤਾ-ਪਿਤਾ ਵਿਚ ਪਈ ਫੁੱਟ ਕਾਰਨ ਅਤੇ ਉਨ੍ਹਾਂ ਵੱਲੋਂ ਅਣਗੌਲਿਆ ਕੀਤੇ ਜਾਣ ਕਾਰਨ ਭਾਵਾਤਮਕ ਤਣਾਅ ਵੀ ਅਨੁਭਵ ਕੀਤਾ। ਉਸ ਵਰਗੇ ਨੌਜਵਾਨਾਂ ਲਈ ਕੀ ਕੀਤਾ ਜਾ ਸਕਦਾ ਹੈ? ਹਾਲਾਂਕਿ ਆਪਣੇ ਬੱਚਿਆਂ ਨੂੰ ਸਾਰੀਆਂ ਚਿੰਤਾਵਾਂ ਅਤੇ ਭੈੜੇ ਪ੍ਰਭਾਵਾਂ ਤੋਂ ਬਚਾਉਣਾ ਸੰਭਵ ਨਹੀਂ ਹੈ, ਫਿਰ ਵੀ ਇਕ ਮਾਤਾ ਜਾਂ ਪਿਤਾ ਵਜੋਂ ਆਪਣੀ ਭੂਮਿਕਾ ਨੂੰ ਕਦੀ ਨਾ ਤਿਆਗੋ। ਹੱਦੋਂ ਵੱਧ ਰੱਖਿਆਕਾਰੀ ਹੋਏ ਬਿਨਾਂ, ਆਪਣੀ ਸੰਤਾਨ ਨੂੰ ਸਮਝਦਾਰੀ ਨਾਲ ਅਨੁਸ਼ਾਸਨ ਦਿਓ, ਅਤੇ ਹਮੇਸ਼ਾ ਯਾਦ ਰੱਖੋ ਕਿ ਹਰੇਕ ਬੱਚਾ ਅਨੋਖਾ ਹੁੰਦਾ ਹੈ। ਦਿਆਲਤਾ ਅਤੇ ਪ੍ਰੇਮ ਦਿਖਾਉਣ ਦੁਆਰਾ, ਤੁਸੀਂ ਬੱਚੇ ਨੂੰ ਕਾਫ਼ੀ ਹੱਦ ਤਕ ਸੁਰੱਖਿਅਤ ਮਹਿਸੂਸ ਕਰਵਾ ਸਕਦੇ ਹੋ। ਨਾਲੇ ਇਸ ਨਾਲ ਉਹ ਵੱਡਾ ਹੋ ਕੇ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦਾ ਮਾਲਕ ਵੀ ਬਣੇਗਾ।
ਤੁਹਾਡੇ ਮਾਤਾ-ਪਿਤਾ ਤੁਹਾਡੀਆਂ ਭਾਵਾਤਮਕ ਲੋੜਾਂ ਪੂਰੀਆਂ ਕਰਨ ਵਿਚ ਭਾਵੇਂ ਕਿੰਨੇ ਹੀ ਸਫ਼ਲ ਕਿਉਂ ਨਾ ਰਹੇ ਹੋਣ, ਫਿਰ ਵੀ ਇਕ ਸੱਚ-ਮੁੱਚ ਸਹਾਈ ਮਾਤਾ ਜਾਂ ਪਿਤਾ ਵਜੋਂ ਸਫ਼ਲ ਹੋਣ ਵਿਚ ਤਿੰਨ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ: (1) ਆਪਣੀਆਂ ਸਮੱਸਿਆਵਾਂ ਵਿਚ ਇੰਨੇ ਨਾ ਡੁੱਬ ਜਾਓ ਕਿ ਤੁਸੀਂ ਆਪਣੇ ਬੱਚਿਆਂ ਦੀਆਂ ਛੋਟੀਆਂ ਜਾਪਦੀਆਂ ਸਮੱਸਿਆਵਾਂ ਨੂੰ ਅਣਡਿੱਠ ਕਰ ਦਿਓ; (2) ਰੋਜ਼ਾਨਾ ਉਨ੍ਹਾਂ ਦੇ ਨਾਲ ਖ਼ੁਸ਼ਗਵਾਰ ਅਤੇ ਅਰਥਪੂਰਣ ਗੱਲ-ਬਾਤ ਕਰਨ ਦੀ ਕੋਸ਼ਿਸ਼ ਕਰੋ; (3) ਸਮੱਸਿਆਵਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ ਅਤੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ, ਦੇ ਸੰਬੰਧ ਵਿਚ ਉਨ੍ਹਾਂ ਵਿਚ ਇਕ ਸਕਾਰਾਤਮਕ ਮਨੋਬਿਰਤੀ ਪੈਦਾ ਕਰੋ।
ਆਪਣੀ ਕਿਸ਼ੋਰ-ਅਵਸਥਾ ਦੇ ਸਾਲਾਂ ਨੂੰ ਯਾਦ ਕਰਦੀ ਹੋਈ, ਬਿਰਗਿਟ ਕਹਿੰਦੀ ਹੈ: “ਮੈਨੂੰ ਇਹ ਸਿੱਖਣਾ ਪਿਆ ਕਿ ਮੈਂ ਲੋਕਾਂ ਨੂੰ ਆਪਣੀ ਇੱਛਾ ਅਨੁਸਾਰ ਨਹੀਂ ਬਦਲ ਸਕਦੀ ਹਾਂ। ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਜੇ ਮੈਂ ਦੂਜਿਆਂ ਵਿਚ ਕੁਝ ਅਜਿਹੇ ਗੁਣ ਦੇਖਦੀ ਹਾਂ ਜੋ ਮੈਨੂੰ ਪਸੰਦ ਨਹੀਂ, ਤਾਂ ਮੈਂ ਉਨ੍ਹਾਂ ਵਰਗੀ ਨਾ ਬਣਨ ਦੀ ਕੋਸ਼ਿਸ਼ ਕਰ ਸਕਦੀ ਹਾਂ। ਉਸ ਨੇ ਇਹ ਵੀ ਕਿਹਾ ਕਿ ਮੇਰੇ ਲਈ ਆਪਣੇ ਤੌਰ-ਤਰੀਕਿਆਂ ਨੂੰ ਬਦਲਣ ਦਾ ਸਭ ਤੋਂ ਵਧੀਆ ਸਮਾਂ ਯੁਵਾ-ਅਵਸਥਾ ਹੀ ਸੀ।”
ਫਿਰ ਵੀ, ਤੁਹਾਡੇ ਬੱਚਿਆਂ ਨੂੰ ਨੌਕਰੀ ਅਤੇ ਭਾਵਾਤਮਕ ਸਥਿਰਤਾ ਨਾਲੋਂ ਕੁਝ ਜ਼ਿਆਦਾ ਦੀ ਲੋੜ ਹੈ। ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਮਾਤਾ ਜਾਂ ਪਿਤਾ ਬਣਨ ਦੀ ਜ਼ਿੰਮੇਵਾਰੀ ਨੂੰ ਪਰਮੇਸ਼ੁਰ-ਦਿੱਤ ਜ਼ਿੰਮੇਵਾਰੀ ਵਿਚਾਰਦਾ ਹਾਂ?’ ਜੇਕਰ ਵਿਚਾਰਦੇ ਹੋ, ਤਾਂ ਤੁਸੀਂ ਜ਼ਰੂਰ ਆਪਣੇ ਬੱਚਿਆਂ ਦੀਆਂ ਅਧਿਆਤਮਿਕ ਲੋੜਾਂ ਵੱਲ ਧਿਆਨ ਦੇਣਾ ਚਾਹੋਗੇ।
ਉਨ੍ਹਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਦੇ ਤਰੀਕੇ
ਆਪਣੇ ਪਹਾੜੀ ਉਪਦੇਸ਼ ਵਿਚ, ਯਿਸੂ ਮਸੀਹ ਨੇ ਕਿਹਾ: “ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ, ਕਿਉਂ ਜੋ ਸਵਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:3, ਨਿ ਵ) ਅਧਿਆਤਮਿਕ ਲੋੜਾਂ ਪੂਰੀਆਂ ਕਰਨ ਵਿਚ ਕੀ ਕੁਝ ਸ਼ਾਮਲ ਹੈ? ਜਦੋਂ ਮਾਤਾ-ਪਿਤਾ ਯਹੋਵਾਹ ਪਰਮੇਸ਼ੁਰ ਵਿਚ ਨਿਹਚਾ ਦਿਖਾਉਣ ਦੀ ਚੰਗੀ ਮਿਸਾਲ ਕਾਇਮ ਕਰਦੇ ਹਨ, ਤਾਂ ਬੱਚਿਆਂ ਨੂੰ ਵੱਡਾ ਲਾਭ ਪਹੁੰਚਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਪਰੰਤੂ, ਨਿਹਚਾ ਨੂੰ ਸੱਚ-ਮੁੱਚ ਅਰਥਪੂਰਣ ਹੋਣ ਲਈ, ਪ੍ਰਾਰਥਨਾ ਜ਼ਰੂਰੀ ਹੈ। (ਰੋਮੀਆਂ 12:12) ਜੇਕਰ ਤੁਸੀਂ ਆਪਣੀ ਅਧਿਆਤਮਿਕ ਲੋੜ ਨੂੰ ਕਬੂਲਦੇ ਹੋ, ਤਾਂ ਤੁਸੀਂ ਈਸ਼ਵਰੀ ਅਗਵਾਈ ਦੀ ਭਾਲ ਕਰੋਗੇ, ਠੀਕ ਜਿਵੇਂ ਉਸ ਪਿਤਾ ਨੇ ਕੀਤਾ ਸੀ ਜਿਸ ਦਾ ਪੁੱਤਰ ਵੱਡਾ ਹੋ ਕੇ ਇਸਰਾਏਲ ਦਾ ਪ੍ਰਸਿੱਧ ਨਿਆਈ ਸਮਸੂਨ ਬਣਿਆ ਸੀ। (ਨਿਆਈਆਂ 13:8) ਤੁਸੀਂ ਮਦਦ ਲਈ ਨਾ ਕੇਵਲ ਪ੍ਰਾਰਥਨਾ ਕਰੋਗੇ ਬਲਕਿ ਪਰਮੇਸ਼ੁਰ ਦੇ ਪ੍ਰੇਰਿਤ ਬਚਨ, ਬਾਈਬਲ ਦੀ ਮਦਦ ਵੀ ਲਵੋਗੇ।—2 ਤਿਮੋਥਿਉਸ 3:16, 17.b
ਭਾਵੇਂ ਕਿ ਸਹੀ ਅਗਵਾਈ, ਭਾਵਾਤਮਕ ਸਮਰਥਨ, ਅਤੇ ਅਧਿਆਤਮਿਕ ਮਦਦ ਦੇਣ ਵਿਚ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਫਿਰ ਵੀ ਮਾਤਾ-ਪਿਤਾ ਬਣਨਾ ਬਹੁਤ ਫਲਦਾਇਕ ਹੋ ਸਕਦਾ ਹੈ। ਬ੍ਰਾਜ਼ੀਲ ਵਿਚ ਦੋ ਬੱਚਿਆਂ ਦੇ ਪਿਤਾ ਨੇ ਟਿੱਪਣੀ ਕੀਤੀ: “ਮੈਂ ਆਪਣੇ ਬੱਚਿਆਂ ਤੋਂ ਬਿਨਾਂ ਜੀਉਣ ਬਾਰੇ ਸੋਚ ਵੀ ਨਹੀਂ ਸਕਦਾ। ਸਾਡੇ ਕੋਲ ਇੰਨੀਆਂ ਸਾਰੀਆਂ ਚੰਗੀਆਂ ਚੀਜ਼ਾਂ ਹਨ ਜੋ ਅਸੀਂ ਉਨ੍ਹਾਂ ਨਾਲ ਸਾਂਝੀਆਂ ਕਰ ਸਕਦੇ ਹਾਂ।” ਇਹ ਸਮਝਾਉਣ ਲਈ ਕਿ ਬੱਚੇ ਕਿਉਂ ਵੱਧ-ਫੁੱਲ ਰਹੇ ਹਨ, ਉਨ੍ਹਾਂ ਦੀ ਮਾਂ ਨੇ ਅੱਗੇ ਕਿਹਾ: “ਅਸੀਂ ਹਮੇਸ਼ਾ ਇਕੱਠੇ ਰਹਿੰਦੇ ਹਾਂ, ਅਤੇ ਅਸੀਂ ਕੰਮਾਂ ਵਿਚ ਰੌਣਕ ਅਤੇ ਖ਼ੁਸ਼ੀ ਭਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰਦੇ ਹਾਂ।”
ਪ੍ਰੀਸੀਲਾ ਯਾਦ ਕਰਦੀ ਹੈ ਕਿ ਜਦੋਂ ਵੀ ਉਸ ਨੂੰ ਕੋਈ ਸਮੱਸਿਆ ਹੁੰਦੀ ਸੀ ਤਾਂ ਉਸ ਦੇ ਮਾਤਾ-ਪਿਤਾ ਉਸ ਨਾਲ ਪ੍ਰੇਮ ਅਤੇ ਧੀਰਜ ਨਾਲ ਪੇਸ਼ ਆਉਂਦੇ ਸਨ। “ਉਹ ਮੇਰੇ ਸੱਚੇ ਦੋਸਤ ਸਨ ਅਤੇ ਉਨ੍ਹਾਂ ਨੇ ਮੇਰੀ ਹਰ ਤਰ੍ਹਾਂ ਮਦਦ ਕੀਤੀ,” ਉਹ ਕਹਿੰਦੀ ਹੈ। “ਬਚਪਨ ਵਿਚ, ਮੈਂ ਸੱਚ-ਮੁੱਚ ਮਹਿਸੂਸ ਕੀਤਾ ਕਿ ਉਹ ਮੈਨੂੰ ‘ਯਹੋਵਾਹ ਵੱਲੋਂ ਮਿਰਾਸ’ ਸਮਝਦੇ ਸਨ।” (ਜ਼ਬੂਰ 127:3) ਦੂਸਰੇ ਬਹੁਤ ਸਾਰੇ ਮਾਪਿਆਂ ਵਾਂਗ, ਕਿਉਂ ਨਾ ਤੁਸੀਂ ਵੀ ਆਪਣੇ ਬੱਚਿਆਂ ਨਾਲ ਮਿਲ ਕੇ ਬਾਈਬਲ ਅਤੇ ਮਸੀਹੀ ਪ੍ਰਕਾਸ਼ਨ ਪੜ੍ਹਨ ਦਾ ਸਮਾਂ ਨਿਸ਼ਚਿਤ ਕਰੋ? ਇਕ ਖ਼ੁਸ਼ਗਵਾਰ ਮਾਹੌਲ ਵਿਚ ਬਾਈਬਲ ਬਿਰਤਾਂਤਾਂ ਅਤੇ ਸਿਧਾਂਤਾਂ ਦੀ ਚਰਚਾ ਕਰਨਾ, ਤੁਹਾਡੇ ਬੱਚਿਆਂ ਨੂੰ ਆਤਮ-ਵਿਸ਼ਵਾਸੀ ਬਣਨ ਅਤੇ ਭਵਿੱਖ ਬਾਰੇ ਸੱਚੀ ਉਮੀਦ ਰੱਖਣ ਵਿਚ ਮਦਦ ਦੇ ਸਕਦਾ ਹੈ।
ਜਦੋਂ ਸਭ ਬੱਚੇ ਸੁਰੱਖਿਅਤ ਹੋਣਗੇ
ਹਾਲਾਂਕਿ ਬਹੁਤ ਸਾਰੇ ਬੱਚਿਆਂ ਲਈ ਅੱਜ ਭਵਿੱਖ ਨਿਰਾਸ਼ਾਜਨਕ ਜਾਪਦਾ ਹੈ, ਪਰੰਤੂ ਪਰਮੇਸ਼ੁਰ ਦਾ ਬਚਨ ਗਾਰੰਟੀ ਦਿੰਦਾ ਹੈ ਕਿ ਜਲਦੀ ਹੀ ਧਰਤੀ ਮਨੁੱਖਜਾਤੀ ਲਈ ਇਕ ਸੁਰੱਖਿਅਤ ਘਰ ਬਣ ਜਾਵੇਗੀ। ਜ਼ਰਾ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਬਾਰੇ ਚਿੰਤਾ ਨਹੀਂ ਕਰਨੀ ਪਵੇਗੀ! (2 ਪਤਰਸ 3:13) ਇਸ ਭਵਿੱਖਬਾਣੀ ਦੀ ਸ਼ਾਨਦਾਰ ਪੂਰਤੀ ਨੂੰ ਮਨ ਦੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ: “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।” (ਯਸਾਯਾਹ 11:6) ਇਨ੍ਹਾਂ ਸ਼ਬਦਾਂ ਵਿਚ ਵਰਣਿਤ ਅਧਿਆਤਮਿਕ ਸੁਰੱਖਿਆ ਦੀ ਲਾਖਣਿਕ ਪੂਰਤੀ ਅੱਜ ਵੀ ਯਹੋਵਾਹ ਦੇ ਸੇਵਕਾਂ ਵਿਚ ਹੋ ਰਹੀ ਹੈ। ਉਨ੍ਹਾਂ ਦੇ ਦਰਮਿਆਨ ਤੁਸੀਂ ਪਰਮੇਸ਼ੁਰ ਦੀ ਪ੍ਰੇਮਮਈ ਪਰਵਾਹ ਨੂੰ ਮਹਿਸੂਸ ਕਰੋਗੇ। ਜੇਕਰ ਤੁਸੀਂ ਪਰਮੇਸ਼ੁਰ ਪ੍ਰਤੀ ਪ੍ਰੇਮ ਦਿਖਾਉਂਦੇ ਹੋ, ਤਾਂ ਤੁਸੀਂ ਯਕੀਨੀ ਹੋ ਸਕਦੇ ਹੋ ਕਿ ਇਕ ਮਾਤਾ ਜਾਂ ਪਿਤਾ ਦੇ ਤੌਰ ਤੇ ਤੁਹਾਡੇ ਜਜ਼ਬਾਤਾਂ ਨੂੰ ਉਹ ਸਮਝਦਾ ਹੈ ਅਤੇ ਉਹ ਉਨ੍ਹਾਂ ਚਿੰਤਾਵਾਂ ਅਤੇ ਅਜ਼ਮਾਇਸ਼ਾਂ ਨਾਲ ਨਿਭਣ ਵਿਚ ਤੁਹਾਡੀ ਮਦਦ ਕਰੇਗਾ ਜਿਨ੍ਹਾਂ ਦਾ ਤੁਸੀਂ ਸ਼ਾਇਦ ਸਾਮ੍ਹਣਾ ਕਰੋ। ਉਸ ਦੇ ਬਚਨ ਦਾ ਅਧਿਐਨ ਕਰੋ ਅਤੇ ਉਸ ਦੇ ਰਾਜ ਵਿਚ ਉਮੀਦ ਰੱਖੋ।
ਇਕ ਚੰਗੀ ਮਿਸਾਲ ਕਾਇਮ ਕਰਨ ਦੁਆਰਾ ਆਪਣੇ ਬੱਚਿਆਂ ਨੂੰ ਸਦੀਪਕ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਦਿਓ। ਜੇਕਰ ਤੁਸੀਂ ਯਹੋਵਾਹ ਪਰਮੇਸ਼ੁਰ ਵਿਚ ਸ਼ਰਨ ਲੈਂਦੇ ਹੋ, ਤਾਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਤੁਹਾਡੀਆਂ ਸਾਰੀਆਂ ਆਸਾਂ ਨਾਲੋਂ ਜ਼ਿਆਦਾ ਸ਼ਾਨਦਾਰ ਹੋਵੇਗਾ। ਤੁਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਭਰੋਸਾ ਰੱਖ ਸਕਦੇ ਹੋ, ਜਿਸ ਨੇ ਇਹ ਸ਼ਬਦ ਗਾਏ: “ਤੂੰ ਯਹੋਵਾਹ ਉੱਤੇ ਨਿਹਾਲ ਰਹੁ, ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ।”—ਜ਼ਬੂਰ 37:4.
[ਫੁਟਨੋਟ]
a ਇਸ ਲੇਖ ਵਿਚ ਬਦਲਵੇਂ ਨਾਂ ਵਰਤੇ ਗਏ ਹਨ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਪਰਿਵਾਰਕ ਖ਼ੁਸ਼ੀ ਦਾ ਰਾਜ਼ ਵਿਚ ਅਧਿਆਇ 5 ਤੋਂ 7 ਦੇਖੋ।